rozanajanchetna@gmail.com24112020.
ਰੋਜਾਨਾ ਜਨਚੇਤਨਾ
ਸਾਲ:11, ਅੰਕ:79,ਮੰਗਲਵਾਰ, 24 ਨਵੰਬਰ 2020.ਅੱਜ ਦਾ ਵਿਚਾਰ .
ਪਹਿਲਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁੱਖ ਦਾ ਮੂਲ ਸੁਭਾ, ਉਸ ਦੀਆਂ ਕੁਦਰਤੀ ਪ੍ਰਵਿਰਤੀਆਂ ਕਦੇ ਨਹੀਂ ਬਦਲਦੀਆਂ। ਇਹ ਵਧੇਰੇ ਕਰ ਕੇ ਸੈਕਸ ਨਾਲ ਜੁੜੀਆਂ ਹੁੰਦੀਆਂ ਹਨ, ਜਾਂ ਇਹਨਾਂ ਦਾ ਸਬੰਧ ਲਾਭ ਹਾਣ ਨਾਲ ਹੁੰਦਾ ਹੈ। ਡਰ, ਗੁੱਸਾ, ਮੋਹ, ਮਮਤਾ, ਕਾਮ, ਕਰੋਧ, ਲੋਭ, ਹੰਕਾਰ, ਵੈਰ, ਵਿਰੋਧ, ਨਕਲ, ਹਮਦਰਦੀ, ਸ਼ਰਮ, ਨਿੱਜਤਾ, ਸੁਰੱਖਿਆ ਉਸ ਅੰਦਰੋਂ ਕਦੀ ਖਤਮ ਨਹੀਂ ਹੁੰਦੀਆਂ। ਇਹਨਾਂ ਨੂੰ ਸਿਰਫ ਘਟਾਇਆ, ਵਧਾਇਆ ਜਾ ਸਕਦਾ ਹੈ। ਦੂਸਰਾ, ਸਮਾਜ ਵਿਚ ਤਬਦੀਲੀ ਸਦਾ ਹੁੰਦੀ ਰਹਿੰਦੀ ਹੈ ਪਰ ਇਸ ਦੀ ਗਤੀ ਬਹੁਤ ਧੀਮੀ ਹੁੰਦੀ ਹੈ। ਤੀਸਰਾ, ਹਿਤਾਂ ਦੇ ਟਕਰਾਉ ਸਮੇਂ ਲਾਭਕਾਰੀ ਮਸਤ ਰਹਿੰਦਾ ਹੈ ਜਦ ਕਿ ਨੁਕਸਾਨ ਉਠਾਉਣ ਵਾਲਾ ਹਿੰਸਕ ਹੁੰਦਾ ਹੈ ਅਤੇ ਉਹ ਮਰਨ ਮਾਰਣ ਉਤੇ ਉਤਰਣ ਵਿਚ ਦੇਰ ਨਹੀਂ ਲਾਉਂਦਾ।
ਪੰਜਾਬ ਦਾ ਇਤਿਹਾਸ-13.
ਅੱਠ ਘੰਟਿਆਂ ਦੀ ਹੱਥੋਂ-ਹੱਥ ਲੜਾਈ ਦੇ ਬਾਅਦ ਵੀ ਜਦੋਂ ਸਿਕੰਦਰ ਪੋਰਸ ਨੂੰ ਹਰਾ ਨਹੀਂ ਸਕਿਆ ਤਾਂ ਉਸ ਨੇ ਪੋਰਸ ਨਾਲ ਸਮਝੌਤਾ ਕਰਨ ਦੀ ਗੱਲ ਠਾਣ ਲਈ ਸੀ। ਉਸ ਨੇ ਇਸ ਮਨੋਰਥ ਲਈ ਆਪਣੇ ਉਹ ਹਿੰਦੁਸਤਾਨੀ ਰਾਜੇ ਪੋਰਸ ਪਾਸ ਭੇਜੇ ਜਿਹੜੇ ਪੋਰਸ ਦੇ ਵੀ ਜਾਣਕਾਰ ਸਨ। ਪੋਰਸ ਨੇ ਪਹਿਲਾਂ ਪਹਿਲਾਂ ਅਜਿਹੇ ਸੁਨੇਹੇ ਲਿਆਉਣ ਵਾਲੇ ਕਈ ਵਿਚੋਲਿਆਂ ਨੂੰ ਗੱਲ ਸੁਣਨ ਤੋਂ ਬਾਅਦ ਹੀ ਮਾਰ ਮੁਕਾ ਦਿੱਤਾ ਸੀ। ਇਹਨਾਂ ਵਿੱਚ ਮੁੱਖ ਰਾਜਾ ਟੈਕਸਾਈਲ ਸੀ। ਪਰ ਇਕ ਹੋਰ ਰਾਜਾ ਮੀਰੋਜ਼ ਨੇ, ਜਿਹੜਾ ਪੋਰਸ ਦਾ ਕਿਸੇ ਸਮੇਂ ਦੋਸਤ ਰਹਿ ਚੁੱਕਾ ਸੀ ਪੋਰਸ ਨੂੰ ਇਹ ਕਹਿ ਕੇ ਗੱਲ ਸੁਣਾਈ ਕਿ ਪੰਜਾਬ ਨੂੰ ਇਕ ਝੰਡੇ ਹੇਠ ਇੱਕਠਾ ਕਰਨ ਲਈ ਅਤੇ ਗੰਗਾ-ਜਮੁਨਾ ਦੇ ਦੁਆਬ ਨੂੰ ਜਿੱਤਣ ਲਈ ਜੇ ਸਿੰਕਦਰ ਦੀ ਮਦਦ ਸਮਝੌਤਾ ਕਰਨ ਤੋਂ ਬਾਅਦ ਮਿਲਦੀ ਹੋਵੇ ਤਾਂ ਇਸ ਦਾ ਪੋਰਸ ਨੂੰ ਕੀ ਨੁਕਸਾਨ ਹੋਵੇਗਾ। ਜਦੋਂ ਇਹ ਗੱਲ ਪੋਰਸ ਨੇ ਸੁਣੀ ਤਾਂ ਉਸ ਨੇ ਮੀਰੋਜ਼ ਨੂੰ ਆਪਣੇ ਹਾਥੀ ਉਪਰ ਆਉਣ ਨੂੰ ਕਿਹਾ। ਸਿੱਟੇ ਵਜੋਂ ਮੀਰੋਜ਼ ਦੀ ਵਿਚੋਲਗਿਰੀ ਨਾਲ ਪੋਰਸ ਅਤੇ ਸਿਕੰਦਰ ਦੀ ਹੋ ਰਹੀ ਲੜਾਈ ਵਿੱਚ ਹੀ ਇਕ ਦੂਜੇ ਨੂੰ ਮਿਲੇ। ਸਿਕੰਦਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪੋਰਸ ਪੰਜਾਬ ਦਾ ਬਾਦਸ਼ਾਹ ਰਹੇਗਾ ਅਤੇ ਅਗਲੀਆਂ ਸਾਂਝੀਆਂ ਜਿੱਤਾਂ ਉਹਨਾਂ ਦੀਆਂ ਅੱਧੋ-ਅੱਧ ਹੋਣਗੀਆਂ। ਪਰੋਫੈਸਰ ਬੁੱਧ ਪਰਕਾਸ਼ ਲਿਖਦਾ ਹੈ ਕਿ ਸਿਕੰਦਰ ਨੇ ਪੋਰਸ ਨਾਲ ਗੱਲਬਾਤ ਸ਼ੁਰੂ ਕਰਨ ਵਿੱਚ ਪਹਿਲ ਕੀਤੀ ਅਤੇ ਇਸ ਦੇ ਲਈ ਇੰਨੀ ਦਰਿੜਤਾ ਵਿਖਾਈ ਕਿ ਇਸ ਮੰਤਵ ਲਈ ਫਹ ਪੋਰਸ ਕੋਲ ਦੂਤ ਭੇਜੀ ਗਿਆ। ਪੋਰਸ ਸਿਕੰਦਰ ਨਾਲ ਕਿਸੇ ਸਮਝੋਤੇ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਉਸ ਦੇ ਦੂਤਾਂ ਅਤੇ ਵਕੀਲਾਂ ਨੂੰ ਝਾੜ ਪਾ ਕੇ ਦੁਰਕਾਰ ਦਿੱਤਾ।
ਸਿੱਖ ਇਤਿਹਾਸ ਵਿਚ ਅੱਜ.
