rozanajanchetna@gmail.com23112020.
ਰੋਜਾਨਾ ਜਨਚੇਤਨਾ
ਸਾਲ:11, ਅੰਕ:78, ਸੋਮਵਾਰ, 23 ਨਵੰਬਰ 2020.ਅੱਜ ਦਾ ਵਿਚਾਰ .
ਮਨੁੱਖ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਸਮਾਜ ਦੁਆਰਾ ਕੀਤੀ ਜਾਣੀ ਨੈਤਿਕ, ਕਾਨੂੰਨੀ, ਭਾਵਨਾਤਮਕ ਸਭ ਪੱਖਾਂ ਤੋਂ ਜ਼ਰੂਰੀ ਹੈ। ਸਾਡੇ ਕੋਲੋਂ ਕੰਮ ਕਰਦਿਆਂ ਦੁਰਘਟਨਾ ਹੋ ਜਾਵੇ ਤਾਂ ਕਾਨੂੰਨ ਉਸ ਦੀ ਪੂਰਤੀ ਦੀ ਸਜ਼ਾ ਦਿੰਦਾ ਹੈ। ਮਨੁੱਖ ਦਾ ਜਨਮ ਵੀ ਜਾਣ ਬੁੱਝ ਕੇ ਜਾਂ ਅਨਜਾਣੇ ਵਿਚ ਸਮਾਜ (ਮਾਂ-ਬਾਪ (ਦੁਆਰਾ ਹੋਈ ਦੁਰਘਟਨਾ ਹੀ ਹੁੰਦੀ ਹੈ। ਜਨਮ ਲੈਣ ਵਾਲੇ ਦਾ ਇਸ ਵਿਚ ਕੋਈ ਕਸੂਰ ਨਹੀਂ ਹੁੰਦਾ। ਉਸ ਦੇ ਗਲੇ ਤਾਂ ਸਾਰੀ ਉਮਰ ਦੀ ਜਦੋਜਹਿਦ ਪੈ ਜਾਂਦੀ ਹੈ। ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਸਾਡੇ ਕਾਰਣ ਹੋਣ ਵਾਲੀ ਜਦੋਜਹਿਦ ਵਿਚ ਹਿੱਸੇਦਾਰ ਬਣੀਏਂ। ਹੋਰ ਨਹੀਂ ਤਾਂ ਉਸ ਦੀਆ ਬੁਨਿਆਦੀ ਲੋੜਾਂ ਦੀ ਪੂਰਤੀ ਹੀ ਕਰ ਦਈਏ। ਕਾਨੂੰਨਣ ਵੀ ਅਸੀਂ ਅਜਿਹਾ ਕਰਨ ਲਈ ਪਾਬੰਦ ਹਾਂ ਕਿਉਂ ਕਿ ਦੁਰਘਟਨਾ ਸਾਡੇ ਕੋਲੋਂ ਹੀ ਹੋਈ ਹੈ। ਕਾਰੋਬਾਰੀ ਦਲੀਲਾਂ ਤੋਂ ਬਿਨਾਂ ਇਕ ਪੱਖ ਭਾਵਨਾਤਮਕ ਵੀ ਹੈ। ਸਾਡੇ ਬੱਚੇ ਹਨ। ਸਾਡੇ ਹੀ ਪਰਿਵਾਰ ਨੂੰ ਉਹਨਾਂ ਅਗਾਂਹ ਤੋਰਨਾ ਹੈ। ਸਾਡੇ ਰੀਤੀ ਰਿਵਾਜ,ਪਰੰਪਰਾ ਨੂੰ ਉਹਨਾਂ ਨੇ ਜੀਊਂਦਾ ਰਖਣਾ ਹੈ। ਅਸੀਂ ਉਹਨਾਂ ਨੂੰ ਰੋਜ਼ੀ ਰੋਟੀ ਦੇ ਚੱਕਰਾਂ ਵਿਚ ਕਿਉਂ ਉਲਝਾਉਂਦੇ ਹਾਂ? ਦੁਨੀਆਂ ਵਿਚ ਕੇਵਲ ਮਨੁੱਖ ਹੀ ਅਜਿਹਾ ਪਰਾਣੀ ਹੈ ਜੋ ਰੋਟੀ ਕਮਾ ਕੇ ਖਾਂਦਾ ਹੈ। ਬਾਕੀ ਸਭ ਕੁਦਰਤ ਦੀ ਦੇਣ ਦਾ ਹੀ ਲੁਤਫ ਉਠਾਉਂਦੇ ਹਨ। ਮਨੁੱਖ ਦੇ ਕਰਨ ਲਈ ਹੋਰ ਬਹੁਤ ਕੁਝ ਹੈ। ਉਸ ਨੂੰ ਰੋਟੀ, ਕਪੜਾ ਅਤੇ ਮਕਾਨ ਵਰਗੀਆਂ ਲੋੜਾਂ ਦੀ ਪੂਰਤੀ ਤੋਂ ਆਜ਼ਾਦ ਕਰ ਦੇਣਾ ਹੀ ਹਿੱਤਕਰ ਹੈ।
ਪੰਜਾਬ ਦਾ ਇਤਿਹਾਸ-11.
ਮਈ,327 ਈ. ਪੂ. ਵਿੱਚ ਸਿਕੰਦਰ ਨੇ ਪੂਰੀ ਸੈਨਿਕ ਤਿਆਰੀ ਨਾਲ ਪੰਜਾਬ ਉਪਰ ਹਮਲਾ ਕੀਤਾ, ਪਰ ਪੋਰਸ ਨੇ ਵੀ ਪੂਰੀ ਤਾਕਤ ਨਾਲ ਇਸ ਹਮਲੇ ਨੂੰ ਰੋਕਣ ਦਾ ਨਿਸ਼ਚਾ ਕੀਤਾ ਹੋਇਆ ਸੀ। ਸਿੱਟੇ ਵਜੋਂ ਸਿਕੰਦਰ ਨੇ ਜਿਹਲਮ ਦੇ ਬਾਹਰਲੇ ਕੰਢੇ ਉਤੇ ਲਗਾਤਾਰ ਤਿੰਨ ਮਹਿਨੀਆਂ ਤੱਕ ਡੇਰਾ ਲਾਈ ਰੱਖਿਆ ਸੀ। ਉਸ ਦੀ ਹਿੰਮਤ ਨਹੀਂ ਪਆ ਸੀ ਕਿ ਉਹ ਪੋਰਸ ਦੇ ਸਾਹਮਣਿਓ ਜਿਹਲਮ ਨੂੰ ਪਾਰ ਕਰ ਸਕੇ। ਪੋਰਸ ਦਾ ਦਾਅਵਾ ਸੀ ਕਿ ਉਹ ਸਿਕੰਦਰ ਨੂੰ ਜਿਹਲਮ ਨਹੀਂ ਪਾਰ ਕਰਨ ਦੇਵੇਗਾ। ਪੇਰਸ ਦੇ ਪਾਸ ਇਸ ਸਮੇਂ 50,000 ਪੈਦਲ ਪੰਜਾਬੀ ਫੌਜ, 3000 ਘੋੜ-ਸਵਾਰ, 1000 ਤੋਂ ਵੱਧ ਜੰਗੀ ਰੱਥ ਅਤੇ 130 ਜੰਗੀ ਹਾਥੀ ਸਨ। ਇਹ ਪੂਰੀ ਟਰੈਂਡ ਅਤੇ ਜਾਬਤਾਦਾਰ ਸੈਨਾ ਸੀ। ਪਰੋਫੈਸਰ ਬੁੱਧ ਪ੍ਰਕਾਸ਼ ਦੇ ਸ਼ਬਦਾਂ ਵਿੱਚ ਫੌਜ਼ ਦੀ ਇੰਨੀ ਭਾਰੀ ਗਿਣਤੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਵਿੱਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ। ਇਕ ਜਾਂ ਦੋ ਜਿਲਿਆਂ ਦਾ ਕੋਈ ਛੋਟਾ ਮੋਟਾ ਰਾਜਾ ਇੰਨੀ ਭਾਰੀ ਫੌਜ਼ ਨਹੀ ਰੱਖ ਸਕਦਾ ਸੀ। ਇਹ ਗੱਲ ਵੀ ਧਿਆਨ੍ਯੋਗ ਹੈ ਕਿ ਇੰਨੀ ਵਿਸ਼ਾਲ ਫੌਜ਼ ਇੱਕਲੇ ਪੋਰਸ ਦੀ ਕਮਾਨ ਥੱਲੇ ਲੜੀ ਸੀ। ਇਹ ਸਾਰੀ ਪੰਜਾਬੀ ਫੌਜ਼ ਸਿਰਾਂ ਉਪਰ ਪੱਗਾਂ ਬੰਨਦੀ ਸੀ, ਚੇਹਰਿਆਂ ਅਤੇ ਪੂਰੀਆਂ ਦਾੜੀ-ਮੁੱਛਾਂ ਰੱਖਦੀ ਸੀ। ਸਿਰਾਂ ਉਪਰਪੂਰੇ ਲੰਮੇ ਕੇਸ ਰੱਖੇ ਹੁੰਦੇ ਸਨ। ਫੌਜੀਆਂ ਦੇ ਕੱਦ ਸੱਤ-ਸੱਤ ਫੁੱਟ ਤੋਂ ਵੀ ਵਧੇਰੇ ਉੱਚੇ ਸਨ। ਪੈਰਾਂ ਵਿੱਚ ਚਮੜੇ ਦੀਆਂ ਨੋਕਦਾਰ ਜੁੱਤੀਆਂ ਪਹਿਨੀਆਂ ਹੁੰਦੀਆ ਸਨ। ਸੈਨਿਕ ਲਿਬਾਸ ਗੂੜੇ ਨੀਲੇ ਰੰਗ ਦਾ ਸੀ। ਇਹ ਪੰਜਾਬ ਸੈਨਿਕ ਸ਼ੇਰਾਂ ਦੀ ਤਰਾਂ ਭਬਕਾਂ ਮਾਰਦੇ ਸਨ ਅਤੇ ਯੁੱਧ-ਕਲਾਂ ਵਿੱਚ ਉਸ ਸਮੇਂ ਦੇ ਏਸ਼ੀਆਈ ਲੋਕਾਂ ਵਿੱਚੋਂ ਕਿਤੇ ਵਧ ਸਨ।
ਸਿੱਖ ਇਤਿਹਾਸ ਵਿਚ ਅੱਜ.
