rozanajanchetna@gmail.com23102020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:52, ਸ਼ੁਕਰਵਾਰ, 23ਅਕਤੂਬਰ2020.

  ਅੱਜ ਦਾ ਵਿਚਾਰ .

ਰੋਟੀ, ਕਪੜਾ ਅਤੇ ਮਕਾਨ ਮਨੁੱਖ ਦੀਆਂ ਘਟੋ ਘੱਟ ਲੋੜਾਂ ਮੰਨੀਆਂ ਗਈਆਂ ਹਨ। ਰੋਟੀ ਯਾਨਿ ਖਾਣਾ ਸਰੀਰ ਨੂੰ ਚਲਣ-ਫਿਰਣ, ਕੰਮ ਕਰਨ ਦੀ ਤਾਕਤ ਦਿੰਦਾ ਹੈ। ਖਾਣੇ ਬਿਨਾਂ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਆਦਮੀ ਬਹੁਤੇ ਦਿਨ ਜੀਊਂਦਾ ਨਹੀਂ ਰਹਿ ਸਕਦਾ। ਕਪੜਿਆਂ ਦਿ ਲੋੜ ਸਰੀਰ ਨੂੰ ਮੱਖੀਆਂ, ਮੱਛਰਾਂ ਵਰਗੇ ਕੀੜਿਆਂ ਅਤੇ ਅਣਸੁਖਾਵੇਂ ਮੌਸਮ ਤੋਂ ਬਚਾਉਣ ਲਈ ਪੈਂਦੀ ਹੈ। ਛੱਤਿਆ ਹੋਇਆ ਘਰ ਸਰੀਰ ਦੇ ਅੰਗਾਂ ਦੀ ਥਕਾਵਟ ਲਾਹੁੰਣ, ਉਹਨਾਂ ਨੂੰ ਆਰਾਮ ਦੇਣ ਲਈ ਚਾਹੀਦਾ ਹੈ। ਇਸੇ ਲਈ ਸਿਹਤਮੰਦ ਜੀਵਨ ਲਈ ਸਿਆਣੇ ਸੰਤੁਲਤ ਖੁਰਾਕ, ਆਰਾਮਦਾਇਕ ਕਪੜਿਆਂ ਅਤੇ ਸ਼ਾਂਤ ਪਰ ਹਵਾਦਾਰ ਘਰ ਦੀ ਸਿਫਾਰਸ਼ ਕਰਦੇ ਹਨ। ਹੁਣ ਕਿਉਂਕਿ ਇਹ ਹਰ ਮਨੁੱਖ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹਨ, ਇਹਨਾਂ ਦਾ ਪ੍ਰਬੰਧ ਸਮਾਜ ਨੂੰ, ਬਿਨਾਂ ਕਿਸੇ ਭੇਦ-ਭਾਵ ਦੇ ਕਰਨਾ ਬਣਦਾ ਹੈ। ਅਜਿਹਾ ਨਾ ਹੋਣ ਦਾ ਸਿੱਧਾ ਸਾਦਾ ਅਰਥ ਬੇਇਨਸਾਫੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

  ਪੰਜਾਬ ਦਾ ਇਤਿਹਾਸ-189.

ਪੰਜਾਬ ਵਿਚ ਦੂਸਰੀ ਵੱਡੀ ਧਾਰਮਿਕ ਲਹਿਰ ਨਾਮਧਾਰੀਆਂ ਦੀ ਸੀ। ਇਸ ਦੇ ਪਹਿਲੇ ਸੰਚਾਲਕ ਬਾਬਾ ਬਾਲਕ ਸਿੰਘ ਸਨ। ਉਹ ਉੱਤਰ-ਪੱਛਮੀ ਸਰਹੱਦੀ ਇਲਾਕੇ ਦੇ ਹਜ਼ਰੋ ਪਿੰਡ ਵਿਚ 1797 ਈਸਵੀ ਵਿਚ ਜਨਮੇਂ। ਵੱਡੇ ਹੋ ਕੇ ਉਹਨਾਂ ਜਵਾਹਰ ਮੱਲ ਜੀ ਦੀ ਸਮਗਤ ਕੀਤੀ ਜੋ ਗੁਰਬਾਣੀ ਦੀ ਵਿਆਖਿਆ ਕਰਨ ਵਿਚ ਪ੍ਰਬੀਨ ਸਨ। ਉਹਨਾਂ ਦੇ ਪ੍ਰਭਾਵ ਸਦਕਾ ਬਾਬਾ ਬਾਲਕ ਸਿੰਘ ਗੁਰਬਾਣੀ ਵਲ ਮੁੜੇ। ਉਹ ਗੁਰਮੱਤ ਅਨੁਸਾਰੀ ਸਾਦਾ ਅਤੇ ਪੱਵਿਤਰ ਜੀਵਨ ਜੀਊਣ ਦੇ ਹਾਮੀ ਸਨ। ਇਸ ਲਈ ਉਹਨਾਂ ਨੇ ਸਿੱਖਾਂ ਵਿਚ ਪ੍ਰਚਲਤ ਕਰਮ ਕਾਂਡਾਂ ਦਾ ਵਿਰੋਧ ਕੀਤਾ ਅਤੇ ਨਾਮ ਜੱਪਣ ਦੀ ਵਕਾਲਤ ਕੀਤੀ। ਇਸੇ ਲਈ ਉਹ ਨਾਮਧਾਰੀ ਕਹਿਲਾਏ। ਗੁਰਬਾਣੀ ਉਹ ਕੂਕ ਕੂਕ ਕੇ ਪੜਦੇ ਸਨ। ਇਸ ਲਈ ਉਹਨਾਂ ਨੂੰ ਕੂਕੇ ਵੀ ਕਿਹਾ ਜਾਣ ਲਗਾ। ਕੁੜੀਆਂ ਮਾਰਨ, ਦਹੇਜ ਲੈਣ, ਮੀਟ-ਮਾਸ ਖਾਣ, ਨਸ਼ੇ ਵਰਤਣ ਦੀ ਉਹਨਾਂ ਮਨਾਹੀ ਕੀਤੀ। ਸਾਦਗੀ ਦੇ ਪਮਾਇਤੀ ਹੋਣ ਕਾਰਣ ਉਹਨਾਂ ਧਰਮ ਸਥਾਨਾਂ ਦੀ ਸਾਦਗੀ ਉਤੇ ਵੀ ਜ਼ੋਰ ਦਿਤਾ। ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਿਚ ਵੀ ਉਹਨਾਂ ਸਾਦਗੀ ਵਰਤੀ। ਇਸ ਦਾ ਵੱਡਾ ਕਾਰਣ ਨਾਮਧਾਰੀਆਂ ਵਿਚ ਦੇਹਧਾਰੀ ਗੁਰੂਆਂ ਦੀ ਮਾਨਤਾ ਵੀ ਹੋ ਸਕਦੀ ਹੈ। ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਹੀ ਮੰਨਦੇ ਹਨ ਅਤੇ ਉਹਨਾਂ ਗੁਰਗੱਦੀ ਦੀ ਪਰੰਪਰਾ ਜਾਰੀ ਰੱਖੀ। ਬਾਬਾ ਜੀ 1862 ਈਸਵੀ ਵਿਚ ਪੂਰੇ ਹੋ ਗਏ ਤਾਂ ਉਹਨਾਂ ਦੀ ਥਾਂ ਬਾਬਾ ਰਾਮ ਸਿੰਘ ਨੇ ਲਈ।

  ਸਿੱਖ ਇਤਿਹਾਸ ਵਿਚ ਅੱਜ.  

23 ਅਕਤੂਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ  

=ਬਾਬਾ ਬੁੱਢਾ ਜੀ ਦਾ ਜਨਮ 1506 ਈ.) 

 =ਅਹਿਮਦ ਸ਼ਾਹ ਅਬਦਾਲੀ ਦਾ ਚਲਾਣਾ (1772 ਈ.)  

ਬਾਬਾ ਬੁੱਢਾ ਜੀ ਗੁਰਮਤਿ ਅਤੇ ਗੁਰੂ ਘਰ ਨੂੰ ਸਮਰਪਤ ਗੁਰਮੁਖ ਸਨ ਜਿੰਨ੍ਹਾਂ ਆਪਣੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਮਾਉਂਦਿਆਂ ਗੁਜ਼ਾਰੀ। ਇਸ ਤੋਂ ਵੀ ਵੱਧ ਉਨ੍ਹਾਂ ਆਪਣਾ ਸਮੁੱਚਾ ਜੀਵਨ ਗੁਰਮਤਿ ਅਨੁਸਾਰੀ ਰਖਿਆ: ਬਚਪਨ ਵਿਚ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠੇ ਅਤੇ ਸਿੱਖੀ ਦੀ ਜੀਵਨ ਜਾਚ ਸਿੱਖੀ। ਜਵਾਨੀ ਵਿਚ ਉਨ੍ਹਾਂ ਗ੍ਰਹਿਸਥ ਦੀ ਪਾਲਣਾ ਕੀਤੀ ਅਤੇ ''ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ  ਵਿਚਿ ਹੋਵੇ ਮੁਕਤਿ" ਵਾਲੀ ਸਥਿਤੀ ਨੂੰ ਜੀਵੰਤ ਕੀਤਾ। ਜਿਉਂ ਜਿਉਂ ਉਮਰ ਵੱਧਦੀ ਗਈ, ਘਰੇਲੂ ਜ਼ਿਮੇਂਵਾਰੀਆਂ ਤੋਂ ਉਹ ਮੁਕਤ ਹੁੰਦੇ ਗਏ, ਤਿਉਂ ਤਿਉਂ ਉਹ ਸਮਾਜ ਨੂੰ ਵਧੇਰੇ ਸਮਾਂ ਦਿੰਦੇ ਗਏ।

ਬਾਬਾ ਬੁੱਢਾ ਜੀ ਨੇ ਆਪਣੀ ਪੂਰੀ ਉਮਰ ਧਰਮ ਦੀ ਕਿਰਤ ਕਰਦਿਆਂ, ਵਾਹਿਗੁਰੂ ਦਾ  ਨਾਮ ਜੱਪਦਿਆਂ; ਉਸ ਦਾ ਧੰਨਵਾਦ ਕਰਦਿਆਂ, ਲੋੜਵੰਦਾਂ ਦੀ ਸੇਵਾ ਕਰਦਿਆਂ ਬਿਤਾਈ ਅਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰਖਿਆ। ਜਦ ਵੀ ਕਦੇ ਗੁਰੂ ਘਰ ਨੂੰ ਬਾਬਾ ਜੀ ਦੀ ਸੇਵਾ ਦੀ ਲੋੜ ਭਾਸੀ, ਉਹ ਗੁਰੂ ਦੁਆਰੇ ਖੜੇ ਮਿਲੇ। ਬਾਬਾ ਜੀ ਦੀ ਮਹਾਨਤਾ ਪੂਰਨ ਗੁਰਸਿੱਖ ਦੇ ਰੂਪ ਵਿਚ ਜੀਵਨ ਜੀਊਣ ਵਿਚ ਹੀ ਹੈ। ਉਹ ਗੁਰਮਤਿ ਦੇ ਪੈਰੋਕਾਰਾਂ ਲਈ ਨਮੂਨਾਂ ਜਾਂ ਆਦਰਸ਼ ਕਹੇ ਜਾ ਸਕਦੇ ਹਨ।

ਅੰਮ੍ਰਿਤਸਰ ਜ਼ਿਲੇ ਦੇ ਪਿੰਡ ਕਥੂਨੰਗਲ ਵਿਖੇ ਇਕ ਜ਼ਿਮੀਦਾਰ ਪਰਿਵਾਰ ਦੇ ਘਰ 23 ਅਕਤੂਬਰ, 1506 ਈਸਵੀ ਨੂੰ ਜਨਮੇਂ ਬੂੜਾ ਜੀ ਬਚਪਨ ਤੋਂ ਹੀ ਗਹਿਰ ਗੰਭੀਰ ਸੁਭਾਅ ਦੇ, ਤੇਜ਼ ਬੁੱਧੀ ਵਾਲੇ ਬਾਲਕ ਸਨ। ਉਨ੍ਹਾ ਦੇ ਜਨਮ ਤੋਂ ਥੋੜਾ ਸਮਾਂ ਪਿਛੋਂ ਹੀ ਇਹ ਪਰਿਵਾਰ ਰਮਦਾਸ ਆ ਗਿਆ। ਇਥੇ ਹੀ ਮੱਝਾਂ ਚਾਰਦੇ ਬਾਲਕ ਬੁੜਾ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ। ਗੁਰੂ ਜੀ ਨੇ ਬੂੜੇ ਤੋਂ ਸਰਸਰੀ ਜਾਣ ਪਛਾਣ ਵਾਲੀਆਂ ਗਲਾਂ ਪੁੱਛੀਆਂ। ਬੂੜੇ ਨੂੰ ਸ਼ਾਇਦ ਗਿਆਨ ਦੀ ਭੁੱਖ ਸੀ ਜਾਂ ਉਹ ਸੰਤਾਂ, ਭਗਤਾਂ ਦੀ ਸੰਗਤ ਦਾ ਅਭਿਲਾਖੀ ਸੀ  ਕਿ ਅਗਲੇ ਦਿਨ ਦੁੱਧ ਘਿਉ ਲੈ ਕੇ ਉਹ ਗੁਰੂ ਜੀ ਦੇ ਚਰਨਾਂ 'ਚ ਆ ਹਾਜ਼ਰ ਹੋਇਆ।

