rozanajanchetna@gmail.com13112020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:70,ਸ਼ੁਕਰਵਾਰ,13 ਨਵੰਬਰ 2020.

  ਅੱਜ ਦਾ ਵਿਚਾਰ .

ਮਨੁੱਖ ਇਸ ਬ੍ਰਹਿਮੰਡ ਦਾ ਛੋਟਾ ਜਿਹਾ ਹਿੱਸਾ ਹੀ ਹੈ। ਵਿਕਾਸ ਦੀ ਪ੍ਕਿਰਿਆ ਨਾਲ ਹੀ ਵਿਕਸਿਤ ਹੋਇਆ ਹੈ। ਉਸ ਦੀ ਦੂਸਰੇ ਪਰਾਣੀਆਂ ਨਾਲੋਂ ਵਿਲੱਖਣਤਾ ਉਸ ਦਾ ਦਿਮਾਗ ਹੈ। ਉਸ ਵਿਚ ਸੋਚਣ, ਸਮਝਣ ਦੀ ਅਦਭੁਤ ਸ਼ਕਤੀ ਹੈ ਜਿਸ ਕਾਰਣ ਉਸ ਨੇ ਆਪਣੇ ਸਰੀਰ ਨੂੰ ਸੰਵਾਰ, ਸਜਾ ਲਿਆ, ਉਸ ਨੂੰ ਹਰ ਕੰਮ, ਸੰਭਵ ਹੋਵੇ ਜਾਂ ਅਸੰਭਵ, ਕਰਨ ਦੇ ਯੋਗ ਬਣਾ ਲਿਆ। ਇਸੇ ਦਿਮਾਗ ਦੀ ਵਰਤੋਂ ਕਰਕੇ ਉਸ ਨੇ ਆਪਣੀ ਆਵਾਜ਼ ਨੂੰ ਸਾਰਥਕ ਰੂਪ ਦੇ ਲਿਆ, ਬੋਲੀ ਦਾ ਨਿਰਮਾਣ ਕਰ ਲਿਆ। ਅੱਜ ਉਹ ਆਪਣੀ ਹਰ ਭਾਵਨਾ, ਵਿਚਾਰ ਨੂੰ ਦੂਸਰਿਆਂ ਤਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਦੂਸਰਿਆਂ ਦੇ ਕਹੇ ਨੂੰ ਸੁਨਣ, ਸਮਝਣ ਅਤੇ ਵਿਚਾਰਣ ਦੀ ਯੋਗਤਾ ਉਸ ਵਿਚ ਦੂਸਰੇ ਪਰਾਣੀਆਂ ਤੋਂ ਬਹੁਤ ਵਧੇਰੇ ਹੈ। ਉਸ ਵਿਚ ਕਾਮ, ਕਰੋਧ, ਲੋਭ, ਮੋਹ, ਹੰਕਾਰ, ਡਰ, ਈਰਖਾ ਦੀਆਂ ਭਾਵਨਾਵਾਂ ਪ੍ਬਲ ਹਨ ਅਤੇ ਉਹ ਆਪਣੇ ਸੁੱਖ, ਸੁਰੱਖਿਆ ਸਬੰਧੀ ਹਰਦਮ ਸੁਚੇਤ ਰਹਿੰਦਾ ਹੈ। ਇਸ ਲਈ ਉਸ ਨੇ ਪਰਿਵਾਰ, ਸਮਾਜ ਵਰਗੀਆਂ ਸੰਸਥਾਵਾਂ ਦਾ ਵੀ ਨਿਰਮਾਣ ਕੀਤਾ ਹੈ। ਸਮਾਲੋਚਕ ਉਸ ਨੂੰ ਸਮਾਜਿਕ ਪਰਾਣੀ ਹੀ ਮੰਨਦੇ ਹਨ। ਆਪਣੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਸਮਾਜ ਵਿਚ ਰਹਿਣਾ ਉਸ ਦੀ ਮਜਬੂਰੀ ਬਣ ਚੁੱਕੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ, ਨਾ ਰਹਿਣਾ ਚਾਹੁੰਦਾ ਹੈ।

   ਪੰਜਾਬ ਦਾ ਇਤਿਹਾਸ-04.

ਤੀਜਾ ਨੁਕਤਾ ਇਹ ਉਭਰਦਾ ਹੈ ਕਿ ਆਰਿਆ ਲੋਕਾਂ ਨੇ ਪੰਜ ਦਰਿਆਵਾਂ ਨੂੰ ਇਕ ਵੱਖਰੇ ਮੁਲਕ ਦੇ ਦਰਿਆਵਾਂ ਦੇ ਤੌਰ ਅਤੇ ਮਾਣਤਾ ਹੀ ਨਹੀਂ ਦਿੱਤੀ। ਆਰਿਆ ਗਰੰਥਾਂ ਵਿੱਚ ਕਿਤੇ ਵੀ ਪੰਜ ਦਰਿਆਵਾਂ ਵਾਲੀ ਧਰਤੀ ਨੂੰ ਇੱਕ ਵੱਖਰੇ ਭੂਗੋਲਕ ਖਿੱਤੇ ਦੇ ਤੌਰ ਅਤੇ ਨਹੀਂ ਬਿਆਨ ਕੀਤਾ ਗਿਆ। ਉਹਨਾਂ ਨੇ ਇਸ ਧਰਤੀ ਨੂੰ ਜਾਂ ਤਾਂ ਸਪਤ-ਸਿੰਧੂ ਦੇ ਨਾਂ ਨਾਲ ਵਰਨਣ ਕੀਤਾ ਹੈ ਅਤੇ ਜਾਂ ਫਿਰ ਬਰੱਹਮਵਰਤ ਦੇ ਨਾਂ ਨਾਲ। ਭਾਵ ਇਸ ਦਾ ਇਹ ਵੀ ਲਿਆ ਜਾ ਸਕਦਾ ਹੈ ਕਿ ਆਰਿਆ ਲੋਕਾਂ ਨੇ ਪੰਜਾਬ ਦਾ ਨਾਂ ਛੱਡ ਕੇ ਜਾਂ ਇਸ ਦੇ ਪੰਜ ਦਰਿਆਵਾਂ ਦੀ ਵਿਸ਼ੇਸਤਾ ਖ਼ਤਮ ਕਰਕੇ ਇਸ ਨੂੰ ਸਿੰਧ ਅਤੇ ਸਰਸਵਤੀ ਸਮੇਤ ਸੱਤ ਦਰਿਆਵਾਂ ਦੀ ਧਰਤੀ ਬਣਾ ਦਿੱਤਾ ਸੀ। ਇਹ ਗੱਲ ਭੂਗੋਲਿਕ ਨਿਯਮਾਂ ਦੇ ਉਲਟ ਸੀ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਿੰਧ ਅਤੇ ਸਰਸਵਤੀ ਨਾ ਤਾਂ ਇਕੋ ਭੂਗੋਲਿਕ ਖਿੱਤੇ ਦੇ ਦਰਿਆ ਹਨ ਅਤੇ ਨਾ ਹੀ ਪੰਜਾਬੀ ਸਭਿਆਚਾਰ ਵਾਲੇ। ਇਸ ਲਈ ਇਹਨਾਂ ਦਾ ਸੁਮੇਲ ਗੈਰ-ਕੁਦਰਤੀ ਸੀ। ਇਹੀ ਕਾਰਣ ਹੈ ਕਿ ਨਾ ਤਾਂ ਇਸ ਖਿੱਤੇ ਦਾ ਨਾਂ ਪੰਜਾਬ ਦੀ ਥਾਂ ਉਤੇ ਸਪਤ-ਸਿੰਧੂ ਹੀ ਪਰਚੱਲਤ ਹੋ ਸਕਿਆ ਅਤੇ ਨਾ ਹੀ ਸਰਸਵਤੀ ਪੰਜਾਬ ਦੇ ਦਰਿਆਵਾਂ ਨਾਲ ਹੀ ਮਿਲ ਸਕੀ। ਬਰੱਹਮਵਰਤ ਨਾਂ ਵੈਸੇ ਹੀ ਪਰਚੱਲਤ ਨਹੀਂ ਹੋ ਸਕਿਆ ਕਿਉਂ ਕਿ ਇਹ ਸਿਰਫ ਬਰਾਹਮਣ ਸ਼ਰੇਣੀ ਵੱਲੋਂ ਦਿੱਤਾ ਗਿਆ ਸੀ। ਅਸਲ ਵਿੱਚ ਬਰੱਹਮਵਰਤ ਨਾਂ ਸਿਰਫ ਸਰਸਵਤੀ ਅਤੇ ਘੱਗਰ ਦੇ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਦਾ ਹੀ ਨਾਂ ਸੀ। ਆਰੀਆਂ ਲੋਕਾਂ ਦੇ ਲਗਭਗ ਸਾਰੇ ਧਾਰਮਿਕ ਗਰੰਥ ਸਰਸਵਤੀ ਦਰਿਆ ਦੇ ਕੰਢਿਆ ਉਪਰ ਹੀ ਰਚੇ ਗਏ ਸਨ। ਇਸ ਨਾਲ ਇਸ ਖਿੱਤੇ ਦੀ ਇਕ ਵਿਸ਼ੇਸ਼ ਧਾਰਮਿਕ ਮਹੱਤਤਾ ਜਿਹੀ ਬਣ ਗਈ ਸੀ। ਇਸ ਮਹੱਤਤਾ ਨੂੰ ਦਰਸਾਉਣ ਲਈ ਹੀ ਇਸ ਦਾ ਨਾਂ ਬਰੱਹਮਵਰਤ ਪਰਚੱਲਤ ਕੀਤਾ ਗਿਆ ਸੀ। ਇਸ ਨੂੰ ਆਰੀਆਵਰਤ ਵੀ ਕਿਹਾ ਜਾਂਦਾ ਸੀ। ਵਰਤ ਦਾ ਮਤਲਬ ਭੂਮੀ ਤੋਂ ਹੈ। ਇਸ ਦਾ ਭਾਵ ਸੀ ਕਿ ਘੱਗਰ ਅਤੇ ਸਰਸਵਤੀ ਦਰਿਆਵਾਂ ਵਿਚਕਾਰਲਾ ਖਿੱਤਾ ਸ਼ੁੱਧ ਆਰੀਆ ਭੂਮੀ ਸੀ ਜਾਂ ਇਹ ਬਰਾਹਮਣਾਂਦੇ ਰਹਿਣ ਵਾਲੀ ਪਵਿੱਤਰ ਭੂਮੀ ਸੀ।

  ਸਿੱਖ ਇਤਿਹਾਸ ਵਿਚ ਅੱਜ.

13ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ

= ਬਾਬਾ ਨਾਮਦੇਵ ਦਾ ਜਨਮ(1270 ਈ.)

= ਮਹਾਰਾਜਾ ਰਣਜੀਤ ਸਿੰਘ ਦਾ ਜਨਮ (1780 ਈ.)

= ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਚਲਾਣਾ

ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈ. ਨੂੰ ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਉਸ ਦੀ ਮਾਤਾ ਰਾਜ ਕੌਰ ਜੀਂਦ ਦੇ ਫੂਲਕੀਆਂ ਸਰਦਾਰ ਰਾਜਪੂਤ ਸਿੰਘ ਦੀ ਧੀ ਸੀ। ਮਾਲਵੇ ਨਾਲ ਸਬੰਧਤ  ਹੋਣ ਕਰਕੇ ਉਸਨੂੰ ''ਮਾਈ ਮਲਵੈਨ" ਵੀ ਕਿਹਾ ਜਾਂਦਾ ਰਿਹਾ ਹੈ।

ਰਣਜੀਤ ਸਿੰਘ ਦਾ ਜਨਮ ਸਮੇਂ ਪੰਜਾਬ ਵਿਚੋਂ ਕੇਂਦਰੀ ਸੱਤਾ ਖਤਮ ਹੋ ਚੁਕੀ ਸੀ। ਬਾਬਰ ਦੇ ਸਮੇਂ ਤੋਂ ਚਲੀ ਆ ਰਹੀ ਮੁਗਲ ਸੱਤਾ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਢਾਹ ਦਿੱਤਾ ਸੀ। ਅਬਦਾਲੀ ਨੇ 1748 ਈਂ ਤੋਂ ਲੈ ਕੇ 1769 ਈ. ਤੱਕ ਗਿਆਰਾਂ ਹਮਲੇ ਕੀਤੇ। ਉਸ ਸਮੇਂ ਪੰਜਾਬ ਵਿਚ ਮੁਲਤਾਨ, ਲਾਹੌਰ, ਜਲੰਧਰ ਅਤੇ ਸਰਹਿੰਦ ਸੱਤਾ ਦੇ ਮੁੱਖ ਕੇਂਦਰ ਸਨ।  ਲਾਹੌਰ ਦੇ ਸੂਬੇਦਾਰ ਨੂੰ ਮੁਖੀ ਮੰਨਿਆ ਜਾਂਦਾ ਸੀ ਪਰ ਉਸ ਦਾ ਮੁਲਤਾਨ, ਜਲੰਧਰ ਅਤੇ ਸਰਹਿੰਦ ਦੇ ਪ੍ਰਬੰਧ ਨਾਲ ਬਹੁਤਾ ਸਰੋਕਾਰ ਨਹੀਂ ਸੀ।ਮੁਲਤਾਨ ਅਤੇ ਲਾਹੌਰ ਉਤੇ ਅਬਦਾਲੀ ਨੇ 1752 ਈ. ਤੋਂ ਮੀਰ ਮੰਨੂ ਦੇ ਸਮੇਂ ਹੀ ਕਬਜ਼ਾ ਕਰ ਲਿਆ ਸੀ ਪਰ ਜਦ ਤਕ ਸੰਭਵ ਰਿਹਾ, ਦਿੱਲੀ ਦਾ ਮੁਗਲ ਦਰਬਾਰ ਆਪਣੇ ਸੂਬੇਦਾਰ ਪੰਜਾਬ ਵਿਚ ਨਿਯੁਕਤ ਕਰੀ ਗਿਆ। ਇਸ ਤਰ੍ਹਾਂ ਪੰਜਾਬ ਉਤੇ ਮੁਗਲ ਅਤੇ ਅਫਗਾਨ ਦੋਵੇਂ ਦਾਹਵੇਦਾਰ ਰਹੇ। ਇਹ ਦਾਅਵਾ ਸਿੱਖ ਰਾਜ ਦੀ ਸਥਾਪਨਾ ਨਾਲ ਹੀ ਖਤਮ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦਾ ਕਾਰਜ ਖੇਤਰ ਪਹਿਲਾਂ  ਕਾਂਗੜੇ ਦੀਆਂ ਬਾਈਧਾਰ ਰਿਆਸਤਾਂ ਰਹੀਆਂ। ਅਨੰਦਪੁਰ ਇਸੇ ਖੇਤਰ ਵਿਚ ਸਥਿਤ ਸੀ। ਆਨੰਦਪੁਰ ਖਾਲੀ ਕਰਨ ਪਿਛੋਂ ਉਨ੍ਹਾਂ ਮਾਲਵੇ ਨੂੰ ਭਾਗ ਲਾਏ। ਤਲਵੰਡੀ ਸਾਬੋ ਵਿਖੇ ਉਨ੍ਹਾਂ ਦੂਸਰਾ ਕੇਂਦਰ ਬਣਾਇਆ। ਇਥੋਂ ਉਹ ਦਿੱਲੀ ਅਤੇ ਆਗਰੇ ਹੁੰਦੇ ਹੋਏ ਬਹਾਦਰ ਸ਼ਾਹ ਨਾਲ ਨਾਦੇੜ ਪਹੁੰਚ ਗਏ। ਇਥੇ ਹੀ ਉਹ ਜੋਤੀ ਜੋਤ ਸਮਾ ਗਏ। ਪੰਜਾਬ ਦਾ ਬਹੁਤਾ ਹਿੱਸਾ ਦਸਮ ਪਾਤਸ਼ਾਹ ਦੇ ਅੰਦੋਲਨ ਤੋਂ ਪ੍ਰਭਾਵਤ ਨਹੀਂ ਹੋਇਆ।

ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ ਵੀ ਮੁੱਖ ਤੋਰ ਤੇ ਮਾਲਵੇ ਵਿਚ ਹੀ ਕੇਂਦਰਤ ਰਹੀਆਂ। ਉਸ ਨੇ ਸਰਹਿੰਦ ਜਿੱਤੀ। ਫਿਰ ਕਾਂਗੜਾ ਦੀਆਂ ਪਹਾੜੀਆਂ ਵਿਚੋਂ ਹੁੰਦਾ ਹੋਇਆ ਜੰਮੂ ਪਹੁੰਚਿਆ। ਉਸ ਨੇ ਮਾਝੇ ਵਿਚ ਜਾਣ ਦੀਆਂ ਕਨਸੋਆਂ ਮਿਲਦੀਆਂ ਹਨ। ਆਪਣੀ ਆਖਰੀ ਲੜਾਈ ਵੀ ਉਸ ਨੇ ਗੁਰਦਾਸਪੁਰ, ਜੋ ਲਾਹੌਰ ਦੇ ਨੇੜੇ ਅਤੇ ਮਾਝਾ ਖੇਤਰ ਦਾ ਮਾਣਯੋਗ ਹਿੱਸਾ ਹੈ, ਨੇੜੇ ਹੀ ਲੜੀ ਪਰ ਇਸ ਨੂੰ ਜੰਮੂ ਦੇ ਕੋਲ ਪੈਂਦਾ ਹੋਣ ਕਰਕੇ ਬਾਬਾ ਬੰਦਾ ਸਿੰਘ ਦਾ ਇਧਰ ਆਉਣਾ ਵਿਸਾਰ ਦਿੱਤਾ ਜਾਂਦਾ ਹੈ ਪਰ ਇਸ ਪਿੱਛੋਂ ਜਿੰਨੀਆਂ ਵੀ ਰਾਜਸੀ ਮਹੱਤਵ ਦੀਆਂ ਲੜਾਈਆਂ ਅਤੇ ਹੋਰ ਘਟਨਾਵਾਂ ਹੋਈਆਂ, ਉਹ ਵਧੇਰੇ ਕਰਕੇ ਮਾਝੇ ਦੇ ਇਲਾਕੇ ਵਿਚ ਹੀ ਹੋਈਆਂ। ਇਸ ਦਾ ਮੁੱਖ ਕਾਰਣ ਲਾਹੌਰ ਦਾ ਏਸ ਖੇਤਰ ਵਿਚ ਹੋਣਾ ਸੀ।

ਅੰਮ੍ਰਿਤਸਰ ਲਾਹੌਰ ਤੋਂ 25-30 ਮੀਲਾਂ ਦੀ ਦੂਰੀ ਉਤੇ ਹੈ ਅਤੇ ਸਿੱਖਾਂ ਦੀ ਰਾਜਧਾਨੀ ਰਿਹਾ ਹੈ। ਅਠਾਰਵੀਂ ਸਦੀ ਦੇ ਸਾਰੇ ਫੈਸਲੇ ਏਸੇ ਧਰਤੀ ਤੇ ਹੋਏ : ਮਿਸਲਾਂ ਵੀ ਏਥੇ ਹੀ ਬਣੀਆਂ, ਦੀਵਾਲੀ ਅਤੇ ਵੈਸਾਖੀ ਦੇ ਜੋੜ ਮੇਲੇ ਵੀ ਏਥੇ ਹੀ ਲਗਣ ਲਗ ਪਏ। ਇਸ ਲਈ ਸਰਬੱਤ ਖਾਲਸਾ ਸੰਮੇਲਨਾਂ ਦਾ ਵੀ ਇਹੀ ਕੇਂਦਰ ਬਣ ਗਿਆ। ਅਬਦਾਲੀ ਦੇ ਹਮਲੇ ਲਾਹੌਰ ਦੇ ਰਸਤਿਉਂ ਹੀ ਹੁੰਦੇ ਰਹੇ । ਇਸ ਲਈ ਲਾਹੌਰ ਅਤੇ ਅੰਮ੍ਰਿਤਸਰ ਵਧੇਰੇ ਰਾਜਸੀ ਸਰਗਰਮੀਆਂ ਦੇ ਕੇਂਦਰ ਰਹੇ।ਮਿਸਲਾਂ ਨੇ ਆਪਣੇ ਪਹਿਲੇ ਕਬਜ਼ੇ ਮਾਝੇ ਅਤੇ ਪੱਛਮੀ ਪੰਜਾਬ ਦੇ ਇਲਾਕਿਆਂ ਉਤੇ ਹੀ ਕੀਤੇ। ਵਧੇਰੇ ਸ਼ਕਤੀਸ਼ਾਲੀ ਮਿਸਲਾਂ ਸ਼ੁਕਰਚੱਕੀਆ, ਭੰਗੀਆਂ, ਰਾਮਗੜੀਆ ਅਤੇ ਆਹਲੂਵਾਲੀਆ ਮੰਨੀਆਂ ਜਾਂਦੀਆਂ ਹਨ ਭਾਵੇਂ ਕਿ ਕਨਈਆ, ਨਕਈਆ, ਸਿੰਘਪੁਰੀਆ, ਸ਼ਹੀਦਾਂ, ਨਿਸ਼ਾਨਾਂਵਾਲੀਆਂ, ਡੱਲੇਵਾਲੀਆ ਅਤੇ ਕਰੋੜਸਿੰਘੀਆ ਨੇ ਵੀ ਮਾਰਾ ਮਾਰੀ ਵਿਚ ਕੋਈ ਕਸਰ ਨਹੀਂ ਛੱਡੀ।