24 ਨਵੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
= ਮੀਰ ਮੰਨੂੰ ਦੀ ਮੌਤ (1753 ਈ:)
= ਦਲ ਖਾਲਸਾ ਵਲੋਂ ਜਹਾਨ ਖਾਂ ਤੇ ਹਮਲਾ (1763 ਈ:)
= ਮਹਾਰਾਜਾ ਖੜਕ ਸਿੰਘ ਦਾ ਚਲਾਣਾ (1840 ਈ:)
ਮੀਰ ਮੰਨੂੰ (ਮੁਈਨੁਲ ਦੀਨ ਜਾਂ ਮੁਅੱਯੁਨੁਲ ਮੁਲਕ) ਮੁਗਲ ਬਾਦਸ਼ਾਹ ਮਹੁੰਮਦ ਸ਼ਾਹ (1719-48 ਈ:) ਦੇ ਵਜ਼ੀਰ ਮਕਰਉਦੀਨ ਦਾ ਪੁੱਤਰ ਸੀ। ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ (1747-48 ਈ:) ਸਮੇਂ ਉਸਦਾ ਮੁਕਾਬਲਾ ਕਰਦਿਆਂ ਵਜ਼ੀਰ ਤਾਂ ਮਾਰਿਆ ਗਿਆ ਪਰ ਮੀਰ ਮੰਨੂੰ ਨੇ ਅਬਦਾਲੀ ਦੇ ਛੱਕੇ ਛੁੱਡਾ ਦਿਤੇ। ਹਾਰਕੇ ਅਬਦਾਲੀ ਨੂੰ ਅਫਗਾਨਿਸਤਾਨ ਵਾਪਸ ਮੁੜਣਾ ਪਿਆ। ਇਸ ਸ਼ਾਨਦਾਰ ਪ੍ਰਾਪਤੀ ਬਦਲੇ ਮੀਰ ਮੰਨੂੰ ਨੂੰ ਅਪਰੈਲ, 1748 ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ।
ਜਦੋਂ ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਬਣਿਆ, ਪੰਜਾਬ ਵਿੱਚ ਰਾਜਸੀ ਉਥਲ ਪੁਥਲ ਦਾ ਜ਼'ੰਰ ਸੀ। ਸੂਬੇਦਾਰ ਯਾਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਛੋਟਾ ਘਲੂਕਾਰਾ (1746ਈ:) ਕਰਕੇ ਸਿੱਖਾਂ ਦਾ ਮਨੋਬਲ ਤੋੜਣ ਦੇ ਜ਼ੋ ਯਤਨ ਕੀਤੇ ਸਨ, ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੇ ਉਹ ਅਸਫ਼ਲ ਬਣਾ ਦਿੱਤੇ ਸਨ। ਅਬਦਾਲੀ ਨੇ 11 ਜਨਵਰੀ, 1748 ਨੂੰ ਲਾਹੌਰ ਫਤਿਹ ਕੀਤਾ। ਗਿਆਰਾਂ ਮਾਰਚ, 1748 ਨੂੰ ਉਹ ਮੀਰ ਮੰਨੂੰ ਹਥੋਂ ਮਣੂਪੁਰ (ਜ਼ਿਲਾ ਪਟਿਆਲਾ) ਹਾਰ ਗਿਆ। ਇੰਨ੍ਹਾਂ ਦੋ ਮਹੀਨਿਆਂ ਵਿੱਚ ਸਿੰਘਾਂ ਨੇ ਝਨਾਂ ਤੋਂ ਸਤਲੁਜ਼ ਤਕ ਦਾ ਸਾਰਾ ਇਲਾਕਾ ਲੁੱਟ ਲਿਆ।ਇਸੇ ਸਮੇਂ ਉਨ੍ਹਾਂ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁਕੜਬੋਚਾਂ ਨੂੰ ਸਜ਼ਾ ਦਿਤੀ ਜਾਵੇ ਜਿਹੜੇ ਆਏ ਦਿਨ ਚੁਗਲੀਆਂ ਕਰਕੇ ਸਿੰਘਾਂ ਨੂੰ ਫੜਾਉਦੇ ਹਨ।
ਇਸ ਗੁਰਮਤੇ ਉਤੇ ਅਮਲ ਕਰਦਿਆਂ ਚੌਧਰੀ ਸਾਹਿਬ ਰਾਏ, ਪਿੰਡ ਨੁਸ਼ਿਹਰੇ ਦਾ ਸੰਧੂ ਜੱਟ, ਰਾਮਾ ਰੰਧਾਵਾ ਪਿੰਡ ਘਣੀਆਂ, ਹਰਿਭਗਤ ਨਿਰੰਜਨੀਆਂ ਪਿੰਡ ਜੰਡਿਆਲਾ ਗੁਰੂ, ਧਰਮਦਾਸ ਜੋਧਨਗਰੀਆਂ,ਕਰਮਾ ਛੀਨਾ (ਪਿੰਡ ਛੀਨਾ),ਸਨਮੁਖ ਰਾਏ ਪਿੰਡ ਵਡਾਲੀ, ਰਾਏ ਬਖਤਾ ਪਿੰਡ ਮਜੀਠਾ,ਰਾਏ ਹਸਨਾ ਪਿੰਡ ਮੰਡਿਆਲਾ, ਗਹਿਣਾ ਮੱਲ ਪਿੰਡ ਭੀਲੋਵਾਲ, ਕਾਜ਼ੀ ਫਜ਼ਲ ਅਹਿਮਦ ਖਾਂ,ਸ਼ਮਸ਼ੇਰ ਖਾਂ ਖੋਖਰ, ਸਡਿਆਲੇ ਤੇ ਬੁਤਾਲੇ ਦੇ ਰੰਘੜ,ਧਨੇਸ਼ਟੇ ਦੇ ਜੱਟ, ਹੈਬਤਪੁਰ ਪੱਟ. ਦੇ ਖੱਤਰੀ, ਸ਼ੇਖੂਪੁਰੇ ਦੇ ਰੰਘੜ ਅਤੇ ਹੋਰ ਕਈ ਚੌਧਰੀ ਸੋਧੇ ਗਏ। ਪਿੰਡਘਣੀਆਂ, ਨੌਸ਼ਿਹਰਾ ਸੰਧੂਆਂ, ਬਟਾਲਾ, ਜੰਡਿਆਲਾ, ਮਜੀਠਾ,ਕਲਾਨੌਰ, ਜੋਧਨਗਰ, ਫਗਵਾੜਾ ,ਤਲਬਣ ਬਿਜਵਾੜਾ ,ਜਲੰਧਰ,ਸਠਿਆਲਾ,ਬੁਤਾਲਾ,ਮੰਡਿਆਲਾ,ਸ਼ੇਖੂਪੁਰਾ,ਰਸੂਲਨਗਰ,ਢਿੱਗ,ਮੰਜਾਕੀਆਦਿ ਨੂੰ ਚੰਗੀ ਤਰ੍ਹਾਂ ਲੁੱਟਿਆ ਅਤੇ ਤਬਾਹ ਕੀਤਾ ਗਿਆ। ਇਸ ਨਾਲ ਚੁਗਲਖੋਰ ਸਹਿਮ ਗਏ ਅਤੇ ਸਰਕਾਰ ਨਾਲ ਸਿੰਘਾਂ ਦੀ ਟੱਕਰ ਸਿੱਧੀ ਹੋ ਗਈ।
ਇਸ ਸਮੇਂ ਸਲਾਬਤ ਖਾਂ ਅੰਮ੍ਰਿਤਸਰ ਦਾ ਹਾਕਮ ਸੀ। ਜਿਸ ਸਮੇਂ ਅਬਦਾਲੀ ਮੀਰ ਮੰਨੂੰ ਨਾਲ ਉਲਝਿਆ ਹੋਇਆ ਸੀ, ਸਿੰਘ ਅੰਮ੍ਰਿਤਸਰ ਆ ਪਏ। ਲੜਾਈ ਵਿਚ ਸਲਾਬਤ ਖਾਂ ਮਾਰਿਆ ਗਿਆ, ਉਸ ਦੀ ਫੌਜ਼ ਅੰਮ੍ਰਿਤਸਰ ਛੱਡਕੇ ਨੱਸ ਗਈ।ਸਿੰਘਾਂ ਅੰਮ੍ਰਿਤਸਰ ਉਤੇ ਕਬਜ਼ਾ ਕਰ ਲਿਆ। ਦੀਵਾਨ ਲਖਪਤ ਰਾਇ ਨੇ ਅੰਮ੍ਰਿਤ ਸਰੋਵਰ ਦਾ ਹਿੱਸਾ ਪੂਰ ਦਿਤਾ ਸੀ। ਸਿੰਘਾਂ ਉਸ ਦੀ ਸਫ਼ਾਈ ਕਰਕੇ ਜਲ ਭਰਿਆ ਜਲ ਭਰਿਆ।ਖੁੱਲੇ ਦਰਸ਼ਨ,ਇਸ਼ਨਾਨ ਦਾ ਸਬੱਬ ਬਣਿਆ।