ਕਿਹਾ ਜਾਂਦਾ ਹੈ ਕਿ ਉਸ ਨੇ ਗੁਰੂ ਜੀ ਨੂੰ ਦਸਿਆ ਕਿ ਉਹ ਮੌਤ ਤੋਂ ਬਹੁਤ ਡਰਦਾ ਹੈ ਅਤੇ ਮੁਕਤੀ ਦਾ ਮਾਰਗ ਪੁੱਛਿਆ। ਗੁਰਮਤਿ ਵਿਚ ਨਾ ਤਾਂ ਨਿੱਜੀ ਮੁਕਤੀ ਦਾ ਕੋਈ ਸੰਕਲਪ ਹੈ ਅਤੇ ਮੌਤ ਨੂੰ ਵੀ ਅੱਟਲ ਮੰਨਿਆਂ ਗਿਆ ਹੈ, ਜਿਸ ਕਾਰਣ ਇਸ ਤੋਂ ਡਰਨ ਵਾਲੀ ਕੋਈ ਗਲ ਹੋ ਨਹੀਂ ਸਕਦੀ ਪਰ ਗੁਰੂ ਨਾਨਕ ਦੇਵ ਜੀ ਨੇ ਬੁੜੇ ਬਾਲਕ ਨੂੰ ਕੇਵਲ ਏਨਾ ਹੀ ਕਿਹਾ ਕਿ ਉਮਰੋਂ ਤਾਂ ਬਾਲਕ ਹੈ ਪਰ ਅਕਲੋਂ ਬੁੱਢਾ ਹੈ :ਗਿਆਨ ਦੀਆਂ ਗਲਾਂ ਕਰਦਾ ਹੈ। ਇਥੋਂ ਹੀ ਬੂੜਾ ਜੀ ਦਾ ਨਾਂ ਬੁੱਢਾ ਪੈ ਗਿਆ ਅਤੇ ਉਹ ਬਾਬਾ ਬੁੱਢਾ ਜੀ ਹੋ ਗਏ।

ਆਪਣੀ ਜਗਿਆਸਾ ਸ਼ਾਂਤ ਕਰਨ ਲਈ ਬਾਬਾ ਬੁੱਢਾ ਜੀ ਕਰਤਾਰਪੁਰ ਪੁੱਜੇ। ਇਹ 1521 ਦੇ ਨੇੜੇ ਤੇੜੇ ਦੀ ਗਲ ਹੈ। ਗੁਰੂ ਨਾਨਕ ਦੇਵ ਜੀ ਦੀ ਜੀਵਨ ਸ਼ੈਲੀ ਤੋਂ ਬੁੱਢਾ ਜੀ ਬਹੁਤ ਪ੍ਰਭਾਵਤ ਹੋਏ। ਕਿਹਾ ਜਾਂਦਾ ਹੈ ਕਿ ਕਈ ਸਾਲ ਤਕ ਗੁਰ੍ਵ ਨਾਨਕ ਦੇ ਚਰਨਾਂ ਚ ਬੈਠ ਕੇ ਗੁਰਮਤਿ ਦਾ ਗਿਆਨ ਪ੍ਰਾਪਤ ਕਰਦੇ ਰਹੇ: ਗੁਰੂ ਜੀ ਦੇ ਪਰਿਵਾਰ ਵਿਚ ਉਹ ਘੁਲੇ ਮਿਲੇ ਹੋਏ ਸਨ।

ਇਸ ਸਮੇਂ ਉਨ੍ਹਾਂ ਸਿੱਖੀ ਜੀਵਨ ਨੂੰ ਆਪਣੇ ਅੰਦਰ ਉਤਾਰ ਲਿਆ: ਸਵੇਰੇ ਪਹਿਰ ਦੇ ਤੜਕੇ ਉੱਠਦੇ, ਬਾਣੀ ਪੜ੍ਹਦੇ, ਡੰਗਰ ਚਾਰਦੇ, ਹੱਲ ਵਾਹੁੰਦੇ, ਲੰਗਰ ਵਿਚ ਸੇਵਾ ਕਰਦੇ, ਆਏ ਗਏ ਦੀਆਂ ਲੋੜਾਂ ਪੂਰੀਆਂ ਕਰਦੇ। ਆਪਣੇ ਕਰਤਾਰਪੁਰ ਪ੍ਰਵਾਸ ਸਮੇਂ ਉਨ੍ਹਾਂ ਆਪਣੀ ਲਗਨ, ਮਿਹਨਤ ਅਤੇ ਸੇਵਾ ਨਾਲ ਗੁਰੂ ਪਰਿਵਾਰ ਸਮੇਤ ਸਭ ਦਾ ਮਨ ਮੋਹੀ ਰਖਿਆ। ਏਸੇ ਮੋਹ ਦੇ ਮਾਰੇ ਗੁਰੂ ਮਹਿਲ ਮਾਤਾ ਸੁਲੱਖਣੀ ਅਤੇ ਗੁਰੂ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਚੰਦ ਬੁੱਢਾ ਜੀ ਦੇ ਵਿਆਹ ਸਮੇਂ ਉਚੇਚਾ ਰਮਦਾਸ ਪੁੱਜੇ। ਇਹ ਵਿਆਹ 1524-25 ਦੇ ਆਸ ਪਾਸ ਹੋਇਆ ਮਾਲੂਮ ਹੁੰਦਾ ਹੈ।

ਵਿਆਹ ਪਿਛੋਂ ਦੇ ਬਾਬਾ ਬੁੱਢਾ ਜੀ ਦੇ ਜੀਵਨ ਨੂੰ ਦੋ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ ਹੈ। ਕੁਝ ਵਿਦਵਾਨ ਬਾਬਾ ਜੀ ਨੂੰ ਗੁਰਸਿੱਖ ਵਜੋਂ ਪੇਸ਼ ਕਰਦੇ ਹਨ ਜੋ ਗੁਰੂ ਘਰ ਦਾ ਵਿਸ਼ਵਾਸ ਪਾਤਰ ਸੀ, ਗੁਰਮਤਿ ਅਨੁਸਾਰ ਜੀਵਨ ਜੀਊਂਦਾ ਸੀ ਪਰ ਗੁਰਮਤਿ ਗਿਆਨ ਤੋਂ ਕੋਰੇ ਪਰੰਪਰਾਵਾਦੀ ਬਾਬਾ ਜੀ ਨੂੰ ਇਕ ਡੇਰੇਦਾਰ ਵਜੋਂ ਸਥਾਪਤ ਕਰਨ ਦੀ ਦੌੜ ਵਿਚ ਇਕ ਦੂਜੇ ਤੋਂ ਅਗੇ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਆ ਰਹੇ ਹਨ।

ਬਾਬਾ ਜੀ  ਨੂੰ ਗੁਰੂ ਨਾਨਕ ਸਾਹਿਬ ਦੇ ਵਿਸ਼ਵਾਸ ਦਾ ਪਾਤਰ ਮੰਨਣ ਵਾਲੇ ਦਸਦੇ ਹਨ ਕਿ ਵਿਆਹ ਕਰਵਾਉਣ ਪਿਛੋਂ ਬੁੱਢਾ ਜੀ ਨੇ ਗੁਰਮਤਿ ਅਨੁਸਾਰੀ ਗ੍ਰਹਿਸਥ ਭੋਗਿਆ। ਖੇਤੀ ਦੀ ਕਿਰਤ ਕਰਦੇ ਰਹੇ, ਵੰਡ ਕੇ ਛੱਕਦੇ ਰਹੇ, ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਵੀ ਜੋੜੀ ਰਖਿਆ, ਨਿਰਲੇਪ ਰਹੇ ਅਤੇ ਭਾਣੇ ਵਿਚ ਵਿਚਰਣ ਕੀਤਾ। ਉਨ੍ਹਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਦੀ ਪਾਲਣਾ ਪੋਸਣਾ ਕੀਤੀ। ਬਾਬਾ ਜੀ ਗੁਰੂ ਘਰ ਨਾਲ ਵੀ ਜੁੱੜੇ ਰਹੇ: ਜਦ ਸਮਾਂ ਮਿਲਿਆ ਜਾਂ ਗੁਰੂ ਜੀ ਨੇ ਆਵਾਜ਼ ਦਿਤੀ, ਬੁੱਢਾ ਜੀ ਉੱਡ ਕੇ ਪਹੁੰਚੇ ਪਰ ਇਹ ਰਿਸ਼ਤੇ ਲਗਭਗ ਉਸੇ ਤਰ੍ਹਾਂ ਦੇ ਸਨ ਜਿਵੇਂ ਆਪਸ ਵਿਚ ਮੋਹ ਕਰਦੇ ਪਰਿਵਾਰ ਜਾਂ ਵਿਅਕਤੀ ਬਣਾ ਲੈਂਦੇ ਹਨ। ਗੁਰੂ ਘਰ ਦੇ ਹਰ ਦੁੱਖ ਸੁੱਖ ਸਮੇਂ ਅਸੀਂ ਬੁੱਢਾ ਜੀ ਨੂੰ ਗੁਰੂ ਜੀ ਦੇ ਦੁਆਰੇ ਖੜਾ ਵੇਖਦੇ ਹਾਂ।

ਬਾਬਾ ਜੀ ਨੂੰ ਡੇਰੇਦਾਰ ਵਜੋਂ ਸਥਾਪਤ ਕਰਨ ਵਾਲੇ ਬੁੱਢਾ ਜੀ ਨੂੰ ਅਜਿਹਾ ਕਰਾਮਾਤੀ ਮਹਾਂਪੁਰਖ ਦਸਦੇ ਹਨ ਜਿਸ ਬਿਨਾਂ ਗੁਰੂ ਘਰ ਦਾ ਚੱਕਾ ਘੁੰਮਦਾ ਹੀ ਨਹੀਂ। ਦਬੀ ਜ਼ਬਾਨ ਵਿਚ ਇਹ ਲੋਕ ਬਾਬਾ ਬੁੱਢਾ ਜੀ ਨੂੰ ਗੁਰਗੱਦੀ ਦਾ ਦਾਅਵੇਦਾਰ ਦਸਦੇ ਰਹੇ ਹਨ। ਭਾਈ ਲਹਿਣਾ ਨੂੰ ਗੁਰਗੱਦੀ ਦੇਣੀ ਸੀ ਤਾਂ ਬਾਬਾ ਬੁੱਢਾ ਜੀ ਦੇਣਗੇ। ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ ਦਰਬਾਰ ਬਨਵਾਉਣਾ ਹੈ ਤਾਂ ਬਾਬਾ ਬੁੱਢਾ ਜੀ ਜਾਣਗੇ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਂਦੇ ਹਨ ਤਾਂ ਗੁਰੂ ਅੰਗਦ ਦੇਵ ਜੀ ''ਉਦਾਸ" ਹੋ ਕੇ ਬੀਬੀ ਨਿਹਾਲੀ (ਇਸ ਨੂੰ ਮਾਈ ਭਿਰਾਈ ਵੀ ਕਿਹਾ ਗਿਆ ਹੈ) ਦੇ ਘਰ ਜਾ ਬੈਠੇ। ਉਨ੍ਹਾਂ ਨੂੰ ਹੌਸਲਾ ਦੇਣ ਅਤੇ ਗੁਰੂ ਦੀਆਂ ਜ਼ਿਮੇਂਵਾਰੀਆਂ ਨਿਭਾਉਣ ਲਈ ਤਿਆਰ ਕਰਨ ਲਈ ਬਾਬਾ ਬੁੱਢਾ ਜੀ ਨੂੰ ਖਡੂਰ ਸਾਹਿਬ ਜਾਣਾ ਪੈਂਦਾ ਹੈ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇਣ ਦੀ ਰਸਮ ਵੀ ਬਾਬਾ ਬੁੱਢਾ ਜੀ ਨੂੰ ਹੀ ਕਰਨੀ ਪੈਂਦੀ ਹੈ। ਸੰਨ ਸਾਹਿਬ ਚੋਂ ਗੁਰੂ ਅਮਰਦਾਸ ਜੀ ਨੂੰ ਬਾਬਾ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਕੱਢ ਸਕਦਾ।

