rozanajanchetna@gmil.com27112020

 

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:81,ਸ਼ੁਕਰਵਾਰ, 27 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜ ਵਿਚ ਤਬਦੀਲੀ ਲਈ ਸਰਗਰਮ ਹੋਣਾ ਸਾਡੀ ਮੁੱਢਲੀ ਜ਼ਿਮੇਂਵਾਰੀ ਹੈ। ਇਹ ਇਕ ਤਰਾਂ ਨਾਲ ਆਪਣੇ ਬਜ਼ੁਰਗਾਂ ਦਾ ਕਰਜ਼ਾ ਲਾਹੁਣਾ ਹੈ ਜਿਹੜਾ ਉਹਨਾਂ ਨੇ ਸਾਨੂੰ ਅਮੀਬੇ ਵਰਗੇ ਸੈੱਲ ਤੋਂ ਇਥੋਂ ਤਕ ਪੁਚਾਉਣ ਲਈ ਸਾਡੇ ਸਿਰ ਚੜਾਇਆ ਪਰ ਅਜਿਹਾ ਕਰਨ ਤੋਂ ਪਹਿਲਾਂ ਕੁਝ ਅਟੱਲ ਸਚਾਈਆਂ ਵਰਗੇ ਤੱਥਾਂ ਨੂੰ ਮਨ ਵਿਚ ਵਸਾ ਲੈਣਾ ਬੇਹਤਰ ਰਹਿੰਦਾ ਹੈ। ਇਸ ਨਾਲ ਸਰਗਰਮੀਆਂ ਸਿੱਧੀ ਦਿਸ਼ਾ ਵਿਚ ਰਹਿੰਦੀਆਂ ਹਨ, ਪਰਾਪਤੀ ਦਾ ਮੁਲਾਂਕਣ ਸਹੀ ਰਹਿੰਦਾ ਹੈ ਅਤੇ ਨਿਰਾਸ਼ਾ ਨਹੀਂ ਹੁੰਦੀ।

ਪਹਿਲਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁੱਖ ਦਾ ਮੂਲ ਸੁਭਾ, ਉਸ ਦੀਆਂ ਕੁਦਰਤੀ ਪ੍ਰਵਿਰਤੀਆਂ ਕਦੇ ਨਹੀਂ ਬਦਲਦੀਆਂਇਹ ਵਧੇਰੇ ਕਰ ਕੇ ਸੈਕਸ ਨਾਲ ਜੁੜੀਆਂ ਹੁੰਦੀਆਂ ਹਨ, ਜਾਂ ਇਹਨਾਂ ਦਾ ਸਬੰਧ ਲਾਭ ਹਾਣ ਨਾਲ ਹੁੰਦਾ ਹੈ। ਡਰ, ਗੁੱਸਾ, ਮੋਹ, ਮਮਤਾ, ਕਾਮ, ਕਰੋਧ, ਲੋਭ, ਹੰਕਾਰ, ਵੈਰ, ਵਿਰੋਧ, ਨਕਲ, ਹਮਦਰਦੀ, ਸ਼ਰਮ, ਨਿੱਜਤਾ, ਸੁਰੱਖਿਆ ਉਸ ਅੰਦਰੋਂ ਕਦੀ ਖਤਮ ਨਹੀਂ ਹੁੰਦੀਆਂ। ਇਹਨਾਂ ਨੂੰ ਸਿਰਫ ਘਟਾਇਆ, ਵਧਾਇਆ ਜਾ ਸਕਦਾ ਹੈ। ਦੂਸਰਾ, ਸਮਾਜ ਵਿਚ ਤਬਦੀਲੀ ਸਦਾ ਹੁੰਦੀ ਰਹਿੰਦੀ ਹੈ ਪਰ ਇਸ ਦੀ ਗਤੀ ਬਹੁਤ ਧੀਮੀ ਹੁੰਦੀ ਹੈ।  ਤੀਸਰਾ, ਹਿਤਾਂ ਦੇ ਟਕਰਾਉ ਸਮੇਂ ਲਾਭਕਾਰੀ ਮਸਤ ਰਹਿੰਦਾ ਹੈ ਜਦ ਕਿ ਨੁਕਸਾਨ ਉਠਾਉਣ ਵਾਲਾ ਹਿੰਸਕ ਹੁੰਦਾ ਹੈ ਅਤੇ ਉਹ ਮਰਨ ਮਾਰਣ ਉਤੇ ਉਤਰਣ ਵਿਚ ਦੇਰ ਨਹੀਂ ਲਾਉਂਦਾ।

  ਪੰਜਾਬ ਦਾ ਇਤਿਹਾਸ-15 .

ਪੋਰਸ ਦੇ ਬਿਰਤਾਂਤ ਨਾਲ ਸੰਖੇਪ ਜਿਹਾ ਵਰਨਣ ਚੰਦਰ ਗੁਪਤ ਮੋਰੀਆ ਅਤੇ ਫੁੱਟਲਿਆਂ ਦਾ ਕਰਨਾ ਪਰਸੰਗ ਰਹਿਤ ਨਹੀਂ ਹੋਵੇਗਾ ਕਿਉਂ ਕਿ ਇਹਨਾਂ ਦੋਹਾਂ ਦੀ ਰਾਜਨੀਤਕ ਪਰਾਪਤੀ ਪੋਰਸ ਨਾਲ ਜੁੜੀ ਹੋਈ ਸੀ। ਇਹ ਦੋਵੇਂ ਵੀ ਪੰਜਾਬੀ ਸਨ। ਜਦੋਂ ਸਿਕੰਦਰ ਅਜੈ ਜਿਹਲਮ ਦੇ ਪਰਲੇ ਕੰਢੇ ਉੱਤੇ ਹੀ ਬੈਠਾ ਸੀ ਉਸ ਸਮੇਂ ਹੀ ਇਹ ਚੰਦਰ ਗੁਪਤ ਇਕ ਅਵਾਰਾ ਧਾਵੜੀ ਟੁਕੜੀ ਦਾ ਮਾਲਕ ਸੀ ਅਤੇ ਆਪਣੇ ਗੁਰੂ ਫੁਟੱਲਿਆਂ (ਚਾਣਕੀਆਂ) ਨੂੰ ਨਾਲ ਲੈ ਕੇ ਸਿਕੰਦਰ ਨੂੰ ਮਿਲਿਆ ਸੀ। ਇਹੀ ਚੰਦਰ ਗੁਪਤ ਪਿਛੋਂ ਮੋਰੀਆ ਖਾਨਦਾਨ ਦਾ ਬਾਦਸ਼ਾਹ ਬਣਿਆ ਸੀ ਅਤੇ ਅਸ਼ੋਕ ਮਹਾਨ ਇਸ ਦਾ ਪੋਤਰਾ ਸੀ। ਇਹਨਾਂ ਨੇ ਇਸ ਉਮੀਦ ਨਾਲ ਆਪਣੀਆਂ ਸੇਵਾਵਾਂ ਸਿਕੰਦਰ ਨੂੰ ਅਰਪਣ ਕੀਤੀਆਂ ਕਿ ਸ਼ਾਇਦ ਪੋਰਸ ਨੂੰ ਹਰਾਉਣ ਬਾਅਦ ਸਿਕੰਦਰ ਵੱਲੋਂ ਇਸ ਨੂੰ ਪੰਜਾਬ ਵਿੱਚ ਕੋਈ ਇਲਾਕਾ ਰਾਜ ਕਰਨ ਲਈ ਦੇ ਦਿਤਾ ਜਾਵੇਗਾ। ਪਰ ਇਸ ਦਾ ਗੁਰੂ ਫੁਟੱਲਿਆਂ ਬਹੁਤ ਚਲਾਕ ਬਰਾਹਮਣ ਸੀ। ਇਸ ਦੀਆਂ ਗੱਲਾਂ ਉਪਰ ਸਿਕੰਦਰ ਦਾ ਵਿਸ਼ਵਾਸ ਕਾਇਮ ਨਹੀਂ ਹੋ ਸਕਿਆ ਸੀ। ਇਸ ਕਰਕੇ ਸਿਕੰਦਰ ਇਹਨਾਂ ਨਾਲ ਨਾਰਾਜ਼ ਹੋ ਗਿਆ ਸੀ ਅਤੇ ਇਹਨਾਂ ਨੂੰ ਫੜ ਕੇ ਮਾਰਨ ਦੇ ਹੁਕਮ ਦਿਤੇ ਗਏ ਸਨ ਅਤੇ ਇਹ ਕੇਂਦਰੀ ਭਾਰਤ ਵਿੱਚ ਆ ਕੇ ਆਪਣਾ ਦਲ ਕਾਇਮ ਕਰਨ ਵਿੱਚ ਰੁੱਝ ਗਏ ਸਨ।

  ਸਿੱਖ ਇਤਿਹਾਸ ਵਿਚ ਅੱਜ.

27 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

= ਸ਼ਾਹ ਜ਼ਮਾਨ ਲਾਹੌਰ ਵਿਚ ਦਾਖ਼ਲ ਹੋਇਆ (1798 ਈ.)

= ਸ਼੍ਰੋਮਣੀ ਕਮੇਟੀ ਨੇ ਤਲਵੰਡੀ ਸਾਬੋ ਨੂੰ ਤਖ਼ਤ ਐਲਾਣਨ ਲਈ ਕਮੇਟੀ ਬਣਾਈ (1959 ਈ.)

