rozanajanchetna@gmail.com06112020

rozanajanchetna@gmail.com

ਰੋਜਾਨਾ ਜਨਚੇਤਨਾ 

ਸਾਲ:11, ਅੰਕ:64, ਸ਼ੁਕਰਵਾਰ,06 ਨਵੰਬਰ 2020.

  ਅੱਜ ਦਾ ਵਿਚਾਰ .

ਬ੍ਰਹਿਮੰਡ ਨੂੰ ਬਨਾਉਣ ਅਤੇ ਚਲਾਉਣ ਵਾਲੀ ਇਹ ਸ਼ਕਤੀ ਸਥਿਰ ਹੈ, ਸੱਚ ਹੈ। ਬਕੌਲ ਨਿਊਟਨ ਇਸ (ਸ਼ਕਤੀ) ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਹ ਖਤਮ ਹੁੰਦੀ ਹੈ। ਇਸ ਦਾ ਸਿਰਫ ਰੂਪ ਬਦਲਦਾ ਹੈ। ਕਿਉਂ ਕਿ ਹਰ ਦਿਸਦੀ, ਅਣਦਿਸਦੀ ਵਸਤ ਭਾਗਾਂ ਵਿਚ ਵੰਡੀ ਜਾ ਸਕਦੀ ਹੈ, ਇਸ ਲਈ ਸ਼ਕਤੀ ਸਰਬਵਿਆਪਕ ਹੈ, ਜੀਵ-ਨਿਰਜੀਵ ਸਭ ਵਿਚ ਇਸ ਦਾ ਵਾਸਾ ਹੈ। ਇਹ ਸਰਬ ਸ਼ਕਤੀਮਾਨ ਹੈ ਕਿਉਂ ਕਿ ਕੋਈ ਵੀ ਕਾਰਜ ਇਸੇ ਦੁਆਰਾ ਹੁੰਦਾ ਹੈ। ਇਸ ਦੇ ਪਰਾਕਰਮ ਬਿਨਾ ਪੱਤਾ ਤਕ ਨਹੀਂ ਹਿੱਲ ਸਕਦਾ ਅਤੇ ਮਿੰਟਾਂ ਸਕਿੰਟਾਂ ਵਿਚ ਇਹ ਪਰਲੋ ਲਿਆ ਸਕਦੀ ਹੈ, ਕਈ ਵਾਰ ਲਿਆ ਚੁੱਕੀ ਹੈ। ਇਹ ਬੇਅੰਤ ਵੀ ਹੈ ਅਤੇ ਅਨੰਤ ਵੀ ਪਰ ਇਹ ਨਿਯਮਾਂ ਵਿਚ ਬੱਝੀ ਹੋਈ ਹੈ। ਖੁਦ ਵੀ ਨਿਯਮਾਂ ਵਿਚ ਬੱਝੀ ਹੋਈ ਹੈ, ਨਿਯਮਾਂ ਵਿਚ ਹੀ ਵਿਚਰਦੀ ਹੈ ਅਤੇ ਦੂਸਰਿਆਂ ਨੂੰ ਵੀ ਨਿਯਮਬੱਧ ਰਖਦੀ ਹੈ। ਇਸੇ ਲਈ ਨਿਰਭਉ ਹੈ, ਕਿਸੇ ਤੋਂ ਡਰਦੀ ਨਹੀਂ, ਨਾ ਕਿਸੇ ਦਾ ਲਿਹਾਜ ਕਰਦੀ ਹੈ। ਨਿਯਮਾਂ ਵਿਚ ਰਹਿਣ ਕਾਰ ਹੀ ਇਹ ਨਿਰਵੈਰ ਹੈ, ਕਿਸੇ ਦੀ ਵੀ ਦੁਸਮਣ ਨਹੀਂ। ਇਸ ਨੂੰ ਖੁਸ਼ ਕਰਨ, ਇਸ ਤੋਂ ਮਨਚਾਹਿਆ ਕੰਮ ਲੈਣ ਲਈ ਸਿਰਫ ਨਿਯਮਾਂ ਨੂੰ ਸਮਝ ਕੇ ਇਸ ਦੇ ਪਾਲਣ ਕਰਨ ਦੀ ਲੋੜ ਹੈ। ਇਹੀ ਇਸ ਦੀ ਪੂਜਾ ਹੈ, ਇਸ ਪ੍ਰਤੀ ਸਮਰਪਨ ਹੈ, ਇਸ ਨੂੰ ਖੁਸ਼ ਕਰਨ ਦਾ, ਬਖਸ਼ਿਸ਼ ਪਰਾਪਤ ਕਰਨ ਦਾ ਤਰੀਕਾ ਹੈ। ਇਸ ਨੂੰ ਤਪੱਸਿਆ ਕਰਨਾ ਵੀ ਕਿਹਾ ਜਾ ਸਕਦਾ ਹੈ।

  ਪੰਜਾਬ ਦਾ ਇਤਿਹਾਸ-201 .

ਮਾਸਟਰ ਤਾਰਾ ਸਿੰਘ ਦੀ ਗਰਿਫਤਾਰੀ ਪਿਛੋਂ ਪੰਜਾਬੀ ਸੂਬਾ ਮੋਰਚਾ ਇਸ ਦੇ ਡਿਕਟੇਟਰ ਸੰਤ ਫਤਹਿ ਸਿੰਘ ਨੇ ਸੰਭਾਲ ਲਿਆ। ਉਹਨਾਂ ਦੇ ਦਰਿਸ਼ਟੀਕੋਣ ਅਨੁਸਾਰ ਪੰਜਾਬੀ ਸੂਬਾ ਨਿਰੋਲ ਬੋਲੀ ਦੇ ਆਧਾਰ ਉਤੇ ਬਨਣ ਵਾਲਾ ਸੂਬਾ ਸੀਂ। ਉਹਨਾਂ  ਕਿਹਾ ਕਿ ਅਸੀਂ  ਸਿੱਖ ਬਹੁਸੰਮਤੀ ਵਾਲਾ ਖੇਤਰ ਨਹੀਂ ਮੰਗਦੇ। ਅਸੀਂ ਪੰਜਾਬ ਦਾ ਅਜਿਹਾ ਸੂਬਾ ਚਾਹੁੰਦੇ ਹਾਂ ਜਿਸ ਵਿਚ  ਪੰਜਾਬੀ ਬੋਲਣ ਵਾਲਾ ਸਾਰਾ ਖੇਤਰ ਸ਼ਾਮਿਲ ਹੋਵੇ ਭਾਵੇਂ ਉਸ ਵਿਚ ਸਿੱਖ ਘੱਟ ਗਿਣਤੀ ਵਿਚ ਕਿਉਂ ਨਾ ਹੋਣ। ਉਹਨਾਂ ਨੇ ਲੋਕਰਾਜੀ ਅਤੇ ਧਰਮ ਨਿਰਪੱਖਤਾ ਦੇ ਆਧਾਰ ਉਤੇ ਕੀਤੀ ਜਾਂਦੀ ਮੰਗ ਨੂੰ ਪ੍ਰਵਾਣ ਨਾ ਕਿਤੇ ਜਾਣ ਵਿਰੁਧ ਮਰਨ ਵਰਤ ਰੱਖਣ ਦਾ ਐਲਾਣ ਕੀਤਾ ਅਤੇ 18 ਦਸੰਬਰ, 1960 ਦੇ ਦਿਨ ਮੰਜੀ ਸਾਹਿਬ, ਅੰਮਰਿਤਸਰ ਵਿਖੇ ਮਰਨ ਵਰਤ ਰੱਖ ਲਿਆ। 

ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਤ ਜੀ ਨੂੰ ਵਰਤ ਛੱਡ ਦੇਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਪੰਜਾਬੀ ਨੂੰ ਉਹ ਪੰਜਾਬ ਦੀ ਪ੍ਰਮੁੱਖ ਭਾਸ਼ਾਂ ਮੰਨਦੇ ਹਨ ਅਤੇ ਇਸ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਪਰ ਸੰਤ ਫਤਹਿ ਸਿੰਘ ਪੰਜਾਬੀ ਸੂਬੇ ਤੋਂ ਘੱਟ ਕਿਸੇ ਮਾਮਲੇ ਉਤੇ ਸਹਿਮਤ ਨਹੀਂ ਹੋਏ। ਸਰਕਾਰ ਨੇ ਸੰਤ ਜੀ ਦੀ ਜਾਨ ਬਚਾਉਣ ਲਈ ਮਾਸਟਰ ਤਾਰਾ ਸਿੰਘ ਨੂੰ ਧਰਮਸਾਲਾ ਜੇਲ ਤੋਂ ਰਿਹਾ ਕਰ ਦਿਤਾ। ਉਹਨਾਂ ਨੂੰ ਸਰਕਾਰ ਨਾਲ ਗਲਬਾਤ ਕਰਨ ਲਈ ਕਿਹਾ ਗਿਆ। ਮਾਸਟਰ ਜੀ ਨੇ ਪੰਡਤ ਨਹਿਰੂ ਨਾਲ ਗੱਲਬਾਤ ਕੀਤੀ ਅਤੇ ਸੰਤ ਜੀ ਨੂੰ ਮਰਨ ਵਰਤ ਛੱਡ ਦੇਣ ਲਈ ਕਿਹਾ। 9 ਜਨਵਰੀ, 1961 ਦੇ ਦਿਨ ਮਰਨ ਵਰਤ ਖਤਮ ਕਰ ਦਿਤਾ ਗਿਆਂ ਅਤੇ ਮੋਰਚਾ ਵੀ ਵਾਪਿਸ ਲੈ ਲਿਆ ਗਿਆ। 

  ਸਿੱਖ ਇਤਿਹਾਸ ਵਿਚ ਅੱਜ.

ਛੇ ਨਵੰਬਰ

ਅੱਜ ਦੀਆਂ ਵਿਸ਼ੇਸ ਘਟਨਾਵਾਂ:

= ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭਨਾ (1573 ਈ:)

= ਸ੍ਰੀ ਤਰਨਤਾਰਨ ਸਾਹਿਬ ਵਿਖੇ ਪਹਿਲੇ ਸਿੱਖ ਮਿਸ਼ਨਰੀ ਸਕੂਲ ਦਾ ਖੁਲਣਾ (1908 ਈ:)

ਅੰਮ੍ਰਿਤ ਸਰੋਵਰ ਦੀ ਪਹਿਲੀ ਕਾਰ ਸੇਵਾ

ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ''ਗੁਰੂ ਕਾ ਚੱਕ" ਵਜੋਂ ਜੂਨ, 1570 ਈ: ਵਿਚ ਸ਼ੁਰੂ ਹੋਈ। ਥੋੜੇ ਜਿਹੇ ਮਕਾਨ ਬਣੇ ਸਨ ਅਤੇ ਸੰਤੋਖ ਸਰ ਸਰੋਵਰ ਦੀ ਖੁਦਾਈ ਅਜੇ ਚਲ ਹੀ ਰਹੀ ਸੀ ਕਿ ਗੁਰੂ ਅਮਰਦਾਸ ਜੀ ਦੀ ਸਿਹਤ ਢਿੱਲੀ ਹੋਣ ਦੀਆਂ ਖ਼ਬਰਾਂ ਪਹੁੰਚਣ ਲਗੀਆਂ। ਭਾਈ ਜੇਠਾ ਜੀ, ਜਿੰਨ੍ਹਾਂ ਨੂੰ ਸ਼ਹਿਰ ਵਸਾਉਣ ਦੀ ਸੇਵਾ ਦਿੱਤੀ ਗਈ ਸੀ, ਸ੍ਰੀ ਗੋਇੰਦਵਾਲ ਸਾਹਿਬ ਮੁੜ ਗਏ। ਉਨ੍ਹਾਂ ਦੇ ਗੋਇੰਦਵਾਲ ਵਿਖੇ ਪ੍ਰਵਾਸ ਸਮੇਂ ਗੁਰੂ ਅਮਰਦਾਸ ਨੇ ਹਦਾਇਤ ਕੀਤੀ ਕਿ ਗੁਰੂ ਕੇ ਮਹਿਲਾਂ ਤੋਂ ਪੂਰਬ ਵਲ, ਸੰਘਣੀਆਂ ਬੇਰੀਆਂ ਦੇ ਵਿਚਾਲੇ ਨੀਵੀਂ ਥਾਂ ਇਕ ਛੱਪੜੀ ਹੈ ਜਿਥੇ ਬਾਰਾਂ ਮਹੀਨੇ ਪਾਣੀ ਜਮਾਂ ਰਹਿੰਦਾ ਹੈ। ਉਥੇ ਸਰੋਵਰ ਤਿਆਰ ਕਰਵਾਇਆ ਜਾਵੇ।ਭਾਈ ਜੇਠਾ ਜੀ ਅੰਮ੍ਰਿਤਸਰ ਵਾਪਸ ਆਏ ਤਾਂ ਬੇਰੀਆਂ ਦੇ ਸੰਘਣੇ ਦਰਖਤਾਂ ਵਿਚ ਮੌਜੂਦ ਛੱਪੜੀ ਦੀ ਨਿਸ਼ਾਨਦੇਹੀ ਕੀਤੀ ਅਤੇ ਛੇ ਨਵੰਬਰ, 1573 ਈ: ਦੇ ਦਿਨ ਇਸ ਦੀ ਕਾਰ ਸੇਵਾ ਸ਼ੁਰੂ ਕਰਵਾਈ। 

