rozanajanchetna@gmail.com07112020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:65, ਸ਼ਨੀਵਾਰ,07 ਨਵੰਬਰ 2020.

  ਅੱਜ ਦਾ ਵਿਚਾਰ .

ਇਹ ਸਰਬਸ਼ਕਤੀਮਾਨ, ਸਰਬਵਿਆਪਕ, ਨਿਰਭਉ, ਨਿਰਵੈਰ, ਨਿਰਲੇਪ ਕਰਤਾਰੀ ਸ਼ਕਤੀ ਮਨੁੱਖ ਤੋਂ ਉਮੀਦ ਕਰਦੀ ਹੈ ਕਿ ਉਹ ਸਮਝਦਾਰ ਬਣ ਕੇ ਉਸ ਦੇ ਅਸੂਲਾਂ, ਨਿਯਮਾਂ ਨੂੰ ਸਮਝੇ ਅਤੇ ਇਸ ਨੂੰ ਵਰਤੋਂ ਵਿਚ ਲਿਆਵੇ। ਜੋ ਅਜਿਹਾ ਕਰਦੇ ਹਨ, ਉਹ ਸੁੱਖੀ ਰਹਿੰਦੇ ਹਨ ਅਤੇ ਕਰਿਸ਼ਮੇਂ ਕਰਨ ਦੇ ਸਮਰੱਥ ਹੋ ਸਕਦੇ ਹਨ। ਇਸ ਦੇ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਖੁੱਦ ਵੀ ਦੁੱਖੀ ਰਹਿੰਦੇ ਹਨ ਅਤੇ ਦੂਸਰਿਆਂ ਨੂੰ ਵੀ ਦੁੱਖੀ ਕਰਦੇ ਹਨ।ਸਮਾਜਿਕ ਨਿਯਮ ਬੇਸ਼ਕ ਮਨੁੱਖ ਨੇ ਬਣਾਏ ਹਨ। ਇਸ ਲਈ ਇਹ ਸਮੇਂ, ਸਥਾਨ ਦੇ ਗੁਲਾਮ ਹੁੰਦੇ ਹਨ , ਹਰ ਸਮਾਜ ਵਿਚ ਵੱਖਰੇ ਹੁੰਦੇ ਹਨ ਅਤੇ ਬਦਲੇ ਵੀ ਜਾ ਸਕਦੇ ਹਨ ਬਲ ਕਿ ਹਰ ਸਮੇਂ ਬਦਲਦੇ ਸਮਾਜ ਨਾਲ ਬਦਲਦੇ ਰਹਿੰਦੇ ਹਨ ਜਦ ਕਿ ਕਰਤਾਰੀ ਸ਼ਕਤੀ ਦੇ ਨਿਯਮ ਸਥਿਰ ਹੁੰਦੇ ਹਨ ਅਤੇ ਸਮਾਜਿਕ ਨਿਯਮਾਂ ਲਈ ਵੀ ਜ਼ਰੂਰੀ ਹੁੰਦਾ ਹੈ ਕਿ ਉਹ ਕਰਤਾਰੀ ਨਿਯਮਾਂ ਦੀ ਪਾਲਣ ਕਰਨ ਵਾਲੇ ਹੋਣ। ਇਹਨਾਂ ਵਿਚ ਟਕਰਾਉ ਦਾ ਅਰਥ ਵਿਅਕਤੀ ਅਤੇ ਸਮਾਜ ਦਾ ਨੁਕਸਾਨ ਕਰਨਾ ਹੈ।

  ਪੰਜਾਬ ਦਾ ਇਤਿਹਾਸ-202.

ਸਰਕਾਰ ਨੇ ਗਲਬਾਤ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾਈ ਪਰ ਉਹ ਪੰਜਾਬੀ ਸੂਬੇ ਦੀ ਮੰਗ ਮੰਨਣ ਲਈ ਤਿਆਰ ਨਹੀਂ ਸੀ। ਅਕਾਲੀਆਂ ਨੇ ਵਾਪਿਸ ਲਿਆ ਮੋਰਚਾ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਪਰ ਇਸ ਵਾਰ ਗਰਿਫਤਾਰੀਆਂ ਦੇਣ ਦੀ ਥਾਂ ਮਰਨ ਵਰਤ ਰਖਣ ਦਾ ਫੈਸਲਾ ਹੋਇਆ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸੰਤ ਫਤਹਿ ਸਿੰਘ ਦਾ ਵਰਤ ਉਹਨਾਂ ਛੁਡਵਾਇਆ ਸੀ, ਇਸ ਲਈ ਇਸ ਵਾਰ ਮਰਨ ਵਰਤ ਉਹ ਰਖਣਗੇ ਅਤੇ ਉਹਨਾਂ ਇੰਝ ਕੀਤਾ ਵੀ। 15 ਅਗਸਤ, 1961 ਨੂੰ, ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਭਾਸ਼ਨ ਦੇ ਰਿਹਾ ਸੀ, ਮਾਸਟਰ ਤਾਰਾ ਸਿੰਘ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮੰਜੀ ਸਾਹਿਬ ਵਿਖੇ ਬਣਾਈ ਗਈ ਖਾਸ ਕੁਟੀਆ ਵਿਚ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ ਮਰਨ ਵਰਤ ਉਤੇ ਬੈਠ ਗਏ।

ਮਾਸਟਰ ਤਾਰਾ ਸਿੰਘ ਦਾ ਵਰਤ 48 ਦਿਨ ਚਲਿਆ ਪਰ ਸਰਕਾਰ ਨੇ ਪੰਜਾਬੀ ਸੂਬੇ ਦੀ ਮੰਗ ਨਹੀਂ ਮੰਨੀ। ਪਹਿਲੀ ਅਕਤੂਬਰ, 1961 ਨੂੰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਅਤੇ ਮਲਿਕ ਹਰਦਿਤ ਸਿੰਘ ਨੇ ਵਿਚ-ਵਿਚਾ ਕਰਕੇ ਸਿੱਖਾਂ ਨਾਲ ਵਿਤਕਰੇ ਦੀ ਜਾਂਚ ਕਰਵਾਉਣ ਲਈ ਇਕ ਕਮਿਸ਼ਨ ਦੀ ਨਿਯੁਕਤੀ ਦਾ ਐਲਾਨ ਸਰਕਾਰ ਕੋਲੋਂ ਕਰਵਾ ਦਿਤਾ। ਇਸ ਦੀ ਆੜ ਵਿਚ ਮਾਸਟਰ ਤਾਰਾ ਸਿੰਘ ਨੇ ਵਰਤ ਛੱਡ ਦਿਤਾ।

  ਸਿੱਖ ਇਤਿਹਾਸ ਵਿਚ ਅੱਜ.

ਸੱਤ ਨਵੰਬਰ

ਅੱਜ ਦੀਆਂ ਵਿਸ਼ੇਸ ਘਟਨਾਵਾਂ:

ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ

83 ਵਰ੍ਰੇ ਪਹਿਲਾਂ ਦੁਪਿਹਰ ਦੇ ਤਿੰਨ ਵਜੇ ਲਾਲਾ ਅਮਰਨਾਥ ਪੁਲਸ ਦੀ ਇਕ ਧਾੜ ਲੈ ਕੇ ਸ੍ਰ: ਸੁੰਦਰ ਸਿੰਘ ਰਾਮਗੜੀਆਂ (ਸਕੱਤਰ) ਸ਼੍ਰੋਮਣੀ ਕਮੇਟੀ ਦੇ ਘਰ ਗਿਆ ਅਤੇ ਉਸ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਅਤੇ ਕੁਝ ਹੋਰ ਚਾਬੀਆਂ ਲੈ ਲਈਆਂ। ਇਸ ਲਈ ਕਾਰਣ ਇਹ ਦਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਅਤੇ ਸਰਕਾਰ ਨੂੰ ਡਰ ਹੈ ਕਿ ਤੋਸ਼ੇਖਾਨੇ ਦੇ ਖਜ਼ਾਨੇ ਨੂੰ ਸਿਆਸੀ ਕਾਰਵਾਈਆਂ ਨਾਲ ਸਿੱਖ ਸੰਗਤਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ।