22 ਨਵੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
= ਸਿੱਖਾਂ ਅਤੇ ਅੰਗਰੇਜ਼ੀ ਫੌਜਾਂ ਵਿਚਕਾਰ ਰਾਮਨਗਰ ਦਾ ਯੁੱਧ (1848 ਈ.)
= ਆਜ਼ਾਦੀ ਪਿਛੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜਥੇ ਦੀ ਰਵਾਨਗੀ (1905 ਈ.)ਰਾਜਾ ਸ਼ੇਰ ਸਿੰਘ ਰਾਮ ਨਗਰ ਮੋਰਚੇ ਮੱਲੀ ਬੈਠਾ ਸੀ। ਅੰਗਰੇਜ਼ ਸੈਨਾਪਤੀ ਗਫ਼ 25 ਹਜ਼ਾਰ ਫੌਜ ਅਤੇ 101 ਤੋਪਾਂ ਲੈ ਕੇ ਰਾਮ ਨਗਰ ਵੱਲ ਵਧਿਆ। ਖੁਫ਼ੀਆ ਰਿਪੋਰਟਾਂ ਵਿਚ ਦੱਸੇ ਟਿਕਾਣੇ 'ਤੇ ਜਦ ਸਿੱਖ ਫੌਜ ਨਜ਼ਰ ਨਾ ਆਈ ਤਾਂ ਗਫ਼ ਝੱਲ ਵਿਚ ਅੱਗੇ ਵਧਿਆ। ਥੋੜੀ ਦੂਰ ਅਗੇ ਗਿਆ ਤਾਂ ਸਿੱਖ ਫੌਜੀ ਮੋਰਚਿਆਂ ਵਿਚ ਬੈਠੇ ਦਿਸੇ। ਗਫ਼ ਨੇ ਉਨ੍ਹਾਂ ਉਤੇ ਤੋਪਾਂ ਦੀ ਬੁਛਾੜ ਕੀਤੀ ਪਰ ਬਹੁਤੇ ਵਾਰ ਖਾਲੀ ਗਏ। ਅੱਗੋਂ ਸਿੱਖਾਂ ਨੇ ਅਜਿਹੇ ਨਿਸ਼ਾਨੇ 'ਤੇ ਗੋਲੇ ਮਾਰੇ ਕਿ ਉਸ ਮਾਰ ਨੂੰ ਅੰਗਰੇਜ਼ੀ ਫੌਜ ਸਹਾਰ ਨਾ ਸਕੀ ਅਤੇ ਮਾਰੀਦੀ ਪਿਛੇ ਹਟੀ। ਇਸ ਪਹਿਲੀ ਝੜਪ ਵਿਚ ਹੀ ਗਫ਼ ਨੂੰ ਗਿਆਨ ਹੋ ਗਿਆ ਕਿ ਉਸ ਦੇ ਟਾਕਰੇ ਦੀ ਫੌਜ ਕਿਹੋ ਜਿਹੀ ਹੈ।
ਸਿੱਖ ਲੜਾਕੇ ਅੱਗੇ ਵਧੇ ਅਤੇ ਅੰਗਰੇਜ਼ਾਂ ਨੂੰ ਦੋ ਦੇ ਹੱਥ ਕਰਨ ਵਾਸਤੇ ਵੰਗਾਰਿਆ। ਵੰਗਾਰ ਸੁਣ ਕੇ ਵਾਟਰਲੂ ਮੈਦਾਨ ਵਿਚ ਫਤਹਿ ਪ੍ਰਾਪਤ ਕਰਨ ਵਾਲਾ ਲੈਫਟੀਨੈਂਟ ਕਰਨਲ ਹੈਵਲਾਕ ਆਪਣੇ ਰਸਾਲੇ ਨੂੰ ਲੈ ਕੇ ਅੱਗੇ ਆਇਆ। ਉਸ ਦੇ ਪਿਛੇ ਕਿਊਰਟਨ ਵੀ ਵਧਿਆ। ਇੰਨ੍ਹਾਂ ਦੇ ਹਮਲੇ ਸਾਹਮਣੇ ਡੱਟਣ ਦੀ ਥਾਂ ਸਿੱਖ ਰਿਸਾਲਾ ਛੇਤੀ ਨਾਲ ਪਿਛੇ ਹਟਿਆ। ਇਹ ਵੇਖ ਕੇ ਅੰਗਰੇਜ਼ੀ ਫੌਜ ਸਗੋਂ ਜ਼ੋਰ ਦੀ ਅੱਗੇ ਵਧੀ। ਹੁਣ ਹੈਵਲਾਕ ਨੂੰ ਆਪਣੀ ਗਲਤੀ ਦਾ ਪਤਾ ਲਗਾ : ਦੋਹਾਂ ਪਾਸਿਆਂ ਤੋਂ ਲੁਕੀ ਹੋਈ ਸਿੱਖ ਫੌਜ ਨੇ ਉਨ੍ਹਾਂ ਨੂੰ ਘੇਰੇ ਵਿਚ ਲੈ ਲਿਆ। ਸਾਹਮਣੇ ਪਾਸਿਉਂ ਘੋੜ ਸਵਾਰ ਅਤੇ ਪਿਛਲੇ ਪਾਸਿਉਂ ਪੈਦਲਾਂ ਨੇ ਇਸ ਜੋਸ਼ ਨਾਲ ਹਮਲਾ ਕੀਤਾ ਕਿ ਦੋਵੇਂ ਅੰਗਰੇਜ਼ ਅਫ਼ਸਰ- ਹੈਵਲਾਕ ਅਤੇ ਕਿਊਰਟਨ- ਕਈ ਸਾਥੀਆਂ ਸਮੇਤ ਸਿੱਖਾਂ ਦੀਆਂ ਕ੍ਰਿਪਾਨਾਂ ਦੀ ਭੇਟ ਚੜ੍ਹ ਗਏ। ਸਿੱਖਾਂ ਦੀ ਇਸ ਰਣਚਾਤਰੀ ਨੂੰ ਵੇਖ ਕੇ ਗਫ਼ ਘਬਰਾ ਗਿਆ ਅਤੇ ਸਿੱਖਾਂ ਦੇ ਮੋਰਚੇ ਤੋਂ ਚੋਖੀ ਦੂਰ ਪਿਛੇ ਹਟ ਕੇ ਛਾਉਣੀ ਪਾਈ। ਏਸ ਲੜ੍ਹਾਈ ਵਿਚ ਅੰਗਰੇਜ਼ਾਂ ਦੇ 230 ਸਿਪਾਹੀ ਮਾਰੇ ਗਏ। ਦੋ ਤੋਪਾਂ ਅਤੇ ਕੁਝ ਗੱਡੇ ਖੁਰਾਕ ਦੇ ਸਿੱਖਾਂ ਹੱਥ ਆਏ। ਕੁਝ ਅੰਗਰੇਜ਼ ਅਫ਼ਸਰ ਸਿੱਖਾਂ ਜੀਊਂਦੇ ਫੜ ਲਏ ਜੋ ਪਿਛੋਂ ਗਫ਼ ਦੀ ਛਾਉਣੀ ਪੁਚਾਏ ਗਏ।
ਰਾਮ ਨਗਰ ਦੀ ਜੰਗ ਦਾ ਉਪਰੋਕਤ ਵੇਰਵਾ ਇਕ ਸਿੱਖ ਇਤਿਹਾਸਕਾਰ ਨੇ ਦਿਤਾ ਹੈ।
ਰਾਮਨਗਰ ਦੀ ਜੰਗ ਰਾਜਾ ਸ਼ੇਰ ਸਿੰਘ ਵਲੋਂ 14 ਸਤੰਬਰ, 1848 ਨੂੰ ਐਲਾਨੇ ਗਏ ਵਿਦਰੋਹ ਪਿਛੋਂ ਅੰਗਰੇਜ਼ਾਂ ਨਾਲ ਹੋਈ ਉਸ ਦੀ ਪਹਿਲੀ ਲੜ੍ਹਾਈ ਸੀ। ਰਾਜਾ ਸ਼ੇਰ ਸਿੰਘ ਨਾਮਵਰ ਸਿੱਖ ਸਰਦਾਰ ਚਤਰ ਸਿੰਘ ਅਟਾਰੀਵਾਲੇ ਦਾ ਪੁੱਤਰ ਸੀ। ਚਤਰ ਸਿੰਘ ਅਟਾਰੀਵਾਲਾ ਦੀ ਧੀ ਮਹਾਰਾਜਾ ਦਲੀਪ ਸਿੰਘ ਨਾਲ ਮੰਗੀ ਹੋਈ ਸੀ। ਚਤਰ ਸਿੰਘ ਅੰਗਰੇਜ਼ਾਂ ਵਲੋਂ ''ਹਜ਼ਾਰੇ" ਦਾ ਸੂਬੇਦਾਰ ਸੀ ਅਤੇ ਹਰੀਪੁਰ ਵਿਖੇ ਨਿਯੁਕਤ ਸੀ। ਚਤਰ ਸਿੰਘ ਅਟਾਰੀਵਾਲਾ ਭਰੋਵਾਲ ਦੀ ਸੰਧੀ (22 ਦਸੰਬਰ, 1846) ਉਤੇ ਸਹੀ ਪਾਉਣ ਵਾਲੇ ਸਰਦਾਰਾਂ ਵਿਚੋਂ ਇਕ ਸੀ। ਉਸ ਦਾ ਵੱਡਾ ਪੁੱਤਰ ਰਾਜਾ ਸ਼ੇਰ ਸਿੰਘ ਅੰਗਰੇਜ਼ ਰੈਜ਼ੀਡੈਂਟ ਦੀ ਕੌਂਸਲ ਦਾ ਮੈਂਬਰ ਸੀ। ਬਗਾਵਤ ਸਮੇਂ ਉਹ ਮੁਲਤਾਨ ਵਿਚ ਬਾਗੀ ਮੂਲ ਰਾਜ ਵਿਰੁੱਧ ਅੰਗਰੇਜ਼ ਜਰਨੈਲ ਐਡਵਰਡਸ ਦੀ ਸਹਾਇਤਾ ਕਰ ਰਿਹਾ ਸੀ। ਸ. ਚਤਰ ਸਿੰਘ ਦਾ ਦੂਸਰਾ ਪੁੱਤਰ ਗੁਲਾਬ ਸਿੰਘ ਲਾਹੌਰ ਵਿਖੇ ਰੈਜ਼ੀਡੈਂਟ ਦਾ ਸਹਾਇਕ ਸੀ।
