ਮਿਸ਼ਨ ਜਨਚੇਤਨਾ 20 ਸਤੰਬਰ,2019










ਸਾਲ 10, ਅੰਕ 13, 20 ਸਤੰਬਰ, 2019/6 ਅੱਸੂ (ਵਦੀ) ਨਾਨਕ ਸ਼ਾਹੀ 551.
  ਅੱਜ ਦਾ ਵਿਚਾਰ-26 .
ਸੰਤੁਲਨ ਨੂੰ ਬਣਾਏ ਰੱਖਣ ਲਈ ਨਿਰੰਤਰ ਵਿਕਾਸ ਦਾ ਨਿਯਮ ਵਿਨਾਸ਼ ਅਤੇ ਕੰਟਰੋਲ ਨਾਲ ਜੁੜਿਆ ਹੋਇਆ ਹੈ। ਨਿਰਜੀਵ ਦੇ ਤਾਂ ਵੱਧਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਕ ਨਿਰਜੀਵ ਨੂੰ ਦੂਸਰੇ ਵਿਚ ਕੇਵਲ ਬਦਲਿਆ ਹੀ ਜਾ ਸਕਦਾ ਹੈ। ਇਸ ਤਰਾਂ ਉੱਪਜ ਅਤੇ ਖੱਪਤ ਬਰਾਬਰ ਹੀ ਰਹਿੰਦੇ ਹਨ। ਸਜੀਵ, ਚਾਹੇ ਵਨਸਪਤੀ ਹੀ ਹੋਵੇ, ਵੱਧਦੇ ਹਨ ਪਰ ਇਕ ਤਾਂ ਉਹਨਾਂ ਦੇ ਵੱਧਣ ਦੀ ਪ੍ਰਕਿਰਿਆ ਕਾਬੂ ਵਿਚ ਰਹਿੰਦੀ ਹੈ। ਕੇਵਲ ਮਨੁੱਖ ਹੀ ਅਜਿਹਾ ਜੰਤੂ ਹੈ ਜੋ  ਹਰ ਮੌਸਮ ਵਿਚ ਜਨਮ ਲੈ ਸਕਦਾ ਹੈ, ਬਾਕੀਆਂ ਦਾ ਜੰਮਣਾ, ਵੱਧਣਾ ਮੌਸਮ ਉਤੇ ਨਿਰਭਰ ਕਰਦਾ ਹੈ। ਇਸ ਵਾਧੇ ਨੂੰ ਵਿਨਾਸ਼ ਨਾਲ ਜੋੜ ਦਿਤਾ ਗਿਆ ਹੈ।  ਮੱਛਰ ਪੈਦਾ ਹੁੰਦਾ ਹੈ ਤਾਂ ਉਸ ਨੂੰ ਖਾਣ ਲਈ ਡੱਡੂ, ਕੋਹੜ ਕਿਰਲੀਆਂ ਆਦਿ ਪੈਦਾ ਹੋ ਗਏ ਹਨ। ਡੱਡੂਆਂ ਨੂੰ ਕਾਬੂ ਵਿਚ ਰੱਖਣ ਲਈ ਸੱਪ ਹਨ ਤਾਂ ਸੱਪ ਲਈ ਨਿਓਲੇ। ਜੰਗਲ ਵਿਚ ਸ਼ੇਰ, ਚੀਤੇ ਹਨ ਜੋ ਪਸ਼ੂਆਂ ਦੀ ਗਿਣਤੀ ਵੱਧਣ ਨਹੀਂ ਦਿੰਦੇ। ਪਾਣੀ ਵਿਚ ਛੋਟੀ ਮੱਛੀ ਨੂੰ ਵੱਡੀ ਨਿਗਲ ਜਾਂਦੀ ਹੈ ਤਾਂ ਵੱਡੀ ਲਈ ਮਗਰਮੱਛ ਵੀ ਹਨ। ਵਿਕਾਸ-ਵਿਨਾਸ਼ ਦਾ ਇਹ ਸਿਲਸਿਲਾ ਸੰਤੁਲਨ ਕਾਇਮ ਰੱਖਣ ਲਈ ਹੋਂਦ ਵਿਚ ਆਇਆ ਹੈ। ਇਸ ਨੂੰ ਬਣਾਏ ਰੱਖਣ ਵਿਚ ਹੀ ਭਲਾਈ ਹੈ।

 ਪੰਜਾਬ ਦਾ ਇਤਿਹਾਸ-38.
ਲਤੀਫ਼ ਦਾ ਕਥਨ ਹੈ ਕਿ ਰਿਗਵੇਦ ਦੇ ਸਲੋਕ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਪਹਿਲੇ ਆਰਿਆ ਲੋਕਾਂ ਨੀੰ ਬਿਨਾਂ ਲੜਾਈ ਝਗੜੇ ਦੇ ਪੰਜਾਬ ਵਿੱਚ ਟਿੱਕਣ ਨਹੀਂ ਦਿੱਤਾ ਗਿਆ ਸੀ। ਪੰਜਾਬ ਦੇ ਜੰਗ-ਜੂ ਰਾਖਸ਼ਸਾਂ, ਅਸੂਰਾਂ ਅਤੇ ਭੂਰੇ ਰੰਗ ਵਾਲੇ ਦੈਂਤਾਂ ਨਾਲ ਇਹਨਾਂ ਨੂੰ ਲੰਮੀਆਂ ਅਤੇ ਭਿਆਨਕ ਲੜਾਈਆਂ ਕਰਨੀਆਂ ਪਈਆਂ ਸਨ। ਇਸ ਗੱਲ ਦੀ ਪੁਸ਼ਟੀ ਜੇਮਜ਼ ਐਡਗਰ ਸਵੇਨ ਨੇ ਵੀ ਇਉਂ ਲਿਖ ਕੇ ਕੀਤੀ ਹੈ, ਵੈਦਿਕ ਕਵੀ ਇਕ ਕਾਲੇ ਰੰਗ ਦੀ ਜਾਤੀ ਦਾ ਕਥਨ ਕਰਦੇ ਹਨ ਜਿਸ ਨੇ 1200 ਈ. ਪੂ, ਦੇ ਕਰੀਬ ਆਰੀਆ ਲੋਕਾਂ ਦੇ ਆਗਮਨ ਨੂੰ ਰੋਕਣਾ ਚਾਹਿਆ। ਹੋਰ ਆਰਿਆ ਗਣਾਂ ਦੇ ਧਾਵਿਆਂ ਦਾ ਵਰਨਣਵੀ ਹੈ ਅਤੇ ਇਹਨਾਂ ਸਹਜਾਤ ਲੋਕਾਂ ਦੇ ਆਪਸੀ ਸੰਘਰਸ਼ਾਂ ਦੀ ਜਿਹੜੇ ਉਸੇ ਸੰਸਕਰਿਤਕ ਵਰਗ ਦੇ ਸਨ ਜਿਸ ਦੇ ਭਾਰਤ-ਯੂਰਪੀ ਲੋਕ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਆਰਿਆ ਲੇਕ ਸਿੰਧ ਦਰਿਆ ਉਤੇ ਵਸੇ ਸਨ। ਇਸੇ ਕਰਕੇ ਉਹਨਾਂ ਸਿੰਧ ਦਰਿਆ ਦੇ ਵਸਨੀਕਾਂ ਨੂੰ ਸੰਧਵਾਂ ਜਾਂ ਸੰਧਵਈ ਲਿਖਿਆ ਹੈ। ਸਿੰਧ ਦਰਿਆ ਦੇ ਕੰਢਿਆ ਉੱਪਰ ਆਰਿਆ ਲੇਕ ਕਾਫੀ ਸਮਾਂ ਰਹੇ ਸਨ। ਇਸੇ ਕਰਕੇ ਉਹਨਾਂ ਦੀ ਇਸ ਦਰਿਆ ਨਾਲ ਜਜ਼ਬਾਤੀ ਸਾਂਝ ਪੈ ਗਈ। ਸਿੰਧ ਦਰਿਆ ਤੋਂ ਬਾਅਦ ਜਦੋਂ ਆਰਿਆ ਲੋਕ ਪੰਜਾਬ ਦੀ ਧਰਤੀ ਉਪਰ ਆਏ ਤਾਂ ਇਹਨਾਂ ਨੂੰ ਇਥੇ ਉਸ ਤਰਾਂ ਨਾ ਰਹਿਣਾ ਮਿਲਿਆ ਜਿਸ ਤਰਾਂ ਉਹ ਸਿੰਧ ਦਰਿਆ ਉਪਰ ਰਹੇ ਸਨ। ਪੰਜਾਬ ਵਿੱਚੋਂ ਇਹ ਲੇਕ ਧੱਕ ਦਿੱਤੇ ਗਏ ਸਨ। ਪੰਜਾਬ ਵਿੱਚੋਂ ਧੱਕੇ ਹੋਏ ਇਹ ਸਰਸਵਤੀ ਦਰਿਆ ਉਪਰ ਵਸ ਗਏ ਸਨ। ਰਿਗਵੇਦ ਵਿੱਚ ਅਤੇ ਹੋਰਨਾਂ ਪੁਰਾਣਾਂ ਵਿੱਚ ਸਰਸਵਤੀ ਨੂੰ ਬਹੁਤ ਵੱਡਾ ਦਰਿਆ ਲਿਖਿਆ ਗਿਆ  ਹੈ ਪਰ ਜਦੋਂ ਤੋਂ ਇਤਿਹਾਸਕ ਜਾਣਕਾਰੀ ਮਿਲਦੀ ਹੈ ਉਦੋਂ ਤੋਂ ਹੀ ਸਰਸਵਤੀ ਇਕ ਵਰਖਾ ਰੁੱਤ ਵਾਲੀ ਮੌਸਮੀ ਨਦੀ ਹੀ ਹੈ। ਪਤਾ ਨਹੀਂ ਆਰਿਆ ਲੋਕਾਂ ਨੇ ਇਕ ਬਰਸਾਤੀ ਨਦੀ ਨੂੰ ਹੀ ਵੱਡਾ ਦਰਿਆ ਬਣਾ ਦਿੱਤਾ ਹੈ ਜਾਂ ਇਹ ਪਿਛੋਂ ਮੌਸਮੀ ਨਦੀ ਬਣ ਗਈ ਹੈ ਇਹ ਤਾਂ ਆਰਿਆ ਗ੍ਰੰਥਾਂ ਦੇ ਲੇਖਕ ਹੀ ਜਾਣਦੇ ਹਨ ਪਰ ਸਰਸਵਤੀ ਕਦੇ ਇਕ ਵੱਡਾ ਦਰਿਆ ਵੀ ਸੀ ਇਸ ਦੇ ਹੱਕ  ਵਿੱਚ ਇਤਿਹਾਸਕ ਗਵਾਹੀ ਕੋਈ ਨਹੀਂ ਹੈ।
. ਸਿੱਖ ਇਤਿਹਾਸ ਵਿਚ ਅੱਜ .
20 ਸਤੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸਕ ਸਮਾਗਮ (1983 ਈ.)

