rozanajanchetna@gmail.com12112020
ਰੋਜਾਨਾ ਜਨਚੇਤਨਾ
ਸਾਲ:11, ਅੰਕ:69,ਵੀਰਵਾਰ,12 ਨਵੰਬਰ 2020.ਅੱਜ ਦਾ ਵਿਚਾਰ .
ਕੁਦਰਤ ਉਂਝ ਤਾਂ ਮਨੁੱਖ ਉਤੇ ਮਿਹਰਬਾਨ ਹੀ ਰਹਿੰਦੀ ਹੈ। ਮਨੁੱਖੀ ਜੀਵਨ ਦਾ ਸਾਰਾ ਦਾਰੋਮਦਾਰ ਕੁਦਰਤ ਦੀਆਂ ਬਖਸ਼ਿਸ਼ਾਂ ਉਤੇ ਹੀ ਹੈ ਪਰ ਉਹ ਆਪਣੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੀ ਹੈ ਅਤੇ ਦੂਸਰਿਆਂ ਤੋਂ ਵੀ ਇਹੀ ਉਮੀਦ ਕਰਦੀ ਹੈ। ਜਦੋਂ ਉਸ ਨਾਲ ਛੇੜ ਛਾੜ ਕੀਤੀ ਜਾਵੇ ਯਾਨਿ ਉਸ ਦੇ ਸੰਤੁਲਨ ਨੂੰ ਵਿਗਾੜਣ ਦਾ ਯਤਨ ਕੀਤਾ ਜਾਵੇ ਤਾਂ ਗੁੱਸੇ ਵਿਚ ਆ ਜਾਂਦੀ ਹੈ ਅਤੇ ਹਿੰਸਕ ਹੋ ਜਾਂਦੀ ਹੈ। ਤੂਫਾਨ, ਝੱਖੜ, ਸੋਕਾ, ਸਲਾਬ, ਹੜ, ਭੁਚਾਲ, ਸੁਨਾਮੀ ਸਭ ਉਸ ਦੇ ਗੁੱਸੇ ਦਾ ਪ੍ਰਗਟਾਵਾ ਹਨ। ਵਰਤਮਾਨ ਵਿਚ ਮੌਸਮ ਦੀ ਅਨਿਸਚਿਤਤਾ ਅਤੇ ਕੁਦਰਤੀ ਆਫਤਾਂ ਵਿਚ ਵਾਧਾ ਕੁਦਰਤ ਦੇ ਮਨੁੱਖ ਪ੍ਤੀ ਆਪਣਾ ਵਤੀਰਾ ਬਦਲਣ ਸੰਕੇਤ ਹਨ। ਕੁਦਰਤ ਚਾਹੁੰਦੀ ਹੈ ਕਿ ਕੋਈ ਉਸ ਨਾਲ ਛੇੜ ਛਾੜ ਨਾ ਕਰੇ, ਸਭ ਉਸ ਦੇ ਨਿਯਮਾਂ ਨੂੰ ਸਮਝਣ, ਉਹਨਾਂ ਦੀ ਪਾਲਣਾ ਕਰਨ। ਨਹੀਂ ਤਾਂ, ਅੱਜ ਜਾਂ ਕੱਲ, ਉਸ ਦੀਆਂ ਬਰਕਤਾਂ ਤੋਂ ਵਾਂਝੇ ਜਾਣਗੇ।
ਪੰਜਾਬ ਦਾ ਇਤਿਹਾਸ-03.
ਇਸ ਨਾਲ ਆਰਿਆ ਲੋਕਾਂ ਵਿੱਚ ਸਰਸਵਤੀ ਨਦੀ ਪੜਨ-ਲਿਖਣ ਦੀ ਪਰੇਰਨਾ ਦੇਣ ਵਾਲੀ ਨਦੀ ਬਣ ਗਈ ਸੀ ਅਤੇ ਅਖੀਰ ਨੂੰ ਸਰਸਵਤੀ ਨੂੰ ਇਸੇ ਕਰਕੇ ਹੀ ਵਿਦਿਆ ਦੀ ਦੇਵੀ ਮੰਨ ਲਿਆ ਗਿਆ ਸੀ। ਵੈਸੇ ਵੀ ਸਰਸਵਤੀ ਗੰਗਾ ਦਰਿਆ ਦੀ ਸਹਾਇਕ ਨਦੀ ਹੈ ਕਿਉਂ ਕਿ ਅਲਾਹਬਾਦ ਦੇ ਅਸਥਾਨ ਉਤੇ ਜੋ ਤਿਰਬੈਣੀ ਵਾਲੀ ਥਾਂ ਹੈ ਉਥੇ ਜਮੁਨਾ ਦੇ ਨਾਲ ਸਰਸਵਤੀ ਦੇ ਮਿਲ ਜਾਣ ਦੀ ਗੱਲ ਕਹੀ ਜਾਂਦੀ ਹੈ। ਜੇਕਰ ਸਰਸਵਤੀ ਗੰਗਾ,ਜਮੁਨਾ ਨਾਲ ਜਾ ਕੇ ਮਿਲਦੀ ਹੈ ਅਤੇ ਤਿਰਬੈਣੀ ਦਾ ਸੰਗਮ ਬਣਾਉਂਦੀ ਹੈ ਫਿਰ ਇਹ ਕਿਸ ਤਰਾਂ ਮੰਨਿਆ ਜਾ ਸਕਦਾ ਹੈ ਕਿ ਸਰਸਵਤੀ ਨੂੰ ਪੰਜਾਬ ਦਾ ਇਲਾਕਾ ਕਿਹਾ ਜਾਵੇ ਜਾਂ ਪੰਜਾਬ ਦਾ ਦਰਿਆ ਕਿਹਾ ਜਾਵੇ। ਜਿਹਲਮ, ਚਿਨਾਬ,ਰਾਵੀ,ਬਿਆਸ ਅਤੇ ਸਤਲੁਜ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ ਕਿਉਂ ਕਿ ਇਹ ਸਾਰੇ ਹੀ ਅਖੀਰ ਸਿੰਧ ਦਰਿਆ ਵਿੱਚ ਜਾ ਮਿਲਦੇ ਹਨ। ਇਸੇ ਕਰਕੇ ਹੀ ਪੰਜਾਬ ਨੂੰ ਸਿੰਧ ਦਾ ਬੇਸਿਨ ਮੰਨਿਆ ਗਿਆ ਹੈ। ਸਰਸਵਤੀ ਅਤੇ ਜਮੁਨਾ ਗੰਗਾ ਦਰਿਆ ਵਿੱਚ ਮਿਲਦੀਆਂ ਹਨ ਇਸ ਲਈ ਗੰਗਾ ਦਾ ਬੇਸਿਨ ਸਰਸਵਤੀ ਨਦੀ ਤੱਕ ਮੰਨਿਆ ਜਾਂਦਾ ਹੈ। ਇਸ ਤਰਾਂ ਸਰਸਵਤੀ ਪੰਜਾਬ ਅਤੇ ਹਿੰਦੁਸਤਾਨ ਦੀ ਹੱਦ ਹੈ। ਬਰਾਹਮਣਵਾਦ ਨੇ ਤਾਂ ਹਿੰਦੂਆਂ ਨੂੰ ਸਰਸਵਤੀ ਨੂੰ ਪਾਰ ਕਰਕੇ ਪੰਜਾਬ ਦੇ ਇਲਾਕੇ ਵਿੱਚ ਦਾਖ਼ਲ ਹੋਂਣ ਉਤੇ ਇਹ ਕਹਿ ਕੇ ਪਾਬੰਦੀ ਲਾ ਦਿੱਤੀ ਸੀ ਕਿ ਹਿੰਦੂ ਸਰਸਵਤੀ ਨੂੰ ਪਾਰ ਕਰਕੇ ਭਰਿਸ਼ਟੇ ਜਾਂਦੇ ਹਨ। ਪੰਜਾਬ ਦੇ ਇਲਾਕੇ ਨੂੰ ਉਹ ਭਰਿਸ਼ਟ ਇਲਾਕਾ ਮੰਨਦੇ ਸਨ।
ਸਿੱਖ ਇਤਿਹਾਸ ਵਿਚ ਅੱਜ.
