rozanajanchetna@gmail.com21112020.

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:77, ਸ਼ਨੀਵਾਰ, 21 ਨਵੰਬਰ 2020.

  ਅੱਜ ਦਾ ਵਿਚਾਰ .

ਬੁਨਿਆਦੀ ਲੋੜਾਂ ਦੀ ਪੂਰਤੀ ਨਾ ਹੋਵੇ ਤਾਂ ਮਨੁੱਖ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਕੁਪੋਸ਼ਣ ਦਾ ਸ਼ਿਕਾਰ ਬੱਚੇ ਜੀਵਨ ਨੂੰ ਭਾਰ ਵਾਂਗ ਢੋਂਦੇ ਹਨ। ਕਮਜ਼ੋਰ ਸਰੀਰ, ਮੁਰਝਾਏ ਚਿਹਰਿਆਂ ਵਾਲੇ ਇਹ ਮਨੁੱਖ ਜੀਵਨ ਦੀ ਖੂਬਸੂਰਤੀ ਅਤੇ ਖੁਸ਼ੀਆਂ ਤੋਂ ਵਾਂਝੇ ਰਹਿੰਦੇ ਹਨ। ਆਪਣੀਆਂ ਅਤੇ ਆਪਣੇ ਉਤੇ ਨਿਰਭਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਾ ਕਰ ਸਕਣ ਲਈ ਝੂਰਦੇ ਰਹਿੰਦੇ ਹਨ- ਕਈ ਆਤਮਘਾਤ ਵੀ ਕਰ ਲੈਂਦੇ ਹਨ ਵਧੇਰੇ ਨਿਰਾਸ਼ ਅੱਤਵਾਦ ਦਾ ਸ਼ਿਕਾਰ ਬਣ, ਮਨੁੱਖਤਾ ਦੀਆਂ ਖੁਸ਼ੀਆਂ ਖੋਹਣ ਦੇ ਰਾਹ ਤੁਰ ਪੈਂਦੇ ਹਨ।

ਇਸ ਸਮੱਸਿਆ ਦਾ ਇਕੋ ਇਕ ਹੱਲ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਉਸ ਦੇ ਮੌਲਿਕ ਅਧਿਕਾਰ ਬਣਾ ਕੇ ਉਹਨਾਂ ਦੀ ਪੂਰਤੀ ਸਮਾਜ ਦੁਆਰਾ ਕੀਤਾ ਜਾਣਾ ਹੈ। ਜੋ ਜਨਮ ਲਵੇ, ਉਸ ਨੂੰ ਰੋਟੀ, ਕਪੜੇ ਅਤੇ ਮਕਾਨ ਦੀ ਚਿੰਤਾ ਨਹੀਂ ਹੋਣੀ ਚਾਹੀਦੀ।

  ਪੰਜਾਬ ਦਾ ਇਤਿਹਾਸ-10.

ਇਸ ਸਮੇਂ ਪੋਰਸ ਦਾ ਫੌਜ ਬਹੁਤ ਸ਼ਕਤੀਸ਼ਾਲੀ ਅਤੇ ਜਾਬਤੇ ਵਾਲੀ ਸੀ। ਪੋਰਸ ਨੂੰ ਆਪਣੀ ਸੈਨਿਕ ਸ਼ਕਤੀ ਉੱਤੇ ਇਤਨਾ ਭਰੋਸਾ ਸੀ ਕਿ ਉਹ ਸਿਕੰਦਰ ਨੂੰ ਅੱਗੇ ਵੱਧ ਕੇ ਉਸ ਨੂੰ ਇਰਾਨ ਦੇ ਵਿੱਚ ਹੀ ਹਰਾਉਣਾ ਚਾਹੁੰਦਾ ਸੀ। ਇਸ ਮਕਸਦ ਲਈ ਉਸਨੇ ਇਰਾਨ ਦੇ ਹਾਰੇ ਹੋਏ ਰਾਜਾ ਦਾਰਾ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਪਣੇ ਖੋਫ਼ਨਾਕ ਹਾਥੀਆਂ ਦਾ ਇਕ ਦਸਤਾ ਪੇਸ਼ਗੀ ਸਹਾਇਤਾ ਵਜੋਂ ਉਸ ਵੱਲ ਭੇਜ ਦਿੱਤਾ ਸੀ। ਪੋਰਸ ਨੇ ਦਾਰਾ ਦੀ ਪੂਰੀ ਤਿਆਰੀ ਹੋ ਜਾਣ ਬਾਅਦ ਆਪ ਵੀ ਆਪਣੀ ਪੰਜਾਬੀ ਸੈਨਾ ਨੂੰ ਲਾ ਕੇ ਉਧਰ ਰਵਾਨਾ ਹੋਣਾ ਸੀ।ਇਸ ਗੱਲ ਦੀ ਕਨਸੋਅ ਸਿਕੰਦਰ ਨੂੰ ਮਿਲ ਗਈ ਸੀ। ਸਿਕੰਦਰ ਨੇ ਬੜੀ ਤੇਜੀ ਨਾਲ ਪੋਰਸ ਦੇ ਹਾਥੀਆਂ ਦਾ ਦਸਤਾ ਦਾਰਾ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਤੇ ਪੋਰਸ ਦੇ ਆਪਣੀ ਫੌਜ ਨਾਲ ਤੁਰਨ ਤੋਂ ਪਹਿਲਾਂ ਹੀ, ਦਾਰਾ ਦੀ ਫੌਜ ਉਪਰ ਹਮਲਾ ਕਰਕੇ ਉਸਨੂੰ ਖ਼ਤਮ ਕਰ ਦਿੱਤਾਸੀ। ਦਾਰਾ ਇਸ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ। ਇਸ ਕਰਕੇ ਉਹ ਇਸ ਹਮਲੇ ਦੌਰਾਨ ਮਾਰਿਆ ਗਿਆ ਅਤੇ ਉਸ ਦੀ ਸੈਨਾ ਤਬਾਹ ਹੋ ਗਈ ਸੀ। ਪੋਰਸ ਦੀ ਸਕੀਮ ਧਰੀ-ਧਰਾਈ ਰਹਿ ਗਈ ਸੀ। ਹੁਣ ਦਾਰਾ ਨੂੰ ਖ਼ਤਮ ਕਰਨ ਤੋਂ ਬਾਅਦ ਸਿਕੰਦਰ ਦੇ ਸਾਹਮਣੇ ਸਿਰਫ਼ ਪੇਰਸ ਦੀ ਤਾਕਤ ਹੀ ਮੁੱਖ ਅੜਿਕਾ ਸੀ। ਏਸ਼ੀਆ ਨੂੰ ਪੂਰਨ ਰੂਪ ਵਿੱਚ ਫਤਿਹ ਕਰਨ ਲਈ ਉਸ ਲਈ ਪੇਰਸ ਨੂੰ ਹਰ ਹਾਲਤ ਵਿੱਚ ਹਰਾਉਣਾ ਜ਼ਰੂਰੀ ਸੀ। ਇਹ ਖ਼ਤਰਾ ਉਸ ਨੇ ਛੇਤੀ ਹੀ ਮੁੱਲ ਲੈ ਲਿਆ ਸੀ।

  ਸਿੱਖ ਇਤਿਹਾਸ ਵਿਚ ਅੱਜ.

21 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

= ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੇ ਵਰਤ ਰਖਿਆ (1961 ਈ.)

ਮਾਸਟਰ ਤਾਰਾ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਕੀਤੇ ਪ੍ਰਣ ਨੂੰ ਪੂਰਾ ਕੀਤੇ ਬਿਨਾਂ ਮਰਨਵਰਤ ਛੱਡਣ ਨੂੰ ਪੰਥਕ ਰਵਾਇਤਾਂ ਦਾ ਘਾਣ ਦਸਦਿਆਂ ਅਕਾਲੀ ਨੇਤਾ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਮਾਸਟਰ ਜੀ ਤੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਧਾਨਗੀਆਂ ਤੋਂ ਅਸਤੀਫ਼ਿਆਂ ਸਬੰਧੀ ਆਪਣੀ ਮੰਗ ਉਤੇ ਜ਼ੋਰ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਕ ਹਫ਼ਤੇ ਦਾ ਵਰਤ 21 ਨਵੰਬਰ, 1961 ਦੇ ਦਿਨ ਸ਼ੁਰੂ ਕੀਤਾ। ਸੱਤਾ ਦੀ ਲੜ੍ਹਾਈ ਵਿਚ ਮੁੱਦਿਆਂ ਨੂੰ ਧਰਮ ਦਾ ਸਿਧਾਂਤਕ ਚੋਲਾ ਪਹਿਨਾਉਣ ਦੇ ਇਸ ਯਤਨ ਪਿਛੇ ਅਕਾਲੀ ਨੇਤਾਵਾਂ ਦੇ ਅਹੁੱਦਿਆਂ ਨਾਲ ਚੰਬੜੇ ਰਹਿਣ ਦੀ ਮਾਨਸਿਕਤਾ ਕੰਮ ਕਰਦੀ ਦਿਖਾਈ ਦਿੰਦੀ ਹੈ। ਇਤਿਹਾਸ ਦੇ ਇਸ ਅੰਕ ਵਿੱਚ ਅਸੀਂ ਜਥੇਬੰਦੀ ਨਾਲ ਜੁੜੇ ਮੁੱਦਿਆਂ ਉਤੇ ਪਾਠਕਾਂ ਨਾਲ ਵਿਚਾਰ ਸਾਂਝੇ ਕਰਾਂਗੇ।

1920 ਤੋਂ ਸ਼ੁਰੂ ਹੋਏ ਸ਼ਾਂਤਮਈ ਅਕਾਲੀ ਮੋਰਚਿਆਂ ਵਿਚ 1960 ਈਸਵੀ ਵਿਚ ਇਕ ਤਬਦੀਲੀ ਉਸ ਸਮੇਂ ਹੋਈ ਜਦੋਂ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ ਮੋਰਚਾ ਲਾਈ ਬੈਠੇ ਸੰਤ ਫਤਹਿ ਸਿੰਘ ਨੇ ਐਲਾਨ ਕੀਤਾ, ''ਪੰਥ ਨੇ ਅਕਾਲੀ ਮੋਰਚਿਆਂ ਵਿਚ ਵੱਡੀਆਂ, ਫ਼ਖਰਯੋਗ ਕੁਰਬਾਨੀਆਂ ਕੀਤੀਆਂ ਹਨ। ਹਜ਼ਾਰਾਂ ਦੀਆਂ ਗ੍ਰਿਫ਼ਤਾਰੀਆਂ, ਲੱਖਾਂ ਦੇ ਜੁਰਮਾਨੇ, ਸੈਂਕੜਿਆਂ ਦੀਆਂ ਸ਼ਹੀਦੀਆਂ ! ਬਹੁਤ ਹੋ ਗਿਆ। ਹੁਣ ਲੀਡਰਾਂ ਦੀ ਵਾਰੀ ਹੈ। ਕੌਮ ਲੀਡਰਾਂ ਪਿਛੇ ਖੜ੍ਹੀ ਹੋਵੇ। ਹੁਣ ਲੀਡਰ ਕੁਰਬਾਨੀਆਂ ਕਰਨਗੇ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਹੁਣ ਮੈਂ ਮਰਾਂਗਾ।" ਉਸ 18 ਦਸੰਬਰ, 1960 ਦੇ ਦਿਨ ਸਿੱਖ ਪਰੰਪਰਾਵਾਂ ਅਨੁਸਾਰ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਵਿਚ ਅਰਦਾਸ ਕੀਤੀ ਕਿ ਪੰਜਾਬੀ ਸੂਬੇ ਦੀ ਮੰਗ ਮੰਨੇ ਜਾਣ ਤਕ ਮੈਂ ਅੰਨ ਦੀ ਵਰਤੋਂ ਨਹੀਂ ਕਰਾਂਗਾ। ਇਹ ਵੀਹਵੀਂ ਸਦੀ ਵਿਚ ਕਿਸੇ ਅਕਾਲੀ ਨੇਤਾ ਵਲੋਂ ਰਖਿਆ ਗਿਆ ਪਹਿਲਾ ਮਰਨਵਰਤ ਸੀ।