=ਜਥੇਦਾਰ ਜਗਦੇਵ ਸਿੰਘ ਤਲਵੰਡੀ ਵਲੋਂ ਪੰਜਾਬ ਵਿਚ ਮੁਤਵਾਜ਼ੀ ਸਰਕਾਰ ਕਾਇਮ ਕਰਨ ਦੀ ਧਮਕੀ (1983 ਈ.)

=ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕੀ ਬੋਰਡ ਦੀ ਸਥਾਪਨਾ (1956 ਈ.)
ਸਿੱਖ ਸਟੂਡੈਂਟਸ ਫੈਡਰੇਸ਼ਨ ਦਾ
ਇਤਿਹਾਸਕ ਸਮਾਗਮ
ਸਕੂਲਾਂ, ਕਾਲਜਾਂ ਵਿਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕ ਇਤਿਹਾਸਕ ਕਾਨਫਰੰਸ 20 ਸਤੰਬਰ, 1983 ਦੇ ਦਿਨ ਗੁਰਦੁਆਰਾ ਮੰਜੀ ਸਾਹਿਬ, ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਹੋਈ। ਅਸੀਂ ਇਸ ਕਾਨਫਰੰਸ ਨੂੰ ਇਤਿਹਾਸਕ ਇਸ ਲਈ ਮੰਨਿਆ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਬਹੁਤ ਘੱਟ (ਕਦੀ ਕਦਾਈ ਹੀ) ਜਥੇਬੰਦਕ  ਮਜ਼ਬੂਤੀ ਵਲ ਵਧਦੀਆਂ ਹਨ ਅਤੇ ਕੌਮ ਦਾ ਇਤਿਹਾਸ ਰਚਦੀਆਂ ਹਨ। ਅੱਜ ਦੇ ਦਿਨ 1983 ਈਸਵੀ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਧੂਮਧਾਮ ਨਾਲ ਹੋਏ ਸਮਾਗਮ ਨੇ ਅਜਿਹਾ ਕੁਝ ਕੀਤਾ ਜਿਸ ਨਾਲ ਇਤਿਹਾਸ ਤਾਂ ਸਿਰਜਿਆ ਗਿਆ ਪਰ ਉਸ ਉਤੇ ਠੰਡੇ ਦਿਮਾਗ ਨਾਲ ਵਿਚਾਰ ਕੀਤੇ ਜਾਣ ਦੀ ਲੋੜ ਹੈ।

ਜਵਾਨੀ ਊਰਜਾ ਅਤੇ ਕਾਰਜਸ਼ੀਲਤਾ ਦਾ ਸਮਾਂ ਹੁੰਦਾ ਹੈ। ਇਸ ਕਾਲ ਵਿਚ ਮੱਨੁਖ ਅੰਦਰ ਸਿੱਖਣ ਦੀ ਭਾਵਨਾ ਵੀ ਹੁੰਦੀ ਹੈ, ਕੁਝ ਕਰ ਗੁਜਰਨ ਦੀ ਇੱਛਾ ਅਤੇ ਸ਼ਕਤੀ ਵੀ ਹੁੰਦੇ ਹਨ। ਹਾਣ, ਲਾਭ ਦੀ ਵੀ ਬਹੁਤੀ ਪ੍ਰਵਾਹ ਨਹੀਂ ਹੁੰਦੀ। ਆਦਰਸ਼ ਪ੍ਰਭਾਵਿਤ ਕਰਦੇ ਹਨ। ਇਸ ਲਈ ਬਹੁਤੇ ਨੌਜਵਾਨ ਆਦਰਸ਼ਵਾਦੀ ਹੁੰਦੇ ਹਨ, ਕੁਰਬਾਨੀਆਂ ਕਰ ਸਕਦੇ ਹਨ, ਸਗੋਂ ਕਰਦੇ ਹਨ। ਇਸ ਸਮੇਂ ਜੋ ਵਿਚਾਰ ਬਣਦੇ ਹਨ, ਵਿਚਾਰਧਾਰਾ ਪਨਪਦੀ ਹੈ, ਹਮਰਾਹ ਬਣਦੇ ਹਨ, ਉਹ ਲਗਭਗ ਸਥਾਈ ਹੁੰਦੇ ਹਨ ਅਤੇ ਮਰਦੇ ਦਮ ਤਕ ਨਾਲ ਰਹਿੰਦੇ ਹਨ। ਇਸ ਲਈ ਸਮਾਜਿਕ ਸਰੋਕਾਰਾਂ ਨਾਲ ਸਬੰਧ ਰਖਣ ਵਾਲੇ, ਸਮਾਜ ਦੀ ਸ਼ਕਤੀ ਤੋਂ ਸੱਤਾ ਲੈਣ ਵਾਲੇ ਅਤੇ ਪ੍ਰਚਾਰਕ ਨੌਜਵਾਨਾਂ ਨੂੰ ਆਪਣੇ ਪ੍ਰਭਾਵ ਵਿਚ ਲੈਣ ਦੀ ਕਵਾਇਦ ਕਰਦੇ ਰਹਿੰਦੇ ਹਨ। ਇੰਨ੍ਹਾਂ ਵਿਚ ਹੀ ਰਾਜਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਵੀ ਸ਼ਾਮਿਲ ਰਹਿੰਦੀਆਂ ਹਨ। 

ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅਖੀਰਲੇ ਅਤੇ ਚੌਥੇ ਦਹਾਕੇ ਦੇ ਮੁੱਢਲੇ ਸਾਲਾਂ ਵਿਚ ਨੌਜਵਾਨ ਜਥੇਬੰਦੀਆਂ ਬਨਾਉਣ ਦੀ ਇਕ ਲਹਿਰ ਚੱਲੀ; ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ ਵਿਸ਼ੇਸ਼ ਧਿਆਨ ਦੇ ਪਾਤਰ ਬਣੇ-ਮੁਸਲਿਮ ਸਮਾਜ ਨੇ ''ਮੁਸਲਿਮ ਸਟੂਡੈਂਟ ਫੈਡਰੇਸ਼ਨ" ਬਣਾਈ। ਹਿੰਦੂਆਂ ਨੇ ''ਸਟੂਡੈਂਟਸ ਕਾਂਗਰਸ" ਸਥਾਪਤ ਕੀਤੀ। ਕਮਿਊਨਿਸਟ ਪਾਰਟੀ ਨੇ ''ਸਟੂਡੈਂਟਸ ਯੂਨੀਅਨ" ਦੀ ਸਥਾਪਨਾ ਕੀਤੀ। ਇਸੇ ਤਰ੍ਹਾਂ ਦਾ ਇਕ ਯਤਨ ਸਿੱਖਾਂ ਨੇ ਵੀ ਕੀਤੀ ਜਦੋਂ 1943 ਈਸਵੀ ਦੇ ਆਖੀਰ ਵਿਚ ''ਸਿੱਖ ਸਟੂਡੈਂਟਸ" ਦਾ ਜਨਮ ਹੋਇਆ।

1943 ਦੇ ਮੁੱਢਲੇ ਮਹੀਨਿਆਂ ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਸਲਾਨਾ ਸਮਾਗਮ ਹੋਇਆ। ਇਸ ਦੀ ਪ੍ਰਧਾਨਗੀ ਕਰਨ ਲਈ ਕਪੂਰਥਲਾ ਦੇ ਸਿੱਖ ਪੰਥ ਦੇ ਬਾਣੇ ਨੂੰ ਛੱਡ ਚੁੱਕੇ (ਪਤਿਤ) ਮਹਾਰਾਜਾ ਨੂੰ ਬੁਲਾਇਆ ਗਿਆ। ਅਮਰ ਸਿੰਘ ਅੰਬਾਲਵੀ ਦੀ ਅਗਵਾਈ ਵਿਚ ਕੁਝ ਵਿਦਿਆਰਥੀਆਂ ਨੇ ''ਗੋ ਬੈਕ" ਦੇ ਨਾਅਰੇ ਲਾਏ। ਅੰਬਾਲਵੀ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਹੀ ਜੇਲੋਂ ਨਿਕਲ ਕੇ ਸਿੱਖ ਵਿਦਿਆਰਥੀਆਂ ਨੂੰ ਸੰਗਠਤ ਕਰਨ ਦਾ ਬੀੜਾ ਚੁੱਕਿਆ।

ਲਾਹੌਰ ਦੇ ਲਾਅ ਕਾਲਜ ਵਿਚ ਸ੍ਰ. ਸਰੂਪ ਸਿੰਘ, ਸ੍ਰ. ਜਵਾਹਰ ਸਿੰਘ ਗਰੇਵਾਲ, ਸ੍ਰ. ਨਰਿੰਦਰ ਸਿੰਘ, ਸ੍ਰ. ਕੇਸਰ ਸਿੰਘ, ਸ੍ਰ. ਧਰਮਵੀਰ ਸਿੰਘ, ਸ੍ਰ. ਜਾਗੀਰ ਸਿੰਘ ਆਦਿ 13 ਸਿੱਖ ਨੁਮਾਇੰਦਿਆਂ ਇੱਕਠ ਕੀਤਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਬਨਾਉਣ ਦਾ ਫੈਸਲਾ ਕੀਤਾ।

ਜ਼ਾਹਿਰ ਹੈ, ਸਿੱਖੀ ਦਾ ਪ੍ਰਚਾਰ-ਪ੍ਰਸਾਰ ਅਤੇ ਸਿੱਖ ਵਿਦਿਆਰਥੀਆਂ ਨੁੰ ਜਥੇਬੰਦ ਕਰਨਾ ਹੀ ਫੈਡਰੇਸ਼ਨ ਦਾ ਮੁੱਖ ਮੰਤਵ ਹੁੰਦਾ ਅਤੇ ਸ਼੍ਰੋਮਣੀ ਅਕਾਲੀ ਦਲ ਇਸ  ਫੈਡਰੇਸ਼ਨ ਦੀ ਸਰਪ੍ਰਸਤੀ ਕਰਦਾ।

13 ਸਤੰਬਰ, 1944 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪਹਿਲੀ ਬਾਕਾਇਦਾ ਬੈਠਕ ਹੋਈ ਜਿਸ ਵਿਚ ਸ੍ਰ. ਸਰੂਪ ਸਿੰਘ ਨੂੰ ਪ੍ਰਧਾਨ ਅਤੇ ਸ੍ਰ. ਸਰਦੂਲ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।

ਸਿੱਖ ਸਟੂਡੈਂਟਸ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਦਾ ਆਪਣਾ ਕੋਈ ਆਧਾਰ ਨਹੀਂ ਹੁੰਦਾ। ਇਹ ਮੁੱਖ ਜਥੇਬੰਦੀ ਦਾ ਹਿੱਸਾ ਹੀ ਹੁੰਦੀਆਂ ਹਨ ਅਤੇ ਇੰਨ੍ਹਾਂ ਨੂੰ ਵਰਕਰ ਮੁੱਖ ਜਥੇਬੰਦੀ ਵਿਚ ਆਪਣਾ ਸਥਾਨ ਬਨਾਉਣ ਲਈ ਹੀ ਵਰਤਦੇ ਹਨ। ਇਹ ਜਥੇਬੰਦੀਆਂ ਕਾਗਜ਼ੀ ਹੀ ਹੁੰਦੀਆਂ ਹਨ ਅਤੇ ਵਿਸ਼ੇਸ਼ ਸਮੇਂ, ਖਾਸ ਕਰਕੇ ਸੰਕਟ ਕਾਲ ਵਿਚ ਸਰਗਰਮ ਹੁੰਦੀਆਂ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੁੱਢਲੇ (ਸਥਾਪਨਾ) ਕਾਲ ਵਿਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਜੂਨ, 1945 ਵਿਚ ਅੰਮ੍ਰਿਤ ਸੰਚਾਰ ਲਈ ਕੈਂਪ ਵੀ ਲਾਇਆ। ਇਕ ਦੋ ਸਲਾਨਾ ਇਜਲਾਸ ਵੀ ਕੀਤੇ ਪਰ ਵਧੇਰੇ ਕਰਕੇ ਇਹ ਪੜ੍ਹੇ ਲਿਖੇ ਲੀਡਰਾਂ ਨੂੰ ਅਕਾਲੀ ਰਾਜਨੀਤੀ ਵਿਚ ਥਾਂ ਮਨਾਉਣ ਲਈ ਮੌਕਾ ਦਿੰਦਾ ਪਲੇਟਫਾਰਮ ਹੀ ਰਿਹਾ।

