rozanajanchetna@gmail.com20112020.

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:76, ਸ਼ੁਕਰਵਾਰ, 20 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜ, ਜਿਸ ਵਿਚ ਅਸੀਂ ਰਹਿੰਦੇ ਹਾਂ, ਗਤੀਸ਼ੀਲ ਹੈ ਅਤੇ ਲਗਾਤਾਰ ਬਦਲਦਾ ਰਹਿੰਦਾ ਹੈ ਇਸ ਦੇ ਰਸਮੋ-ਰਿਵਾਜ, ਮਾਨਤਾਵਾਂ, ਸੰਸਥਾਵਾਂ ਸਭ ਵਿਚ ਤਬਦੀਲੀ ਆਉਂਦੀ ਹੈ ਅਤੇ ਇਸ ਤਬਦੀਲੀ ਦੀ ਦਿਸ਼ਾ ਸਦਾ ਨਵੀਨਤਾ ਵਲ ਹੀ ਰਹਿੰਦੀ ਹੈ ਪਰ ਇਹ ਤਬਦੀਲੀ ਏਨੀ ਹੌਲੀ ਅਤੇ ਸੁਭਾਵਕ ਹੁੰਦੀ ਹੈ ਕਿ ਇਸ ਦਾ ਅਹਿਸਾਸ ਤਕ ਨਹੀਂ ਹੁੰਦਾ ਸਮਾਜ ਵਿਚ ਲਗਾਤਾਰ ਹੁੰਦੀ ਤਬਦੀਲੀ ਦੀ ਹੌਲੀ ਰਫਤਾਰ ਦਾ ਕਾਰਣ ਇਸ ਦਾ ਸਭਿਆਚਾਰ ਹੁੰਦਾ ਹੈ ਸਾਡੇ ਸਭਿਆਚਾਰ ਦਾ ਪਤਾ ਸਾਡੀਆਂ ਆਦਤਾਂ ਤੋਂ ਲਗਦਾ ਹੈ ਅਤੇ ਆਦਤਾਂ ਬਦਲਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਹਨ ਅਤੇ ਸਮਾਂ ਲੈਂਦੀਆਂ ਹਨ ਸਮਾਜਕ ਸਰਗਰਮੀਆਂ ਵਿਚ ਹਿੱਸਾ ਲੈਣਾ ਅਤੇ ਲੁੜੀਂਦੀਆਂ ਤਬਦੀਲੀਆਂ ਲਈ ਯਤਨ ਕਰਨਾ ਵਿਕਾਸ ਦਾ ਹਿੱਸਾ ਹੈ ਪਰ ਤਤਕਾਲ ਨਤੀਜਿਆਂ ਦੀ ਉਮੀਦ ਨਹੀਂ ਰਖਣੀ ਚਾਹੀਦੀ ਅੰਬ ਦਾ ਜਿਹੜਾ ਬੂਟਾ ਤੁਸੀਂ ਲਾਉਗੇ, ਉਸ ਦਾ ਫਲ  ਤੁਹਾਡੇ ਪੋਤਰਿਆਂ ਦੋਹਤਰਿਆਂ ਨੂੰ ਹੀ ਨਸੀਬ ਹੋਣਾ ਹੈ

  ਪੰਜਾਬ ਦਾ ਇਤਿਹਾਸ-9.

ਮਈ ਦੇ ਅਖੀਰ ਵਿੱਚ ਪਹੁੰਚਿਆ ਸਿਕੰਦਰ ਲਗਾਤਾਰ ਅਗਸਤ ਦੇ ਮਹਿਨੇ ਤੱਕ ਜਿਹਲਮ ਦੇ ਕੰਢੇ ਉਤੇ ਹੀ ਬੈਠਾ ਰਿਹਾ। ਉਸ ਦਾ ਡੇਰਾ ਸ਼ਹਿਰ ਜਿਹਲਮ ਖਾਸ ਵਿਖੇ ਸੀ। ਜਦੋਂ ਸਿਕੰਦਰ ਦਾ ਪੋਰਸ ਦੇ ਸਾਹਮਣਿਓ ਜਿਹਲਮ ਪਾਰ ਕਰਨ ਦਾ ਹੌਸਲਾ ਨਾ ਪਿਆ ਤਾਂ ਉਸ ਨੇ ਧੋਖੇ ਨਾਲ, ਆਪਣੀ ਥਾਂ ਤੇ ਆਪਣਾ ਹਮਸ਼ਕਲ ਬਿਠਾ ਕੇ ਸ਼ਹਿਰ ਜਿਹਲਮ ਤੋਂ ਸਤਾਰਾਂ ਕਿਲੇਮੀਟਰ ਦੂਰ ਜਾ ਕੇ ਇਕ ਐਸੇ ਮੋੜ ਤੋਂ ਦਰਿਆ ਪਾਰ ਕੀਤਾ ਜਿਥੋਂ ਕੋਈ ਸੋਚ ਵੀ ਨਹੀਂ ਸਕਦਾ ਸੀ। ਸਿਕੰਦਰ ਦੇ ਦਰਿਆ ਪਾਰ ਕਰਨ ਸਮੇਂ ਪੋਰਸ ਦਾ ਵੱਡਾ ਪੁੱਤਰ ਉਸ ਉਤੇ ਝਪਟ ਪਿਆ ਸੀ। ਭਾਵੇਂ ਪੋਰਸ ਦਾ ਪੁੱਤਰ ਇਸ ਜੰਗ ਵਿੱਚ ਮਾਰਿਆ ਗਿਆ ਸੀ ਪਰ ਉਸ ਨੇ  ਸਿਕੰਦਰ ਨੂੰ ਪੋਰਸ ਦੀ ਫੌਜ਼ ਉਪਰ ਅਚਨਚੇਤ ਹਮਲਾ ਕਰਨ ਤੋਂ ਅਸਮਰਥ ਕਰ ਦਿੱਤਾ ਸੀ। ਪੋਰਸ ਨੂੰ ਪਤਾ ਲੱਗਣ ਉਤੇ ਉਸ ਦੀ ਫੌਜ਼ ਸਿਕੰਦਰ ਅਤੇ ਟੁੱਟ ਪਈ ਅਤੇ ਜਿਹਲਮ ਦੇ ਉਰਲੇ ਕੰਢੇ ਉਤੇ ਪੂਰੇ ਘਮਸਾਨ ਦੀ ਗੱੜ-ਗੱਚ ਲੜਾਈ ਹੋਈ। ਇਹ ਲੜਾਈ ਸਿਰਫ ਇਕੋ ਦਿਨ ਹੀ ਹੋਈ ਸੀ, ਪਰ ਇਕੋ ਦੀ ਇਸ ਗੱੜ-ਗੱਚ ਲੜਾਈ ਨੇ ਦੋਹਾਂ ਧਿਰਾਂ ਨੂੰ ਇਤਨਾ ਨਿੱਸਲ ਕਰ ਦਿੱਤਾ ਸੀ ਕਿ ਉਹਨਾਂ ਪਾਸ ਸਿਵਾਏ ਆਪਸੀ ਸਮਝੌਤਾ ਕਰਨ ਤੋਂ ਹੋਰ ਕੋਈ ਚਾਰਾ ਨਹੀਂ ਰਿਹਾ ਸੀ।

  ਸਿੱਖ ਇਤਿਹਾਸ ਵਿਚ ਅੱਜ.

20 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

= ਔਰੰਗਜ਼ੇਬ ਵਲੋਂ ਸਿੱਖਾਂ ਦੀ ਹੋਂਦ ਮਿਟਾਉਣ ਦਾ ਹੁਕਮ (1673 ਈ.),

= ਸ. ਰਵੀਇੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਮਜੀਠਾ ਦੀ ਅਕਾਲ ਤਖਤ ਵਿਖੇ ਪੇਸ਼ੀ (1984 ਈ.)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਸਾਲੇ ''ਗੁਰਦੁਆਰਾ ਗਜਟ" ਅਨੁਸਾਰ ਔਰੰਗਜ਼ੇਬ ਨੇ 20 ਨਵੰਬਰ, 1673 ਨੂੰ ਸਿੱਖਾਂ ਦੀ ਹੋਂਦ ਮਿਟਾਉਣ ਦੇ ਆਦੇਸ਼ ਜਾਰੀ ਕੀਤੇ। ਇਹ ਕਥਨ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਔਰੰਗਜ਼ੇਬ ਦੇ ਤੁਅੱਸਬ ਨਾਲ ਜੋੜਣ ਦੇ ਯਤਨਾਂ ਦਾ ਇਕ ਹਿੱਸਾ ਜਾਪਦਾ ਹੈ। ਇਤਿਹਾਸ ਇਸ ਤੱਥ ਦੀ ਹਾਮੀ ਨਹੀਂ ਭਰਦਾ।

ਮਨੁੱਖੀ ਸਭਿਅਤਾ ਦੇ ਆਰੰਭ ਤੋਂ ਹੀ ਮਨੁੱਖ ਵਿਚ ਹਰ ਚੰਗੀ ਲਗਣ ਵਾਲੀ ਵਸਤੂ ਉਤੇ ਹੱਕ ਜਮਾਉਣ ਦੀ ਰੁੱਚੀ ਰਹੀ ਹੈ। ਕੁਝ ਰੁੱਚੀਆਂ ਕੁਦਰਤ ਨੇ ਜਨਮ ਜਾਤ ਦਿਤੀਆਂ ਹਨ। ਉਨ੍ਹਾਂ ਬਿਨਾਂ ਮਨੁੱਖ ਦੀ ਹੋਂਦ ਕਾਇਮ ਹੀ ਨਹੀਂ ਰਹਿ ਸਕਦੀ। ਜਦ ਤਕ ਇਕੱਲੇ ਦੇ ਸਰੀਰਕ ਬਲ ਦਾ ਜ਼ੋਰ ਚਲਦਾ ਰਿਹਾ, ਮਨੁੱਖਾ ਇਕੱਲਾ ਵੀ ਜੀਊਂਦਾ ਰਿਹਾ ਪਰ ਜਦੋਂ ਸਮੂਹ ਵਿਚ ਬਰਕਤ ਵੇਖੀ ਤਾਂ ਉਸ ਨੇ ਸਾਥੀ ਪਰਿਵਾਰ, ਕੁਨਬਾ, ਜਾਤ, ਇਲਾਕਾ, ਪ੍ਰਦੇਸ਼ ਦੇ ਭੇਦ ਸਿਰਜ ਲਏ ! ਮਕਸਦ ਆਪਣੇ ਆਪ ਨੂੰ ਸਮੂਹ ਨਾਲ ਜੋੜ ਕੇ, ਉਸ ਦਾ ਨੇਤਾ ਬਣ ਕੇ ਆਪਣੇ ਲਈ ਵੱਧ ਤੋਂ ਵੱਧ ਲਾਭ, ਸੁੱਖ ਪ੍ਰਾਪਤ ਕਰਨਾ ਹੀ ਰਿਹਾ ਹੈ। ਧਰਮ ਅਤੇ ਵਿਚਾਰਧਾਰਾ ਵੀ ਸਮੂਹ ਬਨਾਉਣ ਦਾ ਇਕ ਸ਼ਕਤੀਸ਼ਾਲੀ ਆਧਾਰ ਰਿਹਾ ਹੈ। ਇਨ੍ਹਾਂ ਨੂੰ ਲੈ ਕੇ ਮਨੁੱਖਤਾ ਅਨੇਕਾਂ ਧਰਮਾਂ ਵਿਚ ਵੰਡੀ ਗਈ। ਆਪਣੇ ਆਪ, ਆਪਣੇ ਧਰਮ ਨੂੰ ਸਰਵੋਤਮ ਦਰਸਾਉਣ ਲਈ ਪਤਾ ਨਹੀਂ ਹੁਣ ਤਕ ਕਿੰਨੇ ਯਤਨ, ਫਸਾਦ ਹੋਏ ਹਨ। 

ਅਠਵੀਂ ਸਦੀ ਵਿਚ ਜਦੋਂ ਇਸਲਾਮ ਦੀ ਨੀਂਹ ਰਖੀ ਗਈ ਤਾਂ ਇਹ ਛੋਟੇ ਜਿਹੇ ਰੇਗਿਸਤਾਨੀ ਇਲਾਕੇ (ਅਰਬ) ਦੀਆਂ ਮਾਨਤਾਵਾਂ ਉਤੇ ਆਧਾਰਤ ਸੀ। ਇਸ ਨੂੰ ਫੈਲਾਉਣ (ਸ਼ਕਤੀ ਨੂੰ ਆਪਣੇ ਹੱਥਾਂ ਵਿਚ ਕੇਂਦਰਤ ਕਰਨ) ਲਈ ਧਰਮ ਨੂੰ ਰਾਜ ਸੱਤਾ ਨਾਲ ਜੋੜ ਦੇਣ ਦੇ ਯਤਨ ਇਸਲਾਮ ਦੇ ਪੈਰੋਕਾਰਾਂ ਨੇ ਕੀਤੇ। ਦੁਨੀਆਂ ਨੂੰ ਦੋ ਧੜਿਆਂ ਵਿਚ ਵੰਡ ਦਿਤਾ ਗਿਆ: ਇਕ ਪਾਸੇ ਮੋਮਨ ਸਨ ਜੋ ਇਸਲਾਮ ਵਿਚ ਵਿਸ਼ਵਾਸ ਰਖਦੇ ਸਨ, ਹਜ਼ਰਤ ਮੁਹੰਮਦ ਸਾਹਿਬ ਨੂੰ ਪੈਗੰਬਰ ਤਸਲੀਮ ਕਰਦੇ ਸਨ, ਉਨ੍ਹਾਂ ਦੇ ਦਸੇ ਰਸਤੇ ਉਤੇ ਚਲ ਕੇ ਆਪਣੇ ਇਸ ਜਨਮ ਨੂੰ ਵੀ ਸੰਵਾਰਨ ਦੇ ਇਛੁੱਕ ਸਨ ਅਤੇ ਸਵਰਗ ਵਿਚ ਵੀ ਆਨੰਦ ਮਾਨਣਾ ਚਾਹੁੰਦੇ ਸਨ। ਦੂਸਰੇ ਪਾਸੇ ਕਾਫ਼ਰ ਸਨ। ਇਹ ਇਸਲਾਮੀ ਸ਼ਰਾ ਦੀ ਪਾਲਣਾ ਨਹੀਂ ਕਰਦੇ ਸਨ, ਇਸ ਲਈ ਧਰਮ ਵਿਰੋਧੀ ਤਾਂ ਸਨ ਹੀ ਪਰ ਇੰਨ੍ਹਾਂ ਨੂੰ ਇਸਲਾਮ ਵਿਚ ਲਿਆਉਣਾ ਪੁੰਨ ਮੰਨਿਆਂ ਜਾਂਦਾ ਸੀ। ਆਪਣੀਆਂ ਉਪਰੋਕਤ ਮਾਨਤਾਵਾਂ ਨਾਲ ਅੱਠਵੀਂ ਸਦੀ ਈਸਵੀ ਵਿਚ ਸ਼ੁਰੂ ਹੋਇਆ ਇਸਲਾਮ ਅੱਜ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਧਰਮ ਹੈ ਅਤੇ ਇਸ ਨੂੰ ਦੁਨੀਆਂ ਦਾ ਇਕੋ ਇਕ ਧਰਮ ਬਨਾਉਣ ਲਈ ਲਾਦੇਨ ਵਰਗੇ ਕਟੜਪੰਥੀ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਹਨ।

ਇੰਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮੱਧਕਾਲੀਨ ਪੰਜਾਬ ਨਾਲ ਜੋੜ ਕੇ ਸਮੁੱਚੀ ਰਾਜਸੀ, ਆਰਥਿਕ ਅਤੇ ਸਮਾਜਿਕ ਸਥਿਤੀਆਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤਕ ਮੁਸਲਮਾਨ ਆਪਣੇ ਆਪ ਨੂੰ ਪੰਜਾਬ (ਅਤੇ ਭਾਰਤ) ਦੇ ਸੁਭਾਵਕ ਹਾਕਮਾਂ ਵਜੋਂ ਸਥਾਪਤ ਕਰ ਚੁੱਕੇ ਸਨ। ਕਈ ਸੌ ਸਾਲਾਂ ਤਕ ਕੋਈ ਗੈਰ ਮੁਸਲਿਮ ਹਾਕਮ ਵਜੋਂ ਨਜ਼ਰੀ ਨਹੀਂ ਪੈਦਾ ਸੀ। ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ ਸਭ ਕਲਪਨਾ ਦੀ ਉਡਾਰੀ ਦਾ ਹਿੱਸਾ ਬਣ ਚੁੱਕੇ ਸਨ। ਸੰਜੋਗਤਾ ਦੇ ਸਵੰਬਰ ਦੀਆਂ ਕਹਾਣੀਆਂ ਪੜ੍ਹ ਸੁਣ ਕੇ ਰਸ ਲਿਆ ਜਾ ਸਕਦਾ ਸੀ ਪਰ ਜ਼ਮੀਨੀ ਯਥਾਰਥ ਵਿਚ ਮੁਸਲਮਾਨ ਹਾਕਮ ਸਨ, ਜਨਤਾ ਦੀ ਬਹੁਗਿਣਤੀ ਵੀ ਮੁਸਲਮਾਨ ਬਣ ਚੁੱਕੀ ਸੀ। ਗੈਰ ਮੁਸਲਿਮ (ਇੰਨ੍ਹਾਂ ਨੂੰ ਪੰਜਾਬ ਅਤੇ ਲਾਗਲੇ ਇਲਕਿਆਂ ਵਿਚ ਹਿੰਦੂ ਕਿਹਾ ਜਾ ਸਕਦਾ ਹੈ) ਇਸ ਹੋਣੀ ਨੂੰ ਪ੍ਰਵਾਨ ਕਰ ਚੁੱਕੇ ਸਨ। ਨਾਨਕਬਾਣੀ ਵਿਚੋਂ ਸਾਨੂੰ ਸਪਸ਼ਟ ਤਸਵੀਰ ਦਿਖਾਈ ਦਿੰਦੀ ਹੈ ਕਿ ਹਿੰਦੂਆਂ ਨੇ ਮੁਸਲਿਮ ਸਭਿਆਚਾਰ ਨੂੰ ਅਪਨਾ ਲਿਆ ਸੀ :

ਗਊ ਬਿਰਾਹਮਣ ਕਉ ਕਰ ਲਾਵਹੁ

ਗੋਬਰਿ ਤਰਣੁ ਨ ਜਾਈ ॥

ਧੋਤੀ ਟਿਕਾ ਤੇ ਜਪਮਾਲੀ

ਧਾਨ ਮਲੇਛਾ ਖਾਈ ॥

ਅੰਤਰਿ ਪੂਜਾ ਪੜਹਿ ਕਤੇਬਾ

ਸੰਜਮ ਤੁਰਕਾ ਭਾਈ ॥

(ਗੁ. ਗ੍ਰੰ. ਸਾ., ਅੰਕ : 471)

ਇਸ ਸਥਿਤੀ ਨੂੰ ਭਾਰਤ ਦਾ ਇਸਲਾਮੀਕਰਨ ਵੀ ਕਿਹਾ ਜਾ ਸਕਦਾ ਹੈ। ਇਸ ਸਥਿਤੀ ਵਿਚ ਵੀ ਜੇ ਹਿੰਦੂ ਆਪਣੇ ਸਭਿਆਚਾਰ ਨੂੰ ਬਚਾ ਸਕੇ ਤਾਂ ਇਸ ਦਾ ਕਾਰਣ ''ਬਿਪਰਵਾਦੀ" ਨੀਤੀ ਸੀ। ਵੇਦਾਂ ਤੋਂ ਸ਼ੁਰੂ ਹੋ ਕੇ ਵੇਖ ਲਉ, ਹੁਣ ਤਕ ਇਹੋ ਜਿਹਾ ਕੋਈ ਵਿਅਕਤੀ , ਕੋਈ ਧਰਮ, ਕੋਈ ਵਿਚਾਰ ਅਜਿਹਾ ਨਹੀਂ ਪੈਦਾ ਹੋਇਆ ਜਿਸ ਨੂੰ ਹਿੰਦੂ ਸਮਾਜ ਨੇ ਆਪਣੇ ਅੰਦਰ ਨਹੀਂ ਸਮੋ ਲਿਆ। ਇਹ ਉਹ ਸਮਾਜ ਹੈ ਜਿਸ ਵਿਚ ਅਜਿਹੇ ਲੋਕ ਹਨ ਜਿਹੜੇ ਮੂੰਹ ਬੰਨੀ ਫਿਰਦੇ ਹਨ ਤਾਕਿ ਕੋਈ ਜੀਵ ਸਾਹ ਰਾਹੀਂ ਵੀ ਉਨ੍ਹਾਂ ਦੇ ਅੰਦਰ ਨਾ ਚਲਾ ਜਾਵੇ ਅਤੇ ਇਹੀ ਉਹ ਸਮਾਜ ਹੈ ਜਿਹੜਾ ਹਜ਼ਾਰਾਂ ਲੋਕਾਂ ਨੂੰ ਹਤਿਆ ਕਰਕੇ ਖਾ ਜਾਂਦਾ ਹੈ ਅਤੇ ਡਕਾਰ ਵੀ ਨਹੀਂ ਮਾਰਦਾ। ਇਸ ਦੇ ਹਾਜ਼ਮੇਂ ਦੀ ਦਾਦ ਦੇਣੀ ਬਣਦੀ ਹੈ।

ਸਿੱਖ ਸਮਾਜ ਆਪਣੇ ਜਨਮ ਤੋਂ ਹੀ ਏਸੇ ਬਿਪਰਵਾਦ ਚੁੰਗਲ ਵਿਚ ਫਸਿਆ ਰਿਹਾ ਹੈ। ਏਸੇ ਦੇ ਪ੍ਰਭਾਵ ਹੇਠ ਸਿੱਖ ਹਿੰਦੂਆਂ ਤੋਂ ਬਿਨਾਂ ਸਭ ਨੂੰ, ਮੁਸਲਮਾਨਾਂ ਨੂੰ ਵਿਸ਼ੇਸ਼ ਕਰਕੇ, ਆਪਣਾ ਦੁਸ਼ਮਣ ਮੰਨਦੇ ਆਏ ਹਨ ਹਾਲਾਂਕਿ ਵਿਚਾਰਧਾਰਕ ਤੌਰ ਤੇ ਇਸਲਾਮ ਗੁਰਮਤਿ ਦੇ ਨੇੜੇ ਹੈ। ਸਿੱਖੀ ਦੇ ਮੋਢੀ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤਾਂ ਉਹ ਸਿਰਫ਼ ਧਰਮ ਦੇ ਨਾਂ ਤੇ ਕੀਤੇ ਜਾਂਦੇ ਪਾਖੰਡੀ ਕਰਮਕਾਂਡਾਂ ਦੇ ਵਿਰੋਧੀ ਸਨ। ਉਨ੍ਹਾਂ ਸਭ ਧਰਮਾਂ ਦੀਆਂ ਮਾਨਤਾਵਾਂ ਨੂੰ ਉਨ੍ਹਾਂ ਦੇ ਠੀਕ ਸੰਦਰਭ ਵਿਚ ਪੇਸ਼ ਕੀਤਾ ਹੈ। ਮੁਸਲਮਾਨ ਸਬੰਧੀ ਉਨ੍ਹਾਂ ਦੀ ਮਾਨਤਾ ਸੀ ਕਿ ਸੱਚਾ ਮੁਸਲਮਾਨ ਬਨਣਾ ਬੜਾ ਔਖਾ ਹੈ :

ਮੁਸਲਮਾਣੁ ਕਹਾਵਣੁ ਮੁਸਕਲ

ਜਾ ਹੋਇ ਤਾ ਮੁਸਲਮਾਨ ਕਹਾਵੈ ॥

ਅਵਲਿ ਅਉਲ ਦੀਨੁ ਕਰਿ ਮਿਠਾ

ਮਸਕਲ ਮਾਨਾ ਮਾਲੁ ਮੁਸਾਵੈ ॥

ਹੋਇ ਮੁਸਲਿਮੁ ਦੀਨ ਮੁਹਾਣੈ

ਮਰਣ ਜੀਵਣ ਕਾ ਭਰਮੁ ਚੁਕਾਵੈ ॥

ਰਬ ਕੀ ਰਜਾਇ ਮੰਨੇ ਸਿਰ ਉਪਰਿ

ਕਰਤਾ ਮੰਨੇ ਆਪੁ ਗਵਾਵੈ ॥

ਤਉ ਨਾਨਕ ਸਰਬਜੀਆ ਮਿਹਰੰਮਤਿ ਹੋਇ

ਤ ਮੁਸਲਮਾਣੁ ਕਹਾਵੈ ॥

(ਗੁ. ਗ੍ਰੰ. ਸਾ., ਅੰਕ : 141)

ਨਾਨਕ ਬਾਣੀ ਵਿਚ ਬ੍ਰਾਹਮਣ, ਖਤਰੀ, ਜੋਗੀ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਸਗੋਂ ਉਨ੍ਹਾਂ ਨੂੰ ਅਸਲ ਅਰਥਾਂ ਵਿਚ ਪਰਿਭਾਸ਼ਤ ਕੀਤਾ ਹੈ : ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਭਗਤੀ ਕਰੇ, ਸੰਜਮ ਨਾਲ ਰਹੇ। ਖਤਰੀ ਕਰਮ ਯੋਗੀ ਹੁੰਦਾ ਹੈ, ਜੋਗੀ ਜੁਗਤ ਕਮਾਉਣ ਵਾਲੇ ਨੂੰ ਕਿਹਾ ਗਿਆ ਹੈ :

ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ॥

ਜਪੁ ਤਪੁ ਸੰਜਮ ਕਮਾਵੈ ਕਰਮੁ ॥

ਸੀਲ ਸੰਤੋਖ ਕਾ ਰਖੈ ਧਰਮੁ ॥

ਬੰਧਨ ਤੋੜੈ ਹੋਵੈ ਮੁਕਤੁ ॥

ਸੋਈ ਬ੍ਰਾਹਮਣ  ਪੂਜਣ ਜੁਗਤੁ ॥

(ਗੁ. ਗ੍ਰੰ. ਸਾ., ਅੰਕ : 1141)

ਖਤ੍ਰੀ ਸੋ ਕਰਮਾ ਕਾ ਸੂਰ ॥

ਪੁੰੰਨ ਦਾਨ ਕਾ ਕਰੈ ਸਰੀਰੁ ॥

ਖੇਤ ਪਛਾਣੈ ਬੀਜੈ ਦਾਨੁ ॥

ਸੋ ਖਤ੍ਰੀ ਦਰਗਹ ਪਰਵਾਣੁ ॥

(ਗੁ. ਗ੍ਰੰ. ਸਾ., ਅੰਕ : 1141)

ਸੋ ਜੋਗੀ ਜੋ ਜੁਗਤਿ ਪਛਾਣੈ ॥

ਗੁਰ ਪ੍ਰਸਾਦੀ ਏਕੋ ਜਾਣੈ

(ਗੁ. ਗ੍ਰੰ. ਸਾ., ਅੰਕ : 662)

ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹੀਦੀਆਂ, ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ਅਤੇ ਪਿਛੋਂ ਇਕ ਸਦੀ ਦੇ ਹਾਕਮਾਂ ਵਲੋਂ ਜ਼ੁਲਮਾਂ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਮੁਸਲਮਾਨਾਂ ਨਾਲ ਸਬੰਧਾਂ ਨੂੰ ਪਰਿਭਾਸ਼ਤ ਕਰਨ ਦਾ ਯਤਨ ਕਰਦੇ ਅਸੀਂ ਮੱਧ ਕਾਲ ਦੀਆਂ ਰੁੱਚੀਆਂ ਅਤੇ ਹਾਕਮ ਅਤੇ ਪਰਜਾ ਦੇ ਸਬੰਧਾਂ ਨੂੰ ਵਿਸਾਰ ਦਿੰਦੇ ਹਾਂ। ਨਤੀਜਾ ਮੁਸਲਮਾਨਾਂ ਪ੍ਰਤੀ ਸਾਡੀ ਨੀਤੀ ਉਲਾਰ ਰਹੀ ਹੈ। ਅਸੀਂ ਜਹਾਂਗੀਰ ਅਤੇ ਔਰੰਗਜ਼ੇਬ ਦੀਆਂ ਤਕੜੀਆਂ ਵਿਚ ਹੀ ਸਾਈਂ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਫਕੀਰ ਅਜ਼ੀਜ਼ਉਦੀਨ, ਸ਼ਾਹ ਮੁਹੰਮਦ ਆਦਿ ਨੂੰ ਵੀ ਤੋਲਿਆ ਹੈ। ਇਸੇ ਦਾ ਨਤੀਜਾ ਪੰਜਾਬ ਦੀ ਫਿਰਕੂ ਵੰਡ ਵਿਚ ਨਿਕਲਿਆ । ਅੱਜ ਅਸੀਂ ਜਿਨਾਹ ਨੂੰ ਇਹ ਕਹਿੰਦਿਆਂ ਯਾਦ ਕਰਦੇ ਹਾਂ ਕਿ ਸਿੱਖਾਂ ਨੇ ਹਿੰਦੂਆਂ ਦਾ ਗੁਲਾਮੀ ਵਾਲਾ ਰੂਪ ਹੀ ਵੇਖਿਆ ਹੈ, ਹਾਕਮਾਂ ਵਾਲੇ ਰੂਪ ਵਿਚ ਵੇਖਣਗੇ ਤਾਂ ਤੌਬਾ ਕਰਨਗੇ।

