rozanajanchetna@gmail.com18112020

rozanajanchetna@gmail.com

ਰੋਜਾਨਾ ਜਨਚੇਤਨਾ 

ਸਾਲ:11, ਅੰਕ:74,ਬੁਧਵਾਰ,18 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜ, ਜਿਸ ਵਿਚ ਅਸੀਂ ਰਹਿੰਦੇ ਹਾਂ, ਗਤੀਸ਼ੀਲ ਹੈ ਅਤੇ ਲਗਾਤਾਰ ਬਦਲਦਾ ਰਹਿੰਦਾ ਹੈ ਇਸ ਦੇ ਰਸਮੋ-ਰਿਵਾਜ, ਮਾਨਤਾਵਾਂ, ਸੰਸਥਾਵਾਂ ਸਭ ਵਿਚ ਤਬਦੀਲੀ ਆਉਂਦੀ ਹੈ ਅਤੇ ਇਸ ਤਬਦੀਲੀ ਦੀ ਦਿਸ਼ਾ ਸਦਾ ਨਵੀਨਤਾ ਵਲ ਹੀ ਰਹਿੰਦੀ ਹੈ ਪਰ ਇਹ ਤਬਦੀਲੀ ਏਨੀ ਹੌਲੀ ਅਤੇ ਸੁਭਾਵਕ ਹੁੰਦੀ ਹੈ ਕਿ ਇਸ ਦਾ ਅਹਿਸਾਸ ਤਕ ਨਹੀਂ ਹੁੰਦਾ ਸਮਾਜ ਵਿਚ ਲਗਾਤਾਰ ਹੁੰਦੀ ਤਬਦੀਲੀ ਦੀ ਹੌਲੀ ਰਫਤਾਰ ਦਾ ਕਾਰਣ ਇਸ ਦਾ ਸਭਿਆਚਾਰ ਹੁੰਦਾ ਹੈ ਸਾਡੇ ਸਭਿਆਚਾਰ ਦਾ ਪਤਾ ਸਾਡੀਆਂ ਆਦਤਾਂ ਤੋਂ ਲਗਦਾ ਹੈ ਅਤੇ ਆਦਤਾਂ ਬਦਲਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਹਨ ਅਤੇ ਸਮਾਂ ਲੈਂਦੀਆਂ ਹਨ ਸਮਾਜਕ ਸਰਗਰਮੀਆਂ ਵਿਚ ਹਿੱਸਾ ਲੈਣਾ ਅਤੇ ਲੁੜੀਂਦੀਆਂ ਤਬਦੀਲੀਆਂ ਲਈ ਯਤਨ ਕਰਨਾ ਵਿਕਾਸ ਦਾ ਹਿੱਸਾ ਹੈ ਪਰ ਤਤਕਾਲ ਨਤੀਜਿਆਂ ਦੀ ਉਮੀਦ ਨਹੀਂ ਰਖਣੀ ਚਾਹੀਦੀ ਅੰਬ ਦਾ ਜਿਹੜਾ ਬੂਟਾ ਤੁਸੀਂ ਲਾਉਗੇ, ਉਸ ਦਾ ਫਲ  ਤੁਹਾਡੇ ਪੋਤਰਿਆਂ ਦੋਹਤਰਿਆਂ ਨੂੰ ਹੀ ਨਸੀਬ ਹੋਣਾ ਹੈ

  ਪੰਜਾਬ ਦਾ ਇਤਿਹਾਸ-07.

ਆਰੀਆ ਲੋਕਾਂ ਦੇ ਭਿਆਨਕ ਹਮਲਿਆਂ ਤੋਂ ਪਿੱਛੋਂ ਜੋ ਕਿਸੇ ਹੋਰ ਭਿਆਨਕ ਹਮਲੇ ਦਾ ਇਤਿਹਾਸਕ ਵੇਰਵਾ ਮਿਲਦਾ ਹੈ ਉਹ ਪੋਰਸ ਦੇ ਸਮੇਂ ਦਾ ਹੈ। ਇਹ 327 ਈ. ਪੂ.ਤੋਂ ਅੱਗੇ ਦਾ ਹੈ। ਇਸ ਸਮੇਂ ਪੋਰਸ ਪੰਜਾਬ ਦਾ ਸੁਤੰਤਰ ਬਾਦਸ਼ਾਹ ਸੀ। ਜਿਹਲਮ ਤੋਂ ਲੈ ਕੇ ਰਾਵੀ ਦਰਿਆ ਤੱਕ ਉਸ ਦਾ ਰਾਜ ਸੀ। ਸਿਕੰਦਰ ਮਹਾਨ ਦੇ ਹਮਲੇ ਪਿਛੋਂ ਪੋਰਸ ਦੀ ਤਾਕਤ ਹੋਰ ਵੱਧ ਗਈ ਸੀ। ਇਸ ਨਾਲ ਉਸ ਨੇ ਬਿਆਸ ਤੱਕ ਆਪਣਾ ਰਾਜ ਸਥਾਪਤ ਕਰ ਲਿਆ ਸੀ। ਪੋਰਸ ਦੇ ਮਨ ਵਿੱਚ ਸਮੁੱਚੇ ਪੰਜਾਬ ਦੀ ਧਰਤੀ ਨੂੰ ਇਕ ਝੰਡੇ ਹੇਠ ਇੱਕਠੀ ਕਰਨ ਦਾ ਬੜਾ ਦਰਿੜ ਇਰਾਦਾ ਸੀ। ਆਪਣੇ ਅਖੀਰਲੇ ਸਾਲਾਂ ਤੱਕ ਉਸ ਨੇ ਸਾਰੇ ਪੰਜਾਬੀ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਕੇ ਇਕ ਤਾਕਤਵਰ ਰਾਜ ਕਾਇਮ ਕਰ ਲਿਆ ਸੀ।ਉਸਦੀ ਤਾਕਤ ਦੀ ਧਾਕਸਮੁੱਚੇ ਹਿੰਦੁਸਤਾਨ ਅਤੇ ਏਸ਼ੀਆ ਅੰਦਰ ਫੈਲੀ ਹੋਈ ਸੀ। ਜਦੋਂ ਸਿਕੰਦਰ ਅਜੇ ਪੱਛਮੀ ਏਸ਼ੀਆ ਦੇ ਮੁਲਕਾਂ ਨੂੰ ਹੀ ਫ਼ਤਿਹ ਕਰ ਰਿਹਾ ਸੀ ਪੋਰਸ ਦਾ ਧਿਆਨ ਉਸ ਸਮੇਂ ਹੀ ਸਿਕੰਦਰ ਵੱਲ ਖਿਚਿਆ ਗਿਆ ਸੀ। ਜਦੋਂ ਸਿਕੰਦਰ ਨੇ ਇਰਾਨ ਨੂੰ ਫਤਿਹ ਕਰਕੇ ਇਸ ਦੇ ਰਾਜਾ ਦਾਰਾ ਨੂੰ ਹਰਾ ਦਿੱਤਾ ਸੀ ਤਾਂ ਪੋਰਸ ਮੇ ਨਿਸ਼ਚਾ ਕਰ ਲਿਆ ਸੀ ਕਿ ਸਿਕੰਦਰ ਨੂੰ ਇਰਾਨ ਦੀ ਧਰਤੀ ਤੋਂ ਇਧਰ ਨਹੀਂ ਆਉਣ ਦੇਵੇਗਾ। ਇਸ ਸਮੇਂ ਪੋਰਸ ਦਾ ਫੌਜ ਬਹੁਤ ਸ਼ਕਤੀਸ਼ਾਲੀ ਅਤੇ ਜਾਬਤੇ ਵਾਲੀ ਸੀ। ਪੋਰਸ ਨੂੰ ਆਪਣੀ ਸੈਨਿਕ ਸ਼ਕਤੀ ਉੱਤੇ ਇਤਨਾ ਭਰੋਸਾ ਸੀ ਕਿ ਉਹ ਸਿਕੰਦਰ ਨੂੰ ਅੱਗੇ ਵੱਧ ਕੇ ਉਸ ਨੂੰ ਇਰਾਨ ਦੇ ਵਿੱਚ ਹੀ ਹਰਾਉਣਾ ਚਾਹੁੰਦਾ ਸੀ। ਇਸ ਮਕਸਦ ਲਈ ਉਸਨੇ ਇਰਾਨ ਦੇ ਹਾਰੇ ਹੋਏ ਰਾਜਾ ਦਾਰਾ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਪਣੇ ਖੋਫ਼ਨਾਕ ਹਾਥੀਆਂ ਦਾ ਇਕ ਦਸਤਾ ਪੇਸ਼ਗੀ ਸਹਾਇਤਾ ਵਜੋਂ ਉਸ ਵੱਲ ਭੇਜ ਦਿੱਤਾ ਸੀ।

  ਸਿੱਖ ਇਤਿਹਾਸ ਵਿਚ ਅੱਜ.

18 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

= ਸ਼੍ਰੋਮਣੀ ਨੇ ਤਲਵੰਡੀ ਸਾਬੋ (ਬਠਿੰਡਾ) ਦੇ ਪਾਵਨ ਅਸਥਾਨ ਨੂੰ ''ਤਖ਼ਤ ਸ੍ਰੀ ਦਮਦਮਾ ਸਾਹਿਬ" ਨਾਂ ਹੇਠ ਪੰਜਵਾਂ ਤਖ਼ਤ ਸਵੀਕਾਰ ਕਰਨ ਦਾ ਮਤਾ ਪਾਸ ਕੀਤਾ (1959ਈ.)

= ਗੁਰੂ ਕਾ ਬਾਗ ਮੋਰਚਾ ਫਤਹਿ ਹੋਇਆ (1922 ਈ.)

ਤਲਵੰਡੀ ਸਾਬੋ (ਬਠਿੰਡਾ ਜ਼ਿਲ੍ਹਾ) ਉਹ ਪਾਵਨ ਅਸਥਾਨ ਹੈ ਜਿਥੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਜਿੱਤਣ ਪਿਛੋਂ ਪਧਾਰੇ ਸਨ। ਇਥੇ ਉਨ੍ਹਾਂ ਲਗਭਗ 10 ਮਹੀਨੇ ਆਪਣਾ ਨਿਵਾਸ ਰਖਿਆ ਸੀ। ਗੁਰੂ ਜੀ ਵੱਲੋਂ ਇਥੇ ਆਰਾਮ ਕਰਨ ਕਾਰਣ ਇਸ ਅਸਥਾਨ ਨੂੰ ਦਮਦਮਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਇਸੇ ਸਮੇਂ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ। ਇਸੇ ਥਾਂ ਨੂੰ ਉਨ੍ਹਾਂ ''ਗੁਰੂ ਦੀ ਕਾਸ਼ੀ" ਹੋਣ ਦਾ ਵਰ ਦਿਤਾ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਕਲਮਾਂ ਘੜ੍ਹ ਕੇ ਇਸ ਇਲਾਕੇ ਵਿਚ ਏਧਰ ਓਧਰ ਹੀ ਨਹੀਂ ਖਿਲਾਰੀਆਂ ਸਨ ਸਗੋਂ ਗੁਰਬਾਣੀ ਦੀ ਵਿਆਖਿਆ ਲਈ ਉਨ੍ਹਾਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸੇਵਾ ਲਾਈ ਸੀ। ਦਮਦਮੀ ਟਕਸਾਲ ਦੀ ਮੰਨੀਏਂ ਤਾਂ ਬਾਬਾ ਦੀਪ ਸਿੰਘ ਨੇ ਹੀ ਗੁਰਬਾਣੀ ਦੀ ਟਕਸਾਲ ਦਮਦਮਾ ਸਾਹਿਬ ਵਿਖੇ ਸ਼ੁਰੂ ਕੀਤੀ ਸੀ ਅਤੇ ਉਹੀ ਦਮਦਮੀ ਟਕਸਾਲ ਦੇ ਮੋਢੀ ਸਨ।

ਦਮਦਮਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਨਿਸਚੇ ਹੀ ਮਹੱਤਵਪੂਰਨ ਥਾਂ ਹੈ ਪਰ 1966 ਈਸਵੀ ਤਕ ਸਿੱਖ ਪੰਥ ਅਕਾਲ ਤਖ਼ਤ ਸਾਹਿਬ, ਕੇਸਗੜ੍ਹ ਸਾਹਿਬ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਨੂੰ ਹੀ ਆਪਣੇ (ਚਾਰ) ਤਖ਼ਤ ਮੰਨਦਾ ਆਇਆ ਸੀ। ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਵਜੋਂ ਸਥਾਪਤ ਕਰਨ ਦਾ ਵਿਚਾਰ ਸਭ ਤੋਂ ਪਹਿਲਾਂ 1959 ਈਸਵੀ ਵਿਚ ਡਾ. ਕਰਤਾਰ ਸਿੰਘ ਦੀਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਤਾ। ਉਨ੍ਹਾਂ 7 ਮਾਰਚ, 1959 ਦੀ ਆਮ ਸਭਾ ਦੀ ਮੀਟਿੰਗ ਵਿਚ ਇਹ ਤਜ਼ਵੀਜ਼ ਪੇਸ਼ ਕੀਤੀ । 17 ਨਵੰਬਰ, 1959 ਦੀ ਮੀਟਿੰਗ ਵਿਚ ਸ. ਜਗੀਰ ਸਿੰਘ ਫੱਗੂਵਾਲੀਆ ਨੇ ਇਸ ਸਬੰਧੀ ਬਾਕਾਇਦਾ ਮਤਾ ਲਿਆਂਦਾ, ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਜਲਾਸ ਪਾਸ ਕਰਦਾ ਹੈ ਕਿ ਸ੍ਰੀ ਦਮਦਮਾ ਸਾਹਿਬ, ਗੁਰੂ ਕਾਸ਼ੀ ਨੂੰ ਇਤਿਹਾਸਕ ਮੋਹਰਾਂ, ਰਿਆਸਤ ਪਟਿਆਲਾ ਦੇ ਗਜ਼ਟਾਂ ਅਤੇ ਹੋਰ ਲਿਖਤਾਂ ਮੁਤਾਬਕ ਤਖ਼ਤ ਸਵੀਕਾਰ ਕੀਤਾ ਜਾਂਦਾ ਹੈ। ਇਸ ਸਬੰਧੀ ਗੁਰਦੁਆਰਾ ਐਕਟ ਵਿਚ ਲੋੜੀਂਦੀ ਤਰਮੀਮ ਲਈ ਦਫ਼ਤਰ ਨੂੰ ਅਧਿਕਾਰ ਦਿਤੇ ਜਾਂਦੇ ਹਨ।"ਸ. ਕਰਤਾਰ ਸਿੰਘ ਦੀਵਾਨਾ ਦੇ ਸੁਝਾਅ ਉਤੇ ਮੁਕੰਮਲ ਰਿਪੋਰਟਾਂ ਦੇਣ ਲਈ ਇਕ ਸੋਲਾਂ ਮੈਂਬਰੀ ਕਮੇਟੀ ਬਣਾਈ ਗਈ। ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿੰ. ਸਤਿਬੀਰ ਸਿੰਘ ਇਸ ਦੇ ਪ੍ਰਮੁੱਖ ਮੈਂਬਰ ਸਨ। ਕਮੇਟੀ ਵਿਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਬੁੱਢਾ ਦਲ, ਨਿਰਮਲੇ ਸਿੰਘਾਂ, ਚੀਫ਼ ਖਾਲਸਾ ਦੀਵਾਨ, ਪੰਚ ਖਾਲਸਾ ਦੀਵਾਨ ਦੇ ਇਕ ਇਕ ਪ੍ਰਤੀਨਿਧ ਨੂੰ ਵੀ ਸ਼ਾਮਲ ਕੀਤਾ ਗਿਆ। ਕਮੇਟੀ ਦੀਆਂ ਕਈ ਮੀਟਿੰਗਾਂ ਪਿਛੋਂ 1966 ਈ. ਵਿਚ ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਮੰਨਿਆ ਜਾਣ ਲਗਾ। 

ਦਮਦਮਾ ਸਾਹਿਬ ਦੇ ਮਹੱਤਵ ਤੋਂ ਕੋਈ ਇਤਿਹਾਸਕਾਰ ਇਨਕਾਰ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਏਥੇ ਲੰਮਾ ਸਮਾਂ ਤਕ ਰਹੇ, ਇਸ ਲਈ ਇਹ ਅਸਥਾਨ ਆਪਣੇ ਆਪ ਪੱਵਿਤਰ ਅਤੇ ਮਹਾਨ ਹੋ ਜਾਂਦਾ ਹੈ। ਫ਼ੇਰ ਉਨ੍ਹਾਂ ਨੇ ਇਸ ਥਾਂ 'ਤੇ ਕਈ ਯਾਦਗਾਰੀ ਕਾਰਜ ਨੇਪਰੇ ਚਾੜੇ : ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਤਿਆਰ ਕਰਵਾ ਕੇ ਉਸ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਤਾਂ ਦਰਜ ਕਰਵਾਈ ਹੀ, ਜ਼ੁਲਮ ਦੇ ਰਾਜ ਵਿਰੁੱਧ ਸਿੱਖਾਂ ਨੂੰ ਸਿਰਿਉਂ ਲਾਮਬੱਧ ਵੀ ਕੀਤਾ। ਖਾਲਸਾ ਪੰਥ ਦੇ ਭਵਿੱਖ ਦੀਆਂ ਜੜ੍ਹਾਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਵਿਚ ਹੀ ਹਨ ਪਰ ਦਮਦਮਾ ਸਾਹਿਬ ਨੂੰ ਤਖ਼ਤ ਬਨਾਉਣ ਦੇ ਫੈਸਲੇ ਦਾ ਬਹੁਤ ਸਾਰੇ ਵਿਦਵਾਨਾਂ ਅਤੇ ਧਾਰਮਿਕ ਨੇਤਾਵਾਂ ਵਲੋਂ ਵਿਰੋਧ ਹੋਇਆ।

ਪਹਿਲਾ ਪ੍ਰਸ਼ਨ ਇਹ ਉਠਿਆ ਕਿ ਕਿਸੇ ਥਾਂ ਨੂੰ ਤਖ਼ਤ ਬਣਾ ਕੇ ਅਸੀਂ ਦੁਨੀਆਂ ਨੂੰ ਸੰਦੇਸ਼ ਕੀ ਦਿੰਦੇ ਹਾਂ ?

ਤਖ਼ਤ ਰਾਜਸੀ ਸੱਤਾ ਦਾ ਜਗੀਰਦਾਰੂ ਭਾਵ ਬਾਦਸ਼ਾਹੀ ਦਾ ਚਿੰਨ ਹੈ। ਮੱਧਕਾਲ ਵਿਚ ਸੈਨਿਕ ਸ਼ਕਤੀ ਨੂੰ ਪ੍ਰਮੁੱਖਤਾ ਪ੍ਰਾਪਤ ਸੀ। ਸ਼ਕਤੀਸ਼ਾਲੀ ਅਜਿੱਤ ਸੈਨਾ ਦਾ ਮਾਲਕ ਹੀ ਸਭ ਕੁਝ ਸੀ : ਇਲਾਕੇ ਦੇ ਜ਼ਰੇ ਜ਼ਰੇ ਉਤੇ, ਇਸ ਵਿਚ ਵਸਦੇ ਇਸਤਰੀਆਂ ਪੁਰਖਾਂ ਸਮੇਤ ਉਨ੍ਹਾਂ ਦੀ ਜਾਇਦਾਦ, ਬਾਦਸ਼ਾਹ ਦੀ ਮਾਲਕੀ ਮੰਨਿਆ ਜਾਂਦਾ ਸੀ। ਇਸ ਲਈ ਉਸ ਨੂੰ ਮਿਲਣ ਵਾਲਾ ਹਰ ਸਖਸ਼ ਉਸ ਅੱਗੇ ਨਿਉਂ ਕੇ ਗਲ ਕਰਦਾ। ਇਸ ਅਧਿਕਾਰ ਨੂੰ ਜਿਤਾਉਣ ਲਈ ਉਹ ਵਿਸ਼ੇਸ਼ ਪ੍ਰਕਾਰ ਦੀ ਪੌਸ਼ਾਕ ਪਹਿਨਦਾ : ਸਿਰ ਉਤੇ ਹੀਰਿਆਂ ਜੜੀ ਦਸਤਾਰ, ਕਲਗੀ-ਗਲ ਵਿਚ ਗਹਿਣੇ, ਸੋਨੇ ਦੀ ਜੜਾਊ ਤਲਵਾਰ ! ਪਾਲੇ ਹੋਏ ਬਾਜ ਨੂੰ ਨਾਲ ਰਖਣ ਦੀ ਪਿਰਤ ਵੀ ਕਈ ਬਾਦਸ਼ਾਹਾਂ ਪਾਈ। ਆਪਣੇ ਬੈਠਣ ਲਈ ਵਿਸ਼ੇਸ਼ ਤਰ੍ਹਾਂ ਦੇ ਤਖ਼ਤ ਦਾ ਨਿਰਮਾਣ ਵੀ ਬਾਦਸ਼ਾਹੀ ਕਰਮ ਰਿਹਾ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਤਖ਼ਤ, ਤਾਜ ਅਤੇ ਬਾਜ ਮੱਧਕਾਲ ਵਿਚ ਰਾਜਸੀ ਸੱਤਾ ਦੇ ਪ੍ਰਤੀਕ ਰਹੇ ਹਨ। ਕੀ ਅਸੀਂ ਤਖ਼ਤਾਂ ਦੀ ਗਲ ਕਰਕੇ ਆਪਣੇ ਆਪ ਨੂੰ 21ਵੀਂ ਸਦੀ ਵਿਚ ਵੀ ਮੱਧਕਾਲੀਨ ਰੁੱਚੀਆਂ ਵਾਲਿਆਂ ਵਜੋਂ ਦੁਨੀਆਂ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ?

ਦੂਜਾ ਸੁਆਲ ਵਧੇਰੇ ਵਜ਼ਨਦਾਰ ਹੈ। ਵਿਦਵਾਨ ਪੁੱਛਦੇ ਹਨ ਕਿ ਕੀ ਕਿਸੇ ਬਾਦਸ਼ਾਹ ਦਾ ਇਕ ਤੋਂ ਵੱਧ ਵੀ ਤਖ਼ਤ ਹੁੰਦਾ ਹੈ ?

ਦੁਨੀਆਂ ਭਰ ਵਿਚ ਕਿਧਰੇ ਮਿਸਾਲ ਮਿਲਦੀ ਹੈ ਕਿ ਕਿਸੇ ਬਾਦਸ਼ਾਹ ਚਾਰ ਚਾਰ, ਪੰਜ ਪੰਜ ਤਖ਼ਤ ਬਣਾਏ ਹੋਣ ?

ਸਿੱਖ ਪੰਥ ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਤਖ਼ਤ ਬਣਾ ਕੇ ਇਲਾਕਾਈ ਪ੍ਰਭੂਸਤਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ?

ਪਹਿਲਾਂ ਸਿੱਖਾਂ ਵਿਚ ਫੁੱਟ ਕੋਈ ਜੱਗ ਤੋਂ ਛਿੱਪੀ ਹੋਈ ਹੈ ?

ਜਦ ਇਕ ਤੋਂ ਵੱਧ ਸ਼ਕਤੀ ਕੇਂਦਰ ਸਥਾਪਤ ਹੁੰਦੇ ਹਨ ਤਾਂ ਇਹ ਸੁਆਲ ਅਕਸਰ ਪੁੱਛਿਆ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਪ੍ਰਮੁੱਖ ਕੌਣ ਹੈ ?

ਸਿੱਖਾਂ ਦਾ ਪਹਿਲਾ ਤਖ਼ਤ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਥਾਪਤ ਕੀਤਾ। ਇਸ ਨੂੰ ਉਨ੍ਹਾਂ ਅਕਾਲ ਤਖ਼ਤ ਦਾ ਨਾਂ ਦਿਤਾ।

ਸੱਚ, ਧਰਮ, ਨਿਆਂ ਦੇ ਪ੍ਰਤੀਕ ਵਾਹਿਗੁਰੂ ਦੇ ਇਸ ਤਖ਼ਤ ਦਾ ਨਿਰਮਾਣ ਕਦ ਹੋਇਆ?

