rozanajanchetna@gmail.com17112020
ਰੋਜਾਨਾ ਜਨਚੇਤਨਾ
ਸਾਲ:11, ਅੰਕ:73,ਮੰਗਲਵਾਰ,17 ਨਵੰਬਰ 2020.ਅੱਜ ਦਾ ਵਿਚਾਰ .
ਚਾਹੋ, ਭਾਵੇਂ ਨਾ ਚਾਹੋ, ਜੀਊਣ ਲਈ, ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਜ ਨਾਲ ਤਾਂ ਜੁੜਣਾ ਹੀ ਪਇਗਾ। ਜਨਮ ਵੇਲੇ ਮਨੁੱਖ ਸਾਹ ਲੈਂਦਾ ਮਾਸ ਦਾ ਟੁਕੜਾ ਹੀ ਹੁੰਦਾ ਹੈ। ਜੇ ਉਸ ਦੀ ਪਰਿਵਾਰ, ਸਮਾਜ ਦੀ ਹੀ ਇਕ ਇਕਾਈ, ਦੇਖ ਭਾਲ ਨਾ ਕਰੇ ਤਾਂ ਉਹ ਜੀਊਂਦਾ ਵੀ ਨਾ ਬਚੇ। ਬਚ ਵੀ ਜਾਏ ਤਾਂ ਖਾਣ, ਪੀਣ, ਰਹਿਣ ਲਈ ਸਮਾਜ ਦੀ ਲੋੜ ਤਾਂ ਰਹੇਗੀ ਹੀ। ਸਮਾਜ ਬਿਨਾਂ ਮਨੁੱਖ ਸੁਰੱਖਿਅਤ ਵੀ ਨਹੀਂ ਹੁੰਦਾ। ਹੁਣ, ਜੇ ਸਮਾਜ ਵਿਚ ਰਹਿਣਾ ਹੀ ਹੈ ਤਾਂ ਕਿਉਂ ਨਾ ਅਜਿਹੇ ਸਮਾਜ ਦੀ ਸਿਰਜਨਾ ਕੀਤੀ ਜਾਵੇ ਜਿਹੜਾ ਹੀ ਸੰਭਵ ਹੈ ਜੇ ਅਸੀਂ ਸਮਾਜਿਕ ਬਣੀਏ, ਇਸ ਨਾਲ ਸਬੰਧਤ ਕਾਰਜਾਂ ਵਿਚ ਦਿਲਚਸਪੀ ਲਈਏ, ਉਸ ਦੇ ਵਿਕਾਸ ਵਿਚ ਸਹਾਈ ਹੋਈਏ ।
ਪੰਜਾਬ ਦਾ ਇਤਿਹਾਸ-06.
ਪੰਜਾਬ ਦੇ ਉਪਰ ਹਮਲਿਆਂ ਦੀ ਵਾਰਤਾ ਸਿੰਧ ਘਾਟੀ ਦੀ ਸਭਿਅਤਾ ਦੇ ਅਖੀਰਲੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਆਰੀਆ ਲੋਕਾਂ ਨੇ ਇਸ ਦੀ ਸ਼ੁਰੂਆਤ ਕੀਤੀ। ਸ਼ਾਂਤੀ ਅਤੇ ਅਮਨ ਨਾਲ ਵਸਦੇ ਸਿੰਧ ਘਾਟੀ ਦੀ ਸਭਿਅਤਾ ਦੇ ਲੋਕਾਂ ਨੂੰ ਪੱਛਮੀ ਅਤੇ ਕੇਂਦਰੀ ਏਸ਼ੀਆ ਦੀ ਭੁੱਖਮਰੀ ਨੇ ਦਬੋਚ ਸੁੱਟਿਆ। ਆਰੀਆ ਲੋਕ ਇਹਨਾਂ ਹੀ ਖਿੱਤਿਆਂ ਵਿੱਚ ਵਸਣ ਵਾਲੇ ਭੁੱਖਮਰੀ ਦਾ ਸ਼ਿਕਾਰ ਹੋਏ ਲੋਕ ਸਨ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਿੰਧ ਦਰਿਆ ਦੇ ਆਲੇ-ਦੁਆਲੇ ਦੇ ਵਿਸ਼ਾਲ ਖੇਤਰ ਵਿੱਚ ਮਣਾਂ ਮੂੰਹੀ ਅਨਾਜ ਹੁੰਦਾ ਹੈ, ਹਰੇ-ਹਰੇ ਘਾਹ ਵਾਲੀਆਂ ਵਿਸ਼ਾਲ ਚਾਰਗਾਹਾਂ ਅਤੇ ਜੰਗਲ ਹਨ, ਦਰਿਆਵਾਂ ਦਾ ਨਿਰਮਲ ਅਤੇ ਠੰਢਾ-ਠਾਰ ਪਾਣੀ ਵਹਿੰਦਾ ਹੈ ਤਾਂ ਉਹ ਟਿੱਡੀ ਦਲਾਂ ਵਾਂਗ ਆਪਣੇ ਗਊਆਂ ਦੇ ਵੱਗ,ਊਠਾਂ ਦੇ ਝੂੰਡ,ਭੇਡਾਂ ਬੱਕਰੀਆਂ ਦੇ ਇੱਜੜ ਲੈ ਕੇ ਇੱਧਰ ਨੂੰ ਰਵਾਨਾ ਹੋ ਗਏ। ਸਾਲਾਂ ਵਿੱਚ ਹੀ ਇਹਨਾਂ ਭੁੱਖਮਰੀ ਦਾ ਸ਼ਿਕਾਰ ਆਰੀਆ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ਦੀ ਪਵਿੱਤਰ ਧਰਤੀ ਨੂੰ ਆਪਣੇ ਪਸ਼ੂਆਂ ਦੇ ਗੋਹੇ ਅਤੇ ਮਲਮੂਤਰ ਨਾਲ ਥਾਂ-ਥਾਂ ਤੋਂ ਗੱਦੀ ਕਰ ਸੁੱਟਿਆ। ਸ਼ਹਿਰਾਂ ਵਿੱਚ ਰਹਿਣ ਦੀ ਸਮੱਸਿਆ ਪੈਦਾ ਹੋ ਗਈ, ਚਾਰਗਾਹਾਂ, ਖੇਤੀਬਾੜੀ ਅਤੇ ਜੰਗਲ ਉਜੜਨੇ ਸ਼ੁਰੂ ਹੋ ਗਏ ਅਤੇ ਦਰਿਆਵਾਂ ਦੇ ਪਾਣੀ ਪਲੀਤ ਹੋਣੇ ਸ਼ੁਰੂ ਹੋ ਗਏ। ਸਿੱਟਾ ਸਦੀਆਂ ਤੋਂ ਘੁੱਗ ਵਸਦੀ ਆ ਰਹੀ ਸਿੰਧ ਘਾਟੀ ਦੀ ਸਭਿਅਤਾ ਦੀ ਤਬਾਹੀ ਵਿੱਚ ਨਿਕਲਿਆ। ਬਾਹਰੋਂ ਇੰਨੀ ਤਾਦਾਦ ਵਿੱਚ ਭੁੱਖੇ ਲੋਕ ਅਤੇ ਪਸ਼ੂ ਇੱਥੇ ਆ ਗਏ ਕਿ ਸਿੰਧ ਘਾਟੀ ਦੇ ਲੋਕ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ। ਸਿੰਧ ਘਾਟੀ ਦੀ ਸਭਿਅਤਾ ਉੱਜੜ-ਪੁੱਜੜ ਗਈ, ਸ਼ਹਿਰ ਢਹਿ ਗਏ, ਲੋਕ ਮਾਰ ਦਿੱਤੇ ਗਏ, ਬਾਜਾਰ ਲੁੱਟ ਲਏ ਗਏ ਅਤੇ ਸ਼ਹਿਰੀ ਜੀਵਨ ਤਬਾਹ ਹੋ ਗਿਆ ਸੀ। ਇਥੋ ਸ਼ੁਰੂ ਹੋ ਗਿਆ ਪੰਜਾਬ ਦਾ ਨਵਾਂ ਇਤਿਹਾਸ। ਉਹ ਇਤਿਹਾਸ ਜੋ ਹਮਲਾਵਰਾਂ ਦੇ ਹਮਲਿਆਂ ਦੀ ਤਬਾਹੀ ਨਾਲ ਭਰਪੂਰ ਹੈ। ਆਰੀਆ ਲੋਕਾਂ ਦਾ ਪਹਿਲਾਂ ਮੁਕਾਬਲਾ ਸਿੰਧ ਘਾਟੀ ਦੀ ਸਭਿਅਤਾ ਦੇ ਸ਼ਿਹਰੀ ਲੋਕਾਂ ਨਾਲ ਹੋਇਆ ਸੀ। ਇਹਨਾਂ ਨੂੰ ਇਹ ਹਰਾਉਣ ਵਿੱਚ ਕਾਮ੍ਯਾਬ ਹੋ ਗਏ ਸਨ। ਫਿਰ ਇਹਨਾਂ ਦਾ ਝਗੜਾ ਹੋਇਆ ਖੇਤੀਬਾੜੀ ਕਰਨ ਵਾਲੇ ਜਾਂ ਜੰਗਲਾਂ ਵਿੱਚ ਰਹਿਣ ਵਾਲੇ ਜੱਟ ਕਬੀਲਿਆਂ ਨਾਲ। ਜੱਟ ਕਬੀਲੇ ਪੰਜਾਬ ਦੀ ਮਿੱਟੀ ਦੇ ਪੁੱਤਰ ਸਨ। ਉਹਨਾਂ ਨੇ ਆਪਣੇ ਦਰਿਆਵਾਂ ਉਪਰ ਆਰੀਆ ਲੋਕਾਂ ਨੂੰ ਵਸਣ ਨਹੀਂ ਦਿੱਤਾ, ਆਪਣੀਆਂ ਚਾਰਗਾਹਾਂ ਵਿੱਚ ਆਰੀਆ ਲੋਕਾਂ ਦੇ ਵੱਗਾਂ ਅਤੇ ਇੱਜੜਾਂ ਨੂੰ ਬੜਨ ਨਹੀਂ ਦਿੱਤਾ। ਇਸ ਤਰਾਂ ਆਰੀਆ ਲੋਕਾਂ ਅਤੇ ਜੱਟ ਕਬੀਲਿਆਂ ਵਿੱਚ ਗਹਿਗੱਚ ਲੜਾਈਆਂ ਹੋਈਆਂ। ਇਹਨਾਂ ਦੇ ਸਿੱਟੇ ਵਜੋਂ ਆਰੀਆ ਲੋਕ ਪੰਜਾਬ ਦੇ ਖੇਤਾਂ ਦੇ ਮਾਲਕ ਨਹੀਂ ਬਣ ਸਕੇ ਅਤੇ ਉਹ ਅੱਗੇ ਧੱਕੀਏ ਗਏ ਅਤੇ ਅਖੀਰ ਨੂੰ ਪੰਜਾਬ ਦੀਆਂ ਪੂਰਬੀ ਹੱਦਾਂ ਤੋਂ ਬਾਹਰ ਹੋ ਕੇ ਸਰਸਵਤੀ ਦੇ ਕੰਢਿਆਂ ਉਪਰ ਵਸ ਗਏ ਸਨ। ਜਿਵੇਂ ਕਿ ਪਹਿਲਾਂ ਵੀ ਲਿਖਿਆ ਗਿਆ ਹੈ ਕਿ ਸਰਸਵਤੀ ਦੇ ਕੰਢਿਆਂ ਉਪਰ ਹੀ ਇਹਨਾਂ ਨੇ ਆਪਣੇ ਵੇਦ ਰਚੇ ਅਤੇ ਹੋਰ ਗਰੰਥ ਲਿਖੇ। ਘੱਗਰ ਅਤੇ ਸਰਸਵਤੀ ਦੇ ਵਿਚਕਾਰਲੀ ਥਾਂ ਆਰੀਆ ਲੋਕਾਂ ਦਾ ਪਹਿਲੇ ਵਸੇਬੇ ਵਾਲੀ ਥਾਂ ਸੀ। ਇਸ ਨੂੰ ਇਹਨਾਂ ਨੇ ਆਰੀਆਵਰਤ ਵੀ ਕਿਹਾ ਹੈ, ਬਰੱਹਮਵਰਤ ਵੀ ਅਤੇ ਦੇਵਤਿਆਂ ਦੀ ਧਰਤੀ ਵੀ। ਪਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਨਫ਼ਰਤ ਨਾਲ ਜੰਗਲੀ, ਚੋਰ,ਰਾਕਸ਼ਸ਼ ਅਤੇ ਕਾਲੀ ਚਮੜੀ ਵਾਲੇ ਲੋਕ ਕਿਹਾ ਹੈ।
ਸਿੱਖ ਇਤਿਹਾਸ ਵਿਚ ਅੱਜ.
17 ਨਵੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
! ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ (1695 ਈ.)
! ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ ਨੀੰਹ ਦਾ ਰਖਿਆ ਜਾਣਾ (1763 ਈ.)
! ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਪਹਿਲੀ ਚੋਣ ਦਾ ਮੁਕੰਮਲ ਹੋਣਾ (1920 ਈ.)
