rozanajanchetna@gmail.com28112020.
ਰੋਜਾਨਾ ਜਨਚੇਤਨਾ
ਸਾਲ:11, ਅੰਕ:82,ਸ਼ਨੀਵਾਰ, 28 ਨਵੰਬਰ 2020.ਅੱਜ ਦਾ ਵਿਚਾਰ .
ਸਮਾਜ ਵਿਚ ਤਬਦੀਲੀ ਲਈ ਸਰਗਰਮ ਹੋਣਾ ਸਾਡੀ ਮੁੱਢਲੀ ਜ਼ਿਮੇਂਵਾਰੀ ਹੈ। ਇਹ ਇਕ ਤਰਾਂ ਨਾਲ ਆਪਣੇ ਬਜ਼ੁਰਗਾਂ ਦਾ ਕਰਜ਼ਾ ਲਾਹੁਣਾ ਹੈ ਜਿਹੜਾ ਉਹਨਾਂ ਨੇ ਸਾਨੂੰ ਅਮੀਬੇ ਵਰਗੇ ਸੈੱਲ ਤੋਂ ਇਥੋਂ ਤਕ ਪੁਚਾਉਣ ਲਈ ਸਾਡੇ ਸਿਰ ਚੜਾਇਆ ਪਰ ਅਜਿਹਾ ਕਰਨ ਤੋਂ ਪਹਿਲਾਂ ਕੁਝ ਅਟੱਲ ਸਚਾਈਆਂ ਵਰਗੇ ਤੱਥਾਂ ਨੂੰ ਮਨ ਵਿਚ ਵਸਾ ਲੈਣਾ ਬੇਹਤਰ ਰਹਿੰਦਾ ਹੈ। ਇਸ ਨਾਲ ਸਰਗਰਮੀਆਂ ਸਿੱਧੀ ਦਿਸ਼ਾ ਵਿਚ ਰਹਿੰਦੀਆਂ ਹਨ, ਪਰਾਪਤੀ ਦਾ ਮੁਲਾਂਕਣ ਸਹੀ ਰਹਿੰਦਾ ਹੈ ਅਤੇ ਨਿਰਾਸ਼ਾ ਨਹੀਂ ਹੁੰਦੀ।
ਪਹਿਲਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁੱਖ ਦਾ ਮੂਲ ਸੁਭਾ, ਉਸ ਦੀਆਂ ਕੁਦਰਤੀ ਪ੍ਰਵਿਰਤੀਆਂ ਕਦੇ ਨਹੀਂ ਬਦਲਦੀਆਂ। ਇਹ ਵਧੇਰੇ ਕਰ ਕੇ ਸੈਕਸ ਨਾਲ ਜੁੜੀਆਂ ਹੁੰਦੀਆਂ ਹਨ, ਜਾਂ ਇਹਨਾਂ ਦਾ ਸਬੰਧ ਲਾਭ ਹਾਣ ਨਾਲ ਹੁੰਦਾ ਹੈ। ਡਰ, ਗੁੱਸਾ, ਮੋਹ, ਮਮਤਾ, ਕਾਮ, ਕਰੋਧ, ਲੋਭ, ਹੰਕਾਰ, ਵੈਰ, ਵਿਰੋਧ, ਨਕਲ, ਹਮਦਰਦੀ, ਸ਼ਰਮ, ਨਿੱਜਤਾ, ਸੁਰੱਖਿਆ ਉਸ ਅੰਦਰੋਂ ਕਦੀ ਖਤਮ ਨਹੀਂ ਹੁੰਦੀਆਂ। ਇਹਨਾਂ ਨੂੰ ਸਿਰਫ ਘਟਾਇਆ, ਵਧਾਇਆ ਜਾ ਸਕਦਾ ਹੈ। ਦੂਸਰਾ, ਸਮਾਜ ਵਿਚ ਤਬਦੀਲੀ ਸਦਾ ਹੁੰਦੀ ਰਹਿੰਦੀ ਹੈ ਪਰ ਇਸ ਦੀ ਗਤੀ ਬਹੁਤ ਧੀਮੀ ਹੁੰਦੀ ਹੈ। ਤੀਸਰਾ, ਹਿਤਾਂ ਦੇ ਟਕਰਾਉ ਸਮੇਂ ਲਾਭਕਾਰੀ ਮਸਤ ਰਹਿੰਦਾ ਹੈ ਜਦ ਕਿ ਨੁਕਸਾਨ ਉਠਾਉਣ ਵਾਲਾ ਹਿੰਸਕ ਹੁੰਦਾ ਹੈ ਅਤੇ ਉਹ ਮਰਨ ਮਾਰਣ ਉਤੇ ਉਤਰਣ ਵਿਚ ਦੇਰ ਨਹੀਂ ਲਾਉਂਦਾ।
ਪੰਜਾਬ ਦਾ ਇਤਿਹਾਸ-16 .
ਕੁਟੱਲਿਆ, ਜਿਸਨੂੰ ਅੱਜ ਕਲ ਚਾਣਕੀਆਂ ਨਾਂ ਨਾਲ ਵੀ ਯਦ ਕੀਤਾ ਜਾਂਦਾ ਹੈ, ਰਾਵਲ ਪਿੰਡੀ ਦੇ ਇਲਾਕੇ ਦਾ ਰਿਹਣ ਵਾਲਾ ਬਰਾਹਮਣ ਸੀ। ਇਹ ਇਕ ਚਲਾਕ ਬਰਾਹਮਣ ਸੀ ਅਤੇ ਆਪਣੀ ਹੱਦੋਂ ਵੱਧ ਚਲਾਕੀ ਕਰਕੇ ਨਾ ਹੀ ਇਸ ਦੀ ਪੋਰਸ ਨਾਲ ਬਣ ਸਕੀ ਅਤੇ ਨਾ ਹੀ ਸਿਕੰਦਰ ਨਾਲ। ਇਹ ਬਦਲਾ ਲਉ ਸੁਭਾਅ ਵਾਲਾ ਸੀ। ਪਰੋਫੈਸਰ ਬੁੱਧ ਪ੍ਰਕਾਸ਼ ਇਸ ਬਾਰੇ ਲਿਖਦਾ ਹੈ, ਕੁਟੱਲਿਆਂ ਇਹ ਵੀ ਜਾਣਦਾ ਸੀ ਕਿ ਪੋਰਸ,ਚੰਦਰਗੁਪਤ ਨਾਲੋਂ ਵਧੇਰੇ ਬਲਵਾਨ ਅਤੇ ਮਹੱਤਤਾ ਵਾਲਾ ਹੈ, ਇਸ ਲਈ ਉਹ ਕਿਸੇ ਦਿਨ ਸਹਿਜੇ ਹੀ ਉਸ (ਚਾਣਕੀਆ) ਦਾ ਪੱਤਾ ਕੱਟ ਸਕਦਾ ਹੈ। ਇਸ ਲਈ ਚਲਾਕ ਬਰਾਹਮਣ ਨੇ ਸੋਚਿਆ ਕਿ ਕਿਸੇ ਜੁਗਤ ਨਾਲ ਪੋਰਸ ਦਾ ਫਾਹਾ ਵੱਢਣਾ ਚਾਹੀਦਾ ਹੈ। ਇਸ ਇਰਾਦੇ ਦੀ ਪੂਰਤੀ ਲਈ ਉਸ ਨੇ ਪੋਰਸ ਦੇ ਕਤਲ ਦੀ ਗੋਂਦ ਗੁੰਦੀ।ਇਸ ਸੰਦਰਭ ਵਿੱਚ, ਜਦੋਂ ਸਿਕੰਦਰ ਦੇ ਜਾਣ ਬਾਅਦ ਪੋਰਸ ਸਮੁੱਚੇ ਪੰਜਾਬ ਦਾ ਨਿਰਵਿਰੋਧ ਬਾਦਸ਼ਾਹ ਬਣ ਗਿਆ ਸੀ ਤਾਂ ਚੰਦਰ ਗੁਪਤ ਮੋਰੀਆ ਅਤੇ ਕੁਟੱਲਿਆ ਨੇ ਹੋਰ ਕੋਈ ਰਸਤਾ ਨਾ ਦਿਖਦਾ ਹੋਣ ਕਰਕੇ ਪੋਰਸ ਨਾਲ ਸਮਝੌਤਾ ਕਰ ਲਿਆ। ਚੰਦਰ ਗੁਪਤ ਦਾ ਮੁੱਢਲਾ ਰਾਜ ਰਾਜਪੁਤਾਨਾ, ਗੁਜਰਾਤ ਅਤੇ ਕੇਂਦਰੀ ਪਰਾਤਾਂ ਵਿੱਚ ਹੀ ਸੀ। ਇਹਨਾਂ ਦੇ ਬਿਲਕੁਲ ਗੁਆਂਢ ਵਿੱਚ ਨੰਦ ਰਾਜਿਆਂ ਦਾ ਬੜਾ ਸ਼ਕਤੀਸ਼ਾਲੀ ਰਾਜ ਸੀ ਜਿਸ ਨੂੰ ਮਗਧ ਦੇਸ਼ ਕਿਹਾ ਜਾਂਦਾ ਸੀ। ਇਸ ਦੀ ਰਾਜਧਾਨੀ ਪਾਟਲੀਪੁੱਤਰ ਸੀ। ਚੰਦਰ ਗੁਪਤ ਅਤੇ ਕੁਟੱਲਿਆ, ਨੇ ਸੋਚਿਆ ਕਿ ਇਸ ਸਮੇਂ ਸਿਰਫ਼ ਪੋਰਸ ਹੀ ਮਗਧ ਰਾਜ ਨੂੰ ਹਰਾਉਣ ਦੀ ਤਾਕਤ ਰੱਖਦਾ ਹੈ। ਇਸ ਲਈ ਇਹਨਾਂ ਨੇ ਦੋ ਮੁੱਖ ਮੁੱਦਿਆਂਉਤੇ ਪੋਰਸ ਨਾਲ ਸੰਧੀ ਕਰ ਲਈ। ਪਹਿਲੇ ਮੁੱਦੇ ਅਨੁਸਾਰ ਉਹਨਾਂ ਨੇ ਪੰਜਾਬ ਨੂੰ ਇਕ ਸੁਤੰਤਰ ਰਾਜ ਦੇ ਤੌਰ ਉਤੇ ਮਾਣਤਾ ਦਿੱਤੀ ਅਤੇ ਦੂਜੇ ਮੁੱਦੇ ਅਨੁਸਾਰ ਪੋਰਸ ਅਤੇ ਚੰਦਰ ਗੁਪਤ ਦੀਆਂ ਸਾਂਝੀਆਂ ਫੌਜਾਂ ਨੇ ਮੁਗਧ ਉਪਰ ਹਮਲਾ ਕਰਨਾ ਸੀ ਅਤੇ ਦੋਹਾਂ ਨੇ ਮਗਧ ਰਾਜ ਨੂੰ ਅੱਧੋ-ਅੱਧ ਵੰਡ ਲੈਣਾ ਸੀ। ਸਿੱਟੇ ਵਜੋਂ ਦੋਵਾਂ ਬਾਦਸ਼ਾਹਾਂ ਦੀਆਂ ਜੁੜਵੀਆਂ ਫੌਜਾਂ ਨੇ ਮਗਧ ਉਤੇ ਹਮਲਾ ਕੀਤਾ ਅਤੇ ਜਿੱਤ ਲਿਆ। ਪੋਰਸ ਅਤੇ ਚੰਦਰ ਗੁਪਤ ਪਾਟਲੀਪੁੱਤਰ ਵਿੱਚ ਜਿੱਤ ਦੇ ਸ਼ਗਨ ਮਨਾ ਰਹੇ ਸਨ। ਕੁਟੱਲਿਆ,(ਚਾਣਕੀਆਂ) ਨੇ ਆਪਣੇ ਮਨ ਦੀ ਬੇਈਮਾਨੀ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਉਸ ਨੇ ਪੋਰਸ ਦੇ ਖਾਣੇ ਵਿੱਚ ਥੈੜੀ-ਥੋੜੀ ਜ਼ਹਿਰ ਮਿਲਾ ਕੇ ਦੇਣੀ ਸ਼ੁਰੂ ਕਰ ਦਿੱਤੀ।ਜਦੋਂ ਪੋਰਸ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਨੇ ਆਪਣੀਆਂ ਦਾਸੀਆਂ ਨੂੰ ਆਪਣੀਆਂ ਛਾਤੀਆਂ ਉਤੇ ਜ਼ਹਿਰ ਮੱਲ ਕੇ ਪੋਰਸ ਕੋਲ ਜਾਣ ਲਈ ਕਿਹਾ। ਇਹਨਾਂ ਦਾਸੀਆਂ ਨੇ ਪੀੜਤ ਪੋਰਸ ਨੂੰ ਹੋਰ ਪੀੜਤ ਕਰਨ ਲਈ ਆਪਣੀਆਂ ਛਾਤੀਆਂ ਉਸ ਦੇ ਮੂੰਹ ਨਾਲ ਛੁਹਾਈਆਂ। ਸਿੱਟੇ ਵਜੋਂ ਪੋਰਸ ਦੀ ਮੌਤ ਹੋ ਗਈ।
ਸਿੱਖ ਇਤਿਹਾਸ ਵਿਚ ਅੱਜ.