ਮੀਰ ਮੰਨੂੰ ਤੋਂ ਹਾਰਕੇ ਅਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਪਾਰ ਕਰਦਿਆਂ ਹੀ ਸਿੰਘ ਉਸਦੇ ਪਿਛੇ ਲਗ ਗਏ। ਦਿਨੇ ਉਹ ਅਬਦਾਲੀ ਦੀ ਫੌਜ ਤੋਂ ਥੋੜਾ ਦੂਰ ਹਟ ਜਾਂਦੇ ਅਤੇ ਰਾਤ ਨੂੰ ਛਾਪਾ ਮਾਰ, ਹੱਥ ਲਗਾ ਸਾਮਾਨ ਲੁੱਟ ਜੰਗਲਾਂ ਵਿੱਚ ਜਾ ਵੜਦੇ। ਝਨਾਂ ਤਕ ਅਬਦਾਲੀ ਨਾਲ ਇਹੀ ਸਲੂਕ ਹੁੰਦਾ ਰਿਹਾ।
29 ਮਾਰਚ,1748 ਦੀ ਵਿਸਾਖੀ ਕਈ ਵਰ੍ਹਿਆਂ ਪਿਛੋਂ,ਸਿੰਘਾਂ ਧੂਮ ਧਾਮ ਨਾਲ ਮਨਾਈ। ਇਸ ਸਮੇਂ ਹੋਏ ਸਰਬੱਤ ਖਾਲਸਾ ਵਿਚ ਇਕ ਕੇਂਦਰੀ ਜਥੇਬੰਦੀ ਬਨਾਉਣ ਉਤੇ ਜ਼ੋਰ ਦਿਤਾ ਗਿਆ। ਛੋਟੇ ਘਲੂਕਾਰੇ ਦਾ ਇਹੀ ਸਬਕ ਸੀ।ਇਸ ਗੁਰਮਤੇ ਤੇਅਮਲ ਕਰਦਿਆਂ ਗਿਆਰਾਂ ਮਿਸਲਾਂ ਅਤੇ ਦਲ ਖਾਲਸਾ ਦਾ ਗਠਨ ਹੋਇਆ। ਨਵਾਬ ਕਪੂਰ ਸਿੰਘ ਨੂੰ ਦਲ ਖਾਲਸਾ ਦਾ ਜਥੇਦਾਰ ਮੰਨਿਆ ਗਿਆ। ਮਿਸਲਦਾਰ ਆਪਣੇ ਆਪਣੇ ਇਲਾਕਿਆਂ ਵਿੱਚ ਸਰਗਰਮ ਹੋ ਗਏ।
ਮੀਰ ਮੰਨੂੰ ਨੇ ਸੂਬੇਦਾਰੀ ਸੰਭਾਲਦਿਆਂ ਹੀ ਸਿੱਖਾਂ ਨੂੰ ਕੁਚਲਣ ਅਤੇ ਅਮਨ ਅਮਾਨ ਕਾਇਮ ਕਰਨ ਦੇ ਹੁਕਮ ਦਿਤੇ ਪਰ ਇੰਨ੍ਹਾਂ ਉਤੇ ਅਮਲ ਸੰਭਵ ਨਹੀਂ ਹੋ ਸਕਿਆ। ਮੀਰ ਮੰਨੂੰ ਦੇ ਦੁਸ਼ਮਨ ਸਭ ਪਾਸੇ ਫੈਲੇ ਹੋਏ ਸਨ। ਦਿੱਲੀ ਦਰਬਾਰ ਵਿੱਚ ਵੀ ਉਸ ਦਾ ਕੋਈ ਮਦਦਗਾਰ ਨਹੀਂ ਸੀ, ਵਿਰੋਧੀ ਕਈ ਸਨ। ਅਬਦਾਲੀ ਵਲੋਂ ਫੇਰ ਹਮਲਾ ਕੀਤੇ ਜਾਣ ਦੀਆਂ ਖਬਰਾਂ ਚੱਕਰ ਲਾ ਰਹੀਆਂ ਸਨ। ਅਖੀਰ ਮੀਰ ਮੰਨੂੰ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਮਨ ਬਣਾਇਆ। ਇਸ ਸਮੇਂ ਰਾਮ ਰੌਣੀ ਦਾ ਘੇਰਾ ਚਲ ਰਿਹਾ ਸੀ। ਮੀਰ ਮੰਨੂੰ ਨੇ ਪੇਸ਼ਕਸ਼ ਕੀਤੀ ਕਿ ਜੇ ਸਿੱਖ ਅਮਨ ਸ਼ਾਤੀ ਨਾਲ ਰਹਿਣਾ ਪ੍ਰਵਾਨ ਕਰ ਲੈਣ ਤਾਂ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਜਾਵੇਗਾ,ਜਾਗੀਰ ਵੀ ਦਿਤੀ ਜਾਇਗੀ। ਸ੍ਰ: ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਈ ਵਿਚ ਇਹ ਪੇਸ਼ਕਸ਼ ਪ੍ਰਵਾਨ ਕਰ ਲਈ ਗਈ। ਨਵੰਬਰ, 1748 ਵਿੱਚ ਸਮਝੌਤੇ ਅਧੀਨ ਪੱਟੀ ਪਰਗਣੇ ਦੇ ਮਾਮਲੇ ਵਿੱਚੋਂ ਅੱਧ ਸਿੰਘਾਂ ਦੇ ਗੁਜ਼ਾਰੇ ਲਈ ਹਰਿਮੰਦਰ ਸਾਹਿਬ ਦੇ ਨਾਂ ਜਗੀਰ ਵਜੋਂ ਕਰ ਦਿਤਾ ਗਿਆ।
ਇਹ ਪ੍ਰਬੰਧ ਚਾਰ ਸਾਲ ਤਕ ਚਲਿਆ। ਇਸ ਦੌਰਾਨ ਸਿੰਘਾਂ ਨੇ ਦੀਵਾਨ ਕੌੜਾ ਮੱਲ ਦੀ ਆੜ ਵਿੱਚ ਮੀਰ ਮੰਨੂੰ ਦੀ ਮਦਦ ਵੀ ਕੀਤੀ। ਮੁਲਤਾਨ ਉਤੇ ਹਮਲੇ (1750ਈ:) ਸਮੇਂ 10 ਹਜ਼ਾਰ ਸਿੰਘ ਮੀਰ ਮੰਨੂੰ ਲਈ ਲੜੇ ਸਨ।ਇਸ ਲੜਾਈ ਵਿੱਚ ਸ਼ਾਹ ਨਿਵਾਜ਼ ਨੂੰ ਮਾਰਨ ਦਾ ਸਿਹਰਾ ਵੀ ਜੱਸਾ ਸਿੰਘ ਰਾਮਗੜੀਆ ਦੇ ਸਿਰ ਬੰਨਿਆ ਜਾਂਦਾ ਹੈ। ਕੌੜਾ ਮਲ ਨੇ ਇਸ ਸੇਵਾ ਬਦਲੇ ਸਿੰਘਾਂ ਨੂੰ ਕਰਮਾਂ ਤਾਂ ਦਿਤੀਆਂ ਹੀ, ਗੁਰਦੁਆਰਾ ਬਾਲ ਲੀਲਾ (ਨਨਕਾਣਾ ਸਾਹਿਬ) ਦਾ ਨਿਰਮਾਣ ਵੀ ਕਰਵਾਇਆ, ਗਿਆਰਾਂ ਹਜ਼ਾਰ ਰੁਪੈ ਦੀ ਤੇਗ਼ ਅੰਮ੍ਰਿਤਸਰ ਚੜਾਈ। ਸਿੰਘਾਂ ਦੀ ਜਾਗੀਰ ਵਿੱਚ ਵੀ ਵਾਧਾ ਹੋਇਆ। ਪੱਟੀ ਦੇ ਪਰਗਣੇ ਤੋਂ ਬਿਨਾਂ ਉਨ੍ਹਾਂ ਨੂੰ ਚੂਹਣੀਆਂ ਅਤੇ ਝਬਾਲ ਵੀ ਦੇ ਦਿਤੇ ਗਏ।
ਉਂਝ ਇਹ ਸਮਾਂ ਮੀਰ ਮੰਨੂੰ ਲਈ ਇਮਤਿਹਾਨ ਦਾ ਸੀ। ਦਿੱਲੀ ਦਰਬਾਰ ਵਿੱਚ ਬਾਦਸ਼ਾਹ ਵੀ ਬਦਲ ਗਿਆ ਸੀ (ਇਸ ਸਮੇਂ ਮੁਹੰਮਦ ਸ਼ਾਹ ਦਾ ਪੁੱਤਰ ਅਹਿਮਦ ਸ਼ਾਹ (1748-54) ਹਾਕਮ ਸੀ) ਅਤੇ ਵਜ਼ੀਰ ਤਾਂ ਐਲਾਨੀਆਂ ਵਿਰੋਧੀ ਖੇਮੇ ਦਾ ਸੀ।ਅਬਦਾਲੀ ਨੇ 1748 ਦੇ ਅੰਤ ਤੇ ਮੁੜ ਪੰਜਾਬ ਉਤੇ ਹਮਲਾ ਕੀਤਾ। ਮੀਰ ਮੰਨੂੰ ਕੋਲ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ ਭਾਵੇਂ ਕਿ ਉਸ ਅਬਦਾਲੀ ਦਾ ਮੁਕਾਬਲਾ ਕੀਤਾ। ਵਿਚਲਾ ਰਸਤਾ ਕੱਢਕੇ ਉਸ ਅਬਦਾਲੀ ਅਤੇ ਗੁਜਰਾਤ ਦੇ ਚਾਰ ਜ਼ਿਲਿਆਂ ਦਾ ਮਾਮਲਾ ਜੋ 14 ਲੱਖ ਰੁਪੈ ਬਣਦਾ ਸੀ, ਦੇਕੇ ਜਾਨ ਛੁਡਾਈ।ਖੁਸ਼ਵੰਤ ਸਿੰਘ ਦੇ ਸ਼ਬਦਾਂ ਵਿੱਚ ਮੀਰ ਮੰਨੂੰ ਅਫ਼ਗਾਨ ਬਾਦਸ਼ਾਹ ਅਤੇ ਮੁਗਲ ਸ਼ਹਿਨਸ਼ਾਹ ਦਾ ਜਗੀਰਦਾਰ ਬਣ ਗਿਆ।
