rozanajanchetna@gmail.com16112020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:72,ਸੋਮਵਾਰ,16 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜਿਕ ਤਾਕਤਾਂ ਦੀ ਗੁਲਾਮੀ ਭੋਗਦੇ ਬੇਬਸ ਮਨੁੱਖ ਕੋਲ, ਗੁਲਾਮੀ ਵਾਲਾ ਹੀ ਸਹੀ, ਜੀਊਣ ਬਿਨਾਂ ਕੋਈ ਰਾਹ ਨਹੀਂ। ਜੀਊਣਾ ਉਸ ਦੀ ਮਜ਼ਾਬੂਰੀ ਹੈ। ਹੁਣ ਜੀਊਣਾ ਹੀ ਹੈ ਤਾਂ ਕਿਉਂ ਨਾ ਬੇਹਤਰ, ਸਾਰਥਕ ਜੀਵਨ ਜੀਵਿਆ ਜਾਵੇ ? ਜੀਵਨ ਨਾਲ ਮਨੁੱਖ ਦੀ ਵਿਅਕਤੀਗਤ ਪਸੰਦ, ਨਾਪਸੰਦ ਜੁੜੇ ਹੁੰਦੇ ਹਨ ਜੋ  ਸਮਾਜ ਦੀ ਪਸੰਦ, ਨਾਪਸੰਦ ਨਾਲ ਮੇਲ ਨਹੀਂ ਖਾਂਦੇ। ਇਹ ਦੁਬਿਧਾ ਵਾਲੀ ਸਥਿਤੀ ਹੈ। ਇਕ ਪਾਸੇ ਵਿਅਕਤੀਗਤ ਇਛਾਵਾਂ, ਦੂਸਰੇ ਪਾਸੇ ਸਮਾਜਕ ਮਾਨਤਾਵਾਂ! ਮੂਰਖ ਸਮਾਜ ਨਾਲ ਟਕਰਾ ਕੇ ਆਪਣੀ ਹੋਂਦ ਖਤਰੇ ਵਿਚ ਪਾ ਲੈਂਦਾ ਹੈ ਜਦ ਕਿ  ਸਿਆਣੇ ਨੂੰ ਸੋਝੀ ਹੁੰਦੀ ਹੈ ਕਿ ਸਮਾਜ ਦਾ ਅਟੁੱਟ ਹਿੱਸਾ ਹੋਣ ਕਰਕੇ ਸਮਾਜਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਉਹ ਸੀਮਾਵਾਂ ਦਾ ਘੇਰਾ ਬਣਾ ਲੈਂਦਾ ਹੈ ਅਤੇ  ਇਸ ਘੇਰੇ ਵਿਚ  ਰਹਿ ਕੇ ਮਨ ਭਾਉਂਦਾ ਆਨੰਦ ਮਾਣਦਾ ਹੈ ਬੇਹਤਰੀ ਵੀ ਅਜਿਹਾ ਜੀਵਨ ਢੰਗ ਅਪਨਾਉਣ ਵਿਚ ਹੈ ਜੋ ਸਰੋਤਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਵੱਧ ਤੋਂ ਵੱਧ ਪੈਦਾ ਆ ,ਰਕ ਪ ਵੀ ਸੁੱਖੀ ਰਹੇ ਅਤੇ ਸਮਾਜ ਦੇ ਵਿਕਾਸ ਵਿਚ ਵੀ ਹਿੱਸਾ ਪਾਵੇ।

  ਪੰਜਾਬ ਦਾ ਇਤਿਹਾਸ-05.

ਪੰਜਾਬ ਦੀ ਜਰਖੇਜ਼ ਭੂਮੀ ਆਪਣੀ ਜਰਖੇਜ਼ਤਾ ਅਤੇ ਮਹੱਤਵਪੂਰਨ ਭੂਗੋਲਕ ਸਥਿਤੀ ਰੱਖਣ ਦੇ ਕਾਰਣ ਪੱਛਮੀ ਅਤੇ ਕੇਂਦਰੀ ਏਸ਼ੀਆਂ ਦੇ ਹੁਕਮਰਾਨਾਂ ਦੀਆਂ ਲਾਲਸੀ ਨਿਗਾਹਾਂ ਦਾ ਸ਼ਿਕਾਰ ਬਣੀ ਰਹੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਐਸੀ ਸੀ ਕਿ ਹਿੰਦੁਸਤਾਨ ਵਿੱਚ ਇਥੋਂ ਦੀ ਲੰਘ ਕੇ ਹੀ ਜਾਇਆ ਜਾ ਸਕਦਾ ਸੀ। ਜਦੋਂ ਹਮਲਾਵਰ ਪੰਜਾਬ ਨੂੰ ਜਿੱਤ ਲੈਂਦਾ ਸੀ ਤਾਂ ਬਾਕੀ ਦਾ ਸਾਰਾ ਹਿੰਦੁਸਤਾਨ ਉਸ ਦੇ ਪੈਰਾਂ ਉਪਰ ਪਿਆ ਦਿੱਸ ਰਿਹਾ ਹੁੰਦਾ ਸੀ। ਹਿੰਦੁਸਤਾਨ ਹੋਰ ਸਭ ਪਾਸਿਓ ਸੁਰੱਖਿਅਤ ਸੀ। ਇਸ ਕਰਕੇ ਹਿੰਦੁਸਤਾਨ ਦੇ ਦੱਖਣੀ,ਪੱਛਮੀ ਅਤੇ ਕੇਂਦਰੀ ਰਿਆਸਤਾਂ ਦੇ ਰਾਜੇ-ਮਹਾਰਾਜੇ ਸਦੀਆਂ ਤੋਂ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਤੋਂ ਬਚੇ ਆ ਰਹੇ ਸਨ। ਪੰਜਾਬ ਵੱਲੋਂ ਗਿਆ ਹੋਇਆ ਹਮਲਾਵਰ ਹਿੰਦੁਸਤਾਨ ਵਿੱਚ ਸਿਰਫ਼ ਪੰਜਾਬ ਨੂੰ ਹਰਾ ਕੇ ਹੀ ਦਾਖ਼ਲ ਹੋ ਸਕਦਾ ਸੀ ਪਰ ਇਸ ਨੂੰ ਹਰਾਉਣਾ ਸੌਖਾ ਨਹੀਂ ਸੀ। ਕਈ ਵਾਰ ਤਾਂ ਪੰਜਾਬ ਨੂੰ ਹਰਾਉਂਦਾ ਹੋਇਆ ਹੀ ਬਾਹਰਲਾ ਹਮਲਾਵਰ ਆਪਣੀ ਸ਼ਕਤੀ ਖੋ ਬੈਠਦਾ ਸੀ ਇਸ ਕਰਕੇ ਉਹ ਘੱਟ ਹੀ ਗੰਗਾ-ਜਮਨਾ ਦੇ ਖਿੱਤੇ ਤੱਕ ਪਹੁੰਚਦਾ ਸੀ।

  ਸਿੱਖ ਇਤਿਹਾਸ ਵਿਚ ਅੱਜ.

16 ਨਵੰਬਰ

ਬਾਬਾ ਬੁੱਢਾ ਜੀ ਦਾ ਸਵਰਗਵਾਸ

ਅੱਜ ਅਸੀਂ ਬਾਬਾ ਬੁੱਢਾ ਜੀ ਦੀ ਬਰਸੀ ਮਨਾ ਰਹੇ ਹਾਂ। ਉਹ 16 ਨਵੰਬਰ, 1631 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਰਮਸਰ ਵਿਖੇ ਗੁਰੂ ਚਰਨਾਂ 'ਚ ਜਾ ਬਿਰਾਜੇ  ਸਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਹੱਥੀਂ ਉਹਨਾਂ ਦਾ ਸਸਕਾਰ ਕਰਕੇ ਗੁਰਸਿੱਖੀ ਜੀਵਣ ਦੇ ਪੂਰਨੇ ਪਾਉਣ ਵਾਲੇ ਬਾਬਾ ਬੁਢਾ ਜੀ ਨੂੰ ਸਮਨਾਮ ਦਿੱਤਾ। ਬਾਬਾ ਬੁੱਢਾ ਜੀ ਗੁਰਮਤਿ ਅਤੇ ਗੁਰੂ ਘਰ ਨੂੰ ਸਮਰਪਿਤ ਗੁਰਮੁੱਖ ਸਨ। ਉਹਨਾਂ ਆਪਣੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਰਦਿਆਂ ਗੁਜ਼ਾਰੀ। ਇਸ ਤੋਂ ਵੱਧ, ਉਹਨਾਂ ਆਪਣਾ ਜੀਵਨ ਗੁਰਸਿੱਖੀ ਜੀਵਨ ਜੀਊਂਦਿਆਂ ਬਤੀਤ ਕੀਤਾ: ਬਚਪਨ ਵਿਚ ਉਹ ਸਤਿਗੁਰ ਨਾਨਕ ਦੇ ਚਰਨਾਂ 'ਚ ਬੈਠੇ ਅਤੇ ਸਿੱਖੀ ਦਾ ਪਾਠ ਪੜ੍ਹਿਆ। ਜਵਾਨੀ ਵਿਚ ਉਹਨਾਂ ''ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚਿ ਹੋਵੈ ਮੁਕਤਿ" ਵਾਲੀ ਸਥਿਤੀ ਨੂੰ ਚਿਤਰਾਥ ਕੀਤਾ। ਜਿਉਂ ਜਿਉਂ ਉਮਰ ਵੱਧਦੀ ਗਈ, ਘਰੇਲੂ ਜ਼ਿਮੇਂਵਾਰੀਆਂ ਤੋਂ ਉਹ ਮੁਕਤ ਹੁੰਦੇ ਗਏ ਅਤੇ ਆਪਣਾ ਸਮਾਂ ਗੁਰੂ ਦੇ ਨਾਂਅ ਲਾਉਂਦੇ ਗਏ। ਪੂਰੀ ਉਮਰ ਉਹਨਾਂ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛੱਕਦਿਆਂ, ਨਿਰਲੇਪ ਰਹਿ ਕੇ ਭਾਣਾ ਮੰਨਦਿਆਂ ਬਿਤਾਈ ਅਤੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਜਦ ਵੀ ਗੁਰੂ ਘਰ ਨੂੰ ਉਹਨਾਂ ਦੀ ਸੇਵਾ ਦੀ ਲੋੜ ਭਾਸਦੀ, ਉਹ ਗੁਰਦੁਆਰੇ ਖੜ੍ਹੇ ਹੁੰਦੇ। ਬਾਬਾ ਜੀ ਦੀ ਕਮਾਈ ਪੂਰਨ ਗੁਰਸਿੱਖ ਦਾ ਜੀਵਨ ਜੀਊਣ ਕਰਕੇ ਹੈ। ਉਹਨਾਂ ਦਾ ਜੀਵਨ ਗੁਰਮਤਿ ਪੈਰੋਕਾਰਾਂ ਲਈ ਆਦਰਸ਼ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਕਥੂਨੰਗਲ ਵਿਖੇ ਜ਼ਿਮੀਂਦਾਰ ਪਰਿਵਾਰ ਦੇ ਘਰ 22 ਅਕਤੂਬਰ, 1506 ਨੂੰ ਜਨਮੇਂ ਬੂੜਾ ਜੀ ਗਹਿਰ ਗੰਭੀਰ ਦੇ ਤੇਜ਼ ਬੁੱਧੀ ਵਾਲੇ ਬਾਲਕ ਸਨ।