28 ਨਵੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
= ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ ਹੋਇਆ (1696 ਈ.)
= ਸਰਕਾਰ ਨੇ ਧਰਮੀ ਫੌਜੀਆਂ ਨੂੰ ਮਿਲੀਆਂ ਸਜ਼ਾਵਾਂ ਦਾ ਵੇਰਵਾ ਦਿਤਾ (1985 ਈ.)
= ਸ. ਬਲਦੇਵ ਸਿੰਘ ਸੀਬੀਆ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਹੋਈ (1990 ਈ.)
ਲੋਕ ਸਭਾ ਵਿਚ ਬਿਆਨ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਲਿਖਤੀ ਰੂਪ ਵਿਚ ਦਸਿਆ ਕਿ ਨੀਲਾ ਤਾਰਾ ਆਪਰੇਸ਼ਨ ਵਿਰੁੱਧ ਰੋਸ ਪ੍ਰਗਟ ਕਰਦਿਆਂ ਜਿੰਨ੍ਹਾਂ ਫੌਜੀ ਜਵਾਨਾਂ ਨੇ ਛਾਉਣੀਆਂ ਛੱਡੀਆਂ ਸਨ, ਉਨ੍ਹਾਂ ਵਿਚੋਂ 2239 ਨੂੰ ਮਾਰਸ਼ਲ ਨੇ ਸਜ਼ਾਵਾਂ ਦਿਤੀਆਂ ਹਨ। 98 ਸਿੱਖ ਫੌਜੀਆਂ ਨੂੰ ਨੌਕਰੀਆਂ ਤੋਂ ਵਿਹਲੇ ਕਰ ਦਿਤਾ ਗਿਆ।
3 ਜੂਨ, 1984 ਨੂੰ ਕੇਂਦਰੀ ਸੁਰੱਖਿਆ ਬਲਾਂ ਨੇ ਪੰਜਾਬ ਵਿਚ ਨੀਲਾ ਤਾਰਾ ਆਪਰੇਸ਼ਨ ਸ਼ੁਰੂ ਕੀਤਾ। ਇਸ ਅਧੀਨ ਪੰਜਾਬ ਭਰ ਵਿਚ ਕਰਫਿਊ ਲਾ ਦਿਤਾ ਗਿਆ। ਪੰਜਾਬ ਦੇ ਲਗਭਗ 40 ਗੁਰਦੁਆਰਿਆਂ ਵਿਚ ਦਾਖਲ ਹੋ ਕੇ ਫੌਜ ਅਤੇ ਪੁਲਿਸ ਨੇ ਕਥਿਤ ਖਾੜਕੂਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ। ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਪਰਿਸਰ ਵਿਚ ਅਕਾਲ ਤਖ਼ਤ ਸਾਹਿਬ ਫੌਜ ਦਾ ਵਿਸ਼ੇਸ਼ ਰੂਪ ਵਿਚ ਨਿਸ਼ਾਨਾ ਬਣਿਆਂ। ਤਿੰਨ ਦਿਨ ਦੀ ਲਗਾਤਾਰ ਲੜ੍ਹਾਈ ਪਿਛੋਂ ਫੌਜ ਨੇ ਅਕਾਲ ਤਖ਼ਤ ਸਾਹਿਬ ਉਤੇ ਕਬਜ਼ਾ ਕਰ ਲਿਆ। ਉਥੇ ਮੌਜੂਦ ਸੰਤ ਜਰਨੈਲ ਸਿੰਘ ਭਿੰਡਰਾਂ, ਭਾਈ ਅਮਰੀਕ ਸਿੰਘ, ਜਨਰਲ ਸ਼ਾਹ ਬੇਗ ਸਿੰਘ ਆਦਿ ਮੁੱਖੀ ਸ਼ਹੀਦ ਹੋ ਗਏ। ਕੁਝ ਖਾੜਕੂ ਫੌਜੀ ਪ੍ਰਬੰਧਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਨਿਕਲਣ ਵਿਚ ਕਾਮਯਾਬ ਹੋ ਗਏ। ਫੌਜ ਨਾਲ ਹੋਏ ਯੁੱਧ ਵਿਚ ਸ਼ਹੀਦੀਆਂ ਤੋਂ ਬਚੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਰਕਾਰੀ ਪ੍ਰਚਾਰ ਮਾਧਿਅਮਾਂ ਨੇ ਇਸ ਹਮਲੇ ਅਤੇ ਨਤੀਜੇ ਵਜੋਂ ਹੋਏ ਨੁਕਸਾਨ ਨੂੰ ਘਟਾ ਕੇ ਦਿਖਾਉਣ ਲਈ ਬਹੁਤ ਯਤਨ ਕੀਤਾ। ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਕ੍ਰਿਪਾਲ ਸਿੰਘ ਕੋਲੋਂ ਵੀ ਬਿਆਨ ਦਿਵਾਇਆ ਗਿਆ ਕਿ ਹਰਿਮੰਦਰ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਕਾਲ ਤਖ਼ਤ ਸਾਹਿਬ ਵਿਖੇ ਕੋਠਾ ਸਾਹਿਬ (ਜਿਥੇ ਗੁਰੂ ਗ੍ਰੰਥ ਸਾਹਿਬ ਦਾ ਰਾਤ ਸਮੇਂ ਵਿਸ਼ਰਾਮ ਹੁੰਦਾ ਹੈ) ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਫੌਜੀ ਕਾਰਵਾਈ ਨਾਲ ਸਮੁੱਚੇ ਸਿੱਖ ਪੰਥ ਨੂੰ ਡੂੰਘੀ ਠੇਸ ਪਹੁੰਚੀ। ਆਪਣੇ ਗੁੱਸੇ ਅਤੇ ਦੁੱਖ ਨੂੰ ਸਿੱਖਾਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਗਟਾਇਆ । ਫੌਜੀ ਸਿੱਖਾਂ ਨੇ ਆਪਣੇ ਵਿਰੋਧ ਨੂੰ ਆਪਣੀਆਂ ਰੈਜਮੈਂਟਾਂ ਛੱਡ ਕੇ ਪ੍ਰਗਟਾਇਆ।
ਸਿੱਖ ਰੈਜਮੈਂਟ ਦੀ ਨੌਵੀਂ ਬਟਾਲੀਅਨ ਰਾਜਸਥਾਨ ਦੇ ਗੰਗਾਨਗਰ ਦੀ ਛਾਉਣੀ ਵਿਚ ਤਾਇਨਾਤ ਸੀ। ਉਸ ਦੇ ਲਗਭਗ ਸਾਰੇ (600) ਜਵਾਨਾਂ ਨੇ 7 ਜੂਨ ਨੂੰ ਅਸਲਾਖਾਨਾ ਲੁੱਟ ਲਿਆ ਅਤੇ ਹਰਿਮੰਦਰ ਸਾਹਿਬ ਉਤੇ ਹੋਏ ਫੌਜੀ ਕਬਜ਼ੇ ਨੂੰ ਖਦੇੜਣ ਲਈ ਅੰਮ੍ਰਿਤਸਰ ਵਲ ਵੱਧੇ। ਇੰਨ੍ਹਾਂ ਨੂੰ ਰੋਕਣ ਲਈ ਰਾਜਪੂਤਾਨਾ ਰਾਈਫ਼ਲਜ਼ ਨੂੰ ਭੇਜਿਆ ਗਿਆ । ਉਹ ਵਧੇਰੇ ਜਵਾਨਾਂ ਨੂੰ ਹਥਿਆਰਾਂ ਸਹਿਤ ਵਾਪਸ ਛਾਉਣੀ ਵਿਚ ਲਿਆਉਣ ਵਿਚ ਕਾਮਯਾਬ ਰਹੇ।
ਬਿਹਾਰ ਦੇ ਰਾਮਗੜ੍ਹ ਵਿਚ ਸਥਿਤ ਸਿੱਖ ਰੈਜਮੈਂਟਲ ਸੈਂਟਰ ਵਿਚ ਵਿਰੋਧ ਵਧੇਰੇ ਤਿੱਖਾ ਸੀ। ਇਥੇ ਸਿੱਖ ਰੈਜਮੈਂਟਾਂ ਦੀਆਂ ਬਟਾਲੀਅਨਾਂ ਲਈ ਰੰਗਰੂਟ ਭਾਰਤੀ ਅਤੇ ਟਰੇਂਡ ਕੀਤੇ ਜਾਂਦੇ ਸਨ। ਇਥੇ 1461 ਰੰਗਰੂਟਾਂ ਨੇ ਵਿਰੋਧ ਦਾ ਝੰਡਾ ਚੁੱਕਿਆ। ਅਸਲਾਖਾਨਾ ਲੁੱਟਦਿਆਂ ਨੂੰ ਅਫ਼ਸਰਾਂ ਨੇ ਰੋਕਣ ਦਾ ਯਤਨ ਕੀਤਾ। ਨਤੀਜੇ ਵਜੋਂ ਚਲੀ ਗੋਲੀ ਵਿਚ ਬ੍ਰਿਗੇਡੀਅਰ ਐਸ.ਸੀ.ਪੁਰੀ ਮਾਰਿਆ ਗਿਆ। ਜਵਾਨਾਂ ਨੇ ਸਿਵਲੀਅਨ ਟਰੱਕ ਫੜ ਲਏ ਅਤੇ ਅੰਮ੍ਰਿਤਸਰ ਵਲ ਕੂਚ ਕਰ ਗਏ। ਇੰਨ੍ਹਾਂ ਨੂੰ ਆਰਟਿਲਰੀ ਨੇ ਸ਼ਕਤਸ਼ਗੜ੍ਹ ਵਿਖੇ ਘੇਰ ਲਿਆ। ਕੁਝ ਹੋਰ ਬਾਗੀਆਂ ਨੂੰ 21ਵੀਂ ਮਕੈਨਾਈਜ਼ਡ ਇਨਫ਼ੈਂਟਰੀ ਰੈਜਮੈਂਟ ਨੇ ਫੜ ਲਿਆ। ਇੰਨ੍ਹਾਂ ਨੂੰ ਵਾਪਸ ਰਾਮਗੜ੍ਹ ਲਿਜਾਇਆ ਗਿਆ।ਜੰਮੂ ਖੇਤਰ ਵਿਚ ਸਿੱਖ ਰੈਜਮੈਂਟ ਦੀ ਇਕ ਹੋਰ ਬਟਾਲੀਅਨ ਵਿਚ ਵਿਦਰੋਹ ਹੋਇਆ।ਪੂਨਾ ਵਿਖੇ ਪੰਜਾਬ ਰੈਜਮੈਂਟ ਅੰਦਰ ਕੰਮ ਕਰ ਰਹੇ ਸਿੱਖਾਂ ਵੀ ਵਿਰੋਧ ਦੇ ਝੰਡੇ ਚੁੱਕੇ।
