ਮਿਸ਼ਨ ਜਨਚੇਤਨਾ 19 ਸਤੰਬਰ,2019
ਸਾਲ 10, ਅੰਕ 12, 19 ਸਤੰਬਰ, 2019/5 ਅੱਸੂ (ਵਦੀ) ਨਾਨਕ ਸ਼ਾਹੀ 551.
ਅੱਜ ਦਾ ਵਿਚਾਰ-25 .
ਪੰਜਾਬ ਦੇ ਉਪਰ ਹਮਲਿਆਂ ਦੀ ਵਾਰਤਾ ਸਿੰਧ ਘਾਟੀ ਦੀ ਸਭਿਅਤਾ ਦੇ
ਅਖੀਰਲੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਆਰੀਆ ਲੋਕਾਂ ਨੇ ਇਸ ਦੀ ਸ਼ੁਰੂਆਤ ਕੀਤੀ। ਸ਼ਾਂਤੀ ਅਤੇ
ਅਮਨ ਨਾਲ ਵਸਦੇ ਸਿੰਧ ਘਾਟੀ ਦੀ ਸਭਿਅਤਾ ਦੇ ਲੋਕਾਂ ਨੂੰ ਪੱਛਮੀ ਅਤੇ ਕੇਂਦਰੀ ਏਸ਼ੀਆ ਦੀ ਭੁੱਖਮਰੀ
ਨੇ ਦਬੋਚ ਸੁੱਟਿਆ। ਆਰੀਆ ਲੋਕ ਇਹਨਾਂ ਹੀ ਖਿੱਤਿਆਂ ਵਿੱਚ ਵਸਣ ਵਾਲੇ ਭੁੱਖਮਰੀ ਦਾ ਸ਼ਿਕਾਰ ਹੋਏ
ਲੋਕ ਸਨ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਿੰਧ ਦਰਿਆ ਦੇ ਆਲੇ-ਦੁਆਲੇ ਦੇ ਵਿਸ਼ਾਲ ਖੇਤਰ ਵਿੱਚ
ਮਣਾਂ ਮੂੰਹੀ ਅਨਾਜ ਹੁੰਦਾ ਹੈ, ਹਰੇ-ਹਰੇ ਘਾਹ ਵਾਲੀਆਂ ਵਿਸ਼ਾਲ ਚਾਰਗਾਹਾਂ ਅਤੇ ਜੰਗਲ ਹਨ,
ਦਰਿਆਵਾਂ ਦਾ ਨਿਰਮਲ ਅਤੇ ਠੰਢਾ-ਠਾਰ ਪਾਣੀ ਵਹਿੰਦਾ ਹੈ ਤਾਂ ਉਹ ਟਿੱਡੀ ਦਲਾਂ ਵਾਂਗ ਆਪਣੇ ਗਊਆਂ
ਦੇ ਵੱਗ,ਊਠਾਂ ਦੇ ਝੂੰਡ,ਭੇਡਾਂ ਬੱਕਰੀਆਂ ਦੇ ਇੱਜੜ ਲੈ ਕੇ ਇੱਧਰ ਨੂੰ ਰਵਾਨਾ ਹੋ ਗਏ। ਸਾਲਾਂ
ਵਿੱਚ ਹੀ ਇਹਨਾਂ ਭੁੱਖਮਰੀ ਦਾ ਸ਼ਿਕਾਰ ਆਰੀਆ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ਦੀ ਪਵਿੱਤਰ ਧਰਤੀ
ਨੂੰ ਆਪਣੇ ਪਸ਼ੂਆਂ ਦੇ ਗੋਹੇ ਅਤੇ ਮਲਮੂਤਰ ਨਾਲ ਥਾਂ-ਥਾਂ ਤੋਂ ਗੱਦੀ ਕਰ ਸੁੱਟਿਆ। ਸ਼ਹਿਰਾਂ ਵਿੱਚ
ਰਹਿਣ ਦੀ ਸਮੱਸਿਆ ਪੈਦਾ ਹੋ ਗਈ, ਚਾਰਗਾਹਾਂ, ਖੇਤੀਬਾੜੀ ਅਤੇ ਜੰਗਲ ਉਜੜਨੇ ਸ਼ੁਰੂ ਹੋ ਗਏ ਅਤੇ
ਦਰਿਆਵਾਂ ਦੇ ਪਾਣੀ ਪਲੀਤ ਹੋਣੇ ਸ਼ੁਰੂ ਹੋ ਗਏ। ਸਿੱਟਾ ਸਦੀਆਂ ਤੋਂ ਘੁੱਗ ਵਸਦੀ ਆ ਰਹੀ ਸਿੰਧ ਘਾਟੀ
ਦੀ ਸਭਿਅਤਾ ਦੀ ਤਬਾਹੀ ਵਿੱਚ ਨਿਕਲਿਆ। ਬਾਹਰੋਂ ਇੰਨੀ ਤਾਦਾਦ ਵਿੱਚ ਭੁੱਖੇ ਲੋਕ ਅਤੇ ਪਸ਼ੂ ਇੱਥੇ ਆ
ਗਏ ਕਿ ਸਿੰਧ ਘਾਟੀ ਦੇ ਲੋਕ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ। ਸਿੰਧ ਘਾਟੀ ਦੀ ਸਭਿਅਤਾ
ਉੱਜੜ-ਪੁੱਜੜ ਗਈ, ਸ਼ਹਿਰ ਢਹਿ ਗਏ, ਲੋਕ ਮਾਰ ਦਿੱਤੇ ਗਏ, ਬਾਜਾਰ ਲੁੱਟ ਲਏ ਗਏ ਅਤੇ ਸ਼ਹਿਰੀ ਜੀਵਨ
ਤਬਾਹ ਹੋ ਗਿਆ ਸੀ। ਇਥੋ ਸ਼ੁਰੂ ਹੋ ਗਿਆ ਪੰਜਾਬ ਦਾ ਨਵਾਂ ਇਤਿਹਾਸ। ਉਹ ਇਤਿਹਾਸ ਜੋ ਹਮਲਾਵਰਾਂ ਦੇ
ਹਮਲਿਆਂ ਦੀ ਤਬਾਹੀ ਨਾਲ ਭਰਪੂਰ ਹੈ। ਆਰੀਆ ਲੋਕਾਂ ਦਾ ਪਹਿਲਾਂ ਮੁਕਾਬਲਾ ਸਿੰਧ ਘਾਟੀ ਦੀ ਸਭਿਅਤਾ
ਦੇ ਸ਼ਿਹਰੀ ਲੋਕਾਂ ਨਾਲ ਹੋਇਆ ਸੀ। ਇਹਨਾਂ ਨੂੰ ਇਹ ਹਰਾਉਣ ਵਿੱਚ ਕਾਮ੍ਯਾਬ ਹੋ ਗਏ ਸਨ। ਫਿਰ ਇਹਨਾਂ
ਦਾ ਝਗੜਾ ਹੋਇਆ ਖੇਤੀਬਾੜੀ ਕਰਨ ਵਾਲੇ ਜਾਂ ਜੰਗਲਾਂ ਵਿੱਚ ਰਹਿਣ ਵਾਲੇ ਜੱਟ ਕਬੀਲਿਆਂ ਨਾਲ। ਜੱਟ
ਕਬੀਲੇ ਪੰਜਾਬ ਦੀ ਮਿੱਟੀ ਦੇ ਪੁੱਤਰ ਸਨ। ਉਹਨਾਂ ਨੇ ਆਪਣੇ ਦਰਿਆਵਾਂ ਉਪਰ ਆਰੀਆ ਲੋਕਾਂ ਨੂੰ ਵਸਣ
ਨਹੀਂ ਦਿੱਤਾ, ਆਪਣੀਆਂ ਚਾਰਗਾਹਾਂ ਵਿੱਚ ਆਰੀਆ ਲੋਕਾਂ ਦੇ ਵੱਗਾਂ ਅਤੇ ਇੱਜੜਾਂ ਨੂੰ ਬੜਨ ਨਹੀਂ
ਦਿੱਤਾ। ਇਸ ਤਰਾਂ ਆਰੀਆ ਲੋਕਾਂ ਅਤੇ ਜੱਟ ਕਬੀਲਿਆਂ ਵਿੱਚ ਗਹਿਗੱਚ ਲੜਾਈਆਂ ਹੋਈਆਂ।
ਪੰਜਾਬ ਦਾ ਇਤਿਹਾਸ-37.
ਪੰਜਾਬ
ਦੀ ਜਰਖੇਜ਼ ਭੂਮੀ ਆਪਣੀ ਜਰਖੇਜ਼ਤਾ ਅਤੇ ਮਹੱਤਵਪੂਰਨ ਭੂਗੋਲਕ ਸਥਿਤੀ ਰੱਖਣ ਦੇ ਕਾਰਣ
ਪੱਛਮੀ ਅਤੇ ਕੇਂਦਰੀ ਏਸ਼ੀਆਂ ਦੇ ਹੁਕਮਰਾਨਾਂ ਦੀਆਂ ਲਾਲਸੀ ਨਿਗਾਹਾਂ ਦਾ ਸ਼ਿਕਾਰ ਬਣੀ ਰਹੀ
ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਐਸੀ ਸੀ ਕਿ ਹਿੰਦੁਸਤਾਨ ਵਿੱਚ ਇਥੋਂ ਦੀ ਲੰਘ ਕੇ ਹੀ
ਜਾਇਆ ਜਾ ਸਕਦਾ ਸੀ। ਜਦੋਂ ਹਮਲਾਵਰ ਪੰਜਾਬ ਨੂੰ ਜਿੱਤ ਲੈਂਦਾ ਸੀ ਤਾਂ ਬਾਕੀ ਦਾ ਸਾਰਾ
ਹਿੰਦੁਸਤਾਨ ਉਸ ਦੇ ਪੈਰਾਂ ਉਪਰ ਪਿਆ ਦਿੱਸ ਰਿਹਾ ਹੁੰਦਾ ਸੀ। ਹਿੰਦੁਸਤਾਨ ਹੋਰ ਸਭ ਪਾਸਿਓ
ਸੁਰੱਖਿਅਤ ਸੀ। ਇਸ ਕਰਕੇ ਹਿੰਦੁਸਤਾਨ ਦੇ ਦੱਖਣੀ,ਪੱਛਮੀ ਅਤੇ ਕੇਂਦਰੀ ਰਿਆਸਤਾਂ ਦੇ
ਰਾਜੇ-ਮਹਾਰਾਜੇ ਸਦੀਆਂ ਤੋਂ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਤੋਂ ਬਚੇ ਆ ਰਹੇ ਸਨ। ਪੰਜਾਬ
ਵੱਲੋਂ ਗਿਆ ਹੋਇਆ ਹਮਲਾਵਰ ਹਿੰਦੁਸਤਾਨ ਵਿੱਚ ਸਿਰਫ਼ ਪੰਜਾਬ ਨੂੰ ਹਰਾ ਕੇ ਹੀ ਦਾਖ਼ਲ ਹੋ
ਸਕਦਾ ਸੀ ਪਰ ਇਸ ਨੂੰ ਹਰਾਉਣਾ ਸੌਖਾ ਨਹੀਂ ਸੀ। ਕਈ ਵਾਰ ਤਾਂ ਪੰਜਾਬ ਨੂੰ ਹਰਾਉਂਦਾ
ਹੋਇਆ ਹੀ ਬਾਹਰਲਾ ਹਮਲਾਵਰ ਆਪਣੀ ਸ਼ਕਤੀ ਖੋ ਬੈਠਦਾ ਸੀ ਇਸ ਕਰਕੇ ਉਹ ਘੱਟ ਹੀ ਗੰਗਾ-ਜਮਨਾ
ਦੇ ਖਿੱਤੇ ਤੱਕ ਪਹੁੰਚਦਾ ਸੀ।
. ਸਿੱਖ ਇਤਿਹਾਸ ਵਿਚ ਅੱਜ .