ਇਸ ਕਾਰਵਾਈ ਦਾ ਪਿਛੋਕੜ ਸਿੱਖ ਸੰਗਤਾਂ ਵਲੋਂ ਆਜ਼ਾਦ ਕਰਵਾਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਹੀ ਸੀ। 12 ਅਕਤੂਬਰ,1920 ਤੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਸੰਗਤਾਂ ਦੇ ਕਬਜ਼ੇ ਨਾਲ ਸ਼ੁਰੂ ਹੋਈ ਮੁਹਿੰਮ ਪਿਛੋਂ ਗੁਰਦੁਆਰਾ ਚੁਮਾਲਾ ਸਾਹਿਬ, ਗੁਰਦੁਆਰਾ ਬਾਬੇ ਦੀ ਬੇਰ,ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਤਰਨ-ਤਾਰਨ, ਖਡੂਰ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਆਦਿ ਪੁਜਾਰੀਆਂ ਤੋਂ ਮੁਕਤ ਕਰਵਾਏ ਜਾ ਚੁੱਕੇ ਸਨ। ਸਿੱਖ ਸੰਗਤਾਂ ਚਾਹੁੰਦੀਆਂ ਸਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਿਸੇ ਇਕ ਕੇਂਦਰੀ ਕਮੇਟੀ ਦੇ ਅਧੀਨ ਕੀਤਾ ਜਾਵੇ ਜਦਕਿ ਸਰਕਾਰ ਚਾਹੁੰਦੀ ਸੀ ਕਿ ਸਿੱਖਾਂ ਦੀ ਮੇਂਦਰੀ ਸ਼ਕਤੀ ਨਾ ਬਣੇ ਸਗੋਂ ਵੱਖ-ਵੱਖ ਕਮੇਟੀਆਂ ਬਣਾਕੇ ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਕਮੇਟੀਆਂ ਨੂੰ ਸੌਪਿਆ ਜਾਵੇ।ਸਰਕਾਰ ਦੀ ਟਾਲ-ਮਟੌਲ ਵਾਲੀ ਨੀਤੀ ਨੂੰ ਸਮਝਦਿਆਂ ਪਹਿਲੀ ਮੱਘਰ, ਨਾਨਕਸ਼ਾਹੀ ਸੰਮਤ 451 ਮੁਤਾਬਿਕ 15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਮਣੇ ਇਕ ਇੱਕਠ ਬੁਲਾਇਆ ਗਿਆ ਤਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੇਂਦਰ ਕਮੇਟੀ ਬਨਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਸਕਣ।

ਸਿੱਖ ਨੇਤਾਵਾਂ ਦੇ ਇਰਾਦਿਆਂ ਨੂੰ ਭਾਪਕੇ ਗਵਰਨਰ ਪੰਜਾਬ ਨੇ ਇੱਕਠ ਤੋਂ ਦੋ ਦਿਨ ਪਹਿਲਾਂ 13 ਨਵੰਬਰ, 1920 ਨੂੰ 36 ਮੈਂਬਰਾਂ ਦੀ ਇਕ ਕਮੇਟੀ ਗਠਿਤ ਕਰ ਦਿਤੀ ਗਈ। ਇਸ ਦੇ ਪ੍ਰਧਾਨ ਸ੍ਰ: ਹਰਬੰਸ ਸਿੰਘ ਅਟਾਰੀ ਬਣਾਏ ਗਏ। ਯੋਜਨਾ ਮੁਤਾਬਿਕ 15 ਨਵੰਬਰ ਦਾ ਇੱਕਠ ਸ੍ਰੀ ਅਕਾਲ ਤਖ਼ਤ ਸਾਹਮਣੇ ਹੋਇਆ। ਵਿਚਾਰ ਵਟਾਂਦਰੇ ਪਿਛੋਂ 150 ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਵਿਚ ਕੁਝ ਉਹ ਮੈਂਬਰ ਵੀ ਸਨ ਜ਼ੋ ਸਰਕਾਰ ਨੇ ਆਪਣੀ ਕਮੇਟੀ ਵਿਚ ਨਾਮਜਦ ਕੀਤੇ ਸਨ। ਸਰਕਾਰ ਨਾਲ ਟੱਕਰ ਰੋਕਣ ਲਈ ਫੈਸਲਾ ਕੀਤਾ ਗਿਆ ਕਿ ਸਰਕਾਰੀ ਕਮੇਟੀ ਦੇ ਜਿਹੜੇ ਮੈਂਬਰ ਨਹੀਂ ਚੁਣੇ ਗਏ ਸਨ, ਉਹ ਵੀ ਕਮੇਟੀ ਵਿਚ ਸ਼ਾਮਲ ਕਰ ਲਏ ਜਾਣ। ਇਸ ਤਰ੍ਹਾਂ ਕੁਲ ਮੈਬਰਾਂ ਦੀ ਗਿਣਤੀ 175 ਹੋ ਗਈ। ਅਗਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸਾ ਸੋਧ ਕੇ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਚੋਣ ਕਰ ਲਈ ਗਈ। ਸ੍ਰ: ਸੁੰਦਰ ਸਿੰਘ ਮਜੀਠਾ ਪ੍ਰਧਾਨ, ਹਰਬੰਸ ਸਿੰਘ ਅਟਾਰੀ ਮੀਤ ਪ੍ਰਧਾਨ,ਸੁੰਦਰ ਸਿੰਘ ਰਾਮਗੜੀਆ ਸਕੱਤਰ ਅਤੇ ਬਾਵਾ ਹਰਕਿਸ਼ਨ ਸਿੰਘ ਮੀਤ ਸਕੱਤਰ ਚੁਣੇ ਗਏ। 

ਕੁਝ ਹਫ਼ਤਿਆਂ ਪਿਛੋਂ ਸੁੰਦਰ ਸਿੰਘ ਮਜੀਠੀਆ ਪੰਜਾਬ ਸਰਕਾਰ ਦੇ ਮੰਤਰੀ ਬਣ ਗਏ ਤਾਂ ਉਨ੍ਹਾਂ ਦੀ ਥਾਂ ਹਰਬੰਸ ਸਿੰਘ ਅਟਾਰੀ ਪ੍ਰਧਾਨ ਬਣੇ। 30 ਅਪਰੈਲ,1921 ਨੂੱ ਸ਼੍ਰੋਮਣੀ ਕਮੇਟੀ ਰਜਿਸਟਰ ਕਰਵਾਈ ਗਈ। 14 ਅਗਸਤ,1921 ਨੂੰ ਮੁੜ ਚੋਣ ਹੋਈ ਤਾ ਬਾਬਾ ਖੜਕ ਸਿੰਘ ਪ੍ਰਧਾਨ,ਸ.ਬ.ਮਹਿਤਾਬ ਸਿੰਘ ਮੀਤ-ਪ੍ਰਧਾਨ ਅਤੇ ਸੁੰਦਰ ਸਿੰਘ ਰਾਮਗੜੀਆ ਸਕੱਤਰ ਚੁਣੇ ਗਏ ਪਰ ਸਰਕਾਰ ਨੇ ਇਸ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ।ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਦਾ ਪ੍ਰਬੰਧ ਏਸੇ ਕਮੇਟੀ ਕੋਲ ਸੀ ਪਰ ਸਰਕਾਰ ਇਸ ਨੂੰ ਹਟਾਉਣਾ ਚਾਹੁੰਦੀ ਸੀ।ਉਸਨੇ ਪੁਰਾਣੇ ਕਾਨੂੰਨ ਮੁਤਾਬਿਕ ਕੈਪਟਨ ਬਹਾਦਰ ਸਿੰਘ ਨੂੰ ਸਰਬਰਾਹ ਨਿਯੁਕਤ ਕਰ ਦਿਤਾ ਤਾਂ ਕਿ ਸਰਕਾਰ ਦੀ ਮਰਜ਼ੀ ਅਨੁਸਾਰ ਪ੍ਰਬੰਧ ਚਲ ਸਕੇ। ਏਸੇ ਲਈ ਸ੍ਰ: ਸੁੰਦਰ ਸਿੰਘ ਰਾਮਗੜੀਆ ਜੋ ਇਕ ਕਮੇਟੀ ਦੇ ਸਕੱਤਰ ਸਨ, ਤੋਂ ਤੋਸ਼ੇਖਾਨੇ ਦੀਆਂ ਚਾਬੀਆਂ ਲਈਆਂ ਗਈਆਂ। ਸਰਕਾਰ ਵਲੋਂ ਚਾਬੀਆਂ ਲੈਣ ਦੀ ਕਾਰਵਾਈ ਨਾਲ ਸੰਗਤਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ।

ਗਿਆਰਾਂ ਨਵੰਬਰ, 1921 ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਇਸ ਵਿਚ ਸਰਕਾਰ ਦਾ ਬਾਈਕਾਟ ਕਰਨ ਦਾ ਫੈਸਲਾ ਹੋਇਆ। ਇਸ ਤਰ੍ਹਾਂ ਚਾਬੀਆਂ ਲੈ ਲੈਣ ਪਿਛੋਂ ਵੀ ਪਹਿਲਾਂ ਵਾਲੀ ਸਥਿਤੀ ਬਣੀ ਰਹੀ।

24 ਨਵੰਬਰ, 1921 ਨੂੰ ਸਰਕਾਰ ਨੇ ਅਜਨਾਲੇ ਵਿਚ ਇਕ ਜਲਸਾ ਕੀਤਾ। ਇਸ ਵਿਚ ਅਕਾਲੀਆਂ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਸ੍ਰ: ਦਾਨ ਸਿੰਘ ਵਿਛੋਆ,ਤੇਜਾ ਸਿੰਘ ਸਮੁੰਦਰੀ, ਜ਼ਸਵੰਤ ਸਿੰਘ ਝਬਾਲ,ਪੰਡਤ ਦੀਨਾ ਨਾਥ ਅਤੇ ਹਰਨਾਮ ਸਿੰਘ ਜ਼ੈਲਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਦਿਨ ਜਲਸੇ ਕਰਨ ਉਤੇ ਸਰਕਾਰ ਨੇ ਪਾਬੰਧੀ ਲਾ ਦਿਤੀ। ਇਸ ਨੂੰ ਤੋੜਦਿਆਂ ਬਾਬਾ ਖੜਕ ਸਿੰਘ,ਸ.ਬ.ਕਹਿਤਾਬ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ੍ਰ: ਭਾਗ ਸਿੰਘ ਵਕੀਲ, ਅਤੇ ਕਈ ਹੋਰਨਾਂ ਗ੍ਰਿਫ਼ਤਾਰੀ ਦਿਤੀ।

ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਕਈ ਮੀਟਿੰਗਾਂ ਕੀਤੀਆਂ।ਪ੍ਰਿੰਸ ਆਫ਼ ਵੇਲਜ਼ ਦਾ ਬਾਈਕਾਟ ਵੀ ਕੀਤਾ ਗਿਆ, ਜਗ੍ਹਾ-ਜਗ੍ਹਾ ਜਲਸੇ ਅਤੇ ਧਾਰਮਿਕ ਦੀਵਾਨ ਕਰਨ ਦਾ ਸੱਦਾ ਵੀ ਦਿਤਾ ਗਿਆ ਪਰ ਸਰਕਾਰ ਉਤੇ ਕੋਈ ਅਸਰ ਨਹੀਂ ਹੋਇਆ। ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੀਵਾਨ ਲਾ ਕੇ ਤਕਰੀਰਾਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਣ ਲਗਾ। ਸ੍ਰ: ਅਮਰ ਸਿੰਘ ਝਬਾਲ, ਮਾਸਟਰ ਤਾਰਾ ਸਿੰਘ, ਡਾ ਗੁਰਬਖਸ਼ ਸਿੰਘ, ਭਾਈ ਕਰਤਾਰ ਸਿੰਘ ਹੋਰ ਦਰਜਨਾਂ ਨੇਤਾਵਾਂ ਨਾਲ ਗ੍ਰਿਫ਼ਤਾਰ ਕੀਤੇ ਗਏ। ਸਾਰੇ ਗ੍ਰਿਫ਼ਤਾਰਾਂ ਉਤੇ ਮੁਕੱਦਮੇ ਚਲਾਕੇ ਛੇ-ਛੇ ਮਹੀਨੇ ਕੈਦ ਅਤੇ ਇਕ ਹਜ਼ਾਰ ਰੁਪੈ ਜੁਰਮਾਨੇ ਦੀ ਬਜ਼ਾ ਦਿਤੀ ਗਈ।

ਇਸ ਅੰਦੋਲਨ, ਜਿਸ ਨੂੰ ਅੱਜ ਕਲ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ, ਵਿਚ ਫੈਸਲਾ ਕੁੰਨ ਮੋੜ ਰਿਟਾਇਰਡ ਫ਼ੌਜੀ ਅਫਸਰਾਂ ਦੇ ਦਖ਼ਲ ਨਾਲ ਆਇਆ।ਪਹਿਲੀ ਦਸੰਬਰ ਨੂੰ ਕੈਪਟਨ ਰਾਮ ਸਿੰਘ ਅਤੇ ਰਿਸਾਲਦਾਰ ਸੁੰਦਰ ਸਿੰਘ ਨੇ ਡੀ ਸੀ ਨੂੰ ਚਿੱਠੀ ਲਿਖੀਕਿ ਉਹ ਚਾਬੀਆਂ ਦੇ ਸਬੰਧ ਵਿਚ ਤਕਰੀਰਾਂ ਕਰਨ ਗੁਰੂ ਕਾ ਬਾਗ ਜਾ ਰਹੇ ਹਨ।ਉਨ੍ਹਾਂ ਨੂੰ ਬੇਸ਼ਕ ਗ੍ਰਿਫ਼ਤਾਰ ਕਰ ਲਿਆ ਜਾਵੇ। ਰਿਟਾਇਰਡ ਫੌਜੀ ਅਫਸਰਾਂ ਦੇ ਇਸ ਲਹਿਰ ਵਿਚ ਸ਼ਾਮਲ ਹੋਣ ਨਾਲ ਸਰਕਾਰ ਘਬਰਾ ਗਈ। ਚਾਬੀਆਂ ਵਾਪਸ ਕਰਨ ਲਈ ਰਸਤਾ ਲਭਿਆ ਜਾਣ ਲਗਾ।

ਅੰਮ੍ਰਿਤਸਰ ਦੇ ਡੀ.ਸੀ ਨੇ ਤਿੰਨ ਜਨਵਰੀ, 1922 ਨੂੰ ਚਾਬੀਆਂ ਜੇਲ੍ਹੋਂ ਬਾਹਰ ਬੈਠੇ ਲੀਡਰਾਂ ਨੂੰ ਦੇਣੀਆਂ ਚਾਹੀਆਂ ਪਰ ਉਨ੍ਹਾਂ ਇਨਕਾਰ ਕਰ ਦਿਤਾ ਅਤੇ ਪਹਿਲਾਂ ਗ੍ਰਿਫ਼ਤਾਰ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ। ਗਿਆਰਾਂ ਜਨਵਰੀ ਨੂੰ ਸਰ ਜਾਨ ਮੇਨਾਰਡ ਨੇ ਪੰਜਾਬ ਅਸੰਬਲੀ ਚ ਅਕਾਲੀਆਂ ਦੀ ਰਿਹਾਈ ਦਾ ਐਲਾਨ ਕੀਤਾ। ਇਹ ਰਿਹਾਈ 17 ਜਨਵਰੀ ਨੂੰ ਸੰਭਵ ਹੋ ਸਕੀ। ਸਰਕਾਰ ਨੇ 193 ਵਿਚੋਂ 150 ਆਗੂ ਰਿਹਾ ਕਰ ਦਿਤੇ। ਰਿਹਾਈ ਪਿਛੋਂ ਹਜ਼ਾਰਾਂ ਸਿੱਖਾਂ ਦੇ ਜਲੂਸ ਵਿਚ ਇਹ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।

19 ਜਨਵਰੀ ਨੂੰ ਸ਼ਾਮ ਦੇ ਛੇ ਵਜੇ ਜ਼ਿਲਾ ਜੱਜ਼ ਦੇ ਨੁਮਾਇੰਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਕੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਟ ਕੀਤੀ। ਬਾਬਾ ਜੀ ਨੇ ਸੰਗਤਾਂ ਤੋਂ ਮਨਜ਼ੂਰੀ ਲੈ ਕੇ ਚਾਬੀਆਂ ਲੈ ਲਈਆਂ। ਪਰ ਇਸ ਨਾਲ ਮੋਰਚਾ ਖਤਮ ਨਹੀਂ ਹੋਇਆ। ਗ੍ਰਿਫ਼ਤਾਰ ਨੇਤਾਵਾਂ ਵਿਚੋਂ ਪੰਡਤ ਦੀਨਾ ਨਾਥ ਨੂੰ ਰਿਹਾ ਨਹੀਂ ਕੀਤਾ ਗਿਆ ਸੀ। ਜਦੋਂ ਸਰਕਾਰ ਤਕ ਪਹੁੰਚ ਕੀਤੀ ਗਈ ਤਾਂ ਜਵਾਬ ਮਿਲਿਆ, ''ਜੇਪੰਡਤ ਦੀਨਾ ਨਾਥ ਆਪਣੀ ਰਿਹਾਈ ਲਈ ਦਰਖਾਸਤ ਦੇਵੇ ਤਾਂ ਵਿਚਾਰ ਕੀਤਾ ਜਾ ਸਕਦਾ ਹੈ।" ਪੰਡਤ ਦੀਨਾ ਨਾਥ ਕੇਵਲ ਚਾਬੀਆਂ ਦੇ ਸਬੰਧ ਵਿਚ ਤਕਰੀਰ ਕਰਨ ਉਤੇ ਗ੍ਰਿਫ਼ਤਾਰ ਹੋਏ ਸਨ।ਸਰਕਾਰ ਨੇ ਅੜੀ ਦਿਖਾਈ ਤਾਂ 8 ਫਰਵਰੀ, 1922 ਨੂੰ ਇਕ ਦੀਵਾਨ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਨੇਤਾਵਾਂ ਨੇ ਭਖਵੀਆਂ ਤਕਰੀਰਾਂ ਕੀਤੀਆਂ।ਇਸ ਤੋਂ ਸਰਕਾਰ ਝੁੱਕੀ ਅਤੇ ਪੰਡਤ ਦੀਨਾ ਨਾਥ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ। ਇਸ ਤਰ੍ਹਾਂ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਪਰ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦਿਵਾਉਣ ਲਈ ਹਾਲਾਂ ਬਹੁਤ ਸਾਰੀਆਂ ਕੁਰਬਾਨੀਆਂ ਕਰਨੀਆਂ ਬਾਕੀ ਸਨ।

  ਸਮਕਾਲੀ ਸਰੋਕਾਰ .