! ਗੁਰੂ ਕੇ ਬਾਗ ਦੇ ਮੋਰਚੇ ਦਾ ਸਮਾਪਤ ਹੋਣਾ (1922 ਈ.)
ਬਾਬਾ ਜ਼ੋਰਾਵਰ ਸਿੰਘ
ਬਾਬਾ ਜ਼ੋਰਾਵਰ ਸਿੰਘ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਤੀਸਰਾ ਸਾਹਿਬਜ਼ਾਦਾ ਸੀ। 1695 ਈ. ਨੂੰ ਉਸ ਮਾਤਾ ਜੀਤ ਕੌਰ ਦੀ ਕੁਖੋਂ ਜਨਮ ਲਿਆ। ਸਾਰਾ ਆਨੰਦਪੁਰ ਖੁਸ਼ੀ ਦੀਆਂ ਵਣਾਈਆਂ ਨਾਲ ਗੂੰਜ ਉਠਿਆ। 1704 ਈ. ਵਿੱਚ ਜਦੋਂ ਗੁਰੂ ਜੀ ਨੋ ਆਨੰਦਪੁਰ ਨੂੰ ਛੱਡਿਆ ਤਾਂ ਜ਼ੋਰਾਵਰ ਸਿੰਘ ਨੌਂ ਸਾਲ ਦਾ ਸੀ। ਉਹ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਮਾਤਾ ਗੁਜਰੀ ਨਾਲ ਗੁਰੂ ਪਰਿਵਾਰ ਤੋਂ ਵਿਛੜ ਗਏ। ਤਿੰਨਾਂ ਨੂੰ ਗੰਗੂ ਦੇ ਲਾਲਚ ਅਤੇ ਡਰ ਕਾਰਣ ਸਰਹਿੰਦ ਜੇ ਸੂਬੇਦਾਰ ਦੇ ਕੈਦਖਾਨੇ ਪਹੁੰਚਣਾ ਪਿਆ। ਦੋਵਾਂ ਬੱਚਿਆਂ ਨੇ ਛੋਟੀ ਉਮਰ ਵਿੱਚ ਵੱਡਾ ਸਾਕਾ ਕੀਤਾ। ਸਰਹਿੰਦ ਦੇ ਸੂਬੇਦਾਰ ਦੀ ਈਨ ਨਾ ਮੰਨਣ ਕਾਰਣ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਜੀ ਵੀ ਇਸੇ ਸਮੇਂ ਚਲਾਣਾ ਕਰ ਗਏ। ਇਸ ਸਾਕੇ ਨੂੰ ਚੇਤੇ ਕਰਵਾਉਂਦਾ ਗੁਰਦੁਆਰਾ ਫਤਹਿਗੜ ਸਾਹਿਬ ਸਰਹਿੰਦ ਵਿੱਚ ਉਸਾਰਿਆ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ
ਸ੍ਰੀ ਹਰਿਮੰਦਰ ਸਾਹਿਬ ਨੂੰ ਵੱਡਾ ਘਲੂਘਾਰਾ ਕਰਨ ਪਿਛੋਂ ਲਾਹੌਰ ਵਾਪਸੀ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਨੂੰ ਢਾਹ ਦਿੱਤਾ ਸੀ। ਉਸ ਨੇ ਅੰਮ੍ਰਿਤ ਸਰੋਵਰ ਨੂੰ ਵੀ ਪੂਰ ਦਿੱਤਾ ਸੀ। ਅੰਮ੍ਰਿਤਸਰ ਦੇ ਬਾਕੀ ਗੁਰਦੁਆਰੇ ਵੀ ਢਾਹ ਦਿੱਤੋ ਗਏ ਸਨ। ਹਾਲਾਂਕਿ ਵੱਡੇ ਘੱਲੂਘਾਰੇ ਦੀ ਸੱਟ ਬਹੁਤ ਵੱਡੀ ਸੀ, ਲਗਭਗ ਅੱਧੀ ਕੌਮ ਸ਼ਹੀਦ ਹੋ ਗਈ। ਸ਼ਾਇਦ ਹੀ ਕੋਈ ਅਜਿਹਾ ਸਿੱਖ ਹੋਵੇ ਜਿਸ ਦੇ ਸਰੀਰ ਉਤੇ ਫਟ ਨਾ ਲਗੇ ਹੋਣ ਪਰ ਜਿਉਂ ਹੀ ਤਨ ਦੀ ਸਥਿਤੀ ਵਿੱਚ ਸੁਧਾਰ ਹੋਇਆ, ਖਾਲਸਾ ਦਲ ਨੇ ਸਰਕਾਰ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। 12 ਦਸੰਬਰ, 1762 ਨੂੰ ਜਦੋਂ ਅਬਦਾਲੀ ਅਫਗਾਨਿਸਤਾਨ ਜਾਣ ਲਈ ਰਾਵੀ ਦਰਿਆ ਪਾਰ ਕਰ ਰਿਹਾ ਸੀ ਤਾਂ ਸਿੰਘ ਉਸ ਦੀ ਫੌਜ ਨੂੰ ਲੁੱਟ ਰਹੇ ਸਨ ਅਤੇ ਉਹ ਬੇਬਸੀ ਨਾਲ ਵੇਖ ਰਿਹਾ ਸੀ।
ਅਬਦਾਲੀ ਦੇ ਜਾਂਦਿਆਂ ਹੀ ਸਿੰਘ ਮੁੜ ਅੰਮ੍ਰਿਤਸਰ ਵਿਖੇ ਇਕੱਠੇ ਹੋ ਗਏ। ਜਥੇਬੰਦੀ ਨੂੰ ਮੁੜ ਤਰਤੀਬ ਦਿੱਤੀ ਗਈ। ਕੁਝ ਗਿਣਤੀ ਦੇ ਸਿੰਘਾਂ ਨੂੰ ਅੰਮ੍ਰਿਤਸਰ ਛੱਡ ਕੇ ਮੱਲਾਂ ਮਾਰਨ ਦਾ ਪ੍ਰੋਗਰਾਮ ਬਣਾਇਆ ਗਿਆ। ਅਗਲੇ ਸੱਤ, ਅੱਠ ਮਹੀਨੇ ਖਾਲਸਾ ਦਲ ਨੇ ਕਸੂਰ, ਦੁਆਬੇ ਅਤੇ ਬਟਾਲੇ ਦੇ ਇਲਾਕਿਆਂ ਵਿੱਚ ਆਪਣੀ ਸ਼ਕਤੀ ਨੂੰ ਬਣਾਇਆ। ਦੀਵਾਲੀ ਮਨਾਉਣ ਲਈ ਸਿੰਘ ਅੰਮ੍ਰਿਤਸਰ ਇਕੱਠੇ ਹੋਏ। ਹੁਣ ਤਕ ਅੰਮ੍ਰਿਤਸਰ ਸਰੋਵਰ ਦੀ ਸੇਵਾ ਪੂਰੀ ਹੋ ਚੁੱਕੀ ਸੀ। ਹੁਣ ਹਰਿਮੰਦਰ ਦੀਆਂ ਨੀਹਾਂ ਰਖਣ ਦੀ ਸਲਾਹ ਹੋਣ ਲਗੀ। ਕਈਆਂ ਰਾਇ ਦਿੱਤੀ ਕਿ ਅਬਦਾਲੀ ਦੇ ਇਕ ਹਮਲੇ ਨੂੰ ਹੋਰ ਵੇਖ ਲਿਆ ਜਾਵੇ ਪਰ ਬਹੁਤ ਸਿੱਖ ਸਰਦਾਰਾਂ ਕੰਮ ਨੂੰ ਆਰੰਭ ਕਰ ਦੇਣਾ ਹੀ ਯੋਗ ਸਮਝਿਆ। 17 ਨਵੰਬਰ, 1763 ਈ. (ਕੱਤਕ ਸੁਦੀ 13) ਨੂੰ ਅਰਦਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖੀ ਗਈ। ਨਵਾਬ ਕਪੂਰ ਸਿਘ ਨੇ ਇੱਟ ਧਰੀ ਅਤੇ ਜੱਸਾ ਸਿੰਘ ਆਹਲੂਵਾਲੀਏ ਨੇ ਚੂਨਾ ਪਾਇਆ। ਸਾਰੇ ਸਿੱਖਾਂ ਨੇ ਯਥਾ ਸੰਭਵ ਭੇਟਾ ਦਿੱਤੀ। ਏਸੇ ਵੇਲੇ ਖ਼ਬਰ ਮਿਲੀ ਕਿ ਦੁਰਾਨੀ ਜਰਨੈਲ ਜਹਾਨ ਖਾਂ ਫੌਜ ਲੈ ਕੇ ਅਟਕ ਦਰਿਆ ਟੱਪ ਆਇਆ ਹੈ। ਹਰਿਮੰਦਰ ਸਾਹਿਬ ਦੀ ਸੇਵਾ ਭਾਈ ਦੇਸ ਰਾਜ (ਸੁਰ ਸਿੰਘ) ਨੂੰ ਸੌਂਪ ਸਿੰਘ ਦੁਰਾਨੀ ਦੇ ਮੁਕਾਬਲੇ ਲਈ ਚਲ ਪਏ। ਕੁਝ ਵਿਦਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਦਾ ਕੰਮ 1764 ਈ. ਵਿੱਚ ਹੋਇਆ ਦਸਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਪਹਿਲੀ ਚੋਣ
ਸਰਕਾਰੀ ਅਫਸਰਾਂ ਅਤੇ ਮਹੰਤਾਂ ਤੋਂ ਆਜ਼ਾਦ ਕਰਵਾਏ ਗੁਰਦੁਆਰਿਆਂ ਦੇ ਪ੍ਬੰਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਏ ਗਏ ਸਰਬਤ ਖਾਲਸੇ ਨੇ 15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਸਥਾਪਨਾ ਦਾ ਨਿਰਣਾ ਉਸੇ ਦਿਨ ਕਰ ਲਿਆ ਪਰ ਮੈਂਬਰਾਂ ਦੀ ਚੋਣ ਦਾ ਕੰਮ 16 ਨਵੰਬਰ ਨੂੰ ਕੀਤਾ ਗਿਆ। ਕੁਲ 150 ਮੈਂਬਰ ਚੁਣੇ ਗਏ। ਸਰਕਾਰ ਵੱਲੋਂ ਸਥਾਪਤ ਕੀਤੀ ਗਈ ਕਮੇਟੀ ਦੇ ਮੈਂਬਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਇਸ ਤਰਾਂ ਕੁਲ ਮੈਂਬਰਾਂ ਦੀ ਗਿਣਤੀ 175 ਹੋ ਗਈ। ਹੁਣ ਇਹਨਾਂ ਮੈਂਬਰਾਂ ਦੀ ਸੁਧਾਈ ਦਾ ਕੰਮ ਹੋਣਾ ਸੀ ਤਾਂਕਿ ਗੁਰਮਤਿ ਅਨੁਸਾਰੀ ਜੀਵਨ ਜੀਊਣ ਵਾਲੇ ਸਿੱਖ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਸਕਣ। ਇਹ ਕੰਮ ਜਥੇਦਾਰ ਬਲਵੰਤ ਸਿੰਘ ਕੁਲਾ, ਬਾਵਾ ਹਰਕਿਸ਼ਨ ਸਿੰਘ, ਭਾਈ ਜੋਧ ਸਿੰਘ, ਜਥੇਦਾਰ ਤੋਜਾ ਸਿੰਘ ਭੁੱਚਰ ਅਤੇ ਤੋਜਾ ਸਿੰਘ ਮਸਤੂਆਣਾ (ਪੰਜ ਪਿਆਰਿਆਂ) ਨੇ ਕੀਤਾ। ਜਿਹਨਾਂ ਨੇ ਅੰਮ੍ਰਿਤ ਨਹੀਂ ਛੱਕਿਆ ਸੀ, ਉਹਨਾਂ ਨੂੰ ਅੰਮ੍ਰਿਤ ਛੱਕਣ ਲਈ ਕਿਹਾ ਗਿਆ। ਕੁਝ ਸੰਤ ਅਖਵਾਉਂਦੇ ਸਨ, ਉਹਨਾਂ ਨੂੰ ਅਜਿਹਾ ਕਰਨੋਂ ਮਨਾ ਕੀਤਾ ਗਿਆ। ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਕਰਨੋਂ ਕੁਝ ਨੇਤਾਵਾਂ ਨੂੰ ਵੀ ਰੋਕਿਆ ਗਿਆ। ਕੌਮ ਨੂੰ ਨੁਕਸਾਨ ਪੁਚਾਉਣ ਵਾਲੇ ਕੰਮ ਕਰਨੋਂ ਕੁਝ ਨੇਤਾਵਾਂ ਨੂੰ ਵੀ ਰੋਕਿਆ ਗਿਆ। ਇਸ ਪਿਛੋਂ ਚੋਣ ਹੋਈ ਜਿਸ ਵਿੱਚ ਸ੍. ਸੁੰਦਰ ਸਿੰਘ ਮਜੀਠਾ ਪ੍ਧਾਨ, ਹਰਬੰਸ ਸਿੰਘ ਅਟਾਰੀ ਮੀਤ-ਪ੍ਧਾਨ, ਸੁੰਦਰ ਸਿੰਘ ਰਾਮਗੜੀਆਂ ਸਕੱਤਰ ਅਤੇ ਬਾਵਾ ਹਰਕਿਸ਼ਨ ਸਿੰਘ ਮੀਤ- ਸਕੱਤਰ ਬਣੇ। ਇਹ ਚੋਣ 17 ਨਵੰਬਕ, 1920 ਨੂੰ ਹੋਈ। ਇਸ ਲਈ ਅੱਜ ਦੇ ਦਿਨ ਨੂੰ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ ਦੇ ਮੁਕੰਮਲ ਹੋਣ ਦਾ ਸਿਰਲੇਖ ਦਿੱਤਾ ਜਾਂਦਾ ਹੈ। ਇਥੇ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਗੈਰ ਵਿਧਾਨਿਕ ਸੰਸਥਾ ਸੀ ਜਿਸ ਦਾ ਪੰਥ ਤਾੰ ਹੁਕਮ ਸਿਰ-ਮੱਥੇ ਮੰਨਦਾ ਸੀ ਪਰ ਸਰਕਾਰ ਇਸ ਨੂੰ ਮਾਨਤਾ ਨਹੀਂ ਦਿੰਦੀ ਸੀ। ਸਰਕਾਰੀ ਮਾਨਤਾ ਪ੍ਰਾਪਤ ਕਮੇਟੀ 1926 ਨੂੰ ਚੋਣਾਂ ਪਿਛੋਂ ਬਣੀ। ਇਸ ਨੂੰ ਸਰਕਾਰ ਨੇ ਸੈਂਟਰਲ ਬੋਰਡ ਦਾ ਨਾਂ ਦਿੱਤਾ ਸੀ ਜਿਸ ਨੂੰ ਪਿਛੋਂ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਵਿੱਚ ਤਬਦੀਲ ਕਰ ਦਿੱਤਾ ਗਿਆ।ਗੁਰੂ ਕੇ ਬਾਗ ਦਾ ਮੋਰਚਾ
ਗੁਰੂ ਕਾ ਬਾਗ ਮੋਰਚਾ ਗੁਰਦੁਆਰੇ ਦਾ ਮਹੰਤ ਵੱਲੋਂ ਸੇਵਾਦਾਰਾਂ ਵੱਲੋਂ ਲੰਗਰ ਲਈ ਚੋਰੀ ਲਕੜਾਂ ਕੱਟਣ ਦੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ। 8 ਅਗਸਤ, 1922 ਦੇ ਦਿਨ ਪੰਜ ਅਕਾਲੀ ਲੰਗਰ ਵਾਸਤੇ ਇਕ ਸੁੱਕੇ ਕਿੱਕਰ ਦੀ ਲਕੜ ਕੱਟ ਕੇ ਲਿਆਏ। ਉਹਨਾਂ ਨੂੰ ਚੋਰੀ ਦੇ ਦੋਸ਼ ਵਿੱਚ ਅਗਲੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਛੇ ਮਹੀਨੇ ਕੈਦ ਅਤੇ 50 ਰੁਪੈ ਜੁਰਮਾਨੇ ਦੀ ਸਜ਼ਾ ਹੋਈ। ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਤੋਂ ਲਕੜਾਂ ਕੱਟਣ ਲਈ ਸਤਿਆਗ੍ਰਹੀ ਭੇਜਣੇ ਸ਼ੁਰੂ ਕਰ ਦਿੱਤੇ ਕਿਉਂ ਕਿ ਉਸ ਦਾ ਦਾਅਵਾ ਸੀ ਕਿ ਲਕੜਾਂ ਵਾਲੀ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਗੁਰਦੁਆਰਾ ਸੰਗਤੀ ਪ੍ਬੰਧ ਹੇਠ ਹੈ। ਸਰਕਾਰ ਪਹਿਲਾਂ ਗ੍ਰਿਫਤਾਰੀਆਂ ਕਰਦੀ ਰਹੀ, ਫੇਰ ਮਾਰ ਕੁਟਾਈ ਉਤੇ ਉਤਰ ਆਈ। 25 ਅਗਸਤ ਤੋਂ 12 ਸਤੰਬਰ ਤਕ ਦੇ ਸਤਾਰਾਂ, ਅਠਾਰਾਂ ਦਿਨ ਪੁਲਿਸ ਨੇ ਜਿਵੇਂ ਸਿੱਖ ਅੰਦੋਲਨਕਾਰੀਂ ਉਤੇ ਜ਼ੁਲਮ ਕੀਤਾ, ਉਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਸਿੱਖ ਜੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤ ਰਹਿ ਕੇ ਗੁਰਦੁਆਰਾ ਸਾਹਿਬ, ਜੋ ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੂਰੀ ਉਤੇ ਪਿੰਡ ਘੁੱਕੇਵਾਲੀ ਵਿੱਚ ਸਥਿਤ ਹੈ, ਤਕ ਪਹੁੰਚਣ ਦਾ ਪ੍ਣ ਲੈ ਕੇ ਤੁਰਦੇ ਸਨ, ਭਾਵੇਂ ਕੁਝ ਵੀ ਹਾਲਾਤ ਹੋਣ, ਕਿੰਨੀਆਂ ਵੀ ਕਠਿਨਾਈਆਂਦਾ ਸਾਹਮਣਾ ਕਰਨਾ ਪਵੇ, ਮੈਂ ਅਗੋਂ ਹੱਥ ਨਹੀਂ ਉਠਾਵਾਂਗਾ ਅਤੇ ਜਦੋਂ ਤਕ ਮੇਦੀ ਸੁਰਤ ਕਾਇਮ ਰਹੇਗੀ, ਮੈਂ ਗੁਰੂ ਕੇ ਬਾਗ ਵਲ ਵੱਧਣ ਦੇ ਯਤਨ ਕਰਾਂਗਾ ਅਤੇ ਕੋਈ ਸਖਸ਼ ਮੈਨੂੰ ਮੇਰੇ ਨਿਸ਼ਾਨੇ ਤੋਂ ਉਕਾ ਨਹੀਂ ਸਕੇਗਾ।ਪ੍ਣ ਲੈਣ ਪਿਛੋਂ ਜਥਾ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਾ ਅਤੇ ਫਿਰ ਗੁਰੂ ਕੇ ਬਾਗ ਲਈ ਰਵਾਨਾ ਹੋ ਜਾਂਦਾ। ਸ਼ਹਿਰ ਵਿੱਚੋਂ ਚਾਰ-ਚਾਰ ਦੀਆਂ ਕਤਾਰਾਂ ਵਿੱਚ ਮਾਰਚ ਕਰਦਾ ਜਥਾ ਆਪਣੀ ਮੰਜਿਲ ਵਲ ਵੱਧਦਾ ਜਾਂਦਾ। ਹਜਾਰਾਂ ਦਰਸ਼ਕ ਜਥੇ ਦੇ ਦੋਵੇਂ ਪਾਸੇ ਖੜੇ ਹੁੰਦੇ। ਰਸਤੇ ਵਿੱਚ ਪੁਲਿਸ ਜਥੇ ਨੂੰ ਰੋਕਦੀ ਪਰ ਇਹ ਸਤਿਨਾਮ ਵਾਹਿਗੁਰੂ ਦੀ ਧੁਨ ਵਿੱਚ ਮਸਤ ਅੱਗੇ ਵੱਧਦੇ ਜਾਂਦੇ ਜਦ ਤਕ ਪੁਲਿਸ ਦੇ ਜੁਲਮ ਉਹਨਾਂ ਨੂੰ ਬੇਸੁਰਤ ਨਾ ਕਰ ਦਿੰਦੇ। ਪੁਲਿਸ ਲਾਠੀਚਾਰਜ ਕਰਦੀ, ਘੋੜਿਆਂ ਹੇਠ ਲਿਤੜ ਦਿੰਦੀ ਅਤੇ ਸੜਕ ਦੇ ਨਾਲ ਬਣੇ ਪਾਣੀ ਦੇ ਟੋਬਿਆਂ ਵਿੱਚ ਸੁੱਟ ਦਿੰਦੀ। ਜਿਸ ਕਿਸੇ ਬੇਸੁਰਤ ਸਿੰਘ ਨੂੰ ਹੋਸ਼ ਆਉਂਦੀ, ਉਹ ਉੱਠ ਕੇ ਅੱਗੇ ਵੱਧਣ ਦਾ ਯਤਨ ਕਰਦਾ ਪਰ ਪੁਲਿਸ ਉਸ ਨੂੰ ਮੁੜ ਮਾਰਦੀ। ਕਿਸੇ ਸਿੰਘ ਨੇ ਕਦੀ ਪੁਲਿਸ ਵਾਲੇ ਉਤੇ ਹੱਥ ਨਹੀਂ ਚੁੱਕਿਆ ਹਾਲਾਂ ਕਿ ਜੱਥਿਆਂ ਵਿੱਚ ਸੇਵਾ ਮੁਕਤ ਫੌਜੀ ਵੀ ਸ਼ਾਮਲ ਸਨ।ਇਸ ਬੇਰਹਿਮਾਨਾ ਮਾਰ ਕੁਟਾਈ ਦੀ ਦੁਨੀਆਂ ਭਰ ਵਿੱਚ ਵਿਰੋਧ ਹੋਇਆ। ਅੰਤ ਸਰਕਾਰ ਨੂੰ 12 ਸਤੰਬਰ, 1922 ਨੂੰ ਝੁਲਮ ਕਰਨ ਦਾ ਇਹ ਤਰੀਕਾ ਛੱਡਣਾ ਪਿਆ। ਹੁਣ ਤਕ ਇਕ ਹਜਾਰ ਤੋਂ ਨੱਧ ਅੰਦੋਲਨਕਾਰੀ ਵੱਖ-ਵੱਖ ਹਸਪਤਾਲਾਂ ਵਿੱਚ ਫਟੜਾਂ ਵਜੋਂ ਦਾਖਲ ਹੋ ਚੁੱਕੇ ਸਨ। 13 ਸਤੰਬਰ ਤੋਂ ਜੱਥਿਆਂ ਦੀ ਗ੍ਰਿਫਤਾਰੀ ਕੀਤੀ ਜਾਣੀ ਸ਼ੁਰੂ ਹੋਈ ਜੋ 17 ਨਵੰਬਰ (ਲਗਭਗ ਦੋ ਮਹੀਨੇ ਤਕ ਜਾਰੀ ਰਹੀ। 17 ਨਵੰਬਰ ਨੂੰ ਮਹੰਤ ਨੇ ਜਮੀਨ ਦਾ ਪਟਾ ਸਰ ਗੰਗਾ ਰਾਮ ਦੇ ਨਾਂ ਲਿਖ ਦਿੱਤਾ ਅਤੇ ਗੰਗਾ ਰਾਮ ਨੇ ਸਰਕਾਰ ਨੂੰ ਲਿਖਤ ਵਿੱਚ ਦਸ ਦਿੱਤਾ ਕਿ ਉਸ ਨੂੰ ਪੁਲਿਸ ਸਹਾਇਤਾ ਦੀ ਲੋੜ ਨਹੀ ਹੈ। ਇੰਝ ਗੁਰੂ ਕਾ ਬਾਗ ਮੋਰਚਾ ਖ਼ਤਮ ਹੋਇਆ।
ਸਮਕਾਲੀ ਸਰੋਕਾਰ .