19 ਸਤੰਬਰ.
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲਣਾ (1539 ਈ.)
=ਭੰਗਾਣੀ ਦੇ ਯੁੱਧ ਵਿਚ ਪਹਾੜੀ ਰਾਜਿਆਂ ਦੀ ਹਾਰ(1686 ਈ.)
=ਮਹਾਰਾਜਾ ਦਲੀਪ ਸਿੰਘ ਦਾ ਰਾਜ ਤਿਲਕ ਹੋਣਾ (1843 ਈ.)
ਗੁਰੂ ਅੰਗਦ ਦੇਵ ਜੀ ਨੂੰ
ਗੁਰਗੱਦੀ ਮਿਲਣਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ
ਵਰਗੀਆਂ ਸੰਸਥਾਵਾਂ ਅੱਜ ਦੂਸਰੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਪੁਰਬ
ਮਨਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਵਿਚ ਦਸਿਆ ਗਿਆ ਹੈ: ''ਕਈ ਵੇਰ ਪਰਖ-ਪ੍ਰੀਖਿਆ ਕਰਨ
ਪਿਛੋਂ ਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰ-ਗੱਦੀ ਦਾ ਕੰਮ ਸੰਭਾਲਣ ਦੇ ਸਭ ਤੋਂ
ਵਧੇਰੇ ਯੋਗ ਅਤੇ ਪੂਰੀ ਤਰ੍ਹਾਂ ਯੋਗ ਸਮਝਿਆ। ਹਾੜ ਵਦੀ 13 (17 ਹਾੜ), ਸੰਮਤ 1596 (14 ਜੂਨ ਸੰਨ 1539) ਨੂੰ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਦੀ ਮਰਿਆਦਾ ਕਰਵਾਈ, ਉਨ੍ਹਾਂ ਦਾ ਨਾਂ ਆਪ ਨੇ ਅੰਗਦ ਰਖਿਆ।" ਆਪਣੀ ਮਾਨਤਾ ਦੀ ਪ੍ਰੋੜਤਾ ਲਈ ਭਾਈ ਗੁਰਦਾਸ ਦੀ ਪਹਿਲੀ ਵਾਰ ਨੂੰ ਆਧਾਰ ਬਣਾਇਆ ਹੈ:
ਥਾਪਿਆ ਲਹਿਣੇ ਜੀਂਵਦੇ,
ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ,
ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ,
ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥45॥
ਦੂਜੇ ਪਾਸੇ, ਵਿਦਵਾਨਾਂ ਦੇ ਇਕ ਵਰਗ ਦਾ ਕਹਿਣਾ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ ਅੱਜ ਦੇ ਦਿਨ (18 ਸਤੰਬਰ) ਗੁਰ ਗੱਦੀ ਦੇਣ ਦੀ ਘਟਨਾ ਨੂੰ ਜੇ ਸੱਚ ਮੰਨ ਲਿਆ ਜਾਵੇ ਤਾਂ ਗੁਰਮਤਿ ਦੇ ਸਾਰੇ ਸਿਧਾਤਾਂ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਦਾ ਘਾਣ ਪ੍ਰਤੱਖ ਦਿਸਦਾ ਹੈ।
ਵਿਗਿਆਨਕ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 20 ਵੈਸਾਖ, ਸੰਮਤ 1526 ਅਨੁਸਾਰ 15 ਅਪਰੈਲ, ਈਸਵੀ ਸੰਨ 1469, ਸਨਿੱਚਰਵਾਰ ਦੇ ਦਿਨ ਹੋਇਆ। ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਉਂਦੇ ਹੋਏ ਉਹ 7 ਅੱਸੂ, ਬਿਕ੍ਰਮੀ ਸੰਮਤ 1596 ਮੁਤਾਬਕ 7 ਸਤੰਬਰ, 1539 ਈ. ਨੂੰ ਜੋਤੀ ਜੋਤਿ ਸਮਾ ਗਏ। ਬੌਧਿਕਤਾ ਨੂੰ ਵਿਕਾਸ ਖੰਡਾਂ ਵਿਚ ਵੰਡਣ ਵਾਲੇ ਸਾਰੇ ਵਿਦਵਾਨ ਇਕ ਮੱਤ ਹਨ ਕਿ ਗੁਰੂ ਨਾਨਕ ਪੜ੍ਹੇ ਲਿਖੇ, ਅਮੀਰ
ਪਰਿਵਾਰ ਨਾਲ ਸਬੰਧਤ ਸਨ। ਵਿਦਵਤਾ ਉਨ੍ਹਾਂ ਨੂੰ ਸੰਸਕਾਰਾਂ ਵਿਚ ਹੀ ਮਿਲੀ ਸੀ। ਇਸ ਨੂੰ
ਉਹ ਤਰਕਸ਼ੀਲਤਾ ਵੱਲ ਲੈ ਗਏ। ਆਪਣੇ ਜੀਵਨ ਵਿਚ ਉਨ੍ਹਾਂ ਕੋਈ ਕੰਮ ਅਜਿਹਾ ਨਹੀਂ ਕੀਤਾ ਜੋ
ਬੁੱਧੀ, ਤਰਕ ਨੂੰ ਅਪੀਲ ਨਾ ਕਰਦਾ ਹੋਵੇ, ਉਸ
ਉਪਰ ਪੂਰਾ ਨਾ ਉਤਰਦਾ ਹੋਵੇ। ਜੇ ਉਨ੍ਹਾਂ ਨੂੰ ਜੰਞੂ ਪਹਿਨਣ ਲਈ ਕਿਹਾ ਗਿਆ ਤਾਂ ਉਨ੍ਹਾਂ
ਇਸ ਕੱਚੇ ਧਾਗੇ ਨੂੰ ਪਹਿਨਣ ਦਾ ਲਾਭ ਪੁੱਛਿਆ। ਜੇ ਜੋਗੀਆਂ ਉਨ੍ਹਾਂ ਨੂੰ ਗ੍ਰਹਿਸਥੀ ਹੋਣ
ਦਾ ਮਿਹਣਾ ਮਾਰਿਆ ਤਾਂ ਗੁਰੂ ਜੀ ਨੇ ਦੋਹਰੀ ਮਾਰ ਵਾਲੇ ਸੁਆਲ ਕੀਤੇ: ''ਗ੍ਰਹਿਸਥੀਆਂ ਨੂੰ ਕੋਸਦੇ ਹੋ, ਉਨ੍ਹਾਂ ਕੋਲੋਂ ਹੀ ਮੰਗ ਕੇ ਖਾਂਦੇ ਹੋ! ਜੇ ਦੁੱਖਾਂ ਦੀ ਗਲ ਹੈ ਤਾਂ ਉਨ੍ਹਾਂ ਕੋਲ ਸੱਚ ਉਤੇ ਪਹਿਰਾ ਦੇਣ ਵਾਲੇ ਕਿਹੜੇ ਆਗੂ ਹਨ? ਜੋਗੀਓ! ਤੁਸੀਂ ਤਾਂ ਉਨ੍ਹਾਂ ਨੂੰ ਵਿਲਕਦਿਆਂ ਛੱਡ ਆਏ। ਤੁਸੀਂ ਚੰਗੇ ਕਿਵੇਂ ਹੋਏ?"
ਉਸ ਵੇਲੇ ਦੇ ਦੋਵਾਂ ਮੁੱਖ ਧਰਮਾਂ ਦੇ ਠੇਕੇਦਾਰਾਂ ਦੀਆਂ ਕਰਤੂਤਾਂ ਵੇਖੀਆਂ ਤਾਂ ਮਜ਼ਾਕ ਤਾਂ ਉਡਾਇਆ ਹੀ ਪਰ ਇੱਕ ਗਲ ਪੱਲੇ ਬੰਨ੍ਹ ਲਈ: ਨਾ ਕੋ ਹਿੰਦੂ, ਨਾ ਮੁਸਲਮਾਨ!