ਉਹਨਾਂ ਦੇ ਜਨਮ ਤੋਂ ਥੋੜਾ ਸਮਾਂ ਪਿਛੋਂ ਹੀ ਇਹ ਪਰਿਵਾਰ ਰਮਦਾਸ ਆ ਗਿਆ। ਇਥੇ ਹੀ ਆਮ ਕਿਸਾਨਾਂ ਦੇ ਬਾਲਕਾਂ ਵਾਂਗ ਮੱਝਾਂ ਚਾਰਦੇ ਬਾਲਕ ਬੂੜਾ ਜੀ ਦੀ ਸਤਿਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ। ਗੁਰੂ ਜੀ ਨੇ ਬੂੜੇ ਕੋਲੋ ਸਰਸਰੀ ਜਾਣ ਪਛਾਣ ਵਾਲੀਆਂ ਗੱਲਾਂ ਪੁੱਛੀਆਂ। ਬਾਲਕ ਨੂੰ ਸ਼ਾਇਦ ਗਿਆਨ ਦੀ ਭੁੱਖ ਸੀ ਜਾਂ ਉਹ ਸੰਤਾਂ ਭਗਤਾਂ ਦੀ ਸੰਗਤ ਦਾ ਅਭਿਲਾਖੀ ਸੀ ਕਿ ਅਗਲੇ ਦਿਨ ਉਹ ਦੁੱਧ, ਘਿਉ ਲੈ ਕੇ ਗੁਰੂ ਜੀ ਕੋਲ ਆ ਹਾਜ਼ਰ ਹੋਇਆ। ਗੁਰੂ ਜੀ ਨਾਲ ਉਸ ਗਿਆਨ ਦੀਆਂ ਕੁੱਝ ਗੱਲਾਂ ਕੀਤੀਆਂ। ਗੁਰੂ ਜੀ ਨੇ ਉਸ ਨੂੰ ਸੁਭਾਵਕ ਹੀ ਕਿਹਾ ਕਿ ਉਮਰੋਂ ਤਾਂ ਉਹ ਬਾਲਕ ਹੈ ਪਰ ਅਕਲੋਂ ਬੁੱਢਾ ਹੈ। ਇਥੋਂ ਹੀ ਬੂੜਾ ਜੀ ਦਾ ਨਾਂ ਬੁੱਢਾ ਪੈ ਗਿਆ। 

ਆਪਣੀ ਜਗਿਆਸਾ ਸ਼ਾਂਤ ਕਰਨ ਬੁੱਢਾ ਜੀ ਗੁਰੂ ਸਾਹਿਬ ਕੋਲ ਕਰਤਾਰਪੁਰ ਸਾਹਿਬ ਪਹੁੰਚੇ। ਗੁਰੂ ਘਰ ਦੀ ਜੀਵਨ-ਸ਼ੈਲੀ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਥੋੜਾ ਸਮਾਂ ਉਥੇ ਹੀ ਠਹਿਰਣ ਦਾ ਦਾ ਫ਼ੈਸਲਾ ਕੀਤਾ ਕੋਈ ਪੰਜ ਸਾਲ (1518 ਤੋਂ 1523 ਈ.) ਤਕ ਉਹ ਗੁਰੂ ਚਰਨਾਂ 'ਚ ਰਹੇ ਅਤੇ ਸਿੱਖੀ ਜੀਵਨ ਨੂੰ ਆਪਣੇ ਅੰਦਰ ਉਤਾਰ ਲਿਆ। ਸਵੇਰੇ ਪਹਿਰ ਦੇ ਤੜਕੇ ਉੱਠਦੇ, ਬਾਣੀ ਪੜ੍ਹਦੇ, ਡੰਗਰ ਚਾਰਦੇ, ਲੰਗਰ ਵਿਚ ਸੇਵਾ ਕਰਦੇ, ਆਏ ਗਏ ਦੀਆਂ ਲੋੜਾਂ ਪੂਰੀਆਂ ਕਰਦੇ। ਆਪਣੇ  ਕਰਤਾਰਪੁਰ ਪ੍ਰਵਾਸ ਸਮੇਂ ਉਹਨਾਂ ਆਪਣੀ ਲਗਨ, ਮਿਹਨਤ ਅਤੇ ਸੇਵਾ ਨਾਲ ਗੁਰੂ ਪਰਿਵਾਰ ਸਮੇਤ ਸਭ ਦਾ ਮਨ ਮੋਹ ਲਿਆ। ਏਸੇ ਮੋਹ ਦੇ ਬੱਝ ਗੁਰੂ ਮਹਿਲ ਮਾਤਾ ਸੁਲੱਖਣੀ ਜੀ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਸ੍ਰੀ ਚੰਦ ਅਤੇ ਲੱਛਮੀ ਚੰਦ ਸਮੇਤ ਬੁੱਢਾ ਜੀ ਦੇ ਵਿਆਹ ਸਮੇਂ ਰਮਦਾਸ ਪਹੁੰਚੇ।ਇੰਝ ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਪਰਿਵਾਰ ਨੇ ਗੁਰਦੁਆਰਾ ਡੇਰਾ ਸਾਹਿਬ ਦੀ ਉਸਾਰੀ ਕਰਵਾਉਣ ਦਾ ਫੈਸਲਾ ਲਿਆ ਤਾਂ ਨੀਂਹ ਬਾਬਾ ਬੁੱਢਾ ਜੀ ਤੋਂ ਹੀ ਰਖਵਾਈ ਗਈ। ਵਿਆਹ ਕਰਵਾਉਣ ਪਿਛੋਂ ਬੁੱਢਾ ਜੀ ਨੇ ਗਰਮਿਤ ਅਨੁਸਾਰ ਗ੍ਰਿਸਤ ਜੀਵਨ ਭੋਗਿਆ। ਖੇਤੀ ਦੀ ਕਿਰਤ ਕਰਦੇ ਰਹੇ, ਵੰਡ ਕੇ ਛੱਕਦੇ ਰਹੇ, ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਵੀ ਜੋੜੀ ਰਖਿਆ, ਦੁਨੀਆਂ ਦੇ ਝੰਝਟਾਂ ਤੋਂ ਨਿਰਲੇਪ ਰਹੇ ਅਤੇ ਭਾਣੇ ਵਿਚ ਹੀ ਵਿਚਰਣਾ ਕੀਤਾ। ਉਹਨਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ। ਬਾਬਾ ਜੀ ਮਾਝੇ ਵਿਚ ਗੁਰੂ ਘਰ ਦੇ ਪ੍ਰਤੀਨਿਧ ਵਜੋਂ ਹੀ ਸਤਿਕਾਰੇ ਜਾਂਦੇ ਸਨ। ਉਹ ਵਧੇਰੇ ਸਮਾਂ ਗੁਰੂ ਘਰ ਵਿਚ ਹੀ ਬਿਤਾਉਂਦੇ ਰਹੇ। ਉਹਨਾਂ ਲਹਿਣੇ ਨੂੰ ਗੁਰੂ ਅੰਗਦ ਬਣਦਿਆਂ ਆਪ ਦੇਖਿਆ। 

ਗੁਰੂ ਨਾਨਕ ਸਾਹਿਬ ਜੀ ਬੁੱਢਾ ਜੀ ਦੇ ਹੱਥੀਂ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਲਵਾਇਆ ਅਤੇ ਗੁਰਗੱਦੀ ਸੌੱਪਣੀ ਕੀਤੀ। ਇਸ ਤਰਾਂ ਬੁੱਢਾ ਜੀ ਦਾ ਗੁਰੂ ਘਰ ਵਿਚ ਬਜ਼ੁਰਗਾਂ ਵਾਲਾ ਮਾਣ ਸਤਿਕਾਰ ਰਿਹਾ। ਗੁਰਗੱਦੀ ਪਿਛੋਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾਣ ਦਾ ਹੁਕਮ ਹੋਇਆ। ਬਾਬਾ ਬੁੱਢਾ ਜੀ ਨੂੰ ਗੁਰੂ ਦਾ ਦਰਬਾਰ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਬਦਲਣ ਦੀ ਜ਼ਿੰਮੇਂਵਾਰੀ ਮਿਲੀ। ਬਾਬਾ ਜੀ ਨੇ ਇਸ ਜ਼ਿੰਮੇਂਵਾਰੀ ਨੂੰ ਬਖੂਬੀ ਨਿਭਾਅ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਤਾ ਸੰਗਤ ਬਾਬਾ ਜੀ ਨੂੰ ਹੀ ਹਰ ਦੁੱਖ ਦਾ ਦਾਰੂ ਮੰਨਣ ਲਗ ਪਈ ਸੀ। ਗੁਰੂ ਨਾਨਕ ਸਾਹਿਬ ਦੇ ਚੋਲਾ ਤਿਆਗਣ ਪਿਛੋਂ ਗੁਰੂ ਅੰਗਦ ਦੇਵ ਜੀ ਬਹੁਤ ਬਿਹਬਲ ਹੋ ਗਏ ਕਾਰ ਵਿਹਾਰ ਛੱਡ ਦਿੱਤਾ, ਦਰਬਾਰ ਬੰਦ, ਕੀਰਤਨ ਬੰਦ। ਆਪ ਉਹ ਅਗਿਆਤਵਾਸ ਹੋ ਗਏ। ਸੰਗਤ ਨੇ ਬਾਬਾ ਜੀ ਨੂੰ ਬੇਨਤੀ ਕੀਤੀ।

ਬਾਬਾ ਜੀ ਖਡੂਰ ਸਾਹਿਬ ਗਏ ਤੇ ਮਾਈ ਭਿਰਾਈ ਦੇ ਘਰੋਂ ਗੁਰੂ ਦੀ ਦੇ ਦਰਸ਼ਨ ਹੋਏ। ਤਾਂ ਕਿਤੇ ਦਰਬਾਰ ਲੱਗਣ ਲੱਗਾ। ਭਾਵੇਂ ਇਹ ਕਹਾਣੀ ਗੁਰੂ ਆਸ਼ੇ ਨਾਲ ਮੇਲ ਨਹੀਂ ਖਾਂਦੀਗੁਰੂ ਅੰਗਦ ਦੇਵ ਜੀ ਨਿਰਲੇਪਤਾ ਦੀ ਮੂਰਤ ਸਨ-ਉਂਝ ਵੀ ਜੀਵਣ ਮਰਨ ਤਾਂ ਕੁਦਰਤੀ ਕਰਮ ਹੈ। ਇਸ ਤੋਂ ਉਹਨਾਂ ਦਾ ਵੈਰਾਗ ਵਿਚ ਆਉਣਾ ਸੰਭਵ ਨਹੀਂ ਜਾਪਦਾ। ਸਾਖੀਕਾਰ ਆਪਣੀ ਅਗਿਆਨਤਾਵੱਸ ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਸਾਹਿਬ ਪ੍ਰਤੀ ਪਿਆਰ ਦਰਸਾਉਣ ਦੀ ਕੋਸ਼ਿਸ਼ ਵਿਚ ਅਜਿਹਾ ਕਰਦਾ ਹੈ ਪਰ ਇਸ ਨਾਨ ਵੀ ਬਾਬਾ ਬੁੱਢਾ ਜੀ ਦੇ ਸੰਗਤਾਂ ਅਤੇ ਗੁਰੂ ਘਰ  ਵਿਚ ਪ੍ਰਭਾਵ ਦਾ ਪਤਾ ਲਗਦਾ ਹੈ। ਬਾਬਾ ਬੁੱਢਾ ਜੀ ਦਾ ਖਡੂਰ ਸਾਹਿਬ ਆਉਣਾ ਜਾਣਾ ਬਣਿਆ ਰਿਹਾ। ਉਹਨਾਂ ਗੁਰੂ-ਘਰ ਦੇ ਪ੍ਰਚਾਰ ਨੂੰ ਵੀ ਸਮਾਂ ਦਿੱਤਾ ਅਤੇ ਦੁਨਿਆਵੀ ਸਮੱਸਿਆਵਾਂ ਵਿਚੋਂ ਵੀ ਕਈਆਂ ਨੂੰ ਹੱਲ ਕੀਤਾ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲਣ ਸਮੇਂ ਵੀ ਰਸਮਾਂ ਉਹਨਾਂ ਨੇ ਹੀ ਨਿਭਾਈਆਂ। ਗੁਰੂ ਸਾਹਿਬ ਨੂੰ ਗੋਇੰਦਵਾਲ ਸਾਹਿਬ ਲੈ ਜਾਣ ਸਮੇਂ ਵੀ ਉਹਨਾਂ ਦਾ ਸਹਿਯੋਗ ਭਰਪੂਰ ਰਿਹਾ। ਗੁਰੂ ਘਰ ਦੇ ਝਗੜਿਆਂ ਨੂੰ ਵੀ ਉਹੀ ਨਿਪਟਾਉਂਦੇ ਰਹੇ। ਬਾਬਾ ਜੀ ਗੁਰੂ ਘਰ ਨਾਲ ਮੁੱਢ ਤੋਂ ਜੁੜੇ ਰਹਿਣ ਕਰਕੇ ਸਮੱਸਿਆਵਾਂ ਨੂੰ ਸਮਝਦੇ ਸਨ ਅਤੇ ਲਗਦੀ ਵਾਹੇ ਉਹਨਾਂ ਦੇ ਨਿਪਟਾਰੇ ਦਾ ਮਾਣ ਵੀ ਬਾਬਾ ਜੀ ਨੂੰ ਹੀ ਮਿਲਿਆ ਹੈ। ਗੁਰੂ ਅਮਰਦਾਸ ਜੀ ਨੇ, ਕਿਹਾ ਜਾਂਦਾ ਹੈ, ਅਕਬਰ ਬਾਦਸ਼ਾਹ ਵਲੋਂ ਬੀਬੀ ਭਾਨੀ ਨੂੰ ਮਿਲੀ ਜਗੀਰ ਦਾ ਪ੍ਰਬੰਧ ਬਾਬਾ ਬੁੱਢਾ ਨੂੰ ਕਰਨ ਲਈ ਕਿਹਾ। ਬਾਬਾ ਜੀ ਇਸ ਦਾ ਪ੍ਰਬੰਧ ਕਰਨ ਲਈ ਚਲੇ ਗਏ। ਉਂਝ ਇਸ ਜਗੀਰ ਦੀ ਪ੍ਰਮਾਣਕਤਾ ਸ਼ੱਕੀ ਹੈ।