ਇਸ ਸਬੰਧੀ ਵਿਦਵਾਨਾਂ ਵਿਚ ਮਤਭੇਦ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਜੀਵਨ ਦੇ ਹਾਲਾਤ ਧੁੰਧਲੇ ਹਨ ਜਿਸ ਕਾਰਣ ਅੰਦਾਜ਼ਿਆਂ ਤੋਂ ਕੰਮ ਲੈਣਾ ਮਜਬੂਰੀ ਹੈ। ਅੰਦਾਜ਼ਿਆਂ ਤੇ ਚਲੀਏ ਤਾਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਸਬੰਧੀ ਆਪਣੇ ਹੁਕਮ ਵਿਚ ਲਿਖਿਆ ਸੀ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਜਾਵੇ, ਉਨ੍ਹਾਂ ਦਾ ਪਰਿਵਾਰ ਅਤੇ ਬੱਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿਤੇ ਜਾਣ ਅਤੇ ਜਾਇਦਾਦ ਕੁਰਕ ਕਰ ਲਈ ਜਾਵੇ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿਤਾ ਗਿਆ ਪਰ ਬਾਕੀ ਦੇ ਦੋਵਾਂ ਹੁਕਮਾਂ ਬਾਰੇ ਇਤਿਹਾਸ ਚੁੱਪ ਹੈ। ਇਤਿਹਾਸਕਾਰ ਵੱਖ ਵੱਖ ਢੰਗਾਂ ਨਾਲ ਇਸ ਕਾਂਡ ਨੂੰ ਮੁਕੰਮਲ ਕਰਦੇ ਹਨ।

ਕੁਝ ਇਕ ਦਾ ਕਹਿਣਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਵੀ ਉਸੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਲਗਭਗ 12 ਵਰ੍ਹੇ ਪਿਛੋਂ (1618 ਈ. ਦੇ ਨੇੜੇ ਤੇੜੇ) ਰਿਹਾ ਹੋਏ।

ਕੁਝ ਹੋਰਨਾਂ ਦਾ ਵਿਚਾਰ ਹੈ ਕਿ ਸਾਈਂ ਮੀਆਂ ਮੀਰ ਦੇ ਯਤਨਾਂ ਸਦਕਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗ੍ਰਿਫ਼ਤਾਰੀ ਰੁੱਕ ਗਈ। ਥੋੜੇ ਦਿਨ ਉਹ ਆਪਣੇ ਸਾਂਢੂ ਕੋਲ ਜਾ ਕੇ ਰਹੇ। ਫਿਰ ਉਨ੍ਹਾਂ ਅੰਮ੍ਰਿਤਸਰ ਜਾ ਕੇ ਅੰਦੋਲਨ ਦੀ ਵਾਗਡੋਰ ਸੰਭਾਲ ਲਈ।

ਉਨ੍ਹਾਂ ਮੀਰੀ-ਪੀਰੀ ਦਾ ਸੰਕਲਪ ਦਿਤਾ, ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਸੰਤ ਸਿਪਾਹੀ ਬਨਾਉਣ ਲਈ ਸਰਗਰਮ ਹੋ ਗਏ। ਇੰਨ੍ਹਾਂ ਸਰਗਰਮੀਆਂ ਦੀਆਂ ਸ਼ਕਾਇਤਾਂ ਜਦ ਜਹਾਂਗੀਰ ਤਕ ਪਹੁੰਚੀਆਂ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ।

ਇੰਨ੍ਹਾਂ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਜਹਾਂਗੀਰ ਨਾਲ ਸਮਝੌਤੇ ਵਜੋਂ ਹੋਈ।

ਸ਼੍ਰੋਮਣੀ ਕਮੇਟੀ ਵੀ ਇਸ ਸਬੰਧੀ ਗੋਲ ਮੋਲ ਗਲਾਂ ਕਰਦੀ ਹੈ। ਉਸ ਦੀਆਂ ਕੁਝ ਪ੍ਰਕਾਸ਼ਨਾਵਾਂ ਅਨੁਸਾਰ ਅਕਾਲ ਤਖ਼ਤ ਸਾਹਿਬ ਦੀ ਰਚਨਾ 1606 ਈਸਵੀ ਵਿਚ ਹੋਈ ਅਤੇ ਹਾੜ ਸੁਦੀ 10 (ਜੁਲਾਈ ਮਹੀਨਾ) ਨੂੰ ਗੁਰੂ ਜੀ ਇਸ ਤੇ ਬਿਰਾਜਮਾਨ ਹੋਏ। ਜੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਗੁਰੂ ਜੀ ਦੀ ਗਵਾਲੀਅਰ ਤੋਂ ਰਿਹਾਈ ਪਿਛੋਂ ਮੰਨੀ ਜਾਵੇ ਤਾਂ ਇਹ ਸਾਲ 1618-19 ਈਸਵੀ ਦਾ ਹੈ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ 1630 ਈ. ਵਿਚ ਅੰਮ੍ਰਿਤਸਰ ਨੂੰ ਅਲਵਿਦਾ ਕਹਿ ਦਿਤਾ। ਇਸ ਤਰ੍ਹਾਂ ਅਕਾਲ ਤਖ਼ਤ ਦੀ ਤਤਕਾਲੀ ਮਹਾਨਤਾ ਵੀ ਸਿਸਟ ਗਈ । ਗੁਰੂ ਗੋਬਿੰਦ ਸਿੰਘ ਜੀ ਤਕ ਜਿਥੇ ਵੀ ਗੁਰੂ ਸਾਹਿਬ ਰਹੇ, ਉਹੀ ਜਗ੍ਹਾ ਸਿੱਖੀ ਦਾ ਕੇਂਦਰ ਬਣ ਗਈ।

ਗੁਰੂ ਗੋਬਿੰਦ ਸਿੰਘ ਜੀ ਨੇ 1666 ਈ. ਵਿਚ ਪਟਨਾ ਸਾਹਿਬ ਵਿਖੇ ਜਨਮ ਲਿਆ। ਇਸ ਪਾਵਨ ਅਸਥਾਨ ਉਤੇ ਉਹ ਕਈ ਵਰ੍ਹੇ ਰਹੇ। ਇਸ ਨੂੰ ਦੂਸਰਾ ਤਖ਼ਤ ਸਵੀਕਾਰ ਕੀਤਾ ਜਾਂਦਾ ਹੈ। ਬਿਹਾਰ ਪ੍ਰਦੇਸ਼ ਦੀ ਰਾਜਧਾਨੀ ਵਿਚ ਸਥਿਤ ਇਸ ਤਖ਼ਤ ਦਾ ਪ੍ਰਬੰਧ ਸਥਾਨਕ ਬੋਰਡ ਕਰਦਾ ਹੈ।

ਸ੍ਰੀ ਕੇਸਗੜ੍ਹ ਸਾਹਿਬ ਤੀਸਰਾ ਤਖ਼ਤ ਹੈ। ਅਨੰਦਪੁਰ ਸਾਹਿਬ ਦੇ ਇਸ ਪਾਵਨ ਅਸਥਾਨ ਉਤੇ ਖਾਲਸਾ ਦੀ ਸਿਰਜਨਾ ਕੀਤੀ ਗਈ ਸੀ।

ਅਨੰਦਪੁਰ ਸਾਹਿਬ ਤੋਂ ਨਿਕਲਣ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਗਲਾ ਠਿਕਾਣਾ ਤਲਵੰਡੀ ਸਾਬੋ ਬਣਿਆ। ਇਥੇ ਉਹ ਚਮਕੌਰ ਦੀ ਗੜੀ ਵਿਚੋਂ ਨਿਕਲ ਕੇ ਖਿਦਰਾਣੇ ਦੀ ਲੜ੍ਹਾਈ ਜਿੱਤਣ ਪਿਛੋਂ ਪੁੱਜੇ ਸਨ। ਇਸ ਥਾਂ ਉਹ 10 ਮਹੀਨੇ ਰਹੇ। ਇਥੇ ਗੁਰੂ ਜੀ ਨੇ ਭਵਿੱਖ ਦੀ ਨੀਤੀ ਤਹਿ ਕੀਤੀ। ਇਥੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ। ਇਥੋਂ ਹੀ ਉਹ ਦੱਖਣ ਲਈ ਰਵਾਨਾ ਹੋਏ। ਇਸ ਨੂੰ ਚੌਥਾ ਤਖ਼ਤ ਪ੍ਰਵਾਨ ਕਰਵਾਇਆ ਗਿਆ ਹੈ। ਬਾਦਸ਼ਾਹ ਬਹਾਦਰ ਸ਼ਾਹ ਨਾਲ ਉਹ ਨੰਦੇੜ ਪਹੁੰਚੇ। ਇਥੇ ਸਥਾਨਕ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ ਉਹ ਰੁਕੇ। ਇਥੇ ਉਨ੍ਹਾਂ ਉਤੇ ਜਾਨ ਲੇਵਾ ਹਮਲਾ ਹੋਇਆ। ਗੁਰੂ ਜੀ ਨੇ ਇਥੇ ਹੀ ਆਪਣੇ ਸਰੀਰ ਨੂੰ ਤਿਆਗਿਆ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਬਿਰਾਜ ਗਏ। ਇਥੇ ਪੰਜਵਾਂ ਤਖ਼ਤ ਬਣਿਆ ਹੈ।

ਸੁਆਲ ਇਹ ਹੈ ਕਿ ਇੰਨ੍ਹਾਂ ਸਥਾਨਾਂ ਨੂੰ ਹੀ ਤਖ਼ਤ ਕਿਉਂ ਬਣਾਇਆ ਗਿਆ ਅਤੇ ਇੰਨ੍ਹਾਂ ਵਿਚੋਂ ਵੱਡਾ ਕਿਹੜਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਥਾਨ ਤਖ਼ਤ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਤਖ਼ਤ ਕਿਉਂ ਨਹੀਂ ਹੈ ? ਦਸਾਂ ਗੁਰੂਆਂ ਨੂੰ ਇਕੋ ਜੋਤ ਦਸਣ ਵਾਲਿਆਂ ਕੋਲ ਇਸ ਭੇਦ ਭਾਵ ਦਾ ਕਾਰਣ ਕੀ ਹੈ ?

ਅਕਾਲੀ ਅਤੇ ਉਨ੍ਹਾਂ ਦੇ ਸਥਾਪਤ ਧਰਮ ਨੇਤਾ ਕਹਿੰਦੇ ਹਨ ਕਿ ਅਕਾਲ ਤਖ਼ਤ ਸਭਨਾਂ ਤਖ਼ਤਾਂ ਵਿਚੋਂ ਪ੍ਰਮੁੱਖ ਹੈ। ਇਹ ਠੀਕ ਹੈ ਕਿ ਅਕਾਲ ਤਖ਼ਤ ਸਾਹਿਬ ਨਾਲ 18ਵੀਂ ਸਦੀ ਦਾ ਸਿੱਖ ਸੰਘਰਸ਼ ਜੁੱੜਿਆ ਹੋਇਆ ਹੈ : ਸਿੰਘ ਦੀਵਾਲੀ, ਵਿਸਾਖੀ ਦੇ ਜੋੜ ਮੇਲਿਆਂ ਸਮੇਂ ਇਥੇ ਇਕੱਤਰ ਹੋ ਕੇ ਵਿਚਾਰ ਵਟਾਂਦਰਾ ਕਰਦੇ ਅਤੇ ਅਗਲਾ ਪ੍ਰੋਗਰਾਮ ਉਲੀਕਦੇ ਪਰ ਇਸ ਮਹੱਤਵ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਦੀ ਪ੍ਰਮੁੱਖਤਾ ਕਿਵੇਂ ਹੋਈ ?

ਹੁਣ ਵਿਉਹਾਰਕ ਪੱਖ ਲਈਏ । ਅੰਮ੍ਰਿਤਸਰ ਮਾਝੇ ਵਿਚ ਹੈ, ਇਥੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ। ਅਨੰਦਪੁਰ ਪਹਾੜੀਆਂ ਵਿਚ ਹੈ, ਇਥੇ ਕੇਸਗੜ੍ਹ ਸਾਹਿਬ ਦੀ ਰਚਨਾ ਹੋਈ। ਮਾਲਵੇ ਦੇ ਖੇਤਰ ਨੇ ਕੀ ਕਸੂਰ ਕੀਤਾ ਹੈ ਕਿ ਉਥੇ ਤਖ਼ਤ ਦੀ ਸਥਾਪਨਾ ਨਾ ਕੀਤੀ ਜਾਵੇ ? ਦਲੀਲ ਵਿਚ ਵਜ਼ਨ ਤਾਂ ਹੈ : ਪੰਜਾਬ ਦਾ ਮੁੱਖ ਮੰਤਰੀ ਮਾਲਵੇ ਦਾ ਹੋਵੇ ਅਤੇ ਉਸ ਦੇ ਇਲਾਕੇ ਵਿਚ ਸਿੱਖਾਂ ਦਾ ਤਖ਼ਤ ਨਾ ਹੋਵੇ ? ਇਹ ਕਿਵੇਂ ਹੋ ਸਕਦਾ ਹੈ ? ਦੁਆਬੇ ਦੇ ਇਲਾਕੇ ਵਿਚ ਤਖ਼ਤ ਦੀ ਸਥਾਪਨਾ ਕਰਵਾਉਣ ਦੇ ਇਛੁੱਕ ਸਾਵਧਾਨ ਹੋ ਜਾਣ।

ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਾਲੇ ਜਥੇਦਾਰਾਂ ਦਾ ਦੋਸ਼ ਹੈ ਕਿ ਪੰਜਾਬ ਵਿਚ ਦੋ ਤਖ਼ਤ ਸਨ, ਦੋ ਹੀ ਬਾਹਰ ਸਨ। ਇਸ ਲਈ ਅਕਾਲੀਆਂ ਨੂੰ ਆਪਣੇ ਹੱਕ ਵਿਚ ਫੈਸਲਾ ਕਰਵਾਉਣੇ ਮੁਸ਼ਕਿਲ ਹੁੰਦੇ ਸਨ। ਉਨ੍ਹਾਂ ਆਪਣੀ ਬਹੁ-ਸੰਮਤੀ ਬਨਾਉਣ ਲਈ ਪੰਜਵਾਂ ਤਖ਼ਤ ਬਣਾ ਲਿਆ। ਕੁਝ ਵਿਚਾਰਵਾਨਾਂ ਦੀ ਰਾਇ ਹੈ ਕਿ ਪੰਜ ਪਿਆਰਿਆਂ ਦੀ ਸੰਸਥਾ ਨੂੰ ਦਿਮਾਗ਼ ਵਿਚ ਰੱਖ ਕੇ ਪੰਜਵਾਂ ਤਖ਼ਤ ਬਣਾਇਆ ਗਿਆਪੰਜਾਂ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਨੂੰ ਸਥਾਈ ਪੰਜ ਪਿਆਰੇ ਬਣਾ ਕੇ ਆਪਣੇ ਹਿੱਤਾਂ ਲਈ ਰਾਜਨੇਤਾ ਵਧੇਰੇ ਆਸਾਨੀ ਨਾਲ ਵਰਤ ਸਕਦੇ ਹਨ।

ਗੁਰਮਤਿ ਦੇ ਜਾਣਕਾਰਾਂ ਦੀ ਮਾਨਤਾ ਹੈ ਕਿ ਮਨੁੱਖੀ ਜੀਵਨ ਇਕਾਈ ਵਜੋਂ ਲਿਆ ਗਿਆ ਹੈ ਅਤੇ ਇਸ ਨੂੰ ਕਰਮਕਾਂਡੀ ਪਾਖੰਡ ਤੋਂ ਮੁਕਤ ਰਖਿਆ ਗਿਆ ਹੈ। ਪੁਜਾਰੀ ਸ਼੍ਰੇਣੀ ਨੇ ਰਾਜ ਨੇਤਾਵਾਂ ਨਾਲ ਮਿਲ ਕੇ ਗੁਰੂ, ਗ੍ਰੰਥ ਅਤੇ ਪੰਥ ਦੇ ਨਾਂ 'ਤੇ ਜੋ ਘਾਲਾ ਮਾਲਾ ਕੀਤਾ ਹੈ, ਤਖ਼ਤ ਉਸੇ ਦੀ ਪੈਦਾਵਾਰ ਹਨ, ਮੱਧਕਾਲੀ ਮਾਨਸਿਕਤਾ ਦੇ ਪ੍ਰਤੀਕ ਹਨ। ਇੰਨ੍ਹਾਂ ਨੂੰ ਜਨ-ਇੱਛਾ ਪ੍ਰਗਟ ਕਰਦੀਆਂ ਸੰਸਥਾਵਾਂ ਵਿਚ ਬਦਲਿਆ ਜਾਣਾ ਚਾਹੀਦਾ ਹੈ।

  ਸਮਕਾਲੀ ਸਰੋਕਾਰ .

ਕਾਮਾਗਾਟਾਮਾਰੂ ਦਾ

ਬਜਬਜ ਘਾਟ ਪਹੁੰਚਣਾ

ਅੱਜ ਦੇ ਦਿਨ ਹੀ ਲੰਬੇ ਸਮੁੰਦਰੀ ਸਫ਼ਰ ਦੀ ਥਕਾਵਟ ਅਤੇ ਸਰਕਾਰੀ ਜ਼ਬਰ ਜ਼ੁਲਮ ਨੂੰ ਮਹੀਨਿਆਂ ਤੱਕ ਲਗਾਤਾਰ ਸਹਾਰਦਿਆਂ ਥੱਕੇ ਮਾਂਦੇ 376 ਮੁਸਾਫ਼ਰਾਂ ਨਾਲ ਲੱਦਿਆ ਸਮੁੰਦਰੀ ਜਹਾਜ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ) ਬਜਬਜ ਘਾਟ (ਕਲਕੱਤਾ) ਪਹੁੰਚਾ।

ਇਸ ਵਿਚ ਸਵਾਰ ਲਗਭਗ ਸਾਰੇ ਮੁਸਾਫ਼ਰ ਪੰਜਾਬੀ ਸਿੱਖ ਸਨ ਅਤੇ ਰੋਜ਼ਗਾਰ ਦੇ ਚੰਗੇ ਮੌਕੇ ਲੱਭਣ ਲਈ ਕਨੇਡਾ ਗਏ ਸਨ ਪਰ ਕਨੇਡਾ ਸਰਕਾਰ ਨੇ ਉਨ੍ਹਾਂ ਨੂੰ ਆਪਣੀ ਧਰਤੀ ਉਤੇ ਉਤਰਨ ਨਹੀਂ ਸੀ ਦਿੱਤਾ। ਡੇਢ ਮਹੀਨੇ ਤੱਕ ਇਹ ਜਹਾਜ ਕਨੇਡਾ ਦੇ ਪਾਣੀਆਂ ਵਿਚ ਖੜਾ ਰਿਹਾ, ਉਥੋਂ ਦੇ ਨਿਵਾਸੀ ਸਿੱਖਾਂ ਨੇ ਵੀ ਜਹਾਜੀਆਂ ਦੀ ਭਰਪੂਰ ਮਦਦ ਕੀਤੀ: ਜਹਾਜ ਵਿਚ ਰਸਦ ਪੁਚਾਈ, ਸਰਕਾਰ ਨਾਲ ਤਿੱਖੇ ਤੇਵਰ ਅਪਣਾਏ ਪਰ ਮੁਸਾਫ਼ਰਾਂ ਨੂੰ ਕਨੇਡਾ ਉਤਾਰਣ ਵਿਚ ਸਫ਼ਲ ਨਹੀਂ ਹੋ ਸਕੇ। ਹਾਰ ਹੰਭ ਕੇ ਜਹਾਜ ਨੂੰ ਸਿੰਘਾਪੁਰ ਲਿਜਾਇਆ ਗਿਆ ਪਰ ਉਥੋਂ ਦੀ ਸਰਕਾਰ ਨੇ ਵੀ ਕਨੇਡਾ ਸਰਕਾਰ ਵਾਲਾ ਸਲੂਕ ਹੀ ਕੀਤਾ। ਜਦੋਂ ਕੋਈ ਹੋਰ ਰਸਤਾ ਨਹੀਂ ਬਚਿਆ ਤਾਂ ਉਨ੍ਹਾਂ ਦੇਸ਼ ਪਰਤਣ ਦਾ ਫੈਸਲਾ ਲਿਆ ਅਤੇ ਜਹਾਜ ਨੇ ਕਲਕੱਤੇ ਲਈ ਚਾਲੇ ਪਾਏ।

ਕਲਕੱਤਾ ਤੋਂ 70 ਮੀਲ ਦੂਰ ਕਾਲਪੀ ਵਿਖੇ ਜਹਾਜ ਨੂੰ ਰੋਕ ਕੇ ਮੁਸਾਫ਼ਰਾਂ ਦੀ ਤਲਾਸ਼ੀ ਲਈ ਗਈ। ਅੰਗਰੇਜ਼ ਸਰਕਾਰ ਨੂੰ ਸ਼ੱਕ ਸੀ ਕਿ ਜਹਾਜ ਵਿਚ ਹਥਿਆਰ ਹਨ। ਸਰਕਾਰੀ ਏਜੰਸੀਆਂ ਜਾਣਦੀਆਂ ਸਨ ਕਿ ਗਦਰੀ ਬਾਬਿਆਂ ਦਾ ਜਹਾਜੀਆਂ ਨਾਲ ਸੰਪਰਕ ਸੀ ਅਤੇ ਉਹਨਾਂ ਹਥਿਆਰ ਅਤੇ ਗਦਰੀ ਸਾਹਿੱਤ ਜਹਾਜ ਵਿਚ ਰੱਖਿਆ ਸੀ ਤਾਂ ਕਿ ਸੁਰੱਖਿਅਤ ਭਾਰਤ ਪੁਚਾਇਆ ਅਤੇ ਗਦਰ ਲਈ ਵਰਤਿਆ ਜਾ ਸਕੇ। ਹਥਿਆਰ ਅਤੇ ਸਾਹਿੱਤ ਮੁਸਾਫਰਾਂ ਨੇ ਭਾਰਤੀ ਪਾਣੀਆਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਮੁੰਦਰ ਵਿਚ ਸੁੱਟ ਦਿਤਾ ਸੀ। ਜਦੋਂ ਤਲਾਸ਼ੀ ਵਿਚ ਕੁਝ ਨਹੀਂ ਮਿਲਿਆ ਤਾਂ ਜਹਾਜ ਨੂੰ ਬਜਬਜ ਘਾਟ ਵਲ ਤੋਰ ਦਿੱਤਾ ਗਿਆ।

ਬਜਬਜ ਪਹੁੰਚਣ ਤੇ ਮੁਸਾਫਰਾਂ ਨੂੰ ਜਹਾਜ ਵਿਚੋਂ ਉਤਾਰ ਕੇ ਪੰਜਾਬ ਨੂੰ ਜਾਣ ਵਾਲੀ ਰੇਲ ਗੱਡੀ ਵਿਚ ਬਿਠਾੳਣ ਦਾ ਯਤਨ ਕੀਤਾ ਗਿਆ ਪਰ ਮੁਸਾਫਰ ਕਲਕੱਤੇ ਰਹਿ ਕੇ ਹੀ ਕਾਰੋਬਾਰ ਕਰਨਾ ਚਾਹੁੰਦੇ ਸਨ। ਸਰਕਾਰ ਉਹਨਾਂ ਨੂੰ ਕਲਕੱਤੇ ਰੱਖ ਕੇ ਏਥੋਂ ਦੇ ਵਿਗੜੇ ਵਾਤਾਵਰਣ ਨੂੰ ਹੋਰ ਖਰਾਬ ਨਹੀਂ ਸੀ ਕਰਨਾ ਚਾਹੁੰਦੀ।

ਰਹਿਰਾਸ ਸਾਹਿਬ ਵੇਲੇ ਅਰਦਾਸ ਹੋ ਰਹੀ ਸੀ ਜਦ ਪੁਲਿਸ ਕਪਤਾਨ ਈਸਟਵੁੱਡ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਉਸ ਕੋਲੋਂ ਇੱਕ ਸਿੰਘ ਨੇ ਲਾਠੀ ਖੋਹ ਲਈ ਤਾਂ ਉਸ ਆਪਣੀ ਰਿਵਾਲਵਰ ਨਾਲ ਗੋਲੀ ਦਾਗ ਦਿੱਤੀ ਜਿਸ ਨਾਲ ਇੱਕ ਸਿੰਘ ਜ਼ਖਮੀ ਹੋ ਗਿਆ। ਕਿਸੇ ਨੇ ਕਪਤਾਨ ਕੋਲੋਂ ਪਿਸਤੌਲ ਖੋਹ ਲਿਆ ਤੇ ਉਸੇ ਤੇ ਚਲਾ ਦਿੱਤਾ। ਪੁਲਿਸ ਨੇ ਅੱਗਾ ਪਿੱਛਾ ਵੇਖੇ ਬਿਨਾਂ ਅੰਧਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਅਫ਼ਰਾਤਫ਼ਰੀ ਫੈਲ ਗਈ। ਮੁਸਾਫਰਾਂ ਨੂੰ ਜਿਧਰ ਮੌਕਾ ਬਣਿਆ, ਉੱਠ ਭੱਜੇ। ਇਸ ਫਾਇਰਿੰਗ ਵਿਚ 14 ਸਿੰਘ ਅਤੇ 2 ਪੁਲਿਸ ਕਰਮੀ ਮਾਰੇ ਗਏ। ਸਾਰੀ ਰਾਤ ਪੁਲਿਸ ਨੇ ਫੜੋ ਫੜੀ ਜਾਰੀ ਰੱਖੀ। ਭੱਜਦਿਆਂ, ਲੁਕਦਿਆਂ ਮੁਸਾਫਰਾਂ ਨਾਲ ਪੁਲਿਸ ਜ਼ੁਲਮ ਕਰਦੀ ਰਹੀ-ਗਲੇ ਵਿਚ ਸੰਗਲ ਪਾ ਕੇ ਦਰਖਤ ਨਾਲ ਲਟਕਾਉਣ ਤਕ ਦੀਆਂ ਵਾਰਦਾਤਾਂ ਹੋਈਆਂ। ਮੋਏ ਅਤੇ ਫ਼ੱਟੜ ਪੁਲਿਸੀਆਂ ਨੂੰ ਤਾਂ ਸੰਭਾਲ ਲਿਆ ਗਿਆ ਪਰ ਜ਼ਖ਼ਮੀਂ ਮੁਸਾਫਰ ਪਿਆਸੇ ਤੜਫ਼ਦੇ ਰਹੇ। ਮਚੀ ਭਗਦੜ ਵਿਚ ਬਾਬਾ ਗੁਰਦਿਤ ਸਿੰਘ, ਜੋ ਜਹਾਜ ਦੇ ਠੇਕੇਦਾਰ ਸਨ, ਨਿਕਲ ਗਏ ਅਤੇ ਸਾਰੀ ਉਮਰ ਉਹਨਾਂ ਅੰਗਰੇਜ਼ਾਂ ਵਿਰੁੱਧ ਆਪਣੀ ਜਦੋਜਹਿਦ ਜਾਰੀ ਰੱਖੀ।