ਵੇਈਂ ਨਦੀ ਦੀ ਘਟਨਾ ਤਕ ਗੁਰੂ ਨਾਨਕ ਸਾਹਿਬ ਪੂਰੀ ਤਰ੍ਹਾਂ ਸਮਝ ਚੁੱਕੇ ਸਨ ਕਿ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰ॥(ਅੰਕ 469)।
ਗੁਰੂ ਨਾਨਕ ਦੇਵ ਜੀ ਨੇ ਆਪਣੀ ਪੂਰੀ ਜ਼ਿੰਦਗੀ ਗਿਆਨ ਰੂਪੀ ਸੱਚ ਦਾ ਪ੍ਰਚਾਰ ਕੀਤਾ। ਜਪੁ ਜੀ ਵਿਚ ਉਹ ''ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥" ਜਿਸ ਸਰਬ ਸਮਰੱਥ, ਨਿਰਭਉ, ਨਿਰਵੈਰ, ਕਰਤਾ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਦਿੱਤਾ ਹੈ, ਉਸ ਕਾਦਰ ਦੀ ਕੁਦਰਤ ਵਿਚੋਂ ਹੀ ਲਭਣਾ ਪਵੇਗਾ। ਇਹ ਗਿਆਨ ਪ੍ਰਾਪਤੀ ਵਲ ਜਾਂਦਾ ਰਾਹ ਹੈ, ਇਹੀ ਗੁਰਮਤਿ ਹੈ।
ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦਾ ਭਰਵਾਂ
ਮਜ਼ਾਕ ਉਡਾਇਆ। ਕੁੰਭ ਦੇ ਮੇਲੇ ਤੇ ਹਰਿਦੁਆਰ ਗਏ ਤਾਂ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ।
ਪੁੱਛਣ ਤੇ ਪਤਾ ਲਗਾ ਕਿ ਉਹ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਸਨ। ਗੁਰੂ ਜੀ ਉਲਟ ਦਿਸ਼ਾ
ਵਿਚ ਪਾਣੀ ਸੁੱਟਣ ਲੱਗੇ। ਭਰਮੀ ਲੋਕ ਅਵਾਕ!
''ਇਹ ਕੀ ਅਧਰਮ ਹੋ ਰਿਹਾ ਹੈ?"
''ਕੀ ਕਰ ਰਿਹੈਂ ਭਾਈ?" ਕਿਸੇ ਨੇ ਵਾਹੋ ਦਾਹੀ ਪਾਣੀ ਸੁੱਟਦੇ ਬਾਬੇ ਦੇ ਹੱਥ ਫ਼ੜਦਿਆਂ ਪੁੱਛਿਆ।
''ਤੁਸੀਂ ਕੀ ਕਰ ਰਹੇ ਸੀ?" ਬਾਬੇ ਨੇ ਸੁਆਲ ਕੀਤਾ।
''ਅਸੀਂ ਤਾਂ ਪਿਤਰਾਂ ਦੀ ਪਿਆਸ ਮਿਟਾ ਰਹੇ ਹਾਂ।"
''..ਤੇ ਮੈਂ ਆਪਣੇ ਖੇਤਾਂ ਨੁੰ ਕਰਤਾਰਪੁਰ 'ਚ ਪਾਣੀ ਦੇ ਰਿਹਾਂ।"
ਲੋਕੀਂ ਬਾਬੇ ਦੀ 'ਮੂਰਖਤਾ' ਤੇ ਹੱਸੇ, ''ਭਲਾ ਏਨੀ ਦੂਰ ਪਾਣੀ ਕਿਵੇਂ ਚਲਾ ਜਾਊ?"
''ਤੁਹਾਡਾ ਲੱਖਾਂ ਕਰੋੜਾਂ ਮੀਲਾਂ ਤਕ ਚਲਾ ਜਾਊ?"
ਅਗਿਆਨਤਾ ਉਤੇ ਚੋਟ ਕਰਨੋਂ ਗੁਰੂ ਨਾਨਕ ਦੇਵ ਜੀ ਕਿਧਰੇ ਵੀ ਪਿਛੇ ਨਹੀਂ ਰਹੇ।
ਕਰਮਕਾਂਡੀਆਂ ਦੀ ਤਸਵੀਰ ਵੇਖੋ:
ਵਾਇਨ ਚੇਲੇ ਨਚਨਿ ਗੁਰ॥
ਪੈਰ ਹਲਾਇਨ ਫੇਰਨਿ ਸਿਰ॥
ਉਡ ਉਡ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰ ਜਾਇ॥
ਰੋਟੀਆਂ ਕਾਰਣ ਪੂਰਹਿ ਤਾਲਿ॥
ਆਪ ਪਛਾੜਹਿ ਧਰਤੀ ਨਾਲਿ॥ (ਅੰਕ: 465)
ਗੁਰੂ ਨਾਨਕ ਦੇਵ ਜੀ ਮਾਯੂਸੀ ਵੀ ਮਹਿਸੂਸ ਕਰਦੇ ਹਨ:
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵੱਢੀ ਲੈ ਕੇ ਹਕੁ ਗਵਾਇ॥
ਜੇ ਕੋ ਪੁਛੈ ਤ ਪੜਿ ਸੁਣਾਏ॥
ਤੁਰਕ ਮੰਤ੍ਰ ਕਨਿ ਰਿਦੈ ਸਮਾਹਿ॥
ਲੋਕ ਮੁਹਾਵਹਿ ਚਾੜੀ ਖਾਹਿ॥(ਅੰਕ:951)
ਹਰ ਸੂਝਵਾਨ ਦਾ ਹਿਰਦਾ ਪੀੜਤ ਹੁੰਦਾ ਹੈ ਜਦ ਗੁਰੂ ਜੀ ਦਸਦੇ ਹਨ:
ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰਿ ਉਡਰਿਆ॥
ਕੂੜ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹਿ ਚੜਿਆ॥ (ਅੰਕ 145)
ਗੁਰੂ ਨਾਨਕ ਸਾਹਿਬ ਸਮਕਾਲੀ ਸਥਿਤੀ ਨੂੰ ਬਿਆਨਦੇ ਹਨ:
ਗਊ ਬਿਰਾਹਮਣ ਕਉ ਕਰ ਲਾਵਹੁ ਗੋਬਰਿ ਤਰਣ ਨਾ ਜਾਈ॥
ਧੋਤੀ ਟਿਕਾ ਤੇ ਜਪਮਾਲੀ ਧਾਨ ਮਲੇਸ਼ਾ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮ ਤੁਰਕਾ ਭਾਈ॥(ਅੰਕ 471)
ਪਰ ਅੰਤ ਉਨ੍ਹਾਂ ਮਾਨਵਤਾ ਨੂੰ ਲਲਕਾਰਿਆ ਹੈ:
ਛੋਡੀਲੇ ਪਾਖੰਡਾ॥
ਨਾਮਿ ਲਇਦੈ ਜਾਹਿ ਤਰੰਦਾ॥(ਅੰਕ 471)
ਆਪਣੇ ਆਪ ਨੂੰ ਰੱਬ ਦਾ ਢਾਡੀ ਕਹਿੰਦਾ, ਨੀਚਾਂ ਵਿਚੋਂ ਅਤਿ ਨੀਚ ਬਣਦਾ, ਧਰਮ ਦੀ ਕਮਾਈ ਕਰਨ ਉਤੇ ਜ਼ੋਰ ਦਿੰਦਾ, ਗ੍ਰਹਿਸਥ
ਨੂੰ ਹੀ ਉਤਮ ਧਰਮ ਦਸਦਾ ਬਾਬਾ ਨਾਨਕ ਅੰਤ ਕਰਤਾਰਪੁਰ ਨੂੰ ਕਰਮ ਭੂਮੀ ਬਣਾ ਕੇ ਟਿਕ ਗਿਆ।
ਉਸ ਨੇ ਕਰਤਾਰਪੁਰ ਨੂੰ ਸਿੱਖੀ ਦਾ ਕੇਂਦਰ ਬਣਾ ਦਿੱਤਾ। ਉਥੇ ਖੇਤੀ ਕਰਕੇ ਧਰਮ ਦੀ ਕਮਾਈ
ਕੀਤੀ ਜਾਂਦੀ, ਲੋਕ ਦਰਸ਼ਨਾਂ ਨੂੰ ਆਉਂਦੇ ਤਾਂ ਵਾਹਿਗੁਰੂ ਦੀ ਦਾਤ ਨਾਲ ਸਭ ਨੂੰ ਭੋਜਨ ਮਿਲਦਾ, ਸਿਰ ਛੁਪਾਉਣ ਨੂੰ ਥਾਂ ਮਿਲਦੀ, ਗੁਰੂ ਜੀ ਆਪਣੇ ਵਿਚਾਰ ਸਾਂਝੇ ਕਰਦੇ: ਜੀਵਨ ਨੂੰ ਚਾਨਣਮਈ ਬਨਾਉਣ ਦੇ ਢੰਗ ਦਸਦੇ।
ਏਸੇ ਪਵਿੱਤਰ ਧਰਤੀ ਉਤੇ 1532 ਈਸਵੀ ਵਿਚ ਇੱਕ ਗਭਰੂ ਦੀ ਆਮਦ
ਹੋਈ। ਲਹਿਣਾ ਨਾਂ ਦਾ ਇਹ ਜਵਾਨ ਸੀ ਤਾਂ ਮੂਰਤੀਆਂ ਦਾ ਪੁਜਾਰੀ ਅਤੇ ਕਈ ਪੀੜ੍ਹੀਆਂ ਤੋਂ
ਮਾਤਾ ਦੀਆਂ ਭੇਟਾਂ ਗਾਉਂਦਾ ਅਤੇ ਤੀਰਥੀਂ ਇਸ਼ਨਾਨ ਕਰਨ ਲਈ ਸੰਗਤਾਂ ਨੂੰ ਨਾਲ ਲੈ ਕੇ
ਜਾਂਦਾ। ਸਤਿਗੁਰ ਨਾਨਕ ਦੇ ਦਰਸ਼ਨ ਹੋਏ ਤਾਂ ਉਹ ਕੀਲਿਆ ਗਿਆ: ਗੁਰੂ ਦੇ ਚਰਨੀਂ ਲੱਗ ਗਿਆ।
ਪੰਜ ਸਾਲ ਮੰਨੋ ਜਾਂ ਸੱਤ, ਉਸ
ਨੇ ਏਨੀ ਤਪੱਸਿਆ ਕੀਤੀ ਕਿ ਗੁਰੂ ਰੂਪ ਹੋ ਗਿਆ। ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ
ਨਾਨਕ ਦੇਵ ਜੀ ਦੀ ਵਧੇਰੇ ਬਾਣੀ ਉਨ੍ਹਾਂ ਕਰਤਾਰਪੁਰ ਨਿਵਾਸ ਵੇਲੇ ਦੀ ਹੈ।