ਗੁਰੂ ਨਾਨਕ ਦੇਵ ਜੀ ਦੀ ਨੇੜਤਾ ਕਾਰਣ ਇਹ ਤਾਂ ਸੁਭਾਵਕ ਹੈ ਕਿ ਬਾਬਾ ਬੁੱਢਾ ਜੀ ਨੂੰ ਚੜ੍ਹਦੇ ਪੰਜਾਬ ਵਿਚ ਗੁਰੂ ਘਰ ਦਾ ਪ੍ਰਤੀਨਿਧ ਸਮਝਿਆ ਜਾਂਦਾ ਰਿਹਾ ਹੋਵੇ ਅਤੇ ਗੁਰੂ ਨਾਨਕ ਸਾਹਿਬ ਦੀ ਸੰਗਤ (ਧਰਮਸਾਲ) ਏਥੇ ਵੀ ਸਥਾਪਤ ਹੋਈ ਹੋਵੇ ਪਰ ਇਸ ਤੋਂ ਵੱਧ ਕੋਈ ਰੋਲ ਬਾਬਾ ਬੁੱਢਾ ਜੀ ਦਾ ਸਾਬਤ ਨਹੀਂ ਹੁੰਦਾ। ਉਪਰੋਕਤ ਸਾਰੀਆਂ ਕਹਾਣੀਆਂ ਵਿਚ ਵੀ ਕੋਈ ਦਮ ਨਹੀਂ।

ਬਾਕੀਆਂ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਗੁਰੂ ਨਾਨਕ ਦੇਵ ਜੀ ਬਾਰੇ ਸਪਸ਼ਟ ਹੈ ਕਿ ਉਹ ਕਦੇ ''ਗੁਰਗੱਦੀ" ਵਰਗੀ ਰਵਾਇਤ ਨਹੀਂ ਤੋਰ ਸਕਦੇ ਸਨ। ਉਨ੍ਹਾਂ ''ਸ਼ਬਦ" ਨੂੰ ''ਗੁਰੂ" ਮੰਨਿਆ ਸੀ। ਵਿਅਕਤੀ ਨੂੰ ਗੁਰੂ ਉਹ ਕਿਵੇਂ ਬਨਾਉਂਦੇ? ਜਿਸ ਮਹਾਪੁਰਖ ਨੇ ''ਜਨੇਊ" ਪਹਿਨਣ ਤੋਂ ਨਾਂਹ ਕਰ ਦਿਤੀ ਹੋਵੇ, ਧਾਰਮਕ ਰਸਮਾਂ ਨੂੰ ''ਰੋਟੀਆਂ ਕਾਰਣ ਪੂਰਹਿ ਤਾਲ" ਕਿਹਾ ਹੋਵੇ, ਉਹ ਗੁਰਗੱਦੀ ਸਥਾਪਤ ਕਰੇ, ਉਸ ਉਤੇ ਨਾਸ਼ਮਾਨ ਸਰੀਰ ਦੇ ਪੁਰਖ ਨੂੰ ਬਿਠਾਵੇ, ਪੰਜ ਪੈਸੇ, ਨਾਰੀਅਲ ਵਗੈਰਾ ਰਖ ਕੇ ਮੱਥਾ ਟੇਕਣ ਅਤੇ ਮੱਥੇ ਤਿਲਕ ਲਾਉਣ ਵਰਗੀ ਪਰੰਪਰਾ ਦਾ ਪਾਲਣ ਕਰੇ, ਇਹ ਸਭ ਕਿਸੇ ਵੀ ਤਰਕਸ਼ੀਲ ਨੂੰ ਹਜ਼ਮ ਨਹੀਂ ਹੁੰਦਾ।

ਇੰਝ ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਗੁਰੂ ਅੰਗਦ ਦੇਵ ਜੀ ਦਾ ਵਰਤਾਉ ਗੁਰਮਤਿ ਅਨੁਸਾਰੀ ਨਹੀਂ ਹੈ। ਦਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਚੋਲਾ ਤਿਆਗ ਗਏ ਤਾਂ ਗੁਰੂ ਅੰਗਦ ਦੇਵ ਜੀ ਬਹੁਤ ਬਿਹਬਲ ਹੋ ਗਏ: ਕਾਰ ਵਿਹਾਰ ਛੱਡ ਦਿਤਾ, ਦਰਬਾਰ ਬੰਦ, ਕੀਰਤਨ ਬੰਦ। ਮਾਈ ਭਿਰਾਈ ਦੇ ਘਰ ਜਾ ਕੇ ਉਨ੍ਹਾਂ ਅਗਿਆਤਵਾਸ ਲੈ ਲਿਆ। ਸੱਚ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹੇ ਤਾਂ ਪਾਰਸ ਨੇ ਲੋਹੇ ਨੂੰ ਸੋਨਾ ਤਾਂ ਬਣਾਇਆ ਹੀ ਹੋਇਗਾ। ਗੁਰੂ ਅੰਗਦ ਦੇਵ ਜੀ ਨਿਰਲੇਪਤਾ ਦੀ ਮੂਰਤ ਸਨ: ਜੰਮਣ ਮਰਨ ਦੇ ਕੁਦਰਤੀ ਵਰਤਾਰੇ ਤੋਂ ਵੈਰਾਗ ਵਿਚ ਆਉਣ ਵਾਲੇ ਤਾਂ ਨਹੀਂ ਹੀ ਸਨ। ਇਸ ਤਰ੍ਹਾਂ ਦੀਆਂ ਕਹਾਣੀਆਂ ਬਾਬਾ ਬੁੱਢਾ ਜੀ ਦੇ ਮਹੱਤਵ ਨੂੰ ਵਧਾਉਣ ਵਾਸਤੇ ਘੜੀਆਂ ਗਈਆਂ ਜਾਪਦੀਆਂ ਹਨ ਭਾਵੇਂ ਕਿ ਇਸ ਤਰ੍ਹਾਂ ਗੁਰਮਤਿ ਸਿਧਾਤਾਂ ਦਾ ਬੁਰੀ ਤਰ੍ਹਾਂ ਘਾਣ ਹੋਇਆ ਹੈ।

ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਉਤੇ ਚਲਣ ਵਾਲੇ ਗੁਰਮੁਖ ਸਨ। ਉਹ ਆਪਣੀ ਧਰਮ ਦੀ ਕਿਰਤ ਕਰਦੇ ਰਹੇ, ਗੋਲਕ ਨੂੰ ਉਨ੍ਹਾਂ ਆਪਣੇ ਜੀਵਨ ਦਾ ਆਧਾਰ ਜੀਵਨ ਦੇ ਕਿਸੇ ਵੀ ਮੋੜ ਤੇ ਨਹੀਂ ਬਣਾਇਆ। ਗੁਰੂ ਘਰ ਵਿਚ ਵੀ ਉਹ ਉਸ ਸਮੇਂ ਸਰਗਰਮ ਹੋਏ, ਜਦ ਇਸ ਬਿਨਾਂ ਸਰਦਾ ਨਹੀਂ ਸੀ।

ਗੁਰਬਾਣੀ ਦੇ ਉਹੀ ਸਭ ਤੋਂ ਵੱਧ ਜਾਣਕਾਰ ਸਨ, ਇਸ ਲਈ ਉਨ੍ਹਾਂ ਨੂੰ ਪੋਥੀ ਸਾਹਿਬ ਦੀ ਸੇਵਾ ਸੰਭਾਲ ਸੌਂਪੀ ਗਈ: ਮੰਤਵ ਗੁਰਬਾਣੀ ਸਬੰਧੀ ਸੰਗਤਾਂ ਨੂੰ ਜਾਣਕਾਰੀ ਦੇਣੀ ਸੀ। ਇਸ ਨੂੰ ਪੁਜਾਰੀ ਸ਼੍ਰੇਣੀ ''ਗ੍ਰੰਥੀ" ਦਾ ਖਿਤਾਬ ਦੇਣ ਲਗ ਪਈ ਹੈ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤਾਂ ਗੁਰੂ ਘਰ ਦੀ ਸੇਵਾ ਸੰਭਾਲ ਲਈ ਬਾਬਾ ਬੁੱਢਾ ਜੀ ਸਭ ਤੋਂ ਵੱਧ ਯੋਗ ਸਨ: ਅਜਿਹੇ ਸਮੇਂ ਗੁਰਮਤਿ ਅਨੁਸਾਰੀਆਂ ਦਾ ਇਕ ਜੁੱਟ ਹੋਣਾ ਸੁਭਾਵਕ ਸੀ। ਗੁਰੂ ਅਰਜਨ ਦੇਵ ਜੀ ਤੋ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਉਤੇ ਮੁਸੀਬਤਾਂ ਦਾ ਪਹਾੜ ਆ ਪਿਆ ਸੀ। ਉਹ ਬਾਬਾ ਜੀ ਦੁਆਰਾ  ਤਿਆਰ ਕੀਤੇ ਹੋਏ ਮਹਾਪੁਰਖ ਸਨ। ਇਸ ਲਈ ਵੀ ਬਾਬਾ ਜੀ ਲਈ ਜ਼ਰੂਰੀ ਸੀ ਕਿ ਉਹ ਗੁਰੂ ਘਰ ਦੀ, ਗੁਰੂ ਜੀ ਦੀ ਗੈਰਹਾਜ਼ਰੀ ਵਿਚ, ਸੇਵਾ ਸੰਭਾਲ ਕਰਦੇ। ਉਨ੍ਹਾਂ ਅਜਿਹਾ ਕੀਤਾ ਵੀ ਪਰ ਜਦੋਂ ਗੁਰੂ ਜੀ ਅੰਮ੍ਰਿਤਸਰ ਮੁੜ ਆਏ ਤਾਂ ਬਾਬਾ ਜੀ ਵਾਪਸ ਰਮਦਾਸ ਆ ਗਏ।

125 ਸਾਲ ਦੀ ਲੰਬੀ ਉਮਰ ਭੋਗ ਕੇ ਜਦੋਂ ਬਾਬਾ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸ਼ਾਗਿਰਦ ਹੋਣ ਦੇ ਫ਼ਰਜ਼ ਪੂਰੀ ਸ਼ਿੱਦਤ ਨਾਲ ਨਿਭਾਏ। ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਸਸਕਾਰ ਕਰਕੇ ਗੁਰਸਿੱਖੀ ਦੇ ਪੂਰਨੇ ਪਾਉਣ ਵਾਲੇ ਬਾਬਾ ਬੁੱਢਾ ਜੀ ਨੂੰ ਸਨਮਾਨ ਦਿਤਾ।

ਜਦੋਂ ਵੀ ਗੁਰਮਤਿ ਅਨੁਸਾਰੀ ਜੀਵਨ ਜੀਊਣ ਵਾਲੇ ਸਿੱਖ ਦੇ ਦਰਸ਼ਨਾਂ ਦੀ ਲੋੜ ਪਇਗੀ, ਬਾਬਾ ਬੁੱਢਾ ਜੀ ਸਾਡੇ ਸਾਹਮਣੇ ਆਉਂਦੇ ਰਹਿਣਗੇ।

ਇਹ ਉਨ੍ਹਾਂ ਦੀ ਕਮਾਈ ਦਾ ਫਲ ਹੈ ਜਿਸ ਨੂੰ ਡੇਰੇਦਾਰੀ ਦੇ ਲਾਲਚ ਵਿਚ ਮਿੱਟੀ ਵਿਚ ਰੋਲਿਆ ਜਾ ਰਿਹਾ ਹੈ।

ਸਮਕਾਲੀ ਸਰੋਕਾਰ .