ਸਾਡੀਆਂ ਬਚਪਨ ਦੀਆਂ ਅਭੁੱਲ ਯਾਦਾਂ
ਅਤੇ ਅੱਜ ਦਾ ਮਹਾਨ ਦੁਖਾਂਤ
ਇਹ ਵਾਰਤਾ ਅਕਾਲੀ ਲਹਿਰ ਤੋਂ ਕੁਝ ਸਮਾਂ ਪਹਿਲਾਂ ਦੀ ਹੈ। ਜਦੋਂ ਅਸੀਂ ਆਪਣਏ ਪੂਜਯ ਪਿਤਾਮਾ ਸ੍ਰੀ ਸਾਹਿਬ ਗੁਰਦਿੱਤ ਸਿੰਘ ਜੀ ਤੇ ਪਿਤਾ ਸਾਹਿਬ ਹਰਾ ਸਿੰਘ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਪੁੱਜਦੇ ਸਾਂ। ਸਾਡੀ ਰਿਹਾਇਸ਼ ਸ੍ਰੀ ਹਰਿਮੰਦਰ ਸਾਹਿਬ ਦੱਖਣ ਵਾਲੀ ਬਾਹੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਸਮੀਪ ਇਕ ਬੁੰਗੇ, ਜਿਸਦਾ ਨਾਮ ਚੰਬਲਾਂ ਵਾਲਾ ਬੁੰਗਾ ਸੀ, ਉਸ ਵਿੱਚ ਹੁੰਦੀ ਸੀ। ਇਸ ਬੁੰਗੇ ਦੀ ਦੇਖਰੇਖ ਇਕ ਬੜੀ ਪ੍ਰੇਮ ਮੂਰਤ ਮਾਈ ਮਥਰੋ ਜੀ ਤੇ ਉਹਨਾਂ ਦੇ ਸਪੁੱਤਰ ਭਾਈ ਆਤਮਾ ਸਿੰਘ ਜੀ ਕਰਦੇ ਸਨ। ਭਾਈ ਆਤਮਾ ਸਿੰਘ ਜੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠੀ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਵਿੱਚ ਤੇ ਹੋਰ ਸੰਗਤ ਵੱਲੋਂ ਰਖਾਏ ਅਖੰਡ ਪਾਠ ਕਰਦੇ ਸਨ। ਇਹ ਸ਼ਾਇਦ ਉਹਨਾਂ ਦੀ ਉਪਜੀਵਕਾ ਦਾ ਸਾਧਨ ਸੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਪੁੱਜਣ ਲਈ ਬੁੰਗੇ ਦੀਆਂ ਤਿੰਨ ਚਾਰ ਬਾਰੀਆਂ ਉੱਤਰ ਵੱਲ ਖੁਲਦੀਆਂ ਸਨ ਤੇ ਇਥੋਂ ਲੱਕੜ ਦੀ ਉਚਾਵੀਂ ਪਉੜੀ ਦੇ ਰਸਤੇ ਹੇਠਾਂ ਪ੍ਰਕਰਮਾ ਵਿੱਚ ਉਤਰਦੇ ਸਾਂ। ਉਹਨਾਂ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਨਿਵਾਸੀ ਤੇ ਪ੍ਰਦੇਸਾਂ ਵਿੱਚੋਂ ਆਏ ਸਹਿਜਧਾਰੀ ਤੇ ਹਿੰਦੂ ਸੱਜਣਾਂ ਦੀ ਕਾਫੀ ਸੰਖਿਆ ਹੁੰਦੀ ਸੀ। ਦੁਰਗਿਆਣਾ ਮੰਦਿਰ ਅੱਜ ਦੀ ਸ਼ਾਨ ਵਾਲਾ ਉਦੋਂ ਨਹੀਂ ਸੀ ਬਣਿਆ। ਹਿੰਦੂ ਸਿੱਖਾਂ ਦੀ ਮਿਲਵੀ-ਜੁਲਵੀਂ ਸੰਗਤ ਇਕ ਦੂਜੇ ਨਾਲ ਬੜੇ ਪ੍ਰੇਮ ਤੇ ਸਦਭਾਵਨਾ ਨਾਲ ਇਕੱਤਰ ਹੁੰਦੀ। ਸੰਧਿਆਂ ਵੇਲੇ ਚੌਕੀਆਂ ਚੜਦੀਆਂ ਸਨ, ਉਹਨਾਂ ਨਾਲ ਸਹਿਜਧਾਰੀ ਤੇ ਹਿੰਦੂ ਸੱਜਣਾਂ ਦੀ ਕਾਫੀ ਸੰਖਿਆ ਸ਼ਬਦ ਗਾਂਉਂਦੀ ਨਾਲ ਸ਼ਾਮਲ ਹੁੰਦੀ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਉੱਤਰ ਵਾਲੀ ਪ੍ਰਕਰਮਾ ਵੱਲ ਖੁਲੀਆਂ ਪਉੜੀਆਂ ਤੋਂ ਚੜ ਕੇ ਉਪਰ ਇਕ ਚੌਗਾਨ ਸੀ। ਇਥੇ ਗਾਥੀ (ਯੂਰਪ ਦੀ ਨੋਕਦਾਰ ਘਾੜਤ ਕਲਾ) ਘਾੜਤ ਵਾਲਾ ਘੰਟਾ ਘਰ ਸੀ। ਇਸ ਚੌਗਾਨ ਤੇ ਖੜੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਬਗੈਰ ਕਿਸੇ ਰੁਕਾਵਟ ਦੇ ਹਰ ਸਮੇਂ ਹੋ ਸਕਦੇ ਸਨ। ਬਾਹਰਲੀ ਘੰਟੇ ਘਰ ਵਾਲੀ ਦਰਸ਼ਨੀ ਡਿਊਢੀ ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਗੁਰ ਸੁਧਾਰ ਦੇ ਮਗਰੋਂ ਬਣਵਾਈ। ਲੋਕ ਕਬੂਤਰਾਂ ਨੂੰ ਚੋਗਾ ਅਤੇ ਦਾਣੇ ਪਾਉਂਦੇ ਸਨ। ਮਾਈ ਸੇਵਾਂ ਦੇ ਬਾਜ਼ਾਰ ਦੇ ਆਰੰਭ ਤੇ ਹੀ ਇਕ ਦੋ ਦੁਕਾਨਾਂ ਹਲਵਾਈਆਂ ਦੀਆਂ ਸਨ। ਜਿਥੋਂ ਸੰਗਤਾਂ ਕੜਾਹ ਪ੍ਰਸ਼ਾਦਿ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਲਈ ਲੈ ਜਾਂਦੀਆਂ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਅਕਥਨੀ ਹੈ। ਪ੍ਰਕਰਮਾ ਵਿੱਚ ਰਬਾਬੀ ਰਾਗੀ ਅਤੇ ਕਥਾ ਵਾਚਕ ਵੱਖੋ-ਵੱਖਰੀਆਂ ਥਾਵਾਂ ਤੇ ਦੀਵਾਨ ਸਜਾਉਂਦੇ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸਿੱਧ ਰਬਾਬੀਆਂ ਵਿੱਚੋਂ ਭਾਈ ਅਨਾਇਤ ਤੇ ਪਿਛੋਂ ਭਾਈ ਚਾਂਦ ਆਦਿ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇਖ ਗਲੀ ਰਬਾਬੀਆਂ ਸੀ, ਜਿਥੇ ਆਮ ਕਰਕੇ ਰਬਾਬੀ ਨਿਵਾਸ ਰੱਖਦੇ ਸਨ। ਸ੍ਰੀ ਹਰਿਮੰਦਰ ਸਾਹਿਬ ਦਾ ਦ੍ਰਿਸ਼ ਭਾਰਤੀ ਸੰਸਕ੍ਰਿਤੀ ਦੀ ਏਕਤਾ ਦਾ ਅਨੋਖਾ ਨਮੂਨਾ ਹੈ। ਇਥੇ ਹਿੰਦੂ ਸਿੱਖ ਪੂਰੀ ਸ਼ਰਧਾ ਨਾਲ ਯਾਤਰਾ ਕਰਦੇ ਸਨ ਅਤੇ ਮੁਸਲਮਾਨ ਰਬਾਬੀਆਂ ਕੋਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਰਾਗਾਂ ਵਿੱਚ ਸਰਵਣ ਕਰਕੇ ਮਨ ਦੀ ਤ੍ਰਿਪਤੀ ਅਥੇ ਆਤਮਕ ਆਨੰਦ ਮਾਣਦੇ ਸਨ। ਹਿੰਦੂ ਸਿੱਖਾਂ ਤੇ ਮੁਸਲਮਾਨਾਂ ਦਾ ਇਹ ਧਾਰਮਿਕ ਸੰਗਮ ਅਨੌਖਾ ਸੀ।
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੇਸੀ ਘਿਉ ਦੀ ਜੋਤ ਹਰ ਸਮੇਂ ਪ੍ਰਚੋਡ ਰਹਿੰਦੀ ਸੀ। ਇਹ ਮਨੁੱਖੀ ਜਿੰਦਗੀ ਦੇ ਚਾਨਣ ਤੇ ਸਦੀਵੀਂਹੋਂਦ ਦਾ ਪ੍ਰਤੀਕ ਸੀ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਚਾਨਣ ਗਿਆਨ ਦਾ ਸੋਮਾ ਹੈ, ਇਵੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਸਮੇਂ ਗਿਆਨ ਵੰਡਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਅਨੋਖੀ ਘਾੜਤ ਅਤੇ ਕਲਾ ਭਰਪੂਰ ਉਸਾਰੀ ਮੇਰੇ ਬਾਲਕ ਮਨ ਤੇ ਇਕ ਸਦੀਵੀ ਮੋਹਰ ਛਾਪ ਲਾ ਗਈ। ਹਰ ਔਖੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਮਨ ਵਿੱਚ ਬਣੀ ਤਸਵੀਰ ਦੇ ਦਰਸ਼ਨ ਕਰ ਕੇ ਮਨ ਵਿੱਚ ਖੇੜਾ, ਉਤਸ਼ਾਹ ਉਮੰਗਦਾ ਹੈ ਅਤੇ ਮਨ ਨੂੰ ਢਹਿੰਦੀਆਂ ਕਲਾਂ ਤੋਂ ਬਚਾਉਣ ਦਾ ਇਹ ਇਕ ਵਿਸ਼ੇਸ਼ ਸਾਧਨ ਹੈ। ਸਵਰਨ ਮੰਦਰ ਦਰਸ਼ਨੀ ਡਿਉਢੀ ਤੱਕ ਸੰਗਮਰਮਰੀ ਪੁਲ ਰਾਹੀਂ ਜੋੜਿਆ ਹੋਇਆ ਹੈ। ਦਰਸ਼ਨੀ ਡਿਉਢੀ ਦੇ ਬਾਹਰ ਇਕ ਵਿਸ਼ਾਲ ਚੌਗਾਨ ਹੈ ਜਿਸਦਾ ਸੰਗਮਰਮਰੀ ਫਰਸ਼ ਇਕ ਅਨੋਖੀ ਦਿੱਖ ਵਾਲਾ ਹੈ। ਪੱਛਮ ਵੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਅਧਿਆਤਮਿਕ ਰਾਜਸੀ ਪ੍ਰਭਾਵ ਵਾਲੀ ਬਹੁ ਮੰਜ਼ਲੀ ਉਸਾਰੀ ਅਤਿ ਖੂਬਸੂਰਤ ਤੋ ਅਨੋਖੇ ਪ੍ਰਭਾਵ ਵਾਲੀ ਦਿਲ ਤੇ ਸਦੀਵੀਂ ਮੋਹਰ ਛਾਪ ਲਾਉਣ ਵਾਲੀ ਹੈ। ਇਸ ਚੌਗਾਨ ਵਿੱਚ ਇਕ ਇਮਲੀ ਦਾ ਬੂਟਾ ਅਤੇ ਇਕ ਸੁੰਦਰ ਛੱਬ ਵਾਲਾ ਫੁਹਾਰ, ਜਿਸ ਵਿੱਚ ਹਰ ਸਮੇਂ ਜਲ ਉਛਾਲੇ ਮਾਰਦਾ ਦਿਸਦਾ ਸੀ। ਸਮੇਂ-ਸਮੇਂ ਜਲ ਵਿੱਚ ਗੁਲਾਬ ਦਾ ਅਰਕ ਮਿਲਾਇਆ ਜਾਂਦਾ, ਇਵੇਂ ਸੁਗੰਧੀ ਫੈਲਦੀ ਰਹਿੰਦੀ।
ਸਮਕਾਲੀ ਸਰੋਕਾਰ .
ਕਾਨਪੁਰ ਵਿਚ ਸ਼ਹੀਦੀਆਂ
ਕਾਨਪੁਰ ਵਿਚ ਨਿਰੰਕਾਰੀਆਂ ਦੇ ਸਮਾਗਮ ਦਾ ਵਿਰੋਧ ਕਰਦੇ ਹੋਏ 10 ਸਿੰਘ 26 ਸਤੰਬਰ, 1978 ਨੂੰ ਸ਼ਹੀਦ ਹੋ ਗਏ। ਅੰਮਰਿਤਸਰ ਵਿਖੇ 13 ਅਪਰੈਲ, 1978 ਨੂੰ ਵਾਪਰੀ ਘਟਨਾ, ਜਿਸ ਵਿਚ 13 ਸਿੰਘ ਸ਼ਹੀਦ ਹੋ ਗਏ ਸਨ, ਪਿਛੋਂ ਕਾਨਪੁਰ ਦੀ ਘਟਨਾ ਵੱਡੀ ਅਤੇ ਅਫਸੋਸਨਾਕ ਸੀ। ਇਹਨਾਂ ਘਟਨਾਵਾਂ ਦਾ ਸਿੱਖ ਮਾਨਸਿਕਤਾ ਉਤੇ ਕਸ਼ਟਕਾਰੀ ਪ੍ਭਾਵ ਪਿਆ ਜਿਸ ਦਾ ਨਤੀਜਾ ਅੰਤ ਪੰਜਾਬ ਦੇ ਖਾੜਕੂਵਾਦ ਵਿਚ ਨਿਕਲਿਆ। ਇਸ ਨੇ ਵੀਹ ਸਾਲ ਤੋਂ ਵੀ ਵਧੇਰੇ ਸਮਾਂ ਸਿੱਖ ਕੌਮ ਨੂੰ ਆਪਣੀ ਲਪੇਟ ਵਿਚ ਲਈ ਰਖਿਆ: ਹਜ਼ਾਰਾਂ ਨੌਜਵਾਨ ਇਸ ਦੀ ਭੇਟ ਚੜ ਗਏ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ, ਸਮੁੱਚੀ ਵਿਕਾਸ ਪ੍ਕਿਰਿਆ ਰੁਕ ਗਈ। ਇਸ ਦਾ ਖਿਮਜ਼ਾਨਾ ਪੰਜਾਬ ਹੁਣ ਤਕ ਭੁਗਤ ਰਿਹਾ ਹੈ। ਇਸ ਵਿਨਾਸ਼ ਦੇ ਸੰਦਰਭ ਵਿਚ ਵਿਚਾਰਣਯੋਗ ਪ੍ਸ਼ਨ ਇਹ ਵੀ ਹੈ ਕਿ ਸਿੱਖਾਂ ਵਿਚ ਫੁੱਟ ਕਿਉਂ ਪੈਂਦੀ ਹੈ? ਕਿਉਂ ਸਮੇਂ ਸਮੇਂ ਕੁਝ ਗਰੁੱਪ ਸਿੱਖਾਂ ਨਾਲੋਂ ਵੱਖ ਹੋ ਜਾਂਦੇ ਹਨ ਜਾਂ ਉਹਨਾਂ ਨੂੰ ਸਿੱਖੀ ਵਿਚੋਂ ਖਾਰਜ ਕਰਨਾ ਪੈਂਦਾ ਹੈ?