ਸ. ਚਤਰ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਪਰਿਵਾਰਕ ਸਬੰਧ ਸਨ। ਉਸ ਦੀ ਧੀ ਮਹਾਰਾਜਾ ਦਲੀਪ ਸਿੰਘ ਦੀ ਮੰਗੇਤਰ ਸੀ ਅਤੇ ਉਹ ਜਲਦੀ ਹੀ ਵਿਆਹ ਕਰਨ ਦੇ ਇਛੁੱਕ ਸਨ। ਰਾਣੀ ਜਿੰਦਾਂ ਨਾਲ ਅੰਗਰੇਜ਼ਾਂ ਵਲੋਂ ਕੀਤੇ ਜਾ ਰਹੇ ਸਲੂਕ ਤੋਂ ਵੀ ਅਟਾਰੀਵਾਲੇ ਸਰਦਾਰ ਦਾ ਪਰਿਵਾਰ ਖੁਸ਼ ਨਹੀਂ ਸੀ ਪਰ ਇਸ ਨੂੰ ਮੁੱਦਾ ਬਣਾ ਕੇ ਲੜ੍ਹਣ ਵਾਲੇ ਉਹ ਨਹੀਂ ਸਨ। ਅੰਗਰੇਜ਼ਾਂ ਨਾਲ ਇਸ ਪਰਿਵਾਰ ਦੇ ਸਬੰਧ ਇਕ ਅੰਗਰੇਜ਼ ਅਫ਼ਸਰ ਕੈਪਟਨ ਐਬਟ ਕਾਰਣ ਖਰਾਬ ਹੋਣੇ ਸ਼ੁਰੂ ਹੋਏ ਅਤੇ ਅੰਗਰੇਜ਼ ਅਫ਼ਸਰਾਂ ਦੇ ਪੱਖਪਾਤੀ ਵਤੀਰੇ ਨੇ ਸੰਕਟ ਨੂੰ ਵਧਾਇਆ।
ਸ. ਚਤਰ ਸਿੰਘ ਅਟਾਰੀ ਹਜ਼ਾਰੇ ਦਾ ਸੂਬੇਦਾਰ ਸੀ। ਹਜ਼ਾਰਾ ਪੱਛਮੀ ਪੰਜਾਬ ਦਾ ਮੁਸਲਿਮ ਇਲਾਕਾ ਸੀ ਜਿਥੋਂ ਦੀ ਸਾਰੀ ਵਸੋਂ ਹਥਿਆਰਬੰਦ ਅਤੇ ਲੜਾਕੇ ਸੁਭਾਅ ਦੀ ਸੀ ਅਤੇ ਸਿੱਖ ਰਾਜ ਦੀ ਵਿਰੋਧੀ ਸੀ। ਸੈਂਕੜੇ ਸਾਲ ਦੀ ਹਕੂਮਤ ਕਰਦਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ੇ ਵਿਚ ਲਿਆ ਸੀ ਅਤੇ ਉਹ ਸਿੱਖ ਰਾਜ ਦੇ ਚੰਗੁਲ ਵਿਚੋਂ ਨਿਕਲਣਾ ਚਾਹੁੰਦੇ ਸਨ। ਇਸ ਲਈ ਅਕਸਰ ਬਗਾਵਤਾਂ ਹੁੰਦੀਆਂ ਰਹਿੰਦੀਆਂ ਸਨ।
ਰੈਜ਼ੀਡੈਂਟ ਕਰੀ ਨੇ ਸ. ਚਤਰ ਸਿੰਘ ਅਟਾਰੀ ਦੀ ਸਹਾਇਤਾ ਲਈ ਇਕ ਅੰਗਰੇਜ਼ ਅਫ਼ਸਰ ਕੈਪਟਨ ਐਬਟ ਨੂੰ ਹਜ਼ਾਰੇ ਭੇਜਿਆ। ਕੈਪਟਨ ਐਬਟ ਅਤੇ ਸ. ਚਤਰ ਸਿੰਘ ਅਟਾਰੀਵਾਲਾ ਵਿਚ ਆਪਸੀ ਵਿਸ਼ਵਾਸ ਦੇ ਸਬੰਧ ਨਹੀਂ ਬਣ ਸਕੇ। ਉਨ੍ਹਾਂ ਲਈ ਇਕ ਇਲਾਕੇ ਵਿਚ ਰਹਿਣਾ ਵੀ ਮੁਸ਼ਕਿਲ ਹੋ ਗਿਆ। ਸ. ਚਤਰ ਸਿੰਘ ਹਰੀਪੁਰ ਰਹਿੰਦਾ ਸੀ ਜਦਕਿ ਐਬਟ ਨੇ ਏਥੋਂ 36 ਮੀਲ ਦੂਰ ''ਸੇਰਵਾਂ" ਵਿਚ ਆਪਣਾ ਡੇਰਾ ਲਾਇਆ ਸੀ।
6 ਅਗਸਤ, 1848 ਦੇ ਦਿਨ ਹਜ਼ਾਰੇ ਦੇ ਕੁਝ ਮੁਸਲਿਮ ਬਾਗੀਆਂ ਨੇ ਸ. ਚਤਰ ਸਿੰਘ ਅਟਾਰੀ ਦੇ ਡੇਰੇ ਉਤੇ ਹਮਲਾ ਕਰ ਦਿਤਾ। ਹਰੀਪੁਰ ਵਿਚ ਜਿੰਨੀ ਥੋੜੀ ਜਿਹੀ ਫੌਜ ਸੀ, ਉਸ ਨੂੰ ਬਾਗੀਆਂ ਨਾਲ ਨਿਪਟਣ ਦੇ ਹੁਕਮ ਦਿਤੇ ਗਏ। ਤੋਪਖਾਨੇ ਨੂੰ ਵੀ ਸਹਾਇਤਾ ਲਈ ਕਿਹਾ ਗਿਆ ਪਰ ਤੋਪਖਾਨੇ ਦੇ ਅਫ਼ਸਰ ਕਨੋਰਾ ਨੇ ਸ. ਚਤਰ ਸਿੰਘ ਦੇ ਹੁਕਮ ਮੰਨਣੋਂ ਨਾਂਹ ਕਰ ਦਿਤੀ ਅਤੇ ਕੈਪਟਨ ਐਬਟ ਕੋਲੋਂ ਹੁਕਮ ਕਰਵਾਉਣ ਲਈ ਕਿਹਾ। ਇਸ ਉਤੇ ਕਿਹਾ ਸੁਣੀ ਹੋ ਗਈ। ਕਨੋਰਾ ਨੂੰ ਸਿੱਖ ਸਿਪਾਹੀਆਂ ਨੇ ਕਤਲ ਕਰ ਦਿਤਾ।
ਕਨੋਰਾ ਅੰਗਰੇਜ਼ ਅਫ਼ਸਰ ਐਬਟ ਦਾ ਚਹੇਤਾ ਸੀ। ਉਂਝ ਵੀ ਐਬਟ ਅਤੇ ਚਤਰ ਸਿੰਘ ਇਕ ਦੂਜੇ ਨੂੰ ਵੇਖ ਨਹੀਂ ਸੁਖਾਂਦੇ ਸਨ। ਐਬਟ ਨੇ ਰੈਜ਼ੀਡੈਂਟ ਕੋਲ ਸ਼ਿਕਾਇਤ ਕੀਤੀ ਕਿ ਕਨੋਰਾ ਨੂੰ ਸ. ਚਤਰ ਸਿੰਘ ਦੇ ਕਹਿਣ ਤੇ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਹੈ। ਇਹ ਕਤਲ ਪਸ਼ੌਰਾ ਸਿੰਘ ਦੇ ਕਤਲ ਵਰਗਾ ਹੈ। ਪਸ਼ੌਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਜਿਸ ਨੂੰ ਰਾਣੀ ਜਿੰਦਾਂ ਦੇ ਭਾਈ ਜਵਾਹਰ ਸਿੰਘ ਦੇ ਹੁਕਮਾਂ ਸਦਕਾ ਕੋਹ ਕੋਹ ਕੇ ਮਾਰਿਆ ਗਿਆ ਸੀ ਅਤੇ ਉਸ ਦੀ ਲਾਸ਼ ਦੇ ਟੁਕੜੇ ਏਧਰ ਓਧਰ ਖਿਲਾਰ ਦਿਤੇ ਗਏ ਸਨ।
ਸ. ਚਤਰ ਸਿੰਘ ਨੇ ਵੀ ਰੈਜ਼ੀਡੈਂਟ ਨੂੰ ਆਪਣੀ ਰਿਪੋਰਟ ਭੇਜੀ। ਇਸ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਹਰੀਪੁਰ 'ਤੇ ਬਾਗੀਆਂ ਦਾ ਹਮਲਾ ਐਬਟ ਦੀ ਸ਼ਹਿ ਤੇ ਕੀਤਾ ਗਿਆ ਸੀ। ਕਨੋਰਾ ਨੇ ਐਬਟ ਦੇ ਕਹਿਣ ਤੇ ਹੀ ਤੋਪਖਾਨਾ ਵਰਤਣੋਂ ਨਾਂਹ ਕਰ ਦਿਤੀ ਸੀ ਅਤੇ ਇਸ ਲਈ ਜ਼ਿਦ ਕਰ ਰਹੇ ਤਿੰਨ ਸੈਨਿਕਾਂ ਨੂੰ ਮਾਰ ਦਿਤਾ ਸੀ। ਸਿੱਖ ਸੈਨਿਕਾਂ ਨੇ ਇੰਨ੍ਹਾਂ ਕਤਲਾਂ ਤੋਂ ਪਿਛੋਂ ਹੀ ਕਨੋਰਾ ਨੂੰ ਮਾਰਿਆ। ਉਸ ਦਾ ਕਤਲ ਹੁਕਮ ਅਦੂਲੀ ਕਾਰਣ ਹੋਇਆ।
