rozanajanchetna@gmail.com30112020.
ਰੋਜਾਨਾ ਜਨਚੇਤਨਾ
ਸਾਲ:11, ਅੰਕ:83,ਸੋਮਵਾਰ, 30 ਨਵੰਬਰ 2020.
ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ।
ਸਤਿਗੁਰੂ ਨਾਨਕ ਦੀ ਅਦੁੱਤੀ ਦੇਣ
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਵਿਚ ਜਨਮ ਲੈ ਕੇ ਵੱਡੇ ਤੱਪਸਵੀ ਵਾਲਾ ਜੀਵਨ ਜੀਵਿਆ: ਅਨਜਾਣੇ ਜੀਵਨ ਸੱਚ ਦੀ ਖੋਜ ਕੀਤੀ ਅਤੇ ਸਰਬ-ਵਿਆਪਕ, ਕਰਨ ਕਰਾਵਨਹਾਰ ਦੀ ਰਚੀ ਸ੍ਰਿਸ਼ਟੀ ਨੂੰ ਉਸੇ ਦਾ ਸੰਦੇਸ਼ ਦੇਣ ਲਈ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਮੈਦਾਨਾਂ ਤੋਂ ਪਹਾੜਾਂ, ਰੇਗਿਸਤਾਨਾਂ ਦਾ ਸਫ਼ਰ ਕੀਤਾ। ਏਸੇ ਦੌਰਾਨ ਉਨ੍ਹਾਂ ਨੂੰ ਦੁਨਿਆਵੀ ਔਕੜਾਂ ਤੋਂ ਬੱਚਦੇ ਭਾਂਜਵਾਦੀ ਜੋਗੀ, ਤੀਰਥਾਂ ਉਤੇ ਪੱਥਰਾਂ ਦੀਆਂ ਆਰਤੀਆਂ ਉਤਾਰਦੇ ਭੇਖੀ, ਪਿਤਰਾਂ ਦੇ ਬਹਾਨੇ ਸੂਰਜ ਨੂੰ ਪਾਣੀ ਦਿੰਦੇ ਅਗਿਆਨੀ, ਪਰਉਪਕਾਰ ਦੇ ਬਹਾਨੇ ਯਾਤਰੂਆਂ ਨੂੰ ਲੁੱਟਦੇ ਸੱਜਣ ਠੱਗ, ਮਾਨਵ ਨੂੰ ਉਬਲਦੇ ਤੇਲ ਵਿਚ ਸੁੱਟਣ ਵਾਲੇ ਕੌੜੇ ਰਾਕਸ਼, ਕੁਦਰਤ ਦੀਆਂ ਅਨਮੋਲ ਦਾਤਾਂ (ਪਾਣੀ) ਉਤੇ ਆਪਣਾ ਨਿੱਜੀ ਹੱਕ ਜਮਾਈ ਵਲੀ ਕੰਧਾਰੀ, ਦੁਨੀਆਂ ਭਰ ਦੀ ਦੌਲਤ ਆਪਣੇ ਖਜ਼ਾਨੇ ਵਿਚ ਸਮੇਟੀ ਬੈਠੇ ਕਾਰੂੰ, ਰਾਜ ਸੱਤਾ ਲਈ ਖੂਨ ਦੀਆਂ ਨਦੀਆਂ ਵਹਾਉਣ ਵਾਲੇ ਬਾਬਰ, ਅੱਲਾ ਦੀ ਝੂਠੀ ਇਬਾਦਤ ਕਰਨ ਵਾਲੇ ਕਾਜ਼ੀ ਮੁੱਲਾਂ, ਪਰਾਏ ਹੱਕ ਉਤੇ ਪਲਣ ਵਾਲੇ ਮਲਕ ਭਾਗੋ ਅਤੇ ਹੱਡ ਭੰਨ ਕੇ ਕੰਮ ਕਰਨ ਵਾਲੇ ਪਰ ਦੋ ਜੂਨ ਰੋਟੀ ਤੋਂ ਆਤੁਰ ਲਾਲੋ, ਸਭ ਵੱਖ ਵੱਖ ਰੂਪਾਂ ਵਿਚ ਮਿਲੇ।