ਆਜ਼ਾਦੀ ਦੇ 65 ਵਰ੍ਹੇ ਅਸੀਂ ਹਿੰਦੂਆਂ ਦਾ ਹਾਕਮ ਰੂਪ ਵੇਖ ਲਿਆ ਹੈ। ਇਸ ਤੋਂ ਛੁਟਕਾਰੇ ਦਾ ਇਕੋ ਹੱਲ ਭਾਰਤ ਵਿਚ ਗੈਰ ਹਿੰਦੂਆਂ ਦਾ ਇਕ ਥਾਂ ਸੰਗਠਤ ਹੋਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਮੁਸਲਮਾਨਾਂ ਪ੍ਰਤੀ ਆਪਣੇ ਸਦੀਆਂ ਪੁਰਾਣੇ ਵਤੀਰੇ ਵਿਚ

ਤਬਦੀਲੀ ਲਿਆਵਾਂਗੇ। ਹਾਲਾਂਕਿ ਸਾਡਾ ਸਮੁੱਚਾ ਇਤਿਹਾਸ ਬਿਪਰਵਾਦ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ, ਸਾਨੂੰ ਥਾਂ ਥਾਂ ਗਲਤ ਦਿਸ਼ਾ ਵਲ ਤੋਰਦਾ ਹੈ ਪਰ ਜੇ ਇਸ ਇਤਿਹਾਸ ਨੂੰ ਵੀ ਥੋੜਾ ਨਿਰਪੱਖਤਾ ਨਾਲ ਪੜ੍ਹੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਪਿਛਲੇ ਪੰਜ ਸੌ ਸਾਲਾਂ ਵਿਚ ਅਸੀਂ ਬਿਪਰਵਾਦ ਦੀ ਬਰਬਰਤਾ ਦਾ ਹੀ ਵਧੇਰੇ ਸ਼ਿਕਾਰ ਰਹੇ ਹਾਂ। ਬਾਬੇ ਨਾਨਕ ਦੀ ਦਸੀ ਗਈ ਜੀਵਨ ਜਾਚ ਨੂੰ ਵੇਦਾਤੀਂਆਂ, ਉਦਾਸੀਆਂ, ਨਿਰਮਲਿਆਂ ਨੇ ਹੀ ਸੰਘਣੀ ਧੁੰਧ ਹੇਠ ਲੁਕਾਇਆ ਹੈ। ਉਹ ਗੁਰੂ ਗੋਬਿੰਦ ਸਿੰਘ ਤਕ ਨੂੰ ਰਿਸ਼ੀਆਂ, ਦੇਵਤਿਆਂ ਦੇ ਵੰਸ਼ਜ ਦਸਦੇ ਆਏ ਹਨ। ਗੁਰਬਾਣੀ ਨੂੰ ''ਗੁਰੂ" ਦੇ ਦਰਜੇ ਤੋਂ ''ਮੰਤਰਾਂ" ਦੇ ਦਰਜੇ ਤੇ ਲੈ ਆਏ ਹਨ। ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਦੀਆਂ ਸ਼ਹੀਦੀਆਂ ਚੇਤੇ ਕਰਨ ਲਗਿਆਂ ਬਾਈਧਾਰ ਦੇ ਰਾਜਿਆਂ, ਗੰਗੂ ਬ੍ਰਾਹਮਣ ਅਤੇ ਸੁੱਚਾ ਨੰਦ ਨੂੰ ਕਿਵੇਂ ਭੁੱਲਾ ਦਿੰਦੇ ਹਾਂ ? ਘਲੂਘਾਰਿਆਂ ਨੂੰ ਚੇਤੇ ਰਖੀਏ ਤਾਂ 1984 ਦੇ ਘਲੂਘਾਰੇ ਨੂੰ ਵੀ ਯਾਦ ਰਖਣਾ ਪਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜਸੀ ਆਕਾ, ਸ਼੍ਰੋਮਣੀ ਅਕਾਲੀ ਦਲ ਦੇ ਰਹਿਨੁਮਾ ਇਤਿਹਾਸ ਦੇ ਯਥਾਰਥ ਨੂੰ ਵਿਸਾਰ ਕੇ ਸਿੱਖਾਂ ਨੂੰ ਬਿਪਰਵਾਦ ਦੀ ਝੋਲੀ ਵਿਚ ਪਾ ਰਹੇ ਹਨ, ਉਸ ਦਾ ਖਮਿਆਜ਼ਾ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਵੇਗਾ। ਬਿਪਰਵਾਦ ਦਾ ਹਾਜ਼ਮਾਂ ਬੜਾ ਤੇਜ਼ ਹੈ।

  ਸਮਕਾਲੀ ਸਰੋਕਾਰ .

ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ-2

ਜਦੋਂ ਹੇਠਲੀਆਂ ਜਾਤੀਆਂ ਤੋਂ ਇਸਾਈ ਬਣੇ ਪੰਜਾਬੀਆਂ ਨੇ ਵੇਖਿਆ ਕਿ ਉਹਨਾਂ ਦਾ ਧਰਮ ਹੀ ਬਦਲਿਆ ਹੈ, ਮੁੱਕਦਰ ਨਹੀਂ ਤਾਂ ਉਹਨਾਂ ਵਿਚ ਧਰਮ ਬਦਲਣ ਦਾ ਉਤਸ਼ਾਹ ਵੱਧ ਗਿਆ। ਰਾਜ ਪਰਿਵਾਰਾਂ ਵਿਚੋਂ ਵੀ ਅਜਿਹੇ ਕਈ ਲੋਕ ਨਿਕਲ ਆਏ ਜਿਹਨਾਂ ਨਵੇਂ ਧਰਮ ਨੂੰ ਅਪਣਾ ਲਿਆ। ਅੰਗਰੇਜ਼ਾਂ ਨੇ ਪੜਾਈ ਦਾ ਪ੍ਬੰਧ ਨੌਕਰੀਆਂ ਨਾਲ ਜੋੜ ਦਿਤਾ। ਅੰਗਰੇਜ਼ੀ ਪੜੇ ਲਿਖੇ ਜੇ ਅਫ਼ਸਰ ਨਹੀਂ ਤਾਂ ਕਲਰਕ ਤਾਂ ਬਣ ਹੀ ਜਾਂਦੇ ਸਨ।

ਆਰਥਕ ਸੁੱਰਖਿਆ ਕਾਰਣ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਸਰਕਾਰੀ ਅਤੇ ਮਿਸ਼ਨ ਸਕੂਲਾਂ ਵਿਚ ਭੇਜਣ ਲਗ ਪਏ। ਬੱਚਿਆਂ ਦੇ ਮਨ ਕੋਰੀ ਸਲੇਟ ਹੁੰਦੇ ਹਨ। ਉਹਨਾਂ ਉਤੇ ਉਹਨਾਂ ਦੇ ਅਧਿਆਪਕ ਆਸਾਨੀ ਨਾਲ ''ਇਸਾਈਅਤ" ਦੀ ਮੋਹਰ ਲਾ ਸਕਦੇ ਸਨ। ਮਿਸ਼ਨਰੀਆਂ ਨੇ ਅਜਿਹਾ ਹੀ ਕੀਤਾ।

ਪੜੇ ਲਿਖੇ ਰਈਸ ਪਰਿਵਾਰਾਂ ਅਤੇ ਸਕੂਲੀ ਵਿਦਿਆਰਥੀਆਂ ਦੇ ਇਸਾਈ ਬਨਣ ਨਾਲ ਸਿੱਖ ਆਗੂਆਂ ਨੂੰ ਚਿੰਤਾ ਹੋਈ ਜਿਹੜੀ ਅਛੂਤਾਂ ਜਾਂ ਮਜ਼ਬੀ ਸਿੱਖਾਂ ਦੇ ਇਸਾਈ ਬਨਣ ਨਾਲ ਨਹੀਂ ਹੋਈ ਸੀ। ਮਾਝੇ ਦੇ ਸਿੱਖ ਸਰਦਾਰਾਂ ਦੀ ਇਕ ਹੋਰ ਸੱਮਸਿਆ ਵੀ ਸੀ ।ਸਿੱਖ ਰਾਜ ਸਮੇਂ ਤਕ ਉਹਨਾਂ ਦੀ ਸਰਦਾਰੀ ਬਣੀ ਰਹੀ ਸੀ। ਲਗਭਗ ਸਾਰੇ ਸਿੱਖ ਮੁੱਖੀ ਏਸੇ ਇਲਾਕੇ ਵਿਚੋਂ ਸਨ ਪਰ ਅੰਗਰੇਜ਼ਾਂ ਪ੍ਤੀ ਆਪਣੀ ਪੂਰੀ ਵਫ਼ਾਦਾਰੀ ਜਿਤਾਉਣ ਦੇ ਬਾਵਜੂਦ ਉਹਨਾਂ ਨੂੰ ਪੁਰਾਣੀ ਸ਼ਾਨ ਨਹੀਂ ਮਿਲੀ ਸੀ। ਅੰਗਰੇਜ਼ ਮਾਲਵੇ ਦੀਆਂ ਰਿਆਸਤਾਂ ਅਤੇ ਉਸ ਦੇ ਅੰਗਰੇਜ਼ੀ ਸ਼ਾਸਨ ਵਾਲੇ ਸਿੱਖ ਸਰਦਾਰਾਂ 'ਤੇ ਵਧੇਰੇ ਨਿਰਭਰ ਕਰਦੇ ਸਨ। ਇਸ ਦਾ ਇਕ ਕਾਰਣ ਅੰਗਰੇਜ਼ਾਂ ਦਾ ਮਾਲਵੇ ਉਤੇ ਕਬਜ਼ਾ ਪੁਰਾਣਾ ਹੋਣਾ ਸੀ ਅਤੇ ਦੂਸਰਾ 1857 ਦੇ ਗਦਰ ਸਮੇਂ ਪੰਜਾਬ ਵਿਚ ਤਾਂ ਹਿਲਜੁਲ ਹੋਈ ਸੀ ਜਦਕਿ ਮਾਲਵੇ ਦਾ ਇਲਾਕਾ ਅੰਗਰੇਜ਼ਾਂ ਨਾਲ ਜੀਅ ਜਾਨ ਨਾਲ ਖੜਾ ਰਿਹਾ ਸੀ। ਪਟਿਆਲਾ, ਜੀਂਦ ਅਤੇ ਨਾਭਾ ਦੇ ਮਹਾਰਾਜਿਆਂ ਨੇ ਅੰਗਰੇਜ਼ਾਂ ਪ੍ਤੀ ਆਪਣੀ ਵਫ਼ਾਦਾਰੀ ਪੂਰੀ ਤਰਾਂ ਨਿਭਾਈ ਸੀ।

ਸਿੱਖਾਂ ਵਿਚ ਸਿੱਖ ਰਾਜ ਦੇ ਸਮੇਂ ਤੋਂ ਹੀ ਪੁਨਰਜੀਵੀ ਲਹਿਰਾਂ ਚਲ ਰਹੀਆਂ ਸਨ। ਇਹਨਾਂ ਦੇ ਕੇਂਦਰ ਜਾਂ ਪੱਛਮੀ ਪੰਜਾਬ ਦੇ ਇਲਾਕੇ ਸਨ ਅਤੇ ਜਾਂ ਇਹਨਾਂ ਦਾ ਆਧਾਰ ਮਾਲਵਾ ਸੀ। ਰਾਧਾ ਸੁਆਮੀ ਮੱਤ ਆਗਰੇ ਵਿਚ ਪੈਦਾ ਹੋਇਆ ਸੀ ਪਰ ਸਿੱਖਾਂ ਵਿਚ ਇਸ ਦਾ ਪ੍ਚਲਣ ਬਥੇਰਾ ਸੀ ਕਿਉਂਕਿ ਇਸ ਵਿਚ ਸਿੱਖੀ ਦੇ ਅੰਸ਼ ਸਨ। ਨਿਰੰਕਾਰੀਆਂ ਦਾ ਆਧਾਰ ਉੱਤਰ-ਪੱਛਮੀ ਪੰਜਾਬ (ਰਾਵਲਪਿੰਡੀ) ਸੀ। ਅਤੇ ਉਹ ਬਾਬਾ ਨਾਨਕ ਦੇ ਅਸਲ ਵਾਰਸ ਹੋਣ ਦਾ ਦਾਅਵਾ ਕਰਦੇ ਸਨ। ਨਾਮਧਾਰੀਆਂ ਦਾ ਮੱਤ ਸ਼ੁਰੂ ਤੋਂ ਉੱਤਰ-ਪੱਛਮੀ ਪੰਜਾਬ (ਹਜ਼ਾਰੋਂ) ਤੋਂ ਹੋਇਆ ਸੀ ਪਰ ਇਸ ਦਾ ਫੈਲਾਅ ਮਾਲਵੇ ਵਿਚ ਸੀ। ਰਾਧਾ ਸੁਆਮੀਆਂ ਅਤੇ ਨਿਰੰਕਾਰੀਆਂ ਤੋਂ ਤਾਂ ਮਾਝੇ ਦੇ ਸਿੱਖ ਸਰਦਾਰਾਂ ਨੂੰ ਕੋਈ ਖਤਰਾ ਨਹੀਂ ਜਾਪਦਾ ਸੀ ਕਿਉਂਕਿ ਇਕ ਤਾਂ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ ਅਤੇ ਦੂਸਰਾ ਉਹ ਸਰੂਪ ਵਲੋਂ ਗੈਰ-ਸਿੱਖ ਸਨ ਪਰ ਨਾਮਧਾਰੀਆਂ ਨੇ ਸਿੱਖੀ ਸਰੂਪ ਨੂੰ ਵੀ ਬਰਕਾਰਾਰ ਰਖਿਆ ਸੀਉਹਨਾਂ ਦੀ ਗਿਣਤੀ ਵੀ ਲੱਖਾਂ ਵਿਚ ਸੀ ਅਤੇ ਉਹ ਮਝੈਲਾਂ ਦੇ ਕੇਂਦਰ ਅੰਮਰਿਤਸਰ ਉਤੇ ਧਾਵੇ ਵੀ ਕਰਦੇ ਰਹਿੰਦੇ ਸਨ। ਬਾਬਾ ਰਾਮ ਸਿੰਘ ਸਬੰਧੀ ਮਸ਼ਹੂਰ ਕੀਤਾ ਗਿਆ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਹਨ। ਉਹਨਾਂ ਦੇ ਆਪਣਾ ਵਰਤਾਉ ਵੀ ਦਸਮ ਪਾਤਸ਼ਾਹ ਵਰਗਾ ਸੀ: ਉਹ ਮਹਾਰਾਜਿਆਂ ਵਾਂਗ ਵਿਚਰਦੇ, ਨਾਮਧਾਰੀ ਦਰਬਾਰ ਲਾਉਂਦੇ, ਹੁਕਮਨਾਮੇ ਜਾਰੀ ਕਰਦੇ। ਉਹ ਅੰਮਰਿਤ ਛਕਾਉਂਦੇ ਤਾਂ ਸਿੱਖੀ ਦੇ ਨਿਯਮਾਂ ਨਾਲ ਸੇਵਕਾਂ ਨੂੰ ਸਿੱਖ ਸਰਦਾਰਾਂ ਅਤੇ ਰਜਵਾੜਿਆਂ ਦਾ ਕਿਰਦਾਰ ਦੱਸਣ ਵਿਚ ਪਿਛੇ ਨਾ ਰਹਿੰਦੇ। ਉਹ ਗੁਰੂ ਬੰਸ ਵਿਚੋਂ ਗੁਰੂ ਬਣੇ ਬੇਦੀਆਂ ਅਤੇ ਸੋਢੀਆਂ ਨੂੰ ਨਿੰਦਦੇ ਅਤੇ ਸਿੱਖਾਂ ਵਿਚ ਜਾਤੀਵਾਦ ਅਤੇ ਬੁੱਤ ਪੂਜਾ ਦੀ ਨਿਖੇਧੀ ਕਰਦੇ1863 ਈਸਵੀ ਵਿਚ ਬਾਬਾ ਰਾਮ ਸਿੰਘ ਨੇ ਸਿੱਖਾਂ ਨੂੰ ਆਦੇਸ਼ ਦਿਤਾ ਕਿ ਉਹ ਵੈਸਾਖੀ ਦੇ ਸ਼ੁਭ ਮੌਕੇ 'ਤੇ ਅੰਮਰਿਤਸਰ ਵਿਖੇ ਇੱਕਤਰ ਹੋਣ। ਸਿੱਖਾਂ ਲਈ ਵਿਸ਼ੇਸ਼ ਫੁਰਮਾਨ ਜਾਰੀ ਹੋਇਆ। 1867 ਈਸਵੀ ਨੂੰ ਦੁਸਿਹਰੇ ਦੇ ਮੇਲੇ ਸਮੇਂ ਬਾਬਾ ਰਾਮ ਸਿੰਘ ਅੰਮਰਿਤਸਰ ਗਏ ਤਾਂ ਉਹਨਾਂ ਦਾ ਸ਼ਾਹਾਨਾ ਸੁਆਗਤ ਹੋਇਆ। 2000 ਤੋਂ ਵੀ ਵੱਧ ਸਿੱਖਾਂ ਉਹਨਾਂ ਤੋਂ ਅੰਮਰਿਤ ਛੱਕਿਆ। ਇਸ ਤੋਂ ਮਾਝੇ ਦੇ ਸਿੱਖ ਸਰਦਾਰਾਂ ਅਤੇ ਧਾਰਮਕ ਨੇਤਾਵਾਂ ਨੂੰ ਆਪਣੀ ਚੌਧਰ ਖਤਰੇ ਵਿਚ ਦਿਸੀ।