ਅਜਿਹਾ ਕਦ ਤਕ ਚਲਦਾ ਰਹੇਗਾ?
ਸਿੱਖਾਂ ਵਿਚ ਆਪਸੀ ਲੜਾਈ ਦਾ ਇਤਿਹਾਸ ਬਹੁਤ ਲੰਬਾ ਹੈ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸਿਰੀ ਚੰਦ ਨੇ ਬਗਾਵਤ ਕੀਤੀ। ਧਰਮ ਸ਼ਾਸ਼ਤਰ ਵਿਅਕਤੀ ਦੀ ਨਿੱਜੀ ਮੁਕਤੀ ਦੀ ਵਕਾਲਤ ਕਰਦੇ ਹਨ। ਉਸ ਲਈ ਇਕਾਗਰਤਾ ਦੀ ਲੋੜ ਹੁੰਦੀ ਹੈ ਅਤੇ ਇਕਾਗਰਤਾ ਲਈ ਦੁਨੀਆਂਦਾਰੀ ਦੇ ਸਾਰੇ ਟੰਟੇ ਖਤਮ ਕਰਨੇ ਬੇਹਤਰ ਹੁੰਦੇ ਹਨ। ਉਂਝ ਵੀ ਸੰਤ, ਸਾਧ ਆਮ ਦੁਨੀਆਂਦਾਰਾਂ ਤੋਂ ਅੱਲਗ ਹੋਣ ਤਾਂ ਵਿਸ਼ੇਸ਼ਤਾ ਬਣਦੀ ਹੈ। ਭਾਰਤ ਦੇ ਸਾਰੇ ਧਰਮਾਂ ਨੇ, ਗੁਰਮਤਿ ਤੋਂ ਬਿਨਾਂ, ਆਮ ਆਦਮੀ ਨੂੰ ਛੁਟਿਆ ਕੇ ਹੀ ਪੇਸ਼ ਕੀਤਾ ਹੈ। ਸਿਰੀ ਚੰਦ ਇਸੇ ਹੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਨ। ਉਹਨਾਂ ਦਾ ਇਹ ਗੁਰੂ ਨਾਨਕ ਦੇਵ ਜੀ ਨਾਲ ਅਸੂਲੀ ਮਤਭੇਦ ਸੀ।
ਸਿਰੀ ਚੰਦ ਦੀ ਬਗਾਵਤ ਕਾਰਣ ਗੁਰਮਤਿ ਵਿਚਾਰਧਾਰਾ ਦਾ ਕੁਝ ਨਹੀਂ ਵਿਗੜਿਆ; ਉਸ ਵਰਗੇ ਹੋਰ ਬਹੁਤ ਸਾਰੇ ਦੁਨੀਆਂ ਵਿਚ ਹਜ਼ਾਰਾਂ ਸਾਲਾਂ ਤੋਂ ਸਨ ਪਰ ਗੁਰਮਤਿ ਨੂੰ ਉਸ ਸਮੇਂ ਵੱਡੀ ਠੇਸ ਲਗੀ ਜਦੋਂ ਇਸ ਵਿਚਾਰਧਾਰਕ ਅੰਤਰ ਨੂੰ ਦੂਰ ਕੀਤੇ ਬਿਨਾਂ ਬਾਬਾ ਗੁਰਦਿੱਤਾ ਜੀ ਸਿਰੀ ਚੰਦ ਨੂੰ ਸੌਂਪ ਦਿਤੇ ਗਏ।ਸਿਰੀ ਚੰਦ ਦੀ ਚਲਾਈ ਹੋਈ ਨਿਰਮਲ ਸੰਪਰਦਾ ਨੇ, ਗੁਰਮਤਿ ਦਾ ਅੰਗ ਬਣ ਕੇ ਮਹੰਤਾਂ, ਪੁਜਾਰੀਆਂ ਦੇ ਰੂਪ ਵਿਚ ਗੁਰਮਤਿ ਨੂੰ ਵੱਡਾ ਨੁਕਸਾਨ ਪੁਚਾਇਆ। ਗੁਰਦੁਆਰਿਆਂ ਵਿਚ ਮੂਰਤੀਆਂ ਸਥਾਪਤ ਹੋ ਗਈਆਂ, ਅਕਾਲ ਨੂੰ ਮੂਰਤੀਆਂ ਵਿਚੋਂ ਲਭਿਆ ਜਾਣ ਲਗਾ, ਧਰਮ ਦੀ ਕਮਾਈ ਦਾ ਮੱਹਤਵ ਵਿਸਰ ਗਿਆ, ਧਰਮ ਦੇ ਸਮਾਜਕ ਸਰੋਕਾਰ ਬੰਦ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਆਮ ਜੀਵਨ ਜੀਊਣ ਵਾਲੇ ਗ੍ਹਿਸਥੀ ਲਈ ਜਿਹੜੀ ਜੀਵਨ ਜਾਚ ਸਥਾਪਤ ਕੀਤੀ ਸੀ, ਉਹ ਨਿਰਮਲ ਸੰਪਰਦਾ ਦੇ ਗੁਰਮਤਿ ਦਾ ਅੰਗ ਬਨਣ ਨਾਲ ਸਮਾਪਤ ਹੋ ਗਈ।ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਹੁੰਦੇ ਆਰਥਿਕ ਸ਼ੋਸ਼ਨ ਦਾ ਵਿਰੋਧ ਕੀਤਾ ਅਤੇ ਧਰਮ ਦੀ ਕਮਾਈ ਦਾ ਸੰਕਲਪ ਦਿਤਾ। ਆਪ ਵਾਹੀ ਕਰਕੇ ਰੋਜ਼ੀ ਰੋਟੀ ਕਮਾਈ ਅਤੇ ਉਸ ਨੂੰ ਸੰਗਤਾਂ ਨਾਲ ਵੰਡਿਆ। ਗੁਰੂ ਨਾਨਕ ਦੇਵ ਜੀ ਦਾ ਇਹ ਸਮਾਜਕ ਸਰੋਕਾਰ ਗੁਰੂ ਅੰਗਦ ਦੇਵ ਜੀ ਨੇ ਜਾਰੀ ਰਖਣ ਦੀ ਕੋਸ਼ਿਸ਼ ਕੀਤੀ: ਉਹ ਮੁੰਜ ਦਾ ਵਾਣ ਵੱਟ ਕੇ ਆਪਣੀ ਰੋਜ਼ੀ ਚਲਾਉਂਦੇ ਰਹੇ ਪਰ ਉਹਨਾਂ ਤੋਂ ਪਿਛੋਂ ਇਹ ਸੰਕਲਪ ਦਿਖਾਈ ਨਹੀਂ ਦਿੰਦਾ
ਗੁਰੂ ਅੰਗਦ ਦੇਵ ਜੀ ਵੇਲੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਗੁਰੂ ਦੇ ਸਿਧਾਂਤ ਦਾ ਉਲੰਘਣ ਹੋਣਾ ਸ਼ੁਰੂ ਹੋਇਆ। ਇਸ ਨੂੰ ਅੱਜ ਸਿੱਖਾਂ ਦੀ ਪੁਜਾਰੀ ਸ਼ਰੇਣੀ ''ਇਕ ਜੋਤਿ" ਦੇ ਰੂਪ ਵਿਚ ਪੇਸ਼ ਕਰਨ ਲਗ ਪਈ ਹੈ। ਕਿਹਾ ਜਾਂਦਾ ਹੈ ਕਿ ਦਸਾਂ ਗੁਰੂਆਂ ਵਿਚ ਇਕੋ ਜੋਤਿ ਸੀ, ਉਹੀ ਅੱਜ ਗੁਰੂ ਗਰੰਥ ਸਾਹਿਬ ਵਿਚ ਵਿਦਮਾਨ ਹੈ। ਵਿਗਿਆਨ ਮੰਤਵ ਦੀ ਏਕਤਾ ਨੂੰ ਤਾਂ ਮੰਨਦਾ ਹੈ ਪਰ ਇਸ ਏਕਤਾ ਨੂੰ ਜੋਤਿ ਦੇ ਰੂਪ ਵਿਚ ਵੇਖਣਾ ਹਜ਼ਮ ਨਹੀਂ ਹੁੰਦਾ। ਇਸੇ ਗਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ ''ਗਰੰਥ" ਅਤੇ ''ਪੰਥ" ਦੇ ਹਵਾਲੇ ਕਰਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿਤਾ ਗਿਆ।
ਜਦੋਂ ਸ਼ਬਦ ਗੁਰੂ ਨੇ ਗੁਰਗੱਦੀ ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿਰੀ ਚੰਦ ਵਲੋਂ ਸ਼ੁਰੂ ਹੋਇਆ ਵਿਰੋਧ ਗੁਰਗੱਦੀ ਲਈ ਘਰੋਗੀ ਜੰਗ ਦਾ ਰੂਪ ਧਾਰਨ ਕਰ ਲਿਆ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਜੀ ਅਤੇ ਦਾਸੂ ਜੀ ਨੇ ਅਮਰਦਾਸ ਜੀ ਨੂੰ ਗੁਰੂ ਮੰਨਣੋਂ ਨਾਂਹ ਕਰ ਦਿਤੀ। ਇਹੋ ਕੰਮ ਗੁਰੂ ਅਰਜਨ ਦੇਵ ਜੀ ਵੇਲੇ ਪਿਰਥੀ ਚੰਦ ਨੇ ਕੀਤਾ। ਗੁਰੂ ਤੇਗ ਬਹਾਦਰ ਜੀ ਵੀ ਇਸੇ ਕਰੁਣਾ ਵਿਚੋਂ ਗੁਜ਼ਰੇ: ਕਿਹਾ ਜਾਂਦਾ ਹੈ ਕਿ ਗੁਰੂ ਹਰਿਕਰਿਸ਼ਨ ਜੀ ਵਲੋਂ ''ਬਾਬਾ ਬਕਾਲੇ" ਕਹੇ ਜਾਣ ਪਿਛੋਂ ਬਕਾਲੇ ਵਿਖੇ ਦਰਜਨਾਂ ਸੋਢੀ ਗੁਰੂ ਬਣ ਕੇ ਬੈਠ ਗਏ। ਇਹਨਾਂ ਤੋਂ ਸਿੱਖਾਂ ਦਾ ਛੁਟਕਾਰਾ ਭਾਈ ਲੱਖੀ ਸ਼ਾਹ ਵਣਜਾਰਾ ਨੇ ''ਗੁਰੂ ਲਾਧੋ ਰੇ" ਦੀ ਸਾਖੀ ਅਨੁਸਾਰ ਕਰਵਾਇਆ।ਇਹ ਕਹਿੰਦਿਆਂ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਸ ਸਮੇਂ ਅੰਮਰਿਤਸਰ ਵਿਖੇ ਕਬਜ਼ਾ ਪ੍ਰਿਥੀ ਚੰਦ ਦੇ ਵਾਰਸਾਂ ਦਾ ਸੀ। ਹਰਿਮੰਦਰ ਸਾਹਿਬ ਵਿਚ ਵੀ ਉਹਨਾਂ ਦੇ ਗ੍ਰੰਥ ਦਾ ਪ੍ਕਾਸ਼ ਸੀ ਅਤੇ ਪਰੰਪਰਾ ਵੀ ਉਹਨਾਂ ਦੀ ਹੀ ਚਲ ਰਹੀ ਸੀ।
ਉਪਰੋਂ ਕਰਤਾਰਪੁਰ ਵਿਚ ਧੀਰਮੱਲ ਦਨਦਨਾ ਰਿਹਾ ਸੀ। ਇਸ ਸਮੇਂ ਦਿੱਲੀ ਅਤੇ ਦੇਹਾਦੂਨ ਵਿਚ ਰਾਮਰਾਇ ਦਾ ਬੋਲ ਬਾਲਾ ਸੀ। ਸਿੱਖ ਮਾਨਤਾਵਾਂ ਅਨੁਸਾਰ ਰਾਮਰਾਇ ਪਹਿਲਾ ਸਿੱਖ ਸੀ ਜਿਸ ਨੂੰ ਪੰਥ ਵਿਚੋਂ ਛੇਕਿਆ ਗਿਆ। ਇਹ ਸਾਰੇ ਝੰਝਟ ਉਸ ਗੁਰਗੱਦੀ ਦੇ ਕਾਰਣ ਪਏ ਸਨ ਜਿਸ ਨੂੰ ਗੁਰੂ ਨਾਨਕ ਸਾਹਿਬ ''ਸ਼ਬਦ ਗੁਰੂ" ਦੇ ਫਲਸਫ਼ੇ ਨਾਲ ਸਮਾਪਤ ਕਰ ਗਏ ਸਨ ਅਤੇ ਜਿਸ ਨੂੰ ਸਿੱਖਾਂ ਮੁੜ ਉਸਾਰ ਲਿਆ ਸੀ।
ਸਿੱਖਾਂ ਵਿਚ ਪ੍ਚਲਤ ਕੀਤੀ ਗਈ ਮਾਨਤਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਮੁੜ ਸ਼ਬਦ ਗੁਰੂ ਨੂੰ ਦੇ ਗਏ ਸਨ। ਉਨ੍ਹਾਂ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਅਜਿਹਾ ਰਸਮਾਂ ਸਹਿਤ ਕੀਤਾ।ਗੁਰਗੱਦੀ ਨੂੰ ਲੈ ਕੇ ਮੁੜ ਇਹ ਵਿਵਾਦ ਸ਼ੁਰੂ ਹੋਇਆ ਕਿ ਗੁਰਗੱਦੀ ਦਾ ਵਾਰਸ ਕੌਣ ਹੈ? ਨਿਰੰਕਾਰੀਆਂ, ਨਾਮਧਾਰੀਆਂ ਅਤੇ ਵਡਭਾਗ ਸਿੰਘੀਆਂ ਨਾਲ ਸਿੱਖਾਂ ਦਾ ਮਤਭੇਦ ਹੋਰ ਕਿਸ ਗਲ ਦਾ ਹੈ?