ਅਫਗਾਨਾਂ ਨੇ ਤੀਜਾ ਹਮਲਾ 1751-52 ਵਿੱਚ ਕੀਤਾ। ਅਕਤੂਬਰ,1751 ਈਸਵੀ ਵਿਚ ਅਬਦਾਲੀ ਦਾ ਦੂਤ ਹਾਰੂੰਨ ਖਾਂ ਲਾਹੌਰ ਆਇਆ ਅਤੇ ਮੀਰ ਮੰਨੂੰ ਤੋਂ ਮਾਮਲਾ ਮੰਗਿਆ। ਮੰਨੂੰ ਨੇ ਮਜਬੂਰੀ ਪ੍ਰਗਟ ਕੀਤੀ। ਨਵੰਬਰ ਵਿਚ ਖ਼ਬਰ ਮਿਲੀ ਕਿ ਅਬਦਾਲੀ ਆਪ ਪਿਸ਼ਾਵਰ ਆ ਗਿਆ ਹੈ ਅਤੇ ਉਸ ਦੇ ਜਰਨੇਲ ਜਹਾਨ ਖਾਂ ਅਤੇ ਅਬਦੁੱਸਮਦ ਖਾਂ ਫੌਜ਼ ਲੇ ਕੇ ਰੁਹਤਾਸ ਤਕ ਅਪੱੜ ਗਏ ਹਨ। ਮੀਰ ਮੰਨੂੰ ਨੇ ਮੁਲਤਾਨ ਤੋਂ ਕੌੜਾ ਮੱਲ ਅਤੇ ਜਲੰਧਰ ਤੋਂ ਅਦੀਨਾ ਬੇਗ ਨੂੰ ਆਪਣੀ ਸਹਾਇਤਾ ਲਈ ਬੁਲਾਇਆ। ਨਾਲ ਹੀ ਮੰਨੂੰ ਨੇ ਅਬਦਾਲੀ ਦੇ ਦੂਤ ਨੂੰ ਨੌ ਲੱਖ ਰੂਪੈ ਦੇ ਦਿਤੇ ਅਤੇ ਬਾਕੀਆਂ ਨੂੰ ਅਦਾ ਕਰਨ ਦਾ ਭਰੋਸਾ ਦਿਵਾਇਆ। ਹਾਰੂੰਨ ਖਾਂ ਨੇ ਉਹ ਰੁਪੈ ਅਤੇ ਮੰਨੂੰ ਦੀ ਚਿੱਠੀ ਜਿਸ ਵਿਚ ਬਾਕੀ ਅਮਲਾ ਜਲਦੀ ਨਿਪਟਾ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ, ਅਬਦਾਲੀ ਨੂੰ ਭੇਜ ਦਿਤੇ। ਅਬਦਾਲੀ ਨੇ ਨੌ ਲੱਖ ਰੁਪੈ ਵੀ ਲੈ ਲਏ ਅਤੇ ਆਪਣਾ ਅੱਗੇ ਵੱਧਣਾ ਵੀ ਜਾਰੀ ਰਖਿਆ। ਅਸਲ ਵਿੱਚ ਇਸ ਵਾਰ ਉਹ ਮਾਮਲਾ ਨਹੀਂ, ਲਾਹੌਰ ਲੈਣ ਲਈ ਆਇਆ ਸੀ। ਮੰਨੂੰ ਨੇ ਮੁਕਾਬਲਾ ਕਰਨ ਦੀ ਠਾਣੀ। ਦੋਂਵੇਂ ਫੌਜਾਂ ਲਾਹੌਰ ਨੇੜੇ ਬਿਲਾਵਲ ਕੋਲ ਆਹਮੋਸਾਹਮਣੇ ਛੱਟ ਗਈਆਂ।
ਇਸ ਲੜ੍ਹਾਈ ਸਮੇਂ ਮੀਰ ਮੰਨੂੰ ਨੇ ਕੌੜਾ ਮੱਲ ਰਾਹੀਂ ਸਿੰਘਾਂ ਤੋਂ ਮਦਦ ਮੰਗੀ ਅਤੇ ਸਹਾਇਤਾ ਬਦਲੇ ਪਹਾੜ ਦਾ ਆਦੀ ਇਲਾਕਾ ਪੜੌਲ,ਕਠੂਹਾ,ਬਸੌਲੀ ਆਦਿ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅੰਮ੍ਰਿਤਸਰੋਂ ਸਹਾਇਤਾ ਲਈ ਜਾ ਰਹੇ ਸਨ ਕਿ ਰਸਤੇ ਵਿਚ ਇਕ ਦੁਰਘਟਨਾ ਹੋ ਗਈ। ਰਾਮਗੜੀਆ ਮਿਸਲ ਦੇ ਖੁਸ਼ਹਾਲ ਸਿੰਘ ਕੱਕੜ ਨੂੰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿਤਾ।ਬਾਕੀ ਦੇ ਸਰਦਾਰ ਇਸ ਗਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ।ਦਸ ਹਜ਼ਾਰ ਫੌਜ ਸਮੇਤ ਭੰਗੀ ਸਰਦਾਰ ਵਾਪਸ ਪਰਤ ਗਏ ਅਤੇ ਵੀਹ ਕੁ ਹਜ਼ਾਰ ਸ਼ਾਲੀਮਾਰ ਬਾਗ ਵਿੱਚ ਜਾ ਬੈਠੇ। ਅਗਲੇ ਕੁਝ ਦਿਨਾਂ ਵਿੱਚ ਸਿੰਘਾਂ ਦੀ ਗਾਂ ਹਲਾਲ ਕਰਦੇ ਕਸਾਈ ਮੁਸਲਮਾਨਾਂ ਨਾਲ ਝੜਪ ਹੋ ਗਈ। ਇਸ ਗਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਅਤੇ ਉਨ੍ਹਾਂ ਸਿੰਘਾਂ ਤੇ ਹਮਲਾ ਕਰ ਦਿਤਾ। ਇਸ ਮੁੱਠ ਭੇੜ ਵਿੱਚ ਕਈ ਆਦਮੀ ਮਾਰੇ ਗਏ।
ਇਕ ਦਿਨ ਸੁੱਖਾ ਸਿੰਘ (ਮਾੜੀ ਕੰਬੋਕੀ ਵਾਲਾ) ਕੁਝ ਸਿੰਘਾਂ ਸਮੇਤ ਰਾਵੀੳਂ ਪਾਰ ਗਿਆ। ਅੱਗੋਂ ਅਬਦਾਲੀ ਦੇ ਦਸਤੇ ਉਨ੍ਹਾਂ ਨੂੰ ਪੈ ਗਏ। ਮੁਕਾਬਲੇ ਵਿੱਚ ਕਈ ਸਿੰਘ ਮਾਰੇ ਗਏ।ਜਦੋਂ ਉਹ ਡੇਰੇ ਨੂੰ ਮੁੜ ਰਹੇ ਸਨ ਤਾਂ ਮੰਨੂੰ ਦੀ ਫੌਜ਼ ਨੇ ਉਨ੍ਹਾਂ ਉਤੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿਤੇ। ਖਾਲਸਾ ਦਲ ਦੇ ਸਿਪਾਹੀਆਂ ਦਾ ਮਨ ਖੱਟਾ ਹੋ ਗਿਆ ਅਤੇ ਉਹ ਮੀਰ ਮੰਨੂੰ ਦਾ ਸਾਥ ਛੱਡਕੇ ਵਾਪਸ ਚਲੇ ਗਏ।
ਇਸ ਲੜ੍ਹਾਈ ਵਿੱਚ ਮੀਰ-ਮੰਨੂੰ ਹਾਰ ਗਿਆ। ਉਸ 50 ਲੱਖ ਰੁਪੈ ਸਲਾਨਾ ਦੇਣੇ ਕਰ ਅਬਦਾਲੀ ਨਾਲ ਸਮਝੌਤਾ ਕਰ ਲਿਆ। ਆਪਣੀ ਹਾਰ ਦਾ ਕਾਰਣ ਉਸ ਸਿੰਘਾਂ ਨੂੰ ਮੰਨਿਆ ਅਤੇ ਬਦਲਾ ਲੈਣ ਦੀ ਠਾਣ ਲਈ। ਉਸ ਨੇ ਸਿੱਖਾਂ ਦੀ ਜਾਗੀਰ ਜ਼ਬਤਕ ਰ ਲਈ ਅਤੇ ਹਰ ਕੇਸਾਧਾਰੀ ਨੂੰ ਕਤਲ ਕਰਨ ਦੇ ਹੁਕਮ ਚਾੜ ਦਿਤੇ। ਜ਼ਾਹਰ ਹੈ, ਸ਼ਾਤੀ ਦਾ ਸਮਝੌਤਾ ਟੁੱਟ ਗਿਆ। ਦੋਵੇ ਪਾਸਿਉ ਮਾਰ ਕਾਟ ਹੋਣ ਲਗੀ।
ਮੀਰ ਮੰਨੂੰ ਬੜੇ ਜ਼ਿੱਦੀ ਸੁਭਾਅ ਦਾ ਸੂਬੇਦਾਰ ਸੀ। ਸਿੱਖਾਂ (ਉਨ੍ਹਾਂ ਦੇ ਬੱਚਿਆਂ,ਇਸਤਰੀਆਂ ਆਦਿ ਨੂੰ ਵੀ)ਦੇ ਕਤਲ ਦਾ ਹੁਕਮ ਦੇਕੇ ਉਸ ਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ਼ ਚਾੜ ਦਿਤੀ। ਮੋਮਨ ਖਾਂ,ਸੱਯਦ ਜਮਾਲੁੱਦੀਨ,ਬਖ਼ਸ਼ੀ ਗਾਜ਼ੀ ਬੇਗ,ਖਵਾਜਾ ਮਿਰਜ਼ਾ ਵਰਗੇ ਅਫ਼ਸਰ ਇਸ ਮੁਹਿੰਮ ਦੇ ਆਗੂ ਥਾਪ ਦਿਤੇ ਗਏ। ਉਸ ਨੇ ਇਲਾਕੇ ਦੇ ਚੌਧਰੀਆਂ,ਪਹਾੜੀ ਰਾਜਿਆਂ ਨੂੰ ਵੀ ਸਖ਼ਤ ਹੁਕਮ ਭੇਜੇ ਕਿ ਜਿਥੇ ਕੋਈ ਸਿੱਖ ਜਾਂ ਉਨ੍ਹਾਂ ਦੇ ਬੱਚੇ,ਇਸਤਰੀਆਂ ਮਿਲਣ, ਫੜ ਕੇ ਲਾਹੌਰ ਪੁਚਾ ਦਿਤੇ ਜਾਣ।