ਉਪਰੋਕਤ ਸਭ ਮਰਜ਼ਾਂ ਦਾ ਇਲਾਜ ਉਹਨਾਂ ਨੂੰ ਇਕ ਕੇਂਦਰੀ ਜਥੇਬੰਦੀ ਕਾਇਮ ਕਰਨ ਵਿਚ ਦਿਸਿਆ। ਸ. ਠਾਕੁਰ ਸਿੰਘ ਸੰਧਾਵਾਲੀਆ ਅੱਗੇ ਲਗੇ। ਪਹਿਲੀ ਅਕਤੂਬਰ, 1873 ਈ. ਦੇ ਦਿਨ ਸਿੱਖ ਸਰਦਾਰ, ਗਰੰਥੀ, ਪੁਜਾਰੀ, ਗੁਰੂ ਬੰਸਾਂ ਦੇ ਮੁੱਖੀ, ਉਦਾਸੀ, ਨਿਰਮਲੇ ਆਦਿ ਇੱਕਠੇ ਹੋਏ ਅਤੇ ਸਿਰੀ ਗੁਰੂ ਸਿੰਘ ਸਭਾ ਦਾ ਗਠਨ ਕੀਤਾ ਗਿਆ।   ਕੁਝ ਮੁੱਢਲੀਆਂ ਕਾਰਵਾਈਆਂ ਕਰਨ ਪਿਛੋਂ ਸੰਸਥਾ ਦੀਆਂ ਸਰਗਰਮੀਆਂ ਠੰਡੀਆਂ ਪੈ ਗਈਆਂ। ਮੁੱਖ ਕਾਰਣ ਸ. ਠਾਕੁਰ ਸਿੰਘ ਦਾ ਵਿਦੇਸ਼ ਚਲਾ ਜਾਣਾ ਸੀ। ਉਹ ਮਹਾਰਾਜਾ ਦਲੀਪ ਸਿੰਘ ਦੀ ਰਾਜ ਬਹਾਲੀ ਲਈ ਯਤਨਸ਼ੀਲ ਸਨ ਅਤੇ ਇਹਨਾਂ ਸਰਗਰਮੀਆਂ ਵਿਚ ਹੀ ਉਹਨਾਂ ਦਾ ਬਾਕੀ ਜੀਵਨ ਬੀਤ ਗਿਆ।

ਦੋ ਨਵੰਬਰ, 1879 ਈਸਵੀ ਦੇ ਦਿਨ ਪਰੋਫੈਸਰ ਗੁਰਮੁਖ ਸਿੰਘ ਨੇ ਲਾਹੌਰ ਵਿਖੇ ਸਿੰਘ ਸਭਾ ਦੀ ਸਥਾਪਨਾ ਕੀਤੀ। ਉਹਨਾਂ ਦੀ ਇਸ ਕਾਰਵਾਈ ਨਾਲ ਸਿੰਘ ਸਭਾ ਲਹਿਰ ਵਿਚ ਨਵੀਂ ਜਾਨ ਫੂਕੀ ਗਈ। ਸਿੰਘ ਸਭਾ, ਅੰਮਰਿਤਸਰ ਨੇ ਵੀ ਉੱਦਮ ਕਰਨੇ ਸ਼ੁਰੂ ਕੀਤੇ ਦੋਵਾਂ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ: ਲਾਹੌਰ ਦੀ ਸਿੰਘ ਸਭਾ ਅੰਮਰਿਤਸਰ ਦੀ ਸਿੰਘ ਸਭਾ ਦੀ ਇਕਾਈ ਮੰਨੀ ਜਾਣ ਲਗੀ।

ਪਰੋ. ਗੁਰਮੁਖ ਸਿੰਘ ਦੇ ਯਤਨਾ ਸਦਕਾ ਅੰਗਰੇਜ਼ਾ ਅਧਿਕਾਰੀ ਵੀ ਸਿੰਘ ਸਭਾਵਾਂ ਨਾਲ ਜੁੱੜਣ ਲਗੇ। ਉਹਨਾਂ ਨੂੰ ਸਗੋਂ ਸਿੰਘ ਸਭਾਵਾਂ ਦਾ ਸਰਪ੍ਸਤ ਬਣਾਇਆ ਗਿਆ। ਬਾਬਾ ਖੇਮ ਸਿੰਘ ਬੇਦੀ, ਸਰਦਾਰ ਮਾਨ ਸਿੰਘ ਅਤੇ ਸ. ਭਗਵਾਨ ਸਿੰਘ ਦੇ ਹੱਥੀ ਉਹਨਾਂ ਨੂੰ ਐਡਰੈਸ (ਸਨਮਾਨ ਭਾਸ਼ਣ) ਦਿਤਾ ਗਿਆ। ਵੇਖਾ ਵੇਖੀ ਪੰਜਾਬ ਭਰ ਵਿਚ ਸਿੰਘ ਸਭਾਵਾਂ ਬਨਣ ਲਗੀਆਂ।

ਉਹਨਾਂ ਨੂੰ ਇਕ ਲੜੀ ਵਿਚ ਪਰੋਣ ਅਤੇ ਮੰਤਕੀ ਏਕਤਾ ਲਈ 1880 ਈਸਵੀ ਵਿਚ ਹੀ ਖਾਲਸਾ ਦੀਵਾਨ, ਅੰਮਰਿਤਸਰ ਦੀ ਸਥਾਪਨਾ ਕੀਤੀ ਗਈ। ਬਾਬਾ ਖੇਮ ਸਿੰਘ ਬੇਦੀ ਸੰਸਥਾ ਦੇ ਪ੍ਧਾਨ ਅਤੇ ਪਰੋ. ਗੁਰਮੁਖ ਸਿੰਘ ਇਸ ਦੇ ਸਕੱਤਰ ਬਣੇ।

ਸਿੱਖੀ ਨੂੰ ਪੇਸ਼ ਬਾਹਰੀ ਖਤਰੇ ਵਿਰੁੱਧ ਤਾਂ ਸਭ ਇਕ ਹੋ ਗਏ: ਦੋਖੀਆਂ ਦੀ ਗੁਰੂ ਸਾਹਿਬਾਨ ਵਿਰੁੱਧ ਕਥਨੀ ਕਰਨੀ ਦੀ ਨਿਖੇਧੀ ਹੋਣ ਲਗੀ। ਸਿੱਖ ਸੰਗਤ ਵਿਚ ਵੀ ਧਰਮ ਪ੍ਤੀ ਉਤਸ਼ਾਹ ਵੱਧਿਆ ਪਰ ਨੇਤਾਵਾਂ ਦੇ ਟਕਰਾਉਂਦੇ ਹਿੱਤ ਸਿੰਘ ਸਭਾ ਲਹਿਰ ਦੇ ਵਿਕਾਸ ਵਿਚ ਰੋੜਾ ਬਣ ਕੇ ਖੜੇ ਹੋ ਗਏ। ਅੰਮਰਿਤਸਰ ਦੀਵਾਨ ਦੇ ਪ੍ਧਾਨ ਬਾਬਾ ਖੇਮ ਸਿੰਘ ਬੇਦੀ ਆਪਣੇ ਗੁਰੂ ਡੰਮ ਨੂੰ ਬਰਕਰਾਰ ਰਖਣਾ ਚਾਹੁੰਦੇ ਸਨ। ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਅਤੇ ਹੋਰ ਕਈ ਸਰਦਾਰ ਉਹਨਾਂ ਦੇ ਪ੍ਭਾਵ ਹੇਠ ਸਨ। ਪਰੋ. ਗੁਰਮੁਖ ਸਿੰਘ ਗੁਰੂਡੰਮ ਨੂੰ ਮਨਮਤਿ ਸਮਝਦੇ ਸਨ ਅਤੇ ਇਸ ਨੂੰ ਖਤਮ ਕੀਤੇ ਬਿਨਾਂ ਸੁਧਾਰ ਨੂੰ ਅਸੰਭਵ ਮੰਨਦੇ ਸਨ। ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਕਪੂਰ ਅਤੇ ਭਾਈ ਮਈਆ ਸਿੰਘ ਸਰੇ ਪਰੋ. ਗੁਰਮੁਖ ਸਿੰਘ ਦੇ ਵਿਚਾਰਾਂ ਦੀ ਪਰੋੜਤਾ ਕਰਦੇ ਸਨ। ਇਹੀ  ਸਿੰਘ ਸਭਾ ਦੇ  ਸਰਗਰਮ ਵਰਕਰ ਸਨ। ਕੰਵਰ ਬਿਕਰਮ ਸਿੰਘ (ਕਪੂਰਥਲਾ) ਅਤੇ ਸਰ ਅਤਰ ਸਿੰਘ ਭਦੌੜ ਉਹਨਾਂ ਦੀ ਪਿੱਠ ਤੇ ਸਨ। ਇਸ ਤਰਾਂ ਵੇਖਣ ਨੂੰ ਤਾਂ ਸਿੰਘ ਸਭਾਵਾਂ ਦਾ ਕੰਮ ਚਲਦਾ ਰਿਹਾ ਪਰ ਅੰਦਰ ਖਾਤੇ ਸਾਜਿਸ਼ਾਂ ਚਲਦੀਆਂ ਰਹੀਆਂ। ਇਸ ਕਾਰਣ ਸਿੱਖ ਸੰਗਤਾਂ ਨੂੰ ਸੇਧ ਦੇਣ ਦੇ ਠੋਸ ਉਪਰਾਲੇ ਨਾ ਹੋ ਸਕੇ।

ਆਪਸ ਵਿਚਲੇ ਮੱਤਭੇਦ ਡੂੰਘੇ ਹੁੰਦੇ ਗਏ ਅਤੇ ਅੰਤ ਖੁੱਲ ਕੇ ਬਾਹਰ ਆ ਗਏ। ਅੰਮਰਿਤਸਰ ਦੀਵਾਨ ਦੀ ਪਹਿਲ ਉਤੇ ਗਿਆਨੀ ਦਿੱਤ ਸਿੰਘ ਅਤੇ ਪਰੋ. ਗੁਰਮੁਖ ਸਿੰਘ ਉਤੇ ਬਹੁਤ ਸਾਰੇ ਮੁੱਕਦਮੇ ਠੋਕ ਦਿਤੇ ਗਏ। ਇਹ ਦੋਵੇਂ ਸਿੱਖਾਂ ਵਿਚ ਜ਼ਾਤ-ਪਾਤ, ਊਚ-ਨੀਚ, ਦਾ ਵਿਰੋਧ ਕਰਦੇ ਸਨ, ਗੁਰਦੁਆਰਿਆਂ ਵਿਚੋਂ ਮੂਰਤੀਆਂ ਹਟਾਉਣੀਆਂ ਚਾਹੁੰਦੇ ਸਨ ਅਤੇ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਗੱਦੀਆਂ ਲਾਉਣ, ਮੱਥੇ ਟਿਕਾਉਣ ਅਤੇ ਭੇਟਾ ਕਬੂਲਣ ਨੂੰ ਮਨਮਤਿ ਖਿਆਲਦੇ ਸਨ। ਮਜਬੂਰ ਹੋ ਕੇ ਪਰੋ. ਗੁਰਮੁਖ ਸਿੰਘ ਅਤੇ ਸਾਥੀਆਂ ਨੂੰ ਖਾਲਸਾ ਦੀਵਾਨ, ਲਾਹੌਰ ਦਾ ਗਠਨ ਕਰਨਾ ਪਿਆਵਧੇਰੇ ਸਿੰਘ ਸਭਾਵਾਂ ਅੰਮਰਿਤਸਰ ਦੇ ਖਾਲਸਾ ਦੀਵਾਨ ਨਾਲੋਂ ਟੁੱਟ ਕੇ ਲਾਹੌਰ ਵਾਲੇ ਦੀਵਾਨ ਨਾਲ ਜੁੱੜ ਗਈਆਂ। ਲਾਹੌਰ ਦੀਵਾਨ ਕੋਲ ਸਰਗਰਮ ਵਰਕਰ ਵੀ ਵਧੇਰੇ ਸਨ। ਉਹਨਾਂ ਕੰਮ ਵੇਧੇਰੇ ਕੀਤਾ। ਇਸ ਲਈ ਉਹਨਾਂ ਦੀ ਆਮ ਸਿੱਖਾਂ  ਵਿਚ ਪੁੱਛ ਪ੍ਤੀਤ ਵਧੇਰੇ ਸੀ।

