rozanajanchetna@gmail.com04112020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:62, ਬੁਧਵਾਰ,04 ਨਵੰਬਰ 2020.

  ਅੱਜ ਦਾ ਵਿਚਾਰ .

ਮਨੁੱਖ ਅੰਦਰ ਆਪਣੇ ਆਪ ਨੂੰ ਜਾਨਣ ਦੀ ਇੱਛਾ ਬੜੀ ਪ੍ਰਬਲ ਰਹੀ ਹੈ-ਮੈਂ ਕੌਣ ਹਾਂ? ਕਿਥੋਂ ਆਇਆ ਹਾਂ? ਜਨਮ ਲੈਣ ਤੋਂ ਪਹਿਲਾਂ ਮੈਂ ਕੌਣ ਸਾਂ, ਕਿਥੇ ਰਹਿੰਦਾ ਸਾਂ? ਮਰਨ ਪਿਛੋਂ ਮੇਰਾ ਕੀ ਹੋਇਗਾ? ਕਿਥੇ ਜਾਵਾਂਗਾ? ਕੀ ਕਰਾਂਗਾ? ਇਹਨਾਂ ਸੁਆਲਾਂ ਕਾਰਣ ਬਹੁਤ ਸਾਰੀਆਂ ਮਾਨਤਾਵਾਂ ਨੇ ਜਨਮ ਲਿਆ ਅਤੇ ਉਸ ਦੀ ਜੀਵਨ ਜਾਚ ਨੂੰ ਵੀ ਪ੍ਰਭਾਵਤ ਕੀਤਾ। ਹਾਲਾਂ ਕਿ ਉਸ ਦੇ ਸਾਹਮਣੇ ਅਨੇਕਾਂ ਜੀਵ ਬੱਚੇ ਦੇ ਰੂਪ ਵਿਚ ਜਨਮ ਲੈਂਦੇ ਹਨ, ਹੌਲੀ ਹੌਲੀ ਵੱਡੇ ਹੁੰਦੇ ਹਨ, ਆਪਣੀ ਉਮਰ ਭੋਗਦੇ ਹਨ ਅਤੇ ਵਿਦਾ ਹੋ ਜਾਂਦੇ ਹਨ ਪਰ ਉਹ ਇਸ ਦਲੀਲ ਦਾ ਖਹਿੜਾ ਨਹੀਂ ਛੱਡਦਾ ਕਿ ਹਰ ਚੀਜ਼ ਨੂੰ ਬਨਾਉਣ ਵਾਲਾ ਕੋਈ ਨਾ ਕੋਈ ਹੁੰਦਾ ਹੀ ਹੈ, ਇਸ ਲਈ ਇਸ ਦੁਨੀਆਂ ਨੂੰ ਬਨਾਉਣ ਵਾਲਾ ਵੀ ਕੋਈ ਨਾ ਕੋਈ ਤਾਂ ਹੋਇਗਾ ਹੀ ਅਤੇ ਮਨੁੱਖ ਨੂੰ ਵੀ ਕਿਸੇ ਨਾ ਕਿਸੇ ਦੀ ਘਾੜਤ ਹੈ। ਉਸ ਦੇ ਇਸ ਵਿਸ਼ਵਾਸ ਨੇ ਰੱਬ, ਅੱਲਾ, ਖੁਦਾ, ਗੌਡ ਆਦਿ ਦੀ ਕਲਪਨਾ ਕੀਤੀ ਅਤੇ ਅਨੇਕਾਂ ਧਰਮਾਂ, ਜੋ ਅਸਲ ਵਿਚ ਜੀਵਨ ਨੂੰ ਨਿਯਮਬੱਧ ਕਰਨ ਦਾ ਢੰਗ ਹੈ, ਨੂੰ ਜਨਮ ਦਿਤਾ। ਇਹਨਾਂ ਕਾਰਣ ਇਕ ਪਾਸੇ ਦੁਨੀਆਂ ਵਿਵਸਥਿਤ ਹੈ ਤਾਂ ਦੂਸਰੇ ਪਾਸੇ ਲ਼ੜਾਈਆਂ, ਝਗੜਿਆਂ ਵਿਚ ਵੀ ਫਸੀ ਹੋਈ ਹੈ। ਮਨੁੱਖ ਨੂੰ ਪਤਾ ਹੈ ਕਿ ਹੱਥ ਦੀਆਂ ਨੂੰ ਛੱਡ ਕੇ ਉੱਡਦੀਆਂ ਮਗਰ ਭੱਜਣਾ ਮੂਰਖਤਾ ਹੁੰਦੀ ਹੈ ਪਰ ਸਾਡੇ ਵਿਚੋਂ ਵਧੇਰੇ ਇਸ ਮੂਰਖਤਾ ਵਿਚ ਮਾਣ ਮਹਿਸੂਸ ਕਰਦੇ ਹਨ।  

  ਪੰਜਾਬ ਦਾ ਇਤਿਹਾਸ-199.

24 ਜਨਵਰੀ, 1960 ਦੇ ਦਿਨ ਅਕਾਲੀ ਮੈਂਬਰਾਂ ਦੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਹੋਈ ਜਿਸ ਵਿਚ ਪੰਜਾਬੀ ਸੂਬੇ ਦੀ ਪਰਾਪਤੀ ਲਈ ਵਿਚਾਰਾਂ ਕੀਤੀਆਂ ਗਈਆਂ। ਮਾਸਟਰ ਤਾਰਾ ਸਿੰਘ ਦੀ ਪਹਿਲ ਉਤੇ ਅਕਾਲੀ ਵਿਧਾਇਕ ਦਲ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬੀ ਸੂਬੇ ਦੀ ਮੰਗ ਉਤੇ ਜੋਰ ਦੇਣ ਲਈ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣ ਪਰ ਇਸ ਉਤੇ ਅਮਲ ਨਹੀਂ ਹੋਇਆ। 24 ਮੈਂਬਰਾਂ ਵਿਚੋਂ ਸਿਰਫ ਪੰਜ ਨੇ ਅਸਤੀਫਾ ਦਿਤਾ। ਮਾਸਟਰ ਜੀ ਨੇ ਹੌਸਲਾ ਨਹੀਂ ਛੱਡਿਆ ਸਗੋਂ 22 ਮਈ, 1960 ਦੇ ਦਿਨ ਅੰਮਰਿਤਸਰ ਵਿਖੇ ਹੀ ਪੰਜਾਬੀ ਸੂਬਾ ਕਨਵੈਂਸ਼ਨ ਬੁਲਾ ਲਈ।  ਇਸ ਵਿਚ ਦੂਸਰੇ ਦਲਾਂ ਦੇ ਪ੍ਰਤੀਨਿਧਾਂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ।  ਸੁਤੰਤਰ ਪਾਰਟੀ ਅਤੇ ਪਰਜਾ ਸੋਸ਼ਲਿਸਟ ਪਾਰਟੀ ਇਸ ਕਨਵੈਨਸ਼ਨ ਵਿਚ ਸ਼ਾਮਿਲ ਵੀ ਹੋਈ। ਇਸ ਕਨਵੈਂਨਸ਼ਨ ਦੀ ਪ੍ਰਧਾਨਗੀ ਪੰਡਤ ਸੁੰਦਰ ਲਾਲ ਅਤੇ  ਡਾ. ਸੈਫ-ਉ-ਦੀਨ ਕਿਚਲੂ ਨੇ ਕੀਤੀ। ਇਸ ਕਨਵੈਂਨਸ਼ਨ ਵਿਚ ਜਸਟਿਸ ਗੁਰਨਾਮ ਸਿੰਘ ਨੇ ਪੰਜਾਬੀ ਸੂਬੇ ਦੀ ਕਾਇਮੀ ਲਈ ਮਤਾ ਪੇਸ਼ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿਤਾ ਗਿਆ। ਅਗਲੀ ਕਾਰਵਾਈ ਲਈ ਮਾਸਟਰ ਤਾਰਾ ਸਿਂਘ ਨੂੰ ਅਧਿਕਾਰ ਦੇ ਦਿਤੇ ਗਏ। ਮਾਸਟਰ ਜੀ ਨੇ 29 ਮਈ ਤੋਂ ਅੰਮਰਿਤਸਰ ਤੋਂ ਦਿੱਲੀ ਲਈ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਨੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ 12 ਜੂਨ ਨੂੰ ਦਿੱਲੀ ਪਹੁੰਚਣਾ ਸੀ। ਉਥੇ ਸੰਸਦ ਭਵਨ ਦੇ ਸਾਹਮਣੇ ਰੋਸ ਜਲੂਸ ਕੱਢਣ ਦਾ ਪਰੋਗਰਾਮ ਉਲੀਕਿਆ ਗਿਆ।

  ਸਿੱਖ ਇਤਿਹਾਸ ਵਿਚ ਅੱਜ.

ਚਾਰ ਨਵੰਬਰ

ਅੱਜ ਦੀਆਂ ਵਿਸ਼ੇਸ ਘਟਨਾਵਾਂ:

ਮਹਾਰਾਜਾ ਖੜਕ ਸਿੰਘ ਦਾ ਚਲਾਣਾ (1840 ਈਸਵੀ)

ਮਹਾਰਾਜਾ ਰਣਜੀਤ ਸਿੰਘ ਤੋਂ ਪਿਛੋਂ ਪੰਜਾਬ ਦਾ ਰਾਜ ਸੰਭਾਲਣ ਵਾਲੇ ਮਹਾਰਾਜਾ ਖੜਕ ਸਿੰਘ 1840 ਈਸਵੀ ਨੂੰ ਚਲਾਣਾ ਕਰ ਗਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਡੋਗਰੇ ਸਰਦਾਰਾਂ ਵਲੋ ਖੜਕ ਸਿੰਘ ਲਗਾਤਾਰ ਹੌਲੀ-ਹੌਲੀ ਜ਼ਹਿਰ ਦਿੱਤੇ ਜਾਣ ਨਾਲ ਹੋਈ। ਇਸ ਸੰਦਰਭ ਨੂੰ ਚੇਤੇ ਕਰਦਿਆਂ ਅਸੀ ਇਤਿਹਾਸ ਦੇ ਸਬਕਾਂ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਪ੍ਰਬੰਧ ਨੂੰ ਵੇਖ ਕੇ ਸ਼ਰਧਾ ਨਾਲ ਸਿਰ ਝੁੱਕ ਜਾਂਦਾ ਹੈ।ਉਸ ਨੇ ਸ਼ੁਕਰਚੱਕੀਆ ਮਿਸਲ ਦੇ ਛੋਟੇ ਜਿਹੇ ਸਰਦਾਰ ਤੋਂ ਸ਼ੁਰੂ ਹੋ ਕੇ ਏਸ਼ੀਆ ਵਿੱਚ ਮੰਨੀ ਜਾਂਦੀ ਸ਼ਕਤੀ ਵਾਲੇ ਪੰਜਾਬ ਦੇ ਮਹਾਰਾਜੇ ਵਜੋਂ ਜੀਵਣ ਦੀ ਸਮਾਪਤੀ ਕੀਤੀ। ਉਸਨੇ ਰਾਜਤੰਤਰ ਦੇ ਯੁੱਗ ਵਿੱਚ ਅਜਿਹਾ ਰਾਜ ਕਾਇਮ ਕੀਤਾ ''ਜਿਸ ਦਾ ਰਾਜ ਏਨਾਂ ਨਿਮਰਤਾ ਭਰਪੂਰ ਸੀ ਕਿ ਆਪਣੇ ਚਾਲੀ ਸਾਲਾ ਲੰਮੇ ਰਾਜ ਸਮੇਂ ਵਿੱਚ ਇਕ ਵਾਰ ਵੀ  ਕਿ ਆਪਣੇ ਚਾਲੀ ਸਾਲਾਂ ਲੰਮੇ ਰਾਜ ਸਮੇਂ ਇਕ ਵਾਰ ਵੀ ਤਖ਼ਤ ਤੇ ਬਿਰਾਜਮਾਨ ਨਹੀਂ ਹੋਇਆ, ਜਿਸ ਦਾ ਸਿੱਕਾ ਉਸਨੇ ਆਪਣੇ ਨਾਂ ਨਾਲ ਨਹੀਂ ਸਗੋਂ ਸਰਬੱਤ ਖਾਲਸਾ ਦੇ ਨਾਮ ਪੁਰ ਚਲਾਇਆ ਤੇ ਜਿਸ ਰਾਜ ਵਿੱਚ ਉਸਨੇ ਸ੍ਰ: ਅਮਰ ਸਿੰਘ ਤੇ ਫਕੀਰ ਨੂਰੁੱਦੀਨ ਜਿਹੇ ਦੋ ਉੱਚ ਅਧਿਕਾਰੀ ਇਸ ਮਤਲਬ ਲਈ ਨਿਯੁਕਤ ਕੀਤੇ ਕਿ ਉਹ ਸਮਰਾਟ ਦੇ, ਉਸ ਦੇ ਵਜ਼ੀਰਾਂ ਤੇ ਕੰਵਰਾਂ ਦੀ ਕਿਸੇ ਵੀ ਕੋਝੀ ਕਰਤੂਤ ਨੂੰ ਸੁਧਾਈ ਲਈ ਉਸਦੇ ਧਿਆਨ ਗੋਚਰਾਂ ਕੀਤਾ ਕਰਨ, ਜਿਥੇ ਰਾਜ ਕੌਰ ਜਿਹੀ ਅਤਿ-ਪਿਆਰੀ ਮਹਾਰਾਣੀ ਨੂੰ ਵੀ ਆਪਣੀ ਜਗੀਰ ਦੀ ਬਦ-ਨਜ਼ਮੀ ਕਾਰਣ ਜਵਾਬ ਦੇਹੀ ਦਰਬਾਰ ਵਿੱਚ ਹਾਜ਼ਰ ਹੋਣਾ ਪਿਆ ਕਿ ਉਸ ਦਾ ਮਾਮਲਾ ਸਰਕਾਰੀ ਖਜ਼ਾਨੇ ਵਿੱਚ ਕਿਉਂ ਨਹੀਂ ਆ ਰਿਹਾ? ਜਿਥੇ ਟਿੱਕਾ ਸਾਹਿਬ ਦੇ ਕਿਲੱੇ ਦਾ ਘੇਰਾ ਇਸ ਲਈ ਘੱਤਿਆ ਗਿਆ ਕਿ ਉਸ ਦੀ ਮਾਤਾ ਦੀ ਮ੍ਰਿਤੂ ਪੁਰ ਰਾਜ ਨੂੰ ਬਣਦਾ ਪੰਜ ਲੱਖ ਦਾ ਵਿਰਾਸਤੀਕ ਰ ਉਗਰਾਇਆ ਜਾ ਸਕੇ, ਅਤੇ ਜਿਥੇ ਹਰੀ ਸਿੰਘ ਨਲਵਾ ਜਿਹਾ ਮਹਾਨ ਜਰਨੈਲ ਨੂੰ ਲੋਂੜੀਦੀ ਫੌਜ਼ ਨਾ ਰੱਖਣ ਪੁਰ ਦੋ ਲੱਖ ਰੁਪੈ ਦਾ ਜੁਰਮਾਨਾ ਕੀਤਾ ਗਿਆ।

ਇਹ ਉਹ ਅਦੁੱਤੀ ਰਾਜ ਸੀ ਜਿਸ ਅੰਦਰ ਪੰਜਾਹ ਸਾਲਾਂ ਵਿੱਚ ਕਿਸੇ ਨੂੰ ਫਾਂਸੀ ਲੱਗਦਿਆਂ ਨਾ ਵੇਖਿਆ, ਜਿਥੇ ਇਕ ਸ਼ਿਕਾਰੀ ਆਪਣੀ ਬੰਦੂਕ ਨਾਲ ਸ਼ੇਰ ਨੂੰ ਮਾਰ ਨਹੀਂ ਸਕਦਾ ਸੀ (ਉਸ ਨਾਲ ਕੇਵਲ ਆਪਣੇ ਭਾਲੇ ਨਾਲ ਲੜ ਸਕਦਾ ਸੀ), ਜਿਥੇ ਘੋੜ ਸਵਾਰਾਂ ਨੂੰ ਇਸ ਗੱਲ ਦਾ ਸਖ਼ਤ ਹੁਕਮ ਸੀ ਕਿ ਉਹ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਕਿਸੇ ਸਹੇ(ਖਰਗੋਸ਼) ਦੇ ਪਿਛੇ ਨਾ ਪਵਾ ਸਕਦੇ ਸਨ ਤੇ ਨਾ ਮਾਰ ਸਕਦੇ ਸਨ, ਅਤੇ ਜਿਥੇ ਸ਼ਾਹੀ ਬਾਵਰਚੀਖਾਨੇ ਲਈ ਝਟਕਾਉਂਦੇ ਕਿਸੇ ਮੁਰਗੇ ਦੀ ਚਿਚਲਾਹਟ ਜਾਂ ਬਕਰੇ ਦੀ ''ਮੈ.....ਮੈ" ਸੁਣ ਕੇ ਮਹਾਰਾਜਾ ਝਟ ਦਖਲ ਦੇ ਕੇ ਉਸ ਨੂੰ ਛੱਡਣ ਦੇ ਹੁਕਮ ਦੇ ਦਿੰਦਾ ਸੀ। ਇਸ ਸੱਚੇ, ਕੌਮੀ ਤੇ ਧਰਮ ਨਿਰਖੇਪ ਰਾਜ ਨੇ ਨਿਤਾਣੇ ਲੋਕਾਂ ਨੂੰ ਜਿੰਨ੍ਹਾਂ ਨੂੰ ਹੁਣ ਤੱਕ ਬੇਇਜ਼ਤ ਕੀਤਾ ਜਾਂਦਾ ਸੀ, ਨੂੰ ਇੱਜ਼ਤ, ਆਬਰੂ, ਸ਼ਾਤੀ ਤੇ ਖੁਸ਼ਹਾਲੀ ਬਖਸ਼ੀ।"