ਮਹਾਤਮਾ ਗਾਂਧੀ ਦੀ ਤਰਜ਼ ਉਤੇ ਮਰਨਵਰਤ ਰਖਣੇ ਸਿੱਖ ਪਰੰਪਰਾਵਾਂ ਲਈ ਔਖੇ ਹਨ। ਗਾਂਧੀ ਜੀ ਲਈ ਵਰਤ ਰਖਣਾ ਆਤਮਸ਼ੁੱਧੀ ਦਾ ਸਾਧਨ ਸੀ। ਉਹ ਕਟੱੜ ਹਿੰਦੂ ਸੀ ਪਰ ਆਪਣੀਆਂ ਮਾਨਤਾਵਾਂ ਨੂੰ ਉਸ ਧਰਮ ਦਾ ਚੋਲਾ ਨਹੀਂ ਪਹਿਨਾਇਆ। ਦਬਾਅ ਪਾਉਣ ਦੀ ਲੋੜ ਪਈ ਤਾਂ ਵਰਤ ਰਖ ਲਿਆ। ਦਬਾਅ ਕੰਮ ਕਰ ਗਿਆ ਤਾਂ ਵਰਤ ਛੱਡ ਦਿਤਾ। ਕਿਸੇ ਮੰਗ ਨੂੰ ਪੂਰਾ ਨਾ ਕਰਵਾ ਸਕਣਾ ਮਹਾਤਮਾ ਗਾਂਧੀ ਲਈ ਧਾਰਮਕ ਪੱਖੋਂ ਮਿਹਣਾ ਨਹੀਂ ਸੀ ਪਰ ਅਕਾਲੀ ਨੇਤਾਵਾਂ ਨੇ ਆਤਮ ਬਲੀਦਾਨ ਦੇ ਫੈਸਲੇ ਲੈਂਦਿਆਂ ਇਸ ਪੱਖ ਨੂੰ ਜਿਵੇਂ ਵਿਚਾਰਿਆ ਹੀ ਨਾ ਹੋਵੇ। ਉਨ੍ਹਾਂ ਹਰਿਮੰਦਰ ਸਾਹਿਬ ਪਰਿਸਰ ਵਿਚ ਸੰਗਤਾਂ ਦਾ ਇਕੱਠ ਕੀਤਾ, ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ, ਅਰਦਾਸੀਏ ਸਿੰਘ ਕੋਲੋਂ  ਅਰਦਾਸ ਕਰਵਾ ਕੇ ਮਰਨਵਰਤ ਸ਼ੁਰੂ ਕਰ ਦਿਤੇ। ਸਿੱਖ ਦੀ ਕੀਤੀ ਅਰਦਾਸ ਨੂੰ ਵਾਹਿਗੁਰੂ ਦੀ ਮਿਹਰ ਲਈ ਬੇਨਤੀ ਨਹੀਂ, ਆਪਣੇ ਸਿਰੜ ਦਾ ਵਾਅਦਾ ਮੰਨਿਆਂ ਜਾਂਦਾ ਹੈ। ਇਸ ਨੂੰ ਪ੍ਰਣ ਕਰਨ ਦਾ ਨਾਂ ਦਿਤਾ ਗਿਆ।

ਜਥਿਆਂ ਦੀ ਅਗਵਾਈ ਕਰਦਿਆਂ ਜੇਲ੍ਹਾਂ ਵਿਚ ਚਲਾ ਜਾਣਾ ਵੀ ਦੁਖਦਾਈ ਹੁੰਦਾ ਹੈ ਪਰ ਇਸ ਵਿਚ ਤਿਲ ਤਿਲ ਕਰਕੇ ਮਰਨ ਦੀ ਨੌਬਤ ਨਹੀਂ ਆਉਂਦੀ। ਜਦ ਭੁੱਖ ਨਾਲ ਮਰਨ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵੱਡੇ ਵੱਡੇ ਡੋਲ ਜਾਂਦੇ ਹਨ। ਸੰਤ ਫਤਿਹ ਸਿੰਘ ਨੇ ਇਸ ਪਰੰਪਰਾ ਨੂੰ ਸ਼ੁਰੂ ਕਰ ਲਿਆ ਪਰ ਪ੍ਰਾਪਤੀ ਦੇ ਨਾਂ 'ਤੇ ਉਸ ਨੂੰ ਵੀ ਕੁਝ ਨਹੀਂ ਮਿਲਿਆ। ਮਰਨ ਵਰਤ ਦੇ ਅਠਾਰਵੇਂ ਦਿਨ ਸਰਕਾਰ ਮਾਸਟਰ ਤਾਰਾ ਸਿੰਘ, ਜੋ ਧਰਮਸ਼ਾਲਾ ਜੇਲ੍ਹ ਵਿਚ ਬੰਦ ਸਨ, ਰਿਹਾ ਕਰ ਦਿਤਾ। ਮਾਸਟਰ ਜੀ ਨੇ ਪ੍ਰਧਾਨ ਮੰਤਰੀ ਨਾਲ ਗਲਬਾਤ ਕੀਤੀ ਅਤੇ ਸੰਤ ਫਤਹਿ ਸਿੰਘ ਦਾ ਮਰਨਵਰਤ ਬਿਨਾਂ ਕੁਝ ਪ੍ਰਾਪਤ ਕੀਤੇ ਛੁਡਵਾ ਦਿਤਾ ਗਿਆ। ਹਾਲਾਤ ਅਜਿਹੇ ਬਣੇ ਕਿ ਮਾਸਟਰ ਤਾਰਾ ਸਿੰਘ ਨੂੰ ਖੁਦ 15 ਅਗਸਤ, 1961 ਦੇ ਦਿਨ ਮਰਨਵਰਤ ਲਈ ਬੈਠਣਾ ਪਿਆ। ਜੇ ਸੰਤ ਫਤਹਿ ਸਿੰਘ ਆਪਣੀ ਅਰਦਾਸ ਨੂੰ ਨਿਭਾਅ ਜਾਂਦਾ ਤਾਂ ਮਰਨਵਰਤਾਂ ਦਾ ਕੁਝ ਅਰਥ ਨਿਕਲਦਾ। ਬਹਾਨੇ ਕੁਝ ਵੀ ਬਣਾਏ ਜਾਣ, ਸੰਤ ਜੀ ਵਲੋਂ ਬਿਨਾਂ ਕੁਝ ਪ੍ਰਾਪਤ ਕੀਤੇ ਵਰਤ ਛੱਡ ਦੇਣ ਨਾਲ ਕੇਂਦਰ ਸਰਕਾਰ ਵਿਰੁੱਧ ਵਰਤਿਆ ਜਾਣ ਵਾਲਾ ਇਹ ਹਥਿਆਰ ਖੁੰਡਾ ਹੋ ਗਿਆ ਸੀ।

ਮਾਸਟਰ ਜੀ ਦੇ ਵਰਤ ਨੂੰ ਵੀ ਕਿਸੇ ਗੰਭੀਰਤਾ ਨਾਲ ਨਹੀਂ ਲਿਆ। ''ਆਏ ਭੀ ਵੋਹ, ਗਏ ਭੀ ਵੋਹ । ਖ਼ਤਮ ਫਸਾਨਾ ਹੋ ਗਿਆ!" ਮਾਸਟਰ ਤਾਰਾ ਸਿੰਘ ਜੀ ਨੇ ਵੀ ਬਿਨਾਂ ਕੁਝ ਲਏ ਮਰਨਵਰਤ ਛੱਡ ਦਿਤਾ। ਸਿੱਖ ਪਰੰਪਰਾਵਾਂ ਅਨੁਸਾਰ ਇਹ ਗੰਭੀਰ ਮੁੱਦਾ ਸੀ। ਸਾਧਾਰਨ ਸਿੱਖ ਕੋਲੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਚਨ ਦਾ ਪੱਕਾ ਰਹੇਗਾ। ਆਪਣੀ ਜਾਨ ਬਚਾਉਣ ਲਈ ਕੀਤੇ ਬਚਨ ਤੋਂ ਮੁਕਰਨ ਵਾਲੇ ਨੂੰ ਸਿੱਖ ਪੰਥ ਗੀਦੀ ਮੰਨਦਾ ਹੈ। ਮਾਸਟਰ ਤਾਰਾ ਸਿੰਘ ਵਰਗੇ ਲੀਡਰ ਜੋ ਸਾਰੀ ਉਮਰ ''ਮੈਂ ਮਰਾਂ, ਪੰਥ ਜੀਵੇ" ਦੇ ਨਾਅਰੇ ਲਾਉਂਦਾ ਰਿਹਾ ਹੋਵੇ, ਕੋਲੋਂ ਕੋਈ ਇਹ ਉਮੀਦ ਨਹੀਂ ਕਰਦਾ ਸੀ ਕਿ ਉਹ ਬਿਨਾਂ ਕੁਝ ਪ੍ਰਾਪਤ ਕੀਤੇ ਆਪਣੇ ਪ੍ਰਣ ਨੂੰ ਤੋੜੇਗਾ।

ਅਜਿਹਾ ਕਰਨ ਦੇ ਗੰਭੀਰ ਨਤੀਜੇ ਨਿਕਲਣੇ ਸੁਭਾਵਕ ਸਨ। ਮਾਸਟਰ ਜੀ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਤਾਂ ਜਾਨ ਬਚਾ ਕੇ ਚੁੱਪਚਾਪ ਘਰ ਬੈਠ ਜਾਂਦੇ ਪਰ ਰਾਜਸੀ ਲੀਡਰ ਤਦ ਤਕ ਸੱਤਾ ਤੋਂ ਵੱਖਰੇ ਨਹੀਂ ਹੁੰਦੇ ਜਦ ਤਕ ਉਨ੍ਹਾਂ ਨੂੰ ਧੂਹ ਕੇ ਬਾਹਰ ਨਹੀਂ ਕਰ ਦਿਤਾ ਜਾਂਦਾ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਦੇ ਪ੍ਰਧਾਨ ਸਨ। ਉਨ੍ਹਾਂ ਕੋਲੋਂ ਅਸਤੀਫਿਆਂ ਦੀ ਮੰਗ ਹੋਈ, ਹੋਣੀ ਹੀ ਸੀ ਪਰ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਜ਼ੋਰ ਦੇ ਕੇ ਕਿਹਾ, ਉਨ੍ਹਾਂ ਨੂੰ ਮਾਸਟਰ ਜੀ ਨੇ ਅਕਾਲੀ ਦਲ ਵਿਚੋਂ ਕੱਢ ਦਿਤਾ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਕਾਲੀ ਦਲ ਵਿਚੋਂ ਮੁਅੱਤਲ ਹੋਣ ਵਾਲਿਆਂ ਵਿਚ ਸ਼ਾਮਲ ਸੀ।

