rozanajanchetna@gmail.com25112020.

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:80,ਬੁਧਵਾਰ, 25 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜ, ਜਿਸ ਵਿਚ ਅਸੀਂ ਰਹਿੰਦੇ ਹਾਂ, ਗਤੀਸ਼ੀਲ ਹੈ ਅਤੇ ਲਗਾਤਾਰ ਬਦਲਦਾ ਰਹਿੰਦਾ ਹੈ ਇਸ ਦੇ ਰਸਮੋ-ਰਿਵਾਜ, ਮਾਨਤਾਵਾਂ, ਸੰਸਥਾਵਾਂ ਸਭ ਵਿਚ ਤਬਦੀਲੀ ਆਉਂਦੀ ਹੈ ਅਤੇ ਇਸ ਤਬਦੀਲੀ ਦੀ ਦਿਸ਼ਾ ਸਦਾ ਨਵੀਨਤਾ ਵਲ ਹੀ ਰਹਿੰਦੀ ਹੈ ਪਰ ਇਹ ਤਬਦੀਲੀ ਏਨੀ ਹੌਲੀ ਅਤੇ ਸੁਭਾਵਕ ਹੁੰਦੀ ਹੈ ਕਿ ਇਸ ਦਾ ਅਹਿਸਾਸ ਤਕ ਨਹੀਂ ਹੁੰਦਾ ਸਮਾਜ ਵਿਚ ਲਗਾਤਾਰ ਹੁੰਦੀ ਤਬਦੀਲੀ ਦੀ ਹੌਲੀ ਰਫਤਾਰ ਦਾ ਕਾਰਣ ਇਸ ਦਾ ਸਭਿਆਚਾਰ ਹੁੰਦਾ ਹੈ ਸਾਡੇ ਸਭਿਆਚਾਰ ਦਾ ਪਤਾ ਸਾਡੀਆਂ ਆਦਤਾਂ ਤੋਂ ਲਗਦਾ ਹੈ ਅਤੇ ਆਦਤਾਂ ਬਦਲਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਹਨ ਅਤੇ ਸਮਾਂ ਲੈਂਦੀਆਂ ਹਨ ਸਮਾਜਕ ਸਰਗਰਮੀਆਂ ਵਿਚ ਹਿੱਸਾ ਲੈਣਾ ਅਤੇ ਲੁੜੀਂਦੀਆਂ ਤਬਦੀਲੀਆਂ ਲਈ ਯਤਨ ਕਰਨਾ ਵਿਕਾਸ ਦਾ ਹਿੱਸਾ ਹੈ ਪਰ ਤਤਕਾਲ ਨਤੀਜਿਆਂ ਦੀ ਉਮੀਦ ਨਹੀਂ ਰਖਣੀ ਚਾਹੀਦੀ ਅੰਬ ਦਾ ਜਿਹੜਾ ਬੂਟਾ ਤੁਸੀਂ ਲਾਉਗੇ, ਉਸ ਦਾ ਫਲ  ਤੁਹਾਡੇ ਪੋਤਰਿਆਂ ਦੋਹਤਰਿਆਂ ਨੂੰ ਹੀ ਨਸੀਬ ਹੋਣਾ ਹੈ

  ਪੰਜਾਬ ਦਾ ਇਤਿਹਾਸ-14.

ਅੰਤ ਇਕ ਪੁਰਾਣੇ ਮਿੱਤਰ ਦੀ ਵਿਚੋਲਗੀ ਅਤੇ ਪਰੇਰਨਾ ਦੇ ਕਾਰਣ ਉਸਨੇ ਸਿਕੰਦਰ ਨਾਲ ਮੁਲਾਕਾਤ ਕਰਨੀ ਮੰਨ ਲਈ। ਸੁਲਾ ਦੀ ਗੱਲਬਾਤ ਦਾ ਨਤੀਜਾ ਪੋਰਸ ਦੇ ਰਾਜ ਦੇ ਪਾਸਾਰ ਵਿੱਚ ਨਿਕਲਿਆ ਅਤੇ ਸਿਕੰਦਰ ਨੇ ਬਹੁਤ ਵੱਡਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ। ਸਿੱਟੇ ਵਜੋਂ ਦੋ ਮਹਾਨ ਸੈਨਿਕ ਸ਼ਕਤੀਆਂ ਇੱਕਠੀਆਂ ਹੋ ਕੇ ਬਿਆਸ ਦਰਿਆ ਸੱਕ ਪਹੁੰਚ ਗਈਆਂ। ਪੋਰਸ ਨੇ ਸਾਰੇ ਪੰਜਾਬ ਨੂੰ ਇੱਕਠਾ ਕਰ ਲਿਆ ਸੀ। ਬਿਆਸ ਉਪਰ ਠਹਿਰੇ ਹੋਏ ਦੋਵੇਂ ਮਹਾਨ ਨੇਤਾ ਬਿਆਸ ਤੋਂ ਅੱਗੇ ਗੰਗਾ ਦੇ ਮੈਦਾਨਾਂ ਅਤੇ ਮਗਧ ਦੇਸ਼ ਨੂੰ ਜਿੱਤਣ ਲਈ ਮਨਸੂਬੇ ਬਣਾ ਰਹੇ ਸਨ ਕਿ ਸਿਕੰਦਰ ਦੀ ਫੌਜ਼ ਵਿੱਚ ਬਗਾਵਤ ਫੈਲ ਗਈਇਸ ਬਗਾਵਤ ਵਿੱਚ ਉਸ ਦੇ ਕਈ ਉੱਘੇ ਜਰਨੈਲ ਵੀ ਸ਼ਾਮਲ ਸਨ। ਫੌਜ਼ ਵਾਪਸ ਆਪਣੇ ਵਤਨ ਜਾਣਾ ਚਾਹੁੰਦੀ ਸੀ। ਸਿਕੰਦਰ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਫੌਜ਼ ਨੂੰ ਹਿੰਦੁਸਤਾਨ ਉਪਰ ਹਮਲਾ ਕਰਨ ਲਈ ਤਿਆਰ ਕਰ ਲਵੇ ਪਰ ਉਹ ਕਾਮ੍ਯਾਬ ਨਹੀਂ ਹੋ ਸਕਿਆ। ਅਖੀਰ ਪੋਰਸ ਨੇ ਕਿਹਾ ਕਿ ਜੇਕਰ ਉਸ ਦੀ ਫੌਜ਼ ਵਾਪਸ ਜਾਂਦੀ ਹੈ ਤਾਂ ਜਾਣ ਦੋਵੇਂ ਹਿੰਦੁਸਤਾਨ ਉਪਰ ਹਮਲਾ ਕਰਨ ਲਈ ਸਿਕੰਦਰ ਅਤੇ ਪੋਰਸ ਦੋਹਾਂ ਦੀ ਅਗਵਾਈ ਹੇਠ ਉਸਦੀ ਆਪਣੀ ਪੰਜਾਬੀ ਸੈਨਾ ਹੀ ਵਾਧੂ ਹੈ।ਪਰ ਸਿਕੰਦਰ ਆਪਣੇ ਦੋਸਤ ਬਾਦਸ਼ਾਹ ਦੀ ਸੈਨਾ ਅਤੇ ਨਿਰਭਰ ਨਹੀਂ ਹੋਣਾ ਚਾਹੁੰਦਾ ਸੀ। ਸਿੱਟੇ ਵਜੋ ਉਹਨਾਂ ਨੂੰ ਪੰਜਾਬ ਦਾ ਇਲਾਕਾ ਇੱਕਠਾ ਕਰਨ ਤੱਕ ਹੀ ਸੰਤੁਸ਼ਟ ਹੋਣਾ ਪਿਆ। ਸਿਕੰਦਰ ਆਪਣੀ ਸੈਨਾ ਨਾਲ ਬਿਆਸ ਤੋਂ ਹੀ ਵਾਪਸ ਮੁੜ ਗਿਆ ਸੀ। ਪੰਜਾਬ ਪੋਰਸ ਦੀ ਬਾਦਸ਼ਾਹਤ ਅਧੀਨ ਦੁਨੀਆਂ ਦੇ ਨਕਸ਼ੇ ਅਤੇ ਪਹਿਲੀ ਵਾਰ ਇਕ ਸੁਤੰਤਰ ਦੇਸ਼ ਦੇ ਰੂਪ ਵਿੱਚ ਸਥਪਤ ਹੋਇਆ ਸੀ।

  ਸਿੱਖ ਇਤਿਹਾਸ ਵਿਚ ਅੱਜ.

25 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

! ਅਕਾਲੀ ਦਲ ਦੀ ਜੰਡਿਆਲਾ (ਜ਼ਿਲਾ ਜਲੰਧਰ) ਵਿਖੇ ਸਿਲਵਰ ਜੁਬਲੀ ਕਾਨਫਰੰਸ (1944 ਈ.)

! ਭਾਈ ਰਣਜੀਤ ਸਿੰਘ ਦੀ ਗਰਿਫਤਾਰੀ (1983 ਈ.)