ਮਿਸਲਾਂ 1748 ਈ. ਵਿਚ ਬਣਾਈਆਂ ਗਈਆਂ। 1752 ਈ. ਵਿਚ ਜਦੋਂ ਮੀਰ ਮੰਨੂੰ ਨੇ ਅੰਮ੍ਰਿਤਸਰ ਦੀ ਜਾਗੀਰ ਜ਼ਬਤ ਕੀਤੀ, ਮਿਸਲਾਂ ਸਿੱਧੀ ਟੱਕਰ ਲੈਣ ਜੋਗੀ ਸ਼ਕਤੀ ਹਾਸਲ ਕਰ ਚੱਕੀਆਂ ਸਨ। ਸਰਹਿੰਦ ਤੇ ਸਿੱਖਾਂ ਦਾ ਪਹਿਲਾ ਕਬਜ਼ਾ 1764 ਈ. ਵਿਚ ਹੋਇਆ। ਲਾਹੌਰ ਤੋਂ ਨਾਨਕਸ਼ਾਹੀ ਸਿੱਕਾ 1765 ਈ. ਵਿਚ ਜਾਰੀ ਹੋਇਆ ਅਤੇ 1766 ਈ. ਦੇ ਆਖੀਰ ਤਕ ਵਿਉਹਾਰਕ ਤੌਰ ਤੇ ਸਿੱਖ ਸਾਰੇ ਪੰਜਾਬ ਉਤੇ ਕਾਬਜ਼ ਸਨ। ਰਣਜੀਤ ਸਿੰਘ ਦੇ ਜਨਮ ਸਮੇਂ ਇਹੀ ਸਥਿਤੀ ਸੀ।


ਸ਼ੁਕਰਚੱਕੀਆ ਮਿਸਲ ਦਾ ਰੁਹਤਾਸ, ਧੰਨੀ, ਪੋਠੋਹਾਰ, ਚੱਕਵਾਲ, ਜਲਾਲਪੁਰ, ਸਈਦਪੁਰ, ਪਿੰਡ ਦਾਦਨ ਖਾਂ, ਮਿਆਣੀ ਆਦਿ ਉਤੇ ਕਬਜ਼ਾ ਸੀ।

ਭੰਗੀ ਮਿਸਲ ਦਾ ਲਾਹੌਰ ਤੇ ਕਬਜ਼ਾ ਸੀ। ਉਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦਾ ਆਸਪਾਸ, ਛੀਨਾ (ਬਾਰੀ ਦੁਆਬ), ਕਾਲੇਵਾਲਾ, ਅਲਾਹ, ਪਨਵਾਨਾ, ਚੱਕ ਰਾਮਦਾਸ, ਚੌਬਾਰਾ (ਸਿਆਲਕੋਟ), ਫੀਰੋਜ਼ਕੇ, ਕਾਲਾਕੇ, ਬਜਰਾ (ਦੁਆਬ ਰਚਨਾ), ਗੁਜਰਾਤ, ਬੂੜੀਆ, ਦਿਆਲਗੜ੍ਹ, ਜਗਾਧਰੀ, ਦਾਦੂਪੁਰ, ਖਰਵਾਨ, ਦਾਮਲਾ, ਫਿਰੋਜ਼ਪੁਰ, ਖਾਈ ਵਾਂ, ਵਜੀਦਪੁਰ (ਸੂਬਾ ਸਰਹਿੰਦ) ਆਦਿ ਇਲਾਕਿਆਂ ਉਤੇ ਆਪਣਾ ਕਬਜ਼ਾ ਕੀਤਾ ਹੋਇਆ ਸੀ। ਇਹ ਮਿਸਾਲ ਸਭ ਤੋਂ ਮਜ਼ਬੂਤ ਮੰਨੀ ਜਾਂਦੀ ਸੀ।ਰਾਮਗੜੀਆ ਮਿਸਲ ਨੇ ਦੁਆਬੇ (ਜਲੰਧਰ) ਵਿਚ ਮਿਆਣੀ, ਸਿਤਰੀ, ਮਗਲਾ, ਉੜਮੁੜ ਟਾਂਡਾ, ਮੇਘੋਵਾਲ, ਮਨੀਵਾਲ, ਦਬਵਨ, ਝੋੜਾ, ਮੁਕੰਦਪੁਰ, ਸਰੀਹਾ ਅਤੇ ਬਾਰੀ ਦੁਆਬ ਵਿਚ ਬਟਾਲਾ, ਦੀਨਾ ਨਗਰ, ਕਲਾਨੌਰ, ਕਾਦੀਆਂ, ਸ੍ਰੀ ਹਰਿਗੋਬਿੰਦਪੁਰਾ, ਮੱਤੇਵਾਲ, ਘੁਮਾਣ ਆਦਿ ਥਾਵਾਂ ਤੇ ਕਬਜ਼ਾ ਕੀਤਾ ਹੋਇਆ ਸੀ।

ਕਨ੍ਹਈਆ ਮਿਸਲ ਕੋਲ ਦੁਆਬਾ ਜਲੰਧਰ ਵਿਚ ਹਾਜੀਪੁਰ, ਮੁਕੇਰੀਆਂ, ਕਰੋਟ, ਬਟਾਲਾ ਪਰਗਣੇ ਦੇ ਕੁਝ ਪਿੰਡ (ਪੜੋਲ, ਘਰੋਟਾ, ਤਾਰਾਗੜ੍ਹ, ਅਦਾਲਤ ਗੜ੍ਹ, ਨੰਗਲ ਭੂਰ, ਗੁਰਦਾਸਪੁਰ, ਫਤਹਿਗੜ੍ਹ, ਸ਼ਕਰਗੜ੍ਹ, ਸੋਹੀਆਂ ਗਿਲਵਾਲੀ, ਪੰਜ ਗਰਾਈਂ), ਬਾਰੀ ਦੁਆਬ ਦੇ ਸੁਜਾਨਪੁਰ ਸਕਾਲਗੜ੍ਹ, ਪਲਾਹੀ, ਧਰਮਕੋਟ, ਬਹਿਰਾਮਪੁਰ, ਦੁਆਬਾ ਰਚਨਾ ਦੇ ਸੰਭੜਿਆਲ, ਸਤਰਾਹ, ਮਲਕਾਂ ਵਾਲੀ, ਸਿਰਾਂਵਾਲੀ, ਨੁਨਾਰ ਆਦਿ ਇਲਾਕਿਆਂ ਦਾ ਕਬਜ਼ਾ ਸੀ। 

ਮਿਸਲ ਫੂਲਕੀਆਂ ਨੇ ਮੁੱਖ ਤੌਰ ਤੇ ਮਾਲਵੇ ਇਲਾਕੇ ਉਤੇ ਟੇਕ ਰੱਖੀ। ਇਹ ਇਲਾਕਾ ਪਛੜਿਆ ਹੋਇਆ ਸੀ। ਇਥੇ ਸੰਚਾਈ ਦੇ ਸਾਧਨ ਨਹੀਂ ਸਨ। ਦਰਿਆ ਵੀ ਕੋਈ ਨਹੀਂ ਸੀ। ਇਸ ਲਈ ਜਮੀਨ ਉਪਜਾਊ ਨਹੀਂ ਸੀ। ਇਲਾਕਾ ਨਿਵਾਸੀਆਂ ਵਿਚ ਮਰਨ ਮਾਰਨ ਦੀ ਭਾਵਨਾ ਵਧੇਰੇ ਸੀ। ਖੋਹ ਖਿੰਝ ਵੀ ਆਮ ਸੀ। ਇਸ ਇਲਾਕੇ ਨੂੰ ਪਹਿਲੀ ਵਾਰ ਛੇਵੇਂ ਪਾਤਸ਼ਾਹ ਨੇ ਭਾਗ ਲਾਇਆ ਸੀ। ਉਥੇ ਉਨ੍ਹਾਂ ਨੇ ਜੰਗ ਵੀ ਲੜੀ। ਸਤਵੇਂ ਅਤੇ ਨੌਵੇਂ ਪਾਤਸ਼ਾਹ ਵੀ ਮਾਲਵੇ ਵਿਚ ਪ੍ਰਚਾਰ ਹਿਤ ਗਏ। ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਫੂਲ ਅਤੇ ਸੰਦਾਲੀ ਉਤੇ ਬਖਸ਼ਿਸ਼ ਕੀਤੀ। ਉਨ੍ਹਾਂ ਦੀ ਔਲਾਦ ਨੇ ਵੀ ਫੂਲਕਿਆਂ ਮਿਸਲ ਨੂੰ ਬਣਾਇਆ ਅਤੇ ਚਲਾਇਆ। ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਅਤੇ ਕਲਸੀਆਂ ਰਿਆਸਤਾਂ ਸਭ ਫੂਲਕਿਆਂ ਦੀਆਂ ਹੀ ਹਨ। ਉਹ ਸਤਲੁਜ਼ ਦਰਿਆ ਤੋਂ ਉਰਾਰ ਨਹੀਂ ਆਏ, ਸਗੋਂ ਉਨ੍ਹਾਂ ਆਪਣੇ ਆਪ ਨੂੰ ਮਾਲਵਾ ਅਤੇ ਦਿੱਲੀ ਵਲ ਜਾਂਦੇ ਖੇਤਰਾਂ ਤਕ ਹੀ ਸੀਮਤ ਰੱਖਿਆ। ਮੁਗਲਾਂ ਸਮੇਂ ਵੀ ਸਰਹਿੰਦ ਵੱਖਰਾ ਸੂਬਾ ਸੀ। ਮਹਾਰਾਜਾ ਰਣਜੀਤ ਸਿੰਘ ਇਸ ਇਲਾਕੇ ਨੂੰ ਪੰਜਾਬ ਵਿਚ ਸ਼ਾਮਲ ਨਹੀਂ ਕਰ ਸਕਿਆ ਸੀ। ਅੰਗਰੇਜੀ ਰਾਜ ਸਮੇਂ ਵੀ ਰਿਆਸਤਾਂ ਨੂੰ ਅੰਗਰੇਜੀ ਰਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਸੀ। ਇਨ੍ਹਾਂ ਦਾ ਭਾਰਤੀ ਸੰਘ ਵਿਚ ਮਿਲਾਣ ਆਜ਼ਾਦੀ  ਤੋਂ ਪਿਛੋਂ ਹੋਇਆ। ਪੰਜਾਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਦਾ ਗਠਨ ਕੀਤਾ ਗਿਆ। ਮਹਾਰਾਜਾ ਪਟਿਆਲਾ ਇਸ ਦੇ ਪ੍ਰਮੁੱਖ ਬਣੇ। ਪੈਪਸੂ ਨੂੰ 1958 ਈ. ਵਿਚ ਪੰਜਾਬ ਨਾਲ ਮਿਲਾਇਆ ਗਿਆ।