ਏਥੇ ਵਿਚਾਰਣਯੋਗ ਮੁੱਦਾ ਇਹੀ ਹੈ ਕਿ ਲੀਡਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਬੂਲਦੇ ਕਿਉਂ ਨਹੀਂ ? ਕਿਉਂ ਉਹ ਆਪਣੀਆਂ ਅਸਫ਼ਲਤਾਵਾਂ ਨੂੰ ਕਬੂਲਦੇ ਹੋਏ ਸਫ਼ਲਤਾ ਲਈ ਯਤਨ ਕਰਨ ਵਾਲਿਆਂ ਲਈ ਥਾਂ ਬਣਾਉਂਦੇ ? ਕਿਉਂ ਉਨ੍ਹਾਂ ਨੂੰ ਇਹ ਜਾਪਦਾ ਹੈ ਕਿ ਕੌਮ ਦੀ ਧੁਰੀ ਉਨ੍ਹਾਂ ਦੁਆਲੇ ਹੀ ਘੁੰਮਦੀ ਹੈ, ਉਨ੍ਹਾਂ ਬਿਨਾਂ ਸਭ ਕੁਝ ਫਨਾਹ ਹੋ ਜਾਇਗਾ ? ਕੋਈ ਸਦਾ ਲਈ ਏਥੇ ਰਿਹਾ ਹੈ ?

ਮਾਸਟਰ ਤਾਰਾ ਸਿੰਘ ਗੁਣਵਾਨ ਪੁਰਸ਼ ਸਨ, ਉਹ ਗੁਣਾਂ ਦੇ ਗੁਥਲੇ ਸਨ।

ਸਭ ਤੋਂ ਪਹਿਲਾਂ ਉਹ ਪੜ੍ਹੇ ਲਿਖੇ, ਸੂਝਵਾਨ ਵਿਅਕਤੀ ਸਨ। 1908 ਵਿਚ ਜਦੋਂ ਪੰਥਕ ਮਾਮਲਿਆਂ ਵਿਚ ਦਿਲਚਸਪੀ ਲੈਣ ਲਗੇ, ਬਹੁਤ ਥੋੜੇ ਸਿੱਖ ਪੜ੍ਹਣਾ ਲਿਖਣਾ ਜਾਣਦੇ ਸਨ। ਮਾਸਟਰ ਜੀ ਉਸ ਸਮੇਂ ਦੇ ਗ੍ਰੈਜੂਏਟ ਸਨ। ਸਮੁੱਚੀ ਲੀਡਰਸ਼ਿਪ ਵਿਚ ਮਾਸਟਰ ਜੀ ਵਰਗੇ ਪੰਜ ਚਾਰ ਪੜ੍ਹੇ ਲਿਖੇ ਸਿੱਖ ਸਨ।

ਉਨ੍ਹਾਂ ਵਿਚ ਕੁਰਬਾਨੀ ਦਾ ਜਜ਼ਬਾ ਸੀ। 15 ਰੁਪੈ ਮਾਸਕ ਤਨਖ਼ਾਹ ਲੈ ਕੇ ਉਨ੍ਹਾਂ ਖਾਲਸਾ ਸਕੂਲਾਂ ਵਿਚ ਮਾਸਟਰੀ ਅਤੇ ਹੈੱਡਮਾਸਟਰੀ ਕੀਤੀ ਤਾਕਿ ਵਿਦਿਅਕ ਲਹਿਰ ਨੂੰ ਪ੍ਰਫੁਲਤ ਕੀਤਾ ਜਾ ਸਕੇ। 1926 ਤੋਂ ਹੀ ਪਹਿਲੀ ਕਤਾਰ ਦੇ ਲੀਡਰਾਂ ਵਿਚ ਸਨ ਪਰ ਸਾਰੀ ਉਮਰ ਉਹ ਸਰਕਾਰੀ ਪਦਵੀ ਦੇ ਲਾਲਚ ਵਿਚ ਨਹੀਂ ਪਏ ਅਤੇ ਨਾ ਹੀ ਧਨ ਜੋੜਣ ਲਈ ਉਨ੍ਹਾਂ ਗੈਰ ਸਮਾਜੀ ਰਸਤੇ ਅਪਣਾਏ।

ਉਨ੍ਹਾਂ ਕੋਲ ਵਿਚਾਰਾਂ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਅਸਧਾਰਨ ਸਮਰਥਾ ਸੀ । ਸਾਰੀ ਉਮਰ ਉਹ ਅਖ਼ਬਾਰਾਂ ਨੂੰ ਮਾਧਿਅਮ ਬਣਾ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ। ਅਕਾਲੀ, ਅਕਾਲੀ ਅਤੇ ਪ੍ਰਦੇਸੀ, ਅਜੀਤ, ਜਥੇਦਾਰ, ਸੰਤ ਸਿਪਾਹੀ ਵਰਗੇ ਅਖ਼ਬਾਰ ਅਤੇ ਰਸਾਲੇ ਸਿੱਖ ਪੰਥ ਨੂੰ ਉਨ੍ਹਾਂ ਦੀ ਅਮੋਲਕ ਦੇਣ ਹਨ। ਉਨ੍ਹਾਂ ਦੇ ਬਹੁਤ ਸਾਰੇ ਲੇਖ ਮਾਸਟਰ ਜੀ ਦੀ ਮੂੰਹ ਬੋਲਦੀ ਤਸਵੀਰ ਹਨ।

ਉਹ ਆਪਣੀ ਧੁਨ ਦੇ ਪੱਕੇ ਸਨ। ਉਨ੍ਹਾਂ ਨੇ ਲਗਭਗ ਅੱਧੀ ਸਦੀ ਦਾ ਸਮਾਂ ਪਬਲਿਕ ਜੀਵਨ ਵਿਚ ਬਿਤਾਇਆ, ਬਹੁਤ ਸਾਰੇ ਲੋਕ ਉਨ੍ਹਾਂ ਨਾਲ ਜੁੱੜੇ ਅਤੇ ਆਪਣੇ ਮਕਸਦ ਪੂਰੇ ਕਰਕੇ ਜਾਂ ਇੰਨ੍ਹਾਂ ਨੂੰ ਪੂਰਿਆਂ ਕਰਨ ਲਈ ਮਾਸਟਰ ਜੀ ਨੂੰ ਵਿਚੇ ਛੱਡ ਗਏ ਪਰ ਉਨ੍ਹਾਂ ਹਾਰ ਨਹੀਂ ਮੰਨੀ। ਆਪਣੇ ਵਿਚਾਰਾਂ ਤੋਂ ਵੀ ਪਿਛੇ ਨਹੀਂ ਹਟੇ।

ਮਾਸਟਰ ਜੀ ਵਿਚ ਅੰਤਾਂ ਦੀ ਦਲੇਰੀ ਸੀ। ਉਹ ਆਪਣੇ ਮਨ ਦੀ ਗੱਲ ਬੜੀ ਸਪਸ਼ਟਤਾ ਨਾਲ ਬੇਬਾਕ ਹੋ ਕੇ ਕਹਿ ਦਿੰਦੇ ਸਨ ਪਰ ਇਕ ਪਾਸੇ ਉਹ ਕੰਨਾਂ ਦੇ ਕੱਚੇ ਸਨ, ਦੂਸਰਿਆਂ ਦੀਆਂ ਗੱਲਾਂ ਵਿਚ ਆਸਾਨੀ ਨਾਲ ਆ ਜਾਂਦੇ ਸਨ ਅਤੇ ਦੂਜੇ ਪਾਸੇ ਆਪਣੀ ਪ੍ਰਮੁੱਖਤਾ ਨੂੰ ਉਨ੍ਹਾਂ ਸਦਾ ਸਾਹਮਣੇ ਰਖਿਆ। ਇਹ ਪ੍ਰਮੁੱਖਤਾ ਵਿਚਾਰਾਂ ਦੀ ਵੀ ਸੀ ਅਤੇ ਵਿਅਕਤੀਗਤ ਵੀ। 1926 ਵਿਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਣੇ1962 ਤਕ ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਆਪਣੀ ਮਰਜ਼ੀ ਨਾਲ ਨਹੀਂ ਛੱਡੀ। ਉਨ੍ਹਾ ਦੇ ਬਹੁਤ ਸਾਰੇ ਸਾਥੀ ਅਜਿਹੇ ਸਨ ਜਿੰਨ੍ਹਾਂ ਮਾਸਟਰ ਜੀ ਦੀਆਂ ਲੱਤਾਂ ਨੂੰ ਹਰ ਸਮੇਂ ਖਿਚਿਆ ਜਿਸ ਕਾਰਣ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਛੱਡਣਾ ਪਿਆ। ਇੰਝ ਹੀ ਉਨ੍ਹਾਂ ਅਕਾਲੀ ਦਲ ਨੂੰ ਸਦਾ ਆਪਣੀ ਜੇਬੀ ਜਥੇਬੰਦੀ ਬਣਾਈ ਰਖਿਆ। ਸ਼੍ਰੋਮਣੀ ਕਮੇਟੀ ਵਿਚ ਤਾਂ ਪ੍ਰਧਾਨ ਹੀ ਸਭ ਕੁਝ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਵਿਚ ਵੀ ਉਨ੍ਹਾਂ ਇਸੇ ਸਥਿਤੀ ਨੂੰ ਲਗਾਤਾਰ ਬਣਾਈ ਰਖਿਆ। ਫੰਡਾਂ ਦੇ ਮਾਮਲੇ ਵਿਚ ਉਨ੍ਹਾਂ ਕਿਸੇ ਉਤੇ ਕਦੇ ਭਰੋਸਾ ਨਹੀਂ ਕੀਤਾ। ਉਨ੍ਹਾਂ ਆਮ ਨੇਤਾਵਾਂ ਵਾਂਗ ਫੰਡਸ ਨੂੰ ਆਪਣੀ ਨਿੱਜੀ ਜਾਇਦਾਦ ਬਨਾਉਣ ਲਈ ਨਹੀਂ ਵਰਤਿਆ ਸਗੋਂ ਉਨ੍ਹਾਂ ਨੂੰ ਈਮਾਨਦਾਰ ਨੇਤਾ ਵਜੋਂ ਸਤਿਕਾਰਿਆ ਜਾਂਦਾ ਸੀ ਪਰ ਹਰ ਕਾਰਜ ਲਈ ਮਾਸਟਰ ਜੀ ਦੀ ਪ੍ਰਮੁੱਖਤਾ ਲਾਜ਼ਮੀਂ ਸੀ। ਇਸ ਦਾ ਜਥੇਬੰਦੀ ਉਤੇ ਬਹੁਤ ਮਾੜਾ ਅਸਰ ਪਿਆ।