ਭਾਈ ਰਣਜੀਤ ਸਿੰਘ ਦੀ ਗਰਿਫਤਾਰੀ

24 ਅਪਰੈਲ, 1980 ਨੂੰ ਨਿਰੰਕਾਰੀ ਕਾਲੋਨੀ ਵਿੱਚ ਕਤਲ ਹੋਏ ਬਾਬਾ ਗੁਰਬਚਨ ਸਿੰਘ ਦੇ ਕਾਤਲਾਂ ਨੂੰ ਫੜਣ ਦਾ ਦਾਅਵਾ ਦਿੱਲੀ ਪੁਲਿਸ ਨੇ 25 ਨਵੰਬਰ, 1983 ਦੇ ਦਿਨ ਕੀਤਾ। ਇਹਨਾਂ ਦੋਸ਼ੀਆਂ ਵਿੱਚ ਇਕ ਭਾਈ ਰਣਜੀਤ ਸਿੰਘ ਵੀ ਸੀ ਜੋ ਪੇਸ਼ੇ ਵੱਲੋਂ ਇਕ ਤਰਖਾਣ ਸੀ ਅਤੇ ਨਵੇਂ ਬਣਦੇ ਮਕਾਨਾਂ ਕੋਠੀਆਂ ਵਿੱਚ ਠੇਕੇਦਾਰੀ ਕਰਦਾ ਸੀ। ਇਹੀ ਵਿਅਕਤੀ, ਜਿਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਸੋਨੇ ਦੇ ਬਰਾਬਰ ਤੋਲਣ ਦਾ ਵਾਅਦਾ ਕੀਤਾ ਸੀ, ਪਿਛੋਂ ਜਾ ਦੇ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਨਿਯੁਕਤ ਹੋਇਆ। ਹੁਣ ਤਕ ਦੀਆਂ ਘਟਨਾਵਾਂ ਅਤੇ ਮਿਲੇ ਸਬੂਤਾਂ ਤੋਂ ਇਹ ਸਮਝਣ ਵਿੱਚ ਕੋਈ ਔਖਿਆਈ ਨਹੀਂ ਹੁੰਦੀ ਕਿ ਅੰਮਰਿਤਸਰ ਵਿੱਚ ਨਿਰੰਕਾਰੀ ਸਮਾਗਮ ਵਿਖੇ ਹੋਈ ਗੜਬੜ ਅਕਾਲ ਤਖ਼ਤ ਸਾਹਿਬ ਤੋਂ ਨਿਰੰਕਾਰੀਆਂ ਖਿਲਾਫ਼ ਜਾਰੀ ਹੁਕਮਨਾਮਾ, ਬਾਬਾ ਗੁਰਬਚਨ ਸਿੰਘ ਦਾ ਕਤਲ ਸਭ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸਨ। ਮਰਨ ਵਾਲੇ, ਮਾਰਨ ਵਾਲੇ ਤਾਂ ਕੱਠਪੁਤਲੀਆਂ ਸਨ। ਉਸ ਸਮੇਂ ਦੇ ਹੁਕਮਰਾਨ ਅਕਾਲੀ ਨੇਤਾ ਮੁੱਖ ਮੰਤਰੀ ਸ੍. ਪ੍ਕਾਸ਼ ਸਿੰਘ ਬਾਦਲ, ਸ਼ਰੋਮਣੀ ਕਮੇਟੀ ਪ੍ਧਾਨ ਜਥੇਦਾਰ ਗੁਰਬਚਨ ਸਿੰਘ ਟੌਹੜਾ ਅਤੇ ਅਕਾਲੀ ਮੁੱਖ ਜਥੇਦਾਰ ਜਗਦੇਵ ਸਿੰਘ ਤਲਵੰਡੀ  ਇਸ ਸਮੁੱਚੀ ਸਾਜ਼ਿਸ਼ ਤੋਂ ਵਾਕਫ਼ ਸਨ ਪਰ ਆਪਣੀਆਂ ਦਲਗਤ ਅਤੇ ਗੁਟਬੰਦੀ ਦੀਆਂ ਮਜਬੂਰੀਆਂ ਕਾਰਣ ਉਹ ਕੁਝ ਵੀ ਕਰਨ ਜੋਗੇ ਨਹੀਂ ਰਹਿ ਗਏ ਸਨ। ਸ੍. ਪ੍ਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕਿ ਨਿਕਟ ਭਵਿੱਖ ਵਿੱਚ ਚੋਣਾਂ ਹੋਣਗੀਆਂ। ਉਹ ਨਿਰੰਕਾਰੀਆਂ ਨਾਲ ਸਮਝੌਤੇ ਦਾ ਇਛੁੱਕ ਵੀ ਸੀ ਕਿ ਕਿਉਂ ਕਿ ਇਸ ਨਾਲ ਅਕਾਲੀਆਂ ਦੇ ਨਾਲ ਸੱਤੇ ਵਿੱਚ ਆਉਣ ਦੀਆਂ ਸੰਭਾਵਨਾਵਾਂ ਵਧਦੀਆਂ ਸਨ। ਅਕਾਲ ਤਖ਼ਤ ਤੋਂ ਨਿਰੰਕਾਰੀਆਂ ਵਿਰੁੱਧ ਬਾਈਕਾਟ ਦੇ ਹੁਕਮਨਾਮੇ ਦੇ ਬਾਵਜੂਦ ਸ੍. ਬਾਦਲ ਦਾ ਰੁਖ ਨਿਰੰਕਾਰੀਆਂ ਪਰਤੀ ਨਰਮ ਸੀ ਅਤੇ ਉਸ ਨੇ ਜਥੇਦਾਰ ਸੰਤੋਖ ਸਿੰਘ (ਦਿੱਲੀ), ਕਰਨਲ ਪਰਤਾਪ ਸਿੰਘ ਗਿੱਲ, ਸ੍. ਮਨਜੀਤ ਸਿੰਘ ਖਹਿਰਾ ਆਦਿ ਦੀ ਡਿਊਟੀ ਸਮਝੌਤੇ ਦਾ ਵਾਤਾਵਰਣ ਬਨਾਉਣ ਲਈ ਲਾਈ। ਇਸੇ ਨੀਤੀ ਅਧੀਨ ਨਿਰੰਕਾਰੀ ਮੁੱਖੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਮਾਫੀਨਾਮੇ ਭੇਜੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ।

ਗੱਲਬਾਤ ਕਿਸੇ ਨਤੀਜੇ ਉਤੇ ਪਹੁੰਚਦੀ, ਇਸ ਤੋਂ ਪਹਿਲਾਂ ਹੀ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦਾ ਉਸ ਦੇ ਘਰ ਵਿੱਚ ਵੜ ਕੇ ਹੀ ਕਤਲ ਕਰ ਦਿੱਤਾ ਗਿਆ। ਬਾਬੇ ਦੀ ਸੁਰੱਖਿਆ ਨੂੰ ਧੱਤਾ ਬਣਾਕੇ ਹੋਇਆ ਕਤਲ ਕਿਸ ਨੇ ਕੀਤਾ, ਜਾਣਕਾਰ ਹਲਕੇ ਚੰਗੀ ਤਰਾਂ ਜਾਣਦੇ ਹਨ। ਸੰਤ ਜਰਨੈਲ ਸਿੰਘ ਭਿੰਡਰਾਂ ਦਾ ਨਾਂ ਨਾਮਜ਼ਦ ਸਾਜਸ਼ੀਆਂ ਵਿੱਚ ਲਿਖਾਇਆ ਜਾਣਾ, ਸੰਤਾਂ ਦਾ ਗੁਰੂ ਨਾਨਕ ਨਿਵਾਸ ਵਿੱਚ ਆ ਡਟਣਾ ਅਤੇ ਗਿਆਨੀ ਜ਼ੈਲ ਸਿੰਘ (ਗਰਿਹ ਮੰਤਰੀ, ਭਾਰਤ ਸਰਕਾਰ) ਦਾ ਸੰਸਦ ਵਿੱਚ ਬਿਆਨ ਕਿ ਸੰਤ ਭਿੰਡਰਾਂਵਾਲਾ ਦਾ ਇਸ ਕਤਲ ਨਾਲ ਕੁਝ ਵੀ ਲੈਣ ਦੇਣ ਨਹੀਂ ਹੈ, ਸਭ ਸਰਕਾਰੀ ਨੀਤੀ ਦਾ ਐਲਾਨਨਾਮਾ ਹਨ। ਕਾਸ਼, ਸਾਡੇ ਅਕਾਲੀ ਲੀਡਰਾਂ ਕੋਲ ਇਸ ਐਲਾਨਨਾਮੇ ਨੂੰ ਸਮਝਣ ਦੀ ਯੋਗਤਾ ਹੁੰਦੀ। ਕੌਮ ਇਕ ਵੱਡੇ ਘਲੂਕਾਰੇ ਤੋਂ ਬਚ ਜਾਂਦੀ। ਜਾਣਕਾਰ ਸੂਤਰਾਂ ਅਨੁਸਾਰ ਭਾਈ ਰਣਜੀਤ ਸਿੰਘ ਦੀ ਨਿਰੰਕਾਦੀ ਬਾਬਾ ਨੂੰ ਕਤਲ ਕਰਨ ਦੀ ਆਪਣੀ ਯੋਜਨਾ ਨਹੀਂ ਸੀ। ਇਹ ਤਾਂ ਅਸਲ ਕਾਤਲ ਨੂੰ ਬਾਬਾ ਗੁਰਬਚਨ ਸਿੰਘ ਤਕ ਪਹੁੰਚਾਉਣ ਅਤੇ ਉਸ ਦੇ ਹਥਿਆਰ (ਕਾਰਬਾਈਨ) ਨੂੰ ਅੰਦਰ ਤਕ ਲਿਆਉਣ ਲਈ ਇਕ ਸਾਧਨ ਵਜੋਂ ਵਰਤਿਆ ਗਿਆ। ਕਤਲ ਪਿਛੋਂ ਉਸ ਨੂੰ ਸੱਤਾਧਾਰੀਆਂ ਦੇ ਇਸ਼ਾਰੇ ਉਤੇ ਹੀ ਦਿੱਲੀ ਅਤੇ ਅੰਮਰਿਤਸਰ ਵਿਖੇ ਪਨਾਹ ਮਿਲੀ। ਅੰਮਰਿਤਸਰ ਵਿੱਚ ਪਹਿਲਾਂ ਉਹ ਭਿੰਡਰਾਂ ਦੀ ਸਰਪਰਸਤੀ ਹੇਠ ਰਿਹਾ ਅਤੇ ਫੇਰ ਵਿਰੋਧੀ ਬੱਬਰ ਖਾਲਸਾ ਨਾਲ ਮਿਲ ਗਿਆ। ਸਰਕਾਰੀ ਇਸ਼ਾਰੇ ਉਤੇ ਹੀ ਉਸ ਨੂੰ ਇਕ ਵੱਡੇ ਅਕਾਲੀ ਨੇਤਾ ਨੇ ਸਰਕਾਰੀ ਹਿਰਾਸਤ ਵਿੱਚ ਦਿੱਤਾ ਤਾਂ ਦਿੱਲੀ ਪੁਲਿਸ ਐਲਾਨ ਕਰਨ ਜੋਗੀ ਹੋਈ ਕਿ ਉਸ ਨੇ ਨਿਰੰਕਾਰੀ ਮੁੱਖੀ ਬਾਬਾ ਗੁਰਬਚਨ ਸਿੰਘ ਦੇ ਕਾਤਲਾਂ ਨੂੰ ਫੜ ਲਿਆ ਹੈ। ਭਾਈ ਰਣਜੀਤ ਸਿੰਘ ਉਤੇ ਕਤਲ ਕਰਨ ਦੀ ਸਾਜ਼ਿਸ ਵਿੱਚ ਸ਼ਾਮਿਲ ਹੋਣ ਦਾ ਮੁਕਦਮਾ ਚਲਿਆ। 27 ਮਾਰਚ, 1993 ਦੇ ਦਿਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾ ਉਸ ਦੀ ਗਿਰਫਤਾਰੀ ਵਾਲੇ ਦਿਨ ਤੋਂ ਸ਼ੁਰੂ ਮੰਨੀ ਗਈ। 1997 ਵਿੱਚ ਉਸ ਨੇ ਰਿਹਾ ਹੋਣਾ ਸੀ ਪਰ 12 ਅਕਤੂਬਰ, 1996 ਨੂੰ ਉਸ ਨੂੰ ਜ਼ਮਾਨਤ ਮਿਲ ਗਈ। ਇਹ ਪੈਰੋਲ ਉਤੇ ਰਿਹਾਈ ਸੀ।