ਉਨ੍ਹਾਂ ਨੇ ਬਾਣੀ ਦੀ ਰਚਨਾ ਹੀ ਨਹੀਂ ਕੀਤੀ, ਬਾਣੀ
ਦੀ ਸੰਪਾਦਨਾ ਵੀ ਕੀਤੀ। ਭਾਈ ਲਹਿਣਾ ਇਸ ਕਾਰਜ ਵਿਚ ਵੀ ਗੁਰੂ ਨਾਨਕ ਦੇਵ ਜੀ ਨਾਲ ਰਹੇ।
ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਹਦਾਇਤਾਂ ਅਨੁਸਾਰ ਬਾਣੀ ਨੂੰ ਸੋਧਿਆ ਵੀ ਅਤੇ ਉਸ ਦੇ
ਉਤਾਰੇ ਕਰਕੇ ਦੂਰ ਦੂਰ ਥਾਵਾਂ ਤਕ ਭੇਜੇ। ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ
ਪੂਰੀ ਤਰ੍ਹਾਂ ਗੁਰਮਤਿ ਰੰਗ ਵਿਚ ਰੰਗੇ ਹੋਏ ਵੇਖਿਆ ਤਾਂ ਉਨ੍ਹਾਂ ਨੂੰ ਵਿਚਾਰ ਆਇਆ ਕਿ
ਸਾਰੀਆਂ ਸਰਗਰਮੀਆਂ ਕਰਤਾਰਪੁਰ ਸਾਹਿਬ ਵਿਖੇ ਕੇਂਦਰਤ ਕਰਨ ਦੀ ਥਾਵੇਂ ਦੂਸਰੀਆਂ ਥਾਵਾਂ ਤਕ
ਵੀ ਕਿਉਂ ਨਾ ਭੇਜੀਆਂ ਜਾਣ।
ਉਨ੍ਹਾਂ ਭਾਈ ਲਹਿਣਾ ਜੀ ਨੂੰ ਆਪਣੇ ਇਲਾਕੇ ਖਡੂਰ
ਸਾਹਿਬ ਜਾ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕਰਨ ਕੇਂਦਰ ਸਥਾਪਤ ਕਰਨ ਲਈ ਕਿਹਾ। ਭਾਈ
ਲਹਿਣਾ ਵਿਚ ਆਈ ਵਿਚਾਰਧਾਰਕ ਅਤੇ ਭਾਵਨਾਤਮਕ ਤਬਦੀਲੀ ਨੂੰ ਸਵੀਕਾਰ ਕਰਦਿਆਂ ਗੁਰੂ ਨਾਨਕ
ਦੇਵ ਜੀ ਨੇ ਭਾਈ ਲਹਿਣਾ ਦਾ ਨਾਂ ''ਅੰਗਦ" ਰੱਖ ਦਿੱਤਾ।
ਇਤਿਹਾਸਕ ਗਵਾਹੀਆਂ ਅਨੁਸਾਰ ਬਾਬਾ ਬੁੱਢਾ ਜੀ ਨੂੰ
ਖਡੂਰ ਸਾਹਿਬ ਜਾ ਕੇ ਅੰਗਦ ਦੇਵ ਜੀ ਦੀ ਸਹਾਇਤਾ ਲਈ ਕਿਹਾ ਗਿਆ। ਗੁਰੂ ਨਾਨਕ ਦੇਵ ਜੀ
ਖੁਦ ਵੀ ਦੋ ਵਾਰ ਖਡੂਰ ਸਾਹਿਬ ਗਏ। ਭਾਈ ਲਹਿਣਾ ਜੀ 'ਤੇ ਖਡੂਰ ਸਾਹਿਬ ਜਾ ਕੇ ਗੁਰਮਤਿ ਕੇਂਦਰ ਸਥਾਪਤ ਕਰਨ ਦੀ ਜ਼ਿੰਮੇਂਵਾਰੀ 14 ਜੂਨ, 1539 ਯਾਨੀ ਹਾੜ੍ਹ ਵਦੀ 13, ਬਿਕ੍ਰਮੀ ਸੰਮਤ 1589 ਨੂੰ ਪਾਈ ਗਈ।
ਗੁਰੂ ਅੰਗਦ ਦੇਵ ਜੀ ਨੇ ਇਸ ਜ਼ਿੰਮੇਂਵਾਰੀ ਨੂੰ ਬਹੁਤ ਸਿਆਣਪ ਨਾਲ ਨਿਭਾਇਆ। ਉਨ੍ਹਾਂ ਸਿੱਖਾਂ ਨੂੰ ਉਦਾਸੀਆਂ ਤੋਂ ਵਖਰਿਆਇਆ, ਲੰਗਰ ਦੀ ਪਰੰਪਰਾ ਨੂੰ ਅੱਗੇ ਤੋਰਿਆ, ਬਾਣੀ ਨੂੰ ਸੰਭਾਲਿਆ ਅਤੇ ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਗੁਰੂ ਘਰ ਦੀਆਂ ਸਾਖੀਆਂ ਨੂੰ ਵੀ ਲਿਖਵਾਇਆ।
ਗੁਰੂ ਅੰਗਦ ਦੇਵ ਜੀ ਨੇ ਹੱਥੀ ਕੰਮ ਕਰਕੇ ਰੋਜ਼ੀ ਰੋਟੀ ਕਮਾਉਣ ਦੀ ਪਰੰਪਰਾ ਵੀ ਜਾਰੀ ਰਖੀ। ਉਹ ਮੁੰਝ ਦਾ ਵਾਣ ਵੱਟ ਕੇ ਆਪਣੀ ਜੀਵਕਾ ਚਲਾਉਂਦੇ ਰਹੇ।
ਗੁਰੂ ਅੰਗਦ ਦੇਵ ਜੀ ਦੀਆਂ ਪ੍ਰਾਪਤੀਆਂ ਨੂੰ ਕਿਸੇ
ਹੋਰ ਢੁਕਵੇਂ ਸਮੇਂ ਲਈ ਛੱਡਦਿਆਂ ਅਸੀਂ ਗੁਰੂ ਅੰਗਦ ਦੇਵ ਦੀ ਨੂੰ ਗੁਰਗੱਦੀ ਮਿਲਣ ਤੇ
ਟਿੱਪਣੀ ਕਰਨੀ ਚਾਹਵਾਂਗੇ। ਨਾ ਤਾਂ ਗੁਰੂ ਨਾਨਕ, ਨਾ ਗੁਰੂ ਅੰਗਦ ਦੇਵ ਜੀ ਧਾਰਮਕ ਰਹੁ ਰੀਤਾਂ ਪਾਲਣ ਵਾਲੇ ਸਨ। ਉਨ੍ਹਾਂ ਕੋਲੋਂ ਕਿਸੇ ਵਿਅਕਤੀ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਪੰਜ ਪੈਸੇ ਰਖਣੇ, ਨਰੇਲ ਦੀ ਰਸਮ ਮੰਨਣਾ ਸੁਭਾਵਕਤਾ ਤੋਂ ਕੋਹਾਂ ਦੂਰ ਰਹੀ ਹੈ। ਇਸ ਨੂੰ ਗੁਰਗੱਦੀ ਨਾਲ ਕਿਸ ਅਤੇ ਕਿਵੇਂ ਜੋੜ ਦਿੱਤਾ: ਇਹ ਖੋਜ ਦਾ ਵਿਸ਼ਾ ਹੈ।
ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਹੀ ਗੁਰੂ
ਮੰਨਿਆਂ ਹੈ। ਚੇਲਾ ਉਹ ਸੁਰਤਿ ਨੂੰ ਮੰਨਦੇ ਹਨ। ਸਾਡਾ ਦ੍ਰਿੜ ਵਿਸ਼ਵਾਸ਼ ਹੈ ਕਿ ਗੁਰੂ ਨਾਨਕ
ਦੇਵ ਜੀ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਣ ਅਗਿਆਨਤਾ ਨੂੰ ਮੰਨਦੇ ਸਨ ਅਤੇ
ਅਗਿਆਨਤਾ ਦੂਰ ਕਰਨ ਲਈ ਉਨ੍ਹਾਂ ਨੂੰ ਮਨੁੱਖ ਦੀ ਸੁਰਤਿ, ਧਿਆਨ ਦੀ ਜ਼ਰੂਰਤ ਸੀ। ਸ਼ਬਦ ਉਤੇ ਆਪਣੇ ਵਿਚਾਰ ਕਿਸੇ ਹੋਰ ਸਥਾਨ ਲਈ ਛਡਦਿਆਂ ਇਹ ਕੜੀ ਅਸੀਂ ਡਾ. ਸੁਖਦਿਆਲ ਸਿੰਘ ਦੇ ਸ਼ਬਦਾਂ ਨਾਲ ਸਮਾਪਤ ਕਰਾਂਗੇ, ''ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਨਿਰੰਕਾਰ ਵਜੋਂ ਪ੍ਰਗਟ ਕੀਤਾ ਹੈ। ਜੋ ਨਿਰੰਕਾਰ ਹੈ, ਕਿਸੇ ਸ਼ਕਲ ਸੂਰਤ ਤੋਂ ਬਿਨਾਂ ਹੈ, ਉਸ ਦੀ ਹੋਂਦ ਕਿਹੋ ਜਿਹੀ ਹੈ? ਕਿਵੇਂ ਉਸ ਨੂੰ ਸਿਮਰਿਆ ਜਾਵੇ, ਉਸ ਨੂੰ ਪ੍ਰਾਪਤ ਕੀਤਾ ਜਾਵੇ? ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਮਾਧਾਨ ''ਸ਼ਬਦ" ਦੇ ਰੂਪ ਵਿਚ ਦੇ ਦਿੱਤਾ ਯਾਨਿ ਜੋ ਕੁਝ ਗੁਰੂ ਨਾਨਕ ਨੇ ਅਕਾਲ ਪੁਰਖ ਬਾਰੇ ਆਪਣੇ ਸਿੱਖਾਂ ਸਾਹਮਣੇ ਰਖਿਆ ਹੈ ਜਾਂ ਲਿਖਤੀ ਰੂਪ ਵਿਚ ਦੱਸਿਆ ਹੈ, ਉਨ੍ਹਾਂ ਹੀ ਸ਼ਬਦਾਂ ਨੂੰ ਵਿਚਾਰ ਕੇ, ਸੁਣ ਕੇ, ਪੜ੍ਹ ਕੇ ਅਕਾਲ ਪੁਰਖ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਨਾਲ ਸਖਸ਼ੀ ਗੁਰੂ ਦੀ ਥਾਂ ''ਸ਼ਬਦ ਗੁਰੂ" ਦਾ ਸੰਕਲਪ ਹੋਂਦ ਵਿਚ ਆਇਆ।"
ਇਸ ਰੌਸ਼ਨੀ ਵਿਚ ਹੀ ਪੈਦਾ ਹੋਇਆ ਪ੍ਰਸ਼ਨ ਹੈ ਕਿ ਕੀ
ਗੁਰੂ ਨਾਨਕ ਆਪਣੇ ਪਿਛੋਂ ਕੋਈ ਦੇਹਧਾਰੀ ਗੁਰੂ ਸਥਾਪਤ ਕਰ ਸਕਦੇ ਸਨ ਅਤੇ ਕੀ ਭਾਈ ਲਹਿਣੇ
ਤੋਂ ਗੁਰੂ ਨਾਨਕ ਦਾ ਅੰਗ ਬਣੇ (ਅੰਗਦ) ਇਸ ਨੂੰ ਬ੍ਰਾਹਮਣੀ ਤੌਰ ਤਰੀਕਿਆਂ ਨਾਲ ਪ੍ਰਾਪਤ
ਕਰਦੇ?