ਨਵਾਬ ਕਪੂਰ ਸਿੰਘ 

ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦੇ  ਉਹਨਾਂ ਸਿੱਖ ਜਰਨੈਲ ਵਿਚੋਂ ਸਨ ਜਿਹਨਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਸਿੱਖ ਸੰਗਤਾਂ ਨੂੰ ਸੁਯੋਗ ਅਗਵਾਈ ਦੇ ਕੇ ਚੜ੍ਦੀ ਕਲਾ ਵਿਚ ਰਖਿਆ ਅਤੇ ਪੰਜਾਬ ਉਤੇ ਆਪਣੀ ਹਕੂਮਤ ਕਾਇਮ ਕਰਨ ਦੇ ਯੋਗ ਬਣਾਇਆ।ਨਵਾਬ ਕਪੂਰ ਸਿੰਘ ਹੀ ਉਹ ਪਹਿਲੇ ਸਿੱਖ ਸਨ ਜਿਹਨਾਂ ਨੂੰ ਮੁਗਲ ਸਰਕਾਰ ਨੇ ਸਿੱਖਾਂ ਦੇ ਨੇਤਾ ਦੇ ਰੂਪ ਵਿਚ ਮਾਨਤਾ ਦਿਤੀ ਅਤੇ ਜਿਸ ਨੂੰ ਪੰਥ ਨੇ ''ਨਵਾਬੀ" ਦੇ ਸਤਿਕਾਰ ਨਾਲ ਨਿਵਾਜਿਆ।  

ਪ੍ਚਲਤ ਮਾਨਤਾਵਾਂ ਅਨੁਸਾਰ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ (ਜ਼ਿਲਾ ਅੰਮਰਿਤਸਰ) ਵਿਚ ਵਿਰਕ ਜੱਟ ਸ. ਸਾਧੂ ਸਿੰਘ ਦੇ ਘਰ 1697 ਈ. ਨੂੰ ਜਨਮਿਆਂ। ਪਰਿੰ. ਸਤਿਬੀਰ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਦਾ ਜਨਮ 1697 ਈ. ਨੂੰ ਪਿੰਡ ਕਾਲੇ ਕੇ ਪਰਗਨਾ ਸ਼ੇਖੂਪੁਰਾ ਵਿਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ ਹੋਇਆ।

ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿਚ ਮਿਲੀ।

ਕਪੂਰ ਸਿੰਘ ਦੇ ਬਚਪਨ ਸਬੰਧੀ ਕੋਈ ਵੇਰਵਾ ਨਹੀਂ ਮਿਲਦਾ ਪਰ ਪਰਿੰ. ਸਤਿਬੀਰ ਸਿੰਘ ਅਨੁਸਾਰ ਕਪੂਰ ਸਿੰਘ ਨੁੰ ਉਸ ਦੇ ਪਿਤਾ ਦਸਮ ਪਾਤਸ਼ਾਹ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਲੈ ਕੇ ਗਏ। ਕਲੀਗਧਰ ਦੀ ਅਸੀਸ ਲਈ ਅਤੇ ਉਹ ਫੈਜ਼ਲਪੁਰਾ 'ਚ ਵਸ ਗਏ।

ਏਥੇ ਜ਼ਕਰੀਆ ਖਾਂ ਵੇਲੇ ਚੈਨ ਨਾਲ ਵੱਸਦੇ 1500 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ ਤਾਂ ਕਪੂਰ ਸਿੰਘ ਕਿਸੇ ਤਰਾਂ ਅੰਮਰਿਤਸਰ ਪੁੱਜਾ। ਇਥੇ ਉਸ ਨੇ ਭਾਈ ਮਨੀ ਸਿੰਘ ਕੋਲੋਂ ਅੰਮਰਿਤ ਛੱਕਿਆ।

ਇਹ ਦੋਵੇਂ ਗੱਲਾਂ ਵਡਿਆਈ ਲਈ ਹੀ ਲਿਖੀਆਂ ਗਈਆਂ ਜਾਪਦੀਆਂ ਹਨ। ਗੁਰੂ ਨੂੰ ਸਮਰਪਤ ਸਿੱਖ ਆਪਣੇ ਬੱਚਿਆਂ ਨੂੰ ਜਨਮ ਸਮੇਂ ਹੀ ਪਾਹੁਲ ਦੀ ਦਾਤ ਦਿੰਦੇ ਹਨ। ਅੰਮਰਿਤ ਛੱਕਣ ਪਿਛੋਂ ਕਪੂਰ ਸਿੰਘ ਦੀਵਾਨ ਦਰਬਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ।

1733 ਈਸਵੀ ਤਕ ਦੀਆਂ ਸਰਗਰਮੀਆਂ ਬਾਰੇ ਕੋਈ ਵਿਸ਼ਵਾਸ਼ ਯੋਗ ਜਾਣਕਾਰੀ ਨਹੀਂ ਮਿਲਦੀ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਸਮੇਂ ਹੋਏ ਕਤਲਾਮ ਨੇ ਬਹੁਤ ਸਾਰੇ ਸਿੱਖ ਘਰਾਂ ਨੂੰ ਤਬਾਹ ਕਰ ਦਿਤਾ ਸੀ। ਹਕੂਮਤ ਸਿੱਖਾਂ ਦੇ ਪਿਛੇ ਹੱਥ ਧੋ ਕੇ ਪਈ ਹੋਈ ਸੀ। ਬਹੁਤੇ ਸਿੱਖ ਤਾਂ ਸੁਰਖਿਅਤ ਥਾਵਾਂ 'ਤੇ ਚਲੇ ਗਏ ਸਨ ਅਤੇ ਆਪਣੇ ਪਰਿਵਾਰ ਵੀ ਨਾਲ ਲੈ ਗਏ ਸਨ। ਜਿਹਨਾਂ ਨੂੰ ਕੋਈ ਠਾਹਰ ਨਹੀਂ ਮਿਲੀ ਸੀ ਉਹਨਾਂ ਜਥੇ ਬਣਾ ਲਏ ਸਨ। ਆਪਣੇ ਗੁਜ਼ਾਰੇ ਲਏ ਉਹ ਲੁੱਟ ਮਾਰ ਵੀ ਕਰਦੇ ਅਤੇ  ਉਹਨਾਂ ਲੋਕਾਂ ਕੋਲੋਂ ਬਦਲੇ ਵੀ ਲੈਂਦੇ ਜਿਹਨਾਂ  ਉਹਨਾਂ ਦੇ ਪਰਿਵਾਰ ਫ਼ੜਾਏ ਸਨ ਅਤੇ ਘਰ ਢੁਆਹੇ ਸਨ। ਸਰਕਾਰੀ ਅਧਿਕਾਰੀ ਵਿਸ਼ੇਸ਼ ਕਰਕੇ ਪਿੰਡਾਂ ਦੇ ਚੌਧਰੀ  ਉਹਨਾਂ ਦੇ ਗੁੱਸੇ ਦਾ ਵਧੇਰੇ ਸ਼ਿਕਾਰ ਹੁੰਦੇ ਸਨ।

ਸਰਕਾਰ ਇਹਨਾਂ ਸਿੱਖਾਂ ਨੂੰ ਕਾਬੂ ਕਰਨ ਦਾ ਬਥੇਰਾ ਯਤਨ ਕਰਦੀ ਸੀ ਪਰ ਸਫ਼ਲਤਾ ਨਹੀਂ ਮਿਲਦੀ ਸੀ। ਜ਼ਕਰੀਆ ਖਾਂ ਨੇ ਸਿੱਖਾਂ ਦਾ ਬੀਜ ਨਾਸ ਕਰਨ ਲਈ  ਉਹਨਾਂ ਦੇ ਸਿਰਾਂ ਤੇ ਇਨਾਮ ਵੀ ਰਖੇ: ਦੱਸ ਪਾਉਣ ਵਾਲੇ ਨੂੰ ਦਸ ਰੁਪੈ, ਫ਼ੜਾਉਣ ਵਾਲੇ ਨੂੰ 25 ਰੁਪੈ, ਸਿਰ ਪੇਸ਼ ਕਰਨ ਵਾਲੇ ਨੂੰ ਸੌ ਰੁਪੈ ਇਨਾਮ ਦਿਤਾ ਜਾਣ ਲਗਾ ਪਰ ਜਿਉਂ ਜਿਉਂ ਸਰਕਾਰੀ ਸਖ਼ਤੀ ਵਧੀ, ਸਿੱਖਾਂ ਦੇ ਹਮਲੇ ਤੇਜ਼ ਹੁੰਦੇ ਗਏ। ਪੰਜਾਬ ਦੀ ਆਰਥਕ ਸਥਿਤੀ ਵੀ ਵਿਗੜਦੀ ਗਈ। ਅਖੀਰ ਨੌਬਤ ਏਥੋਂ ਤਕ ਆ ਗਈ ਕਿ ਲਾਹੌਰ ਦਾ ਸੂਬਾ ਤਿੰਨ ਸਾਲ ਦਿੱਲੀ ਨੂੰ ਬਣਦਾ ਮਾਮਲਾ ਵੀ ਨਹੀਂ ਤਾਰ ਸਕਿਆ।

ਕਹਾਣੀਆਂ ਤਾਂ ਬਹੁਤ ਸਾਰੀਆਂ  ਹਨ ਪਰ ਠੀਕ ਗੱਲ ਇਹ ਜਾਪਦੀ ਹੈ ਕਿ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਪੰਜਾਬ ਦੇ ਅਮਨ ਲਈ ਸੌਦਾ ਕੀਤਾ ਕਿ ਜੇ ਸਿੱਖ ਲੁੱਟ ਮਾਰ ਨਾ ਕਰਨ ਅਤੇ ਸਰਕਾਰੀ ਅਧਿਕਾਰੀਆਂ ਨੂੰ ਤੰਗ ਨਾ ਕਰਨ ਤਾਂ ਸਰਕਾਰ  ਉਹਨਾਂ ਨੂੰ ਜਾਗੀਰ ਦੇ ਸਕਦੀ ਹੈ। ਇਕ ਲੱਖ ਰੁਪੈ ਦੀ ਜਾਗੀਰ ਦੀ ਪੇਸ਼ਕਸ਼ ਲੈ ਕੇ ਸ. ਸਬੇਗ ਸਿੰਘ ਜੰਬਰ ਅੰਮਰਿਤਸਰ ਆਇਆ ਜਿਥੇ 1733 ਈ. ਦੀ ਵੈਸਾਖੀ ਮਨਾਉਣ ਲਈ ਸਿੱਖ ਇਕੱਤਰ ਹੋਏ ਸਨ।

ਵਿਚਾਰ ਵਟਾਂਦਰੇ ਸਮੇਂ ਥੋੜੀ ਨਾਂਹ ਨੁੱਕਰ ਪਿਛੋਂ ਸਿੱਖਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ। ਸਰਕਾਰ ਨੂੰ ਅਮਨ ਰਖਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਸਰਕਾਰ ਨੇ ਵੀ ਸਿੱਖਾਂ ਨੂੰ ਅਮਨ ਨਾਲ ਰਹਿਣ ਦੇਣ ਦਾ ਭਰੋਸਾ ਦਿਵਾਇਆ। ਇਸ ਸਮਝੌਤੇ ਪਿਛੋਂ ਸਿੱਖ ਅੰਮਰਿਤਸਰ ਆ ਕੇ ਵੱਸ ਗਏ।

ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਅਨੰਦਪੁਰ ਦੀਆਂ ਰੌਣਕਾਂ ਅੰਮਰਿਤਸਰ ਲਗ ਗਈਆਂ। ਸਰਦਾਰਾਂ ਵਿਚ ਅਹੁੱਦੇ ਵੰਡੇ ਗਏ: ਸ. ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦਿਤਾ ਗਿਆ ਅਤੇ ਉਹ ਪੰਥ ਦਾ ਜਥੇਦਾਰ ਬਣਿਆਂ। ਭਾਈ ਮਨੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਗਰੰਥੀ ਦੀਆਂ ਜ਼ਿਮੇਂਵਾਰੀਆਂ ਸੰਭਾਲੀਆਂ, ਗੁਰਬਖਸ਼ ਸਿੰਘ ਨੂੰ ਤੋਪਾਂ ਅਤੇ ਜੰਬੂਰੇ ਦਾ ਚਾਰਜ ਦਿਤਾ ਗਿਆ, ਹਰੀ ਸਿੰਘ ਲੰਗਰ ਦਾ ਜਥੇਦਾਰ ਬਣਿਆਂ ਅਤੇ ਜੱਸਾ ਸਿੰਘ ਆਹਲੂ ਘੋੜਿਆਂ ਦਾ ਵਰਤਾਵਾ ਹੋਇਆ। ਹਰੀ ਸਿੰਘ ਹਜ਼ੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰਚੱਕ, ਭੂਮਾ ਸਿੰਘ, ਗਰਜਾ ਸਿੰਘ ਆਦਿ ਮੁੱਖੀ ਸਲਾਹਕਾਰ ਅਤੇ ਪ੍ਬੰਧਕ ਬਣੇ।

ਇਹ ਪ੍ਬੰਧ ਅਤੇ ਸਰਕਾਰ ਨਾਲ ਸਮਝੌਤਾ ਲਗਭਗ ਦੋ ਸਾਲ ਤਕ ਚਲਿਆ।

ਇਸ ਸਮੇਂ ਕੁਝ ਵਿਉਹਾਰਕ ਮੁਸ਼ਕਿਲਾਂ ਸਾਹਮਣੇ ਆਈਆਂ: ਸਿੱਖਾਂ ਦੀ ਆਬਾਦੀ ਚੋਖੀ ਵੱਧ ਗਈ। ਇਕ ਥਾਂ ਪ੍ਬੰਧ ਕਰਨਾ ਔਖਾ ਹੋ ਗਿਆ। ਖਰਚੇ ਦੀ ਪੂਰਤੀ ਜਗੀਰ ਤੋਂ ਹੋਣੀ ਮੁਸ਼ਕਿਲ ਹੋ ਗਈ। ਇਸ ਦਾ ਹੱਲ ਪੰਥ ਨੂੰ ਦੋ ਹਿੱਸਿਆਂ ਵਿਚ ਵੰਡਣ ਵਿਚ ਨਿਕਲਿਆ।

40 ਵਰਿਆਂ ਤੋਂ ਵਧੇਰੇ ਉਮਰ ਵਾਲੇ ਬੁੱਢਾ ਦਲ ਵਿਚ ਸ਼ਾਮਲ ਹੋ ਗਏ। ਨਵਾਬ ਕਪੂਰ ਸਿੰਘ ਨੂੰ ਇਸ ਦਾ ਜਥੇਦਾਰ ਪ੍ਵਾਨ ਕੀਤਾ ਗਿਆ।