12 ਅਕਤੂਬਰ, 1923 ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਇੰਨ੍ਹਾਂ ਨਾਲ ਸਬੰਧਤ ਗੁਰਦੁਆਰਾ ਕਮੇਟੀਆਂ ਅਤੇ ਅਕਾਲੀ ਜੱਥਿਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿਤਾ ਅਤੇ ਇੰਨ੍ਹਾਂ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਵਿੱਢ ਦਿਤੀ।
ਇਹ ਕਦਮ ਚੁੱਕਣ ਤੋਂ ਪਹਿਲਾਂ ਅੰਗਰੇਜ਼ ਸਰਕਾਰ ਨੇ ਦਹਿਸ਼ਤ ਪੈਦਾ ਕਰਨ ਵਾਲੇ ਸਾਰੇ ਕਦਮ ਚੁੱਕੇ: ਅੰਮ੍ਰਿਤਸਰ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਉਤੇ ਮਸ਼ੀਨ ਗੰਨਾਂ ਬੀੜ ਦਿਤੀਆਂ ਗਈਆਂ। ਅਹਿਮ ਥਾਵਾਂ ਅਤੇ ਅਕਾਲੀਆਂ ਦੇ ਗੜ੍ਹਾਂ ਉਤੇ ਹਥਿਆਰਾਂ ਨਾਲ ਲੈਸ ਫੌਜੀ ਪਹਿਰੇ ਲਾ ਦਿਤੇ ਗਏ। ਪੁਲਿਸ ਦੇ ਵਿਸ਼ੇਸ਼ ਦਲ ਦਗੜ- ਦਗੜ ਕਰਦੇ ਅਕਾਲੀਆਂ ਦੇ ਘਰਾਂ ਵਿਚ ਜਾਂਦੇ ਅਤੇ ਜੋ ਵੀ ਹੱਥ ਆਉਂਦਾ, ਫੜ ਕੇ ਲੈ ਆਉਂਦੇ। ਇਸ ਤਰ੍ਹਾਂ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਰਗਰਮ ਅਹੁੱਦੇਦਾਰ ਅਤੇ ਆਗੂ ਫੜ ਲਏ। ਉਸ ਨੇ ਇੰਨ੍ਹਾਂ ਜਥੇਬੰਦੀਆਂ ਦੇ ਦਫ਼ਤਰਾਂ ਵਿਚ ਕੰਮ ਕਰਦੇ ਕਲਰਕਾਂ, ਸੁਪਰਡੈਂਟਾਂ ਤਕ ਨੂੰ ਨਹੀਂ ਛੱਡਿਆ।ਇਹ ਸਭ ਕੁਝ ਜੈਤੋ ਵਿਖੇ ਖੰਡਤ ਹੋਏ ਅਖੰਡ ਪਾਠ ਨੂੰ ਮੁੜ ਸ਼ੁਰੂ ਕਰਨ ਲਈ ਚਲ ਰਹੇ ਅੰਦੋਲਨ ਨੂੰ ਤੇਜ਼ ਹੋਣੋਂ ਰੋਕਣ ਲਈ ਕੀਤਾ ਗਿਆ ਸੀ।ਹੁਣ ਤਕ ਅਕਾਲੀ ਅੰਮ੍ਰਿਤਸਰ ਤੋਂ 25-25 ਸਿੰਘਾਂ ਦੇ ਜੱਥਿਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤੋਰਦੇ ਸਨ। ਜਦੋਂ ਉਹ ਜੈਤੋ ਪਹੁੰਚਦੇ, ਨਾਭਾ ਰਿਆਸਤ ਦੀ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਦੂਰ ਦੁਰੇਡੀਆਂ ਥਾਵਾਂ ਉਤੇ ਛੱਡ ਆਉਂਦੀ। ਖੱਜਲ ਖੁਆਰ ਹੋ ਕੇ ਜੱਥੇ ਦੇ ਸਿੰਘ ਅੰਮ੍ਰਿਤਸਰ ਪੁੱਜਦੇ। ਉਨ੍ਹਾਂ ਨੂੰ ਕੁਝ ਦਿਨ ਆਰਾਮ ਦੇ ਕੇ ਮੁੜ ਜੈਤੋ ਨੂੰ ਤੋਰ ਦਿਤਾ ਜਾਂਦਾ। ਇੰਝ ਤਿੰਨ ਮਹੀਨੇ ਦਾ ਸਮਾਂ ਗੁਜ਼ਰ ਗਿਆ। ਗੱਲ ਨੂੰ ਕਿਸੇ ਪਾਸੇ ਲਾਉਣ ਲਈ ਅਕਾਲੀ ਨੇਤਾਵਾਂ ਇਸ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਲਿਆ। ਸਰਕਾਰ ਨੇ ਅਗਾਊਂ ਕਾਰਵਾਈ ਕਰਕੇ ਦੋਵਾਂ ਪ੍ਰਮੁੱਖ ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਸੰਸਥਾਵਾਂ ਨੂੰ ਗੈਰਕਾਨੂੰਨੀ ਕਰਾਰ ਦੇ ਦਿਤਾ ਅਤੇ ਸਾਰੇ ਪ੍ਰਮੁੱਖ ਨੇਤਾ ਵਰਕਰ ਫੜ ਕੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਡੱਕ ਦਿਤੇ।ਬੇਸ਼ੱਕ ਸਾਰੇ ਵੱਡੇ ਅਕਾਲੀ ਆਗੂ ਅਤੇ ਵਰਕਰ ਜੇਲ੍ਹ ਵਿਚ ਸਨ ਪਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਖੇ ਖੰਡਤ ਹੋਏ ਅਖੰਡ ਪਾਠ ਨੂੰ ਮੁੜ ਸ਼ੁਰੂ ਕਰਨ ਲਈ ਜਾਰੀ ਅੰਦੋਲਨ ਨੂੰ ਠੱਲ ਨਹੀਂ ਪਈ, ਸਗੋਂ ਇਸ ਵਿਚ ਤੇਜ਼ੀ ਆਉਣ ਦੇ ਆਸਾਰ ਬਣ ਰਹੇ ਸਨ। ਇਸ ਦਾ ਮੁੱਖ ਕਾਰਣ ਤਾਂ ਸਿੱਖ ਸੰਗਤਾਂ ਦੀ ਗੁਰੂ ਘਰ ਨੂੰ ਜਾਨ ਨਾਲੋਂ ਵੀ ਵੱਧ ਮੰਨਣ ਦੀ ਰੁੱਚੀ ਸੀ। ਅਜਿਹੀ ਰੁੱਚੀ ਕਾਰਣ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿਤੀਆਂ, ਇਸ ਦੀ ਗਵਾਹੀ ਇਤਿਹਾਸ ਦਿੰਦਾ ਹੈ।
ਮਹਾਰਾਜਾ ਨਾਭਾ ਨੂੰ ਗੱਦੀਉਂ ਲਾਹੁਣ ਵਿਰੁੱਧ ਸ਼ੁਰੂ ਹੋਏ ਰਾਜਸੀ ਅੰਦੋਲਨ ਨੂੰ ਜਿਉਂ ਹੀ ਅਖੰਡ ਪਾਠ ਖੰਡਤ ਕਰਨ ਦੀ ਧਾਰਮਿਕ ਰੰਗਤ ਮਿਲੀ, ਸਿੱਖ ਸਰਕਾਰ ਵਿਰੁੱਧ ਉਠ ਖੜੇ ਹੋਏ। ਅੰਦੋਲਨਾਂ ਨੂੰ ਜਥੇਬੰਦ ਕਰਨ ਲਈ ਜੋ ਲੀਡਰਸ਼ਿਪ ਚਾਹੀਦੀ ਹੈ, ਉਹ ਅੰਦੋਲਨਕਾਰੀਆਂ ਕੋਲ ਨਹੀਂ ਸੀ ਪਰ ਧਰਮ ਦੇ ਚਾਨਣ ਅਤੇ ਸਿਰੜ ਕਾਰਣ ਗ੍ਰਿਫ਼ਤਾਰੀਆਂ ਦੇਣ ਵਾਲਿਆਂ ਦਾ ਤਾਂਤਾ ਲਗਾ ਰਿਹਾ।
ਸਰਕਾਰ ਦਾ ਵਿਚਾਰ ਸੀ ਕਿ ਅੰਮ੍ਰਿਤਸਰ ਜੇਲ੍ਹ ਵਿਚ ਬੈਠੇ ਨੇਤਾ ਹੀ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਇਸ ਸਬੰਧੀ ਕਈ ਗਵਾਹੀਆਂ ਮਿਲਦੀਆਂ ਹਨ। ਕਾਮਰੇਡ ਸੋਹਨ ਸਿੰਘ ਜੋਸ਼, ਜੋ ਅਕਾਲੀ ਅੰਦੋਲਨ ਵਿਚ ਪੂਰੀ ਤਰ੍ਹਾਂ ਸਰਗਰਮ ਸੀ, ਇਸ ਸਬੰਧੀ ਲਿਖਦਾ ਹੈ: ''ਆਗੂ ਸਭ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਸਨ ਪਰ ਉਨ੍ਹਾਂ ਦਾ ਬਾਹਰਲੀ ਤਹਿਰੀਕ ਨਾਲ ਪੂਰਾ ਤਾਲ ਮੇਲ ਕਾਇਮ ਸੀ (ਹੋਮ ਡਿਪਾਰਟਮੈਂਟ ਦੀ ਰਿਪੋਰਟ)। ਸਰਕਾਰ ਇਸ ਤਾਲਮੇਲ ਨੂੰ ਤੋੜ ਨਹੀਂ ਸੀ ਸਕਦੀ ਕਿਉਂਕਿ ਮੁਕੱਦਮੇ ਦੀ ਸਫ਼ਾਈ ਅਤੇ ਡੀਫ਼ੈਂਸ ਦੇਣ ਵਾਲਿਆਂ ਨੂੰ ਹੱਕ ਸੀ ਕਿ ਉਹ ਆਪਣੇ ਵਕੀਲਾਂ ਨੂੰ ਮਿਲ ਸਕਣ ਅਤੇ ਉਨ੍ਹਾਂ ਨੂੰ ਮੁਕੱਦਮੇ ਬਾਰੇ, ਮੁਲਾਕਾਤਾਂ ਰਾਹੀਂ ਹਦਾਇਤਾਂ ਦੇ ਸਕਣ। ਹਰ ਇਕ ਰਿਸ਼ਤੇਦਾਰ ਕੁਝ ਅਰਸੇ ਪਿਛੋਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲ ਸਕਦਾ ਸੀ। ਮੁਲਾਕਾਤਾਂ ਵੇਲੇ ਬੇਸ਼ੱਕ ਸੀ.ਆਈ.ਡੀ. ਦੇ ਅਫ਼ਸਰ ਅਤੇ ਹੋਰ ਮੁਲਾਜ਼ਮ ਹਾਜ਼ਰ ਰਹਿੰਦੇ ਸਨ ਪਰ ਖ਼ਬਰਾਂ ਦੇ ਬਾਹਰ ਜਾਣ ਦਾ ਸਿਲਸਿਲਾ ਰੁੱਕਦਾ ਨਹੀਂ ਸੀ। ਜੇਲ੍ਹ ਦੇ ਵਾਰਡਰ ਵੀ ਇਸ ਕੰਮ ਲਈ ਵਰਤੇ ਜਾਂਦੇ ਸਨ ਅਤੇ ਜੇਲ੍ਹ ਵਿਚੋਂ ਪਾਣੀ ਬਾਹਰ ਲੈ ਜਾਣ ਵਾਲੀਆਂ ਸੀਖਾਂ ਲਗੀਆਂ ਨਾਲੀਆਂ ਬੜਾ ਕੰਮ ਦਿੰਦੀਆਂ ਸਨ। ਇੰਨ੍ਹਾਂ ਰਾਹੀਂ ਖ਼ਬਰਾਂ ਲੈ ਜਾਣ ਅਤੇ ਲਿਆਉਣ ਵਿਚ ਸ.ਬ. ਮਹਿਤਾਬ ਸਿੰਘ ਦਾ ਨੌਕਰ ਮੰਗਲ ਸਿੰਘ ਬੜਾ ਤਾਕ ਅਤੇ ਹੁਸ਼ਿਆਰ ਸੀ। ਉਹ ਜੇਲ੍ਹ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ : ਠੀਕ ਤਹਿ ਕੀਤੇ ਵਕਤ ਉਤੇ ਉਹ ਮੋਰੀ ਉਤੇ ਪਹੁੰਚਿਆ ਹੋਇਆ ਹੁੰਦਾ-ਬਾਹਰਲੀ ਚਿੱਠੀ ਪੱਤਰ ਲਿਆ ਦਿੰਦਾ ਅਤੇ ਅੰਦਰਲੀ ਲੈ ਜਾਂਦਾ।"