ਜੇ ਨਹੀਂ ਤਾਂ ਫੇਰ?
ਭੰਗਾਣੀ ਦਾ ਯੁੱਧ
ਭੰਗਾਣੀ ਦੇ ਯੁੱਧ (1686 ਈਸਵੀ) ਨਾਲ ਸਿੱਖਾਂ ਦੀ ਫੌਜੀ ਜਦੋਜਹਿਦ ਦਾ ਮੁੱਢ ਬੱਝਦਾ ਹੈ। ਇਸ ਲੜ੍ਹਾਈ ਪਿਛੋਂ ਲਗਭਗ ਇੱਕ ਪੂਰੀ ਸਦੀ ਸਿੱਖ ਮੁਗਲਾਂ, ਅਫ਼ਗਾਨਾਂ, ਉਨ੍ਹਾਂ ਦੇ ਪਿਠੂਆਂ ਅਤੇ ਹੋਰਨਾਂ ਹਮਲਾਵਰਾਂ ਨਾਲ ਜੂਝਦੇ ਰਹੇ ਜਾਂ ਯੁੱਧਾਂ ਦੀਆਂ ਤਿਆਰੀਆਂ ਵਿਚ ਲਗੇ ਰਹੇ।
ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੀ
ਪਹਿਲੀ ਲੜ੍ਹਾਈ ਸੀ ਜੋ ਉਨ੍ਹਾਂ ਪਾਉਂਟਾ ਸਾਹਿਬ ਤੋਂ ਛੇ ਸੱਤ ਮੀਲ ਦੂਰ ਭੰਗਾਣੀ ਪਿੰਡ ਦੇ
ਮੈਦਾਨਾਂ ਵਿਚ ਲੜੀ। ਇਸ ਲੜ੍ਹਾਈ ਦਾ ਤਤਕਾਲ ਕਾਰਣ ਤਾਂ ਕਹਿਲੂਰ ਦੇ ਰਾਜਾ ਭੀਮ ਚੰਦ ਦੀ
ਗੁਰੂ ਘਰ ਨੂੰ ਦਬਾ ਕੇ ਰੱਖਣ ਦੀ ਇੱਛਾ ਬਣੀ ਜਦ ਕਿ ਮੂਲ ਕਾਰਣ ਗੁਰਮਤਿ ਵਿਚਾਰਧਾਰਾ ਦਾ
ਨਿਵੇਕਲਾ ਅਤੇ ਲੋਕਪੱਖੀ ਹੋਣਾ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਕਹਿਲੂਰ, ਕਾਂਗੜਾ, ਜਸਵਾਲ, ਢਡਵਾਲ, ਜਸਰੌਟਾ, ਬਿਜੜਵਾਲ, ਗੁਲੇਰ ਛੋਟੀਆਂ ਛੋਟੀਆਂ ਪਹਾੜੀ
ਰਿਆਸਤਾਂ ਹਨ ਜਿੰਨ੍ਹਾਂ ਦੇ ਹਿੰਦੂ ਰਾਜੇ ਮੁਗਲਾਂ ਨੂੰ ਕਰ ਦਿੰਦੇ ਸਨ: ਆਪਣੀਆਂ ਗੱਦੀਆਂ
ਅਤੇ ਪਦਵੀਆਂ ਦੀ ਸੁਰੱਖਿਆ ਲਈ ਮੁਗਲਾਂ ਦੇ ਪਿੱਠੂ ਬਣੇ ਹੋਏ ਸਨ। ਜ਼ਾਤ-ਪਾਤ, ਊਚ-ਨੀਚ ਦੇ ਭਰਮਾਂ ਵਿਚ ਫਸੇ
ਇੰਨ੍ਹਾਂ ਮੰਨੂਵਾਦੀਆਂ ਨੂੰ ਮਾਨਵ ਏਕਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਉਂਝ ਵੀ ਬਹੁਤ
ਚੁੱਭਦੇ ਸਨ। ਸਿੱਖ ਸੰਗਤ ਅਤੇ ਪੰਗਤ ਦੀ ਪਰੰਪਰਾ ਤੋਂ ਔਖੇ ਸਨ। ਗੁਰੂ ਘਰ ਦੀ ਚੜ੍ਹਤ ਤੋਂ
ਦੁੱਖੀ ਸਨ। ਕਹਿਲੂਰ ਦਾ ਰਾਜਾ ਭੀਮ ਚੰਦ, ਵਿਸ਼ੇਸ਼ ਕਰਕੇ, ਚਾਹੁੰਦਾ ਸੀ ਕਿ ਅਨੰਦਪੁਰ ਵਿਖੇ ਆਬਾਦ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੱਖ ਉਸ ਦੀ ਪਰਜਾ ਬਣ ਕੇ ਰਹਿਣ, ਉਸ ਦੀ ਹਰ ਜਾਇਜ਼, ਨਾਜਾਇਜ਼ ਮੰਗ ਪੂਰੀ ਕਰਨ, ਨਹੀਂ ਤਾਂ ਉਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ ਜਾਵੇ।
ਅਨੰਦਪੁਰ ਦੇ ਦਰਸ਼ਨਾਂ ਨੂੰ ਗਏ ਰਾਜਾ ਭੀਮ ਚੰਦ ਨੇ ਗੁਰੂ ਜੀ ਕੋਲ ਪੰਜ ਕਲਾ ਸ਼ਸ਼ਤਰ, ਜਾਦੂਈ ਚੌਕੀ, ਕੀਮਤੀ ਹੀਰੇ ਪੱਥਰ, ਖੇਡਾਂ ਖੇਡਦਾ ਸੇਵਾ ਕਰਦਾ ਹਾਥੀ ਅਤੇ ਅਤਿ ਸੁੰਦਰ ਕਾਲੀਨ, ਗਲੀਚੇ ਵੇਖੇ ਸਨ। ਉਨ੍ਹਾਂ 'ਤੇ
ਕਬਜ਼ਾ ਕਰਨ ਦੀ ਇੱਛਾ ਨਾਲ ਉਹ ਮੰਗੇ ਵੀ ਪਰ ਗੁਰੂ ਜੀ ਨੇ ਦਿੱਤੇ ਨਹੀਂ। ਗੁਰੂ ਗੋਬਿੰਦ
ਸਿੰਘ ਜੀ ਨੂੰ ਇਸ ਇਨਕਾਰ ਦੀ ਸਜ਼ਾ ਦੇਣ ਲਈ ਉਸ ਆਪਣੇ ਲੜਕੇ ਦੇ ਵਿਆਹ ਸਮੇਂ ਇੱਕਠੇ ਹੋਏ
ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਹਮਲਾ ਕਰ ਦਿੱਤਾ।
ਗੁਰੂ ਜੀ ਇਸ ਸਮੇਂ ਨਾਹਨ ਦੇ ਰਾਜੇ ਮੇਦਨੀ
ਪ੍ਰਕਾਸ਼ ਦੇ ਸੱਦੇ ਉਤੇ ਸ੍ਰੀ ਪਾਊਂਟਾ ਸਾਹਿਬ ਵਿਖੇ ਠਹਿਰੇ ਹੋਏ ਸਨ। ਉਥੇ ਉਨ੍ਹਾਂ
ਕਿਲ੍ਹੇ ਦੀ ਉਸਾਰੀ ਕਰਵਾਈ ਸੀ। ਰਾਜਾ ਭੀਮ ਚੰਦ ਕਹਿਲੂਰੀਆ, ਰਾਜਾ ਕ੍ਰਿਪਾਲ ਚੰਦ ਕਟੋਚੀਆ, ਰਾਜਾ ਹਰੀ ਚੰਦ ਜੈਸਵਾਲੀਆ, ਰਾਜਾ ਸੁੱਖਦਿਆਲ ਜਸਰੋਟੀਆ, ਰਾਜਾ ਕੇਸਰੀ ਚੰਦ ਹੰਡੂਰੀਆ, ਰਾਜਾ