ਜਦੋਂ ਆਪਸੀ ਫੁੱਟ ਸਾਹਮਣੇ ਆਈ, ਉਸ ਸਮੇਂ ਤਕ  ਕਈ ਸਿੰਘ ਸਭਾਵਾਂ ਅਨੇਕਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਸਨ। ਅੰਮਰਿਤਸਰ ਵਿਚ ਸਿੰਘ ਸਭਾ ਦਾ ਸਕੂਲ ਅਤੇ ਖਰਾਇਤੀ ਹਸਪਾਤਲ ਖੁੱਲ ਚੁੱਕੇ ਸਨ। ਕਈ ਤਰਾਂ ਦੇ ਪਰੋਗਰਾਮ, ਗੁਰਪੁਰਬ ਮਨਾਏ ਜਾਣ ਲਗੇ ਅਤੇ ਗੁਰਮਤਿ ਸਾਹਿਤ ਛਾਪ ਕੇ ਵੰਡਿਆ ਜਾਂਦਾ। ਸਿੰਘ ਸਭਾ, ਸਿਆਲਕੋਟ ਨੇ ਵੀ ਇਕ ਸਕੂਲ ਖੋਲਿਆ। ਸਿੰਘ ਸਭਾ, ਸ਼ਿਮਲਾ ਨੇ ਇਕ ਧਰਮਸਾਲਾ ਬਣਾਈ। ਸਿੰਘ ਸਭਾ, ਫਰੀਦਕੋਟ ਨੇ ਵੀ ਧਰਮ ਉਪਦੇਸ਼, ਰਹਿਤ ਮਰਿਆਦਾ, ਅੰਮਰਿਤ ਪ੍ਚਾਰ ਅਤੇ ਅਨੀਤੀਆਂ ਵਿਰੁੱਧ ਪ੍ਚਾਰ ਵਿਚ ਵੱਧ ਚੜ ਕੇ ਹਿੱਸਾ ਲਿਆ। ਸਿੰਘ ਸਭਾ, ਲਾਹੌਰ ਦਾ ਕੰਮ ਸਭ ਤੋਂ ਵਧੇਰੇ  ਪ੍ਸੰਸਾਯੋਗ ਰਿਹਾ। ਉਸ ਨੇ ਸਕੂਲ ਖੋਲਿਆ, ਖਾਲਸਾ ਅਖਬਾਰ ਜਾਰੀ ਕੀਤਾ ਅਤੇ ਦੂਸਰੀਆਂ ਸਿੰਘ ਸਭਾਵਾਂ ਨਾਲ ਤਾਲਮੇਲ ਬਨਾਉਣ ਵਿਚ ਵਧੇਰੇ ਕੰਮ ਕੀਤਾ। ਇਸ ਦੇ ਨੇਤਾ ਦੂਰ-ਦੁਰੇਡੀਆਂ ਸਿੰਘ ਸਭਾਵਾਂ ਤਕ ਪਹੁੰਚਦੇ ਅਤੇ ਗੁਰਮਤਿ ਦਾ ਪ੍ਚਾਰ ਕਰਦੇ। ਸਿੰਘ ਸਭਾ, ਰਾਵਲਪਿੰਡੀ ਨੇ ਗੁਰਮਤਿ ਪ੍ਕਾਸ਼ ਰਸਾਲਾ ਛਾਪਣਾ ਸ਼ੁਰੂ ਕੀਤਾ।  

ਦੋਵਾਂ ਦੀਵਾਨਾਂ ਦੀ ਖਹਿ ਬਾਜ਼ੀ ਇਹਨਾਂ ਦੇ ਵੱਡੇ ਨੇਤਾਵਾਂ ਦੇ ਸਰੀਰ ਛੱਡਣ ਨਾਲ ਹੀ ਖਤਮ ਹੋਈ। 10 ਜੂਨ, 1896 ਨੂੰ ਸਰ ਅਤਰ ਸਿੰਘ ਚਲ ਵੱਸੇ। 8 ਅਗਸਤ, 1898 ਨੂੰ ਮਹਾਰਾਜਾ ਬਿਕਰਮ ਸਿੰਘ ਚਲਾਣਾ ਕਰ ਗਏ, ਏਸੇ ਸਾਲ ਪਰੋ. ਗੁਰਮੁਖ ਸਿੰਘ ਵੀ ਚਲ ਵਸੇ। 1901 ਈ. ਵਿਚ ਗਿਆਨੀ ਦਿੱਤ ਸਿੰਘ ਵੀ ਕੂਚ ਕਰ ਗਏ। ਪੈਦਾ ਹੋਏ ਖਲਾਅ ਨੂੰ ਚੀਫ਼ ਖਾਲਸਾ ਦੀਵਾਨ ਬਣਾ ਕੇ ਭਰਿਆ ਗਿਆ।

ਸਿੰਘ ਸਭਾਵਾਂ ਨੇ ਸੁਧਾਰਕ ਅਤੇ ਇਨਕਲਾਬੀ ਲਹਿਰਾਂ ਲਈ ਜ਼ਮੀਨ ਤਿਆਰ ਕਰਨ ਦਾ ਅਹਿਮ ਕੰਮ ਕੀਤਾ ਹੈ। ਜੇ ਸਿੰਘ ਲਹਿਰ ਨਾ ਚਲਦੀ ਤਾਂ ਸ਼ਾਇਦ ਗੁਰਦੁਆਰਾ ਪ੍ਬੰਧ ਸੁਧਾਰ (ਅਕਾਲੀ) ਲਹਿਰ ਦਾ ਸਰੂਪ ਅੱਲਗ ਹੁੰਦਾ, ਨਾ ਅਕਾਲੀ ਦਲ ਬਣਦਾ, ਨਾ ਹੀ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦਾ ਗਠਨ ਹੁੰਦਾ। ਸਿੰਘ ਸਭਾ ਲਹਿਰ ਨੇ ਨਾ ਕੇਵਲ ਚੇਤਨਾ ਪੈਦਾ ਕੀਤੀ ਸਗੋਂ ਭੱਵਿਖ ਲਈ ਬਹੁਤ ਸਾਰੀਆਂ ਲਹਿਰਾਂ ਲਈ ਆਧਾਰ ਬਣੀ।  

   ਗੁਰੂ ਕਾਲ .

ਬਾਬਾ ਸ਼ੇਖ਼ ਫ਼ਰੀਦ ਜੀ

ਜੀਵਨ, ਸ਼ਖ਼ਸੀਅਤ, ਫ਼ਲਸਫ਼ਾ

ਬਾਬਾ ਫ਼ਰੀਦ ਜੀ ਦੇ ਵੰਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਫ਼ਰੀਦ ਜੀ ਦੀਆਂ ਜੜ੍ਹਾਂ ਜਿੱਥੇ ਮਜ਼੍ਹਬ ਦੇ ਵਿਹੜੇ ਵਿੱਚ ਡੂੰਘੀਆਂ ਲੱਗੀਆਂ ਹੋਈਆਂ ਸਨ ਉੱਥੇ ਸਮੇਂ ਦੇ ਮੁਸਲਮਾਨ ਬਾਦਸ਼ਾਹਾਂ ਨਾਲ ਵੀ ਉਨ੍ਹਾਂ ਦਾ ਕਰੀਬੀ ਰਿਸ਼ਤਾ ਰਿਹਾ ਸੀ। ਉਨ੍ਹਾਂ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੀ ਵੰਸ਼ ਵਿੱਚੋਂ ਸਨ। ਫ਼ਰੀਦ ਜੀ ਦੇ ਦਾਦਾ ਸ਼ੇਖ ਸ਼ਈਬ, ਗ਼ਜ਼ਨੀ ਦੇ ਬਾਦਸ਼ਾਹ ਦੇ ਭਰਾ ਸਨ ਜੋ ਗ਼ਜ਼ਨੀ ਤੇ ਕਾਬੁਲ ਦੀ ਆਪਸੀ ਹਿੰਸਕ ਗੜਬੜੀ ਤੋਂ ਤੰਗ ਆ ਕੇ 12ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਆ ਵੱਸੇ ਸਨ। ਸ਼ੇਖ ਸ਼ਈਬ, ਪਰਿਵਾਰ ਸਮੇਤ, ਪੰਜਾਬ ਦੇ ਕਸੂਰ, ਦੀਪਾਲਪੁਰ ਆਦਿ ਥਾਵਾਂ ਤੇ ਆਰਜ਼ੀ ਤੌਰ ਤੇ ਵਿਚਰਦੇ ਹੋਏ ਅੰਤ ਕੋਠੀਵਾਲ, ਜਿਸ ਨੂੰ ਹੁਣ ਚਾਵਲੀ ਮਸ਼ਾਇਖ਼ਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਪੱਕੇ ਤੌਰ ਤੇ ਵੱਸ ਗਏ। ਪੇਸ਼ੇ ਵਜੋਂ ਉਹ ਮੌਲਵੀ ਸਨ। ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਦਾ ਨਾਮ ਜਮਾਲਉੱਦੀਨ ਸੁਲੇਮਾਨ ਸੀ ਜਿਨ੍ਹਾਂ ਦੇ ਘਰ ਬਾਬਾ ਫ਼ਰੀਦ ਜੀ ਨੇ ਜਨਮ ਲਿਆ।

ਨਾਨਕਿਆਂ ਵੱਲੋਂ ਫ਼ਰੀਦ ਜੀ ਦੀ ਅੰਗਲੀ ਸੰਗਲੀ ਹਜ਼ਰਤ ਮੁਹੰਮਦ ਦੀ ਵੰਸ਼ ਨਾਲ ਜਾ ਜੁੜਦੀ ਹੈ। ਆਪ ਜੀ ਦੀ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸੱਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਲੜਕੀ ਸੀ। ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਵੰਸ਼ ਵਿੱਚੋਂ ਕਾਬੁਲ ਵਸਨੀਕ ਇੱਕ ਮੌਲਵੀ, ਜਿਸ ਦਾ ਨਾਮ ਵਜੀਹਉਦੀਨ ਸੀ, ਨੇ ਬੀਬੀ ਮਰਿਯਮ ਨੂੰ ਗੋਦ ਲਿਆ ਹੋਇਆ ਸੀ। ਰਾਜਸੀ ਉਥਲ-ਪੁਥਲ ਦੇ ਭੈੜੇ ਪ੍ਰਭਾਵ ਤੋਂ ਬਚ ਕੇ ਹਿੰਦੁਸਤਾਨ ਆਉਣ ਸਮੇਂ, ਮੌਲਵੀ ਵਜੀਹਉੱਦੀਨ ਮੁਤਬੰਨੀ ਬੇਟੀ ਬੀਬੀ ਮਰੀਅਮ ਨੂੰ ਵੀ ਨਾਲ ਹੀ ਲੈ ਆਏ। ਮੌਲਵੀ ਸਾਹਿਬ ਨੇ ਬੀਬੀ ਮਰੀਅਮ ਦੀ ਸ਼ਾਦੀ ਸ਼ੇਖ ਸ਼ਈਬ ਦੇ ਵੱਡੇ ਪੁੱਤ੍ਰ ਜਮਾਲਉੱਦੀਨ ਸੁਲੇਮਾਨ ਨਾਲ ਕਰ ਦਿੱਤੀ। ਇਸ ਦੰਪਤੀ ਦੇ ਘਰ ਤਿੰਨ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦਉੱਦੀਨ ਮਸਊਦ (ਬਾਬਾ ਫ਼ਰੀਦ) ਸੀ, ਜੋ 1173 ਈ. ਵਿੱਚ ਪੈਦਾ ਹੋਏ ਸਨ। ਬਾਲ ਅਵਸਥਾ ਵਿੱਚ ਆਪ ਜੀ ਨੇ ਆਪਣੇ ਮਾਪਿਆਂ ਨਾਲ ਮੱਕੇ ਦਾ ਹੱਜ ਕੀਤਾ। ਇਸ ਉਪਰੰਤ ਆਪ ਨੂੰ ਇਸਲਾਮੀ ਤਾਲੀਮ ਹਾਸਿਲ ਕਰਨ ਵਾਸਤੇ ਕਾਬੁਲ ਭੇਜਿਆ ਗਿਆ। ਕਾਬੁਲ ਤੋਂ ਵਾਪਸ ਆ ਕੇ ਇਨ੍ਹਾਂ ਨੇ ਮੁਲਤਾਨ ਵਿਖੇ ਸ਼ੇਖ਼ ਬਹਾਯੁੱਦੀਨ ਜ਼ਕਰੀਆ ਤੋਂ ਵੀ ਮਜ਼੍ਹਬੀ ਇਲਮ ਹਾਸਿਲ ਕੀਤਾ। ਇੱਥੇ ਆਪ ਨੇ ਦਿੱਲੀ ਵਾਲੇ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਨੂੰ ਪੀਰ ਧਾਰਨ ਕਰ ਲਿਆ। ਲਗਭਗ ਦੋ ਦਹਾਕੇ ਹਾਂਸੀ (ਹਿਸਾਰ) ਵਿਖੇ ਰਹਿ ਕੇ ਇਸਲਾਮੀ ਵਿੱਦਿਆ ਵਿੱਚ ਪਰਪੱਕਤਾ ਪ੍ਰਾਪਤ ਕੀਤੀ। ਮੁਰਸ਼ਦ ਦੇ ਫ਼ੌਤ ਹੋਣ ਉਪਰੰਤ ਫ਼ਰੀਦ ਜੀ ਅਜੋਧਣ (ਪਾਕਪਟਨ) ਆ ਗਏ। ਸੰਨ 1266 ਵਿੱਚ ਇੱਥੇ ਹੀ ਆਪ ਜੀ ਦਾ ਦੇਹਾਂਤ ਹੋ ਗਿਆ ਸੀ।