ਨਾਟਕ ਦਾ ਪਰਦਾ ਏਥੇ ਹੀ ਡਿੱਗ ਪੈਂਦਾ ਤਾਂ ਕੌਮ ਇਕ ਹੋਰ ਵੱਡੀ ਡਰਾਸਦੀ ਤੋਂ ਬਚ ਜਾਂਦੀ। ਹਰ ਸਾਲ ਕਈ (ਭਾਈ) ਰਣਜੀਤ ਸਿੰਘ ਰਾਅ ਵਰਗੀਆਂ ਏਜੰਸੀਆਂ ਦੇ ਜਾਲ ਵਿੱਚ ਫਸਦੇ ਹਨ। ਉਹਨਾਂ ਦੀ ਹੋਂਦ ਏਜੰਸੀਆਂ ਦ ਕਾਰਜ ਨੇਪਰੇ ਚੜਣ ਤਕ ਦੀ ਹੀ ਮੰਨੀ ਜਾਂਦੀ ਹੈਪਿਛੋਂ ਉਹਨਾਂ ਦੀ ਹੋਂਦ ਚੇਤੇ ਕਰਨ ਵਾਲਾ ਵਾ ਨਹੀਂ ਬਚਦਾ। ਪਰ 1984 ਦੇ ਹਰਿਮੰਦਰ ਸਾਹਿਬ ਉਤੇ ਹੋਏ ਹਮਲੇ ਪਿਛੋਂ ਗੁਰਦੁਆਰਾ ਪਰਬੰਧ ਦੇ ਹਾਲਾਤ ਏਨੇ ਗੁੰਝਲਦਾਰ ਬਣ ਗਏ ਕਿ ਭਾਈ ਰਣਜੀਤ ਸਿੰਘ ਅਕਾਲੀ ਨੇਤਾਵਾਂ ਦੀ ਲੋੜ ਬਣ ਗਏ ਅਤੇ ਉਹਨਾਂ ਨੂੰ ਸਿੱਖ ਪੰਥ ਦੀ ਰਹਿੰਦੀ ਖੂੰਹਦੀ ਤਾਕਤ ਅਤੇ ਏਕਤਾ ਖਤਮ ਕਰਨ ਦਾ ਜ਼ਿਮਾ ਸੌਂਪ ਦਿਤਾ ਗਿਆ। ਨੌ ਜੂਨ, 1996 ਨੂੰ ਜਦੋਂ ਉਹ ਜੇਲ ਵਿੱਚ ਹੀ ਸੀ, ਉਸ ਨੂੰ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤਾ ਗਿਆ। ਧਰਮ ਦੀ ਸਿਆਸਤ ਦੁਨੀਆਂ ਭਰ ਵਿੱਚ ਹੋਈ ਹੈ। ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾਕੇ , ਉਹਨਾਂ ਨੂੰ ਸਵਰਗ ਦਾ ਲਾਲਚ ਦੇ ਕੇ, ਨਰਕ ਦਾ ਡਰ ਦਿਖਾ ਕੇ ਪੁਜਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਨੇ ਆਪਣੇ ਨਿੱਜੀ ਹਿੱਤ ਪੂਰੇ ਕੀਤੇ ਹਨ ਪਰਰ ਧਰਮ ਨੂੰ ਸਿਆਸਤ ਨਾਲ ਜੋੜ ਦੇਣ ਦਾ ਮਾਅਰਕਾ ਅਕਾਲੀਆਂ ਨੇ ਹੀ ਮਾਰਿਆ ਹੈ। ਮੀਰੀ ਪੀਰੀ ਦਾ ਸਿਧਾਂਤ, ਅਕਾਲ ਤਖ਼ਤ ਸਾਹਿਬ ਦਾ ਨਿਰਮਾਣ, ਮੁਗਲਾਂ ਵਿਰੁੱਧ ਜੰਗ ਸਭ ਥਾਂਈ ਧਰਮ ਅਤੇ ਸਿਆਸਤ ਨੂੰ ਇਕ ਕਰਨ ਦੀ ਰੁੱਚੀ ਦਿਖਾਈ ਦਿੰਦੀ ਹੈ। ਅਕਾਲ ਤਖ਼ਤ ਸਾਹਿਬ ਦਾ ਕਥਿਤ ਜਥੇਦਾਰ ਇਸ ਲਈ ਦੁਧਾਰੂ ਗਾਂ ਸਾਬਤ ਹੋਇਆ ਹੈ। ਸਿੱਖ ਦੀ ਇਸ ਸਰਵੁੱਚ ਅਦਾਲਤ ਦੇ ਕਥਿਤ ਮੁੱਖੀ ਕੋਲ ਇਕ ਸੇਵਾਦਾਰ ਨਿਯੁਕਤ ਕਰਨ ਜਾਂ ਉਸ ਨੂੰ ਬਰਖਾਸਤ ਕਰਨ ਦੇ ਕਾਨੂੰਨੀ ਅਧਿਕਾਰ ਤਕ ਨਹੀਂ ਹਨ ਪਰ ਉਸ ਰਾਹੀਂ ਕੌਮ ਨੂੰ ਆਪਣੀਆਂ ਉਂਗਲਾਂ ਉਤੇ ਨਚਾਉਣਾ ਸਿਆਸਤਦਾਨਾਂ ਨੇ ਬਖੂਬੀ  ਸਿੱਖ ਲਿਆ ਹੈ। ਕੌਮ ਦੇ ਸਾਹਮਣੇ ਇਸ ਸਰਬਰਾਹ ਨੂੰ ਬੜੇ ਆਦਰ ਨਾਲ, ਵੱਖ-ਵੱਖ ਪਦਵੀਆਂ ਨਾਲ ਸਜਾ ਸੰਵਾਰ ਪੇਸ਼ ਕੀਤਾ ਜਾਂਦਾ ਹੈ ਪਰ ਨਿੱਜੀ ਤੌਰ ਉਤੇ ਉਸ ਲਈ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ, ਉਸ ਨੂੰ ਡਰਾ, ਧਮਕਾ ਦੇ ਰਖਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਅਹੁੱਦੇ ਦੇ ਵੱਡਪਣ ਨੂੰ ਵੇਖ ਕੇ ਅਨੇਕਾਂ ਵਿਦਵਾਨ ਇਸ ਪਾਸੇ ਆਏ ਹਨ ਪਰ ਨਿਭਿਆ ਉਹੀ ਹੈ ਜਿਸ ਵਿੱਚ ਕੋਈ ਕਾਣ ਸੀ ਜਾਂ ਜੋ ਕਿਸੇ ਪਰਤੀ ਨਿੱਜੀ ਤੌਰ ਉਤੇ ਨਿਸ਼ਠਾਵਾਨ ਸੀ। 