ਪ੍ਰਿਥੀ ਚੰਦ ਢੱਡਵਾਲੀਆ ਅਤੇ ਰਾਜਾ ਫਤਹਿ ਚੰਦ ਗੜਵਾਲੀਆ ਆਪਣੀਆਂ ਫੌਜਾਂ ਲੈ ਕੇ ਗੁਰੂ
ਜੀ ਤੇ ਹਮਲਾ ਕਰਨ ਚੱਲ ਪਏ। ਗੁਰੂ ਜੀ ਕੋਲ ਇਸ ਸਮੇਂ ਪੰਜ ਹਜ਼ਾਰ ਸਿਪਾਹੀ ਸਨ ਪਰ ਲੜ੍ਹਾਈ
ਉਨ੍ਹਾਂ ਲਈ ਨਵਾਂ ਅਨੁਭਵ ਸੀ। ਇਸ ਲਈ ਹਮਲੇ ਦਾ ਸੁਣ ਕੇ ਅਫ਼ਰਾਤਫਰੀ ਪੈ ਗਈ-ਕੁੱਝ ਡਰਪੋਕ
ਤੇ ਕੁਝ ਮਤਲਬੀ ਸਾਥ ਛੱਡ ਗਏ। ਸਭ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਦੇ ਰਖਵਾਏ ਗਏ ਪੰਜ ਸੌ
ਪਠਾਣਾਂ ਵਿਚੋਂ ਚਾਰ ਸੌ ਆਪਣੇ ਸਰਦਾਰਾਂ ਸਮੇਤ ਜੁਆਬ ਦੇ ਗਏ ਸਗੋਂ ਪਹਾੜੀ ਫੌਜਾਂ ਨਾਲ
ਮਿਲ ਗਏ। ਇਸ ਪਿਛੋਂ ਉਦਾਸੀ ਸਾਧੂ ਵੀ ਵੱਡੀ ਗਿਣਤੀ ਵਿਚ ਪਤਰਾ ਵਾਚ ਗਏ। ਉਨ੍ਹਾਂ ਦਾ
ਮੁੱਖੀ ਮਹੰਤ ਕ੍ਰਿਪਾਲ ਦਾਸ (ਪਿੰਡ ਹੇਹਰ ਜਾਂ ਹੇਅਰ) ਜ਼ਰੂਰ ਗੁਰੂ ਸਾਹਿਬ ਦੀ ਹਜ਼ੂਰੀ ਵਿਚ
ਰਿਹਾ। ਵਿਸ਼ਵਾਸ਼ਪਾਤਰ ਸਿਪਾਹੀਆਂ ਵਿਚ ਗੁਰੂ ਜੀ ਦੀ ਭੂਆ ਬੀਬੀ ਵੀਰੋ ਦੇ ਪੁੱਤਰ-ਭਾਈ
ਸਾਗੋ ਸ਼ਾਹ, ਭਾਈ ਜੀਤ ਮੱਲ, ਭਾਈ ਗੋਪਾਲ ਚੰਦ, ਭਾਈ ਗੰਗਾ ਰਾਮ, ਭਾਈ ਮੋਹਰੀ ਚੰਦ, ਮਾਮਾ ਕ੍ਰਿਪਾਲ, ਦੀਵਾਨ ਨੰਦ ਚੰਦ, ਭਾਈ ਸਾਹਿਬ ਚੰਦ ਅਤੇ ਪ੍ਰੋਹਿਤ ਦਿਆ ਰਾਮ ਹੀ ਸਨ।
ਗੁਰੂ ਜੀ ਨੇ ਜਮਨਾ ਅਤੇ ਗਿਰੀ ਨਦੀ ਦੇ ਦਰਮਿਆਨ
ਪੈਂਦੇ ਭੰਗਾਣੀ ਪਿੰਡ ਦੇ ਮੈਦਾਨ ਨੂੰ ਪਹਾੜੀ ਸੈਨਾ ਦਾ ਮੁਕਾਬਲਾ ਕਰਨ ਲਈ ਚੁਣਿਆ। ਤਿੰਨ
ਦਿਨ ਦੀ ਭਿਆਨਕ ਲੜ੍ਹਾਈ ਸਮੇਂ ਸਿੱਖਾਂ ਨੇ ਬਹੁਤ ਜੌਹਰ ਦਿਖਾਏ। ਪੀਰ ਬੁੱਧੂ ਸ਼ਾਹ ਸੱਤ ਸੌ
ਮੁਰੀਦਾਂ ਨਾਲ ਗੁਰੂ ਜੀ ਦੇ ਪੱਖ ਵਿਚ ਆ ਡੱਟਿਆ। ਉਦਾਸੀਆਂ ਦੇ ਮਹੰਤ ਕ੍ਰਿਪਾਲ ਦਾਸ ਨੇ
ਗਦਾਰੀ ਕਰਕੇ ਗਏ ਪਠਾਣਾਂ ਦੇ ਆਗੂ ਹਯਾਤ ਖਾਂ ਦਾ ਸਿਰ ਫੇਹ ਦਿੱਤਾ। ਲਾਲ ਚੰਦ ਹਲਵਾਈ ਨੇ
ਕਈਆਂ ਦੇ ਆਹੂ ਲਾਹੇ। ਬਨਾਰਸ ਦੇ ਕਾਰੀਗਰ ਰਾਮ ਸਿੰਘ ਵਲੋਂ ਬਣਾਈ ਗਈ ਤੋਪ ਵੀ ਬੜਾ ਕੰਮ
ਆਈ।
ਗੁਰੂ ਜੀ ਨੇ ਖੁੱਦ ਸਿਪਾਹੀ ਵਜੋਂ ਜੰਗ ਲੜੀ।
ਉਨ੍ਹਾਂ ਦੇ ਸਿਪਾਹੀ ਭਾਵੇਂ ਸਿੱਖੇ ਹੋਏ ਲੜਾਕੇ ਨਹੀਂ ਸਨ ਪਰ ਉਨ੍ਹਾਂ ਦਾ ਮਨੋਬਲ ਬਹੁਤ
ਉੱਚਾ ਸੀ। ਉਹ ਬਹਾਦਰੀ ਨਾਲ ਲੜੇ। ਮੈਦਾਨ ਗੁਰੂ ਜੀ ਦੇ ਹੱਥ ਰਿਹਾ। ਪਹਾੜੀ ਫੌਜਾਂ ਭੱਜ
ਗਈਆਂ।
ਸਿੱਖਾਂ ਨੇ ਗੁਰੂ ਜੀ ਨੂੰ ਪਾਉਂਟਾ ਸਾਹਿਬ ਤੋਂ
ਅਨੰਦਪੁਰ ਤਕ ਦੇ ਪੂਰੇ ਇਲਾਕੇ ਉਤੇ ਕਬਜ਼ਾ ਕਰ ਲੈਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਨਹੀਂ
ਮੰਨੇ: ਨਾ ਭੱਜਦੀਆਂ ਫੌਜਾਂ ਦਾ ਪਿੱਛਾ ਕੀਤਾ, ਨਾ ਇੱਕ ਇੰਚ ਭੋਂਇ ਮੱਲੀ ਅਤੇ ਨਾ ਹੀ ਰਵਾਇਤੀ ਖੋਹ ਖਿੰਝ ਕੀਤੀ।
ਇਸ ਯੁੱਧ ਨੂੰ ਜਿੱਤਣ ਸਦਕਾ ਸਿੱਖਾਂ, ਸੇਵਕਾਂ
ਵਿਚ ਭਾਰੀ ਆਤਮਵਿਸ਼ਵਾਸ਼ ਉਜਾਗਰ ਹੋਇਆ। ਗੁਰੂ ਜੀ ਦੀ ਅਧਿਆਤਮਕ ਅਤੇ ਫੌਜੀ ਸ਼ਕਤੀ ਦਾ
ਸਿੱਕਾ ਬੈਠ ਗਿਆ। ਉਹ ਡਿਗਿਆਂ ਢੱਠਿਆਂ ਦਾ ਆਸਰਾ ਅਤੇ ਅੱਧ ਸੁਤੰਤਰ ਸਰਦਾਰਾਂ ਦੇ ਸਰਦਾਰ
ਮੰਨੇ ਜਾਣ ਲੱਗੇ। ਸ਼ਿਵਾਲਿਕ ਪਹਾੜੀਆਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਵਿਲੱਖਣ
ਜਗ੍ਹਾ ਬਣਾ ਲਈ ਅਤੇ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਸਰਗਰਮ ਹੋ ਗਏ।
. ਗੁਰੂ ਗ੍ਰੰਥ ਸਾਹਿਬ .