ਮਰਦਾਨੇ ਦੀ ਰਬਾਬ ਦੀ ਵਿਸਮਾਦੀ ਗੂੰਜ ਵਿਚ ਸੰਗੀਤਮਈ ਰੱਬੀ ਬਾਣੀ ਨੇ ਸਭ ਦੀ ਜਗਿਆਸਾ ਸ਼ਾਂਤ ਕੀਤੀ, ਉਨ੍ਹਾਂ ਨੂੰ ਜੀਵਨ ਦਾ ਨਿਵੇਕਲਾ ਰਾਹ ਦਿਖਾਇਆ। ਹੱਕ, ਸੱਚ, ਨਿਆਂ ਉਤੇ ਆਧਾਰਤ ਬਰਾਬਰ ਦੇ ਹੱਕਾਂ ਅਤੇ ਫਰਜ਼ਾਂ ਵਾਲਾ ਮਨੁੱਖੀ ਸਮਾਜ ਸਿਰਜਦੀ ਮਨੁੱਖੀ ਜੀਵਨ ਸ਼ੈਲੀ ਗੁਰੂ ਨਾਨਕ ਦੀ ਮਾਨਵਤਾ ਨੂੰ ਅਦੁੱਤੀ ਦੇਣ ਹੈ।
ਗੁਰੂ ਨਾਨਕ ਮੱਧ-ਕਾਲ ਦੇ ਭਗਤਾਂ, ਸੰਤਾਂ ਵਾਗ ਅਧਿਆਤਮਵਾਦੀ ਹਨ: ਆਪਣੇ ਆਪ ਤੋਂ ਵਿਗਸੇ, ਇਕੋ ਇਕ ਸੱਚ ਦੇ ਪੈਰੋਕਾਰ ਹਨ; ਜੀਵਨ ਅਤੇ ਇਸ ਦੇ ਨਿਰਵਾਹ ਲਈ ਅਮੋਲਕ ਦਾਤਾਂ ਦੇਣ ਵਾਲੇ ਕਰਤਾਰ ਦੇ ਧੰਨਵਾਦ ਅਤੇ ਅਪਰੰਪਾਰ ਲੀਲਾ ਲਈ ਉਸ ਦਾ ਨਾਮ ਜੱਪਦੇ ਹਨ, ਦੂਸਰਿਆਂ ਨੂੰ ਜੱਪਣ ਦੀ ਪ੍ਰੇਰਨਾ ਦਿੰਦੇ ਹਨ ਪਰ ਉਨ੍ਹਾਂ ਦਾ ਕਰਤਾਰ ਕਿਧਰੇ ਦੂਰ, ਅਸਮਾਨਾਂ ਵਿਚ ਨਹੀਂ ਰਹਿੰਦਾ: ਉਹ ਸਰਬਵਿਆਪਕ ਹੈ, ਕਣ ਕਣ ਵਿਚ ਵੱਸਦਾ ਹੈ। ਉਸ ਦੇ ਦਰਸ਼ਨਾਂ ਲਈ ਮਨੱਖ ਨੂੰ ਘਰ ਛੱਡ ਸੰਨਿਆਸ ਲੈਣ, ਜੰਗਲਾਂ ਬੇਲਿਆਂ ਵਿਚ ਜਾਣ ਦੀ ਲੋੜ ਨਹੀਂ; ਭੁੱਖਾਂ ਕਟੱਣ, ਤਿਹਾਏ ਰਹਿਣ ਦੀ ਜ਼ਰੂਰਤ ਨਹੀਂ। ਉਹ ਫੋਕੇ ਕਰਮਕਾਂਡਾਂ ਨਾਲ ਰੀਝਦਾ ਨਹੀਂ, ਨਿਡਰ ਹੈ, ਨਿਰਵੈਰ ਵੀ ਹੈ। ਉਸ ਦੀ ਮੇਹਰ, ਕ੍ਰਿਪਾ ਲਈ ਸਭ ਤੋਂ ਪਹਿਲੀ ਲੋੜ ਸੱਚੇ, ਸੁੱਚੇ, ਧਾਰਮਿਕ ਆਚਰਣ ਦੀ ਹੈ:
ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ॥
(ਅੰਕ 62)
ਸਮਾਜ ਹਿਤੈਸ਼ੀ ਆਚਰਣ ਕਰਦਿਆਂ ਹੀ ਧਰਮੀ ਮੱਨੁਖ ਵਾਹਿਗੁਰੂ ਦੇ ਹੁਕਮ ਦੀ ਪਛਾਣ ਕਰ ਸਕਦਾ ਹੈ ਜਿਸ ਅਨੁਸਾਰ ਪੂਰੀ ਸ਼੍ਰਿਸ਼ਟੀ ਚਲਦੀ ਹੈ। ਏਸੇ ਹੁਕਮ ਅੰਦਰ ਮਨੁੱਖ ਨੇ ਚਲਣਾ ਹੈ, ਹੁਕਮ ਨੂੰ ਆਤਮਸਾਤ ਕਰਨਾ ਹੈ ਕਿਉਂਕਿ ਇਹੀ ਸੁੱਖ, ਸ਼ਾਂਤੀ, ਮੁਕਤੀ ਦਾ ਮਾਰਗ ਹੈ:
ਕਿਵ ਸਚਿਆਰਾ ਹੋਇਐ ਕਿਵ ਕੂੜੈ ਤੁਟੈ ਪਾਲਿ॥
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
(ਅੰਕ 2)
ਉਹ ਮਨੁੱਖ ਨੂੰ ਗਿਆਨੀ, ਗੁਰਮੁਖ, ਸੱਚ ਆਚਾਰ ਦੀ ਪਾਲਣਾ ਕਰਨ ਵਾਲਾ ਬਨਣ ਲਈ ਕਹਿੰਦੇ ਹਨ। ਇਸ ਲਈ ਗੁਰਬਾਣੀ ਵਿਚ ਖਾਣ-ਪੀਣ, ਪਹਿਨਣ ਤੋਂ ਲੈ ਕੇ ਲੋਕ ਹਿਤਾਂ ਲਈ ਆਪਾ ਕੁਰਬਾਨ ਕਰਨ ਤਕ ਛੋਟੇ ਵੱਡੇ ਵੇਰਵੇ ਆਏ ਹਨ ਪਰ ਮੁੱਖ ਤੌਰ ਉਤੇ ਗੁਰੂ ਨਾਨਕ ਦੇਵ ਜੀ ਪੰਜ ਨਿਯਮ ਤਹਿ ਕਰਦੇ ਹਨ:
ਸਭ ਤੋਂ ਪਹਿਲਾ ਹੈ : ਨਾਮ ਜਪਣਾ।
ਨਾਮ ਜੱਪਣਾ ਅਕਾਲ ਪੁਰਖੁ, ਕਰਤਾਰ ਨੂੰ ਸਵਾਸ ਸਵਾਸ ਚੇਤੇ ਕਰਨ ਅਤੇ ਚੇਤੇ ਰਖਣ ਦੀ ਕਿਰਿਆ ਹੈ। ਇਸ ਦੀ ਕੀ ਲੋੜ ਹੈ? ਗੁਰੂ ਨਾਨਕ ਜੁਆਬ ਦਿੰਦੇ ਹਨ ਕਿ ਜਿਹੜਾ ਪ੍ਰਭੁ ਸਾਡੀ ਆਤਮਾ ਅਤੇ ਜਿੰਦ ਜਾਨ ਦਾ ਮਾਲਕ ਹੈ, ਜਿਸ ਨੇ ਜੀਵਨ ਦਿੰਤਾ ਹੈ, ਜੀਊਣ ਦੇ ਸਾਧਨ ਦਿਤੇ ਹਨ, ਉਸ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ? ਉਸ ਬਿਨਾਂ ਤਾਂ ਬਸਤ੍ਰ, ਭੋਜਨ ਸਭ ਮਲੀਨ ਹਨ:
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥
ਤਿਸੁ ਵਿਣ ਸਭੁ ਅਪਵਿਤਰ ਹੈ ਜੇਤਾ ਪੇੈਨਣੁ ਖਾਣੁ॥ (ਅੰਕ: 16)
ਨਾਮ ਜੱਪਣ ਲਈ ਗੁਰਬਾਣੀ ਦਾ ਪਾਠ ਕਰਨ ਵਾਲਾ ਅਕਾਲ ਪੁਰਖ ਦੀ ਵਿਸ਼ਾਲਤਾ, ਵਿਵਿਧਤਾ ਪ੍ਰਤੀ ਸ਼ਰਧਾ ਨਾਲ ਆਪਣੀ ਨਿਰਮਾਣਤਾ ਦਾ ਕਾਇਲ ਹੁੰਦਾ ਹੈ। ਉਸ ਦੀ ਹਉਮੈ, ਜੋ ਸਾਡੀਆਂ ਬਹੁਤੀਆਂ ਸਮੱਸਿਆਵਾਂ ਦਾ ਕਾਰਣ ਹੈ, ਘੱਟਦੀ ਹੈ: ਮੱਨੁਖਤਾ ਨੂੰ ਚੈਨ ਮਿਲਦਾ ਹੈ।
ਦੂਸਰਾ ਨਿਯਮ ਹੈ: ਧਰਮ ਦੀ ਕਿਰਤ ਕਰੋ।
ਮਿਹਨਤ ਨਾਲ ਹੱਕ ਦੀ ਕਮਾਈ ਕਰਨ ਨੂੰ ਗੁਰੂ ਨਾਨਕ ਧਰਮ ਦੀ ਕਿਰਤ ਕਹਿੰਦੇ ਹਨ। ਕਿਸਾਨੀ ਸਮਾਜ ਇਸ ਨੂੰ ਦਸਾਂ ਨਹੁੰਆਂ ਦੀ ਕਿਰਤ ਕਹਿੰਦਾ ਹੈ, ਇਹ ਮਿਹਨਤ ਕਿਸੇ ਵੀ ਸਮਾਜ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਸ਼ਰਤ ਹੇ ਪਰ ਸਮਾਜਕ ਸਰੋਕਾਰਾਂ ਤੋਂ ਵਿਰਵੇ, ਸਿਰਫ ਆਪਣੇ ਲਈ ਜੀਊਣ ਵਾਲੇ ਇਹ ਰਸਤਾ ਛੱਡ ਦੂਸਰਿਆਂ ਦੀ ਮਿਹਨਤ, ਕਮਾਈ ਵਿਚ ਹਿੱਸੇਦਾਰੀ ਦੇ ਰਸਤੇ ਲੱਭ ਲੈਂਦੇ ਹਨ। ਗੁਰੂ ਨਾਨਕ ਸਾਹਿਬ ਦੂਸਰੇ ਦੀ ਕਮਾਈ ਉਤੇ ਪਲਣ ਵਾਲਿਆਂ, ਹੱਕ ਮਾਰਨ ਵਾਲਿਆਂ ਨੂੰ ਗਊ, ਸੂਰ ਖਾਣ ਵਾਲੇ ਮੰਨਦੇ ਹਨ। ਜਿਹੜੇ ਅਜਿਹਾ ਕਰਦੇ ਹਨ, ਉਹ ਪੀਣੇ ਹਨ- ਆਦਮਖੋਰ! ਗੁਰੂ ਜੀ ਦੀ ਦਲੀਲ ਹੇੈ ਕਪੜਿਆਂ ਨੂੰ ਲਹੂ ਲਗ ਜਾਵੇ ਤਾਂ ਉਨ੍ਹਾਂ ਨੂੰ ਗੰਦਾ ਮੰਨ ਲਿਆ ਜਾਂਦਾ ਹੈ। ਫ਼ੇਰ ਮਨੱਖੀ ਖੂਨ ਪੀਣ ਵਾਲਿਆਂ ਦਾ ਮਨ ਕਿਵੇਂ ਸਾਫ਼ ਸੁੱਥਰਾ, ਪੱਵਿਤਰ ਰਹਿ ਸਕਦਾ ਹੈ?