ਸਿੱਖਾਂ ਨੂੰ ਤਬਾਹ ਕਰਨ ਵਿੱਚ ਮੀਰ ਮੰਨੂੰ ਨੇ ਕੋਈ ਕਸਰ ਨਹੀਂ ਛੱਡੀ। ਇਤਿਹਾਸਕਾਰਾਂ ਸਿੱਖਾਂ ਉਤੇ ਹੁੰਦੇ ਜ਼ੁਲਮਾਂ ਅਤੇ ਕਤਲਾਂ ਦਾ ਜ਼ਿਕਰ ਕਰਦੇ ਕਈ ਸਫ਼ੇ ਕਾਲੇ ਕੀਤੇ ਹਨ। ਲਤੀਫ਼ ਅਨੁਸਾਰ ਮੀਰ ਮੰਨੂੰ ਨੇ ਹਜ਼ਾਰਾਂ ਸਿੱਖ ਕਤਲ ਕੀਤੇ। ਕਨਈਆ ਲਾਲ ਅਨੁਸਾਰ ਸੈਂਕੜੇ ਸਿੱਖ ਰੋਜ਼ ਫੜੇ ਆਉਂਦੇ ਅਤੇ ਨਖਾਸ ਚੌਕ ਵਿਚ ਕਤਲ ਕੀਤੇ ਜਾਂਦੇ। ਚਿਸ਼ਤੀ ਅਨੁਸਾਰ ਮੀਰ ਮੰਨੂੰ ਕੋਲੋਂ ਹਜ਼ਾਰਾਂ ਸਿੱਖ ਕਤਲ ਹੋਏ....ਈਦ ਦੇ ਦਿਨ ਮੰਨੂੰ ਨੇ ਸ਼ਹੀਦ ਗੰਜ ਵਿਖੇ ਗਿਆਰਾਂ ਸੌਂ ਸਿੱਖ ਕਤਲ ਕੀਤੇ।
ਸਿੰਘਾਂ ਨੇ ਘਰ-ਘਾਟ ਛੱਡ ਦਿਤੇ ਅਤੇ ਗਸ਼ਤੀ ਫੌਜਾਂ ਨਾਲ ਟਕਰਾਉਣ ਲਗ ਪਏ। ਮੀਰ ਮੰਨੂੰ ਮੁਕਾਬਲਿਆਂ ਦੀ ਖ਼ਬਰ ਸੁਣਕੇ ਆਪ ਮੁਹਿੰਮ 'ਤੇ ਚੜ੍ਹ ਪਿਆ। ਚਾਰ ਨਵੰਬਰ,1753 ਈਸਵੀ ਦਾ ਦਿਨ ਚੜਿਆ ਹੀ ਸੀ ਕਿ ਸੂਹੀਏ ਨੇ ਆ ਖ਼ਬਰ ਦਿਤੀ ਕਿ ਨਾਲ ਦੇ ਕਮਾਦ ਵਿਚ ਸਿੰਘ ਲੁਕੇ ਬੈਠੇ ਹਨ। ਮੰਨੂੰ ਨੇ ਉਸੇ ਵੇਲੇ ਘੋੜੇ ਤੇ ਚੜ੍ਹ ਫੌਜ਼ ਨਾਲ ਕਮਾਦ ਨੂੰ ਜਾ ਘੇਰਿਆ। ਕਮਾਦ ਸੰਘਣਾ ਸੀ, ਗੋਲਾਬਾਰੀ ਦਾ ਕੋਈ ਅਸਰ ਨਹੀਂ ਹੋਇਆ ਪਰ ਕਮਾਦ ਦੇ ਖੜਾਕ ਤੋਂ ਮੀਰ ਮੰਨੂੰ ਦਾ ਘੋੜਾ ਡਰ ਗਿਆ।ਮੀਰ ਮੰਨੂੰ ਕਾਠੀ ਤੋਂ ਥੱਲੇ ਆ ਡਿੱਗਾ ਪਰ ਉਸਦਾ ਇਕ ਪੈਰ ਰਕਾਬ ਵਿੱਚ ਹੀ ਫਸਿਆ ਰਹਿ ਗਿਆ।ਭੱਜੇ ਜਾਂਦੇ ਘੋੜੇ ਦੇ ਪਿਛੇ ਧੂਹੀਦਾ ਧੂਹੀਦਾ ਉਹ ਚਲ ਵਸਿਆ।
ਸਮਕਾਲੀ ਸਰੋਕਾਰ .
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਅਦਬ ਸਤਿਕਾਰ ਅਤੇ ਸੇਵਾ ਸੰਭਾਲ
ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(3)
ਪੰਜਾਬ ਦੀ ਉਪਜਾਊ ਧਰਤੀ ਅਤੇ ਅਮੀਰ ਫਲਸਫੇ ਕਾਰਣ ਇਥੋਂ ਦੇ ਵਸਨੀਕਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਰੁਜ਼ਗਾਰ ਕਰਨ ਦੀ ਲੋੜ ਨਹੀਂ ਪਈ ਸਗੋਂ ਵਿਦੇਸ਼ੀ ਹੀ ਇਥੇ ਵਿਉਪਾਰ ਕਰਨ ਜਾਂ ਲੁੱਟਮਾਰ ਕਰਕੇ ਇਥੋਂ ਦੀ ਦੌਲਤ ਪ੍ਰਾਪਤ ਕਰਨ ਆਉਂਦੇ ਰਹੇ। ਮੁਗਲ, ਅਫਗਾਨੀ, ਅੰਗਰੇਜ਼, ਫਰਾਂਸੀਸੀ, ਪੁਰਤਗਾਲੀ ਆਦਿ ਸੋਨੇ ਦੀ ਚਿੜੀ ਨੂੰ ਲੁਟਣ ਦੀ ਨੀਅਤ ਨਾਲ ਹੀ ਆਏ, ਕਈ ਮਾਲਕ ਵੀ ਬਣ ਬੈਠੇ ਅਤੇ ਸਦੀਆਂ ਤਕ ਸ਼ੋਸ਼ਨ ਕਰਦੇ ਰਹੇ।
ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ (1849 ਈ.) ਤੋਂ ਪਹਿਲਾਂ ਕੋਈ ਸਿੱਖ ਵਿਦੇਸ਼ ਗਿਆ ਹੋਵੇ, ਇਸ ਦੀ ਕੋਈ ਉਦਾਹਰਣ ਨਹੀਂ ਮਿਲਦੀ। ਮਹਾਰਾਜਾ ਦਲੀਪ ਸਿੰਘ ਨਾਲ ਵਿਦੇਸ਼ ਜਾਣ ਦੀ ਪਰੰਪਰਾ ਸ਼ੁਰੂ ਹੋਈ ਜਿਸ ਨੂੰ ਅੰਗਰੇਜ਼ਾਂ ਨੇ ਉਤਸ਼ਾਹ ਦਿਤਾ। ਇਕ ਤਾਂ ਉਹ ਅੰਗਰੇਜ਼ ਕਾਮਿਆਂ ਦੇ ਮੁਕਾਬਲੇ ਸੱਸਤੇ ਸਨ ਅਤੇ ਦੂਸਰੇ ਮਿਹਨਤੀ ਵੀ ਜ਼ਿਆਦਾ ਸਨ। ਤੀਸਰੇ ਅੰਗਰੇਜ਼ਾਂ ਨੇ ਦੂਸਰੇ ਹਮਲਾਵਰਾਂ ਵਾਂਗ ਪੰਜਾਬ ਨੂੰ ਆਪਣੀ ਭੂਮੀ ਵਜੋਂ ਅਪਨਾਇਆ ਵੀ ਨਹੀਂ। ਇਥੇ ਹਕੂਮਤ ਕਰਨ ਲਈ ਉਨ੍ਹਾਂ ਨੂੰ ਇਥੋਂ ਦੇ ਵਸਨੀਕਾਂ ਦੀ ਜ਼ਰੂਰਤ ਸੀ ਜਿਹੜੇ ਅੰਗਰੇਜ਼ਾਂ ਦੀ ਸ਼ਾਸਨ ਪ੍ਰਨਾਲੀ ਅਪਨਾਉਣ। ਉਨ੍ਹਾਂ ਨੂੰ ਟ੍ਰੇਂਡ ਕਰਨ ਲਈ ਬਰਤਾਨੀਆਂ ਲਿਜਾਇਆ ਗਿਆ। ਵਿਦੇਸ਼ ਜਾਣਾ ਪੰਜਾਬੀਆਂ ਵਿਚ ਸਨਮਾਨ ਮੰਨਿਆਂ ਜਾਣ ਲਗਾ।