ਸਿਆਸੀ ਨਿਸ਼ਾਨਾ ਅਤੇ ਉਸ ਦੀ ਪਰਾਪਤੀ

ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਸੁਣੀ ਗਈ ਕਿ ਸਿਰਦਾਰ ਕਪੂਰ ਸਿੰਘ ਲੰਬੀ ਬੀਮਾਰੀ ਪਿਛੋਂ (13 ਅਗਸਤ
, 1986 ਦੇ ਦਿਨ) ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਲੋਪੋ ਕਾ ਅਗਵਾੜ, ਜਗਰਾਉਂ ਵਿਖੇ ਕੀਤਾ ਗਿਆ। ਸਿਰਦਾਰ ਕਪੂਰ ਸਿੰਘ ਸਿੱਖ ਪੰਥ ਦੀ ਇਕ ਅਲੌਕਿਕ ਸਖਸ਼ੀਅਤ ਸਨ। ਕਾਬਲ ਅਤੇ ਮਿਹਨਤੀ ਤਾਂ ਸਨ ਹੀ। ਇਸੇ ਲਈ ਦਸਵੀਂ ਸ਼ਰੇਣੀ ਉਹਨਾਂ ਪੰਜਾਬ ਭਰ ਵਿਚੋਂ ਪਹਿਲੀ ਪੁਜ਼ੀਸ਼ਨ ਲੈ ਕੇ ਪਾਸ ਕੀਤੀ, ਫਾਰਸੀ ਅਤੇ ਫਲਸਫੇ ਵਰਗੇ ਮਜ਼ਮੂਨ ਲੈ ਕੇ ਬੀ.ਏ. ਕੀਤੀ ਅਤੇ ਫਿਲਾਸਫੀ ਦੀ ਐਮ. ਏ. ਵੀ ਉਹਨਾਂ ਅੱਵਲ ਰਹਿ ਕੇ ਕੀਤੀ। ਫਿਰ ਆਈ. ਸੀ. ਐਸ. ਲਈ ਚੁਣੇ ਗਏ। ਆਪਣੀ ਕਾਬਲੀਅਤ ਦਾ ਉਹਨਾਂ ਨੂੰ ਮਾਣ ਵੀ ਸੀ ਅਤੇ ਇਸ ਨੂੰ ਉਹਨਾਂ ਰੱਜ ਕੇ ਭੁਨਾਇਆ ਵੀ। ਆਪਣੇ ਉਤੇ ਮਾਣ ਕਰਨ ਕਰਕੇ ਉਹ ਬਦਨਾਮ ਵੀ ਬਹੁਤ ਸਨ। ਕੋਈ ਨਹੀਂ ਸੀ ਜਾਣਦਾ ਕਿ ਉਹਨਾਂ ਮਿਲਣ ਗਏ ਨੂੰ ਕੀ ਕਹਿ ਦੇਣਾ ਹੈ। ਫਿਰ ਆਪਣੇ ਕਹੇ ਉਤੇ ਅੜ ਜਾਣ ਦਾ ਸੁਭਾਅ ਸੀ ਪਰ ਇਹਨਾਂ ਕਮਜ਼ੋਰੀਆਂ ਦੇ ਬਾਵਜੂਦ ਉਹ ਬੁੱਧੀਜੀਵੀ ਵਰਗ ਵਿਚ ਛਾਏ ਰਹੇ। ਉਹਨਾਂ ਦੇ ਚਲਾਣੇ ਦੀ ਇਕ ਚੌਥਾਈ ਸਦੀ ਬਾਦ ਵੀ ਬਹੁਤ ਸਾਰੀਆਂ ਮਹਿਫ਼ਲਾਂ ਵਿਚ ਬਹੁਤ ਸਾਰੇ ਲੋਕ ਉਹਨਾਂ ਨੂੰ ਚੇਤੇ ਕਰਦੇ ਹਨ। ਸਿਰਦਾਰ ਕਪੂਰ ਸਿੰਘ ਵਰਗੇ ਵਿਅਕਤੀ ਆਮ ਜੀਵਨ ਨਾਲ ਬਹੁਤ ਜੁੱੜੇ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਦੀ ਜੀਵਨ ਸ਼ੈਲੀ ਸੰਘਰਸ਼ ਵਾਲੀ ਹੁੰਦੀ ਹੈ। ਆਮ ਜਨਤਾ ਲਈ ਸੰਘਰਸ਼ ਕਰਨ ਦਾ ਤਾਂ ਸਵਾਲ ਹੀ ਨਹੀਂ ਪਰ ਉਹਨਾਂ ਦੇ ਵਿਚਾਰ ਬਹੁਤ ਦੇਰ ਤਕ ਪ੍ਭਾਵਤ ਕਰਦੇ ਰਹਿੰਦੇ ਹਨ। ਸਿਰਦਾਰ ਕਪੂਰ ਸਿੰਘ ਆਪਣੇ ਵਿਚਾਰਾਂ ਲਈ ਹੀ ਪ੍ਸਿੱਧ ਰਹੇ ਹਨ। ਵਿਦਵਾਨਾਂ ਉਹਨਾਂ ਨੂੰ ਦਰਿਆ ਦਿਲ, ਬੁੱਧੀਮਾਨ ਅਤੇ ਸਮਾਜਿਕ ਦਰਸ਼ਨ ਦਾ ਵਹਿੰਦਾ ਹੋਇਆ ਦਰਿਆ ਦਸਿਆ ਹੈ। ਉਹਨਾਂ ਦੇ ਵਿਚਾਰ ਏਨੇ ਜ਼ੋਰਦਾਰ ਜਾਪਦੇ ਸਨ ਕਿ ਉਹਨਾਂ ਨੂੰ ਸੁਨਣਾ ਗਿਆਨ ਪਰਾਪਤੀ ਮੰਨਿਆਂ ਜਾਂਦਾ ਸੀ। ਉਹਨਾਂ ਦੇ ਵਿਚਾਰਾਂ ਦੀ ਵਲਿਖਣਤਾ ਵੀ ਪ੍ਭਾਵਤ ਕਰਦੀ ਹੈ। ਉਹ ਖਾਲਿਸਤਾਨ ਦੇ ਵਿਚਾਰ ਨੂੰ ਪੇਸ਼ ਕਰਨ ਵਾਲੇ ਮੰਨੇ ਜਾਂਦੇ ਹਨ। ਲੁਧਿਆਣੇ ਦੀ ਨਲੂਆ ਕਾਨਫਰੰਸ ਵਿਚ ਵੀ ਉਹਨਾਂ ਹੀ ਮਤਾ ਪੇਸ਼ ਕੀਤਾ ਸੀ ਅਤੇ ਅਨੰਦਪੁਰ ਦੇ ਮਤੇ ਦੇ ਵੀ ਉਹੀ ਸਿਰਜਕ ਸਨ ਪਰ ਉਹਨਾਂ ਦੇ ਵਿਚਾਰਾਂ ਦਾ ਵਖਰੇਵਾਂ ਵਿਸ਼ੇਸ਼ ਸੀ। ਇਸੇ ਨੂੰ ਇਤਿਹਾਸ ਦੇ ਅੱਜ ਦੇ ਅੰਕ ਵਿਚ ਪੇਸ਼ ਕੀਤਾ ਗਿਆ ਹੈ: ਸਿਰਦਾਰ ਕਪੂਰ ਸਿੰਘ ਦੀ ਮਾਨਤਾ ਸੀ ਕਿ  ਸਿੱਖ ਪੰਥ ਦਾ ਸਿਆਸੀ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਜੀ ਸਮੇਂ ਹੀ ਨਿਸਚਿਤ ਕਰ ਦਿਤਾ ਗਿਆ ਸੀ : ''ਪੰਥ ਦੇ ਅੰਤਿਮ ਸਿਆਸੀ ਨਿਸ਼ਾਨੇ ਬਾਬਤ ਸਾਹਿਬ ਦਸਮ ਪਾਤਸ਼ਾਹ ਆਪ ਸਪਸ਼ਟ ਨਿਰਣਾ ਕਰ ਗਏ ਸਨ। ਇਸ ਦੀ ਤਸਦੀਕ ਭਾਈ ਨੰਦ ਲਾਲ ਜੀ ਨੇ, ਜੋ ਸਾਹਿਬਾਂ ਦੇ ਜੋਤੀ ਜੋਤ ਸਮਾਉਣ ਸਮੇਂ ਨਾਂਦੇੜ ਵਿਚ ਗੁਰੂ ਜੀ ਦੀ ਹਜ਼ੂਰੀ ਵਿਚ ਸਨ, ਆਪਣੇ ਰਹਿਤਨਾਮੇ ਵਿਚ ਕੀਤੀ ਹੈ ਅਤੇ ਜਿਸ ਰਾਜਸੀ ਨਿਸ਼ਾਨੇ ਨੂੰ ਸਿਦਕੀ ਅਤੇ ਨਿਰਭੈ ਸਿੱਖ ਸ਼ਰੇਆਮ, ਦਿਨ-ਰਾਤ, ਉਚੀ ਧੁਨੀ ਵਿਚ ਦੁਹਰਾਉਂਦੇ ਹਨ: ''ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ॥" ਸਿਰਦਾਰ ਕਪੂਰ ਸਿੰਘ ਖਾਲਸੇ ਦੇ ਰਾਜ ਨੂੰ ਸਪਸ਼ਟ ਸ਼ਬਦ ਵਿਚ ਮੰਗਣ ਦੇ ਹਾਮੀ ਸਨ। ਉਹ ਨਹੀਂ ਸਨ ਚਾਹੁੰਦੇ ਕਿ ਖਾਲਸਾ ਰਾਜ ਮੰਗਣ ਲਈ ਅਫਿਰਕੂ ਹੋਣ ਦਾ ਸਵਾਂਗ ਰਚਿਆ ਜਾਵੇ। ਉਨ੍ਹਾਂ ਲਿਖਿਆ, ''ਸਿੱਖ ਆਗੂਆਂ ਦੀ ਬਹੁਗਿਣਤੀ ਆਜ਼ਾਦੀ ਸਮੇਂ ਵੀ ਇਸ ਵਿਚਾਰ ਦੀ ਸੀ ਕਿ ਬਦਲੇ ਹੋਏ ਹਾਲਾਤ ਵਿਚ ਅਸੀਂ ਸਿੱਖਾਂ ਅਤੇ ਸਿੱਖੀ ਦੇ ਨਾਂ 'ਤੇ ਕੋਈ ਮੰਗ ਪ੍ਵਾਨ ਨਹੀਂ ਕਰਵਾ ਸਕਾਂਗੇ। ਇਸ ਲਈ ਸਾਨੂੰ ਆਪਣਾ ਬਚਾਅ ਹੁਣ ਅਫ਼ਿਰਕੂ ਅਤੇ ਸੈਕੂਲਰ ਵਰਦੀ ਪਹਿਨ ਕੇ ਹੀ ਕਰਨਾ ਉਚਿਤ ਹੈ ਪਰ ਉਹਨਾਂ ਦਾ ਇਹ ਮੱਤ ਕਿ ਉਹ ਅਫਿਰਕੂ ਬੁਰਕਾ ਪਾ ਕੇ ਬਹੁਗਿਣਤੀ ਦੇ ਘਾਗ ਅਤੇ ਛਟੇ ਹੋਏ ਲੀਡਰਾਂ ਨੂੰ ਭਰਮਾ ਜਾਂ ਪਸਮਾ ਲੈਣਗੇ, ਉੱਕਾ ਹੀ ਨਿਰਾਧਾਰ ਅਤੇ ਸਿੱਖਾਂ ਦੇ ਸਿਆਸੀ ਅਨੁਭਵ ਤੋਂ ਕੋਰੇ ਅਤੇ ਨਿਪਟ ਲੋਹਲੇ ਹੋਣ ਦਾ ਸੂਚਕ ਹੈ। ਰਾਜਨੀਤਕ ਦੰਭ ਅਤੇ ਸਿਆਸੀ ਨਕਾਬਪੋਸ਼ੀ ਸੱਤਾ ਪਰਾਪਤ ਅਤੇ ਸੱਤਾ-ਰੂੜ ਹਿੰਦੂਆਂ ਦੇ ਮਨਾਂ ਵਿਚ ਸਿੱਖਾਂ ਬਾਰੇ ਸ਼ੱਕ ਵਧਾਇਗੀ, ਘਟਾਇਗੀ ਨਹੀਂ। ਇਉਂ ਸਿੱਖਾਂ ਦੀ ਜੱਦੋ ਜਹਿਦ ਲੰਮੇਰੀ ਹੋ ਜਾਵੇਗੀ ਅਤੇ ਵਧੇਰੇ ਬਿਖਮ ਭੀ ਹੋ ਜਾਵੇਗੀ। ਸਿੱਖਾਂ ਲਈ ਸਹੀ ਨੀਤੀ ਇਹ ਹੈ ਕਿ ਉਹ ਆਪਣੀਆਂ ਕੁਰਬਾਨੀਆਂ ਅਤੇ ਦਰਿੜਤਾ ਨਾਲ ਅਹਿਸਾਸ ਕਰਵਾ ਦੇਣ ਕਿ ਸਿੱਖ ਨਾ ਤਾਂ ਮਰਨਾ ਚਾਹੁੰਦੇ ਹਨ ਅਤੇ ਨਾ ਹੀ ਮਾਰੇ ਮੁਕਾਏ ਜਾ ਸਕਦੇ ਹਨ। ਹਿੰਦੂਆਂ ਵਿਚ ਵੀ ਅਨੇਕਾਂ ਸੱਜਣ ਪੁਰਸ਼ ਅਜਿਹੇ ਹਨ ਜਿਹੜੇ ਯੋਗ ਨੀਤੀ ਅਪਨਾ ਕੇ ਪੰਥ ਦੇ ਹਮਾਇਤੀ ਅਤੇ ਸਖਾ-ਸਹਾਇਕ ਦੀਵਾਨ ਕੌੜਾ ਮਲ ਵਰਗੇ ਬਣਾ ਸਕਦੇ ਹਾਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਉਹਨਾਂ ਨਾਲ ਸੰਜੀਦਗੀ ਨਾਲ ਸੰਪਰਕ ਪੈਦਾ ਕਰੀਏ ਤਾਂ ਜੋ ਉਹਨਾਂ ਨੂੰ ਵਿਸ਼ਵਾਸ਼ ਹੋ ਜਾਵੇ ਕਿ ਸਿੱਖ ਜੇ ਭਾਰਤ ਦੇ ਉੱਤਰ-ਪੱਛਮ ਖੇਤਰ ਵਿਚ ਸਿੱਖ ਪੰਥ ਦੇ ਵਿਅਕਤੀਤਵ ਦੀ ਵਿਧਾਨਕ ਰੱਖਿਆ ਲਈ ਲੜਦੇ ਹਨ ਅਤੇ ਸਿੱਖੀ ਕੀਮਤਾਂ ਨੂੰ ਸੁਰੱਖਿਅਤ ਕਰਨਾ ਲੋਚਦੇ ਹਨ ਤਾਂ ਉਹਨਾਂ ਦੀ ਸ਼ੁੱਧ ਕਾਮਨਾ ਇਹੋ ਹੈ ਕਿ ਦੇਸ਼ ਦੀ ਅਖੰਡਤਾ ਕਾਇਮ ਰਹੇ, ਇਸ ਦੀਆਂ ਸਭਿਆਚਾਰਕ ਨੀਹਾਂ ਪੱਕੀਆਂ ਰਹਿਣ, ਇਸ ਦੇਸ਼ ਦੀ ਭਾਰਤੀ ਕੌਮ ਸਬਲ ਰਹੇ ਅਤੇ ਦੇਸ਼ ਵਿਚ ਪਰਜਾ ਤੰਤਰ, ਧਰਮ ਨਿਰਪੱਖਤਾ, ਦਰਿਦਰ-ਨਿਰੋਧ ਜਿਸ ਨੂੰ ਸੈਕੁਲਰਿਜ਼ਮ ਅਤੇ ਗਰੀਬੀ ਹਟਾਉ ਵੀ ਕਿਹਾ ਜਾਂਦਾ ਹੈ, ਦੇਸ਼ ਦੀ ਰਾਜ ਬਣਤਰ ਅਤੇ ਵਿਕਾਸ ਦਾ ਆਧਾਰ ਬਣੇ ਰਹਿਣ। ਸਿੱਖ ਇਹਨਾਂ ਮਨੋਰਥਾਂ ਦੀ ਪੂਰਤੀ ਲਈ ਭਰਪੂਰ ਅਤੇ ਮਹੱਤਵਪੂਰਨ ਸਹਿਯੋਗ ਦੇਣਾ ਲੋਚਦੇ ਹਨ, ਰੁਕਾਵਟ ਨਹੀਂ ਬਨਣਾ ਚਾਹੁੰਦੇ। ਹਿੰਦੂ ਲੀਡਰਾਂ ਦਾ ਇਉਂ ਭਰੋਸਾ ਜਿੱਤਣ ਨਾਲ ਹੀ ਬਦਲੇ ਹੋਏ ਹਾਲਾਤ ਵਿਚ ਸਿੱਖ ਕਾਮਯਾਬ ਹੋ ਸਕਦੇ ਹਨ, ਨਹੀਂ ਤਾਂ ਆਪਣੇ ਲਈ ਨਵੀਆਂ ਔਕੜਾਂ ਪੈਦਾ ਕਰ ਲੈਣਗੇ ਅਤੇ ਕਰਦੇ ਰਹਿਣਗੇ ਪਰ ਪਰਾਪਤੀ ਕੋਈ ਨਹੀਂ ਹੋਣੀ। ਜਿਹੜੇ ਗਰਾਮੀਨ ਬੁੱਧੀ ਵਾਲੇ ਸਿੱਖ ਇਸ ਭੁਲੇਖੇ ਵਿਚ ਹਨ ਕਿ ਉਹ ਚਾਲਾਕੀ ਨਾਲ ਬਹੁਗਿਣਤੀ ਦੇ ਸੱਤਾਧਾਰੀ ਆਗੂਆਂ ਕੋਲੋਂ ਕੁਝ ਪਾਪਤ ਕਰ ਲੈਣਗੇਉਹਨਾਂ ਨੂੰ ਇਹੋ ਕਿਹਾ ਜਾ ਸਕਦਾ ਹੈ : ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਪੰਥ ਦਾ ਝੰਡਾ ਛੱਡ ਕੇ, ਜਿਹਾ ਕਿ ਪੰਜਾਬੀਅਤ ਦਾ ਝੰਡਾ ਚੁੱਕ ਕੇ, ਜੇ ਅਸੀਂ ਕੁਝ ਜੂਠੀਆਂ ਹੱਡੀਆਂ, ਸੱਤਾਰੂੜ ਜਾਤੀ ਕੋਲੋਂ ਪਰਾਪਤ ਕਰ ਵੀ ਲਈਆਂ ਤਾਂ ਉਹ ਲਾਭ ਦੀ ਬਜਾਇ ਹਾਨੀਕਾਰਕ ਹੀ ਸਿੱਧ ਹੋਣਗੀਆਂ। ਉਸ ਦਾ ਸਿੱਖੀ ਤੇ ਪੰਥ ਨੂੰ ਕੋਈ ਲਾਭ ਨਹੀਂ ਹੋਇਗਾ। ਜਦੋਂ ਅਸੀਂ ਸਿੱਖੀ ਅਤੇ ਪੰਥ ਲਈ ਗੌਰਵ ਨਾ ਹੋਣ ਕਰਕੇ ਸਿੱਖੀ ਦੀ ਸੇਹਤ ਲਈ ਹਾਨੀਕਾਰਕ ਹੋਇਗੀ। ਜਿਸ ਝੰਡੇ ਹੇਠਾਂ ਯੁੱਧ ਹੋਵੇ ਅਤੇ ਜਿਤਿਆ ਜਾਵੇ, ਫਤਹਿ ਉਸ ਝੰਡੇ ਅਤੇ ਯੁੱਧ ਮਨੋਰਥਾਂ ਦੀ ਹੁੰਦੀ ਹੈ। ਸਿੱਖਾਂ ਨੂੰ ਏਨੀ ਸਿਆਸੀ ਸੂਝ ਬੂਝ ਤਾਂ ਹੋਣੀ ਚਾਹੀਦੀ ਹੈ ਕਿ ਜਿੰਨਾਂ ਚਿਰ ਉਹ ਕੋਈ ਪਰਾਪਤੀ ਖਾਲਸਾਈ ਪੰਥਕ ਝੰਡੇ ਹੇਠਾ, ਸਿੱਖ ਮਨੋਰਥਾਂ ਦਾ ਐਲਾਨ ਕਰਕੇ ਨਹੀਂ ਕਰਦੇ, ਸਾਰੀ ਤਰਿਲੋਕੀ ਜਿੱਤ ਲੈਣ, ਉਹ ਸਿੱਖਾਂ ਦੀ ਫ਼ਤਹਿ ਨਹੀਂ ਹੋਇਗੀ।" ਇਸ ਲਈ ਸ. ਕਪੂਰ ਸਿੰਘ ਨੇ ਸਿੱਖਾਂ ਨੂੰ ਉਨ੍ਹਾਂ ਦੀ ਪਰੰਪਰਾਗਤ, ਅਨਪੜ ਲੀਡਰਸ਼ਿਪ ਤੋਂ ਛੁਟਕਾਰਾ ਪਰਾਪਤ ਕਰਨ ਲਈ ਕਿਹਾ। ਸਿੱਖ ਨੇਤਾਵਾਂ ਵਿਚੋਂ ਬਹੁਤਿਆਂ ਨੂੰ ਉਹ ਅਨਪੜ ਅਤੇ ਦਰਿਸ਼ਟੀ-ਵਿਰਵੇ ਸਮਝ ਕੇ ਉਹਨਾਂ ਲਈ ਬੱਚੇ ਸੱਕੇ ਵਰਗੇ ਚੁੱਭਵੇਂ ਸ਼ਬਦ ਵਰਤਦੇ ਰਹੇ ਹਨ। ਉਪਰੋਕਤ ਲੇਖ ਵਿਚ ਉਹਨਾਂ ਲਿਖਿਆ, ''ਪੰਥਕ ਉਮੀਦਵਾਰਾਂ ਦੀ ਹਾਰ ਤੋਂ ਛਿੱਥੇ ਪੈ ਕੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੇ ਬਿਆਨ ਦਿਤਾ ਸੀ ਕਿ ''ਹੁਣ ਅਸੀਂ ਪੂਰੀ ਖੁਦਮੁਖਤਾਰੀ ਵਾਲਾ ਸੂਬਾ ਲੈਣਾ ਹੈ।" ''ਸੂਬਾ" ਕੀ ਹੁੰਦਾ ਹੈ ਅਤੇ ਹਿੰਦ ਦੇ ਪ੍ਚਲਤ ਵਿਧਾਨ ਦੀ ਸ਼ਬਦਾਵਲੀ ਅਨੁਸਾਰ ''ਸੂਬਾ" ਅਤੇ ''ਪ੍ਦੇਸ਼" ਯਾਨਿ ਸਟੇਟ ਵਿਚ ਕੀ ਅੰਤਰ ਹੈ। ਪੂਰੀ ਖੁਦਮੁਖਤਾਰੀ ਦੇ ਕੀ ਅਰਥ ਹਨ ਅਤੇ ਇਹ ਭਾਰਤ ਦੇ ਸੰਵਿਧਾਨ ਅਨੁਸਾਰ ਮੰਗੀ ਵੀ ਜਾ ਸਕਦੀ ਹੈ ਕਿ ਨਹੀਂ, ਇਹ ਬਹਿਸ ਸਿੱਖਾਂ ਦੇ ਬੱਚਿਆਂ ਸੱਕਿਆਂ ਨਾਲ ਛੇੜਣ ਦਾ ਕੋਈ ਲਾਭ ਨਹੀਂ।" ਉਹ ਇਹਨਾਂ ਨੇਤਾਵਾਂ ਨੂੰ ਸਿੱਖਾਂ ਦੀਆਂ ਅਪਰਾਪਤੀਆਂ ਦਾ ਕਾਰਣ ਮੰਨਦੇ ਸਨ। ਇਸੇ ਲੇਖ ਵਿਚ ਉਹਨਾਂ ਕਿਹਾ, ''ਇਸੇ ਕਾਰਨ ਅਸੀਂ 1947 ਵਿਚ ਕੁਝ ਪਰਾਪਤ ਨਹੀਂ ਕਰ ਸਕੇ ਅਤੇ ਪਿਛਲੇ ਪੰਝੀ ਵਰਿਆਂ ਵਿਚ ਕਈ ਮੋਰਚੇ ਜਿੱਤਣ ਦੇ ਬਾਵਜੂਦ ਨਾਕਾਮ ਅਤੇ ਨਾਮੁਰਾਦ ਰਹੇ ਹਾਂ। ਜਾਂ ਤਾਂ ਅਕਾਲੀ ਦਲ ਦੇ ਜਥੇਦਾਰ ਤੇ ਸੰਤ ਬਾਬੇ ਅਤੇ ਇਹਨਾਂ ਦੀ ਰਹਿੰਦ ਖੂੰਹਦ ਸਿੱਖ ਸਿਆਸਤ ਦੇ ਨਿਸ਼ਾਨੇ ਮਿਥਣ ਦਾ ਕੰਮ ਅਤੇ ਰਾਜਨੀਤੀ ਚਲਾਉਣ ਦੀ ਵਾਗਡੋਰ, ਅਜੋਕੇ ਸਮੇਂ ਦੀ ਸਿਆਸੀ ਸਥਿਤੀ ਨੂੰ ਸਮਝ ਸਕਣ ਵਾਲੇ, ਰਾਜਨੀਤੀ ਦੇ ਖੇਲ ਦੇ ਗੁਰ, ਅਸੂਲਾਂ ਦੇ ਪਛਾਣੂ, ਆਧੁਨਿਕ ਉੱਚ ਵਿੱਦਿਆ ਦੇ ਪਿਛੋਕੜ ਵਾਲੇ ਅਤੇ ਸਿੱਖ ਸਿਧਾਂਤਾਂ ਅਤੇ ਤਵਾਰੀਖ਼ ਦੇ ਵਿਗਿਆਨੀਆਂ ਨੂੰ ਸੌਪ ਦੇਣ ਅਤੇ ਆਪ ਸਿੱਖ ਸਿਆਸਤ ਦੇ ਨਿਸ਼ਾਨਿਆਂ ਦੀ ਪਰਾਪਤੀ ਦੀ ਜਦੋ ਜਹਿਦ ਲਈ ਹੀ ਤਤਪਰ ਰਹਿਣ ਜਾਂ ਸਿੱਖ ਆਪਣੇ ਭੱਵਿਖ ਵਲੋਂ ਬਿਲਕੁਲ ਨਿਰਾਸ਼ ਹੋ ਕੇ ਅਰਦਾਸ ਕਰਨ ਕਿ ਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ।"