ਅਬਦਾਲੀ ਵਲੋਂ ਮੁਗਲ ਰਾਜ ਨੂੰ ਢਾਹ ਲਾਉਣ ਨਾਲ ਜੋ ਖਲਾਅ ਪੈਦਾ ਹੋਇਆ ਸੀ; ਮਿਸਲਾਂ ਨੇ ਉਸ ਨੂੰ ਭਰਿਆ। ਮਿਸਲਾਂ ਪੰਜਾਬ ਦੀਆਂ ਮਾਲਕ ਸਨ। ਹਜ਼ਾਰਾਂ ਸਾਲਾਂ ਪਿਛੋਂ ਉਨ੍ਹਾਂ ਨੇ ਧਰਤੀ ਪੁੱਤਰਾਂ ਦਾ ਰਾਜ ਪੰਜਾਬ ਵਿਚ ਲਿਆਂਦਾ ਪਰ ਕੋਈ ਵੀ ਮਿਸਲ ਕੋਈ ਆਦਰਸ਼ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਵਿਚੋਂ ਕੋਈ ਵੀ ਠੋਸ ਰਾਜ ਪ੍ਰਬੰਧ ਨਹੀਂ ਕਰ ਸਕੀ। ਮਿਸਲਦਾਰ ਅਤੇ ਉਨ੍ਹਾਂ ਦੇ ਸਾਥੀ ਸਰੂਪ ਵਲੋਂ ਸਿੱਖ ਸਨ, ਨਾਂ ਵੀ ਉਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦਾ ਲੈਂਦੇ ਸਨ। ਸਿੱਕੇ ਵੀ ਉਨ੍ਹਾਂ ਅਕਸਰ ਇਸੇ ਨਾਂ ਤੇ ਚਲਾਏ ਪਰ ਉਨ੍ਹਾਂ ਦੀ ਸੋਚ ਵਿਚ ਗੁਰਮਤਿ ਨਹੀਂ ਸੀ। ਮਿਸਲਦਾਰ ਆਣੇ ਆਪ ਨੂੰ ਰਾਜੇ, ਮਹਾਰਾਜੇ ਵਜੋਂ ਸਥਾਪਤ ਕਰਨ ਦੇ ਯਤਨਾਂ ਵਿਚ ਲੱਗ ਗਏ। ਵੱਧ ਤੋਂ ਵੱਧ ਇਲਾਕਾ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕਰਨਾ ਉਨ੍ਹਾਂ ਦਾ ਮਕਸਦ ਰਿਹਾ। ਇਸ ਲਈ ਉਹ ਆਪਸ ਵਿਚ ਯੁੱਧ ਕਰਨ ਤਕ ਵੀ ਗਏ। ਜੰਮੂ ਦੇ ਝਗੜੇ ਵਿਚ ਤਾਂ ਗੁਰਬਖਸ਼ ਸਿੰਘ ਕਨ੍ਹਈਆ ਮਾਰਿਆ ਗਿਆ।

ਉਨ੍ਹਾਂ ਮੁਗਲਾਂ ਅਤੇ ਅਫਗਾਨਾਂ ਦੇ ਰਾਜ ਪ੍ਰਬੰਧ ਦਾ ਹੀ ਨਕਲ ਕੀਤੀ। ਅਫਰਾ ਤਫਰੀ ਕਿਉਂਕਿ ਚਲਦੀ ਰਹੀ, ਇਸ ਲਈ ਕੋਈ ਠੋਸ ਪ੍ਰਬੰਧ ਨਹੀਂ ਹੋ ਸਕਿਆ।

ਅਹਿਮਦ ਸ਼ਾਹ ਅਬਦਾਲੀ ਦੀ ਮੌਤ ਪਿਛੋਂ ਉਸ ਦੇ ਵਾਰਸਾਂ ਨੇ ਪੰਜਾਬ ਉਤੇ ਆਪਣੇ ਅਧਿਕਾਰ ਨੂੰ ਛੱਡਿਆ ਨਹੀਂ। ਉਸ ਦੇ ਪੁੱਤਰ ਤੈਮੂਰ ਸ਼ਾਹ ਨੇ 1775 ਈ., 1779 ਈ., 1708 ਈ., 1785 ਈ. ਅਤੇ 1788 ਈ ਵਿਚ ਪੰਜਾਬ ਉਤੇ ਹਮਲੇ ਕੀਤੇ। ਪਹਿਲੇ ਹਮਲੇ ਸਮੇਂ ਉਸ ਨੂੰ ਪੇਸ਼ਾਵਰ ਵਿਚ ਕਤਲੇਆਮ ਦਾ ਹੁਕਮ ਦਿੱਤਾ। ਨਤੀਜੇ ਵਜੋਂ ਛੇ ਹਜ਼ਾਰ ਲੋਕ ਮੌਤ ਦੀ ਘਾਟ ਉਤਾਰ ਦਿੱਤੇ ਗਏ। ਤੀਸਰੇ ਹਮਲੇ ਸਮੇਂ ਉਸ ਮੁਲਤਾਨ ਤੇ ਕਬਜ਼ਾ ਕਰ ਲਿਆ।

ਤੈਮੂਰ ਸ਼ਾਹ ਪਿੱਛੋਂ ਸ਼ਾਹ ਜ਼ਮਾਨ ਨੇ ਹਮਲੇ ਕਰਨੇ ਜਾਰੀ ਰੱਖੇ। ਇਨ੍ਹਾਂ ਦਾ ਮੁਕਾਬਲਾ ਤਾਂ ਰਣਜੀਤ ਸਿੰਘ ਨੂੰ ਵੀ ਕਰਨਾ ਪਿਆ।

ਅਜਿਹੀਆਂ ਸਥਿਤੀਆਂ ਵਿਚ ਰਣਜੀਤ ਸਿੰਘ ਦਾ ਜਨਮ ਹੋਇਆ।

  ਸਮਕਾਲੀ ਸਰੋਕਾਰ .