ਪੰਜਾਬ ਉਤੇ ਆਪਣੇ ਕਬਜ਼ੇ ਪਿਛੋਂ ਅੰਗਰੇਜ਼ਾਂ ਨੇ ਭੁਮੀ ਸੁਧਾਰ ਲਈ ਯਤਨ ਕੀਤੇ। ਨਹਿਰਾਂ ਦੇ ਪਸਾਰ ਨਾਲ ਬੰਜਰ ਧਰਤੀ ਵੀ ਹਰਿਆਵਲੀ ਹੋ ਗਈ ਅਤੇ ਕਿਸਾਨੀ ਅੰਦਰ ਬੇਮਿਸਾਲ ਖੁਸ਼ਹਾਲੀ ਆਈ ਪਰ ਇਹ ਖੁਸ਼ਹਾਲੀ ਛਿੰਨ ਭੰਗਰ ਹੀ ਸੀ। ਥੋੜੇ ਹੀ ਸਮੇਂ ਪਿਛੋਂ ਖੇਤੀ ਯੋਗ ਭੂਮੀ ਦੇ ਟੁਕੜੇ ਟੁਕੜੇ ਹੋਣ ਲਗੇ। ਕਿਸਾਨੀ ਲਾਹੇਵੰਦਾ ਸੌਦਾ ਨਹੀਂ ਰਿਹਾ। ਉੱਧਰ ਵੀਹਵੀਂ ਸੱਦੀ ਦੇ ਆਰੰਭ ਵਿਚ ਅਕਾਲ ਵਧੇਰੇ ਪਏ। ਗਰੀਬੀ ਅਤੇ ਭੁੱਖਮਰੀ ਦੇ ਸਤਾਏ ਲੋਕ ਦੂਰ ਦੁਰਾਡੇ ਦੇਸ਼ਾਂ ਵਿਚ ਜਾਣ ਲਗੇ। ਦਿਨਾਂ ਵਿਚ ਹੀ ਸਿੱਖ ਭਾਈਚਾਰਾ ਬਰਮਾ, ਮਲਾਇਆ, ਸਿੰਘਾਪੁਰ, ਥਾਈਲੈਂਡ, ਕੰਬੋਡੀਆ, ਕਨੇਡਾ, ਅਮਰੀਕਾ, ਕਨੇਡਾ, ਅਫਰੀਕਾ ਤਕ ਫੈਲ ਗਿਆ।
ਪੰਜਾਬੀਆਂ ਨਾਲ ਹੋਏ ਯੁੱਧਾਂ ਵਿਚ ਅੰਗਰੇਜ਼ਾਂ ਨੇ ਸਿੱਖਾਂ ਦੀ ਬਹਾਦਰੀ ਨੂੰ ਵੇਖ ਲਿਆ ਸੀ। 1857 ਈ. ਦੇ ਗਦਰ ਸਮੇਂ ਵਫਾਦਾਰੀ ਵੀ ਵੇਖ ਲਈ। ਅੱਧੀ ਦੁਨੀਆਂ ਵਿਚ ਉਨ੍ਹਾਂ ਦਾ ਰਾਜ ਪਹਿਲੇ ਹੀ ਸੀ। ਇਸ ਨੂੰ ਸੰਭਾਲਣ ਅਤੇ ਫੈਲਾਉਣ ਲਈ ਸਿੱਖਾਂ ਦੀਆਂ ਸੇਵਾਵਾਂ ਅੰਗਰੇਜ਼ਾਂ ਨੂੰ ਜ਼ਰੂਰੀ ਲਗੀਆਂ। ਅੰਗਰੇਜ਼ੀ ਫੌਜ ਵਿਚ ਸਿੱਖਾਂ ਦੀ ਭਰਤੀ ਵੱਧ ਤੋਂ ਵੱਧ ਕੀਤੀ ਜਾਣ ਲਗੀ। 1915 ਈ. ਵਿਚ ਉਨ੍ਹਾਂ ਦੀ 35000 ਸੀ ਜਿਹੜੀ 1918 ਵਿਚ ਇਕ ਲੱਖ ਦਾ ਅੰਕੜਾ ਪਾਰ ਕਰ ਗਈ। ਸਿੱਖ ਰੈਜਮੈਟਾਂ ਯੁਰਪ, ਤੁਰਕੀ ਅਤੇ ਅਫਰੀਕਾ ਦੇ ਮੋਰਚਿਆਂ ਉਤੇ ਅੰਗਰੇਜ਼ਾਂ ਵਲੋਂ ਸੂਰਬੀਰਤਾ ਨਾਲ ਲੜੇ। ਇੰਝ ਸਿੱਖਾਂ ਦਾ ਪੰਜਾਬ ਤੋਂ ਬਾਹਰ, ਵਿਦੇਸ਼ਾਂ ਵਿਚ ਵੱਸਣ ਦੀ ਪਿਰਤ ਪਈ ਜੋ ਅੱਜ ਤਕ ਜਾਰੀ ਹੈ। ਇਸ ਸਮੇਂ ਸਥਿਤੀ ਇਹ ਹੈ ਕਿ ਸਿੱਖ ਦੁਨੀਆਂ ਦੇ ਹਰ ਹਿੱਸੇ ਵਿਚ, ਘੱਟ ਜਾਂ ਵੱਧ ਗਿਣਤੀ ਵਿਚ, ਮੌਜੂਦ ਹਨ। ਕਨੇਡਾ, ਅਮਰੀਕਾ ਵਿਚ ਤਾਂ ਪੰਜਾਬ ਉਸਾਰ ਲਏ ਗਏ ਹਨ।
ਹੁਣ ਜਿਥੇ ਸਿੱਖ ਜਾਇਗਾ, ਉਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਜ਼ਰੂਰ ਜਾਇਗਾ ਅਤੇ ਦੇਰ ਸਵੇਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਜ਼ਰੂਰ ਹੋਇਗੀ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਿਦੇਸ਼ਾਂ ਵਿਚ ਬਜ਼ਾਰੋਂ ਮਿਲ ਸਕਣ ਵਾਲੀ ਕੋਈ ਵਸਤ ਤਾਂ ਹੈ ਨਹੀਂ, ਇਹ ਤਾਂ ਹੱਥ ਲਿਖਤ ਰੂਪ ਵਿਚ, ਭਾਵੇਂ ਛੱਪਿਆ ਹੋਇਆ ਪੰਜਾਬ ਤੋਂ ਹੀ ਲਿਜਾਣਾ ਪਇਗਾ ਅਤੇ ਸ਼ਰਧਾਵਾਨ ਸਿੱਖ ਅਜਿਹਾ ਕਰਦੇ ਵੀ ਰਹੇ ਹਨ। ਵਧੇਰੇ ਲੋਕ ਸਮੁੰਦਰੀ ਜਹਾਜਾਂ ਵਿਚ ਹੀ ਵਿਦੇਸ਼ ਜਾਂਦੇ ਰਹੇ ਹਨ, ਇਸ ਲਈ ਰਹਿਤ ਮਰਿਆਦਾ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਪੰਜ ਸਿੰਘ ਇੱਕਤਰ ਹੋਏ, ਅਰਦਾਸ ਕੀਤੀ, ਸਿਰ ਉਤੇ ਸ਼ੁਸ਼ੋਭਤ ਕਰਕੇ ਜਹਾਜ ਵਿਚ ਲੈ ਗਏ, ਨਿਸਚਿਤ ਥਾਂ ਜਾ ਕੇ ਪ੍ਰਕਾਸ਼ ਕਰ ਲਿਆ। ਹਫਤਿਆਂ, ਮਹੀਨਿਆਂ ਦੇ ਸਫਰ ਦੌਰਾਨ ਪਾਠ ਵੀ ਹੁੰਦਾ ਰਹਿੰਦਾ, ਪਰੰਪਰਾ ਅਨੁਸਾਰ ਸੇਵਾ ਸੰਭਾਲ ਵੀ ਹੁੰਦੀ ਰਹਿੰਦੀ। ਮੰਜ਼ਿਲ 'ਤੇ ਪਹੁੰਚਦੇ ਤਾਂ ਸੁਆਗਤ ਲਈ ਸੰਗਤ ਪਹੁੰਚੀ ਹੁੰਦੀ। ਆਦਰ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਮਿਥੀ ਥਾਂ ਸਥਾਪਤ ਕਰ ਦਿਤਾ ਜਾਂਦਾ।
ਹਵਾਈ ਜਹਾਜ ਵਿਚ ਗੁਰੂ ਗ੍ੰਥ ਸਾਹਿਬ ਦਾ ਸਰੂਪ ਸਿਰਫ ਚਾਰਟਰ ਦੁਆਰਾ ਹੀ ਪਰੰਪਰਾਗਤ ਤਰੀਕੇ ਨਾਲ ਲਿਜਾਇਆ ਜਾ ਸਕਦਾ ਹੈ ਪਰ ਇਹ ਆਰਥਿਕ ਪੱਖੋਂ ਬਹੁਤ ਮਹਿੰਗਾ ਪੈਂਦਾ ਹੈ। ਇਸ ਲਈ ਵਿਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਮੁੰਦਰੀ ਜਹਾਜਾਂ ਰਾਹੀਂ ਹੀ ਭੇਜੇ ਜਾਣੇ ਜਾਰੀ ਰਹੇ ਪਰ ਪਰੰਪਰਾਗਤ ਗੁਰੂ ਰੂਪ ਵਾਲੇ ਤਰੀਕੇ ਛੱਡ ਕੇ ਕਾਰੋਬਾਰੀ ਢੰਗ ਅਪਨਾ ਲਏ ਗਏ। ਇਕ ਪੁਸਤਕ ਵਾਂਗ ਗੁਰੂ ਗ੍ਰੰਥ ਸਾਹਿਬ ਨੂੰ ਬਸਤਰਾਂ, ਕਾਗਜ਼ਾਂ, ਗੱਤਿਆਂ, ਲਕੜਾਂ ਦੀ ਸਹਾਇਤਾ ਨਾਲ ਪੈਕ ਕਰ ਲਿਆ ਜਾਂਦਾ ਅਤੇ ਦਸੀ ਜਗਾ ਪੁਚਾ ਦਿਤਾ ਜਾਂਦਾ। ਪਹੁੰਚਣ ਪਿਛੋਂ ਪਾ੍ਪਤ ਕਰਦਾ ਆਪਣੀ ਇੱਛਾ ਅਨੁਸਾਰ ਇਸ ਦਾ ਵਰਤੋਂ ਕਰਦਾ। ਵਿਦੇਸ਼ਾਂ ਵਿਚ ਗੁਰੂ ਗ੍ੰਥ ਸਾਹਿਬ ਦਾ ਸਰੂਪ ਭੇਜਣ ਦਾ ਇਹ ਢੰਗ ਕਾਫੀ ਦਿਨ ਪ੍ਚਲਤ ਰਿਹਾ।
(ਬਾਕੀ)
ਮਾਤਾ ਲਾਡਿਕੀ-12 .