ਇਤਿਹਾਸਕਾਰ ਖੁਸ਼ਵੰਤ ਸਿੰਘ ਅਨੁਸਾਰ ''ਨਵੰਬਰ, 1798 ਈ. ਨੂੰ ਸ਼ਾਹ ਲਾਹੌਰ ਵਿਚ ਦਾਖਲ ਹੋਇਆ। ਉਸ ਨੇ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਮੁਸਲਮਾਨਾਂ, ਹਿੰਦੂਆਂ ਅਤੇ ਮਲਵਈਆਂ ਨੂੰ ਮਾਝੇ ਦੇ ਸਿੱਖਾਂ ਨਾਲੋਂ ਨਿਖੇੜ ਦੇਵੇ। ਇਸ ਖੇਡ ਲਈ ਜ਼ਮਾਨ ਨੂੰ ਲੋੜੀਂਦੇ ਮੋਹਰੇ ਵੀ ਮਿਲ ਗਏ। ਕਸੂਰ ਦੇ ਨਿਜ਼ਾਮ-ਉਦ-ਦੀਨ ਖਾਨ ਨੇ ਪਠਾਣਾਂ ਦੀ ਵਫਾਦਾਰੀ ਦਾ ਦਮ ਭਰਿਆ। ਕਾਂਗੜੇ ਦੇ ਸੰਸਾਰ ਚੰਦ ਨੇ ਹਿੰਦੂਆਂ ਦੇ ਸਾਥ ਦਾ ਵਿਸ਼ਵਾਸ ਦਿਵਾਇਆ, ਪਟਿਆਲੇ ਦੇ ਸਾਹਿਬ ਸਿੰਘ ਨੇ ਵਚਨ ਦਿਤਾ ਕਿ ਮਾਲਵੇ ਦੇ ਸਿੱਖ ਅਫ਼ਗਾਨਾਂ ਦਾ ਪੱਖ ਪੂਰਨਗੇ। ਜਿੰਨ੍ਹਾਂ ਲੋਕਾਂ ਦੀ ਕੋਈ ਗਿਣਤੀ ਸੀ, ਉਹ ਕੇਵਲ ਮਾਝੇ ਦੇ ਸਿੱਖ ਸਨ ਜਿੰਨ੍ਹਾਂ ਦੀ ਅਗਵਾਈ ਅਠਾਰਾਂ ਸਾਲਾ ਰਣਜੀਤ ਸਿੰਘ ਕਰ ਰਿਹਾ ਸੀ।"

ਸ਼ਾਹ ਜ਼ਮਾਨ ਦੇ ਇਸ ਤੀਜੇ ਹਮਲੇ ਸਮੇਂ ਸਮੁੱਚਾ ਪੰਜਾਬ ਛੋਟੇ ਛੋਟੇ ਹਾਕਮਾਂ ਵਿਚ ਵੰਡਿਆ ਹੋਇਆ ਸੀ, ਕੋਈ ਕੇਂਦਰੀ ਸ਼ਕਤੀ ਨਹੀਂ ਸੀ। ਪੰਜਾਬ ਉਤੋਂ ਦਿੱਲੀ ਦੀ ਮੁਗਲ ਹਕੂਮਤ ਖਤਮ ਹੋ ਚੁੱਕੀ ਸੀ। ਰਾਜਧਾਨੀ ਮੰਨੇ ਜਾਂਦੇ ਲਾਹੌਰ ਉਤੇ ਭੰਗੀ ਮਿਸਲ ਦੇ ਸਰਦਾਰਾਂ ਦਾ ਕਬਜ਼ਾ ਸੀ। ਅਫਗਾਨਾਂ ਦੀ ਰਹਿੰਦ ਖੂੰਹਦ ਕਸੂਰ ਦੇ ਇਲਾਕੇ ਵਿਚ, ਜਿਥੇ ਪਠਾਣ ਪਰਿਵਾਰ ਦੀ ਹਕੂਮਤ ਸੀ, ਸਿਮਟੀ ਪਈ ਸੀ।

ਪੰਜਾਬ ਦਾ ਵੱਡਾ ਹਿੱਸਾ ਮਿਸਲਦਾਰਾਂ ਦੇ ਕਬਜ਼ੇ ਵਿਚ ਸੀ। ਮਿਸਲਾਂ ਨੇ ਆਪੋ ਵਿਚ ਲੜਣ ਦੀ ਰੁੱਚੀ ਨੂੰ ਬਰਕਰਾਰ ਰਖਿਆ ਹੋਇਆ ਸੀ ਪਰ

ਬਹੁਤੀਆਂ ਮਿਸਲਾਂ ਦਾ ਮਹੱਤਵ ਖਤਮ ਹੋ ਗਿਆ ਸੀ । ਜੇਹਲਮ ਅਤੇ ਚਨਾਬ ਦੁਆਬੇ ਵਿਚ ਭੰਗੀਆਂ ਦਾ ਕਬਜ਼ਾ ਸੀ। ਇਥੋਂ ਦੇ ਗੁਜਰਾਤ, ਵੜਾਇਚ, ਮਿਢ, ਮੂਸਾ ਚੂਹਾ, ਕਾਦਰਾਬਾਦ ਆਦਿ ਸ. ਗੁੱਜਰ ਸਿੰਘ ਭੰਗੀ ਕੋਲ ਸਨ। ਰਾਵਲਪਿੰਡੀ ਉਸ ਨੇ ਆਪਣੇ ਜਰਨੈਲ ਮਿਲਖਾ ਸਿੰਘ ਥੇਹਪੁਰੀਆ ਦੇ ਹਵਾਲੇ ਕੀਤਾ ਹੋਇਆ ਸੀ।

ਰਾਵੀ ਚਨਾਬ ਦੁਆਬੇ ਵਿਚ ਵੀ ਭੰਗੀਆਂ ਦੀ ਹੀ ਤੂਤੀ ਬੋਲਦੀ ਸੀ। ਸਿਆਲਕੋਟ, ਗੁਜਰਾਂਵਾਲਾ ਅਤੇ ਝੰਗ ਜ਼ਿਲਿਆਂ ਦੇ ਬਹੁਤ ਸਾਰੇ ਹਿੱਸੇ ਝੰਡਾ ਸਿੰਘ, ਗੰਡਾ ਸਿੰਘ ਦੇ ਕਬਜ਼ੇ ਵਿਚ ਸਨ। ਡਸਕਾ, ਵਡਾਲਾ, ਜੱਬੋਕੇ, ਨਿਡਾਲਾ, ਮੋਖਲ, ਅਕਬਰ, ਭੱਟੀ  ਭੰਗੂ, ਗਲੋਟੀਆਂ ਅਤੇ ਧਾਮੋਕੇ ਨਿਧਾਨ ਸਿੰਘ ਹੱਟੂ ਕੋਲ ਸਨ। ਜ਼ਫਰਵਾਲ, ਥੱਲ, ਕਿਲ੍ਹਾ ਸੋਭਾ ਸਿੰਘ, ਕਿਲ੍ਹਾ ਸੂਬਾ ਸਿੰਘ, ਢੋਢਾ, ਸੌਂਕਣਵਿੰਡ, ਕੱਸੋਵਾਲਾ, ਬੁੱਢਾ ਗੋਰਾਇਆ ਉਤੇ ਬਾਘ ਸਿੰਘ ਹਲੋਵਾਈਆ ਦਾ ਕਬਜ਼ਾ ਸੀ। ਧੰਨਾ ਸਿੰਘ ਕਲਾਸ ਵਾਲੀਆ, ਕਰਮ ਸਿੰਘ ਛੀਨਾ, ਨਾਹਰ ਸਿੰਘ ਚਮਿਆਰੀ, ਜੋਧ ਸਿੰਘ ਅਤੇ ਸਾਹਿਬ ਸਿੰਘ (ਸਾਰੇ ਭੰਗੀ ਮਿਸਲ) ਆਦਿ ਸਰਦਾਰਾਂ ਨੇ ਵੀ ਰਚਨਾ ਇਲਾਕਿਆਂ ਉਤੇ ਅਧਿਕਾਰ ਕੀਤਾ ਹੋਇਆ ਸੀ। ਇਸੇ ਦੁਆਬ ਵਿਚ ਸ਼ੁਕਰਚੱਕ ਵੀ ਸੀ, ਉਸ ਉਤੇ ਰਣਜੀਤ ਸਿੰਘ ਦਾ ਰਾਜ ਸੀ। ਰਣਜੀਤ ਸਿੰਘ ਦਾ ਇਲਾਕਾ ਛੋਟਾ ਵੀ ਸੀ ਅਤੇ ਭੰਗੀਆਂ ਵਿਚ ਘਿਰਿਆ ਹੋਇਆ ਸੀ।