ਇਸ ਤਾਲਮੇਲ ਨੂੰ ਰੋਕਣ ਲਈ ਸਰਕਾਰ ਨੇ ਆਪਣੇ ਵਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਸਖ਼ਤ ਪਹਿਰਾ ਲਾਉਣ ਤੋਂ ਬਿਨਾਂ ਜੇਲ੍ਹ ਅਫ਼ਸਰਾਂ ਨੇ ਸੀ.ਆਈ.ਡੀ. ਨੂੰ ਖ਼ਬਰਾਂ ਰੋਕਣ ਅਤੇ ਚਿੱਠੀਆਂ ਫੜਣ ਦੀਆਂ ਸਖ਼ਤ ਹਦਾਇਤਾਂ ਦਿਤੀਆਂ ਗਈਆਂ ਸਨ ਪਰ ਇਹ ਕੰਮ ਕਦੀ ਵੀ ਰੁਕਿਆ ਨਹੀਂ। ਹਾਲਾਂਕਿ ਜੇਲ੍ਹ ਵਿਚ ਬੈਠੇ ਨੇਤਾਵਾਂ ਦੇ ਬਾਹਰੀ ਦੁਨੀਆਂ ਨਾਲ ਸੰਪਰਕ ਏਨੇ ਮਹੱਤਵਪੂਰਨ ਨਹੀਂ ਹੋ ਸਕਦੇ ਕਿ ਉਹ ਜੇਲ੍ਹ ਅੰਦਰੋਂ ਕਿਸੇ ਅੰਦੋਲਨ ਨੂੰ ਚਲਾ ਸਕਣ ਪਰ ਸਰਕਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਸਰਕਾਰ ਦੇ ਅਫ਼ਸਰ ਇਸ ਨੂੰ ਬਹੁਤ ਵਧੇਰ ਮਹੱਤਵ ਦਿੰਦੇ ਰਹੇ ਸਨ। ਕਰਤਾਰ ਸਿੰਘ ਸਰਗੋਧਾ ਨੇ ਨਾਭਾ ਦੇ ਚੀਫ਼ ਪੁਲਿਸ ਅਫ਼ਸਰ ਲਾਲਾ ਨਥੂ ਰਾਮ ਨੂੰ ਲਿਖਿਆ, ''ਅਕਾਲੀ ਲਹਿਰ ਭੈੜੀ ਹਾਲਤ ਵਿਚ ਹੈ। ਇਸ ਵੇਲੇ ਸਾਰੇ ਅਕਾਲੀ ਆਗੂ ਜੇਲ੍ਹ ਵਿਚ ਡਟੇ ਹੋਏ ਸਨ। ਅਕਾਲੀ ਲਹਿਰ ਸਿਰਫ਼ ਇਸ ਲਈ ਕਾਇਮ ਹੈ ਕਿਉਂਕਿ ਆਮ ਪਬਲਿਕ ਤਕ ਲੀਡਰਾਂ ਦੀ ਪਹੁੰਚ ਹੈ- ਸਾਰੇ ਹੁਕਮ ਅੰਦਰਲੇ ਆਗੂਆਂ ਵਲੋਂ ਜਾਰੀ ਕੀਤੇ ਜਾਂਦੇ ਹਨ।.... ਉਨ੍ਹਾਂ ਦੀਆਂ ਆਮ ਹਦਾਇਤਾਂ ਹਨ ਕਿ ਹਰੇਕ ਰਾਜਸੀ ਮਾਮਲੇ ਨੂੰ ਧਾਰਮਿਕ ਰੰਗਤ ਦਿਉ ਅਤੇ ਸਰਕਾਰ ਨੂੰ ਧਾਰਮਿਕ ਪਾਸਿਉਂ ਫੰਦੇ ਵਿਚ ਫਸਾਉ। ਇਸ ਨਿਸ਼ਾਨੇ ਨੂੰ ਮੁੱਖ ਰੱਖ ਕੇ ਹੀ ਪਹਿਲਾਂ ਸ਼ਹੀਦੀ ਜੱਥਾ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਰਿਹਾ ਹੈ। ਅਫ਼ਸਰਸ਼ਾਹੀ ਦੇ ਖਿਲਾਫ਼ ਇਹੋ ਉਨ੍ਹਾਂ ਦੀ ਸੁਰੱਖਿਆ ਹੈ ਅਤੇ ਇਹੀ ਸਰਕਾਰ ਦੇ ਖਿਲਾਫ਼ ਹਮਲਾ ਬੋਲਣ ਦਾ ਵੱਡਾ ਹਥਿਆਰ ਹੈ। ਉਹ ਉਮੀਦ ਕਰਦੇ ਹਨ ਕਿ ਕੋਈ ਨਾ ਕੋਈ ਘਟਨਾ ਘਟ ਜਾਇਗੀ ਜਿਸ ਰਾਹੀਂ ਉਨ੍ਹਾਂ ਨੂੰ ਸਰਕਾਰ ਸਬੰਧੀ ਕਹਿਣ ਦਾ ਮੌਕਾ ਮਿਲ ਜਾਇਗਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ।" ਕਰਤਾਰ ਸਿੰਘ ਦੀ ਰਾਇ ਸੀ ਕਿ ਜੇਲ੍ਹ ਵਿਚ ਬੈਠੇ ਆਗੂਆਂ ਤਕ ਕਿਸੇ ਦੀ ਵੀ ਪਹੁੰਚ ਬੰਦ ਕਰ ਦਿਤੀ ਜਾਵੇ ਤਾਂ ਮੋਰਚਾ ਆਪਣੇ ਆਪ ਠੁੱਸ ਹੋ ਜਾਇਗਾ। ਕੁਝ ਇਹੋ ਜਿਹੀ ਰਾਇ ਨਾਭੇ ਦੇ ਪ੍ਰਬੰਧਕ ਵਿਲਸਨ ਜੌਹਨਸਟਨ ਦੇ ਸਨ। ਉਸ ਕਰਨਲ ਮਿੰਚਨ (ਕੇਂਦਰ ਸਰਕਾਰ ਦਾ ਰਾਜਸੀ ਸਲਾਹਕਾਰ) ਦੇ ਨਾਂ ਆਪਣੀ ਚਿੱਠੀ (19 ਫਰਵਰੀ, 1924) ਵਿਚ ਲਿਖਿਆ, ''ਖੁੱਲੀਆਂ ਮੁਲਾਕਾਤਾਂ ਅਤੇ ਅਕਾਲੀ ਲਹਿਰ ਨੂੰ ਅੰਮ੍ਰਿਤਸਰ ਜੇਲ੍ਹ ਵਿਚੋਂ ਚਲਾਉਣ ਦੀਆਂ ਰਿਪੋਰਟਾਂ ਦਾ ਅਸਰ ਇਹ ਹੋਇਆ ਕਿ ਸਰਕਾਰ ਨੇ ਅੰਮ੍ਰਿਤਸਰ ਵਿਚ ਮੁਕੱਦਮਾ ਚਲਾਉਣ ਦਾ ਫੈਸਲਾ ਬਦਲ ਲਿਆ ਹੈ। ਆਗੂਆਂ ਨੂੰ ਵਧੇਰੇ ਬੰਦਸ਼ਾਂ ਅਤੇ ਕੰਟਰੋਲ ਹੇਠ ਰੱਖਣ ਲਈ ਲਾਹੌਰ ਦਾ ਕਿਲ੍ਹਾ ਮੁਕੱਦਮੇ ਲਈ ਚੁਣਿਆ। ਸਾਰੇ ਨੇਤਾ ਕਿਲ੍ਹੇ ਦੀ ਇਕ ਵੱਡੀ ਬੈਠਕ ਵਿਚ ਰੱਖੇ ਗਏ ਅਤੇ ਨੇੜੇ ਹੀ ਇਕ ਕਮਰਾ ਅਦਾਲਤ ਲਈ ਰੱਖ ਲਿਆ ਗਿਆ।"
ਵੱਡੇ ਅਕਾਲੀ ਲੀਡਰਾਂ ਦਾ ਪੰਜਾਬੀਆਂ ਨਾਲੋਂ ਸਬੰਧ ਤੋੜਣ ਪਿਛੋਂ ਸਰਕਾਰ ਨੇ ਬਾਹਰ ਬੈਠ ਕੇ ਅੰਦੋਲਨ ਚਲਾ ਰਹੇ ਅਕਾਲੀਆਂ ਨੂੰ ਜੇਲ੍ਹ ਸੁਟਣ ਦਾ ਪ੍ਰੋਗਰਾਮ ਬਣਾਇਆ। 7 ਜਨਵਰੀ, 1924 ਨੂੰ ਜਦੋਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਮੀਟਿੰਗ ਕਰ ਰਹੀ ਸੀ ਤਾਂ ਪੁਲਿਸ ਦਾ ਇਕ ਦਲ ਹਰਿਮੰਦਰ ਸਾਹਿਬ ਪਰਿਸਰ ਵਿਚ ਦਾਖਲ ਹੋ ਗਿਆ। ਉਸ ਨੂੰ ਹਦਾਇਤਾਂ ਦਿਤੀਆਂ ਗਈਆਂ ਸਨ ਕਿ ਪੁਲਿਸ ਗੁਰਦੁਆਰੇ ਦੇ ਅੰਦਰ ਜੁੱਤੀਆਂ, ਬੂਟ ਉਤਾਰ ਕੇ ਜਾਵੇ। ਉਂਝ ਹਦਾਇਤਾਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਜੇ ਭੀੜ ਬਣ ਜਾਵੇ ਤਾਂ ਬੂਟ ਉਤਾਰਨ ਵਾਲੀ ਹਦਾਇਤ ਉਤੇ ਅਮਲ ਰੋਕਿਆ ਵੀ ਜਾ ਸਕਦਾ ਹੈ। ਅਫ਼ਸਰਾਂ ਨੂੰ ਸ਼ਾਇਦ ਡਰ ਸੀ ਕਿ ਅਕਾਲੀ ਪੁਲਿਸ ਦਾ ਮੁਕਾਬਲਾ ਕਰਨਗੇ। ਅਕਾਲੀਆਂ ਨੂੰ ਪੁਲਿਸ ਦੇ ਛਾਪੇ ਦੀ ਖ਼ਬਰ ਪਹਿਲਾਂ ਹੀ ਮਿਲ ਗਈ ਸੀ। ਪੁਲਿਸ ਦੇ ਜਵਾਨ ਜਦ ਥੜ੍ਹਾ ਸਾਹਿਬ ਰਾਹੀਂ ਅੰਦਰ ਆ ਕੇ ਗ੍ਰਿਫ਼ਤਾਰੀਆਂ ਲਈ ਅਕਾਲ ਤਖ਼ਤ ਸਾਹਿਬ ਉਤੇ ਚੜ੍ਹਣ ਲੱਗੇ ਤਾਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਰੋਕ ਦਿਤਾ। ਬਹੁਤ ਸਾਰੇ ਸਿੱਖ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਹਿੱਕਾਂ ਡਾਹ ਕੇ ਕਿਹਾ ਕਿ ਵਰਦੀ ਸਮੇਤ ਪੁਲਿਸ ਉਨ੍ਹਾਂ ਦੀਆਂ ਲਾਸ਼ਾਂ ਤੋਂ ਟੱਪ ਕੇ ਹੀ ਜਾ ਸਕੇਗੀ। ਅਫ਼ਸਰਾਂ ਨੂੰ ਸਲਾਹ ਦਿਤੀ ਗਈ ਕਿ ਉਹ ਘੰਟਾ ਘਰ ਚਲੇ ਜਾਣ।
ਜ਼ਿਲ੍ਹਾ ਜੱਜ ਨੇ ਭਾਈ ਜੋਧ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਫੜੇ ਜਾਣ ਵਾਲਿਆਂ ਦੀ ਸੂਚੀ ਦੇ ਦਿਤੀ। ਭਾਈ ਜੋਧ ਸਿੰਘ ਅਕਾਲ ਤਖ਼ਤ ਸਾਹਿਬ ਹੋ ਰਹੀ ਮੀਟਿੰਗ ਵਿਚ ਚਲੇ ਗਏ ਅਤੇ ਲਿਸਟ ਜਾ ਕੇ ਦੇ ਦਿਤੀ। ਪੁਲਿਸ ਉਨ੍ਹਾਂ ਦੀ ਉਡੀਕ ਘੰਟਾ ਘਰ ਵਿਚ ਕਰਦੀ ਰਹੀ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਆਪਣੀ ਮੀਟਿੰਗ ਦਾ ਏਜੰਡਾ ਮੁਕਾਇਆ : ਉਸ ਨੇ ਸੱਤ ਮਤੇ ਪਾਸ ਕੀਤੇ: ਪਹਿਲੇ ਮਤੇ ਵਿਚ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੀਆਂ ਸਬੰਧਤ ਸੰਸਥਾਵਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੀ ਨਿਖੇਧੀ ਕੀਤੀ। ਦੂਜੇ ਮਤੇ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਗਈ। ਤੀਜੇ ਮਤੇ ਵਿਚ ਜੈਤੋ ਵਿਖੇ ਅਖੰਡ ਪਾਠ ਖੰਡਤ ਕੀਤੇ ਜਾਣ ਨੂੰ ਸਿੱਖ ਧਰਮ ਦੀ ਤੌਹੀਨ ਕਰਾਰ ਦਿਤਾ ਗਿਆ। ਆਪਣੀ ਕਾਰਵਾਈ ਮੁਕਾਉਣ ਪਿਛੋਂ 62 ਅਕਾਲੀ ਆਗੂ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਉਤਰੇ। ਉਨ੍ਹਾਂ ਲਗੇ ਦੀਵਾਨ ਵਿਚ ਭਾਸ਼ਣ ਦਿਤੇ ਅਤੇ ਘੰਟਾ ਘਰ ਜਾ ਕੇ ਗ੍ਰਿਫ਼ਤਾਰ ਹੋ ਗਏ। ਇੰਨ੍ਹਾਂ ਵਿਚ ਮਾਸਟਰ ਸੁਜਾਨ ਸਿੰਘ ਸਰਹਾਲੀ, ਕਿਸ਼ਨ ਸਿੰਘ ਨਾਨੂੰ ਨੰਗਲ, ਮਹੰਤ ਲਹਿਣਾ ਸਿੰਘ ਪੌਂਟਾ ਸਾਹਿਬ, ਬਾਵਾ ਸਰੂਪ ਸਿੰਘ, ਭਾਈ ਮੋਹਨ ਸਿੰਘ ਵੈਦ ਦਾ ਨਾਂ ਪ੍ਰਮੁੱਖ ਹਨ। ਡੀ ਸੀ ਪਕਲ ਨੇ ਅਫਸੋਸ ਪ੍ਰਗਟ ਕੀਤਾ ਕਿ ਅੰਦੋਲਨ ਦੀ ਅਗਵਾਈ ਕਰ ਰਹੇ ਅਮਰ ਸਿੰਘ ਝਬਾਲ, ਖਜ਼ਾਨ ਸਿੰਘ, ਅਰਜਨ ਸਿੰਘ ਵਰਗੇ ਵਰਕਰ ਗ੍ਰਿਫ਼ਤਾਰ ਨਹੀਂ ਕੀਤੇ ਜਾ ਸਕੇ। ਇੰਨ੍ਹਾਂ ਅਕਾਲੀਆਂ ਦਾ ਮੁਕੱਦਮਾ ਸ. ਹਰਦਿਆਲ ਸਿੰਘ (ਜੱਜ, ਪਹਿਲਾ ਦਰਜਾ) ਦੀ ਅਦਾਲਤ ਵਿਚ ਚਲਿਆ। ਸ਼ੁਰੂ ਵਿਚ ਹੀ ਰਤਨ ਸਿੰਘ ਆਜ਼ਾਦ ਅਤੇ ਨਿਰੰਜਨ ਸਿੰਘ ਤਾਨਸੈਨ ਨੂੰ ਰਿਹਾ ਕਰ ਦਿਤਾ ਗਿਆ। ਬਾਕੀ ਮੁਲਜ਼ਮਾਂ ਨੇ ਅਦਾਲਤ ਨਾਲ ਨਾ ਮਿਲਵਰਤਨ ਕੀਤੀ: ਨਾ ਕਿਸੇ ਜੁਰਮ ਇਕਬਾਲ ਕੀਤਾ, ਨਾ ਕਿਸੇ ਇਨਕਾਰ ਕੀਤਾ ਜਾਂ ਕੋਈ ਸਫ਼ਾਈ ਪੇਸ਼ ਕੀਤੀ।ਗੁਰੂ ਕਾਲ .