ਅੰਮ੍ਰਿਤਸਰ ਸ਼ਹਿਰ ਵਸਾਉਣ ਦੀ ਯੋਜਨਾ ਬਣੀ ਤਾਂ ਬਾਬਾ ਜੀ ਨੂੰ ਅੱਗੇ ਕੀਤਾ ਗਿਆ। ਰਾਮਦਾਸ ਜੀ ਨੇ ਬੁੱਢਾ ਜੀ ਨੂੰ ਨਾਲ ਲਿਆ, ਜ਼ਮੀਨ ਖਰੀਦੀ, ਹੋਰ ਸਬੰਧਤ ਪ੍ਰਬੰਧ ਕੀਤੇ। ਪਹਿਲਾਂ ਸਰੋਵਰਾਂ ਦੇ ਨਿਰਮਾਣ ਦਾ ਫੈਸਲਾ  ਹੋਇਆ-ਜ਼ਿੰਮੇਂਵਾਰੀ ਬਾਬਾ ਜੀ ਨੂੰ ਹੀ ਮਿਲੀ। ਪਹਿਲਾਂ ਸੰਤੋਖਸਰ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ। ਟੱਕ ਵੀ ਬਾਬਾ ਜੀ ਦੇ ਹੱਥੀਂ ਲੱਗਾ। ਫ਼ੇਰ ਦੁੱਖ ਭੰਜਨੀ ਬੇਰੀ ਕੋਲ ਅੰਮ੍ਰਿਤ ਸਰੋਵਰ ਬਣਾਇਆ ਜਾਣ ਲੱਗਾ। ਬਾਬਾ ਜੀ ਹੀ ਇੱਕ ਬੇਰੀ ਹੇਠ ਬੈਠ ਕੇ ਸੇਵਾ ਕਰਦੇ ਅਤੇ ਕਰਵਾਉਂਦੇ ਰਹੇ। ਆਏ ਗਏ ਦੀ ਸੇਵਾ ਵੀ ਏਥੇ ਹੀ ਬਾਬਾ ਜੀ ਦੇ ਹਿੱਸੇ ਆਈ। ਵਜ਼ੀਰ ਖਾਂ ਦੀ ਜਲੋਧਰ (ਬੀਮਾਰ) ਨੂੰ ਠੀਕ ਕਰਨ ਦੀ ਕਥਾ ਏਸੇ ਸਮੇਂ ਦੀ ਹੈ। ਬਾਬਾ ਜੀ ਨੇ ਗੁਰੂ ਅਰਜਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਵੀ ਗੁਰੂ ਘਰ ਦੀ ਸੇਵਾ ਤਤਪਰਤਾ ਨਾਲ ਨਿਭਾਈ। ਉਹੀ ਗੁਰੂ ਗ੍ਰੰਥ ਸਾਹਿਬ ਦੀ ਹਰਮੰਦਿਰ ਸਾਹਿਬ ਵਿਚ ਸਥਾਪਨਾ ਸਮੇਂ ਪਹਿਲੇ ਗ੍ਰੰਥੀ ਨਿਯੁਕਤ ਹੋਏ। 

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਉਸ ਤੋਂ ਪਿਛੋਂ ਦੀਆ ਸਾਰੀਆਂ ਮੁਸੀਬਤਾਂ ਨੂੰ ਬਾਬਾ ਜੀ ਨੇ ਬੜੇ ਹੌਸਲ ਅਤੇ ਸਬਰ ਸ਼ੁਕਰ ਕਰਦਿਆਂ ਸਰ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਨਜ਼ਰਬੰਦ ਸਨ ਤਾਂ ਉਹ ਸੰਗਤ ਨੂੰ ਲੈ ਕੇ ਗਵਾਲੀਅਰ ਤਕ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਦਾ ਸਾਰਾ ਪ੍ਰਬੰਧ ਵੀ ਉਹਨਾਂ ਦੇ ਜ਼ਿੰਮੇਂ ਰਿਹਾ। ਇਸ ਨੂੰ ਉਹਨਾਂ ਤਨਦੇਹੀ ਨਾਲ ਨਿਭਾਇਆ ਵੀ। ਹਰਿਮੰਦਰ ਸਾਹਿਬ ਵਿਚ ਚੌਕੀ ਸਾਹਿਬ ਦੀ ਪਰੰਪਰਾ ਬਾਬਾ ਜੀ ਨੇ ਗੁਰੂ ਹਰਿਗੋਬਿੰਦ ਜੀ ਦੇ ਗਵਾਲੀਅਰ ਹੁੰਦਿਆਂ ਸ਼ੁਰੂ ਕੀਤੀ ਸੀ। ਗੁਰੂ ਸਾਹਿਬ ਗਵਾਲੀਅਰ ਤੋਂ ਰਿਹਾ ਹੋ ਕੇ ਆ ਗਏ ਤਾਂ ਬਾਬਾ ਜੀ ਨੇ ਛੁੱਟੀ ਮੰਗੀ। 125 ਸਾਲ ਦੀ ਉਮਰ ਭੋਗ ਕੇ ਬਾਬਾ ਜੀ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਪਰ ਆਪਣੇ ਪਿਛੇ ਗੁਰਸਿੱਖੀ ਅਤੇ ਗੁਰਮਤਿ ਜੀਵਣ ਦੇ ਪੂਰਨੇ ਪਾ ਗਏ। ਜਦੋਂ ਵੀ ਗੁਰਮਤਿ ਅਨੁਸਾਰੀ ਜੀਵਨ ਜੀਊਣ ਵਾਲੇ ਸਿੱਖ ਦੇ ਦਰਸ਼ਨਾਂ ਦੀ ਲੋੜ ਪਇਗੀ, ਬਾਬਾ ਬੁੱਢਾ ਜੀ ਦਾ ਜੀਵਨ ਸਾਡੀ ਅਗਵਾਈ ਕਰਦਾ ਰਹੇਗਾ। ਇਹੀ ਉਹਨਾਂ ਦੀ ਵੱਡੀ, ਭਰਪੂਰ ਕਮਾਈ ਹੈ

  ਸਮਕਾਲੀ ਸਰੋਕਾਰ .

 

ਗੁਰਧਾਮਾਂ ਵਿਚ

ਸਰਕਾਰੀ ਦਖਲ

ਅੱਜ ਦੇ ਦਿਨ, 1959 ਈ. ਵਿਚ, ਆਨੰਦਪੁਰ ਸਾਹਿਬ ਵਿਖੇ ਇਕ ਵਿਸ਼ਾਲ ਅਕਾਲੀ ਕਾਨਫਰੰਸ ਹੋਈ ਜਿਸ ਵਿਚ ਸਿੱਖਾਂ ਦੇ ਗੁਰਧਾਮਾਂ ਦੇ ਪ੍ਬੰਧ ਵਿਚ ਸਰਕਾਰੀ ਦਖਲ ਦੀ ਨਿੰਦਾ ਕੀਤੀ ਗਈ। ਇਸ ਤੋਂ ਪਹਿਲਾਂ ਪੰਦਰਾਂ ਮਾਰਚ, 1959 ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਬੰਧ ਵਿਚ ਸਰਕਾਰੀ ਦਖਲੰਦਾਜ਼ੀ ਵਿਰੁੱਧ ਰੋਸ ਵਜੋਂ ਤਿੰਨ ਲੱਖ ਦੇ ਕਰੀਬ ਸਿੱਖਾਂ ਦਿੱਲੀ ਵਿਖੇ ਰੋਸ ਮਾਰਚ ਵਿਚ ਸ਼ਾਮਿਲ ਹੋਏ ਸਨ। ਇਸ ਦੀ ਅਗਵਾਈ ਸ਼ੋ੍ਮਣੀ ਅਕਾਲੀ ਦਲ ਦੇ ਪ੍ਧਾਨ ਮਾਸਟਰ ਤਾਰਾ ਸਿੰਘ ਕਰ ਰਹੇ ਸਨ।

ਸਿੱਖ ਇਤਿਹਾਸ ਦੇ ਅੱਜ ਦੇ ਅੰਕ ਵਿਚ ਅਸੀਂ ਵਿਚਾਰ ਕਰਾਂਗੇ ਕਿ ਗੁਰਧਾਮਾਂ ਵਿਚ ਸਰਕਾਰੀ ਦਖਲ ਦੇ ਕੀ ਅਰਥ ਹੋ ਸਕਦੇ ਹਨ ਅਤੇ ਅਕਾਲੀ ਨੇਤਾ ਸਰਕਾਰੀ ਦਖਲ ਤੋਂ ਬਿਦਕਦੇ ਕਿਉਂ ਹਨ। ਕੀ ਸਰਕਾਰੀ ਦਖਲ ਬਿਨਾਂ ਗੁਰਧਾਮਾਂ ਦਾ ਪ੍ਬੰਧ ਸੰਭਵ ਹੈ? ਜੇ ਹਾਂ, ਤਾਂ ਇਸ ਦੀ ਰੂਪ ਰੇਖਾ ਕੀ ਹੋਇਗੀ?