ਸਿੱਖਾਂ ਨੂੰ ਆਮ ਕਰਕੇ ਲੋਕਰਾਜੀ ਰੁੱਚੀਆਂ ਦੇ ਧਾਰਨੀ ਮੰਨਿਆਂ ਜਾਂਦਾ ਹੈ। ਪੰਜ ਪਿਆਰਿਆਂ ਅਤੇ ਸਰਬੱਤ ਖਾਲਸਾ ਦੀਆਂ ਸੰਸਥਾਵਾਂ ਨੂੰ ਇੰਨ੍ਹਾਂ ਰੁੱਚੀਆਂ ਦੇ ਸਬੂਤ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਪਿਛਲੇ 80-85 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਇਕ ਨੇਤਾ ਦੇ ਜੀਊਂਦਿਆਂ ਦੂਸਰਾ ਨੇਤਾ ਸਿੱਖਾਂ ਵਿਚ ਪੈਦਾ ਨਹੀਂ ਹੋਇਆ। ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲੀਡਰਸ਼ਿਪ ਨੂੰ ਬਨਾਉਣ ਅਤੇ ਚਲਾਉਣ ਲਈ ਪੰਥਕ ਸੰਸਥਾਵਾਂ ਦਾ ਵੀ ਬੁਰੀ ਤਰ੍ਹਾਂ ਘਾਣ ਕੀਤਾ ਹੈ। ਕੋਈ ਵੀ ਫੈਸਲਾ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਦੇ, ਉਨ੍ਹਾਂ ਦੇ ਪ੍ਰਧਾਨ ਕਰਦੇ ਹਨ। ਲੀਡਰਸ਼ਿਪ ਨੂੰ ਪੱਠੇ ਪਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਥਿਤੀ ਵੀ ਬੌਣੀ ਬਣਾ ਦਿਤੀ ਗਈ ਹੈ। ਆਪਣੀ ਚੌਧਰ ਨੂੰ ਪੱਕਾ ਕਰਨ ਅਤੇ ਆਪਣਾ ਰਾਜਸੀ ਵਾਰਸ ਨਿਸਚਿਤ ਕਰਨ ਦੀ ਰੁੱਚੀ ਨੇ ਪਰਿਵਾਰਵਾਦ ਨੂੰ ਜਨਮ ਦਿਤਾ ਹੈ। ਇਸ ਨਾਲ ਸੰਸਥਾਵਾਂ ਦਾ ਘਾਣ ਹੋਣਾ ਲਾਜ਼ਮੀਂ ਬਣ ਜਾਂਦਾ ਹੈ।

ਸੰਸਥਾਗਤ ਮਜ਼ਬੂਤੀ ਲਈ ਜ਼ਰੂਰੀ ਹੈ ਕਿ ਫੈਸਲੇ ਸਾਂਝੇ ਲਏ ਜਾਣ, ਸਾਥੀ ਲੀਡਰਾਂ ਅਤੇ ਵਰਕਰਾਂ ਨੂੰ ਲੋੜੀਂਦਾ ਸਨਮਾਨ ਮਿਲੇ। ਜਦੋਂ ਕੰਮ ਕਰਨ ਵਾਲਿਆਂ ਨੂੰ ਆਪਣੇ ਲਈ ਸਥਾਨ ਨਹੀਂ ਦਿਸਦਾ ਤਾਂ ਉਹ ਬਾਗੀ ਹੋ ਜਾਂਦੇ ਹਨ। ਬਾਗੀ ਨਾ ਵੀ ਹੋਣ ਤਾਂ ਉਨ੍ਹਾਂ ਦਾ ਮੱਚ ਮਰ ਜਾਂਦਾ ਹੈ ਜਿਸ ਕਾਰਣ ਉਨ੍ਹਾਂ ਦੇ ਗੁਣ ਅਤੇ ਇੰਨ੍ਹਾਂ ਕਾਰਣ ਪੈਦਾ ਹੋਣ ਵਾਲੀਆਂ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ। ਮਾਸਟਰ ਤਾਰਾ ਸਿੰਘ ਨੇ ਕਿਸੇ ਨੂੰ ਬਰਾਬਰ ਨਹੀਂ ਚਲਣ ਦਿਤਾ। ਨਤੀਜਾ ਉਨ੍ਹਾਂ ਵਿਰੁੱਧ ਲਗਾਤਾਰ ਬਗਾਵਤਾਂ ਹੁੰਦੀਆਂ ਰਹੀਆਂ ਸੈਂਕੜੇ ਨੇਤਾ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੁੰਦੇ ਰਹੇ ਜਾਂ ਅਕਾਲੀ ਦਲ ਵਿਚ ਬੈਠੇ ਕਾਂਗਰਸ ਦੇ ਦੁਮਛੱਲਾ ਬਣਦੇ ਰਹੇ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਕਾਲੀ ਦਲ ਵਿਚ ਬੈਠ ਕੇ ਕਾਂਗਰਸੀ ਨੀਤੀਆਂ ਚਲਾਉਣ ਵਾਲੇ ਨੇਤਾਵਾਂ ਵਿਚੋਂ ਹੀ ਇਕ ਸਨ। ਉਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਸੰਤ ਫਤਹਿ ਸਿੰਘ ਵਲੋਂ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਲਿਤਾੜਣ ਵਿਚ ਨਿਕਲਿਆ। ਇਸ ਦਾ ਲਾਭ ਕਿਸ ਨੂੰ ਮਿਲਿਆ ?

 ਸਮਕਾਲੀ ਸਰੋਕਾਰ .

ਕਾਮਾਗਾਟਾਮਾਰੂ ਦਾ

ਬਜਬਜ ਘਾਟ ਪਹੁੰਚਣਾ

ਅੱਜ ਦੇ ਦਿਨ ਹੀ ਲੰਬੇ ਸਮੁੰਦਰੀ ਸਫ਼ਰ ਦੀ ਥਕਾਵਟ ਅਤੇ ਸਰਕਾਰੀ ਜ਼ਬਰ ਜ਼ੁਲਮ ਨੂੰ ਮਹੀਨਿਆਂ ਤੱਕ ਲਗਾਤਾਰ ਸਹਾਰਦਿਆਂ ਥੱਕੇ ਮਾਂਦੇ 376 ਮੁਸਾਫ਼ਰਾਂ ਨਾਲ ਲੱਦਿਆ ਸਮੁੰਦਰੀ ਜਹਾਜ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ) ਬਜਬਜ ਘਾਟ (ਕਲਕੱਤਾ) ਪਹੁੰਚਾ।

ਇਸ ਵਿਚ ਸਵਾਰ ਲਗਭਗ ਸਾਰੇ ਮੁਸਾਫ਼ਰ ਪੰਜਾਬੀ ਸਿੱਖ ਸਨ ਅਤੇ ਰੋਜ਼ਗਾਰ ਦੇ ਚੰਗੇ ਮੌਕੇ ਲੱਭਣ ਲਈ ਕਨੇਡਾ ਗਏ ਸਨ ਪਰ ਕਨੇਡਾ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਧਰਤੀ ਉਤੇ ਉਤਰਨ ਨਹੀਂ ਸੀ ਦਿੱਤਾ। ਡੇਢ ਮਹੀਨੇ ਤੱਕ ਇਹ ਜਹਾਜ ਕਨੇਡਾ ਦੇ ਪਾਣੀਆਂ ਵਿਚ ਖੜਾ ਰਿਹਾ, ਉਥੋਂ ਦੇ ਨਿਵਾਸੀ ਸਿੱਖਾਂ ਨੇ ਵੀ ਜਹਾਜੀਆਂ ਦੀ ਭਰਪੂਰ ਮਦਦ ਕੀਤੀ: ਜਹਾਜ ਵਿਚ ਰਸਦ ਪੁਚਾਈ, ਸਰਕਾਰ ਨਾਲ ਤਿੱਖੇ ਤੇਵਰ ਅਪਣਾਏ ਪਰ ਮੁਸਾਫ਼ਰਾਂ ਨੂੰ ਕਨੇਡਾ ਉਤਾਰਣ ਵਿਚ ਸਫ਼ਲ ਨਹੀਂ ਹੋ ਸਕੇ। ਹਾਰ ਹੰਭ ਕੇ ਜਹਾਜ ਨੂੰ ਸਿੰਘਾਪੁਰ ਲਿਜਾਇਆ ਗਿਆ ਪਰ ਉਥੋਂ ਦੀ ਸਰਕਾਰ ਨੇ ਵੀ ਕਨੇਡਾ ਸਰਕਾਰ ਵਾਲਾ ਸਲੂਕ ਹੀ ਕੀਤਾ। ਜਦੋਂ ਕੋਈ ਹੋਰ ਰਸਤਾ ਨਹੀਂ ਬਚਿਆ ਤਾਂ ਉਨ੍ਹਾਂ ਦੇਸ਼ ਪਰਤਣ ਦਾ ਫੈਸਲਾ ਲਿਆ ਅਤੇ ਜਹਾਜ ਨੇ ਕਲਕੱਤੇ ਲਈ ਚਾਲੇ ਪਾਏ।

ਕਲਕੱਤਾ ਤੋਂ 70 ਮੀਲ ਦੂਰ ਕਾਲਪੀ ਵਿਖੇ ਜਹਾਜ ਨੂੰ ਰੋਕ ਕੇ ਮੁਸਾਫ਼ਰਾਂ ਦੀ ਤਲਾਸ਼ੀ ਲਈ ਗਈ। ਅੰਗਰੇਜ਼ ਸਰਕਾਰ ਨੂੰ ਸ਼ੱਕ ਸੀ ਕਿ ਜਹਾਜ ਵਿਚ ਹਥਿਆਰ ਹਨ। ਸਰਕਾਰੀ ਏਜੰਸੀਆਂ ਜਾਣਦੀਆਂ ਸਨ ਕਿ ਗਦਰੀ ਬਾਬਿਆਂ ਦਾ ਜਹਾਜੀਆਂ ਨਾਲ ਸੰਪਰਕ ਸੀ ਅਤੇ ਉਹਨਾਂ ਹਥਿਆਰ ਅਤੇ ਗਦਰੀ ਸਾਹਿੱਤ ਜਹਾਜ ਵਿਚ ਰੱਖਿਆ ਸੀ ਤਾਂ ਕਿ ਸੁਰੱਖਿਅਤ ਭਾਰਤ ਪੁਚਾਇਆ ਅਤੇ ਗਦਰ ਲਈ ਵਰਤਿਆ ਜਾ ਸਕੇ। ਹਥਿਆਰ ਅਤੇ ਸਾਹਿੱਤ ਮੁਸਾਫਰਾਂ ਨੇ ਭਾਰਤੀ ਪਾਣੀਆਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਮੁੰਦਰ ਵਿਚ ਸੁੱਟ ਦਿਤਾ ਸੀ। ਜਦੋਂ ਤਲਾਸ਼ੀ ਵਿਚ ਕੁਝ ਨਹੀਂ ਮਿਲਿਆ ਤਾਂ ਜਹਾਜ ਨੂੰ ਬਜਬਜ ਘਾਟ ਵਲ ਤੋਰ ਦਿੱਤਾ ਗਿਆ।