ਫ਼ਰੀਦ ਜੀ ਦੇ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਸਨ। ਵੱਡੇ ਪੁੱਤਰ ਦਾ ਨਾਮ ਬਦਰੁੱਦੀਨ ਸੁਲੇਮਾਨ ਸੀ ਜੋ ਆਪ ਤੋਂ ਬਾਅਦ ਗੱਦੀ ਤੇ ਵਿਰਾਜਮਾਨ ਹੋਇਆ। ਭਾਈ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਬਾਬਾ ਫ਼ਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ :-

ਬਾਬਾ ਫ਼ਰੀਦੁੱਦੀਨ ਮਸਊਦ ਸ਼ੱਕਰਗੰਜ਼ (ਬਾਬਾ ਫ਼ਰੀਦ)

ਦੀਵਾਨ ਬਦਰੁੱਦੀਨ ਸੁਲੈਮਾਨ

ਖ਼੍ਵਾਜਾ ਦੀਵਾਨ ਪੀਰ ਅਲਾਉੱਦੀਨ

ਖ਼੍ਵਾਜਾ ਦੀਵਾਨ ਪੀਰ ਮੁਇਜ਼ੁੱਦੀਨ

ਖ਼੍ਵਾਜਾ ਦੀਵਾਨ ਪੀਰਫ਼ਜ਼ਲ

ਖ਼੍ਵਾਜਾ ਮੁਨੱਵਰਸ਼ਾਹ

ਦੀਵਾਨ ਪੀਰ ਬਹਾਉੱਦੀਨ (ਹਾਰੂੰ)

ਦੀਵਾਨੇ ਸ਼ੇਖ਼ ਅਹਿਮਦ ਸ਼ਾਹ

ਦੀਵਾਨ ਪੀਰ ਅਤਾਉੱਲਾ

ਖ਼੍ਵਾਜਾ ਸ਼ੇਖ਼ ਮੁਹੰਮਦ

ਸ਼ੇਖ਼ ਬ੍ਰਹਮ (ਇਬਰਾਹੀਮ)

ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਫ਼ਰੀਦ ਜੀ ਦੀ ਗੱਦੀ ਉੱਤੇ ਬੈਠੇ ਗਿਆਰਵੇਂ ਗੱਦੀ-ਨਸ਼ੀਨ ਸ਼ੇਖ਼ ਬ੍ਰਹਮ (ਜਿਨ੍ਹਾਂ ਦੇ ਕੁਝ ਨਾਮ ਸ਼ੇਖ਼ ਇਬਰਾਹੀਮ, ਫ਼ਰੀਦ ਸਾਨੀ, ਬਲਰਾਜਾ, ਸਾਲਿਸ ਫ਼ਰੀਦ ਆਦਿਕ ਸਨ) ਜੀ ਨਾਲ ਦੋ ਵਾਰ ਹੋਈ। ਪੁਰਾਣੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਵਿੱਚ ਵੀ ਨਾਮਸ਼ੇਖ਼ ਬ੍ਰਹਮਹੀ ਆਉਂਦਾ ਹੈ। ਇਸੇ ਤੋਂ ਹੀ ਗੁਰੂ ਜੀ ਨੇ ਫ਼ਰੀਦ ਜੀ ਦੀ ਬਾਣੀ ਹਾਸਿਲ ਕੀਤੀ ਹੈ।

ਫ਼ਰੀਦ ਜੀ ਆਪਣੇ ਜੀਵਨ-ਕਾਲ ਵਿੱਚ ਆਰਜ਼ੀ ਤੌਰ ਤੇ ਕਈ ਥਾਈਂ ਵਿਚਰੇ। ਕੁੱਝ ਸਮਾਂ ਆਪ ਫ਼ਰੀਦਕੋਟ ਵਿੱਚ ਵੀ ਰਹੇ। ਫ਼ਰੀਦਕੋਟ ਦਾ ਅਸਲੀ ਨਾਮ ਮੋਕਲਪੁਰ ਜਾਂ ਮੋਕਲ ਨਗਰ ਸੀ। ਇਹ ਸ਼ਹਿਰ 12ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਾਜਾ ਮੋਕਲ ਭੱਟੀ ਨੇ ਆਬਾਦ ਕੀਤਾ ਸੀ। ਇਹ ਰਾਜਾ ਫ਼ਰੀਦ ਜੀ ਦੀ ਰੂਹਾਨੀਅਤ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਹ ਉਨ੍ਹਾਂ ਦਾ ਮੁਰੀਦ ਹੋ ਗਿਆ ਅਤੇ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ-ਵਸ ਉਸ ਨੇ ਇਸ ਸ਼ਹਿਰ ਦਾਂ ਨਾਮ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਫ਼ਰੀਦ ਜੀ ਦੇ ਨਾਮ ਤੇ ਫ਼ਰੀਦਕੋਟ ਅਤੇ ਇਸ ਦੇ ਇਰਦ-ਗਿਰਦ ਕਈ ਗੁਰਦੁਆਰੇ ਉਸਾਰੇ ਹੋਏ ਹਨ; ਇਨ੍ਹਾਂ ਵਿੱਚੋਂ ਪ੍ਰਸਿੱਧ ਹਨ: ਟਿੱਲਾ/ਚਿੱਲਾ ਬਾਬਾ ਫ਼ਰੀਦ ਅਤੇ ਗੋਦੜੀਸਾਹਿਬ’, ਜੋ ਕਿ 1980ਵਿਆਂ ਵਿੱਚ ਕੋਟਕਪੂਰਾ ਮਾਰਗ ਉੱਤੇ ਉਸਾਰਿਆ ਗਿਆ ਸੀ। ਫ਼ਰੀਦਕੋਟ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਫ਼ਰੀਦ ਜੀ ਦੀ ਯਾਦ ਵਿੱਚ ਨੌਂ ਰੋਜ਼ਾ ਮੇਲਾ ਲੱਗਦਾ ਹੈ ਜਿਸ ਨੂੰ ਆਗਮਨ ਪੁਰਬਜਾਂ ਫ਼ਰੀਦ ਮੇਲਾਕਹਿੰਦੇ ਹਨ। ਦੂਸਰੇ ਦੁਨਿਆਵੀ ਮਜ਼੍ਹਬਾਂ ਨਾਲ ਸੰਬੰਧ ਰੱਖਣ ਵਾਲੇ ਲੱਖਾਂ ਸ਼ਰਧਾਲੂ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫ਼ਰੀਦ ਜੀ ਦੇ ਕੇਵਲ ਚਾਰ ਸ਼ਬਦ (ਦੋ ਆਸਾ ਰਾਗ ਵਿੱਚ ਅਤੇ ਦੋ ਸੂਹੀ ਰਾਗ ਵਿੱਚ) ਅਤੇ ਪਾਵਨ ਅੰਕ 1377 ਤੋਂ ਲੈ ਕੇ 1384 ਤੱਕ ਸਲੋਕ ਸੇਖ ਫਰੀਦ ਕੇਸਿਰਲੇਖ ਹੇਠ 130 ਸਲੋਕ ਦਰਜ ਹਨ ਜਿਨ੍ਹਾਂ ਵਿੱਚੋਂ 4 ਸਲੋਕ (ਨੰ: 32, 113, 120, 124) ਗੁਰੂ ਨਾਨਕ ਸਾਹਿਬ ਜੀ ਦੇ; 5 ਸਲੋਕ (ਨੰ: 13, 52, 104, 122, 123) ਗੁਰੂ ਅਮਰਦਾਸ ਜੀ ਦੇ; 1 ਸਲੋਕ (ਨੰ: 121) ਗੁਰੂ ਰਾਮਦਾਸ ਜੀ ਦਾ ਅਤੇ 8 ਸਲੋਕ (ਨੰ: 75, 82, 83, 105, 108 ਤੋਂ 111) ਗੁਰੂ ਅਰਜੁਨ ਸਾਹਿਬ ਜੀ ਦੇ ਹੋਣ ਕਰਕੇ ਬਾਕੀ ਦੇ 112 ਸਲੋਕ ਬਾਬਾ ਸ਼ੇਖ਼ ਫ਼ਰੀਦ ਜੀ ਦੇ ਹਨ। ਬਾਬਾ ਫ਼ਰੀਦ ਜੀ ਦੇ ਸਲੋਕਾਂ ਦੇ ਵਿੱਚ, ਜਿੱਥੇ ਕੁਝ ਹੋਰ ਵਿਸਥਾਰ ਦੇਣ ਦੀ ਜ਼ਰੂਰਤ ਜਾਪੀ, ਚਾਰੇ ਗੁਰੂ ਸਾਹਿਬਾਨਾਂ ਦੇ ਸਲੋਕ ਦਰਜ ਕੀਤੇ ਗਏ, ਇਨ੍ਹਾਂ ਦੇ ਦਰਜ ਹੋਣ ਨਾਲ ਇਹ ਇਤਿਹਾਸਕ ਪੱਖ ਵੀ ਨਿੱਖਰ ਕੇ ਸਾਹਮਣੇ ਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਦੌਰਾਨ ਭਗਤ ਸਾਹਿਬਾਨ ਦੀ ਬਾਣੀ ਖ਼ੁਦ ਇਕੱਤਰ ਕੀਤੀ ਸੀ ਅਤੇ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਆਪਣੀ ਬਾਣੀ ਸਮੇਤ ਅੱਗੇ ਸੌਂਪਦੇ ਗਏ ਭਾਵ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਬਾਣੀ ਖ਼ਜ਼ਾਨਾ ਸੌਂਪਿਆ ਜਾਂਦਾ ਰਿਹਾ। ਭਗਤ ਸਾਹਿਬਾਨ ਦੀ ਬਾਣੀ ਹਰ ਇਕ ਗੁਰੂ ਸਾਹਿਬਾਨ ਕੋਲ ਮੌਜੂਦ ਹੋਣ ਕਾਰਨ ਹੀ ਜਿੱਥੇ-ਜਿੱਥੇ ਉਨ੍ਹਾਂ ਮਹਿਸੂਸ ਕੀਤਾ, ਆਪਣੇ ਵੱਲੋਂ ਵਿਸ਼ੇ ਦੀ ਵਧੀਕ ਸਪਸ਼ਟਤਾ ਲਈ ਸਲੋਕ ਉਚਾਰੇ ਗਏ ਤੇ ਗੁਰੂ ਅਰਜੁਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਉਨ੍ਹਾਂ ਨੂੰ ਯੋਗ ਥਾਂ ਤੇ ਦਰਜ ਕਰਵਾ ਦਿੱਤਾਇਸ ਇਤਿਹਾਸਕ ਪ੍ਰਮਾਣ ਉਪਰੰਤ ਉਨ੍ਹਾਂ ਲੋਕਾਂ ਦੀਆਂ ਦਲੀਲਾਂ ਨਿਰਮੂਲ ਸਿੱਧ ਹੋ ਜਾਂਦੀਆਂ ਹਨ ਜੋ ਕਹਿੰਦੇ ਹਨ ਕਿ ਗੁਰਬਾਣੀ ਦੀ ਸੰਪਾਦਨਾ ਕਰਨ ਸਮੇਂ ਭਗਤ ਸਾਹਿਬਾਨਾਂ ਦੀਆਂ ਰੂਹਾਂ ਖ਼ੁਦ ਆਕਾਸ਼ ਚੋਂ ਹੇਠਾਂ ਉੱਤਰ ਕੇ ਆਈਆਂ ਜੋ ਨਾਲ ਦੇ ਤੰਬੂ ਵਿੱਚ ਬੈਠ ਕੇ ਬਾਣੀ ਉਚਾਰਦੇ ਗਏ ਤੇ ਭਾਈ ਗੁਰਦਾਸ ਜੀ ਨਾਲੋ ਨਾਲ ਲਿਖਦੇ ਗਏ ਜਾਂ ਗੁਰੂ ਅਰਜੁਨ ਸਾਹਿਬ ਜੀ ਨੇ ਅਰਸ਼ਾਂ ਤੋਂ ਭਗਤ ਸਾਹਿਬਾਨ ਦੀ ਖ਼ੁਦ ਬਾਣੀ ਸੁਣ ਕੇ ਨਾਲੋ ਨਾਲ ਲਿਖਾਉਂਦੇ ਗਏ, ਆਦਿ।

ਭਗਤੀ-ਮਾਰਗ ਦੇ ਮਿਸ਼ਾਲਚੀ ਬਾਬਾ ਫ਼ਰੀਦ ਜੀ ਦਾ ਜੀਵਨ-ਬਿਰਤਾਂਤ ਵੀ, ਹੋਰ ਮਹਾਂਪੁਰਖਾਂ ਦੇ ਇਤਿਹਾਸ ਵਾਂਗ, ਪਾਖੰਡੀ ਪੁਜਾਰੀਆਂ, ਧਰਮ ਦੇ ਧਾੜਵੀਆਂ, ਮਾਇਆ ਦੇ ਮੁਰੀਦਾਂ ਅਤੇ ਇਨ੍ਹਾਂ ਦੇ ਮਗਰ ਲੱਗੇ ਅਗਿਆਨੀ ਤੇ ਅੰਧਵਿਸ਼ਵਾਸੀ ਸ਼ਰਧਾਲੂਆਂ ਦੁਆਰਾ ਅਜਿਹਾ ਵਿਗਾੜਿਆ ਜਾ ਚੁੱਕਿਆ ਹੈ ਕਿ ਉਨ੍ਹਾਂ ਦੀ ਜੀਵਨ-ਗਾਥਾ ਨੂੰ ਇਤਿਹਾਸ ਨਾ ਰਹਿ ਕੇ ਮਿਥਿਹਾਸ ਬਣਾ ਦਿੱਤਾ ਗਿਆ। ਦੋਖੀਆਂ ਨੇ ਫ਼ਰੀਦ ਜੀ ਦੇ ਜਲਾਲੀ ਚਿਹਰੇ ਉੱਤੇ ਵੀ ਪਾਖੰਡ ਤੇ ਝੂਠ ਦਾ ਅਜਿਹਾ ਕੁਸੰਭੜੀ ਰੰਗ ਚੜ੍ਹਾਇਆ ਕਿ ਉਨ੍ਹਾਂ ਦਾ ਅਸਲੀ ਮਜੀਠੀ ਚਿਹਰਾ ਨਜ਼ਰ ਨਹੀਂ ਆਉਂਦਾ। ਜਿਸ ਬਾਬਾ ਫ਼ਰੀਦ ਜੀ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਗਏ ਸਲੋਕ ਰਾਹੀਂ; ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਜਾ ਕੇ ਕਠਿਨ ਤਪ ਸਾਧਨ ਵਾਲੇ ਸਾਧੂਆਂ ਤੋਂ ਉਨ੍ਹਾਂ ਦੀ ਅਖੌਤੀ ਭਗਤੀ ਸੰਬੰਧੀ ਸਵਾਲ ਕੀਤੇ ਕਿ ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ  ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ  ? ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ  ? : 