ਪਰ ਚੰਦਰਮਾ ਨੂੰ ਗ੍ਰਹਿਣ ਲਗਾ ਰਹਿੰਦਾ ਹੈ, ਕਾਲੇ ਧੱਬੇ ਪਏ ਰਹਿੰਦੇ ਹਨ, ਇੰਝ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ।ਉਹ ਆਪਣੇ ਭਰੇ ਪੂਰੇ ਪਰਿਵਾਰ ਵਿੱਚ ਇਕ ਵੀ ਯੋਗ ਵਾਰਸ ਪੈਦਾ ਨਹੀਂ ਕਰ ਸਕਿਆ ਜੋ ਆਪਣੀ ਵਿਰਾਸਤ ਨੂੰ ਸੰਭਾਲ ਸਕਦਾ। ਖੁਸ਼ਵੰਤ ਸਿੰਘ ਦਾ ਕਹਿਣਾ ਹੈ ''ਰਣਜੀਤ ਸਿੰਘ ਬੋਹੜ ਦਾ ਉਹ ਦਰਖਤ ਸੀ ਜਿਸ ਦੀ ਛਾਂ ਸਾਰੇ ਪੰਜਾਬ ਉਪਰ ਪੱਸਰੀ ਹੋਈ ਸੀ। ਬੋਹੜ ਵਾਂਗ ਹੀ ਉਸ ਆਪਣੇ ਹੇਠ ਆਈ ਧਰਤੀ ਨੂੰ ਓਟ ਦਿਤੀ ਹੋਈ ਸੀ ਤੇ ਉਥੇ ਸਵਾਇ ਘਾਹ ਫੂਸ ਦੇ ਹੋਰ ਕੁਝ ਨਹੀਂ ਉੱਗ ਸਕਿਆ। ਸਿੱਟਾ ਇਹ ਨਿਕਲਿਆ ਕਿ ਜਦੋਂ ਉਸ ਦਾ ਚਲਾਣਾ ਹੋਇਆ ਤਾਂ ਉਨ੍ਹਾਂ ਦੇ ਮੇਚ ਦਾ ਕੋਈ ਵਿਅਕਤੀ ਨਾ ਨਿਕਲਿਆ ਜਿਹੜਾ ਰਾਜ ਦੀ ਵਾਗਡੋਰ ਸੰਭਾਲ ਸਕਦਾ।

ਉਂਝ ਮਹਾਰਾਜਾ ਰਣਜੀਤ ਸਿੰਘ ਨੇ 1816 ਈਸਵੀ ਵਿੱਚ ਵੀ ਖੜਕ ਸਿੰਘ ਨੂੰ ਆਪਣਾ ਵਾਰਸ ਬਣਾ ਦਿਤਾ ਸੀ। ਆਪਣੀ ਮੌਤ ਤੋਂ ਥੋੜੇ ਦਿਨ ਪਹਿਲਾਂ ਰਣਜੀਤ ਸਿੰਘ ਨੇ ਫੇਰ ਦਰਬਾਰ ਬੁਲਾਇਆ, ਖੜਕ ਸਿੰਘ ਦੇ ਮੱਥੇ ਉਤੇ ਤਿਲਕ ਲਾਇਆ ਅਤੇ ਉਸ ਦੀ ਬਾਂਹ ਰਾਜਾ ਧਿਆਨ ਸਿੰਘ ਡੋਗਰੇ ਦੇ ਹੱਥ ਫੜਾਕੇ ਕਿਹਾ ''ਮੇਰੀ ਥਾਂ ਮਹਾਰਾਜਾ ਖੜਕ ਸਿੰਘ ਹੋਣਗੇ।ਧਿਆਨ ਸਿੰਘ ਵਜ਼ੀਰ ਹੋਵੇਗਾ।" ਦਸਿਆ ਜਾਂਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਗੀਤਾ ਉਪਰ ਹੱਥ ਧਰ ਕੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਅਤੇ ਰਾਜਭਗਤ ਰਹਿਣ ਦੀ ਸਹੁੰ ਖਾਧੀ। ਸਰਦਾਰਾਂ ਅਤੇ ਦਰਬਾਰੀਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਾਨੇ ਦਿਤੇ। ਖੜਕ ਸਿੰਘ ਮਹਾਰਾਜੇ ਦਾ ਸਭ ਤੋਂ ਵੱਡਾ ਸਪੁੱਤਰ ਸੀ ਪਰ ਉਹ ਆਲਸੀ ਅਤੇ ਸੁੱਖ ਰਹਿਣਾ ਸੀ। ਉਸ ਅੰਦਰ ਨਾਹ ਤਾਂ ਆਪਣੇ ਪਿਤਾ ਜਿਹੀ ਗਤੀਸ਼ੀਲਤਾ ਸੀ ਅਤੇ ਨਾ ਹੀ ਸਾਦਗੀ। ਉਹ ਪ੍ਰਸ਼ਾਸ਼ਨ ਦਾ ਭਾਰ ਉਨ੍ਹਾਂ ਹੱਥਾਂ ਵਿੱਚ ਦੇਣੋਂ ਵੀ ਇਨਕਾਰੀ ਸੀ ਜਿਹੜੇ ਉਸ ਨੂੱ ਚਲਾਉਣ ਯੋਗ ਸਨ।ਧਿਆਨ ਸਿੰਘ ਡੋਗਰਾ ਨੂੰ ਮਹਾਰਾਜਾ ਰਣਜੀਤ ਸਿੰਘ ਵਜ਼ੀਰ ਥਾਪ ਵਏ ਸਨ ਪਰ ਖੜਕ ਸਿੰਘ ਉਸ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦਾ ਸੀ। ਉਸ ਹਕੂਮਤ ਦੀ ਵਾਗਡੋਰ ਆਪਣੀ ਧਰਮ-ਪਤਨੀ ਦੇ ਕਹੇ ਅਨੁਸਾਰ ਚੇਤ ਸਿੰਘ ਬਾਜਵਾ ਨੂੰ ਸੌਂਪ ਦਿਤੀ। ਚੇਤ ਸਿੰਘ ਖੜਕ ਸਿੰਘ ਦੀ ਮਹਾਰਾਣੀ ਦਾ ਰਿਸ਼ਤੇਦਾਰ ਸੀ।

ਦਰਬਾਰ ਵਿਚਲੀਆਂ ਸਾਜਿਸ਼ਾਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ ਕਦੀ ਘੱਟ,ਕਦੀ ਵੱਧ ਪਰ ਜਦੋਂ ਘਰ ਵਿਚ ਹੀ ਫੁੱਟ ਪੈ ਜਾਵੇ ਤਾਂ ਬਚਾਅ ਮੁਸ਼ਕਿਲ ਹੋ ਜਾਂਦਾ ਹੈ। ਖੜਕ ਸਿੰਘ ਦਾ ਪੁੱਤਰ ਨੌਨਿਹਾਲ ਸਿੰਘ ਆਪਣੇ ਲਈ ਰਾਜੇ ਦੇ ਅਧਿਕਾਰ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਉਹ ਸਰੱਹਦਾਂ ਦੀ ਰਖਵਾਲੀ ਲਈ ਤਾਇਨਾਤ ਸੀ। ਉਹ ਤਤਕਾਲ ਲਾਹੌਰ ਪਹੁੰਚਾ ਅਤੇ ਸਾਰੇ ਸਰਦਾਰਾਂ ਨੂੰ ਫਰਮਾਨ ਜਾਰੀ ਕੀਤਾ ਕਿ ਮਹਾਰਾਜਾ ਖੜਥ ਸਿੰਘ ਦੇ ਗੱਦੀ ਸੰਭਾਲਣ ਨਾਲ ਉਸ ਨੂੰ ਵੀ ਮੁਖਤਾਰੀ ਪ੍ਰਾਪਤ ਹੋਵੇਗੀ।ਚੇਤ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੇ ਕੰਨ ਭਰੇ।ਘਰ ਵਿੱਚਕਲੇਸ਼ ਪਿਆ। ਧਿਆਨ ਸਿੰਘ ਡੋਗਰੇ ਨੇ ਇਸ ਨੂੱ ਹਵਾ ਦਿੱਤੀ।ਕੰਵਰ ਨੌਨਿਹਾਲ ਸਿੰਘ ਨੇ ਚੇਤ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਜਿਸ ਨੂੰ ਨਹੀਂ ਮੰਨਿਆ ਗਿਆ ਸਗੋਂ ਉਸਦੇ ਅਧਿਕਾਰ ਵਧਾ ਦਿੱਤੇ ਗਏ। ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਕਈ ਸਿੱਖ ਸਰਦਾਰ ਅਤੇ ਡੋਗਰੇ ਭਰਾ ਮਹਾਰਾਜਾ ਖੜਕ ਸਿੰਘ ਦੇ ਮਹੱਲ ਵਿੱਚ ਦਾਖਲ ਹੋਏ। ਉਨ੍ਹਾਂ ਉਥੇ ਮੌਜੂਦ ਚੇਤ ਸਿੰਘ ਬਾਜਵਾ ਨੂੰ ਫੜ ਕੇ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਪੇਸ਼ ਕੀਤਾ। ਧਿਆਨ ਸਿੰਘ ਡੋਗਰੇ ਨੇ ਆਪਣੇ ਹੱਥੀ ਚੇਤ ਸਿੰਘ ਦਾ ਢਿੱਡ ਪਾੜ ਦਿੱਤਾ। ਉਸਦੀ 50-60 ਲੱਖ ਦੀ ਜਾਇਦਾਦ ਵੀ ਖੋਹ ਲਈ ਗਈ।

ਕੰਵਰ ਨੌਨਿਹਾਲ ਸਿੰਘ ਨੇ ਸ਼ਾਹੀ ਕਿਲ੍ਹੇ ਅੰਦਰ ਮਹਿਲਾਂ 'ਤੇ ਕਬਜ਼ਾ ਕਰ ਲਿਆ। ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰ ਲਿਆ ਗਿਆ ਅਤੇ ਉਸ ਦੇ ਨਾਂ ਉਤੇ ਹੀ ਕੰਵਰ ਨੌਨਿਹਾਲ ਸਿੰਘ ਰਾਜ ਕਰਨ ਲਗਾ। ਕੰਵਰ ਨੇ ਰਸਮੀ ਕਰਗੁਜ਼ਾਰੀ ਆਪਣੇ ਪਿਤਾ ਕੋਲ ਹੀ ਰਹਿਣ ਦਿਤੀ ਪਰ ਰਾਜਕਾਜ ਦੇ ਮਾਮਲੇ ਉਹ ਖੁੱਦ ਨਜਿਠਦਾ।ਡੋਗਰੇ ਉਸ ਦੇ ਮੰਤਰੀ ਬਣ ਗਏ।

ਮਹਾਰਾਜਾ ਖੜਕ ਸਿੰਘ ਪਹਿਲਾਂ ਹੀ ਅਫ਼ੀਮ ਖਾਣ ਅਤੇ ਸ਼ਰਾਬ ਪੀਣ ਦਾ ਆਦੀ ਸੀ। ਕੰਵਰ ਨੌਨਿਹਾਲ ਸਿੰਘ ਦੇ ਰਾਜ ਕਾਜ ਨੂੰ ਸੰਭਾਲਣ ਪਿਛੋਂ ਉਹ ਹੋਰ ਵੀ ਆਰਾਮ ਪ੍ਰਸਤ ਹੋ ਗਿਆ। ਡੋਗਰਿਆਂ ਦੇ ਹੁਕਮ ਨਾਲ ਉਸ ਦੀ ਖੁਰਾਕ ਵਿੱਚ ਵੀ ਜ਼ਹਿਰ ਮਿਲਾਉਣਾ ਸ਼ੁਰੂ ਕਰ ਦਿਤਾ ਗਿਆ। ਨਤੀਜੇ ਵਜੋਂ ਉਸ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ। ਉਸ ਨੂੰ ਮਰੋੜ ਲਗ ਗਏ ਅਤੇ ਤੇਜ਼ ਬੁਖਾਰ ਨੇ ਘੇਰ ਲਿਆ। ਚਾਰ ਨਵੰਬਰ, 1840 ਨੂੰ ਉਹ ਅਕਾਲ ਚਲਾਣਾ ਕਰ ਗਿਆ। ਅਗਲੇ ਦਿਨ ਉਸ ਦਾ ਸਸਕਾਰ ਕਰ ਦਿਤਾ ਗਿਆ। ਉਸ ਦੀਆਂ ਦੋ ਰਾਣੀਆਂ ਉਸ ਦੇ ਨਾਲ ਹੀ ਸੜ ਮਰੀਆਂ।ਮਹਾਰਾਜਾ ਖੜਕ ਸਿੰਘ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਥਾਪਿਆ ਰਾਜ ਮੁੱਕ ਗਿਆ ਅਤੇ ਆਪਣੇ ਨਾਲ ਹੀ ਰਾਜ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਲੈ ਗਿਆ।

  ਸਮਕਾਲੀ ਸਰੋਕਾਰ

ਭਾਰਤ ਮਾਤਾਦਾ ਸੰਕਲਪ

ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕੋਟਿ ਦੇਵੀ-ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ। ਭਾਰਤ ਮਾਤਾਦਾ ਸੰਕਲਪ ਵੀਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਬੰਕਿਮ ਚੰਦਰ ਚੈਟਰਜੀ ਨੇ ਤਾਂ ਆਪਣੇ ਨਾਵਲ ਅਨੰਦ ਮੱਠਵਿਚ ਸਿਰਫ ਬੰਗਾਲ ਪ੍ਰੈਜੀਡੈਂਸੀ ਨੂੰ ਹੀ ਮਾਤਾ ਕਿਹਾ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ਭਾਰਤ ਮਾਤਾਦੇ ਰੂਪ ਵਿਚ ਪ੍ਰਵਰਤਿਤ ਕਰ ਲਿਆ ਗਿਆ।

ਭਾਰਤ ਮਾਤਾਦੀ ਦੇਵੀ-ਰੂਪ ਤਸਵੀਰ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ 1906 ‘ਚ ਬਣਾਈ ਗਈ ਸੀ। ਅਵਨੇਂਦਰ ਨਾਥ ਟੈਗੋਰ ਚਿਤਰਕਲਾ ਦੇ ਬੰਗਾਲ ਸਕੂਲ ਦਾ ਸੰਸਥਾਪਕ ਸੀ ਤੇ ਇੱਕ ਸਮੇਂ ਕਲਕੱਤਾ ਦੇ ਆਰਟਸ ਕਾਲਜ ਵਿੱਚ ਲੈਕਚਰਾਰ ਵੀ ਰਿਹਾ ਸੀ। ਭਾਰਤ ਮਾਤਾਦੇ ਸਿਰਲੇਖ ਵਾਲਾ ਇਹ ਚਿਤਰ ਇੱਕ ਬੰਗਾਲੀ ਮੈਗ਼ਜ਼ੀਨ ਵਿਚ ਛਪਿਆ ਸੀ ਤੇ ਬਾਅਦ ਵਿਚ ਇਸ ਨੂੰ ਕਈ ਰੂਪਾਂ ਵਿਚ ਛਾਪਿਆ ਗਿਆ। ਸੁਆਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਤਾ ਵਲੋਂ ਇਸ ਚਿਤਰ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕੀਤੀ ਗਈ ਸੀ। ਉਸ ਨੇ ਕਿਹਾ ਸੀ ਕਿ,- ‘ਇਸ ਵਿਚ ਮਾਤਭੂਮੀ ਦੀ ਆਤਮਾ ਨੂੰ ਚਿਤਰਿਆ ਗਿਆ ਹੈ। ਇਹ ਮਾਤਭੂਮੀ ਆਸਥਾ ਅਤੇ ਵਿਸ਼ਵਾਸ ਦਿੰਦੀ ਹੈ, ਭੋਜਨ ਅਤੇ ਬਸਤਰ ਦਿੰਦੀ ਹੈ।’ ‘ਭਾਰਤ ਮਾਤਾਦੇ ਇਸ ਦੇਵੀ-ਨੁਮਾ ਚਿੱਤਰ ਵਿਚ ਮਾਤਾ ਦੀਆਂ ਚਾਰ ਬਾਹਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਦੇ ਹੱਥ ਵਿਚ ਖਾਣ-ਪੀਣ ਵਾਲੀਆਂ ਵੱਖ-ਵੱਖ ਵਸਤਾਂ ਫੜੀਆਂ ਹੋਈਆਂ ਸਨ। ਪਰ ਬਾਅਦ ਵਿਚ ਰਾਸ਼ਟਰਵਾਦੀਆਂ ਵਲੋਂ ਉਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾ ਦਿੱਤੀ ਗਈ ਸੀ।