ਵਿਗਿਆਨਕ ਅੰਤਰ-ਦ੍ਰਿਸ਼ਟੀਆਂ (5)
ਵਾਹੁ
ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ, ਵਾਹੁ ਮੇਰੇ ਸਾਹਿਬਾ ਵਾਹੁ, ਵਾਹੁ ਵਾਹੁ ਅਗਮ
ਅਥਾਹੁ ਹੈ ਵਾਹੁ ਵਾਹੁ ਸਚਾ ਸੋਇ, ਵਾਹੁ ਵਾਹੁ ਸਹਜੋ ਗੁਣ ਰਵੀਜੈ, ਵਾਹੁ ਵਾਹੁ ਹਿਰਦੈ
ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ਜਹੇ ਮਹਾਂਵਾਕ ਗੁਰੂ ਗਰੰਥ ਸਾਹਿਬ ਵਿੱਚ ਥਾਂ-ਥਾਂ
ਪ੍ਰਾਪਤ ਹਨ। ਮੈਨੂੰ ਤਾਂ ਸਿੱਖ ਪਰੰਪਰਾ ਵਿੱਚ ਸਵੀਕ੍ਰਿਤ ਵਾਹਿਗੁਰੂ ਗੁਰੂ ਮੰਤਰ ਵੀ
ਅਕਾਲ ਪੁਰਖ ਦੀ ਵਾਹ-ਵਾਹ ਦਾ ਸੂਚਕ ਹੀ ਪ੍ਰਤੀਤ ਹੁੰਦਾ ਹੈ। ਇਸ ਦਾ ਅੰਗਰੇਜੀ ਅਨੁਵਾਦ
(ਵੰਡਰਫੁਲ ਇਜ਼ ਦੀ ਲਾਰਡ) ਹੀ ਤਾਂ ਹੈ।
ਗੁਰੂ
ਗਰੰਥ ਸਾਹਿਬ ਦੀਆਂ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਬਾਰੇ ਇਸ ਮੁਢਲੀ ਚਰਚਾ ਦਾ ਅੰਤ ਮੈਂ
ਆਈਨਸਟਾਈਨ ਬਾਰੇ ਇਕ ਦੋ ਗੱਲਾਂ ਨਾਲ ਕਰਨਾ ਚਾਹੁੰਦਾ ਹਾਂ। ਉਹ ਕਹਿੰਦਾ ਹੈ ਕਿ ਮੇਰੀ ਤੁਛ
ਬੁੱਧੀ ਨੇ ਬ੍ਰਹਿਮੰਡ ਵਿੱਚ ਇੰਨੀ ਇਕਸੁਰਤਾ ਵੇਖੀ ਪਛਾਣੀ ਹੈ ਕਿ ਮੈਂ ਉਦੋਂ ਹੈਰਾਨ
ਹੁੰਦਾ ਹਾਂ ਜਦੋਂ ਕੁਝ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਕਿ ਰੱਬ ਨਹੀਂ। ਮੈਨੂੰ ਅਸਲੀ
ਗੁੱਸਾ ਉਦੋਂ ਆਉਂਦਾ ਹੈ ਜਦੋਂ ਉਹ ਮੈਨੂੰ ਵੀ ਆਪਣੇ ਅਜੇਹੇ ਵਿਚਾਰਾਂ ਦਾ ਸਮਰਥਨ ਕਰਦਾ
ਦੱਸਦੇ ਹਨ। ਧਰਮ ਨੂੰ ਅਫੀਮ ਮੰਨਣ ਵਾਲੇ ਲੋਕ ਬ੍ਰਹਿਮੰਡੀ ਸੰਗੀਤ ਨੂੰ ਸੁਣਨ ਦੇ ਸਮਰਥ
ਨਹੀਂ। ਕੁਦਰਤ ਦਾ ਵਿਸਮਾਦ ਇਸ ਨਾਲ ਛੋਟਾ ਨਹੀਂ ਹੋ ਜਾਂਦਾ ਕਿ ਕੋਈ ਇਸ ਨੂੰ ਆਪਣੇ
ਪੈਮਾਨਿਆਂ ਨਾਲ ਮਿਣ ਨਹੀਂ ਸਕਦਾ। ਅਤੇ ਅਖੀਰ ਵਿੱਚ ਆਈਨਸਟਾਈਨ ਨਾਲ ਜੁੜੀ ਇਕ ਘਟਨਾ।
ਬੈਸਟਨ ਦੇ ਕਾਰਡੀਨਲ ਨੇ ਆਈਨਸਟਾਈਨ ਨੂੰ ਤਾਰ ਦਿਤੀ- ਮੈਂ ਪੰਜਾਹ ਸ਼ਬਦਾਂ ਦੇ ਪੈਸੇ ਪੇਸ਼ਗੀ
ਦੇ ਦਿਤੇ ਹਨ। ਤੂੰ ਇੰਨੇ ਹੀ ਸ਼ਬਦਾਂ ਵਿੱਚ ਦਸ ਕਿ-ਕੀ ਤੂੰ ਵਿਗਿਆਨੀ ਹੋ ਕੇ ਵੀ ਰੱਬ
ਨੂੰ ਮੰਨਦਾ ਹੈ। ਆਈਨਸਟਾਈਨ ਨੇ ਪੰਜਾਹ ਨਹੀਂ ਸਗੋਂ ਪੰਝੀ ਕੁ ਸ਼ਬਦਾਂ ਵਿੱਚ ਹੀ ਤਾਰ ਦਾ
ਉੱਤਰ ਦੇ ਦਿਤਾ- ਮੇਰਾ ਵਿਸ਼ਵਾਸ ਉਸ ਕਰਤਾਰ ਵਿੱਚ ਹੈ, ਜੋ ਇਸ ਪਸਾਰੇ ਦੀ ਨੇਮਬੱਧ
ਇਕਸੁਰਤਾ ਵਿੱਚ ਪ੍ਰਗਟ ਹੋ ਰਿਹਾ ਹੈ, ਨਾ ਕਿ ਉਸ ਵਿੱਚ ਜੋ ਲੋਕਾਂ ਦੀ ਕਿਸਮਤ ਅਤੇ ਕਰਮਾਂ
ਬਾਰੇ ਫਿਕਰਮੰਦ ਹੈ। ਕਾਰਡੀਨਲ ਨੇ ਇਸ ਤਾਰ ਦੀ ਵਿਆਖਿਆ ਕਰਦੇ ਹੋਏ ਉਸ ਨੂੰ ਇਕੋ ਈਸ਼ਵਰ
ਵਿੱਚ ਵਿਸ਼ਵਾਸ ਕਰਨ ਵਾਲਾ ਆਸਤਕ ਕਿਹਾ। ਮੈਨੂੰ ਉਸਦਾ ਉਕਤ ਉੱਤਰ ਗੁਰੂ ਗਰੰਥ ਸਾਹਿਬ ਦੀ
ਵਿਸਮਾਦ ਅਤੇ ਰਹੱਸ-ਆਧਾਰਿਤ ਵਿਗਿਆਨਕ-ਦ੍ਰਿਸ਼ਟੀ ਦੇ ਅਸਲੋਂ ਅਨੁਸਾਰ ਪ੍ਰਤੀਤ ਹੁੰਦਾ ਹੈ।
ਸੱਚ ਦਾ ਮਾਰਤੰਡ
ਗੁਰੂ ਨਾਨਕ ਵਿਚਾਰਧਾਰਾ ਬਨਾਮ
(ਖਾਲਸਾ) ਸਿੰਘ ਭਾਈਚਾਰਾ
ਗੁਰੂ
ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਪੁਰਸ਼ਾਂ ਵਿੱਚ ਹਿੰਦੂ-ਮੁਸਲਮਾਨ ਭਾਈਚਾਰੇ ਦੇ ਲੋਕ
ਸ਼ਾਮਲ ਹੋਏ। ਮੁਸਲਮਾਨ ਭਾਈਚਾਰੇ ਵਿੱਚੋਂ ਭਾਈ ਮਰਦਾਨਾ, ਰਾਇ ਬੁਲਾਰ ਅਤੇ ਦੌਲਤ ਖਾਂ ਲੋਧੀ
ਦੇ ਨਾਮ ਵਿਸ਼ੇਸ਼ ਵਰਨਣ ਯੋਗ ਹਨ। ਭਾਈ ਗੁਰਦਾਸ ਜਾ ਨੇ ਗੁਰੂ ਨਾਨਕ ਦੇਵ ਜੀ ਦੇ ਵਿਸ਼ੇਸ਼
ਸਿੱਖਾਂ ਦਾ ਜਿਕਰ ਆਪਣੀ 11ਵੀਂ ਵਾਰ ਦੀ 13 ਪਉੜੀ ਵਿੱਚ ਕੁਝ ਇਵੇਂ ਕੀਤਾ ਹੈ...
ਤਾਰੁ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ।
ਮੂਲਾ ਕੀਤੁ ਵਖਾਣਿਐ ਦਲਿਤੁ ਅਚਰਜ ਲੁਭਤਿ ਗੁਰਦਾਸੀ।।
ਭਲਾ ਰਬਾਬ ਵਿਜਾਇੰਦਾ ਮਜਲਸ ਮਰਦਾਨਾ ਮੀਰਾਸੀ।
ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ।
ਗੁਰਮਤਿ ਭਾਉ ਭਗਤਿ ਪਰਗਾਸੀ।। (ਵਾਰ 11-13)
ਜਿਹਨਾਂ
ਸਿੱਖਾਂ ਦੇ ਨਾਮ ਇਸ ਪਉੜੀ ਵਿੱਚ ਦਰਜ ਹਨ. ਉਹਨਾਂ ਬਾਰੇ ਅੰਤ ਵਿੱਚ ਭਾਈ ਗੁਰਦਾਸ ਜੀ ਇਹ
ਜਾਣਕਾਰੀ ਦਿੰਦੇ ਹਨ, ਕਿ ਗੁਰ-ਉਪਦੇਸ਼ ਨਾਲ ਪਿਆਰ ਉਪਜਿਆ ਅਤੇ ਭਗਤੀ ਮਾਰਗ ਦੇ ਉੱਚੇ
ਸੁੱਚੇ ਪਾਂਧੀ ਬਣੇ। ਗੁਰੂ ਨਾਨਕ ਦੇਵ ਜੀ ਨੇ ਸਰਬ ਸੰਸਾਰ ਮੁਕਤੀ ਦੀ ਯੋਜਨਾ ਉਲੀਕੀ ਅਤੇ
ਇਸੇ ਕਾਰਨ ਆਪ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਕਰਕੇ ਜਾਣੇ ਗਏ। ਆਪ ਨੇ
ਸਾਰੇ ਭਾਰਤ, ਭਾਰਤ ਦੇ ਨਾਲ ਲੱਗਦੇ ਕੁਝ ਦੂਰ ਦੇਸ਼ਾਂ ਦਾ ਰਟਨ ਕੀਤਾ।
ਹਰਿਦੁਆਰ,ਜਗਨਨਾਥਪੁਰੀ,ਸ੍ਰੀਲੰਕਾ,ਤਿੱਬਤ,ਮੱਕਾ-ਮਦੀਨਾ,ਈਰਾਨ,ਅਫ਼ਗਾਨਿਸਤਾਨ ਅਤੇ ਰੂਸ ਦੇ
ਦੱਖਣ ਤੱਕ ਦਾ ਭਰਮਣ ਕੀਤਾ। ਆਪਣੇ ਸਰਬ ਸਾਂਝੇ ਅਧਿਆਤਮਿਕ ਉਪਦੇਸ਼ਾਂ ਨਾਲ ਲੋਕਾਈ ਜੋ
ਲੀਰੋ-ਲੀਰ ਹੋ ਰਹੀ ਸੀ, ਨੂੰ ਏਕਤਾ ਦਾ ਉਪਦੇਸ਼ ਦੇ ਕੇ ਜੋੜਿਆ। ਭਾਈ ਗੁਰਦਾਸ ਜੀ ਦਾ ਕਥਨ
ਹੈ...