ਇਸ ਨੂੱ ਕਾਰ ਸੇਵਾ ਦਾ ਨਾਂ ਇਸ ਲਈ ਦਿਤਾ ਗਿਆ ਹੈ ਕਿਉਂ ਕਿ ਛੱਪੜੀ ਦੇ ਰੂਪ ਵਿਚ ਜਲ ਤਾਂ ਇਥੇ ਪਹਿਲਾਂ ਹੀ ਮੌਜੂਦ ਸੀ।ਇਸ ਛੱਪੜੀ ਨਾਲ ਸਬੰਧਤ ਬਹੁਤ ਸਾਰੀਆਂ ਇਤਿਹਾਸਕ ਅਤੇ ਮਿਥਿਹਾਸਕ ਕਥਾਵਾਂ ਪ੍ਰਚਲਤ ਸਨ। ਉਂਝ ਅੰਮ੍ਰਿਤ ਸਰੋਵਰ ਦੀ ਖੁਦਾਈ ਦੀਆਂ ਮਿਤੀਆਂ ਸਬੰਧੀ ਇਤਿਹਾਸਕਾਰਾਂ ਵਿਚ ਮਤਭੇਦ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਵਧੇਰੇ ਕਿਤਾਬਾਂ ਵਿਚ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਨ ਦਾ ਸੰਨ 1577 ਈ: (ਬਿਕ੍ਰਮੀ ਸੰਮਤ 1634) ਦਿਤਾ ਗਿਆ ਹੈ। ਕਿਹਾ ਗਿਆ ਹੈ ਕਿ ਪਹਿਲਾਂ ਸੰਤੋਖਸਰ ਦੀ ਖੁਦਾਈ ਸ਼ੂਰੂ ਹੋਈ( ਈਸਵੀ 1569, ਬਿਕ੍ਰਮੀ ਸੰਮਤ 1627), ਫਿਰ ਸ਼ਹਿਰ ਵਸਾਇਆ ਗਿਆ(ਈਸਵੀ 1573, ਬਿਕ੍ਰਮੀ ਸੰਮਤ 1631), ਫਿਰ ਅੰਮ੍ਰਿਤ ਸਰੋਵਰ ਦੀ ੳਸਾਰੀ ਹੋਈ। ਇਹ ਉਸਾਰੀ ਭਾਈ ਜੇਠਾ ਜੀ ਗੁਰੂ ਰਾਮਦਾਸ ਬਨਣ ਪਿਛੋਂ ਸ਼ੁਰੂ ਕਰਵਾਈ।ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਲਈ ਬਹੁਤ ਸਾਰੇ ਸ਼ਰਧਾਲੂ''ਗੁਰੂ ਕਾ ਚੱਕ" ਵਿਖੇ ਪਹੁੰਚੇ। ਕੁਝ ਮਜ਼ਦੂਰ ਵੀ ਲਾਏ ਗਏ। ਕਈ ਮਹੀਨੇ (ਸ਼ਾਇਦ ਵਰ੍ਹੇ ਵੀ) ਪਵਿੱਤਰ ਸੇਵਾ ਦਾ ਕਾਰਜ ਚਲਦਾ ਰਿਹਾ। 500 ਫੁੱਟ ਲੰਬਾ, 490 ਫੁੱਟ ਚੌੜਾ ਅਤੇ 17 ਫੁੱਟ ਡੂੰਘਾ ਸਰੋਵਰ ਤਿਆਰ ਹੋਇਆ।ਇਸ ਨੂੰ ਪੱਕਾ ਕਰਵਾਉਣ ਅਤੇ ਪੋੜਾਂ ਆਦਿ ਬਨਵਾਉਣ ਦਾ ਕੰਮ ਪੰਜਵੇਂ ਪਾ਼ਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੀਤਾ।ਸਰੋਵਰ ਦਾ ਨਾਮ ਗੁਰੂ ਅਮਰਦਾਸ ਜੀ ਦੇ ਨਾਂ ਤੇ ''ਅਮਰਸਰ" ਰਖਿਆ ਗਿਆ ਜੋ ਪਿਛੋਂ ਅੰਮ੍ਰਿਤਸਰ ਹੋ ਗਿਆ।ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿਚ ਸਰੋਵਰ ਦਾ ਨਾਮ ਅੰਮ੍ਰਿਤਸਰ ਹੀ ਵਰਤਿਆ ਹੈ (ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 40,234,305,493,732,981)ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿਚ ਇਸ ਦਾ ਨਾਂ ਰਾਮਦਾਸ ਸਰੋਵਰ ਜਾਂ ਰਾਮਦਾਸ ਸਰ ਵਰਤਿਆ ਹੈ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਕ 623,625,1362) 

ਨਾਂ ਕੁਝ ਵੀ ਮੰਨ ਲਈਏ, ਅੰਮ੍ਰਿਤ ਸਰੋਵਰ ਤੋ ਸਿੱਖ ਸ਼ਕਤੀ ਪ੍ਰਾਪਤ ਕਰਦੇ ਰਹੇ।ਇਸੇ ਸ਼ਕਤੀ ਨੇ ਪੰਜਾਬ ਦਾ ਇਤਿਹਾਸ ਬਦਲ ਦਿਤਾ। ਸਥਾਪਤੀ ਪੱਖੀ ਸ਼ਕਤੀਆਂ ਨੇ ਇਸ ਅਮਲ ਨੂੰ ਰੋਕਣ ਲਈ ਦੋ ਵਾਰ ਸਰੋਵਰ ਨੂੰ ਪੂਰਿਆ ਵੀ,ਇਸ ਦੇ ਕੇਂਦਰ ਵਿਚ ਬਣੀ ਹਰਿਮੰਦਰ ਦੀ ਭਵਨਸਾਜੀ ਨੂੰ ਵੀ ਡੇਗਿਆ ਪਰ ਤਬਦੀਲੀ ਨੂੰ ਉਹ ਰੋਕ ਨਹੀਂ ਸਕੇ। ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਸਤਿਗੁਰ ਨਾਨਕ ਦੇਵ ਜੀ ਉਦਾਸੀ ਬਣ ਪੂਰੇ ਏਸ਼ੀਆ ਵਿਚ ਗਏ। ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ। ਗੁਰੂ ਅਰਜਨ ਦੇਵ ਜੀ ਨੇ ਮਸੰਦ ਬਣਾਏ।ਗੁਰੂ ਤੇਗ ਬਹਾਦਰ ਜੀ ਨੇ ਲੰਬੀਆਂ ਯਾਤਰਾਵਾ ਕੀਤੀਆਂ। ਸਿੱਖੀ ਦੀ ਜੋਤ ਨੇ ਦੂਰ-ਦੂਰ ਤਕ ਮਨੁੱਖਤਾ ਨੂੰ ਰੋਸ਼ਨ ਰਾਹ ਦਿਖਾਇਆ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਪ੍ਰਚਾਰ-ਪ੍ਰਸਾਰ ਦਾ ਸਿਲਸਿਲਾ ਰੁਕ ਗਿਆ। 18ਵੀਂ ਸਦੀ ਵਿਚ ਤਾਂ ਸਿੱਖ ਹੋਣਾ ਅਤੇ ਸਿੱਖੀ ਧਾਰਨ ਕਰਨਾ ਵੱਡਾ ਜੁਰਮ ਸੀ। ਗੁਰਦੁਆਰੇ ਢਾਹੇ ਗਏ, ਸਰੋਵਰ ਪੂਰੇ ਗਏ। ਜੋ ਬਚ ਗਏ, ਉਨ੍ਹਾਂ ਉਤੇ ਅਣਮਤੀਆਂ ਨੇ ਕਬਜ਼ਾ ਕਰ ਲਿਆ ਅਤੇ ਗੁਰਮਤਿ ਨੂੰ ਆਪਣੇ ਰੰਗ ਵਿਚ ਰੰਗਣ ਦਾ ਯਤਨ ਕੀਤਾ। 

ਅੱਜ ਜਦ ਉਨੀਵੀਂ ਸਦੀ ਦੇ ਪਹਿਲੇ ਅੱਧ ਵਿਚ ਕਾਇਮ ਹੋਏ ਸਿੱਖ ਰਾਜ ਦੀਆਂ ਸਿੱਖ ਰੀਤਾਂ, ਪਰੰਪਰਾਵਾਂ, ਸੰਸਥਾਵਾਂ ਅਤੇ ਮਾਨਤਾਵਾਂ ਉਤੇ ਝਾਤੀ ਮਾਰਦੇ ਹਾਂ ਤਾਂ ਗੁਰਮਤਿ ਵਰਗਾ ਕੁਝ ਨਜਰ ਨਹੀਂ ਆਉਦਾ। ਗੁਰੂ ਸਾਹਿਬਾਨ ਨਾਲ ਸਾਖੀਆਂ ਜੋੜ ਕੇ, ਉਨ੍ਹਾਂ ਦੇ ਗੁਰਮਤਿ ਵਿਰੋਧੀ ਕਾਰਜਾਂ ਦਾ ਪ੍ਰਚਾਰ ਏਸ ਕਾਲ ਵਿਚ ਹੋਇਆ ਅਤੇ ਸਿੱਖ ਹਕੂਮਤ ਨੇ ਉਨ੍ਹਾਂ ਦੋਖੀਆਂ ਦੀ ਪ੍ਰਚਾਰ ਵਿਚ ਪੂਰੀ ਸਹਾਇਤਾ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਨੂੰ ਧੋਤੀਆਂ ਪਹਿਨੀ,ਟਿੱਕੇ ਲਾਈ,ਮੰਦਰਾਂ ਵਿਚ ਟੱਲ ਖੜਕਾਉਂਦੇ ਸਿੱਖ ਹੀ ਦਿਖਾਈ ਨਹੀਂ ਦਿੰਦੇ, ਸ਼ਾਤੀ ਦੀ ਰਸਮ ਵੀ ਸਮਾਜ ਵਿਚ ਥਾਂ ਬਨਾਉਂਦੀ ਜਾਪਦੀ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਕਹੀ ਰਾਣੀਆਂ,ਦਾਸੀਆਂ ਸਤੀ ਹੋਈਆਂ ਅਤੇ ਇਹ ਪਰੰਪਰਾ ਉਸ ਤੋਂ ਪਿਛੋਂ ਵੀ ਜਾਰੀ ਰਹੀ।