ਇਤਿਹਾਸਕਾਰ ਦਸਤਾਵੇਜ਼ੀ ਸਬੂਤ ਦਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਹੀ ਮੱਨੁਖੀ ਜੀਵਨ ਨੂੰ ਇਕਾਈ ਵਜੋਂ ਲਿਆ ਜਾਂਦਾ ਰਿਹਾ ਹੈ। ਇਸ ਵਿਚ ਮੱਨੁਖ ਦੇ ਨਿੱਜ, ਸਮਾਜ, ਆਰਥਿਕਤਾ, ਧਰਮ ਅਤੇ ਰਾਜਨੀਤੀ ਨੂੰ ਬਰਾਬਰ ਦਾ ਮੱਹਤਵ ਮਿਲਦਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਬਾਬਰ ਨੂੰ ਪਾਪ ਦੀ ਜੰਝ ਲਿਆਉਣ ਵਾਲਾ ਹੀ ਨਹੀਂ ਦਸਦੇ, ਉਹ ਰਾਜੇ ਦੇ ਗੁਣ ਵੀ ਦਸਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਸਕਾਰ ਕਰਦਾ ''ਹਲੇਮੀ ਰਾਜ" ਵੀ ਸਿਰਜਦੇ ਹਨ। ਗੁਰੂ ਅਮਰਦਾਸ ਜੀ ''ਮੰਜੀਆਂ" ਸਿਰਜਦੇ ਹਨ ਤਾਂ ਗੁਰੂ ਅਰਜਨ ਦੇਵ ਜੀ ''ਦਸਵੰਦ" ਦਾ ਸੰਦੇਸ਼ ਦਿੰਦੇ ਹਨ। ਇਹ ਸਾਰਾ ਕੁਝ ਗੁਰੂ ਨਾਨਕ ਨਾਮ ਲੇਵਾ ਨੂੰ ਇਕ ਪਲੇਟਫ਼ਾਰਮ ਉਤੇ ਇੱਕਠਾ ਕਰਨ ਅਤੇ ਉਸ ਦੇ ਵਿਕਾਸ ਲਈ ਰਾਜਨੀਤਕ ਸ਼ਕਤੀ ਬਨਾਉਣ ਦੇ ਯਤਨ ਹੀ ਸਨ। ਇਹਨਾਂ ਵਿਚ ਤੇਜੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਆਉਂਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਇਸ ਦੀ ਸਿੱਖਰ ਸਨ।
ਸਿੱਖ ਗੁਰੂਆਂ ਨੇ ਨਗਰ ਵਸਾਉਣ ਦੀ ਜੋ ਪਿਰਤ ਤੋਰੀ, ਉਹ ਵੀ ਨਾਗਰਿਕਾਂ ਨੂੰ ਸਿੱਖੀ ਦੇ ਰੰਗ ਵਿਚ ਰੰਗਣ ਦਾ ਰਾਜਨੀਤਕ ਅਤੇ ਪ੍ਬੰਧਕੀ ਯਤਨ ਮੰਨਿਆਂ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਬੰਦਾ ਸਿੰਘ ਨੇ ਪੰਜਾਬ ਉਤੇ ਹਕੂਮਤ ਕੀਤੀ। ਅਠਾਰਵੀਂ ਸਦੀ ਦੇ ਪਿਛਲੇ ਅੱਧ ਵਿਚ ਮਿਸਲਾਂ ਭਾਰੂ ਰਹੀਆਂ ਅਤੇ 19ਵੀਂ ਸਦੀ ਦਾ ਪਹਿਲਾ ਅੱਧ ਤਾਂ ਸਿੱਖ ਰਾਜ ਹੀ ਅਖਵਾਉਂਦਾ ਹੈ। ਅੱਜ ਵੀ ਸਿੱਖ ਆਪਣੀ ਪ੍ਰਭੂਸੱਤਾ ਲਈ ਯਤਨਸ਼ੀਲ ਹਨ: ਪੰਜਾਬ ਵਿਚ ਅਕਾਲੀਆਂ ਦੀ ਜ਼ਬਰਦਸਤ ਰਾਜਸੀ ਸ਼ਕਤੀ ਹੈ ਅਤੇ ਉਹ ਹਰ ਬਦਲਵੀਂ ਸਰਕਾਰ ਬਨਾਉਣ ਦੀ ਸਮਰਥਾ ਰਖਦੇ ਹਨ।
ਕਿਹਾ ਜਾਂਦਾ ਹੈ ਕਿ ਗੁਰਮਤਿ ਦਾ ਜੋ ਵਰਤਮਾਨ ਸਰੂਪ ''ਗੁਰੂ ਗਰੰਥ ਅਤੇ ਪੰਥ" ਵਿਚੋਂ ਵਿਚਰ ਕੇ ਅੱਜ ਸਾਨੂੰ ਮਿਲਿਆ ਹੈ, ਉਹ ਸਿੱਖਾਂ ਦੀ ਰਾਜਸੀ ਪਰਾਪਤੀ ਲਈ ਹੈ। ਏਥੇ ਫ਼ੇਰ ਪਹਿਲਾ ਪ੍ਸ਼ਨ ਸਿਰ ਚੁੱਕਦਾ ਹੈ: ''ਸਿੱਖਾਂ ਵਲੋਂ ਰਾਜਸੀ ਤਾਕਤ ਹਾਸਲ ਕਰਨ ਦੇ ਵਿਰੁੱਧ ਕੌਣ ਹੈ?" ਰਾਜਸੀ ਸੱਤਾ ਨਿਸਚੇ ਹੀ ਮੱਨੁਖੀ ਅਤੇ ਕੁਦਰਤੀ ਸਰੋਤਾਂ ਨੂੰ ਇਕੱਤਰ ਕਰਨ ਅਤੇ ਉਹਨਾਂ ਸੁਚੱਜੀ ਵਰਤੋਂ ਦੀ ਸ਼ਕਤੀ ਦਿੰਦੀ ਹੈ। ਇਸ ਨਾਲ ਗੁਰਮਤਿ ਦਾ ਪ੍ਚਾਰ ਪ੍ਰਸਾਰ ਦੀਆਂ ਉੱਤਮ ਸੰਭਾਵਨਾਵਾਂ ਉਜਾਗਰ ਹੋਣਗੀਆਂ ਪਰ ਸਮੁੱਚੇ ਸਿੱਖ ਇਤਿਹਾਸ ਉਤੇ ਪੜਚੋਲਵੀਂ ਨਜ਼ਰ ਮਾਰ ਕੇ ਵੇਖੋ ਤਾਂ ਪਤਾ ਲਗਦਾ ਹੈ ਕਿ ਕਿਸੇ ਵੀ ਸਿੱਖ ਹਾਕਮ ਨੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬੰਦਾ ਸਿੰਘ ਬਹਾਦਰ, ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਸਭ ਨੇ ਆਪਣੇ ਰਾਜ ਪ੍ਬੰਧ ਦਾ ਆਧਾਰ ਮੁਗਲਾਂ ਦੀ ਸ਼ੈਲੀ ਨੂੰ ਹੀ ਬਣਾਇਆ। ਮਾਲਵੇ ਵਿਚ ਰਿਆਸਤੀ ਰਾਜ ਲਗਭਗ ਦੋ ਸੌ ਸਾਲ ਤਕ ਰਿਹਾ ਹੈ। ਕਿਸੇ ਇਕ ਹਾਕਮ ਦਾ ਰਾਜ ਵੀ ਗੁਰਮਤਿ ਅਨੁਸਾਰੀ ਰਿਹਾ ਹੈ?
(ਬਾਕੀ-ਕੱਲ)
ਗੁਰੂ ਕਾਲ .