ਭਾਈ ਰਣਜੀਤ ਸਿੰਘ ਦੀ ਯੋਗਤਾ, ਪਿਚੋਕੜ ਅਤੇ ਆਚਰਣ ਕੁਝ ਵੀ ਅਜਿਹਾ ਨਹੀ ਸੀ ਕਿ ਉਸ ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਪਦਵੀਂ ਦਿੱਤੀ ਜਾ ਸਕੇ। ਵਿਦਿਅਕ ਯੋਗਤਾ ਪੱਖੋਂ ਉਹ ਅੰਨਿਆਂ ਵਿੱਚ ਕਾਣਾ ਵੀ ਨਹੀਂ। ਗੁਰਬਾਣੀ ਦਾ ਪਾਠ ਤਾਂ ਸਾਡੇ ਘਰਾਂ ਵਿੱਚ ਅਨਪੜ ਮਾਈਆਂ ਵੀ ਕਰਦੀਆਂ ਆਈਆ ਹਨ। ਅਕਾਲ ਤਖ਼ਤ ਉਤੇ ਮੁੱਖ ਸੇਵਾਦਾਰੀ ਕਰਨ ਵਾਲਾ ਵਿਅਕਤੀ ਤਾਂ ਸਿੱਖ ਸਿਧਾਂਤਾਂ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਦਾ ਵਿਦਵਾਨ ਹੋਣਾ ਚਾਹੀਦਾ ਹੈ। ਉਸ ਨੂੰ ਮੁਕਾਬਲੇ ਦੇ ਧਰਮਾਂ, ਉਹਨਾਂ ਨੂੰ ਮੰਨਣ ਵਾਲਿਆਂ ਦੀ ਪੂਰੀ ਸੋਝੀ ਹੋਣੀ ਵੀ ਲਾਜ਼ਮੀ ਹੈ। ਜਿਹੜੇ ਲੇਕ ਖੂਹ ਦੇ ਡੱਡੂ ਹੀ ਰਹੇ ਹੋਣ, ਉਹ ਸਮੁੰਦਰ ਦੇ ਯੋਗ ਕਦੇ ਨਹੀਂ ਬਣਦੇ। ਮੁੱਖ ਗਰੰਥੀਆਂ ਅਤੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਦਾ ਰਹਿਣ ਸਹਿਣ ਵੀ ਆਦਰਸ਼ਕ ਹੋਣਾ ਮੁੱਖ ਜਰੂਰਤ ਹੈ।

ਗੁਰਮਤਿ ਅਨੁਸਾਰੀ ਜੀਵਨ ਜੀਊਣ ਵਾਲੇ ਹੀ ਮਾਡਲ ਬਣ ਸਕਦੇ ਹਨ। ਜਿਹੜੇ ਲੇਕ ਗਾਲ ਤੋਂ ਬਿਨਾਂ ਆਪਣੀ ਗੱਲ ਨਾ ਕਰ ਸਕਣ, ਉਹ ਨਿਮਰਤਾ, ਸੇਵਾ ਅਤੇ ਕੁਰਬਾਨੀ ਦੀਆਂ ਗੱਲਾਂ ਕਰਨ ਤਾਂ ਸਿਰਫ਼ ਮਜ਼ਾਕ ਦੇ ਪਾਤਰ ਬਣ ਸਕਦੇ ਹਨ। ਕੁਰਬਾਨੀ ਦੀ ਮਹਾਨਤਾ ਸਿੱਖਾਂ ਵਿੱਚ ਅਪਾਰ ਹੈ। ਕੁਰਬਾਨੀ ਕਰਨ ਵਾਲੇ ਸਿੱਖਾਂ ਦਾ ਵਿਲੱਖਣ ਇਤਿਹਾਸ ਹੈ। ਆਰਿਆਂ ਨਾਲ ਚੀਰੇ ਜਾਣ ਵਾਲੇ, ਖੋਪੜੀਆਂ ਲੁਹਾਣ ਵਾਲੇ, ਚਰਖੜੀਆਂ ਤੇ ਚੜਣ ਵਾਲੇ ਸਿਰਫ਼ ਸਿੱਖ ਇਤਿਹਾਸ ਵਿੱਚ ਦਿਸਦੇ ਹਨ। ਗਲ ਵਿੱਚ ਬੱਚਿਆਂ ਦੇ ਹਾਰ ਪੁਆ ਕੇ ਵੀਹ-ਵੀਹ ਸੇਰ ਪੱਕੇ ਪੀਹਣ ਪੀਹਣੇ ਵੀ ਸਿੱਖ ਬੀਬੀਆਂ ਦੇ ਹਿੱਸੇ ਆਏ ਹਨ ਪਰ ਹਰ ਕੁਰਬਾਨੀ ਕਰਨ ਵਾਲੇ ਦਾ ਗੁਰਮਤਿ ਅਨੁਸਾਰੀ ਕਿਰਦਾਰ ਸੀ। ਜ਼ੋਰ ਜ਼ਬਰਦਸਤੀ ਜਾਂ ਸਾਜਿਸ਼ਾਂ ਰਚ ਕੇ ਕਿਸੇ ਨੂੰ ਕਿਸੇ ਹੋਰ ਦੀ ਸ਼ਹਿ ਉਤੇ ਮਾਰਨਾ ਕੁਰਬਾਨੀ ਦੇ ਦਾਇਰੇ ਵਿੱਚ ਤਾਂ ਹਰਗਿਜ਼ ਨਹੀਂ ਆਉਂਦਾ। ਸਿੱਖ ਤਾਂ ਯੁੱਧਾਂ ਸਮੇਂ ਵੀ ਹਥਿਆਰ ਰਹਿਤ ਵਿਰੋਧੀ ਉਤੇ ਵਾਰ ਵਹੀਂ ਕਰਦੇ ਰਹੇ। ਗੁਰੂ ਹਰਿਗੋਬਿੰਦ ਸਾਹਿਬ ਦੀਆਂ ਪੈਂਦੇ ਖਾਂ ਨੂੰ ਹਥਿਆਰ ਦੇਣ, ਸਇਸਤਾ ਖਾਂ ਨੂੰ ਪਹਿਲਾ ਵਾਰ ਕਰਨ ਦੀ ਪੇਸ਼ਕਸ਼ ਕਰਨ ਦੀਆਂ ਕਹਾਣੀਆਂ ਸੁਨਾਉਂਦਿਆਂ ਸਾਡਾ ਮੂੰਹ ਨਹੀਂ ਸੁੱਕਦਾ ਅਤੇ ਆਪ ਅਸੀਂ ਰਾਅ ਵਰਗੀਆਂ ਏਜੰਸੀਆਂ ਨਾਲ ਮਿਲਕੇ ਮਾਰੂ ਹਥਿਆਰਾਂ ਨੂੰ ਮਨਾਹੀ ਵਾਲੀ ਥਾਂ ਵਿਸ਼ਵਾਸ਼ਘਾਤ ਕਰਕੇ ਨਿੱਜੀ ਲਾਭ ਲਈ ਪੁਚਾਈਏ। ਇਹ ਸਭ ਕੁਰਬਾਨੀ ਦੀ ਕਿਸੇ ਪਰਿਭਾਸ਼ਾ ਵਿੱਚ ਫਿਟ ਨਹੀਂ ਹੁੰਦਾ। 