ਦੂਸਰੇ ਮੁਸਾਫਰ ਹਾਵੜਾ, ਮਿਦਨਾਪੁਰ, ਬਰਦਵਾਨ, ਹੁਗਲੀ, ਬੰਕੁਰਾ ਆਦਿ ਥਾਵਾਂ ਤੇ ਫੈਲ ਗਏ। ਬਹੁਤਿਆਂ ਨੂੰ ਪੁਲਿਸ ਨੇ ਗਰਿਫਤਾਰ ਕਰ ਲਿਆ ਅਤੇ ਸੈਂਟਰਲ ਜੇਲ, ਅਲੀਪੁਰ (ਕਲਕੱਤਾ) ਵਿਚ ਕੈਦ ਰਖਿਆ। ਇਸ ਸਾਕੇ ਨੂੰ ਲੁਕਾਉਣ ਲਈ ਸਰਕਾਰ ਨੇ ਪੜਤਾਲੀਆ ਕਮਿਸ਼ਨ ਵੀ ਬਿਠਾਇਆ, ਧਰਮ ਅਸਥਾਨਾਂ ਤੋਂ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਵਿਰੁੱਧ ਹੁਕਮਨਾਮੇ ਵੀ ਜਾਰੀ ਕਰਵਾਏ, ਨਿਹੱਥੇ ਭੁੱਖੇ ਤਿਹਾਏ ਥੱਕੇ ਮੁਸਾਫਰਾਂ ਨੂੰ ਬਾਗੀ ਅਤੇ ਫਸਾਦੀ ਵੀ ਦੱਸਿਆ ਗਿਆ ਪਰ ਬਜਬਜ ਵਰਗੀਆਂ ਘਟਨਾਵਾਂ ਨੇ ਅੰਗਰੇਜ਼ਾਂ ਦੇ ਜਾਹੋਜਲਾਲ ਨੂੰ ਅਜਿਹਾ ਕਲੰਕਤ ਕੀਤਾ ਕਿ ਅੰਤ ਵਿਚ ਉਹ ਯੂਰਪ ਦੀ ਛੋਟੀ ਜਿਹੀ ਸ਼ਕਤੀ ਬਣ ਕੇ ਰਹਿ ਗਿਆ: ਸਾਰੀਆਂ ਬਸਤੀਆਂ ਉਸ ਦੇ ਸਾਮਰਾਜ ਵਿਚੋਂ ਨਿਕਲ ਗਈਆਂ, ਭਾਰਤ ਵੀ ਆਜ਼ਾਦ ਹੋ ਗਿਆ।

  ਗੁਰੂ ਕਾਲ .

ਗੁਰੂ ਅਮਰਦਾਸ ਜੀ ਦੀ ਕਰਮ ਭੂਮੀ 

ਗੋਇੰਦਵਾਲ ਸਾਹਿਬ 

ਗੋਇੰਦਵਾਲ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਕਰਮ ਭੂਮੀ ਹੈ। ਗੁਰੂ ਅਮਰਦਾਸ ਜੀ ਸਬੰਧੀ ਮੰਨਿਆ ਜਾਂਦਾ ਹੈ ਕਿ ਉਹ 1540 ਈਸਵੀ ਵਿਚ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਹਾਜ਼ਰ ਹੋਏ ਅਤੇ ਜੀ ਜਾਨ ਨਾਲ ਗੁਰੂ ਜੀ ਦੀ ਸੇਵਾ ਵਿਚ ਜੁਟ ਗਏ। ਉਹ ਅੰਮਰਿਤ ਵੇਲੇ ਉੱਠਦੇ, ਢਾਈ-ਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਦੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਫ਼ੇਰ ਲੰਗਰ ਦੀ ਸੇਵਾ ਵੱਲ ਮੁੜਦੇ: ਉਥੇ ਵੀ ਜਲ ਪੂਰਤੀ ਦੀ ਸਾਰੀ ਜ਼ਿਮੇਂਵਾਰੀ ਉਹਨਾਂ ਆਪਣੇ ਸਿਰ ਲਈ ਹੋਈ ਸੀ। ਗੁਰਸਿੱਖਾਂ ਨੂੰ ਇਸ਼ਨਾਨ ਕਰਵਾਉਣਾ, ਲੰਗਰ ਛੱਕਦੀਆਂ ਸੰਗਤਾਂ ਨੂੰ ਸੱਜਰਾ ਜਲ ਛਕਾਉਣਾ ਗੁਰੂ ਅਮਰਦਾਸ ਜੀ ਦਾ ਨਿਤ ਕਰਮ ਸੀ।

61-62 ਸਾਲ ਦੀ ਬਿਰਧ ਅਵਸਥਾ ਵਿਚ ਵੀ ਉਹ ਅਣਥੱਕ ਗਭਰੂਆਂ ਤੋਂ ਵੱਧ ਕੰਮ ਕਰਦੇ ਸਨ। ਇਸ ਤੋਂ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦਿਆਂ ਤੋਂ ਲੈ ਕੇ ਕਈ ਸਿੱਖਾਂ ਨੂੰ ਬੜੀ ਜਲਣ ਹੁੰਦੀ ਸੀ। ਬਹੁਤੇ (ਗੁਰੂ) ਅਮਰਦਾਸ ਜੀ ਨੂੰ ਅਮਰੂ ਕਹਿੰਦੇ ਅਤੇ  ਉਹਨਾਂ ਦੇ ਨਾਂ ਨਾਲ ਕੋਈ ਵਿਸ਼ੇਸ਼ਣ ਜੋੜ ਦਿੰਦੇ। ''ਨਿਥਾਵਾ" ਤਾਂ  ਉਹਨਾਂ ਨੂੰ ਅਕਸਰ ਕਹਿ ਦਿੱਤਾ ਜਾਂਦਾ ਸੀ: ਕੋਈ ''ਥਾਂ" ਹੁੰਦੀ ਤਾਂ ਉਹ ਦੋ ਪਲ ਆਰਾਮ ਕਰ ਲੈਂਦੇ: ਬਿਰਧ ਸਰੀਰ! ਹਰ ਸਮੇਂ ਗੁਰੂ ਘਰ ਦੀ ਸੇਵਾ ਵਿਚ ਲੀਨ!!

ਗੁਰੂ ਅੰਗਦ ਦੇਵ ਜੀ ਇਸ ਸਥਿਤੀ ਤੋਂ ਜਾਣੂ ਸਨ। ਇਸ ਸਮੱਸਿਆ ਦਾ ਹੱਲ ਅਜੇ ਮਿਲ ਨਹੀਂ ਰਿਹਾ ਸੀ। 1548 ਈਸਵੀ ਦੇ ਨੇੜੇ ਤੇੜੇ ਗੋਵਿੰਦ ਨਾਂ ਦਾ ਇਕ ਜ਼ਿਮੀਂਦਾਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ। ਉਸ ਗੁਰੂ ਜੀ ਨੂੰ ਦੱਸਿਆ ਕਿ ਉਹ ਜ਼ਮੀਨ ਦੇ ਇੱਕ ਮੁਕੱਦਮੇਂ ਵਿਚ ਉਲਝਿਆ ਹੋਇਆ ਹੈ ਅਤੇ ਜਿੱਤ ਲਈ ਅਸ਼ੀਰਵਾਦ ਮੰਗਿਆ। ਨੇਤਵੱਸ ਉਹ ਮੁਕਦਮਾਂ ਜਿੱਤ ਗਿਆ ਤਾਂ ਉਸ ਨੂੰ ਇਹੀ ਜਾਪਿਆ ਕਿ ਉਸ ਦੇ ਭਾਗ ਗੁਰੂ ਅੰਗਦ ਦੇਵ ਜੀ ਦੀ ਮਿਹਰ ਸਦਕਾ ਜਾਗੇ ਹਨ। ਉਸ ਨੇ ਬਿਆਸ ਦਰਿਆ ਦੇ ਕੰਢੇ ਇੱਕ ਖੁੱਲੀ ਥਾਂ ਤੇ ਸ਼ਹਿਰ ਵਸਾਉਣਾ ਸ਼ੁਰੂ ਕਰ ਦਿੱਤਾ।ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਮਨੌਤਾਂ ਅਨੁਸਾਰ ਉਸ ਨੇ ਜੋਤਸ਼ੀਆਂ ਕੋਲੋਂ ਮਹੂਰਤ ਕਢਵਾਇਆ, ਜ਼ਮੀਨ ਦੀ ਵਿਉਂਤਬੰਦੀ ਕੀਤੀ, ਰਾਜ ਮਿਸਤਰੀ ਕੰਮ ਤੇ ਲਾ ਦਿੱਤੇ ਅਤੇ ਸ਼ਹਿਰ ਉਸਾਰਨਾ ਸ਼ੁਰੂ ਕਰ ਦਿੱਤਾ ਪਰ ਜੋ ਕੁਝ ਉਹ ਦਿਨੇ ਬਣਵਾਉਂਦਾ, ਕੋਈ ਗੁਪਤ ਸ਼ਕਤੀ ਉਸ ਨੂੰ ਰਾਤ ਸਮੇਂ ਮਲੀਆਮੇਟ ਕਰ ਜਾਂਦੀ। ਇਹ ਸ਼ਾਇਦ ਉਸ ਦੇ ਸ਼ਰੀਕਾਂ ਦਾ ਕਾਰਾ ਸੀ ਪਰ ਲੋਕਾਂ ਦਾ ਵਿਚਾਰ ਸੀ ਕਿ ਭੂਤ ਪਰੇਤ ਅਜਿਹਾ ਕਰਦੇ ਹਨ। ਗੋਬਿੰਦ ਨੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਗੁਰੂ ਜੀ ਸਾਹਮਣੇ ਸਮੱਸਿਆ ਰੱਖੀ ਤਾਂ ਗੁਰੂ ਅੰਗਦ ਦੇਵ ਜੀ ਨੇ (ਗੁਰੂ) ਅਮਰਦਾਸ ਜੀ ਆਪਣੀ ਸੋਟੀ ਦੇ ਕੇ ਹੁਕਮ ਕੀਤਾ ਕਿ ਉਹ ਗੋਵਿੰਦੇ ਨਾਲ ਜਾਣ ਅਤੇ ਸ਼ਹਿਰ ਦੇ ਬਨਣ ਵਿਚ ਜੋ ਕੋਈ ਵਿਘਣ ਪਾਉਂਦਾ ਹੈ, ਉਸ ਨੂੰ ਸੋਧ ਦੇਣ। ਅਮਰਦਾਸ ਜੀ ਗੋਵਿੰਦੇ ਨਾਲ ਗਏ: ਉਸਾਰੀ ਵਾਲੀ ਜਗਾ ਵਾਹਿਗੁਰੂ ਅੱਗੇ ਮਿਹਰ ਕਰਨ ਲਈ ਅਰਦਾਸ ਕੀਤੀ। ਕੰਮ ਸ਼ੁਰੂ ਹੋ ਗਿਆ, ਪੈਂਦੀ ਅੜਚਣ ਦੂਰ ਹੋ ਗਈ। ਇਸ ਤਰਾਂ ਕਈ ਮਹੀਨਿਆਂ ਦੀ ਲਗਾਤਾਰ ਮਿਹਨਤ ਨਾਲ ਸ਼ਹਿਰ ਬਣ ਗਿਆ। ਗੋਵਿੰਦੇ ਨੇ ਅਮਰਦਾਸ ਜੀ ਦੇ ਰਹਿਣ ਲਈ ਜਗਾ ਵੀ ਬਣਵਾ ਦਿੱਤੀ। ਗੋਇੰਦਵਾਲ ਰਹਿੰਦਿਆਂ ਵੀ ਅਮਰਦਾਸ ਜੀ ਦਾ ਨੇਮ ਰਿਹਾ ਕਿ ਉਹ ਅੰਮਰਿਤ ਵੇਲੇ ਬਿਆਸ ਤੋਂ ਜਲ ਦੀ ਗਾਗਰ ਲੈ ਕੇ ਖਡੂਰ ਸਾਹਿਬ ਆਉਂਦੇ, ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਉਹਨਾਂ ਦੇ ਬਸਤਰ ਸਾਫ਼ ਕਰਦੇ, ਦਿਨ ਭਰ ਲੰਗਰ ਦੀ ਸੇਵਾ ਕਰਦੇ ਅਤੇ ਸ਼ਾਮ ਨੂੰ ਗੋਇੰਦਵਾਲ ਪਰਤ ਜਾਂਦੇ।