ਪ੍ਮਾਤਮਾ ਦਾ ਦਰ ਘਰ
ਡਾ. ਐੱਸ. ਐੱਸ. ਕਪੂਰ ਦੀ ਪੁਸਤਕ ''ਸਿੱਖ ਧਰਮ ਅਤੇ ਸਿੱਖ" ਦੇ ਹਵਾਲੇ ਨਾਲ ਦਸਿਆ ਜਾਂਦਾ ਹੈ ਕਿ ਗੁਰਮਤਿ ਸਭਿਆਚਾਰ ਦੀ ਨੀਂਹ ਰਖਣ ਵਾਲੇ ਗੁਰੂ ਬਾਬਾ ਨਾਨਕ ਦੇਵ ਜੀ ਨੇ 23 ਅਗਸਤ, 1507 ਈਸਵੀ ਦੇ ਦਿਨ ਪ੍ਮਾਤਮਾ ਦੇ ਦਰ ਘਰ ਦੇ ਦਰਸ਼ਨ ਕੀਤੇ।ਦਸਿਆ ਗਿਆ ਹੈ ਕਿ ਗੁਰੂ ਜੀ ਰੋਜ਼ ਅੰਮਰਿਤ ਵੇਲੇ ਇਸ਼ਨਾਨ ਕਰਨ ਵੇਂਈ ਨਦੀ 'ਤੇ ਜਾਇਆ ਕਰਦੇ ਸਨ। ਉਸ ਦਿਨ ਵੀ ਗਏ ਪਰ ਵਾਪਸ ਨਹੀਂ ਆਏ। ਸਭ ਨੇ ਸੋਚਿਆ, ਡੁੱਬ ਗਏ ਹਨ ਪਰ ਅਸਲ ਵਿਚ ਉਹ ਪ੍ਮਾਤਮਾ ਦੇ ਦਰ ਘਰ ਚਲੇ ਗਏ ਸਨ ਜਿਥੇ ਉਹਨਾਂ ਨੇ ਤਿੰਨ ਦਿਨ ਬਤੀਤ ਕੀਤੇ। ਉਥੇ ਗੁਰੂ ਜੀ ਨੂੰ ਅੰਮਰਿਤ ਦਾ ਪਿਆਲਾ ਪੀਣ ਲਈ ਦਿਤਾ ਗਿਆ।
ਗੁਰੂ ਬਾਬੇ ਨੇ ਉਥੇ ਅੱਖਾਂ ਚੁੰਧਿਆਉਣ ਵਾਲੀ ਤੇਜ਼ ਰੋਸ਼ਨੀ ਵੇਖੀ ਅਤੇ ਪ੍ਮਾਤਮਾ ਦੀ ਹੁਕਮ ਦਿੰਦੀ ਆਵਾਜ਼ ਸੁਣੀ। ਪ੍ਭੂ ਨੇ ਗੁਰੂ ਬਾਬਾ ਜੀ ਨੂੰ ਕਿਹਾ ਕਿ ਉਹ ਦੁਨੀਆਂ ਵਿਚ ਵਾਪਸ ਜਾਣ ਅਤੇ ਪਿਆਰ ਤੇ ਸ਼ਾਂਤੀ ਦਾ ਸੰਦੇਸ਼ ਦੇਣ। ਪ੍ਭੂ ਨੇ ਕਿਹਾ ਕਿ ਉਸ ਨੇ ਗੁਰੂ ਬਾਬਾ ਨਾਨਕ ਨੂੰ ਆਪਣਾ ਦੂਤ ਨਿਯੁਕਤ ਕੀਤਾ ਹੈ। ਤਿੰਨ ਦਿਨਾਂ ਪਿਛੋਂ ਉਹ ਮੁੜ ਉਥੋਂ ਹੀ ਪ੍ਗਟ ਹੋਏ ਜਿਥੋਂ ਉਹ ਗੁੰਮ ਹੋਏ ਸਨ। ਲੋਕਾਂ ਨੂੰ ਇਸ ਚਮਤਕਾਰ ਨੂੰ ਵੇਖ ਕੇ ਬੜੀ ਅਸਚਰਜਤਾ ਹੋਈ।
ਇਤਿਹਾਸਕ ਘਟਨਾ ਵਜੋਂ ਦਰਜ ਉਪਰੋਕਤ ਘਟਨਾ ਦਾ ਕੋਈ ਇਤਿਹਾਸਕ ਪਿਛੋਕੜ ਨਹੀਂ ਹੈ।
ਇਸ ਮੌਲਿਕ ਗਵਾਹੀ ਵਿਚ ਉਹਨਾਂ ਨਿੱਜੀ ਅਨੁਭਵ ਬਿਆਨ ਕੀਤੇ ਹਨ, ਨਿੱਜੀ ਜੀਵਨ ਨਹੀਂ ਦਿਤਾ। ਸਮਕਾਲੀ ਸਮਾਜ ਜ਼ਰੂਰ ਨਾਨਕ ਬਾਣੀ ਵਿਚੋਂ ਦਿਖਾਈ ਦਿੰਦਾ ਹੈ, ਗੁਰੂ ਬਾਬਾ ਆਪ ਨਜ਼ਰੀ ਨਹੀਂ ਪੈਂਦੇ।
ਦਰਅਸਲ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਬਿਆਨਦੀ ਕੋਈ ਵੀ ਸਮਕਾਲੀ, ਮੌਲਿਕ ਗਵਾਹੀ ਨਹੀਂ ਹੈ। ਗੁਰੂ ਜੀ ਦੀ ਉਚਾਰਣ ਕੀਤੀ ਬਾਣੀ ਜ਼ਰੂਰ ਗੁਰੂ ਸਾਹਿਬ ਵਿਚ ਦਰਜ ਹੈ।
ਸਮਕਾਲੀ ਲੇਖਕਾਂ ਨੇ ਗੁਰੂ ਬਾਬਾ ਨਾਨਕ ਬਾਰੇ ਕੁਝ ਲਿਖਿਆ ਹੋਵੇ, ਅਜਿਹਾ ਸਮਾਚਾਰ ਨਹੀਂ ਹੈ।
ਉਹਨਾਂ ਬਾਰੇ ਲਿਖੀ ਗਈ ਪਹਿਲੀ ਗਵਾਹੀ ਭਾਈ ਗੁਰਦਾਸ ਦੀ ਹੈ। ਭਾਈ ਗੁਰਦਾਸ ਦੀਆਂ ਰਚਨਾਵਾਂ ਦਾ ਕਾਲ 1610 ਤੋਂ 1628 ਈਸਵੀ ਤਕ ਦਾ ਹੈ ਯਾਨਿ ਗੁਰੂ ਜੀ ਤੋਂ ਲਗਭਗ ਇਕ ਸਦੀ ਪਿਛੋਂ ਭਾਈ ਗੁਰਦਾਸ ਜੀ ਨੇ ਉਹਨਾਂ ਬਾਰੇ ਕੁਝ ਲਿਖਿਆ।
ਭਾਈ ਸਾਹਿਬ ਨੇ ਵੀ ਬਾਬੇ ਦੀ ਜੀਵਨੀ ਨਹੀਂ ਲਿਖੀ, ਪ੍ਮੁੱਖ ਘਟਨਾਵਾਂ ਨੂੰ ਇਕ ਭਗਤ, ਪ੍ਸੰਸਕ ਵਜੋਂ ਬਿਆਨਿਆਂ ਹੈ।
ਗੁਰੂ ਨਾਨਕ ਦੇਵ ਜੀ ਸਬੰਧੀ ਬਹੁਤ ਸਾਰੀਆਂ ਜਨਮ ਸਾਖੀਆਂ ਲਿਖੀਆਂ ਮਿਲਦੀਆਂ ਹਨ। ਹਰੇਕ ਜਨਮ ਸਾਖੀ ਇਹ ਦਾਅਵਾ ਕਰਦੀ ਹੈ ਕਿ ਉਹ ਸਭ ਤੋਂ ਪੁਰਾਤਨ ਹੈ ਅਤੇ ਗੁਰੂ ਬਾਬੇ ਦੇ ਜੀਵਨ ਨੂੰ ਸਾਖੀਕਾਰ ਨੇ ਆਪ ਵੇਖ ਕੇ ਲਿਖਿਆ ਹੈ ਪਰ ਇਤਿਹਾਸਕਾਰਾਂ ਨੇ ਇਹ ਸਿੱਧ ਕਰ ਦਿਤਾ ਹੈ ਕਿ ਕੋਈ ਵੀ ਜਨਮ ਸਾਖੀ ਸਿੱਖ ਰਾਜ ਦੀ ਸਥਾਪਤੀ ਤੋਂ ਪਹਿਲਾ ਦੀ ਨਹੀਂ ਹੈ।
ਭਾਈ ਬਾਲੇ ਦੀ ਜਨਮ ਸਾਖੀ ਸਬੰਧੀ ਪ੍ਸਿੱਧ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ, ਜਿਹੜਾ ਉਦਾਸੀਆਂ ਸਮੇਂ ਗੁਰੂ ਜੀ ਦੀ ਸੰਗਤ ਵਿਚ ਸੀ, ਕੋਲੋਂ ਸਾਖੀਆਂ ਸੁਣ ਕੇ ਪੈੜੇ ਮੋਖੇ ਤੋਂ ਜਨਮ ਸਾਖੀ ਲਿਖਵਾਈ ਪਰ ਇਤਿਹਾਸਕ ਤੱਥ ਦਸਦੇ ਹਨ ਕਿ ਭਾਈ ਬਾਲਾ ਨਾਂ ਦਾ ਕੋਈ ਵਿਅਕਤੀ ਹੋਇਆ ਹੀ ਨਹੀਂ। ਗੁਰੂ ਬਾਬੇ ਨਾਲ ਸਿਰਫ਼ ਭਾਈ ਮਰਦਾਨਾ ਸੀ। ਮਰਦਾਨਾ ਕਿਉਂਕਿ ਮੁਸਲਮਾਨ ਸੀ, ਇਸ ਲਈ ਗੁਰੂ ਬਾਬੇ ਨਾਲ ਇਕ ਹਿੰਦੂ ਦਾ ਹੋਣਾ ਵੀ ਜ਼ਰੂਰੀ ਸੀ। ਇਸੇ ਲਈ ਭਾਈ ਬਾਲਾ ਦਾ ਪਾਤਰ ਸਿਰਜਿਆ ਗਿਆ।
ਗੁਰੂ ਬਾਬੇ ਦੀਆਂ ਸਾਖੀਆਂ ਦਾ ਅਸਲ ਆਧਾਰ ਨਾਨਕਬਾਣੀ ਹੈ। ਇਸ ਪੱਵਿਤਰ ਬਾਣੀ ਵਿਚ ਜੋ ਵੀ ਉਦਾਹਰਨਾਂ ਆਈਆਂ ਹਨ, ਉਹ ਸਭ ਜਨਮ-ਸਾਖੀਆਂ ਵਿਚ ਘਟਨਾਵਾਂ ਬਣ ਕੇ ਆਈਆਂ ਹਨ। ਇਹ ਪ੍ਚਾਰਕਾਂ ਦਾ ਮਾਇਆ ਜਾਲ ਹੈ, ਇਸ ਤੋਂ ਵੱਧ ਕੁਝ ਨਹੀਂ। ਉਦਾਹਰਨਾਂ ਲੈਣੀਆਂ ਹੋਣ ਤਾਂ ਪੱਟੀ ਨਾਮਕ ਬਾਣੀ ਤੋਂ ਬਾਲ-ਗੁਰੂ ਬਾਬੇ ਨੂੰ ਪਾਂਧੇ ਕੋਲ ਪੜਣ ਭੇਜਿਆ ਗਿਆ। ਉਥੇ ਬਾਲਕ ਵਲੋਂ ਅਧਿਆਪਕ ਨੂੰ ਪੜਾਉਣ ਦੀ ਕਰਾਮਾਤ ਵਾਪਰੀ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ॥
(ਗੁ.ਗ੍ੰ.ਸਾ., ਅੰਕ 471)
ਤੋਂ ਜਨੇਊ ਨਾ ਪਹਿਨਣ ਦੀ ਸਾਖੀ ਰਚੀ ਗਈ। ਜੋਗੀਆਂ ਨਾਲ ਸਬੰਧਤ ਸਾਖੀਆਂ ''ਸਿੱਧ ਗੋਸ਼ਟਿ" ਵਿਚੋਂ ਬਣੀਆਂ ਹਨ।
ਪ੍ਮਾਤਮਾ ਦੇ ਦਰ ਘਰ ਜਾਣ ਦੀ ਸਾਖੀ ਦਾ ਆਧਾਰ ''ਸੋ ਦਰੁ ..." ਬਾਣੀ ਹੈ।
ਰਾਗ ਆਸਾ ਵਿਚ ਉਚਾਰਣ ਕੀਤੀ ਗਈ ਇਸ ਬਾਣੀ ਵਿਚ ਸਾਹਿਤਕ ਅਤੇ ਸਭਿਆਚਾਰਕ ਪਖੋਂ ਅਨੇਕਾਂ ਗੁਣ ਹਨ।
ਗੁਰੂ ਬਾਬੇ ਦਾ ਵਿਚਾਰ ਪੇਸ਼ ਕਰਨ ਦਾ ਢੰਗ ਵੀ ਨਿਰਾਲਾ ਸੀ। ਉਹ ਪਹਿਲਾਂ ਸੁਆਲ ਕਰਦੇ, ਫੇਰ ਉਸ ਦਾ ਸਟੀਕ ਜੁਆਬ ਦਿੰਦੇ ਅਤੇ ਲੋੜ ਪੈਂਦੀ ਤਾਂ ਵਿਸਥਾਰ ਵਿਚ ਵੀ ਜਾਂਦੇ।