ਪਰ ਭਾਈ ਰਣਜੀਤ ਸਿੰਘ ਦਾ ਕਿਰਦਾਰ ਟਕਰਾਉ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਰਾਸ ਆਉਂਦਾ ਸੀ। 1984 ਦੇ ਸਾਕੇ ਪਿਛੋਂ ਅਕਾਲ ਤਖ਼ਤ ਉਤੇ ਟਕਰਾਉ ਲਗਾਤਾਰ ਚਲਿਆ। ਗਿਆਨੀ ਕਿਰਪਾਲ ਸਿੰਘ ਨੀਲਾ ਤਾਰਾ ਸਾਕੇ ਸਮੇਂ ਮੁੱਖ ਸੇਵਾਦਾਰ ਸੀ। ਉਸ ਉਤੇ ਜਾਨਲੇਵਾ ਹਮਲੇ ਹੋਏ, ਭਾਈ ਜਸਬੀਰ ਸਿੰਘ ਰੋਡੇ ਨੂੰ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ (1986 ਈ.), ਭਾਈ ਗੁਰਦੇਵ ਸਿੰਘ ਕਾਉਂਕੇ ਨੇ ਰੋਡੇ ਦੇ ਜੇਲ ਵਿੱਚ ਹੋਣ ਕਰਕੇ ਕਾਰਜਕਾਰੀ ਅਧਿਕਾਰ ਲਏ। ਫੇਰ ਰਾਗੀ ਦਰਸ਼ਨ ਸਿੰਘ ਆਸੀਨ ਹੋਏ। ਭਾਈ ਜਸਬੀਰ ਸਿੰਘ ਰੋਡੇ ਨੇ ਉਹਨਾਂ ਨੂੰ ਰੁਖਸਤ ਕੀਤਾ (1988ਈ.)। ਏਸੇ ਸਾਲ ਭਾਈ ਹਰਚਰਨ ਸਿੰਘ (ਦਿੱਲੀ) ਦੀ ਨਿਯੁਕਤੀ ਹੋਈ। ਸ਼ਰੋਮਣੀ ਕਮੇਟੀ ਪ੍ਰੋ. ਮਨਜੀਤ ਸਿੰਘ ਨੂੰ ਕਾਰਜਕਾਰੀ ਮੁੱਖ ਸੇਵਾਦਾਰ ਵਜੋਂ ਲੈ ਕੇ ਆਈ। ਉਸ ਨੇ ਨਵੇਂ ਦਲ ਵੀ ਖੜੇ ਕੀਤੇ, ਵਿਸ਼ਵ ਸਿੱਖ ਕੌਸਲ ਵੀ ਬਣਾਈ। ਖਾੜਕੂਆਂ ਨਾਲ ਟਕਰਾਅ ਇਕ ਪਲ ਲਈ ਵੀ ਦੂਰ ਨਹੀਂ ਹੋਇਆ। ਸ਼ਰੋਮਣੀ ਕਮੇਟੀ ਨੂੰ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਸੀ ਜਿਹੜਾ ਉਸ ਦੇ ਹਾਕਮਾਂ ਦੇ ਇਸ਼ਾਰੇ ਉਤੇ ਵੀ ਚਲ ਸਕੇ ਅਤੇ ਖਾੜਕੂਆਂ ਨਾਲ ਆਪਣੇ ਤੌਰ ਉਥੇ ਨਿਬੜ ਵੀ ਸਕੇ। ਇਸ ਲਈ ਬਾਬਾ ਗੁਰਬਚਨ ਸਿੰਘ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਦੋਸ਼ ਵਿੱਚ ਉਮਰ ਕੈਦ ਕੱਟ ਰਿਹਾ ਭਾਈ ਰਣਜੀਤ ਸਿੰਘ ਢੁੱਕਵਾਂ ਵਿਅਕਤੀ ਸੀ। ਸ਼ਰੋਮਣੀ ਕਮੇਟੀਦੇ ਮੁੱਖੀ ਨੂੰ ਉਹ ਦਿਨ ਵੀ ਯਾਦ ਸਨ ਜਦ ਭਾਈ ਰਣਜੀਤ ਸਿੰਘ ਹਰਿਮੰਦਰ ਸਾਹਿਬ ਦੇ ਰਿਹਾਇਸ਼ੀ ਕਮਰਿਆਂ ਵਿੱਚ ਲੁਕਿਆ ਹੋਇਆ ਸੀ ਅਤੇ ਸਿਰਫ਼ ਦੇਸੀ ਘਿਉ ਦੇ ਤੜਕੇ ਦੇ ਮਾਮਲੇ ਤੋਂ ਹੀ ਉਹ ਭਿੰਡਰਾਂ ਵਾਲੇ ਦੇ ਖਿਲਾਫ਼ ਖੜਾ ਹੋ ਕੇ ਬੱਬਰਾਂ ਨਾਲ ਮਿਲ ਗਿਆ ਸੀ। ਲੋਹੇ ਨੂੰ ਲੋਹਾ ਕਟੇ ਦੀ ਮਨਸ਼ਾ ਨੂੰ ਸਾਹਮਣੇ ਰੱਖ ਕੇ 9 ਜੂਨ, 1996 ਨੂੰ ਭਾਈ ਰਣਜੀਤ ਸਿੰਘ ਸ਼ਰੋਮਣੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਗਏ। ਇਸ ਨਾਲ ਭਾਈ ਜੀ ਦੀ ਜੇਲ ਵਿੱਚੋਂ ਰਿਹਾਈ ਥੋੜੀ ਸੌਖੀ ਵੀ ਹੋ ਗਈ। 12 ਅਕਤੂਬਰ (1996 ਈ.) ਨੂੰ ਉਹਨਾਂ ਨੂੰ ਜ਼ਮਾਨਤ ਮਲੀ। 31 ਦਸੰਬਰ ਨੂੰ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਉਤੇ ਸਥਾਪਤ ਕਰ ਦਿੱਤਾ ਗਿਆ। ਇਤ ਨਾਲ ਇਕ ਨਵੇਂ ਕਾਲੇ ਯੁੱਗ ਦੀ ਸ਼ੁਰੂਆਤ ਹੋ ਗਈ।

  ਸਮਕਾਲੀ ਸਰੋਕਾਰ .

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਅਦਬ ਸਤਿਕਾਰ ਅਤੇ ਸੇਵਾ ਸੰਭਾਲ

ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(4)

ਕਿਤਾਬਾਂ ਦੀ ਦੁਨੀਆਂ ਬੜੀ ਨਿਰਾਲੀ ਹੈ।

ਲੇਖਕ ਦੇ ਮਨ ਵਿਚ ਵਿਚਾਰ ਉਪਜਦਾ ਹੈ। ਵਿਚਾਰ ਦੀ ਰੂਪ ਰੇਖਾ ਵਿਕਸਿਤ ਹੁੰਦੀ ਹੈ। ਹਾਂ-ਪੱਖੀ, ਨਾਹ- ਪੱਖੀ ਸੋਚਾਂ ਕਿੰਨਾਂ ਕਿਨਾਂ ਚਿਰ ਦਿਮਾਗ ਮਲੀ ਰਖਦੀਆਂ ਹਨ। ਉਠਦਿਆਂ-ਬੈਠਦਿਆਂ, ਖਾਂਦਿਆਂ-ਪੀਦਿਆਂ, ਸੌਦਿਆਂ-ਜਾਗਦਿਆਂ ਵਿਚਾਰ ਹੀ ਵਿਚਾਰ ਧਿਆਨ ਵਿਚ ਰਹਿੰਦਾ ਹੈ ਅਤੇ ਅੰਤ ਵਿਸ਼ੇ ਦਾ ਰੂਪ ਧਾਰਨ ਕਰਦਾ ਹੈ।

ਵਿਸ਼ੇ ਨੂੰ ਸਮੇਟਨ ਲਈ ਕਾਵਿ-ਰੂਪ ਵੀ ਢੁੱਕਵਾਂ ਹੀ ਚਾਹੀਦਾ ਹੈ। ਕੁਝ ਵਿਸ਼ੇ ਜਜ਼ਬਾਤਾਂ ਨਾਲ ਸਬੰਧਤ ਹੁੰਦੇ ਹਨ, ਕਵਿਤਾ ਵਿਚ ਸਮੇਟੇ ਜਾ ਸਕਦੇ ਹਨ, ਕੁਝ ਵਿਚਾਰਾਂ ਦੇ ਪ੍ਰਗਟਾ ਨਾਲ ਜੁੜੇ ਹੁੰਦੇ ਹਨ, ਲੇਖ ਉਨ੍ਹਾਂ ਲਈ ਢੁੱਕਵਾਂ ਮਾਧਿਅਮ ਹੁੰਦਾ ਹੈ। ਇਕ ਘਟਨਾ ਦਾ ਵਰਨਣ ਕਰਨਾ ਹੋਵੇ ਤਾਂ ਕਹਾਣੀ ਵਧੀਆ ਕਾਵਿ-ਰੂਪ ਬਣਦੀ ਹੈ। ਘਟਨਾਵਾਂ ਦੇ ਸੰਗ੍ਰਿਹ ਲਈ ਕਵੀ ਕਿੱਸੇ ਲਿਖਦੇ ਰਹੇ ਹਨ ਅਤੇ ਅੱਜ ਨਾਵਲ ਲਿਖਿਆ ਜਾ ਰਿਹਾ ਹੈ। ਵਾਰਾਂ ਵੀ ਇਸੇ ਮੰਤਵ ਨੂੰ ਪੂਰਾ ਕਰਦੀਆਂ ਰਹੀਆਂ ਹਨ। ਮਹਾਂਕਾਵਿ ਅਕਸਰ ਕਈ ਕਈ ਪੀੜੀਆਂ ਦੀ ਕਹਾਣੀ ਬਿਆਨਦੇ ਰਹੇ ਹਨ। ਅਧਿਆਤਮਕ ਰਚਨਾਵਾਂ, ਮੱਧ ਕਾਲ ਵਿਚ, ਪਦ ਵਿਚ ਹੁੰਦੀਆਂ ਰਹੀਆਂ ਹਨ ਪਰ ਅੱਜ ਉਨ੍ਹਾਂ ਉਤੇ ਵਿਚਾਰ ਗਦ ਵਿਚ ਕੀਤਾ ਜਾ ਰਿਹਾ ਹੈ।