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀ ਹੈ।ਉੱਝ ਉਸ ਵੱਲੋਂ ਪ੍ਰਕਾਸ਼ਤ ਇਤਿਹਾਸ ਅਨੁਸਾਰ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਵੈਸਾਖ ਵਦੀ ਏਕਮ (ਪੰਜ ਵੈਸਾਖ),ਬਿਕਰਮੀ ਸੰਮਤ 1561 ਮੁਤਾਬਿਕ 31 ਮਾਰਚ, 1504 ਈਸਵੀ ਨੂੰ ਹੋਇਆ ਸੀ। ਸ਼ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ''ਸਿੱਖ ਇਤਿਹਾਸ" (ਭਾਗ ਪਹਿਲਾ) ਵਿੱਚ ਦਰਜ ਹੈ:ਆਪ ਦੇ ਜਨਮ ਦਿਨ ਬਾਰੇ ਚੋਖਾ ਮੱਤਭੇਦ ਹੈ। ਇਕ ਦੋ ਗੁਰ-ਇਤਿਹਾਸਕਾਰਾਂ ਤੋਂ ਬਿਨਾ ਸਭ ਇਸ ਗੱਲ 'ਤੇ ਸਹਿਮਤ ਹਨ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ 1561 ਬਿਕਰਮੀ (ਸੰਨ 1504 ਈਸਵੀ) ਵਿੱਚ ਹੋਇਆ। ਤਰੀਕ ਅਤੇ ਥਿਤ ਬਾਰੇ ਇਹਨਾਂ ਵਿੱਚ ਵੀ ਮੱਤਭੇਦ ਹੈ। ਕੁਝ ਕਹਿੰਦੇ ਹਨ ਕਿ ਗੁਰੂ ਜੀ ਦਾ ਜਨਮ ਗਿਆਰਾਂ ਵੈਸਾਖ ਨੂੰ ਹੋਇਆ। ਇਹ ਲੋਕ ਨਾ ਤਾਂ ਥਿੱਤ ਦਸਦੇ ਹਨ ਅਤੇ ਨਾਹੀ ਅੰਗਰੇਜ਼ੀ ਮਹੀਨੇ ਦੀ ਤਰੀਕ ਕੁਝ ਕਹਿੰਦੇ ਹਨ ਕਿ ਗੁਰੂ ਜੀ ਨੇ ਵੈਸਾਖ ਸੁਦੀ ਏਕਮ ਨੂੰ ਅਵਤਾਰ ਧਾਰਿਆ। ਇਹ ਲੋਕ ਦੇਸੀ ਜਾਂ ਅੰਗਰੇਜ਼ੀ ਮਹੀਨੇ ਦੀ ਤਰੀਕ ਨਹੀਂ ਦੱਸਦੇ। ਉ੍ਹਝ ਗੁਰਦੁਆਰਿਆਂ ਅਤੇ ਸੰਗਤਾਂ ਵਿੱਚ ਗੁਰੂ ਜੀ ਦਾ ਅਵਤਾਰ ਗੁਰਪੁਰਬ ਵੈਸਾਖ ਸੁਦੀ ਏਕਮ ਨੂੰ ਮਨਾਇਆ ਜਾਂਦਾ ਹੈ ਪਰ ਅਜੋਕੀ ਖੋਜ਼ ਵਾਲੇ ਮੰਨਦੇ ਹਨ ਕਿ ਗੁਰੂ ਅੰਗਦ ਦੇਵ ਜੀ ਦਾ ਜਨਮ ਵੈਸਾਖ ਵਦੀ ਏਕਮ (ਪੰਜ ਵੈਸਾਖ) ਮੁਤਾਬਿਕ 31 ਮਾਰਚ ਸੰਨ 1504 ਨੂੰ ਹੋਇਆ। ਇਹ ਅਖੀਰੀ ਗੱਲ ਸਭ ਤੋਂ ਵਧੇਰੇ ਮੰਨਣ ਯੋਗ ਹੈ। ਗੁਰੂ ਅੰਗਦ ਦੇਵ ਜੀ ਦਾ ਜਨਮ ਫੀਰੋਜ਼ਪੁਰ ਜ਼ਿਲੇ ਦੇ ਇਕ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ। ਮੱਤੇ ਦੀ ਸਰਾਂ ਸਬੰਧੀ ਦਸਿਆ ਜਾਂਦਾ ਹੈ ਕਿ ਬਾਬਰ ਦੇ ਹਮਲਿਆਂ ਸਮੇਂ ਮਚੇ ਰਾਜ ਰੌਲੇ ਵਿੱਚ ਇਹ ਨਗਰੀ ਲੁੱਟਮਾਰ ਅਤੇ ਕੱਟ-ਵੱਢ ਕਰਕੇ ਥੇਹ ਕਰ ਦਿੱਤੀ ਗਈ। ਮਗਰੋਂ ਇਸ ਥੇਹ ਦੇ ਕੋਲ ਹੀ ਇਕ ਨਾਂਗੇ ਸਾਧੂ ਨੇ ਪਿੰਡ ਵਸਾਇਆ ਇਸ ਦਾ ਨਾਂ ਨਾਂਗੇ ਦੀ ਸਰਾਂ ਪਿਆ। ਇਸ ਦੇ ਕੋਲ ਹੀ ਵੱਸੇ ਪਿੰਡ ਮੱਤੇ ਦੀ ਸਰਾਂ ਵਿਖੇ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ। ਮਾਂ-ਬਾਪ ਨੇ ਉਹਨਾਂ ਦਾ ਨਾਂ ਲਹਿਣਾ ਰਖਿਆ। ਗੁਰੂ ਅੰਗਦ ਦੇਵ ਜੀ ਦੇ ਪੰਜ ਸੌਵੇਂ ਪ੍ਰਕਾਸ਼ ਪੁਰਬ ਸਮੇਂ ਪ੍ਰਕਾਸ਼ਤ ਪੁਸਤਕ ''ਪਾਰਸ ਹੋਆ ਪਾਰਸਹੁ'' ਵਿੱਚ ਦਸਿਆ ਗਿਆ ਹੈ ਕਿ ਭਾਈ ਲਹਿਣਾ ਜੀ ਦੇ ਵੱਡ ਵਡੇਰੇ ਜ਼ਿਲਾ ਗੁਜਰਾਤ ਦੇ ਪਿੰਡ ਮੰਘੋਵਲ (ਪਾਕਿਸਤਾਨ) ਦੇ ਸਨ। ਇਹਨਾਂ ਦੇ ਪਿਤਾ ਬਾਬਾ ਫੇਰੂ ਮੱਲ ਨੂੰ ਉਹਨਾਂ ਦੇ ਸਹੁਰੇ ਫਿਰੋਜ਼ਪੁਰ ਜ਼ਿਲੇ ਦੇ ਕਸਬੇ ਮੱਤੇ ਦੀ ਸਰਾਂ ਵਿਖੇ ਲੈ ਆਏ ਜਿਥੇ 31 ਮਾਰਚ ਸੰਨ 1504 ਈਸਵੀ, ਐਤਵਾਰ ਨੂੰ ਲਹਿਣਾ ਜੀ ਦਾ ਜਨਮ ਹੋਇਆ। ਬਿਕਰਮੀ ਸੰਮਤ ਅਨੁਸਾਰ ਉਸ ਦਿਨ 5 ਵੈਸਾਖ, ਸੰਮਤ 1561 ਸੀ। ਭਾਈ ਲਹਿਣਾ ਜੀ ਦੀ ਮਾਤਾ ਦਾ ਨਾਂ ਮਾਤਾ ਦਇਆ ਕੌਰ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਇਹਨਾਂ ਦਾ ਨਾਂ ਮਾਤਾ ਸੁਖਦੇਵੀ ਲਿਖਦੇ ਹਨ ਜਦਕਿ ਪੰਜ ਦੇ ਸਾਦਾ ਇਤਿਹਾਸ ਵਿੱਚ ਉਹਨਾਂ ਦਾ ਨਾਂ ਮਾਤਾ ਸੁਖਦੇਵੀ ਲਿਖਿਆ ਹੋਇਆ ਹੈ, ਜੋ ਨਿਹਾਲ ਕੌਰ ਦੇ ਨਾਂ ਨਾਲ ਪ੍ਰਸਿੱਧ ਹੋਏ। ਸ: ਜਸਵੰਤ ਸਿੰਘ ਵਿਰਦੀ ਨੇ ਆਪਣੀ ਪੁਸਤਕ ''ਮਾਤਾ ਤੂੰ ਮਹਾਨ" ਵਿੱਚ ਉਹਨਾਂ ਦਾ ਨਾਂ ਮਾਤਾ ਰਾਮੋ ਦਸਿਆ ਹੈ।ਮਾਤਾ ਖੀਵੀ ਸੰਗੀਤ ਵਿਦਿਆਲਾ, ਖਡੂਰ ਸਾਹਿਬ ਵੱਲੋਂ ਪ੍ਰਕਾਸ਼ਿਤ ਪੁਸਤਕ, ਮਹਾਨ ਕੋਸ਼ ਦੇ ਲੇਖਕ ਭਾਈ ਕਾਨ ਸਿੰਘ ਨਾਭਾ ਅਤੇ ਸਿੱਖ ਮਿਸ਼ਨਰੀ ਭਾਈ ਮਹਿੰਦਰ ਸਿੰਘ ਜੋਸ਼ ਵੀ ਭਾਈ ਲਹਿਣਾ ਜੀ ਦੀ ਮਾਤਾ ਦਾ ਨਾਂ ਦਇਆ ਕੌਰ ਲਿਖਦੇ ਹਨ। ਸ: ਜਸਵੰਤ ਸਿੰਘ ਵਿਰਦੀ ਨੇ ਆਪਣੀ ਪੁਸਤਕ ''ਮਾਤਾ ਤੂੰ ਮਹਾਨ" ਵਿੱਚ ਉਹਨਾਂ ਦਾ ਨਾਂ ਮਾਤਾ ਰਾਮੋ ਦਸਿਆ ਹੈ। ਮਾਤਾ ਖੀਵੀ ਸੰਗੀਤ ਵਿਦਿਆਲਾ, ਖਡੂਰ ਸਾਹਿਬ ਵੱਲੋਂ ਪ੍ਰਕਾਸ਼ਿਤ ਪੁਸਤਕ, ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਤੇ ਸਿੱਖ ਮਿਸ਼ਨਰੀ ਭਾਈ ਮਹਿੰਦਰ ਸਿੰਘ ਜੋਸ਼ ਵੀ ਭਾਈ ਲਹਿਣਾ ਜੀ ਦੀ ਮਾਤਾ ਦਾ ਨਾ ਦਇਆ ਕੌਰ ਲਿਖਦੇ ਹਨ। ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਮੱਲ ਵਰਣ ਵੰਡ ਅਨੁਸਾਰ ਤ੍ਰੇਹਨ ਖੱਤਰੀ ਸਨ। ਉਹ ਉਰਦੂ, ਫਾਰਸੀ ਦੇ ਵਿਦਵਾਨ ਅਤੇ ਹਿਸਾਬ-ਕਿਤਾਬ ਵਿੱਚ ਬਹੁਤ ਮਾਹਰ ਸਨ। ਉਹਨਾਂ ਕਈ ਥਾਂਈ ਨੌਕਰੀ ਵੀ ਕੀਤੀ ਅਤੇ ਅੰਤ ਹਰੀ ਕੇ ਪੱਤਣ ਆ ਕੇ ਪ੍ਰਚੂਨ ਦੀ ਦੁਕਾਨਦਾਰੀ ਸ਼ੁਰੂ ਕਰ ਦਿੱਤੀ। ਸਮਾਂ ਪਾਕੇ ਭਾਈ ਲਹਿਣਾ ਜੀ ਨੇ ਏਸੇ ਦੁਕਾਨਦਾਰੀ ਨੂੰ ਅਪਣਾਇਆ। ਬਾਬਾ ਫੇਰੂ ਮੱਲ ਵਿਸ਼ਵਾਸ਼ ਵੱਲੋਂ ਦੇਵੀ ਭਗਤ ਅਤੇ ਧਾਰਮਿਕ ਰੁਚੀਆਂ ਵਾਲੇ ਵੈਸ਼ਨੋ ਸਨ। ਉਹ ਹਰ ਸਾਲ ਦੇਵੀ ਭਗਤਾਂ ਦਾ ਜੱਥਾ ਲੈਕੇ ਦਰਸ਼ਨਾਂ ਲਈ ਜਵਾਲਾ ਮੁੱਖੀ ਜਾਇਆ ਕਰਦੇ ਸਨ। ਭਾਈ ਲਹਿਣਾ ਜੀ ਦੇ ਪਰਿਵਾਰ ਵਿੱਚ ਮਾਂ-ਬਾਪ ਤੋਂ ਬਿਨਾਂ ਅੱਠ ਭੈਣ ਭਾਈ ਸਨ। ਭਾਈ ਲਹਿਣਾ ਜੀ ਦਾ ਜਨਮ (1504ਈ:) ਸਮੇਂ ਹੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸ਼ੁਰੂ ਹੋਈਆਂ। ਇਸ ਲਈ ਜਿਹਨਾਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀਆਂ ਵਿਚ ਹੀ ਭਾਈ ਲਹਿਣਾ ਵੱਡੇ ਹੋਏ।ਚੇਤੇ ਰਹੇ ਕਿ ਭਾਈ ਲਹਿਣਾ ਜੀ 1532 ਈ: ਵਿੱਚ ਗੁਰੂ ਨਾਨਕ ਸਾਹਿਬ ਕੋਲ ਕਰਤਾਰਪੁਰ ਪਹੁੰਚੇ ਸਨ ਫੇਰ ਉਥੋਂ ਦੇ ਹੀ ਹੋ ਕੇ ਰਹਿ ਗਏ ਸਨ। ਇਹਨਾਂ ਅਠਾਈ ਸਾਲਾਂ ਦੇ ਰਾਜਸੀ ਹਾਲਾਤਾਂ ਬਾਰੇ ਸਾਡੀ ਅਗਵਾਈ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਕਰ ਦਿੰਦੀ ਹੈ:
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦਰਮਾ
ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
(ਗੁ.ਗ੍ਰੰ.ਸਾ.,ਅੰਕ 145)
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
(ਗੁ.ਗ੍ਰੰ.ਸਾ., ਅੰਕ 1288)
ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥
ਸਾਹਾ ਸੁਰਤਿ ਗਵਾਈਆ ਰੰਗ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥
(ਗੁ.ਗ੍ਰੰ.ਸਾ,ਅੰਕ 417)
ਧਾਰਮਿਕ ਦਸ਼ਾ ਬਾਰੇ ਗੁਰੂ ਨਾਨਕ ਬਾਣੀ ਵਿੱਚ ਦਰਜ ਹੈ:
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ
ਅਗਦੁ ਪੜੈ ਸ਼ੈਤਾਨੁ ਵੇ ਲਾਲੋ॥
ਮੁਸਲਮਾਨੀਆ ਪੜਹਿ ਕਤੇਬਾ
ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
(ਗੁ.ਗ੍ਰੰ.ਸਾ., ਅੰਕ 722)
ਸਤੀ ਪਾਪੁ ਕਰਿ ਸਤੁ ਕਮਾਹਿ॥
ਗੁਰ ਦੀਖਿਆ ਘਰਿ ਦੇਵਣ ਜਾਹਿ॥
ਇਸਤਰੀ ਪੁਰਖੈ ਖਟਿਐ ਭਾਉ॥
ਭਾਵੇ ਆਵਉ ਭਾਵੈ ਜਾਉ॥
ਸਾਸਤੁ ਬੇਦੁ ਨ ਮਾਨੈ ਕੋਇ॥
ਆਪੋ ਐਪੈ ਪੂਜਾ ਹੋਇ॥
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਖੀ ਲੈ ਕੇ ਹਕੁ ਗਵਾਇ॥
ਜੇ ਕੋ ਪੁਛੈ ਤਾ ਪੜਿ ਸੁਣਾਇ॥
ਤੁਰਕੁ ਮੰਤ੍ਰ ਕਨਿ ਰਿਦੈ ਸਮਾਹਿ॥
ਲੋਕ ਮੁਹਾਵਹਿ ਚਾੜੀ ਖਾਹਿ॥
ਚਉਕਾ ਦੇ ਕੈ ਸੁਚਾ ਹੋਇ॥
ਐਸਾ ਹਿੰਦੂ ਵੇਖਹੁ ਕੋਇ॥
ਜੋਗੀ ਗਿਰਹੀ ਜਟਾ ਬਿਭੂਤ॥
ਆਗੈ ਪਾਛੈ ਰੋਵਹਿ ਪੁਤ॥
ਜੋਗੁ ਨ ਪਾਇਆ ਜੁਗਤਿ ਗਵਾਈ॥
ਕਿਤੁ ਕਾਰਣਿ ਸਿਰਿ ਛਾਈ ਪਾਈ॥
ਨਾਨਕ ਕਲਿ ਕਾ ਏਹੁ ਪਰਵਾਣੁ॥
ਆਪੇ ਆਖਣ ਆਪੇ ਜਾਣੁ॥
(ਗੁ.ਗ੍ਰੰ.ਸਾ., ਅੰਕ 951)
ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਜਨਮਾਨਸ ਦੀ ਸਥਿਤੀ ਨੂੰ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ:
ਕਲਿ ਆਈ ਕੁਤੇ ਮੁਹੀ
ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ
ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ
ਕੂੜ ਕੁਸਤੁ ਮੁਖਹੁ ਆਲਾਈ॥
ਇਸ ਤਰਾਂ ਭਾਈ ਲਹਿਣਾ ਜੀ ਨੂੰ ਆਪਣੀ ਵਿਰਾਸਤ ਵਿੱਚ ਬੜੇ ਹੀ ਦੁਖਦਾਈ ਪਰਿਵਾਰਕ, ਸਮਾਜਕ ਆਰਥਿਕ ਅਤੇ ਧਾਰਮਿਕ ਹਾਲਾਤ ਮਿਲੇ।
ਮਾਤਾ ਲਾਡਿਕੀ-6 .
ਵਿਆਹ ਲਈ ਰਜ਼ਾਮੰਦੀ
''ਕੀ ਗੱਲ ਲਾਡੋ ਪੁੱਤਰ।" ਲਾਡਿੱਕੀ ਦੀ ਮਾਤਾ ਨੇ ਆਪਣੀ ਧੀ ਨੂੰ ਪੁੱਛਿਆ, ''ਕਈ ਦਿਨਾਂ ਤੋਂ ਵੇਖ ਰਹੀ ਹਾਂ, ਠੀਕ ਤਰ੍ਹਾਂ ਖਾਂਦੀ ਪੀਂਦੀ ਨਹੀਂ। ਤਬੀਅਤ ਤਾਂ ਠੀਕ ਏ?"
ਲਾਡਿੱਕੀ ਨੇ ਜਵਾਬ ਨਹੀਂ ਦਿੱਤਾ। ਲੰਗਰ ਵਾਲੀ ਥਾਲੀ, ਕੌਲੀ ਉਠਾਈ, ਨਲ ਕੋਲ ਜਾ ਕੇ ਉਨ੍ਹਾਂ ਨੂੰ ਸਾਫ਼ ਕਰ ਕੇ ਬਰਤਨਾਂ ਵਾਲੀ ਟੋਕਰੀ ਵਿਚ ਰੱਖਿਆ ਅਤੇ ਅੰਦਰ ਕਮਰੇ ਵਿਚ ਚਲੀ ਗਈ। ਉਸ ਦੀ ਮਾਂ ਦੇ ਮਨ ਨੂੰ ਕਿਸੇ ਅਨਜਾਣੇ ਡਰ ਨੇ ਟੁੰਬਿਆ। ਉਹ ਵੀ ਲਾਡਿੱਕੀ ਦੇ ਪਿੱਛੇ-ਪਿੱਛੇ ਕਮਰੇ ਵਿਚ ਚਲੀ ਗਈ ਅਤੇ ਮੰਜੀ ਦੀ ਬਾਹੀ 'ਤੇ ਬੈਠੀ ਲਾਡਿੱਕੀ ਦੀ ਪਿੱਠ ਪਲੋਸਦਿਆਂ ਬੋਲੀ, ''ਸਭ ਠੀਕ ਤਾਂ ਹੈ ਨਾ, ਧੀਏ?"
ਲਾਡਿੱਕੀ ਮਾਨੋਂ ਭਰੀ ਬੈਠੀ ਸੀ। ਮਾਂ ਨੇ ਉਸ ਦੇ ਧੋਣ ਨਾਲ ਬਾਂਹ ਵਲੀ ਤਾਂ ਉਹ ਗਲੇ ਲੱਗ ਫੁੱਟ-ਫੁੱਟ ਰੋਣ ਲੱਗ ਪਈ।
''ਦੱਸ ਤਾਂ ਸਹੀ ਹੋਇਆ ਕੀ ਏ?" ਧੀ ਨੂੰ ਆਪਣੇ ਨਾਲ ਘੁੱਟਦੀ ਹੋਈ ਮਾਂ ਨੇ ਕਿਹਾ, ''ਪਗਲੀ ਧੀ।"
ਉਸ ਲਾਡਿੱਕੀ ਨੂੰ ਆਪਣੇ ਨਾਲੋਂ ਥੋੜ੍ਹਾ ਪਰ੍ਹੇ ਕੀਤਾ, ਉਸ ਦੀਆਂ ਅੱਖਾਂ ਨੂੰ ਆਪਣੀ ਚੁੰਨੀ ਨਾਲ ਪੂੰਝਿਆ ਅਤੇ ਫਿਰ ਪੁੱਛਿਆ, ''ਕੀ ਹੋਇਆ, ਬੇਟੀ?"
''ਤੁਸੀਂ ਮੈਨੂੰ ਘਰੋਂ ਕਿਉਂ ਕੱਢਣ ਲੱਗੇ ਓ?" ਲਾਡਿੱਕੀ ਜਿਵੇਂ ਫਿਸ ਪਈ, ''ਮੈਂ ਦੋ ਰੋਟੀਆਂ ਤੋਂ ਵੀ ਭਾਰੀ ਹੋ ਗਈ ਆਂ? ਕਹੋ, ਤਾਂ ਮੈਂ ਉਹ ਵੀ ਨਹੀਂ ਖਾਵਾਂਗੀ ਪਰ ਮੈਨੂੰ ਘਰੋਂ ਨਾ ਕੱਢੋ।"
''ਪਗਲੀ ਧੀ।" ਮਾਂ ਨੇ ਉਸ ਨੂੰ ਮੁੜ ਛਾਤੀ ਨਾਲ ਲਾ ਲਿਆ, ''ਇਹ ਤਾਂ ਧੁਰੋਂ ਚਲਿਆ ਆਉਂਦਾ ਦਸਤੂਰ ਏ, ਬੇਟੀ! ਧੀਆਂ ਤਾਂ ਰਾਜਿਆਂ ਰਾਣਿਆਂ ਨੇ ਵੀ ਤੋਰੀਆਂ ਨੇ। ਇਨ੍ਹਾਂ ਨੂੰ ਕੋਈ ਆਪਣੇ ਘਰ ਨਹੀਂ ਰੱਖ ਸਕਿਆ।"
''ਪਰ ਮੈਨੂੰ ਖੂਹ 'ਚ ਤਾਂ ਨਾ ਸੁੱਟੋ।"
''ਤੈਨੂੰ ਇਹ ਕਿਸ ਕਹਿ ਦਿੱਤਾ, ਧੀਏ?" ਮਾਂ ਨੇ ਲਾਡਿਕੀ ਨੂੰ ਹੋਰ ਘੁੱਟ ਲਿਆ ਜਿਵੇਂ ਉਸ ਨੂੰ ਆਪਣੀ ਮਮਤਾ ਦਾ ਵਿਸ਼ਵਾਸ਼ ਦਿਵਾਉਣਾ ਚਾਹੁੰਦੀ ਹੋਵੇ, ''ਇਹ ਘਰ ਤਾਂ ਲੱਖਾਂ ਵਿਚੋਂ ਇੱਕ ਵੇ। ਮੁੰਡਾ ਸੋਹਣਾ, ਸੁਨੱਖਾ ਏ, ਸਰਾਫ਼ਾਂ ਦੀ ਦੁਕਾਨ ਹੈ, ਰੁਪਏ ਪੈਸੇ ਵੱਲੋਂ ਸੌਖੇ ਨੇ, ਸਗੋਂ ਦੂਜਿਆਂ ਨੂੰ ਵੀ ਦੇ ਕੇ ਕਈਆਂ ਦਾ ਕੰਮ ਸਾਰਦੇ ਨੇ। ਪਿਛੋਂ ਕਾਬਲ ਦੇ ਹਾਕਮਾਂ ਵਿਚੋਂ ਨੇ।"
''ਪਰ ਗੁਰਬਾਣੀ? ਉਸ ਨੂੰ ਤਾਂ ਪੰਜਾਬੀ ਪੜ੍ਹਣੀ ਵੀ ਨਹੀਂ ਆਉਂਦੀ।"
ਲਾਡਿੱਕੀ ਨੇ ਜਿਵੇਂ ਮਾਂ ਕੰਡਾ ਚੁਭੋ ਦਿੱਤਾ ਹੋਵੇ। ਉਸ ਨੇ ਧੀ ਨੂੰ ਵੱਖ ਕਰਕੇ ਥੋੜ੍ਹਾ ਦੂਰ ਬਿਠਾ ਦਿੱਤਾ ਅਤੇ ਮੰਜੇ 'ਤੇ ਬੈਠਦੀ ਬੋਲੀ, ''ਤੇਰੀ ਇਸ ਗੁਰਬਾਣੀ ਨੇ ਸਾਨੂੰ ਸਾਰਿਆਂ ਨੂੰ ਸੁੱਕਣੇ ਪਾਇਆ ਹੋਇਐ। ਮੈਂ ਤਾਂ ਭਲਾ ਹੋਈ ਅਨਪੜ੍ਹ ਪਰ ਗਿਆਨੀ ਜੀ ਅਤੇ ਤੇਰੇ ਪਿਤਾ ਜੀ ਦੋਵੇਂ ਬੜੇ ਦੁੱਖੀ ਨੇ।"
''ਪਰ ਮੈਂ ਅਜਿਹਾ ਕੀ ਕੀਤਾ ਮਾਤਾ ਜੀ? ਮੇਰੇ ਤੋਂ ਕਿਉਂ ਦੁੱਖੀ ਨੇ?"