ਇੱਥੇ ਜੋ ਗਲ੍ਹ ਸਮਝਣ ਵਾਲੀ ਹੈਂ ਉਹ ਇਹ ਹੈਂ ਕਿ ਬੰਗਾਲ ਦੇ ਨਾਲ-੨ ਬਾਕੀ ਦੇਸ਼ ਦੇ ਹਿੰਦੂਆਂ ਲਈ ਇਸ ਗੱਲ ਦੀ ਕੋਈ ਰੋਕ ਟੋਕ ਨਹੀਂ ਸੀ ਕਿ ਉਹਨਾਂ ਨੇ ਦੁਰਗਾ ਜਾਂ ਕਿਸੇ ਹੋਰ ਦੇਵੀ ਦੀ ਪੂਜਾ ਕਰ ਲਈ ਜਾਂ ਭਾਰਤ ਮਾਤਾਦੀ ਪੂਜਾ ਕਰ ਲਈ ਪਰ ਦੇਸ਼ ਦੀ ਜਨਤਾ ਦੇ ਗ਼ੈਰ-ਹਿੰਦੂ ਵਰਗਾਂ ਲਈ ਭਾਰਤ ਮਾਤਾਦੀ ਪੂਜਾ ਕਰਨ ਵਿਚ ਕਾਫ਼ੀ ਮਨੋਵਿਗਿਆਨਕ ਤੇ ਧਾਰਮਿਕ ਅੜਚਣਾਂ ਸਨ। ਮੁਸਲਮਾਨ ਧਰਮ ਵਿਚ ਬੁੱਤ ਪੂਜਾ ਦੀ ਸਖ਼ਤ ਮਨਾਹੀ ਹੈ। ਇਸ ਕਰਕੇ ਉਨ੍ਹਾਂ ਲਈ ਭਾਰਤ ਮਾਤਾਦੀ ਪੂਜਾ ਕਰਨਾ ਭਾਰੀ ਧਾਰਮਿਕ ਕੁਰਹਿਤ ਬਣ ਜਾਂਦੀ ਹੈ। ਸਿਧਾਂਤਕ ਤੌਰ ਤੇ ਸਿੱਖ ਧਰਮ ਵਿਚ ਵੀ ਇਹ ਮਨਾਹੀ ਮੌਜੂਦ ਹੈ ਅਤੇ ਉਹਨਾਂ ਨੂੰ ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਨਾ ਸਖਤ ਮਨ੍ਹਾ ਹੈ। ਪਰ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਦੁਰਗਾ ਅਤੇ ਭਾਰਤ ਮਾਤਾਨੂੰ ਇਕ ਰੂਪ ਕਰਕੇ ਇਸ ਸੰਕਲਪ ਦਾ ਰਾਜਨੀਤੀ ਨਾਲ ਸੰਜੋਗ ਕਰ ਲਿਆ ਗਿਆ ਸੀ। ਇਸ ਸੰਜੋਗ ਨੇ ਗ਼ੈਰ ਹਿੰਦੂਆਂ ਸਾਹਮਣੇ ਧਰਮ ਸੰਕਟ ਖੜ੍ਹਾ ਕਰ ਦਿੱਤਾ ਸੀ ਕਿ ਉਹ ਜਾਂ ਤਾਂ ਆਪਣੇ ਅਕੀਦਿਆਂ ਤੇ ਵਿਸ਼ਵਾਸਾਂ ਨੂੰ ਤਿਲਾਂਜਲੀ ਦੇ ਕੇ ਹਿੰਦੂ ਮਾਤਾਦੀ ਪੂਜਾ ਕਰਨ ਜਾਂ ਬਹੁਗਿਣਤੀ ਹਿੰਦੂ ਕੌਮ ਦੀਆਂ ਨਜ਼ਰਾਂ ਵਿਚ ਗ਼ੱਦਾਰ ਬਣਨ ਲਈ ਤਿਆਰ ਰਹਿਣ (ਜਿਵੇਂ ਕਿ ਸਚਿੰਦਰ ਨਾਥ ਸਨਿਆਲ ਨੇ ਮੁਸਲਮਾਨਾਂ ਬਾਰੇ ਫਤਵਾਜਾਰੀ ਕਰ ਦਿੱਤਾ ਸੀ) ਇਸ ਮਾਮਲੇ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਦਾ ਹੇਠ ਲਿਖਿਆ ਕਥਨ ਕਾਬਲੇ-ਗੌਰ ਹੈ

ਭਾਰਤ ਮਾਤਾ ਦਾ ਸੰਕਲਪ ਹਿੰਦੂ ਜਾਤੀ ਦੇ ਧਾਰਮਿਕ ਸੰਸਕਾਰਾਂ ਤੇ ਮਨੌਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੈ। ਇਹ ਦੇਵੀ ਪੂਜ ਹਿੰਦੂ ਪ੍ਰੰਪਰਾ ਦਾ ਰਾਜਨੀਤੀ ਨਾਲ ਸੰਜੋਗ ਕਰਨ ਦੀ ਸੁਚੇਤ ਕੋਸ਼ਿਸ਼ ਦਾ ਨਤੀਜਾ ਹੈ, ਜਿਸ ਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂਵਾਦੀ ਪੁੱਠ ਚਾੜ੍ਹਨ ਵਿਚ ਨਿਰਣਾਇਕ ਭੂਮਿਕਾ ਨਿਭਾਈ। ਧਰਤੀ ਦੇ ਇਕ ਖਾਸ ਟੋਟੇ ਨੂੰ ਜਦ ਭਾਰਤ ਮਾਤਾਦੀ ਉਪਾਧੀ ਬਖ਼ਸ਼ ਦਿੱਤੀ ਗਈ ਤਾਂ ਰਾਸ਼ਟਰਵਾਦ ਦਾ ਸੰਕਲਪ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਿਆ। ਇਸ ਅੰਦਰ ਸਿੱਧੇ ਤੇ ਰੜਕਵੇਂ ਰੂਪ ਵਿਚ (ਹਿੰਦੂ) ਧਰਮ ਦਾ ਅੰਸ਼ ਸ਼ਾਮਲ ਹੋ ਗਿਆ। ਭਾਰਤਇਕ ਭੂਗੋਲਿਕ ਜਾਂ ਰਾਜਨੀਤਕ ਹਸਤੀ ਨਾਲੋਂ ਵਧਕੇ ਇਸ਼ਟ ਦੇਵ ਦਾ ਰੁਤਬਾ ਧਾਰਨ ਗਿਆ, ਜਿਸ ਦੀ ਪੂਜਾ ਹਰ ਭਾਰਤ ਵਾਸੀ ਦਾ ਫਰਜ ਬਣ ਗਿਆ।

ਵੈਸੇ ਜੇ ਦੇਖਿਆ ਜਾਵੇ ਤਾਂ ਭਾਰਤਸ਼ਬਦ ਲਿੰਗਵਾਦੀ ਸ਼ਬਦ ਹੈ! ਭੂਗੋਲਿਕ ਖਿੱਤੇ ਦਾ ਨਾਂਅ ਭਾਰਤਪੈਣ ਬਾਰੇ ਮਹਾਕਵੀ ਕਾਲੀਦਾਸ ਦੇ ਨਾਟਕ ਸਕੁੰਤਲਮਦੀ ਕਹਾਣੀ ਅਨੁਸਾਰ ਮਿੱਥ ਤਾਂ ਇਹ ਵੀਂ ਹੈ ਕਿ ਰਾਜਾ ਦੁਸ਼ਿਅੰਤ ਅਤੇ ਸਕੁੰਤਲਾ ਦਾ ਜੋ ਪੁੱਤਰ ਪੈਦਾ ਹੋਇਆ ਸੀ ਉਸ ਦਾ ਨਾਂਅ ਭਰਤਸੀ ਜੋ ਬਾਅਦ ਵਿਚ ਪੁਰੂਵੰਸ਼ ਦਾ ਚੰਦਰਵੰਸ਼ੀ ਰਾਜਾ ਪ੍ਰਸਿੱਧ ਹੋਇਆ। ਉਸ ਦੇ ਨਾਂਅ ਤੇ ਦੇਸ਼ ਦਾ ਨਾਂਅ ਭਾਰਤਪਿਆ ਹੈ। ਪਰ ਦੇਵੀ ਪੂਜ ਹੋਣ ਕਾਰਨ ਬੰਗਾਲੀਆਂ ਨੇ ਹੋਰ ਹਿੰਦੂਆਂ ਵਲੋਂ ਆਪਣੀ ਮਾਨਸਿਕਤਾ ਅਨੁਸਾਰ ਭਾਰਤਨਾਂ ਨੂੰ ਇਸਤਰੀ ਲਿੰਗ ਵਿਚ ਬਦਲ ਲਿਆ ਸੀ। ਇੱਥੇ ਸਿੱਖਾਂ ਵੱਲ ਦੇਖਿਆ ਜਾਵੇ ਤਾਂ ਆਜਾਦੀ ਤੋਂ ਪਹਿਲਾ ਕੈਨੇਡਾ-ਅਮਰੀਕਾ ਗਏ ਸਿੱਖਾਂ ਦਾ ਵੱਡਾ ਹਿੱਸਾ ਭਾਰਤ ਮਾਤਾਦੇ ਸੰਕਲਪ ਤੋਂ ਉਕਾ ਹੀ ਅਣਜਾਣੂ ਸੀ। ਉਨ੍ਹਾਂ ਦੇ ਦੇਸ ਦੇ ਸੰਕਲਪ ਵਿਚ ਭੂਗੋਲਿਕ ਪੱਖ ਪ੍ਰਧਾਨ ਸੀ। ਉਨ੍ਹਾਂ ਲਈ ਦੇਸ ਤੋਂ ਮੁਰਾਦ ਦੇਸ਼ ਪੰਜਾਬਪਹਿਲਾ ਸੀ। ਘੋਖਵੀਂ ਨਜ਼ਰ ਨਾਲ ਦੇਖਿਆਂ ਇਹ ਤੱਥ ਵੀਂ ਸਾਹਮਣੇ ਆਉਂਦਾ ਹੈ ਕਿ ਗ਼ਦਰ ਪਾਰਟੀ ਵਿਚ ਭਾਰਤ ਮਾਤਾਦਾ ਸੰਕਲਪ ਲਾਲਾ ਹਰਦਿਆਲ ਵਲੋਂ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀਂ ਭਾਵੇਂ ਬਹੁਤੇ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਸ਼ਬਦ ਹਿੰਦੁਸਤਾਨਦੀ ਹੀ ਜ਼ਿਆਦਾ ਵਰਤੋਂ ਕੀਤੀ ਹੈ ਪਰ ਜਿੰਨ੍ਹਾਂ ਕਵੀਆਂ ਵਲੋਂ ਭਾਰਤ ਮਾਤਾਦੀ ਦੁੱਖ ਭਰੀ ਪੁਕਾਰ ਦੇ ਅਨੁਵਾਨ ਤਹਿਤ ਕਈ ਕਵਿਤਾਵਾਂ ਲਿਖੀਆਂ ਹਨ, ਉਹਨਾਂ ਵਿਚ ਭਾਰਤ ਮਾਤਾਦਾ ਨਕਸ਼ਾ ਬੜੀ ਹੀ ਨਿਤਾਣੀ ਤੇ ਤਰਸਯੋਗ ਬੁੱਢੜੀਵਾਲਾ ਪੇਸ਼ ਕੀਤਾ ਹੈ, ਜੋ ਸਿੱਖ ਸਾਹਿਤ, ਇਤਿਹਾਸ ਤੇ ਪਰੰਪਰਾ ਦੇ ਜੁਝਾਰੂ ਖਾਸੇ ਦਾ ਨਿਸ਼ੇਧ ਹੈ। ਜਿਵੇਂ

ਮੇਰੀ ਅਰਜ਼ ਨੂੰ ਨਾਲ ਖਿਆਲ ਸੁਣਨਾ, ਮੇਰੇ ਸਿੱਖ ਹਿੰਦੂ ਮੁਸਲਮਾਨ ਵੀਰੋ।
ਪਾਜੀ ਗੋਰਿਆਂ ਨੇ ਮੈਨੂੰ ਤੰਗ ਕੀਤਾ, ਆਈ ਨੱਕ ਤੇ ਮੈਂਡੜੀ ਜਾਨ ਵੀਰੋ!
….

ਫੌਜਾਂ ਵਾਲਿਓ ਸ਼ੇਰ ਜਵਾਨ ਮਰਦੋ,
ਸੁਣਨਾ ਬੁਢੜੀ ਦਾ ਏਹ ਸਵਾਲ ਮੇਰਾ
ਦੱਸਾਂ ਕਿਵੇਂ ਨਹੀਂ ਦੱਸਿਆ ਜਾਉਂਦਾ ਹੈ,
ਦੁੱਖ ਭਰਿਆ ਨਮਾਣੀ ਦਾ ਹਾਲ ਮੇਰਾ।
ਕਿਕੂੰ ਲਿਖਾਂ ਸ਼ੇਰੋ ਦਿਲ ਫਟਦਾ ਹੈ,
ਅੱਤ ਦੁੱਖ ਭਰਿਆ ਮੰਦਾ ਹਾਲ ਮੇਰਾ
ਦਿਲ ਫਟ ਜਾਵੇ ਪਏ ਤੜਫ ਮਰਸੋ,
ਜੇਕਰ ਸੁਣੇ ਬੱਚਿਓ ਹਾਲ ਮੇਰਾ।

ਸਿੱਖ ਸਾਹਿਤ ਅਤੇ ਸਭਿਆਚਾਰ ਵਿਚ ਵਸਤੂ ਸਥਿਤੀ ਦਾ ਤਰਸ ਪੈਦਾ ਕਰਕੇ ਇਸ ਤਰ੍ਹਾਂ ਭਾਵਨਾਵਾਂ ਟੁੰਬਣ (ਜਿਸ ਨੂੰ ਜਜ਼ਬਾਤੀ ਤੌਰ ਤੇ ਬਲੈਕਮੇਲਕਰਨਾ ਕਿਹਾ ਜਾਂਦਾ ਹੈ) ਦੀ ਮਰਨਊ ਰਵਾਇਤ ਨਹੀਂ ਹੈ, ਸਗੋਂ ਜਬਰ ਜ਼ੁਲਮ ਦੀ ਇੰਤਹਾ ਦਰਸਾ ਕੇ ਅਣਖ ਨੂੰ ਵੱਟ ਚਾੜਨ ਦੀ ਮਰਦਊ ਪ੍ਰੰਪਰਾ ਹੈ। ਦੇਖਣ ਨੂੰ ਤਾਂ ਇਹ ਸਧਾਰਣ ਗੱਲ ਲੱਗ ਸਕਦੀ ਹੈ ਕਿ ਭਾਰਤ ਨੂੰ ਭਾਰਤ ਮਾਤਾਕਹਿ ਲਿਆ ਜਾਂ ਭਾਰਤ ਦੇਸਕਹਿ ਲਿਆ, ਕੀ ਫ਼ਰਕ ਪੈਂਦਾ ਹੈ। ਪਰ ਅੱਜ ਦੀ ਖੋਜ ਵਿਧੀ ਅਤੇ ਕੌਮਾਂ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਗੱਲ ਇੰਨੀ ਸਰਲਭਾਵੀ ਨਹੀਂ ਹੈ। ਇਕ ਅਜਿਹੇ ਧਰਮ ਤੇ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਲੋਕਾਂ, ਜਿਨ੍ਹਾਂ ਵਿਚ ਬੁੱਤ ਪੂਜਾ ਦੀ ਮਨਾਹੀ ਹੈ, ਉਨ੍ਹਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਵਿੱਚ ਧੋਖੇ ਤੇ ਚਲਾਕੀ ਨਾਲ ਬੁੱਤ ਪੂਜਕ ਸੰਕਲਪ ਦਾਖ਼ਲ ਕਰਨੇ, ਉਨ੍ਹਾਂ ਦੇ ਭਵਿੱਖ ਲਈ ਬੜੇ ਖ਼ਤਰਨਾਕ ਸਾਬਤ ਹੁੰਦੇ ਹਨ। ਸੋ ਜਿਹਨਾਂ ਸੰਕਲਪਾਂ ਨੇ ਹੀ ਗ਼ਦਰ ਲਹਿਰ ਦੇ ਹਕੀਕੀ ਖਾਸੇ ਤੇ ਇਸ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ, ਉਹਨਾਂ ਹੀ ਸੰਕਲਪਾਂ ਰਾਹੀ ਹੀ ਅਜੌਕੇ ਸਮੇਂ ਵੀਂ ਸਿੱਖ ਇਤਿਹਾਸ ਅਤੇ ਮਾਨਸਿਕਤਾਚ ਵਿਗਾੜ ਪਾਏ ਜਾ ਰਹੇ ਹਨ।

  ਸਿੱਖ ਸਮਸਿਆ .

ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ

1849 ਈਸਵੀ ਵਿਚ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਸਮੇਂ ਸਿੱਖੀ ਸੂਰਜ ਨੂੰ ਬਿਪਰਵਾਦ ਦੇ ਗ੍ਹਿਣ ਨੇ ਪੂਰੀ ਤਰਾਂ ਢੱਕ ਲਿਆ ਸੀ। ਕਹਿਣ ਨੂੰ ਪਿਛਲੇ ਪੰਜਾਹ ਸਾਲ ਏਥੇ ਸਿੱਖਾਂ ਦੀ ਆਪਣੀ ਹਕੂਮਤ ਰਹੀ ਸੀ ਜਿਸ ਵਿਚ ਵੱਸਦੇ ਸਭ ਧਰਮਾਂ, ਫਿਰਕਿਆਂ ਦੇ ਲੋਕ ਬਹੁਤ ਸੁੱਖੀ ਸਨ। ਸਿੱਖਾਂ ਦੀ ਆਬਾਦੀ ਇਕ ਕਰੋੜ ਦਾ ਅੰਕੜਾ ਪਾਰ ਕਰ ਗਈ ਸੀ ਪਰ ਗੁਰੂ ਦੇ ਲਾਡਲੇ ਗੁਰਮਤਿ ਅਨੁਸਾਰੀ ਜੀਵਨ ਵਿਸਾਰ ਬੈਠੇ ਸਨ। ਇਕ ਅਕਾਲ ਪੁਰਖੁ, ਵਹਿਗੁਰੂ ਦਾ ਨਾਮ ਜੱਪਦਿਆਂ ਹੱਸਦੇ ਹੱਸਦੇ ਸ਼ਹੀਦ ਹੋ ਜਾਣ ਵਾਲੇ ਸਿੰਘ ਹੁਣ ਸਨਾਤਨੀ ਜੀਵਨ ਜੀਊਣ ਲਗ ਪਏ ਸਨ। ਉਹ ਧੋਤੀਆਂ ਪਹਿਨਦੇ, ਮੰਦਰੀ ਜਾਂਦੇ, ਮੂਰਤੀਆਂ ਪੂਜਦੇ, ਬਰਾਹਮਣਾਂ ਨੂੰ ਦਾਨ ਦਿੰਦੇ, ਮਹੂਰਤ ਕਢਵਾਂਉਂਦੇ, ਦਿਨ ਵਾਰ ਵਿਚਾਰਦੇ ਅਤੇ ਜ਼ਾਤ-ਪਾਤ, ਊਚ-ਨੀਚ ਦੇ ਪੈਰੋਕਾਰ ਬਣ ਸਮਾਜ ਵਿਚ ਵੰਡੀਆਂ ਪਾਉਂਦੇ। ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਵਿਚ ਤਿੰਨ ਰਾਣੀਆਂ ਅਤੇ ਸੱਤ ਦਾਸੀਆਂ ਸੜ ਮੋਈਆਂ ਸਨ ਯਾਨਿ ਬਹੁ-ਵਿਆਹ ਅਤੇ ਸਤੀ ਦੀ ਰਸਮ ਨੇ ਮੋੜਾ ਪਾ ਲਿਆ ਸੀ। ਜਾਨ ਨਾਲੋਂ ਪਿਆਰੇ ਗੁਰਦੁਆਰਿਆਂ ਦੇ ਨਾਂ ਸਰਕਾਰ ਨੇ ਜਗੀਰਾਂ ਲਾ ਦਿਤੀਆਂ ਸਨ। ਧਨ ਦੌਲਤ ਦੇ ਲਾਲਚ ਵਿਚ ਪੁਜਾਰੀਆਂ ਨੇ ਵਕਤੀ ਤੌਰ 'ਤੇ ਆਪਣਾ ਬਾਣਾ ਤਾਂ ਬਦਲ ਲਿਆ ਸੀ ਪਰ ਉਹਨਾਂ ਨੂੰ ਨਾ ਤਾਂ ਸਿੱਖ ਸਿਧਾਤਾਂ, ਮਾਨਤਾਵਾਂ , ਸੰਸਥਾਵਾਂ ਨਾਲ ਕੋਈ ਪਕੜ ਸੀ ਅਤੇ ਨਾ ਹੀ ਗੁਰਮਰਿਆਦਾ ਦੀ ਕੋਈ ਸਮਝ ਸੀ। 

ਸਿੱਖਾਂ ਦੇ ਧਾਰਮਕ ਆਗੂ ਆਪਣੇ ਗੁਰੂ ਡੰਮ ਵਿਚ ਮਸਤ ਰੋਟੀਆਂ ਸੇਕ ਰਹੇ ਸਨ। ਗੁਰੂ ਸਾਹਿਬ ਦੇ ਵੰਸ਼ਜ ਹੋਣ ਕਰਕੇ ਸੰਗਤਾਂ ਵਲੋਂ ਮਿਲਦੇ ਮਾਣ ਸਨਮਾਣ ਸਦਕਾ ਉਹਨਾਂ ਆਪਣੀਆਂ ਗੱਦੀਆਂ ਸਥਾਪਤ ਕਰ ਲਈਆਂ ਸਨ: ਉਹ ਗੁਰੂ ਗਰੰਥ ਸਾਹਿਬ ਦੇ ਹਜ਼ੂਰ ਆਸਣ ਜਮਾ ਕੇ ਬੈਠਦੇ, ਸੰਗਤ ਕੋਲੋਂ ਮੱਥਾ ਟਿਕਾਉਂਦੇ, ਚਰਨਾਮਰਿਤ ਦਿੰਦੇ ਅਤੇ ਭੇਟਾ ਵਸੂਲਦੇ।

ਪੰਜਾਬੀ ਅਤੇ ਗੁਰਮੁਖੀ ਦੀ ਪੜਾਈ ਦਾ ਕੋਈ ਪ੍ਬੰਧ ਨਹੀਂ ਸੀ। ਇਸ ਲਈ ਗੁਰਬਾਣੀ ਦਾ ਪਠਨ ਪਾਠਨ ਭਾਈਆਂ ਤਕ ਸੀਮਿਤ ਹੋ ਕੇ ਰਹਿ ਗਿਆ ਸੀ। ਗੁਰਦੁਆਰਿਆਂ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲ ਇਹਨਾਂ ਗੁਰੂ ਡੰਮੀਆਂ ਦੀਆਂ ਮੂਰਤੀਆਂ ਵੀ ਸਥਾਪਤ ਸਨ। ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਦਰਸ਼ਨੀ ਡਿਉਢੀ ਵਿਚ ਬਾਬਾ ਸਾਹਿਬ ਸਿੰਘ ਦੀਆਂ ਮੂਰਤੀਆਂ ਲਗੀਆਂ ਹੋਈਆਂ ਸਨ।

ਜਾਗਰੂਕ ਸਿੱਖ ਕਸੂਤੀ ਸਥਿਤੀ ਵਿਚ ਫਸ ਗਏ ਸਨ: ਅਡੰਬਰਾਂ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਸਦਾ ਸੀ। ਜੇ ਪੋਠੋਹਾਰ ਵਿਚ ਬਾਬਾ ਦਿਆਲ ਜੀ ਨੇ ਆਪਣੇ ਤੌਰ 'ਤੇ ਕੁਝ ਯਤਨ ਕੀਤੇ ਵੀ ਤਾਂ ਸਿੱਖ ਸਰਦਾਰਾਂ ਨੇ ਨੱਕ ਭੋਂ ਸੁਕੇੜ ਲਏ। ਨਾਮਧਾਰੀਆਂ ਨੇ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਸੁੱਚਾ ਸਿੱਖੀ ਜੀਵਨ ਜੀਊਣਾ ਸ਼ੁਰੂ ਕੀਤਾ ਤਾਂ ਉਹ ਅੰਗਰੇਜ਼ਾਂ ਅਤੇ ਉਹਨਾਂ ਦੇ ਪਿੱਠੂਆਂ ਦੀ ਭੇਟ ਚੜ ਗਿਆ।

ਦੂਸਰੇ ਪਾਸੇ ਦੂਸ਼ਮਣਾਂ ਦੀ ਥਾਹ ਨਹੀਂ ਸੀ। ਇਸਾਈ ਮਿਸ਼ਨਰੀ ਯਸੂ ਮਸੀਹ ਦੇ ਪ੍ਚਾਰ ਪ੍ਸਾਰ ਵਿਚ ਲਗੇ ਹੋਏ ਸਨ। ਸਰਕਾਰ ਉਹਨਾਂ ਦੀ ਪਿੱਠ ਠੋਕਦੀ ਸੀ। ਗੁਲਾਬ ਦਾਸੀਏ ਵੱਖ ਸਿੱਖੀ ਵਿਰੁੱਧ ਵਿਸ ਘੋਲ ਰਹੇ ਸਨ। ਵੇਖਾ ਵੇਖੀ ਆਰੀਆ ਸਮਾਜੀ ਵੀ ਮੈਦਾਨ ਵਿਚ ਕੁੱਦ ਪਏ। ਪੰਡਤ ਸ਼ਰਧਾ ਰਾਮ ਫਲੌਰੀ ਵਰਗੇ ਪ੍ਚਾਰਕ ਗੁਰੂ ਦੇ ਘਰ ਆ ਕੇ ਗੁਰੂ ਸਾਹਿਬਾਨ ਦੀ ਸ਼ਾਨ ਵਿਰੁੱਧ ਕਈ ਕੁਝ ਕਹਿ ਗਏ ਪਰ ਕਿਸੇ ਉਜਰ ਨਹੀਂ ਕੀਤਾ।

ਸਿੱਖ ਪੜਾਈ ਲਿਖਾਈ ਵਿਚ ਫਾਡੀ ਸਨ: ਉਹਨਾਂ ਕੋਲ ਨਾ ਆਪਣੇ ਸਕੂਲ ਸਨ, ਨਾ ਕਾਲਜ। ਵਿਦਿਆਰਥੀ ਟਾਵਾਂ-ਟਾਵਾਂ ਹੀ ਸੀ ਪਰ ਪੜਣਾ ਉਹਨਾਂ ਨੂੰ ਇਸਾਈ ਸਕੂਲਾਂ ਵਿਚ ਹੀ ਪੈਂਦਾ ਸੀ। ਉਹਨਾਂ ਦੇ ਅਧਿਆਪਕ ਉਹਨਾਂ ਨੂੰ ਕੀ ਪੜਾਉਂਦੇ ਸਨ? ਇਸ ਦੀ ਜਾਣਕਾਰੀ ਉਸ ਸਮੇਂ ਮਿਲਦੀ ਜਦ ਉਹ ਵਿਦਿਆਰਥੀ ਚਰਚ ਵਿਚੋਂ ਇਸਾਈ ਬਣ ਕੇ ਨਿਕਲਦੇ।

1873 ਈ. ਵਿਚ ਅੰਮਰਿਤਸਰ ਮਿਸ਼ਨ ਸਕੂਲ ਵਿਚ ਵੀ ਇਹੀ ਕੁਝ ਵਾਪਰਿਆ। ਚਾਰ ਸਿੱਖ ਵਿਦਿਆਰਥੀ ਇਕ ਪਾਦਰੀ ਦੇ ਹੱਥੀਂ ਚੜ ਗਏ। ਸਮੇਂ ਸਿਰ ਪਤਾ ਨਾ ਲਗਦਾ ਤਾਂ ਉਹ ਵੀ ਮਹਾਰਾਜਾ ਦਲੀਪ ਸਿੰਘ ਦੇ ਰਸਤੇ ਚਲੇ ਗਏ ਹੁੰਦੇ। ਪਾਣੀ ਸਿਰੋਂ ਟੱਪ ਗਿਆ ਤਾਂ ਸ. ਠਾਕੁਰ ਸਿੰਘ ਸੰਧਾਵਾਲੀਆ ਵਰਗੇ ਸਰਦਾਰਾਂ ਦੀ ਆਤਮਾ ਝੰਝੋੜੀ ਗਈ। ਸਥਿਤੀ ਉਤੇ ਵਿਚਾਰ ਕਰਨ ਲਈ ਉਹਨਾਂ ਸਿੱਖਾਂ ਦੀਆਂ ਸਭ ਸ਼ਰੇਣੀਆਂ ਦੇ ਪ੍ਤੀਨਿਧਾਂ ਦੀ ਇਕੱਤਰਤਾ ਅੰਮਰਿਤਸਰ ਵਿਖੇ ਬੁਲਾਈ। ਇਸ ਵਿਚ ਗੁਰਦੁਆਰਿਆਂ ਦੇ ਪੁਜਾਰੀ, ਗਿਆਨੀ, ਗਰੰਥੀ, ਉਦਾਸੀ, ਨਿਰਮਲੇ ਅਤੇ ਖਾਨਦਾਨੀ ਰਈਸ ਆਦਿ ਸ਼ਾਮਲ ਹੋਏ। ਪਹਿਲੀ ਅਕਤੂਬਰ, 1874 ਈਸਵੀ ਦੇ ਦਿਨ ਹੋਈ ਇਹ ਇੱਕਤਰਤਾ ਸਿੰਘ ਸਭਾ ਲਹਿਰ ਦਾ ਮੁੱਢ ਬਣੀ। ਇਸ ਵਿਚ ਗੁਰਮਤਿ ਦੇ ਪ੍ਚਾਰ ਪ੍ਸਾਰ ਲਈ ਸਿੰਘ ਸਭਾ ਬਨਾਉਣ ਦਾ ਫੈਸਲਾ ਕੀਤਾ ਗਿਆ। ਸ. ਠਾਕੁਰ ਸਿੰਘ ਸੰਧਾਵਾਲੀਆ ਇਸ ਸਭਾ ਦੇ ਪ੍ਧਾਨ ਅਤੇ ਗਿਆਨੀ ਗਿਆਨ ਸਿੰਘ ਇਸ ਦੇ ਸੱਕਤਰ ਥਾਪੇ ਗਏ।

ਸਿਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦੇ ਪਿਛੋਕੜ ਵਿਚ ਸਿੱਖਾਂ ਦੀ ਆਬਾਦੀ ਦਾ ਤੇਜ਼ੀ ਨਾਲ ਘਟਣਾ ਅਤੇ ਖਾਂਦੇ ਪੀਂਦੇ ਸਿੱਖਾਂ ਦੇ ਬੱਚਿਆਂ ਦਾ ਈਸਾਈ ਬਨਣਾ ਸੀ। ਸਿੱਖ ਰਾਜ ਦੀ ਸਥਾਪਨਾ ਨਾਲ ਸਿੱਖ ਤੇਜ਼ੀ ਨਾਲ ਵੱਧੇ ਪਰ ਸਿੱਖੀ ਨੂੰ ਵੱਡੀ ਢਾਹ ਲਗੀ। ਲਗਭਗ ਹਰ ਹਿੰਦੂ ਪਰਿਵਾਰ ਦੇ ਮਰਦਾਂ ਨੇ ਦਾੜੀ ਕੇਸ ਵਧਾ ਲਏ, ਦਸਤਾਰ ਸਜਾ ਲਈ। ਇਸ ਤਰਾਂ ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਟੱਪ ਗਈ ਪਰ ਸਿੱਖੀ ਦੀ ਵਿਲੱਖਣਤਾ ਲਗਭਗ ਸਮਾਪਤ ਹੋ ਗਈ। ਇਕ ਇਤਿਹਾਸਕਾਰ ਦੇ ਸ਼ਬਦਾਂ ਵਿਚ, ''ਸਿੱਖ ਰਾਜ ਅੰਦਰ ਹਿੰਦੂ ਅਤੇ ਸਿੱਖ ਅੰਤਰ ਨਾਂ ਮਾਤਰ ਸੀ। ਖਾਲਸਾ ਕੇਸਾਂ ਵਾਲਾ ਸੀ ਅਤੇ ਉਹ ਦਾੜੀ ਮੁੱਛਾਂ ਦੇ ਵਾਲ ਨਹੀਂ ਕਟਵਾਉਂਦਾ ਸੀ, ਹਿੰਦੂ ਅਜਿਹਾ ਕਰਦੇ ਸਨ ਪਰ ਬਾਕੀ ਸਭ ਕੁਝ ਲਈ ਬਰਾਹਮਣੀ ਹਿੰਦੂਤਵ ਪ੍ਚਲਤ ਸੀ। ਨਵੇਂ ਸਿੱਖ ਜਗੀਰਦਾਰ ਹਿੰਦੂ ਰਾਜਪੂਤ ਸ਼ਹਿਜ਼ਾਦਿਆਂ ਦੀ ਨਕਲ ਕਰਦੇ ਸਨ। ਉਹ ਆਪਣੇ ਧਰਮ ਗਰੰਥ ਦੇ ਨਾਲ ਨਾਲ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਹਿੰਦੂ ਤੀਰਥਾਂ ਲਈ ਜਾਂਦੇ , ਬਰਾਹਮਣਾਂ ਲਈ ਭੋਜ ਕਰਦੇ, ਜੋਤਸ਼ੀਆਂ ਅਤੇ ਭਾਗ ਦਸੱਣ ਵਾਲਿਆਂ ਤੋਂ ਪੁੱਛਾਂ ਪੁਆਉਂਦੇ, ਵਿਧਵਾ ਇਸਤਰੀਆਂ ਉਤੇ ਸਤੀ ਹੋਣ ਲਈ ਦਬਾਅ ਪਾਉਂਦੇ। ਕੁਝ ਇਲਾਕਿਆਂ ਵਿਚ ਕੁੜੀ-ਮਾਰ ਪ੍ਥਾ ਮੁੜ ਚਾਲੂ ਹੋ ਗਈ।"

ਜਿਉਂ ਹੀ ਸਿੱਖ ਰਾਜ ਖਤਮ ਹੋਇਆ, ਪੰਜਾਬ ਦੀ ਸੱਤਾ ਅੰਗਰੇਜ਼ਾਂ ਨੇ ਸੰਭਾਲੀ, ਸਿੱਖਾਂ ਉਤੇ ਸਖ਼ਤੀ ਸ਼ੁਰੂ ਹੋਈ, ਨਵੇਂ ਬਣੇ ਸਿੱਖ ਸਿੱਖੀ ਸਰੂਪ ਛੱਡ ਕੇ ਮੁੜ ਕੱਟੜ ਹਿੰਦੂ ਬਣ ਗਏ। ਉਹਨਾਂ ਨਾਾਲ ਹੋਰ ਵੀ ਪਤਿਤ ਹੋ ਗਏ ਜਿਹੜੇ ਪੀੜੀਆਂ ਤੋਂ ਖਾਲਸਾ ਭਾਈਚਾਰੇ ਵਿਚ ਸ਼ਾਮਲ ਸਨ। ਆਪਣੀਆਂ ਦੋ ਸੰਖੇਪ ਪੰਜਾਬ ਫੇਰੀਆਂ ਸਮੇਂ ਲਾਰਡ ਡਲਹੌਜੀ ਨੇ ਇਸ ਰੁੱਚੀ ਨੂੰ ਵੇਖ ਕੇ ਟਿਪਣੀ ਕੀਤੀ, ''ਇਹਨਾਂ ਦੇ ਮਹਾਨ ਗੁਰੂ ਗੋਬਿੰਦ ਵੀ ਹੋਏ ਨੇ ਜ਼ਾਤਪਾਤ ਦਾ ਭੇਦ ਮਿਟਾਉਣ ਦਾ ਬੀੜਾ ਚੁੱਕਿਆ ਅਤੇ ਬਹੁਤ ਹੱਦ ਤਕ ਸਫ਼ਲ ਵੀ ਹੋਏ ਪਰ ਹੌਲੀ ਹੌਲੀ ਸਿੱਖ ਹਿੰਦੂਵਾਦ ਵਲ ਸਰਕ ਰਹੇ ਹਨ। ਜੇਕਰ ਉਹ ਸਿੰਘ ਸਜੇ ਵੀ ਰਹਿੰਦੇ ਹਨ ਤਾਂ ਆਉਂਦੇ ਵਰਿਆਂ ਵਿਚ ਹਿੰਦੂ ਅਸਰ ਕਬੂਲਦੇ ਜਾਂਦੇ ਹਨ।"

ਸਰ ਕਲਾਰਕ ਵਰਗੇ ਅੰਗਰੇਜ਼ ਅਫ਼ਸਰਾਂ ਦੀ ਤਾਂ ਸਪਸ਼ਟ ਰਾਇ ਸੀ ਕਿ ਆਉਣ ਵਾਲੇ ਪੰਜਾਹ ਸਾਲਾਂ ਵਿਚ ਸਿੱਖ ਭਾਈਚਾਰਾ ਆਪਣੀ ਹੋਂਦ ਗੁਆ ਲਇਗਾ।

ਸਿੱਖਾਂ ਦੇ ਧਰਮ ਬਦਲਣ ਦੀ ਰੁੱਚੀ ਨੇ ਇਸਾਈ ਮਿਸ਼ਨਰੀਆਂ ਦਾ ਹੌਸਲਾ ਵਧਾਇਆ। ਉਹਨਾਂ ਦੀਆਂ ਸਰਗਰਮੀਆਂ ਹੁਣ ਤਕ ਮਾਲਵਾ ਖੇਤਰ ਤਕ ਸੀਮਤ ਸਨਜਿਉਂ ਹੀ ਪੰਜਾਬ ਦਾ ਇਲਹਾਕ ਅੰਗਰੇਜ਼ੀ ਰਾਜ ਨਾਲ ਹੋਇਆ, ਉਹ ਮਾਝਾ ਅਤੇ ਦੁਆਬਾ ਖੇਤਰਾਂ ਵਿਚ ਆ ਗਏ। ਚਰਚ ਮਿਸ਼ਨਰੀ ਸੁਸਾਇਟੀ ਨੇ ਆਪਣੇ ਕੇਂਦਰ ਅੰਮਰਿਤਸਰ, ਲਾਹੌਰ ਅਤੇ ਪਹਾੜੀ ਖੇਤਰਾਂ ਵਿਚ ਸਥਾਪਤ ਕਰ ਲਏ। ਹੌਲੀ ਹੌਲੀ ਸਾਲਵੇਗ਼ਨ ਆਰਮੀ, ਮੈਥਡਿਸਟ, ਮੋਰਾਈਅਨ ਅਤੇ ਅਜਿਹੇ ਹੋਰ ਇਸਾਈ ਸੰਗਠਨ ਪੰਜਾਬ ਵਿਚ ਸਰਗਰਮ ਹੋ ਗਏ ਅਤੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਇਸਾਈ ਬਨਾਉਣ ਵਿਚ ਮੁਕਾਬਲਾ ਕਰਨ ਲਗੇ। ਕੁਝ ਸਾਲਾਂ ਵਿਚ ਹੀ ਇਸਾਈਆਂ ਦੀ ਪੰਜਾਬ ਵਿਚ ਗਿਣਤੀ 3796 ਹੋ ਗਈ।

1853 ਵਿਚ ਮਹਾਰਾਜਾ ਦਲੀਪ ਸਿੰਘ ਇਸਾਈ ਬਣਿਆ। ਇਸ ਨਾਲ ਇਸਾਈ ਮਿਸ਼ਨਰੀਆਂ ਦਾ ਉਤਸ਼ਾਹ ਹੋਰ ਵਧਿਆ। ਮਹਾਰਾਜਾ ਨੇ ਵੀ ਇਸਾਈ ਮਿਸ਼ਨਰੀਆਂ ਨੂੰ ਸ਼ਾਬਾਸ਼ੀ ਦਿਤੀ। ਏਸੇ ਸਾਲ ਮਿਸ਼ਨਰੀਆਂ ਨੇ ਅੰਮਿਤਸਰ ਵਿਚ ਮਿਸ਼ਨ ਸਕੂਲ ਖੋਲਿਆ। ਅੰਗਰੇਜ਼ੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਵਿਦਿਆ ਵਧੇਰੇ ਸੀ। ਸਿੱਖ ਰਾਜ ਸਮੇਂ ਮੁੱਢਲੀ ਵਿਦਿਆ ਦੇ ਸਕੂਲ ਸਨ। ਕੇਵਲ ਲਾਹੌਰ ਵਿਚ ਹੀ 16 ਸਕੂਲ ਚਲ ਰਹੇ ਸਨ। ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ੇ ਪਿਛੋਂ ਇਹਨਾਂ ਸਕੂਲਾਂ ਨੂੰ ਚਲਦੇ ਰਹਿਣ ਦਿਤਾ ਸੀ ਪਰ ਹੁਣ ਵਿਦਿਆ ਦੇ ਅਰਥ ਬਦਲ ਗਏ ਸਨ। ਅੰਗਰੇਜ਼ਾਂ ਨੂੰ ਆਪਣਾ ਰਾਜ ਚਲਾਉਣ ਲਈ ਅੰਗਰੇਜ਼ੀ ਪੜੇ ਲਿਖੇ ਪੰਜਾਬੀਆਂ ਦੀ ਲੋੜ ਸੀ। ਸੋ ਸਰਕਾਰੀ ਪੱਧਰ ਤੇ ਵੀ ਸਕੂਲ ਖੋਲੇ ਗਏ ਪਰ ਉਥੇ ਵੀ ਇਸਾਈ ਮਿਸ਼ਨਰੀਆਂ ਦਾ ਬੋਲਬਾਲਾ ਸੀ। ਇਸਾਈ ਮਿਸ਼ਨਰੀਆਂ ਵਲੋਂ ਪਹਿਲਾਂ ਪਹਿਲ ਜਿਹੜੇ ਸਿੱਖ ਇਸਾਈ ਬਣਾਏ ਗਏ, ਉਹ ਹੇਠਲੀਆਂ ਜਾਤੀਆਂ ਵਿਚੋਂ ਸਨ। ਪੰਜਾਬ ਵਿਚ ਏਸੇ ਲਈ ਇਸਾਈਆਂ ਤੋਂ ਅਰਥ ਚੂਹੜਿਆਂ ਤੋ ਲਿਆ ਜਾਂਦਾ ਰਿਹਾ ਹੈ। (ਬਾਕੀ-ਕੱਲ)

ਜਦੋਂ ਹੇਠਲੀਆਂ ਜਾਤੀਆਂ ਤੋਂ ਇਸਾਈ ਬਣੇ ਪੰਜਾਬੀਆਂ ਨੇ ਵੇਖਿਆ ਕਿ ਉਹਨਾਂ ਦਾ ਧਰਮ ਹੀ ਬਦਲਿਆ ਹੈ, ਮੁੱਕਦਰ ਨਹੀਂ ਤਾਂ ਉਹਨਾਂ ਵਿਚ ਧਰਮ ਬਦਲਣ ਦਾ ਉਤਸ਼ਾਹ ਵੱਧ ਗਿਆ। ਰਾਜ ਪਰਿਵਾਰਾਂ ਵਿਚੋਂ ਵੀ ਅਜਿਹੇ ਕਈ ਲੋਕ ਨਿਕਲ ਆਏ ਜਿਹਨਾਂ ਨਵੇਂ ਧਰਮ ਨੂੰ ਅਪਣਾ ਲਿਆ। ਅੰਗਰੇਜ਼ਾਂ ਨੇ ਪੜਾਈ ਦਾ ਪ੍ਬੰਧ ਨੌਕਰੀਆਂ ਨਾਲ ਜੋੜ ਦਿਤਾ। ਅੰਗਰੇਜ਼ੀ ਪੜੇ ਲਿਖੇ ਜੇ ਅਫ਼ਸਰ ਨਹੀਂ ਤਾਂ ਕਲਰਕ ਤਾਂ ਬਣ ਹੀ ਜਾਂਦੇ ਸਨ। ਆਰਥਕ ਸੁੱਰਖਿਆ ਕਾਰਣ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਸਰਕਾਰੀ ਅਤੇ ਮਿਸ਼ਨ ਸਕੂਲਾਂ ਵਿਚ ਭੇਜਣ ਲਗ ਪਏ। ਬੱਚਿਆਂ ਦੇ ਮਨ ਕੋਰੀ ਸਲੇਟ ਹੁੰਦੇ ਹਨ। ਉਹਨਾਂ ਉਤੇ ਉਹਨਾਂ ਦੇ ਅਧਿਆਪਕ ਆਸਾਨੀ ਨਾਲ ''ਇਸਾਈਅਤ" ਦੀ ਮੋਹਰ ਲਾ ਸਕਦੇ ਸਨ। ਮਿਸ਼ਨਰੀਆਂ ਨੇ ਅਜਿਹਾ ਹੀ ਕੀਤਾ।

ਪੜੇ ਲਿਖੇ ਰਈਸ ਪਰਿਵਾਰਾਂ ਅਤੇ ਸਕੂਲੀ ਵਿਦਿਆਰਥੀਆਂ ਦੇ ਇਸਾਈ ਬਨਣ ਨਾਲ ਸਿੱਖ ਆਗੂਆਂ ਨੂੰ ਚਿੰਤਾ ਹੋਈ ਜਿਹੜੀ ਅਛੂਤਾਂ ਜਾਂ ਮਜ਼ਬੀ ਸਿੱਖਾਂ ਦੇ ਇਸਾਈ ਬਨਣ ਨਾਲ ਨਹੀਂ ਹੋਈ ਸੀ। ਮਾਝੇ ਦੇ ਸਿੱਖ ਸਰਦਾਰਾਂ ਦੀ ਇਕ ਹੋਰ ਸੱਮਸਿਆ ਵੀ ਸੀ ।ਸਿੱਖ ਰਾਜ ਸਮੇਂ ਤਕ ਉਹਨਾਂ ਦੀ ਸਰਦਾਰੀ ਬਣੀ ਰਹੀ ਸੀ। ਲਗਭਗ ਸਾਰੇ ਸਿੱਖ ਮੁੱਖੀ ਏਸੇ ਇਲਾਕੇ ਵਿਚੋਂ ਸਨ ਪਰ ਅੰਗਰੇਜ਼ਾਂ ਪ੍ਤੀ ਆਪਣੀ ਪੂਰੀ ਵਫ਼ਾਦਾਰੀ ਜਿਤਾਉਣ ਦੇ ਬਾਵਜੂਦ ਉਹਨਾਂ ਨੂੰ ਪੁਰਾਣੀ ਸ਼ਾਨ ਨਹੀਂ ਮਿਲੀ ਸੀ। ਅੰਗਰੇਜ਼ ਮਾਲਵੇ ਦੀਆਂ ਰਿਆਸਤਾਂ ਅਤੇ ਉਸ ਦੇ ਅੰਗਰੇਜ਼ੀ ਸ਼ਾਸਨ ਵਾਲੇ ਸਿੱਖ ਸਰਦਾਰਾਂ 'ਤੇ ਵਧੇਰੇ ਨਿਰਭਰ ਕਰਦੇ ਸਨ। ਇਸ ਦਾ ਇਕ ਕਾਰਣ ਅੰਗਰੇਜ਼ਾਂ ਦਾ ਮਾਲਵੇ ਉਤੇ ਕਬਜ਼ਾ ਪੁਰਾਣਾ ਹੋਣਾ ਸੀ ਅਤੇ ਦੂਸਰਾ 1857 ਦੇ ਗਦਰ ਸਮੇਂ ਪੰਜਾਬ ਵਿਚ ਤਾਂ ਹਿਲਜੁਲ ਹੋਈ ਸੀ ਜਦਕਿ ਮਾਲਵੇ ਦਾ ਇਲਾਕਾ ਅੰਗਰੇਜ਼ਾਂ ਨਾਲ ਜੀਅ ਜਾਨ ਨਾਲ ਖੜਾ ਰਿਹਾ ਸੀ। ਪਟਿਆਲਾ, ਜੀਂਦ ਅਤੇ ਨਾਭਾ ਦੇ ਮਹਾਰਾਜਿਆਂ ਨੇ ਅੰਗਰੇਜ਼ਾਂ ਪ੍ਤੀ ਆਪਣੀ ਵਫ਼ਾਦਾਰੀ ਪੂਰੀ ਤਰਾਂ ਨਿਭਾਈ ਸੀ