‘‘ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ  ? ਵਣਿ ਕੰਡਾ ਮੋੜੇਹਿ ॥

ਵਸੀ ਰਬੁ, ਹਿਆਲੀਐ; ਜੰਗਲੁ ਕਿਆ ਢੂਢੇਹਿ  ? 19’’ 

ਉਸੇ ਬਾਬਾ ਫ਼ਰੀਦ ਜੀ ਦੇ ਕੁਝ ਹੋਰ ਸਲੋਕਾਂ ਦੇ ਗਲਤ ਅਰਥ ਨਿਕਾਲ ਕੇ ਕਹਾਣੀ ਜੋੜ ਦਿੱਤੀ ਗਈ ਕਿ ਉਨ੍ਹਾਂ ਨੇ ਰੱਬ ਦੀ ਭਾਲ ਵਿੱਚ ਦੂਰ ਜੰਗਲਾਂ ਵਿੱਚ ਜਾ ਕੇ ਪੁੱਠੇ ਲਟਕ ਕੇ ਤਪ ਕੀਤਾ, ਅੰਨ-ਪਾਣੀ ਦਾ ਪੂਰਨ ਤੌਰ ਤੇ ਤਿਆਗ ਕੀਤਾ ਅਤੇ ਭੁੱਖ ਲੱਗਣ ਤੇ ਲੱਕੜ ਦੀ ਬਣਾਈ ਰੋਟੀਤੇ ਦੰਦੀ ਵੱਢ ਕੇ ਭੁੱਖ ਦੂਰ ਕਰਨ ਵਾਲੇ ਬਾਬੇ ਫ਼ਰੀਦ ਜੀ ਦਾ ਸਰੀਰ ਇਤਨਾ ਨਿਰਬਲ ਹੋ ਗਿਆ ਕਿ ਕਾਂ ਵੱਲੋਂ ਉਨ੍ਹਾਂ ਦੇ ਸਰੀਰ ਨੂੰ ਚੂੰਡ ਕੇ ਖਾ ਜਾਣ ਉਪਰੰਤ ਜਦੋਂ ਅੱਖ ਵਿੱਚ ਠੁੰਗ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਬਾ ਫ਼ਰੀਦ ਜੀ ਨੇ ਪ੍ਰਭੂ ਪਤੀ ਦੇ ਦਰਸ਼ਨ ਕਰਨ ਦੀ ਆਸ ਦਾ ਤਰਲਾ ਪਾ ਕੇ ਦੋ ਅੱਖਾਂ ਨੂੰ ਨਾ ਛੋਹਣ ਲਈ ਕਾਂ ਅੱਗੇ ਬੇਨਤੀ ਕੀਤੀ। ਆਪਣੀ ਇਸ ਮਨਮਤੀ ਕਹਾਣੀ ਨੂੰ ਸਹੀ ਠਹਿਰਾਉਣ ਲਈ ਉਹ ਇਨ੍ਹਾਂ ਸਲੋਕਾਂ ਦੇ ਅੱਖਰੀ ਅਰਥਾਂ ਦੇ ਭੁਲੇਖੇ ਦਾ ਸਹਾਰਾ ਲੈਣ ਦਾ ਨਿਰਾਰਥਕ ਯਤਨ ਕਰਦੇ ਹਨ:-

‘‘ਫਰੀਦਾ  ! ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥

ਜਿਨਾ ਖਾਧੀ ਚੋਪੜੀ ; ਘਣੇ ਸਹਨਿਗੇ ਦੁਖ ॥28’’ (1379)

‘‘ਕਾਗਾ  ! ਕਰੰਗ ਢਢੋਲਿਆ ; ਸਗਲਾ ਖਾਇਆ ਮਾਸੁ

ਦੁਇ ਨੈਨਾ ਮਤਿ ਛੁਹਉ ; ਪਿਰ ਦੇਖਨ ਕੀ ਆਸ ॥91’’ (1382)

ਇੱਥੇਕਾਠਤੋਂ ਭਾਵ ਲੱਕੜ ਨਹੀਂ ਬਲਕਿ ਆਪਣੀ ਮਿਹਨਤ ਦੀ ਕਮਾਈ ਨਾਲ ਕਮਾਈ ਹੋਈ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ ਜੋ ਕਿ ਚੋਪੜੀ ਨਾ ਹੋਣ ਕਰਕੇ ਸੁੱਕ ਕੇ ਲੱਕੜੀ ਵਰਗੀ ਬਣੀ ਹੋਵੇ ਅਤੇ ਲਾਵਣੁਦਾ ਅਰਥ ਭੁੱਖ ਲਾਹੁਣ ਤੋਂ ਨਹੀਂ ਬਲਕਿ ਉਹ ਦਾਲ ਸਬਜ਼ੀ, ਆਚਾਰ, ਚਟਨੀ ਆਦਿਕ ਸਲੂਣਾ ਹੈ ਜਿਸ ਨਾਲ ਲਾ ਕੇ ਰੋਟੀ ਖਾਧੀ ਜਾ ਸਕੇ। ਚੇਤੇ ਰਹੇ ਕਿ ਇਕੱਲੀ ਰੋਟੀ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਬਣੀ ਹੋਵੇ, ਬਿਨਾਂ ਸਲੂਣੇ ਦੇ ਗਲੇਚੋਂ ਲੰਘਾਉਣੀ ਔਖੀ ਹੁੰਦੀ ਹੈ ਪਰ ਜਦੋਂ ਭੁੱਖ ਇਤਨੀ ਡਾਢੀ ਲੱਗੀ ਹੋਵੇ ਤਾਂ ਕਈ ਵਾਰ ਬਿਨਾਂ ਸਲੂਣੇ ਦੇ ਹੀ ਰੁੱਖੀ ਰੋਟੀ ਵੀ ਬਹੁਤ ਸੁਆਦਲੀ ਲਗਦੀ ਹੈ। ਸੋ ਬਾਬਾ ਫ਼ਰੀਦ ਜੀ ਦੇ ਕਹਿਣ ਦਾ ਭਾਵ ਹੈ ਕਿ ਮੇਰੀ ਮਿਹਨਤ ਦੀ ਥਕਾਵਟ ਅਤੇ ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ। ਜੋ ਲੋਕ ਦੂਸਰਿਆਂ ਦੀ ਕਮਾਈ ਦੇ ਆਸਰੇ ਚੰਗੀ-ਚੋਪੜੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ ਆਪਣੀ ਕਮਾਈ ਦੀ ਸਾਦੀ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਹੀ ਕਰਦੇ ਹਨ)। 28

(ਬਾਕੀ-ਕੱਲ)

  ਮਾਤਾ ਲਾਡਿਕੀ-9 .

ਪੁੱਤਰ ਦੀ ਦਾਤ ਕਈ ਮਹੀਨਿਆਂ ਦੇ ਦੇਖ ਭਾਲ ਪਿਛੋਂ ਜਦੋਂ ਫੂਲਾ ਦਾਈ ਨੇ ਦੱਸਿਆ ਕਿ ਬੀਬੀ ਲਾਡਿੱਕੀ ਮਾਂ ਬਨਣ ਵਾਲੀ ਹੈ ਪਰਿਵਾਰ ਵਿਚ ਪ੍ਰਸੰਨਤਾ ਫੈਲ ਗਈ। ਭਾਈ ਰਾਮ ਸਹਾਇ ਵਿਸ਼ੇਸ਼ ਕਰਕੇ ਖੁਸ਼ ਸਨ। ਉਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਬੀਤ ਗਏ ਸਨ ਪਰ ਔਲਾਦ ਦਾ ਮੂੰਹ ਨਹੀਂ ਸੀ ਵੇਖਿਆ ਗਿਆ। ਘਰ-ਪਰਿਵਾਰ, ਸੰਗੀਆਂ-ਸਾਥੀਆਂ ਵਿਚ ਚਰਚਾ ਸੀ: ''ਏਨੀ ਸੁੰਦਰ ਜੋੜੀ! ਪਰ ਔਲਾਦ ਕੋਈ ਨਹੀਂ। ਕਿਉ?" ਕਈਆਂ ਦੇ ਮੱਥੇ 'ਤੇ ਤਿਊੜੀਆਂ ਸਨ ਤਾਂ ਕਈਆਂ ਦੇ ਬੋਲਾਂ ਵਿਚ ਹਮਦਰਦੀ ਸੀ।

ਭਾਈ ਰਾਮ ਸਹਾਇ ਘਰ ਵਿਚ ਪਸਰੀ ਗੰਭੀਰਤਾ ਤੋਂ ਵੀ ਚਿੰਤਤ ਸਨ। ਲਾਡਿੱਕੀ ਤੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਤਾਂ ਨਹੀਂ ਸੀ ਪਰ ਉਹ ਵੇਖ ਰਹੇ ਸਨ ਕਿ ਉਸ ਦਾ ਰੁਝਾਨ ਦਿਨ-ਬ-ਦਿਨ, ਸਿਮਰਨ ਵੱਲ ਵੱਧਦਾ ਜਾਂਦਾ ਸੀ। ਘਰ ਵਿਚ ਬੱਚੇ ਹੋਣਗੇ ਤਾਂ ਰੌਣਕ ਤਾਂ ਹੋਵੇਗੀ, ਪਰਿਵਾਰ ਦੀ ਵੇਲ ਤਾਂ ਵਧੇਗੀ ਹੀ ਪਰ ਉਨ੍ਹਾਂ ਦੀ ਮਾਂ ਦਾ ਧਿਆਨ ਵੀ ਦੁਨੀਆਂਦਾਰੀ ਵੱਲ ਵਧੇਗਾ। ਲੋਕ ਚਰਚਾ ਵੀ ਬੰਦ ਹੋਵੇਗੀ। ਹੁਣ ਤਾਂ ਜੋ ਵੀ ਮਿਲਦਾ ਸੀ, ਇਹੀ ਸੁਆਲ ਕਰਦਾ ਸੀ, ''ਲੱਡੂ ਕਦੋਂ ਖੁਆ ਰਿਹੈਂ? ਪੁੱਤਰ 'ਚ ਏਨੀ ਦੇਰੀ ਕਿਉਂ? ਕਿਧਰੇ....?"

ਬੀਬੀ ਲਾਡਿੱਕੀ ਨੂੰ ਖ਼ਬਰ ਮਿਲੀ ਤਾਂ ਉਸ ਅਕਾਲ ਪੁਰਖ ਅੱਗੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਔਲਾਦ ਦੀ ਦਾਤ ਦੇਣ ਲਈ ਧੰਨਵਾਦ ਕੀਤਾ। ਕਈ ਦਿਨਾਂ ਤੱਕ ਉਹ ਆਪਣੇ ਆਪ ਨੂੰ ਕੁਦਰਤ ਦੀ ਅਨਮੋਲ ਦਾਤ ਨੂੰ ਸਵੀਕਾਰ ਕਰਨ ਲਈ ਤਿਆਰ ਕਰਦੀ ਰਹੀ। ਮਿਲਣ ਗਿਲਣ ਵਾਲੇ ਚਰਚਾ ਕਰਦੇ, ਵਧਾਈਆਂ ਦਿੰਦੇ ਤਾਂ ਉਹ ਸੁਭਾਵਕ ਸ਼ਰਮ ਨਾਲ ਲਾਲ ਹੋ ਜਾਂਦੀ ਪਰ ਹੌਲੀ ਹੌਲੀ ਉਸ ਨੇ ਮਹਿਸੂਸ ਕੀਤਾ ਕਿ ਬਾਹਰਲੇ ਸੰਸਾਰ ਵਾਂਗ ਉਸਦੇ ਅੰਦਰ ਵੀ ਇੱਕ ਦੁਨੀਆਂ ਵੱਸਣ ਲੱਗ ਪਈ ਹੈ। ਅੰਤਰਮੁੱਖੀ ਤਾਂ ਉਹ ਪਹਿਲਾਂ ਵੀ ਸੀ ਪਰ ਹੁਣ ਜਿਵੇਂ ਅੰਦਰਲੀ ਦੁਨੀਆਂ ਨੇ ਬਾਹਰਲੀ ਦੁਨੀਆਂ ਉੱਤੇ ਕਬਜ਼ਾ ਕਰ ਲਿਆ ਸੀ।

ਪੰਜਾਬੀਆਂ ਵਿਚ ਪਹਿਲਾ ਜਣੇਪਾ ਮਾਪਿਆਂ ਕੋਲ ਜਾ ਕੇ ਕਰਵਾਉਣ ਦਾ ਰਿਵਾਜ਼ ਰਿਹਾ ਹੈ। ਇਸ ਦਾ ਮੁੱਖ ਕਾਰਨ ਬੱਚੀ (ਧੀ) ਨੂੰ ਮਾਪਿਆਂ ਕੋਲੋਂ ਮਿਲਦੀ ਸੁਰੱਖਿਆ ਅਤੇ ਵਿਸ਼ਵਾਸ਼ ਮੰਨੇ ਜਾਂਦੇ ਹਨ। ਬੀਬੀ ਲਾਡਿੱਕੀ ਨੂੰ ਇੰਨ੍ਹਾਂ ਦੀ ਲੋੜ ਮੁਕਾਬਲਤਨ ਵਧੇਰੇ ਸੀ ਪਰ ਦੇਸ਼ ਵਿਚ ਹੋ ਰਹੀ ਮਾਰਾ ਮਾਰੀ ਕਾਰਨ ਉਸ ਦਾ ਪੇਕੇ (ਰੋਹਤਾਸ) ਜਾ ਸਕਣਾ ਸੰਭਵ ਨਹੀਂ ਹੋ ਸਕਿਆ। ਜਣੇਪੇ ਦਾ ਸਾਰਾ ਸਮਾਂ ਉਸ ਨੇ ਪੇਸ਼ਾਵਰ ਵਿਚ ਹੀ ਬਿਤਾਇਆ। ਇਸ ਲਈ ਬੀਬੀ ਦੀ ਬਾਹਰੀ ਦੁਨੀਆਂ ਤਾਂ ਸੁੰਗੜ ਗਈ ਪਰ ਉਸ ਦੀ ਅੰਦਰੂਨੀ ਦੁਨੀਆਂ ਵਧੇਰੇ ਵਿਸ਼ਾਲ ਹੋ ਗਈ। ਜਿਸ ਦਿਨ ਪੇਟ ਵਿਚ ਪਲ ਰਹੇ ਬੱਚੇ ਨੇ ਪਹਿਲੀ ਕਰਵਟ ਲਈ, ਬੀਬੀ ਦੀ ਦੁਨੀਆਂ ਹੀ ਬਦਲ ਗਈ। ਉਹ ਕਲੋਲਾਂ ਕਰਦੇ ਬੱਚੇ ਨਾਲ ਗੱਲਾਂ ਕਰਨ ਲੱਗੀ।