ਸ੍ਰ. ਸਰੂਪ ਸਿੰਘ, ਸ੍ਰ. ਸਵਰਨ ਸਿੰਘ, ਸ੍ਰ. ਅਮਰ ਸਿੰਘ ਅੰਬਾਲਵੀ, ਸ੍ਰ. ਮਨਜੀਤ ਸਿੰਘ ਕਲਕੱਤਾ, ਪ੍ਰਿੰਸੀਪਲ ਸਤਿਬੀਰ ਸਿੰਘ, ਸ੍ਰ. ਭਰਪੂਰ ਸਿੰਘ, ਸ. ਭਰਪੂਰ ਸਿੰਘ ਬਲਬੀਰ, ਸ੍ਰ. ਜਸਵੰਤ ਸਿੰਘ ਨੇਕੀ, ਸ੍ਰ. ਅਜੀਤ ਸਿੰਘ ਸਰਹੱਦੀ, ਸ੍ਰ. ਉਮਰਾਉ ਸਿੰਘ, ਸ੍ਰ. ਭਾਗ ਸਿੰਘ ਅਣਖੀ ਸਭ ਫੈਡਰੇਸ਼ਨ ਦੇ ਰਸਤੇ ਹੀ ਅਕਾਲੀ ਦਲ ਜਾਂ ਕਾਂਗਰਸ ਵਿਚ ਗਏ ਅਤੇ ਆਪਣੇ ਆਪ ਨੂੰ ਸਥਾਪਤ ਕੀਤਾ। ਬਹੁਤੇ ਲੋਕ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਦੀ ਨਰਸਰੀ ਵਜੋਂ ਹੀ ਲੈਂਦੇ ਹਨ।

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੀ ਵੰਡ ਸਮੇਂ (1947 ਈ.) ਵੀ ਸਰਗਰਮੀ ਦਿਖਾਈ, ਪੰਜਾਬੀ ਸੂਬੇ ਦੇ ਮੋਰਚਿਆਂ ਸਮੇਂ ਵੀ ਤਸਵੀਰ ਵਿਚ ਆਈ ਪਰ ਇਸ ਨੂੰ ਗੰਭੀਰਤਾ ਨਾਲ ਉਸ ਸਮੇਂ ਲਿਆ ਗਿਆ ਜਦੋਂ 2 ਜੁਲਾਈ, 1978 ਨੂੰ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਨੂੰ ਇਸ ਦਾ ਪ੍ਰਧਾਨ ਚੁਣ ਲਿਆ ਗਿਆ। ਆਪਣੇ ਮਰਦੇ ਦਮ ਤਕ ਭਾਈ ਅਮਰੀਕ ਸਿੰਘ ਹੀ ਇਸ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਇਸ ਜਥੇਬੰਦੀ ਨੂੰ ਖਾੜਕੂ ਦੇ ਰੂਪ ਵਿਚ ਸਥਾਪਤ ਕਰ ਲਿਆ।

ਭਾਈ ਅਮਰੀਕ ਸਿੰਘ ਬਾਬਾ ਜਰਨੈਲ ਸਿੰਘ ਭਿੰਡਰਾਂ ਦਾ ਸੱਜਾ ਹੱਥ ਮੰਨੇ ਜਾਂਦੇ ਰਹੇ ਅਤੇ ''ਨੀਲੇ ਤਾਰੇ" ਸਮੇਂ ਉਹ ਫੌਜੀ ਹਮਲੇ ਦਾ ਮੁਕਾਬਲਾ ਕਰਦਿਆਂ ਹੀ ਸ਼ਹੀਦ ਹੋਏ।

25 ਅਕਤੂਬਰ, 1980 ਦੇ ਦਿਨ ਫੈਡਰੇਸ਼ਨ ਨੇ ''ਪੰਜਾਬ ਬੰਦ" ਦਾ ਸੱਦਾ ਦਿਤਾ।

14 ਨਵੰਬਰ, 1980 ਨੂੰ ਟਰੈਫਿਕ ਜਾਮ ਅਤੇ ਰੇਲਾਂ ਦੀ ਆਵਾਜਾਈ ਨੂੰ ਰੋਕਿਆ।

4-5-6 ਦਸੰਬਰ ਨੂੰ ਪੰਜਾਬ ਦੇ ਵਜੀਰਾਂ ਦਾ ਘਿਰਾਉ ਕੀਤਾ।

26 ਜਨਵਰੀ, 1981 ਦਾ ਦਿਨ ''ਕਾਲੇ ਦਿਨ" ਵਜੋਂ ਮਨਾਇਆ। ਫੈਡਰੇਸ਼ਨ ਦੇ ਵਰਕਰਾਂ ਨੇ ਪੰਜਾਬ ਦੇ ਰਾਜਪਾਲ ਦੀ ਤਕਰੀਰ ਵੀ ਕਈ ਮਿੰਟ ਤਕ ਰੋਕੀ ਰਖੀ।

10 ਮਾਰਚ, 1981 ਦੇ ਦਿਨ ਲਗਭਗ 400 ਫੈਡਰੇਸ਼ਨ ਵਰਕਰਾਂ ਨੇ 13 ਅਪਰੈਲ, 1978 ਦੇ ਦਿਨ ਨਿਰੰਕਾਰੀ ਕਾਂਡ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਯਾਦਗਾਰ ਉਸਾਰ ਦਿਤੀ।

ਤਿੰਨ ਮਈ, 1981 ਨੂੰ ਅੰਮ੍ਰਿਤਸਰ ਨੂੰ ਪੱਵਿਤਰ ਸ਼ਹਿਰ ਦਾ ਦਰਜਾ  ਦੇਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੇ ਸਮਰਥਨ ਵਿਚ 31 ਮਈ (1981) ਨੂੰ ਅੰਮ੍ਰਿਤਸਰ ਵਿਚ ਤਵਾਰੀਖੀ ਜਲੂਸ ਕਢਿਆ ਗਿਆ ਜਿਸ ਵਿਚ ਪੰਜਾਹ ਹਜ਼ਾਰ ਤੋਂ ਵੱਧ ਸਿੱਖ ਸ਼ਾਮਲ ਹੋਏ।

9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋ ਗਿਆ। ਇਸ ਦੀ ਜ਼ਿਮੇਂਵਾਰੀ ਵੀ ਫੈਡਰੇਸ਼ਨ ਉਤੇ ਸੁੱਟੀ ਗਈ। ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ 16 ਸਤੰਬਰ, (1981) ਨੂੰ ਫੈਡਰੇਸ਼ਨ ਦੇ ਵਰਕਾਰਾਂ ਰੋਸ ਮਾਰਚ ਕੱਢੇ।

20 ਸਤੰਬਰ, 1981 ਨੂੰ ਜਰਨੈਲ ਸਿੰਘ ਭਿੰਡਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤਾਂ ਰਿਹਾਈ ਦੀ ਮੰਗ ਕਰਦਿਆਂ ਫੈਡਰੇਸ਼ਨ ਨੇ ਪੰਜਾਬ ਵਿਚ ਕਈ ਥਾਈਂ ਬੰਬ ਧਮਾਕੇ ਕੀਤੇ। ਇਸ ਨਾਲ ਸਰਕਾਰ ਨੂੰ ਫੈਡਰੇਸ਼ਨ ਵਰਕਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਉਤੇ ਸਖ਼ਤੀ ਕਰਨ ਲਈ ਬਹਾਨਾ ਮਿਲ ਗਿਆ। ਇਸ ਪਿਛੋਂ ਫੈਡਰੇਸ਼ਨ ਦੇ ਨੇਤਾਵਾਂ ਨੂੰ ਕਈ ਵਾਰੀ ਵੱਖ ਵੱਖ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ।

19 ਜੁਲਾਈ, 1982 ਨੂੰ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਵੀ ਫ਼ੜੇ ਗਏ।

ਅਜਿਹੇ ਜੰਗਜੂ ਵਾਤਾਵਰਨ ਵਿਚ 20 ਸਤੰਬਰ, 1983 ਦੇ ਦਿਨ ਦੀਵਾਨ ਹਾਲ, ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦਾ ਇਤਿਹਾਸਕ ਸਮਾਗਮ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਪੰਥਕ ''ਜਦੋ ਜਹਿਦ" ਵਿਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਰਖੇ ਗਏ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਿਛੋਂ ਹੋਈ। ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀਂ ਬੰਗਾਲ, ਮਹਾਰਾਸ਼ਟਰ, ਆਸਾਮ ਅਤੇ ਨੇਪਾਲ ਤੋਂ ਪਹੁੰਚੇ ਹਜ਼ਾਰਾਂ ਡੈਲੀਗੇਟਾਂ ਨੇ ਤਤਕਾਲੀ ਸਥਿਤੀ ਉਤੇ ਪੰਥਕ ਆਗੂਆਂ ਦੇ ਵਿਚਾਰ ਸੁਣੇ।