ਅੱਜ ਮੈਲਬੋਰਨ ਤੋ ਚੱਲਦੇ ਪੰਜਾਬੀ ਦੇ ਰੇਡਿਓ "ਕੋਮੀ ਅਵਾਜ" ਦੇ ਇੱਕ ਪ੍ਰੋਗਰਾਮ "ਸਵੇਰ ਦੀ ਸਭਾ" ਵਿੱਚ ਇੱਕ ਵਿਚਾਰ ਚਰਚਾ ਚੱਲਦੀ ਸੀ ਕਿ ਆਸਟਰੇਲੀਆ ਦੀ ਸਰਕਾਰ ਵਿੱਚ ਆਪਣੇ ਭਾਈਚਾਰੇ ਦੀ ਪਹੁੰਚ ਕਿਵੇਂ ਬਣਾਈ ਜਾਵੇ ਭਾਵ ਕਿ ਆਪਣੇ ਭਾਈਚਾਰੇ ਦੀ ਹਰ ਗੱਲ ਸਰਕਾਰੇ ਦਰਬਾਰੇ ਕਿਵੇਂ ਦੱਸੀ ਜਾਵੇ , ਪੜਿਆਂ ਲਿਖਿਆਂ ਦੀ ਬੋਲੀ ਵਿੱਚ ਕਿ ਸਰਕਾਰੇ ਦਰਬਾਰੇ LOBBY ਕਿਵੇਂ ਬਣਾਈ ਜਾਵੇ ?
ਇਸ ਸਾਰੀ ਗੱਲਬਾਤ ਦੋਰਾਨ ਕਾਲਰਾਂ ਵੱਲੋ ਸਾਰਾ ਨਜਲਾ 30 , 40 ਸਾਲ ਪਹਿਲਾ ਆਸਟਰੇਲੀਆ ਆਏ ਪੰਜਾਬੀ ਭਾਈਚਾਰੇ ਤੇ ਸੁਟਿਆ ਜਾ ਰਿਹਾ ਸੀ ਚਲੋ ਮੰਨ ਲੈਨੇ ਆ ਕਿ 30 , 40 ਸਾਲ ਪਹਿਲਾ ਆਇਆ ਭਾਈਚਾਰਾ ਤੁਹਾਡੇ {ਵਿਦਿਆਰਥੀ} ਨਾਲੋ ਬਹੁਤ ਘੱਟ ਪੜਿਆ ਲਿਖਿਆ ਹੈ ਜਾਂ ਕਹਿ ਲਓ ਕਿ ਕੁਝ ਸੱਜਣ ਤਾਂ ਬਿਲਕੁਲ ਹੀ ਪੜਾਈ ਪੱਖੋ ਕੋਰੇ ਹਨ ।
ਪਰ ਵਿਦਿਆਰਥੀ ਵੀਰੋ, ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਤੁਹਾਨੂੰ ਵੀ ਇਸ ਦੇਸ਼ ਵਿੱਚ ਆਇਆਂ 10 ਤੋ 15 ਸਾਲ ਦਾ ਸਮਾ ਹੋ ਗਿਆ ਹੈ ਤੁਸੀ ਦੱਸੋ ਭਲਾ ਕਿਹੜਾ ਕੱਦੂ ਚ ਤੀਰ ਮਾਰ ਲਿਆ ਹੈ ? ਤੁਸੀ ਸਰਕਾਰੇ ਦਰਬਾਰੇ LOBBY ਬਣਾਉਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ ? ਮੈਨੂੰ ਤੇ ਕੋਈ ਕੋਸ਼ਿਸ਼ ਦਿਸੀ ਨਹੀ ਜੇ ਤੁਹਾਡੇ ਵੱਲੋ ਕੋਈ ਉਪਰਾਲਾ ਕੀਤਾ ਗਿਆ ਤਾਂ ਜਾਣਕਾਰੀ ਚ ਵਾਧਾ ਜਰੂਰ ਕਰਨਾ ?
ਅਗਲੀ ਗੱਲ ਇਹ ਜੋ ਕਿ ਬਹੁਤ ਧੜੱਲੇ ਨਾਲ ਆਖੀ ਜਾ ਰਹੀ ਹੈ ਕਿ ਪੁਰਾਣੇ ਆਏ ਭਾਈਚਾਰੇ ਨੇ ਗੁਰਦੁਆਰਿਆ ਦੀਆਂ ਕਮੇਟੀਆ ਤੇ ਕਬਜਾ ਕੀਤਾ ਹੋਇਆ ਹੈ ਜਾਂ ਕਹਿ ਲਈਏ ਕਿ ਉਹ ਹੱਥ ਆਈ ਤਾਕਤ ਜਾਂ ਮਾਇਆ ਛੱਡਣੀ ਨਹੀ ਚਾਹੁੰਦੇ ਪਰ ਇੱਥੇ ਇਹ ਵੀ ਜਿਕਰਯੋਗ ਹੈ ਕਿ ਹੱਥ ਆਈ ਤਾਕਤ ਕੋਈ {ਵਿਦਿਆਰਥੀ , ਪੁਰਾਣਾ ਭਾਈਚਾਰਾ} ਵੀ ਨਹੀ ਛੱਡਣੀ ਚਾਹੁੰਦਾ ਕਿਉ ? ਕਿਉਕਿ ਹਰ ਵਿਅੱਕਤੀ ਕਹਿੰਦਾ ਹੈ ਕਿ ਇਹ ਚੀਜ ਮੈਂ ਸ਼ੂਰੁ ਕੀਤੀ ਹੈ ? ਇਸ ਨੂੰ ਸ਼ੂਰੁ ਕਰਨ ਲਈ ਮੈਂ ਏਨੀ ਮਿਹਨਤ ਕੀਤੀ ਹੈ ? ਇੱਥੇ ਮੈਂ ਜੋ ਚਾਹਾਂਗਾ ਉਹ ਹੀ ਹੋਵੇਗਾ ।
ਉਦਾਹਰਣ ਦੇ ਤੋਰ ਤੇ ਇਸ "ਕੋਮੀ ਅਵਾਜ ਰੇਡਿਓ" ਨੂੰ ਹੀ ਲੈ ਲਓ ਜੋ ਤਾਕਤ ਇਹਨਾਂ ਦੇ ਪ੍ਰਬੰਧਕ ਢਾਂਚੇ ਪਾਸ ਹੈ । ਇਹ ਹੋਰ ਕਿਸੇ ਨੂੰ ਦੇ ਕੇ ਰਾਜੀ ਨਹੀ । ਇਸ 24 ਘੰਟੇ ਚੱਲਣ ਵਾਲੇ ਰੇਡਿਓ ਦੇ ਸ਼ੂਰੁ ਹੋਣ ਦੇ ਮੁਢਲੇ ਸਾਲਾਂ ਦੋਰਾਨ ਦਾਸ ਵੀ ਖੁਸ਼ੀ ਵਿੱਚ ਖੀਵਾ ਹੋਇਆਂ ਫਿਰਦਾ ਸੀ ਕਿ ਚਲੋ ਧਰਮ ਨੂੰ ਪ੍ਰਣਾਏ ਹੋਏ ਨੋਜਵਾਨਾ ਦੇ ਹੱਥ ਇਸ ਰੇਡਿਓ ਦੀ ਕਮਾਨ ਹੈ , ਗੁਰੂ ਸਾਹਿਬਾਨ ਦੇ ਸਿੱਖ ਧਰਮ ਦੇ ਪ੍ਰਚਾਰ ਕਰਨ ਦੇ ਦਿੱਤੇ ਹੋਏ ਸਿਧਾਂਤ ਅਨੁਸਾਰ ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਸੁਣਨ ਨੂੰ ਮਿਲਿਆ ਕਰਨਗੀਆ , ਪ੍ਰਬੰਧਕਾਂ ਨੂੰ ਜਦੋ ਬੇਨਤੀ ਕੀਤੀ ਕਿ ਤੁਸੀ ਕਦੇ-2 ਇੱਕ ਜਾਂ ਦੋ ਵਾਰਾਂ ਤਾਂ ਸੁਣਾ ਦਿੰਦੇ ਹੋ , ਤੁਹਾਡੇ ਕੋਲ 24 ਘੰਟੇ ਦਾ ਸਮਾ ਹੈ ਇੱਕ ਦੋ ਸਾਕੇ {ਸਾਕੇ ਦੀ ਲੰਬਾਈ ਇੱਕ ਘੰਟਾ ਜਾਂ ਘੰਟਾ ਦਸ ਮਿੰਟ ਹੁੰਦੀ ਹੈ} ਸੁਣਾ ਦਿਆ ਕਰੋ ਤਾਂ ਅੱਗੋ ਜਵਾਬ ਮਿਲਿਆ ਕਿ ਭਾਜੀ ਯੂਟਿਊਬ ਤੇ ਬਥੇਰੇ ਸਾਕੇ ਪਏ ਨੇ , ਸੁਣ ਲਿਆ ਕਰੋ , ਮੈ ਫਿਰ ਬੇਨਤੀ ਕੀਤੀ ਕਿ ਮੈਂ ਆਪਣੇ ਨਾਲ-2 ਉਹਨਾਂ ਨੋਜਵਾਨਾਂ ਦੀ ਵੀ ਗੱਲ ਕਰਦਾਂ ਹਾ ਜਿਹਨਾਂ ਨੇ ਬਹੁਤੇ ਇਤਿਹਾਸਿਕ ਸਾਕੇ ਕਦੀ ਸੁਣੇ ਨਹੀ ਫਿਰ ਵੀ ਉਹ ਹੀ ਜਵਾਬ ਮਿਲਿਆਂ ਤਾਂ ਸਤਿ ਬਚਨ ਆਖਕੇ ਅਸੀ ਭਾਣਾ ਮਿੱਠਾ ਕਰਕੇ ਮੰਨ ਲਿਆਂ ।
ਇਸੇ ਤਰਾਂ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਵਤੀਰਾ ਹੈ ਉਹ ਵੀ ਆਪਣੇ ਤੋ ਵੱਖਰੀ ਸੋਚ ਰੱਖਣ ਵਾਲੇ ਨੋਜਵਾਨਾ ਨੂੰ ਗੁਰਦੁਆਰੇ ਦੀ ਮੈਂਬਰਸ਼ਿਪ ਨਹੀ ਦਿੰਦੇ , ਹਜਾਰ-2 ਡਾਲਰ ਮੈਂਬਰਸ਼ਿਪ ਫੀਸ ਰੱਖੀ ਹੋਈ ਹੈ , ਮਤਲਬ ਕਿ ਸਾਡੇ ਹੱਥੋ ਤਾਕਤ ਨਿੱਕਲ ਕੇ ਕਿਸੇ ਹੋਰ ਹੱਥ ਨਾ ਚਲੀ ਜਾਵੇ ? ਤੇ ਦੂਸਰੇ ਪਾਸੇ ਮਿਲੀਅਨ-2 ਡਾਲਰਾਂ ਦੀਆਂ ਖਾਲੀ ਜਮੀਨਾ ਲੈ ਕੇ ਰੱਖੀਆ ਹੋਈਆ ਹਨ ।
"100
ਹੱਥ ਰੱਸਾ ਸਿਰੇ ਤੇ ਗੰਢ" ਅਨੁਸਾਰ ਵੇਖਦੇ ਹਾਂ ਸਰਕਾਰੇ ਦਰਬਾਰੇ LOBBY ਕੋਣ ਪਹਿਲਾਂ ਕਰਦਾ ਹੈ ਪੁਰਾਣਾ ਭਾਈਚਾਰਾ ਜਾਂ ਨਵਾਂ ਭਾਈਚਾਰਾ ? ਜਾਂ ਫਿਰ ਦੋਵੇਂ ਰਲਕੇ ,
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਰਲ ਮਿਲਕੇ ਇਸ ਕਾਰਜ ਨੂੰ ਨੇਪਰੇ ਚਾੜਨ ।।

  ਗੁਰੂ ਕਾਲ .

ਸਾਡਾ ਰਹਿਬਰ 

ਜਨਚੇਤਨਾ ਪਰਿਵਾਰ, ਸਮੇਂ, ਇਲਾਕੇ, ਸਮਾਜ, ਧਰਮ ਆਦਿ ਦੇ ਭੇਦ ਭਾਵ ਬਿਨਾਂ, ਮਾਨਵਤਾ ਦੇ ਕਲਿਆਣ ਲਈ ਸਰਗਰਮ ਹਰੇਕ ਮਹਾਪੁਰਸ਼ ਦਾ ਸਤਿਕਾਰ ਕਰਦਾ ਹੈ ਅਤੇ ਹਰੇਕ ਮਹਾਪੁਰਖ ਦੀ ਕਿਸੇ ਨਾ ਕਿਸੇ ਵਡਿਆਈ, ਵਿਚਾਰ ਨੂੰ ਅਸੀਂ ਧੰਨਵਾਦ ਸਹਿਤ ਅਪਨਾਇਆ ਹੈ ਪਰ ਮਿਸ਼ਨ ਜਨਚੇਤਨਾ ਦਾ ਰਹਿਬਰ, ਨਿਰਸੰਦੇਹ ਗੁਰੂ (ਬਾਬਾ) ਨਾਨਕ (1469-1539 ਈ.) ਹੈ। ਮਿਸ਼ਨ ਜਨਚੇਤਨਾ ਦਾ ਸੰਕਲਪ, ਵਿਚਾਰਧਾਰਾ ਅਤੇ ਕਾਰਜਸ਼ੈਲੀ ਵਧੇਰੇ ਕਰਕੇ ਉਨਾਂ ਦੇ ਜੀਵਨ ਅਤੇ ਬਾਣੀ ਦੀ ਦੇਣ ਹਨ।

ਗੁਰੂ ਨਾਨਕ ਦੇਵ ਜੀ ਦਾ ਜਨਮ 17 ਅਪਰੈਲ, 1469 ਈਸਵੀ ਦੇ ਦਿਨ ਪੱਛਮੀ ਪੰਜਾਬ ਦੀ ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਅਤੇ ਜੋ ਅੱਜ ਦੇ ਪਾਕਿਸਤਾਨ ਵਿਚ ਹੈ, ਹੋਇਆ। ਰਵਾਇਤੀ ਕਾਰਣਾਂ ਕਰਕੇ ਗੁਰੂ ਜੀ ਦਾ ਪ੍ਕਾਸ਼ ਪੁਰਬ ਨਵੰਬਰ (ਇਸ ਵਾਰ ਛੇ ਨਵੰਬਰ) ਵਿਚ ਮਨਾਇਆ ਜਾਂਦਾ ਹੈ। ਅਸੀਂ ਦੋਵੇਂ ਦਿਨ ਆਪਣੇ ਰਹਿਬਰ ਦੀ ਵਿਲੱਖਣ ਦੇਣ ਨੂੰ ਸਮਰਪਿਕ ਕਰਦੇ ਹਾਂ।

ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਦਾਸ ਜੀ ਸਰਕਾਰੀ ਅਧਿਕਾਰੀ (ਪਟਵਾਰੀ) ਸਨ ਅਤੇ ਘਰ ਦੀ ਜ਼ਮੀਨ ਵੀ ਖੁੱਲੀ ਸੀ।  ਗੁਰੂ ਜੀ ਪੁੱਤਰ ਵੀ ਇਕਲੌਤੇ ਸਨ। ਇਸ ਲਈ ਉਨਾਂ ਦੀ ਪਾਲਣਾ ਪੋਸਣਾ  ਸ਼ਾਹੀ ਢੰਗ ਨਾਲ ਹੋਈ। ਉਨਾਂ ਨੂੰ ਉਰਦੂ, ਅਰਬੀ, ਫਾਰਸੀ, ਸੰਸਕਿ੍ਤ ਆਦਿ ਦੀ ਪੜਾਈ ਲਈ ਵੱਖ ਵੱਖ ਸੰਸਥਾਵਾਂ ਵਿਚ ਭੇਜਿਆ ਗਿਆ। ਪਿਤਾ ਜੀ ਉਨਾਂ ਨੂੰ ਵੱਡਾ ਅਫਸਰ ਬਨਾਉਣਾ ਚਾਹੁੰਦੇ ਸਨ। ਆਪਣੀ ਮਿਹਨਤ, ਲਗਨ ਅਤੇ ਜ਼ਹੀਨ ਦਿਮਾਗ ਸਦਕਾ ਉਹ ਬਹੁਤ ਵੱਡੇ ਵਿਦਵਾਨ ਬਣ ਗਏ। ਉਨਾਂ ਦੀ ਉਚਾਰਣ ਕੀਤੀ ਬਾਣੀ ਪੜਣ ਤੋਂ ਉਨਾਂ ਦੀ ਭਾਸ਼ਾਈ ਵਿਵਧਤਾ, ਸਭਿਆਚਾਰਕ ਜਾਣਕਾਰੀ ਅਤੇ ਸੰਗੀਤ ਦੇ ਗਿਆਨ ਦਾ ਪਤਾ ਲਗਦਾ ਹੈ। ਉਨਾਂ ਦੀਆਂ ਟਿੱਪਣੀਆਂ ਦਾਰਸ਼ਨਿਕ ਅਤੇ ਮੌਲਿਕ ਹਨ।

ਵਿੱਦਿਆ ਪੂਰੀ ਕਰਨ ਪਿਛੋਂ ਉਹ ਆਪਣੇ ਭੈਣ-ਭਣਵੱਈਏ ਕੋਲ ਸੁਲਤਾਨਪੁਰ ਲੋਧੀ ਆ ਗਏ ਜਿਥੇ ਉਨਾਂ ਦੀ ਨਿਯੁਕਤੀ ਨਵਾਬ ਦੇ ਮੋਦੀਖਾਨੇ ਦੇ ਇੰਚਾਰਜ ਵਜੋਂ ਹੋ ਗਈ।

ਸਰਕਾਰੀ ਅਫਸਰ ਦੇ ਪਰਿਵਾਰ ਵਿਚੋਂ ਹੋਣ ਕਰਕੇ, ਉਂਝ ਤਾਂ, ਗੁਰੂ ਨਾਨਕ ਦੇਵ ਜੀ ਸ਼ੁਰੂ ਤੋਂ ਅਧਿਕਾਰੀਆਂ ਅਤੇ ਉਨਾਂ ਦੇ ਸੰਪਰਕ ਵਿਚ ਆਉਂਦੀ ਖਲਕਤ ਨਾਲ ਜੁੜੇ ਹੋਏ ਸਨ ਪਰ ਸੁਲਤਾਨਪੁਰ ਵਿਖੇ ਉਨਾਂ ਨੂੰ ਹਾਕਮਾਂ ਵਲੋਂ ਕੀਤੇ ਜਾਂਦੇ ਜ਼ੋਰ ਜਬਰ, ਪਾਖੰਡ ਅਤੇ ਜਨਤਾ ਦੀ ਬਦਹਾਲੀ ਨੇੜਿਉਂ ਵੇਖਣ ਦਾ ਖੁੱਲਾ ਮੌਕਾ ਮਿਲਿਆ। ਉਨਾਂ ਨੇ ਇਸ ਸਭ ਦਾ ਡੂੰਘਾਈ ਨਾਲ ਅਧਿਅਨ ਅਤੇ ਵਿਸ਼ਲੇਸ਼ਨ ਕੀਤਾ ਅਤੇ ਇਸ ਨਤੀਜੇ ਉਤੇ ਪਹੁੰਚੇ ਕਿ ਵਧੇਰੇ ਜਨ ਸਮੱਸਿਆਵਾਂ ਲੋਕਾਂ ਦੀ ਅਗਿਆਨਤਾ ਕਾਰਣ ਪੈਦਾ ਹੁੰਦੀਆਂ ਹਨ। ਉਹ ਬਿਨਾਂ ਸੋਚੇ ਵਿਚਾਰੇ ਰੂੜੀਆਂ ਦੀ  ਪਾਲਣਾ ਕਰਦੇ ਰਹਿੰਦੇ ਹਨ, ਆਪਣੇ ਅਤੇ ਦੂਜਿਆਂ ਲਈ ਸਮੱਸਿਆਵਾਂ  ਖੜੀਆਂ ਕਰਦੇ ਹਨ। ਮਨੁੱਖ ਨੇ ਜੇ ਸੁੱਖੀ ਅਤੇ ਸੁਰੱਖਿਅਤ ਰਹਿਣਾ ਹੈ ਤਾਂ ਉਸ ਨੂੰ ਚੇਤਨ ਹੇਣਾ ਹੋਇਗਾ, ਹਰ ਕਾਰਜ ਸੋਚ ਵਿਚਾਰ ਕੇ ਕਰਨਾ ਹੋਇਗਾਜਨ ਸਮੱਸਿਆਵਾਂ ਦਾ ਇਕੋ ਇਕ ਹੱਲ ਜਨ ਚੇਤਨਾ ਹੀ ਹੈ।

ਇਸ ਨਤੀਜੇ ਉਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੇ ਮਾਨਵ ਕਲਿਆਣ ਨੂੰ ਆਪਣਾ ਮਿਸ਼ਨ ਬਣਾ ਲਿਆ, ਮੋਦੀ ਖਾਨੇ ਦੀ ਨੌਕਰੀ ਛੱਡ ਦਿਤੀ, ਘਰ ਬਾਹਰ ਤਿਆਗ ਕੇ ਆਪਣਾ ਸੰਦੇਸ਼ ਦੇਣ ਲਈ ਯਾਤਰਾ ਉਤੇ ਨਿਕਲ ਪਏ। ਉਨਾਂ ਦੀਆਂ ਇੰਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਹ ਉਦਾਸੀਆਂ ਗਿਣਤੀ ਵਿਚ ਚਾਰ ਹਨ। ਇਨਾਂ ਉਦਾਸੀਆਂ ਸਮੇਂ ਭਾਈ ਮਰਦਾਨਾ ਗੁਰੂ ਜੀ ਦੀ ਸੇਵਾ ਵਿਚ ਰਿਹਾ ਅਤੇ ਉਹ ਵਰਤਮਾਨ ਭਾਰਤ ਦੇ ਵੱਖ ਵੱਖ ਮਹੱਤਵਪੂਰਨ ਇਲਾਕਿਆਂ ਤੋਂ ਬਿਨਾਂ  ਤਿਬਤ, ਸਿਰੀ ਲੰਕਾ, ਸਾਊਦੀ ਅਰਬ ਤਕ ਗਏ ਅਤੇ ਹਰ ਖੇਤਰ ਦੇ ਮਹੱਤਵਪੂਰਨ ਵਿਅਕਤੀਆਂ ਨੂੰ ਮਿਲੇ ਅਤੇ ਆਪਣੇ ਤੇ ਉਨਾਂ ਦੇ ਮਤ, ਵਿਚਾਰਾਂ ਉਤੇ ਡੂੰਘਾਈ ਨਾਲ ਚਰਚਾ ਕੀਤੀ। ਜਿਥੋਂ ਤਕ ਸੰਭਵ ਹੋਇਆ, ਗੁਰੂ ਜੀ ਨੇ ਵਿਭਿੰਨ ਮਤਾਂ ਦੇ ਸੰਸਥਾਪਕਾਂ ਅਤੇ ਪ੍ਚਾਰਕਾਂ ਦੀਆਂ ਰਚਨਾਵਾਂ ਨੂੰ ਸੰਗ੍ਹਿਤ ਕੀਤਾ। ਆਪਣੇ ਵਿਚਾਰਾਂ, ਫਲਸਫੇ ਨੂੰ ਉਨਾਂ  ਵੱਖ ਵੱਖ ਸਮੇਂ ਉਸ ਸਮੇਂ ਦੀ ਪ੍ਚਲਤ ਭਾਸ਼ਾ ਦੇ ਸੰਗੀਤਕ ਪਦਿਆਂ ਵਿਚ ਕਲਮਬੱਧ ਕੀਤਾ। ਉਨਾਂ ਦੀਆਂ ਰਚਨਾਵਾਂ ਨੂੰ ਰੱਬੀ ਬਾਣੀ ਵਜੋਂ  ਗੁਰੂ ਗ੍ੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀਆਂ ਕਈ ਰਚਨਾਵਾਂ ਗੁਰੂ ਗ੍ੰਥ ਸਾਹਿਬ ਤੋਂ ਬਾਹਰ ਵੀ ਮਿਲਦੀਆਂ ਹਨ ਪਰ ਉਨਾਂ ਦੀ ਪ੍ਮਾਣੀਕਤਾ ਸ਼ੱਕੀ ਹੈ।

ਆਪਣੇ ਫਲਸਫੇ ਨੂੰ ਪ੍ਪੱਕ ਕਰਦਿਆਂ, ਪ੍ਚਾਰਦਿਆਂ ਗੁਰੂ ਨਾਨਕ ਦੇਵ ਜੀ ਨੇ ਲਾਹੌਰ ਨੇੜੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ। ਇਹ ਉਨਾਂ ਦੇ ਕੇਂਦਰੀ ਸਥਾਨ ਵਜੋਂ ਵਿਕਸਿਤ ਹੋਇਆ। ਉਨਾਂ ਦੇ ਸ਼ਰਧਾਲੂ ਅਤੇ ਦੂਸਰੇ ਵਿਚਾਰਵਾਨ ਦੂਰ ਦੁਰਾਡਿਉਂ ਗੁਰੂ ਜੀ ਦੇ ਦਰਸ਼ਨਾਂ ਅਤੇ ਵਿਚਾਰ ਵਟਾਂਦਰੇ ਲਈ ਇਥੇ ਪਹੁੰਚਦੇ ਰਹੇ। ਏਥੇ ਹੀ ਉਹ 22 ਸਤੰਬਰ, 1539 ਈਸਵੀ ਦੇ ਦਿਨ ਸਰੀਰਕ ਵਿਛੋੜਾ ਦੇ ਗਏ।