  ਗੁਰੂ ਕਾਲ .

ਧੰਨ ਨਿਰੰਕਾਰ! 

ਗੁਰੂ ਨਾਨਕ ਦੇਵ ਜੀ ਦੇ ਰੱਬੀ ਸੰਕਲਪ ਬਾਰੇ ਵਿਦਵਾਨਾਂ, ਭਗਤਾਂ, ਉਪਾਸ਼ਕਾਂ ਵਿਚ ਕਾਫ਼ੀ ਭਿੰਨਤਾ ਹੈ। ਜੋ ਲੋਕ ਗੁਰੂ ਸਾਹਿਬ ਨੂੰ ਵਿਗਿਆਨਕ ਨਜ਼ਰੀਏ ਨਾਲ ਵੇਖਦੇ ਹਨ, ਉਹ ਉਨ੍ਹਾਂ ਦੀ ਘਾਲਣਾ ਤੋਂ ਬਲਿਹਾਰ ਜਾਂਦੇ ਹਨ। ਗੁਰੂ ਨਾਨਕ ਸਾਹਿਬ ਗ੍ਰਹਿਸਥੀਆਂ ਦੇ ਪਹਿਲੇ ਅਤੇ ਇੱਕੋ ਇੱਕ ਗੁਰੂ ਹੋਏ ਹਨ। ਉਨ੍ਹਾਂ ਦਾ ਰੱਬ ਪ੍ਰਤੀ ਸੰਕਲਪ ਵੀ ਵਿਗਿਆਨਕ ਕਸਵੱਟੀ ਉਤੇ ਪੂਰਾ ਉਤਰਦਾ ਹੈ।ਉਹ ਰੱਬ ਨੂੰ ਨਿਰਾਕਾਰ ਮੰਨਦੇ ਸਨ ਭਾਵੇਂ ਕਿ ਕਈ ਥਾਈਂ ਸਾਨੂੰ ਉਨ੍ਹਾਂ ਦੇ ਰੱਬ ਦੇ ਸਰਗੁਣ ਸਰੂਪ ਦਾ ਭੁਲੇਖਾ ਪੈਂਦਾ ਹੈ ''ਜਪੁ" ਦੇ ਆਰੰਭ ਵਿਚ ਦਰਜ ਨਿਰਭਾਉ, ਨਿਰਵੈਰ, ਅਕਾਲ, ਅਜੂਨੀ ਅਤੇ ਸੈਭੰ ਦੇ ਗੁਣ ਕਿਸੇ ਆਕਾਰੀ ਸ਼ਕਤੀ, ਭਾਵੇਂ ਉਹ ਕਿੰਨੀ ਵੀ ਬਲਵਾਨ ਕਿਉਂ ਨਾ ਹੋਵੇ, ਵਿਚ ਨਹੀਂ ਹੋ ਸਕਦੇ। ਏਸੇ ਬਾਣੀ ਵਿਚ ਗੁਰੂ ਜੀ ਨੇ ਰੱਬ ਲਈ ਨਿਰੰਕਾਰ ਦੀ ਉਪਮਾ ਕਈ ਥਾਈਂ ਵਰਤੀ ਹੈ: 

ਕੁਦਰਤਿ ਕਵਣ ਕਹਾ ਵੀਚਾਰੁ॥

ਵਾਰਿਆ ਨ ਜਾਵਾ ਏਕੁ ਵਾਰੁ॥

ਜੋ ਤੁਧ ਭਾਵੈ ਸਾਈ ਭਲੀ ਕਾਰ॥

ਤੂ ਸਦਾ ਸਲਾਮਤ ਨਿਰੰਕਾਰ॥੨॥

ਅਰਥਾਤ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਸਬੰਧੀ ਵਿਚਾਰ ਕਰ ਸਕਾਂ। ਹੇ ਅਕਾਲ ਪੁਰਖੁ! ਮੇਰੀ ਹਸਤੀ ਤਾਂ ਏਨੀ ਤੁੱਛ ਹੈ ਕਿ ਮੈਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਹੋਣ ਜੋਗਾ ਨਹੀਂ। ਜੋ ਤੈਨੂੰ ਚੰਗਾ ਲਗਦਾ ਹੈ, ਤੇਰੇ ਨਿਯਮਾਂ ਦੇ ਅਨੁਕੂਲ ਹੈ, ਉਹੀ ਕੁਝ ਵਾਪਰਦਾ ਹੈ ਅਤੇ ਸੀ ਵਾਪਰਦਾ ਹੈ। ਹੇ ਨਿਰੰਕਾਰ! ਤੂੰ ਹਮੇਸ਼ਾ ਰਹਿਣ ਵਾਲਾ ਹੈਂ, ਅਟੱਲ ਹੈਂ!

ਸਚ ਖੰਡਿ ਵਸੈ ਨਿਰੰਕਾਰ॥

ਕਰਿ ਕਰਿ ਵੇਖੈ ਨਦਰਿ ਨਿਹਾਲ॥੩੭॥

ਨਿਰੰਕਾਰ, ਨਿਰਾਕਾਰ ਪ੍ਰਮਾਤਮਾ ਸੱਚਖੰਡ ਵਿਚ ਵੱਸਦਾ ਹੈ। (ਸੱਚੇ ਮਨੁੱਖ ਦਾ ਹਿਰਦਾ ਹੀ ਸੱਚਖੰਡ ਹੈ) ਅਤੇ ਉਸ ਦੇ ਆਪਣੇ ਬਣਾਏ ਨਿਯਮਾਂ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਹੁੰਦੀ ਵੇਖ ਵੇਖ ਖੁਸ਼, ਪ੍ਰਸੰਨ ਹੁੰਦਾ ਹੈ। ਸਿਰੀ ਰਾਗੁ ਵਿਚ ਇੱਕ ਸ਼ਬਦ ਹੈ:

ਕੋਟ ਕੋਟ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥

ਚੰਦ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥

ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ॥੧॥

ਸਾਚਾ ਨਿਰੰਕਾਰ ਨਿਜ ਥਾਇ॥

ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ॥ਰਹਾਉ॥੧॥ (ਗੁ.ਗ੍ਰੰ.ਸਾ.,ਅੰਕ:14)

ਅਰਥਾਤ: ਜੇ ਮੇਰੀ ਉਮਰ ਕ੍ਰੋੜਾਂ ਸਾਲ ਹੋ ਜਾਵੇ, ਜੇ ਮੈਂ ਹਵਾ ਖਾ ਕੇ ਜੀਊ ਸਕਾਂ, ਕਿਸੇ ਗੁਫ਼ਾ ਵਿਚ ਬੈਠ ਕੇ ਤੇਰੀ ਭਗਤੀ ਕਰਾਂ ਤਾਂ ਵੀ ਮੈਂ ਤੇਰੀ ਵਡਿਆਈ ਨਹੀਂ ਜਾਣ ਸਕਦਾ। ਨਿਰਾਕਾਰ, ਨਿਰੰਕਾਰ ਪ੍ਰਮਾਤਮਾ ਆਪਣੇ ਆਪ, ਬਿਨਾਂ ਕਿਸੇ ਬਾਹਰੀ ਆਸਰੇ ਦੇ, ਟਿਕਿਆ ਹੋਇਆ ਹੈ। ਉਸ ਦੀ ਲੀਲਾ ਵੇਖਣ ਵਾਲਾ ਉਸ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਦਾ।

ਇੱਕ ਹੋਰ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਦਾ ਫ਼ਰਮਾਨ ਹੈ: ਀ਿ

ੲਕਿ ਮਾਸਹਾਰੀ ਇਕ ਤ੍ਰਿਣੁ ਖਾਹਿ॥

ਇਕਨਾ ਛਤੀਹ ਅੰਮ੍ਰਿਤ ਪਾਹਿ॥

ਇਕਿ ਮਿਟੀਆ ਮਹਿ ਮਿਟੀਆ ਖਾਹਿ॥

ੲਕਿ ਪਾਉਣ ਸੁਮਾਰੀ ਪਉਣ ਸੁਮਾਰਿ॥

ਇਕਿ ਨਿਰੰਕਾਰੀ ਨਾਮੁ ਆਧਾਰਿ॥

ਜੀਵੈ ਦਾਤਾ ਮਰੈ ਨ ਕੋਇ॥

ਨਾਨਕ ਮੁਠੇ ਜਾਹਿ ਨਾਹੀ ਮਨ ਸੋਇ॥ (ਗੁ.ਗ੍ਰੰ.ਸਾ.,ਅੰਕ:144)

ਅਰਥਾਤ: ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ। ਕਈ ਪ੍ਰਾਣੀਆਂ ਨੂੰ ਕਈ ਤਰ੍ਹਾਂ ਦੇ ਸੁਆਦਲੇ ਭੋਜਨ ਮਿਲਦੇ ਹਨ ਅਤੇ ਕਈ ਮਿੱਟੀ ਵਿਚ ਰਹਿ ਕੇ ਮਿੱਟੀ ਖਾਂਦੇ ਹਨ। ਕੁਝ ਹਵਾ ਖਾ ਕੇ ਹੀ ਜੀਊਂਦੇ ਹਨ ਪਰ ਕਈ ਅਜਿਹੇ ਵੀ ਹਨ ਜਿੰਨ੍ਹਾਂ ਦਾ ਆਧਾਰ ਉਹ ਨਿਰਾਕਾਰ ਪ੍ਰਮਾਤਮਾ ਹੈ। ਰਾਗ ਆਸਾ ਵਿਚ ਉਨ੍ਹਾਂ ਨੇ ਰੱਬ ਨੂੰ ਨਿਰੰਕਾਰੀ ਹੀ ਦੱਸਿਆ ਹੈ:

ਨਿਰੰਕਾਰ ਮਹਿ ਆਕਾਰੁ ਸਮਾਵੈ॥

ਅਕਲ ਕਲਾ ਸਚੁ ਸਾਚਿ ਟਿਕਾਵੈ॥

ਸੋ ਨਰੁ ਗਰਭ ਜੋਨਿ ਨਹੀਂ ਆਵੈ॥੪॥ (ਗੁ.ਗ੍ਰੰ.ਸਾ.,ਅੰਕ:415)