ਗੁਰਧਾਮ, ਜਿਨਾਂ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ ਅਤੇ ਅੱਜ ਗੁਰਦੁਆਰੇ ਕਰਕੇ ਜਾਣਿਆ ਜਾਂਦਾ ਹੈ, ਮਾਨਵਤਾ ਦੇ ਸਾਂਝੇ ਸਭਿਆਚਾਰਕ ਕੇਂਦਰ ਹਨ। ਇਹ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸਮੂਹ ਦੇ ਪੂਜਾ ਕੇਂਦਰ ਨਹੀਂ ਹਨ। ਏਥੇ ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ, ਜਿਸ ਨਾਲ ਰੂਹ ਨੂੰ ਸੰਗੀਤਮਈ ਸ਼ਾਂਤੀ ਮਿਲਦੀ ਹੈ ਅਤੇ ਇਕਾਗਰ ਚਿਤ ਲੋਕਾਂ ਨੂੰ ਜੀਵਨ ਜਾਚ ਦੇ ਝਲਕਾਰੇ ਮਿਲਦੇ ਹਨ।

ਗੁਰਦੁਆਰੇ ਥੱਕੀ ਮਾਂਦੀ ਮਾਨਵਤਾ ਲਈ ਪਨਾਹਗਾਹਾਂ ਹਨ। ਏਥੋਂ ਭੁਖਿਆਂ ਨੂੰ ਖਾਣਾ, ਥੱਕਿਆਂ ਨੂੰ ਰਿਹਾਇਸ਼, ਭਟਕਿਆਂ ਨੂੰ ਅਗਵਾਈ, ਬੀਮਾਰਾਂ ਨੂੰ ਦਵਾਈ ਮਿਲਦੀ ਹੈ। ਗੁਰਦੁਆਰਿਆਂ ਨੂੰ ਸਕੂਲਾਂ, ਲਾਇਬਰੇਰੀਆਂ ਨਾਲ ਏਸੇ ਲਈ ਜੋੜਿਆ ਗਿਆ ਸੀ ਕਿ ਉਹ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੀ ਰੌਸ਼ਨੀ ਨਾਲ ਮਨੁੱਖਤਾ ਨੂੰ ਵਿਗਿਆਨਕ ਅਰਥ ਦੇਣ। ਅੱਜ ਭਾਵੇਂ ਗੁਰਦੁਆਰੇ ਸਿੱਖਾਂ ਦੇ ਕੇਂਦਰਾਂ ਵਜੋਂ ਸਥਾਪਤ ਹੋ ਰਹੇ ਹਨ ਪਰ ਅਸਲ ਵਿਚ ਇਹ ਗੁਰਮਤਿ (ਜਾਂ ਸਿੱਖੀ) ਦੇ ਸੋਮੇ ਹਨ

ਗੁਰਮਤਿ ਮਨੁੱਖੀ ਜੀਵਨ ਨੂੰ ਇਕਾਈ ਵਜੋਂ ਲੈਂਦੀ ਹੈ। ਇਸ ਲਈ ਗੁਰਦੁਆਰਿਆਂ ਵਿਚ ਮਨੁੱਖ ਦੇ ਜੀਵਨ ਦੇ ਹਰ ਪੱਖ ਉਤੇ ਵਿਚਾਰ ਹੁੰਦੀ ਹੈ। ਧਰਮ ਮਨੁੱਖੀ ਜੀਵਨ ਦਾ ਇਕ ਅੰਗ ਹੀ ਹੈ। ਗੁਰਮਤਿ ਦਾ ਇਹ ਦਿ੍ਸ਼ਟੀਕੋਣ ਇਸ ਨੂੰ ਬਾਕੀ ਧਰਮਾਂ ਤੋਂ ਵੱਖ ਕਰਦਾ ਹੈ। ਮੰਦਰਾਂ ਵਿਚ ਹਿੰਦੂ ਜਾਂਦੇ ਹਨ ਅਤੇ ਪੂਜਾ ਕਰਦੇ ਹਨ। ਮਸੀਤਾਂ ਵਿਚ ਮੁਸਲਮਾਨ ਨਮਾਜ਼ ਪੜਦੇ ਹਨ, ਗਿਰਜਿਆਂ ਵਿਚ ਈਸਾ ਦੀ ਪੂਜਾ ਹੁੰਦੀ ਹੈ ਪਰ ਗੁਰਦੁਆਰੇ ਸਭ ਲਈ ਪੂਰੀ ਮਨੁੱਖਤਾ ਲਈ ਹਨ- ਏਥੇ ਜੀਵਨ ਦੇ ਸਭ ਪੱਖਾਂ ਉਤੇ ਚਰਚਾ ਹੁੰਦੀ ਹੈ ਅਤੇ ਮਾਨਵਤਾ ਦੇ ਭਲੇ ਲਈ ਯਤਨ ਕੀਤੇ ਜਾਂਦੇ ਹਨ। ਏਥੋਂ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਕ ਅੰਦੋਲਨ ਤਕ ਕਰਨ ਦੀ ਪਰੰਪਰਾ ਰਹੀ ਹੈ। ਇਸ ਪਰੰਪਰਾ ਨੂੰ ਹੁਣ ਦੂਸਰੇ ਧਰਮ ਹੌਲੀ ਹੌਲੀ ਅਪਣਾਉਣ ਲਗ ਪਏ ਹਨ।

ਕਿਉਂਕਿ ਗੁਰਧਾਮਾਂ ਨਾਲ ਮਨੁੱਖੀ ਜੀਵਨ ਦੀਆਂ ਸਾਰੀਆਂ ਸਰਗਰਮੀਆਂ ਜੁੜੀਆਂ ਹੋਈਆਂ ਹਨ, ਇਸ ਲਈ ਇਨਾਂ ਦਾ ਪ੍ਬੰਧ ਥੋੜਾ ਮੁਸ਼ਕਿਲ ਹੈ ਅਤੇ ਵਿਸ਼ੇਸ਼ ਧਿਆਨ ਮੰਗਦਾ ਹੈ। ਗੁਰਦਆਰਿਆਂ ਵਿਚ ਦੀਵਾਨ ਹਾਲ, ਲੰਗਰ ਹਾਲ, ਸਰਾਂ, ਹਸਪਤਾਲ ਜਾਂ ਡਿਸਪੈਂਸਰੀ, ਲਾਇਬਰੇਰੀ, ਸਕੂਲ ਤਾਂ ਹੁੰਦੇ ਹੀ ਹਨ। ਇਸ ਲਈ ਵੱਡੇ ਬਜਟ ਦੀ ਲੋੜ ਹੁੰਦੀ ਹੈ। ਇਸ ਲਈ ਧਨ ਸੰਗਤ ਦਿੰਦੀ ਹੈ। ਇਸ ਧਨ ਦੀ ਦੁਰਵਰਤੋ ਵੀ ਹੋ ਸਕਦੀ ਹੈ। ਸੰਸਥਾਵਾਂ ਨੂੰ ਅਜਿਹੀਆਂ ਸਰਗਰਮੀਆਂ ਵਲ ਲਾਇਆ ਜਾ ਸਕਦਾ ਹੈ ਜਿਹੜੀਆਂ ਰਾਜ ਜਾਂ ਸਰਕਾਰ ਵਿਰੋਧੀ ਸਮਝੀਆਂ ਜਾਂਦੀਆਂ ਹੋਣ। ਇਸ ਨਾਲ ਅਮਨ, ਕਾਨੂੰਨ ਦੀ ਸਮੱਸਿਆ ਤਾਂ ਪੈਦਾ ਹੁੰਦੀ ਹੀ ਹੈ। ਫਿਰ ਸਿੱਖਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਗੁਰਧਾਮਾਂ ਦੇ ਪ੍ਬੰਧ ਨੂੰ ਇਕੋ ਸੰਸਥਾ ਦੇ ਅਧੀਨ ਲਿਆਂਦਾ ਜਾਵੇ। ਪੰਜਾਬ ਵਿਚ ਸ਼ੋ੍ਮਣੀ ਕਮੇਟੀ, ਦਿੱਲੀ ਵਿਚ ਗੁਰਦੁਆਰਾ ਕਮੇਟੀ, ਨੰਦੇੜ ਵਿਚ ਮਹਾਰਾਸ਼ਟਰ ਬੋਰਡ ਅਤੇ ਪਟਨਾ ਸਾਹਿਬ ਵਿਚ ਬਣੀਆਂ ਪ੍ਬੰਧਕ ਕਮੇਟੀਆਂ ਅਜਿਹੀਆਂ ਕੇਂਦਰੀਕਿ੍ਤ ਸੰਸਥਾਵਾਂ ਹਨ। ਹੁਣ ਇਕ ਸਰਬ ਭਾਰਤੀ ਸਿੱਖ ਬੋਰਡ ਬਣਾਏ ਜਾਣ ਦੀ ਮੰਗ ਹੋ ਰਹੀ ਹੈ। ਇਨਾਂ ਸਾਰੀਆਂ ਸੰਸਥਾਵਾਂ ਦਾ ਬਜਟ ਕਿਸੇ ਇਕ ਸੂਬੇ ਦੀ ਸਰਕਾਰ ਤੋਂ ਵਧ ਜਾਂਦਾ ਹੈ। ]

ਕੋਈ ਕੰਟਰੋਲ ਨਾ ਹੋਵੇ ਤਾਂ ਸਾਧਨਾਂ ਦੀ ਦੁਰਵਰਤੋ ਹੋਣ ਦੀ ਵੱਡੀ ਸੰਭਾਵਨਾ ਹੁੰਦੀ ਹੈ। ਉਂਝ ਵੀ ਰਾਜ ਨਾਂ ਦੀ ਸੰਸਥਾ ਦਾ ਸੁਭਾਅ ਅਤੇ ਕੰਮ ਇਸ ਤਰਾਂ ਦੇ ਹਨ ਕਿ ਉਹ ਕਿਸੇ ਸੰਸਥਾ ਨੂੰ ਆਪਣੇ ਲਈ ਖਤਰਾ ਨਹੀਂ ਬਨਣ ਦਿੰਦੀ। ਉਨੀਵੀਂ ਸਦੀ ਵਿਚ (1881 ਈ.) ਜਦੋਂ ਸਿੱਖ ਗੁਰਦੁਆਰਿਆਂ ਲਈ ਇਕ ਕੇਂਦਰੀ ਪ੍ਬੰਧਕ ਬੋਰਡ ਬਣਾਏ ਜਾਣ ਦੀ ਗਲ ਚਲ ਰਹੀ ਸੀ ਤਾਂ ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਈਜਰਟਨ ਨੇ ਵਾਇਸਰਾਏ ਲਾਰਡ ਰਿਪਨ ਨੂੰ ਸਾਵਧਾਨ ਕਰਦਿਆਂ ਲਿਖਿਆ ਸੀ, ''ਮੇਰਾ ਖਿਆਲ ਹੈ ਕਿ ਇਹ ਰਾਜਸੀ ਤੌਰ ਉਤੇ ਖਤਰਨਾਕ ਹੋਇਗਾ ਕਿ ਸਿੱਖ ਗੁਰਦੁਆਰਿਆਂ ਦਾ ਪ੍ਬੰਧ ਇਕ ਅਜਿਹੀ ਕਮੇਟੀ ਕਰੇ ਜਿਸ ਉਤੇ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ।"