ਸਿੱਖ ਫੌਜੀਆਂ ਦੀ ਇਕ ਹੋਰ ਟੁਕੜੀ ਨੇ ਮੁੰਬਈ ਤੋਂ ਥੋੜੀ ਦੂਰ ਵਿਰੋਧ ਸਰੂਪ ਹਥਿਆਰ ਚੁੱਕੇ।
ਖੁਸ਼ਵੰਤ ਸਿੰਘ ਦੇ ਲਿਖੇ ਅਨੁਸਾਰ ਭਾਰਤ ਦੀਆਂ ਅੱਠ ਛਾਉਣੀਆਂ ਵਿਚ ਚਾਰ ਹਜ਼ਾਰ ਸਿੱਖ ਸਿਪਾਹੀਆਂ ਨੇ ਆਪਣੀਆਂ ਰੈਜਮੈਂਟਾਂ ਛੱਡੀਆਂ। ਇੰਨ੍ਹਾਂ ਵਿਚੋਂ ਬਹੁਤੇ ਅੰਮ੍ਰਿਤਸਰ ਨੂੰ ਮਾਰਚ ਕਰਦੇ ਫੜ ਲਏ ਗਏ ਅਤੇ ਵਾਪਸ ਛਾਉਣੀਆਂ ਵਿਚ ਪੁਚਾ ਦਿਤੇ ਗਏ। ਇਸ ਵਿਦਰੋਹ ਸਮੇਂ ਕਈ ਜਵਾਨ ਅਤੇ ਅਫ਼ਸਰ ਮਾਰੇ ਗਏ।
ਇੰਨ੍ਹਾਂ ਪ੍ਰਸ਼ਨਾਂ ਨੂੰ ਲੈ ਕੇ ਤਕੜਾ ਵਿਵਾਦ ਖੜਾ ਹੋ ਗਿਆ।
ਇੰਨਾਂ ਸਿੱਖ ਫੌਜੀ ਜਵਾਨਾਂ ਨੇ ਬਿਨਾਂ ਆਗਿਆ ਛਾਉਣੀਆਂ ਨੂੰ ਛੱਡਿਆ ਸੀ, ਅਸਲਾ ਖਾਨਿਆਂ ਨੂੰ ਲੁੱਟਿਆ ਸੀ, ਵਿਰੋਧ ਕਰਨ ਵਾਲੇ ਅਫ਼ਸਰ ਮਾਰੇ ਗਏ ਸਨ। ਇੰਨ੍ਹਾਂ ਫੌਜ ਦਾ ਸਖ਼ਤ ਅਨੁਸ਼ਾਸ਼ਨ ਤੋੜਿਆ ਸੀ। ਇੰਨ੍ਹਾਂ ਨੂੰ ਫੌਜੀ ਕਨੂੰਨਾਂ ਅਨੁਸਾਰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਬਹੁਤੇ ਫੌਜੀ ਅਫ਼ਸਰਾਂ ਅਤੇ ਅਧਿਕਾਰੀਆਂ ਦੀ ਇਹੀ ਰਾਇ ਸੀ।
ਦੂਜੇ ਪਾਸੇ ਕੁਝ ਅਧਿਕਾਰੀ ਇੰਨ੍ਹਾਂ ਨੂੰ ਬਾਗ਼ੀ ਮੰਨਣੋਂ ਹੀ ਇਨਕਾਰੀ ਸਨ। ਉਨ੍ਹਾਂ ਨੇ ਇੰਨ੍ਹਾਂ ਸਿੱਖ ਫੌਜੀਆਂ ਲਈ ''ਧਰਮੀ ਫੌਜੀ" ਦਾ ਨਾਂ ਵਿਸ਼ੇਸ਼ਣ ਵਜੋਂ ਵਰਤਣਾ ਸ਼ੁਰੂ ਕੀਤਾ। ਸਾਬਕਾ ਸਿੱਖ ਜਰਨੈਲਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਫੌਜ ਵਿਚ ਧਰਮ ਦਾ ਵਿਸ਼ੇਸ਼ ਮਹੱਤਵ ਹੈ। ਸਿੱਖ ਸਿਪਾਹੀ ਆਪਣੀ ਵਫਾਦਾਰੀ ਦੀ ਸਹੁੰ ਗੁਰੂ ਗ੍ਰੰਥ ਸਾਹਿਬ 'ਤੇ ਚੁੱਕਦੇ ਹਨ। ਜਦੋਂ ਉਨ੍ਹਾਂ ਦੇ ਗੁਰੂ ਅਤੇ ਗੁਰਦੁਆਰੇ ਤੇ ਹਮਲਾ ਹੋ ਰਿਹਾ ਹੋਵੇ ਤਾਂ ਉਹ ਚੁੱਪ ਚਾਪ ਤਾਂ ਨਹੀਂ ਹੀ ਬੈਠ ਸਕਦੇ। ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਹ ਚੁੱਕੀ ਸਹੁੰ ਦਾ ਨਤੀਜਾ ਸੀ। ਇਸ ਲਈ ਛਾਉਣੀਆਂ ਛੱਡ ਕੇ ਗਏ ਸਿੱਖ ਫੌਜੀਆਂ ਨੂੰ ਭਗੌੜੇ ਨਹੀਂ ਮੰਨਿਆਂ ਜਾਣਾ ਚਾਹੀਦਾ । ਉਨ੍ਹਾਂ ਨੂੰ ਆਪਣੀਆਂ ਯੂਨਿਟਾਂ ਵਿਚ ਵਾਪਸ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ।ਜਨਰਲ ਹਰਬਖਸ਼ ਸਿੰਘ ਇਕ ਕਦਮ ਹੋਰ ਅੱਗੇ ਗਿਆ। ਉਸ ਇਕ ਬਿਆਨ ਵਿਚ ਕਿਹਾ, ''ਫੌਜੀ ਅਫ਼ਸਰ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਅਕਾਲ ਤਖ਼ਤ ਦੀ ਅਕਾਰਣ ਬਰਬਾਦੀ ਤੋਂ ਉਪਜੀ ਧਾਰਮਕ ਭੜਕਾਹਟ ਦੇ ਪ੍ਰਤੀਕਰਮ ਦੀ ਪੇਸ਼ਬੰਦੀ ਕਰਕੇ ਸਿੱਖ ਜਵਾਨਾਂ ਦਾ ਅਨੁਸ਼ਾਸ਼ਨ ਅਤੇ ਮਨੋਬਲ ਬਰਕਰਾਰ ਰਖਣ ਵਿਚ ਅਸਫ਼ਲ ਰਹੇ । ਛਾਉਣੀਆਂ ਛੱਡਣ ਵਾਲੇ ਜਵਾਨਾਂ ਦੀ ਥਾਂ ਇੰਨ੍ਹਾਂ ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
ਪੰਜ ਸਾਬਕਾ ਸਿੱਖ ਜਰਨੈਲ ਇਸ ਸਬੰਧੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਮਿਲੇ। ਜਨਰਲ ਜਗਜੀਤ ਸਿੰਘ ਅਰੋੜਾ ਨੇ ਦਸਿਆ ਕਿ ਰਾਸ਼ਟਰਪਤੀ ਹਮਦਰਦੀ ਨਾਲ ਪੇਸ਼ ਆਇਆ। ਉਸ ਆਪਣਾ ਪ੍ਰਭਾਵ ਵਰਤਣ ਦਾ ਭਰੋਸਾ ਵੀ ਦਿਵਾਇਆ ਪਰ ਨਾਲ ਹੀ ਕਿਹਾ ਕਿ ਉਸ ਕੋਲ ਅਜਿਹਾ ਕਰ ਸਕਣ ਦੇ ਅਧਿਕਾਰ ਨਹੀਂ।
ਗੈਰ ਸਿੱਖ ਫੌਜੀ ਅਧਿਕਾਰੀਆਂ ਅਤੇ ਸੇਵਾ ਮੁਕਤ ਅਧਿਕਾਰੀ ਵੀ ਛਾਉਣੀਆਂ ਛੱਡ ਕੇ ਜਾਣ ਵਾਲੇ ਜਵਾਨਾਂ ਉਤੇ ਕਾਰਵਾਈ ਸਬੰਧੀ ਵੰਡੇ ਹੋਏ ਸਨ। ਬਹੁਤੇ ਅਫ਼ਸਰ ਸਿੱਖ ਜਵਾਨਾਂ ਨੂੰ ਦੋਸ਼ੀ ਨਹੀਂ ਮੰਨਦੇ ਸਨ ਸਗੋਂ ਇਸ ਦਾ ਸਾਰਾ ਦੋਸ਼ ਕਮਾਂਡਰਾਂ ਸਿਰ ਮੱੜਦੇ ਸਨ। ਸੇਵਾ ਮੁਕਤ ਜਰਨੈਲ ਐਸ. ਕੇ. ਸਿਨਹਾ ਨੇ ਕਿਹਾ, ''ਜਿਥੋਂ ਤਕ ਜਵਾਨਾਂ ਦੀ ਬਗਾਵਤ ਦਾ ਸਬੰਧ ਹੈ, ਮੈਂ ਸਾਰੇ ਦਾ ਸਾਰਾ ਦੋਸ਼ ਅਫ਼ਸਰਾਂ 'ਤੇ ਲਾਵਾਂਗਾ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਜੁਆਨ ਕੀ ਸੋਚ ਰਹੇ ਹਨ। ਇਸ ਗੱਲੋਂ ਮੈਂ ਆਪਣੇ ਮਨ ਵਿਚ ਬਹੁਤ ਸਪਸ਼ਟ ਹਾਂ। ਅਫ਼ਸਰਾਂ ਨੂੰ ਆਪਣੇ ਜੁਆਨਾਂ ਦੀ ਜਾਣਕਾਰੀ ਉਨ੍ਹਾਂ ਦੀਆਂ ਮਾਵਾਂ ਤੋਂ ਵੀ ਵੱਧ ਹੋਣੀ ਚਾਹੀਦੀ ਹੈ ਪਰ ਘਟਨਾਵਾਂ ਦਸਦੀਆਂ ਹਨ ਕਿ ਉਹ ਇਸ ਪੱਖੋਂ ਕੋਰੇ ਸਨ।"ਕੋਰਟ ਆਫ਼ ਇਨਕੁਆਇਰੀ, ਜਿਸ ਨੂੰ ਬਗਾਵਤ ਦੇ ਕਾਰਣਾਂ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ, ਨੇ ਵੀ ਆਪਣੀ ਰਿਪੋਰਟ ਵਿਚ ਲਿਖਿਆ, ''ਕੋਈ ਵੀ ਕੇਂਦਰੀ ਦਰਬਾਰ (ਅਫ਼ਸਰ ਅਤੇ ਜਵਾਨਾਂ ਵਿਚਕਾਰ ਰੈਜਮੈਂਟ ਦੇ ਮਨੋਬਲ ਅਤੇ ਭਲਾਈ ਉਤੇ ਵਿਚਾਰ ਕਰਨ ਲਈ ਬੈਠਕ) ਨਹੀਂ ਲਾਇਆ ਗਿਆ। ਨਾ ਹੀ ਜਵਾਨਾਂ ਨੂੰ ਪੰਜਾਬ ਦੀ ਤਾਜ਼ਾ ਸਥਿਤੀ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।"