ਬਾਲਕ ਦਾ ਮਦਰੱਸੇ ਜਾਣਾ
ਮਨੁੱਖ ਦੇ ਆਪਣੇ ਚੰਗੇ ਮਾੜੇ ਦਿਨਾਂ ਕਰਕੇ ਉਸ ਨੂੰ ਸਮੇਂ ਦੀ ਚਾਲ ਵਿਚ ਫ਼ਰਕ ਨਜ਼ਰ ਆਉਂਦਾ ਹੈ: ਚੰਗੇ ਦਿਨ ਬੀਤਦਿਆਂ ਪਤਾ ਹੀ ਨਹੀੱ ਲੱਗਦਾ ਪਰ ਮਾੜੇ ਦਿਨ ਸਾਲਾਂ ਜਿੱਡੇ ਹੋ ਜਾਂਦੇ ਹਨ, ਮੁੱਕਣ ਵਿਚ ਹੀ ਨਹੀਂ ਆਉਂਦੇ। ਉਂਝ ਬਾਕੀ ਕਰਤਾਰੀ ਨਿਯਮਾਂ ਵਾਂਗ ਸਮਾਂ ਆਪਣੀ ਤੋਰੇ ਤੁਰਿਆ ਜਾਂਦਾ ਹੈ। ਇਸ ਦੀ ਚਾਲ ਵਿਚ ਕੋਈ ਤਬਦੀਲੀ ਨਹੀਂ ਹੁੰਦੀ। ਅਜੇ ਕੱਲ੍ਹ ਦੀ ਗੱਲ ਹੈ ਜਦ ਬੀਬੀ ਲਾਡਿੱਕੀ ਮੁਕਲਾਵੇ ਆਈ ਸੀ। ਘਰ ਵਿਚ ਸਭ ਕੁਝ ਸੀ ਪਰ ਪਹਿਲੇ ਪੰਜ ਸਾਲ ਪਰਿਵਾਰ ਨੂੰ ਭਾਰੂ ਜਾਪਦੇ ਰਹੇ ਕਿਉਂਕਿ ਬੀਬੀ ਲਾਡਿੱਕੀ ਦੀ ਗੋਦ ਹਰੀ ਨਹੀਂ ਹੋਈ ਸੀ।
ਪ੍ਰਭੂ ਦੀ ਦਿਆਲਤਾ ਨਾਲ ਬਾਲਕ ਦਿਆਲ ਨੇ ਜਨਮ ਲਿਆ ਤਾਂ ਪਰਿਵਾਰ ਲਈ ਸਮੇਂ ਨੂੰ ਖੰਭ ਲੱਗ ਗਏ। ਪਿਛਲੇ ਪੰਜ ਸਾਲਾਂ ਵਿਚ ਬਹੁਤ ਕੁਝ ਵਾਪਰਿਆ। ਬਾਲਕ ਦਿਆਲ ਦਾ ਸਰੀਰ ਵਿਗਸਿਆ, ਉਸ ਬੋਲਣਾ, ਚਲਣਾ ਸਿੱਖਿਆ। ਅੱਜ ਉਹ ਘੜੀ ਆ ਗਈ ਜਦ ਉਸ ਨੁੰ ਪਸ਼ਤੋ, ਫਾਰਸੀ ਸਿੱਖਣ ਲਈ ਮਦਰੱਸੇ ਭੇਜਿਆ ਗਿਆ ਸੀ।
ਪਿਛਲੇ ਪੰਜ ਸਾਲ ਬਾਲਕ ਦਿਆਲ ਲਈ ਬੜੇ ਮਹੱਤਵਪੂਰਨ ਸਨ। ਸਰੀਰ ਵਿਚ ਤਬਦੀਲੀਆਂ ਤਾਂ ਨਜ਼ਰੀਂ ਪੈਂਦੀਆਂ ਸਨ, ਜਨਮ ਸਮੇਂ ਆਪਣੀ ਮਾਂ ਉੱਤੇ ਪੂਰੀ ਤਰ੍ਹਾਂ ਨਿਰਭਰ ਕਮਜ਼ੋਰ ਜਿਹਾ ਜਾਪਦੇ ਬੱਚੇ ਦਾ ਸਰੀਰ ਹੁਣ ਵੇਲੇ ਛੋਹਲੇ ਉਸ ਬਾਲਕ ਦੀ ਮਸਤ ਚਾਲ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੀ ਸੀ। ਮੋਟੀਆਂ ਭਾਰੀਆਂ ਅੱਖਾਂ ਦੀ ਆਪਣੀ ਖਿੱਚ ਸੀ ਜਿਵੇਂ ਹਰ ਸਮੇਂ ਨਸ਼ਿਆਈਆਂ ਰਹਿੰਦੀਆਂ ਹੋਣ। ਚਿਹਰਾ ਕੋਮਲ ਸੀ, ਨੈਣ ਨਕਸ਼ ਤਿੱਖੇ ਸਨ ਪਰ ਸਮੁੱਚੀ ਦਿੱਖ ਵਿਚ ਮਾਸੂਮ ਦ੍ਰਿੜਤਾ ਸੀ। ਨਿਸ਼ਚੇ ਹੀ ਇਹ ਉਸ ਵਿਦਵਤਾ ਦਾ ਚਾਨਣ ਸੀ ਜਿਸ ਦੀ ਲੋਅ ਮਾਤਾ ਲਾਡਿੱਕੀ ਨੇ ਆਪਣੇ ਗੁਰਮਤਿ ਪ੍ਰਤੀ ਸਮਰਪਣ ਸਦਕਾ ਪੁੱਤਰ ਦੇ ਹਿਰਦੇ ਵਿਚ ਜਗਾਈ ਸੀ।
ਪੰਜ ਸਾਲ ਦੇ ਇਸ ਬਾਲਕ ਸੰਬਧੀ ਮਦਰੱਸੇ ਦੇ ਮੌਲਵੀ ਨੂੰ ਦੱਸਿਆ ਗਿਆ ਕਿ ਉਹ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਲਿਖਣ ਦੀ ਯੋਗਤਾ ਰੱਖਦਾ ਸੀ। ਉਸ ਨੂੰ ਜਪੁ, ਆਨੰਦ, ਰਹਿਰਾਸ ਅਤੇ ਸੋਹਿਲਾ ਦੀਆਂ ਬਾਣੀਆਂ ਕੰਠ ਸਨ ਅਤੇ ਉਹ ਪ੍ਰਭੂ ਚਰਨਾਂ ਵਿਚ ਅਰਦਾਸ ਕਰਨ ਲਈ ਸੰਗਤ ਦੀ ਅਗਵਾਈ ਕਰ ਸਕਦਾ ਸੀ। ਇਹ ਸਮਰੱਥਾ ਬਾਲਕ ਨੇ ਕਦੋਂ ਅਤੇ ਕਿੱਥੇ ਹਾਸਲ ਕੀਤੀ? ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਵਧੇਰੇ ਲੋਕ ਤਾਂ ਇਸ ਉੱਤੇ ਵਿਸ਼ਾਵਸ਼ ਨਹੀਂ ਕਰਦੇ ਸਨ। ਇਹ ਛੋਟੀ ਉਮਰ ਵਿਚ ਪ੍ਰਾਪਤ ਕੀਤੀ ਗਈ ਅਲੌਕਿਕ ਸਮਰੱਥਾ ਸੀ ਜਿਸ ਨੂੰ ਚਮਤਕਾਰਾਂ ਨਾਲ ਜੋੜਿਆ ਜਾ ਸਕਦਾ ਸੀ ਪਰ ਮੌਲਵੀ ਨੂੰ ਇਸ ਦਾ ਭੇਤ ਪਤਾ ਸੀ। ਉਹ ਜਾਣਦਾ ਸੀ ਕਿ ਬੋਲੀ ਤਾਂ ਬਾਲਕ ਆਪਣੇ ਘਰ ਪਰਿਵਾਰ ਤੋਂ ਸਿੱਖਦਾ ਅਤੇ ਬੋਲਦਾ ਹੈ। ਜਿਵੇਂ ਕਿਸੇ ਬਾਲਕ ਜਾਂ ਬਾਲਿਕਾ ਨੂੰ ਬੋਲਣਾ ਤੁਰਨਾ ਸਿਖਾਉਣ ਲਈ ਉਚੇਚੀ ਕੋਸ਼ਿਸ਼ ਨਹੀਂ ਹੁੰਦੀ ਸਗੋਂ ਉਹ ਵਾਤਾਵਰਣ ਦੇ ਪ੍ਰਭਾਵ ਅਧੀਨ ਬੋਲਣਾ, ਚੱਲਣਾ ਸਿੱਖਦਾ ਹੈ। ਇੰਝ ਹੀ ਬਾਲਕ ਨੇ ਗੁਰਮੁਖੀ ਲਿਖਣੀ ਅਤੇ ਗੁਰਬਾਣੀ ਨੂੰ ਪੜ੍ਹਣ ਅਤੇ ਕੰਠ ਕਰਨ ਦਾ ਉੱਦਮ ਕੀਤਾ। ਉਸ ਨੂੰ ਕਿਸੇ ਅਧਿਆਪਕ ਨੇ ਪੈਂਤੀ ਅੱਖਰ ਲਿਖ ਕੇ ਨਹੀਂ ਦਿੱਤੇ, ਗੁਰਬਾਣੀ ਨੂੰ ਕੰਠ ਕਰਵਾਉਣ ਲਈ ਪ੍ਰਸਿੱਧ ਦੁਹਰਾਉ ਦੀ ਕਿਰਿਆ ਵੀ ਨਹੀਂ ਅਪਣਾਈ। ਸਗੋਂ ਬਾਲਕ ਨੇ ਕੁਦਰਤੀ ਤੌਰ 'ਤੇ ਵਾਤਾਵਰਣ ਤੋਂ ਇਹ ਸਭ ਕੁਝ ਪ੍ਰਾਪਤ ਕੀਤਾ । ਇਸੇ ਨੂੰ ਵਿਦਵਾਨ ਕੁਦਰਤ ਦੀ ਕਰਾਮਾਤ ਕਹਿੰਦੇ ਹਨ ਅਤੇ ਲੋਕ ਕੁਦਰਤ ਦਾ ਚਮਤਕਾਰ ਕਹਿ ਕੇ ਪ੍ਰਵਾਨ ਕਰ ਲੈਂਦੇ ਹਨ।