ਜਦੋਂ ਸ਼ਹਿਰ ਵੱਸ ਗਿਆ ਤਾਂ ਗੋਵਿੰਦ ਗੁਰੂ ਅੰਗਦ ਦੇਵ ਜੀ ਦਾ ਧੰਨਵਾਦ ਕਰਨ ਖਡੂਰ ਸਾਹਿਬ ਗਿਆ। ਉਸ ਗੁਰੂ ਜੀ ਦੀ ਮਿਹਰ ਸਦਕਾ ਸ਼ਹਿਰ ਵੱਸਣ ਲਈ ਸ਼ੁਕਰਾਨਾ ਕੀਤਾ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸ਼ਹਿਰ ਨੂੰ ਹੀ ਭਾਗ ਲਾਉਣ। ਗੁਰੂ ਅੰਗਦ ਦੇਵ ਜੀ ਨੇ ਗੋਵਿੰਦ ਦੇ ਨਾਂ 'ਤੇ ਹੀ ਸ਼ਹਿਰ ਦਾ ਨਾਂ ਗੋਇੰਦਵਾਲ ਰਖਿਆ ਅਤੇ ਅਮਰਦਾਸ ਜੀ ਨੂੰ ਹੀ ਹੁਕਮ ਕੀਤਾ ਕਿ ਉਹ ਗੋਇੰਦਵਾਲ ਰਹਿ ਕੇ ਉਥੇ ਗੁਰਬਾਣੀ ਦੀ ਛਹਿਬਰ ਲਾਉਣ। (ਗੁਰੂ) ਅਮਰਦਾਸ ਜੀ ਦੇ ਉਥੇ ਰਹਿਣ ਕਾਰਣ ਉਥੋਂ ਦਾ ਸਾਰਾ ਵਾਤਾਵਰਣ ਧਰਮੀ ਹੋ ਗਿਆ ਜਿਵੇਂ ਧਰਤੀ ਉਤੇ ਸਵਰਗ ਉਤਰ ਆਇਆ ਹੋਵੇ। ਸਮੇਂ ਸਿਰ (ਗੁਰੂ) ਅਮਰਦਾਸ ਜੀ ਬਾਸਰਕੇ ਤੋਂ ਆਪਣੇ ਪਰਿਵਾਰ ਅਤੇ ਸਾਕ ਸਬੰਧੀਆਂ ਨੂੰ ਵੀ ਲੈ ਆਏ।

ਉਹਨਾਂ ਦੇ ਗੋਇੰਦਵਾਲ ਆਉਣ ਦੀ ਯਾਦ ਵਿਚ ਹੀ ਅੱਜ ਕੱਲ ਸਿੱਖ ਸੰਗਤਾਂ ਗੋਇੰਦਵਾਲ ਜੋੜ ਮੇਲਾ ਲਾਉਂਦੀਆਂ ਹਨ: ਇਸ ਦਿਨ ਉਥੇ ਸੰਗਤਾਂ ਦਾ ਵੱਡਾ ਇੱਕਠ ਹੁੰਦਾ ਹੈ। ਗੋਇੰਦਵਾਲ ਦਾ ਮਹੱਤਵ ਮੱਧਕਾਲ ਵਿਚ ਇਸ ਦੇ ਬਿਆਸਾ ਕਿਨਾਰੇ ਸਥਿਤ ਹੋਣ ਕਰਕੇ ਸੀ। ਸ਼ਾਹੀ ਫੌਜਾਂ, ਵਿਉਪਾਰੀ, ਸੈਲਾਨੀ ਸਭ ਏਥੋਂ ਹੀ ਬਿਆਸਾ ਪਾਰ ਕਰਕੇ ਲਾਹੌਰ ਜਾਂ ਦਿੱਲੀ ਕੂਚ ਕਰਦੇ। ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਨੂੰ ਆਪਣੀ ਕਰਮਭੂਮੀ ਬਣਾ ਨਾਲ ਉਥੇ ਸਿੱਖ ਸੰਗਤਾਂ ਦਾ ਆਉਣਾ ਜਾਣਾ ਵੀ ਬਹੁਤ ਵੱਧ ਗਿਆ। ਪਰਿੰਸੀਪਲ ਸਤਿਬੀਰ ਸਿੰਘ ਦੇ ਸ਼ਬਦਾਂ ਵਿਚ ''ਸਵੇਰ ਤੋਂ ਸ਼ਾਮ ਤਕ ਕੀਰਤਨ, ਲੰਗਰ, ਵਿਚਾਰਾਂ, ਪਾਠ ਹੋਣ ਲੱਗੇ। ਦੂਰ ਦੂਰ ਤੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਅਤੇ ਵਿਚਾਰਾਂ ਨੂੰ ਸੁਨਣ ਲਈ ਆਉਂਦੇ। ਗੋਇੰਦਵਾਲ ਇੱਕ ਤੀਰਥ ਹੀ ਬਣ ਗਿਆ:

ਗੋਇੰਦਵਾਲ ਗੋਬਿੰਦਪੁਰੀ ਸਮ,

ਜਲਨ, ਤੀਰ, ਵਿਪਾਸ ਬਨਾਯਉ।

22 ਜਾਤਾਂ ਦੇ ਖੱਤਰੀਆਂ ਨੇ ਏਥੇ ਆ ਡੇਰੇ ਲਾਏ। ਨਵੇਂ ਘਰ ਪਾਏ। ਅਤਿ ਸੁੰਦਰ ਨਗਰੀ ਵੱਸ ਗਈ।"

ਗੁਰੂ ਅਮਰਦਾਸ ਜੀ ਨੇ ਪੀਣ ਵਾਲੇ ਜਲ ਦੀ ਤੰਗੀ ਨੂੰ ਵੇਖਦਿਆਂ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ। ਇਸ ਕਾਰਜ ਪਿਛੇ ਮੁੱਖ ਕਰਕੇ ਦੋ ਕਾਰਣ ਸਨ: ਪਹਿਲਾ ਛੂਆ ਛੂਤ ਦੀ ਭਾਵਨਾ ਕਰਕੇ ਸਾਰੇ ਗੋਇੰਦਵਾਲ ਵਾਸੀਆਂ ਨੂੰ ਖੂਹਾਂ ਤੋਂ ਪਾਣੀ ਨਹੀਂ ਮਿਲਦਾ ਸੀ। ਸਿੱਖਾਂ ਨੂੰ ਵੀ ਖੂਹਾਂ ਦੇ ਮਾਲਕਾਂ ਨੇ, ਜੋ ਵਧੇਰੇ ਕਰਕੇ ਬਰਾਹਮਣ ਸਨ, ਪਾਣੀ ਦੇਣੋਂ ਨਾਂਹ ਕਰ ਦਿੱਤੀ ਸੀ। ਦੂਸਰਾ ਨਦੀ ਦਾ ਪਾਣੀ ਗੰਦਲਾ ਸੀ, ਪੀਣ ਯੋਗ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਵੱਡਾ ਖੂਹ ਲਵਾਉਣ ਦੀ ਵਿਚਾਰ ਕੀਤੀ (ਜਿਸ ਨੂੰ ਅੱਜ ਅਸੀਂ ਬਾਉਲੀ ਕਹਿੰਦੇ ਹਾਂ)। ਉਹ ਚਾਹੁੰਦੇ ਸਨ ਕਿ ਅਤੁੱਟ ਜਲ ਹੋਵੇ, ਹਰਟ ਵੀ ਚੱਲਣ, ਲੋਕੀਂ ਖੁੱਲਾ ਇਸ਼ਨਾਨ ਵੀ ਕਰਨ, ਮਾਲ-ਡੰਗਰ ਨੂੰ ਵੀ ਪਾਣੀ ਮਿਲ ਸਕੇ ਅਤੇ ਵਾਹਿਗੁਰੂ ਦਾ ਨਾਂ ਜੱਪਣ ਵਾਲਿਆਂ ਨੂੰ ਵੀ ਸੁਹਣਾ ਵਾਤਾਵਰਣ ਮਿਲੇ। ਗੁਰੂ ਜੀ ਨੇ ਵੱਡੇ ਪੈਮਾਨੇ ਉਤੇ ਬਾਉਲੀ ਬਨਾਉਣ ਦਾ ਉੱਦਮ ਆਰੰਭ ਕਰ ਦਿੱਤਾ।

ਇੱਕ ਪਾਸੇ ਖੂਹ ਬਣਾਇਆ ਗਿਆ ਤਾਂ ਕਿ ਹਰਟ ਚਲਣ ਤਾਂ ਮਨੁੱਖਾਂ ਤੇ ਡੰਗਰਾਂ ਲਈ ਪੀਣ  ਅਤੇ ਇਸ਼ਨਾਨ ਤੇ ਬਗੀਚੇ ਲਈ ਵੀ ਪਾਣੀ ਮਿਲ ਸਕੇ

ਦੂਜੇ ਪਾਸੇ ਖੁੱਲੀਆਂ ਪੌੜੀਆਂ ਬਣਵਾਈਆਂ ਗਈਆਂ। ਪੌੜੀਆਂ ਐਸੀਆਂ ਬਣਾਈਆਂ ਗਈਆਂ ਕਿ  ਹਰ ਮਨੁੱਖ ਜਲ ਤਕ ਪੁੱਜ ਸਕੇ, ਲੋਕ  ਉਹਨਾਂ ਉਤੇ ਬੈਠ ਕੇ ਮੌਸਮ ਦਾ ਅਨੰਦ ਮਾਣ ਸਕਣ ਅਤੇ ਕੁਦਰਤ ਦੇ ਕਾਦਰ ਦਾ ਧੰਨਵਾਦ ਕਰਨ। ਖੂਹ ਦੀ ਤਰਾਵਤ ਉਸ ਸਮੇਂ ਮੌਸਮ ਸੁਹਾਵਣਾ ਰੱਖਣ ਲਈ ਮਹੱਤਵਪੂਰਣ ਹੁੰਦੀ ਸੀ ਜਿਵੇਂ ਅੱਜ ਏਅਰ-ਕੰਡੀਸ਼ਨ ਲਗਾਏ ਜਾਂਦੇ ਹਨ।

ਇਸ ਬਾਉਲੀ ਨੂੰ ਬਨਾਉਣ ਦਾ ਕੰਮ, ਤਵਾਰੀਖ ਗੁਰੂ ਖਾਲਸਾ ਅਨੁਸਾਰ, 1552 ਈਸਵੀ ਵਿਚ ਸ਼ੁਰੂ ਹੋਇਆ ਅਤੇ ਛੇ ਸਾਲ ਦੀ ਸਖ਼ਤ ਘਾਲਣਾ ਪਿਛੋਂ ਮੁਕੰਮਲ ਹੋਇਆ। ਇਸ ਦਾ ਉਦਘਾਟਨ 1558 ਈ. ਨੂੰ ਵਿਸਾਖੀ ਵਾਲੇ ਦਿਨ ਹੋਇਆ।

ਗੁਰੂ ਅਮਰਦਾਸ ਜੀ ਵਲੋਂ ਗੁਰਮਤਿ ਦੀ ਕਮਾਨ ਸੰਭਾਲਦਿਆਂ ਹੀ ਗੋਇੰਦਵਾਲ ਨੂੰ ਸਿੱਖੀ ਦਾ ਕੇਂਦਰੀ ਅਸਥਾਨ ਮੰਨਿਆਂ ਜਾਣ ਲੱਗਾ।