ਸਿੱਖਾਂ ਵਿਚ ਨਿਰੰਕਾਰੀਆਂ, ਨਾਮਧਾਰੀਆਂ ਨੇ ਗੁਰਮਤਿ ਦੀ ਜੋਤ ਨੂੰ ਮੁੜ ਰੌਸ਼ਨ ਕਰਨ ਦਾ ਯਤਨ ਕੀਤਾ ਪਰ ਦੋਖੀ ਪ੍ਰਚਾਰ ਏਨੀ ਡੂੰਘੀ ਜੜ ਫੜ ਚੁੱਕਾ ਸੀ ਕਿ ਅਸੀ ਉਨ੍ਹਾਂ ਨੂੰ ਸਿੱਖ ਮੰਨਣੋਂ ਹੀ ਇਨਕਾਰੀ ਰਹੇ। ਸਿੰਘ ਸਭਾ ਲਹਿਰ ਦੇ ਮੁੱਖ ਪ੍ਰਚਾਰਕ ਗਿਆਨੀ ਦਿੱਤ ਸਿੰਘ,ਪ੍ਰੋਫੈਸਰ ਗੁਰਮੁਖ ਸਿੰਘ ਗੁਰਮਤਿ ਵਿਰੋਧੀ ਖੇਮੇ ਵਿਚੋਂ ਹੀ ਨਿਕਲੇ ਸਨ। ਬੇਦੀ ਖੇਮ ਸਿੰਘ ਕਹਿਣ ਨੂੰ ਸਿੱਖਾਂ ਦੇ ਨੇਤਾ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੱਦੀਆਂ ਲਾ ਕੇ ਬਹਿੰਦੇ ਅਤੇ ਭੇਟਾ ਇੱਕਠੀ ਕਰਦੇ। ਉਨ੍ਹਾਂ ਦੀਆਂ ਮੂਰਤੀਆਂ ਤਕ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਥਾਪਤ ਸਨ। ਗੁਰਮਤਿ ਸਿਧਾਤਾਂ,ਪਰੰਪਰਾਵਾਂ,ਮਾਨਤਾਵਾਂ,ਸੰਸਥਾਵਾਂ ਨੂੰ ਆਪਣੀ ਮਰਜ਼ੀ ਨਾਲ ਤੋੜਣਾ ਮਰੋੜਣਾ ਜਾਰੀ ਰਿਹਾ ਅਤੇ ਹੁਣ ਤਕ ਇਹ ਪ੍ਰਕ੍ਰਿਆ ਥੋੜੇ ਬਹੁਤ ਅੰਤਰ ਨਾਲ ਜਾਰੀ ਹੈ।

1908 ਈਸਵੀ ਵਿਚ ਚੀਫ਼ ਖਾਲਸਾ ਦੀਵਾਨ ਨੇ ਮਹਿਸੂਸ ਕੀਤਾ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਤੇ ਜਾਣ ਦੀ ਲੋੜ ਹੈ। ਇਸੇ ਲੋੜ ਵਿਚੋਂ ਪਹਿਲਾ ਸਿੱਖ ਮਿਸ਼ਨਰੀ ਸਕੂਲ ਸਥਾਪਤ ਹੋਇਆ। ਇਹ ਸੰਸਥਾ ਖਾਲਸਾ ਪ੍ਰਚਾਰਕ ਵਿਦਿਆਲਾ ਕਰਕੇ ਜਾਣੀ ਗਈ ਅਤੇ ਇਸ ਨੂੰ ਅੰਮ੍ਰਿਤਸਰ ਜ਼ਿਲੇ ਦੇ ਤਰਨਤਾਰਨ ਕਸਬੇ ਵਿਚ ਬਣਾਇਆ ਗਿਆ।

ਇਸ ਤੋਂ ਪਹਿਲਾਂ ਵੀ ਪ੍ਰਚਾਰਕ ਬਨਾਉਣ ਲਈ ਯਤਨ ਹੁੰਦੇ ਰਹੇ ਹਨ:ਦਮਦਮੀ ਟਕਸਾਲ ਇੰਨ੍ਹਾਂ ਯਤਨ ਕਰਨ ਵਾਲਿਆਂ ਸੰਸਥਾਵਾਂ ਵਿਚੋਂ ਪ੍ਰਮੁੱਖ ਰਹੀ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਚਲਾਉਣ ਵਾਲੇ ਜਥੇਦਾਰ ਕਰਤਾਰ ਸਿੰਘ ਝੱਬਰ ''ਘਰ ਜਾਖ ਵਿਦਿਆਲੇ" ਤੋਂ ਤਿੰਨ ਸਾਲ ਤਕ ਪੜ੍ਹਾਈ ਕਰਕੇ ਮਿਸ਼ਨਰੀ ਬਣੇ ਸਨ ਪਰ ਇਹ ਸੰਸਥਾਵਾਂ ਡੇਰਿਆਂ ਦੀ ਮਰਿਆਦਾ ਨੂੰ ਹੀ ਪ੍ਰਚਾਰਦੀਆਂ ਰਹੀਆਂ ਹਨ। ਇੰਨ੍ਹਾ ਦੇ ਪ੍ਰਚਾਰਕਾਂ ਵਲੋ ਗੁਰਬਾਣੀ ਦੀ ਕੀਤੀ ਜਾਂਦੀ ਵਿਆਖਿਆ ਵੀ ਡੇਰੇ ਅਨੁਸਾਰ ਹੁੰਦੀ ਹੈ ਅਤੇ ਇਹ ਡੇਰੇ ਨੂੰ ਲਾਭ ਪੁਚਾਉਂਦੀਆਂ ਸਾਖੀਆਂ ਤਾਂ ਆਮ ਹੀ ਸੁਣਾਉਂਦੇ ਮਿਲਦੇ ਹਨ। ਖਾਲਸਾ ਪ੍ਰਚਾਰਕ ਵਿਦਿਆਲੇ ਦੀ ਸਥਾਪਨਾ ਨਾਲ ਵੀ ਇੰਨ੍ਹਾਂ ਰੁੱਚੀਆਂ ਵਿਚ ਬਹੁਤ ਫ਼ਰਕ ਨਹੀਂ ਪਿਆ ਪਰ ਸਿੱਖ ਮਿਸ਼ਨਰੀ ਸਕੂਲ ਖੋਲਣ ਦੀ ਪਰੰਪਰਾ ਜ਼ਰੂਰ ਸ਼ੁਰੂ ਹੋ ਗਈ।

ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਪਿਛੋਂ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨਰੀ ਕਾਲਜ ਖੋਲਿਆ ਗਿਆ। ਚੀਫ਼ ਖਾਲਸਾ ਦੀਵਾਨ ਦਾ ਭਾਈ ਵੀਰ ਸਿੰਘ ਗੁਰਮਤਿ ਸਕੂਲ ਖਾਲਸਾ ਪ੍ਰਚਾਰਕ ਵਿਦਿਆਲੇ ਦਾ ਹੀ ਨਵਾਂ ਰੂਪ ਹੈ। ਸਰਕਾਰੀ ਪੱਧਰ ਉਛੇ ਪਟਿਆਲੇ ਵਿਚ ਗੁਰਮਤਿ ਕਾਲਜ ਖੋਲਿਆ ਗਿਆ ਅਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਸ਼ੁਰੂ ਕੀਤਾ। ਇਹ ਸੰਸਥਾ ਤਲਵੰਡੀ ਸਾਬੋ ਕੀ ਵਿਖੇ ਸਥਿਤ ਹੈ।

ਇਹ ਸੰਸਥਾਵਾਂ ਨਾ ਤਾਂ ਸਿੱਖ ਸਿਧਾਤਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਪਰਿਭਾਸ਼ਤ ਕਰਦੀਆਂ ਹਨ ਅਤੇ ਨਾਹੀ ਉਨ੍ਹਾਂ ਦੇ ਪ੍ਰਚਾਰ ਲਈ ਇੰਨ੍ਹਾਂ ਕੋਲ ਆਧੁਨਿਕ ਤਕਨੀਕੀ ਸਿਖਿਆ ਦੇਣ ਦਾ ਕੋਈ ਵਸੀਲਾ ਹੈ। ਰਾਗੀ,ਢਾਡੀ ਅਤੇ ਕਥਾਵਾਚਕ ਪੈਦਾ ਕਰਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਕੋਈ ਸਾਰਥਿਕ ਸਹਾਇਤਾ ਨਹੀਂ ਮਿਲਣ ਵਾਲੀ। ਸਾਡੇ ਪ੍ਰਚਾਰਕਾਂ ਦੀ ਦ੍ਰਿਸ਼ਟੀ ਵਿਗਿਆਨਕ ਹੋਵੇ, ਉਹ ਸ਼ਰਧਾ ਤੋਂ ਹਟਕੇ ਕੀਤੇ ਗਏ ਪ੍ਰਸ਼ਨਾਂ ਦਾ ਉਛਰ ਦੇ ਸਕਣ ਅਤੇ ਪੰਜਾਬੀ ਤੋਂ ਬਿਨਾਂ ਦੂਸਰੀਆਂ ਭਾਸ਼ਾਵਾਂ ਦੇ ਜਾਣੂ ਹੋਣ। ਉਨ੍ਹਾਂ ਕੋਲ ਸਮੇਂ ਦੇ ਹਾਣ ਦੀ ਤਕਨੀਕੀ ਹੋਵੇ। ਇਹ ਸਭ ਅੱਜ ਦੇ ਪ੍ਰਚਾਰਕਾਂ ਦੀਆਂ ਮੂਲ ਲੋੜਾਂ ਹਨ। ਇੰਨ੍ਹਾਂ ਬਿਨਾਂ ਸਿਰਫ਼ ਲਕੀਰ ਦੇ ਫ਼ਕੀਰ ਬਣਿਆ ਜਾ ਸਕਦਾ ਹੈ।

  ਸਮਕਾਲੀ ਸਰੋਕਾਰ .

ਸਰਾਵਾਂ ਦਾ ਮਹੱਤਵ ਅਤੇ

ਗੁਰੂ ਰਾਮਦਾਸ ਸਰਾਂ

ਪਰਾਪਤ ਜਾਣਕਾਰੀ ਅਨੁਸਾਰ (ਸੰਤ) ਬਾਬਾ ਸਾਧੂ ਸਿੰਘ ਜੀ ਤੋਂ 17 ਅਗਸਤ, 1931 ਦੇ ਦਿਨ ਨੀਂਹ ਪੱਥਰ ਰਖਵਾ ਕੇ ਭੂਰੀ ਵਾਲੇ ਬਾਬਿਆਂ ਹਰਿਮੰਦਰ ਸਾਹਿਬ ਪਰਿਸਰ ਵਿਚ  ਗੁਰੂ ਰਾਮਦਾਸ ਸਰਾਂ ਦੀ ਇਮਾਰਤ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਲਗਭਗ ਤਿੰਨ ਸਾਲਾਂ ਵਿਚ ਇਹ ਕੰਮ ਪੂਰਾ ਹੋਇਆ।

ਵੇਈਂ ਨਦੀ ਵਿਚੋਂ ਨਿਕਲ ਕੇ ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿਚ ਠੋਕਰਾਂ ਖਾਂਦੀ ਲੋਕਾਈ ਨੂੰ ਗੁਰਮਤਿ ਦੇ ਗਿਆਨ ਨਾਲ ਰੁਸ਼ਨਾ ਕੇ ਦੁੱਖਾਂ ਦੀ ਡੂੰਘੀ ਖਾਈ ਵਿਚੋਂ ਕੱਢਣ ਦਾ ਫੈਸਲਾ ਲਿਆ। ਗੁਰਮਤਿ ਦੇ ਪ੍ਚਾਰ ਪ੍ਸਾਰ ਲਈ ਗੁਰੂ ਜੀ ਨੇ ਧਰਮਸਾਲ ਦਾ ਰਸਤਾ ਅਪਣਾਇਆ। ਜਿਥੇ ਕਿਤੇ ਉਹਨਾਂ ਨੂੰ ਲੋੜ ਭਾਸਦੀ, ਉਹ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਅਤੇ ਰੱਬੀ ਬਾਣੀ ਦਾ ਅਲਾਪ ਸ਼ੁਰੂ ਕਰ ਦਿੰਦੇ। ਗੁਰਬਾਣੀ ਦਾ ਮਨੋਹਰ, ਭਾਵਪੂਰਣ ਕੀਰਤਨ ਕਰਦਿਆਂ ਸੰਗਤਾਂ ਇੱਕਤਰ ਕਰਨ ਦਾ ਕਾਰਜ ਅਰੰਭਿਆ ਜਾਂਦਾ। ਉਸ ਥਾਂ 'ਤੇ ਗੁਰੂ ਜੀ ਕੁਝ ਦਿਨ ਰੁਕਦੇ, ਸੰਗਤਾਂ ਦੇ ਜੁੜ ਬੈਠਣ ਲਈ ਉਸਰੀ ਧਰਮਸਾਲ ਦਾ ਕਿਸੇ ਗੁਰਮੁਖ ਨੂੰ ਮੁੱਖੀ ਥਾਪਦੇ ਅਤੇ ਗਿਆਨ ਦੇ ਚਾਨਣ ਨੂੰ ਵਧੇਰੇ ਵਿਆਪਕ ਬਨਾਉਣ ਲਈ ਅਗਾਂਹ ਤੁਰ ਪੈਂਦੇ।

ਭਾਈ ਗੁਰਦਾਸ ਜੀ ਏਸੇ ਪ੍ਕਿਰਿਆ ਨੂੰ ''ਘਰੁ ਘਰੁ ਅੰਦਰ ਧਰਮਸਾਲ ਹੋਆ ਕੀਰਤਨ ਸਦਾ ਵਿਸੋਆ" ਦਾ ਨਾਂ ਦਿੰਦੇ ਹਨ।