ਸਿੱਖਾਂ ਵਿਚ ਸਿੱਖ ਰਾਜ ਦੇ ਸਮੇਂ ਤੋਂ ਹੀ ਪੁਨਰਜੀਵੀ ਲਹਿਰਾਂ ਚਲ ਰਹੀਆਂ ਸਨ। ਇਹਨਾਂ ਦੇ ਕੇਂਦਰ ਜਾਂ ਪੱਛਮੀ ਪੰਜਾਬ ਦੇ ਇਲਾਕੇ ਸਨ ਅਤੇ ਜਾਂ ਇਹਨਾਂ ਦਾ ਆਧਾਰ ਮਾਲਵਾ ਸੀ। ਰਾਧਾ ਸੁਆਮੀ ਮੱਤ ਆਗਰੇ ਵਿਚ ਪੈਦਾ ਹੋਇਆ ਸੀ ਪਰ ਸਿੱਖਾਂ ਵਿਚ ਇਸ ਦਾ ਪ੍ਚਲਣ ਬਥੇਰਾ ਸੀ ਕਿਉਂਕਿ ਇਸ ਵਿਚ ਸਿੱਖੀ ਦੇ ਅੰਸ਼ ਸਨ। ਨਿਰੰਕਾਰੀਆਂ ਦਾ ਆਧਾਰ ਉੱਤਰ-ਪੱਛਮੀ ਪੰਜਾਬ (ਰਾਵਲਪਿੰਡੀ) ਸੀ। ਅਤੇ ਉਹ ਬਾਬਾ ਨਾਨਕ ਦੇ ਅਸਲ ਵਾਰਸ ਹੋਣ ਦਾ ਦਾਅਵਾ ਕਰਦੇ ਸਨ। ਨਾਮਧਾਰੀਆਂ ਦਾ ਮੱਤ ਸ਼ੁਰੂ ਤੋਂ ਉੱਤਰ-ਪੱਛਮੀ ਪੰਜਾਬ (ਹਜ਼ਾਰੋਂ) ਤੋਂ ਹੋਇਆ ਸੀ ਪਰ ਇਸ ਦਾ ਫੈਲਾਅ ਮਾਲਵੇ ਵਿਚ ਸੀ। ਰਾਧਾ ਸੁਆਮੀਆਂ ਅਤੇ ਨਿਰੰਕਾਰੀਆਂ ਤੋਂ ਤਾਂ ਮਾਝੇ ਦੇ ਸਿੱਖ ਸਰਦਾਰਾਂ ਨੂੰ ਕੋਈ ਖਤਰਾ ਨਹੀਂ ਜਾਪਦਾ ਸੀ ਕਿਉਂਕਿ ਇਕ ਤਾਂ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ ਅਤੇ ਦੂਸਰਾ ਉਹ ਸਰੂਪ ਵਲੋਂ ਗੈਰ-ਸਿੱਖ ਸਨ ਪਰ ਨਾਮਧਾਰੀਆਂ ਨੇ ਸਿੱਖੀ ਸਰੂਪ ਨੂੰ ਵੀ ਬਰਕਾਰਾਰ ਰਖਿਆ ਸੀਉਹਨਾਂ ਦੀ ਗਿਣਤੀ ਵੀ ਲੱਖਾਂ ਵਿਚ ਸੀ ਅਤੇ ਉਹ ਮਝੈਲਾਂ ਦੇ ਕੇਂਦਰ ਅੰਮਰਿਤਸਰ ਉਤੇ ਧਾਵੇ ਵੀ ਕਰਦੇ ਰਹਿੰਦੇ ਸਨ। ਬਾਬਾ ਰਾਮ ਸਿੰਘ ਸਬੰਧੀ ਮਸ਼ਹੂਰ ਕੀਤਾ ਗਿਆ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਹਨ। ਉਹਨਾਂ ਦੇ ਆਪਣਾ ਵਰਤਾਉ ਵੀ ਦਸਮ ਪਾਤਸ਼ਾਹ ਵਰਗਾ ਸੀ: ਉਹ ਮਹਾਰਾਜਿਆਂ ਵਾਂਗ ਵਿਚਰਦੇ, ਨਾਮਧਾਰੀ ਦਰਬਾਰ ਲਾਉਂਦੇ, ਹੁਕਮਨਾਮੇ ਜਾਰੀ ਕਰਦੇ। ਉਹ ਅੰਮਰਿਤ ਛਕਾਉਂਦੇ ਤਾਂ ਸਿੱਖੀ ਦੇ ਨਿਯਮਾਂ ਨਾਲ ਸੇਵਕਾਂ ਨੂੰ ਸਿੱਖ ਸਰਦਾਰਾਂ ਅਤੇ ਰਜਵਾੜਿਆਂ ਦਾ ਕਿਰਦਾਰ ਦੱਸਣ ਵਿਚ ਪਿਛੇ ਨਾ ਰਹਿੰਦੇ। ਉਹ ਗੁਰੂ ਬੰਸ ਵਿਚੋਂ ਗੁਰੂ ਬਣੇ ਬੇਦੀਆਂ ਅਤੇ ਸੋਢੀਆਂ ਨੂੰ ਨਿੰਦਦੇ ਅਤੇ ਸਿੱਖਾਂ ਵਿਚ ਜਾਤੀਵਾਦ ਅਤੇ ਬੁੱਤ ਪੂਜਾ ਦੀ ਨਿਖੇਧੀ ਕਰਦੇ1863 ਈਸਵੀ ਵਿਚ ਬਾਬਾ ਰਾਮ ਸਿੰਘ ਨੇ ਸਿੱਖਾਂ ਨੂੰ ਆਦੇਸ਼ ਦਿਤਾ ਕਿ ਉਹ ਵੈਸਾਖੀ ਦੇ ਸ਼ੁਭ ਮੌਕੇ 'ਤੇ ਅੰਮਰਿਤਸਰ ਵਿਖੇ ਇੱਕਤਰ ਹੋਣ। ਸਿੱਖਾਂ ਲਈ ਵਿਸ਼ੇਸ਼ ਫੁਰਮਾਨ ਜਾਰੀ ਹੋਇਆ। 1867 ਈਸਵੀ ਨੂੰ ਦੁਸਿਹਰੇ ਦੇ ਮੇਲੇ ਸਮੇਂ ਬਾਬਾ ਰਾਮ ਸਿੰਘ ਅੰਮਰਿਤਸਰ ਗਏ ਤਾਂ ਉਹਨਾਂ ਦਾ ਸ਼ਾਹਾਨਾ ਸੁਆਗਤ ਹੋਇਆ। 2000 ਤੋਂ ਵੀ ਵੱਧ ਸਿੱਖਾਂ ਉਹਨਾਂ ਤੋਂ ਅੰਮਰਿਤ ਛੱਕਿਆ। ਇਸ ਤੋਂ ਮਾਝੇ ਦੇ ਸਿੱਖ ਸਰਦਾਰਾਂ ਅਤੇ ਧਾਰਮਕ ਨੇਤਾਵਾਂ ਨੂੰ ਆਪਣੀ ਚੌਧਰ ਖਤਰੇ ਵਿਚ ਦਿਸੀ।

ਉਪਰੋਕਤ ਸਭ ਮਰਜ਼ਾਂ ਦਾ ਇਲਾਜ ਉਹਨਾਂ ਨੂੰ ਇਕ ਕੇਂਦਰੀ ਜਥੇਬੰਦੀ ਕਾਇਮ ਕਰਨ ਵਿਚ ਦਿਸਿਆ। ਸ. ਠਾਕੁਰ ਸਿੰਘ ਸੰਧਾਵਾਲੀਆ ਅੱਗੇ ਲਗੇ। ਪਹਿਲੀ ਅਕਤੂਬਰ, 1873 ਈ. ਦੇ ਦਿਨ ਸਿੱਖ ਸਰਦਾਰ, ਗਰੰਥੀ, ਪੁਜਾਰੀ, ਗੁਰੂ ਬੰਸਾਂ ਦੇ ਮੁੱਖੀ, ਉਦਾਸੀ, ਨਿਰਮਲੇ ਆਦਿ ਇੱਕਠੇ ਹੋਏ ਅਤੇ ਸਿਰੀ ਗੁਰੂ ਸਿੰਘ ਸਭਾ ਦਾ ਗਠਨ ਕੀਤਾ ਗਿਆ।   ਕੁਝ ਮੁੱਢਲੀਆਂ ਕਾਰਵਾਈਆਂ ਕਰਨ ਪਿਛੋਂ ਸੰਸਥਾ ਦੀਆਂ ਸਰਗਰਮੀਆਂ ਠੰਡੀਆਂ ਪੈ ਗਈਆਂ। ਮੁੱਖ ਕਾਰਣ ਸ. ਠਾਕੁਰ ਸਿੰਘ ਦਾ ਵਿਦੇਸ਼ ਚਲਾ ਜਾਣਾ ਸੀ। ਉਹ ਮਹਾਰਾਜਾ ਦਲੀਪ ਸਿੰਘ ਦੀ ਰਾਜ ਬਹਾਲੀ ਲਈ ਯਤਨਸ਼ੀਲ ਸਨ ਅਤੇ ਇਹਨਾਂ ਸਰਗਰਮੀਆਂ ਵਿਚ ਹੀ ਉਹਨਾਂ ਦਾ ਬਾਕੀ ਜੀਵਨ ਬੀਤ ਗਿਆ।

ਦੋ ਨਵੰਬਰ, 1879 ਈਸਵੀ ਦੇ ਦਿਨ ਪਰੋਫੈਸਰ ਗੁਰਮੁਖ ਸਿੰਘ ਨੇ ਲਾਹੌਰ ਵਿਖੇ ਸਿੰਘ ਸਭਾ ਦੀ ਸਥਾਪਨਾ ਕੀਤੀ। ਉਹਨਾਂ ਦੀ ਇਸ ਕਾਰਵਾਈ ਨਾਲ ਸਿੰਘ ਸਭਾ ਲਹਿਰ ਵਿਚ ਨਵੀਂ ਜਾਨ ਫੂਕੀ ਗਈ। ਸਿੰਘ ਸਭਾ, ਅੰਮਰਿਤਸਰ ਨੇ ਵੀ ਉੱਦਮ ਕਰਨੇ ਸ਼ੁਰੂ ਕੀਤੇ ਦੋਵਾਂ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ: ਲਾਹੌਰ ਦੀ ਸਿੰਘ ਸਭਾ ਅੰਮਰਿਤਸਰ ਦੀ ਸਿੰਘ ਸਭਾ ਦੀ ਇਕਾਈ ਮੰਨੀ ਜਾਣ ਲਗੀ।

ਪਰੋ. ਗੁਰਮੁਖ ਸਿੰਘ ਦੇ ਯਤਨਾ ਸਦਕਾ ਅੰਗਰੇਜ਼ਾ ਅਧਿਕਾਰੀ ਵੀ ਸਿੰਘ ਸਭਾਵਾਂ ਨਾਲ ਜੁੱੜਣ ਲਗੇ। ਉਹਨਾਂ ਨੂੰ ਸਗੋਂ ਸਿੰਘ ਸਭਾਵਾਂ ਦਾ ਸਰਪ੍ਸਤ ਬਣਾਇਆ ਗਿਆ। ਬਾਬਾ ਖੇਮ ਸਿੰਘ ਬੇਦੀ, ਸਰਦਾਰ ਮਾਨ ਸਿੰਘ ਅਤੇ ਸ. ਭਗਵਾਨ ਸਿੰਘ ਦੇ ਹੱਥੀ ਉਹਨਾਂ ਨੂੰ ਐਡਰੈਸ (ਸਨਮਾਨ ਭਾਸ਼ਣ) ਦਿਤਾ ਗਿਆ। ਵੇਖਾ ਵੇਖੀ ਪੰਜਾਬ ਭਰ ਵਿਚ ਸਿੰਘ ਸਭਾਵਾਂ ਬਨਣ ਲਗੀਆਂ।

ਉਹਨਾਂ ਨੂੰ ਇਕ ਲੜੀ ਵਿਚ ਪਰੋਣ ਅਤੇ ਮੰਤਕੀ ਏਕਤਾ ਲਈ 1880 ਈਸਵੀ ਵਿਚ ਹੀ ਖਾਲਸਾ ਦੀਵਾਨ, ਅੰਮਰਿਤਸਰ ਦੀ ਸਥਾਪਨਾ ਕੀਤੀ ਗਈ। ਬਾਬਾ ਖੇਮ ਸਿੰਘ ਬੇਦੀ ਸੰਸਥਾ ਦੇ ਪ੍ਧਾਨ ਅਤੇ ਪਰੋ. ਗੁਰਮੁਖ ਸਿੰਘ ਇਸ ਦੇ ਸਕੱਤਰ ਬਣੇ।

ਸਿੱਖੀ ਨੂੰ ਪੇਸ਼ ਬਾਹਰੀ ਖਤਰੇ ਵਿਰੁੱਧ ਤਾਂ ਸਭ ਇਕ ਹੋ ਗਏ: ਦੋਖੀਆਂ ਦੀ ਗੁਰੂ ਸਾਹਿਬਾਨ ਵਿਰੁੱਧ ਕਥਨੀ ਕਰਨੀ ਦੀ ਨਿਖੇਧੀ ਹੋਣ ਲਗੀ। ਸਿੱਖ ਸੰਗਤ ਵਿਚ ਵੀ ਧਰਮ ਪ੍ਤੀ ਉਤਸ਼ਾਹ ਵੱਧਿਆ ਪਰ ਨੇਤਾਵਾਂ ਦੇ ਟਕਰਾਉਂਦੇ ਹਿੱਤ ਸਿੰਘ ਸਭਾ ਲਹਿਰ ਦੇ ਵਿਕਾਸ ਵਿਚ ਰੋੜਾ ਬਣ ਕੇ ਖੜੇ ਹੋ ਗਏ। ਅੰਮਰਿਤਸਰ ਦੀਵਾਨ ਦੇ ਪ੍ਧਾਨ ਬਾਬਾ ਖੇਮ ਸਿੰਘ ਬੇਦੀ ਆਪਣੇ ਗੁਰੂ ਡੰਮ ਨੂੰ ਬਰਕਰਾਰ ਰਖਣਾ ਚਾਹੁੰਦੇ ਸਨ। ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਅਤੇ ਹੋਰ ਕਈ ਸਰਦਾਰ ਉਹਨਾਂ ਦੇ ਪ੍ਭਾਵ ਹੇਠ ਸਨ। ਪਰੋ. ਗੁਰਮੁਖ ਸਿੰਘ ਗੁਰੂਡੰਮ ਨੂੰ ਮਨਮਤਿ ਸਮਝਦੇ ਸਨ ਅਤੇ ਇਸ ਨੂੰ ਖਤਮ ਕੀਤੇ ਬਿਨਾਂ ਸੁਧਾਰ ਨੂੰ ਅਸੰਭਵ ਮੰਨਦੇ ਸਨ। ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਕਪੂਰ ਅਤੇ ਭਾਈ ਮਈਆ ਸਿੰਘ ਸਰੇ ਪਰੋ. ਗੁਰਮੁਖ ਸਿੰਘ ਦੇ ਵਿਚਾਰਾਂ ਦੀ ਪਰੋੜਤਾ ਕਰਦੇ ਸਨ। ਇਹੀ  ਸਿੰਘ ਸਭਾ ਦੇ  ਸਰਗਰਮ ਵਰਕਰ ਸਨ। ਕੰਵਰ ਬਿਕਰਮ ਸਿੰਘ (ਕਪੂਰਥਲਾ) ਅਤੇ ਸਰ ਅਤਰ ਸਿੰਘ ਭਦੌੜ ਉਹਨਾਂ ਦੀ ਪਿੱਠ ਤੇ ਸਨ। ਇਸ ਤਰਾਂ ਵੇਖਣ ਨੂੰ ਤਾਂ ਸਿੰਘ ਸਭਾਵਾਂ ਦਾ ਕੰਮ ਚਲਦਾ ਰਿਹਾ ਪਰ ਅੰਦਰ ਖਾਤੇ ਸਾਜਿਸ਼ਾਂ ਚਲਦੀਆਂ ਰਹੀਆਂ। ਇਸ ਕਾਰਣ ਸਿੱਖ ਸੰਗਤਾਂ ਨੂੰ ਸੇਧ ਦੇਣ ਦੇ ਠੋਸ ਉਪਰਾਲੇ ਨਾ ਹੋ ਸਕੇ।