ਬੋਲਣ ਵਾਲਿਆਂ ਵਿਚ ਸਰਦਾਰ ਭਾਨ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ੍ਰ. ਸੁਖਜਿੰਦਰ ਸਿੰਘ ਬੀਬੀ ਰਾਜਿੰਦਰ ਕੌਰ, ਸ. ਭਰਪੂਰ ਸਿੰਘ ਬਲਬੀਰ, ਸ੍ਰ. ਗੁਰਚਰਨ ਸਿੰਘ ਕਲਕੱਤਾ, ਸ੍ਰ. ਮਨਜੀਤ ਸਿੰਘ ਇੰਦੌਰ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਫੈਡਰੇਸ਼ਨ ਦੀ ਲੀਡਰਸ਼ਿਪ ਦੇ ਸੋਹਲੇ ਗਾਏ, ਚਲ ਰਹੇ ਧਰਮਯੁੱਧ ਮੋਰਚੇ ਉਤੇ ਚਾਨਣ ਪਾਇਆ, ਅਨੰਦਪੁਰ ਪ੍ਰਸਤਾਵ ਸਬੰਧੀ ਤੱਥ ਰਖੇ। ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗਿਆਂ ਪੰਜਾਬ ਵਿਚ ਮੁਤਵਾਜ਼ੀ ਸਰਕਾਰ ਕਾਇਮ ਕਰਨ ਦੀ ਧਮਕੀ ਵੀ ਦਿਤੀ।

ਗਰਮੀ ਦਾ ਵਾਤਾਵਰਣ ਸਿਰਜ  ਕੇ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਦਸ ਮਤੇ ਪਾਸ ਕੀਤੇ। ਕਨਵੈਨਸ਼ਨ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਭਾਸ਼ਨ ਨਾਲ ਸੰਪੂਰਨ ਹੋਈ।

ਡਾ. ਜਸਬੀਰ ਸਿੰਘ ਸਰਨਾ ਅਨੁਸਾਰ, ''ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਚਾਣਕੀਆ ਪਾਲਿਸੀ 'ਤੇ ਚਲਦੀ ਸਰਕਾਰ ਅਤੇ ਪੰਜਾਬ ਦੇ ਕੱਠਪੁਤਲੀ ਚੀਫ਼ ਮਨਿਸਟਰ ਦੀ ਸਿੱਖ ਮਾਰੂ ਪਾਲਿਸੀ ਤੋਂ ਜਾਣੂ ਕਰਵਾਇਆ। ਸਿੱਖਾਂ ਦੇ ਇਸ ਜੰਗਜੂ ਆਗੂ ਨੇ ਆਖਿਆ, ''ਜਿੰਨਾਂ ਚਿਰ ਪੰਜਾਬ ਦੇ ਹਰ ਪਿੰਡ ਵਿਚ ਇਕ ਮੋਟਰਸਾਇਕਲ , ਤਿੰਨ ਨੌਜੁਆਨ ਤੇ ਤਿੰਨ ਵਧੀਆਂ ਰਿਵਾਲਵਰ ਨਹੀਂ ਲੈਂਦੇ, ਉਨ੍ਹਾਂ ਚਿਰ ਸ਼ਹੀਦਾਂ ਦੇ ਡੁੱਲੇ ਖੂਨ, ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਸਿੱਖਾਂ ਤੇ ਹੋਇਆ ਬੇਪਨਾਹ ਅੰਨ੍ਹਾਂ ਤਸ਼ੱਦਦ ਅਤੇ ਧੀਆਂ ਭੈਣਾਂ ਦੀ ਹੋਈ ਬੇਪਤੀ ਦਾ ਬਦਲਾ ਨਹੀਂ ਲਿਆ ਜਾ ਸਕਦਾ।"

ਇਸ ਕਨਵੈਨਸ਼ਨ ਦੇ ''ਸ਼ਹੀਦੀ ਸਨਮਾਨ ਸੈਸ਼ਨ" ਵਿਚ ਪੰਥਕ ਜਦੋ ਜਹਿਦ ਦੌਰਾਨ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਤੋਂ ਬਿਨਾਂ ਪੰਥਕ ਸੇਵਾ ਵਿਚ ਹਿੱਸਾ ਪਾਉਣ ਵਾਲੇ ਡਾਕਟਰਾਂ, ਵਕੀਲਾਂ, ਫੌਜੀ ਜਰਨੈਲਾਂ, ਪ੍ਰੋਫੈਸਰਾਂ ਅਤੇ ਕਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਫੈਡਰੇਸ਼ਨ ਦੇ ਡੈਲੀਗੇਟ ਇਜਲਾਸ ਵਿਚ ਭਾਈ ਅਮਰੀਕ ਸਿੰਘ ਨੂੰ ਪੰਜਵੀਂ ਵਾਰ ਫੈਡਰੇਸ਼ਨ ਦਾ ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਸਕੱਤਰ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਪੇਸ਼ ਕੀਤਾ।

ਭਾਈ ਅਮਰੀਕ ਸਿੰਘ ਨੇ ਸ੍ਰ. ਹਰਮਿੰਦਰ ਸਿੰਘ ਸੰਧੂ ਦਾ ਨਾਂ ਜਨਰਲ ਸਕੱਤਰ ਦੇ ਅਹੁੱਦੇ ਲਈ ਪੇਸ਼ ਕੀਤਾ।

ਭਾਈ ਅਮਰੀਕ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ, ''ਮੈਂ ਕਰਜ਼ਦਾਰ ਹਾਂ ਫੈਡਰੇਸ਼ਨ ਦੇ ਉਨ੍ਹਾਂ ਅਣਥੱਕ ਆਗੂਆਂ ਅਤੇ ਵਰਕਰਾਂ ਦਾ ਜਿੰਨ੍ਹਾਂ ਨੇ ਮੇਰੇ ਜੇਲ੍ਹ ਦੇ ਸਮੇਂ ਦੌਰਾਨ ਦਿਨ ਰਾਤ ਇਕ ਕਰਕੇ ਜਥੇਬੰਦੀ ਦੀ ਖਿਦਮਤ ਕੀਤੀ।"

ਭਾਈ ਅਮਰੀਕ ਸਿੰਘ ਨੇ ਸੰਤ ਜਰਨੈਲ ਸਿੰਘ ਭਿੱਡਰਾਂ ਤੋਂ ਬਿਨਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਸੂਝ ਨਾਲ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਮੋਰਚਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਮਗਰੋਂ ਇਸ ਨੂੰ ਪੰਥਕ ਜਦੋਜਹਿਦ  ਵਿਚ ਬਦਲ ਦਿਤਾ। ਭਾਈ ਅਮਰੀਕ ਸਿੰਘ ਨੇ ਅਖੀਰ ਵਿਚ ਪੰਥਕ ਆਗੂਆਂ, ਕਾਰ ਸੇਵਾ ਜਥੇਬੰਦੀਆਂ ਅਤੇ ਸਮੁੱਚੇ ਪੰਥ ਦੇ ਮਿਲਵਰਤਣ ਲਈ ਸ਼ੁਕਰੀਆ ਕੀਤਾ।