ਧਰਮਸਾਲ ਬੇਸ਼ਕ ਇੱਕ ਸਰਬਸ਼ਕਤੀਮਾਨ, ਸਰਬਵਿਆਪਕ, ਨਿਰਭਉ, ਨਿਰਵੈਰ, ਆਪਣੇ ਆਪ ਤੋਂ ਪ੍ਕਾਸ਼ਮਾਨ, ਅਜੂਨੀ, ਕਰਤਾਰ ਦੇ ਗੁਣਗਾਣ ਲਈ ਹੀ ਸਥਾਪਤ ਹੁੰਦੇ ਸਨ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਨਾਇਕ ਜ਼ਰੂਰ ਵਾਹਿਗੁਰੂ ਹੈ, ਮੰਤਵ ਦੁੱਖੀ ਮਾਨਵਤਾ ਨੂੰ ਸੁੱਖ, ਸ਼ਾਂਤੀ, ਸੁਰੱਖਿਆ ਦੇਣ ਵਾਲੀ ਜੀਵਨ ਜਾਚ ਸਿਖਾਉਣਾ ਹੀ ਸੀ। ਧਰਮ ਦਾ ਇਹੀ ਅੰਤਮ ਪੜਾਅ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਏਸੇ ਲਈ ਸਚੁ ਆਚਾਰ ਨੂੰ ਵਾਹਿਗੁਰੂ ਤੋਂ ਵੀ ਵਧੇਰੇ ਮਹੱਤਵਪੁਰਣ  ਮੰਨਦੇ ਹਨ (ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ॥)

ਉਹਨਾਂ ਪ੍ਮਾਤਮਾ ਦੀ ਵਿਆਖਿਆ ਕਰਦੇ  ਗਰੰਥ ਰਚਣ ਦੀ ਥਾਂ ਮਨੁੱਖ ਦੇ ਕਲਿਆਣ ਨੂੰ ਆਪਣੀ ਬਾਣੀ ਦਾ ਵਿਸ਼ਾ ਬਣਾਇਆ:''ਕਿਵੁ ਸਚਿਆਰਾ ਹੋਵੀਐ॥ ਕਿਵੁ ਕੂੜੇ ਤੁਟੈ ਪਾਲਿ॥"

ਗੁਰੂ ਨਾਨਕ ਦੇਵ ਜੀ ਨੇ ਸਭ ਪ੍ਕਾਰ ਦੇ ਕਰਮ ਕਾਂਡਾਂ, ਪਾਠ ਪੂਜਾ ਦੇ ਪਾਖੰਡਾਂ ਨੂੰ ਤੱਜਦਿਆਂ ਮਨੁੱਖ ਨੂੰ ਕਰਤਾਰ ਦੇ ਬਣਾਏ ਨਿਯਮਾਂ ਅਨੁਸਾਰ ਜੀਵਨ ਬਿਤਾਉਣ ਲਈ ਕਿਹਾ ਕਿਉਂਕਿ ਇਹੀ ਜੀਵਨ ਜਾਚ ਸੁੱਖਾਂ ਦੀ ਕੁੰਜੀ ਹੈ। ਗੁਰੂ ਜੀ ਨੇ ਇਹਨਾਂ ਨਿਯਮਾਂ ਨੂੰ ਵਾਹਿਗੁਰੂ ਦਾ ''ਹੁਕਮ" ਦੱਸਿਆ।

ਹੁਕਮਿ ਅਨੁਸਾਰ ਚਲਣਾ ਹੀ ਸਭ ਸੁੱਖਾਂ ਦਾ ਆਧਾਰ ਹੈ: 

''ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥"

ਕਰਤਾਰ ਦੇ ਹੁਕਮ ਚਿੱਟੀ ਕੰਧ ਉਤੇ ਲਿਖੇ ਲਾਲ ਜਾਂ ਕਾਲੇ ਅੱਖਰ ਨਹੀਂ ਹੁੰਦੇ। ਬ੍ਹਿਮੰਡ ਦੀ ਵਿਸ਼ਾਲਤਾ ਕਾਰਣ ਅਜਿਹਾ ਹੋ ਸਕਣਾ ਸੰਭਵ ਵੀ ਨਹੀਂ ਹੋ ਸਕਦਾ। ਇਸ ''ਹੁਕਮ" ਨੂੰ ਸਮਝਣ ਲਈ ਮਨੁੱਖ ਨੂੰ ਮਿਲ ਬੈਠਣਾ ਚਾਹੀਦਾ ਚਾਹੀਦਾ ਹੈ, ਆਪਸੀ ਗਿਆਨ, ਵਿਚਾਰਾਂ ਦਾ ਆਦਾਨ ਪ੍ਦਾਨ ਕਰਨਾ ਬਣਦਾ ਹੈ। ਗੁਰੂ ਨਾਨਕ ਦੇਵ ਜੀ ਨੇ ਅਗਵਾਈ ਲਈ ਸ਼ਬਦ ਨੂੰ ਗੁਰੂ ਅਤੇ ਸੁਰਤ ਨੂੰ ਚੇਲਾ ਦਾ ਨਾਂ ਦਿੱਤਾ। ਇਹ ਦੋਵੇਂ ਹੀ ਸਤਿਸੰਗ ਜਾਂ ਸਾਧ ਸੰਗਤ ਦਾ ਹਿੱਸਾ ਹੁੰਦੇ  ਹਨ।

ਤਾਂ ਕੀ ਪ੍ਮਾਤਮਾ ਸਬੰਧੀ ਗਿਆਨ ਗੋਸ਼ਟਿ ਹੀ ਸਤਿਸੰਗ ਦਾ ਵਿਸ਼ਾ ਹੁੰਦਾ ਹੈ?

ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਨੂੰ ਇੱਕ ਇਕਾਈ ਵਜੋਂ ਲਿਆ। ਗੁਰਮਤਿ ਵਿਚ ਵਿਅਕਤੀਗਤ ਗਤਿ (ਕਲਿਆਣ) ਦੀ ਚਰਚਾ ਕਿਧਰੇ ਨਹੀਂ ਹੋਈ (ਕਰਮ ਦੀ ਗਲ ਜ਼ਰੂਰ ਹੋਈ ਹੈ:''ਕਰਮੀ ਆਪੋ ਆਪਣੀ ਕਿਆ ਨੇੜੇ ਕਿਆ ਦੂਰ॥"

ਗੁਰੂ ਅਰਜਨ ਦੇਵ ਜੀ ਦਾ ਕਥਨ ਏਥੇ ਆਦਰਸ਼ ਹੈ:

 ਉਦਮ ਕਰੇਂਦਿਆ ਜੀਉ ਤੂ ਕਮਾਂਵਦਿਆ ਸੁਖ ਭੁੰਚ॥

 ਧਿਆਵੰਦਿਆ ਤੂ ਪ੍ਰਭੁ ਮਿਲੁ ਨਾਨਕ ਉਤਰੀ ਚਿੰਤ॥

ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਮਨੁੱਖੀ ਜੀਵਨ ਦਾ ਇੱਕ ਅੰਗ ਮੰਨਿਆ ਹੈਉਹਨਾਂ ਸਮਾਜਕ ਵਰਤਾਰੇ ਦੀ ਚਰਚਾ ਵੀ ਕੀਤੀ ਹੈ, ਆਰਥਕ ਸਥਿਤੀ ਨੂੰ ਵੀ ਛੂਹਿਆ ਹੈ, ਮਾਨਸਿਕ ਸਥਿਤੀ ਦਾ ਵੀ ਵਰਨਣ ਕੀਤਾ ਹੈ।

ਉਂਝ ਵੀ ਜਦ ਮਨੁੱਖ ਇੱਕਠੇ ਹੋਣਗੇ ਤਾਂ ਉਹ ਆਪਣੀਆਂ ਲੋੜਾਂ ਥੋੜਾਂ ਦੀ ਗਲ ਵੀ ਜ਼ਰੂਰ ਕਰਨਗੇ। ਕੀ ਅਸੀਂ ਕਿਸੇ ਅਜਿਹੇ ਮਾਨਵ ਦੀ ਕਲਪਨਾ ਕਰ ਸਕਦੇ ਹਾਂ, ਜੋ ਆਪਣੇ ਸੰਗੀ-ਸਾਥੀ ਨੂੰ ਮਿਲਣ 'ਤੇ ਇਹ ਵੀ ਨਾ ਪੁੱਛੇ, ''ਕੀ ਹਾਲ ਹੈ? ਸਭ ਠੀਕ ਠਾਕ ਤਾਂ ਹੈ ਨਾਂ?"

ਗੁਰੂ ਜੀ ਕਿਸੇ ਨੂੰ ਮਿਲਦੇ ਹੋਣਗੇਉਹਨਾਂ ਦੇ ਦਰਸ਼ਨਾਂ ਨੂੰ ਕੋਈ ਆਉਂਦਾ ਹੋਵੇਗਾ ਤਾਂ ਨਿਸਚੇ ਹੀ ਉਹਨਾਂ ਦਾ ਹਾਲ ਚਾਲ ਪੁੱਛਦੇ ਹੋਣਗੇਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਵਾਹ ਲਾਉਂਦੇ ਹੋਣਗੇ। ਇਸ ਤਰਾਂ ਧਰਮਸਾਲ ਵਿਚ ਪ੍ਮਾਤਮਾ, ਅਧਿਆਤਮ ਉਤੇ ਹੀ ਗਿਆਨ ਚਰਚਾ ਨਹੀਂ ਹੁੰਦੀ ਹੋਵੇਗੀ, ਬਾਕੀ ਸਮੱਸਿਆਵਾਂ ਉਤੇ ਵੀ ਬਾਕਾਇਦਾ ਵਿਚਾਰ ਹੁੰਦਾ ਹੋਵੇਗਾ।

ਧਰਮਸਾਲ ਜਦ ਗੁਰਦੁਆਰਿਆਂ ਵਿਚ ਤਬਦੀਲ ਹੋਏ ਤਾਂ ਉਥੇ ਦੀਵਾਨ ਹਾਲ ਵੀ ਬਣਾਏ ਗਏ। ਇਹ ਆਪਸੀ ਵਿਚਾਰ ਵਟਾਂਦਰੇ ਨੂੰ ਪ੍ਗਟਾਉਂਦਾ ਤੱਥ ਹੈ।

ਗੁਰਦੁਆਰੇ  ਸੰਗਤਾਂ ਆਉਣਗੀਆਂ ਤਾਂ ਉਹਨਾਂ ਦੇ ਠਹਿਰਣ ਦੀ ਸਮੱਸਿਆ ਵੀ ਆਵੇਗੀ ਹੀ। ਗੁਰੂ ਨਾਨਕ ਦੇਵ ਜੀ ਜਦੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਟਿਕ ਗਏ ਤਾਂ ਸੰਗਤ  ਲਈ ਉਹਨਾਂ ਠਹਿਰਣ, ਖਾਣ ਪਕਾਉਣ ਦਾ ਪ੍ਬੰਧ ਕੀਤਾ। ਰਾਸ਼ਨ ਤਾਂ ਸੰਗਤਾਂ ਆਪ ਹੀ ਬਹੁਤ ਲੈ ਆਉਂਦੀਆਂ ਸਨ, ਕਿਉਂਕਿ ਸਮਾਜ ਕਿਰਸਾਨੀ ਸੀ, ਘਰ ਦੀ ਫਸਲ ਵਿਚੋਂ ਆਟਾ ਦਾਣਾ ਭੇਜਣਾ, ਦੇਣਾ ਆਸਾਨ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਲਿੰਗ, ਧਰਮ, ਨਸਲ ਦੇ ਭੇਦ ਭਾਵ ਤੋਂ ਵਖਰੇ ਸਮਾਜ ਦਾ ਨਿਰਮਾਣ ਕੀਤਾ ਸੀ। ਏਥੇ ਸਭ ਬਰਾਬਰ ਸਨ। ਇਸ ਲਈ ਕਿਸੇ ਨੂੰ ਵਿਸ਼ੇਸ਼ ਵਰਤਾਉ ਦੀ ਉਮੀਦ ਨਹੀਂ ਸੀ। ਸਾਰੇ ਸਾਂਝੇ ਟੱਬਰ ਵਾਂਗੂੰ ਇੱਕੋ ਛੱਤ ਹੇਠ, ਜਿਸ ਨੂੰ ਜਿਥੇ ਥਾਂ ਮਿਲਦੀ, ਟਿਕ ਜਾਂਦੇ।