ਸਤਲੁਜ-ਜੇਹਲਮ ਦੇ ਦੁਆਬ ਵਿਚ ਪੈਂਦੇ ਮੁਲਤਾਨ ਉਤੇ ਕਦੀ ਭੰਗੀ ਕਾਬਜ਼ ਹੁੰਦੇ ਸਨ, ਹੁਣ ਉਥੇ ਪਠਾਣਾਂ ਦਾ ਰਾਜ ਸੀ। ਲਾਹੌਰ ਉਤੇ ਭੰਗੀਆਂ ਦਾ ਕਬਜ਼ਾ ਸੀ ਪਰ ਵਿਚਲੇ ਇਲਾਕੇ ਨਕਈਆਂ ਕੋਲ ਸਨ। ਰਾਵੀ-ਬਿਆਸ ਦੁਆਬ ਵਿਚ ਕਨਈਏ ਕਾਬਜ਼ ਸਨ। ਸਤਲੁਜ ਜਮਨਾ ਵਿਚਲੇ ਇਲਾਕਿਆਂ ਵਿਚ ਫੂਲਕੀਆਂ ਮਿਸਲ ਦੇ ਸਰਦਾਰਾਂ ਦਾ ਸਿੱਕਾ ਚਲਦਾ ਸੀ। ਆਹਲੂਵਾਲੀਏ ਬਿਆਸ ਦਰਿਆ ਦੇ ਇਲਾਕਿਆਂ ਵਿਚ ਥਾਂ ਮੱਲੀ ਬੈਠੇ ਸਨ। ਰਾਮਗੜੀਆਂ ਦਾ ਪਤਨ ਹੋ ਚੁੱਕਾ ਸੀ।

ਰਣਜੀਤ ਸਿੰਘ ਕੋਲ ਇਲਾਕਾ ਥੋੜਾ ਸੀ ਪਰ ਉਸ ਦੇ ਸਬੰਧ ਮਜ਼ਬੂਤ ਸਨ। ਪੰਦਰਾਂ ਸਾਲ ਦੀ ਉਮਰ ਵਿਚ ਉਸ ਦੀ ਸ਼ਾਦੀ ਕਨੱਈਆ ਮਿਸਲ ਦੀ ਸਦਾ ਕੌਰ ਦੀ ਧੀ ਨਾਲ ਹੋਈ। ਉਹ ਬੇਸ਼ਕ ਆਪਣੀ ਸੱਸ ਸਦਾ ਕੌਰ ਦੇ ਪ੍ਰਭਾਵ ਹੇਠ ਆ ਗਿਆ ਪਰ ਨਾਲ ਉਸ ਦੀ ਫੌਜੀ ਸਮਰਥਾ ਵੀ ਵੱਧੀ ਅਤੇ ਉਸ ਨੂੰ ਵਧੀਆ ਸਲਾਹਕਾਰ ਦੀ ਪ੍ਰਾਪਤੀ ਵੀ ਹੋਈ। ਸਦਾ ਕੌਰ ਨੇ ਰਣਜੀਤ ਸਿੰਘ ਦਾ ਭਵਿੱਖ ਬਨਾਉਣ ਲਈ ਬੜੀ ਮਿਹਨਤ ਕੀਤੀ। ਥੋੜੇ ਸਮੇਂ ਪਿਛੋਂ ਹੀ ਰਣਜੀਤ ਸਿੰਘ ਨੇ ਨਕੱਈ ਮਿਸਲ ਦੀ ਬੀਬੀ ਰਾਜ ਕੌਰ ਨਾਲ ਵਿਆਹ ਕਰ ਲਿਆ (1798 ਈ.)। ਇਸੇ ਦੀ ਕੁੱਖ ਵਿਚੋਂ ਮਹਾਰਾਜਾ ਖੜਕ ਸਿੰਘ ਪੈਦਾ ਹੋਇਆ। ਇੰਝ ਰਣਜੀਤ ਸਿੰਘ ਨੇ ਸ਼ੁਕਰਚੱਕੀਆ, ਕਨੱਈਆ ਅਤੇ ਨਕੱਈ ਮਿਸਲਾਂ ਦੀ ਸਰਦਾਰੀ ਅਤੇ ਸਹਿਯੋਗ ਪ੍ਰਾਪਤ ਕਰ ਲਿਆ। ਹੋਰ ਸਹਿਯੋਗ ਪ੍ਰਾਪਤ ਕਰਨ ਲਈ ਰਣਜੀਤ ਸਿੰਘ ਨੇ ਆਹਲੂਵਾਲੀਆ ਮਿਸਲ ਦੇ ਸ. ਫਤਹਿ ਸਿੰਘ ਨਾਲ ਸਾਂਝ ਪਾ ਲਈ। ਉਸ ਦੀ ਨੀਤੀ ਸੀ ਕਿ ਸਭ ਤੋਂ ਤਾਕਤਵਾਰ ਮਿਸਲ ਭੰਗੀ ਨੂੰ ਤੋੜ ਦਿਤਾ ਜਾਵੇ ਅਤੇ ਬਾਕੀ ਮਿਸਲਾਂ ਨੂੰ ਆਪਣੇ ਅਧੀਨ ਕਰ ਲਿਆ ਜਾਵੇ।

ਜਦੋਂ ਸਿੱਖ ਮਿਸਲਦਾਰ ਆਪਣੀ ਸ਼ਕਤੀ ਨੂੰ ਵਧਾਉਣ ਲਈ ਆਪਸ ਵਿਚ ਲੜ ਰਹੇ ਸਨ, ਉਸ ਸਮੇਂ ਅਫ਼ਗਾਨ, ਮਰਹੱਟੇ, ਗੋਰਖੇ, ਰਾਜਪੂਤ ਅਤੇ ਅੰਗਰੇਜ਼ ਸਭ ਪੰਜਾਬ ਉਤੇ ਗਿੱਧਾਂ ਦੀ ਨਜ਼ਰ ਜਮਾਈ ਬੈਠੇ ਸਨ। ਅਹਿਮਦਸ਼ਾਹ ਅਬਦਾਲੀ ਦਾ ਪੋਤਰਾ ਸ਼ਾਹ ਜ਼ਮਾਨ 1793 ਈਸਵੀ ਵਿਚ ਕਾਬਲ ਦੇ ਤਖ਼ਤ ਉਤੇ ਬੈਠਾ। ਉਹ ਆਪਣੇ ਦਾਦੇ ਵਾਂਗ ਪੰਜਾਬ ਅਤੇ ਭਾਰਤ ਉਤੇ ਹਕੂਮਤ ਕਰਨ ਦੀ ਅਭਿਲਾਸ਼ਾ ਪਾਲੀ ਬੈਠਾ ਸੀ। ਉਸ ਨੇ ਆਪਣੇ ਪਹਿਲੇ ਹਮਲੇ (1795 ਈ.) ਵਿਚ ਹੀ ਹਸਨ ਅਬਦਾਲ ਉਤੇ ਕਬਜ਼ਾ ਕਰ ਲਿਆ ਅਤੇ ਰਣਜੀਤ ਸਿੰਘ ਕੋਲੋਂ ਉਸ ਦਾ ਇਲਾਕਾ (ਰੋਹਤਾਸ) ਖੋਹ ਲਿਆ।

ਸ਼ਾਹ ਜ਼ਮਾਨ ਦੇ ਆਪਣੇ ਪਰਿਵਾਰ ਵਿਚ ਜ਼ਬਰਦਸਤ ਫੁਟ ਸੀ। ਉਸ ਦੇ ਭਰਾ ਬਾਰ ਬਾਰ ਬਗਾਵਤਾਂ ਕਰਦੇ ਸਨ। ਇਸ ਲਈ ਉਹ ਆਪਣੇ ਕਿਸੇ ਵੀ ਹਮਲੇ ਵਿਚ ਮਨਚਾਹੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਿਆ ਪਰ ਉਸ ਨੂੰ ਪੰਜਾਬ ਉਤੇ ਹਮਲਿਆਂ ਲਈ ਰੁਹੇਲੇ ਅਤੇ ਅਵੱਧ ਦੇ ਨਵਾਬ, ਵਿਸ਼ੇਸ਼ ਕਰਕੇ, ਉਕਸਾਉਂਦੇ ਰਹੇ। ਉਸ ਨੂੰ ਕਿਹਾ ਗਿਆ ਕਿ ਉਸ ਨੂੰ ਭਾਰਤ ਦੇ ਮੁਸਲਮਾਨ ਮੁਕਤੀਦਾਤਾ ਵਜੋਂ ਸਵੀਕਾਰਦੇ ਹਨ। ਉਸ ਦੇ ਹਮਲਾ ਕਰਦਿਆਂ ਹੀ ਸਾਰੇ ਮੁਸਲਮਾਨ ਅਤੇ ਉਨ੍ਹਾਂ ਦੇ ਹਮਾਇਤੀ ਸ਼ਾਹ ਜ਼ਮਾਨ ਦੀ ਪਿੱਠ 'ਤੇ ਆ ਜਾਣਗੇ। ਸ਼ਾਹ ਜ਼ਮਾਨ ਉਤੇ ਇੰਨ੍ਹਾਂ ਵਿਸ਼ਵਾਸਾਂ ਦਾ ਕਾਫ਼ੀ ਅਸਰ ਸੀ। ਕੰਨਾਂ ਦੇ ਕੱਚੇ ਹਾਕਮਾਂ ਦਾ ਹਸ਼ਰ ਸ਼ਾਹ ਜ਼ਮਾਨ ਵਾਲਾ ਹੀ ਹੁੰਦਾ ਹੈ।