ਬਾਕੀ ਦੇ ਸਿੱਖ ਤਰੁਨਾ ਦਲ ਦਾ ਹਿੱਸਾ ਬਣੇ। ਇਸ ਨੂੰ ਪੰਜ ਜਥਿਆਂ ਵਿਚ ਵੰਡਿਆ ਗਿਆ। ਬੁੱਢਾ ਦਲ ਤਾਂ ਅੰਮਰਿਤਸਰ ਵਿਚ ਰਹਿ ਪਿਆ ਪਰ ਤਰਨਾ ਦਲ ਦੇ ਜਥੇ ਲਾਹੌਰ ਦੇ ਸੂਬੇ ਤੋਂ ਬਾਹਰ ਚਲੇ ਗਏ ਅਤੇ ਆਪਣੇ ਖਰਚੇ ਪਾਣੀ ਲਈ ਲੁੱਟਮਾਰ ਕਰਨ ਲਗੇ।

ਜਦੋਂ ਲਾਹੌਰ ਦੇ ਸੂਬੇਦਾਰ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਬਿਫ਼ਰ ਪਿਆ। ਸਮਝੌਤੇ ਦੀ ਉਲੰਘਣਾ ਹੋਈ ਦੱਸ ਕੇ ਉਸ ਨੇ ਜਾਗੀਰ ਖੋਹ ਲਈ। ਇਸ ਤਰਾਂ ਬੁੱਢਾ ਦਲ ਦਾ ਵੀ ਅੰਮਰਿਤਸਰ ਰਹਿਣਾ ਔਖਾ ਹੋ ਗਿਆ। ਤੇਰਾਂ ਸਾਲ ਦਾ ਸਮਾਂ ਸਿੱਖਾਂ ਨੇ ਸਰਕਾਰ ਨਾਲ ਟੱਕਰ ਲੈਂਦਿਆਂ, ਖਾਨਾ ਬਦੋਸ਼ਾਂ ਵਰਗਾ ਜੀਵਨ ਜੀਊਂਦਿਆਂ ਬਿਤਾਇਆ।

ਇਸੇ ਦੌਰਾਨ ਛੋਟਾ ਘਲੂਘਾਰਾ (1746 ਈ.) ਵਾਪਰਿਆ, ਵੱਡੀ ਗਿਣਤੀ ਵਿਚ ਸ਼ਹੀਦੀਆਂ ਹੋਈਆਂ ਅਤੇ ਅਬਦਾਲੀ ਦੇ ਹਮਲੇ ਸ਼ੁਰੂ ਹੋਏ। ਅਬਦਾਲੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਲਾਹੌਰ ਦੀ ਸਰਕਾਰ ਨੇ (ਮੀਰ ਮੰਨੂੰ ਉਸ ਸਮੇਂ ਸੂਬੇਦਾਰ ਸੀ) ਸਿੱਖਾਂ ਨਾਲ ਫ਼ੇਰ  ਸੌਦਾ ਕੀਤਾ।

1748 ਈਸਵੀ ਵਿਚ ਖੋਹੀ ਹੋਈ ਜਾਗੀਰ ਫੇਰ ਬਹਾਲ ਕਰ ਦਿਤੀ ਗਈ। ਸਿੱਖਾਂ ਤੋਂ ਉਮੀਦ ਇਹ ਲਾਈ ਗਈ ਕਿ ਉਹ ਮੀਰ ਮੰਨੂੰ ਦੇ ਦੁਸ਼ਮਣਾਂ ਦਾ ਸਫਾਇਆ ਕਰਨ ਵਿਚ ਸਹਾਇਤਾ ਕਰਨਗੇ। ਮੀਰ ਮੰਨੂੰ ਦੇ ਦੁਸ਼ਮਣਾਂ ਵਿਚ ਅਹਿਮਦ ਸ਼ਾਹ ਅਬਦਾਲੀ ਵੀ ਸ਼ਾਮਲ ਸੀ।

ਇਹ ਪ੍ਬੰਧ ਚਾਰ ਸਾਲ ਤਕ ਚਲਿਆ। ਇਸ ਦੌਰਾਨ ਸਿੱਖਾਂ ਨੇ ਕੌੜਾ ਮੱਲ ਦੀ ਸਹਾਇਤਾ ਦੇ ਨਾਂ 'ਤੇ  ਮੀਰ ਮੰਨੂੰ ਲਈ ਲਹੂ ਵੀ ਵਹਾਇਆ। ਮੁਲਤਾਨ ਦੀ ਜਿੱਤ ਸਿੱਖਾਂ ਦੇ ਨਾਂ ਹੀ ਲਿਖੀ ਜਾਂਦੀ ਹੈ।

ਇਹਨਾਂ ਚਾਰ ਸਾਲਾਂ (1748-1752 ਈ.) ਦੌਰਾਨ ਸਿੰਘਾਂ ਨੇ ਆਪਣੇ ਆਪ ਨੂੰ ਚੰਗੀ ਤਰਾਂ ਜਥੇਬੰਦ ਕਰ ਲਿਆ। 1748 ਵਿਚ ਦਲ ਖਾਲਸਾ ਬਣਿਆਂ ਅਤੇ ਮਿਸਲਾਂ ਦੀ ਸਥਾਪਨਾ ਹੋਈ।

ਨਵਾਬ ਕਪੂਰ ਸਿੰਘ ਏਹ ਸਾਰਾ ਸਮਾਂ ਪੰਥ ਦੇ ਜਥੇਦਾਰ ਰਹੇ।

ਮਿਸਲਾਂ ਵਿਚ ਇਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ਫੈਜ਼ਲਪੁਰੀਆ ਜਾਂ ਸਿੰਘ ਪੁਰੀਆ ਮਿਸਲ ਕਿਹਾ ਜਾਂਦਾ ਹੈ। ਗਿਆਨੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਕਈ ਹੋਰ ਮਿਸਲਾਂ ਵੱਡੀਆਂ ਅਤੇ ਤਾਕਤਵਰ ਸਨ ਪਰ ਨਵਾਬ ਸਾਹਿਬ ਦੀ ਬਜ਼ੁਰਗੀ ਅਤੇ ਉੱਚੇ ਸੁੱਚੇ ਆਚਰਨ ਕਰਕੇ ਸਾਰਾ ਪੰਥ  ਉਹਨਾਂ ਨੂੰ ਹੀ ਆਗੂ ਮੰਨਦਾ ਸੀ।

ਬਹੁਤੇ ਇਤਿਹਾਸਕਾਰ ਨਵਾਬ ਕਪੂਰ ਸਿੰਘ ਦੀਆਂ ਸਰਗਰਮੀਆਂ ਨੂੰ 1748 ਤੇ ਹੀ ਸਮੇਟ ਦਿੰਦੇ ਹਨ। ''ਵੈਸਾਖੀ (1748 ਈ.) ਨੂੰ ਪੰਥ ਦੀ ਵਾਗ ਡੋਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਨਵਾਬ ਕਪੂਰ ਸਿੰਘ ਨੇ ਆਪਣੇ ਆਪ ਨੂੰ ਧਰਮ ਪ੍ਚਾਰ ਵਲ ਲਾ ਲਿਆ।

ਅੱਸੂ ਵਦੀ 9, ਬਿਕ੍ਮੀ ਸੰਮਤ 1811 ਮੁਤਾਬਕ 7 ਅਕਤੂਬਰ, 1753 ਨੂੰ ਉਹ ਚਲਾਣਾ ਕਰ ਗਏ।

ਉਹਨਾਂ ਦਾ ਸਸਕਾਰ ਗੁਰਦੁਆਰਾ ਬਾਬਾ ਅਟੱਲ ਦੇ ਕੋਲ ਕੀਤਾ ਗਿਆ। ਉਥੇ  ਉਹਨਾਂ ਦੀ ਸਮਾਧ ਵੀ ਬਣਾਈ ਗਈ ਜਿਸ ਉਤੇ ''ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ, ਬਜ਼ੁਰਗ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ" ਉਕਰਿਆ ਗਿਆ ਸੀ। ਇਹ ਸਮਾਧ 12-13 ਅਪਰੈਲ, 1923 ਨੂੰ ਬਿਨਾਂ ਇਸ ਦਾ ਮੱਹਤਵ ਸਮਝੇ ਢਾਹ ਦਿਤੀ ਗਈ।

ਪਰ ਸੋਹਣ ਸਿੰਘ ਸੀਤਲ ਵਰਗੇ ਇਤਿਹਾਸਕਾਰ ਨਵਾਬ ਸਾਹਿਬ ਦੀਆਂ ਸਰਗਰਮੀਆਂ 1764 ਈਸਵੀ ਤਕ ਜਾਰੀ ਰਖਦੇ ਹਨ। ਲਾਹੌਰ ਦੇ ਨਾਇਬ ਸੂਬੇਦਾਰ ਮੋਮਨ ਖਾਂ ਦਾ ਕਤਲ (1754 ਈ.) ਜਲੰਧਰ ਦੇ ਹਾਕਮ ਅਦੀਨਾ ਬੇਗ ਦੀ ਮੌਤ ਪਿਛੋਂ ਉਸ ਦੇ ਪੁੱਤਰ ਹਸਨ ਬੇਗ ਅਤੇ ਦੀਵਾਨ ਬਿਸ਼ਬਰ ਦਾਸ ਦਾ ਸੋਧਿਆ ਜਾਣਾ 1758 ਈ.) ਨਵਾਬ ਕਪੂਰ ਸਿੰਘ ਦੇ ਖਾਤੇ ਵਿਚ ਦਰਜ ਕੀਤਾ ਜਾਂਦਾ ਹੈ।

ਸੀਤਲ ਦਾ ਦਾਅਵਾ  ਹੈ ਕਿ 1761 ਵਿਚ ਜਦ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਤੇ ਕਬਜ਼ਾ ਕਰਕੇ ਖਾਲਸਾਈ ਸਿੱਕਾ ਚਲਾਇਆ ਤਾਂ ਨਵਾਬ ਕਪੂਰ ਸਿੰਘ ਉਸ ਦੇ ਨਾਲ ਸੀ।

ਇੰਝ ਹੀ ਵੱਡੇ ਘਲੂਘਾਰੇ  ਸਮੇਂ ਵੀ ਕਪੂਰ ਸਿੰਘ ਬਹਾਦਰੀ ਦੇ ਜੌਹਰ  ਦਿਖਾਉਣ ਵਾਲਿਆਂ ਵਿਚ ਸ਼ਾਮਲ ਸੀ।

17 ਨਵੰਬਰ, 1763 ਈ. ਨੂੰ ਹਰਿਮੰਦਰ ਸਾਹਿਬ ਦੀ ਨੀਂਹ ਵੀ ਨਵਾਬ ਕਪੂਰ ਸਿੰਘ ਦੇ ਹੱਥੀਂ ਰਖੀ ਗਈ। ਨਵਾਬ ਸਾਹਿਬ ਨੇ 1764 ਦੀ ਸਰਹਿੰਦ ਦੀ ਲੜਾਈ ਵੀ ਲੜੀ ਅਤੇ ਕਈ ਇਲਾਕੇ ਵੀ ਮੱਲੇ।ਇਸ ਤੋਂ ਪਿਛੋਂ ਹੀ  ਉਹਨਾਂ ਦੀ ਮੌਤ ਹੋਈ।

ਕੁਝ ਵੀ ਹੋਵੇ, ਨਵਾਬ ਕਪੂਰ ਸਿੰਘ ਨੇ ਜਿਸ ਸਿਆਣਪ ਨਾਲ ਸਿੱਖ ਪੰਥ ਦੀ ਵੀਹ ਜਾਂ ਤੀਹ ਸਾਲ ਅਗਵਾਈ ਕੀਤੀ ਅਤੇ ਜਿਸ ਬਹਾਦਰੀ ਨਾਲ ਤੇਗਾਂ ਵਾਹੀਆਂ, ਉਸ ਉਤੇ ਸਿੱਖ ਪੰਥ ਨੂੰ ਮਾਣ ਹੈ।  

  ਨੀਲਾ ਤਾਰਾ ਓਪਰੇਸ਼ਨ .