ਗੁਰਦੁਆਰਾ ਪ੍ਬੰਧ ਸੁਧਾਰ ਲਹਿਰ ਲਈ 1920 ਤੋਂ 1925 ਤਕ ਸ਼ਕਤੀਸ਼ਾਲੀ ਅੰਦੋਲਨ ਚਲਿਆ ਜਿਸ ਵਿਚ ਕਈ ਸੌ ਸਿੱਖਾਂ ਆਪਣੀਆਂ ਸ਼ਹੀਦੀਆਂ ਦਿਤੀਆਂ, ਲੱਖਾਂ ਰੁਪੈ ਜੁਰਮਾਨੇ ਭਰੇ, ਕਰੋੜਾਂ ਦੀ ਜਾਇਦਾਦ ਗਵਾਈ। ਇਸ ਦੇ ਨਤੀਜੇ ਵਜੋਂ ਗੁਰਦੁਆਰਾ ਐਕਟ ਬਣਾਇਆ ਗਿਆ ਅਤੇ ਸੈਂਟਰਲ ਬੋਰਡ ਦੀ ਸਥਾਪਨਾ ਹੋਈ ਜਿਸ ਨੂੰ ਪਿਛੋਂ ਗੁਰਦੁਆਰਾ ਪ੍ਬੰਧਕ ਕਮੇਟੀ, ਅੰਮਿ੍ਤਸਰ ਕਿਹਾ ਜਾਣ ਲਗਾ। ਗੁਰਦੁਆਰਾ ਐਕਟ ਅਧੀਨ ਗੁਰਦੁਆਰਿਆਂ ਦੇ ਪ੍ਬੰਧ ਲਈ ਬਾਲਗ ਸਿੱਖਾਂ ਦੀ ਵੋਟ ਰਾਹੀਂ ਇਕ ਸੰਸਥਾ ਚੁਨਣ ਦੀ ਗਲ ਮੰਨੀ ਗਈ ਪਰ ਸਰਕਾਰ ਨੇ ਪ੍ਬੰਧ ਉਤੇ ਆਪਣਾ ਅਧਿਕਾਰ ਨਹੀਂ ਛੱਡਿਆ। ਸ਼ੋ੍ਮਣੀ ਕਮੇਟੀ ਦੀ ਆਪਣੀ ਕੋਈ ਆਮਦਨ ਨਹੀਂ, ਗੁਰਦੁਆਰਿਆਂ ਦੇ ਚੜਾਵੇ ਆਦਿ ਤੋਂ ਜੋ ਪੈਸਾ ਇਕਠਾ ਹੁੰਦਾ ਹੈ, ਉਸ ਵਿਚੋਂ ਉਸ ਨੂੰ ਹਿੱਸਾ ਮਿਲਦਾ ਹੈ। ਖਰਚਿਆਂ ਨੂੰ ਆਡਿਟ ਵੀ ਕਰਵਾਉਣਾ ਪੈਂਦਾ ਹੈ। ਚੋਣਾਂ ਕਰਵਾਉਣ ਲਈ ਸਿੱਖ ਗੁਰਦੁਆਰਾ ਕਮਿਸ਼ਨ ਬਣਿਆ ਹੋਇਆ ਹੈ। ਸ਼ੋ੍ਮਣੀ ਕਮੇਟੀ ਦੇ ਫੈਸਲਿਆਂ ਨੂੰ ਸੰਵਿਧਾਨ ਅਨੁਸਾਰੀ ਰਖਣ ਲਈ ਸਿੱਖ ਜੁਡੀਸ਼ਲ ਕਮਿਸ਼ਨ ਬਣਿਆ ਹੋਇਆ ਹੈ ਜਿਸ ਦੇ ਮੈਂਬਰਾਂ ਦੀ ਨਿਯੁਕਤੀ ਪੰਜਾਬ ਸਰਕਾਰ ਕਰਦੀ ਹੈ। ਇਸ ਤਰਾਂ ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸੰਵਿਧਾਨਕ ਸੰਸਥਾ ਹੈ ਜਿਸ ਉਤੇ ਸਰਕਾਰੀ ਨਿਯਮ ਲਾਗੂ ਹੁੰਦੇ ਹਨ। ਉਹ ਰਾਜਸੀ ਸਰਗਰਮੀਆਂ ਵਿਚ ਹਿੱਸਾ ਨਹੀਂ ਲੈ ਸਕਦੀ, ਖਰਚਿਆਂ ਸਬੰਧੀ ਵੀ ਉਸ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਤਾਂ ਵੀ ਸ਼ੋ੍ਮਣੀ ਕਮੇਟੀ ਨੂੰ ਏਨੇ ਸਾਧਨ ਮਿਲੇ ਹੋਏ ਹਨ ਕਿ ਉਹ ਰਾਜ ਅਧੀਨ ਰਾਜ ਵਾਲੀ ਸਥਿਤੀ ਨੂੰ ਪਾ੍ਪਤ ਕਰਦੀ ਹੈ। ਉਹ ਆਪ ਰਾਜਸੀ ਸੰਸਥਾ ਨਹੀਂ ਪਰ ਉਸ ਦੀਆਂ ਚੋਣਾਂ ਰਾਜਸੀ ਦਲਾਂ ਦੇ ਆਧਾਰ ਉਤੇ ਹੁੰਦੀਆਂ ਹਨ ਅਤੇ ਜੇਤੂ ਰਾਜਸੀ ਦਲ ਦੀ ਮਰਜ਼ੀ ਅਨੁਸਾਰ ਹੀ ਉਸ ਦੇ ਅਹੁਦੇਦਾਰ ਚੁਣੇ ਜਾਂਦੇ ਹਨ। ਚੁਣੇ ਗਏ ਅਹੁਦੇਦਾਰਾਂ ਕੋਲ ਅਸੀਮਿਤ ਤਾਕਤਾਂ ਹੁੰਦੀਆਂ ਹਨ ਜਿਨਾਂ ਦੀ ਵਰਤੋ ਉਹ ਨਿੱਜੀ ਅਤੇ ਰਾਜਸੀ ਮੰਤਵਾਂ ਲਈ ਕਰਦੇ ਹਨ। ਬੇਨਿਯਮੀਆਂ ਆਮ ਗਲ ਹੈ ਜਦੋਂ ਕੋਈ ਇਨਾਂ ਵਲ ਇਸ਼ਾਰਾ ਕਰਦਾ ਹੈ ਤਾਂ ਪ੍ਬੰਧਕ ਅਤੇ ਉਨਾਂ  ਦੇ ਰਾਜਸੀ ਆਕਾ ''ਸਰਕਾਰੀ ਦਖਲ" ਦਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੇ ਹਨ।

ਤੱਥ ਇਹ ਹੈ ਕਿ ਸ਼ੋ੍ਮਣੀ ਕਮੇਟੀ ਸਰਕਾਰੀ ਨਿਯਮਾਂ ਅਧੀਨ ਸਥਾਪਤ ਕੀਤੀ ਗਈ ਹੈ, ਸਰਕਾਰ ਦੀਆਂ ਤਹਿ ਕੀਤੀਆਂ ਗਈਆਂ ਸੀਮਾਵਾਂ ਵਿਚ ਰਹਿ ਕੇ ਉਸ ਨੇ ਕੰਮ ਕਰਨਾ ਹੁੰਦਾ ਹੈ। ਇਸ ਕੰਮ ਕਾਜ ਦੀ ਸਮੀਖਿਆ ਕਰਨ ਲਈ ਜੁਡੀਸ਼ਲ ਕਮਿਸ਼ਨ ਬਣੇ ਹੋਏ ਹਨ। ਇਸ ਤਰਾਂ ਸਰਕਾਰੀ ਦਖਲ ਤਾਂ ਹਰ ਪੱਧਰ ਉਤੇ ਬਣਿਆ ਹੀ ਹੋਇਆ ਹੈ। ਇਹ ਬਣਿਆ ਰਹਿਣਾ ਵੀ ਚਾਹੀਦਾ ਹੈ।

ਏਨੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਵੀ ਸ਼ੋ੍ਮਣੀ ਕਮੇਟੀ ਦੇ ਹਰ ਕੰਮ ਵਿਚ ਘਪਲੇ ਹੁੰਦੇ ਹਨ। ਗੁਰਦੁਆਰਾ ਪ੍ਬੰਧ ਵਲ ਸ਼ੋ੍ਮਣੀ ਕਮੇਟੀ ਦੇ ਪ੍ਧਾਨ ਤਕ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਉਹ ਤਾਂ ਸ਼ੋ੍ਮਣੀ ਕਮੇਟੀ ਦੀ ਪੌੜੀ ਉਤੇ ਚੜ ਕੇ ਮੰਤਰੀ ਬਨਣ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਵਿਚ ਲਗਾ ਰਹਿੰਦਾ ਹੈ। ਜਥੇਦਾਰ ਟੌਹੜਾ ਦੇ ਵੇਲੇ ਵੀ ਸ਼ੋ੍ਮਣੀ ਕਮੇਟੀ ਦਾ ਪ੍ਧਾਨ ਰਾਜ ਸਭਾ ਦਾ ਮੈਂਬਰ ਬਣਦਾ ਰਿਹਾ ਅਤੇ ਉਨਾਂ ਦੀ ਸਾਰੀ ਸ਼ਕਤੀ ਪੰਜਾਬ ਦਾ ਮੁੱਖ ਮੰਤਰੀ ਬਨਣ ਦੇ ਯਤਨਾਂ ਵਿਚ ਲਗੀ ਰਹੀ। ਬੀਬੀ ਜਗੀਰ ਕੌਰ ਦੀ ਵੀ ਇਹੀ ਸਥਿਤੀ ਰਹੀ ਹੈ। ਉਹ ਵਿਧਾਨ ਸਭਾ ਦੀ ਮੈਂਬਰ ਵੀ ਹੈ ਪਰ ਸ਼ੋ੍ਮਣੀ ਕਮੇਟੀ ਦੀ ਪ੍ਧਾਨਗੀ ਵੀ ਜਰੂਰੀ ਹੈ ਜਦ ਕਿ ਕੰਮ ਕਰਨ ਲਈ ਸਮਾਂ ਨਹੀਂ। ਪ੍ਧਾਨ ਦੀ ਗੈਰ ਹਾਜ਼ਰੀ ਵਿਚ ਸਕੱਤਰ ਹੀ ਸਭ ਕੁਝ ਹੁੰਦਾ ਹੈ ਜਦ ਕਿ ਸਕੱਤਰ ਦਾ ਅਸਲ ਕੰਮ ਪ੍ਧਾਨ ਜੀ ਦੇ ਪਿਛੇ ਪਿਛੇ ਘੁੰਮਣਾ ਹੀ ਰਹਿ ਗਿਆ ਹੈ। ਡਾ. ਗੁਰਬਚਨ ਸਿੰਘ ਬਚਨ ਦਸਦੇ ਹਨ ਕਿ ਸਕੱਤਰ ਕਾਲ ਦੀ ਤਿੰਨ ਚੌਥਾਈ ਜਿੰਦਗੀ ਤਾਂ ਉਨਾਂ ਕਾਰ ਵਿਚ ਸਫਰ ਕਰਦਿਆਂ (ਪ੍ਧਾਨ ਪਿਛੇ ਘੁੰਮਦਿਆਂ) ਬਿਤਾਈ ਹੈ। ਇਹੀ ਕਾਰਣ ਹੈ ਕਿ ਗੁਰਦੁਆਰਾ ਪ੍ਬੰਧ ਨਾਕਸ ਹੈ। ਇਸ ਨੂੰ ਰਾਜਸੀ ਲੋੜਾਂ ਅਨੁਸਾਰ ਚਲਾਇਆ ਜਾ ਰਿਹਾ ਹੈ, ਸਿੱਖ ਸਿਧਾਂਤ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਦੀ ਚਿੰਤਾ ਕਰਨ ਦਾ ਕਿਸੇ ਕੋਲ ਸਮਾਂ ਹੀ ਕਿਥੇ ਹੈ?