ਨਿਪਾਲ ਦੇ ਗੋਰਖਿਆਂ ਨੇ ਵੀ ਪੰਜਾਬ ਉਤੇ ਅੱਖ ਰਖ ਲਈ ਸੀ। ਉਹ ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਪੂਰਬੀ ਇਲਾਕਿਆਂ ਵਿਚ ਇਕ ਸ਼ਕਤੀ ਬਣ ਗਏ ਸਨ। ਪਹਾੜੀਆਂ ਵਿਚੋਂ ਲੰਘਦੇ ਵੱਧਦੇ ਉਹ ਕਾਂਗੜੇ ਦੀਆਂ ਹੱਦਾਂ ਤਕ ਪਹੁੰਚ ਗਏ ਜਿਥੇ ਰਾਣਾ ਸੰਸਾਰ ਚੰਦ ਦੀ ਹਕੂਮਤ ਸੀ। ਗੋਰਖਿਆਂ ਅਤੇ ਰਾਜਪੂਤਾਂ ਸਾਹਮਣੇ ਦੋ ਹੀ ਰਸਤੇ ਸਨ : ਆਪਸ ਵਿਚ ਲੜ ਮਰਨ ਜਾਂ ਇਕੱਠੇ ਹੋ ਕੇ ਪੰਜਾਬ ਉਤੇ ਹਕੂਮਤ ਕਰਨ ਲਈ ਯਤਨ ਕਰਨ। ਸੰਸਾਰ ਚੰਦ ਨੇ ਪੰਜਾਬ ਦੇ ਕਈ ਇਲਾਕਿਆਂ ਉਤੇ ਕਬਜ਼ਾ ਕਰ ਲਿਆ ਸੀ। ਸਿੱਖ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇ ਸਨ। ਸੰਸਾਰ ਚੰਦ ਨੂੰ ਯਕੀਨ ਸੀ ਕਿ ਫੁੱਟ ਦੇ ਮਾਰਿਆਂ ਨੂੰ ਉਹ ਅਤੇ ਗੋਰਖੇ ਆਸਾਨੀ ਨਾਲ ਮਾਰ ਲੈਣਗੇ। ਉਸ ਨੇ ਆਪਣੀ ਹਮਾਇਤ ਦੇਣ ਦਾ ਵਾਅਦਾ ਸ਼ਾਹ ਜ਼ਮਾਨ ਨਾਲ ਕੀਤਾ।

ਪਾਣੀਪਤ ਦੀ ਤੀਜੀ ਲੜ੍ਹਾਈ ਪਿਛੋਂ ਮਰਹੱਟੇ ਵੀ ਸਾਵਧਾਨ ਹੋ ਗਏ ਸਨ। ਉਨ੍ਹਾਂ ਆਗਰੇ ਉਤੇ ਕਬਜ਼ਾ ਕਰ ਲਿਆ। ਦਿੱਲੀ ਦੇ ਸ਼ਹਿਨਸ਼ਾਹ ਨੂੰ ਆਪਣੇ ਵੱਸ ਵਿਚ ਕਰਨ ਦੇ ਯਤਨ ਕੀਤੇ ਅਤੇ ਮਾਲਵੇ ਦੇ ਇਲਾਕਿਆਂ ਵਿਚ ਆਪਣਾ ਪ੍ਰਭਾਵ ਬਨਾਉਣ ਲਗੇ। ਉਨ੍ਹਾਂ ਦੀਆਂ ਫੌਜਾਂ ਨੂੰ ਡੀ-ਬੋਇਨੋ, ਪੈਰਨ ਅਤੇ ਬੋਰਕੁਇਮ ਵਰਗੇ ਵਿਦੇਸ਼ੀ ਜਰਨੈਲਾਂ ਨੂੰ ਟ੍ਰੇਨਿੰਗ ਦਿਤੀ। ਪੰਜਾਬ ਉਤੇ ਉਨ੍ਹਾਂ ਦੋ ਵਾਰ ਪਹਿਲਾਂ ਵੀ ਹੱਕ ਜਮਾਇਆ ਸੀਹੁਣ ਵੀ ਉਨ੍ਹਾਂ ਦੀ ਪੰਜਾਬ ਉਤੇ ਨਜ਼ਰ ਸੀ।

ਅੰਗਰੇਜ਼ ਦਿੱਲੀ ਪਹੁੰਚ ਚੁੱਕੇ ਸਨ। ਬਾਦਸ਼ਾਹ ਉਨ੍ਹਾਂ ਉਤੇ ਰਾਜ ਪ੍ਰਬੰਧ ਸੰਭਾਲਣ ਲਈ ਦਬਾਅ ਬਣਾ ਰਿਹਾ ਸੀ ਅਤੇ ਅੰਗਰੇਜ਼ ਇੰਗਲੈਂਡ ਤੋਂ ਸਿਗਨਲ ਦੀ ਉਡੀਕ ਕਰ ਰਹੇ ਸਨ ਪਰ ਯਕੀਨੀ ਤੌਰ ਤੇ ਉਹ ਵਧੇਰੇ ਸਿਆਣੇ ਤੇ ਸੰਗਠਤ ਸਨ। ਉਨ੍ਹਾਂ ਦਾ ਜਾਲ ਭਾਰਤ, ਫਰਾਂਸ ਅਤੇ ਅਫ਼ਗਾਨਿਸਤਾਨ ਵਿਚ ਫੈਲਿਆ ਹੋਇਆ ਸੀ। ਉਹ ਜਾਣਦੇ ਸਨ ਕਿ ਕੌਣ ਕਿੰਨਿਆਂ ਪਾਣੀਆਂ ਵਿਚ ਹੈ ਅਤੇ ਉਸ ਨਾਲ ਕਿਵੇਂ ਨਿਬੜਿਆ ਜਾ ਸਕਦਾ ਹੈ। ਸ਼ਾਹ ਜ਼ਮਾਨ ਨੂੰ ਉਹ ਰੋਕਣਾ ਚਾਹੁੰਦੇ ਸਨ ਪਰ ਰਣਜੀਤ ਸਿੰਘ ਦੀ ਸ਼ਕਤੀ ਨੂੰ ਵੀ ਫੈਸਲਾਕੁੰਨ ਨਹੀਂ ਬਨਣ ਦੇਣਾ ਚਾਹੁੰਦੇ ਸਨ।

ਸ਼ਾਹ ਜ਼ਮਾਨ ਨੇ ਪੰਜ ਹਜ਼ਾਰ ਦੀ ਫੌਜ ਆਪਣੇ ਕੂਚ ਤੋਂ ਪਹਿਲਾਂ ਹੀ ਰਵਾਨਾ ਕਰ ਦਿਤੀ ਸੀ। ਇਸ ਦਾ ਮੁੱਖੀ ਨਿਜ਼ਾਮੁਦੀਨ ਖਾਂ ਬਣਾਇਆ ਗਿਆ ਸੀ। ਉਸ ਨੇ ਰਾਵੀ ਪਾਰ ਕਰਕੇ ਸ਼ਾਹਦਰਾ ਉਤੇ ਹਮਲਾ ਕੀਤਾ ਤਾਂ ਸਿੱਖ ਉਸ ਨਾਲ ਟਕਰਾ ਗਏ। ਨਿਜ਼ਾਮੁਦੀਨ ਦੀ ਲੱਕ ਤੋੜ ਹਾਰ ਹੋਈ, ਉਸ ਦੇ ਬਹੁਤ ਸਾਰੇ ਸਾਥੀ ਕਤਲ ਕਰ ਦਿਤੇ ਗਏ। ਜਦੋਂ ਤਕ ਉਨ੍ਹਾਂ ਦੀ ਮਦਦ ਲਈ ਅਫ਼ਗਾਨ ਫੌਜੀ ਬੇੜੀਆਂ ਦੁਆਰਾ ਰਾਵੀ ਪਾਰ ਕਰਕੇ ਪਹੁੰਚੇ, ਸਿੱਖ ਰਫੂਚੱਕਰ ਹੋ ਗਏ। ਅਫ਼ਗਾਨਾਂ ਨੇ ਆਪਣਾ ਸਾਰਾ ਗੁੱਸਾ ਸਥਾਨਕ ਲੋਕਾਂ ਉਤੇ ਕੱਢਿਆ। ਇੰਨ੍ਹਾਂ ਵਿਚੋਂ ਲਗਭਗ ਸਾਰੇ ਮੁਸਲਮਾਨ ਸਨ।