ਆਪਸ ਵਿਚਲੇ ਮੱਤਭੇਦ ਡੂੰਘੇ ਹੁੰਦੇ ਗਏ ਅਤੇ ਅੰਤ ਖੁੱਲ ਕੇ ਬਾਹਰ ਆ ਗਏ। ਅੰਮਰਿਤਸਰ ਦੀਵਾਨ ਦੀ ਪਹਿਲ ਉਤੇ ਗਿਆਨੀ ਦਿੱਤ ਸਿੰਘ ਅਤੇ ਪਰੋ. ਗੁਰਮੁਖ ਸਿੰਘ ਉਤੇ ਬਹੁਤ ਸਾਰੇ ਮੁੱਕਦਮੇ ਠੋਕ ਦਿਤੇ ਗਏ। ਇਹ ਦੋਵੇਂ ਸਿੱਖਾਂ ਵਿਚ ਜ਼ਾਤ-ਪਾਤ, ਊਚ-ਨੀਚ, ਦਾ ਵਿਰੋਧ ਕਰਦੇ ਸਨ, ਗੁਰਦੁਆਰਿਆਂ ਵਿਚੋਂ ਮੂਰਤੀਆਂ ਹਟਾਉਣੀਆਂ ਚਾਹੁੰਦੇ ਸਨ ਅਤੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਗੱਦੀਆਂ ਲਾਉਣ, ਮੱਥੇ ਟਿਕਾਉਣ ਅਤੇ ਭੇਟਾ ਕਬੂਲਣ ਨੂੰ ਮਨਮਤਿ ਖਿਆਲਦੇ ਸਨ। ਮਜਬੂਰ ਹੋ ਕੇ ਪਰੋ. ਗੁਰਮੁਖ ਸਿੰਘ ਅਤੇ ਸਾਥੀਆਂ ਨੂੰ ਖਾਲਸਾ ਦੀਵਾਨ, ਲਾਹੌਰ ਦਾ ਗਠਨ ਕਰਨਾ ਪਿਆਵਧੇਰੇ ਸਿੰਘ ਸਭਾਵਾਂ ਅੰਮਰਿਤਸਰ ਦੇ ਖਾਲਸਾ ਦੀਵਾਨ ਨਾਲੋਂ ਟੁੱਟ ਕੇ ਲਾਹੌਰ ਵਾਲੇ ਦੀਵਾਨ ਨਾਲ ਜੁੱੜ ਗਈਆਂ। ਲਾਹੌਰ ਦੀਵਾਨ ਕੋਲ ਸਰਗਰਮ ਵਰਕਰ ਵੀ ਵਧੇਰੇ ਸਨ। ਉਹਨਾਂ ਕੰਮ ਵੇਧੇਰੇ ਕੀਤਾ। ਇਸ ਲਈ ਉਹਨਾਂ ਦੀ ਆਮ ਸਿੱਖਾਂ  ਵਿਚ ਪੁੱਛ ਪ੍ਤੀਤ ਵਧੇਰੇ ਸੀ।

ਜਦੋਂ ਆਪਸੀ ਫੁੱਟ ਸਾਹਮਣੇ ਆਈ, ਉਸ ਸਮੇਂ ਤਕ  ਕਈ ਸਿੰਘ ਸਭਾਵਾਂ ਅਨੇਕਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਸਨ। ਅੰਮਰਿਤਸਰ ਵਿਚ ਸਿੰਘ ਸਭਾ ਦਾ ਸਕੂਲ ਅਤੇ ਖਰਾਇਤੀ ਹਸਪਾਤਲ ਖੁੱਲ ਚੁੱਕੇ ਸਨ। ਕਈ ਤਰਾਂ ਦੇ ਪਰੋਗਰਾਮ, ਗੁਰਪੁਰਬ ਮਨਾਏ ਜਾਣ ਲਗੇ ਅਤੇ ਗੁਰਮਤਿ ਸਾਹਿਤ ਛਾਪ ਕੇ ਵੰਡਿਆ ਜਾਂਦਾ। ਸਿੰਘ ਸਭਾ, ਸਿਆਲਕੋਟ ਨੇ ਵੀ ਇਕ ਸਕੂਲ ਖੋਲਿਆ। ਸਿੰਘ ਸਭਾ, ਸ਼ਿਮਲਾ ਨੇ ਇਕ ਧਰਮਸਾਲਾ ਬਣਾਈ। ਸਿੰਘ ਸਭਾ, ਫਰੀਦਕੋਟ ਨੇ ਵੀ ਧਰਮ ਉਪਦੇਸ਼, ਰਹਿਤ ਮਰਿਆਦਾ, ਅੰਮਰਿਤ ਪ੍ਚਾਰ ਅਤੇ ਅਨੀਤੀਆਂ ਵਿਰੁੱਧ ਪ੍ਚਾਰ ਵਿਚ ਵੱਧ ਚੜ ਕੇ ਹਿੱਸਾ ਲਿਆ। ਸਿੰਘ ਸਭਾ, ਲਾਹੌਰ ਦਾ ਕੰਮ ਸਭ ਤੋਂ ਵਧੇਰੇ  ਪ੍ਸੰਸਾਯੋਗ ਰਿਹਾ। ਉਸ ਨੇ ਸਕੂਲ ਖੋਲਿਆ, ਖਾਲਸਾ ਅਖਬਾਰ ਜਾਰੀ ਕੀਤਾ ਅਤੇ ਦੂਸਰੀਆਂ ਸਿੰਘ ਸਭਾਵਾਂ ਨਾਲ ਤਾਲਮੇਲ ਬਨਾਉਣ ਵਿਚ ਵਧੇਰੇ ਕੰਮ ਕੀਤਾ। ਇਸ ਦੇ ਨੇਤਾ ਦੂਰ-ਦੁਰੇਡੀਆਂ ਸਿੰਘ ਸਭਾਵਾਂ ਤਕ ਪਹੁੰਚਦੇ ਅਤੇ ਗੁਰਮਤਿ ਦਾ ਪ੍ਚਾਰ ਕਰਦੇ। ਸਿੰਘ ਸਭਾ, ਰਾਵਲਪਿੰਡੀ ਨੇ ਗੁਰਮਤਿ ਪ੍ਕਾਸ਼ ਰਸਾਲਾ ਛਾਪਣਾ ਸ਼ੁਰੂ ਕੀਤਾ।  

ਦੋਵਾਂ ਦੀਵਾਨਾਂ ਦੀ ਖਹਿ ਬਾਜ਼ੀ ਇਹਨਾਂ ਦੇ ਵੱਡੇ ਨੇਤਾਵਾਂ ਦੇ ਸਰੀਰ ਛੱਡਣ ਨਾਲ ਹੀ ਖਤਮ ਹੋਈ। 10 ਜੂਨ, 1896 ਨੂੰ ਸਰ ਅਤਰ ਸਿੰਘ ਚਲ ਵੱਸੇ। 8 ਅਗਸਤ, 1898 ਨੂੰ ਮਹਾਰਾਜਾ ਬਿਕਰਮ ਸਿੰਘ ਚਲਾਣਾ ਕਰ ਗਏ, ਏਸੇ ਸਾਲ ਪਰੋ. ਗੁਰਮੁਖ ਸਿੰਘ ਵੀ ਚਲ ਵਸੇ। 1901 ਈ. ਵਿਚ ਗਿਆਨੀ ਦਿੱਤ ਸਿੰਘ ਵੀ ਕੂਚ ਕਰ ਗਏ। ਪੈਦਾ ਹੋਏ ਖਲਾਅ ਨੂੰ ਚੀਫ਼ ਖਾਲਸਾ ਦੀਵਾਨ ਬਣਾ ਕੇ ਭਰਿਆ ਗਿਆ।

ਸਿੰਘ ਸਭਾਵਾਂ ਨੇ ਸੁਧਾਰਕ ਅਤੇ ਇਨਕਲਾਬੀ ਲਹਿਰਾਂ ਲਈ ਜ਼ਮੀਨ ਤਿਆਰ ਕਰਨ ਦਾ ਅਹਿਮ ਕੰਮ ਕੀਤਾ ਹੈ। ਜੇ ਸਿੰਘ ਲਹਿਰ ਨਾ ਚਲਦੀ ਤਾਂ ਸ਼ਾਇਦ ਗੁਰਦੁਆਰਾ ਪ੍ਬੰਧ ਸੁਧਾਰ (ਅਕਾਲੀ) ਲਹਿਰ ਦਾ ਸਰੂਪ ਅੱਲਗ ਹੁੰਦਾ, ਨਾ ਅਕਾਲੀ ਦਲ ਬਣਦਾ, ਨਾ ਹੀ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦਾ ਗਠਨ ਹੁੰਦਾ। ਸਿੰਘ ਸਭਾ ਲਹਿਰ ਨੇ ਨਾ ਕੇਵਲ ਚੇਤਨਾ ਪੈਦਾ ਕੀਤੀ ਸਗੋਂ ਭੱਵਿਖ ਲਈ ਬਹੁਤ ਸਾਰੀਆਂ ਲਹਿਰਾਂ ਲਈ ਆਧਾਰ ਬਣੀ।

  ਗੁਰੂ ਕਾਲ.

ਸਤਿਗੁਰੂ ਨਾਨਕ ਦੀ ਅਦੁੱਤੀ ਦੇਣ

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਵਿਚ ਜਨਮ ਲੈ ਕੇ ਵੱਡੇ ਤੱਪਸਵੀ ਵਾਲਾ ਜੀਵਨ ਜੀਵਿਆ: ਅਨਜਾਣੇ ਜੀਵਨ ਸੱਚ ਦੀ ਖੋਜ ਕੀਤੀ ਅਤੇ ਸਰਬ-ਵਿਆਪਕ
, ਕਰਨ ਕਰਾਵਨਹਾਰ ਦੀ ਰਚੀ ਸ੍ਰਿਸ਼ਟੀ ਨੂੰ ਉਸੇ ਦਾ ਸੰਦੇਸ਼ ਦੇਣ ਲਈ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਮੈਦਾਨਾਂ ਤੋਂ ਪਹਾੜਾਂ, ਰੇਗਿਸਤਾਨਾਂ ਦਾ ਸਫ਼ਰ ਕੀਤਾ। ਏਸੇ ਦੌਰਾਨ ਉਨ੍ਹਾਂ ਨੂੰ ਦੁਨਿਆਵੀ ਔਕੜਾਂ ਤੋਂ ਬੱਚਦੇ ਭਾਂਜਵਾਦੀ ਜੋਗੀ, ਤੀਰਥਾਂ ਉਤੇ ਪੱਥਰਾਂ ਦੀਆਂ ਆਰਤੀਆਂ ਉਤਾਰਦੇ ਭੇਖੀ, ਪਿਤਰਾਂ ਦੇ ਬਹਾਨੇ ਸੂਰਜ ਨੂੰ ਪਾਣੀ ਦਿੰਦੇ ਅਗਿਆਨੀ, ਪਰਉਪਕਾਰ ਦੇ ਬਹਾਨੇ ਯਾਤਰੂਆਂ ਨੂੰ ਲੁੱਟਦੇ ਸੱਜਣ ਠੱਗ, ਮਾਨਵ ਨੂੰ ਉਬਲਦੇ ਤੇਲ ਵਿਚ ਸੁੱਟਣ ਵਾਲੇ ਕੌੜੇ ਰਾਕਸ਼, ਕੁਦਰਤ ਦੀਆਂ ਅਨਮੋਲ ਦਾਤਾਂ (ਪਾਣੀ) ਉਤੇ ਆਪਣਾ ਨਿੱਜੀ ਹੱਕ ਜਮਾਈ ਵਲੀ ਕੰਧਾਰੀ, ਦੁਨੀਆਂ ਭਰ ਦੀ ਦੌਲਤ ਆਪਣੇ ਖਜ਼ਾਨੇ ਵਿਚ ਸਮੇਟੀ ਬੈਠੇ ਕਾਰੂੰ, ਰਾਜ ਸੱਤਾ ਲਈ ਖੂਨ ਦੀਆਂ ਨਦੀਆਂ ਵਹਾਉਣ ਵਾਲੇ ਬਾਬਰ, ਅੱਲਾ ਦੀ ਝੂਠੀ ਇਬਾਦਤ ਕਰਨ ਵਾਲੇ ਕਾਜ਼ੀ ਮੁੱਲਾਂ, ਪਰਾਏ ਹੱਕ ਉਤੇ ਪਲਣ ਵਾਲੇ ਮਲਕ ਭਾਗੋ ਅਤੇ ਹੱਡ ਭੰਨ ਕੇ ਕੰਮ ਕਰਨ ਵਾਲੇ ਪਰ ਦੋ ਜੂਨ ਰੋਟੀ ਤੋਂ ਆਤੁਰ ਲਾਲੋ, ਸਭ ਵੱਖ ਵੱਖ ਰੂਪਾਂ ਵਿਚ ਮਿਲੇ।ਮਰਦਾਨੇ ਦੀ ਰਬਾਬ ਦੀ ਵਿਸਮਾਦੀ ਗੂੰਜ ਵਿਚ ਸੰਗੀਤਮਈ ਰੱਬੀ ਬਾਣੀ ਨੇ ਸਭ ਦੀ ਜਗਿਆਸਾ ਸ਼ਾਂਤ ਕੀਤੀ, ਉਨ੍ਹਾਂ ਨੂੰ ਜੀਵਨ ਦਾ ਨਿਵੇਕਲਾ ਰਾਹ ਦਿਖਾਇਆ। ਹੱਕ, ਸੱਚ, ਨਿਆਂ ਉਤੇ ਆਧਾਰਤ ਬਰਾਬਰ ਦੇ ਹੱਕਾਂ ਅਤੇ ਫਰਜ਼ਾਂ ਵਾਲਾ ਮਨੁੱਖੀ ਸਮਾਜ ਸਿਰਜਦੀ ਮਨੁੱਖੀ ਜੀਵਨ ਸ਼ੈਲੀ ਗੁਰੂ ਨਾਨਕ ਦੀ ਮਾਨਵਤਾ ਨੂੰ ਅਦੁੱਤੀ ਦੇਣ ਹੈ।

ਗੁਰੂ ਨਾਨਕ ਮੱਧ-ਕਾਲ ਦੇ ਭਗਤਾਂ, ਸੰਤਾਂ ਵਾਗ ਅਧਿਆਤਮਵਾਦੀ ਹਨ: ਆਪਣੇ ਆਪ ਤੋਂ ਵਿਗਸੇ, ਇਕੋ ਇਕ ਸੱਚ ਦੇ ਪੈਰੋਕਾਰ ਹਨ; ਜੀਵਨ ਅਤੇ ਇਸ ਦੇ ਨਿਰਵਾਹ ਲਈ ਅਮੋਲਕ ਦਾਤਾਂ ਦੇਣ ਵਾਲੇ ਕਰਤਾਰ ਦੇ ਧੰਨਵਾਦ ਅਤੇ ਅਪਰੰਪਾਰ ਲੀਲਾ ਲਈ ਉਸ ਦਾ ਨਾਮ ਜੱਪਦੇ ਹਨ, ਦੂਸਰਿਆਂ ਨੂੰ ਜੱਪਣ ਦੀ ਪ੍ਰੇਰਨਾ ਦਿੰਦੇ ਹਨ ਪਰ ਉਨ੍ਹਾਂ ਦਾ ਕਰਤਾਰ ਕਿਧਰੇ ਦੂਰ, ਅਸਮਾਨਾਂ ਵਿਚ ਨਹੀਂ ਰਹਿੰਦਾ: ਉਹ ਸਰਬਵਿਆਪਕ ਹੈ, ਕਣ ਕਣ ਵਿਚ ਵੱਸਦਾ ਹੈ। ਉਸ ਦੇ ਦਰਸ਼ਨਾਂ ਲਈ ਮਨੱਖ ਨੂੰ ਘਰ ਛੱਡ ਸੰਨਿਆਸ ਲੈਣ, ਜੰਗਲਾਂ ਬੇਲਿਆਂ ਵਿਚ ਜਾਣ ਦੀ ਲੋੜ ਨਹੀਂ; ਭੁੱਖਾਂ ਕਟੱਣ, ਤਿਹਾਏ ਰਹਿਣ ਦੀ ਜ਼ਰੂਰਤ ਨਹੀਂ। ਉਹ ਫੋਕੇ ਕਰਮਕਾਂਡਾਂ ਨਾਲ ਰੀਝਦਾ ਨਹੀਂ, ਨਿਡਰ ਹੈ, ਨਿਰਵੈਰ ਵੀ ਹੈ। ਉਸ ਦੀ ਮੇਹਰ, ਕ੍ਰਿਪਾ ਲਈ ਸਭ ਤੋਂ ਪਹਿਲੀ ਲੋੜ ਸੱਚੇ, ਸੁੱਚੇ, ਧਾਰਮਿਕ ਆਚਰਣ ਦੀ ਹੈ:

ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ॥ (ਅੰਕ 62) 