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।। (1-45)
ਬਾਬੇ
ਨਾਨਕ ਜੀ ਨੇ ਜਗਤ ਧਰਮ ਦੀ ਨੀਂਹ ਰੱਖੀ। ਭਾਈ ਕਾਨ ਸਿੰਘ ਨਾਭਾ ਗੁਰਮਤ ਮਾਰਤੰਡ ਭਾਗ
ਦੂਜਾ ਪੰਨਾ 64 ਉਤੇ ਨਿਰਮਲ ਸ਼ਬਦ ਨੂੰ ਇਸ ਤਰਾਂ ਅਰਥਾਂਦੇ ਹਨ। ਸਿੱਖ ਪੰਥ ਖਾਲਸਾ ਪੰਥ ਦਾ
ਹੀ ਨਾਂਮਾਤਰ ਹੈ, ਕਿਉਂਕਿ ਉਸਦੀ ਸਰੀਰਕ ਅਥੇ ਅਤਮਿਕ ਰਹਿਣੀ ਨਿਰਮਲ ਹੈ। ਖਾਲਸਾ ਅਰਬੀ
ਭਾਸ਼ਾ ਦਾ ਸ਼ਬਦ ਹੈ, ਜਿਸਦੇ ਅਰਥ ਹਨ, ਬਿਨਾਂ ਮਿਲਾਵਟ ਸ਼ੁਧ ਅਤੇ ਨਿਰਮਲ ਦੇਸੀ ਭਾਸ਼ਾ-ਖਾਲਸੇ
ਸ਼ਬਦ ਦਾ ਸਮਅਰਥੀ ਸ਼ਬਦ ਹੈ, ਗੁਰੂ ਨਾਨਕ ਦੇਵ ਜੀ ਨੇ ਸਿੱਖਿਆਰਥੀ ਲਹਿਰ ਦੀ ਨੀਂਹ ਰੱਖੀ,
ਜਿਸਦਾ ਨਾਮ ਨਿਰਮਲ-ਖਾਲਸਾ ਪੰਥ ਪ੍ਰਚੱਲਤ ਹੋਇਆ।
ਸਰਬ
ਸੰਸਾਰ ਧਰਮ ਬਰਾਦਰੀਆਂ, ਭਾਈਚਾਰਿਆਂ ਦੇ ਘੁਟਵੇਂ ਕਲਾਵੇ ਉਤੇ ਮੁੱਕਤ ਧਰਮ ਹੀ ਹੋ ਸਕਦਾ
ਹੈ। ਇਹੋ ਜਿਹਾ ਧਰਮ ਕਿਸੇ ਇਕ ਖਿੱਤੇ ਦੇਸ਼ ਦੀ ਸਭਿਅਤਾ ਨਾਲ ਜੁੜਿਆ ਨਹੀਂ ਹੁੰਦਾ। ਭਾਈ
ਮਰਦਾਨਾ, ਰਾਇਬੁਲਾਰ ਮੁਸਲਮਾਨ ਭਾਈਚਾਰੇ ਵਿੱਚੋਂ ਸਨ, ਭਾਈ ਮਰਦਾਨਾ ਗੁਰੂ ਜੀ ਦੀ
ਵਿਚਾਰਧਾਰਾ, ਗੁਰੂ ਜੀ ਨਾਲ ਵਿਦੇਸ਼ਾਂ ਵਿੱਚ ਨਾਲ ਸਾਥੀ ਬਣ ਕੇ ਪ੍ਰਚਾਰਨ ਵਿੱਚ ਸਹਾਈ
ਹੁੰਦਾ ਰਿਹਾ। ਗੁਰੂ ਸਾਹਿਬ ਦਾ ਅਨਿੱਖੜਵਾਂ ਸਾਥੀ ਸੀ। ਉਸਦੀ ਸੰਤਾਨ ਰਬਾਬੀ ਗੁਰੂ ਘਰ ਦੇ
ਕੀਰਤਨੀਆਂ ਦੀ ਇਕ ਲੰਬੀ ਪ੍ਰਣਾਲੀ ਚੱਲੀ, ਜਿਹਨਾਂ ਨੇ ਗੁਰਬਾਣੀ ਦਾ ਮਧੁਰ ਧੁਨਾਂ ਵਿੱਚ
ਕੀਰਤਨ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ। ਅੰਮਰਿਤਸਰ ਵਿੱਚ ਇਹਨਾਂ ਦੇ ਪਰਿਵਾਰ ਰਬਾਬੀਆਂ
ਵਾਲੀ ਗਲੀ ਵਿੱਚ ਰਹਿੰਦੇ ਸਨ। ਦੇਸ਼ ਦੀ ਵੰਡ ਸਮੇਂ ਮਜ਼ਬੂਰ ਹੋ ਕੇ ਦੇਸ਼ ਛੱਡਣਾ ਪਿਆ।
ਸਿੱਖ ਭਾਈਚਾਰਾ ਇਹਨਾਂ ਨੂੰ ਹਿਫਾਜ਼ਤ ਨਾਲ ਰੱਖ ਨਾ ਸਕਿਆ। ਇਵੇਂ ਜਗਤ ਧਰਮ ਸਿੱਖੀ ਦੇ
ਪ੍ਰਚਾਰਕ ਸਾਥੋਂ ਸਦਾ ਲਈ ਵਿਛੁੜ ਗਏ। ਸਿੱਖ ਧਰਮ ਦੀ ਮਹਾਨ ਪ੍ਰਥਾ ਦੇ ਮਾਣ ਨੂੰ ਗੰਭੀਰ
ਸੱਟ ਵੱਜੀ। ਗੁਰੂ ਨਾਨਕ ਦੇਵ ਜੀ ਦੀ ਸਰਬਸਾਂਝੀ ਵਿਚਾਰਧਾਰਾ ਦੀ ਵਿਸ਼ਾਲ ਵਿਰਾਸਤ ਨੂੰ ਵੱਧ
ਤੋਂ ਵੱਧ ਯਤਨ ਕਰਕੇ ਸਾਂਭਣਾ ਸਾਡਾ ਸਭ ਦਾ ਫ਼ਰਜ਼ ਹੈ। ਪਰ ਇਹ ਵੇਖ ਜਾਣ ਕੇ ਖੇਦ ਹੁੰਦਾ
ਹੈ ਕਿ ਅੱਜ ਅਸੀਂ ਸਹਿਜਧਾਰੀ ਸਿੱਖਾਂ ਨੂੰ ਵੀ ਸਿੱਖ ਸਮਾਜ ਵਿੱਚੋਂ ਬਾਹਰ ਧੱਕ ਰਹੇ
ਹਾਂ। ਇਹਨਾਂ ਨੂੰ ਉਪਦੇਸ਼ ਦੇ ਰਹੇ ਹਾਂ ਕਿ ਖੰਡੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ
ਜਿਵੇਂ ਕਿ ਅੱਜ ਤੱਕ ਸਾਰੇ ਸਹਿਜਧਾਰੀ ਨਿਗੁਰੇ ਹੀ ਰਹੇ ਹਨ। ਕੀ ਪੰਜ-ਪਿਆਰੇ ਜੋ ਪਹਿਲਾਂ
ਦਿਆ ਰਾਮ,ਧਰਮ ਚੰਦ,ਹਿੰਮਤ ਦਾਸ,ਮੁਹਕਮ ਚੰਦ ਅਤੇ ਸਾਹਿਬ ਚੰਦ ਖੰਡੇ ਦੀ ਪਾਹੁਲ ਲੈਣ ਤੋਂ
ਮਗਰੋਂ ਹੀ ਗੁਰੂ ਵਾਲੇ ਬਣੇ ਸਿਰ ਤਲੀ ਉਤੇ ਰੱਖ ਕੇ ਹਾਜ਼ਰ ਹੋਣ ਵਾਲੇ ਦਿਆ ਰਾਮ ਅਤੇ
ਸਾਹਿਬ ਚੰਦ ਨੂੰ ਕੱਚੇ ਪਿੱਲੇ ਸਿੱਖ ਹੋਣ ਦਾ ਖਿਆਲ ਕਰਨਾ ਵੀ ਘੋਰ ਅਨਜਾਣ-ਪੁੱਣਾ ਅਤੇ
ਮਨਮਤ ਹੈ। ਉਹ ਪਹਿਲਾਂ ਹੀ
ਖਾਲਸੇ ਅਤੇ ਮਹਾਨ ਸਿੱਖ ਸਨ। ਖੰਡੇ ਦਾ ਅੰਮ੍ਰਿਤ ਛੱਕ ਕੇ ਉਹ ਸੰਤ ਸਿਪਾਹੀ ਬਣੇ ਅਤੇ
ਸਿੰਘ ਲਕਬ ਦਿਤਾ ਗਿਆ। ਉਹ ਪੰਜੇ ਸਿੱਖ ਗੁਰੂ ਜੀ ਦੇ ਪਿਆਰੇ ਸਿੱਖ ਇਤਿਹਾਸ ਦੇ ਵਰਣਨ ਯੋਗ
ਵਿਅਕਤੀ ਹੋ ਨਿਬੜੇ। ਇਸ ਗੂੜ ਸੂਖਸ਼ਮ ਵਿਚਾਰ ਨੂੰ ਮਨ ਵਿੱਚ ਵਿਚਾਰਨ ਦੀ ਲੋੜ ਹੈ।
ਸਿੰਘਾਂ ਵਾਂਗ ਸਹਿਜਧਾਰੀ ਸਿੱਖ, ਪੰਥ ਦਾ ਇਕ ਅਨਿਖੜਵਾਂ ਅਤੇ ਵਿਸ਼ੇਸ਼ ਅੰਗ ਹਨ। ਜਿਵੇਂ
ਸਰੀਰ ਦੇ ਵੱਖੋ-ਵੱਖ ਅੰਗ ਹੋਣ ਨਾਲ ਹੀ ਸਰੀਰ ਮੁਕੰਮਲ ਹੁੰਦਾ ਹੈ। ਜੇ ਸਾਰੇ ਸਰੀਰ ਨੂੰ
ਇਕ ਵਿਸ਼ਾਲ ਅੱਖ ਮੰਨ ਲਈਏ ਤਾਂ ਇਹ ਵੇਖਣ ਤੋਂ ਬਿਨਾ ਹੋਰ ਕੋਈ ਵੀ ਕਾਰਜ ਨਹੀਂ ਕਰ ਸਕੇਗਾ।
ਹਰ ਅੰਗ-ਹਿੱਸੇ ਦੀ ਆਪਣੀ ਵਿਸ਼ੇਸ਼ਤਾ ਹੈ।
(ਬਾਕੀ ਕੱਲ)
0 Response to "ਮਿਸ਼ਨ ਜਨਚੇਤਨਾ 19 ਸਤੰਬਰ,2019"
Post a Comment