ਜਪੁ ਦੀ ਮਿਸਾਲ ਸਾਹਮਣੇ ਹੈ। ਉਹ ਸੁਆਲ ਕਰਦੇ ਹਨ: ''ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥" ਫੇਰ ਜੁਆਬ ਦਿੰਦੇ ਹਨ ''ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥"
ਏਸੇ ਤਰਾਂ ਦੇ ਸੁਆਲ ਉਹਨਾਂ ''ਜਪੁ" ਦੀ ਚੌਥੀ ਪਉੜੀ ਵਿਚ ਕੀਤੇ ਹਨ: ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰ॥
ਇਸੇ ਤਰਾਂ ਗੁਰੂ ਬਾਬੇ ਨੇ ਪ੍ਮਾਤਮਾ ਦੇ ਦਰ ਘਰ ਸਬੰਧੀ ਪ੍ਸ਼ਨ ''ਸੋ ਦਰੁ" ਦੀ ਬਾਣੀ ਵਿਚ ਕੀਤਾ ਹੈ: ਸੋ ਦੁਰ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਬਾਬੇ ਦਾ ਸੰਦੇਸ਼ ਸਪਸ਼ਟ ਹੈ ਕਿ ਪ੍ਭੂ ਨਿਰਆਕਾਰ ਹੈ:
ਕੁਦਰਤਿ ਕਵਣ ਕਹਾ ਵਿਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
ਸਭ ਕੁਝ ਕਰਨ ਕਰਾਵਣਹਾਰ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ:
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਾਤਿ ਸਾਹਿਬੁ
ਨਾਨਕ ਰਹਣੁ ਰਜਾਈ॥
ਉਸ ਨੇ ਹੀ ਤਰਾਂ ਤਰਾਂ ਦੀ ਰਚਨਾ ਕੀਤੀ ਹੈ:
ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ
ਜਿਵ ਤਿਸ ਦੀ ਵਡਿਆਈ॥
ਉਹ ਇਸ ਸ਼ਰਿਸ਼ਟੀ ਵਿਚ ਰਮਿਆ ਹੋਇਆ ਹੈ। ਉਹੀ ਸਚਾ ਹੈ, ਸਥਿਰ ਰਹਿਣਾ ਵਾਲਾ ਹੈ:
ਸੋਈ ਸੋਈ ਸਦਾ ਸਚੁ ਸਾਹਿਬ
ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ
ਰਚਨਾ ਜਿਨਿ ਰਚਾਈ॥
ਪਰ ਇਸ ਸੰਦੇਸ਼ ਨੂੰ ਸਪਸ਼ਟ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਜੋ ਤਰੀਕਾ ਵਰਤਿਆ ਹੈ, ਉਹ ਇਕ ਦਰਬਾਰ ਰਚਣ ਵਾਲਾ ਹੈ। ਇਸ ਦਰਬਾਰ ਵਿਚ ਸਾਰੇ ਮੌਜੂਦ ਹਨ, ਉਸ ਦੀ ਮਹਿਮਾ ਕਰ ਰਹੇ ਹਨ, ਉਸ ਦੀ ਵਡਿਆਈ ਕਰ ਰਹੇ ਹਨ। ਉਹ ਸਚਮੁਚ ਵੱਡਾ ਹੈ, ਸਭ ਤੋਂ ਵੱਡਾ ਹੈ।
ਇਸ ਦਰਬਾਰ ਨੂੰ ਆਧਾਰ ਬਣਾ ਕੇ ਆਪਣੇ ਮਿਥਿਹਾਸ ਨੂੰ ਇਤਿਹਾਸ ਬਨਾਉਣ ਦੇ ਯਤਨ ਬਹੁਤ ਲੋਕਾਂ ਨੇ ਕੀਤੇ ਹਨ ਪਰ ਇਹ ਕੋਈ ਨਹੀਂ ਦਸ ਸਕਿਆ ਕਿ ਨਿਰੰਕਾਰ ਦਾ ਘਰ ਕਿਹੜਾ ਹੋ ਸਕਦਾ ਹੈ। ਆਕਾਰ ਹੀ ਨਹੀਂ ਤਾਂ ਸਮਾਉਣ, ਰਹਿਣ ਲਈ
ਦਰਬਾਰ ਕਿਹੇ? ਕਿਸੇ ਦਾ ਰੱਬ ਸਤਵੇਂ ਆਸਮਾਨ 'ਤੇ ਰਹਿੰਦਾ ਹੈ, ਕਿਸੇ ਦਾ ਨੌਵੇਂ 'ਤੇ! ਵਿਗਿਆਨ ਦੀ ਮੰਨੀਏ ਤਾਂ ਆਸਮਾਨ ਇਕ ਛਲਾਵਾ ਹੈ, ਅੱਖਾਂ ਦਾ ਧੋਖਾ ਹੈ।
ਪੂਜਾ ਦਾ ਧਾਨ ਖਾਣ ਵਾਲਿਆਂ ਲਈ ਰੱਬ ਸਚਖੰਡ ਕਹੇ ਜਾਂਦੇ ਧਰਮ ਅਸਥਾਨਾਂ ਵਿਚ ਵੱਸਦਾ ਹੈ ਪਰ ਗੁਰੂ ਬਾਬਾ ਨਾਨਕ ਦਾ ਪ੍ਭੂ ਘਟ ਘਟ ਵਿਚ ਵੱਸਦਾ ਹੈ: ਇਹੀ ਪ੍ਭੂ ਦਾ ਦਰ ਘਰ ਹੈ:
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ॥ (ਅੰਕ 469)
ਘਟ ਘਟ ਅੰਤਰਿ ਬ੍ਹਮ ਲੁਕਾਇਆ
ਘਟਿ ਘਟਿ ਜੋਤ ਸਬਾਈ॥
(ਅੰਕ 597)
ਮਾਤਾ ਲਾਡਿਕੀ-3 .
ਦੁਚਿੱਤੀ
''ਦਰਬਾਰ 'ਚ ਜਾ ਕੇ ਮੇਰੀ ਭਟਕਣ ਵੱਧ ਜਾਂਦੀ ਹੈ। ਮੈਨੂੰ ਸਮਝ ਨਹੀਂ ਪੈਂਦੀ ਕਿ ਅਸੀਂ ਕਰ ਕੀ ਰਹੇ ਹਾਂ। ਇਹ ਹੋ ਕੀ ਰਿਹਾ ਹੈ?" ''ਇਹੋ ਜਿਹਾ ਕੀ ਕਰ ਰਹੇ ਹਾਂ ਅਸੀਂ ਜਿਸ ਨਾਲ ਤੂੰ ਬੇਚੈਨ ਹੋ ਜਾਂਦੀ ਹੈ?" ਮਾਂ ਨੇ ਧੀ ਤੋਂ ਜਾਨਣਾ ਚਾਹਿਆ।
''ਸਭ ਤੋਂ ਪਹਿਲਾਂ ਦਾ ਇਹੀ ਪਤਾ ਨਹੀਂ ਲੱਗਦਾ ਕਿ ਅਸੀਂ ਪੈਰੋਕਾਰ ਕਿਸ ਦੇ ਹਾਂ, ਸਾਡਾ ਧਰਮ ਕੀ ਹੈ।" ਲਾਡਿੱਕੀ ਦੇ ਦੋ ਟੁੱਕ ਕਿਹਾ। ''ਗੁਰੂ ਦੇ ਸਿੱਖ ਹਾਂ ਅਸੀਂ।" ਮਾਤਾ ਨੇ ਇਸ ਲਹਿਜੇ 'ਚ ਕਿਹਾ ਜਿਵੇਂ ਲਾਡਿੱਕੀ ਦੀ ਬੇਸਮਝੀ ਨੂੰ ਦੂਰ ਕਰਨਾ ਸੌਖਾ ਹੋਵੇ, ''ਗੁਰਬਾਣੀ ਪੜ੍ਹਦੇ ਹਾਂ। ਸਵੇਰੇ ਸ਼ਾਮ ਪ੍ਰਭੂ ਦੀ ਉਚਾਰੀ ਬਾਣੀ ਸੁਣਦੇ, ਗਾਉਂਦੇ ਹਾਂ।"
''ਪੜ੍ਹਦੇ ਸੁਣਦੇ ਹੀ ਹਾਂ, ਉਸ ਉਤੇ ਅਮਲ ਤਾਂ ਨਹੀਂ ਕਰਦੇ।" ਲਾਡਿੱਕੀ ਨੇ ਰੋਸ ਪੂਰਵਕ ਕਿਹਾ, ''ਗੁਰਬਾਣੀ ਵਿਚ ਕਿਹਾ ਗਿਆ ਹੈ ਕਿ ਇਸ ਦੁਨੀਆਂ ਨੂੰ ਬਨਾਉਣ ਅਤੇ ਚਲਾਉਣ ਵਾਲਾ ਨਿਰੰਕਾਰ ਹੈ, ਉਸ ਦਾ ਕੋਈ ਰੰਗ, ਰੂਪ, ਆਕਾਰ ਨਹੀਂ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਸਚੁ ਖੰਡਿ ਵਸੈ ਨਿਰੰਕਾਰ॥
ਕਰਿ ਕਰਿ ਵੇਖੈ ਨਦਰਿ ਨਿਹਾਲ॥
ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:
ਸਤਿ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰਾ॥
ਆਪੁ ਛੋਡਿ ਸਭ ਹੋਇ ਹੋਇ ਰੈਣਾ॥
ਜਿਸ ਦੇਇ ਪ੍ਰਭੂ ਨਿਰੰਕਾਰਾ
(ਅੰਕ-52)
ਦਸਮ ਪਾਤਸ਼ਾਹ ਨੇ ਸਪੱਸ਼ਟ ਫ਼ਰਮਾਇਆ ਹੈ:
ਨਾਮ ਠਾਮ ਨ ਜਾਤ ਜਾਕਰ ਰੰਗ ਰੂਪ ਨ ਰੇਖ॥
ਆਦਿ ਪੁਰਖੁ ਉਦਾਰ ਮੂਰਤਿ ਅਜੋਨਿ ਆਦਿ ਅਸੇਖ॥
ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ॥
ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥
(ਜਾਪੁ, 80 ਪਾਉੜੀ)
ਪਰ ਅਸੀਂ ਉਸ ਨੂੰ ਮੂਰਤੀਆਂ ਵਿਚ ਬਦਲ ਲਿਆ ਹੈ ਅਤੇ ਮੂਰਤੀਆਂ ਪੂਜਣ ਲੱਗ ਪਏ ਹਾਂ।" ਲਾਡਿੱਕੀ ਥੋੜ੍ਹੀ ਦੇਰ ਚੁੱਪ ਕਰ ਗਈ ਤਾਂ ਕਿ ਮਾਂ ਬੋਲ ਸਕੇ ਪਰ ਮਾਤਾ ਤਾਂ ਧੀ ਦੀਆਂ ਗੱਲਾਂ ਸੁਣ ਕੇ ਜਿਵੇਂ ਪਥਰਾਈ ਗਈ ਸੀ। ਉਹ ਕੁਝ ਬੋਲਣ ਦੀ ਥਾਂ ਬਿਟਰ ਬਿਟਰ ਲਾਡਿੱਕੀ ਦੇ ਚਿਹਰੇ ਵੱਲ ਵੇਖੀ ਗਈ।
ਜਦੋਂ ਲਾਡਿੱਕੀ ਨੇ ਵੇਖਿਆ ਕਿ ਮਾਂ ਕੁਝ ਬੋਲੇਗੀ ਨਹੀਂ ਤਾਂ ਉਸ ਫਿਰ ਕਿਹਾ, ''ਗੁਰਬਾਣੀ ਪੜ੍ਹ ਕੇ ਇੰਝ ਲੱਗਦਾ ਹੈ ਜਿਵੇਂ ਇਹ ਗੁਰੂ ਦਾ ਦਰਬਾਰ ਨਹੀਂ। ਦਰਬਾਰ ਵਿਚ ਗਿਆਂ ਪਹਿਲਾਂ ਸੀਤਾ ਰਾਮ, ਕ੍ਰਿਸ਼ਨ, ਸ਼ਿਵ, ਦੁਰਗਾ ਦੀਆਂ ਮੂਰਤੀਆਂ ਦਿਸਦੀਆਂ ਹਨ। ਉਨ੍ਹਾਂ ਦੇ ਮੰਦਰ ਬਣੇ ਹੋਏ ਹਨ ਜਦ ਕਿ ਗੁਰੂ ਬਾਬਾ ਨਾਨਕ ਕਹਿੰਦੇ ਹਨ ਕਿ ਪ੍ਰਮਾਤਮਾ ਤਾਂ ਇੱਕ ਹੈ, ਉਹੀ ਸੱਚਾ ਹੈ, ਕਰਨ ਕਰਾਵਣਹਾਰ ਹੈ। ਉਸੇ ਦਾ ਨਾਮ ਜਪਣਾ ਚਾਹੀਦਾ ਹੈ ਪਰ ਅਸੀਂ ਤਾਂ ਸਭ ਤੋਂ ਪਹਿਲਾਂ ਮੂਰਤੀਆਂ ਪੂਜਦੇ ਹਾਂ। ਬਾਬਾ ਤਾਂ ਇਨ੍ਹਾਂ ਮੂਰਤੀਆਂ ਨੂੰ ਭਿਖਾਰੀਆਂ ਦੀਆਂ ਦੱਸਦੇ ਹਨ, ਇਨ੍ਹਾਂ ਨੂੰ ਅਸਹਾਇ ਦਰਸਾਇਆ ਗਿਆ ਹੈ:
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥
ਮਾਨੇ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਹੁ ਕਿਆ ਦੇਹਿ॥
ਪਾਹੁਣ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥
ਮੈਂ ਗਿਆਨੀ ਜੀ ਨੂੰ 'ਹੁਕਮਿ' ਬਾਰੇ ਵਾਰ-ਵਾਰ ਪੁੱਛਿਆ ਹੈ। ਉਹ ਇਸ ਨੂੰ ਰੱਬ ਦੀ ਮਰਜ਼ੀ ਕਹਿੰਦੇ ਹਨ ਪਰ ਰੱਬ ਤਾਂ ਨਿਰੰਕਾਰ ਹੈ, ਉਸ ਦੀ ਮਰਜ਼ੀ ਕੀ ਹੋ ਸਕਦੀ ਹੈ? ਗਿਆਨੀ ਜੀ ਨੂੰ ਪੁੱਛੋ ਤਾਂ ਉਹ ਵੇਦਾਂ ਦੇ ਹਵਾਲੇ ਦੇਣ ਲੱਗ ਜਾਂਦੇ ਹਨ। ਉਨ੍ਹਾਂ ਨੂੰ ਬੜੀ ਵਾਰ ਕਿਹਾ ਹੈ ਕਿ ਬਾਣੀ ਦੇ ਅਰਥ ਬਾਣੀ ਦੇ ਹਵਾਲਿਆਂ ਨਾਲ ਹੀ ਦੱਸਿਆ ਕਰੋ ਪਰ ਉਹ ਮੰਨਦੇ ਹੀ ਨਹੀਂ।"
''ਧੀਏ! ਸਾਡੀ ਤਾਂ ਪਰੰਪਰਾ ਇੰਝ ਹੀ ਚੱਲਦੀ ਆਈ ਹੈ। ਸਾਡੇ ਲਈ ਤਾਂ ਗੁਰੂ, ਕ੍ਰਿ਼ਸ਼ਨ, ਰਾਮ, ਰਹੀਮ ਸਭ ਇੱਕ ਹਨ, ਰੱਬ ਹਨ। ਅਸੀਂ ਤਾਂ ਸਭ ਨੂੰ ਨਮਸਕਾਰ ਕਰਦੇ ਹਾਂ, ਉਨ੍ਹਾਂ ਦੀ ਮਿਹਰ ਮੰਗਦੇ ਹਾਂ। ਹੋਰ ਅਸੀਂ ਕੀ ਕਰਨਾ ਹੈ? ਤੇਰੇ ਤਾਂ ਪਿਤਾ ਜੀ ਨੂੰ ਬਥੇਰਾ ਕਿਹਾ ਸੀ ਕਿ ਧੀ ਨੂੰ ਵਧੇਰੇ ਪੜ੍ਹਾਉ ਨਾਂਹ ਪਰ ਉਹ ਨਹੀਂ ਮੰਨੇ। ਹੁਣ ਸਾਥੋਂ ਬਹੁਤ ਵਧੇਰੇ ਪੜ੍ਹੀਂ ਹੈਂ, ਤੇਰੇ ਸਵਾਲਾਂ ਦਾ ਜਵਾਬ ਮੈਂ ਕੀ ਦਿਆਂ? ਪਰ ਧੀਏ ਦਰਬਾਰ ਜਾਇਆ ਕਰ।"
''ਦਰਬਾਰ ਗਿਆਂ ਇੰਝ ਲਗਦਾ ਹੈ ਜਿਵੇਂ ਇਹ ਕੋਈ ਦੁਕਾਨ ਹੋਵੇ ਜਿਥੇ ਹਰ ਗਾਹਕ ਲਈ ਸੌਦਾ ਰੱਖਿਆ ਗਿਆ ਹੋਵੇ। ਜਿਹੜਾ ਰਾਜ ਪੂਜਕ ਹੈ, ਉਹ ਵੀ ਆ ਜਾਵੇ-ਸਾਡੇ ਕੋਲ ਸੀਤਾ ਰਾਮ ਦੀਆਂ ਮੂਰਤੀਆਂ ਹੈਨ, ਸਾਡੇ ਕੋਲ ਸ਼ਿਵ ਦਾ ਮੰਦਰ ਵੀ ਹੈ, ਮਾਤਾ ਦੇ ਭਗਤਾਂ ਲਈ ਵੀ ਸਾਮਾਨ ਹੈ। ਜਿਹੜਾ ਬਾਬਾ ਨਾਨਕ ਦਾ ਸਿੱਖ ਹੈ, ਉਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਾਂ, ਸਮੇਂ ਤੇ ਕੀਰਤਨ ਵੀ ਹੁੰਦਾ, ਸ਼ਬਦ ਵੀ ਪੜ੍ਹੇ ਜਾਂਦੇ ਹਨ। ਇਥੇ ਸਤਿਸੰਗ ਵੀ ਹੁੰਦਾ ਹੈ, ਰਮਾਇਣ ਵੀ ਪੜ੍ਹੀ ਜਾਂਦੀ ਹੈ, ਗੀਤਾ ਦੀ ਵਿਆਖਿਆ ਵੀ ਹੁੰਦੀ ਹੈ ਪਰ ਜੋ ਕੁਝ ਵੀ ਕਿਹਾ ਸੁਣਿਆ ਜਾਂਦਾ ਹੈ, ਉਸ ਉਤੇ ਅਮਲ ਬਿਲਕੁਲ ਨਹੀਂ ਹੁੰਦਾ।"
''ਕਿਉਂ?"
''ਅਸੀਂ ਇਸਤਰੀ ਨੂੰ ਮਹਾਨ ਕਹਿੰਦੇ ਹਾਂ, ਉਸ ਨੂੰ ਰਾਜਿਆਂ ਰਾਣਿਆਂ ਦੀ ਜਨਮਦਾਤੀ ਕਹਿੰਦੇ ਹਾਂ ਪਰ ਘਰਾਂ ਵਿਚ ਉਨ੍ਹਾਂ ਨੂੰ ਕੈਦ ਕਰ ਕੇ ਰੱਖਦੇ ਹਾਂ। ਬਾਹਰ ਦੀ ਹਵਾ ਤੱਕ ਨਹੀਂ ਲੱਗਣ ਦਿੰਦੇ। ਘਰ ਵਿਚ ਬੈਠੀ ਉਹ ਮਰਦ ਦੀ ਉਡੀਕ ਕਰੇ, ਉਸ ਦੀ ਰੋਟੀ ਬਣਾਵੇ। ਉਸ ਦਾ ਪਰਿਵਾਰ ਚਲਾਵੇ-ਕੀ ਹੈਸੀਅਤ ਹੈ ਉਸ ਦੀ? ਨੌਕਰ ਤੋਂ ਵੀ ਗਈ ਗੁਜ਼ਰੀ-ਨੌਕਰ ਨੂੰ ਤਾਂ ਵਟਾਈ ਵਿਚੋਂ ਹਿੱਸਾ ਮਿਲਦਾ ਹੈ ਪਰ ਸੁਆਣੀ ਨੂੰ ਉਹ ਵੀ ਨਹੀਂ। ਮਰਦ ਦੀ ਮਰਜ਼ੀ ਹੋਵੇ ਤਾਂ ਕਿੰਨੀਆਂ ਵੀ ਸ਼ਾਦੀਆਂ ਕਰ ਲਵੇ, ਇਸਤਰੀ ਨੂੰ ਉਸ ਦੇ ਮਰੇ ਨਾਲ ਸੜਨਾ ਪੈਂਦਾ ਹੈ, ਨਹੀਂ ਤਾਂ ਸਾਰੀ ਉਮਰ ਦਾ ਰੰਡੇਪਾ, ਗਾਲੀ, ਗਲੋਚ। ਤੁਸੀਂ ਮੈਨੂੰ ਲੰਗਰ ਤਿਆਰ ਕਰਨ 'ਚ ਲਾ ਦਿੰਦੇ ਓ, ਵਰਤਾ ਨਹੀਂ ਸਕਦੀ। ਘਰ 'ਚ ਪਾਠ ਕਰ ਸਕਦੀ ਹਾਂ, ਦਰਬਾਰ 'ਚ ਜਾ ਕੇ ਵਾਕ ਨਹੀਂ ਲੈ ਸਕਦੀ, ਕੀਰਤਨ ਨਹੀਂ ਕਰ ਸਕਦੀ। ਕੁੜੀਆਂ ਦੀ ਮੁੰਡਿਆਂ ਨਾਲ ਕੀ ਬਰਾਬਰੀ? ਜਦ ਕਿ ਗੁਰਬਾਣੀ ਵਿਚ ਇਸਤਰੀ ਨੂੰ ਕਿੰਨਾ ਮਹਾਨ ਦੱਸਿਆ ਗਿਆ ਹੈ। ਬਾਬਾ ਜੀ ਦੀ ਬਾਣੀ ਨੂੰ ਦੁਹਾਰਾਇਆ ਜਾਂਦਾ ਹੈ:
''ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ॥"
ਪਰ ਅਸੀਂ ਉਸ ਨੂੰ ਹਰ ਸਮੇਂ ਦੁਰਕਾਰਦੇ ਹਾਂ।"
''ਇਹ ਸਭ ਚਿਰਾਂ ਤੋਂ ਚਲਦਾ ਆ ਰਿਹਾ ਹੈ, ਧੀਏ। ਅਸੀਂ ਕੀ ਕਰ ਸਕਦੇ ਹਾਂ?"