ਜੂਨ 1984 ਦੇ ਫੌਜੀ ਸਾਕੇ

ਦੀ ਅੱਖੀਂ-ਡਿੱਠੀ ਕਹਾਣੀ

6 ਜੂਨ ਨੂੰ ਚਾਰ ਵੱਜ ਕੇ ਪੰਜ ਮਿੰਟ ਤੇ ਫੌਜੀਆਂ ਵੱਲੋਂ ਮੈਗਾਫੋਨ ਤੇ ਅਨਾਊਂਸਮੈਂਟ ਕੀਤੀ ਗਈ ਕਿ ਕੰਪਲੈਕਸ ਅੰਦਰ ਮੌਜੂਦ ਸਾਰੇ ਵਿਅਕਤੀ ਅੱਧੇ ਘੰਟੇ ਵਿਚ ਬਾਹਰ ਆ ਜਾਣ। ਪਹਿਲਾਂ ਤਾਂ ਅਸੀਂ ਜੱਕੋ-ਤੱਕੀ ਵਿਚ ਸਾਂ ਪਰ ਜਦ ਅਸੀਂ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਭਾਈ ਗੁਰਦੀਪ ਸਿੰਘ ਅਰਦਾਸੀਏ ਤੇ ਹੋਰ ਸੇਵਾਦਾਰਾਂ ਨੂੰ ਆਉਂਦੇ ਦੇਖਿਆ ਤਾਂ ਝਟ-ਪਟ ਹੇਠਾਂ ਉਤਰ ਆਏ। ਕਾਹਲੀ ਵਿਚ ਅਸੀਂ ਕੇਵਲ ਬਾਹਰੀ ਗੇਟ ਨੂੰ ਹੀ ਤਾਲਾ ਮਾਰਿਆ। ਕਮਰਿਆਂ ਨੂੰ ਕੇਵਲ ਕੁੰਡੇ ਮਾਰੇ ਸਨ। ਕੁਝ ਕੁ ਜ਼ਰੂਰੀ ਸਾਮਾਨ ਤੇ ਨਕਦੀ, ਦੋ ਘੜੀਆਂ ਤੇ ਕੁਝ ਜ਼ੇਵਰਾਤ ਥੈਲੇ ਵਿਚ ਪਾ ਲਿਆ। ਥੈਲਾ ਸਾਡੇ ਪਾਸੋਂ ਫੌਜੀਆਂ ਨੇ ਖੋਹ ਲਿਆ ਕਿਉਂਕਿ ਮੇਰੇ ਹੱਥ ਤਾਂ ਉਨ੍ਹਾਂ ਨੇ ਪੌੜੀਆਂ ਉਤਰਦੇ ਹੀ ਉੱਪਰ ਕਰਵਾ ਦਿੱਤੇ ਸਨਫਿਰ ਦੱਖਣ ਵਾਲੀ ਡਿਓੜੀ ਪਾਸ ਜਾ ਕੇ ਸਿਰ ਦੀ ਛੋਟੀ ਦਸਤਾਰ ਨਾਲ ਮੇਰੇ ਹੱਥ ਪਿੱਛੇ ਕਰ ਕੇ ਨੂੜ ਦਿੱਤੇ ਸਨ। ਉਥੇ ਦੋ ਕੁ ਸੌ ਸਿੰਘ, ਬੀਬੀਆਂ ਅਤੇ ਬੱਚੇ ਇਕੱਠੇ ਕੀਤੇ ਸਨ।

ਗ੍ਰਿਫਤਾਰੀ ਸਮੇਂ ਹੇਠਾਂ ਛਬੀਲ ਕੋਲ ਇਕ ਵੀਹ ਕੁ ਦਿਨਾਂ ਦੇ ਬੱਚੇ ਦੀ ਲਾਸ਼ ਪਈ ਸੀ। ਬਹੁਤ ਸਾਰੀਆਂ ਲਾਸ਼ਾਂ ਸਾਹਮਣੇ ਪਰਕਰਮਾ ਵਿਚ ਪਈਆਂ ਸਨ। ਕਈ ਲਾਸ਼ਾਂ ਕਮਰਿਆਂ ਵਿਚ ਦਿੱਸਦੀਆਂ ਸਨ। ਕੋਈ ਪੰਜ-ਛੇ ਲਾਸ਼ਾਂ ਬਰਾਂਡੇ ਵਿਚ ਪਈਆਂ ਸਨ। ਅੰਦਰ ਮੌਜੂਦ ਸਾਰੇ ਵਿਅਕਤੀਆਂ ਨੂੰ ਦੱਖਣੀ ਡਿਓੜੀ ਤੇ ਇਕੱਠੇ ਕਰ ਲਿਆ ਗਿਆ। ਇਨ੍ਹਾਂ ਸਿੰਘ-ਸਿੰਘਣੀਆਂ ਨੂੰ ਕੋਈ ਚਾਲ੍ਹੀ-ਚਾਲ੍ਹੀ ਦੀ ਗਿਣਤੀ ਨਾਲ ਫੌਜ ਦੀਆਂ ਅੱਡ-ਅੱਡ ਯੂਨਿਟਾਂ ਦੇ ਹਵਾਲੇ ਕੀਤਾ ਗਿਆ। ਮੇਰੇ ਪਰਵਾਰ ਦੇ ਜੀਅ ਵੀ ਮੇਰੇ ਨਾਲ ਹੀ ਸਨ। ਜਦ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਫੌਜੀਆਂ ਨੇ ਕਿਹਾ ਸੀ ਕਿ ਇਧਰ-ਓਧਰ ਨਹੀਂ ਦੇਖਣਾਪਰ ਫਿਰ ਵੀ ਮੈਂ ਚੋਰੀ ਅੱਖ ਨਾਲ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਓੜੀ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ।

ਇਉਂ ਜਦ ਅਸੀਂ ਦੱਖਣੀ ਡਿਓੜੀ ਤੋਂ ਘੰਟਾ-ਘਰ ਵੱਲ ਚੱਲੇ ਤਾਂ ਮੈਂ ਦੇਖਿਆ ਕਿ ਤਕਰੀਬਨ ਛੇ-ਸੱਤ ਲਾਸ਼ਾਂ ਦੁੱਖਭੰਜਨੀ ਬੇਰੀ ਕੋਲ ਪਈਆਂ ਸਨਬ੍ਰਹਮ ਬੂਟੇ ਵਾਲੀ ਛਬੀਲ ਦੇ ਨਾਲ ਦਾ ਕਮਰਾ ਦਗ-ਦਗ ਸੜ ਰਿਹਾ ਸੀ। ਇਸ ਕਮਰੇ ਨੂੰ ਟੈਂਕ ਦੇ ਲੱਗੇ ਗੋਲੇ ਨਾਲ ਅੱਗ ਲੱਗੀ ਸੀ। ਇਸ ਤੋਂ ਅੱਗੇ ਜ਼ਨਾਨਾ ਤੇ ਮਰਦਾਨਾ ਇਸ਼ਨਾਨ ਘਰ ਲਾਸ਼ਾਂ ਨਾਲ ਭਰੇ ਪਏ ਸਨਸਾਰੀ ਪਰਕਰਮਾ ਕਾਰਤੂਸਾਂ ਦੇ ਖਾਲੀ ਖੋਲਾਂ ਨਾਲ ਭਰੀ ਪਈ ਸੀ। ਟੈਂਕਾਂ, ਤੋਪਾਂ ਨਾਲ ਡਿੱਗੇ ਮਲਬੇ ਉੱਪਰ ਸਾਨੂੰ ਘੰਟਾ-ਘਰ ਵਿਖੇ ਬੈਠਣ ਲਈ ਕਿਹਾ ਗਿਆ। ਸਾਡੇ ਜਾਣ ਤੋਂ ਪਹਿਲਾਂ ਹੀ ਉਥੇ ਕਾਫੀ ਸਿੰਘ ਮੌਜੂਦ ਸਨ। ਜੇਕਰ ਕੋਈ ਪਾਣੀ ਮੰਗਦਾ ਜਾਂ ਪਿਸ਼ਾਬ ਕਰਨ ਲਈ ਕਹਿੰਦਾ ਤਾਂ ਉਸ ਨੂੰ ਠੁੱਡੇ ਤੇ ਬੱਟ ਵੱਜਣੇ ਸ਼ੁਰੂ ਹੋ ਜਾਂਦੇ। ਕਹਿੰਦੇ ਕਿ ਥੋੜ੍ਹੀ ਦੇਰ ਠਹਿਰੋ, ਅਬੀ ਪਿਲਾਏਂਗੇ ਪਾਨੀ! ਅਸੀਂ ਇਥੇ ਕੋਈ ਛੇ ਵਜੇ ਬਿਠਾਏ ਗਏ ਸਾਂ। ਤਕਰੀਬਨ ਸੱਤ ਕੁ ਵਜੇ ਚਾਰ ਕਮਾਂਡੋ ਆਏ। ਉਨ੍ਹਾਂ ਨੇ ਹੱਥ ਵਿਚ ਕੁਝ ਫੋਟੋਆਂ ਫੜੀਆਂ ਹੋਈਆਂ ਸਨਸਾਡੇ ਸਾਰਿਆਂ ਦੇ ਚਿਹਰੇ ਫੋਟੋ ਨਾਲ ਮਿਲਾ ਮਿਲਾ ਕੇ ਦੇਖੇ। ਉਹ ਕਹਿ ਰਹੇ ਸਨ, ਭਿੰਡਰ ਕਹਾਂ ਹੈ ? ਉਹ ਆਪਣੀ ਕਾਰਵਾਈ ਕਰ ਕੇ ਚਲੇ ਗਏ।

ਅਸੀਂ ਠੁੱਡ ਤੇ ਬੱਟ ਖਾ-ਖਾ ਕੇ ਤਕਰੀਬਨ ਦਸ ਕੁ ਵਜੇ ਰਾਤ ਤਕ ਤਾਂ ਤ੍ਰੇਹ ਬਰਦਾਸ਼ਤ ਕੀਤੀ ਪਰ ਫਿਰ ਹਾਹਾਕਾਰ ਮੱਚ ਉੱਠੀ। ਇਸ ਤੇ ਫੌਜੀਆਂ ਨੇ ਦਸ ਵਜੇ ਆਪ ਇਕ-ਇਕ ਗਿਲਾਸ ਪਾਣੀ ਸਾਡੇ ਮੂੰਹ ਨਾਲ ਲਗਾ ਕੇ ਪਿਲਾ ਦਿੱਤਾ। ਸਾਡੇ ਵਿੱਚੋਂ ਚਾਰ ਕੁ ਨੌਜਵਾਨਾਂ ਦੀ ਰਾਤ ਨੂੰ ਬਹੁਤ ਕੁਟਾਈ ਕੀਤੀ ਗਈਸ਼ਾਮ ਨੂੰ ਅਸੀਂ ਜਦੋਂ ਉਥੇ ਆ ਕੇ ਬੈਠੇ ਸਾਂ ਤਾਂ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਕੋਈ ਚਾਰ ਲਾਸ਼ਾਂ ਪਈਆਂ ਸਨਪਰ ਦਿਨ ਚੜ੍ਹਨ ਤੇ ਇਥੇ 13 ਲਾਸ਼ਾਂ ਹੋ ਗਈਆਂ ਸਨ।

ਜਿਸ ਨੂੰ ਮਿਲਟਰੀ ਵਾਲਿਆਂ ਨੇ ਮਾਰਨਾ ਹੁੰਦਾ ਸੀ ਉਸ ਨੂੰ ਲਾਈਨ ਵਿੱਚੋਂ ਉਠਾ ਕੇ ਲੈ ਜਾਂਦੇ ਸਨ। ਅੱਧੀ ਰਾਤ ਤਕ ਅਸੀਂ ਇਸੇ ਤਰ੍ਹਾਂ ਪਿੱਛੇ ਹੱਥ ਨੂੜੇ ਅੱਗੇ ਵੱਲ ਸਿਰ ਨੀਵਾਂ ਕਰ ਕੇ ਬੈਠੇ ਰਹੇ। ਅੱਧੀ ਰਾਤ ਤੋਂ ਬਾਅਦ ਸਾਨੂੰ ਕਿਹਾ ਗਿਆ ਕਿ ਲੇਟ ਜਾਓ। ਹੱਥ ਪਿੱਛੇ ਨੂੜੇ ਹੋਣ ਕਰਕੇ ਲੇਟਿਆ ਤਾਂ ਨਹੀਂ ਸੀ ਜਾਂਦਾ ਪਰ ਅਸੀਂ ਵਿੰਗੇ-ਟੇਢੇ ਇਧਰ-ਉਧਰ ਰਿੜ੍ਹਦੇ ਰਹੇ। 7 ਜੂਨ ਦੀ ਸਵੇਰ ਸੱਤ ਕੁ ਵਜੇ ਇੰਚਾਰਜ ਫੌਜੀ ਆਪਣੇ ਕਮਾਂਡਰਾਂ ਨੂੰ ਵਾਇਰਲੈੱਸ ਕਰ ਰਹੇ ਸਨ ਕਿ ਸੰਤ ਭਿੰਡਰਾਂਵਾਲਾ ਮਾਰਿਆ ਗਿਆ ਹੈ ਅਤੇ ਦਰਬਾਰ ਸਾਹਿਬ ਤੇ ਸਾਡਾ ਕਬਜ਼ਾ ਹੋ ਚੁਕਾ ਹੈ। ਸਵੇਰ ਹੋਣ ਤੇ ਸਾਨੂੰ ਸਾਹਮਣੇ ਤੋਂ ਉਠਾ ਕੇ ਜੋੜੇ ਘਰ ਵੱਲ ਬਿਠਾ ਦਿੱਤਾ। ਤਕਰੀਬਨ ਅੱਠ ਵਜੇ ਸਵੇਰੇ ਫੌਜੀ ਅਫਸਰਾਂ ਦੀਆਂ ਕਾਰਾਂ ਸ੍ਰੀ ਦਰਬਾਰ ਸਾਹਿਬ ਵੱਲ ਆਉਣੀਆਂ ਸ਼ੁਰੂ ਹੋ ਗਈਆਂ। ਤਿੰਨ ਫੌਜੀ ਗੱਡੀਆਂ ਅਸਲੇ ਦੀਆਂ ਭਰੀਆਂ ਹੋਈਆਂ ਬਾਹਰੋਂ ਆਈਆਂ ਜਿਨ੍ਹਾਂ ਵਿਚ ਭਾਂਤ-ਭਾਂਤ ਦੀਆਂ ਬੰਦੂਕਾਂ, ਤਲਵਾਰਾਂ ਅਤੇ ਭਾਲੇ ਆਦਿ ਸਨ। ਇਹ ਸਾਰੇ ਹਥਿਆਰ ਫੋਟੋ ਖਿੱਚਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲਿਜਾਏ ਗਏ।