ਸਿੱਖ ਗੁਰਦੁਆਰਿਆਂ ਦੇ ਪ੍ਬੰਧ ਲਈ ਕਾਇਮ ਕੀਤੀ ਗਈ ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਦੇ ਵਿਰੋਧ ਵਿਚ ਸਥਾਪਤ ਹੋਈ ਹੈ। ਇਸ ਨੂੰ ਸਿੱਖ ਮਰਿਆਦਾ ਅਨੁਸਾਰੀ ਸੰਸਥਾ ਵਿਚ ਬਦਲੇ ਜਾਣ ਦੀ ਲੋੜ ਹੈ ਜਿਸ ਦੀ ਰੂਪਰੇਖਾ ਗੁਰਮਤਿ ਸੰਸਥਾਵਾਂ ਨੂੰ ਉਲੀਕਣੀ ਚਾਹੀਦੀ ਹੈ। ਜਦ ਤਕ ਅਜਿਹਾ ਨਹੀਂ ਹੋਇਗਾ, ਸ਼ੋ੍ਮਣੀ ਕਮੇਟੀ ਸਿੱਖ ਸਦਾਚਾਰ ਦਾ ਨੁਕਸਾਨ ਕਰਦੀ ਰਹੇਗੀ ਅਤੇ ਆਪਣੀ ਜ਼ਿਮੇਦਾਰੀ ਤੋਂ ਬਚਣ ਲਈ ਸਰਕਾਰੀ ਦਖਲ ਦਾ ਰੌਲਾ ਵੀ ਪਾਉਂਦੀ ਰਹੇਗੀ।

  ਗੁਰੂ ਕਾਲ .

ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲਣਾ  

ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਅਤੇ ਉਸ ਵਰਗੀਆਂ ਸੰਸਥਾਵਾਂ ਨੇ 21 ਸਤੰਬਰ, 2016 ਦੇ ਦਿਨ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਪੁਰਬ ਮਨਾਇਆ ਹੈ। ਦੂਸਰੀਆਂ ਪੰਥਕ ਅਖਵਾਉਂਦੀਆਂ ਧਿਰਾਂ ਨੇ  ਇਹ ਦਿਨ 18 ਸਤੰਬਰ ਨੂੰ ਮਨਾਇਆ ਸੀ। ਸ਼ਰੋਮਣੀ ਕਮੇਟੀ ਵੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਪੁਰਬ 18 ਜਾਂ 21 ਸਤੰਬਰ ਨੂੰ ਨਹੀਂ ਮੰਨਦੀ ਰਹੀ। ਉਸ ਵਲੋਂ ਪ੍ਕਾਸ਼ਿਤ ਸਿੱਖ ਇਤਿਹਾਸ ਵਿਚ ਦਸਿਆ ਗਿਆ ਹੈ: ''ਕਈ ਵੇਰ ਪਰਖ-ਪਰੀਖਿਆ ਕਰਨ ਪਿਛੋਂ ਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰ-ਗੱਦੀ ਦਾ ਕੰਮ ਸੰਭਾਲਣ ਦੇ ਸਭ ਤੋਂ ਵਧੇਰੇ ਯੋਗ ਅਤੇ ਪੂਰੀ ਤਰਾਂ ਯੋਗ ਸਮਝਿਆ। ਹਾੜ ਵਦੀ 13 (17 ਹਾੜ), ਸੰਮਤ 1596 (14 ਜੂਨ ਸੰਨ 1539) ਨੂੰ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਦੀ ਮਰਿਆਦਾ ਕਰਵਾਈ, ਉਹਨਾਂ ਦਾ ਨਾਂ ਆਪ ਨੇ ਅੰਗਦ ਰਖਿਆ।" ਆਪਣੀ ਮਾਨਤਾ ਦੀ ਪਰੋੜਤਾ ਲਈ ਸ਼ਰੋਮਣੀ ਕਮੇਟੀ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਨੂੰ ਆਧਾਰ ਬਣਾਇਆ ਹੈ:

ਥਾਪਿਆ ਲਹਿਣੇ ਜੀਂਵਦੇ,

ਗੁਰਿਆਈ ਸਿਰਿ ਛਤ੍ ਫਿਰਾਇਆ।

ਜੋਤੀ ਜੋਤਿ ਮਿਲਾਇ ਕੈ,

ਸਤਿਗੁਰ ਨਾਨਕਿ ਰੂਪੁ ਵਟਾਇਆ।

ਲਖਿ ਨ ਕੋਈ ਸਕਈ,

ਆਚਰਜੇ ਆਚਰਜੁ ਦਿਖਾਇਆ।

ਕਾਇਆ ਪਲਟਿ ਸਰੂਪੁ ਬਣਾਇਆ॥45॥

ਦੂਜੇ ਪਾਸੇ, ਵਿਦਵਾਨਾਂ ਦੇ ਇਕ ਵਰਗ ਦਾ ਕਹਿਣਾ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ 18 ਜਾਂ 21 ਸਤੰਬਰ ਨੂੰ ਗੁਰ ਗੱਦੀ ਦੇਣ ਦੀ ਘਟਨਾ ਨੂੰ ਜੇ ਸੱਚ ਮੰਨ ਲਿਆ ਜਾਵੇ ਤਾਂ ਗੁਰਮਤਿ ਦੇ ਸਾਰੇ ਸਿਧਾਤਾਂ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਦਾ ਘਾਣ ਪ੍ਤੱਖ ਦਿਸਦਾ ਹੈ।

ਪ੍ਚਲਤ ਮਾਨਤਾਵਾਂ ਅਨੁਸਾਰ ਆਪਣੇ ਆਪ ਨੂੰ ਰੱਬ ਦਾ ਢਾਡੀ ਕਹਿੰਦਾ, ਨੀਚਾਂ ਵਿਚੋਂ ਅਤਿ ਨੀਚ ਬਣਦਾ, ਧਰਮ ਦੀ ਕਮਾਈ ਕਰਨ ਉਤੇ ਜ਼ੋਰ ਦਿੰਦਾ, ਗ੍ਹਿਸਥ ਨੂੰ ਹੀ ਉਤਮ ਧਰਮ ਦਸਦਾ ਗੁਰੂ ਬਾਬਾ ਨਾਨਕ ਅੰਤ ਕਰਤਾਰਪੁਰ ਨੂੰ ਕਰਮ ਭੂਮੀ ਬਣਾ ਕੇ ਟਿਕ ਗਿਆ। ਉਸ ਨੇ ਕਰਤਾਰਪੁਰ ਨੂੰ ਸਿੱਖੀ ਦਾ ਕੇਂਦਰ ਬਣਾ ਦਿੱਤਾ। ਉਥੇ ਖੇਤੀ ਕਰਕੇ ਧਰਮ ਦੀ ਕਮਾਈ ਕੀਤੀ ਜਾਂਦੀ, ਲੋਕ ਦਰਸ਼ਨਾਂ ਨੂੰ ਆਉਂਦੇ ਤਾਂ ਵਾਹਿਗੁਰੂ ਦੀ ਦਾਤ ਨਾਲ ਸਭ ਨੂੰ ਭੋਜਨ ਮਿਲਦਾ, ਸਿਰ ਛੁਪਾਉਣ ਨੂੰ ਥਾਂ ਮਿਲਦੀ, ਗੁਰੂ ਜੀ ਆਪਣੇ ਵਿਚਾਰ ਸਾਂਝੇ ਕਰਦੇ: ਜੀਵਨ ਨੂੰ ਚਾਨਣਮਈ ਬਨਾਉਣ ਦੇ ਢੰਗ ਦਸਦੇ।

ਏਸੇ ਪਵਿੱਤਰ ਧਰਤੀ ਉਤੇ 1532 ਈਸਵੀ ਵਿਚ ਇੱਕ ਗਭਰੂ ਦੀ ਆਮਦ ਹੋਈ। ਲਹਿਣਾ ਨਾਂ ਦਾ ਇਹ ਜਵਾਨ ਸੀ ਤਾਂ ਮੂਰਤੀਆਂ ਦਾ ਪੁਜਾਰੀ ਅਤੇ ਕਈ ਪੀੜੀਆਂ ਤੋਂ ਮਾਤਾ ਦੀਆਂ ਭੇਟਾਂ ਗਾਉਂਦਾ ਅਤੇ ਤੀਰਥੀਂ ਇਸ਼ਨਾਨ ਕਰਨ ਲਈ ਸੰਗਤਾਂ ਨੂੰ ਨਾਲ ਲੈ ਕੇ ਜਾਂਦਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਤਾਂ ਉਹ ਕੀਲਿਆ ਗਿਆ: ਗੁਰੂ ਦੇ ਚਰਨੀਂ ਲੱਗ ਗਿਆ। ਪੰਜ ਸਾਲ ਮੰਨੋ ਜਾਂ ਸੱਤ, ਉਸ ਨੇ ਏਨੀ ਤਪੱਸਿਆ ਕੀਤੀ ਕਿ ਗੁਰੂ ਰੂਪ ਹੋ ਗਿਆ। 

ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਵਧੇਰੇ ਬਾਣੀ ਉਹਨਾਂ ਕਰਤਾਰਪੁਰ ਨਿਵਾਸ ਵੇਲੇ ਦੀ ਹੈ। ਉਹਨਾਂ ਨੇ ਬਾਣੀ ਦੀ ਰਚਨਾ ਹੀ ਨਹੀਂ ਕੀਤੀ, ਬਾਣੀ ਦੀ ਸੰਪਾਦਨਾ ਵੀ ਕੀਤੀ। ਭਾਈ ਲਹਿਣਾ ਇਸ ਕਾਰਜ ਵਿਚ ਵੀ ਗੁਰੂ ਨਾਨਕ ਦੇਵ ਜੀ ਨਾਲ ਰਹੇ। ਉਹਨਾਂ ਗੁਰੂ ਨਾਨਕ ਦੇਵ ਜੀ ਦੀਆਂ ਹਦਾਇਤਾਂ ਅਨੁਸਾਰ ਬਾਣੀ ਨੂੰ ਸੋਧਿਆ ਵੀ ਅਤੇ ਉਸ ਦੇ ਉਤਾਰੇ ਕਰਕੇ ਦੂਰ ਦੂਰ ਥਾਵਾਂ ਤਕ ਭੇਜੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਪੂਰੀ ਤਰਾਂ ਗੁਰਮਤਿ ਰੰਗ ਵਿਚ ਰੰਗੇ ਹੋਏ ਵੇਖਿਆ ਤਾਂ ਉਹਨਾਂ ਨੂੰ ਵਿਚਾਰ ਆਇਆ ਕਿ ਸਾਰੀਆਂ ਸਰਗਰਮੀਆਂ ਕਰਤਾਰਪੁਰ ਸਾਹਿਬ ਵਿਖੇ ਕੇਂਦਰਤ ਕਰਨ ਦੀ ਥਾਵੇਂ ਦੂਸਰੀਆਂ ਥਾਵਾਂ ਤਕ ਵੀ ਕਿਉਂ ਨਾ ਭੇਜੀਆਂ ਜਾਣ।

ਉਹਨਾਂ ਭਾਈ ਲਹਿਣਾ ਜੀ ਨੂੰ ਆਪਣੇ ਇਲਾਕੇ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਪ੍ਚਾਰ ਕੇਂਦਰ ਸਥਾਪਤ ਕਰਨ ਕੇਂਦਰ ਸਥਾਪਤ ਕਰਨ ਲਈ ਕਿਹਾ। ਭਾਈ ਲਹਿਣਾ ਵਿਚ ਆਈ ਵਿਚਾਰਧਾਰਕ ਅਤੇ ਭਾਵਨਾਤਮਕ ਤਬਦੀਲੀ ਨੂੰ ਸਵੀਕਾਰ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦਾ ਨਾਂ ''ਅੰਗਦ" ਰੱਖ ਦਿੱਤਾ।