''ਏਹੀ, ਗੁਰਬਾਣੀ ਉੱਤੇ ਅਮਲ ਦੀ ਗੱਲ।" ਮਾਤਾ ਥੋੜ੍ਹੇ ਠਰੰਮ੍ਹੇ ਨਾਲ ਸਮਝਾਉਣ ਲੱਗੀ, ''ਗਿਆਨੀ ਜੀ ਕਹਿੰਦੇ ਨੇ ਤੂੰ ਸਾਨੂੰ ਧਰਮ ਸੰਕਟ ਵਿਚ ਪਾ ਦਿੱਤਾ। ਅਸੀਂ ਗੁਰਬਾਣੀ ਪਿੱਛੇ ਲੱਗ ਕੇ ਆਪਣੇ ਸੱਕੇ ਸਬੰਧੀਆਂ, ਸੱਜਣਾਂ ਮਿੱਤਰਾਂ ਨੂੰ ਕਿਵੇਂ ਛੱਡ ਦੇਈਏ? ਫੇਰ ਰੱਬ ਤਾਂ ਹਰ ਥਾਂ ਹੈ। ਮੂਰਤੀਆਂ ਸਾਨੂੰ ਰੱਬ ਦਾ ਨਾਂ ਲੈਣਾ ਹੀ ਸਿਖਾਉਂਦੀਆਂ ਨੇ। ਪੰਡਤ ਸਾਨੂੰ ਪੜ੍ਹਣ ਲਈ ਹੀ ਕਹਿੰਦੇ ਹਨ, ਉਹ ਮੰਦਾ ਬੋਲਣ ਲਈ ਤਾਂ ਨਹੀਂ ਕਹਿੰਦੇ। ਜੇਹੇ ਵੇਦ, ਤੇਹੇ ਸਾਡੇ ਗ੍ਰੰਥ। ਵੱਡਿਆਂ ਵਡੇਰਿਆਂ ਅਨੁਸਾਰ ਚੱਲਣਾ ਮਾੜਾ ਨਹੀਂ ਹੁੰਦਾ, ਧੀਏ।"
ਲਾਡਿੱਕੀ ਮਾਂ ਦੀਆਂ ਗੱਲਾਂ ਚੁੱਪ ਕਰ ਕੇ ਸੁਣਦੀ ਰਹੀ। ਜਦੋਂ ਥੋੜ੍ਹਾ ਸ਼ਾਂਤ ਹੋਈ ਤਾਂ ਲਾਡਿੱਕੀ ਉਂਠ ਕੇ ਉਸ ਕੋਲ ਗਈ ਅਤੇ ਉਸ ਦੀ ਧੌਣ ਦੁਆਲੇ ਬਾਹਾਂ ਵਲ਼ ਕੇ ਬੋਲੀ, ''ਮੈਂ ਕਦੇ ਕਿਸੇ ਨੂੰ ਮਾੜਾ ਕਿਹਾ ਹੈ, ਮੇਰੀਏ ਅੰਬੜੀਏ?"
''ਹੋਰ ਕੀ? ਕਦੀ ਆਖਦੀ ਏਂ ਮੂਰਤੀਆਂ ਨਾ ਪੂਜੋ, ਤੀਰਥੀਂ ਨਾ ਜਾਉ। ਕਦੀ ਆਖਦੀ ਏਂ-ਹਵਨ ਨਾ ਕਰਵਾਉ, ਬ੍ਰਾਹਮਣ ਕੋਲੋਂ ਦਿਨ ਦਿਹਾਰ ਨਾ ਪੁੱਛੋ, ਸਭ ਨੂੰ ਬਰਾਬਰ ਸਮਝੋ। ਸਾਡੇ ਬਜ਼ੁਰਗ ਕੋਈ ਮੂਰਖ ਸਨ ਜਿਨ੍ਹਾਂ ਨੇ ਇਹ ਸਾਰੀਆਂ ਰਸਮਾਂ ਬਣਾਈਆਂ ਅਤੇ ਨਿਭਾਈਆਂ?"
''ਨਹੀਂ ਮਾਂ, ਮੈਂ ਕਿਸੇ ਨੂੰ ਮਾੜਾ ਨਹੀਂ ਕਿਹਾ। ਗੁਰਬਾਣੀ ਵਿਚ ਵੀ ਕਿਸੇ ਨੂੰ ਮਾੜਾ ਨਹੀਂ ਕਿਹਾ ਗਿਆ। ਬਾਬਾ ਨਾਨਕ ਤਾਂ ਮੁਸਲਮਾਨਾਂ ਨੂੰ ਏਨਾਂ ਉੱਚਾ ਦਰਜਾ ਦਿੰਦੇ ਹਨ ਕਿ ਮੁਸਲਮਾਨ ਹੋਣਾ ਵੱਡੀ ਗੱਲ ਬਣ ਜਾਂਦੀ ਹੈ: ਮੁਸਲਮਾਨ ਕਹਾਵਣੁ ਮੁਸ਼ਕਲੁ ਜਾ ਹੋਏ ਤਾ ਮੁਸਲਮਾਣੁ ਕਹਾਵੈ॥... ... ... ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤਾਂ ਮੁਸਲਮਾਣੁ ਕਹਾਵੈ॥ (੧੪੧) ਗੁਰੂ ਜੀ ਤਾਂ ਨਮਾਜ਼ਾਂ ਪੜ੍ਹਣ ਤੋਂ ਨਹੀਂ ਰੋਕਦੇ: ਪੰਜਿ ਨਿਵਾਜਾ ਵਖ਼ਤ ਪੰਜਿ ਪੰਜਾ ਪੰਜੇ ਨਾਉ॥ ... ... ... ਕਰਣੀ ਕਲਮਾ ਆਖਿ ਕੈ ਤਾ ਮੁਸਲਮਾਨ ਸਦਾਇ॥(੧੪੧) ਪਰ ਮੁਸ਼ਕਲ ਏਹ ਹੈ ਕਿ ਉਹ ਕਹਿਣੀ ਦੇ ਮੁਸਲਮਾਨ ਹਨ, ਕਰਨੀ ਦੇ ਨਹੀਂ।" ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਲਾਡਿੱਕੀ ਮੁੜ ਬੋਲੀ, ''ਮਾਤਾ ਜੀ! ਹਿੰਦੂ ਹੋਣਾ ਵੀ ਕੋਈ ਬੁਰਾ ਨਹੀਂ ਹੈ। ਨਾਨਕ ਬਾਣੀ ਵਿਚ ਬ੍ਰਾਹਮਣ ਦੀ ਵੀ ਉਸਤਤਿ ਕੀਤੀ ਗਈ ਹੈ, ਪਰ ਬ੍ਰਾਹਮਣ ਹੋਣ ਵਾਲੇ ਗੁਣ ਹੋਣੇ ਚਾਹੀਦੇ ਹਨ: ਸੋ ਬ੍ਰਾਹਮਣ ਜੋ ਬਿੰਦੈ ਬ੍ਰਾਹਮੁ॥ ਜਪੁ ਤਪੁ ਸੰਜਮ ਕਮਾਵੈ ਕਰਮੁ॥ ਸੀਲੀ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤ॥ ਸੋਈ ਬ੍ਰਾਹਮਣ ਪੂਜਣ ਜੁਗਤੁ॥(੧੪੧੧) ਖਤਰੀ, ਜੋਗੀ ਕੋਈ ਵੀ ਬੁਰਾ ਨਹੀਂ ਮਾਤਾ ਜੀ ਪਰ ਮੁਸ਼ਕਲ ਇਹ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਆਪਣਾ ਧਰਮ ਨਹੀਂ ਨਿਭਾਉਂਦਾ। ਸਭ ਨੇ ਆਪਣੇ ਢਿੱਡ ਭਰਨ ਨੂੰ ਮਕਸਦ ਬਣਾਇਆ ਹੋਇਆ ਹੈ, ਕਹਿੰਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਮੈਂ ਤਾਂ ਸਿਰਫ਼ ਏਨਾ ਕਹਿੰਦੀ ਹਾਂ ਕਿ ਕਹੋ, ਉਹੀ ਕਰੋ।"
''ਤੇਰੇ ਨਾਲ ਮੈਂ ਤਾਂ ਬਹਿਸ ਕਰਨ ਜੋਗੀ ਨਹੀਂ, ਧੀਏ। ਪਰ ਅਸੀਂ ਇਨ੍ਹਾਂ ਗੱਲਾਂ ਵਿਚੋਂ ਲੈਣਾ ਵੀ ਕੀ ਹੈ? ਮਨੁੱਖੀ ਜੂਨ ਮਿਲੀ ਹੈ। ਪਿਆਰ, ਮੁਹੱਬਤ, ਸਹਿਯੋਗ ਨਾਲ ਨਿਭਾਅ ਲਈਏ। ਸਾਡਾ ਤਾਂ ਇਹੀ ਧਰਮ ਹੈ।"
''ਮੈਂ ਹੁਣ ਤੁਹਾਨੂੰ ਕਿਵੇਂ ਸਮਝਾਵਾਂ ਕਿ ਗੁਰਬਾਣੀ ਵਿਚ ਵੀ ਇਹੀ ਕੁਝ ਕਿਹਾ ਗਿਆ ਹੈ ਜੋ ਤੁਸੀਂ ਕਹਿੰਦੇ ਓ। ਉਥੇ ਸਿਰਫ਼ ਉਨ੍ਹਾਂ ਲੋਕਾਂ ਨੂੰ ਮਾੜਾ ਕਿਹਾ ਗਿਆ ਹੈ, ਜਿਹੜੇ ਰੱਬ ਦੇ ਨਾਂ 'ਤੇ ਮਨੁੱਖਾਂ ਵਿਚ ਵੰਡੀਆਂ ਪਾਉਂਦੇ ਹਨ, ਕਿਸੇ ਨੂੰ ਛੋਟਾ, ਕਿਸੇ ਨੂੰ ਵੱਡਾ ਬਣਾਉਂਦੇ ਹਨ ਅਤੇ ਇਸੇ ਵਿਚੋਂ ਆਪਣੀ ਹਲਵੇ ਮਾਂਡੇ ਦਾ ਪ੍ਰਬੰਧ ਕਰਦੇ ਹਨ।..."
''ਮੈਨੂੰ ਤੂੰ ਮਾਫ਼ ਕਰ।" ਮਾਤਾ ਨੇ ਦੋਵੇਂ ਹੱਥ ਜੋੜ ਕੇ ਸਿਰ ਨਿਵਾਇਆ, ''ਮੈਂ ਹੋਈ ਚਿੱਟੀ ਅਨਪੜ੍ਹ ਪਰ ਸਾਡਾ ਤਾਂ ਗਿਆਨੀ ਜੀ ਉੱਤੇ ਪੂਰਾ
ਵਿਸ਼ਵਾਸ਼ ਹੈ। ਉਹ ਗੁਰੂ ਘਰ ਵਿਚੋਂ ਆਏ ਹਨ। ਸਾਨੂੰ ਤਾਂ ਉਹ ਜੋ ਕਹਿਣਗੇ, ਅਸੀਂ ਤਾਂ ਉਹੀ ਕਰਨਾ ਹੈ।"