ਰਚਨਾ ਤਿਆਰ ਹੋਣ ਪਿਛੋਂ ਪ੍ਰਕਾਸ਼ਕ ਕੋਲ ਜਾਂਦੀ ਹੈ। ਲੇਖਕ ਅਕਸਰ ਬੁੱਧੀਜੀਵੀ ਹੁੰਦੇ ਹਨ, ਆਦਰਸ਼ਵਾਦੀ, ਮਿਸ਼ਨਰੀ ਨਾ ਵੀ ਹੋਣ, ਸਮਾਜ ਨਾਲ ਉਨ੍ਹਾਂ ਦਾ ਸਰੋਕਾਰ ਹੁੰਦਾ ਹੈ ਪਰ ਪ੍ਰਕਾਸ਼ਕ ਅਕਸਰ ਕਾਰੋਬਾਰੀ ਲੋਕ ਹੁੰਦੇ ਹਨ। ਉਨ੍ਹਾਂ, ਚੰਗੀ ਹੋਵੇ ਜਾਂ ਮਾੜੀ, ਆਪਣੀ ਪ੍ਰਕਾਸ਼ਿਤ ਰਚਨਾ ਨੂੰ ਵੇਚਣਾ ਹੁੰਦਾ ਹੈ ਅਤੇ ਇਸ ਵਿਚੋਂ ਵੱਧ ਤੋਂ ਵੱਧ ਲਾਭ ਵੀ ਕਮਾਉਣਾ ਹੁੰਦਾ ਹੈ। ਇਸ ਲਈ ਉਹ ਘੱਟ ਤੋਂ ਘੱਟ ਖਰਚ ਕਰਦਾ ਹੈ ਅਤੇ ਜਿਥੋਂ ਵੀ ਖਰਚ ਬਚੇ, ਬਚਾਉਂਦਾ ਹੈ। ਕਾਗਜ਼, ਬਾਈਡਿੰਗ, ਪੈਕਿੰਗ, ਰਾਹਦਾਰੀ, ਸਭ ਉਤੇ ਉਸ ਦੀ ਨਜ਼ਰ ਹੁੰਦੀ ਹੈ। ਉਤਪਾਦਨ ਨੂੰ ਲਾਭਦਾਇਕ ਬਨਾਉਣ ਲਈ ਇਹ ਸਾਰੇ ਢੰਗ ਵਰਤੇ ਜਾਂਦੇ ਰਹੇ ਹਨ, ਵਰਤੇ ਜਾਂਦੇ ਰਹਿਣਗੇ।

ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਜਦ ਤਕ ਲਿਖਣ ਵਾਲਿਆਂ ਕੋਲ ਰਹੀ, ਉਹ ਇਸ ਦੀ ਸੁੰਦਰਤਾ ਅਤੇ ਪੱਵਿਤਰਤਾ ਨੂੰ ਧਿਆਨ ਵਿਚ ਰਖਦੇ ਰਹੇ ਭਾਵੇਂ ਕਿ ਵਿਅਕਤੀਗਤ ਵਿਚਾਰਾਂ ਅਤੇ ਹੱਦਾਂ ਕਾਰਣ ਮੌਲਿਕਤਾ ਉਤੇ ਤਾਂ ਅਸਰ ਪੈਂਦਾ ਰਿਹਾ ਹੈ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਤਿਆਰ ਕੀਤੇ ਜਾਣ ਲਗੇ ਤਾਂ ਉਹ ਸਾਰੇ ਔਗੁਣ ਆਉਣ ਲਗ ਪਏ ਜਿਹੜੇ ਕਿਤਾਬਾਂ ਦੀ ਛਪਾਈ ਵਿਚ ਆਉਂਦੇ ਹਨ। ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਗੁਟਕੇ, ਸੈਂਚੀਆਂ ਆਦਿ ਦੀ ਛਪਾਈ ਬਹੁਤ ਸਾਰੇ ਪ੍ਰਕਾਸ਼ਕ ਕਰਦੇ ਰਹੇ ਹਨ। ਧਰਮ ਪ੍ਰਚਾਰ ਲਈ ਗਠਿਤ ਸੰਸਥਾਵਾਂ ਵੀ ਇਸ ਕਾਰਜ ਵਿਚ ਜੁਟੀਆਂ ਰਹੀਆਂ ਹਨ ਅਤੇ ਜੁਟੀਆਂ ਹੋਈਆਂ ਹਨ। ਇੰਨ੍ਹਾਂ ਦੁਆਰਾ ਪ੍ਰਕਾਸ਼ਤ ਬੀੜਾਂ, ਗੁਟਕਿਆਂ ਅਤੇ ਦੂਸਰੀਆਂ ਪੁਸਤਕਾਂ ਵਿਚ ਅਸ਼ੁਧੀਆਂ ਦੀ ਸ਼ਿਕਾਇਤ ਵੀ ਆਈ ਅਤੇ ਆਦਰ ਸਤਿਕਾਰ ਵਿਚ ਕਮੀਆਂ ਦੀ ਜਾਣਕਾਰੀ ਵੀ ਮਿਲੀ। ਥਾਫੀ ਰੌਲੇ ਰੱਪੇ ਪਿਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਕਰਨ ਲਈ ਆਪਣੀਆਂ ਪ੍ਰਿੰਟਿੰਗ ਪ੍ਰੈਸਾਂ ਲਾ ਲਈਆਂ ਅਤੇ ਬਾਈਡਿੰਗ ਅਤੇ ਪੈਕਿੰਗ ਦਾ ਪ੍ਰਬੰਧ ਕਰ ਲਿਆ। ਇਸ ਨਾਲ ਗਲਤੀਆਂ ਅਤੇ ਅਦਬ ਅਦਾਬ ਨਾਲ ਸਬੰਧਤ ਸ਼ਿਕਾਇਤਾਂ ਤਾਂ ਨਾਂ ਮਾਤਰ ਰਹਿ ਗਈਆਂ ਪਰ ਦੇਸਾਂ ਵਿਦੇਸ਼ਾਂ ਵਿਚ ਸਰੂਪ ਭੇਜਣ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।

ਪੰਜਾਬ ਅਤੇ ਦਿੱਲੀ ਵਰਗੀਆਂ ਥਾਵਾਂ ਉਤੇ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਇਸ ਲਈ ਨਹੀਂ ਕਰਨਾ ਪੈਂਦਾ ਕਿਉਂਕਿ ਲੋੜਵੰਦ ਆਪ ਆ ਕੇ ਸਰੂਪ ਲੈ ਜਾਂਦੇ ਹਨ। ਦੂਰ ਥਾਵਾਂ ਵਾਲੇ ਵੀ ਗੱਡੀਆਂ ਲੈ ਆਉਂਦੇ ਹਨ ਅਤੇ ਵਿਧੀਪੂਰਵਕ, ਸਨਮਾਨਜਨਕ ਢੰਗ ਨਾਲ ਸਰੂਪ ਲੈ ਜਾਂਦੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੂਪ ਪੁਚਾਉਣ ਲਈ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕੀਤਾ ਹੈ ਪਰ ਵਿਦੇਸ਼ਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰੂ ਸਾਹਿਬ ਨੂੰ ਦਿਤੇ ਜਾਣੇ ਬਣਦੇ ਆਦਰ ਸਨਮਾਨ ਨਾਲ ਭੇਜੇ ਜਾਣ ਦਾ ਪ੍ਰਬੰਧ ਅਜੇ ਨਹੀਂ ਕੀਤਾ ਜਾ ਸਕਿਆ।

(ਬਾਕੀ)

  ਮਾਤਾ ਲਾਡਿਕੀ-13 .

ਲੇਖਾ ਜੋਖਾ

'ਪੁੱਤਰ ਜੀ!"

''ਜੀ, ਮਾਤਾ ਜੀ?"

''ਅੱਜ ਦਾ ਲੇਖਾ ਜੋਖਾ?"

 ਉਪਰੋਕਤ ਵਾਕਾਂ ਨਾਲ ਬਾਲਕ ਦਿਆਲ ਦੇ ਬੀਤੇ ਦਿਨ ਉੱਤੇ ਚਰਚਾ ਰੋਜ਼ ਰਾਤ ਸੌਣ ਸਮੇਂ  ਮਾਤਾ ਲਾਡਿੱਕੀ ਅਤੇ ਉਸ ਦੇ ਪੁੱਤਰ ਵਿਚ ਸ਼ੁਰੂ ਹੁੰਦੀ।

ਬੱਚਿਆਂ ਨੂੰ ਕਹਾਣੀਆਂ ਸੁਨਣ ਦਾ ਬੜਾ ਸ਼ੌਕ ਹੁੰਦਾ ਹੈ। ਇਸ ਸ਼ੌਕ ਨੂੰ ਪੰਜਾਬੀ ਘਰਾਂ ਵਿਚ ਦਾਦੀਆਂ, ਨਾਨੀਆਂ ਪੂਰਾ ਕਰਦੀਆਂ ਆਈਆਂ ਹਨ ਪਰ ਮਹਾਪੁਰਖਾਂ ਦੀਆਂ ਮਾਵਾਂ ਨੇ ਇਸ ਸ਼ੌਕ ਨੂੰ ਆਪਣੇ ਬੱਚਿਆਂ ਦੇ ਆਚਰਨ ਉਸਾਰੀ ਲਈ ਵੀ ਵਰਤਿਆ ਹੈ। ਬਾਲਕ ਦਿਆਲ ਦੀ ਮਾਤਾ ਲਾਡਿੱਕੀ ਨੇ ਕਹਾਣੀਆਂ ਦੇ ਮਾਧਿਅਮ ਨੂੰ ਉਸ ਅੰਦਰੋਂ ਡਰ ਭੈ ਖ਼ਤਮ ਕਰਨ ਲਈ ਵਰਤਣ ਦਾ ਉੱਦਮ ਕੀਤਾ। ਉਹ ਸਿੱਖ ਇਤਿਹਾਸ ਨਾ ਸਬੰਧਤ ਸਾਖੀਆਂ ਸੁਣਾ ਸੁਣਾ ਬਾਲਕ ਨੂੰ ਜਤਾਉਣ ਦਾ ਯਤਨ ਕਰਦੀ ਰਹੀ ਕਿ ਦੁੱਖ ਸੁੱਖ, ਡਰ, ਭੈ ਸਭ ਮਨੁੱਖੀ ਮਨ ਦੀਆਂ ਸਥਿਤੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਇਹ ਜਿਵੇਂ ਚਾਹੇ, ਮਹਿਸੂਸ ਕਰ ਸਕਦਾ ਹੈ। ਹੱਸ-ਹੱਸ ਚਰਖੜੀਆਂ ਉਤੇ ਚੜ੍ਹਣ, ਅੰਗ ਅੰਗ ਕਟਾਉਣ ਵਾਲੇ ਵੀ ਮਨੁੱਖ ਮਾਤਰ ਹੀ ਹੁੰਦੇ ਹਨ। ਉਨ੍ਹਾਂ ਨੇ ਸਿਰਫ਼ ਮਨ ਨੂੰ ਸਾਧਿਆ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪੀੜ ਵਿਚ ਵੀ ਸੁੱਖ ਮਹਿਸੂਸ ਹੁੰਦਾ ਹੈ।