ਦੋਵੇਂ ਧਿਰਾਂ ਆਪਣੇ ਆਪਣੇ ਸਟੈਂਡ ਤੇ ਡੱਟ ਗਈਆਂ। ਪ੍ਰਾਪਤ ਹੱਥ-ਲਿਖਤਾਂ ਤੋਂ ਸਬੂਤ ਮਿਲਦੇ ਹਨ ਕਿ ਅੰਗਰੇਜ਼ ਅਧਿਕਾਰੀ ਕੈਪਟਨ ਐਬਟ ਨੂੰ ਹੀ ਗਲਤ ਸਮਝਦੇ ਸਨ ਪਰ ਉਨ੍ਹਾਂ ਨੇ ਇਸ ਸਬੰਧ ਵਿਚ ਭੇਦ ਭਰੀ ਚੁੱਪ ਧਾਰਨ ਕਰ ਲਈ। ਸੰਭਵ ਹੈ, ਉਹ ਕੈਪਟਨ ਐਬਟ ਨੂੰ ਬਚਾਉਣਾ ਚਾਹੁੰਦੇ ਹੋਣ ਪਰ ਸ. ਚਤਰ ਸਿੰਘ ਨੇ ਇਸ ਦਾ ਮਤਲਬ ਉਨ੍ਹਾਂ ਅਫ਼ਵਾਹਾਂ ਨੂੰ ਸੱਚ ਮੰਨਣ ਵਿਚ ਲਿਆ ਜਿੰਨ੍ਹਾਂ ਵਿਚ ਦਸਿਆ ਗਿਆ ਸੀ ਕਿ ਅੰਗਰੇਜ਼ ਸਰਕਾਰ ਅਟਾਰੀਵਾਲੇ ਦੀਆਂ ਜਾਗੀਰਾਂ ਜ਼ਬਤ ਕਰ ਰਹੀ ਹੈ ਅਤੇ ਉਸ ਨੂੰ ਹਜ਼ਾਰੇ ਦੀ ਸੂਬੇਦਾਰੀ ਤੋਂ ਹਟਾਇਆ ਜਾ ਰਿਹਾ ਹੈ। ਇਸੇ ਘਬਰਾਹਟ ਵਿਚ ਉਸ ਨੇ ਜੰਮੂ ਦੇ ਰਾਜਾ ਗੁਲਾਬ ਸਿੰਘ ਨੂੰ ਸਹਾਇਤਾ ਦੀਆਂ ਚਿੱਠੀਆਂ ਲਿਖੀਆਂ। ਇਹ ਚਿੱਠੀਆਂ ਕਿਸੇ ਤਰੀਕੇ ਨਾਲ ਐਬਟ ਦੇ ਕਾਬੂ ਆ ਗਈਆਂ। ਹੁਣ ਪਾਸਾ ਪਲਟ ਗਿਆ। ਸ. ਚਤਰ ਸਿੰਘ ਉਤੇ ਅੰਗਰੇਜ਼ੀ ਰਾਜ ਵਿਰੁੱਧ ਬਗਾਵਤ ਦਾ ਦੋਸ਼ ਲਗਣ ਲਗਾ।
ਸਰਕਾਰ ਨੇ ਪੜਤਾਲ ਲਈ ਕੈਪਟਨ ਨਿਕਲਸਨ ਦੀ ਡਿਊਟੀ ਲਾਈ। ਚਿੱਠੀਆਂ ਤਾਂ ਲਿਖੀਆਂ ਗਈਆਂ ਸਨ ਭਾਵੇਂ ਉਨ੍ਹਾਂ ਦੇ ਵਿਸ਼ੇ ਵਸਤੂ ਵਿਚ ਨੀਅਤ ਦਾ ਫ਼ਰਕ ਸੀ। ਰਿਪੋਰਟ ਸ. ਚਤਰ ਸਿੰਘ ਦੇ ਵਿਰੁੱਧ ਗਈ। ਉਸ ਨੂੰ ਹਜ਼ਾਰੇ ਦੀ ਸੂਬੇਦਾਰੀ ਤੋਂ ਵਿਹਲਿਆਂ ਕਰ ਦਿਤਾ ਅਤੇ ਉਸ ਦੀ ਜਾਗੀਰ ਦੀ ਜ਼ਬਤੀ ਦੇ ਹੁਕਮ ਜਾਰੀ ਹੋ ਗਏ। ਸਰਦਾਰ ਕੋਲ ਬਗਾਵਤ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ। ਉਸ ਨੇ ਬਗਾਵਤ ਦਾ ਐਲਾਨ ਕਰ ਦਿਤਾ ਅਤੇ ਇਸ ਦੀ ਸੂਚਨਾ ਆਪਣੇ ਪੁੱਤਰ ਰਾਜਾ ਸ਼ੇਰ ਸਿੰਘ ਨੂੰ ਦੇ ਦਿਤੀ।
ਰਾਜਾ ਸ਼ੇਰ ਸਿੰਘ ਬੇਸ਼ਕ ਅੰਗਰੇਜ਼ ਪੱਖੀ ਜਰਨੈਲ ਮੰਨਿਆਂ ਜਾਂਦਾ ਸੀ। ਉਸ ਨੇ ਦੀਵਾਨ ਮੂਲ ਰਾਜ ਦੀ ਬਗਾਵਤ ਨੂੰ ਕੁਚਲਣ ਲਈ ਵੀ ਪੂਰਾ ਜ਼ੋਰ ਲਾਇਆ ਸੀ। ਉਸ ਦੇ ਸੈਨਿਕ ਵੀ ਉਸ ਦੀ ਅੰਗਰੇਜ਼-ਪ੍ਰਸਤੀ ਤੋਂ ਨਾਖੁਸ਼ ਸਨ ਪਰ ਪਰਿਵਾਰਕ ਸਬੰਧਾਂ ਕਾਰਣ ਰਾਜਾ ਸ਼ੇਰ ਸਿੰਘ ਕੋਲ ਬਹੁਤੇ ਵਿਕਲਪ ਨਹੀਂ ਸਨ। ਪਿਤਾ ਦੀ ਬਗਾਵਤ ਦੀ ਜਾਣਕਾਰੀ ਮਿਲਦਿਆਂ ਹੀ ਉਸ ਆਪਣੇ ਭਰਾ ਨੂੰ ਲਾਹੌਰ ਚਿੱਠੀ ਲਿਖੀ, ''.....ਮੈਂ ਪਿਤਾ ਜੀ ਨਾਲ ਮਿਲਣ ਦਾ ਪ੍ਰਣ ਕੀਤਾ ਹੈ। ਜੇ ਪਿਤਾ ਜੀ ਦੀ ਆਗਿਆ ਅਤੇ ਮੇਰੀ ਸਲਾਹ ਦੀ ਤੈਨੂੰ ਕੁਝ ਪ੍ਰਵਾਹ ਹੋਵੇ ਤਾਂ ਚਿੱਠੀ ਮਿਲਦਿਆਂ ਹੀ ਪਿਤਾ ਜੀ ਕੋਲ ਪਹੁੰਚ ਜਾਣਾ। ਜੇ ਨਹੀਂ ਤਾਂ ਜੰਮੂ ਜਾਂ ਕਿਸੇ ਹੋਰ ਥਾਂ ਚਲੇ ਜਾਣਾ । ਇਸ ਕੰਮ ਵਿਚ ਢਿੱਲ ਨਹੀਂ ਕਰਨੀ। ਚੇਤੇ ਰਖਣਾ ਕਿ ਪਿਤਾ ਦੀ ਆਗਿਆ ਮੰਨਣੀ ਔਲਾਦ ਦਾ ਧਰਮ ਹੈ।...."
14 ਸਤੰਬਰ, 1848 ਦੇ ਦਿਨ ਰਾਜਾ ਸ਼ੇਰ ਸਿੰਘ ਨੇ ਵੀ ਬਗਾਵਤ ਦਾ ਐਲਾਨ ਕਰ ਦਿਤਾ । ਇਸ ਲਈ ਬਹਾਨਾ ਮਹਾਰਾਣੀ ਜਿੰਦਾਂ ਨਾਲ ਅੰਗਰੇਜ਼ਾਂ ਵਲੋਂ ਕੀਤੇ ਗਏ ਸਲੂਕ ਨੂੰ ਬਣਾਇਆ ਗਿਆ। ਬਗਾਵਤ ਦੇ ਐਲਾਨ ਪਿਛੋਂ ਉਸ ਨੇ ਦੀਵਾਨ ਮੂਲ ਰਾਜ ਨਾਲ ਮਿਲਣ ਦਾ ਯਤਨ ਵੀ ਕੀਤਾ ਪਰ ਸ਼ੇਰ ਸਿੰਘ ਦੇ ਪਿਛਲੇ ਕਿਰਦਾਰ ਕਾਰਣ ਉਸ ਤੇ ਕੋਈ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਸੀ।
ਬਗਾਵਤ ਪਿਛੋਂ ਰਾਜਾ ਸ਼ੇਰ ਸਿੰਘ ਬਹੁਤ ਸਾਰੇ ਬਾਗੀਆਂ ਨੂੰ ਲੈ ਕੇ ਲਾਹੌਰ ਵਲ ਵਧਿਆ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਅੰਗਰੇਜ਼ ਸੈਨਾਪਤੀ ਲਾਰਡ ਗਫ਼ ਲਾਹੌਰ ਪਹੁੰਚ ਗਿਆ। ਤਿੰਨ ਦਿਨ ਲਾਹੌਰ ਠਹਿਰ ਕੇ ਉਸ ਲਾਹੌਰ ਦਰਬਾਰ ਦਾ ਮੂਡ ਵੇਖਿਆ, ਆਪਣੇ ਲਈ ਸਹਾਇਤਾ ਦੀ ਅਪੀਲ ਕੀਤੀ ਅਤੇ 16 ਨਵੰਬਰ 1848 ਨੂੰ ਉਹ ਰਾਵੀ ਟੱਪ ਕੇ ਰਾਜਾ ਸ਼ੇਰ ਸਿੰਘ ਵਲ ਵਧਿਆ। 22 ਨਵੰਬਰ ਦੇ ਦਿਨ ਦੋਵਾਂ ਦੀਆਂ ਫੌਜਾਂ ਆਪਸ ਵਿਚ ਟਕਰਾਈਆਂ। ਅੰਗਰੇਜ਼ਾਂ ਨੂੰ ਲੱਕ ਤੋੜਵੀਂ ਹਾਰ ਹੋਈ।
ਸਮਕਾਲੀ ਸਰੋਕਾਰ .