ਪੰਜਾਬੀ, ਗੁਰਬਾਣੀ ਅਤੇ ਗੁਰਮੁਖੀ ਅੱਖਰ ਬਾਲਕ ਦਿਆਲ ਨੂੰ ਵਿਰਸੇ ਵਿਚ ਮਿਲੇ ਸਨ। ਆਪਣੇ ਗਰਭ ਕਾਲ ਵਿਚ ਮਾਤਾ ਲਾਡਿੱਕੀ ਬਾਲਕ ਨਾਲ ਗੱਲਾਂ ਕਰਦੀ ਰਹੀ ਸੀ, ਉਸ ਨੂੰ ਗੁਰਬਾਣੀ ਸਰਵਣ ਕਰਵਾਉਂਦੀ ਰਹੀ ਸੀ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਬਾਲਕ ਦੇ ਖੂਨ ਵਿਚ ਹੀ ਪੰਜਾਬੀ ਅਤੇ ਗੁਰਬਾਣੀ ਰਚੀ ਵਸੀ ਸੀ। ਬਾਲਕ ਦੇ ਜਨਮ ਪਿਛੋਂ ਉਸ ਨੂੰ ਅਚੇਤ ਅਤੇ ਸੁਚੇਤ ਦੋਵਾਂ ਰੂਪਾਂ ਵਿਚ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਣ ਦਾ ਯਤਨ ਹੋਇਆ। ਮਾਤਾ ਨਿਤਨੇਮ ਕਰਨ ਲੱਗਿਆਂ ਉਸ ਨੂੰ ਆਪਣੀ ਗੋਦ ਵਿਚ ਬਿਠਾ ਲੈਂਦੀ ਅਤੇ ਉਸ ਦੇ ਦੋਵੇਂ ਹੱਥਾਂ ਨੂੰ ਜੋੜ ਕੇ ਫੜ ਲੈਂਦੀ। ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ-ਦੋਵੇਂ ਵੇਲੇ ਦੀਵਾਨ ਸੱਜਦੇ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦ ਬਾਲਕ ਦੀ ਉਥੇ ਹਾਜ਼ਰੀ ਨਾ ਹੋਵੇ। ਘਰ ਵਿਚ ਪੰਜਾਬੀ ਅਤੇ ਗੁਰਮੁਖੀ ਸਿੱਖਣ ਵਾਲੇ ਬਾਕਾਇਦਾ ਆਉਂਦੇ ਸਨ। ਇੰਝ ਹੀ ਗੁਰਬਾਣੀ ਸੰਥਿਆ ਲਈ ਵੀ ਕੋਈ ਨਾ ਕੋਈ ਤਾਂ ਹਰ ਰੋਜ਼ ਆਉਂਦਾ ਹੀ ਸੀ। ਬਾਲਕ ਨੂੰ ਮਾਤਾ ਨੇ ਸਿੱਖਿਆ ਦੇ ਇਸ ਵਾਤਾਵਰਣ ਤੋਂ ਵੱਖ ਨਹੀਂ ਹੋਣ ਦਿੱਤਾ।
ਜਦ ਤੱਕ ਉਹ ਬੈਠਣ, ਰਿੜ੍ਹਣ ਜੋਗਾ ਨਹੀਂ ਸੀ, ਮਾਤਾ ਉਸ ਦਾ ਪੰਘੂੜਾ ਆਪਣੇ ਕੋਲ ਕਰ ਲੈਂਦੀ ਰਹੀ। ਉਹ ਰਿੜ੍ਹਣ, ਖਲੋਣ ਅਤੇ ਚੱਲਣ ਜੋਗਾ ਹੋਇਆ ਤਾਂ ਉਸ ਦੀ ਸੰਗਤ ਸਿੱਖਿਆ ਪ੍ਰਾਪਤ ਕਰਨ ਆਉਂਦੇ ਵਿਦਿਆਰਥੀਆਂ ਨਾਲ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਵਿਦਿਆਰਥੀਆਂ ਦੀ ਵੇਖਾ ਵੇਖੀ ਕਰਦਿਆਂ, ਉਨ੍ਹਾਂ ਦੀਆਂ ਸਲੇਟਾਂ 'ਤੇ ਬਣਾਉਂਦਿਆਂ, ਮਾਂਜਦਿਆਂ ਹੀ ਬਾਲਕ ਨੇ ਗੁਰਮੁੱਖੀ ਲਿਖਣੀ ਸਿੱਖੀ। ਗੁਰਬਾਣੀ ਕੰਠ ਕਰਨ ਦਾ ਕਾਰਜ ਵੀ ਇੰਝ ਨੇਪਰੇ ਚੜ੍ਹਿਆ। ਮਾਤਾ ਨੇ ਆਪਣੇ ਨਿੱਤਨੇਮ ਨੂੰ ਥੋੜ੍ਹੀ ਉੱਚੀ ਆਵਾਜ਼ ਵਿਚ ਕਰਨਾ ਸ਼ੁਰੂ ਕਰ ਦਿੱਤਾ।
ਵਿਦਿਆਰਥੀਆਂ ਦੇ ਉਚਾਰਨ ਵਿਚ ਹੁੰਦੀ ਸੋਧ ਤੋਂ ਹੀ ਬਾਲਕ ਦੇ ਉਚਾਰਨ ਵਿਚ ਸ਼ੁਧੀ ਆਈ। ਉਸ ਨੂੰ ਕਈ ਵੇਰ ਵਿਦਿਆਰਥੀਆਂ ਅੱਗੇ ਸ਼ੁੱਧ ਬਾਣੀ ਉਚਾਰਨ ਲਈ ਉਦਾਹਰਣ ਵਜੋਂ ਪੇਸ਼ ਕੀਤਾ ਜਾਂਦਾ। ਜਿਵੇਂ ਸਭ ਸਿਆਣੇ ਜਾਣਦੇ ਹਨ ਕਿ ਬੱਚਾ ਮਾਂ ਦੀ ਬੋਲੀ ਨੂੰ ਬੋਲਦਾ ਸਿੱਖਦਾ ਹੈ ਪਰ ਬੱਚੇ ਅਤੇ ਉਸ ਦੇ ਬਾਪ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਬੋਲਣਾ ਸਿੱਖਣਾ ਕਦੋਂ ਸ਼ੁਰੂ ਕੀਤਾ ਅਤੇ ਉਸ ਨੇ ਕਿਸ ਤੋਂ ਸਿੱਖਿਆ। ਸਮਝਿਆ ਇਹੀ ਜਾਂਦਾ ਹੈ ਕਿ ਜਿਵੇਂ ਉਸ ਨੂੰ ਜਨਮ ਤੋਂ ਹੀ ਬੋਲਣਾ ਆਉਂਦਾ ਹੋਵੇ। ਬਾਲਕ ਦਿਆਲ ਸਬੰਧੀ ਵੀ ਇਹੀ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ, ਗੁਰਮੁਖੀ ਅਤੇ ਗੁਰਬਾਣੀ ਕਿਸੇ ਤੋਂ ਨਹੀਂ ਸਿੱਖੀ ਸਗੋਂ ਇਹ ਸਭ ਉਸ ਅੰਦਰ ਜਨਮ ਜਾਤ ਹੀ ਸਨ। ਅਸੀਂ ਇਸ ਕਥਨ ਵਿਚ ਏਨਾ ਵਾਧਾ ਕਰ ਸਕਦੇ ਹਾਂ ਕਿ ਬਾਲਕ ਦੇ ਚਿਹਰੇ ਤੋਂ ਟਪਕਦਾ ਨੂਰ ਉਸ ਦੀ ਇਸ ਵਿਲੱਖਣ ਵਿਦਵਤਾ ਦਾ ਪ੍ਰਗਟਾਵਾ ਸੀ। ਇਸ ਨੂਰ ਵਿਚ ਉਸ ਦੀ ਕਥਨੀ ਅਤੇ ਕਰਨੀ ਦੀ ਏਕਤਾ ਨੇ ਲਗਾਤਾਰ ਵਾਧਾ ਕੀਤਾ।
(ਬਾਕੀ)