ਪਹਿਲਾ ਗੁਰਦੁਆਰਾ ਤਾਂ ਗੁਰੂ ਅਰਜਨ ਦੇਵ ਜੀ ਨੇ ਅੰਮਰਿਤਸਰ ਵਿਖੇ ਹਰਿਮੰਦਰ ਸਾਹਿਬ ਸਥਾਪਤ ਕੀਤਾ ਪਰ ਪਹਿਲੀ ਸਰਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਸਥਾਪਤ ਕੀਤੀ। ਗੁਰੂ ਨਾਨਕ ਦੇਵ ਜੀ ਦਾ ਆਪਣਾ ਖਰਚਾ ਖੇਤੀਬਾੜੀ ਤੋਂ ਚਲਦਾ ਸੀ। ਸੰਗਤਾਂ ਜੋ ਕੁਝ ਲੈ ਆਉਂਦੀਆਂ, ਜੋ ਕੁਝ ਗੁਰੂ ਪਰਿਵਾਰ ਕੋਲ ਹੁੰਦਾ: ਵੰਡ ਕੇ ਛੱਕ ਲੈਂਦੀਆਂ। ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਕਮਾਈ ਕਰਨ, ਉਸ ਨੂੰ ਵੰਡ ਕੇ ਛੱਕਣ ਅਤੇ ਨਾਮ ਜੱਪਣ ਦਾ ਜੋ ਸੰਕਲਪ ਦਿੱਤਾ, ਉਸ ਨੂੰ ਨਿਭਾਅ ਕੇ ਵੀ ਪ੍ਮਾਣਤ ਕੀਤਾ।

ਗੁਰੂ ਜੀ ਤੋਂ ਜਲਦੀ ਹੀ ਪਿਛੋਂ ਗੁਰਮਤਿ ਦਾ ਸਰੂਪ ਬਦਲਣ ਲੱਗਾ। ਧਰਮ ਦੀ ਕਮਾਈ ਦੀ ਥਾਂ ਗੋਲਕ ਨੇ ਲਈ। ਪਹਿਲਾਂ ਗੁਰੂ ਲਈ ਵੱਖਰੀ ਰਹਾਇਸ਼ ਅਤੇ ਲੰਗਰ ਦੀ ਲੋੜ ਪਈ। ਫ਼ੇਰ ਸਿੱਖਾਂ ਵਿਚ ਇਹ ਪਿਰਤ ਸ਼ੁਰੂ ਹੋ ਗਈ। ਜਦੋਂ ਤਕ ਸਿੱਖ ਆਪਣੇ ਰਾਜ ਦੀ ਸਥਾਪਤੀ ਲਈ ਲੜਦੇ ਰਹੇ, ਉਪਰਲੇ ਸਰਦਾਰਾਂ ਨੂੰ ਛੱਡ ਕੇ ਰਹਿਣ ਅਤੇ ਲੰਗਰ ਦਾ ਪ੍ਬੰਧ ਇਕੋ ਜਿਹਾ ਰਿਹਾ। ਬੰਦਾ ਸਿੰਘ ਬਹਾਦਰ ਅਤੇ ਮਿਸਲਾਂ ਸਮੇਂ ਦੀਆਂ ਸਰਾਵਾਂ ਅਤੇ ਲੰਗਰ ਨੂੰ ਅਸੀਂ ਇਸੇ ਸ਼ਰੇਣੀ ਵਿਚ ਰਖ ਸਕਦੇ ਹਾਂ।

ਮਹਾਰਾਜਾ ਰਣਜੀਤ ਸਿੰਘ ਸਮੇਂ ਹਾਕਮ ਵਰਗ ਤਾਂ ਅਯਾਸ਼ੀਆਂ ਵਿਚ ਪੈ ਗਿਆ: ਸਰਦਾਰਾਂ ਦੇ ਲੰਗਰ ਹੁਣ ਰਾਜਾ ਭੋਜ ਦੇ 32 ਵਿਅੰਜਣ ਬਣ ਗਏ, ਉਨ੍ਹਾਂ ਦੀ ਜਵਾਨਾਂ ਦੇ ਖਾਣੇ ਨਾਲ ਕੀ ਸਾਂਝ? ਆਮ ਸਿੱਖਾਂ ਦੇ ਪਰਿਵਾਰ ਵੀ ਆਪਣੇ ਚੁਲੇ ਚੌਂਕੇ ਵੱਖ ਵੱਖ ਬਨਾਉਣ ਵਲ ਪੈ ਗਏ। ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਤਾਂ ਆਮ ਸਿੱਖ ਤਾਂ ਗੁਰਦੁਆਰਿਆਂ ਵਿਚ ਹੀ, ਪ੍ਕਾਸ਼ ਵਾਲੀ ਥਾਂ ਛੱਡ ਕੇ, ਪੈ ਜਾਂਦੇ, ਸਰਦਾਰਾਂ ਆਪਣੇ ਲਈ ਬੁੰਗੇ ਸਿਰਜ ਲਏ।

1925 ਈ. ਵਿਚ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਸਥਾਪਨਾ ਹੋਈ ਤਾਂ ਅੰਮਰਿਤਸਰ ਆਉਣ ਵੱਲ ਸੰਗਤਾਂ ਦਾ ਰੁਝਾਣ ਵੱਧ ਗਿਆ। ਸਰਦਾਰਾਂ ਅਤੇ ਉਹਨਾਂ ਦੇ ਅਹਿਲਕਾਰਾਂ ਅਤੇ ਵਾਕਫ਼ਕਾਰਾਂ ਨੂੰ ਤਾਂ ਬੁੰਗਿਆਂ ਅਤੇ ਕਟੜਿਆਂ ਦੀਆਂ ਹਵੇਲੀਆਂ ਵਿਚ ਠਾਹਰ ਮਿਲ ਜਾਂਦੀ ਪਰ ਆਮ ਸ਼ਰਧਾਲੂ ਬੜੇ ਬੇਚੈਨ ਹੁੰਦੇ। ਪਰਿਕਰਮਾਂ ਉਸ ਸਮੇਂ ਬਹੁਤ ਛੋਟੀ ਸੀ। ਪੱਛਮੀ ਬਾਹੀ ਵਿਚ ਲੱਗੇ ਖੂਹ ਤੋਂ ਪਾਣੀ ਲੈ ਕੇ ਨਹਾਉਣ ਅਤੇ ਜੰਗਲ ਪਾਣੀ ਜਾਣ ਦਾ ਪ੍ਬੰਧ ਹੁੰਦਾ। ਦਿਨ ਦੇ ਸਮੇਂ ਵੀ ਦਰਸ਼ਨ ਕਰਨ ਆਏ ਸ਼ਰਧਾਲੂ ਪਰਿਕਰਮਾਂ ਵਿਚ ਹੀ ਪਏ ਰਹਿੰਦੇ। ਉਹਨਾਂ ਕੋਲ ਸਾਮਾਨ ਹੁੰਦਾ ਤਾਂ ਪਰੇਸ਼ਾਨੀ ਵਧੇਰੇ ਹੁੰਦੀ। ਲੰਘਣ ਲਈ ਰਸਤਾ ਵੀ ਨਾ ਮਿਲਦਾ।

ਆਖੀਰ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਬਾਹਰੋਂ ਆਈਆਂ ਸੰਗਤਾਂ ਨੂੰ ਪਰਿਕਰਮਾਂ ਵਿਚ ਠਹਿਰਣ ਦੀ ਆਗਿਆ ਨਾ ਦਿੱਤੀ ਜਾਵੇ ਬਲਕਿ ਉਹਨਾਂ ਦੇ ਠਹਿਰਣ ਲਈ ਵਖਰਾ ਪ੍ਬੰਧ ਕੀਤਾ ਜਾਵੇ। ਹਰਿਮੰਦਰ ਸਾਹਿਬ ਦੇ ਸਾਹਮਣੇ ਵਾਲੀ ਜਗਾ ਕਮੇਟੀ ਦੇ ਦਫ਼ਤਰ ਬਣ ਰਹੇ ਸਨ। ਇਸ ਕੰਪਲੈਕਸ ਨੂੰ ਪਿਛੋਂ ਜਾ ਕੇ ਸ. ਤੇਜਾ ਸਿੰਘ ਸਮੁੰਦਰੀ ਹਾਲ ਕਿਹਾ ਗਿਆ। ਇਸ ਦੇ ਨਾਲ ਖਾਲੀ ਪਈ ਥਾਂ ਉਤੇ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਇੱਕ ਸਰਾਂ ਬਨਾਉਣ ਦਾ ਫੈਸਲਾ ਕੀਤਾ ਗਿਆ।

ਗੁਰਦੁਆਰਿਆਂ ਅਤੇ ਉਹਨਾਂ ਨਾਲ ਸਬੰਧਤ ਇਮਾਰਤਾਂ ਦੀ ਉਸਾਰੀ ਅਕਸਰ ਕਾਰ ਸੇਵਾ ਵਾਲੇ ਬਾਬਿਆਂ ਕੋਲੋਂ ਕਰਵਾਈ ਜਾਂਦੀ ਹੈ। (ਸੰਤ) ਬਾਬਾ ਸਾਧੂ ਸਿੰਘ ਜੀ ਤੋਂ 17 ਅਗਸਤ, 1931 ਦੇ ਦਿਨ ਨੀਂਹ ਪੱਥਰ ਰਖਵਾ ਕੇ ਭੂਰੀ ਵਾਲੇ ਬਾਬਿਆਂ ਇਸ ਇਮਾਰਤ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਲਗਭਗ ਤਿੰਨ ਸਾਲਾਂ ਵਿਚ ਇਹ ਕੰਮ ਪੂਰਾ ਹੋਇਆ।

ਹਰਿਮੰਦਰ ਸਾਹਿਬ ਪਰਿਸਰ ਵਿਚ ਗੁਰੂ ਰਾਮਦਾਸ ਸਰਾਂ ਸਭ ਤੋਂ ਪੁਰਾਣੀ ਸਰਾਂ ਹੈ। ਤਿੰਨ ਮੰਜ਼ਿਲਾ ਇਸ ਇਮਾਰਤ ਵਿਚ ਕਈ ਸੌ ਕਮਰੇ ਬਣਾਏ ਗਏ ਹਨ। ਹਰ ਮੰਜ਼ਲ ਤੇ ਚਾਰੇ ਕੋਨਿਆਂ ਤੇ ਸੰਗਤਾਂ ਦੇ ਇੱਕਠਿਆਂ ਰਹਿਣ ਲਈ ਹਾਲ ਬਣਾਏ ਗਏ ਹਨ। ਪਰਿਵਾਰ ਸਮੇਤ ਦਰਸ਼ਨ ਇਸ਼ਨਾਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਕਮਰੇ ਦੇਣ ਦਾ ਪ੍ਬੰਧ ਹੈ ਜਦ ਕਿ ਬਾਕੀਆਂ ਨੂੰ ਹਾਲਾਂ ਵਿਚ ਜਗਾ ਦਿੱਤੀ ਜਾਂਦੀ ਹੈ। ਸ਼ਰੋਮਣੀ ਕਮੇਟੀ ਨੇ ਯਾਤਰੂਆਂ ਲਈ ਮੰਜਿਆਂ, ਬਿਸਤਰਿਆਂ ਦਾ ਪ੍ਬੰਧ ਕੀਤਾ ਹੋਇਆ ਹੈ। ਚਾਰ ਦਿਨਾਂ ਲਈ ਰਹਿਣ ਦੀ ਆਗਿਆ ਹੈ ਪਰ ਅੱਜ ਕੱਲ ਗੁਰੂ ਰਾਮਦਾਸ ਸਰਾਂ ਵਿਚ ਕੇਵਲ ਉਹੀ ਯਾਤਰੂ ਠਹਿਰਦੇ ਹਨ ਜਿਹਨਾੰ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਦੀਆਂ ਦੂਸਰੀਆਂ ਸਰਾਵਾਂ: ਗੁਰੂ ਅਰਜਨ ਨਿਵਾਸ, ਗੁਰੂ ਨਾਨਕ ਨਿਵਾਸ, ਗੁਰੂ ਹਰਿਗੋਬਿੰਦ ਨਿਵਾਸ ਅਤੇ ਮਾਤਾ ਗੰਗਾ ਨਿਵਾਸ ਆਦਿ ਵਿਚ ਰਹਿਣ ਲਈ ਥਾਂ ਨਹੀਂ ਮਿਲਦੀ। ਗੁਰੂ ਰਾਮਦਾਸ ਸਰਾਂ ਤੋਂ ਬਿਨਾਂ ਬਾਕੀ ਦੀਆਂ ਸਰਾਵਾਂ ਵਿਚ ਅਟੈਚਡ ਬਾਥ ਹਨ ਯਾਨਿ ਕਮਰਿਆਂ ਵਿਚ ਹੀ ਗੁਸਲਖਾਨੇ ਬਣਾਏ ਗਏ ਹਨ। ਗੁਰੂ ਅਰਜਨ ਨਿਵਾਸ ਵਿਚ ਤਾਂ ਕੁਝ ਕਮਰਿਆਂ ਵਿਚ ਏਅਰ-ਕੰਡੀਸ਼ਨ ਲੱਗੇ ਹੋਏ ਹਨ। ਇਹ ਪ੍ਰਬੰਧ ਐਨ.ਆਰ.ਆਈ. ਲਈ ਕੀਤਾ ਜਾਂਦਾ ਦੱਸਿਆ ਜਾਂਦਾ ਹੈ। ਗੁਰੂ ਰਾਮਦਾਸ ਸਰਾਂ ਤੋਂ ਬਿਨਾਂ ਬਾਕੀ ਹਰ ਸਰਾਂ ਵਿਚ ਠਹਿਰਣ ਵਾਲੇ ਯਾਤਰੂਆਂ ਕੋਲੋਂ ਕਿਰਾਇਆ ਲਿਆ ਜਾਂਦਾ ਹੈ।