ਸ਼ਾਹ ਜ਼ਮਾਨ ਲਾਹੌਰ ਪਹੁੰਚਾ ਤਾਂ ਭੰਗੀ ਸਰਦਾਰ ਰਾਜਧਾਨੀ ਵਿਚੋਂ ਪਤਰਾ ਵਾਚ ਚੁੱਕੇ ਸਨ। ਕਿਹਾ ਜਾਂਦਾ ਹੈ ਕਿ ਉਹ ਅਤੇ ਬਹੁਤੇ ਮਿਸਲਦਾਰ ਅੰਮ੍ਰਿਤਸਰ ਵਿਖੇ ਜਾ ਇਕੱਠੇ ਹੋਏ ਤਾਕਿ ਸ਼ਾਹ ਜ਼ਮਾਨ ਦੇ ਮੁਕਾਬਲੇ ਲਈ ਸਾਂਝਾ ਯਤਨ ਹੋ ਸਕੇ। ਦਸਿਆ ਜਾਂਦਾ ਹੈ ਕਿ ਇਸ ਸਮੇਂ ਬਹੁਤੇ ਸਰਦਾਰ ਸ਼ਾਹ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਸਨ ਸਗੋਂ ਉਸ ਦੀਆਂ ਫੌਜਾਂ ਨੂੰ ਵਾਪਸੀ ਸਮੇਂ ਲੁੱਟਣ ਦੀ ਨੀਤੀ ਅਪਨਾਉਣਾ ਚਾਹੁੰਦੇ ਸਨ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਪਰੇਰਿਆ ਕਿ ਜਿੰਨ੍ਹਾਂ ਲੋਕਾਂ ਕੋਲੋਂ ਉਹ ਰਾਖੀ ਕਰ ਉਗਰਾਹੁੰਦੇ ਰਹੇ ਹਨ, ਉਨ੍ਹਾਂ ਦੀ ਰਖਿਆ ਕਰਨੀ ਮਿਸਲਦਾਰਾਂ ਦਾ ਫ਼ਰਜ਼ ਬਣਦਾ ਹੈ।

ਇਕ ਦੂਸਰੀ ਜਾਣਕਾਰੀ ਅਨੁਸਾਰ ਸ਼ਾਹ ਜ਼ਮਾਨ ਨੇ ਅੰਮ੍ਰਿਤਸਰ ਇਕੱਠੇ ਹੋਏ ਮਿਸਲਦਾਰਾਂ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਉਤੇ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ, ਖੁਸ਼ਵੰਤ ਸਿੰਘ ਅਨੁਸਾਰ, ਸ਼ਾਹ ਜ਼ਮਾਨ ਨੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਨੂੰ ਹੁਕਮ ਭੇਜਿਆ ਕਿ ਉਹ ਸਿੱਖ ਔਰਤਾਂ ਅਤੇ ਬੱਚਿਆਂ ਨੂੰ, ਜਿੰਨ੍ਹਾਂ ਨੂੰ ਸੁਰੱਖਿਆ ਲਈ ਪਹਾੜੀਆਂ 'ਤੇ ਭੇਜਿਆ ਗਿਆ ਸੀ, ਪਨਾਹ ਨਾ ਦੇਵੇ ਕਿਉਂਕਿ ਉਹ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਹੈ।

  ਸਮਕਾਲੀ ਸਰੋਕਾਰ .

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਅਦਬ ਸਤਿਕਾਰ ਅਤੇ ਸੇਵਾ ਸੰਭਾਲ

ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(5)

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦੁਕਾਨਦਾਰ ਇਕ ਕਿਤਾਬ ਵਜੋਂ ਭੇਜਦੇ ਰਹੇ ਹਨ।

ਕਿਤਾਬਾਂ ਨੂੰ ਦੇਸ਼ ਵਿਦੇਸ਼ ਵਿਚ ਭੇਜਣ ਦਾ ਸੌਖਾ ਅਤੇ ਸਸਤਾ ਢੰਗ ਪੈਕ ਕਰਕੇ ਸਰਕਾਰੀ ਜਾਂ ਗੈਰਸਰਕਾਰੀ ਏਜੰਸੀਆਂ ਦੇ ਹਵਾਲੇ ਕਰ ਦੇਣ ਦਾ ਹੈ। ਭਾਰਤ ਵਿਚ ਸਰਕਾਰੀ ਏਜੰਸੀ ਵਜੋਂ ਇਹ ਕੰਮ ਡਾਕਖਾਨੇ ਵੀ ਕਰਦੇ ਹਨ ਅਤੇ ਰੇਲਵੇ ਵੀ ਢੋਆ ਢੁਆਈ ਦਾ ਕੰਮ ਕਰਦੀ ਹੈ। ਡਾਕ ਰਾਹੀਂ ਸਮਾਨ ਭੇਜਣਾ ਮਹਿੰਗਾ ਪੈਂਦਾ ਹੈ ਅਤੇ ਅਜਿਹਾ ਸੰਭਵ ਵੀ ਸੀਮਿਤ ਭਾਰ ਤਕ ਸੰਭਵ ਹੈ। ਡਾਕ ਰਾਹੀਂ ਭੇਜਿਆ ਸਾਮਾਨ ਵੀ ਰੇਲਵੇ ਰਾਹੀਂ ਹੀ ਭੇਜਣ ਦਾ ਪ੍ਰਬੰਧ ਹੈ। ਪ੍ਰਾਈਵੇਟ ਏਜੰਸੀਆਂ ਦੇਸ਼ ਵਿਚ ਮਾਲ ਟਰੱਕਾਂ ਰਾਹੀਂ ਭੇਜਦੀਆਂ ਹਨ ਪਰ ਵਿਦੇਸ਼ ਵਿਚ ਸਾਮਾਨ ਸਮੁੰਦਰੀ ਜਹਾਜਾਂ ਰਾਹੀਂ ਭੇਜਿਆ ਜਾਂਦਾ ਹੈ। ਇਸ ਰਾਹੀਂ ਮੁਕਾਬਲਤਨ ਸਮਾਂ ਵਧੇਰੇ ਲਗਦਾ ਹੈ ਪਰ ਆਰਥਿਕ ਪੱਖੋਂ ਇਹ ਸਸਤਾ ਪੈਂਦਾ ਹੈ। ਸਾਮਾਨ ਜਲਦੀ ਭੇਜਣ ਦੇ ਇੱਛੁਕ ਇਸ ਨੂੰ ਹਵਾਈ ਜਹਾਜ ਰਾਹੀਂ ਵੀ ਭੇਜ ਸਕਦੇ ਹਨ। ਖਰਚਾ ਵਧੇਰੇ ਹੁੰਦਾ ਹੈ ਪਰ (ਕੋਰੀਅਰ) ਏਜੰਸੀਆਂ ਕੋਲ ਪ੍ਰਬੰਧ ਸਭ ਪ੍ਰਕਾਰ ਦਾ ਹੁੰਦਾ ਹੈ।

ਹੁਣ ਸਾਮਾਨ ਕਿਸੇ ਵੀ ਤਰੀਕੇ ਨਾਲ ਭੇਜਿਆ ਜਾਵੇ, ਉਸ ਨੇ ਦੇਸ਼ ਅਤੇ ਵਿਦੇਸ਼ ਦੇ ਕਾਨੂੰਨਾਂ ਦੀ ਪਾਲਣਾ ਤਾਂ ਕਰਨੀ ਹੀ ਹੈ। ਸਾਮਾਨ ਦੇ ਭਾਰ, ਗਿਣਤੀ, ਸਥਿਤੀ ਅਨੁਸਾਰ ਉਸ ਉਤੇ ਟੈਕਸ ਵੀ ਪੈਣੇ ਹਨ, ਸਾਮਾਨ ਦੀ ਤਲਾਸ਼ੀ ਵੀ ਹੋਣੀ ਹੈ, ਉਸ ਉਤੇ ਮੋਹਰਾਂ ਵੀ ਲਗਣੀਆਂ ਹਨ ਅਤੇ ਸੀਲ ਕਰਕੇ ਗੁਦਾਮਾਂ ਵਿਚ ਰਖਿਆ, ਸੁੱਟਿਆ ਵੀ ਜਾਣਾ ਹੈ। ਕੁੱਲੀ ਲਈ ਭਾਰ ਸਿਰਫ ਭਾਰ ਹੁੰਦਾ ਹੈ। ਮਾਲਕ ਨਾਲ ਹੋਵੇ ਤਾਂ ਉਸ ਨੂੰ ਥੋੜੀ ਸਾਵਧਾਨੀ ਵਰਤਨ ਲਈ ਕਹਿ ਸਕਦਾ ਹੈ, ਨਹੀਂ ਤਾਂ ਉਹ ਤਾਂ ਮਜ਼ਦੂਰੀ ਭਾਰ ਢੋਣ ਦੀ ਕਰਦਾ ਹੈ।