ਅਰਥਾਤ ਜਿਹੜਾ ਆਕਾਰ (ਜੀਵ) ਆਪਣੇ ਆਪ ਨੂੰ ਨਿਰਾਕਾਰ (ਪ੍ਰਮਾਤਮਾ) ਵਿਚ ਲੀਨ ਕਰ ਲੈਂਦਾ ਹੈ, ਆਪਣੇ ਕਰਮ ਸੱਚੇ ਬਣਾ ਲੈਣਾ ਹੈ, ਕੁਦਰਤ ਅਨੁਸਾਰੀ ਬਣ ਜਾਂਦਾ ਹੈ, ਉਹ ਜਨਮ ਮਰਨ ਦੀ ਦੁਬਿਧਾ ਤੋਂ ਬਚ ਜਾਂਦਾ ਹੈ।

ਗੁਰਮੁਖਿ ਰਾਗ ਸੁਆਦ ਅਨ ਤਿਆਗੇ॥

ਗੁਰਮੁਖਿ ਇਹੁ ਮਨੁ ਭਗਤੀ ਜਾਗੇ॥

ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ॥

ਆਤਮ ਚੀਨ ਭਏ ਨਿਰੰਕਾਰੀ॥ (ਗੁ.ਗ੍ਰੰ.ਸਾ.,ਅੰਕ:415)

ਅਰਥਾਤ ਜਿਹੜਾ ਮਨੁੱਖ ਅਕਾਲ ਪੁਰਖ ਵੱਲ ਧਿਆਨ ਧਰਦਾ ਹੈ, ਉਸ ਦੇ ਬਣਾਏ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਹ ਪਦਾਰਥਕ ਰਸਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਦੇ ਮਨ ਵਿਚ ਕਰਤਾਰ ਲਈ ਹੋਰ ਸ਼ਰਥਾ ਪੈਦਾ ਹੁੰਦੀ ਹੈ। ਅਕਾਲ ਪੁਰਖ ਦੇ ਹੁਕਮ ਦਾ ਨਾਦ ਸੁਣ ਕੇ ਉਹ ਵੀ ਆਕਾਰ ਤੋਂ ਕਰਤਾਰ ਵਾਂਗ ਨਿਰਾਕਾਰ ਹੋ ਜਾਂਦਾ ਹੈ।ਬਹੁਤ ਸਾਰੇ ਸਲੋਕਾਂ ਵਿਚ ਵੀ ਰੱਬ ਦਾ ਨਿਰੰਕਾਰੀ ਰੂਪ ਹੀ ਪ੍ਰਗਟ ਕੀਤਾ ਗਿਆ ਹੈ:

ਭੈ ਵਿਚਿ ਪਵਣੁ ਵਹੈ ਸਦਵਾਉ॥

ਭੈ ਵਿਚਿ ਚਲਹਿ ਲਖ ਦਰੀਆਉ॥.

ਸਗਲਿਆ ਭਉ ਲਿਖਿਆ ਸਿਰੁ ਲੇਖੁ॥

ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥(ਗੁ.ਗ੍ਰੰ.ਸਾ.,ਅੰਕ:464)

ਅਰਥਾਤ ਹਵਾ, ਦਰਿਆ, ਅੱਗ, ਧਰਤੀ ਸਭ ਕਰਤਾਰ ਦੇ ਨਿਯਮਾਂ ਅਨੁਸਾਰ ਹੀ ਕੰਮ ਕਰ ਰਹੇ ਹਨ। ਸੂਰਜ, ਚੰਦਰਮਾਂ ਵੀ ਅਕਾਲ ਪੁਰਖ ਦੇ ਹੁਕਮ ਵਿਚ ਹਨ ਅਤੇ ਕਰੋੜਾਂ ਕੋਹ ਚੱਲ ਕੇ ਵੀ ਥੱਕਦੇ ਨਹੀਂ। ਇੰਝ ਹੀ ਸਿੱਧ, ਬੁੱਧ, ਦੇਵਤੇ, ਨਾਥਠ ਅਕਾਸ਼ ਸਭ ਕਰਤਾ ਦੇ ਨਿਯਮਾਂ ਵਿਚ ਬੱਝੇ ਹੋਏ ਹਨ। ਬਲਸ਼ਾਨੀ ਜੋਧੇ, ਸੂਰਮੇ, ਪੂਰਾਂ ਦੇ ਪੂਰ ਜੀਵ ਸਭ ਅਕਾਲ ਪੁਰਖ ਦੇ ਹੁਕਮਾਂ ਵਿਚ ਹਨ।

ਕੇਵਲ ਉਹ ਆਪ, ਨਿਰੰਕਾਰ ਹੀ ਕਿਸੇ ਨਿਯ਼ਮ ਵਿਚ ਨਹੀਂ ਹੈ। 

ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ॥

ਕੇਤੀਆ ਕੰਨ ਕਹਾਣੀਆ ਕੇਤੇ ਬੇਦ ਬੀਚਾਰੁ॥(ਗੁ.ਗ੍ਰੰ.ਸਾ.,ਅੰਕ:464)

ਗੁਰੂ ਨਾਨਕ ਸਭ ਆਪਣਾ ਮੱਤ ਦੱਸਦੇ ਹਨ ਕਿ ਕੇਵਲ ਆਕਾਰ ਰਹਿਤ ਕਰਤਾ ਹੀ ਨਿਯਮਾਂ ਵਿਚ ਨਹੀਂ ਹੈ, ਬਾਕੀ ਸਭ ਭਾਵੇਂ ਕ੍ਰਿਸ਼ਨ, ਭਾਵੇਂ ਵੇਦ ਹਨ ਅਤੇ ਭਾਵੇਂ ਹੋਰ ਕਿਤਾਬਾਂ ਸਭ ਤੁੱਛ ਹਨ ਅਤੇ ਉਸ ਦੇ ਹੁਕਮ ਵਿਚ ਹੀ ਹਨ।

ਵਾਇਨਿ ਚੇਲੇ ਨਚਨਿ ਗੁਰ॥

ਪੈਰ ਹਲਾਇਨਿ ਫੇਰਨਿ ਸਿਰ॥

ਗਾਵਨਿ ਗੋਪੀਆ ਗਾਵਨਿ ਕਾਨੁ॥

ਗਾਵਨਿ ਸੀਤਾ ਰਾਜੇ ਰਾਮ॥

ਨਿਰਭਉ ਨਿਰੰਕਾਰ ਸਚੁ ਨਾਮੁ॥

ਜਾ ਕਾ ਕੀਆ ਸਗਲ ਜਹਾਨ॥ (ਗੁ.ਗ੍ਰੰ.ਸਾ.,ਅੰਕ:465)

ਅਰਥਾਤ ਉਹ ਜਿਹੜਾ ਕਰਤਾਰ ਹੈ, ਜਿਸ ਨੇ ਇਹ ਸ੍ਰਿਸ਼ਟੀ ਰਚੀ ਹੈ ਅਤੇ ਜੋ ਇਸ ਨੂੰ ਨਿਯਮਾਂ ਅਨੁਸਾਰ ਚਲਾ ਰਿਹਾ ਹੈ ਉਹ ਨਿਰਾਕਰ ਹੈ, ਨਿਰਭਉ ਹੈ। ਬਾਕੀ ਸਭ ਉਸ ਦੇ ਗੁਣ ਗਾਉਂਦੇ ਹਨ ਅਤੇ ਜਿਹੜੇ ਉਸ ਦੇ ਨਿਯਮਾਂ ਅਨੂਸਾਰ ਜੀਊਂਦੇ ਹਨ, ਉਹ ਸੁੱਖੀ ਰਹਿੰਦੇ ਹਨ।  ਰਾਗ ਸੋਰਠਿ ਵਿਚ ਵੀ ਰੱਬ ਦਾ ਨਿਰੰਕਾਰੀ ਰੂਪ ਹੀ ਸਾਹਮਣੇ ਆਉਂਦਾ ਹੈ:

ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥

ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ॥

ਨਿਰੰਕਾਰ ਕੈ ਦੇਸ ਜਾਹਿ ਤਾ ਸੁਖਿ ਲਹਹਿ ਮਹਲੁ॥੩॥(ਗੁ.ਗ੍ਰੰ.ਸਾ.,ਅੰਕ:595)

ਅਰਥਾਤ ਹਰੀ ਦੇ ਨਾਂ ਦੀ ਸੌਦਾਗਰੀ ਕਰ। ਉਸ ਦੇ ਬਣਾਏ ਨਿਯਮ ਸਮਝ ਅਤੇ ਉਨ੍ਹਾਂ ਦੇ ਮੁਤਾਬਕ ਹੀ ਜੀਵਣ ਨੂੰ ਢਾਲ। ਉਸ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਮਨੁੱਖ ਨਿਰੰਕਾਰ ਨੂੰ ਮਿਲਣ ਵਾਲਾ ਸੁੱਖ ਪ੍ਰਾਪਤ ਕਰ ਸਕਦਾ ਹੈ।

ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ॥

ਬਾਲ ਕੰਨਿਆ ਕੌ ਬਾਪ ਪਿਆਰਾ ਭਾਈ ਕੋ ਅਤਿ ਭਾਈ॥

ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ॥

(ਬਾਕੀ-ਕੱਲ)