ਸ੍ਰੀ ਦਰਬਾਰ ਸਾਹਿਬ ਅੰਦਰੋਂ ਦੋ ਫੌਜੀ ਅਫਸਰਾਂ ਦੀਆਂ ਲਾਸ਼ਾਂ, ਉੱਪਰ ਚਿੱਟੀਆਂ ਚਾਦਰਾਂ ਪਾ ਕੇ ਬਾਹਰ ਲਿਆਂਦੀਆਂ ਗਈਆਂ। ਇਸ ਤੋਂ ਬਾਅਦ ਇਕ ਲਾਸ਼ ਉਹ ਵੀ ਲਿਆਂਦੀ ਗਈ ਜੋ ਸੰਤ ਜਰਨੈਲ ਸਿੰਘ ਜੀ ਦੀ ਦੱਸੀ ਜਾਂਦੀ ਸੀ। ਇਸ ਲਾਸ਼ ਉੱਪਰ ਪੀਲੇ ਰੰਗ ਦਾ ਕੱਪੜਾ
ਪਾਇਆ ਹੋਇਆ ਸੀ। ਇਸ ਲਾਸ਼ ਨੂੰ ਘੰਟਾ-ਘਰ ਵਾਲੀ ਡਿਓੜੀ ਦੇ ਵਿਚਕਾਰ ਬਰਫ ਉੱਪਰ ਰੱਖਿਆ ਗਿਆ। ਫੌਜੀ, ਸ. ਨਰਿੰਦਰ ਸਿੰਘ (ਨੰਦਾ), ਭਾਈ ਹਰਚਰਨ ਸਿੰਘ ਰਾਗੀ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਲਾਸ਼ ਦੀ ਸ਼ਨਾਖ਼ਤ ਕਰਵਾਉਣ ਲਈ ਲੈ ਗਏ। ਜਦ ਉਹ ਵਾਪਸ ਪਰਤੇ ਤਾਂ ਮੈਂ ਭਾਈ ਹਰਚਰਨ ਸਿੰਘ ਰਾਗੀ ਨੂੰ ਪੁੱਛਿਆ ਕਿ ਕੀ ਉਹ ਲਾਸ਼ ਸੰਤ ਭਿੰਡਰਾਂਵਾਲਿਆਂ ਦੀ ਸੀ ? ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਚਿਹਰਾ ਤਾਂ ਉਡਿਆ ਹੋਇਆ ਸੀ। ਇਕ ਗੋਲੀ ਗਲੇ ਵਿੱਚੋਂ ਵੀ ਲੰਘੀ ਹੋਈ ਸੀ। ਪੂਰੀ ਤਰ੍ਹਾਂ ਪਛਾਣ ਨਹੀਂ ਹੁੰਦੀ ਪਰ ਸ਼ਕਲ ਉਨ੍ਹਾਂ ਨਾਲ ਮਿਲਦੀ ਜੁਲਦੀ ਹੈ। ਉਥੇ ਸਾਰੇ ਹੀ ਇਹ ਕਹਿ ਰਹੇ ਸਨ ਕਿ ਸੰਤ ਭਿੰਡਰਾਂਵਾਲਾ ਇਹ ਹੀ ਹੈ।

 

ਸ੍ਰੀ ਦਰਬਾਰ ਸਾਹਿਬ ਦਾ ਇਨਫਰਮੇਸ਼ਨ ਅਫਸਰ ਸ. ਨਰਿੰਦਰ ਸਿੰਘ (ਨੰਦਾ) ਅਤੇ ਭਾਈ ਹਰਚਰਨ ਸਿੰਘ ਰਾਗੀ ਵੀ ਸਾਡੇ ਨਾਲ ਹੀ ਸੀ।

7 ਜੂਨ ਨੂੰ ਸਵੇਰੇ ਕੋਈ ਅੱਠ-ਨੌਂ ਵਜੇ ਦੇ ਵਿਚਕਾਰ ਦਾ ਸਮਾਂ ਸੀ। ਭਾਈ ਜਗੀਰ ਸਿੰਘ ਰਾਗੀ ਦੀ ਵਹੁਟੀ ਨੂੰ ਕੁਝ ਫੌਜੀ ਘਸੀਟਦੇ ਹੋਏ ਉਨ੍ਹਾਂ ਦੇ ਘੰਟਾ-ਘਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਉੱਪਰਲੇ ਰਿਹਾਇਸ਼ੀ ਮਕਾਨਾਂ ਵਿੱਚੋਂ ਹੇਠਾਂ ਅਤੇ ਸਾਡੇ ਪਾਸ ਲੈ ਆਏ। ਉਹ ਰੋਂਦੀ, ਪਿੱਟਦੀ ਅਤੇ ਵਿਰਲਾਪ ਕਰਦੀ ਕਹਿ ਰਹੀ ਸੀ ਕਿ ਇਨ੍ਹਾਂ ਫੌਜੀਆਂ ਨੇ ਮੇਰੇ ਪਤੀ ਨੂੰ ਕਮਰੇ ਵਿੱਚੋਂ ਬਾਹਰ ਕੱਢ ਕੇ ਮਾਰ ਦਿੱਤਾ। ਸਾਡੇ ਸਾਹਮਣੇ ਹੀ ਉਸ ਨੂੰ ਗਸ਼ ਪੈ ਗਈ। ਉਥੋਂ ਉਸ ਨੂੰ ਹਸਪਤਾਲ ਲੈ ਗਏ। ਜਦ ਮੈਂ ਆ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਆਪਣੇ ਪਤੀ ਦੇ ਵਿਛੋੜੇ ਦਾ ਸਦਮਾ ਸਹਾਰ ਨਾ ਸਕੀ ਤੇ ਪਰਲੋਕ ਜਾ ਵੱਸੀ।

(ਬਾਕੀ-ਕੱਲ)

  ਗੁਰੂ ਕਾਲ.

21 ਫ਼ਰਵਰੀ ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ, 23 ਫ਼ਰਵਰੀ ਨੂੰ ਅਕਾਲੀਆਂ ਲਾਹੌਰ ਦੇ ਗੁਰਦੁਆਰਾ ਲੁਲਿਆਣੀ ਉਤੇ ਕਬਜਾ ਕਰ ਲਿਆ 25 ਫ਼ਰਵਰੀ ਨੂੰ ਗੁਰਦੁਆਰਾ ਹੇਰ (ਜ਼ਿਲਾ ਲਾਹੌਰ) ਉਤੇ ਕਬਜ਼ਾ ਹੋ ਗਿਆ। 28 ਫ਼ਰਵਰੀ ਨੂੰ ਅਕਾਲੀਆਂ ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ, ਗੁਜਰਾਂਵਾਲਾ) ਨੂੰ ਸੰਗਤੀ ਪ੍ਰਬੰਧ ਹੇਠ ਲੈ ਆਂਦਾ। ਏਸੇ ਤਰ੍ਹਾਂ ਗੁਰਦੁਆਰਾ ਸਚਖੰਡ ਸਾਹਿਬ (ਚੂਹੜਕਾਣਾ, ਸ਼ੇਖੂਪੁਰਾ) 5 ਮਾਰਚ ਨੂੰ ਕਬਜ਼ੇ ਵਿਚ ਲੈ ਲਿਆ ਗਿਆ।

ਇੰਝ ਹੀ ਗੁਰਦੁਆਰਾ ਮਾਣਕ (ਰਾਏਵਿੰਡ, ਲਾਹੌਰ), ਗੁਰਦੁਆਰਾ ਰਾਮਦਾਸ (ਅੰਮ੍ਰਿਤਸਰ), ਗੁਰੂਸਰ ਸਤਲਾਈ, ਗੁਰਦੁਆਰਾ ਤੇਜਾ, ਗੁਰਦੁਆਰਾ ਹੋਠੀਆਂ (ਗੁਰਦਾਸਪੁਰ) ਨਨਕਾਣਾ ਸਾਹਿਬ ਦੇ ਸਾਕੇ ਦੇ ਤਤਕਾਲ ਬਾਦ ਕਬਜ਼ੇ ਵਿਚ ਲਏ ਗਏ। ਕਿਹਾ ਜਾ ਸਕਦਾ ਹੈ ਕਿ ਨਨਕਾਣਾ ਸਾਹਿਬ ਦੇ ਸਾਕੇ ਨੇ ਅਕਾਲੀਆਂ ਵਿਚੋਂ ਡਰ, ਭਉ ਬਿਲਕੁਲ ਖ਼ਤਮ ਹੀ ਕਰ ਦਿਤਾ।

ਇਸ ਵਿਚ ਪੰਜਾਬ ਵਿਧਾਨ ਸਭਾ ਅਤੇ ਪਾਰਲੀਮੈਂਟ ਵਿਚ ਸਰਕਾਰ ਨੂੰ ਕਟਿਹਰੇ ਵਿਚ ਖੜੇ ਕਰਨ ਵਾਲੇ ਸੁਆਲਾਂ ਨੇ ਵੀ ਹਿੱਸਾ ਪਾਇਆ। ਇਹ ਕਹਿਣਾ ਤਾਂ ਅਤਿਕਥਨੀ ਹੋਇਗਾ ਕਿ ਨਨਕਾਣਾ ਸਾਹਿਬ ਦੇ ਸਾਕੇ ਕਾਰਣ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੇ ਸਰਕਾਰ ਵਿਰੋਧੀ ਰੁਖ਼ ਧਾਰਨ ਕਰ ਲਿਆ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਾਕੇ ਨਾਲ ਅੰਗਰੇਜ਼ ਸਰਕਾਰ ਦੀ ਬਹੁਤ ਬਦਨਾਮੀ ਹੋਈ ਅਤੇ ਉਸ ਦੀ ਸਾਖ ਡਿੱਗੀ। ਬਹੁਤ ਸਾਰੇ ਫੌਜੀਆਂ ਨੇ ਵੀ ਫੌਜ ਛੱਡ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਗਿਆਨੀ ਅੱਛਰ ਸਿੰਘ ਜੋ ਪਿਛੋਂ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਪਦ ਉਤੇ ਰਹੇ, ਇੰਨ੍ਹਾਂ ਵਿਚੋਂ ਇਕ ਸਨ।

ਨਨਕਾਣਾ ਸਾਹਿਬ ਦੇ ਸਾਕੇ ਨੇ ਸਿੱਖਾਂ ਵਿਚ ਧੜੇਬੰਦੀ ਨੂੰ ਵੀ ਤਿੱਖਾ ਕੀਤਾ। ਨਨਕਾਣਾ ਸਾਹਿਬ ਦੇ ਸਾਕੇ ਸਮੇਂ ਸ਼੍ਰੋਮਣੀ ਕਮੇਟੀ ਉਤੇ ਚੀਫ਼ ਖਾਲਸਾ ਦੀਵਾਨ ਹਾਵੀ ਸੀ: ਸ. ਹਰਬੰਸ ਸਿੰਘ ਅਟਾਰੀ ਇਸ ਦੇ ਪ੍ਰਧਾਨ ਸਨ। ਇਸ ਸਾਕੇ ਕਾਰਣ ਪੈਦਾ ਹੋਈਆਂ ਤੇਜ਼ ਅਤੇ ਤਿਖੀਆਂ ਭਾਵਨਾਵਾਂ ਦਾ ਉਹ ਵੀ ਸ਼ਿਕਾਰ ਹੋਏ। ਨਨਕਾਣਾ ਸਾਹਿਬ ਦੇ ਗੁਰਦੁਆਰੇ ਦੀਆਂ ਚਾਬੀਆਂ ਸਰਕਾਰ ਨੇ ਸ. ਹਰਬੰਸ ਸਿੰਘ ਅਟਾਰੀ ਨੂੰ ਹੀ ਦਿਤੀਆਂ ਪਰ ਆਪਣੀ ਸਰਕਾਰ ਪੱਖੀ ਸੋਚ ਕਾਰਣ ਉਹ ਸਿੱਖਾਂ ਵਿਚੋਂ ਆਪਣਾ ਰੁਤਬਾ ਗੁਆ ਬੈਠੇ। ਚੀਫ਼ ਖਾਲਸਾ ਦੀਵਾਨ ਦਾ ਇਸ ਪਿਛੋਂ ਸ਼੍ਰੋਮਣੀ ਕਮੇਟੀ 'ਤੇ ਕੋਈ ਗਲਬਾ ਨਹੀਂ ਰਿਹਾ। ਉਹ ਸਗੋਂ ਸ਼੍ਰੋਮਣੀ ਕਮੇਟੀ ਉਤੇ ਨਿਰਭਰ ਸੰਸਥਾ ਦਾ ਰੂਪ ਲੈਣ ਲਗ ਪਈ। ਉਂਝ ਨਨਕਾਣਾ ਸਾਹਿਬ ਦੇ ਸਾਕੇ ਪਿਛੋਂ ਸ਼੍ਰੋਮਣੀ ਕਮੇਟੀ ਦਾ ਸਰਕਾਰ ਪ੍ਰਤੀ ਵਤੀਰਾ ਬਦਲ ਗਿਆ।