ਗੁਰੂ ਗ੍ਰੰਥ ਸਾਹਿਬ ਸਾਡੇ, ਸਿੱਖਾਂ ਲਈ ਕਿੰਨੀ ਵੀ ਪੱਵਿਤਰ, ਮਹੱਤਵਪੂਰਨ ਹੋਵੇ, ਗੈਰ ਸਿੱਖਾਂ ਲਈ ਉਹ ਕਿਤਾਬ ਹੀ ਹੈ ਅਤੇ ਜਿਵੇਂ ਕਿਤਾਬਾਂ ਨਾਲ ਨਿਪਟਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਨਾਲ ਵੀ ਏਸੇ ਹੀ ਤਰ੍ਹਾਂ ਨਿਪਟਿਆ ਜਾਇਗਾ। ਪ੍ਰਕਿਰਿਆ ਸਮਝਣ ਲਈ ਅਸੀਂ ਮੰਨ ਲੈਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅੰਮ੍ਰਿਤਸਰ ਦੇ ਬਾਜ਼ਾਰ ਮਾਈ ਸੇਵਾਂ ਤੋਂ ਅਮਰੀਕਾ ਦੇ ਸਾਨਫਰਾਂਸਿਸਕੋ ਵਿਖੇ ਭੇਜੇ ਜਾਣੇ ਹਨ। ਦੁਕਾਨਦਾਰ ਉਨ੍ਹਾਂ ਨੂੰ ਵੱਖ ਵੱਖ ਪੇਟੀਆਂ ਵਿਚ ਬਹੁਤ ਸੁਹਣੀ ਤਰ੍ਹਾਂ ਪੈਕ ਕਰਕੇ ਰਾਮਬਾਗ ਸਥਿਤ ਇਕ ਕੋਰੀਅਰ ਕੰਪਨੀ ਦੇ ਦਫਤਰ ਲੈ ਕੇ ਜਾਂਦਾ ਹੈ। ਕੰਪਨੀ ਉਸ ਦਾ ਆਰਡਰ ਬੁੱਕ ਕਰ ਲੈਂਦੀ ਹੈ। ਸਭ ਤੋਂ ਪਹਿਲਾਂ ਉਹ ਆਪਣਾ ਕਿਰਾਇਆ ਵਸੂਲ ਕਰਦੀ ਹੈ। ਇਸ ਲਈ ਪੰਜੇ ਪੈਕਟ ਇਕ ਇਕ ਕਰਕੇ ਤੋਲੇ ਜਾਣਗੇ। ਭਾਰ ਬਾਹਰਲੇ ਕਵਰ ਉਤੇ ਨਾ ਮਿਟਣ ਵਾਲੀ ਸਿਆਹੀ ਨਾਲ ਲਿਖਿਆ ਜਾਇਗਾ। ਇਸ ਪਿਛੋਂ ਕੋਰੀਅਰ ਕੰਪਨੀ ਨੇ ਐਕਸਾਈਜ਼ ਵਿਭਾਗ ਵਲੋਂ ਜਾਰੀ ਰਸੀਦ ਮੰਗਣੀ ਹੈ। ਰਸਮੀ ਕਾਰਵਾਈ ਪੂਰੀ ਕਰਕੇ ਪੈਕਟਾਂ ਨੂੰ ਗੁਦਾਮ ਵਿਚ ਰੱਖ ਲਿਆ ਜਾਵੇਗਾ।

ਕੋਰੀਅਰ ਕੰਪਨੀ ਦੇ ਗੁਦਾਮ ਤੋਂ ਦੂਸਰੇ ਸਮਾਨ ਨਾਲ ਇਹ ਪੈਕਟ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਭੇਜੇ ਜਾਣਗੇ। ਉਥੇ ਸਾਰੇ ਸਾਮਾਨ ਦੀ ਜਾਂਚ ਹੋਇਗੀ। ਜਾਂਚ ਕਰਤਾ ਕਿਸੇ ਵੀ ਨਗ ਨੂੰ ਖੁਲਵਾ ਸਕਦਾ ਹੈ। ਤਸੱਲੀ ਹੋਣ ਪਿਛੋਂ ਇਸ ਸਾਮਾਨ ਦੀ ਬੁਕਿੰਗ ਹੋਇਗੀ ਅਤੇ ਫਿਰ ਹਰੇਕ ਨਗ ਉਤੇ ਸੀਲ ਲਗੇਗੀ। ਇਸ ਪਿਛੋਂ ਇਹ ਸਾਰਾ  ਸਾਮਾਨ ਮਾਲ ਗੱਡੀ ਦੇ ਕਿਸੇ ਡੱਬੇ (ਕੈਰਜ) ਵਿਚ ਰੱਖ ਕੇ ਮੁੰਬਈ ਰਵਾਨਾ ਕੀਤਾ ਜਾਇਗਾ। 

ਕਈ ਦਿਨਾਂ ਦੇ ਸਫਰ ਪਿਛੋਂ ਇਹ ਰੇਲ ਮੁੰਬਈ ਪਹੁੰਚੇਗੀ ਤਾਂ ਸਾਮਾਨ ਦੀ ਇਕ ਵਾਰ ਫਿਰ ਜਾਂਚ ਹੋਇਗੀ। ਸ਼ੱਕੀ ਸਾਮਾਨ ਨੂੰ ਖੋਲਿਆ ਜਾਇਗਾ ਅਤੇ ਤਸੱਲੀ ਪਿਛੋਂ ਸਮੁੰਦਰੀ ਜਹਾਜ ਵਿਚ ਲੱਦਿਆ ਜਾਇਗਾ। ਫਿਰ ਇਹ ਨਿਸਚਿਤ ਸਮੇਂ ਰਾਹ ਵਿਚ ਸਾਮਾਨ ਲਾਹੁੰਦਾ, ਭਰਦਾ ਅਮਰੀਕਾ ਰਵਾਨਾ ਹੋਇਗਾ।

ਅਮਰੀਕੀ ਬੰਦਰਗਾਹ ਉਤੇ ਸਾਰੇ ਸਾਮਾਨ ਦੀ ਨਵੇਂ ਸਿਰਿਉਂ ਜਾਂਚ ਪੜਤਾਲ ਹੋਇਗੀ। ਉਥੋਂ ਦਾ ਅਧਿਕਾਰੀ ਇਹ ਪੱਕਾ ਕਰਨਾ ਚਾਹੁਣਗੇ ਕਿ ਇਸ ਸਾਮਾਨ ਵਿਚ ਨਾ ਤਾਂ ਕੋਈ ਨਸ਼ੀਲੀ ਵਸਤੂ ਹੈ ਅਤੇ ਨਾ ਹੀ ਕੋਈ ਮਾਰੂ ਹਥਿਆਰ ਹੈ। ਇਸ ਪਿਛੋਂ ਅਮਰੀਕਾ ਵਿਚ ਆਈਆਂ ਵਸਤਾਂ ਉਤੇ ਲਗਣ ਵਾਲੀ ਕਸਟਮ ਡਿਊਟੀ ਦਾ ਹਿਸਾਬ ਲਗੇਗਾ ਅਤੇ ਇਹ ਚੁੱਕਦਾ ਕਰਕੇ ਸਾਮਾਨ ਮੰਗਵਾਉਣ ਵਾਲਾ ਆਪਣੇ ਨੱਗ ਪ੍ਰਾਪਤ ਕਰ ਸਕੇਗਾ।

ਕਿਤਾਬ ਵਜੋਂ ਭਾਰਤ ਤੋਂ ਅਮਰੀਕਾ ਭੇਜੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਉਪਰੋਕਤ ਸਾਰੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਹੀ ਪਇਗਾ ਅਤੇ ਗੁਰੂ ਸਾਹਿਬ ਨੂੰ ਦੀਨ ਦੁਨੀਆਂ ਦੇ ਪਾਤਸ਼ਾਹ ਵਜੋਂ ਮਾਣ, ਸਤਿਕਾਰ ਦੇਣ ਵਾਲਿਆਂ ਲਈ ਇਹ ਸਹਿਣ ਕਰਨਾ ਅਸੰਭਵ ਹੈ।

ਵਿਰੋਧ ਦੀਆਂ ਅਵਾਜ਼ਾਂ ਨੂੰ ਦੁਕਾਨਦਾਰਾਂ ਨੇ ਤਾਂ ਅਣਸੁਣਿਆਂ ਕਰਨ ਦਾ ਯਤਨ ਕੀਤਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਹੁਕਮ ਹੋਇਆ ਕਿ ਗੁਰੂ ਗੰਥ ਸਾਹਿਬ ਦੇ ਸਰੂਪਾਂ ਨੂੰ ਪਰੰਪਰਾਗਤ ਪੁਸ਼ਾਕਿਆਂ ਵਿਚ ਚੰਦੋਏ ਤਾਣ ਕੇ ਰੈਕਾਂ ਵਿਚ ਬਿਸਰਾਮ ਦੀ ਸਥਿਤੀ ਵਿਚ ਰੱਖ ਕੇ ਭੇਜਿਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹੁਕਮ ਉਤੇ ਤਾਮੀਲ ਕਰਦਿਆਂ ਕੁਝ ਸਾਲ ਪਹਿਲਾਂ ਅਜਿਹਾ ਕੀਤਾ ਵੀ। ਲੱਕੜ ਦੀ ਇਕ ਅਲਮਾਰੀ ਬਣਵਾਈ ਗਈ। ਉਸ ਦੇ ਰੈਕਾਂ ਵਿਚ ਰੁਮਾਲੇ ਵਿਛਾ ਕੇ ਗੁਰੂ ਗੰਥ ਸਾਹਿਬ ਜੀ ਦੇ ਸਰੂਪ ਟਿਕਾਏ ਗਏ। ਹਰ ਰੈਕ ਉਪਰ ਚੰਦੋਆ ਵੀ ਤਾਣਿਆ ਗਿਆ ਪਰ ਇਸ ਅਲਮਾਰੀ ਨੂੰ ਭੇਜਣਾ ਕੰਟੇਂਨਰ ਵਿਚ ਹੀ ਪਿਆ। ਦੁਕਾਨਦਾਰਾਂ ਅਤੇ ਦਿੱਲੀ ਕਮੇਟੀ ਵਲੋਂ ਭੇਜੇ ਗਏ ਸਰੂਪਾਂ ਵਿਚ ਫਰਕ ਤਾਂ ਸਿਰਫ ਭੇਜੇ ਜਾਣ ਦੇ ਸਮੇਂ ਪਿਆ, ਬਾਕੀ ਸਭ ਕੁਝ ਤਾਂ ਜਿਉਂ ਦਾ ਤਿਉਂ ਹੀ ਰਿਹਾ। ਗੱਡੀਆਂ ਵਿਚ ਲਦਾਈ, ਜਾਂਚ ਪੜਤਾਲ, ਐਕਸਾਈਜ਼, ਕਸਟਮ, ਅਧਿਕਾਰੀ, ਉਨ੍ਹਾਂ ਦਾ ਵਤੀਰਾ ਕੁਝ ਵੀ ਨਹੀਂ ਬਦਲਿਆ।

ਇਸੇ ਸੰਦਰਭ ਵਿਚ ਜਦ ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗੰਥ ਸਾਹਿਬ ਦੇ ਸਰੂਪ ਭੇਜਣ ਲਗੀ ਤਾਂ ਨੌਜਵਾਨ ਸਿੰਘਾਂ ਦੇ ਇਕ ਜੱਥੇ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ।(ਬਾਕੀ)

 ਮਾਤਾ ਲਾਡਿਕੀ-14 .