ਸਮਾਜ ਹਿਤੈਸ਼ੀ ਆਚਰਣ ਕਰਦਿਆਂ ਹੀ ਧਰਮੀ ਮੱਨੁਖ ਵਾਹਿਗੁਰੂ ਦੇ ਹੁਕਮ ਦੀ ਪਛਾਣ ਕਰ ਸਕਦਾ ਹੈ ਜਿਸ ਅਨੁਸਾਰ ਪੂਰੀ ਸ਼੍ਰਿਸ਼ਟੀ ਚਲਦੀ ਹੈ। ਏਸੇ ਹੁਕਮ ਅੰਦਰ ਮਨੁੱਖ ਨੇ ਚਲਣਾ ਹੈ, ਹੁਕਮ ਨੂੰ ਆਤਮਸਾਤ ਕਰਨਾ ਹੈ ਕਿਉਂਕਿ ਇਹੀ ਸੁੱਖ, ਸ਼ਾਂਤੀ, ਮੁਕਤੀ ਦਾ ਮਾਰਗ ਹੈ:

ਕਿਵ ਸਚਿਆਰਾ ਹੋਇਐ ਕਿਵ ਕੂੜੈ ਤੁਟੈ ਪਾਲਿ॥

ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਅੰਕ 2)

ਉਹ ਮਨੁੱਖ ਨੂੰ ਗਿਆਨੀ, ਗੁਰਮੁਖ, ਸੱਚ ਆਚਾਰ ਦੀ ਪਾਲਣਾ ਕਰਨ ਵਾਲਾ ਬਨਣ ਲਈ ਕਹਿੰਦੇ ਹਨ। ਇਸ ਲਈ ਗੁਰਬਾਣੀ ਵਿਚ ਖਾਣ-ਪੀਣ, ਪਹਿਨਣ ਤੋਂ ਲੈ ਕੇ ਲੋਕ ਹਿਤਾਂ ਲਈ ਆਪਾ ਕੁਰਬਾਨ ਕਰਨ ਤਕ ਛੋਟੇ ਵੱਡੇ ਵੇਰਵੇ ਆਏ ਹਨ ਪਰ ਮੁੱਖ ਤੌਰ ਉਤੇ ਗੁਰੂ ਨਾਨਕ ਦੇਵ ਜੀ ਪੰਜ ਨਿਯਮ ਤਹਿ ਕਰਦੇ ਹਨ:

ਸਭ ਤੋਂ ਪਹਿਲਾ ਹੈ : ਨਾਮ ਜਪਣਾ।

ਨਾਮ ਜੱਪਣਾ ਅਕਾਲ ਪੁਰਖੁ, ਕਰਤਾਰ ਨੂੰ ਸਵਾਸ ਸਵਾਸ ਚੇਤੇ ਕਰਨ ਅਤੇ ਚੇਤੇ ਰਖਣ ਦੀ ਕਿਰਿਆ ਹੈ। ਇਸ ਦੀ ਕੀ ਲੋੜ ਹੈ? ਗੁਰੂ ਨਾਨਕ ਜੁਆਬ ਦਿੰਦੇ ਹਨ ਕਿ ਜਿਹੜਾ ਪ੍ਰਭੁ ਸਾਡੀ ਆਤਮਾ ਅਤੇ ਜਿੰਦ ਜਾਨ ਦਾ ਮਾਲਕ ਹੈ, ਜਿਸ ਨੇ ਜੀਵਨ ਦਿੰਤਾ ਹੈ, ਜੀਊਣ ਦੇ ਸਾਧਨ ਦਿਤੇ  ਹਨ, ਉਸ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ? ਉਸ ਬਿਨਾਂ ਤਾਂ ਬਸਤ੍ਰ, ਭੋਜਨ ਸਭ ਮਲੀਨ ਹਨ:

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥

ਤਿਸੁ ਵਿਣ ਸਭੁ ਅਪਵਿਤਰ ਹੈ ਜੇਤਾ ਪੇੈਨਣੁ ਖਾਣੁ॥ (ਅੰਕ: 16)

ਨਾਮ ਜੱਪਣ ਲਈ ਗੁਰਬਾਣੀ ਦਾ ਪਾਠ ਕਰਨ ਵਾਲਾ ਅਕਾਲ ਪੁਰਖ ਦੀ ਵਿਸ਼ਾਲਤਾ, ਵਿਵਿਧਤਾ ਪ੍ਰਤੀ ਸ਼ਰਧਾ ਨਾਲ ਆਪਣੀ ਨਿਰਮਾਣਤਾ ਦਾ ਕਾਇਲ ਹੁੰਦਾ ਹੈ। ਉਸ ਦੀ ਹਉਮੈ, ਜੋ ਸਾਡੀਆਂ ਬਹੁਤੀਆਂ ਸਮੱਸਿਆਵਾਂ ਦਾ ਕਾਰਣ ਹੈ, ਘੱਟਦੀ ਹੈ: ਮੱਨੁਖਤਾ ਨੂੰ ਚੈਨ ਮਿਲਦਾ ਹੈ।

ਦੂਸਰਾ ਨਿਯਮ ਹੈ: ਧਰਮ ਦੀ ਕਿਰਤ ਕਰੋ। ਮਿਹਨਤ ਨਾਲ ਹੱਕ ਦੀ ਕਮਾਈ ਕਰਨ ਨੂੰ ਗੁਰੂ ਨਾਨਕ ਧਰਮ ਦੀ ਕਿਰਤ ਕਹਿੰਦੇ ਹਨ। ਕਿਸਾਨੀ ਸਮਾਜ ਇਸ ਨੂੰ ਦਸਾਂ ਨਹੁੰਆਂ ਦੀ ਕਿਰਤ ਕਹਿੰਦਾ ਹੈ, ਇਹ ਮਿਹਨਤ ਕਿਸੇ ਵੀ ਸਮਾਜ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਸ਼ਰਤ ਹੇ ਪਰ ਸਮਾਜਕ ਸਰੋਕਾਰਾਂ ਤੋਂ ਵਿਰਵੇ, ਸਿਰਫ ਆਪਣੇ ਲਈ ਜੀਊਣ ਵਾਲੇ ਇਹ ਰਸਤਾ ਛੱਡ ਦੂਸਰਿਆਂ ਦੀ ਮਿਹਨਤ, ਕਮਾਈ ਵਿਚ ਹਿੱਸੇਦਾਰੀ ਦੇ ਰਸਤੇ ਲੱਭ ਲੈਂਦੇ ਹਨ। ਗੁਰੂ ਨਾਨਕ ਸਾਹਿਬ ਦੂਸਰੇ ਦੀ ਕਮਾਈ ਉਤੇ ਪਲਣ ਵਾਲਿਆਂ, ਹੱਕ ਮਾਰਨ ਵਾਲਿਆਂ ਨੂੰ ਗਊ, ਸੂਰ ਖਾਣ ਵਾਲੇ ਮੰਨਦੇ ਹਨ। ਜਿਹੜੇ ਅਜਿਹਾ ਕਰਦੇ ਹਨ, ਉਹ ਪੀਣੇ ਹਨ- ਆਦਮਖੋਰ! ਗੁਰੂ ਜੀ ਦੀ ਦਲੀਲ ਹੇੈ ਕਪੜਿਆਂ ਨੂੰ ਲਹੂ ਲਗ ਜਾਵੇ ਤਾਂ ਉਨ੍ਹਾਂ ਨੂੰ ਗੰਦਾ ਮੰਨ ਲਿਆ ਜਾਂਦਾ ਹੈ। ਫ਼ੇਰ ਮਨੱਖੀ ਖੂਨ ਪੀਣ ਵਾਲਿਆਂ ਦਾ ਮਨ ਕਿਵੇਂ ਸਾਫ਼ ਸੁੱਥਰਾ, ਪੱਵਿਤਰ ਰਹਿ ਸਕਦਾ ਹੈ?

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥

ਜੋ ਰਤੁ ਪੀਵਹਿ ਮਾਣਸਾ ਤਿਨਿ ਕਿਉ ਨਿਰਮਲ ਚੀਤੁ॥(ਅੰਕ 140)

ਧਰਮ ਦੀ ਕਿਰਤ ਨਾਲ ਮੱਨੁਖੀ ਵਿਕਾਸ ਨੂੰ ਗਤੀ ਮਿਲਦੀ ਹੈ, ਮੱਨੁਖ ਅੰਦਰ ਸਵੈਮਾਣ, ਵਿਸ਼ਵਾਸ਼ ਜਾਗਦਾ ਹੈ, ਆਪਸ ਵਿਚ ਮਿਲ ਕੇ ਰਹਿਣ ਦੀ ਭਾਵਨਾ ਨੂੰ ਬੱਲ ਮਿਲਦਾ ਹੈ।

ਤੀਸਰਾ ਨਿਯਮ ਧਰਮ ਦੀ ਕਿਰਤ ਨੂੰ ਲੋੜਵੰਦਾਂ ਨਾਲ ਵੰਡ ਦੇ ਛੱਕਣ ਦਾ ਹੈ।

ਗੁਰੂ ਨਾਨਕ ਦੇਵ ਜੀ ਦਸਦੇ ਹਨ ਕਿ ਮਿਹਨਤ ਨਲ, ਘਾਲਣਾ ਘਾਲ ਕੇ ਕੀਤੀ ਗਈ ਕਮਾਈ ਲੋੜਵੰਦਾਂ ਨਾਲ ਵੰਡ ਕੇ ਖਾਣ ਵਾਲਾ ਹੀ ਧਰਮ ਦਾ ਰਾਹ ਪਛਾਣਦਾ ਹੈ:

ਘਾਲਿ ਖਾਇ ਕਿਛੁ ਹਥਹੁ ਦੇਹਿ॥

ਨਾਨਕ ਰਾਹੁ ਪਛਾਣਹਿ ਸੇਇ॥ (ਅੰਕ 1245)

ਵੰਡ ਕੇ ਛੱਕਣ ਦੀ ਭਾਵਨਾ 'ਮੇਰਾ', 'ਮੈਂ, ਦੀ ਹਉਮੈਵਾਦੀ ਬਿਰਤੀ ਨੂੁੰ ਢਾਹ ਲਾਉਂਦੀ ਹੈ, ਸਮਾਜਿਕ ਭਾਵਨਾਵਾਂ ਵਿਕਸਿਤ ਕਰਦੀ ਹੈ। ਅਭਾਵ ਰਹਿਤ ਸਮਾਜ ਦੀ ਸਿਰਜਨਾ ਵਲ ਇਹ ਭਾਵਨਾ ਵੱਡਾ ਕਦਮ ਹੈ।

ਚੌਥਾ ਸਿਧਾਂਤ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਖ ਰਹਿਣ ਦਾ ਹੈ।

ਜੋ ਕੁਝ ਮੱਨੁਖ ਕੋਲ ਹੈ: ਧਨ, ਦੋਲਤ, ਔਲਾਦ, ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ। ਇਸ ਲਈ ਉਸੇ ਦਾ ਹੈ। ਆਦਮੀ ਦਾ ਆਪਣਾ ਕੁਝ ਵੀ ਨਹੀਂ ਪਰ ਉਹ 'ਮੇਰਾ' 'ਮੇਰਾ' ਦੀ ਰੱਟ ਲਾਈ ਰਖਦਾ ਹੈ। ਦੇਣ ਵਾਲਾ ਮਿਹਰਬਾਨ ਹੋ ਕੇ ਕਿੰਨਾ ਵੀ ਦੇਈ ਜਾਵੇ, ਹੰਦਾ ਉਸੇ ਦਾ ਹੈ। ਦਿਤੇ ਨੂੰ ਉਹ ਵਾਪਸ ਵੀ ਲੈਣ ਦਾ ਹੱਕਦਾਰ ਹੈ। ਗੁਰੂ ਨਾਨਕ ਦਾ ਫ਼ਰਮਾਨ ਹੈ:

ਰਹੈ ਅਤੀਤੁ, ਜਾਣੈ ਸਭੁ ਤਿਸ ਕਾ॥

ਤਨ ਮਨ ਅਰਪੈ ਹੈ ਇਹੁ ਜਿਸ ਕਾ॥ (ਅੰਕ 832)

ਸਿੱਖ ਸੰਗਤਾਂ ਵਿਚ ਕਬੀਰ ਜੀ ਦਾ ਸ਼ਲੋਕ ਬਹੁਤ ਪ੍ਰਚਲਤ ਹੈ:

ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ॥

ਤੇਰਾ ਤੁਝ ਕਉ ਸਉਪਤੇ ਕਿਆ ਲਾਗੇਂ ਮੇਰਾ॥ (ਅੰਕ: 1375)

ਨਿਰਲੇਪਤਾ ਉੱਚੀ ਮਾਨਸਿਕ ਅੱਵਸਥਾ ਨੂੰ ਜਨਮ ਦਿੰਦੀ ਹੈ, ਅਹੰ ਨੂੰ ਮਾਰਦੀ ਹੈ।

ਪੰਜਵਾ ਨਿਯਮ ਭਾਣਾ ਮੰਨਣ ਦਾ ਹੈ।

ਗੁਰਬਾਣੀ ਦਾ ਸੰਦੇਸ਼ ਹੈ ਕਿ ਗੁਰਮੁਖ ਬਣ ਕੇ ਅਗਿਆਨਤਾ ਦਾ ਨਾਸ ਕਰੋ, ਗਿਆਨੀ ਬਣੋ। ਕਾਦਰ ਦੇ ਨਿਯਮਾਂ ਸਮਝੋ, ਉਸ ਅਨੁਸਾਰ ਵਿਚਰੋ: ਸੁੱਖ, ਸ਼ਾਤੀ, ਵਿਕਾਸ ਦਾ ਇਹੀ ਰਸਤਾ ਹੈ। ਮਿਹਨਤ ਕਰੋ, ਆਪਣੀ ਪੂਰੀ ਸ਼ਕਤੀ ਨਾਲ ਮਿਹਨਤ ਕਰੋ ਪਰ ਨਤੀਜਾ ਚੋ ਵੀ ਨਿਕਲੇ, ਚੰਗਾ ਜਾਂ ਮਾੜਾ, ਉਸ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਖਿੜੇ ਮੱਥੇ ਸਵੀਕਾਰ ਕਰ ਲਉ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੇੈ ਕਿ ਭਾਣਾ ਮੰਨਣ ਵਿਚ ਹੀ ਮੱਨੁਖ ਦੀ ਭਲਾਈ ਹੈ, ਦਖਲ ਦੇਣ ਵਾਲਾ ਤਾਂ ਮੂਰਖ ਹੁੰਦਾ ਹੈ:

ਜੇਵਡ ਭਾਵੈ ਤੇਵਡੁ ਹੋਇ॥

ਨਾਨਕ ਜਾਣੈ ਸਾਚਾ ਸੋਇ॥ 

ਜੇ ਕੋ ਆਖੈ ਬੋਲ ਵਿਗਾੜ॥

ਤਾ ਲਿਖੀਐ ਸਿਰਿ ਗਵਾਰਾ ਗਵਾਰੁ॥ (ਅੰਕ 6)

ਇਸ ਤਰ੍ਹਾਂ ਗੁਰੂ ਨਾਨਕ ਦਾ ਅਧਿਆਤਮਵਾਦ ਧਰਮ ਨੂੰ ਮੱਨੁਖ ਅਤੇ ਉਸ ਦੀ ਬੇਹਤਰੀ ਲਈ ਉਤਮ ਸਮਾਜ ਸਿਰਜਨ ਲਈ ਵਰਤੋਂ ਵਿਚ ਲਿਆਉਂਦਾ ਹੈ। ਉਹ ਮੱਨੁਖਤਾ ਨੂੰ ਹੱਕ, ਸੱਚ, ਨਿਆਂ ਉਤੇ ਅਧਾਰਤ ਅਜਿਹਾ ਸਮਾਜ ਦੇਣਾ ਚਾਹੁੰਦੇ ਸਨ ਜਿਸ ਵਿਚ ਸਭ ਮੱਨੁਖ ਇਲਾਕੇ, ਲਿੰਗ, ਭਾਸ਼ਾ, ਜਾਤਪਾਤ, ਰੰਗ ਆਦਿ ਦੇ ਭੇਦ-ਭਾਵ ਤੋਂ ਦੂਰ,ਬਰਾਬਰ ਹੋਣ, ਸੁੱਖੀ ਸੰਤੁਸ਼ਟ ਜੀਵਨ ਬਿਤਾਉਣ। ਗੁਰੂ ਜੀ ਹਲੇਮੀ ਰਾਜ ਦੀ ਰਚਨਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਮੱਨੁਖ ਨੂੰ ਉੱਤਮ, ਨਿਵੇਕਲੀ, ਅਦੁਤੀ ਜੀਵਨ ਸ਼ੈਲੀ ਦੀ ਬਖਸ਼ਿਸ਼ ਕਰਦੇ ਹਨ।