ਇਤਿਹਾਸਕ ਗਵਾਹੀਆਂ ਅਨੁਸਾਰ ਬਾਬਾ ਬੁੱਢਾ ਜੀ ਨੂੰ ਖਡੂਰ ਸਾਹਿਬ ਜਾ ਕੇ ਅੰਗਦ ਦੇਵ ਜੀ ਦੀ ਸਹਾਇਤਾ ਲਈ ਕਿਹਾ ਗਿਆ। ਗੁਰੂ ਨਾਨਕ ਦੇਵ ਜੀ ਖੁਦ ਵੀ ਦੋ ਵਾਰ ਖਡੂਰ ਸਾਹਿਬ ਗਏ। ਭਾਈ ਲਹਿਣਾ ਜੀ 'ਤੇ ਖਡੂਰ ਸਾਹਿਬ ਜਾ ਕੇ ਗੁਰਮਤਿ ਕੇਂਦਰ ਸਥਾਪਤ ਕਰਨ ਦੀ ਜ਼ਿੰਮੇਂਵਾਰੀ 14 ਜੂਨ, 1539 ਯਾਨੀ ਹਾੜ ਵਦੀ 13, ਬਿਕ੍ਮੀ ਸੰਮਤ 1589 ਨੂੰ ਪਾਈ ਗਈ।

ਗੁਰੂ ਅੰਗਦ ਦੇਵ ਜੀ ਦੀਆਂ ਪਰਾਪਤੀਆਂ ਨੂੰ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਪੁਰਬ ਲਈ ਛੱਡਦਿਆਂ ਅਸੀਂ ਗੁਰੂ ਅੰਗਦ ਦੇਵ ਦੀ ਨੂੰ ਗੁਰਗੱਦੀ ਮਿਲਣ ਤੇ ਟਿੱਪਣੀ ਕਰਨੀ ਚਾਹਵਾਂਗੇ। ਨਾ ਤਾਂ ਗੁਰੂ ਨਾਨਕ, ਨਾ ਗੁਰੂ ਅੰਗਦ ਦੇਵ ਜੀ ਧਾਰਮਕ ਰਹੁ ਰੀਤਾਂ ਪਾਲਣ ਵਾਲੇ ਸਨ। ਉਹਨਾਂ ਕੋਲੋਂ ਕਿਸੇ ਵਿਅਕਤੀ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਪੰਜ ਪੈਸੇ ਰਖਣੇ, ਨਰੇਲ ਦੀ ਰਸਮ ਮੰਨਣਾ ਸੁਭਾਵਕਤਾ ਤੋਂ ਕੋਹਾਂ ਦੂਰ ਰਹੀ ਹੈ। ਇਸ ਨੂੰ ਗੁਰਗੱਦੀ ਨਾਲ ਕਿਸ ਅਤੇ ਕਿਵੇਂ ਜੋੜ ਦਿੱਤਾ: ਇਹ ਖੋਜ ਦਾ ਵਿਸ਼ਾ ਹੈ।

ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਹੀ ਗੁਰੂ ਮੰਨਿਆਂ ਹੈ। ਚੇਲਾ ਉਹ ਸੁਰਤਿ ਨੂੰ ਮੰਨਦੇ ਹਨ। ਸਾਡਾ ਦਰਿੜ ਵਿਸ਼ਵਾਸ਼ ਹੈ ਕਿ ਗੁਰੂ ਨਾਨਕ ਦੇਵ ਜੀ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਣ ਅਗਿਆਨਤਾ ਨੂੰ ਮੰਨਦੇ ਸਨ ਅਤੇ ਅਗਿਆਨਤਾ ਦੂਰ ਕਰਨ ਲਈ ਉਹਨਾਂ ਨੂੰ ਮਨੁੱਖ ਦੀ ਸੁਰਤਿ, ਧਿਆਨ ਦੀ ਜ਼ਰੂਰਤ ਸੀ। ਸ਼ਬਦ ਉਤੇ ਆਪਣੇ ਵਿਚਾਰ ਕਿਸੇ ਹੋਰ ਸਥਾਨ ਲਈ ਛਡਦਿਆਂ ਇਹ ਕੜੀ ਅਸੀਂ ਡਾ. ਸੁਖਦਿਆਲ ਸਿੰਘ ਦੇ ਸ਼ਬਦਾਂ ਨਾਲ ਸਮਾਪਤ ਕਰਾਂਗੇ, ''ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਨਿਰੰਕਾਰ ਵਜੋਂ ਪ੍ਗਟ ਕੀਤਾ ਹੈ। ਜੋ ਨਿਰੰਕਾਰ ਹੈ, ਕਿਸੇ ਸ਼ਕਲ ਸੂਰਤ ਤੋਂ ਬਿਨਾਂ ਹੈ, ਉਸ ਦੀ ਹੋਂਦ ਕਿਹੋ ਜਿਹੀ ਹੈ? ਕਿਵੇਂ ਉਸ ਨੂੰ ਸਿਮਰਿਆ ਜਾਵੇ, ਉਸ ਨੂੰ ਪਰਾਪਤ ਕੀਤਾ ਜਾਵੇ? ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਮਾਧਾਨ ''ਸ਼ਬਦ" ਦੇ ਰੂਪ ਵਿਚ ਦੇ ਦਿੱਤਾ  ਯਾਨਿ ਜੋ ਕੁਝ ਗੁਰੂ ਨਾਨਕ ਨੇ ਅਕਾਲ ਪੁਰਖ ਬਾਰੇ ਆਪਣੇ ਸਿੱਖਾਂ ਸਾਹਮਣੇ ਰਖਿਆ ਹੈ ਜਾਂ ਲਿਖਤੀ ਰੂਪ ਵਿਚ ਦੱਸਿਆ ਹੈਉਹਨਾਂ ਹੀ ਸ਼ਬਦਾਂ ਨੂੰ ਵਿਚਾਰ ਕੇ, ਸੁਣ ਕੇ, ਪੜ ਕੇ ਅਕਾਲ ਪੁਰਖ ਦਾ ਗਿਆਨ ਪਰਾਪਤ ਕੀਤਾ ਜਾ ਸਕਦਾ ਹੈ। ਇਸ ਨਾਲ ਸਖਸ਼ੀ ਗੁਰੂ ਦੀ ਥਾਂ ''ਸ਼ਬਦ ਗੁਰੂ" ਦਾ ਸੰਕਲਪ ਹੋਂਦ ਵਿਚ ਆਇਆ।"

ਇਸ ਰੌਸ਼ਨੀ ਵਿਚ ਹੀ ਪੈਦਾ ਹੋਇਆ ਪ੍ਸ਼ਨ ਹੈ ਕਿ ਕੀ ਗੁਰੂ ਨਾਨਕ ਆਪਣੇ ਪਿਛੋਂ ਕੋਈ ਦੇਹਧਾਰੀ ਗੁਰੂ ਸਥਾਪਤ ਕਰ ਸਕਦੇ ਸਨ ਅਤੇ ਕੀ ਭਾਈ ਲਹਿਣੇ ਤੋਂ ਗੁਰੂ ਨਾਨਕ ਦਾ ਅੰਗ ਬਣੇ (ਅੰਗਦ) ਇਸ ਨੂੰ ਬਰਾਹਮਣੀ ਤੌਰ ਤਰੀਕਿਆਂ ਨਾਲ ਪਰਾਪਤ ਕਰਦੇ?

ਜੇ ਨਹੀਂ ਤਾਂ ਫੇਰ?

  ਮਾਤਾ ਲਾਡਿਕੀ-5 .

ਲਾਡਲੀ ਧੀ ਵਰ ਲੱਭ ਪਿਆ

ਭਾਈ ਵਸਾਖਾ ਸਿੰਘ ਨੇ ਅਜੇ ਲੰਗਰ ਦੀ ਬੁਰਕੀ ਹੀ ਮੂੰਹ ਵਿਚ ਪਾਈ ਸੀ ਕਿ ਗਿਆਨੀ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਬੁਲਾ ਭੇਜਿਆ। ਭਾਈ ਜੀ ਨੇ ਜਲਦੀ ਜਲਦੀ ਲੰਗਰ ਛਕਿਆ ਅਤੇ ਧਰਮਸ਼ਾਲਾ ਵੱਲ ਵਧੇ। ਜਦੋਂ ਉਹ ਕੇਂਦਰੀ ਹਾਲ ਵਿਚ ਪਹੁੰਚੇ ਤਾਂ ਗਿਆਨੀ ਜੀ ਕੋਈ ਦਰਜਨ ਭਰ ਲੋਕਾਂ ਨਾਲ ਘਿਰੇ ਹੋਏ ਸਨ। ਭਾਈ ਜੀ ਨੇ ਗਿਆਨੀ ਜੀ ਨੂੰ 'ਪੈਰੀ ਪੈਣਾ' ਕਿਹਾ ਅਤੇ ਗੋਡੇ ਛੂਹ ਕੇ ਸੰਗਤ ਦੇ ਨਾਲ ਹੀ ਬੈਠ ਗਏ। 

''ਭਾਈ ਜੀ! ਇਹ ਕਾਬਲੀਆਂ ਦੀ ਸੰਗਤ ਹੈ, ਪਸ਼ੌਰ ਆਈ ਹੈ।" ਗਿਆਨੀ ਜੀ ਨੇ ਵਸਾਖਾ ਸਿੰਘ ਵੱਲ ਅੱਖਾਂ ਚੁੱਕ ਕੇ ਵੇਖਿਆ, ''ਐਹ ਭਾਈ ਗੁਰ ਸਹਾਇ ਜੀ ਹਨ, ਕਾਬਲ ਹੁੰਦੇ ਸਨ। ਦਸਮ ਪਾਤਸ਼ਾਹ ਦੇ ਦਰਬਾਰ ਵਿਚ ਦਰਸ਼ਨਾਂ ਨੂੰ ਆਏ ਸਨ ਤਾਂ ਸਾਡੇ ਕੋਲ ਰਹੇ ਸਨ। ਬੜੇ ਗੁਰਮੁਖ ਹਨ। ਹੁਣ ਪਸ਼ੌਰ ਆ ਗਏ ਹਨ ਅਤੇ ਸੰਗਤ ਨੂੰ ਲੈ ਕੇ ਮਾਤਾ ਸਾਹਿਬ ਦੇਵਾਂ ਦੇ ਵਿਆਹ ਪੁਰਬ 'ਤੇ ਦਰਸ਼ਨਾਂ ਨੂੰ ਆਏ ਹਨ।"

ਭਾਈ ਵਸਾਖਾ ਸਿੰਘ ਨੇ ਸੋਚਿਆ ਕਿ ਗਿਆਨੀ ਜੀ ਦੇ ਵਾਕਫ਼ ਹਨ, ਲੰਗਰ ਪਾਣੀ ਅਤੇ ਰਿਹਾਇਸ਼ ਲਈ ਕਹਿਣਗੇ ਪਰ ਉਨ੍ਹਾਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਸਗੋਂ ਸਾਰੇ ਚੁੱਪ ਹੋ ਗਏ।

ਸਾਰਿਆਂ ਨੂੰ ਚੁੱਪ ਹੋਇਆ ਵੇਖ ਕੇ ਗਿਆਨੀ ਜੀ ਫੇਰ ਬੋਲੇ, ''ਇਨ੍ਹਾਂ ਦੇ ਵਡੇਰੇ ਕਾਬਲ ਵਿਚ ਦੀਵਾਨ ਸਨ। ਨਾਲ ਹੀ ਰੇਸ਼ਮ ਦਾ ਵਪਾਰ ਕਰਦੇ ਸਨ। ਮੇਰਾ ਕਾਲਾ ਰੇਸ਼ਮੀ ਸੂਟ ਇਨ੍ਹਾਂ ਦਾ ਹੀ ਲਿਆਂਦਾ ਹੋਇਐ।"