ਬਾਬਾ ਖੜਕ ਸਿੰਘ ਵਰਗੇ ਅੰਗਰੇਜ਼ ਵਿਰੋਧੀ ਨੇਤਾ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਹੋ ਗਏ। ਸ਼੍ਰੋਮਣੀ ਕਮੇਟੀ ਦੀ ਸਰਕਾਰ ਵਿਰੋਧੀ ਨੀਤੀ ਉਸ ਸਮੇਂ ਸਪਸ਼ਟ ਹੋ ਗਈ ਜਦ ਉਸ ਨੇ ਨਨਕਾਣਾ ਸਾਹਿਬ ਸਾਕੇ ਦੀ ਪੜਤਾਲ ਲਈ ਨਿਯੁਕਤ ਪੈਟਰੀ ਕਮਿਸ਼ਨ ਦਾ ਬਾਈਕਾਟ ਕਰਕੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਵਲੋਂ ਚਲਾਏ ਜਾ ਰਹੇ ''ਨਾ ਮਿਲਵਰਤਨ" ਅੰਦੋਲਨ ਨਾਲ ਸਬੰਧਤ ਕਰ ਲਿਆ। ਇਸ ਨਾਲ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਦੇ ਯਤਨ ਲੰਬੇ ਅਤੇ ਔਖੇ ਹੋ ਗਏ। ਇਹ ਆਮ ਪੁੱਛਿਆ ਜਾਣ ਵਾਲਾ ਸੁਆਲ ਹੈ ਕਿ ਅਕਾਲੀ ਲਹਿਰ ਨੇ ਧਾਰਮਕ ਸਰੂਪ ਛੱਡ ਕੇ ਰਾਜਸੀ ਸਰੂਪ ਕਿਉਂ ਲੈ ਲਿਆ? ਕੀ ਰਾਜਸੀ ਨੇਤਾਵਾਂ ਨੂੰ ਧਰਮ ਦੇ ਮਾਮਲਿਆਂ ਵਿਚ ਘਸੀਟਣਾ ਜ਼ਰੂਰੀ ਹੈ? ਕੀ ਇਹ ਕਦਮ ਕਦੇ ਲਾਭਕਾਰੀ ਹੋ ਸਕਦਾ ਹੈ?

ਗੁਰਮਤਿ ਸਿਧਾਤਾਂ ਦੇ ਪਖੋਂ ਵੇਖੀਏ ਤਾਂ ਮਨੁੱਖੀ ਜੀਵਨ ਇਕ ਇਕਾਈ ਹੈ ਜਿਸ ਉਤੇ ਧਾਰਮਿਕਤਾ, ਸਮਾਜਿਕਤਾ, ਆਰਥਿਕਤਾ, ਰਾਜਨੀਤੀ ਸਭ ਦਾ ਮਿਲਵਾਂ ਪ੍ਰਭਾਵ ਹੈ: ਕਿਸੇ ਪੱਖ ਨੂੰ ਛੱਡਿਆ ਨਹੀਂ ਜਾ ਸਕਦਾ। ਸਫ਼ਲ, ਸੁੱਖੀ ਜੀਵਨ ਲਈ ਸਭ ਵਿਚ ਪਾਰੰਗਤ ਹੋਣਾ ਜ਼ਰੂਰੀ ਹੈ। ਚੰਗਾ ਮਨੁੱਖ ਰਾਜਨੀਤੀ ਵਿਚ ਵੀ ਸਦਾਚਾਰੀ ਹੁੰਦਾ ਹੈ। ਵੈਸੇ ਵੀ ਬੇਈਮਾਨ ਮਨੁੱਖ ਹਰ ਖੇਤਰ ਵਿਚ ਹੀ ਬੇਈਮਾਨੀ ਕਰਦਾ ਹੈ, ਭਾਵੇਂ ਉਹ ਖੇਤਰ ਧਾਰਮਿਕ ਹੋਵੇ ਜਾਂ ਆਰਥਿਕ ਜਾਂ ਸਮਾਜਿਕ ਅਥਵਾ ਰਾਜਨੀਤਕ ਪਰ ਵਿਉਹਾਰਕ ਤੌਰ ਤੇ ਦੇਖਿਆ ਗਿਆ ਹੈ ਕਿ ਧਰਮ ਵਾਲੀ ਸੇਵਾ, ਸਾਧਨਾ ਰਾਜਸੀ ਲੋਕਾਂ ਵਿਚ ਨਹੀਂ ਹੁੰਦੀ: ਉਨ੍ਹਾਂ ਨੂੰ ਧਰਮ ਨਹੀਂ, ਧੜਾ ਪਿਆਰਾ ਹੁੰਦਾ ਹੈ। ਇਸ ਲਈ ਉਹ ਕਦੀ ਵੀ ਧਾਰਮਿਕ ਨਹੀਂ ਹੁੰਦੇ, ਅਸੂਲਾਂ ਦੀ ਪਾਲਣਾ ਨਹੀਂ ਕਰ ਸਕਦੇ, ਉਨ੍ਹਾਂ ਨੂੰ ਤੋੜਦੇ ਮਰੋੜਦੇ ਹਨ। ਅਜਿਹਾ ਅੱਜ ਹੀ ਨਹੀਂ ਹੋ ਰਿਹਾ ਸਗੋਂ ਇਹ ਕਾਲ, ਸਥਾਨ ਤੋਂ ਦੂਰ ਦੀ ਸਚਾਈ ਹੈ।

ਨਨਕਾਣਾ ਸਾਹਿਬ ਦੇ ਸਾਕੇ ਨੇ ਬਾਬਾ ਕਰਤਾਰ ਸਿੰਘ ਬੇਦੀ ਵਰਗੇ ਨੇਤਾਵਾਂ ਵਿਰੁੱਧ ਵੀ ਸਿੱਖ ਸੰਗਤਾਂ ਵਿਚ ਵਿਦਰੋਹ ਦੀ ਭਾਵਨਾ ਨੂੰ ਉਜਾਗਰ ਕੀਤਾ। ਬੇਦੀ, ਭੱਲੇ ਅਤੇ ਸੋਢੀ ਸਿੱਖ ਗੁਰੂਆਂ ਦੇ ਬੰਸ ਹਨ। ਇੰਨ੍ਹਾਂ ਵਿਚ ਸਿੱਖ ਸੰਗਤਾਂ ਦੀ ਸ਼ਰਧਾ ਸ਼ੁਰੂ ਤੋਂ ਹੀ ਰਹੀ ਹੈ (ਹਾਲਾਂਕਿ ਇਹ ਗੁਰਮਤਿ ਦੇ ਵਿਰੁੱਧ ਹੈ)। ਇਸ ਸ਼ਰਧਾ ਨੂੰ ਗੁਰੂ ਬੰਸ ਦੇ ਕਈ ਵਿਅਕਤੀਆਂ ਨੂੰ ਵਿਅਕਤੀਗਤ ਲਾਭ ਲਈ ਵਰਤਣੋਂ ਗੁਰੇਜ਼ ਨਹੀਂ ਕੀਤਾ ਹੈ।

ਬਾਬਾ ਕਰਤਾਰ ਸਿੰਘ ਬੇਦੀ ਜੋ ਗੁਰੂ ਨਾਨਕ ਦੇਵ ਜੀ ਦੇ ਛੋਟੇ ਪੁੱਤਰ ਲਖਮੀ ਦਾਸ ਦੀ ਕੁਲ ਵਿਚੋਂ ਸੀ, ਅਜਿਹੇ ਵਿਅਕਤੀਆਂ ਵਿਚੋਂ ਪ੍ਰਮੁੱਖ ਰਿਹਾ ਹੈ। ਉਹ ਪੰਜਾਬ ਕੌਂਸਲ ਦਾ ਮੈਂਬਰ ਅਤੇ ਸਰਕਾਰੇ ਦਰਬਾਰੇ ਬੜਾ ਅਸਰ ਰਸੂਖ ਰਖਣ ਵਾਲਾ ਬੰਦਾ ਸੀ। ਉਹ ਬੇਦੀ ਜਗੀਰਦਾਰਾਂ ਵਿਚੋਂ ਸੀ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਉੱਤਰਾਧਿਕਾਰੀ ਸਮਝਦਾ ਸੀ, ਇਸ ਲਈ ਗੁਰੂ ਵੀ ਅਖਵਾਉਂਦਾ ਸੀ ਅਤੇ ਸਰਕਾਰ ਵਲੋਂ ਸਿਰਜੀ ਗਈ ਸ਼ਬਦਾਵਲੀ ਅਨੁਸਾਰ ''ਸਿੱਖਾਂ ਦਾ ਕੁਦਰਤੀ ਲੀਡਰ" ਵੀ ਸੀ।

ਮਹੰਤ ਨਾਰਾਇਣ ਦਾਸ ਦੇ ਦੁੱਖ-ਸੁੱਖ ਦੇ ਇਸ ਸਾਥੀ ਨੂੰ ਵੀ ਨਨਕਾਣਾ ਸਾਹਿਬ ਦੇ ਸਾਕੇ ਲਈ ਬਰਾਬਰ ਦਾ ਦੋਸ਼ੀ ਮੰਨਿਆਂ ਜਾਂਦਾ ਸੀ। ਇਸ ਪ੍ਰਤੀ ਸਿੱਖ ਸੰਗਤਾਂ ਨੇ 23 ਫ਼ਰਵਰੀ, 1921 ਨੂੰ ਹੀ ਆਪਣਾ ਰੋਸ ਪ੍ਰਗਟ ਕਰ ਦਿਤਾ ਸੀ ਜਦੋਂ ਸ਼ਹੀਦਾਂ ਦੇ ਸਸਕਾਰ ਤੋਂ ਬਾਦ ਇਸ ਨੂੰ ਮਤੇ ਰਾਹੀਂ ਸਿੱਖੀ ਵਿਚੋਂ ਬਾਹਰ ਕਰ ਦਿਤਾ ਗਿਆ। ਆਮ ਸਿੱਖ ਉਸ ਨੂੰ ਬਾਬਾ ਕਰਤਾਰ ਸਿੰਘ ਬੇਦੀ ਕਹਿਣ ਦੀ ਥਾਂ ''ਕਰਤਾਰੂ ਬੇਦੀਨ" ਕਹਿਣ ਲਗ ਪਏ ਸਨ।

ਬਾਬਾ ਕਰਤਾਰ ਸਿੰਘ ਵਿਰੁੱਧ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਗਿਆ ਸੀ ਪਰ ਸਿੱਖ ਸੰਗਤਾਂ ਨੇ ਉਸ ਦਾ ਬਾਈਕਾਟ ਹੀ ਏਨਾਂ ਜ਼ਬਰਦਸਤ ਕੀਤਾ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਲੈਣ ਲਈ ਮਜਬੂਰ ਹੋ ਗਿਆ।

ਉਸ ਨੇ ਸ਼੍ਰੋਮਣੀ ਕਮੇਟੀ ਨੂੰ ਇਕ ਚਿੱਠੀ ਲਿਖੀ ਅਤੇ 23 ਮਈ, 1924 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਇਆ। ਜਥੇਦਾਰ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਮੰਤਵ ਲਈ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਉਹ ਨਨਕਾਣਾ ਸਾਹਿਬ ਦੇ ਸਾਕੇ ਵਿਚ ਆਪਣੀ ਸ਼ਮੂਲੀਅਤ ਉਤੇ ਪਸ਼ਚਾਤਾਪ ਕਰਨਾ ਚਾਹੁੰਦਾ ਹੈ।

(ਬਾਕੀ ਕੱਲ)

0 Response to "rozanajanchetna@gmail.com23102020"

Post a Comment