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਅਦਬ ਸਤਿਕਾਰ ਅਤੇ ਸੇਵਾ ਸੰਭਾਲ
ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(2)
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਤੋਂ ਕਰਵਾਈ। ਉਸ ਸਮੇਂ ਪ੍ਰਿਟਿੰਗ ਪ੍ਰੈਸਾਂ ਨਹੀਂ ਸਨ ਹੁੰਦੀਆਂ। ਲਿਖਤਾਂ ਦੇ ਉਤਾਰੇ ਦੁਬਾਰਾ ਲਿਖ ਕੇ ਹੀ ਕਰਨੇ ਪੈਂਦੇ ਸਨ। ਪੋਥੀ ਸਾਹਿਬ ਦੀ ਸੰਪਾਦਨਾ ਸਮੇਂ ਚਾਰ ਉਤਾਰੇ ਕੀਤੇ ਜਾਣ ਦਾ ਉਲੇਖ ਕਈ ਥਾਈਂ ਮਿਲਦਾ ਹੈ। ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ ਬੀੜ ਨੂੰ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿਖੇ ਸਥਾਪਤ ਕਰਵਾ ਦਿਤਾ ਸੀ। ਸਮੇਂ ਦੇ ਗੇੜ ਨਾਲ ਇਹ ਬੀੜ ਕਰਤਾਰਪੁਰ ਪਹੁੰਚ ਗਈ ਜਿਸ ਕਾਰਣ ਇਸ ਨੂੰ ''ਕਰਤਾਰਪੁਰ ਵਾਲੀ ਬੀੜ" ਕਿਹਾ ਜਾਣ ਲਗਾ। ਇਸ ਬੀੜ ਦੇ ਆਪਣੇ ਕੋਲ ਹੋਣ ਨੂੰ ਧੀਰਮਲੀਏ ਵੀ ਆਪਣੇ ਗੁਰਗੱਦੀ ਦੇ ਮਾਲਕ ਹੋਣ ਦਾ ਆਧਾਰ ਦਸਦੇ ਰਹੇ ਹਨ।
ਦਸਿਆ ਜਾਂਦਾ ਹੈ ਕਿ ਗੁਰੂ ਲਾਧੋ ਰੇ ਵਾਲੀ ਘਟਨਾ ਪਿਛੋਂ ਧੀਰ ਮੱਲ ਦਾ ਲੱਠਮਾਰਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ ਉਤੇ ਹਮਲਾ ਕੀਤਾ ਅਤੇ ਬਹੁਤ ਸਾਰਾ ਸਾਮਾਨ ਲੁੱਟ ਕੇ ਲੈ ਗਏ। ਜਵਾਬੀ ਕਾਰਵਾਈ ਕਰਦਿਆਂ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਉਸ ਦੇ ਸਾਥੀਆਂ ਨੇ ਧੀਰ ਮੱਲ ਦੇ ਡੇਰੇ ਹਮਲਾ ਕੀਤਾ ਅਤੇ ਗੁਰੂ ਜੀ ਦੇ ਸਾਮਾਨ ਤੋਂ ਬਿਨਾਂ ਵੀ ਬਹੁਤ ਸਾਰਾ ਸਾਮਾਨ ਉੱਠਾ ਕੇ ਲੈ ਆਏ। ਇਸ ਸਾਮਾਨ ਵਿਚ ਕਰਤਾਰਪੁਰੀ ਬੀੜ ਵੀ ਸੀ। ਗੁਰੂ ਜੀ ਦੇ ਹੁਕਮ ਅਨੁਸਾਰ ਸਾਰਾ ਸਾਮਾਨ ਧੀਰ ਮੱਲ ਨੂੰ ਵਾਪਸ ਕਰ ਦਿਤਾ ਗਿਆ। ਕਰਤਾਰਪੁਰ ਵਾਲੀ ਬੀੜ ਦੀ ਵਾਪਸੀ ਸਬੰਧੀ ਕਈ ਮੱਤ ਪ੍ਰਚਲਤ ਹਨ ਪਰ ਸਿੱਖ ਮਾਨਤਾਵਾਂ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਨੌਵੇਂ ਪਾਤਸ਼ਾਹ ਦੀ ਬਾਣੀ ਪੋਥੀ ਸਾਹਿਬ ਵਿਚ ਚੜਾਉਣ ਦਾ ਹੁਕਮ ਦਿਤਾ ਤਾਂ ਇਹ ਬੀੜ ਜਾਂ ਇਸ ਦਾ ਕੋਈ ਉਤਾਰਾ ਉਥੇ ਨਹੀਂ ਸੀ। ਗੁਰੂ ਜੀ ਨੇ ਧੀਰ ਮੱਲ ਕੋਲ ਸਿੰਘ ਭੇਜੇ ਪਰ ਉਸ ਨੇ ਬੀੜ ਦੇਣੋਂ ਮਨ੍ਹਾਂ ਕਰ ਦਿਤਾ। ਇਸ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਦਭੁਤ ਯਾਦ ਸ਼ਕਤੀ ਦੀ ਵਰਤੋਂ ਕਰਦਿਆਂ ਬਾਣੀ ਲਿਖਵਾਈ। ਇਸ ਤਰ੍ਹਾਂ ਜੋ ਬੀੜ ਤਿਆਰ ਹੋਈ, ਉਸ ਨੂੰ ਦਮਦਮੀਂ ਬੀੜ ਕਿਹਾ ਜਾਂਦਾ ਹੈ।
ਉਪਰੋਕਤ ਕਿਦੰਤੀ ਨੂੰ ਅੱਜ ਮਾਨਤਾ ਨਹੀਂ ਮਿਲਦੀ ਕਿਉਂਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸਾਰਾ ਕਾਰਜ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਕਰ ਲਿਆ ਸੀ। ਉਂਝ ਸਿੱਖ ਸੰਗਤਾਂ ਦਾ ਵਿਸ਼ਵਾਸ਼ ਹੈ ਕਿ ਦਮਦਮੀਂ ਬੀੜ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਨੇ ਕੀਤੇ ਅਤੇ ਚਾਰਾਂ ਤਖਤਾਂ ਨੂੰ ਭੇਜੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ) ਦੇ ਉਤਾਰੇ ਕਰਨਾ ਬੜਾ ਲੰਬਾ ਅਤੇ ਮਿਹਨਤ ਦਾ ਕਾਰਜ ਹੈ ਅਤੇ ਬਹੁਤ ਥੋੜੇ ਉਤਾਰੇਕਾਰਾਂ ਅਜਿਹਾ ਕਰਨ ਦੀ ਹਿੰਮਤ ਕੀਤੀ ਹੋਇਗੀ ਪਰ ਹੁਣ ਤਕ ਸੈਂਕੜੇ ਉਤਾਰੇ ਦੇਸ਼ ਵਿਦੇਸ਼ ਦੀਆਂ ਲਾਇਬਰੇਰੀਆਂ ਅਤੇ ਹੋਰ ਸਥਾਨਾਂ ਤੋਂ ਮਿਲੇ ਹਨ ਜਿਥੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਉਤਾਰੇ ਹੀ ਨਹੀਂ ਹੋਏ, ਅੱਖਰ ਜੋੜ ਦੀਆਂ ਗਲਤੀਆਂ ਤੋਂ ਬਿਨਾਂ ਉਨ੍ਹਾਂ ਵਿਚ ਬਹੁਤ ਕੁਝ ਰਲਾ ਵੀ ਦਿਤਾ ਗਿਆ ਹੈ। ਬਹੁਤ ਸਾਰੀਆਂ ਬੀੜਾਂ ਵਿਚ ਤਾਂ ਦੇਵੀ ਦੇਵਤਿਆਂ ਦੇ ਚਿੱਤਰ ਤਕ ਬਣੇ ਹੋਏ ਹਨ।