ਜਿਵੇਂ ਅੱਜ ਗੁਰਦੁਆਰੇ ਸਿੱਖ ਸਭਿਆਚਾਰ ਦੇ ਕੇਂਦਰ ਨਹੀਂ ਰਹੇ, ਉਵੇਂ ਹੀ ਯਾਤਰੂਆਂ ਦੇ ਠਹਿਰਣ ਲਈ ਬਣਾਈਆਂ ਗਈਆਂ ਸਰਾਵਾਂ ਵੀ ਭਾਈ-ਭਤੀਜਾਵਾਦ, ਭਰਿਸ਼ਟਾਚਾਰ ਅਤੇ ਕੁਪ੍ਬੰਧ ਦੀਆਂ ਮਿਸਾਲਾਂ ਬਣ ਗਈਆਂ ਹਨ। ਇਹਨਾਂ ਵਿਚ ਗੁਰਮਤਿ ਅਨੁਸਾਰੀ ਜੀਵਨ ਦੀ ਝਲਕ ਤਾਂ ਨਾ ਮਾਤਰ ਵੀ ਨਹੀਂ।

ਸਭ ਤੋਂ ਪਹਿਲਾਂ ਸਰਾਵਾਂ ਸਿੱਖ ਸੰਗਤਾਂ ਦੀ ਬਰਾਬਰੀ ਦੀ ਭਾਵਨਾ ਨੂੰ ਮੂੰਹ ਚਿੜਾਉਂਦੀਆਂ ਜਾਪਦੀਆਂ ਹਨ: ਕਿਸੇ ਲਈ ਹਾਲ, ਕਿਸੇ ਲਈ ਸਿਰਫ਼ ਕਮਰਾ, ਕਿਸੇ ਲਈ ਕਮਰੇ ਵਿਚ ਮੰਜੇ, ਬਿਸਤਰੇ ਵੀ, ਕਈਆਂ ਨੂੰ ਅਟੈਚਡ ਬਾਥ, ਕਈ ਹੋਰਨਾਂ ਨੂੰ ਏ.ਸੀ.। ਯਾਨਿ ਜਿਸ ਕੋਲ ਮਾਇਆ ਵਧੇਰੇ ਹੈ, ਉਸ ਲਈ ਵੱਧ ਸਹੂਲਤਾਂ।

ਸ਼ਰੋਮਣੀ ਕਮੇਟੀ ਵਿਚ ਵਾਕਫ਼ੀ ਵੀ ਵੱਧ ਸਹੂਲਤਾਂ ਵਾਲਾ ਕਮਰਾ ਮਿਲਣ ਵਿਚ ਵੱਡਾ ਸਹਾਇਕ ਤੱਤ ਮੰਨਿਆਂ ਜਾਂਦਾ ਹੈ। ਸਰਾਵਾਂ ਦੇ ਕਮਰੇ ਅਲਾਟ ਕਰਨ ਵਾਲੇ ਬਾਹਰ ਦੇ ਹੋਟਲਾਂ ਵਾਲਿਆਂ ਨਾਲ ਮਿਲੇ ਦਸੀਦੇ ਹਨ। ਜਦੋਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਹੋਟਲਾਂ ਦੇ ਕਮਰੇ ਬੁੱਕ ਹੋ ਜਾਂਦੇ ਹਨ ਤਦ ਸ਼ਰੋਮਣੀ ਕਮੇਟੀ ਦੇ ਕਲਰਕ ਅਤੇ ਸੁਪਰਵਾਈਜ਼ਰ ਸਰਾਵਾਂ ਦੇ ਕਮਰਿਆਂ ਦੀ ਅਲਾਟਮੈਂਟ ਸ਼ੂਰੂ ਕਰਦੇ ਹਨ।

ਕਮਰੇ ਲੈਣ ਵਾਲੇ ਇਹਨਾਂ ਦੀ ਪੂਰੀ ਤਰਾਂ ਦੁਰਵਰਤੋਂ ਕਰਦੇ ਹਨ: ਕਮਰਿਆਂ ਵਿਚ ਹੀ ਗੁਰੂ ਕਾ ਲੰਗਰ, ਸੇਵਾਦਾਰਾਂ ਦੀ ਮਿਹਰਬਾਨੀ ਸਦਕਾ, ਲੋੜ ਤੋਂ ਵੀ ਵਧੇਰੇ ਗਿਣਤੀ ਵਿਚ ਪਹੁੰਚਦਾ ਹੈ: ਚੰਗਾ ਖਾ ਕੇ ਮੰਦਾ ਬੋਲਣ ਵਾਲੇ ਮੰਦੇ ਕੰਮ ਕਰਨੋਂ ਕਦ ਬਾਜ ਆਉਂਦੇ ਹਨ?

  ਗੁਰੂ ਕਾਲ .

ਗੁਰੂ ਨਾਨਕ ਦਾ ਗੁਣਤੰਤਰ

ਸਤਿਗੁਰੂ ਨਾਨਕ ਪ੍ਰਗਟਿਆ  

ਮਿਟੀ ਧੁੰਧ ਜਗਿ ਚਾਨਣੁ ਹੋਆ ।। 

ਆਦਿ ਕਾਲ ਤੋਂ ਹੌਲੀ-ਹੌਲੀ ਵਿਕਸਤ ਹੋਈ ਮਨੁੱਖੀ ਸੱਭਿਅਤਾ ਨੇ ਜਦ ਸਮਾਜਕ ਬਣਤਰ ਅਤੇ ਸਮਾਜਕ ਪ੍ਰਬੰਧ ਨੂੰ ਚਲਾਉਣ ਹਿੱਤ ਪ੍ਰਬੰਧਕੀ ਢਾਂਚੇ ਨੂੰ ਸਿਰਜਿਆ ਤਾਂ ਅਣਭੋਲਤਾ, ਅਗਿਆਨਤਾ ਦੇ ਕਾਰਨ ਕੁਝ ਐਸੇ ਪ੍ਰਬੰਧਾਂ ਨੂੰ ਜਨਮ ਦਿੱਤਾ ਕਿ ਜਿਨ੍ਹਾਂ ਪ੍ਰਬੰਧਾਂ ਦੇ ਕਾਰਨ ਮਨੁੱਖਤਾ ਦਾ ਬਹੁਤਾ ਵਰਗ ਆਪਣੇ ਜੀਵਨ ਨੂੰ ਚੰਦ ਕੁ ਸ਼ਾਤਰ ਮਨੁੱਖਾਂ ਦੇ ਹੱਥ ਵਿਚ ਸੌਂਪ ਕੇ ਆਪ ਲਗਭਗ ਪਸ਼ੂਆਂ ਵਰਗਾ ਜੀਵਨ ਜੀਊਣ ਉੱਤੇ ਹੀ ਮਜ਼ਬੂਰ ਰਿਹਾ। ਦੁਨੀਆਂ ਦੇ ਹਰ ਖਿੱਤੇ ਉੱਤੇ ਵਹਿਸ਼ੀਆਨਾ ਸਰੀਰਕ ਬਲ ਦੇ ਧਾਰਨੀ ਕੁਝ ਕੁ ਲੋਕ ਆਮ ਲੋਕਾਂ ਅਤੇ ਤਾਨਾਸ਼ਾਹੀ ਤਰੀਕੇ ਨਾਲ ਕਬੀਲਾਈ ਮਾਨਸਿਕਤਾ ਵਾਲਾ ਰਾਜ ਪ੍ਰਬੰਧ ਚਲਾਉਂਦੇ ਰਹੇ। ਜੇ ਕਿਸੇ ਅਜਿਹੇ ਰਾਜ ਪ੍ਰਬੰਧ ਨੂੰ ਕਿਸੇ ਅਜਿਹੇ ਰਾਜ ਪ੍ਰਬੰਧ ਨੂੰ ਕਿਸੇ ਜ਼ਾਬਤੇ ਅਥਵਾ ਵਿਧਾਨ ਦੇ ਤਹਿਤ ਚਲਾਉਣ ਦੀ ਗੱਲ ਤੁਰੀ ਵੀ ਤਾਂ ਸ਼ਾਸਤ ਲੋਕਾਂ ਨੇ ਆਮ ਮਨੁੱਖ ਅਤੇ ਆਪਣੀ ਧਿੰਗੋਜ਼ੋਰੀ ਪਕੜ ਬਣਾਈ ਰੱਖਣ ਲਈ 'ਮਨੂ ਸਿਮ੍ਰਤੀ' ਵਰਗਾ ਵਿਧਾਨ ਘੜ ਮਾਰਿਆ। ਇਸ ਅਣਮਨੁੱਖੀ ਗ੍ਰੰਥ ਨੂੰ ਧਰਮੀ ਰਾਜ ਪ੍ਰਬੰਧ ਦਾ ਵਿਧਾਨ ਦੱਸ ਕੇ ਸਦੀਆਂ ਤੱਕ ਤਾਨਾਸ਼ਾਹੀ ਜ਼ੁਲਮ ਜਾਰੀ ਰੱਖੇ। ਪੱਛਮੀ ਦੇਸ਼ਾਂ ਵਿਚ ਜਨਮੇ ਇਸਲਾਮਕ ਅਤੇ ਹੋਰ ਰਾਜ ਪ੍ਰਬੰਧ ਵੀ ਲਗਭਗ ਇਹੋ ਜਿਹੀਆਂ ਅਣਮਨੁੱਖੀ ਵਿਉਂਤਾ ਦੇ ਤਹਿਤ ਹੀ ਘੜੇ ਗਏ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਜੋ ਰਾਜ ਪ੍ਰਬੰਧ ਇਸ ਭਾਰਤ ਕਹਾਉਂਦੇ ਖਿੱਤੇ ਉੱਤੇ ਲਾਗੂ ਰਿਹਾ, ਉਸ ਦਾ ਵਰਣਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰੂ ਪਾਤਸ਼ਾਹ ਦੀ ਆਪਣੀ ਹੀ ਉਚਾਰੀ ਇਲਾਹੀ ਬਾਣੀ ਤੋਂ ਝਲਕ ਪੈਂਦਾ ਹੈ।

 ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਸ ਗੁਸਾਈ।

 ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਾਉ ਖਾਈ।

ਸਤਿਗੁਰੂ ਨਾਨਕ ਪਾਤਸ਼ਾਹ ਨੇ 'ਧਰਤਿ ਲੁਕਾਈ' ਦੇ ਤਾਰਨ ਹਿੱਤ ਕੀਤੇ ਆਪਣੇ ਕਾਰਜ ਵਿੱਚ ਕਿਸੇ 'ਨਿਰੇਪੁਰੇ' ਮਨੋਕਲਪਤ ਪਰਲੋਕ ਨੂੰ ਸੁਹੇਲਾ ਕਰਨ ਦਾ ਕੰਮ ਨਹੀਂ ਕੀਤਾ ਸਗੋਂ ਸਦੀਆਂ ਤੋਂ ਲਿਤਾੜੇ ਆਮ ਲੋਕਾਂ ਦਾ 'ਲੋਕ ਸੁਖੀਆ ਪਰਲੋਕ ਸੁਹੇਲਾ' ਕਰਨ ਦਾ 'ਮਾਰਗ ਪੰਥ' ਸਿਰਜ ਕੇ ਆਪਣੇ ਅਗਲੇਰੇ ਦਸ ਜਾਮਿਆਂ ਤੱਕ ਉਸ ਮਿੱਥੇ ਮਾਰਗ ਉੱਤੇ ਚੱਲਦਿਆਂ ਲੋਕ-ਜੀਵਨ ਦੇ ਦੋਹਾਂ ਪੱਖਾਂ ਨੂੰ ਸੁਹੇਲਾ ਕਰਨ ਦਾ ਧੁਰਾ ਬੰਨ੍ਹਿਆ। ਬਾਬਰ ਨੂੰ ਜ਼ਾਬਤ ਕਹਿ ਕੇ ਅਤੇ ਬਾਬਰ ਦੀ ਫੌਜ਼ ਨੂੰ ਪਾਪ ਕੀ ਜੰਞ ਕਹਿ ਕੇ ਤਾਨਾਸ਼ਾਹੀ ਰਾਜ ਪ੍ਰਬੰਧ ਦੇ ਵਿਰੁੱਧ  ਇਨਕਲਾਬ ਦਾ ਨਾਅਰਾ ਬੁਲੰਦ ਕੀਤਾ। ਇਸ ਅਣਮਨੁੱਖੀ ਰਾਜ ਪ੍ਰਬੰਧ ਨੂੰ ਤੋੜਨ ਦਾ ਅਵਾਜ਼ਾ ਦੇਣ ਦੇ ਨਾਲ-ਨਾਲ, ਉਸ ਸੱਚੇ ਰਾਜ ਪ੍ਰਬੰਧ ਨੂੰ ਸਿਰਜਣ ਦਾ ਅਕਾਲੀ ਕਾਰਜ ਵੀ ਕੀਤਾ। ਜਿਸ ਨੂੰ 'ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ' ਦੀ ਉਪਮਾ ਨਾਲ ਚੇਤੇ ਕੀਤਾ ਜਾਂਦਾ ਹੈ। ਮਨੂੰ ਸਿਮ੍ਰਤੀ ਦੇ ਬਣਾਏ ਅਣਮਨੁੱਖੀ ਜ਼ਾਬਤੇ ਦੀਆਂ ਧੱਜੀਆਂ ਉਡਾਉਂਦਿਆਂ ਗੁਰੂ ਬਾਬੇ ਨੇ ਆਪਣੇ ਸਮੇਂ-ਕਾਲ ਦੀਆਂ ਦੋਹਾਂ ਅਣਮਨੁੱਖੀ ਤਾਕਤਾਂ ਇਸਲਾਮ ਅਤੇ ਬ੍ਰਾਹਮਣੀ ਨਿਜ਼ਾਮ ਨੂੰ ਚੁਣੌਤੀ ਦੇ ਕੇ ਲੋਕ-ਹਿੱਤ ਵਾਲੇ ਰਾਜ ਪ੍ਰਬੰਧ ਦੀ ਨੀਂਹ ਰੱਖਣ ਦਾ ਕੰਮ ਆਰੰਭ ਕੀਤਾ। ਸਮੇਂ-ਕਾਲ ਦੇ ਚੱਲਦਿਆਂ ਤਾਨਾਸ਼ਾਹੀ ਰਾਜ ਪ੍ਰਬੰਧਾਂ ਦਾ ਇਸ ਧਰਤੀ ਤੋਂ ਤਕਰੀਬਨ ਖੁਰਾ-ਖੋਜ ਮਿੱਟ ਚੁੱਕਿਆ ਹੈ। ਅਤੇ ਅੱਜ ਅਸੀਂ ਇਕ ਲੋਕਤੰਤਰੀ ਰਾਜ ਪ੍ਰਣਾਲੀ ਵਿਚ ਜੀਉਂਦੇ ਰਹੇ ਹਾਂ। ਆਪਣੇ ਹਾਕਮ ਆਪ ਚੁਣਨ ਦਾ ਸਾਨੂੰ ਹੱਕ ਪ੍ਰਾਪਤ ਹੈ। ਵਰ੍ਹਿਆਂ ਬੱਧੀ ਨਾ ਸਿਰਫ਼ ਦੇਸ਼ ਵਿਚ ਬਲਕਿ ਸਿੱਖ ਸੰਸਥਾਵਾਂ ਵਿਚ ਵੀ ਇਸ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਅ ਕੇ ਅਸੀਂ ਆਪਣੇ ਆਗੂਆਂ ਦੀ ਚੋਣ ਕਰਦੇ ਹਾਂ। ਬਹੁਗਿਣਤੀ ਦੇ ਸਿਧਾਂਤ ਅਤੇ ਆਧਾਰਤ ਇਹ ਲੋਕਤੰਤਰੀ ਪ੍ਰਣਾਲੀ ਦੀ ਸਿਰਜਨਾ, ਤਾਨਾਸ਼ਾਹੀ ਨਿਜ਼ਾਮ ਦੇ ਜ਼ੁਲਮ ਤੋਂ ਨਿਜ਼ਾਤ ਦੁਆਉਣ ਦੇ ਉਸ ਮੂਲ ਉਦੇਸ਼ ਨੂੰ 'ਕਿਤਨਾ ਕੁ ਪੂਰਾ ਕਰਦੀ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਲੋਕਤੰਤਰੀ ਕਹਾਉਂਦੀ ਵੋਟਤੰਤਰੀ ਪ੍ਰਣਾਲੀ ਨੇ ਸਾਨੂੰ ਜੋ ਕੁਝ ਦਿੱਤਾ ਹੈ, ਉਹ ਸਾਡੇ ਸਾਹਮਣੇ ਹੈ ਹੀ।

ਸਾਡੇ ਹੀ ਚੁਣੇ ਹੋਏ ਹਾਕਮਾਂ ਨੇ ਸਾਡੇ ਜੀਵਨਾਂ ਨੂੰ ਜੋ ਦਿੱਤਾ ਹੈ, ਉਸ ਨੂੰ ਦੇਖਦਿਆਂ ਤਾਂ ਇੰਜ ਜਾਪਦਾ ਹੈ ਕਿ ਸ਼ਾਇਦ ਅੱਜ ਦੇ ਇਨ੍ਹਾਂ ਹਾਲਾਤਾਂ ਤੋਂ ਤਾਂ ਤਾਨਾਸ਼ਾਹੀ ਰਾਜ ਪ੍ਰਬੰਧ ਹੀ ਠੀਕ ਸੀ।

ਅਜੋਕੇ ਸਮੇਂ ਵਿੱਚ ਅੱਜ ਫਿਰ ਸਾਡੇ ਇਹ ਸੋਚਣਾ ਲਾਜ਼ਮੀ ਬਣ ਜਾਂਦਾ ਹੈ ਕਿ ਗੁਰੂ-ਪਾਤਸ਼ਾਹ ਨੇ ਉਸ ਤਾਨਾਸ਼ਾਹੀ ਰਾਜ ਪ੍ਰਬੰਧ ਵਿਰੁੱਧ ਜੋ ਇਨਕਲਾਬੀ ਆਵਾਜ਼ ਬਲੁੰਦ ਕੀਤਾ ਤਾਂ ਫਿਰ ਅਖੀਰ ਉਸ ਰਾਜ-ਪ੍ਰਬੰਧ ਨੂੰ ਤੋੜ ਕੇ ਕਿਹੋ ਜਿਹਾ ਪ੍ਰਬੰਧ ਦੇਣ ਦਾ ਧੁਰਾਂ ਬੰਨ੍ਹਿਆ?

ਕੀ ਉਹ ਪ੍ਰਬੰਧ ਅੱਜ ਦਾ ਪ੍ਰਚਲਤ 'ਲੋਕਤੰਤਰ' ਹੀ ਹੈ ਜਾਂ ਕੁਝ ਹੋਰ? ਇਸ ਸਵਾਲ ਅਤੇ ਜਵਾਬ ਨੂੰ ਲੱਭਣ ਲਈ ਸਾਨੂੰ ਆਪਣੇ ਪਿਆਰੇ ਪ੍ਰੀਤਮ ਨਾਨਕ ਦੀ ਬਾਣੀ ਦੇ ਨਾਲ-ਨਾਲ ਗੁਰੂ-ਇਤਿਹਾਸ ਉੱਤੇ ਵੀ ਝਾਤ ਮਾਰਨੀ ਪਵੇਗੀ। ਅੱਜ ਦੇ ਇਸ ਪ੍ਰਚੱਲਤ ਲੋਕਤੰਤਰ (ਅਸਲ ਵਿੱਚ ਵੋਟਤੰਤਰ) ਦੇ ਲੋਕ-ਹਿੱਤ ਦੇ ਕਾਰਜ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਜਾਣ ਦੇ ਮੁੱਖ ਕਾਰਨ ਇਹ ਹੋ ਸਕਦੇ ਹਨ-

1. ਸਦੀਆਂ ਤੋਂ ਅਨਪ੍ਹੜਤਾ ਅਤੇ ਅਗਿਆਨਤਾ ਵਿਚ ਗ੍ਰਸਤ ਬਹੁਗਿਣਤੀ ਨੂੰ ਸਹੀ-ਗਲਤ ਦੀ ਪਛਾਣ ਹੀ ਨਹੀਂ।

 2. ਸਦੀਆਂ ਦੀ ਗੁਲਾਮੀ, ਜਾਤ-ਪਾਤੀ ਪ੍ਰਬੰਧ, ਕੁਰਬਾਪ੍ਰਸਤੀ ਦੀ ਸੋਚ ਤੋਂ ਆਮ ਲੋਕਾਂ ਦੀ ਮਾਨਸਿਕਤਾ ਹਾਲੀ ਉੱਭਰ ਨਹੀਂ ਸਕੀ।

ਐਸੇ ਹਾਲਾਤਾਂ ਵਿੱਚ ਵੋਟਤੰਤਰ ਪ੍ਰਣਾਲੀ ਸਾਨੂੰ ਹੋਰ ਦੇ ਵੀ ਕੀ ਸਕਦੀ ਸੀ?

ਗੁਰੂ ਬਾਬੇ ਨੇ ਅਖ਼ੀਰ ਐਸਾ ਕਿਹੜਾ ਰਾਜ ਪ੍ਰਬੰਧ ਸਿਰਜਣ ਦੀ ਗੱਲ ਕੀਤੀ ਸੀ ਜਿਹੜੀ ਕਿ ਅੱਜ ਦੇ ਹਾਲਾਤਾਂ ਤੋਂ ਸਾਨੂੰ ਉਭਾਰ ਕੇ ਸਾਡਾ ਲੋਕ ਸੁਖੀਆ ਬਣਾ ਦੇਵੇ ਅਤੇ ਇਸ ਲੋਕ ਸੁਖੀਏ ਵਿੱਚ ਰਹਿੰਦੀਆਂ ਪ੍ਰਭੂ-ਭਗਤੀ ਰਾਹੀ ਅਸੀਂ ਆਪਣਾ ਲੋਕ ਪ੍ਰਲੋਕ ਵੀ ਸੁਹੇਲਾ ਕਰ ਲਈਏ?