ਏਥੋਂ ਹੀ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪਰੰਪਰਾ ਨੂੰ ਨਵਾਂ ਜੀਵਨ ਦਿੱਤਾ।  ਉਹਨਾਂ ਹੁਕਮ ਦਿੱਤਾ ਕਿ ਗੁਰੂ ਦੇ ਦਰਸ਼ਨ ਕੇਵਲ ਉਹੀ ਕਰ ਸਕਣਗੇ ਜਿਹਨਾਂ ਪਹਿਲਾਂ ਸੰਗਤ ਵਿਚ ਬੈਠ ਕੇ ਲੰਗਰ ਛੱਕਿਆ ਹੋਇਗਾ। ਇਸ ਨਾਲ ਜਾਤ-ਪਾਤ ਵਿਚ ਗਰਸੇ ਸਮਾਜ ਨੂੰ ਮਨੁੱਖੀ ਏਕਤਾ ਦਾ ਸੰਦੇਸ਼ ਮਿਲਿਆ। ਮਨੌਤਾਂ ਅਨੁਸਾਰ ਗੁਰੂ ਜੀ ਨੇ ਅਕਬਰ ਬਾਦਸ਼ਾਹ ਨੂੰ ਵੀ ਲੰਗਰ ਛੱਕਣ ਤੋਂ ਪਿਛੋਂ ਦਰਸ਼ਨ ਦਿੱਤੇ। ਕਿਹਾ ਜਾਂਦਾ ਹੈ ਕਿ ਸਿੱਖ ਗੁਰੂਆਂ ਵਲੋਂ ਮਨੁੱਖੀ ਬਰਾਬਰੀ ਲਈ ਛੇੜੇ ਗਏ ਇਸ ਅੰਦੋਲਨ ਤੋਂ ਉਹ ਏਨਾ ਪ੍ਭਾਵਤ ਹੋਇਆ ਕਿ ਉਸ ਨੇ ਲੰਗਰ ਲਈ ਜਗੀਰ ਦੇਣ ਦੀ ਪੇਸ਼ਕਸ਼ ਵੀ ਕੀਤੀ।

ਗੋਇੰਦਵਾਲ ਤੋਂ ਹੀ ਸਿੱਖ ਸੰਗਤਾਂ ਨੂੰ ਸੰਗਠਤ ਕਰਨ ਲਈ ਮੰਜੀਆਂ ਦੀ ਸਥਾਪਨਾ ਹੋਈ। 22 ਮੰਜੀਆਂ ਸਥਾਪਤ ਕਰਕੇ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਸੰਗਠਨ ਪ੍ਚਾਰ ਦਾ ਮੁੱਢ ਬੰਨਿਆਂ। 22 ਮੰਜੀਆਂ ਤੋਂ ਬਿਨਾਂ 52 ਪੀੜੀਆਂ ਦੀ ਸਥਾਪਨਾ ਕੀਤੀ ਗਈ। ਗੁਰੂ ਜੀ ਨੇ ਦੂਰ ਦੂਰ ਪ੍ਚਾਰਕ ਵੀ ਭੇਜੇ।

ਏਥੋਂ  ਹੀ ਗੁਰੂ ਜੀ ਨੇ ਬੀਬੀਆਂ ਵਿਚੋਂ ਪਰਦੇ ਦੀ ਰਸਮ ਨੂੰ ਖਤਮ ਕੀਤਾ। ਗੋਇੰਦਵਾਲ ਤੋਂ ਹੀ ਸਤੀ ਵਿਰੁੱਧ ਆਵਾਜ਼ ਉੱਠੀ ਅਤੇ ਵਿਧਵਾ ਵਿਆਹ ਦਾ ਪ੍ਚਲਣ ਹੋਇਆ।

ਗੋਇਦਵਾਲ ਸਾਹਿਬ ਕਈ ਪੀੜੀਆਂ ਤਕ ਗੁਰਮਤਿ ਦਾ ਕੇਂਦਰ ਬਣਿਆ ਰਿਹਾ। ਇਥੇ ਬਾਣੀ ਰਚਨਾ ਵੀ ਹੋਈ, ਉਸ ਦਾ ਸੰਪਾਦਨ ਵੀ ਹੋਇਆ।

ਗੁਰੂ ਅਮਰਦਾਸ ਜੀ ਤੋਂ ਪਿਛੋਂ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਸਾਹਿਬ ਵੀ ਇਸ ਪਵਿੱਤਰ ਭੂਮੀ ਨਾਲ ਜੁੜੇ ਰਹੇ। ਇਸ ਲਈ ਇਥੇ ਬਹੁਤ ਸਾਰੇ ਇਤਿਹਾਸਕ ਅਤੇ ਯਾਦਗਾਰੀ ਗੁਰਦੁਆਰੇ ਵੀ ਹਨ। ਦੁੱਖ ਇਸ ਗੱਲ ਦਾ ਹੈ ਕਿ ਗੁਰੂ ਸਾਹਿਬਾਨ ਦੀ ਮਿਹਨਤ ਉਤੇ ਪੁਜਾਰੀ ਸ਼ਰੇਣੀ ਦਾ ਪ੍ਛਾਵਾਂ ਪੈ ਗਿਆ ਹੈ। ਇਥੇ ਇੱਕ ਅਜਿਹੀ ਥਾਂ ਵੀ ਦੱਸੀ ਜਾਂਦੀ ਹੈ ਜਿਥੇ ਗੁਰੂ ਅਮਰਦਾਸ ਜੀ ਕਿੱਲੀ ਫ਼ੜ ਕੇ ''ਭਗਤੀ" ਕਰਿਆ ਕਰਦੇ ਸਨ। ਏਸੇ ਤਰਾਂ ਦੀਨ ਦੁਨੀਆਂ ਦੀ ਸੇਵਾ ਲਈ ਬਣਾਈ ਗਈ ਬਾਉਲੀ ਸਾਹਿਬ ਨੂੰ ਚੁਰਾਸੀ ''ਕੱਟਣ" ਲਈ ਮਾਧਿਅਮ ਵਜੋਂ ਵਰਤਿਆ ਜਾ ਰਿਹਾ ਹੈ। ਜੇ ਗੋਇੰਦਵਾਲ ਦੀ ਧਰਤੀ ਉਤੋਂ ਪੁਜਾਰੀਆਂ ਦਾ ਪ੍ਛਾਵਾਂ ਹੱਟ ਜਾਵੇ ਤਾਂ ਇਹ ਅਸਥਾਨ ਸਿੱਖ ਇਤਿਹਾਸ ਨੂੰ ਨਵੀਆਂ ਸੇਧਾਂ ਦੇਣ ਦੇ ਸਮਰੱਥ ਹੈ।

   ਮਾਤਾ ਲਾਡਿਕੀ-7 .

ਵਿਆਹ ਲਈ ਰਜ਼ਾਮੰਦੀ-2

''ਫੇਰ ਮੈਂ ਕੀ ਕਰਾਂ? ਮੈਂ ਕਿੱਧਰ ਜਾਵਾਂ?" 

 ''ਮਤਲਬ?"

 ''ਮੈਂ ਗੁਰਬਾਣੀ ਪੜ੍ਹੀ ਤਾਂ ਮੈਨੂੰ ਇਸ ਵਿਚੋਂ ਬੜਾ ਸੱਚਾ ਸੁੱਚਾ ਜੀਵਨ ਲੱਭਾ-ਇੱਕ ਪ੍ਰਭੂ ਹੈ, ਜਿਸ ਨੇ ਇਹ ਸਾਰਾ ਸੰਸਾਰ ਰਚਿਆ ਹੈ, ਜੋ ਇਸ ਦੀ ਪਾਲਣਾ ਪੋਸਣਾ ਕਰ ਰਿਹਾ ਹੈ। ਉਸ ਨਾਲ ਪਿਆਰ ਪਾਉਣਾ ਹੈ, ਉਸ ਦਾ ਸਿਮਰਨ ਕਰਨਾ ਹੈ। ਹੁਣ ਪਿਆਰ ਕਰਨ ਲਈ, ਸਿਮਰਨ ਕਰਨ ਲਈ ਕਿਸੇ ਵਿਚੋਲੇ ਦੀ ਕੀ ਲੋੜ ਹੈ, ਮੇਰੀ ਅੰਬੜੀਏ?"

 ''ਤੇਰੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ, ਲਾਡਿੱਕੀ।"

''ਪਰ ਮਾਤਾ ਜੀ, ਮੈਨੂੰ ਇਨ੍ਹਾਂ ਗੱਲਾਂ ਦੀ ਸਮਝ ਆਉਂਦੀ ਹੈ। ਤੁਸੀਂ ਚਾਹੁੰਦੇ ਓ ਕਿ ਮੈਂ ਸਭ ਕੁਝ ਸਮਝਦੀ, ਬੁੱਝਦੀ ਨਾਸਮਝ ਬਣੀ ਰਹਾਂ। ਮੈਥੋਂ ਇਹ ਨਹੀਂ ਹੁੰਦਾ।"

 ''ਫੇਰ?"

''ਹੁਣ ਤੁਸੀਂ ਮੈਨੂੰ ਓਥੇ ਭੇਜਣ ਲੱਗੇ ਓ, ਜਿਥੇ ਗੁਰਬਾਣੀ ਦੀ ਗੱਲ ਕਰਨੀ ਤਾਂ ਦੂਰ, ਗੁਰਬਾਣੀ ਪੜ੍ਹਣ ਵਾਲੀ ਭਾਸ਼ਾ ਵੀ ਕਿਸੇ ਨੂੰ ਨਹੀਂ ਆਉਂਦੀ। ਮੈਂ ਉਨ੍ਹਾਂ ਲੋਕਾਂ 'ਚ ਜਾ ਕੇ ਕੀ ਕਰਾਂਗੀ, ਕਿਵੇਂ ਰਹਾਂਗੀ?"

 ''ਅਜਿਹਾ ਨਹੀਂ ਹੈ। ਨਵੇਂ ਪੋਚ ਨੂੰ ਗੁਰਮੁੱਖੀ ਨਹੀਂ ਆਉਂਦੀ ਪਰ ਉਸ ਦੇ ਪਿਤਾ, ਬਾਬਾ ਤਾਂ ਗੁਰਬਾਣੀ, ਗੁਰੂ ਘਰ ਦੇ ਭਗਤ ਰਹੇ ਹਨ। ਗਿਆਨੀ ਜੀ ਨਾਲ ਵੀ ਉਨ੍ਹਾਂ ਦੀ ਮੁਹੱਬਤ ਅਨੰਦਪੁਰ ਸਾਹਿਬ ਵਿਖੇ ਹੀ ਹੋਈ ਸੀ। ਜਿਥੋਂ ਤੱਕ ਮੁੰਡੇ ਦੀ ਗੱਲ ਹੈ, ਉਸ ਨੂੰ ਤੂੰ ਸਿੱਖਾ ਪੜ੍ਹਾ ਲਵੀਂ।"

''ਪੜ੍ਹਣਾ ਪੜ੍ਹਾਉਣਾ ਤਾਂ ਦੂਰ, ਮੇਰੀ ਗੱਲ ਸੁਣ ਲਵੇ, ਏਨਾਂ ਹੀ ਬਹੁਤ ਹੈ।" ਲਾਡਿੱਕੀ ਨੇ ਸਮਾਜਿਕ ਸਥਿਤੀਆਂ ਵੱਲ ਇਸ਼ਾਰਾ ਕੀਤਾ, ''ਪਰਾਏ ਪੁੱਤਰ ਰੋਟੀ ਵੀ ਪੂਰੀ ਮੁਸ਼ੱਕਤ ਪਿੱਛੋਂ ਦਿੰਦੇ ਨੇ। ਨਾਲੇ ਇਨ੍ਹਾਂ ਦੀ ਸੇਵਾ ਕਰੋ, ਨਾਲੇ ਇਨ੍ਹਾਂ ਕੋਲੋਂ ਕੁੱਟ ਖਾਉ।"

 ''ਕਿਉਂ ਸਾਡੇ ਘਰ ਮਾਰ ਕੁਟਾਈ ਹੁੰਦੀ ਰਹਿੰਦੀ ਹੈ?"

 ''ਸਾਡੇ ਨਹੀਂ ਹੁੰਦੀ ਤਾਂ ਆਲੇ-ਦੁਆਲੇ ਕੋਈ ਘੱਟ ਹੁੰਦੀ ਹੈ?"