ਫੌਜੀ ਮਾਹਿਰਾਂ ਦੀ ਰਾਇ ਸੀ ਕਿ ਆਰਮੀ ਹੈੱਡਕੁਆਟਰ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਚਾਹੀਦਾ ਹੈ। ਸਿੱਖ ਸਿਪਾਹੀਆਂ ਦੇ ਮਨੋਬਲ ਦੀ ਸਮੱਸਿਆ ਨੂੰ ਸਮਝਦਿਆਂ ਅਧਿਕਾਰੀਆਂ ਦੀ ਲੜੀ ਰਾਹੀਂ ਉਨ੍ਹਾਂ ਨੂੰ ਚੇਤੰਨ ਅਤੇ ਸੰਵੇਦਨਸ਼ੀਲ ਰਹਿਣ ਦੀ ਚੇਤਾਵਨੀ ਦੇਣੀ ਚਾਹੀਦੀ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਮਿਲਟਰੀ ਪੁਲਿਸ, ਜਿਸ ਦਾ ਫੌਜ ਵਿਚ ਆਪਣਾ ਇੰਟੈਲੀਜੈਂਸ ਨੈੱਟਵਰਕ ਹੈ, ਨੇ ਚੀਫ਼ ਆਫ਼ ਆਰਮੀ ਸਟਾਫ਼ ਨੂੰ ਚੇਤਾਵਨੀ ਤਕ ਨਹੀਂ ਦਿਤੀ। ਜਵਾਨਾਂ ਨੂੰ ਪੰਜਾਬ ਦੀਆਂ ਘਟਨਾਵਾਂ ਤੋਂ ਜਾਣੂੰ ਕਰਵਾਇਆ ਜਾਣਾ ਚਾਹੀਦਾ ਸੀ। ਰੈਜਮੈਂਟਾਂ ਨੂੰ ਅਫ਼ਸਰਾਂ ਦੀ ਕਮਾਨ ਹੇਠ ਛੋਟੇ ਛੋਟੇ ਸਮੂਹਾਂ ਵਿਚ ਪੰਜਾਬ ਭੇਜਣਾ ਚਾਹੀਦਾ ਸੀ ਤਾਂ ਜੋ ਉਹ ਵਾਪਰ ਰਹੀਆਂ ਘਟਨਾਵਾਂ ਨੂੰ ਵੇਖ ਕੇ ਆਪਣੇ ਸਾਥੀਆਂ ਨੂੰ ਰਿਪੋਰਟ ਦਿੰਦੇ ਪਰ ਏਥੇ ਤਾਂ ਜਵਾਨ ਕੀ, ਚੀਫ਼ ਆਫ਼ ਆਰਮੀ ਸਟਾਫ਼ ਨੂੰ ਵੀ ਹਾਲਾਤ ਦੀ ਜਾਣਕਾਰੀ ਨਹੀਂ ਸੀ।
ਸਰਕਾਰੀ ਨੀਤੀ ਵੀ ਦਵੰਦ ਦਾ ਸ਼ਿਕਾਰ ਸੀ। ਸੁਰੱਖਿਆ ਮੰਤਰਾਲੇ ਨੇ ਇਸ਼ਾਰਾ ਦਿਤਾ ਕਿ ਸਰਕਾਰ ਉਦਾਰ ਵਤੀਰਾ ਅਪਣਾਇਗੀ। ਬੁਲਾਰੇ ਨੇ ਉਨ੍ਹਾਂ ਨੂੰ ਬਾਗੀ ਦੀ ਥਾਂ ਭਗੌੜੇ ਕਹਿ ਕੇ ਯਾਦ ਕੀਤਾ ਅਤੇ ਕਿਹਾ ਕਿ ਉਹ ਕੁਰਾਹੇ ਪੈ ਗਏ ਸਨ। ਅਸੀਂ ਮਹਿਸੂਸ ਕਰਦੇ ਹਾਂ ਕਿ ਕੁਝ ਲੋਕ ਜਵਾਨਾਂ ਦੀ ਭਾਵਨਾਤਮਕ ਦਸ਼ਾ ਤੋਂ ਲਾਭ ਉੱਠਾ ਰਹੇ ਸਨ। ਉਨ੍ਹਾਂ ਨੂੰ ਖੌਫਨਾਕ ਕਹਾਣੀਆਂ ਸੁਣਾਈਆਂ ਜਾਂਦੀਆਂ ਰਹੀਆਂ ਹਨ। ਅਸੀਂ ਸਿੱਖ ਜਵਾਨਾਂ ਦੀਆਂ ਭਾਵਨਾਵਾਂ ਸਮਝਦੇ ਹਾਂ।
ਦੂਜੇ ਪਾਸੇ ਦੱਖਣੀ ਕਮਾਨ ਵਿਚ 89,000 ਸਿੱਖ ਜਵਾਨਾਂ ਦੀ ਕਮਾਂਡ ਕਰ ਰਹੇ ਲੈਫਟੀਨੈਂਟ ਜਨਰਲ ਟੀ.ਆਰ.ਉਬਰਾਇ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ, ''ਜਿੰਨਾਂ ਭਗੌੜਿਆਂ ਨੇ ਆਤਮ ਸਮਰਪਣ ਕੀਤਾ ਹੈ, ਉਨ੍ਹਾਂ ਨੂੰ ਕੋਰਟ ਮਾਰਸ਼ਲ ਕੀਤਾ ਜਾਇਗਾ ਅਤੇ ਉਚਿਤ ਸਜਾਵਾਂ ਮਿਲਣਗੀਆਂ।"
ਜੁਲਾਈ ਵਿਚ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਏ.ਐਸ.ਵੈਦ ਨੇ ਵੀ ਐਲਾਨ ਕੀਤਾ, '' ਉਨ੍ਹਾਂ ਲੋਕਾਂ ਵਿਚਕਾਰ ਜਿਹੜੇ ਇਸ ਗਲੋਂ ਡਰਦੇ ਸਨ ਕਿ ਸਖ਼ਤ ਕਾਰਵਾਈ ਸਿੱਖ ਜਵਾਨਾਂ ਦੇ ਮਨੋਬਲ ਨੂੰ ਹੋਰ ਨੁਕਸਾਨ ਪੁਚਾਇਗੀ ਅਤੇ ਨਰਮੀ ਸਾਰੀ ਫੌਜ ਦਾ ਮਨੋਬਲ ਡੇਗੇਗੀ, ਮੱਤਭੇਦ ਸੁਲਝਾ ਲਏ ਗਏ ਹਨ। ਬਾਗੀਆਂ ਨੂੰ ਭਾਰਤੀ ਫੌਜੀ ਕਾਨੂੰਨ ਅਨੁਸਾਰ ਪੂਰੀ ਸਜ਼ਾ ਮਿਲੇਗੀ। ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜਿੰਨਾਂ ਲੋਕਾਂ ਨੇ ਬਗਾਵਤ ਕੀਤੀ, ਉਨ੍ਹਾਂ ਦੇ ਖਿਲਾਫ਼ ਫੌਜ ਲਈ ਬਣਾਏ ਗਏ ਕਾਨੂੰਨ ਅਨੁਸਾਰ, ਕਠੋਰ ਕਾਰਵਾਈ ਕੀਤੀ ਜਾਇਗੀ ਤਾਂ ਜੋ ਉਹ, ਜਿਹੜੇ ਫੌਜ ਵਿਚ ਸਾਡੇ ਨਾਲ ਹਨ ਅਤੇ ਜਿੰਨ੍ਹਾਂ ਨੂੰ ਦੇਸ਼ ਲਈ ਹਥਿਆਰ ਫੜਣ ਦਾ ਮਾਣ ਹੈ, ਇਕ ਅਭਿਮਾਨੀ ਅਤੇ ਅਨੁਸ਼ਾਸ਼ਤ ਸਿਪਾਹੀਆਂ ਦੀ ਸੰਸਥਾ ਬਣੀ ਰਹੇ।"
ਸਰਕਾਰ ਨੇ ਬਗਾਵਤ ਦੇ ਕਾਰਣਾਂ ਨੂੰ ਜਾਨਣ ਲਈ ਇਕ ਕੋਰਟ ਆਫ਼ ਇਨਕੁਆਰੀ ਦਾ ਪ੍ਰਬੰਧ ਕੀਤਾ। ਇਸ ਦੀਆਂ ਲੱਭਤਾਂ ਨੂੰ ਕੋਰਟ ਮਾਰਸ਼ਲ ਦਾ ਆਧਾਰ ਬਣਾਏ ਜਾਣ ਦੀ ਉਮੀਦ ਸੀ। ਇਸ ਨੇ ਬਗਾਵਤ ਪਿਛੇ ਕਿਸੇ ਵੀ ਵਿਦੇਸ਼ੀ ਹੱਥ ਹੋਣ ਤੋਂ ਇਨਕਾਰ ਕੀਤਾ।
''ਅਜਿਹਾ ਕੋਈ ਸਬੂਤ ਨਹੀਂ ਕਿ ਵਿਦੇਸ਼ੀ ਹੱਥ ਨੇ ਰਾਮਗੜ੍ਹ ਵਿਚ ਸਿੱਖ ਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।" ਰਿਪੋਰਟ ਵਿਚ ਲਿਖਿਆ ਗਿਆ, ''ਜਵਾਨਾਂ ਨੂੰ ਆਪਣੇ ਜੱਦੀ ਪਿੰਡਾਂ ਉਤੇ ਪ੍ਰਭਾਵ ਪਾ ਰਹੀਆਂ ਸ਼ਕਤੀਆਂ ਤੋਂ ਅੱਡ ਕਰਨਾ ਅਸੰਭਵ ਹੈ। ਬਹੁਤ ਸਾਰੇ ਸੂਬਿਆਂ ਵਿਸ਼ੇਸ਼ ਕਰਕੇ ਪੰਜਾਬ, ਵਿਚ ਧਾਰਮਕ ਮੂਲ-ਸਿਧਾਂਤਵਾਦ ਅਤੇ ਭਾਸ਼ਾਈ ਕਟੜਤਾ ਦੇ ਪੈਦਾ ਹੋਣ ਦਾ ਉਸ ਖੇਤਰ ਦੇ ਵਾਸੀ ਜਵਾਨਾਂ ਉਤੇ ਪ੍ਰਭਾਵ ਪਵੇਗਾ ਭਾਵੇਂ ਉਨ੍ਹਾਂ ਦਾ ਭਾਵਨਾਤਮਕ ਏਕੀਕਰਣ ਕੀਤਾ ਹੋਇਆ ਹੋਵੇ। ਫੌਜ ਇਸ ਤੋਂ ਵੱਖਰੀ ਨਹੀਂ ਹੋ ਸਕਦੀ।"