ਬਜਬਜ ਪਹੁੰਚਣ ਤੇ ਮੁਸਾਫਰਾਂ ਨੂੰ ਜਹਾਜ ਵਿਚੋਂ ਉਤਾਰ ਕੇ ਪੰਜਾਬ ਨੂੰ ਜਾਣ ਵਾਲੀ ਰੇਲ ਗੱਡੀ ਵਿਚ ਬਿਠਾੳਣ ਦਾ ਯਤਨ ਕੀਤਾ ਗਿਆ ਪਰ ਮੁਸਾਫਰ ਕਲਕੱਤੇ ਰਹਿ ਕੇ ਹੀ ਕਾਰੋਬਾਰ ਕਰਨਾ ਚਾਹੁੰਦੇ ਸਨ। ਸਰਕਾਰ ਉਹਨਾਂ ਨੂੰ ਕਲਕੱਤੇ ਰੱਖ ਕੇ ਏਥੋਂ ਦੇ ਵਿਗੜੇ ਵਾਤਾਵਰਣ ਨੂੰ ਹੋਰ ਖਰਾਬ ਨਹੀਂ ਸੀ ਕਰਨਾ ਚਾਹੁੰਦੀ।

ਰਹਿਰਾਸ ਸਾਹਿਬ ਵੇਲੇ ਅਰਦਾਸ ਹੋ ਰਹੀ ਸੀ ਜਦ ਪੁਲਿਸ ਕਪਤਾਨ ਈਸਟਵੁੱਡ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਉਸ ਕੋਲੋਂ ਇੱਕ ਸਿੰਘ ਨੇ ਲਾਠੀ ਖੋਹ ਲਈ ਤਾਂ ਉਸ ਆਪਣੀ ਰਿਵਾਲਵਰ ਨਾਲ ਗੋਲੀ ਦਾਗ ਦਿੱਤੀ ਜਿਸ ਨਾਲ ਇੱਕ ਸਿੰਘ ਜ਼ਖਮੀ ਹੋ ਗਿਆ। ਕਿਸੇ ਨੇ ਕਪਤਾਨ ਕੋਲੋਂ ਪਿਸਤੌਲ ਖੋਹ ਲਿਆ ਤੇ ਉਸੇ ਤੇ ਚਲਾ ਦਿੱਤਾ। ਪੁਲਿਸ ਨੇ ਅੱਗਾ ਪਿੱਛਾ ਵੇਖੇ ਬਿਨਾਂ ਅੰਧਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਅਫ਼ਰਾਤਫ਼ਰੀ ਫੈਲ ਗਈ। ਮੁਸਾਫਰਾਂ ਨੂੰ ਜਿਧਰ ਮੌਕਾ ਬਣਿਆ, ਉੱਠ ਭੱਜੇ। ਇਸ ਫਾਇਰਿੰਗ ਵਿਚ 14 ਸਿੰਘ ਅਤੇ 2 ਪੁਲਿਸ ਕਰਮੀ ਮਾਰੇ ਗਏ। ਸਾਰੀ ਰਾਤ ਪੁਲਿਸ ਨੇ ਫੜੋ ਫੜੀ ਜਾਰੀ ਰੱਖੀ। ਭੱਜਦਿਆਂ, ਲੁਕਦਿਆਂ ਮੁਸਾਫਰਾਂ ਨਾਲ ਪੁਲਿਸ ਜ਼ੁਲਮ ਕਰਦੀ ਰਹੀ-ਗਲੇ ਵਿਚ ਸੰਗਲ ਪਾ ਕੇ ਦਰਖਤ ਨਾਲ ਲਟਕਾਉਣ ਤਕ ਦੀਆਂ ਵਾਰਦਾਤਾਂ ਹੋਈਆਂ। ਮੋਏ ਅਤੇ ਫ਼ੱਟੜ ਪੁਲਿਸੀਆਂ ਨੂੰ ਤਾਂ ਸੰਭਾਲ ਲਿਆ ਗਿਆ ਪਰ ਜ਼ਖ਼ਮੀਂ ਮੁਸਾਫਰ ਪਿਆਸੇ ਤੜਫ਼ਦੇ ਰਹੇ। ਮਚੀ ਭਗਦੜ ਵਿਚ ਬਾਬਾ ਗੁਰਦਿਤ ਸਿੰਘ, ਜੋ ਜਹਾਜ ਦੇ ਠੇਕੇਦਾਰ ਸਨ, ਨਿਕਲ ਗਏ ਅਤੇ ਸਾਰੀ ਉਮਰ ਉਹਨਾਂ ਅੰਗਰੇਜ਼ਾਂ ਵਿਰੁੱਧ ਆਪਣੀ ਜਦੋਜਹਿਦ ਜਾਰੀ ਰੱਖੀ।

ਦੂਸਰੇ ਮੁਸਾਫਰ ਹਾਵੜਾ, ਮਿਦਨਾਪੁਰ, ਬਰਦਵਾਨ, ਹੁਗਲੀ, ਬੰਕੁਰਾ ਆਦਿ ਥਾਵਾਂ ਤੇ ਫੈਲ ਗਏ। ਬਹੁਤਿਆਂ ਨੂੰ ਪੁਲਿਸ ਨੇ ਗਰਿਫਤਾਰ ਕਰ ਲਿਆ ਅਤੇ ਸੈਂਟਰਲ ਜੇਲ, ਅਲੀਪੁਰ (ਕਲਕੱਤਾ) ਵਿਚ ਕੈਦ ਰਖਿਆ। ਇਸ ਸਾਕੇ ਨੂੰ ਲੁਕਾਉਣ ਲਈ ਸਰਕਾਰ ਨੇ ਪੜਤਾਲੀਆ ਕਮਿਸ਼ਨ ਵੀ ਬਿਠਾਇਆ, ਧਰਮ ਅਸਥਾਨਾਂ ਤੋਂ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਵਿਰੁੱਧ ਹੁਕਮਨਾਮੇ ਵੀ ਜਾਰੀ ਕਰਵਾਏ, ਨਿਹੱਥੇ ਭੁੱਖੇ ਤਿਹਾਏ ਥੱਕੇ ਮੁਸਾਫਰਾਂ ਨੂੰ ਬਾਗੀ ਅਤੇ ਫਸਾਦੀ ਵੀ ਦੱਸਿਆ ਗਿਆ ਪਰ ਬਜਬਜ ਵਰਗੀਆਂ ਘਟਨਾਵਾਂ ਨੇ ਅੰਗਰੇਜ਼ਾਂ ਦੇ ਜਾਹੋਜਲਾਲ ਨੂੰ ਅਜਿਹਾ ਕਲੰਕਤ ਕੀਤਾ ਕਿ ਅੰਤ ਵਿਚ ਉਹ ਯੂਰਪ ਦੀ ਛੋਟੀ ਜਿਹੀ ਸ਼ਕਤੀ ਬਣ ਕੇ ਰਹਿ ਗਿਆ: ਸਾਰੀਆਂ ਬਸਤੀਆਂ ਉਸ ਦੇ ਸਾਮਰਾਜ ਵਿਚੋਂ ਨਿਕਲ ਗਈਆਂ, ਭਾਰਤ ਵੀ ਆਜ਼ਾਦ ਹੋ ਗਿਆ।

 ਗੁਰੂ ਕਾਲ .

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਅਦਬ ਸਤਿਕਾਰ ਅਤੇ ਸੇਵਾ ਸੰਭਾਲ

ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ

ਪਿਛਲੇ ਦਿਨੀਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਿਦੇਸ਼ਾਂ ਵਿਚ ਲਿਜਾਣ ਲਈ ਤਿਆਰ ਖੜੇ ਕੰਟੇਂਨਰ ਨੂੰ ਕੁਝ ਨੌਜਵਾਨ ਸਿੰਘਾਂ ਵਲੋਂ ਰੋਕਣ ਦੀ ਘਟਨਾ ਨੇ ਸਿੱਖ ਜਗਤ ਵਿਚ ਕਈ ਮਹੱਤਵਪੂਰਨ ਪ੍ਰਸ਼ਨ ਖੜੇ ਕੀਤੇ ਹਨ। ਇੰਨ੍ਹਾਂ ਵਿਚੋਂ ਬਹੁਤਿਆਂ ਦਾ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਸੇਵਾ ਸੰਭਾਲ ਨਾਲ ਹੈ ਪਰ ਅਜਿਹੇ ਮਾਮਲਿਆਂ ਉਤੇ ਵਿਚਾਰ ਕਰਦਿਆਂ ਵਿਚਾਰਧਾਰਕ ਪੱਖਾਂ ਦਾ ਉਜਾਗਰ ਹੋ ਜਾਣਾ ਸੁਭਾਵਕ ਹੈ।

ਗੁਰਬਾਣੀ ਨੂੰ ਗੁਰਮਤਿ ਵਿਚ ਬੜਾ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ ਇਸ ਨੂੰ ਖਸਮ ਦੀ ਬਾਣੀ ਦਸ ਕੇ ''ਸਚ" ਨਾਲ ਜੋੜਦੇ ਹਨ:

ਜੈਸੀ ਮੈ ਆਵੈ ਖਸਮ ਕੀ ਬਾਣੀ

ਤੈਸੜਾ ਕਰੀ ਗਿਆਨ ਵੇ ਲਾਲੋ॥

...............................