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨਿ ਕਿਉ ਨਿਰਮਲ ਚੀਤੁ॥
(ਅੰਕ 140)
ਧਰਮ ਦੀ ਕਿਰਤ ਨਾਲ ਮੱਨੁਖੀ ਵਿਕਾਸ ਨੂੰ ਗਤੀ ਮਿਲਦੀ ਹੈ, ਮੱਨੁਖ ਅੰਦਰ ਸਵੈਮਾਣ, ਵਿਸ਼ਵਾਸ਼ ਜਾਗਦਾ ਹੈ, ਆਪਸ ਵਿਚ ਮਿਲ ਕੇ ਰਹਿਣ ਦੀ ਭਾਵਨਾ ਨੂੰ ਬੱਲ ਮਿਲਦਾ ਹੈ।
ਤੀਸਰਾ ਨਿਯਮ ਧਰਮ ਦੀ ਕਿਰਤ ਨੂੰ ਲੋੜਵੰਦਾਂ ਨਾਲ ਵੰਡ ਦੇ ਛੱਕਣ ਦਾ ਹੈ।
ਗੁਰੂ ਨਾਨਕ ਦੇਵ ਜੀ ਦਸਦੇ ਹਨ ਕਿ ਮਿਹਨਤ ਨਲ, ਘਾਲਣਾ ਘਾਲ ਕੇ ਕੀਤੀ ਗਈ ਕਮਾਈ ਲੋੜਵੰਦਾਂ ਨਾਲ ਵੰਡ ਕੇ ਖਾਣ ਵਾਲਾ ਹੀ ਧਰਮ ਦਾ ਰਾਹ ਪਛਾਣਦਾ ਹੈ:
ਘਾਲਿ ਖਾਇ ਕਿਛੁ ਹਥਹੁ ਦੇਹਿ॥
ਨਾਨਕ ਰਾਹੁ ਪਛਾਣਹਿ ਸੇਇ॥(ਅੰਕ 1245)
ਵੰਡ ਕੇ ਛੱਕਣ ਦੀ ਭਾਵਨਾ 'ਮੇਰਾ', 'ਮੈਂ, ਦੀ ਹਉਮੈਵਾਦੀ ਬਿਰਤੀ ਨੂੁੰ ਢਾਹ ਲਾਉਂਦੀ ਹੈ, ਸਮਾਜਿਕ ਭਾਵਨਾਵਾਂ ਵਿਕਸਿਤ ਕਰਦੀ ਹੈ। ਅਭਾਵ ਰਹਿਤ ਸਮਾਜ ਦੀ ਸਿਰਜਨਾ ਵਲ ਇਹ ਭਾਵਨਾ ਵੱਡਾ ਕਦਮ ਹੈ।
ਚੌਥਾ ਸਿਧਾਂਤ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਪ ਰਹਿਣ ਦਾ ਹੈ।
ਜੋ ਕੁਝ ਮੱਨੁਖ ਕੋਲ ਹੈ: ਧਨ, ਦੋਲਤ, ਔਲਾਦ, ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ। ਇਸ ਲਈ ਉਸੇ ਦਾ ਹੈ। ਆਦਮੀ ਦਾ ਆਪਣਾ ਕੁਝ ਵੀ ਨਹੀਂ ਪਰ ਉਹ 'ਮੇਰਾ' 'ਮੇਰਾ' ਦੀ ਰੱਟ ਲਾਈ ਰਖਦਾ ਹੈ। ਦੇਣ ਵਾਲਾ ਮਿਹਰਬਾਨ ਹੋ ਕੇ ਕਿੰਨਾ ਵੀ ਦੇਈ ਜਾਵੇ, ਹੰਦਾ ਉਸੇ ਦਾ ਹੈ। ਦਿਤੇ ਨੂੰ ਉਹ ਵਾਪਸ ਵੀ ਲੈਣ ਦਾ ਹੱਕਦਾਰ ਹੈ। ਗੁਰੂ ਨਾਨਕ ਦਾ ਫ਼ਰਮਾਨ ਹੈ:
ਰਹੈ ਅਤੀਤੁ, ਜਾਣੈ ਸਭੁ ਤਿਸ ਕਾ॥
ਤਨ ਮਨ ਅਰਪੈ ਹੈ ਇਹੁ ਜਿਸ ਕਾ॥
(ਅੰਕ 832)
ਸਿੱਖ ਸੰਗਤਾਂ ਵਿਚ ਕਬੀਰ ਜੀ ਦਾ ਸ਼ਲੋਕ ਬਹੁਤ ਪ੍ਰਚਲਤ ਹੈ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੇਂ ਮੇਰਾ॥