ਇਸ ਕਨਵੈਨਸ਼ਨ ਵਿਚ ਫੈਡਰੇਸ਼ਨ ਦਾ ਨਵਾਂ ਨਿਸ਼ਾਨ (ਇਨਸਿਗਨੀਆ), ਪੇਸ਼ ਕੀਤਾ ਗਿਆ। ਸ੍ਰ. ਵਿਰਸਾ ਸਿੰਘ ਵਲਟੋਹਾ ਨੇ ਫੈਡਰੇਸ਼ਨ ਵਲੋਂ ਛਾਪੇ ਗੁਰਮਤਿ ਲਿਟਰੇਚਰ ਦਾ ਸਟਾਲ ਲਾਇਆ। ਅਕਾਲੀ ਪੱਤ੍ਰਕਾ ਨੇ ਸਪੈਸ਼ਲ ਫੈਡਰੇਸ਼ਨ ਨੰਬਰ ਛਾਪਿਆ। ਕਨਵੈਨਸ਼ਨ ਦੀ ਵੀਡੀਉ ਫਿਲਮ ਤਿਆਰ ਕੀਤੀ ਗਈ।

ਫੈਡਰੇਸ਼ਨ ਦੇ ਗਰਲਜ਼ ਵਿੰਗ ਵਲੋਂ ਬੀਬੀ ਉਪਕਾਰ ਕੌਰ ਅਤੇ ਬੀਬੀ ਪੁਸ਼ਪਿੰਦਰ ਕੌਰ ਦੀ ਅਗਵਾਈ ਹੇਠ ਸਿੱਖ ਬੀਬੀਆਂ ਦੇ ਇਕ ਵੱਡੇ ਜੱਥੇ ਨੇ ਧਰਮਯੁੱਧ ਮੋਰਚੇ ਵਾਸਤੇ ਗ੍ਰਿਫ਼ਤਾਰੀ ਦਿਤੀ।

 ਉਪਰੋਕਤ ਵੇਰਵਿਆਂ  ਤੋਂ ਇਸ ਨਤੀਜੇ ਤੇ ਪੁੱਜਣ ਵਿਚ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਹ ਸਮਾਗਮ ਸੰਸਥਾ ਨੂੰ ਅਤਿਵਾਦੀ ਬਨਾਉਣ ਦਾ ਐਲਾਨਨਾਮਾ ਸੀ। ਸਮਾਗਮ ਵਿਚ ਪੰਥਕ ਅਖਵਾਉਂਦੇ ਨੇਤਾਵਾਂ ਨੇ ਇਕ ਦੂਜੇ ਤੋਂ ਵੱਧ ਕੇ ਬਿਆਨ ਦੇਣ ਦਾ ਯਤਨ ਕੀਤਾ। ਸਮਾਗਮ ਲਈ ਇੱਕਠੇ ਹੋਏ ਸਰੋਤਿਆਂ ਨੇ ਅਗਾਂਹ ਹੋ ਕੇ ਜੈਕਾਰੇ ਵੀ ਬੁਲਾਏ, ਫੈਡਰੇਸ਼ਨ ਦੇ ਪ੍ਰੋਗਰਾਮ ਉਤੇ ਅਮਲ ਕਰਨ ਦਾ ਵਿਸ਼ਵਾਸ਼ ਵੀ ਦਿਵਾਇਆ।

ਨਤੀਜੇ ਵਜੋਂ 18 ਮਾਰਚ, 1984 ਨੂੰ ਸਰਕਾਰ ਨੇ ਫੈਡਰੇਸ਼ਨ ਉਤੇ ਪਾਬੰਦੀ ਲਾ ਦਿਤੀ।

ਇਸ ਪਿਛੋਂ ਹਜ਼ਾਰਾਂ ਨੌਜਵਾਨ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਸੁੱਟ ਦਿਤੇ ਗਏ।

ਇਹ ਵੀ ਸਪਸ਼ਟ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਸੰਗਠਿਤ ਕਰਨ ਅਤੇ ਧਰਮ ਪ੍ਰਚਾਰ ਦੇ ਨਾਂ ਉਤੇ ਬਣਾਈ ਗਈ ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਲੀ ਸਿਆਸਤਦਾਨਾਂ ਦੇ ਹਿਤ ਸਾਧਨ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਨੇਤਾਵਾਂ ਵਜੋਂ ਸਥਾਪਤ ਕਰਨ ਵਾਲੀ ਸੰਸਥਾ ਹੀ ਰਹੀ ਹੈ।

 ਇਹ ਸੰਸਥਾ 1943 ਈਸਵੀ ਵਿਚ ਸਟੂਡੈਂਟਸ ਯੂਨੀਅਨ (ਕਮਿਊਨਿਸਟ), ਸਟੂਡੈਂਟਸ ਕਾਂਗਰਸ (ਕਾਂਗਰਸੀ ਪਾਰਟੀ) ਅਤੇ ਮੁਸਲਿਮ ਸਟੂਡੈਂਟਸ ਫੈਡਰੇਸ਼ਨ ਦੀ ਵੇਖਾ ਵੇਖੀ ਬਣਾਈ ਗਈ। ਸ੍ਰ. ਸਰੂਪ ਸਿੰਘ, ਸ੍ਰ. ਅਮਰ ਸਿੰਘ ਅੰਬਾਲਵੀ, ਸ੍ਰ. ਜਵਾਹਰ ਸਿੰਘ ਗਰੇਵਾਲ, ਸ੍ਰ. ਨਰਿੰਦਰ ਸਿੰਘ , ਸ੍ਰ. ਕੇਸਰ ਸਿੰਘ, ਸ੍ਰ. ਧਰਮਵੀਰ ਸਿੰਘ, ਸ੍ਰ. ਜਗੀਰ ਸਿੰਘ, ਸ੍ਰ. ਇੰਦਰਪਾਲ ਸਿੰਘ, ਸ੍ਰ. ਆਗਿਆ ਸਿੰਘ ਅਤੇ ਸ੍ਰ. ਬਲਵੀਰ ਸਿੰਘ ਇਸ ਦੇ ਘੜਣਹਾਰਿਆਂ ਵਿਚ ਰਹੇ ਹਨ। ਇਸ ਦਾ ਦਫ਼ਤਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਹੀ ਬਣਿਆ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹੇ ਸ੍ਰ. ਸਰੂਪ ਸਿੰਘ, ਸ੍ਰ. ਜਸਵੰਤ ਸਿੰਘ ਨੇਕੀ, ਸ੍ਰ. ਅਜੀਤ ਸਿੰਘ ਸਰਹੱਦੀ, ਸ੍ਰ. ਅਮਰ ਸਿੰਘ ਦੁਸਾਂਝ, ਪ੍ਰਿੰ. ਸਤਿਬੀਰ ਸਿੰਘ, ਸ੍ਰ. ਭਰਪੂਰ ਸਿੰਘ, ਸ੍ਰ. ਮਨਜੀਤ ਸਿੰਘ ਕਲਕੱਤਾ, ਸ੍ਰ. ਸੁਰਜੀਤ ਸਿੰਘ ਮਿਨਹਾਸ, ਸ੍ਰ. ਜਸਵੰਤ ਸਿੰਘ ਫੁੱਲ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਬਣੇ।

ਇਸ ਦੇ ਪਹਿਲੇ ਪ੍ਰਧਾਨ ਸ੍ਰ. ਸਰੂਪ ਸਿੰਘ ਤਾਂ ਐਲਾਨੀਆਂ ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਦੇ ਪੈਰੋਕਾਰ ਸਨ। ਇਸ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ। ਗਿਆਨੀ ਗੁਰਦਿਆਲ ਸਿੰਘ, ਸ੍ਰ. ਮਾਨ ਸਿੰਘ, ਸ੍ਰ. ਸ਼ਮਸ਼ੇਰ ਸਿੰਘ , ਸ੍ਰ. ਅਜੀਤ ਸਿੰਘ ਆਦਿ ਤਾਂ ਦੰਗਿਆਂ ਵਿਚ ਮਾਰੇ ਗਏ। ਡਾ. ਰਣਜੀਤ ਸਿੰਘ ਅਤੇ ਸਾਥੀ ਬੰਬ ਸੁੱਟਣ ਵਿਚ ਅੱਗੇ ਅੱਗੇ ਰਹੇ॥ ਮਾਸਟਰ ਤਾਰਾ ਸਿੰਘ ਦੇ ਅੰਦੋਲਨਾਂ ਵਿਚ ਵੀ ਫੈਡਰੇਸ਼ਨ ਅਗੇ ਅਗੇ ਰਹੀ। 1978 ਈ. ਵਿਚ ਭਾਈ ਅਮਰੀਕ ਸਿੰਘ ਪ੍ਰਧਾਨ ਬਣੇ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਖੁੱਲੇ ਤੌਰ ਤੇ ਭਿੱਡਰਾਂ ਵਾਲਾ ਅੰਦੋਲਨ ਨਾਲ ਜੁੜ ਗਈ।