ਸਚ ਕੀ ਬਾਣੀ ਨਾਨਕ ਆਖੈ

ਸਚੁ ਸੁਣਾਇਸੀ ਸਚ ਕੀ ਬੇਲਾ॥

(ਗੁ.ਗ੍ਰੰ.ਸਾ., ਅੰਕ:722-723)

ਸਬਦੁ ਨੂੰ ਹੀ ਗਹਿਰ ਗੰਭੀਰ ਚਰਚਾ ਦਾ ਮਾਧਿਅਮ ਬਨਾਇਆ ਜਾ ਸਕਦਾ ਹੈ। ਇਸ ਲਈ ਇਹ ਗੁਰੂ ਪੀਰ ਦਾ ਰੁਤਬਾ ਹਾਸਲ ਕਰ ਸਕਦਾ ਹੈ:

ਸਬਦੁ ਗੁਰ ਪੀਰਾ ਗਹਿਰ ਗੰਭੀਰਾ

ਬਿਨ ਸਬਦੈ ਜਗੁ ਬਉਰਾਨੰ॥

ਪੂਰਾ ਬੈਰਾਗੀ ਸਹਿਜ ਸੁਭਾਗੀ

ਸਚੁ ਨਾਨਕ ਮਨੁ ਮਾਨੰ॥

(ਗੁ.ਗ੍ਰੰ.ਸਾ., ਅੰਕ:635)

ਸੱਚੀ ਬਾਣੀ ਦੁਆਰਾ ਹੀ ਮੁਕਤੀ ਦਾ ਰਾਹ ਲੱਭਦਾ ਹੈ:

ਭਨਤਿ ਨਾਨਕੁ ਕਰੇ ਵੀਚਾਰੁ॥

ਸਾਚੀ ਬਾਣੀ ਸਿਉ ਧਰੇ ਪਿਆਰੁ॥

ਤਾ ਕੋ ਪਾਵੈ ਮੋਖ ਦੁਆਰੁ॥

ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥

(ਗੁ.ਗ੍ਰੰ.ਸਾ., ਅੰਕ:661)

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸਾਚੀ ਬਾਣੀ ਨੂੰ ਪ੍ਰਮਾਣਿਤ ਰੂਪ ਪ੍ਰਦਾਨ ਕਰਨ ਲਈ ਸਿੱਖ ਗੁਰੂ ਸਾਹਿਬਾਨ, ਚੋਣਵੇਂ ਭਗਤਾਂ, ਭੱਟਾਂ ਅਤੇ ਸਿੱਖਾਂ ਦੀਆਂ ਰਚਨਾਵਾਂ ਦਾ ਇਕ ਗ੍ਰੰਥ ਤਿਆਰ ਕਰਵਾਇਆ ਅਤੇ ਪੋਥੀ ਸਾਹਿਬ ਦਾ ਨਾਂ ਦੇ ਕੇ ਹਰਿਮੰਦਰ ਸਾਹਿਬ ਵਿਚ ਇਸ ਦਾ ਪ੍ਰਕਾਸ਼ ਕਰਵਾ ਦਿਤਾ। ਗੁਰਬਾਣੀ ਕੀਰਤਨ ਦੀ ਪ੍ਰੰਪਰਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪ੍ਰਚਲਤ ਸੀ। ਹੁਣ ਗੁਰਬਾਣੀ ਦੀ ਵਿਆਖਿਆ ਵੀ ਹੋਣ ਲਗੀ। ਇਸ ਨਾਲ ਗੁਰਮਤਿ ਦਾ ਸਥਾਈ ਰੂਪ ਸਥਾਪਤ ਹੋ ਗਿਆ।

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਿਲ ਕਰਕੇ ਗ੍ਰੰਥ ਸਾਹਿਬ ਨਾਮਕਰਣ ਕਰ ਦਿਤਾ ਅਤੇ ਅੰਤ ਵਿਚ ਗੁਰਗੱਦੀ ਸੌਂਪ ਦਿਤੀ। ਇਸ ਤਰ੍ਹਾਂ ਗੁਰਬਾਣੀ ਦੇ ਇਕ ਸੰਗ੍ਰਿਹ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੋ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਮੰਨਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਉਸ ਦੇ ਕਹਿਣੇ ਵਿਚ ਚੱਲਣ,  ਉਸ ਨੂੰ ਪੂਰਾ ਅਦਬ ਸਤਿਕਾਰ ਦੇਣ ਅਤੇ ਸੇਵਾ ਸੰਭਾਲ ਕਰਨ। ਗੁਰੂ ਸਾਹਿਬ ਦੇ ਕਹੇ ਉਤੇ ਅਮਲ ਕਰਨਾ ਤਾਂ ਬਹੁਤਿਆਂ ਲਈ ਸੰਭਵ ਨਹੀਂ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਅਤੇ ਮਾਣ ਸਨਮਾਣ ਦੇਣ ਵਿਚ ਸਿੱਖਾਂ ਕੋਈ ਕਸਰ ਨਹੀਂ ਛੱਡੀ।

ਆਲੀਸ਼ਾਨ ਭਵਨ ਬਣਾਏ ਗਏ ਹਨ, ਉਨ੍ਹਾਂ ਦੀਆਂ ਛੱਤਾਂ, ਕੰਧਾਂ ਨੂੰ ਸੋਨੇ ਚਾਂਦੀ ਨਾਲ ਮੜ੍ਹਣ ਤਕ ਦੀਆਂ ਕੋਸ਼ਿਸ਼ਾਂ ਵਿਚ ਸਿੱਖਾਂ ਕੋਈ ਕਸਰ ਨਹੀਂ ਛੱਡੀ। ਜਨਮ ਤੋਂ ਮਰਨ ਤਕ, ਜੀਵਨ ਦੇ ਹਰ ਦੁੱਖ ਸੁੱਖ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਿੱਖ ਦੀ ਹਾਜ਼ਰੀ ਇਕ ਨਿਯਮ ਹੈ। ਧਾਰਮਿਕ, ਸਮਾਜਕ, ਆਰਥਿਕ ਹਰ ਮੌਕੇ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਹੈ। ਘਰ ਵਿਚ, ਗੁਰਦੁਆਰੇ ਵਿਚ ਕਿਧਰੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਵਧੀਆ ਤੋਂ ਵਧੀਆ ਪਾਲਕੀ, ਬਿਸਤਰ ਅਤੇ ਬਸਤਰਾਂ ਦਾ ਸਿੱਖ ਪ੍ਰਬੰਧ ਕਰਦੇ ਹਨ। ਕਈ ਥਾਈਂ ਹੀਟਰ ਅਤੇ ਏਅਰਕੰਡੀਸ਼ਨ ਤਕ ਪ੍ਰਬੰਧ ਬਿਸਰਾਮ ਹਿਤ ਕੀਤਾ ਗਿਆ ਮਿਲਦਾ ਹੈ। 

ਗੁਰੂ ਤੋਂ ਵੀ ਵੱਧ ਗ੍ਰੰਥ ਸਾਹਿਬ ਨੂੰ ਬਾਦਸ਼ਾਹੀ ਸਨਮਾਨ ਮਿਲਦਾ ਹੈ। ਪਾਲਕੀ ਸਾਹਿਬ ਦੀ ਸੁਆਰੀ, ਨੰਗੀਆਂ ਕ੍ਰਿਪਾਨਾਂ ਧਾਰਨ ਕੀਤੇ ਪੰਜ ਪਿਆਰਿਆਂ ਦੀ ਅਗਵਾਈ, ਚੌਰ ਕਰਦਾ ਸੇਵਕ- ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਦੋਵਾਂ ਜਹਾਨਾਂ ਦਾ ਸੱਚਾ ਪਾਤਸ਼ਾਹ ਮੰਨਦਿਆਂ ਬਾਦਸ਼ਾਹੀ ਸਤਿਕਾਰ ਦਿੰਦੇ ਹਨ।

ਗੁਰੂ ਪ੍ਰਤੀ ਇਹ ਅਦਬ, ਸਤਿਕਾਰ ਦਿਖਾਵਾ ਨਹੀਂ ਹੈ। ਇਹ ਪੀੜ੍ਹੀ ਦਰ ਪੀੜ੍ਹੀ ਚਲਿਆ ਆ ਰਿਹਾ, ਲਹੂ ਵਿਚ ਰਚਿਆ ਦਸਤੂਰ ਹੈ। ਇਸ ਵਿਚ ਦਿਨ-ਬ-ਦਿਨ ਵਾਧਾ ਹੀ ਹੋਇਆ ਹੈ, ਕਮੀਂ ਨਹੀਂ ਆਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਜੇ ਤਕ ਸੋਧੇ ਜਾਣੋਂ ਨਹੀਂ ਬਚਿਆ।

(ਬਾਕੀ)

  ਮਾਤਾ ਲਾਡਿਕੀ-10 .

ਅਕਾਲ ਪੁਰਖ ਦਿਆਲਤਾ

ਅੰਤ ਉਹ ਸੁਲੱਖਣੀ  ਘੜੀ ਆ ਗਈ ਜਦ ਬੀਬੀ ਲਾਡਿੱਕੀ ਨੂੰ ਮਾਤਾ ਬਨਣ ਦਾ ਸੁਭਾਗ ਪ੍ਰਾਪਤ ਹੋਇਆ। ਵੈਸਾਖ ਸੁਦੀ ਪੁੰਨਿਆ, ਬਿਕ੍ਰਮੀ ਸੰਮਤ 1840 (1783 ਈ.) ਦੇ ਦਿਨ ਪੂਰਨ ਚੰਦਰਮਾ ਵਾਲੀ ਸਵਾ ਪਹਿਰ ਰਹਿੰਦੀ ਰਾਤ ਸਮੇਂ ਉਸ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰਿਵਾਰ ਵਿਚ ਖੁਸ਼ੀਆਂ ਮਨਾਈਆਂ ਗਈਆਂ। ਵਧਾਈ ਦੇਣ ਵਾਲੇ ਸਬੰਧੀਆਂ ਅਤੇ ਗੁਆਂਢੀਆਂ ਦਾ ਤਾਂਤਾ ਲੱਗ ਗਿਆ। ਪਿਤਾ ਗੁਰ ਸਹਾਇ ਅਤੇ ਦਾਦਾ ਰਾਮ ਸਹਾਇ ਵਧਾਈਆਂ ਲੈਂਦੇ, ਮਠਿਆਈਆਂ ਵੰਡਦੇ ਥੱਕ ਗਏ।

ਜਿਸ ਬੱਚੇ ਨਾਲ ਮਾਤਾ ਲਾਡਿੱਕੀ ਕਈ ਮਹੀਨਿਆਂ ਤੋਂ ਆਪਣੀਆਂ ਖੁਸ਼ੀਆਂ, ਆਪਣੇ ਗਮ, ਵਿਚਾਰ ਸਾਂਝੇ ਕਰਦੀ ਆਈ ਸੀ, ਉਸ ਨੂੰ ਸਾਖਿਆਤ ਵੇਖਕੇ ਉਹ ਅਤਿਅੰਤ ਖੁਸ਼ ਸੀ। ਇਹ ਬੱਚਾ ਮਾਤਾ ਦੇ ਸਾਰੇ ਵਿਚਾਰਾਂ ਨੂੰ  ਮੂਰਤੀਮਾਨ ਕਰਨ ਲਈ ਇਸ ਦੁਨੀਆਂ ਵਿਚ ਆਇਆ ਸੀ। ਮਾਤਾ ਲਾਡਿੱਕੀ ਦੇ ਧਿਆਨ ਦਾ ਕੇਂਦਰ ਸੀ: ਇਹ ਬਾਲਕ। ਉਸ ਦੀ ਤਪੱਸਿਆ ਦਾ ਫਲ ਸੀ। ਲੋਕਾਂ ਲਈ ਇਹ ਰਾਮ ਸਹਾਇ ਜੀ ਦੇ ਘਰ ਦਾ ਚਿਰਾਗ ਸੀ ਪਰ ਮਾਤਾ ਲਾਡਿੱਕੀ ਲਈ ਗੁਰਮਤਿ ਦਾ ਸੂਰਜ ਬਣ ਦੇ ਚਮਕਣਾ ਸੀ ਅਤੇ ਸਿੱਖਾਂ ਵਿਚ ਕਥਨੀ ਅਤੇ ਕਰਨੀ ਦੇ ਅੰਤਰ ਨੂੰ ਕੀੜਿਆਂ ਵਾਂਗ ਖ਼ਤਮ ਕਰ ਦੇਣਾ ਸੀ।