''ਇਹੀ ਤਾਂ ਮੈਂ ਕਹਿੰਦੀ ਹਾਂ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸਮਝਦੇ ਨਹੀਂ, ਉਸ ਉਤੇ ਅਮਲ ਨਹੀਂ ਕਰਦੇ।"
''ਕਿਵੇਂ ਕਰੀਏ? ਅਸੀਂ ਕਾਹਦੇ ਜੋਗੇ ਹਾਂ?"
''ਜੋ ਗਲਤ ਹੋ ਰਿਹਾ ਹੈ, ਉਸ ਨੂੰ ਨਾ ਕਰੀਏ। ਇਹੀ ਹੱਲ ਹੈ।"
''ਸਾਨੂੰ ਕੀ ਪਤਾ ਕੀ ਗਲਤ ਹੈ, ਕੀ ਠੀਕ ਹੈ। ਅਸੀਂ ਤਾਂ, ਬੱਸ ਜੋ ਕੁਝ ਹੁੰਦਾ ਆਇਆ ਹੈ, ਉਹੀ ਕਰਦੇ ਜਾਂਦੇ ਹਾਂ।"
''ਜੇ ਸਿੱਖ ਹੋ, ਗੁਰਮਤਿ ਨੂੰ ਮੰਨਦੇ ਹੋ, ਗੁਰਬਾਣੀ ਦੇ ਸੱਚ ਨੂੰ ਸਵੀਕਾਰਦੇ ਹੋ, ਤਾਂ ਜੋ ਗੁਰਬਾਣੀ ਵਿਚ ਕਿਹਾ ਗਿਆ ਹੈ, ਉਹੀ ਕਰੋ। ਜਿਸ ਚੀਜ਼ ਲਈ ਗੁਰਬਾਣੀ ਵਿਚ ਮਨ੍ਹਾ ਕੀਤਾ ਗਿਆ ਹੈ, ਉਹ ਨਾ ਕਰੋ। ਏਨੀ ਗੱਲ ਹੈ।"
''ਕੀ ਕਿਹਾ ਗਿਆ ਹੈ ਗੁਰਬਾਣੀ ਵਿਚ?"
''ਗੁਰਬਾਣੀ ਵਿਚ ਰੱਬ ਨੂੰ ਨਿਰੰਕਾਰ ਕਿਹਾ ਗਿਆ ਹੈ: ਤੁਸੀਂ ਰੋਜ਼ ਜਪੁ ਵਿਚ ਪੜ੍ਹਦੇ ਹੋ:
''ਕੁਦਰਤ ਕਵਣੁ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤ ਨਿਰੰਕਾਰ॥"
ਪਰ ਫੇਰ ਵੀ ਦੇਹਧਾਰੀਆਂ ਨੂੰ ਗੁਰੂ ਮੰਨਦੇ ਹੋ, ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ, ਦੇਵੀ ਦੇਵਤੇ ਘੜ ਕੇ ਉਨ੍ਹਾਂ ਦੀ ਪੂਜਾ ਕਰਦੇ ਓ, ਇਹ ਤਾਂ ਨਹੀਂ ਕਰਨਾ ਚਾਹੀਦਾ।"
''ਤੂੰ ਮਹਾਪੁਰਖਾਂ ਦੀ ਸ਼ਾਨ ਵਿਰੁੱਧ ਬੋਲ ਰਹੀ ਹੈਂ। ਤੈਨੂੰ ਇਹ ਸਭ ਕਿਸੇ ਨੇ ਸਿੱਖਾ ਦਿੱਤਾ, ਧੀਏ? ਇੰਝ ਤਾਂ ਸੋਚਣਾ ਵੀ ਪਾਪ ਹੈ। ਉਨ੍ਹਾਂ ਦਾ ਸਰਾਪ ਲੱਗ ਜੂ।"
''ਮੈਂ ਸਭ ਕੁਝ ਗੁਰਬਾਣੀ ਤੋਂ ਸਿੱਖਿਆ ਹੈ। ਗੁਰਬਾਣੀ ਵਿਚ ਅਕਾਲ ਪੁਰਖ ਨੂੰ ''ਆਪੇ ਕਰਨ ਕਰਾਵਣਹਾਰ" ਦੱਸਿਆ ਗਿਆ ਹੈ। ਸਿਰੀ ਰਾਗ ਵਿਚ ਲਿਖਿਆ ਹੈ:
''ਕਰਤਾ ਸਭੁ ਕੋ ਤੇਰੈ ਜੋਰਿ॥
ਏਕ ਸ਼ਬਦ ਵੀਚਾਰੀਐ ਜਾ ਤੂ ਤਾ ਕਿਆ ਹੋਰ॥"
''ਪਰ ਧੀਏ! ਗੁਰੂਆਂ ਵਿਰੁੱਧ ਤਾਂ ਕਿਸੇ ਕੁਝ ਨਹੀਂ ਕਿਹਾ। ਤੈਨੂੰ ਵੀ ਉਨ੍ਹਾਂ ਸਬੰਧੀ ਮਾੜਾ ਨਹੀਂ ਸੋਚਣਾ ਚਾਹੀਦਾ।"
''ਕਿਨ੍ਹਾਂ ਗੁਰੂਆਂ ਦੀ ਗੱਲ ਕਰਦੇ ਓ, ਮਾਤਾ ਜੀ? ਏਹ ਤਾਂ ਸਿੱਖ ਗੁਰੂਆਂ ਦੇ ਵੰਸ਼ਜ਼ ਹੋਣ ਦਾ ਲਾਭ ਲੈ ਰਹੇ ਹਨ। ਇਨ੍ਹਾਂ ਦਾ ਗੁਜ਼ਾਰਾ ਸੰਗਤਾਂ ਦੀ ਮਾਇਆ ਭੇਟਾ 'ਤੇ ਚੱਲਦਾ ਹੈ। ਜਿਹੜੇ ਕਿਰਤ ਕਰਕੇ ਪਰਿਵਾਰ ਨਹੀਂ ਪਾਲਦੇ ਗੁਰੂ ਬਾਬਾ ਨਾਨਕ ਤਾਂ ਉਨ੍ਹਾਂ ਨੂੰ ਸਿੱਖ ਵੀ ਨਹੀਂ ਮੰਨਦੇ। ਆਸਾ ਦੀ ਵਾਰ ਵਿਚ ਅਸੀਂ ਰੋਜ਼ ਪੜ੍ਹਦੇ ਹਾਂ:
''ਵਾਇਨ ਚੇਲੇ ਨਚਨਿ ਗੁਰ॥
ਪੈਰ ਹਲਾਇਨ ਫੇਰਨਿ ਸਿਰੁ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕ ਹਸੈ ਘਰ ਜਾਇ॥
ਰੋਟੀਆਂ ਕਾਰਣ ਪੂਰਹਿ ਤਾਲਿ॥
ਆਪ ਪਛਾੜਹਿ ਧਰਤੀ ਨਾਲਿ॥"
ਬਾਬਾ ਨਾਨਕ ਨੇ ਤਾਂ ਕਿਹਾ ਹੈ ਕਿ ਕਿਰਤ ਕਰੋ, ਵੰਡ ਕੇ ਛਕੋ। ਮੰਗਣ ਨੂੰ ਤਾਂ ਉਨ੍ਹਾਂ ਮਨ੍ਹਾਂ ਕੀਤਾ ਹੈ:
''ਗੁਰੂ ਪੀਰ ਸਦਾਏ ਮੰਗਣ ਜਾਇ॥
ਤਾ ਕੇ ਮੂਲਿ ਨ ਲਗੀਐ ਪਾਇ॥
ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਗਹੁ ਪਛਾਣਹਿ ਸੇਇ॥"
''ਠੀਕ ਹੋਵੇਗਾ ਪਰ ਗੁਰੂਆਂ ਪੀਰਾਂ ਨੂੰ ਇੰਝ ਨਹੀਂ ਕਹੀਦਾ। ਪਾਪ ਲੱਗਦਾ ਹੈ।"
''ਮਾਤਾ ਜੀ, ਸਭ ਤੋਂ ਵੱਡਾ ਪਾਪ ਤਾਂ ਅਗਿਆਨਤਾ ਹੁੰਦੀ ਹੈ: ''ਅੰਧੀ ਰਯਤਿ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ॥" ਇਸ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗੁਰਬਾਣੀ ਤੋਂ ਰੌਸ਼ਨੀ ਲਈਏ। ਗੁਰਬਾਣੀ ਨੂੰ ਪੜ੍ਹੀਏ ਅਤੇ ਸਮਝ ਕੇ, ਉਸ ਉਪਰ ਅਮਲ ਕਰੀਏ। ਗੁਰਬਾਣੀ ਹੀ ਸਾਡਾ ਗੁਰੂ ਹੈ: ''ਸ਼ਬਦ ਗੁਰੂ ਸੂਰਤਿ ਧੁਨਿ ਚੇਲਾ॥" ਸਾਨੂੰ ਉਸੇ ਵਿਚੋਂ ਗਿਆਨ, ਧਿਆਨ ਇਕਾਗਰ ਕਰ ਕੇ ਰੱਬ, ਉਸ ਦੇ ਹੁਕਮ ਨੂੰ ਲੱਭਣਾ ਪਵੇਗਾ।"
''ਤੇਰੀਆਂ ਗੱਲਾਂ ਦੀ ਮੈਨੂੰ ਤਾ ਸਮਝ ਨਹੀਂ ਪੈਂਦੀ। ਤੇਰੇ ਪਿਤਾ ਜੀ ਤੋਂ ਪੁੱਛਾਂਗੀ ਪਰ ਤੂੰ ਦਰਬਾਰੇ ਜਾਇਆ ਕਰ। ਗਿਆਨੀ ਜੀ ਨੇ ਤੇਰੇ ਲਈ ਕਈ ਵਾਰ ਪੁੱਛਿਆ ਹੈ, ਸ਼ਾਇਦ ਕੋਈ ਕੰਮ ਹੋਵੇ। ਜਾ ਆਵੀਂ।"
''ਚੰਗਾ।"