''ਨਹੀਂ ਧੀਏ! ਇਹ ਸਭ ਤਾਂ ਛੋਟੇ ਲੋਕਾਂ 'ਚ ਹੁੰਦਾ ਹੈ। ਉਂਝ ਵੀ ਕੁੜੀ ਚੰਗੀ ਹੋਵੇ ਤਾਂ ਸਾਰੇ ਪਰਿਵਾਰ ਨੂੰ ਆਪਣੇ ਹੱਥਾਂ 'ਚ ਪਾ ਲੈਂਦੀ ਹੈ। ਸੇਵਾ ਨੂੰ ਮੇਵਾ ਹੁੰਦਾ ਹੈ।"

''ਪਰ ਮੈਂ ਏਸ ਖਲਜਗਨ 'ਚ ਨਹੀਂ ਪੈਂਣਾ ਚਾਹੁੰਦੀ।" ਲਾਡਿੱਕੀ ਆਪਣੀ ਜ਼ਿੱਦ 'ਤੇ ਕਾਇਮ ਸੀ,''ਮੈਨੂ ਲੰਗਰ ਦੀ ਸੇਵਾ 'ਚ ਲਾ ਦਿਉ, ਮੈਂ ਸਾਰੀ ਉਮਰ ਸੇਵਾ 'ਚ ਹੀ ਬਿਤਾ ਲਊਂ।" 

''ਐਵੇਂ ਝੱਲਿਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ।" ਮਾਂ ਨੇ ਧੀ ਨੂੰ ਪੁਚਕਾਰਿਆ, ''ਗ੍ਰਹਿਸਥ ਵਿਚ ਹੀ ਆਦਮੀ ਦਾ ਭਲਾ ਹੈ। ਫੇਰ ਤੀਵੀਂ ਜਾਤ? ਸਿਰ ਦੇ ਸਾਈਂ ਬਿਨਾਂ ਕੋਈ ਹਾਲ ਨਹੀਂ, ਧੀਏ।"

''ਕਿਉਂ, ਤੀਵੀਂ ਘੱਟ ਖਾਂਦੀ ਹੈ ਜਾਂ ਉਸ ਦੇ ਸਿਰ ਪੈਰ ਨਹੀਂ ਹੁੰਦੇ?" ਲਾਡਿੱਕੀ ਨੇ ਥੋੜ੍ਹਾ ਤੈਸ਼ ਵਿਚ ਕਿਹਾ, ''ਸਾਰੇ ਪਰਿਵਾਰ ਦਾ ਭਾਰ ਢੋਣ ਵਾਲੀ ਆਪਣਾ ਭਾਰ ਵੀ ਨਹੀਂ ਚੁੱਕ ਸਕਦੀ?"

 ''ਤੈਨੂੰ ਅਜੇ ਜ਼ਮਾਨੇ ਦਾ ਨਹੀਂ ਪਤਾ। ਐਵੇਂ ਸਿਰ ਅੜਾਈ ਜਾਂਦੀ ਏਂ।" ਮਾਂ ਨੇ ਹਲਕੀ ਜਿਹੀ ਘੂਰੀ ਵੱਟੀ, ''ਕੋਈ ਕਹਿਣ ਸੁਨਣ ਵਾਲੀ ਗੱਲ ਹੈ ਤਾਂ ਦੱਸ।"

''ਮੈਨੂੰ ਤਾਂ ਏਥੇ ਹੀ ਰਹਿਣ ਦਿਓ, ਬੱਸ ਏਨਾ ਹੀ ਕਹਿਣਾ ਹੈ, ਤੁਹਾਡੀਆਂ ਰੋਟੀਆਂ ਨਹੀਂ ਤੋੜਦੀ, ਸੇਵਾ ਕਰੂੰ, ਤੁਹਾਡੀ ਵੀ, ਸੰਗਤ ਦੀ ਵੀ।" 

ਮਾਂ ਦੇ ਬੁੱਲ੍ਹਾਂ 'ਤੇ ਹਾਸੇ ਦੀ ਰੋਂਅ ਉਭਰੀ, ''ਸਾਡੀ ਸੇਵਾ ਨਾਲੋਂ ਸੱਸ ਸਹੁਰੇ ਦੀ ਸੇਵਾ ਕਰੇਂਗੀ ਤਾਂ ਵਧੇਰੇ ਸੁੱਖੀ ਰਹੇਂਗੀ। ਵਿਆਹ ਤੋਂ ਤਾਂ ਬਚਿਆ ਨਹੀਂ ਜਾਣਾ। ਕੋਈ ਹੋਰ ਗੱਲ ਹੈ ਤਾਂ ਦੱਸ?"

''ਫੇਰ ਕਿਸੇ ਐਸੀ ਥਾਂ ਭੇਜੋ ਜਿੱਥੇ ਗੁਰਬਾਣੀ ਦਾ ਪਸਾਰਾ ਹੋਵੇ, ਸੁਨਣ ਵਿਚ ਵੀ ਰਸ ਆਵੇ, ਕਹਿਣ ਵਿਚ ਵੀ।"

''ਏਹ ਘਰ ਵੀ ਏਸੇ ਤਰ੍ਹਾਂ ਦਾ ਹੈ, ਬੇਟੀ," ਮਾਂ ਨੇ ਧੀ ਨੂੰ ਯਕੀਨ ਦਿਵਾਉਣ ਕੀ ਕੋਸ਼ਿਸ਼ ਕੀਤੀ, ''ਕਾਬਲ ਵਿਚ ਸਨ ਤਾਂ ਧਰਮਸਾਲ ਬਣਾਈ ਹੋਈ ਸੀ। ਕੀਰਤਨ ਕਰਦੇ ਸਨ, ਬਾਣੀ ਪੜ੍ਹਦੇ ਸਨ। ਕਿੰਨੀ ਦੂਰ ਹੈ-ਅਨੰਦਪੁਰ ਹਰ ਸਾਲ ਕੋਈ ਨਾ ਕੋਈ ਸੰਗਤ ਲੈ ਕੇ ਉਥੇ ਪਹੁੰਚਦਾ ਸੀ। ਗੁਰੂ ਘਰ ਦੇ ਪ੍ਰੇਮੀ ਹਨ। ਪਸ਼ੌਰ ਵਿਚ ਵੀ ਭਾਈ ਜੋਗੇ ਸ਼ਾਹ ਦਾ ਗੁਰਦਵਾਰਾ ਹੈ, ਉਥੋਂ ਦੇ ਚੌਧਰੀਆਂ 'ਚੋਂ ਹਨ।"

''ਘਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਾਂ ਹੋਊ?"

''ਜਿਹੜੀ ਗੱਲ ਕਰੇਂਗੀ, ਅਵੱਲੀ ਕਰੇਂਗੀ।" ਮਾਂ ਨੇ ਡਾਂਟਣ ਦੇ ਲਹਿਜੇ 'ਚ ਕਿਹਾ, ''ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਮਿਲਣੀਆਂ ਸੁਖਾਲੀਆਂ ਹਨ ਕਿ ਰੱਖਣੀਆਂ ਸੌਖੀਆਂ ਹਨ? ਕਈ ਕਈ ਸਾਲ ਲਾ ਕੇ ਇੱਕ ਬੀੜ ਲਿਖੀ ਜਾਂਦੀ ਏ। ਫੇਰ ਇਸ ਦੀ ਸੇਵਾ ਸੰਭਾਲ ਲਈ ਵੱਖਰੀ ਥਾਂ ਚਾਹੀਦੀ ਹੈ, ਵਿਸ਼ਰਾਮ ਲਈ ਅਲੱਗ ਥਾਂ, ਕੀਰਤਨ... ਬੜਾ ਔਖਾ ਕੰਮ ਹੈ।"

''ਮੈਨੂੰ ਦਾਜ 'ਚ ਇੱਕ ਬੀੜ ਹੀ ਦੇ ਦਿਉ।"

''ਤੇਰਾ ਤਾਂ ਦਿਮਾਗ ਫਿਰ ਗਿਐ।" ਮਾਂ ਨੇ ਗੁੱਸੇ ਹੋਣ ਦਾ ਦਿਖਾਵਾ ਕੀਤਾ, ''ਬੀੜ ਮਿਲੂ ਕਿਥੋਂ ਅਤੇ ਫੇਰ ਉਸ ਦੀ ਸੇਵਾ ਸੰਭਾਲ ਕੌਣ ਕਰੂ?"

 ''ਮੇਰੇ ਜੀਊਣ ਲਈ ਕੋਈ ਤਾਂ ਪ੍ਰਬੰਧ ਕਰ ਦਿਉ।" ਲਾਡਿੱਕੀ ਨੇ ਤਰਲਾ ਲਿਆ, ''ਮੈਂ ਗੁਰਬਾਣੀ ਦੀ ਸਿੱਖਿਆ ਲਈ ਤਾਂ ਕਿ ਉਸ ਨੂੰ ਸਮਝ ਸਕਾਂ, ਦੂਸਰਿਆਂ ਨੂੰ ਸਮਝਾ ਸਕਾਂ ਪਰ ਤੁਸੀਂ ਉਸ ਦੀ ਆਗਿਆ ਨਹੀਂ ਦਿੱਤੀ ਕਿਉਂਕਿ ਇਹ ਕੰਮ ਭਾਈਆਂ ਦਾ ਹੈ, ਭੈਣਾਂ ਦਾ ਨਹੀਂ। ਸੇਵਾ ਦਾ ਦਾਨ ਮੰਗਿਆ, ਉਹ ਵੀ ਨਹੀਂ। ਹੁਣ ਗੁਰਬਾਣੀ ਦੇ ਗ੍ਰੰਥ ਦੀ ਗੱਲ ਹੁੰਦੀ ਹੈ ਤਾਂ ਉਹ ਵੀ ਨਹੀਂ। ਮੇਰਾ ਤਾਂ ਇਸ ਤਰਾਂ ਦਮ ਘੁੱਟ ਜਾਏਗਾ, ਮਾਤਾ ਜੀ। ਮੈਂ ਮਰ ਜਾਵਾਂਗੀ।"

''ਬੀੜ ਨੂੰ ਕੀ ਕਰੇਂਗੀ?"

''ਘਰ ਵਿਚ ਪ੍ਰਕਾਸ਼ ਹੋਏਗਾ ਤਾਂ ਉਸ ਦੀ ਬਾਣੀ ਨਾਲ ਜੁੜੀ ਰਹਾਂਗੀ। ਥੋੜ੍ਹਾ ਥੋੜ੍ਹਾ ਅਮਲ ਕਰਾਂਗੀ, ਦੂਸਰਿਆਂ ਕੋਲੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੀ। ਮੇਰਾ ਵੱਸ ਚੱਲਿਆ ਤਾਂ ਅਗਲੀ ਪੀੜ੍ਹੀ ਵਿਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੋਏਗਾ ਜਿਹੜਾ ਅਮਲਾਂ ਦੇ ਨਿਬੇੜੇ ਦੀ ਗੱਲ ਕਰੇਗਾ। ਬਾਣੀ ਦੀ ਸਿੱਖਿਆ ਉਤੇ ਅਮਲ ਕਰਨਾ ਧਰਮ ਸਮਝੇਗਾ। ਪਰੰਪਰਾ ਦੀ ਦੁਹਾਈ ਨਹੀਂ ਦੇਵੇਗਾ।"

''ਤੇਰੇ ਪਿਤਾ ਜੀ ਨਾਲ ਗੱਲ ਕਰਾਂਗੀ।" ਮਾਤਾ ਨੇ ਧੀ ਦੀ ਬੇਨਤੀ ਨੂੰ ਮਾਨੋਂ ਸਵੀਕਾਰ ਕਰ ਲਿਆ।

ਭਾਈ ਵਸਾਖਾ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਵਿਰੋਧ ਨਹੀਂ ਕੀਤਾ। ਗਿਆਨੀ ਜੀ ਨੇ ਬੀੜ ਦਾ ਪ੍ਰਬੰਧ ਕਰ ਕੇ ਦੇਣ ਦੀ ਹਾਮ੍ਹੀ ਭਰ ਦਿੱਤੀ। ਭਾਈ ਗੁਰਸਹਾਇ ਜੀ ਆਪਣੇ ਪਿਤਾ ਬਾਬਾ ਦੇਵੀ ਸਹਾਇ ਨਾਲ ਦਰਸ਼ਨਾਂ ਨੂੰ ਰੁਹਤਾਸ ਆਏ ਤਾਂ ਭਾਈ ਵਸਾਖਾ ਸਿੰਘ ਨੇ ਉਨ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੀ ਗੱਲ ਤੋਰੀ। ਗੁਰ ਸਹਾਇ ਜੀ ਦੇ ਮੱਥੇ 'ਤੇ ਤਾਂ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਪਰ ਬਾਬਾ ਦੇਵੀ ਸਹਾਇ ਜੀ ਨੇ 'ਧੰਨ ਭਾਗ' ਕਹਿ ਕੇ ਹਾਮ੍ਹੀ ਭਰ ਦਿੱਤੀ। ਬੀਬੀ ਲਾਡਿੱਕੀ ਨੂੰ ਪਤਾ ਲੱਗਾ ਤਾਂ ਉਹ ਖਿੜ ਗਈ। ਹੁਣ ਉਸ ਨੂੰ ਵਿਆਹ ਕੈਦਖਾਨਾ ਨਹੀਂ ਲਗਦਾ ਸੀ। ਇਹ ਉਸ ਲਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖਿਆ ਉਤੇ ਅਮਲ ਦਾ ਇੱਕ ਮੌਕਾ ਬਣ ਗਿਆ ਸੀ।