ਜਨਰਲ ਵੈਦ ਨੇ ਫੈਸਲੇ ਪਿਛੋਂ ਮਾਰਸ਼ਲ ਦੀਆਂ ਅਦਾਲਤਾਂ ਲਗਣੀਆਂ ਸ਼ੁਰੂ ਹੋਈਆਂ। ਇੰਨ੍ਹਾਂ ਅਦਾਲਤਾਂ ਦੇ ਨਤੀਜਿਆਂ ਨੂੰ ਹੀ
ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਲੋਕ-ਸਭਾ ਵਿਚ ਉਜਾਗਰ ਕੀਤਾ।ਲੋਕ ਸਭਾ ਵਿਚ ਦਿਤੇ ਗਏ ਅੰਕੜਿਆਂ ਨੂੰ ਪੜ੍ਹ ਕੇ ਇਕ ਪੱਤਰਕਾਰ ਨੇ ਲਿਖਿਆ, '' ਭਾਰਤੀ ਫੌਜ ਦੇ ਸਾਹਮਣੇ ਆਜ਼ਾਦੀ ਪਿਛੋਂ ਅਨੁਸ਼ਾਸ਼ਨ ਦਾ ਇਹ ਸਭ ਤੋਂ ਗੰਭੀਰ ਸੰਕਟ ਸੀ। ਇਸ ਦੇ ਸਿਪਾਹੀ ਸਿਵਲੀਅਨ ਆਬਾਦੀ ਤੋਂ ਵੱਖ ਛਾਉਣੀਆਂ ਵਿਚ ਰਖੇ ਜਾਂਦੇ ਹਨ। ਛਾਉਣੀਆਂ ਵਿਚ ਉਨ੍ਹਾਂ ਨੂੰ ਹਰ ਵਸਤੂ ਮੁਹੱਈਆ ਕੀਤੀ ਜਾਂਦੀ ਹੈ ਤਾਕਿ ਭਾਰਤੀ ਸਮਾਜ ਵਿਚ ਫੈਲੀ ਅਨੁਸ਼ਾਸ਼ਨਹੀਣਤਾ ਤੋਂ ਉਹ ਬਚੇ ਰਹਿਣ ਪਰ ਹਰਿਮੰਦਰ ਸਾਹਿਬ ਵਿਚ ਫੌਜ ਨੂੰ ਭੇਜਣ ਦੇ ਫੈਸਲੇ ਨੇ ਭਾਰਤੀ ਫੌਜ ਦੇ ਅਨੁਸ਼ਾਸ਼ਨ ਅਤੇ ਵਫਾਦਾਰੀ ਵਿਚ ਤਰੇੜਾਂ ਪਾ ਦਿਤੀਆਂ। ਰਾਜਸੀ ਕਲਾਬਾਜ਼ੀਆਂ ਦਾ ਖਿਮਜ਼ਾਨਾ ਵਿਚਾਰੇ ਸਿੱਖ ਫੌਜੀਆਂ ਨੂੰ ਹੀ ਭੁਗਤਣਾ ਪਇਗਾ। ਇਸ ਦੇ ਨਤੀਜੇ ਭਵਿੱਖ ਵਿਚ ਵੀ ਚੰਗੇ ਨਹੀਂ ਨਿਕਲਣ ਲਗੇ।"
ਸੱਚ ਹੈ ! ਰਾਜਸੀ ਨੇਤਾ ਸੱਤਾ ਪ੍ਰਾਪਤੀ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ; ਫੌਜ ਦੇ ਆਤਮ ਸਨਮਾਨ ਦੀ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ।
ਸਮਕਾਲੀ ਸਰੋਕਾਰ .
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਅਦਬ ਸਤਿਕਾਰ ਅਤੇ ਸੇਵਾ ਸੰਭਾਲ
ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(6)
ਸ੍ਰੀ ਗੁਰੂ ਗੰਥ ਸਾਹਿਬ ਦੇ ਸਰੂਪ ਭੇਜਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਮਹਾਰਾਜ ਦੇ ਸਰੂਪਾਂ ਨਾਲ ਭਰੇ ਕੰਟੇਨਰ ਨੂੰ ਰੋਕਣ ਵਾਲਿਆਂ ਦੀਆਂ ਆਪਣੇ ਕਾਰਜਾਂ ਦੇ ਹੱਕ ਵਿਚ ਆਪਣੀਆਂ ਆਪਣੀਆਂ ਦਲੀਲਾਂ ਹਨ। ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ। ਗੁਰੂ ਸਾਹਿਬ ਦੇ ਸਰੂਪ ਵਿਦੇਸ਼ਾਂ ਵਿਚ ਭੇਜਣ ਸਬੰਧੀ ਅਕਾਲ ਤਖਤ ਸਾਹਿਬ ਵਲੋਂ ਕੁਝ ਹਦਾਇਤਾਂ 19 ਸਤੰਬਰ, 2009 ਈ. ਦੇ ਮਤੇ ਮੁਤਾਬਿਕ ਮਿਲੀਆਂ ਸਨ। ਉਨ੍ਹਾਂ ਦੀ ਪਾਲਣਾ ਕਰਦਿਆਂ ਹੀ ਇਹ ਕਾਰਵਾਈ ਕੀਤੀ ਜਾ ਰਹੀ ਸੀ। ਦਿੱਲੀ ਦੀਆਂ ਕੁਝ ਸਿੱਖ ਜਥੇਬੰਦੀਆਂ ਵਲੋਂ ਪਾਵਨ ਸਰੂਪ ਰੋਕਣ ਲਈ ਕਿਹਾ ਗਿਆ। ਕਮੇਟੀ ਨੇ ਬਿਨਾਂ ਕਿਸ ਉਜਰ ਉਨ੍ਹਾਂ ਦੀ ਮੰਗ ਮੰਨ ਲਈ ਗਈ ਅਤੇ ਸਰੂਪਾਂ ਨੂੰ ਸੁੱਖਾਸਨ ਵਾਲੀ ਥਾਂ ਲਿਜਾਣਾਂ ਸ਼ੁਰੂ ਕਰ ਦਿਤਾ ਗਿਆ। ਅਜੇ ਕੁਝ ਸਰੂਪ ਹੀ ਕੰਟੇਂਨਰ ਵਿਚੋਂ ਉਤਾਰੇ ਗਏ ਸਨ ਕਿ ਭੀੜ ਵਿਚੋਂ ਕਿਸੇ ਨੇ ਡਰਾਈਵਰ ਤੋਂ ਚਾਬੀ ਖੋਹ ਲਈ ਅਤੇ ਗੱਡੀ ਸਟਾਰਟ ਕਰਕੇ ''ਓਹ ਗਏ"....''ਓਹ ਗਏ" ਵਾਪਰ ਗਿਆ।
ਕਮੇਟੀ ਨੇ ਧੀਰਜ ਤੋਂ ਕੰਮ ਲਿਆ। ਕੰਟੇਂਨਰ ਨੂੰ ਲੱਭਿਆ ਗਿਆ ਅਤੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਗਏ। ਮਨ੍ਹਾਂ ਕਰਨ ਉਤੇ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਗਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੁਰਬਚਨ ਸਿੰਘ ਜੀ ਨੇ 26-04-2014 ਨੂੰ ਇਕ ਪੱਤਰ ਲਿਖ ਕੇ ਸਮੂੰਹ ਸਾਧ ਸੰਗਤ ਅਤੇ ਸਮੂੰਹ ਸਿੱਖ ਜਥੇਬੰਦੀਆਂ ਨੂੰ ਹੁਕਮ ਦਿਤਾ ਕਿ ਲਿਜਾਏ ਗਏ ਪਾਵਨ ਸਰੂਪ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਭੇਜ ਦਿਤੇ ਜਾਣ। ਸਿੰਘ ਸਾਹਿਬ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਦਿਤਾ ਕਿ ਉਹ ਇਹਨਾਂ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਸ਼ੁਸ਼ੋਬਿਤ ਕਰ ਲੈਣ ਅਤੇ ਜਿੰਨੀ ਦੇਰ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਨਾਲ ਵਿਚਾਰ ਕਰਕੇ ਨਵਾਂ ਆਦੇਸ਼ ਜਾਰੀ ਨਹੀਂ ਹੋ ਜਾਂਦਾ, ਓਨੀ ਦੇਰ ਤਕ ਪਾਵਨ ਸਰੂਪ ਕੰਟੇਂਨਰ ਰਾਹੀਂ ਵਿਦੇਸ਼ ਨਾ ਭੇਜੇ ਜਾਣ।
ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਉਤੇ ਪੂਰੀ ਤਰ੍ਹਾਂ, ਬਿਨਾਂ ਕਿਸੇ ਸੰਕੋਚ, ਅਮਲ ਕੀਤਾ ਹੈ।