1980 ਤੋਂ 1984 ਤਕ ਸ਼ਾਇਦ ਹੀ ਕੋਈ ਮਹੀਨਾ ਅਜਿਹਾ ਬੀਤਿਆ ਹੋਵੇ ਜਦ ਫੈਡਰੇਸ਼ਨ ਦੇ ਵਰਕਰ ਸਰਗਰਮ ਨਾ ਰਹੇ ਹੋਣ।

ਫੈਡਰੇਸ਼ਨ ਨੇ ਇਸ ਸਮੇਂ ਦੌਰਾਨ ਕਈ ਉਸਾਰੂ ਕੰਮ ਵੀ ਕੀਤੇ।

31 ਮਈ, 1981 ਦਾ ਤੰਬਾਕੂ ਵਿਰੋਧੀ ਮੋਰਚਾ ਜਾਂ ਰੈਲੀ ਇਸ ਪਾਸੇ ਵੱਡਾ ਕਦਮ ਸੀ ਪਰ ਫੈਡਰੇਸ਼ਨ ਉਤੇ ਹਿੰਸਾ ਕਰਨ ਦੇ ਦੋਸ਼ ਵਧੇਰੇ ਲਗੇ। 18 ਮਾਰਚ, 1984 ਨੂੰ ਸਰਕਾਰ ਨੇ ਇਸ ਸੰਸਥਾ ਨੂੰ ਗੈਰਕਾਨੂੰਨੀ ਸੰਗਠਨ ਕਰਾਰ ਦੇ ਦਿਤਾ। ਫੜੋ ਫੜੀ ਤਾਂ 1981 ਤੋਂ ਹੀ ਚਲ ਰਹੀ ਸੀ।

ਫੈਡਰੇਸ਼ਨ ਦੇ ਜ਼ਿਮੇਂਦਾਰ ਅਹੁੱਦੇਦਾਰ ਆਪਣੀਆਂ ਕੌਮ ਪ੍ਰਤੀ ਕੁਰਬਾਨੀਆਂ ਦੇ ਦਾਅਵੇ ਵੀ ਕਰਦੇ ਹਨ ਅਤੇ ਅਪਣਾਏ ਗਏ ਹਿੰਸਕ ਸਾਧਨਾਂ ਤੋਂ ਵੀ ਇਨਕਾਰ ਨਹੀਂ ਕਰਦੇ: ਆਪਣੇ ਇਤਿਹਾਸ ਨੂੰ ਵੀ ਉਹ ਮਾਣ ਨਾਲ ਬਾਜ਼ਨਾਮਾ ਕਹਿੰਦੇ ਹਨ ਪਰ ਸਮੇਂ ਨਾਲ ਉਹ ਕਦੇ ਨਹੀਂ ਤੁਰੇ। ਕਹਿਣ ਨੂੰ ਇਹ ਵਿਦਿਆਰਥੀਆਂ ਦੀ ਸੰਸਥਾ ਹੈ ਪਰ ਇਤਿਹਾਸ ਦਸਦਾ ਹੈ ਕਿ ਇਸ ਦੇ ਅਹੁੱਦੇਦਾਰ ਵਿਦਿਆਾਰਥੀ ਨਹੀਂ ਰਹੇ ਅਤੇ ਉਨ੍ਹਾਂ ਦੀਆਂ ਕਈ ਕਈ ਗੁੱਟਾਂ ਵਿਚ ਪ੍ਰਧਾਨਗੀਆਂ ਵੀ ਕਈ ਕਈ ਦਹਾਕੇ ਤਕ ਚਲੀਆਂ ਹਨ।

ਨਤੀਜਾ ਇਹ ਨਿਕਲਿਆ ਕਿ ਪੰਜਾਬ ਸਟੂਡੈਂਟਸ ਫੈਡਰੇਸ਼ਨ ਇਸ ਸੰਸਥਾ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਬਣ ਗਈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਿਸੇ ਸਕੂਲ, ਕਾਲਜ ਦੇ ਵਿਦਿਆਰਥੀ ਨਾ ਹੋ ਕੇ ਕਿਸੇ ਪ੍ਰਮੁੱਖ ਅਕਾਲੀ ਆਗੂ ਦੇ ਚਹੇਤੇ ਰਹੇ ਹਨ। ਉਨ੍ਹਾਂ ਨੇ ਨਾ ਕਦੀ ਵਿਦਿਆਰਥੀ ਸਮਸਿਆਵਾਂ ਨੂੰ ਹੱਥ 'ਚ ਲਿਆ ਅਤੇ ਨਾ ਹੀ ਸਿੱਖ ਸਿਧਾਤਾਂ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਸੋਚ ਉਸਾਰੂ, ਹਾਂ-ਪੱਖੀ ਅਤੇ ਕੁਰਬਾਨੀ ਕਰਨ ਵਾਲਿਆਂ ਦੀ ਰਹੀ।

ਨੌਜਵਾਨ ਕੁਰਬਾਨੀਆਂ ਕਰਨ ਦੇ ਸਮਰਥ ਵੀ ਹੁੰਦੇ ਹਨ ਅਤੇ ਉਨ੍ਹਾਂ ਅੰਦਰ ਅਕਸਰ ਅਗਾਂਹਵਧੂ ਸੋਚ ਵੀ ਹਾਵੀ ਦੇਖੀ ਗਈ ਹੈ ਪਰ ਫੈਡਰੇਸ਼ਨ ਘਿਸੇ ਪਿਟੇ ਢੰਗਾਂ ਨੂੰ ਅਪਨਾਉਣ ਲਈ ਹੀ ਪ੍ਰਸਿੱਧ ਰਹੀ ਹੈ।

ਉਸ ਦੀਆਂ ਪ੍ਰਾਪਤੀਆਂ ਵਿਚ ਗੁਰਮਤਿ ਕੈਂਪ ਲਾਉਣੇ ਗਿਣੇ ਜਾਂਦੇ ਰਹੇ ਹਨ ਪਰ ਇੰਨ੍ਹਾਂ ਕੈਂਪਾਂ ਵਿਚ ਗੁਰਮਤਿ ਕਿੰਨੀ ਹੁੰਦੀ ਹੈ? ਅੰਦਾਜ਼ਾ ਸਮੁੱਚੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪਤਿਤ ਹੋਣ ਤੋਂ ਬਖੂਬੀ ਲਾਇਆ ਜਾ ਸਕਦਾ ਹੈ।

ਤਾਕਤ ਦੀ ਜੰਗ ਵਿਚ ਫੈਡਰੇਸ਼ਨ ਸਭ ਤੋਂ ਅਗਾਂਹ ਹੈ। ਅੱਜ ਦੀ ਸਥਿਤੀ ਵੇਖ ਲਉ! ਫੈਡਰੇਸ਼ਨ ਕਈ ਹਿੱਸਿਆਂ ਵਿਚ ਵੰਡੀ ਹੋਈ ਹੈ ਅਤੇ ਹਰੇਕ ਦਾ ਪ੍ਰਧਾਨ ਕਈ ਸਾਲਾਂ (ਬਲਕਿ ਦਹਾਕਿਆਂ) ਤੋਂ ਇਕੋ ਚਲਿਆ ਆ ਰਿਹਾ ਹੈ। ਭਾਸ਼ਾ ਵੀ ਉਹ ਆਪਣੀ ਸਹੂਲਤ ਅਨੁਸਾਰ ਪਾਰਟੀ ਲਾਈਨ 'ਤੇ ਬੋਲਦੇ ਹਨ।

ਇਸ ਸਮੇਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੀ ਵੱਡੀ ਜ਼ਿਮੇਂਵਾਰੀ ਫੈਡਰੇਸ਼ਨ ਦੇ ਨੌਜਵਾਨਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਹੀ ਦੁਨੀਆਂ ਦੀ ਪਲ ਪਲ ਬਦਲਦੀ ਸੋਚ ਦਾ ਪਾਸ ਹੁੰਦਾ ਹੈ ਪਰ ਸਾਡੀ ਸਿੱਖ ਨੌਜਵਾਨਾਂ ਦੀ ਪੀੜੀ ਨੂੰ ਤਾਕਤ ਦੀ ਬਿਮਾਰੀ ਛੱਡੇ ਤਾਂ ਹੀ ਅਗੇ ਗਲ ਤੁਰੇ!