ਗੁਰੂ ਗ੍ਰੰਥ ਸਾਹਿਬ ਦੇ ਮੌਲਿਕ ਸਰੂਪ ਅੱਖਰ ਜੋੜਾਂ ਵਾਲੇ ਨਹੀਂ ਸਨ। ਪੱਦ-ਛੇਦ ਦਾ ਕਾਰਜ ਭਾਈ ਮਨੀ ਸਿੰਘ ਨੇ ਕੀਤਾ ਦਸਿਆ ਜਾਂਦਾ ਹੈ। ਬਹੁਤ ਸਾਰੇ ਸਿੱਖਾਂ ਵਿਚ ਪ੍ਰਚਲਤ ਹੈ ਕਿ ਭਾਈ ਮਨੀ ਸਿੰਘ ਦਾ ਅੰਗ ਅੰਗ ਵੀ ਇਸੇ ਪੱਦ-ਛੇਦ ਦੇ ਕਾਰਜ ਕਾਰਨ ਮਿਲੇ ਸਰਾਪ ਦਾ ਨਤੀਜਾ ਸੀ। ਉਸ ਨੇ ਗੁਰਬਾਣੀ ਦੇ ਪੱਦ-ਛੇਦ ਕੀਤੇ, ਅਜਿਹਾ ਢੁਕਾ ਢੁਕਿਆ ਕਿ ਉਸ ਦੇ ਸਰੀਰ ਦੇ ਟੁਕੜੇ ਟੁਕੜੇ ਹੋ ਗਏ, ਅੰਗ ਅੰਗ ਕੱਟਿਆ ਗਿਆ।
ਗੁਰਮਤਿ ਵਿਰੋਧੀ ਵਿਚਾਰਾਂ ਨੂੰ ਅਸੀਂ ਇਹ ਦੱਸਣ ਲਈ ਪੇਸ਼ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਹੋਏ ਹਨ ਅਤੇ ਇਕ ਉਤਾਰੇ ਵਿਚ ਦੂਸਰੇ ਨਾਲੋਂ ਅੰਤਰ ਵੀ ਰਿਹਾ ਹੈ। ਏਸੇ ਤਰ੍ਹਾਂ ਗੁਰਬਾਣੀ ਦੇ ਅਰਥਾਂ ਵਿਚ ਵੀ ਅਨਰਥ ਹੁੰਦੇ ਰਹੇ ਹਨ। ਇਕ ਸਮਾਂ ਉਹ ਵੀ ਸੀ ਜਦੋਂ ਗੁਰਮਤਿ ਨੂੰ ਰਾਜ ਵਿਰੋਧੀ ਐਲਾਨਿਆ ਗਿਆ ਸੀ ਅਤੇ ਸਿੱਖਾਂ ਨੂੰ ਮਾਰਨ, ਫੜਾਉਣ ਲਈ ਇਨਾਮ ਮਿਲਦੇ ਸਨ। ਸਿੰਘ ਬੇਸ਼ਕ ਜੰਗਲਾਂ ਵਿਚ ਰਹੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਨਾਇਆ ਪਰ ਬਾਣੀ ਅਤੇ ਬਾਣੇ ਨੂੰ ਦਾਗ ਨਹੀਂ ਲਗਣ ਦਿਤਾ, ਗੁਰੂ ਗ੍ਰੰਥ ਸਾਹਿਬ ਦੀ ਬਾਦਸ਼ਾਹੀ ਸ਼ਾਨ ਬਰਕਰਾਰ ਰਖੀ। ਰਾਜ ਪਾਟ ਦੇ ਮਾਲਕ ਬਣ ਕੇ ਉਹ ਗੁਰੂ ਦੇ ਕਹਿਣੇ ਉਤੇ ਅਮਲ ਵਲੋਂ ਅਵੇਸਲੇ ਜ਼ਰੂਰ ਹੋਏ ਪਰ ਗੁਰੂ ਦੀ ਬਾਦਸ਼ਾਹੀ ਨੂੰ ਵੱਧ ਤੋਂ ਵੱਧ ਸਜਾਇਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਛਾਉਣੀਆਂ ਦੀ ਮਾਲਕੀ ਸੌਂਪੀ ਗਈ। ਗੁਰੂ ਦੇ ਦੁਆਰਿਆਂ ਨੂੰ ਸੋਨੇ-ਚਾਂਦੀ ਨਾਲ ਮੜ੍ਹਣ ਦੀ ਰਵਾਇਤ ਸ਼ੁਰੂ ਹੋਈ, ਜਗੀਰਾਂ ਲਾਈਆਂ ਗਈਆਂ। ਗੁਰੂ ਮਹਾਰਾਜ ਤਾ ਸਥਾਨ ਸ਼ੁਰੂ ਤੋਂ ਸਿੱਖ ਦਾ ਸਿਰ ਰਿਹਾ ਹੈ। ਸਿਰ ਦੇ ਕਟੇ ਜਾਣ ਤਕ ਗੁਰੂ ਸਾਹਿਬ ਦੀ ਸ਼ਾਨ ਬਰਕਰਾਰ ਰਖੀ ਗਈ।
ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਤੋਂ ਜਲਦੀ ਪਿਛੋਂ ਛਾਪਾ-ਖਾਨਾ ਆ ਗਿਆ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛਾਪੇ-ਖਾਨੇ ਦੇ ਰਸਤੇ ਇਕਸਾਰ ਅਤੇ ਖੂਬਸੂਰਤ ਬਨਾਉਣ ਵਿਚ ਦੇਰ ਨਹੀਂ ਲਾਈ। ਦੇਸ-ਪ੍ਰਦੇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਜਾਂਦੇ ਰਹੇ ਹਨ। ਮਜਾਲ ਹੈ, ਕਿਸੇ ਨੇ ਗੁਰੂ ਸਾਹਿਬ ਨੂੰ ਨਿਰਜੀਵ ਸਮਝਿਆ ਹੋਵੇ। ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਾਨੂੰਨ ਤਕ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਜੀਵ ਸਵੀਕਾਰਿਆ ਹੈ। ਕਿਸੇ ਵੀ ਗੁਰਦੁਆਰੇ ਦੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੁੰਦੀ ਹੈ। ਇਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟੱਲ ਵਾਲੀ ਥਾਂ ਸਥਾਪਤ ਕੀਤਾ ਹੈ।
ਪਰ ਅਫਸੋਸ, ਸਿੱਖੀ ਦੇ ਫੈਲਾਅ ਨੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਅਤੇ ਸੇਵਾ ਸੰਭਾਲ ਨੂੰ ਢਾਹ ਲਾਉਣ ਦੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।
(ਬਾਕੀ)
ਮਾਤਾ ਲਾਡਿਕੀ-11 .
ਤਪੱਸਿਆ ਲਈ ਤਿਆਰੀ
ਮਾਂ ਨੂੰ ਠੰਡੀ ਛਾਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਤੱਤੀ ਥਾਂ 'ਤੇ ਬਹਿਣ ਵੀ ਨਹੀਂ ਦਿੰਦੀ। ਛੋਟੇ ਬਾਲਕਾਂ ਬਾਰੇ ਤਾਂ ਮਾਂ ਦਾ ਵਤੀਰਾ ਇਹੀ ਮੰਨਿਆ ਜਾਂਦਾ ਹੈ ਕਿ ਉਹ ਬੱਚੇ ਵੱਲੋਂ ਪਿਸ਼ਾਬ ਨਾਲ ਗਿੱਲੀ ਕੀਤੇ ਬਿਸਤਰੇ ਵਾਲੇ ਥਾਂ ਉੱਤੇ ਖ਼ੁਦ ਲੇਟ ਜਾਂਦੀ ਹੈ ਪਰ ਬੱਚੇ ਨੂੰ ਸੁੱਕੀ ਥਾਂ ਹੀ ਮਿਲਦੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਆਪ ਭੁੱਖੀ ਰਹਿ ਕੇ ਵੀ ਮਾਂ ਬੱਚੇ ਦਾ ਪੇਟ ਭਰਦੀ ਹੈ। ਮਾਂ ਦੀ ਇਸ ਮਮਤਾ, ਪਿਆਰ ਨੂੰ ਬਹੁਤੇ ਮਨੁੱਖ ਸਾਰੀ ਉਮਰ ਲੱਭਦੇ ਰਹਿੰਦੇ ਹਨ। ਪਰ ਇਤਿਹਾਸ ਉਨ੍ਹਾਂ ਮਾਤਾਵਾਂ ਦਾ ਜ਼ਿਕਰ ਬੜੀ ਸ਼ਾਨ ਨਾਲ ਕਰਦਾ ਹੈ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੀ ਪਾਲਣਾ ਪੋਸਣਾ ਏਨੇ ਯੋਜਨਬੱਧ ਢੰਗ ਨਾਲ ਕੀਤੀ ਕਿ ਉਹ ਇਤਿਹਾਸ ਪੁਰਖ ਹੋ ਨਿਬੜੇ। ਮਾਤਾ ਲਾਡਿੱਕੀ ਇਨ੍ਹਾਂ ਮਾਵਾਂ ਵਿਚ ਸਿਰਮੌਰ ਰਹੀ।