ਸੌਣ ਸਮੇਂ ਸਾਖੀਆਂ, ਕਿੱਸੇ, ਕਹਾਣੀਆਂ ਸੁਨਣ, ਸੁਨਾਉਣ ਤੋਂ ਸ਼ੁਰੂ ਹੋਇਆ ਇਹ ਕਾਰਜ ਬਾਲਕ ਦਿਆਲ ਦੇ ਬੀਤੇ ਦਿਨ ਦੇ ਲੇਖੇ ਜੋਖੇ ਵਿਚ ਬਦਲ ਗਿਆ। ਆਪੋ ਆਪਣੇ ਬਿਸਤਰਿਆਂ ਵਿਚ ਲੇਟਦਿਆਂ ਹੀ ਮਾਂ-ਪੁੱਤਰ ਵਿਚ ਬਾਲਕ ਵੱਲੋਂ ਬਿਤਾਏ ਦਿਨ ਦਾ ਲੇਖਾ ਜੋਖਾ ਹੋਣ ਲੱਗਦਾ। ਬਾਲਕ ਦੱਸਦਾ ਕਿ ਉਹ ਸਵੇਰੇ ਕਦ ਉੱਠਿਆ ਅਤੇ ਸਾਰਾ ਦਿਨ ਉਸ ਨੇ ਕੀ ਕੀਤਾ ਅਤੇ ਕੀ ਕੀ ਮਹਿਸੂਸ ਕੀਤਾ। ਮਾਤਾ ਉਸ ਉੱਤੇ ਟਿੱਪਣੀ ਕਰਦੀ ਜਾਂਦੀ। ਉਸ ਨੂੰ ਦੱਸਦੀ ਕਿ ਉਸ ਨੇ ਕੀ ਕੁਝ ਗੁਰਬਾਣੀ ਵਿਚ ਦੱਸੀ ਜੀਵਨ ਜਾਂਚ ਅਨੁਸਾਰ ਕੀਤਾ। ਇਸ ਲਈ ਪੁੱਤਰ ਨੂੰ ਸ਼ਾਬਾਸ਼ ਮਿਲਦੀ। ਮਾਤਾ ਪੁੱਤਰ ਨੂੰ ਦਲੀਲ ਨਾਲ ਦੱਸਦੀ ਕਿ ਕੀ ਕੁਝ ਗੁਰਮਤਿ ਅਨੁਸਾਰੀ ਨਹੀਂ ਹੈ ਅਤੇ ਕਿਉਂ ਨਹੀਂ ਹੈ।

 ਪੁੱਤਰ ਦਿਆਲ ਨੂੰ ਬੋਲਣ, ਬਹਿਸ ਕਰਨ ਦਾ ਉਹ ਪੂਰਾ ਮੌਕਾ ਦਿੰਦੀ। ਬਾਲਕ ਵੀ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਮਾਤਾ ਲਾਡਿੱਕੀ ਨੂੰ ਇਸ ਦੇ ਨਤੀਜਿਆਂ ਤੋਂ ਪੂਰੀ ਸੰਤੁਸ਼ਟੀ ਸੀ। ਬਾਲਕ ਦੇ ਆਚਰਣ ਨਿਰਮਾਣ ਵਿਚ ਇਸ ਲੇਖੇ-ਜੋਖੇ ਨੇ ਬੜਾ ਅਹਿਮ ਹਿੱਸਾ ਪਾਇਆ। ਮਨੁੱਖ ਵੱਲੋਂ ਆਪਣੇ ਬੀਤੇ ਦਾ ਲੇਖਾ ਜੋਖਾ ਹੀ ਮਨੁੱਖੀ ਇਤਿਹਾਸ ਹੈ। ਇਸ ਨੂੰ ਕੁਝ ਇੱਕ ਨੇ ਡਾਇਰੀ ਅਤੇ ਕੁਝ ਨੇ ਸਵੈ-ਜੀਵਨੀ ਲਿਖਣਾ ਕਿਹਾ ਹੈ। ਜੋ ਇਤਿਹਾਸ ਸਾਨੂੰ ਸਕੂਲਾਂ, ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ, ਉਹ ਵੀ ਕਿਸੇ ਸਮਰਥ, ਪ੍ਰਤਿਭਾਸ਼ਾਲੀ ਮਨੁੱਖ ਜਾਂ ਸਮੂਹ ਦੁਆਰਾ ਕੀਤੇ ਗਏ ਕਾਰਜਾਂ ਦਾ ਲੇਖਾ ਜੋਖਾ ਹੀ ਹੁੰਦਾ ਹੈ। ਆਪਣੇ ਕੀਤੇ ਉੱਤੇ ਨਜ਼ਰਸਾਨੀ ਕਰਨਾ, ਉਸ ਦਾ ਲੇਖਾ ਜੋਖਾ ਕਰਨਾ ਅਤੇ ਰੱਖਣਾ ਜਾਗਰੂਕ (ਚੇਤੰਨ) ਮਨੁੱਖਾਂ ਦੁਆਰਾ ਆਪਣੀ ਤਰੱਕੀ ਸਫ਼ਲਤਾ ਲਈ ਵਰਤਿਆ ਜਾਣ ਵਾਲਾ ਸਾਧਨ ਹੁੰਦਾ ਹੈ। ਮਾਤਾ ਲਾਡਿੱਕੀ ਜਾਣਦੀ ਸੀ ਕਿ ਮਨੁੱਖ ਜੋ ਅੱਜ ਕਰਦਾ ਹੈ, ਜੇ ਕੱਲ੍ਹ ਉਸ ਦੇ ਨਤੀਜਿਆਂ ਤੋਂ ਸਬਕ ਲਵੇ ਤਾਂ ਉਹ ਅਤੇ ਉਸ ਨਾਲ ਜੁੜੇ ਲੋਕ ਤੇਜ਼ੀ ਨਾਲ ਸਭਿਆਚਾਰਕ ਅਮੀਰੀ ਵਿੱਚ ਵਾਧਾ ਕਰਦੇ ਹਨ। ਉਸ ਨੇ ਆਪਣੇ ਪੁੱਤਰ ਨੂੰ ਇਸੇ ਰਸਤੇ ਤੋਰਿਆ ਹਾਲਾਂਕਿ ਘਰ ਪਰਿਵਾਰ ਵਿਚ ਉਸ ਨੇ ਇਨ੍ਹਾਂ ਯਤਨਾਂ ਨੂੰ ਫਜ਼ੂਲ ਕਹਿਣ ਵਾਲੇ ਵੀ ਸਨ।

ਅਸਲ ਵਿਚ ਭਾਰਤ ਵਿਚ ਆਪਣੇ ਵਰਤਾਰੇ, ਬੀਤੇ ਸਮੇਂ ਵਿਚ ਵਾਪਰੇ ਤੋਂ ਕੁਝ ਸਿੱਖਣ ਦੀ ਰੁਚੀ ਨਹੀਂ ਰਹੀ। ਰਿਸ਼ੀਆਂ ਮੁੰਨੀਆਂ ਦੇ ਇਸ ਦੇਸ਼ ਵਿਚ ਇਹ ਮਾਨਤਾ ਪ੍ਰਬਲ ਰਹੀ ਹੈ ਕਿ ਦੁਨੀਆਂ ਵਿਚ ਆ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ, ਉਸ ਵਿਚ ਉਸ ਦਾ ਆਪਣਾ ਕੋਈ ਹੱਥ ਨਹੀਂ ਹੁੰਦਾ। ਕਰਨ ਕਰਾਵਣ ਵਾਲਾ ਤਾਂ ਕਰਤਾਰ ਹੈ, ਮਨੁੱਖ ਤਾਂ ਬੱਸ ਉਸ ਦੇ ਹੱਥਾਂ ਵਿਚ ਕਠਪੁਤਲੀ ਹੈ। ਉਸ ਦੇ ਆਪਣੇ ਵੱਸ ਵਿਚ ਕੁਝ ਨਹੀਂ ਹੁੰਦਾ ਕਿਉਂਕਿ ਕਰਤਾਰ ਦੀ ਇੱਛਾ ਬਿਨਾਂ ਤਾਂ ਇੱਕ ਪੱਤਾ ਤੱਕ ਨਹੀਂ ਹਿਲਦਾ। ਮਨੁੱਖ ਨੂੰ ਆਪਣੇ  ਕੀਤੇ ਦਾ ਲੇਖਾ ਜੋਖਾ ਕਰਨ ਅਤੇ ਰੱਖਣ ਦੀ ਤਾਂ ਕਰਨ ਕਰਾਵਨ ਹਾਰ ਦੀ ਮਹਿਮਾਂ ਵਿਚ ਆਪਣਾ ਸਮਾਂ ਲਾਉਣਾ ਚਾਹੀਦਾ ਹੈ। ਉਸੇ ਦੀ ਕ੍ਰਿਪਾਲਤਾ ਕਾਰਣ ਸਭ ਕੁਝ ਵਾਪਰਿਆ। ਅਧਿਆਤਮਵਾਦੀਆਂ ਦੇ ਇਸ ਪ੍ਰਚਾਰ ਦਾ ਨਤੀਜਾ ਸਾਡੇ ਵਿਚ ਇਤਿਹਾਸ ਪ੍ਰਤੀ ਅਲਗਾਉ ਵਿਚ ਨਿਕਲਿਆ ਹੈ। ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇੱਥੇ ਇਤਿਹਾਸ ਨਹੀਂ ਦੇ ਬਰਾਬਰ ਲਿਖਿਆ ਗਿਆ।