ਗੁਰੂ ਮਹਾਰਾਜ ਦੇ ਸਰੂਪਾਂ ਨੂੰ ਰੋਕਣ ਵਾਲੇ ਸ਼ਰਧਾ ਭਾਵਨਾ ਨਾਲ ਆਏ ਸਨ। ਉਨ੍ਹਾਂ ਜਥੇਬੰਦ ਹੋ ਕੇ ਇਹ ਕਾਰਜ ਨਹੀਂ ਕੀਤਾ ਸੀ। ਇਸ ਲਈ ਨਾ ਤਾਂ ਅਸੀਂ ਕਿਸੇ ਦਾ ਨਾਂ ਲੈ ਸਕਦੇ ਹਾਂ ਅਤੇ ਨਾ ਹੀ ਕੋਈ ਸਪਸ਼ਟੀਕਰਨ ਮੰਗ ਸਕਦੇ ਹਾਂ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਕੰਟੇਂਨਰ ਨੂੰ ਇਸ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਲਿਜਾਇਆ ਗਿਆ ਸੀ ਕਿ ਗੁਰੂ ਸਾਹਿਬ ਦੀ ੜੇ ਜਿਹੇ ਸਿੱਖਾਂ ਤਕ ਹੀ ਸੀਮਿਤ ਨਾ ਰਹਿ ਜਾਵੇ ਸਗੋਂ ਪੂਰੀ ਸਿੱਖ ਕੌਮ ਨੂੰ ਪਤਾ ਲਗੇ ਕਿ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਪ੍ਰਕਾਰ ਬੇਅਦਬ ਕਰਕੇ ਵਿਦੇਸ਼ਾਂ ਵਿਚ ਲਿਜਾਇਆ ਜਾਂਦਾ ਹੈ ਤਾ ਕਿ ਇਸ ਪ੍ਰੰਪਰਾ ਨੂੰ ਸਦਾ ਲਈ ਰੋਕਿਆ ਜਾ ਸਕੇ ਅਤੇ ਗੁਰੂ ਸਾਹਿਬ ਦੀ ਸ਼ਾਨ ਦੇ ਅਨੁਕੂਲ ਕੋਈ ਰਸਤਾ ਲਭਿਆ ਜਾਵੇ।
ਸਾਡੇ ਮਿੱਤਰ ਸ. ਗੁਰਬਚਨ ਸਿੰਘ ਬੱਬਰ ਆਪਣੀ ਹੀ ਤਰ੍ਹਾਂ ਦੇ ਸਿਰੜੀ ਪੱਤਰਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਕ ਸ਼ਰਧਾਵਾਨ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਉਤੇ ਮੇਰਾ ਅਟੁੱਟ ਆਸਥਾ ਹੈ। ਮੈਂ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦਾ ਕਿ ਚੌਰ ਛੱਤਰ ਦੇ ਮਾਲਿਕ ਮੇਰੇ ਗੁਰੂ ਨੂੰ ਆਮ ਵਸਤੂ ਵਾਂਗ ਪੈਕ ਕਰ ਕੇ ਕਿਧਰੇ ਲਿਜਾਇਆ ਜਾਵੇ, ਉਸ ਨੂੰ ਤੋਲਿਆ ਜਾਵੇ, ਉਸ ਉਤੇ ਮੋਹਰਾਂ ਲਗਣ, ਕਿਰਾਏ, ਭਾੜੇ ਅਤੇ ਟੈਕਸ ਵਸੂਲੇ ਜਾਣ, ਜਾਂ ਉਸ ਨੂੰ ਭਾਰ ਵਾਂਗ ਢੋਇਆ ਜਾਵੇ। ਮੇਰੇ ਸਤਿਗੁਰੂ ਦੀ ਥਾਂ ਤਾਂ ਸਿੱਖ ਦੇ ਦਿਲ ਵਿਚ ਹੈ ਜਾਂ ਸਿਰ ਉਤੇ ਹੈ। ਮੈਂ ਗੁਰੂ ਦੀ ਬੇਅਦਬੀ ਨਹੀਂ ਹੋਣ ਦਿਆਂਗਾ ਅਤੇ ਜਿੰਨ੍ਹਾਂ ਨੇ ਕੀਤੀ ਹੈ, ਉਨ੍ਹਾਂ ਨੂੰ ਜ਼ਬਰਦਸਤ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਦੀ ਮਾਨਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਕੰਟੇਂਨਰਾਂ ਰਾਹੀਂ ਵਿਦੇਸ਼ਾਂ ਵਿਚ ਭੇਜਣ ਦੀ ਆਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਦਿਤੀ ਸੀ, ਇਸ ਲਈ ਉਸ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿਤੀ ਜਾਵੇ ਅਤੇ ਕੰਟੇਂਨਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਵੀ ਹਾਲਤ ਵਿਚ ਨਾ ਭੇਜੇ ਜਾਣ।
ਅਸੀਂ ਬੱਬਰ ਜੀ ਨੂੰ 1984 ਦੇ ਕੌਮਘਾਤਕ ਸਮੇਂ ਤੋਂ ਜਾਣਦੇ ਹਾਂ। ਸਾਨੂੰ ਉਨ੍ਹਾਂ ਦੀ ਦ੍ਰਿੜਤਾ ਦਾ ਵੀ ਗਿਆਨ ਹੈ ਅਤੇ ਕੌਮ ਪ੍ਰਤੀ ਪਿਆਰ ਦੀ ਵੀ ਜਾਣਕਾਰੀ ਹੈ। ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ ਦੀ ਪ੍ਰਾਪਤੀ ਲਈ ਉਨ੍ਹਾਂ ਇਕਲਿਆਂ ਸੰਘਰਸ਼ ਕੀਤਾ ਹੈ। 84 ਦੇ ਪੀੜਤਾਂ ਦੀ ਬਾਂਹ ਫੜਣ ਵਾਲਾ ਵੀ ਬੱਬਰ ਹੀ ਸੀ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵਿਦੇਸ਼ਾਂ ਵਿਚ ਭੇਜਣ ਦੇ ਮਾਮਲੇ ਨੂੰ ਵੀ ਉਨ੍ਹਾਂ ਆਪਣੇ ਹੱਥ ਲਿਆ ਹੈ ਤਾ ਵਿਸ਼ਵਾਸ਼ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਤੋੜ ਤਕ ਪੁਚਾ ਕੇ ਹੀ ਸਾਹ ਲੈਣਗੇ।
ਸਾਡੇ ਕੋਲ ਦਲੀਲਾਂ ਦੀ ਕੋਈ ਘਾਟ ਨਹੀਂ ਪਰ ਉਨ੍ਹਾਂ ਨਾਲ ਅਸਹਿਮਤੀ ਵੀ ਕੋਈ ਨਹੀਂ। ਅਸੀਂ ਸ. ਗੁਰਚਰਨ ਸਿੰਘ ਬੱਬਰ ਦਾ ਪੂਰਾ ਸਾਥ ਦਿਆਂਗੇ। ਤਾਂ ਵੀ ਇਸ ਸਮੱਸਿਆ ਦਾ ਖੂਬਸੂਰਤ ਪੱਖ ਇਹ ਵੀ ਹੈ ਕਿ ਸਾਨੂੰ ਇਸ ਦੇ ਬਹਾਨੇ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਮਿਲ ਰਿਹਾ ਹੈ।
(ਬਾਕੀ)
ਮਾਤਾ ਲਾਡਿਕੀ-15 .
ਨਿਰੰਕਾਰ
''ਮਾਤਾ ਜੀ!"
''ਜੀ ਪੁੱਤਰ ਜੀ!"
''ਅੱਜ ਸਵੇਰੇ ਜਪੁ ਜੀ ਦਾ ਪਾਠ ਕਰਦਿਆਂ ਮਨ ਭਟਕ ਗਿਆ।" ਬਾਲਪਨ ਦੀ ਦਹਿਲੀਜ਼ ਪਾਰ ਕਰਦੇ....ਦਿਆਲ ਨੇ ਮਾਤਾ ਲਾਡਿੱਕੀ ਨੂੰ ਲੇਖਾ ਦਿੰਦਿਆਂ ਦੱਸਿਆ।
''ਕਿਉਂ ਪੁੱਤਰ ਜੀ, ਜਪੁ ਜੀ ਤਾਂ ਗੁਰੂ ਨਾਨਕ ਸਾਹਿਬ ਦੀ ਦਾਰਸ਼ਨਿਕ ਬਾਣੀ ਸਮਝੀ ਜਾਂਦੀ ਹੈ। ਲੱਖਾਂ ਸਿੱਖ ਸਵੇਰੇ ਬਾਣੀ ਦਾ ਰਸ ਮਾਣਦੇ ਹਨ। ਤੁਹਾਡਾ ਮਨ ਕਿਉਂ ਭਟਕ ਗਿਆ?"
ਜੀ! ਜਪੁ ਦੇ ਸ਼ੁਰੂ ਵਿਚ ਮੰਗਲਾਚਰਨ ਹੈ ਜਿਸ ਨੂੰ ਅਸੀ ਮੂਲ ਮੰਤਰ ਕਹਿੰਦੇ ਹਾਂ।" ਦਿਆਲ ਨੇ ਆਪਣੀ ਭਟਕਣਾ ਦੱਸਣੀ ਸ਼ੁਰੂ ਕੀਤੀ। ''ਇਸ ਵਿਚ ਅਕਾਲ ਪੁਰਖ ਦਾ ਸਰੂਪ ਬਿਆਨਿਆ ਗਿਆ ਹੈ। ਉਸ ਨੁੰ ਇੱਕ, ਸਦਾ ਸੱਚ, ਬ੍ਰ਼ਹਿਮੰਡ ਨੂੰ ਬਨਾਉਣ ਅਤੇ ਚਲਾਉਣ ਵਾਲਾ, ਅਕਾਲ, ਨਿਰਭਉ, ਨਿਰਵੈਰ ਅਤੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਦੱਸਿਆ ਗਿਆ ਹੈ।"
''ਠੀਕ ਕਹਿੰਦੇ ਓ, ਪੁੱਤਰ ਜੀ!"