ਮਾਤਾ ਲਾਡਿੱਕੀ ਦਾ ਪਹਿਲਾ ਫ਼ੈਸਲਾ ਦਿਆਲ ਨੂੰ ਆਪਣੀ ਇੱਕੋ ਇੱਕ ਸੰਤਾਨ ਰੱਖਣਾ ਦਾ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਧਿਆਨ, ਪਿਆਰ ਵੰਡਿਆ ਜਾਵੇ। ਉਸਨੇ ਅਕਾਲ ਪੁਰਖ ਦੀ ਦਿਆਲਤਾ ਨਾਲ ਪ੍ਰਾਪਤ ਹੋਏ ਪੁੱਤਰ ਨੂੰ ਗੁਰਮਤਿ ਦਾ ਅਜਿਹਾ ਪੈਰੋਕਾਰ ਬਨਾਉਣ ਦਾ ਦ੍ਰਿੜ ਨਿਸਚਾ ਕੀਤਾ ਹੋਇਆ ਸੀ ਜਿਸ ਕਹਿਣੀ ਅਤੇ ਕਰਨੀ ਵਿਚ ਫਰਕ ਨਾ ਹੋਵੇ। ਉਸ ਨੂੰ ਪਤਾ ਸੀ ਕਿ ਇਹ ਔਖਾ ਕਾਰਜ ਸੀ ਪਰ ਇਸੇ ਤਪੱਸਿਆ ਲਈ ਉਸ ਪੁੱਤਰ ਨੂੰ ਤਿਆਰ ਕਰਨਾ ਸੀ।
ਤਪੱਸਿਆ ਵਿਚ ਖਰਾ ਉਤਰਣ ਲਈ ਬਾਲਕ ਦਾ ਦ੍ਰਿੜ੍ਹ ਵਿਸ਼ਵਾਸ਼ੀ ਹੋਣਾ ਜ਼ਰੂਰੀ ਸੀ। ਦ੍ਰਿੜ੍ਹ ਵਿਸ਼ਵਾਸ਼ੀ ਕੇਵਲ ਆਤਮ ਨਿਰਭਰ ਵਿਆਕਤੀ ਹੀ ਹੋ ਸਕਦਾ ਹੈ। ਰੋ ਰੋ ਕੇ ਮੰਗਣ ਵਾਲਾ ਬਾਲਕ ਕਦੀ ਆਤਮ ਨਿਰਭਰ ਨਹੀਂ ਹੁੰਦਾ। ਇਸੇ ਲਈ ਬਚਪਨ ਵਿਚ ਰੋਂਦੇ ਰਹਿਣ ਵਾਲੇ ਬੱਚਿਆਂ ਵਿਚ ਆਤਮ ਵਿਸ਼ਵਾਸ਼ ਦੀ ਘਾਟ ਰਹਿੰਦੀ ਹੈ। ਮਾਤਾ ਨੇ ਫੈਸਲਾ ਲਿਆ ਕਿ ਦਿਆਲ ਘੱਟ ਤੋਂ ਘੱਟ ਰੋਏਗਾ। ਇਸ ਲਈ ਉਸ ਦਾ ਤੰਦਰੁਸਤ ਰਹਿਣਾ ਜ਼ਰੂਰੀ ਸੀ। ਉਸ ਲਈ ਸਮੇਂ ਸਿਰ ਦੁੱਧ ਦਿੱਤੇ ਜਾਣ ਦਾ ਨਿਸਚਾ ਕੀਤਾ ਗਿਆ। ਆਮ ਮਾਵਾਂ ਵਾਂਗ ਬੱਚੇ ਨੂੰ ਦੁੱਧ ਪਿਆਉਣ ਲਈ ਉਸ ਦੇ ਰੋਣ ਦੀ ਉਡੀਕ ਨਹੀਂ ਕੀਤੀ ਜਾਂਦੀ ਸੀ। ਮਾਤਾ ਨੇ ਪੁੱਤਰ ਨੂੰ ਭੁੱਖਾ ਹੋਣ ਦੀ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਦਿਆਲ ਆਪਣੇ ਵਿਚ ਪੂਰਾ ਖੁਸ਼ ਅਤੇ ਸੰਤੁਸ਼ਟ ਬਾਲਕ ਸੀ।
ਮਾਤਾ ਲਡਿੱਕੀ ਆਪਣੇ ਬਚਪਨ ਤੋਂ ਹੀ ਗੁਰਬਾਣੀ ਦੀ ਰਸਿਕਾ ਸੀ। ਨਿਤਨੇਮ ਕਰਨਾ ਤਾਂ ਪਰਿਵਾਰਕ ਪਰੰਪਰਾ ਦਾ ਹਿੱਸਾ ਸੀ ਪਰ ਲਾਡਿੱਕੀ ਆਪਣਾ ਕੰਮ ਕਾਰ ਕਰਦਿਆਂ ਵੀ ਗੁਰਬਾਣੀ ਦਾ ਉਚਾਰਣ ਕਰਦੀ ਰਹਿੰਦੀ ਸੀ। ਬਹੁਤੀ ਬਾਣੀ ਤਾਂ ਉਸ ਨੂੰ ਕੰਠ ਸੀ। ਸਵੇਰੇ ਲਏ ਮੁੱਖ ਵਾਕ ਨੁੰ ਉਹ ਸਾਰਾ ਦਿਨ ਮੁੱਖੋਂ ਉਚਾਰਦੀ ਰਹਿੰਦੀ ਸੀ ਅਤੇ ਇਸ ਦੇ ਅਰਥਾਂ ਨੂੰ ਵਿਚਾਰਦੀ ਰਹਿੰਦੀ। ਪੇਕੇ ਘਰ ਵੀ ਉਸ ਉਤੇ ਕੋਈ ਪਾਬੰਦੀ ਨਹੀਂ ਸੀ। ਉਸ ਕੋਲ ਪੋਥੀਆਂ ਸਨ, ਸਮਾਂ ਸੀ। ਸਹੁਰੇ ਆ ਕੇ ਉਸ ਨੂੰ ਜੋ ਇੱਕਲ ਮਿਲੀ, ਉਸਨੂੰ ਗੁਰਬਾਣੀ ਦੇ ਲੇਖੇ ਲਾਇਆ। ਮਾਂ ਬਨਣ ਪਿੱਛੋਂ ਉਸ ਵਿਚ ਇੱਕ ਹੋਰ ਵਾਧਾ ਹੋਇਆ, ਜਿਸ ਬਾਣੀ ਨੂੰ ਉਹ ਮੂੰਹ ਵਿਚ ਗੁਣਗੁਣਾਉਂਦੀ ਸੀ, ਹੁਣ ਉਸ ਨੁੰ ਥੋੜ੍ਹੀ ਉੱਚੀ ਆਵਾਜ਼ ਵਿਚ ਉਚਾਰਨ ਲੱਗ ਪਈ। ਬਾਲਕ ਦਿਆਲ ਦੇ ਕੰਨਾਂ ਵਿਚ ਸਦਾ ਮਾਂ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਤੁਕਾਂ ਹੀ ਪੈਂਦੀਆਂ ਸਨ। ਪੁੱਤਰ ਨੂੰ ਲਾਡ ਲਡਾਉਂਦੀ ਦੀਆਂ ਤੁਕਾਂ ਵਧੇਰੇ ਉੱਚੀ ਆਵਾਜ਼ ਵਿਚ ਹੋ ਜਾਂਦੀਆਂ। ਉਨ੍ਹਾਂ ਵਿਚਲਾ ਸੰਗੀਤ ਬਾਲਕ ਨੁੰ ਵਧੇਰੇ ਚੰਗਾ ਲੱਗਦਾ ਅਤੇ ਉਹ ਖਿੜਖਿੜਾ ਕੇ ਹੱਸਣ ਦੀ ਕੋਸ਼ਿਸ਼ ਕਰਦਾ। ਮਾਂ ਦੀਆਂ ਉਸ ਨਾਲ ਲਾਡਿਕੀਆਂ ਵਧਦੀਆਂ ਤਾਂ ਉਹ ਹੋਰ ਵਧੇਰੇ ਰਸ ਨਾਲ ਬਾਣੀ ਪੜ੍ਹਣ ਲੱਗਦੀ।
ਹੌਲੀ ਹੌਲੀ ਜੀਵਨ ਆਪਣੀ ਲੀਹ ਪੈ ਗਿਆ: ਮਾਤਾ ਲਾਡਿੱਕੀ ਨੇ ਸਵੇਰੇ ਸ਼ਾਮ ਦਾ ਨਿਤਨੇਮ ਸੰਭਾਲ ਲਿਆ। ਗੁਰਮੁਖੀ ਸਿੱਖਣ ਅਤੇ ਗੁਰਬਾਣੀ ਸੰਥਾ ਵਾਲੇ ਵੀ ਆਉਣੇ ਸ਼ੁਰੂ ਹੋ ਗਏ। ਪਰ ਮਾਤਾ ਦੇ ਰੁਝੇਵਿਆਂ ਨੇ ਬਾਲਕ ਵੱਲ ਧਿਆਨ ਵਿਚ ਕਮੀ ਨਹੀਂ ਆਉਣ ਦਿੱਤੀ। ਉਹ ਦਿਆਲ ਲਈ ਬਣਾਏ ਪੰਘੂੜੇ ਨੂੰ ਆਪਣੇ ਕੋਲ ਹੀ ਰੱਖਵਾ ਲੈਂਦੀ। ਜਿਹੜਾ ਵੀ ਕੋਈ ਬਾਲਕ ਨੂੰ ਚੁੱਕਣਾ ਚਾਹੁੰਦਾ, ਉਸਨੂੰ ਕਿਹਾ ਜਾਂਦਾ ਕਿ ਉਹ ਪਹਿਲਾਂ ਬਾਲਕ ਨੂੰ ਹੱਥ ਜੋੜ ਕੇ 'ਸਤਿ ਨਿਰੰਕਾਰ' ਉਚਾਰੇ। ਇੰਝ ਹੀ ਬਾਲਕ ਨੂੰ ਪੰਘੂੜੇ ਵਿਚ ਪਾਉਣ ਪਿੱਛੋਂ ਵੀ ਕਰੇ। ਸਵੇਰ ਸ਼ਾਮ ਦੀ ਚੌਕੀ ਸਮੇਂ ਵੀ ਬਾਲਕ ਦੀ ਹਾਜ਼ਰੀ ਨਿਸਚਿਤ ਹੋ ਗਈ। ਉਹ ਕਿਸੇ ਨਾ ਕਿਸੇ ਦੀ ਗੋਦ ਵਿਚ ਬੈਠਾ ਆਉਣ ਜਾਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਦੇਖਦਾ ਅਤੇ ਖੁਸ਼ ਹੁੰਦਾ। ਬੱਚੇ ਲਈ ਦੋ ਚਾਰ ਜਾਣੇ ਪਛਾਣੇਂ ਚਿਹਰੇ ਵੇਖ ਲੈਣੇ ਹੀ ਖੁਸ਼ੀ ਦਾ ਕਾਰਨ ਬਣ ਜਾਂਦੇ ਹਨ।