ਗੁਰੂ ਨਾਨਕ ਦੇਵ ਜੀ ਸਥਾਨ, ਕਾਲ, ਧਰਮ, ਰੰਗ, ਜ਼ਾਤ ਤੋਂ ਉੱਚੇ ਮਨੁੱਖਤਾਵਾਦੀ ਮਹਾਪੁਰਸ਼ ਸਨ। ਉਨਾਂ ਨੇ ਮੱਧਕਾਲੀਨ ਸੰਸਕਾਰਾਂ ਕਾਰਣ ਆਪਣਾ ਨਾਇਕ ਰੱਬ ਨੂੰ ਜ਼ਰੂਰ ਬਣਾਇਆ ਪਰ ਸਰੋਕਾਰ ਮਨੁੱਖੀ ਰਖੇ। ਉਨਾਂ ਦਾ ਰੱਬ ਵੀ ਆਕਾਸ਼ ਜਾਂ ਦੇਵ ਲੋਕ ਦਾ ਵਾਸੀ ਨਹੀਂ ਸਗੋਂ ਨਿਯਮਾਂ ਦੀ ਪਾਲਣਾ ਕਰਨ ਵਾਲਾ ਸੱਤ ਪੁਰਖ ਹੈ ਅਤੇ ਮਨੁੱਖ ਨੂੰ ਉਹ ਉਸੇ ਵਰਗਾ ਬਨਣ ਲਈ ਪੋ੍ਰਦੇ ਹਨ। ਧਰਮ ਉਨਾਂ ਲਈ ਕਾਦਰ ਦੇ ਨਿਯਮਾਂ (ਹੁਕਮ) ਦੀ ਪਾਲਣਾ ਕਰਨ ਦਾ ਮਾਧਿਅਮ ਸੀ ਅਤੇ ਇਸ ਨੂੰ ਉਹ ਤਪੱਸਵੀਆਂ (ਨਾਥਾਂ, ਜੋਗੀਆਂ), ਪੁਜਾਰੀਆਂ (ਪੰਡਤਾਂ, ਮੌਲਵੀਆਂ) ਅਤੇ ਧਰਮ ਅਸਥਾਨਾਂ (ਮੰਦਰਾਂ, ਮਸਜਿਦਾਂ, ਗਿਰਜਿਆਂ, ਤੀਰਥਾਂ) ਵਿਚੋਂ ਕੱਢ ਕੇ ਗਿ੍ਸਥੀਆਂ ਦੇ ਵਿਹੜਿਆਂ ਵਿਚ ਲੈ ਗਏ। ਮਨੁੱਖੀ ਸਮਾਜ ਵਿਚ ਉਨਾਂ ਬਰਾਬਰੀ ਲਿਆਉਣ  ਵਕਾਲਤ ਕੀਤੀ- ਆਪਣੇ ਆਪ ਨੂੰ ਨੀਵੀਂ ਤੋਂ ਵੀ ਨੀਵੀਂ ਜਾਤ ਦੇ ਲੇਕਾਂ ਨਾਲ ਜੋੜਿਆ, ਰੱਬ ਦੇ ਭਗਤਾਂ ਨੂੰ ਪੈਰ ਦੀ ਜੁੱਤੀ ਸਮਝੀ ਜਾਂਦੀ ਇਸਤਰੀ ਦਾ ਰੂਪਕ ਬਣਾਇਆ ਅਤੇ ਰਾਜਿਆਂ, ਰਾਣਿਆਂ ਦੀ ਜਨਣੀ ਕਹਿ ਕੇ ਵਡਿਆਇਆ।

ਮਨੁੱਖੀ ਸਮਾਜ ਵਿਚ ਗੁਰੂ ਨਾਨਕ ਦੇਵ ਜੀ ਨੇ ਸ਼ੋਸ਼ਨ ਦਾ ਵਿਰੋਧ ਕੀਤਾ- ਧਰਮ ਦੀ ਕਮਾਈ ਨੂੰ ਵਡਿਆਇਆ, ਦੂਸਰੇ (ਪਰਾਏ) ਦੇ ਹੱਕ ਨੂੰ ਮਾਰਨ ਨੂੰ (ਹਿੰਦੂਆਂ ਲਈ) ਗਊ ਅਤੇ (ਮੁਸਲਮਾਨਾਂ ਲਈ) ਸੂਰ ਖਾਣ ਦੇ ਬਰਾਬਰ ਕਿਹਾ। ਮਿਹਨਤ ਨਾਲ ਕੀਤੀ ਕਮਾਈ ਨੂੰ ਆਪਣੇ ਉਤੇ ਹੀ ਖਰਚਣ ਦੀ ਥਾਂ ਲੋੜਵੰਦਾਂ ਨਾਲ ਵੰਡ ਕੇ ਛੱਕਣ ਦੀ ਪੇ੍ਰਨਾ ਕੀਤੀ।

ਹਾਕਮਾਂ ਨੂੰ ਵੀ ਗੁਰੂ ਜੀ ਨੇ ਧੁਰੋਂ ਮਿਥੇ ਹੋਣਾ ਨਹੀਂ ਮੰਨਿਆਂ ਸਗੋਂ ਗੁਣਵਾਨ, ਲਾਇਕ ਹੋਣ ਦੀ ਸ਼ਰਤ ਰੱਖੀ

ਉਪਰੋਕਤ ਕਾਰਣਾਂ ਕਰਕੇ ਜਨਚੇਤਨਾ ਪਰਿਵਾਰ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਅਤੇ ਮਿਸ਼ਨ ਜਨਚੇਤਨਾ ਦਾ ਰਹਿਬਰ ਮੰਨਦਾ ਹੈ।

  ਮਾਤਾ ਲਾਡਿਕੀ-4 .

ਲਾਡਲੀ ਲਾਡਿੱਕੀ ਦੇ ਵਿਆਹ ਦਾ ਫ਼ੈਸਲਾ

ਸੌ ਗਏ ਜੀ ਬੀਬੀ ਲਾਡਿੱਕੀ ਦੀ ਮਾਤਾ ਛੱਤ 'ਤੇ ਮੰਜੀ ਵਿਛਾ ਕੇ ਲੇਟੇ ਭਾਈ ਵਸਾਖਾ ਸਿੰਘ ਨੂੰ ਬੁਲਾਇਆ।

 ਨਹੀਂ

ਗਿਆਨੀ ਜੀ ਨੇ ਕਾਹਨੂੰ ਬੁਲਾਇਆ ਸੀ

ਲਾਡਿੱਕੀ ਦੀ ਸ਼ਿਕਾਇਤ ਲਾ ਰਹੇ ਸਨ।" ਭਾਈ ਵਸਾਖਾ ਸਿੰਘ ਨੇ ਪਾਸਾ ਬਦਲ ਕੇ ਆਪਣਾ ਮੂੰਹ ਪਤਨੀ ਵੱਲ ਕੀਤਾ।

ਕੀ ਕਹਿੰਦੇ ਸਨ

ਲਾਡਿੱਕੀ ਬੜੀ ਮੂੰਹ ਜ਼ੋਰ ਹੋ ਗਈ ਹੈ। ਗਿਆਨੀ ਜੀ ਨੂੰ ਕਹਿ ਆਈ ਕਿ ਉਨ੍ਹਾਂ ਦੀ ਸ਼ਕਲ ਹੀ ਸਿੱਖਾਂ ਵਾਲੀ ਹੈ, ਕੰਮ ਉਹ ਗੁਰੂ ਦੀ ਸਿੱਖਿਆ ਦੇ ਉਲਟ ਕਰਦੇ ਹਨ।"

ਤੇਵਰ ਤਾਂ ਉਸ ਦੇ ਕਈ ਦਿਨਾਂ ਤੋਂ ਬਦਲੇ ਹੋਏ ਹਨ।" ਲਾਡਿੱਕੀ ਦੀ ਮਾਂ ਨੇ ਭਾਈ ਵਸਾਖਾ ਸਿੰਘ ਦੀ ਹਾਮੀ ਭਰੀ।

ਮੈਨੂੰ ਵੀ ਕਈ ਵੇਰ ਕਹਿ ਚੁੱਕੀ ਹੈ ਕਿ ਸਿੱਖਾਂ ਨੂੰ ਮੂਰਤੀਆਂ ਨਹੀਂ ਪੂਜਣੀਆਂ ਚਾਹੀਦੀਆਂ। ਪ੍ਰਮਾਤਮਾ ਤਾਂ ਨਿਰੰਕਾਰ ਹੈ, ਉਸ ਦੀ ਕੋਈ ਸ਼ਕਲ ਨਹੀਂ ਤਾਂ ਮੂਰਤੀ ਕਾਹਦੀ। ਪਰ ਮੈਨੂੰ ਨਹੀਂ ਸੀ ਪਤਾ ਕਿ ਗਿਆਨੀ ਜੀ ਨਾਲ ਵੀ ਇਹੋ ਜਿਹੀਆਂ ਗੱਲਾਂ ਕਰ ਸਕਦੀ ਹੈ।"

ਗਿਆਨੀ ਜੀ ਬੜੇ ਦੁੱਖੀ ਸਨ।" ਭਾਈ ਵਸਾਖਾ ਸਿੰਘ ਦੀ ਆਵਾਜ਼ ਵਿਚ ਵਿਚਾਰਗੀ ਸੀ ,”ਕਹਿਣ ਲੱਗੇ, ਸੰਸਕਾਰਾਂ ਦਾ ਮਾਮਲਾ ਹੈ। ਹਿੰਦੂਆਂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਇਨ੍ਹਾਂ ਨੂੰ ਵੱਖਰਾ ਕਿਵੇਂ ਕਰ ਲਈਏ ਸਾਡੇ ਘਰਾਂ ਵਿਚ ਵੱਡਾ ਪੁੱਤਰ ਸਿੱਖ ਹੈ ਪਰ ਬਾਕੀ ਤਾਂ ਹਿੰਦੂ ਹੀ ਹਨ। ਸਿੱਖੀ ਦੀ ਵੇਲ ਇੰਝ ਹੀ ਵਧੀ ਹੈ, ਹੁਣ ਕੱਟ ਕਿਵੇਂ ਦੇਈਏ।"

ਅਸੀਂ ਤਾਂ ਭਲਾ ਅਨਪੜ੍ਹ ਹੋਏ। ਸਾਨੂੰ ਤਾਂ ਜੋ ਮਰਜ਼ੀ ਕਹਿ ਲਿਆ। ਸਾਨੂੰ ਸਮਝ ਨਹੀਂ, ਮੰਨੀਏ ਨਾ ਮੰਨੀਏ, ਹਾਮੀ ਭਰ ਦਿੱਤੀ ਪਰ ਗਿਆਨੀ ਜੀ ਨੂੰ ਕਿਵੇਂ ਬੋਲ ਆਈ

ਉਨ੍ਹਾਂ ਤੋਂ ਹੀ ਪੜ੍ਹੀ ਹੈ। ਅਖੇ-ਬਿੱਲੀ ਨੇ ਸ਼ੀਂਹ ਪੜ੍ਹਾਇਆ, ਸ਼ੀਹ ਬਿੱਲੀ ਨੂੰ ਖਾਣ ਆਇਆ। ਉਨ੍ਹਾਂ ਅਗੋਂ ਟੋਕਿਆ ਨਹੀਂ? ਮਾਰਦੇ ਮੂੰਹ ਤੇ...।"

ਮੁਸ਼ਕਿਲ ਵੀ ਇਹੀ ਹੈ।" ਭਾਈ ਵਸਾਖਾ ਸਿੰਘ ਨੇ ਹੌਕਾ ਭਰਿਆ, ਗੁਰੂ ਬਾਬੇ ਨਾਨਕ ਦੀ ਬਾਣੀ ਵਿਚ ਥਾਂ ਥਾਂ ਇਹੀ ਕੁਝ ਲਿਖਿਆ ਹੋਇਆ ਹੈ। ਲਾਡਿੱਕੀ ਗਲਤ ਨਹੀਂ ਕਹਿੰਦੀ।"