''ਇਹ ਗੁਣ ਕਿਸੇ ਆਕਾਰ ਵਿਚ ਪ੍ਰਾਪਤ ਨਹੀਂ ਹੋ ਸਕਦੇ ਕਿਉਂਕਿ ਆਕਾਰ ਸਦਾ ਬਦਲਦੇ ਰਹਿੰਦੇ ਹਨ, ਉਹ ਅਕਾਲ ਨਹੀਂ ਹੋ ਸਕਦੇ, ਉਹ ਸਦਾ ਸੱਚ ਨਹੀਂ ਹੋ ਸਕਦੇ। ਜੇ ਉਹ ਚੇਤਨਸ਼ੀਲ ਹੋਣ ਤਾਂ ਉਹ ਨਿਰਭਉ, ਨਿਰਵੈਰ ਨਹੀਂ ਹੋ ਸਕਦੇ।"
''ਬਿਲਕੁਲ ਠੀਕ ਹੈ।"
''ਇਸ ਲਈ ਅਕਾਲ ਪੁਰਖ ਜਾਂ ਕਰਤਾਰ ਜ਼ਰੂਰੀ ਤੌਰ 'ਤੇ ਨਿਰਆਕਾਰ, ਚੇਤਨਾ ਰਹਿਤ ਸ਼ਕਤੀ ਹੋਈ।" ਦਿਆਲ ਨੇ ਮਾਤਾ ਵੱਲ ਪ੍ਰਸ਼ਨਸੂਚਕ ਨਜ਼ਰਾਂ ਨਾਲ ਵੇਖਿਆ, ''ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਨਿਰੰਕਾਰ ਕਿਹਾ ਹੈ। ਜਪੁ ਜੀ ਵਿਚ ਨਿਰੰਕਾਰ ਨੂੰ ਸਤਿਗੁਰੂ ਨੇ ਉਸ ਦੀ ਵਡਿਆਈ ਕਰਦਿਆਂ ਕਿਹਾ ਹੈ:
ਕੁਦਰਤ ਕਵਣ ਕਹਾ ਵੀਚਾਰ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤ ਨਿਰੰਕਾਰ॥
ਏਸ ਬਾਣੀ ਵਿਚ ਇਸ ਅੰਤ ਵਾਲੀਆਂ ਚਾਰ ਪਉੜੀਆਂ ਹਨ।"
''ਹਾਂ, ਪੁੱਤਰ ਜੀ!" ਮਾਤਾ ਲਾਡਿੱਕੀ ਨੇ ਪੁੱਤਰ ਦਿਆਲ ਦੀ 'ਹਾਂ' ਵਿਚ 'ਹਾਂ' ਮਿਲਾਈ, ''ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਥਾਂ-ਥਾਂ ਨਿਰੰਕਾਰ ਦੱਸਿਆ ਹੈ। ਆਸਾ ਵਿਚ ਵੀ ਕਿਹਾ ਹੈ:
ਨਿਰੰਕਾਰ ਮਹਿ ਆਕਾਰੁ ਸਮਾਵੈ ਅਕਲ ਕਲਾ ਸਚੁ ਸਾਚਿ ਟਿਕਾਵੈ॥
ਸੋ ਨਰੁ ਗਰਭ ਜੋਨਿ ਨਹੀਂ ਆਵੈ॥(੪੧੪)
ਸਲੋਕਾਂ ਵਿਚ ਵੀ ਲਿਖਿਆ ਹੈ:
ਸਗਲਿਆਂ ਭਉ ਲਿਖਿਆ ਸਿਰਿ ਲੇਖੁ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕ॥(੪੬੪)"
'' ਪਰ ਮਾਤਾ ਜੀ," ਦਿਆਲ ਨੇ ਪ੍ਰਮਾਤਮਾ ਨੂੰ ਨਿਰੰਕਾਰ ਸਾਬਤ ਕਰਨ ਪਿਛੋਂ ਕਿਹਾ, ''ਜਪੁ ਵਿਚ ਹੀ ਸਤਿਗੁਰ ਕਹਿੰਦੇ ਹਨ:
ਸਚੁ ਖੰਡਿ ਵਸੈ ਨਿਰੰਕਾਰ॥
ਕਰਿ ਕਰਿ ਵੇਖੈ ਨਦਰਿ ਨਿਹਾਲ॥
ਸੋਚਣ ਵਾਲੀ ਗੱਲ ਇਹ ਹੈ ਕਿ ਜੋ ਨਿਰਅਕਾਰ ਹੈ, ਉਹ ਕਿਧਰੇ ਰਹਿੰਦਾ ਵੀ ਹੈ? ਨਿਰਅਕਾਰ ਨੂੰ ਰਹਿਣ ਲਈ ਥਾਂ ਚਾਹੀਦੀ ਹੈ ਕੀ?"
''ਹੋਰ ਸੋਚ ਲਉ, ਬੇਟਾ ਜੀ!"
''ਮਾਤਾ ਜੀ! ਸਭ ਤੋਂ ਵਧੇਰੇ ਭਟਕਣ ''ਸੋ ਦਰੁ" ਦੀ ਪਉੜੀ ਪੈਦਾ ਕਰਦੀ ਹੈ। ਗੁਰੂ ਨਾਨਕ ਦੇਵ ਜੀ ਇੱਕ ਪਾਸੇ ਅਕਾਲ ਪੁਰਖ ਨੂੰ ਨਿਰੰਕਾਰ ਕਹਿੰਦੇ ਹਨ, ਦੂਜੇ ਪਾਸੇ ਇੱਕ ਅਜਿਹਾ ਦਰਬਾਰ ਲਾਉਂਦੇ ਹਨ ਜਿਥੇ ਅਕਾਲ ਪੁਰਖ ਦੇ ਆਸ ਪਾਸ ਧਰਮ ਰਾਜ, ਚਿਤਰ ਗੁਪਤ, ਇੰਦਰ, ਬਰ੍ਹਮਾਂ ਵਰਗੇ ਦੇਵਤੇ ਵੀ ਬੈਠੇ ਹੋਏ ਹਨ। ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਅਕਾਲ ਪੁਰਖ ਨਿਰੰਕਾਰ ਹੈ ਜਾਂ ਸਰੀਰਧਾਰੀ ਹੈ ਅਤੇ ਆਪਣਾ ਵੱਡੱਪਣ ਦਿਖਾਉਣ ਲਈ ਵੱਡੇ ਵੱਡੇ ਦਰਬਾਰ ਲਾਉਂਦਾ ਹੈ।"
''ਤੁਹਾਡੇ ਅੰਦਰ ਇਹ ਸਵਾਲ ਇਸ ਲਈ ਪੈਦਾ ਹੋਇਆ ਹੈ ਕਿਉਂਕਿ ਤੁਸੀਂ ਗੁਰਬਾਣੀ ਦੇ ਸਮੁੱਚੇ ਸੰਕਲਪ, ਦਰਸ਼ਨ ਇਕਾਈ ਵਜੋਂ ਨਹੀਂ ਵੇਖਿਆ ਸਗੋਂ ਉਸ ਨੂੰ ਭਾਗਾਂ ਵਿਚ ਵੰਡ ਲਿਆ ਹੈ। ਦੂਸਰਾ ਤੁਸੀਂ ਕਵੀ ਅਤੇ ਵਾਰਤਾਕਾਰ ਵਿਚ ਹੁੰਦੇ ਲੇਖਣ ਕਲਾ ਦੇ ਅੰਤਰ ਨੂੰ ਧਿਆਨ ਵਿਚ ਨਹੀਂ ਰੱਖਿਆ ਅਤੇ ਤੀਸਰੇ ਤੁਹਾਡਾ ਧਿਆਨ ਰਚਨਾ ਦੇ ਮੂਲ ਭਾਵ ਦੀ ਥਾਂ ਉਸ ਦੀ ਆਲੋਚਨਾ ਵੱਲ ਹੈ ਜਿਸ ਕਾਰਨ ਤੁਸੀਂ ਉਸ ਦੀ ਖੂਬਸੂਰਤੀ ਨੂੰ ਨਹੀਂ ਵੇਖਿਆ ਸਗੋਂ ਉਸ ਤੋਂ ਜ਼ਬਰਦਸਤੀ ਆਪਣੇ ਮਤਲਬ ਦੇ ਅਰਥ ਕੱਢਣ ਦਾ ਯਤਨ ਕੀਤਾ ਹੈ।" ਮਾਤਾ ਲਾਡਿੱਕੀ ਨੇ ਬੜੇ ਸੰਕੋਚਵੇਂ ਅਤੇ ਸਪੱਸ਼ਟ ਸ਼ਬਦਾਂ ਵਿਚ ਜਵਾਬ ਦਿੱਤਾ।
''ਮੇਰੀ ਸਮਝ ਵਿਚ ਕੁਝ ਨਹੀਂ ਆਇਆ, ਮਾਤਾ ਜੀ!" ਦਿਆਲ ਨੇ ਮਾਤਾ ਨੂੰ ਵਿਸਥਾਰ ਵਿਚ ਸਮਝਾਉਣ ਦੀ ਬੇਨਤੀ ਕੀਤੀ।
''ਦੇਖੋ, ਪੁੱਤਰ ਜੀ!" ਥੋੜ੍ਹੇ ਠਰ੍ਹੰਮੇ ਪਿਛੋਂ ਮਾਤਾ ਲਾਡਿੱਕੀ ਨੇ ਕਿਹਾ, ''ਧਰਮ ਕਿਸੇ ਮੂਰਖ ਦੇ ਮਨ ਦਾ ਫ਼ਤੂਰ ਨਹੀਂ ਹੁੰਦਾ। ਉਹ ਕਿਸੇ ਮਹਾਨ ਪੁਰਸ਼ ਦੁਆਰਾ ਮਨੁੱਖਤਾ ਦੇ ਭਲੇ ਲਈ ਅਨੁਭਵ ਕੀਤੀ ਗਈ ਜੀਵਨ ਜਾਚ ਹੁੰਦੀ ਹੈ। ਇਸੇ ਲਈ ਹਰ ਧਰਮ ਸਮਾਜਿਕਤਾ ਨਾਲ ਜੁੜਿਆ ਹੁੰਦਾ ਹੈ ਅਤੇ ਉਸ ਦੇ ਠੋਸ ਆਧਾਰ ਹੁੰਦੇ ਹਨ।”
''........................."