ਬੱਚੇ ਅਕਸਰ ਸਭ ਤੋਂ ਪਹਿਲਾਂ ਮਾਂ ਨੂੰ ਪਛਾਨਣਾ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਦੇ ਮੂੰਹੋਂ ਪਹਿਲੇ ਸ਼ਬਦ ਅਕਸਰ 'ਮਾਂ', 'ਮਾਤਾ' ਹੀ ਨਿਕਲਦੇ ਹਨ ਪਰ ਬਾਲਕ ਦਿਆਲ ਦੇ ਮੂਹੋਂ ਸਭ ਤੋਂ ਪਹਿਲਾ ਸ਼ਬਦ 'ਸਤਿ ਨਿਰੰਕਾਰ' ਹੀ ਨਿਕਲੇ। ''ਤੱਤ ਨੰਕਾਰ" ਬੋਲਦਿਆਂ ਉਹ 'ਸਤਿ ਨਿਰੰਕਾਰ!' ਉਚਾਰਣ ਲੱਗ ਪਿਆ। ਮਾਤਾ ਲਾਡਿੱਕੀ ਨੂੰ ਮਿਲਣ ਵਾਲਾ ਜੋ ਵੀ ਆਉਂਦਾ, ਉਹ ਬੱਚੇ ਨੂੰ ਹੱਥ ਜੋੜ ਕੇ 'ਸਤਿ ਨਿਰੰਕਾਰ' ਦਾ ਹੀ ਉਚਾਰਨ ਕਰਦੀ। ਇਸ ਸਮੇਂ ਉਹ ਅਕਸਰ ਪੁੱਤਰ ਦਾ ਮੂੰਹ ਚੁੰਮ ਲੈਂਦੀ। ਬਾਲਕ ਨੁੰ ਦੂਹਰੀ ਖੁਸ਼ੀ ਮਿਲਦੀ-ਇੱਕ ਮਿਲਣ ਵਾਲੇ ਦਾ ਸਤਿਕਾਰ ਅਤੇ ਦੂਸਰਾ ਮਾਂ ਦਾ ਪਿਆਰ। ਇਸ ਖੁਸ਼ੀ ਵਿਚ ਖੀਵਾ ਹੋਇਆ ਉਹ ਅਕਸਰ ਹੱਥ ਜੋੜ ਲੈਂਦਾ ਅਤੇ 'ਸਤਿ ਨਿਰੰਕਾਰ' ਉਚਾਰਨ ਦੀ ਕੋਸ਼ਿਸ਼ ਕਰਦਾ।
ਮਾਤਾ ਦੇ ਮੂੰਹ ਵਿਚ ਕੁਝ ਉਚਾਰਦੇ ਰਹਿਣ ਲਈ ਆਦਤ ਦਾ ਇਹ ਪਹਿਲਾ ਪ੍ਰਭਾਵ ਸੀ ਜੋ ਬਾਲਕ ਨੇ ਅਚੇਤ ਰੂਪ ਵਿਚ ਅਪਣਾ ਲਿਆ। ਜਦ ਰਿੜ੍ਹਣ ਦੀ ਜਾਂਚ ਸਿੱਖ ਲਵੇ ਤਾਂ ਪੰਘੂੜੇ ਵਿਚ ਲੇਟਣਾ ਬੱਚੇ ਲਈ ਔਖਾ ਹੋ ਜਾਂਦਾ ਹੈ। ਗੁਰਮੁਖੀ ਸਿੱਖਣ ਵਾਲੇ ਆਉਂਦੇ ਤਾਂ ਉਸ ਨੁੰ ਪੰਘੂੜੇ 'ਚੋਂ ਨਿਕਲ ਕੇ ਰਿੜ੍ਹਣ ਦੀ ਆਜ਼ਾਦੀ ਮਿਲ ਜਾਂਦੀ। ਏਧਰ ਉਧਰ ਘੁੰਮਦਾ ਡਿਗਦਾ ਬਾਲਕ ਕਦੀ ਕਿਸੇ ਕੋਲ ਜਾਂਦਾ, ਕਦੀ ਕਿਸੇ ਕੋਲ। ਜਿਸ ਕੋਲ ਵੀ ਜਾਂਦਾ, ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਉਸ ਨੁੰ ਹੱਥ ਜੋੜ ਕੇ 'ਸਤਿ ਨਿਰੰਕਾਰ' ਕਹਿ ਕੇ ਬੁਲਾਉਣ ਦਾ ਯਤਨ ਕਰ ਰਿਹਾ ਹੈ। ਮਾਤਾ ਲਾਡਿੱਕੀ ਲਈ ਵੱਡੀ ਤਸੱਲੀ ਵਾਲੀ ਗੱਲ ਸੀ ਕਿ ਉਸ ਦਾ ਪੁੱਤਰ ਮਾਂ ਦੇ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਸੀ।
ਬੱਚਿਆਂ ਨੂੰ ਖਰੂਦ ਕਰਨ ਦਾ ਸਬੱਬ ਮੰਨਦਿਆਂ, ਉਨ੍ਹਾਂ ਨੂੰ ਪੜ੍ਹਣ ਲਿਖਣ ਸਮੇਂ ਆਪਣੇ ਤੋਂ ਦੂਰ ਕਰਨ ਦਾ ਯਤਨ ਹੁੰਦਾ ਹੈ ਪਰ ਮਾਤਾ ਲਾਡਿੱਕੀ ਦਾ ਯਤਨ ਹੁੰਦਾ ਸੀ ਕਿ ਬਾਲਕ ਇਸ ਸਮੇਂ ਵੱਧ ਤੋਂ ਵੱਧ ਸਮਾਂ ਉਨ੍ਹਾਂ ਕੋਲ ਰਹੇ। ਜੇ ਉਹ ਸੁੱਤਾ ਨਾ ਹੁੰਦਾ ਤਾਂ ਉਹ ਪੁੱਤਰ ਨੁੰ ਗੋਦੀ ਵਿਚ ਬਿਠਾ ਲੈਂਦੀ। ਥੋੜ੍ਹੀ ਦੇਰ ਪਿੱਛੋਂ ਬਾਲਕ ਗੋਦ ਵਿਚੋਂ ਉਤਰ ਕੇ ਕਦੀ ਕਿਸੇ ਕੋਲ ਜਾਂਦਾ, ਕਦੀ ਕਿਸੇ ਕੋਲ। ਪੜ੍ਹਣ ਵਾਲਿਆਂ ਨੂੰ ਵੀ ਮਾਤਾ ਉਸ ਨਾਲ ਮਿਲਣੋਂ, ਖੇਲਣੋਂ ਮਨ੍ਹਾਂ ਨਹੀਂ ਸੀ ਕਰਦੀ। ਜਮਾਤਾਂ ਤਾਂ ਸਨ ਨਹੀਂ, ਇੱਕਲੇ ਇੱਕਲੇ ਨੇ ਪੜ੍ਹਣਾ, ਸਿੱਖਣਾ ਹੁੰਦਾ ਸੀ। ਬਾਲਕ ਨੂੰ ਕਿਸੇ ਕਦੇ ਰੋਂਦਾ ਨਹੀਂ ਵੇਖਿਆ ਸੀ। ਤੋੜ ਫੋੜ ਵੀ ਨਹੀਂ ਕਰਦਾ ਸੀ। ਇਸ ਤਰ੍ਹਾਂ ਉਹ ਪੜ੍ਹਣ ਲਿਖਣ ਵਾਲਿਆਂ ਦਾ ਇੱਕ ਹਿੱਸਾ ਹੀ ਬਣ ਗਿਆ।
ਇਹੀ ਵਤੀਰਾ ਗੁਰੂ ਗੰਥ ਸਾਹਿਬ ਜੀ ਦੇ ਸਵੇਰੇ ਸ਼ਾਮ ਪਾਠ ਸਮੇਂ ਅਪਣਾਇਆ ਗਿਆ। ਇੰਝ ਦੋ ਸਾਲ ਬੀਤ ਗਏ। ਗੋਦ ਵਿਚ ਚੁੱਕ ਕੇ ਲਿਆਂਦਾ ਜਾਣ ਵਾਲਾ ਬੱਚਾ ਹੁਣ ਚਲਣ ਫਿਰਨ ਲੱਗ ਪਿਆ ਸੀ। ਆਏ ਗਏ ਨੂੰ ਉਹ 'ਸਤਿ ਨਿਰੰਕਾਰ' ਕਹਿੰਦਿਆਂ ਹੱਥ ਜੋੜ ਕੇ ਨਮਸਕਾਰ ਕਰਦਾ। ਸਵੇਰੇ ਸ਼ਾਮ ਦੇ ਨਿਤਨੇਮ ਅਤੇ ਪੜ੍ਹਣ ਵਾਲਿਆਂ ਦੀ ਜਮਾਤਾਂ ਦਾ ਉਹ ਹਿੱਸਾ ਬਣਦਾ। ਗਹੁ ਨਾਲ ਉਹ ਆਪਣੀ ਮਾਂ ਅਤੇ ਪੜ੍ਹਣ ਵਾਲਿਆਂ ਦੇ ਚਿਹਰੇ ਨਿਹਾਰਦਾ ਜਿਵੇਂ ਕੁਝ ਵਿਸ਼ੇਸ਼ ਸਮਝਣ ਦਾ ਯਤਨ ਕਰ ਰਿਹਾ ਹੋਵੇ। ਕੁਝ ਮੋਟੇ ਮੋਟੇ ਵਾਕ, ਸ਼ਬਦਾਂ ਨੂੰ ਉਹ ਸਿੱਖ ਲੈਂਦਾ ਅਤੇ ਫਿਰ ਉਨ੍ਹਾਂ ਨੂੰ ਲਗਾਤਾਰ ਉਚਾਰਦਾ ਰਹਿੰਦਾ, ਕਦੇ ਹੌਲੀ, ਕਦੇ ਤੇਜ਼। ਆਪਣੀ ਮਾਤਾ ਲਾਡਿੱਕੀ ਦੀ ਲਗਾਤਾਰ ਕੁਝ ਬੁੜਬੁੜਾਉਂਦੇ ਰਹਿਣ ਦੀ ਆਦਤ ਬਾਲਕ ਦਿਆਲ ਨੇ ਪੂਰੀ ਤਰ੍ਹਾਂ ਅਪਣਾ ਲਈ ਸੀ। (ਬਾਕੀ)