ਮਾਤਾ ਲਾਡਿੱਕੀ ਨੇ ਬਾਲਕ ਅੰਦਰ ਤੇਜ਼ ਭਰਨ ਲਈ ਉਸ ਨੂੰ ਤਿਆਰ ਕਰਨਾ ਸੀ-ਇਹ ਮਾਂ ਪੁੱਤਰ ਲਈ ਵੱਡੀ ਤਪੱਸਿਆ ਸੀ। ਇਸ ਦੀ ਸ਼ੁਰੂਆਤ ਤਾਂ ਮਾਤਾ ਲਾਡਿੱਕੀ ਦੇ ਗਰਭਵਤੀ ਹੋਣ ਨਾਲ ਹੀ ਹੋ ਚੁੱਕੀ ਸੀ। ਉਸ ਲਈ ਇਹ ਬੱਚਾ ਨਿਰੰਕਾਰ, ਅਕਾਲ ਪੁਰਖ ਦੀ ਦਿਆਲਤਾ ਦਾ ਨਤੀਜਾ ਸੀ। ਦੂਸਰਾ ਇਸ ਬੱਚੇ ਨਾਲ ਮਾਤਾ ਦੀਆਂ ਸਾਰੀਆਂ ਉਮੀਦਾਂ ਜੁੜੀਆਂ ਹੋਈਆਂ ਸਨ।

ਉਹ ਇੱਕ ਜਾਗਰੂਕ ਇਸਤਰੀ ਸੀ। ਉਸ ਅੰਦਰ ਗੁਰਬਾਣੀ ਨੇ ਗੁਰਮਤਿ ਦਾ ਚਾਨਣ ਫੈਲਾਇਆ ਹੋਇਆ ਸੀ ਪਰ ਸਿੱਖ ਸਮਾਜ ਅੰਦਰ ਫੈਲੀ ਅਗਿਆਨਤਾ ਇਸ ਚਾਨਣ ਦੀ ਗਰਮੀ ਅਤੇ ਰੌਸ਼ਨੀ ਨੁੰ ਬੁਝਾਉਣ ਅਤੇ ਲੁਕਾਉਣ ਲਈ ਲੱਗੀ ਹੋਈ ਸੀ। ਥਾਂ ਥਾਂ ਦੇਹਧਾਰੀ ਗੁਰੂ ਸਥਾਪਤ ਸਨ।

ਉਨ੍ਹਾਂ ਨੇ ਗੁਰਮਤਿ ਪ੍ਰਚਾਰ ਨੂੰ ਰੋਜ਼ੀ ਰੋਟੀ ਦਾ ਵਸੀਲਾ ਬਣਾਇਆ ਹੋਇਆ ਸੀ। ਗੁਰਬਾਣੀ ਦੇ ਅਰਥ ਕਰਦਿਆਂ, ਉਹ ਅਨਰਥ ਕਰਨੋਂ ਬਾਜ਼ ਨਹੀਂ ਆਉਂਦੇ ਸਨ। ਜੋ ਕੁਝ ਬਾਕੀ ਬਚ ਜਾਂਦਾ ਸੀ, ਉਸ ਨੁੰ ਦੁਨੀਆਂਦਾਰੀ ਦੇ ਨਾਂ 'ਤੇ ਮੰਨਣੋਂ ਨਾਂਹ ਕਰ ਦਿੰਦੇ ਸਨ। ਕਰਨੀ ਅਤੇ ਕਥਨੀ ਵਿਚ ਕੋਹਾਂ ਦਾ ਅੰਤਰ ਸੀ। ਮਾਤਾ ਲਾਡਿੱਕੀ ਨੂੰ ਗਿਲਾ ਸੀ ਕਿ ਉਸ ਨੂੰ ਇਹ ਅੰਤਰ ਪ੍ਰਗਟ ਕਰਨ ਤੋਂ ਵੀ ਰੋਕਿਆ ਗਿਆ ਸੀ। ਗਿਆਨੀ ਜੀ ਕਹਿੰਦੇ ਸਨ: ''ਧਰਮ ਪ੍ਰਚਾਰ ਮਰਦਾਂ ਦਾ ਕੰਮ ਹੈ। ਬੀਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੀ ਨਹੀਂ ਛਕਾਇਆ ਸੀ।" ਗਿਆਨੀ ਜੀ ਦਾ ਵਾਹ ਲੱਗਦਾ ਤਾਂ ਉਹ ਲਾਡਿੱਕੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵੀ ਨਾ ਬੈਠਣ ਦਿੰਦੇ। ਲੋਕਾਂ ਲਈ ਗਿਆਨੀ ਜੀ ਮਹਾਨ ਸੰਤ ਸਨ, ਗੁਰੂ ਘਰ ਵਿਚ ਸਾਲਾਂ ਬੱਧੀ ਸੇਵਾ ਕਰ ਕੇ ਆਏ ਸਨ।

ਮਾਂ ਬਾਪ ਲਾਡਿੱਕੀ ਨੂੰ ਬਹੁਤ ਪਿਆਰ ਕਰਦੇ ਸਨ। ਏਸੇ ਲਾਡ ਕਾਰਨ ਹੀ ਉਸ ਦਾ ਨਾਂ ਲਾਡਿੱਕੀ ਰੱਖਿਆ ਗਿਆ ਸੀ। ਜਿੰਨੀ ਵੀ ਸਿੱਖਿਆ ਉਸ ਨੁੰ ਮਿਲੀ, ਉਹ ਪਿਤਾ ਭਾਈ ਵਸਾਖਾ ਸਿੰਘ ਦੇ ਪਿਆਰ ਕਾਰਨ ਹੀ ਸੰਭਵ ਹੋਈ। ਗਿਆਨੀ ਜੀ ਨੂੰ ਵੀ ਉਨ੍ਹਾਂ ਨੇ ਹੀ ਪ੍ਰੇਰਿਆ ਸੀ ਕਿ ਲਾਡਿੱਕੀ ਨੂੰ ਗੁਰਬਾਣੀ ਦੀ ਸੰਥਿਆ ਦੇਣ ਪਰ ਉਹ ਵੀ ਦੁਨੀਆਂਦਾਰੀ ਅਤੇ ਵਾਤਾਵਰਣ ਦੀਆਂ ਹੱਦਾਂ ਵਿਚ ਕੈਦ ਸਨ। ਮਾਤਾ ਮਮਤਾ ਦੀ ਮੂਰਤ ਸੀ ਪਰ ਪੰਰਪਰਾ ਨੂੰ ਹੀ ਸਭ ਕੁਝ ਮੰਨਦੀ ਆਈ ਸੀ। ਉਸ ਲਈ ਰਾਮ, ਰਹੀਮ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਭ ਇੱਕੋ ਸਨ। ਉਸ ਨੂੰ ਸਿੱਖਾਂ ਦਾ ਬ੍ਰਾਹਮਣਾਂ, ਪੰਡਤਾਂ ਪਿੱਛੇ ਲੱਗਣਾ ਕਦਾਚਿਤ ਮਾੜਾ ਨਹੀਂ ਲੱਗਦਾ ਸੀ ਕਿਉਂਕਿ ਸਿੱਖ ਹਿੰਦੂ ਪਰਿਵਾਰਾਂ ਦਾ ਹੀ ਹਿੱਸਾ ਸਨ। ਉਨ੍ਹਾਂ ਦਾ ਜਨਮ, ਮਰਨ ਸਭ ਸਾਂਝਾ ਸੀ। ਹਿੰਦੂ ਪਰਿਵਾਰ ਹੀ ਆਪਣੇ ਪਹਿਲੇ ਪੁੱਤਰ ਨੂੰ ਸਿੱਖ ਬਣਾਉਂਦੇ ਸਨ। ਫਿਰ ਇਨ੍ਹਾਂ ਵਿਚ ਅੰਤਰ ਸੰਭਵ ਕਿਵੇਂ ਸੀ?

 ਲਾਡਿੱਕੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਆਧਾਰ 'ਤੇ ਜੀਵਨ ਬਿਤਾਉਣ ਲਈ ਕਹਿੰਦੀ ਸੀ ਪਰ ਉਹ ਤਾਂ ਪੁਰਖ ਪ੍ਰਧਾਨ ਸਮਾਜ ਵਿਚ ਜਨਮੀਂ ਔਰਤ ਸੀ। ਉਸ ''ਸੋ ਕਿਉ ਮੰਦਾ ਆਖੀਐ ਜਿਤੁ ਜੰਮੈਂ ਰਾਜਾਨ॥" ਦਾ ਰਾਗ ਅਲਾਪਦੀ ਸੀ ਪਰ ਉਸਨੂੰ ਦੱਸਿਆ ਜਾਂਦਾ ਸੀ ਕਿ ਧੀ, ਭੈਣ, ਪਤਨੀ ਬਣਕੇ ਉਸ ਨੇ ਪਰਦੇ ਵਿਚ ਹੀ ਰਹਿਣਾ ਹੈ, ਘਰ ਵਿਚ ਬੈਠ ਕੇ ਪਰਿਵਾਰ ਬਨਾਉਣਾ ਅਤੇ ਪਾਲਣਾ ਹੈ। ਔਰਤ ਕੀ ਤੇ ਧਰਮ ਕੀ? ਔਰਤ ਕੀ ਤੇ ਧਰਮ ਪ੍ਰਚਾਰ ਕੀ? ਸੀਤਾ, ਰਾਧਾ ਵਰਗੀਆਂ ਕਿੰਨੀਆਂ ਔਰਤਾਂ ਹੋਈਆਂ ਹਨ। ਕਿਸੇ ਧਰਮ ਦੀ ਗੱਲ ਨਹੀਂ ਕੀਤੀ। ਅਸੀਂ ਵਿਚਾਰੀਆਂ ਔਰਤਾਂ!