ਇਨ੍ਹਾਂ ਦਾ ਵਿਸ਼ਾ ਦਿਨ-ਬ-ਦਿਨ ਵਿਸ਼ਾਲ ਹੁੰਦਾ ਗਿਆ। ਆਮ ਗਰਭਵਤੀ ਮੁਟਿਆਰਾਂ ਬੱਚੇ ਦੇ ਪੇਟ ਵਿਚ ਹਿੱਲਣ ਜੁਲਣ ਨਾਲ ਤਕਲੀਫ਼ ਅਤੇ ਡਰ ਮਹਿਸੂਸ ਕਰਨ ਲੱਗ ਪੈਂਦੀਆਂ ਹਨ ਪਰ ਬੀਬੀ ਲਾਡਿੱਕੀ ਦਾ ਮਾਨੋਂ ਹਰ ਚੀਜ਼ ਨਿਰਾਲੀ ਸੀ। ਬੱਚੇ ਦੀ ਹਿੱਲਜੁਲ ਨੇ ਬੀਬੀ ਨੂੰ ਅਹਿਸਾਸ ਕਰਵਾਇਆ ਕਿ ਉਸ ਦੇ ਵਿਚਾਰਾਂ ਨਾਲ ਸਾਂਝ ਪਾਉਣ, ਉਨ੍ਹਾਂ ਨੂੰ ਅਗਾਂਹ ਤੋਰਨ ਅਤੇ ਉਨ੍ਹਾਂ ਉਤੇ ਪਹਿਰਾ ਦੇਣ ਲਈ ਉਸ ਨੂੰ ਇੱਕ ਸਾਥੀ ਮਿਲ ਗਿਆ ਹੈ, ਜੋ ਉਸ ਦਾ ਆਪਣਾ ਹੈ, ਉਸ ਦਾ ਹਿੱਸਾ ਹੈ ਅਤੇ ਜਿਸ ਨਾਲ ਉਸ ਦੀ ਸਦੀਵੀਂ ਸਾਂਝ ਰਹਿਣੀ ਹੈ। ਇਸ ਅਹਿਸਾਸ ਨੇ ਬੀਬੀ ਦੇ ਆਤਮ ਵਿਸ਼ਵਾਸ਼ ਵਿਚ ਅੰਤਾਂ ਦਾ ਵਾਧਾ ਕੀਤਾ। ਇਹ ਵਿਸ਼ਵਾਸ਼ ਉਸ ਦੇ ਚਿਹਰੇ 'ਤੇ ਖੇੜੇ  ਦੇ ਰੂਪ ਵਿਚ ਪ੍ਰਗਟ ਹੋਇਆ। ਉਹ ਪਹਿਲਾਂ ਦੇ ਮੁਕਾਬਲੇ ਵਧੇਰੇ ਖੁਸ਼ ਅਤੇ ਸੁੰਦਰ ਦਿਖਾਈ ਦੇਣ ਲੱਗੀ। ਮਾਂ ਨੇ ਆਪਣੇ ਬੱਚੇ ਨਾਲ ਪਹਿਲਾ ਵਿਚਾਰ ਪ੍ਰਭੂ ਦੇ ਵਡੱਪਣ ਦਾ ਸਾਂਝਾ ਕੀਤਾ: ''ਉਹ ਬੇਅੰਤ ਹੈ, ਉਸ ਦਾ ਵਰਨਣ ਕਰਨਾ ਸੰਭਵ ਨਹੀਂ: ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸੁ॥ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ॥ ਉਸ ਵਰਗਾ ਹੋਰ ਕੋਈ ਨਹੀਂ। ਦੁਨੀਆਂ ਵਿਚ ਬੜੇ ਬੜੇ ਸ਼ਿਲਪਕਾਰ ਹੋਏ ਹਨ, ਉਨ੍ਹਾਂ ਬੜਾ ਕੁਝ ਬਨਾਉਣ ਦਾ ਦਾਅਵਾ ਕੀਤਾ ਹੈ ਪਰ ਇੱਕ ਮਨੁੱਖ ਨੂੰ ਕੋਈ ਨਹੀਂ ਬਣਾ ਸਕਿਆ, ਉਸ ਵਿਚ ਜਾਨ ਕੋਈ ਨਹੀਂ ਪਾ ਸਕਿਆ। ਉਹੀ ਇੱਕ ਹੈ ਜਿਹੜਾ ਮਨੁੱਖ ਨੂੰ ਬਣਾਉਂਦਾ ਹੈ, ਉਸ ਵਿਚ ਜਾਨ ਫੂਕਦਾ ਹੈ, ਵੇਖੋ ਨਾ! ਪੇਟ ਵਿਚ ਇੱਕ ਫਾਲਤੂ ਰੋਟੀ ਨਹੀਂ ਰੱਖੀ ਜਾ ਸਕਦੀ। ਵੱਧ ਖਾ ਲਉ ਤਾਂ ਬਦਹਜ਼ਮੀਂ ਹੋ ਜਾਂਦੀ ਹੈ, ਪੇਟ ਫੁੱਲ ਜਾਂਦਾ ਹੈ ਪਰ ਉਸ ਦਾ ਵਿਧਾਨ ਦੇਖੋ, ਮਾਂ ਦੇ ਪੇਟ ਵਿਚ ਬੱਚਾ ਆਉਂਦਾ ਹੈ, ਵੱਧਦਾ ਹੈ, ਤੇਰੇ ਵਾਂਗ ਸ਼ਤਾਨੀਆਂ ਵੀ ਕਰਦਾ ਹੈ। ਇੱਕ ਬਿੰਦੂ ਤੋਂ ਸ਼ੁਰੂ ਹੋ ਪੂਰਾ ਸ਼ਰੀਰ ਬਣਦਾ ਹੈ, ਨੈਣ ਨਕਸ਼ ਉੱਘੜਦੇ ਹਨ। ਆਦਮੀ ਨਾਲ ਹੀ ਨਹੀਂ, ਪੂਰੇ ਬ੍ਰਹਿਮੰਡ ਵਿਚ ਜੀਵ-ਜੰਤੂਆਂ ਨਾਲ ਇੰਝ ਹੀ ਹੁੰਦਾ ਹੈ-ਏਨੇ ਜੀਵ,ਏਨੇ ਜੰਤੂ, ਸਭ ਦੇ ਵੱਖਰੇ ਵੱਖਰੇ ਰੂਪ, ਇੱਕ ਦੂਜੇ ਨਾਲ ਮਿਲਦਾ ਨਹੀਂ। ਕਿੰਨਾ ਬੇਅੰਤ ਹੋਏਗਾ ਅਜਿਹਾ ਕੁਝ ਕਰਨ ਵਾਲਾ? ਉਸ ਦੇ ਵੱਡਪਣ ਸੰਬਧੀ ਕੋਈ ਕੀ ਰਹਿ ਸਕਦਾ ਹੈ? ਕਥਨਾ ਕਥੀ ਨਾ ਆਵੈ ਤੋਟਿ॥ ਕਥਿ ਕਥਿ ਕੋਥੀ ਕੋਟੀ ਕੋਟਿ ਕੋਟਿ॥ ਬਹੁਤ ਵੱਡਾ ਹੈ, ਉਹ! ਏਨਾ ਵੱਡਾ ਕਿ ਉਸ ਸਬੰਧੀ ਕੋਈ ਕੁਝ ਨਹੀਂ ਕਹਿ ਸਕਦਾ। ਰਹੇਗਾ ਤਾ ਜੇ ਕੋਈ ਉਸ ਵਰਗਾ ਹੋਏਗਾ: ਵੱਡਾ ਸਾਹਿਬ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ਏਵਡ ਊਚਾ ਹੋਵੇ ਕੋਇ॥ ਤਿਸ ਊਚੇ ਕੋ ਜਾਣੈ ਸੋਇ॥ ਜੇਵਡ ਆਪੁ ਜਾਣੇ ਆਪਿ ਆਪਿ॥ ਨਾਨਕ ਨਦਰੀ ਕਰਮੀ ਦਾਤਿ॥ ਇਸੇ ਲਈ ਉਸ ਨੂੰ ਕਰਤਾਰ ਕਿਹਾ ਗਿਆ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਪਰ ਏਨਾ ਕਰਤਾਰੀ ਹੈ ਕਿ ਸਭ ਕੁਝ ਨਿਯਮਾਂ ਅਧੀਨ ਜਿਉਂ ਦਾ ਤਿਉਂ ਹੁੰਦਾ ਹੈ। ਉਸਦੇ ਬਣਾਏ ਨਿਯਮ ਹੀ ਅੰਤਿਮ ਹੁੰਦੇ ਹਨ, ਜੋ ਲਿਖ ਦਿੰਦਾ ਹੈ, ਉਹੀ ਵਾਪਰਦਾ ਹੈ: ਲੇਖੁ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿੁ ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ॥ ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ॥ (੯੩੭) ਏਨਾ ਬੇਅੰਤ ਹੈ ਕਿ ਉਹ ਹਰੇਕ ਲਈ ਖਾਣ ਦਾ, ਪੇਟ ਭਰਨ ਦਾ ਪ੍ਰਬੰਧ ਕਰਦਾ ਹੈ। ਜਿਸ ਨੂੰ ਉਸ ਪੈਦਾ ਕੀਤਾ ਹੈ, ਉਸ ਲਈ ਰੋਟੀ ਦਾ ਪ੍ਰਬੰਧ ਪਹਿਲਾਂ ਕਰ ਦਿੱਤਾ ਹੈ: ਹਾਹੇ ਹੋਰ ਨ ਕੋਈ ਤਾਤਾ ਜੀਅ ਉਪਾਇ ਰਿਜੁਕ ਦੀਆ॥ ਹਰਿ ਨਾਮੁ ਧਿਆਵਹੁ ਹਰਿ ਨਾਮੁ ਸਮਾਵਹੁ ਅਨਦਿਨ ਲਾਹਾ ਹਰਿ ਨਾਮੁ ਲੀਆ॥(੫੩੪) ਤੂੰ ਆਪਣੇ ਵੱਲ ਵੇਖ! ਜਾਨ ਪਿਛੋਂ ਆਈ, ਖਾਣੇ ਦੀਆਂ ਨਾਲੀਆਂ ਪਹਿਲਾਂ ਜੁੜ ਗਈਆਂ। ਜਨਮੇਂਗਾ ਤਾਂ ਮਾਂ ਦੀ ਛਾਤੀ 'ਚ ਦੁੱਧ ਨਿਤਰ ਆਏਗਾ। ਇਹ ਸਭ ਉਸੇ ਕਰਤਾਰ ਦੀ ਕੁਦਰਤ ਹੈ। ਸਿਰਜਨਾ ਹੋ ਰਹੀ ਹੈ, ਉਸ ਲਈ ਥਾਂ ਵੀ ਉਹ ਖ਼ੁਦ ਬਣਾ ਰਿਹਾ ਹੈ ਅਤੇ ਸਭ ਤੋਂ ਵੱਧ ਸਭ ਕੁਝ ਨਿਯਮਾਂ ਅਧੀਨ ਹੋ ਰਿਹਾ ਹੈ, ਬੇਨਿਯਮਾਂ ਕੁਦਰਤ ਵਿਚ ਕੁਝ ਵੀ ਨਹੀਂ ਵਾਪਰਦਾ।.... ਤੇ ਅਸੀਂ ਕਿੰਨੇ ਬੇਸਮਝ ਹਾਂ, ਨਿਸ਼ੁਕਰੇ ਹਾਂ, ੳਸ ਦਾ ਧੰਨਵਾਦ ਕਰਨ, ਉਸ ਨੂੰ ਸਾਂਦ ਕਰਨ, ਉਸ ਦਾ ਸਿਮਰਨ ਕਰਨ, ਉਸ ਦੇ ਨਿਯਮਾਂ ਨੂੰ ਸਮਝਾਉਣ ਅਤੇ ਅਪਨਾਉਣ ਦੀ ਥਾਂ ਦੇਵੀ ਦੇਵਤਿਆਂ, ਉਨ੍ਹਾਂ ਦੇ ਪ੍ਰਚਾਰਕ ਪੰਡਤਾਂ, ਬ੍ਰਾਹਮਣਾਂ ਦੇ ਪਿੱਛੇ ਭੱਜੇ ਫਿਰਦੇ ਹਾਂ: ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹੁਣ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿੁ॥(੬੩੭) ਏਹ ਵਿਚਾਰੇ ਤਾਂ ਉਸ ਦੇ ਦਰ ਦੇ ਭਿਖਾਰੀ ਹਨ, ਉਸ ਦੇ ਹੁਕਮ ਵਿਚ ਚੱਲਣ ਵਾਲੇ ਹਨ: ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥ ਮਾਨੈ ਹੁਕਮ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥ (੯੯੨)  ਦੁੱਖ ਇਹੀ ਹੈ ਕਿ ਸਾਡੇ ਕੋਲ ਸਾਰਾ ਕੁਝ ਲਿਖਿਆ ਪਿਆ ਹੈ: ਗੁਰੂ ਗ੍ਰੰਥ ਸਾਹਿਬ ਵਿਚ ਸਭ ਦਰਜ ਹੈ। ਮੈਂ ਗਿਆਨੀ ਜੀ ਨੁੰ ਕਈ ਵਾਰ ਦੱਸਿਆ ਹੈ ਪਰ ਮੇਰੀ ਤਾਂ ਕਿਸੇ ਸੁਣੀ ਨਹੀਂ, ਧੀ ਧਿਆਣੀ ਕਹਿ ਕੇ ਚੁੱਪ ਕਰਵਾ ਦਿੱਤਾ। ਮੈਂ ਕੁਝ ਕਰਨ ਜ਼ੋਗੀ ਛੱਡੀ ਨਹੀਂ। ਤੂੰ ਜਨਮ ਲੈ, ਜਲਦੀ ਜਲਦੀ ਵੱਡਾ ਹੋ। ਮੈਂ ਤੈਨੂੰ ਰਾਹ ਦੱਸਾਂਗੀ, ਤੂੰ ਇਨ੍ਹਾਂ ਦੇ ਮੂੰਹ ਭੰਨੀ। ਕਹਿਣੀ ਕਰਨੀ ਵਿਚ ਫ਼ਰਕ ਕਰਨ ਵਾਲਿਆਂ ਦੀ ਇਹੀ ਸਜ਼ਾ ਹੈ।