ਸੱਚ ਬਨਾਮ ਝੂਠ '

'ਪੁੱਤਰ ਜੀ।"

''ਜੀ, ਮਾਤਾ ਜੀ?"

 ''ਅੱਜ ਮਦਰੱਸੇ ਜਾਣਾ ਕਿਵੇਂ ਰਿਹਾ?"

 ''ਕੁਝ ਖਾਸ ਨਹੀਂ।"

''ਤਫ਼ਸੀਲ ਨਾਲ ਦੱਸੋ।" ਮਾਤਾ ਲਾਡਿੱਕੀ ਨੇ ਰਾਤ ਨੂੰ ਲੇਖਾ ਜੋਖਾ ਕਰਨ ਸਮੇਂ ਪੁੱਛਿਆ।

''ਘਰੋਂ ਦੁਕਾਨ 'ਤੇ ਗਏ। ਪਿਤਾ ਜੀ ਨੇ ਕਾਦਰ ਚਾਚਾ ਜੀ ਨੂੰ ਆਉਣ ਲਈ ਕਿਹਾ ਹੋਇਆ ਸੀ। ਉਹ ਆਏ ਤਾਂ ਅਸੀਂ ਤਿੰਨੇ ਮਦਰੱਸੇ ਵੱਲ ਚੱਲ ਪਏ। ਰਸਤੇ ਵਿਚ ਕਾਦਰ ਚਾਚਾ ਨੇ ਬੂੰਦੀ ਖ਼ਰੀਦੀ। ਮੁਨਸ਼ੀ ਜੀ ਹੁਜੜੇ 'ਚ ਸਨ। ਤਾਲਬ ਉਨ੍ਹਾਂ ਨੂੰ ਘੇਰੀ ਬੈਠੇ ਸਨ। ਅਦਾਬ ਅਰਜ਼ ਪਿਛੋਂ ਅਸੀਂ ਵੀ ਮੁਨਸ਼ੀ ਜੀ ਕੋਲ ਜਾ ਬੈਠੇ। ਚਾਚਾ ਜੀ ਨੇ ਉਨ੍ਹਾਂ ਨਾਲ ਕੁਝ ਗੁਫ਼ਤਗੁ ਕੀਤੀ। ਫੇਰ ਉਨ੍ਹਾਂ ਨੂੰ ਕੁਝ ਪੈਸੇ ਅਤੇ ਬੂੰਦੀ ਦਾ ਥੈਲਾ ਫੜਾ ਦਿੱਤਾ। ਮੁਨਸ਼ੀ ਜੀ ਦੇ ਖਾਦਮ ਨੂੰ ਆਵਾਜ਼ ਮਾਰੀ ਅਤੇ ਬੂੰਦੀ ਦਾ ਥੈਲਾ ਉਸ ਨੂੰ ਦੇ ਦਿੱਤਾ। ਪਿਤਾ ਜੀ ਅਤੇ ਚਾਚਾ ਜੀ ਥੋੜ੍ਹੀ ਥੋੜ੍ਹੀ ਲੈ ਕੇ ਵਾਪਸ ਆ ਗਏ ਅਤੇ ਮੈਂ ਪਹਿਲੀ ਜਮਾਤ ਦੇ ਤਾਲਬਾਂ ਨਾਲ ਜਾ ਬੈਠਾ।"

''ਕੁਝ ਪੜ੍ਹਾਇਆ ਵੀ ਅੱਜ?"

''ਹਾਂ, ਮੁਨਸ਼ੀ ਜੀ ਨੇ ਅਲਫ਼..ਅਨਾਰ, ਬੇ...ਬਕਰੀ, ਪੇ..ਪੱਖਾ, ਤੇ...ਟੋਪੀ ਸਿਖਾਇਆ। ਫੱਟੀ ਉਤੇ ਕੁਝ ਤਾਲਬਾਂ ਨੇ ਅੱਖਰ ਲਿਖੇ ਵੀ। ਮੁੱਲਾਂ ਜੀ ਨੇ ਇੱਕ ਤਾਲਬ ਨੂੰ ਮਾਰਿਆ ਵੀ।"

''ਕਿਉਂ ਮਾਰਿਆ?"

''ਉਸ ਨੇ ਝੂਠ ਬੋਲ ਕੇ ਖਾਦਮ ਕੋਲੋਂ ਦੋ ਵਾਰ ਬੂੰਦੀ ਲੈ ਲਈ ਸੀ।"

''ਤਾਂ ਉਸ ਨੂੰ ਝੂਠ ਬੋਲਣ ਦੀ ਸਜ਼ਾ ਮਿਲੀ ਹੋਈ।" ਮਾਤਾ ਨੇ ਕਿਹਾ।

''ਕਾਹਦਾ ਝੂਠ? ਉਸ ਦਾ ਦਿਲ ਵਧੇਰੇ ਖਾਣ ਨੂੰ ਕਰਦਾ ਹੋਏਗਾ। ਸ਼ਾਇਦ ਭੁੱਖ ਲੱਗੀ ਹੋਵੇ। ਉਸ ਨੂੰ ਸਗੋਂ ਹੋਰ ਬੂੰਦੀ ਮਿਲਣੀ ਚਾਹੀਦੀ ਸੀ।" ਦਿਆਲ ਦੀ ਰਾਇ ਸੀ।

''ਨਹੀਂ ਪੁੱਤਰ ਜੀ।"

''ਕਿਉਂ ਨਹੀਂ? ਮੈਂ ਕੁਝ ਹੋਰ ਖਾਣ ਲਈ ਮੰਗਾਂ ਤਾਂ ਤੁਸੀਂ ਦੇ ਦਿੰਦੇ ਓ-ਮਾਰਦੇ ਥੋੜ੍ਹੀ ਓ।"ਦਿਆਲ ਦੀ ਦਲੀਲ ਸੀ।

''ਨਹੀਂ, ਬੇਟਾ। ਹਰ ਥਾਂ, ਹਰ ਸਮੇਂ ਇੰਝ ਨਹੀਂ ਹੁੰਦਾ।" ਮਾਤਾ ਨੇ ਕਿਹਾ, ''ਇਕੱਲੇ ਹੋਈਏ ਤਾਂ ਹੋਰ ਗੱਲ ਹੈ। ਸੰਗਤ ਵਿਚ ਹੋਈਏ ਤਾਂ ਜਿੰਨਾ ਹਿੱਸੇ ਆਵੇ, ਓਨਾ ਹੀ ਲੈਣਾ ਚਾਹੀਦਾ ਹੈ। ਮਠਿਆਈ ਢਿੱਡ ਭਰਨ ਲਈ ਨਹੀਂ ਖਾਈਦੀ, ਇਹ ਤਾਂ ਮੂੰਹ ਮਿੱਠਾ ਕਰਨ, ਆਪਣੀ ਖੁਸ਼ੀ ਦੱਸਣ ਲਈ ਖਾਈਦੀ ਹੈ। ਉਸ ਮੁੰਡੇ ਨੇ ਝੂਠ ਬੋਲ ਕੇ, ਧੋਖਾ ਦੇ ਕੇ, ਆਪਣੇ ਹਿੱਸੇ ਤੋ ਵੱਧ ਚੀਜ਼ ਲੈਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਗ਼ਲਤ ਬਿਆਨੀ ਦੀ ਸਜ਼ਾ ਮਿਲੀ। ਮਨੁੱਖ ਨੂੰ ਸਦਾ ਸੱਚ ਬੋਲਣਾ ਚਾਹੀਦਾ ਹੈ।"

''ਸੱਚ ਕੀ ਹੁੰਦੈ, ਮਾਤਾ ਜੀ?"