''ਗੁਰੂ ਬਾਬਾ ਨਾਨਕ ਦੇਵ ਜੀ ਦੇ ਧਰਮ ਦੇ ਪੰਜ ਠੋਸ ਆਧਾਰ ਹਨ: ਇੱਕ ਧਰਮ ਦੀ ਕਿਰਤ ਕਰਨਾ, ਦੂਜਾ ਇਸ ਕਿਰਤ ਦੇ ਨਤੀਜੇ ਵਜੋਂ ਹੋਈ ਆਮਦਨ ਨੂੰ ਵੰਡ ਛੱਕਣਾ, ਤੀਜਾ ਸਭ ਨੂੰ ਬਨਾਉਣ ਅਤੇ ਚਲਾਉਣ ਵਾਲੇ ਦਾਤਾਰ ਦੀਆਂ ਦਾਤਾਂ ਲਈ ਉਸ ਨੂੰ ਹਰ ਸਮੇਂ ਚੇਤੇ ਰੱਖਣਾ, ਉਸ ਦੇ ਨਿਯਮਾਂ ਅਨੁਸਾਰ ਜੀਵਨ ਨੁੰ ਬਤੀਤ ਕਰਨਾ, ਯਾਨੀ ਨਾਮ ਜੱਪਣਾ, ਚੌਥਾ ਖੂਬ ਮਿਹਨਤ ਕਰਨਾ ਅਤੇ ਜੀਵਨ ਲਈ ਲੋੜੀਂਦੇ ਸਾਧਨਾਂ ਨੂੰ ਪੈਦਾ ਕਰਨਾ, ਇੱਕਠੇ ਕਰਕੇ ਜੋੜਣਾ ਪਰ ਇਸ ਨੂੰ ਕਰਤਾਰ ਦੀ ਦੇਣ ਸਮਝ ਕੇ ਇਸ ਵਿਚ ਖਚਤ ਨਾ ਹੋਣਾ, ਆਪਣੇ ਆਪ ਨੂੰ ਨਿਰਲੇਪ ਰੱਖਣਾ ਅਤੇ ਪੰਜਵਾਂ ਜੋ ਆਪਣੇ ਵੱਸ ਤੋਂ ਬਾਹਰ ਹੋਵੇ, ਉਸ ਲਈ ਕਰਤਾਰ ਦਾ ਭਾਣਾ ਮੰਨਣਾ, ਆਪਣੇ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣਾ। ਇਨ੍ਹਾਂ ਪੰਜਾਂ ਸਿਧਾਂਤਾਂ ਦੇ ਚੌਖਟੇ ਵਿਚ ਹੀ ਗੁਰੂ ਸਾਹਿਬ ਦੀ ਹਰ ਰਚਨਾ ਨੂੰ ਵੇਖਿਆ, ਪੁਰਖਿਆ, ਤੋਲਿਆ, ਮਾਪਿਆ ਜਾਣਾ ਚਾਹੀਦਾ ਹੈ।"
''ਜੀ, ਮਾਤਾ ਜੀ।"
''ਜਦੋਂ ਤੁਸੀਂ ਕਰਤਾਰ ਨੁੰ ਇੱਕ ਪਰ ਨਿਰੰਕਾਰ ਮੰਨ ਲਿਆ ਹੈ ਤਾਂ ਗੁਰੂ ਬਾਬੇ ਦੀ ਹਰ ਬਾਣੀ ਨੂੰ ਏਸੇ ਚੌਖਟੇ ਵਿਚ ਰੱਖਣਾ ਚਾਹੀਦਾ ਹੈ। ਗੁਰੂ ਜੀ ਦੀ ਵਿਦਵਤਾ ਏਨੀ ਸੀ ਕਿ ਉਨ੍ਹਾਂ ਦੀ ਬਾਣੀ ਵਿਚ ਅੰਤਰ ਵਿਰੋਧ ਦੀ ਕੋਈ ਸੰਭਾਵਨਾ ਹੀ ਨਹੀਂ ਹੋ ਸਕਦੀ।"
''ਏਸੇ ਲਈ ਮੈਂ ਸ਼ੰਕਾ ਪ੍ਰਗਟ ਕੀਤੀ ਸੀ।" ਦਿਆਲ ਨੇ ਹਾਮ੍ਹੀ ਭਰੀ।
''ਦੇਖੋ, ਗੁਰਬਾਣੀ ਕਵਿਤਾ ਵਿਚ ਹੈ। ਕਵਿਤਾ ਦੀਆਂ ਕੁਝ ਵਿਸ਼ੇਸ਼ ਬੰਦਸ਼ਾਂ ਹੁੰਦੀਆਂ ਹਨ। ਇਹ ਵਿਆਕਰਣ ਨੂੰ ਨਹੀਂ ਮੰਨਦੀ ਪਰ ਇਸ ਵਿਚ ਲੈਅ, ਸੁਰ, ਤਾਲ, ਤੋਲ ਤੁਕਾਂਤ ਦੀਆਂ ਅਨੇਕਾਂ ਬੰਧਸ਼ਾਂ ਹੁੰਦੀਆਂ ਹਨ। ਕਵੀ ਦੇ ਵਿਚਾਰਾਂ ਵਿਚ ਉਡਾਰੀ ਹੁੰਦੀ ਹੈ, ਭਾਵਨਾ ਹੁੰਦੀ ਹੈ ਪਰ ਵਿਆਖਿਆ ਨਹੀਂ ਹੁੰਦੀ, ਉਦਾਹਰਨਾਂ, ਮਿਸਾਲਾਂ ਨੂੰ ਦੇ ਕੇ ਤੱਥ ਨੂੰ ਸਿੱਧ ਕਰਨ ਦਾ ਤਰੀਕਾ ਨਹੀਂ ਅਪਣਾਇਆ ਜਾਂਦਾ।" ਥੋੜ੍ਹੀ ਦੇਰ ਚੁੱਪ ਕਰਨ ਪਿਛੋਂ ਮਾਤਾ ਲਾਡਿੱਕੀ ਮੁੜ ਬੋਲੀ, ''ਪੁੱਤਰ ਜੀ! ਗੁਰੂ ਬਾਬੇ ਨੇ ਇਸ ਬਾਣੀ ਵਿਚ ਕਰਤਾਰ ਦੇ ਸਰੂਪ ਨੂੰ ਨਹੀਂ ਬਿਆਨਿਆ, ਉਸ ਦੀ ਮਹਾਨਤਾ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਦੇਵੀ, ਦੇਵਤਿਆਂ, ਰਿਸ਼ੀਆਂ ਮੁੰਨੀਆਂ, ਰਾਜਿਆਂ ਮਹਾਰਾਜਿਆਂ ਦਾ ਤੁਸੀਂ ਦਮ ਭਰਦੇ ਹੋ, ਉਹ ਸਾਰੇ (ਨਿਰਅਕਾਰ) ਕਰਤਾਰ ਦੇ ਦਰਬਾਰ ਵਿਚ ਪਾਣੀ ਭਰਦੇ ਹਨ। ਗੁਰੂ ਸਾਹਿਬ ਨੇ ਕਿਸੇ ਦੀ ਸ਼ਕਲ ਨਹੀਂ ਬਿਆਨੀ, ਅਕਲ ਦੀ ਗੱਲ ਨਹੀਂ ਕੀਤੀ। ਸਿਰਫ਼ ਲੋਕ ਧਾਰਨਾ ਨੂੰ ਸਾਹਮਣੇ ਰੱਖ ਕੇ ਇੱਕ ਦਰਬਾਰ ਦਾ ਵਾਤਾਵਰਣ ਸਿਰਜਿਆ ਹੈ। ਇਸ ਲਈ ਸਭ ਦੇਵੀ ਦੇਵਤੇ, ਰਿਸ਼ੀ ਮੁਨੀ ਇਸ ਲਈ ਬੈਠੇ ਹਨ ਕਿਉਂਕਿ ਕਰਤਾਰ ਇਨ੍ਹਾਂ ਸਭਨਾਂ ਤੋਂ, ਜੇ ਇਹ ਹੈਨ ਵੀ, ਤਾਂ, ਵੱਡਾ ਹੈ, ਮਹਾਨ ਹੈ।"
''.................."
''ਤੇ ਪੁੱਤਰ ਜੀ! ਖੰਡ ਕੋਈ ਥਾਂ ਨਹੀਂ, ਮਨੁੱਖ ਦੇ ਮਨ ਦੀ ਅਵਸਥਾ ਹੈ। ਗੁਰੂ ਬਾਬੇ ਦਾ ਕਹਿਣਾ ਹੈ ਕਿ ਮਨੁੱਖ ਧਰਤੀ 'ਤੇ ਜਨਮ ਲੈਂਦਾ ਹੈ। ਇਹ ਧਰਮ ਖੰਡ ਹੈ। ਜੋ ਗਿਆਨ ਪ੍ਰਾਪਤ ਕਰਦੇ ਹਨ, ਉਨ੍ਹਾਂ ਦਾ ਮਨ ਧਰਮ ਖੰਡ ਤੋਂ ਸਰਮ ਖੰਡ ਤੱਕ ਜਾ ਪਹੁੰਚਦਾ ਹੈ। ਮਿਹਨਤ ਨਾਲ ਉਸ ਦਾ ਮਨ ਹੋਰ ਸੁੰਦਰ ਹੋ ਜਾਂਦਾ ਹੈ ਅਤੇ ਉਹ ਧਰਮ ਖੰਡ ਵਿਚ ਜਾ ਪਹੁੰਚਦਾ ਹੈ। ਕਰਮ ਕਰਨ ਵਾਲੇ ਮਨੁੱਖ ਦੀ ਮਾਨਸਿਕ ਸਥਿਤੀ ਉਸ ਨੂੰ ਬਲਵਾਨ ਬਣਾ ਦਿੰਦੀ ਹੈ ਅਤੇ ਉਹ ਸੱਚ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ। ਇਸੇ ਸਚਖੰਡ ਵਿਚ ਉਹ ਕਰਤਾਰ ਜੋ ਸਦਾ ਸੱਚ ਹੈ, ਰਹਿੰਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ ਮੁਨੱਖ ਜਾਂ ਕਿਸੇ ਸਥੂਲ ਦੇ ਰਹਿਣ ਦੀਆਂ ਥਾਵਾਂ ਨਹੀਂ, ਮਨੁੱਖੀ ਮਨ ਦੀਆਂ ਦਸ਼ਾਵਾਂ ਹਨ। ਬਹੁਤੇ ਮਨੁੱਖਾਂ ਦਾ ਮਨ ਧਰਤੀ ਤੋਂ ਉਪਰ ਨਹੀਂ ਉੱਠਦਾ। ਉਹ ਧਰਮ ਖੰਡ ਵਿਚ ਪੈਦਾ ਹੁੰਦੇ ਹਨ, ਪਸ਼ੂਆਂ ਵਾਂਗ ਜਿਊਂਦੇ ਹਨ ਅਤੇ ਪਸ਼ੂਆਂ ਵਾਂਗ ਹੀ ਮਰ ਜਾਂਦੇ ਹਨ। ਪਰ ਕੁਝ ਮਨੁੱਖ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਆਪ ਨੂੰ ਧਰਮ ਖੰਡ ਤੋਂ ਸੱਚਖੰਡ ਦੀ ਉਚਾਈ ਤੱਕ ਲੈ ਜਾਂਦੇ ਹਨ। ਇਨ੍ਹਾਂ ਦਾ ਜੀਊਣਾ ਹੀ ਅਸਲ ਜੀਊਣਾ ਹੈ ਅਤੇ ਇਨ੍ਹਾਂ ਨੇ ਹੀ ਕਰਤਾਰ ਨੂੰ ਪਛਾਣਿਆ ਹੁੰਦਾ ਹੈ, ਇਹੀ ਕਰਤਾਰੀ ਸਥਿਤੀਆਂ ਵਿਚ ਜੀਊਣ ਵਾਲੇ ਮਹਾਂਪੁਰਸ਼ ਹੁੰਦੇ ਹਨ। ਦਸਮ ਪਾਤਸ਼ਾਹ ਨੇ ਵੀ ਜਾਪੁ ਸਾਹਿਬ ਵਿਚ ਕਿਹਾ ਹੈ:
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥
ਯਾਨੀ ਪ੍ਰਮਾਤਮਾ ਦਾ ਨਾ ਕੋਈ ਰੰਗ ਹੈ, ਨਾ ਰੂਪ ਹੈ। ਨਾ ਹੀ ਉਸ ਦੀ ਕੋਈ ਜਾਤਿ ਹੈ ਨਾ ਹੀ ਕੋਈ ਕੁੱਲ ਹੈ। ਉਸ ਦਾ ਕੋਈ ਭੇਖ ਨਹੀਂ, ਪਹਿਰਾਵਾ ਨਹੀਂ। ਇਹ ਸਰੇ ਗੁਣ ਨਿਰੰਕਾਰ ਵਿਚ ਹੀ ਹੋ ਸਕਦੇ ਹਨ।"
''ਜੀ ਮਾਤਾ ਜੀ।"
''ਹੁਣ ਪੱਕਾ ਸਮਝ ਲਉ ਕਿ ਇਸ ਬ੍ਰਹਿਮੰਡ ਨੂੰ ਬਨਾਉਣ ਚਲਾਉਣ ਵਾਲਾ ਕਰਤਾਰ ਅਕਾਲ, ਸਦਾ ਰਹਿਣ ਵਾਲਾ ਸੱਚ ਹੀ ਨਹੀਂ, ਉਹ ਨਿਰੰਕਾਰ ਵੀ ਹੈ।"