 ਤਾਈਓਂ ਇਹ ਗੱਲ 'ਤੇ ਗੁਰਬਾਣੀ ਦੀਆਂ ਤੁਕਾਂ ਬੋਲਦੀ ਹੈ ਪਰ ਇਹ ਗੱਲ ਬਣੀ ਕੀ ਗੁਰਬਾਣੀ ਵਿਚ ਲਿਖਿਆ ਕੁਝ ਹੋਰ ਹੈ, ਅਸੀਂ ਕਰਦੇ ਕੁਝ ਹੋਰ ਹਾਂ। ਇੰਝ ਕਿਉਂ ਜੀ

 ਗੁਰੂ ਬਾਬਾ ਨਾਨਕ ਮਹਾਪੁਰਸ਼ ਸਨ। ਉਹ ਜੋ ਸਮਝਦੇ ਕਰ ਸਕਦੇ ਸਨ, ਲਿਖ ਵੀ ਸਕਦੇ ਸਨ, ਦੂਜਿਆਂ ਨੂੰ ਕਰਨ ਲਈ ਪ੍ਰੇਰਣਾ ਵੀ ਦੇ ਸਕਦੇ ਸਨ ਪਰ ਅਸੀਂ ਹਮਾਤੜ ਤਾਂ ਉਨ੍ਹਾਂ ਦੇ ਪੈਰਾਂ ਵਰਗੇ ਵੀ ਨਹੀਂ। ਅਸੀਂ ਉਹ ਸਭ ਕਿਵੇਂ ਕਰ ਸਕਦੇ ਹਾਂ”,

 ਭਾਈ ਵਸਾਖਾ ਸਿੰਘ ਦੀ ਬਾਣੀ ਵਿਚ ਦੁਨੀਆਂਦਾਰੀ ਦੀ ਮਜਬੂਰੀ ਸੀ,

 ਅਸੀਂ 'ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ' ਵਰਗੀਆਂ ਤੁਕਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਸਾਨੂੰ ਤਾਂ 'ਮੁਸਲਮਾਨ ਕਹਾਵਣ ਮੁਸ਼ਕਿਲ' ਹੀ ਪੜ੍ਹਣਾ ਪੈਂਦਾ ਹੈ।"

ਫੇਰ ਅਸੀਂ ਬੱਚਿਆਂ ਨੂੰ ਇਹੋ ਜਿਹੀਆਂ ਗੱਲਾਂ ਪੜ੍ਹਾਉਂਦੇ ਹੀ ਕਿਉਂ ਹਨ। ਲਾਡਿੱਕੀ ਨੂੰ ਪੜ੍ਹਾਇਆ ਤਾਂ ਗਿਆਨੀ ਜੀ ਨੇ ਹੀ ਹੈ। ਮੈਥੋਂ, ਤੁਹਾਥੋਂ ਤਾਂ ਉਸ ਸਿੱਖਿਆ ਨਹੀਂ।"

ਲਾਡਿੱਕੀ ਦੀ ਮਾਂ ਦੀ ਬੋਲੀ ਵਿਚ ਪੰਜਾਬੀਆਂ ਵਾਲਾ ਭੋਲਾਪਨ ਅਤੇ ਮਾਂ ਵਾਲੀ ਮਮਤਾ ਸੀ। ''

ਮਹਾਪੁਰਖਾਂ ਨੇ ਲਿਖ ਦਿੱਤਾ ਤਾਂ ਪੜ੍ਹਣਾ ਪੜ੍ਹਾਉਣਾ ਤਾਂ ਪੈਣਾ ਹੀ ਹੈ ਪਰ ਇਹ ਕਹਿਣ ਦੀਆਂ ਹੁੰਦੀਆਂ ਨੇ, ਕਰਨ ਵਾਲੀਆਂ ਨਹੀਂ ਹੁੰਦੀਆਂ।...ਅਸੀਂ ਇਹ ਕੁਝ ਕਰਨ ਜੋਗੇ ਵੀ ਕਿੱਥੇ ਹਾਂ

ਵੇਖੋ ਨਾ, ਬਾਬਾ ਨਾਨਕ ਨੇ ਪਹਾੜ ਜਿੱਡਾ ਪੱਥਰ ਰੋਕ ਲਿਆ, ਲਾਲੋ ਦੀ ਰੋਟੀ 'ਚੋਂ ਦੁੱਧ ਤੇ ਭਾਗੋ ਦੀ ਰੋਟੀ 'ਚੋਂ ਲਹੂ ਕੱਢ ਦਿੱਤਾ। ਅਸੀਂ ਤੁਸੀਂ ਥੋੜ੍ਹਾ ਇੰਝ ਕਰ ਸਕਦੇ ਹਾਂ। ਮਹਾਪੁਰਖਾਂ ਦੀ ਲੀਲਾ ਨਿਆਰੀ ਹੁੰਦੀ ਹੈ। ਉਨ੍ਹਾਂ ਅੱਖਾਂ ਮੀਟੀਆਂ, ਕਿਧਰੇ ਦੇ ਕਿਧਰੇ ਪਹੁੰਚ ਗਏ। ਬਾਬੇ ਨਾਨਕ ਨੇ ਸਾਰੀ ਦੁਨੀਆਂ ਐਵੇਂ ਥੋੜ੍ਹੀ ਗਾਹ ਲਈ ਸੀ। ਉਨ੍ਹਾਂ ਦੀਆਂ ਤਾਂ ਜੇਲ੍ਹ ਵਿਚ ਚੱਕੀਆਂ ਵੀ ਆਪੇ ਚੱਲ ਪਈਆਂ, ਸਾਨੂੰ ਖੁਦ ਚਲਾਉਣੀਆਂ ਪੈਂਦੀਆਂ ਨੇ।"

ਲਾਡਿੱਕੀ ਤਾਂ ਕਹਿੰਦੀ ਐ ਜੇ ਸਿੱਖ ਬਨਣਾ ਹੈ ਤਾਂ ਉਹੀ ਕਰੋ ਜੋ ਗੁਰਬਾਣੀ 'ਚ ਲਿਖਿਆ ਹੈ।" '

ਹਾਂ, ਇਹੀ ਤਾਂ ਸਮੱਸਿਆ ਹੈ। ਬੱਚੀ ਹੈ, ਦੁਨੀਆਂਦਾਰੀ ਜਾਣਦੀ ਨਹੀਂ। ਮਨ ਵਿਚ ਗਿਆਨੀ ਜੀ ਦੀ ਸਿੱਖਿਆ ਬਹਿ ਗਈ ਹੈ। ਤੰਗ ਹੋਇਗੀ।" ਭਾਈ ਵਸਾਖਾ ਸਿੰਘ ਧੀ ਦੇ ਦੁੱਖ ਵਿਚ ਦੁੱਖੀ ਵੀ ਸਨ। ''

ਫੇਰ ਹੁਣ ਕੀ ਕਰਨਾ ਹੈ  

ਕਰਨਾ ਕੀ ਹ? ਅਸੀਂ ਕਰਨ ਜੋਗੇ ਹਾਂ ਵੀ ਕੀ ਤੇਰੇ ਨਾਲ ਗੱਲ ਕਰੇ ਤਾਂ ਕਹੀਂ ਕਿ ਮਹਾਪੁਰਖਾਂ ਦਾ ਕਿਹਾ ਉਨ੍ਹਾਂ ਤੱਕ ਹੀ ਰਹਿਣ ਦੇਵੇ। ਅਸੀਂ ਤਾਂ ਦੁਨੀਆਂ ਨਾਲ ਹੀ ਚਲਾਂਗੇ ਤਾਂ ਸੁੱਖੀ ਰਹਾਂਗੇ।"

ਉਸ ਉੱਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ, ਤਿਲਕਵਾਂ ਘੜਾ ਹੈ।"

ਜਿਉਂ ਜਿਉਂ ਭਿਜੈ ਕੰਬਲੀ, ਤਿਉਂ ਤਿਉਂ ਭਾਰੀ ਹੋ।" ਭਾਈ ਵਸਾਖਾ ਸਿੰਘ ਦਾ ਆਪਣਾ ਅਨੁਭਵ ਸੀ

 ਕੋਈ ਖ਼ਤਰਾ ਤਾਂ ਨਹੀਂ ਮਤੇ..." '

ਮੁੰਡਾ ਹੁੰਦੀ ਤਾਂ ਕੋਈ ਚੰਨ ਚਾੜ੍ਹਦੀ। ਹੁਣ ਧੀ ਧਿਆਣੀ ਹੈ, ਸਾਧ ਬਣ ਕੇ ਜੰਗਲ ਜਾਣੋਂ ਤਾਂ ਰਹੀ। ਗਿਆਨੀ ਜੀ ਕਹਿੰਦੇ ਸਨ ਕਿ ਕੋਈ ਘਰ ਵੇਖ ਕੇ ਜਲਦੀ ਨਾਲ ਵਿਆਹ ਦਿਉ।"

ਜੇ ਓਥੇ ਜਾ ਕੇ ਵੀ ਮੂਰਤੀ ਪੂਜਾ ਦੇ ਖਿਲਾਫ਼ ਬੋਲਣ ਲੱਗ ਪਈ, ਫੇਰ. ਬਾਪ ਦਾ ਘਰ ਤਾਂ ਹੈ ਨਹੀਂ ਕਿ ਚੁੱਪ ਕਰ ਜਾਣਗੇ।"

ਸ਼ੁਭ ਸ਼ੁਭ ਸੋਚ, ਭਲੀਏ ਲੋਕੇ! ਧੀਆਂ ਦਾ ਕੀ ਹੁੰਦਾ ਹੈ ਜੇ ਮਾਪੇ ਪਿੱਛਾ ਨਾ ਕਰਨ ਤਾਂ ਸੁਹਰੇ ਘਰ ਜਾ ਕੇ ਉਨ੍ਹਾਂ ਦੇ ਰੰਗ ਵਿਚ ਹੀ ਰੰਗੀਆਂ ਜਾਂਦੀਆਂ ਹਨ। ਚੰਗੇ ਘਰ ਚਲੀ ਗਈ ਤਾਂ ਇਹ ਗੱਲਾਂ ਯਾਦ ਵੀ ਨਹੀਂ ਰਹਿਣਗੀਆਂ। ਆਪਾਂ ਕੋਈ ਚੰਗਾ ਘਰ ਟੋਲ਼ੀਏ।

ਜੀ।"

ਰਾਤ ਡੂੰਘੀ ਹੋ ਗਈ ਹੈ। ਸੌ ਜਾ ਹੁਣ।   

ਚੰਗਾ ਜੀ।"