 ਬੀਬੀ ਲਾਡਿੱਕੀ ਨੂੰ ਉਸ ਸਮੇਂ ਕੋਈ ਰਸਤਾ ਨਹੀਂ ਦਿਸਿਆ ਸੀ ਪਰ ਉਸ ਦਾ ਅਕਾਲ ਪੁਰਖ, ਨਿਰੰਕਾਰ ਉਤੇ ਭਰੋਸਾ ਅਟੁੱਟ ਸੀ, ''ਉਹ ਆਪੇ ਕੋਈ ਰਾਹ ਦਿਖਾ ਦੇਵੇਗਾ। ਉਹ ਦਿਆਲ ਹੈ। ਮੈਨੂੰ ਹਨੇਰੇ ਵਿਚ ਕਿਉਂ ਜੀਵਾਲੇਗਾ? ਹੁਣ ਉਸ ਦੀ ਮਿਹਰ ਹੋਈ ਸੀ। ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਜੋ ਕਰਤਾਰ ਦੀ ਦਿਆਲਤਾ ਹੋਈ ਤਾਂ ਇਹ ਪੁੱਤਰ ਉਸ ਦੇ ਦੱਸੇ ਰਾਹ 'ਤੇ ਚੱਲਦਿਆਂ ਭਰਮਾਂ ਭੁਲੇਖਿਆਂ ਦਾ ਨਾਸ ਕਰੇਗਾ, ਕਹਿੇਣੀ ਅਤੇ ਕਰਨੀ ਦੇ ਅੰਤਰ ਨੂੰ ਮਿਟਾਵੇਗਾ। ਮੈਂ ਇਸ ਨੂੰ ਇਸ ਲਈ ਤਿਆਰ ਕਰਾਂਗੀ। ਮੈਂ ਮਿਹਨਤ ਕਰਾਂਗੀ ਪਰ ਪ੍ਰਭੂ ਦਿਆਲ ਹੋਣਾ ਚਾਹੀਦਾ ਹੈ। ਮੈਂ ਆਪਣੇ ਇਰਾਦੇ ਨੂੰ ਪੱਕਾ ਕਰਨ ਲਈ ਇਸ ਦਾ ਨਾਂ ਹੀ ਦਿਆਲ ਰੱਖਾਂਗੀ।" ਮਾਤਾ ਨੇ ਦ੍ਰਿੜਤਾ ਨਾਲ ਫੈਸਲਾ ਲਿਆ।

ਜਦੋਂ ਬਾਲਕ ਦੇ ਨਾਂ ਦੀ ਚਰਚਾ ਸ਼ੁਰੂ ਹੋਈ ਤਾਂ ਮਾਤਾ ਨੇ ਪਿਤਾ ਰਾਮ ਸਹਾਇ ਨੂੰ ਦੱਸਿਆ ਕਿ ਉਸ ਦੇ ਬਾਲਕ ਦਾ ਨਾਂ ''ਦਿਆਲ" ਰੱਖ ਲਿਆ ਹੈ ਕਿਉਂਕਿ ਮੇਰੇ ਲਈ ਇਹ ਬਾਲਕ ਪ੍ਰਭੂ ਦੀ ਦਿਆਲਤਾ ਦਾ ਪ੍ਰਤੀਕ ਹੈ।

''ਏਹ ਕਿਵੇਂ ਹੋ ਸਕਦਾ ਹੈ?" ਰਾਮ ਸਹਾਇ ਜੀ ਦੇ ਪਰਿਵਾਰ ਵਾਲਿਆਂ ਵਿਰੋਧ ਜਤਾਇਆ, ''ਸਾਡੇ ਪਰਿਵਾਰ ਵਿਚ ਨਾਵਾਂ ਦਾ ਇੱਕ ਚਲਣ ਰਿਹਾ ਹੈ: ਬਜ਼ੁਰਗਾਂ ਤੋਂ ਸ਼ੁਰੂ ਕਰੀਏ ਤਾਂ ਤੇਰੇ ਦਾਦਾ ਦਾ ਨਾਂ ਦੇਵੀ ਸਹਾਇ ਸੀ। ਪਿਤਾ ਨੂੰ ਗੁਰ ਸਹਾਇ ਕਿਹਾ ਗਿਆ। ਤੇਰਾ ਨਾਂ ਰਾਮ ਸਹਾਇ ਰੱਖਿਆ ਗਿਆ ਸੀ। ਇਸ ਦਾ ਨਾਂ ਵੀ ਕਿਸੇ ਦੇਵੀ ਦੇਵਤੇ ਦੇ ਨਾਂ 'ਤੇ ਸਹਾਇ ਜੋੜ ਕੇ ਰੱਖਿਆ ਜਾਣਾ ਚਾਹੀਦਾ ਹੈ। ਇਹ ਨਾਂ ਵੀ ਆਪਣੇ ਕੁੱਲ ਪੰਡਤ ਤੋਂ ਪੁੱਛ ਕੇ ਹੀ ਰੱਖਾਂਗੇ।"

ਪਰ ਮਾਤਾ ਲਾਡਿੱਕੀ ਨਾ ਮੰਨੀ।

''ਦੇਖੋ ਜੀ।" ਉਸ ਆਪਣੇ ਪਤੀ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ, ''ਮੇਰੇ ਨਾਲ ਜੋ ਹੋਇਆ, ਸੋ ਹੋਇਆ। ਮੈਂ ਆਪਣੇ ਪੁੱਤਰ ਉੱਤੇ ਕਿਸੇ ਬ੍ਰਾਹਮਣ, ਪੰਡਤ ਜਾਂ ਦੇਵੀ ਦੇਵਤ ਦਾ ਪ੍ਰਛਾਵਾਂ ਵੀ ਨਹੀਂ ਪੈਣ ਦਿਆਂਗੀ। ਇਸ ਦੀਆਂ ਸਾਰੀਆਂ ਰਸਮਾਂ, ਸੰਸਕਾਰ ਗੁਰਮਤਿ ਅਨੁਸਾਰ ਹੀ ਕੀਤੀਆਂ ਜਾਣਗੀਆਂ।"

''ਅਸੀਂ ਵੀ ਤਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਹਾਂ। ਸਾਡਾ ਪਰਿਵਾਰ...," ਰਾਮ ਸਹਾਇ ਨੇ ਦਲੀਲ ਦਿੱਤੀ।

''ਮੈਂ ਗੁਰਮਤਿ ਗੁਰਬਾਣੀ ਦੇ ਦੱਸੇ ਰਸਤੇ ਨੂੰ ਮੰਨਦੀ ਹਾਂ।" ਮਾਤਾ ਲਾਡਿੱਕੀ ਦਾ ਫ਼ੈਸਲਾ ਨਿਯਮਬੱਧ ਸੀ, ''ਜੋ ਗੁਰਬਾਣੀ ਵਿਚ ਹੋਏਗਾ, ਅਸੀਂ ਉਹੀ ਕੁਝ ਕਰਾਂਗੇ। ਬੱਚੇ ਦਾ ਨਾਂ ਰੱਖਣਾ ਹੈ, ਸਭ ਨੂੰ ਸੱਦਾ ਦਿਉ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਵਾਂਗੇ। ਜਿਹੜਾ ਪਹਿਲਾ ਅੱਖਰ ਆਏਗਾ, ਉਸੇ ਅਨੁਸਾਰ ਬੱਚੇ ਦਾ ਨਾਂ ਰੱਖਿਆ ਜਾਵੇਗਾ।"

''ਪਰ ਤੇਰੀ ਇਸ ਨਵੀਂ ਪਿਰਤ ਨੂੰ ਮੰਨੇਗਾ ਕੌਣ? ਪਿਤਾ ਜੀ ਅਤੇ ਦੂਸਰੇ ਪਰਿਵਾਰ ਵਾਲੇ ਤਾਂ ਕੁੱਲ ਪੰਡਤ ਤੋਂ ਪੁੱਛੇ ਬਿਨਾਂ ਨਹੀਂ ਚਲਣਗੇ।" ਰਾਮ ਸਹਾਇ ਜੀ ਦੀ ਦਲੀਲ ਸੀ।

''ਉਨ੍ਹਾਂ ਦੀਆਂ ਉਹ ਜਾਨਣ! ਮੈਂ ਆਪਣੇ ਪੁੱਤਰ ਉਤੇ ਭਰਮਾਂ ਭੁਲੇਖਿਆਂ, ਪੰਡਤਾਂ, ਬ੍ਰਾਹਮਣਾਂ ਦਾ ਪ੍ਰਛਾਵਾਂ ਨਹੀਂ ਪੈਣ ਦੇਣਾ।" ਮਾਤਾ ਦਾ ਦ੍ਰਿੜ੍ਹ ਫੈਸਲਾ ਸੀ।

ਕਈ ਦਿਨਾਂ ਤੱਕ ਘਰ ਵਿਚ ਕਲ਼ੇਸ ਪਿਆ ਰਿਹਾ। ਅਖੀਰ, ਨਾਮਕਰਨ ਲਈ ਕੀਤੀ ਜਾਂਦੀ ਰਸਮ ਨੂੰ ਛੱਡ ਦਿੱਤਾ ਗਿਆ। ਮਾਤਾ ਲਾਡਿੱਕੀ ਨੇ ਆਪ ਇੱਕ ਸਾਧਾਰਨ ਜਿਹਾ ਸੰਮੇਲਨ ਕੀਤਾ। ਪੁੱਤਰ ਨੂੰ ਉਸ ਦੇ ਪਿਤਾ ਦੀ ਗੋਦ ਵਿਚ ਦੇ ਕੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਿਆ ਗਿਆ। ਇਹ ਕਾਰਜ ਮਾਤਾ ਨੇ ਆਪ ਕੀਤਾ, ਹੁਕਮ ਸੀ:

ਆਸਾ ਮੁਹਲਾ1

ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥

ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ॥

ਸੰਗ ਦੇਖੈ ਕਰਣਹਾਰਾ ਕਾਇ ਪਾਪ ਕਮਾਈਐ॥

ਸੁਕ੍ਰਿਤ ਕੀਜੈ ਨਾਮੁ ਲੀਜੈ ਨਰਕ ਮੂਲਿ ਨ ਜਾਈਐ॥

ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੇ ਸਾਥੈ॥

ਭਜੁ ਸਾਧ ਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੈ॥ (੪੬੧)

ਮਾਤਾ ਨੇ ਹੁਕਮਨਾਮੇ ਪਿਛੋਂ ਸ਼ਬਦ ਪੜ੍ਹਿਆ:

ਸਤਿਗੁਰੁ ਹੋਇ ਦਇਆਲ ਤ ਸਰਧਾ ਪੂਰੀਐ॥

ਸਤਿਗੁਰੁ ਹੋਇ ਦਇਆਲ ਨ ਕਬਹੁੰ ਝੂਰੀਐ॥

ਸਤਿਗੁਰੁ ਹੋਇ ਦਇਆਲ ਤਾ ਦੁਖੁ ਨਾ ਜਾਣੀਐ॥

ਸਤਿਗੁਰੁ ਹੋਇ ਦਇਆਲ ਤਾ ਹਰਿ ਰੰਗ ਮਾਣੀਐ॥

ਸਤਿਗੁਰੁ ਹੋਇ ਦਇਆਲ ਤਾ ਜਮ ਕਾ ਡਰੁ ਕੇਹਾ॥

ਸਤਿਗੁਰੁ ਹੋਇ ਦਇਆਲ ਤਾ ਨਵ ਨਿਧਿ ਪਾਈਐ॥

ਸਤਿਗੁਰੁ ਹੋਇ ਦਇਆਲ ਤਾ ਸਚਿ ਸਮਾਈਐ॥(੧੪੯)

ਹਾਜ਼ਰ ਗੁਰਮੁਖਾਂ ਨੇ ਹਾਮੀ ਭਰੀ, ''ਬਾਲਕ ਦਾ ਨਾਂ ''ਦਇਆਲ" ਹੀ ਰੱਖਿਆ ਜਾਵੇ। ਉਸ ਉਤੇ ਅਕਾਲ ਪੁਰਖੁ ਦੀ ਦਿਆਲਤਾ ਹੈ।" ਇਹ ''ਦਇਆਲ" ਹੌਲੀ ਹੌਲੀ ਦਿਆਲ ਦਾ ਰੂਪ ਧਾਰਨ ਕਰ ਗਿਆ।