 ''ਪਸ਼ੌਰ ਕਦੋਂ ਆਏ ਓ?" ਭਾਈ ਵਸਾਖਾ ਸਿੰਘ ਨੇ ਗੱਲਬਾਤ ਦਾ ਸਿਲਸਿਲਾ ਅਗਾਂਹ ਤੋਰਿਆ।

 ''ਦਸ ਕੁ ਸਾਲ ਹੋ ਗਏ ਹਨ।" ਭਾਈ ਗੁਰ ਸਹਾਇ ਬੋਲੇ, ''ਓਥੇ ਹੁਣ ਗੜਬੜ ਹੋਣ ਲੱਗ ਪਈ ਸੀ: ਹਿੰਦੂ ਸਿੱਖਾਂ ਨੂੰ ਕੈਰੀ ਅੱਖ ਨਾਲ ਦੇਖਣ ਲੱਗ ਪਏ ਸਨ। ਚੰਗਾ ਸਮਝਿਆ ਵਤਨ ਚੱਲੀਏ। ਪਸ਼ੌਰ 'ਚ ਹੁਣ ਪਹਿਲੀਆਂ ਗੱਲਾਂ ਤਾਂ ਨਹੀਂ ਰਹੀਆਂ ਪਰ ਫੇਰ ਵੀ ਚੰਗਾ ਹੈ। ਐਹ ਮੇਰਾ ਪੁੱਤਰ ਰਾਮ ਸਹਾਇ ਹੈ, ਦੋ ਭਰਾਵਾਂ ਨਾਲ ਰਲ ਕੇ ਸਰਾਫ਼ਾਂ ਦੀ ਦੁਕਾਨ ਕਰਦੇ ਹਨ। ਕਾਬਲੀ ਰੁਪਿਆ ਵੀ ਲੈਂਦੇ ਦਿੰਦੇ ਹਨ।"

 ''...ਤੇ ਰਹਾਇਸ਼?" ਭਾਈ ਵਸਾਖਾ ਸਿੰਘ ਦੇ ਮੂੰਹੋਂ ਨਿਕਲਿਆ।

''ਓਥੇ ਗਲੀ ਕਕੜਾਂ, ਆਸੀਆ ਮੁਹੱਲੇ ਵਿਚ ਰਹਿੰਦੇ ਹਾਂ।" ਹੁਣ ਰਾਮ ਸਹਾਇ ਜੀ ਨੇ ਜੁਵਾਬ ਦਿੱਤਾ।

''ਏਹ ਜਾਤ ਦੇ ਮਲਹੋਤਰੇ ਨੇ," ਗਿਆਨੀ ਭਗਵਾਨ ਸਿੰਘ ਜਿਵੇਂ ਗੱਲ ਮੁਕਾਉਣ ਦੀ ਜਲਦੀ ਵਿਚ ਸਨ, '' ਐਹ ਮੁੰਡਾ ਭਾਈ ਸਾਹਿਬ ਦਾ ਸਭ ਤੋਂ ਛੋਟਾ ਪੁੱਤਰ ਹੈ, ਅਜੇ ਵਿਆਹੁਣ ਵਾਲਾ ਹੈ। ਲਾਡਿੱਕੀ ਲਈ ਮੈਨੂੰ ਠੀਕ ਲਗਦੈ। ਤੁਸੀਂ ਵੇਖ ਪਰਖ ਲਓ।" ਗਿਆਨੀ ਜੀ ਨੇ ਮਤਲਬ ਦੀ ਗੱਲ ਕਹਿ ਦਿੱਤੀ।

ਭਾਈ ਵਸਾਖਾ ਸਿੰਘ ਜੀ ਨੇ ਬੜੇ ਧਿਆਨ ਨਾਲ ਲੜਕੇ ਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ। ਹਲਕੇ ਕ੍ਰੀਮ ਰੰਗ ਦੀ ਕਮੀਜ਼ ਸਲਵਾਰ ਵਿਚ ਉਸ ਦਾ ਗੋਰਾ ਰੰਗ, ਤਿੱਖੇ ਨੈਣ ਨਕਸ਼ ਅਤੇ ਮੁਸਕਰਾਉਂਦੇ ਬੁੱਲ੍ਹ ਖ਼ਾਨਦਾਨੀ ਵੱਡਪਣ ਦੀ ਗਵਾਹੀ ਦਿੰਦੇ ਸਨ।

''ਸਭ ਤੋਂ ਛੋਟੇ ਪੁੱਤਰ ਓ? ਫੇਰ ਤਾਂ ਲਾਡਲੇ ਹੋਣੇ ਓ।" ਭਾਈ ਜੀ ਮੁਸਕਰਾ ਕੇ ਬੋਲੇ, ''ਦੁਕਾਨ 'ਤੇ ਬੈਠਦੇ ਓ ਕਿ ਬਾਹਰ ਹੀ ਫੇਰਾ ਤੋਰਾ ਰਹਿੰਦੈ?"

''ਨਹੀਂ ਜੀ।" ਬੇਟੇ ਦੀ ਥਾਂ ਪਿਤਾ ਬੋਲ ਪਿਆ, ''ਛੋਟਾ ਹੈ ਪਰ ਸ਼ਰਾਰਤੀ ਨਹੀਂ। ਬਾਹਰ ਦਾ ਕੰਮ ਵੱਡਾ ਪੁੱਤਰ ਕਰਦਾ ਹੈ। ਇਹ ਤੇ ਮੈਂ ਦੁਕਾਨ 'ਤੇ ਬੈਠਦੇ ਹਾਂ। ਥੋੜ੍ਹਾ ਬਹੁਤ ਹਿਸਾਬ ਕਿਤਾਬ ਕਰਨਾ ਹੁੰਦੈ, ਬਾਕੀ ਗਾਹਕ ਤਾਂ ਬੱਝੇ ਹੀ ਹੁੰਦੇ ਨੇ। ਅਸੀਂ ਤਾਂ ਸੂਦ ਵਿਆਜ ਦੀ ਸ਼ਾਹੂਕਾਰੀ ਵੀ ਥੋੜ੍ਹੀ ਬਹੁਤ ਰੱਖੀ ਹੋਈ ਹੈ।"

''ਪੜ੍ਹੇ ਕਿੰਨਾ ਕੁ ਓ?" ਭਾਈ ਵਸਾਖਾ ਸਿੰਘ ਰਾਮ ਸਹਾਇ ਤੋਂ ਹੀ ਸੁਨਣਾ ਚਾਹੁੰਦੇ ਸੀ।

''ਹਿਸਾਬ ਤਾਂ ਪਿਤਾ ਜੀ ਅਤੇ ਦਾਦਾ ਜੀ ਤੋਂ ਸਿੱਖਿਆ ਹੈ। ਉਰਦੂ, ਫ਼ਾਰਸੀ ਲਈ ਮਦਰੱਸੇ ਤਿੰਨ ਸਾਲ ਜਾਂਦਾ ਰਿਹਾਂ।"

 ''...ਤੇ ਪੰਜਾਬੀ?"

''ਜੀ ਉਹ ਨਹੀਂ ਆਉਂਦੀ।"

''...ਤੇ ਬਾਣੀ?"

''... ... ..." ''ਚੱਲ ਕੋਈ ਗੱਲ ਨਾ, ਲਾਡਿੱਕੀ ਆਪੇ ਪੜ੍ਹਾ ਲਊ।" ਗਿਆਨੀ ਜੀ ਨੇ ਭਾਈ ਵਸਾਖਾ ਸਿੰਘ ਤੋਂ ਰਾਮ ਸਹਾਇ ਦਾ ਖਹਿੜਾ ਛੁਡਾਉਣ ਲਈ ਕਿਹਾ। ਮੁੰਡੇ ਦੇ ਚਿਹਰੇ 'ਤੇ ਸ਼ਰਮ ਦੀ ਲਾਲੀ ਫਿਰ ਗਈ।

ਭਾਈ ਵਸਾਖਾ ਸਿੰਘ ਥੋੜ੍ਹੇ ਗੰਭੀਰ ਹੋ ਕੇ ਬੋਲੇ, ''ਗਿਆਨੀ ਜੀ ਨੇ ਹੀ ਸਭ ਕਰਨਾ ਹੈ।"

 ਫੇਰ ਗਿਆਨੀ ਜੀ ਵੱਲ ਮੁੜ ਕੇ ਕਹਿਣ ਲੱਗੇ, ''ਪਰਿਵਾਰ ਤੁਹਾਡਾ ਵੇਖਿਆ ਭਾਲਿਆ ਹੈ, ਗੁਰਮੁੱਖ ਹਨ। ਸਾਨੂੰ ਤਾਂ ਜਿਵੇਂ ਕਹੋਗੇ, ਹਾਜ਼ਰ ਹਾਂ। ਕੋਈ ਖਾਸ ਗੱਲ ਹੈ, ਤਾਂ ਦੱਸ ਦਿਓ।"

''ਨਹੀਂ।" ਗੁਰ ਸਹਾਇ ਜੀ ਬੋਲੇ, ''ਧੀਆਂ ਭੈਣਾਂ ਵਾਲੇ ਹਾਂ। ਉਂਝ ਵੀ ਗੁਰੂ ਦੀ ਮਿਹਰ ਹੈ। ਕੋਈ ਕਮੀ ਨਹੀਂ। ਸੁਸ਼ੀਲ ਧੀ ਹੋਵੇ, ਧਰਮ ਦੀ ਭਾਵਨਾ ਤੁਹਾਡੀ ਸਾਨੂੰ ਪਤਾ ਹੀ ਹੈ। ਬਾਕੀ ਸਭ ਠੀਕ ਹੈ। ਸ਼ੁਕਰ ਸਬਰ ਹੈ।"

''ਸਾਡਾ ਤੇ ਤੁਹਾਨੂੰ ਪਤਾ ਹੀ ਹੈ।" ਭਾਈ ਵਸਾਖਾ ਸਿੰਘ ਦਾ ਨਪਿਆ ਤੁਲਿਆ ਜਵਾਬ ਸੀ, ''ਗਿਆਨੀ ਦੀ ਦੇ ਹੀ ਬੱਚੇ ਹਾਂ। ਕੁੜੀ ਥੋੜ੍ਹੀ ਲਾਡਲੀ ਰਹੀ ਹੈ-ਕਾਕੇ ਤੋਂ ਦੱਸ ਸਾਲ ਪਿਛੋਂ ਹੋਈ ਸੀ ਪਰ ਕੰਮ ਕਾਰ ਨੂੰ ਸ਼ੇਰ ਹੈ। ਸਿਲਾਈ-ਕਢਾਈ, ਖਾਣਾ ਪਕਾਉਣਾ ਸਭ ਵਿਚ ਤੇਜ਼ ਹੈ ਪਰ ਭਗਤਨ ਵਧੇਰੇ ਹੈ। ਗਿਆਨੀ ਜੀ ਤੋਂ ਹੀ ਪੜ੍ਹੀ ਹੈ, ਇਨ੍ਹਾਂ ਏਨਾ ਕੁਝ ਸਿਖਾ ਦਿੱਤਾ ਹੈ ਕਿ ਉਹ ਹਰ ਸਮੇਂ ਗੁਰਬਾਣੀ ਦੀਆਂ ਗੱਲਾਂ ਕਰਦੀ ਰਹਿੰਦੀ ਹੈ।"

''ਧੰਨ ਭਾਗ!" ਗੁਰ ਸਹਾਇ ਜੀ ਦਾ ਪ੍ਰਤੀਕਰਮ ਸਿਆਣਪ ਭਰਿਆ ਸੀ, ''ਗੁਰਬਾਣੀ ਪੜ੍ਹਣ ਵਾਲੇ ਪਰਿਵਾਰ ਦੀ ਧੀ ਏਦਾਂ ਦੀ ਹੀ ਹੋਣੀ ਚਾਹੀਦੀ ਹੈ।"

ਕੁੱਝ ਏਧਰ ਓਧਰ ਦੀਆਂ ਗੱਲਾਂ ਹੋਈਆਂ। ਦੋ ਘੰਟੇ ਪਿੱਛੋਂ ਜਦ ਇਹ ਲੋਕ ਵਿਛੜੇ ਤਾਂ ਅਗਲੇ ਮਹੀਨੇ ਵਿਆਹ ਕਰਨ ਦਾ ਨਿਸਚਾ ਹੋ ਚੁੱਕਾ ਸੀ।