''ਜੋ ਕੁਝ ਜਿਵੇਂ ਵਾਪਰਿਆ ਹੋਵੇ, ਉਸ ਨੂੰ ਉਂਝ ਹੀ ਦੱਸਣਾ ਸੱਚ ਬੋਲਣਾ ਅਖਵਾਉਂਦਾ ਹੈ। ਜਦ ਬਿਆਨ ਵਿਚ ਮਿਲਾਵਟ ਕਰ ਦਿੱਤੀ ਜਾਵੇ ਤਾਂ ਕਹੇ ਨੂੰ ਝੂਠ ਮੰਨਿਆ ਜਾਂਦਾ ਹੈ। ਮਨੁੱਖ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ, ਸਦਾ ਸੱਚ ਕਹਿਣਾ ਚਾਹੀਦਾ ਹੈ।"

''ਝੂਠ ਬੋਲਣ ਨਾਲ ਕੀ ਹੁੰਦਾ ਹੈ?" ਬਾਲਕ ਨੇ ਮਾਤਾ ਤੋਂ ਪੁੱਛਿਆ।

''ਝੂਠ ਬੋਲਣ ਵਾਲੇ ਨੂੰ ਲੋਕ ਮਾੜਾ ਸਮਝਦੇ ਹਨ, ਉਸ ਦਾ ਅੱਗੋਂ ਕੋਈ ਇਤਬਾਰ ਨਹੀਂ ਕਰਦਾ।" ਮਾਤਾ ਨੇ ਦੱਸਿਆ, ''ਝੂਠ ਨਾਲ ਸੱਚ ਵਿਗੜਦਾ ਹੈ। ਝੂਠ ਬੋਲਣ ਨਾਲ ਮਨੁੱਖ ਦੇ ਮਨ ਉਤੇ ਬੋਝ ਪੈਂਦਾ ਹੈ, ਆਤਮਾ ਮੈਲੀ ਹੁੰਦੀ ਹੈ। ਇੱਕ ਝੂਠ ਲੁਕਾਉਣ ਲਈ ਕਈ ਝੂਠ ਬੋਲਣੇ ਪੈਂਦੇ ਹਨ। ਆਪਣੇ ਲਾਭ ਲਈ ਆਦਮੀ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ ਝੂਠੇ ਵਿਅਕਤੀ ਨੂੰ ਕੋਈ ਪਿਆਰ ਨਹੀਂ ਕਰਦਾ:

ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ॥

ਝੂਠੇ ਵੈਣ ਚਵੇ ਕਮਿ ਨ ਆਵਏ ਜੀਉ॥  

ਝੂਠੁ ਅਲਾਵੈ ਕਾਮਿ ਨ ਆਵੇ ਨ ਆਵੇ ਨ ਪਿਰ ਦੇਖੇ ਲੈਣੀ॥

(੬੮੯)

ਗੁਰੂ ਨਾਨਕ ਦੇਵ ਜੀ ਰਾਮਕਲੀ ਵਿਚ ਸਾਹੇ ਸੋਧਣ ਵਾਲੇ ਪੰਡਤਾਂ ਨੂੰ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਝੂਠ ਬੋਲ ਕੇ ਆਪਣੀ ਦੁਕਾਨਦਾਰੀ ਨਹੀਂ ਚਲਾਉਣੀ ਚਾਹੀਦੀ, ਸੱਚ ਬੋਲਣਾ ਚਾਹੀਦਾ ਹੈ:

ਝੂਠ ਨ ਬੋਲਿ ਪਾਕੇ ਸਚ ਰਹੀਐ॥

ਹਉਮੈ ਜਾਇ ਸਬਦਿ ਘਰੁ ਬਹੀਐ॥

(੯੦੪)

ਸਿਧ ਗੋਸਟਿ ਵਿਚ ਵੀ ਗੁਰੂ ਜੀ ਨੇ ਫ਼ਰਮਾਇਆ ਹੈ ਕਿ ਮਨੁੱਖ ਨੂੰ ਝੂਠ ਦਾ ਕੋਈ ਆਸਰਾ ਨਹੀਂ ਮਿਲਦਾ, ਸਭ ਦਾ ਕਲਿਆਣ ਸੱਚ ਨਾਲ ਹੀ ਹੁੰਦਾ ਹੈ:

ਸਾਚੋ ਉਪਜੈ, ਸਾਚਿ ਸਮਾਵੈ, ਸਾਚੇ ਸੂਚੇ ਏਕ ਮਇਆ॥

ਝੂਠੇ ਆਵਿਹ, ਠਵਰ ਨ ਪਵਹਿ, ਦੂਜੇ ਆਵਾਗਉਣ ਭਇਆ॥

(੯੪੦)

ਇਸ ਲਈ ਮਨੁੱਖ ਨੂੰ ਕਦੀ ਝੂਠ ਨਹੀਂ ਬੋਲਣਾ ਚਾਹੀਦਾ, ਝੂਠ ਦਾ ਆਸਰਾ ਨਹੀਂ ਲੈਣਾ ਚਾਹੀਦਾ।"

''ਜੀ ਮਾਤਾ ਜੀ।"

''ਇਸ ਦੇ ਮੁਕਾਬਲੇ ਸੱਚ ਨੂੰ ਮਹਾਪੁਰਖਾਂ ਨੇ ਏਨਾ ਵਡਿਆਇਆ ਹੈ ਕਿ ਪਰਮਾਤਮਾ ਨੂੰ ਹੀ ਸੱਚ ਕਹਿ ਦਿੱਤਾ ਹੈ।"

''ਪਰਮਾਤਮਾ ਸੱਚ ਹੈ? ਮਾਤਾ ਜੀ?"

''ਹਾਂ, ਪੁੱਤਰ ਜੀ। ਸੱਚ ਵਿਚ ਮਿਲਾਵਟ ਨਹੀਂ ਹੁੰਦੀ। ਸੱਚ ਕਦੀ ਬਦਲਦਾ ਨਹੀਂ। ਉਹ ਇੱਕੋ ਜਿਹਾ ਰਹਿੰਦਾ ਹੈ। ਏਹ ਸਾਰੇ ਗੁਣ ਪ੍ਰਮਾਤਮਾ ਦੇ ਵੀ ਹਨ।"

''ਜੀ! ਏਸੇ ਲਈ ਜਪੁ ਜੀ ਵਿਚ ਵੀ ਗੁਰੂ ਸਾਹਿਬ ਨੇ ਕਿਹਾ ਹੈ: ਆਦਿ ਸਚੁ॥ ਜੁਗਾਦਿ ਸਚੁ॥ ਹੈ ਭੀ ਸਚੁ॥" ਬਾਲਕ ਨੇ ਹਾਮ੍ਹੀ ਭਰੀ। ''ਸੱਚ ਨੂੰ ਤਾਂ ਬਾਬਾ ਨਾਨਕ ਨੇ ਕਸੌਟੀ ਮੰਨਿਆ ਹੈ: ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੇ ਤੋਲਿ॥ ਉਹ ਫੁਰਮਾਉਂਦੇ ਹਨ: ਤੇਰਾ ਸਚੁ ਨਾਮ ਪਰਮੇਸਰਾ॥(੧੧੬੮) ਉਹ ਸੱਚ ਬੋਲਣ ਵਾਲੇ, ਉਸ ਦੇ ਪੈਰੋਕਾਰ ਤੋਂ ਬਲਿਹਾਰੇ ਜਾਂਦੇ ਹਨ: ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੈ॥(੩੪)

''ਪਰ ਪੁੱਤਰ ਜੀ।" ਥੋੜ੍ਹਾ ਸਾਹ ਲੈ ਕੇ ਮਾਤਾ ਮੁੜ ਬੋਲੀ, ''ਸੱਚ ਬੋਲਣ, ਸਮਝਣ ਲਈ ਮਨੁੱਖ ਦਾ ਹਿਰਦਾ ਸੱਚਾ, ਨਿਰਛੱਲ ਹੋਣਾ ਚਾਹੀਦਾ ਹੈ। ਆਸਾ ਦੀ ਵਾਰ ਵਿਚ ਕਿਆ ਸੁੰਦਰ ਲਿਖਿਆ ਗਿਆ ਹੈ:

ਸਚੁ ਤਾ ਪਰ ਜਾਣੀਐ ਜਾ ਰਿਦੈ ਸਚਾ ਹੋਇ॥

ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਹੋਇ॥

ਸਚੁ ਤਾ ਪਰ ਜਾਣੀਐ ਜਾਂ ਸਚਿ ਧਰੇ ਪਿਆਰ॥

... ... ...

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥

 ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥

(੪੬੮)

''ਉਂਝ ਤਾਂ ਸਚੁ ਬਹੁਤ ਵੱਡਾ ਹੈ, ਪਵਿੱਤਰ ਹੈ, ਕਲਿਆਣਕਾਰੀ ਹੈ ਪਰ ਪੁੱਤਰ ਜੀ! ਸੁਚ ਆਚਾਰ, ਸ਼ੁਧ ਆਚਰਨ ਉਸ ਤੋਂ ਵੀ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ:

ਮਨਹਠ ਬੁਧੀ ਕੇਤੀਆ, ਕੇਤੇ ਬੇਦ ਵਿਚਾਰ॥

....

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

(੬੨)

ਇਸ ਲਈ ਪੁੱਤਰ ਜੀ! ਸਦਾ ਸਚ ਬੋਲਣਾ ਹੈ, ਝੂਠ ਕਦੀ ਨਹੀਂ ਕਹਿਣਾ।"

''ਜੀ ਮਾਤਾ ਜੀ।"