ਜਿਸ ਸਭਿਆਚਾਰ ਉੱਤੇ ਅੱਜ ਅਸੀਂ ਮਾਣ ਕਰਦੇ ਹਾਂ, ਉਸ ਦਾ ਇਤਿਹਾਸ ਵੀ ਅੰਗਰੇਜ਼ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਖੋਜਿਆ ਅਤੇ ਲਿਖਿਆ ਹੈ। ਵੈਦਿਕ ਰੀਤੀ ਨਾਲ ਗੁਰਬਾਣੀ ਦੀ ਵਿਆਖਿਆ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚੋਂ ਅਜਿਹੀਆਂ ਅਨੇਕਾਂ ਤੁਕਾਂ ਲੱਭੀਆਂ ਹਨ ਜਿਹੜੀਆਂ ਮਨੁੱਖ ਦੇ ਲੇਖਾ ਜੋਖਾ ਰੱਖਣ ਦੇ ਯਤਨਾਂ ਨੂੰ ਨਕਾਰਦੀਆਂ ਜਾਪਦੀਆਂ ਹਨ। ਮਿਸਾਲ ਵੱਜੋਂ ਸਿਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ ਕਿ ਇਸ ਧਰਤੀ ਉੱਤੇ ਜੀਵ ਦੇ ਬੋਲਣ, ਖਾਣ, ਚਲਣ, ਸੁਨਣ ਅਤੇ ਸਾਹ ਲੈਣ ਦੀ ਗਿਣਤੀ, ਸਮਾਂ ਨਿਸਚਿਤ ਹੈ। ਇਸ ਲਈ ਕੋਈ ਹਿਸਾਬ ਕਿਤਾਬ ਰੱਖਣ ਦੀ ਕੀ ਜ਼ਰੂਰਤ ਹੈ?

ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ॥

ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ॥

 ਲੇਖੈ ਸਾਹ ਲਵਾਈਅਹਿ ਖੜਕਿ ਪੁਛਣ ਜਾਉ॥

(ਅੰਕ ੧੫)

ਇਸੇ ਰਾਗ ਵਿਚ ਉਚਾਰੀ ਇੱਕ ਤੁਕ ਲੇਖਾ ਇੱਕੋ ਆਵਹੁ ਜਾਹੁ॥(ਅੰਕ ੨੫) ਦੇ ਅਰਥ ਕੀਤੇ ਜਾਂਦੇ ਹਨ ਕਿ ਆਉਣ ਜਾਣ (ਜਨਮ ਮਰਨ) ਦਾ ਲੇਖਾ ਤਾਂ ਉਸ ਕਰਤਾਰ ਕੋਲ ਹੀ ਹੈ, ਇਸ ਲਈ ਮਨੁੱਖ ਦੀ ਆਪਣੀ ਕੀ ਜਾਹ ਹੈ।? ਜਪੁ ਵਿਚ ਵੀ ਦਰਜ ਹੈ ਕਿ ਲੇਖਾ ਰੱਖਣ ਦਾ ਕੀ ਲਾਭ? ਮਨੁੱਖ ਨੇ ਤਾਂ ਵਿਣਾਸੁ ਨੂੰ ਪ੍ਰਾਪਤ ਹੋਣਾ ਹੀ ਹੈ:

ਲੇਖਾ ਹੋਇ ਤਾਂ ਲਿਖੀਐ ਲੇਖੈ ਹੋਇ ਵਿਣਾਸੁ॥

(ਅੰਕ ੫)

ਏਹੁ ਲੇਖਾ ਲਿਖ ਜਾਣੈ ਕੋਇ॥

ਲੇਖਾ ਲਿਖਿਆ ਕੇਤਾ ਹੋਇ॥

(ਅੰਕ ੩)

ਪਰ ਮਾਤਾ ਲਾਡਿੱਕੀ ਜਾਣਦੀ ਸੀ ਕਿ ਗੁਰਬਾਣੀ ਦੀਆਂ ਇਹ ਅਤੇ ਹੋਰ ਤੁਕਾਂ ਮਨੁੱਖ ਨੂੰ ਆਪਣੇ ਕਰਮਾਂ ਦਾ ਲੇਖਾ ਜੋਖਾ ਕਰਨੋਂ ਨਹੀਂ ਰੋਕਦੀਆਂ। ਇਹ ਅਰਥ ਤਾਂ ਇਨ੍ਹਾਂ ਤੁਕਾਂ ਨੂੰ ਪੂਰੇ ਸ਼ਬਦ ਅਤੇ ਗੁਰਮਤਿ ਦੀ ਭਾਵਨਾ ਤੋਂ ਵੱਖ ਕਰਕੇ ਆਪਣੇ ਮੰਤਵ ਸਾਧਨ ਲਈ ਵਰਤਿਆ ਗਿਆ ਹੈ। ਇਹ ਤੁਕਾਂ ਤਾਂ ਅਕਾਲ ਪੁਰਖ ਦੀ ਵਡਿਆਈ ਕਰਦੀਆਂ ਹਨ ਕਿ ਉਹ ਏਨਾ ਵੱਡਾ, ਏਨਾ ਵਿਸ਼ਾਲ ਹੈ ਕਿ ਕੋਈ ਉਸ ਦਾ ਲੇਖਾ ਜੋਖਾ, ਅੰਦਾਜ਼ਾ ਵੀ ਨਹੀਂ ਕਰ ਸਕਦਾ। ਗੁਰਬਾਣੀ ਤਾਂ ਕਰਮ ਕਰਨ ਲਈ ਪ੍ਰੇਰਦੀ ਹੈ। ਕਿਹਾ ਗਿਆ ਹੈ ਸੱਚੇ ਦੇ ਦਰਬਾਰ ਵਿਚ ਮਨੁੱਖ ਦੇ ਹਰ ਕਰਮ ਦਾ ਹਿਸਾਬ ਹੁੰਦਾ ਹੈ (ਕਰਮੀ ਕਰਮੀ ਹੋਇ ਵਿਚਾਰ॥ ਸਦਾ ਆਪੁ ਸਚਾ ਦਰਬਾਰ॥)। ਮਨੁੱਖ ਦੇ ਕਰਮਾਂ ਦਾ ਹਿਸਾਬ ਰੱਖਣ ਵਾਲਾ ਦਾਤਾ ਮਨੁੱਖ ਦੇ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਕਰਨ ਦੇ ਵਿਰੁੱਧ ਕਿਵੇਂ ਹੋ ਸਕਦਾ ਹੈ? ਸੱਚ ਤਾਂ ਇਹ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਜਦ ਤੱਕ ਉਹ ਕੀਤੇ ਕਰਮਾਂ ਦਾ ਲੇਖਾ ਜੋਖਾ ਨਹੀਂ ਕਰੇਗਾ, ਨਾ ਉਸ ਨੂੰ ਗਲਤੀਆਂ ਲੱਭਣਗੀਆਂ, ਨਾ ਚੰਗਿਆਈਆਂ ਦਾ ਪਤਾ ਲੱਗੇਗਾ। ਮੰਦੇ ਚੰਗੇ ਕਰਮਾਂ ਨੂੰ ਕਰਨ ਲਈ ਉਨ੍ਹਾਂ ਦੇ ਨਤੀਜਿਆਂ ਦਾ ਲੇਖਾ ਜੋਖਾ ਕਰਨਾ ਹੀ ਪਵੇਗਾ। ਮਾਤਾ ਲਾਡਿੱਕੀ ਨੇ ਦਿਆਲ ਦੀ ਕਥਨੀ ਕਰਨੀ ਦੀ ਏਕਤਾ ਨੂੰ ਪਰਪੱਕ ਕਰਨ ਲਈ ਬਾਲਕ ਦੇ ਕਰਮਾਂ, ਅਨੁਭਵਾਂ ਦਾ ਲੇਖਾ ਜੋਖਾ ਕਰਨ ਦੀ ਰੀਤ ਤੋਰੀ ਜਿਸ ਦੇ ਬੜੇ ਸਾਰਥਕ ਨਤੀਜੇ ਨਿਕਲੇ।

(ਬਾਕੀ)