ਉਹ ਪ੍ਰਬੰਧ ਸੀ-  

ਤਖਤਿ ਬਹੈ ਤਖਤੈ ਕੀ ਲਾਇਕ॥

ਹੁਣ ਸਵਾਲ ਇਹ ਹੈ ਕਿ 'ਲਾਇਕ' ਦੀ ਪਰਿਭਾਸ਼ਾ ਹੋਈ ਭਲਾ? ਸੋ ਲਾਇਕ ਦੀ ਦੇਣ ਗੁਰੂ ਬਾਬੇ ਨੇ ਆਪ ਆਪਣੇ ਤਖ਼ਤ ਦੀ ਮਲਕੀਅਤ ਲਹਿਣੇ ਨੂੰ ਸੌਂਪ ਪ੍ਰਤੱਖ ਕਰ ਦਿਖਾਈ ਅਤੇ ਇਹੀ ਵਿਵਸਥਾ ਲਹਿਣਿਓਂ ਅੰਗਦ ਹੋਏ ਦੂਸਰੇ ਪਾਤਸ਼ਾਹ ਨੇ ਅਪਣਾਅ ਕੇ (ਗੁਰੂ) ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਸੌਂਪੀ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾਇਆ। ਇਹੀ ਸਿਧਾਂਤ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਤੱਕ ਤੁਰਿਆ ਆਉਂਦਾ ਹੈ।

ਇਹ ਚੋਣ ਅਖੀਰ ਹੋਈ ਕਿਵੇਂ? ਕੀ ਵੋਟਾਂ ਪੁਆ ਕੇ ਹੋਈ? ਕੀ ਕਿਸੇ ਅਖੌਤੀ ਬਹੁ-ਗਿਣਤੀ ਦੀ ਸੰਮਤੀ ਨਾਲ ਹੋਈ ਜਾਂ ਇਸ ਦਾ ਕਾਰਨ ਕੁਝ ਹੋਰ ਸੀ? ਸਾਰੇ ਸੁਆਲਾਂ ਦਾ ਇਕੋ ਜੁਆਬ ਹੈ, ''ਇਹ ਚੋਣ ਹੋਈ ਗੁਣਾਂ ਦੇ ਆਧਾਰ ਉੱਤੇ।" ਇਸ ਚੋਣ ਵਿਧੀ ਨੂੰ ਗੁਰੂ ਨਾਨਕ ਦੇ ਗੁਣਤੰਤਰ ਦਾ ਵਿਧਾਨ/ਸਿਧਾਂਤ ਕਹਿ ਲਵੋ। ਅਜੋਕੇ ਯੁੱਗ ਵਿੱਚ ਜੇ ਕਿਸੇ ਦਫ਼ਤਰ ਵਿਚ ਚਪੜਾਸੀ ਵੀ ਲੱਗਦਾ ਹੋਵੇ ਤਾਂ ਪੁੱਛਦੇ ਹਾਂ ਕਿ ਪੜ੍ਹਾਈ ਕਿੰਨੀ ਕੀਤੀ ਹੈ? ਚਪੜਾਸੀ ਲੱਗਣ ਲਈ ਗੱਟੋ ਘੱਟ ਯੋਹਤਾ ਮੈਟ੍ਰਿਕ/ਇੰਟਰ ਮੰਗਦੇ ਹਨ। ਇਸੇ ਪ੍ਰਕਾਰ ਕਲਰਕ ਤੋਂ ਲੈ ਕੇ ਨੌਕਰਸ਼ਾਹੀ ਤੱਕ ਪੜ੍ਹਾਈ ਦੀ ਵੱਖ-ਵੱਖ ਯੋਗਤਾ ਲਾਜ਼ਮੀ ਹੈ। ਲੇਕਿਨ ਸਦ ਅਫ਼ਸੋਸ ਕਿ 'ਕਿਸੇ ਰਾਜ ਪ੍ਰਬੰਧ ਦਾ ਮੁੱਖੀ' ਮੰਤਰੀ, ਦਰਬਾਰੀ (ਅਜੋਕੇ ਲਫ਼ਜ਼ਾਂ ਵਿਚ ਐਮ ਪੀ, ਐਮ ਐਲ ਏ, ਮਨੀਸਟਰ) ਹੋਣ ਲਈ ਕੋਈ ਯੋਗਤਾ ਲਾਜ਼ਮੀ ਨਹੀਂ।

ਅਜਿਹੀ ਹੀ ਹਾਲਤ ਸਾਡੇ ਸਿੱਖਾਂ ਦੀ ਵੀ ਹੈ। ਕਿਤੇ ਰਾਗੀ। ਢਾਡੀ, ਪ੍ਰਚਾਰਕ, ਗ੍ਰੰਥੀ ਲੱਗਣਾ ਹੋਵੇ ਤਾਂ ਲਿਆਓ ਜੀ ਮਿਸ਼ਨਰੀ ਡਿਪਲੋਮਾ ਕਿਸੇ ਡੇਰੇ-ਟਕਸਾਲ ਦਾ ਸਰਟੀਫਿਕੇਟ! ਲੇਕਿਨ ਗੁਰਦੁਆਰੇ ਦਾ ਪ੍ਰਧਾਨ, ਸਕੱਤਰ, ਮੈਂਬਰ ਬਣਨਾ ਹੋਵੇ ਤਾਂ ਭਾਵੇਂ ਅੰਗੂਠਾ ਲਾਉਣ ਦਾ ਵੀ ਪਤਾ ਨਾ ਹੋਵੇ ਕਿ ਸੱਜੇ ਹੱਥ ਦਾ ਲਾਉਣਾ ਹੈ ਕਿ ਖੱਬੇ ਹੱਥ ਦਾ! ਇਹੀ ਕਾਰਨ ਹੈ ਕਿ ਸਾਡੇ ਅੱਜ ਦੇ ਦੁਖਾਂਤ ਦਾ!

ਇਹ ਇਕ ਬਹੁਤ ਹੀ ਵਿਵਸਥਾ ਵਿਸ਼ਾ ਬਣਾ ਸਕਦਾ ਹੈ ਕਿ ਅਖੀਰ ਸਮਾਜ ਦੇ ਪ੍ਰਬੰਧ ਨੂੰ ਚਲਾਉਣ ਲਈ ਰਾਜ ਪ੍ਰਬੰਧ ਦੇ ਕਿਹੜੇ ਹਿੱਸੇ ਵਿੱਚ ਕਿਸ ਪ੍ਰਕਾਰ ਦੇ ਗੁਣਾਂ/ਯੋਗਤਾ ਵਾਲੇ ਸਖਸ ਨੂੰ ਚਣਿਆ ਜਾਵੇ ਅਤੇ ਕਿਵੇਂ ਚੁਣਿਆ ਜਾਵੇ? ਅਸੀਂ ਹਾਲ ਦੀ ਘੜੀ ਸਿਰਫ਼ ਸਿੱਖ ਸੰਸਥਾ ਵਿੱਚ 'ਗੁਰੂ ਨਾਨਕ ਦਾ ਗੁਣਤੰਤਰ' ਲਾਗੂ ਕਰਕੇ ਦੁਨੀਆਂ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੇ ਉਸ ਸੱਚੇ ਰਾਜ ਪ੍ਰਬੰਧ ਦਾ ਰੋਲ-ਮਾਡਲ ਪੇਸ਼ ਕਰ ਸਕਦੇ ਹਾਂ ਅਤੇ ਇਹ ਕਰਨਾ ਵੀ ਚਾਹੀਦਾ ਹੈ।

ਗੁਰੂ ਬਾਬੇ ਨੇ ਜਿੱਥੇ ਕਿਤੇ ਵੀ ਕਿਸੇ ਪ੍ਰਚਲਤ ਵਿਵਸਥਾ ਦਾ ਖੰਡਨ ਕੀਤਾ ਹੈ, ਉੱਥੇ ਉਸ ਦੀ ਥਾਂ ਸਹੀ ਵਿਵਸਥਾ ਦਾ ਉਪਦੇਸ਼ ਵੀ ਦਿੱਤਾ ਹੈ। ਜੇ ਬ੍ਰਾਹਮਣੀ ਜਨੇਊ ਦੇ ਸੁਤ ਧਾਗੇ ਨੂੰ ਪਾਖੰਡ ਕਰਾਰ ਦਿੱਤਾ ਹੈ ਤਾਂ ਉਸ ਦੇ ਨਾਲ ਹੀ ਦਇਆ। ਸੰਤੋਖ, ਜਤ, ਸਤ ਦੇ ਗੁਣਾਂ ਦਾ ਧਾਰਨੀ ਹੋਣ ਦਾ ਉਪਦੇਸ਼ ਵੀ ਜੁੜਿਆ ਹੈ। ਮਿਹਰ ਦੀ ਮਸੀਤ ਅਤੇ ਸਿਦਕ ਦਾ ਮੁਸੱਲਾ ਧਾਰਨ ਕਰਨ ਦੀ ਸਿੱਖਿਆ ਦੇਣੀ ਗੁਰੂ ਬਾਬੇ ਦੇ ਗੁਣਤੰਤਰ ਦਾ ਬੀਜ ਮੰਤਰ ਹੈ, ਆਪਣੇ ਪਿਆਰੇ ਗੁਰਸਿੱਖਾਂ ਨੂੰ-

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥

ਅਤੇ

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥

ਦਾ ਪ੍ਰੇਮ ਸੁਨੇਹਾ ਗੁਣਾਂ ਦੇ ਧਾਰਨੀ ਮਨੁੱਖਾਂ ਦਾ ਨਿਵਕੇਲਾ ਸਮਾਜ ਸਿਰਜਣ ਲਈ ਹੀ ਦਿੱਤਾ ਗਿਆ ਸੀ ਅਜਿਹੇ ਸਮਾਜ ਵਿੱਚ ਭਲਾ ਗੁਣਾਂ ਤੋਂ ਸੱਖਣੇ ਆਗੂਆਂ ਦੀ ਕੀ ਥਾਂ ਹੋ ਸਕਦੀ ਹੈ? ਅਤੇ ਕੀ ਗੁਣ ਵਿਹੂਣੇ ਅੰਨ੍ਹੇ ਆਗੂ, ਸਮਾਜ ਨੂੰ ਵੀ ਗੁਣਹੀਣ ਅੰਧਲੇ ਮਾਰਗ ਵੱਲ ਨਹੀਂ ਧੱਕ ਦੇਣਗੇ? ਸੋ ਅਖ਼ੀਰ ਸੋਚਣਾ ਇਹ ਹੈ ਕਿ ਆਗੂ ਕਿਹੋ ਜਿਹੇ ਹੋਵਣ? ਕਿਹੜੇ ਗੁਣਾਂ ਦੇ ਧਾਰਨੀ ਹੋਵਣ? ਆਪਣੀ ਅਸਲੀ ਜੀਵਨ ਵਿੱਚ ਕਿਹੋ ਜਿਹੇ ਵਰਤਾਰਾ ਰੱਖਦੇ ਹੋਵਣ? ਅਤੇ ਗੁਣਾਂ ਦੇ ਧਾਰਨੀ ਇਨ੍ਹਾਂ 'ਗੁਣਵਾਨ ਆਗੂਆਂ' ਦੀ ਚੋਣ ਕਿਵੇਂ ਹੋਵੇ?

ਇਕ ਆਗੂ ਦੇ ਗੁਣਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਦੂਰ-ਦ੍ਰਿਸ਼ਟੀ ਈਮਾਨਦਾਰੀ, ਗੁਰਮਿਤ ਸਿਧਾਂਤਕ ਸਪੱਸ਼ਪਟਾ, ਨਿਰਭੈਤਾ, ਨਿਰਵੈਰਤਾ, ਨਿਮਰਤਾ, ਸੱਚ-ਆਚਾਰ ਇਤਿਆਦ ਗੁਣ ਹੋਵੇ ਚਾਹੀਦੇ ਹਨ ਅਤੇ ਇਹੋ ਜਿਹੇ ਆਗੂਆਂ ਨੂੰ ਚੁਣਨ ਲਈ ਸਾਡੇ ਮੌਜੂਦਾ ਵੋਟਤੰਤਰੀ ਪ੍ਰਣਾਲੀ ਵਿੱਚ ਕੁਝ ਸੋਧਾਂ ਕਰਕੇ ਅਤੇ ਗੁਣ-ਵਿਹੂਣੇ ਲੋਕਾਂ ਨੂੰ ਕਿਸੇ ਤਰੀਕੇ ਚੋਣ ਲੜਨ ਦੇ ਅਧਿਕਾਰ ਤੋਂ ਵੰਚਿਤ ਕਰਕੇ ਇਸ ਪਾਵਨ ਕਾਰਜ ਦੀ ਆਰੰਭਿਤਾ ਕੀਤੀ ਜਾ ਸਕਦੀ ਹੈ। ਭਵਿੱਖ ਵਿੱਚ ਏਸੇ ਪ੍ਰਚਾਰ ਅੱਗੇ ਵਧਦਿਆਂ ਗੁਰਮਿਤ ਦੀ ਪੰਚ-ਪ੍ਰਧਾਨੀ ਗੁਣਤੰਤਰ ਆਧਾਰਤ ਵਿਵਸਥਾ ਨੂੰ ਲਾਗੂ ਕਰਨ ਦਾ ਪ੍ਰੋਗਰਾਮ ਵੀ ਲਾਗੂ ਕਰਨ, ਕੋਈ ਬਹੁਤਾ ਬਿਖਮ, ਭਾਵ ਅਸੰਭਵ ਕਾਰਜ ਨਹੀਂ ਹੋਵੇਗਾ।