(ਅੰਕ: 1375)
ਨਿਰਲੇਪਤਾ ਉੱਚੀ ਮਾਨਸਿਕ ਅੱਵਸਥਾ ਨੂੰ ਜਨਮ ਦਿੰਦੀ ਹੈ, ਅਹੰ ਨੂੰ ਮਾਰਦੀ ਹੈ।
ਪੰਜਵਾ ਨਿਯਮ ਭਾਣਾ ਮੰਨਣ ਦਾ ਹੈ।
ਗੁਰਬਾਣੀ ਦਾ ਸੰਦੇਸ਼ ਹੈ ਕਿ ਗੁਰਮੁਖ ਬਣ ਕੇ ਅਗਿਆਨਤਾ ਦਾ ਨਾਸ ਕਰੋ, ਗਿਆਨੀ ਬਣੋ। ਕਾਦਰ ਦੇ ਨਿਯਮਾਂ ਸਮਝੋ, ਉਸ ਅਨੁਸਾਰ ਵਿਚਰੋ: ਸੁੱਖ, ਸ਼ਾਤੀ, ਵਿਕਾਸ ਦਾ ਇਹੀ ਰਸਤਾ ਹੈ। ਮਿਹਨਤ ਕਰੋ, ਆਪਣੀ ਪੂਰੀ ਸ਼ਕਤੀ ਨਾਲ ਮਿਹਨਤ ਕਰੋ ਪਰ ਨਤੀਜਾ ਚੋ ਵੀ ਨਿਕਲੇ, ਚੰਗਾ ਜਾਂ ਮਾੜਾ, ਉਸ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਖਿੜੇ ਮੱਥੇ ਸਵੀਕਾਰ ਕਰ ਲਉ। ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਭਾਣਾ ਮੰਨਣ ਵਿਚ ਹੀ ਮੱਨੁਖ ਦੀ ਭਲਾਈ ਹੈ, ਦਖਲ ਦੇਣ ਵਾਲਾ ਤਾਂ ਮੂਰਖ ਹੁੰਦਾ ਹੈ:
ਜੇਵਡ ਭਾਵੈ ਤੇਵਡੁ ਹੋਇ॥
ਨਾਨਕ ਜਾਣੈ ਸਾਚਾ ਸੋਇ॥
ਜੇ ਕੋ ਆਖੈ ਬੋਲ ਵਿਗਾੜ॥
ਤਾ ਲਿਖੀਐ ਸਿਰਿ ਗਵਾਰਾ ਗਵਾਰੁ॥
(ਅੰਕ 6)
ਇਸ ਤਰ੍ਹਾਂ ਗੁਰੂ ਨਾਨਕ ਦਾ ਅਧਿਆਤਮਵਾਦ ਧਰਮ ਨੂੰ ਮੱਨੁਖ ਅਤੇ ਉਸ ਦੀ ਬੇਹਤਰੀ ਲਈ ਉਤਮ ਸਮਾਜ ਸਿਰਜਨ ਲਈ ਵਰਤੋਂ ਵਿਚ ਲਿਆਉਂਦਾ ਹੈ। ਉਹ ਮੱਨੁਖਤਾ ਨੂੰ ਹੱਕ, ਸੱਚ, ਨਿਆਂ ਉਤੇ ਅਧਾਰਤ ਅਜਿਹਾ ਸਮਾਜ ਦੇਣਾ ਚਾਹੁੰਦੇ ਸਨ ਜਿਸ ਵਿਚ ਸਭ ਮੱਨੁਖ ਇਲਾਕੇ, ਲਿੰਗ, ਭਾਸ਼ਾ, ਜਾਤਪਾਤ, ਰੰਗ ਆਦਿ ਦੇ ਭੇਦ-ਭਾਵ ਤੋਂ ਦੂਰ,ਬਰਾਬਰ ਹੋਣ, ਸੁੱਖੀ ਸੰਤੁਸ਼ਟ ਜੀਵਨ ਬਿਤਾਉਣ। ਗੁਰੂ ਜੀ ਹਲੇਮੀ ਰਾਜ ਦੀ ਰਚਨਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਮੱਨੁਖ ਨੂੰ ਉੱਤਮ, ਨਿਵੇਕਲੀ, ਅਦੁਤੀ ਜੀਵਨ ਸ਼ੈਲੀ ਦੀ ਬਖਸ਼ਿਸ਼ ਕਰਦੇ ਹਨ।