. ਗੁਰੂ ਗ੍ਰੰਥ ਸਾਹਿਬ .

ਵਿਗਿਆਨਕ ਅੰਤਰ-ਦ੍ਰਿਸ਼ਟੀਆਂ (6)
ਸਾਚੇ ਤੋ ਪਵਨਾ ਭਇਆਦਾ ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਵੀ ਸਾਨੂੰ ਇਹੀ ਅੰਤਰ-ਦ੍ਰਿਸ਼ਟੀ ਦਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ 1604 ਈਸਵੀ ਵਿਚ ਸੰਪੂਰਨ ਹੋਇਆ। ਕਾਲਕ੍ਰਮ ਪੱਖੋਂ ਇਸ ਵਿਚ ਸੰਕਲਿਤ ਬਾਣੀ ਦੇ ਸਭ ਤੋਂ ਪਹਿਲੇ ਬਾਣੀਕਾਰ 1173 ਈਸਵੀ ਤੋਂ 1266 ਈਸਵੀ ਤਕ ਦੇ ਕਾਲ-ਖੰਡ ਵਿਚ ਵਿਚਰੇ ਬਾਬਾ ਫਰੀਦ ਹਨ। ਪੱਛਮ ਵਿਚ ਇਹ ਸਮਾਂ ਵਿਗਿਆਨਕ ਪੱਖੋਂ ਅਸਲੋਂ ਅੰਧਾ-ਯੁੱਗ ਸੀ।

ਆਈਨਸਟਾਈਨ ਦਾ ਸਾਪੇਖਤਾ-ਸਿਧਾਂਤ ਉਕਤ ਅੰਤਰ-ਦ੍ਰਿਸ਼ਟੀ ਦਾ ਅਹਿਸਾਸ ਰਤਾ ਕੁ ਵੱਖਰੇ ਪਰਿਪੇਖ ਵਿੱਚ ਕਰਵਾਂਦਾ ਹੈ। ਰੋਸ਼ਨੀ ਦੇ ਵੇਗ ਉਤੇ ਤੁਰ ਰਹੀਂ ਵਸਤੂ ਵਾਸਤੇ ਸਮਾਂ ਰੁਕ ਜਾਂਦਾ ਹੈ। ਭਾਰ ਅਨੰਤ ਹੋ ਜਾੰਦਾ ਹੈ ਅਤੇ ਆਕਾਰ ਸਿਫ਼ਰ ਹੋ ਜਾਂਦਾ ਹੈ। ਅਨੰਤ ਭਾਰ ਵਾਲੀ ਸੁੰਨ ਦੀ ਅਵਸਥਾ ਹੈ ਇਹ। ਰੋਜਰ ਪੈਨਰੋਜ਼ ਨੇ ਬਲੈਕ-ਹੋਲਜ਼ ਵਿੱਚ ਇਹੋ ਜੇਹੀ ਸੁੰਨ ਦੀ ਹੀ ਕਲਪਨਾ ਕੀਤੀ ਹੈ। ਜਿਸ ਨੂੰ ਕੁਦਰਤ ਕੱਜ ਕੇ ਰਖਦੀ ਹੈ। ਨਾ ਸਿਰਫ਼ ਪਦਾਰਥ ਸਗੋਂ ਦੇਸ਼ ਕਾਲ (ਸਪੇਸ,ਟਾਈਮ)ਇਸ ਸੁੰਨ ਵਿੱਚ ਆ ਕੇ ਗਰਕ ਹੋ ਜਾਂਦਾ ਹੈ। ਫਨਾਹ ਹੋ ਜਾਂਦਾ ਹੈ। ਇਸ ਤੱਕ ਪਹੁੰਚ ਕੇ ਭੌਤਿਕ-ਵਿਗਿਆਨ ਦੇ ਸਾਰੇ ਨੇਮ ਧਰੇ-ਧਰਾਏ ਰਿਹ ਜਾਂਦੇ ਹਨ। ਕੋਈ ਨਹੀਂ ਕਿਹਾ ਸਕਦਾ ਕਿ ਅਗਾਂਹ ਕੀ ਹੋਵੇਗਾ। ਪੈਨਰੋਜ਼ ਨੇ ਕਾਸਮਿਕ-ਸੈਂਸਰਸ਼ਿਪਦਾ ਸੰਕਲਪ ਪੇਸ਼ ਕੀਤਾ ਅਤੇ ਕਿਹਾ ਕਿ ਕੁਦਰਤ ਨੰਗ-ਮਨੁੰਗੀ ਸੁੰਨ ਨੂੰ ਪਸੰਦ ਨਹੀਂ ਕਰਦੀ। ਸਟੀਫਨ ਹਾਕਿੰਗ ਨੇ ਇਸ ਤੋਂ ਅਗਾਂਹ ਤੁਰਦੇ ਹੋਏ ਕਿਹਾ ਕਿ ਜੇ ਵਿਆਪਕ-ਸਾਪੇਖਤਾ-ਸਿਧਾਂਤ ਠੀਕ ਹੈ ਤਾਂ ਸਮੇਂ ਦੇ ਅਠਰੰਭ ਵਿੱਚ ਜ਼ਰੂਰ ਇਕ ਮਹਾਂ-ਸੁੰਨ ਹੋਵੇਗੀ।

ਸੁੰਨ ਵਿੱਚੋਂ ਪਦਾਰਥ ਪਸਾਰੇ ਦੀ ਗੱਲ ਸਾਨੂੰ ਅਜੀਬ ਅਤੇ ਅਸੰਭਵ ਪ੍ਰਤੀਤ ਹੁੰਦੀ ਹੈ। ਹਾਕਿੰਗ ਨੇ ਇਸ ਦੀ ਵਿਆਖਿਆ ਕਵਾਂਟਮ-ਅਨਿਸ਼ਚਿਤਤਾ ਅਤੇ ਕਵਾਂਟਮ-ਪਰਿਵਰਤਨਾਂ(ਜਿਹਨਾਂ ਨੂੰ ਵੇਕਿਊਮ ਫਲਕਚੂਏਸ਼ਨ ਆਖਦੇ ਹਨ) ਦੇ ਆਧਾਰ ਉਤੇ ਸਮਝਣ ਸਮਝਾਣ ਦਾ ਯਤਨ ਕੀਤਾ ਹੈ। ਅਸੀਂ ਤਾਂ ਸਮਝਦੇ ਹਾਂ ਕਿ ਖਾਲੀ ਸਪੇਸ ਵਿੱਚ ਅਸਲੋਂ ਕੁਝ ਵੀ ਨਹੀਂ। ਪਰ ਇਹ ਸਿਧਾਂਤਕਾਰ ਆਖਦੇ ਹਨ ਕਿ ਸੁੰਨ ਜਾਂ ਖਾਲੀ ਸਪੇਸ ਦੇ ਭੋਰੇ-ਭੋਰੇ ਵਿੱਚ ਊਰਜਾ ਹੈ। ਪਦਾਰਥ-ਊਰਜਾ-ਸਮੀਕਰਨ ਨਾਲ ਇਹ ਊਰਜਾ, ਕਣਾਂ ਵਿੱਚ ਬਦਲਦੀ ਹੈ। ਗੁਰਬਾਣੀ ਅਨੁਸਾਰ ਵੀ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ।–ਨਿਰਾਗੁਨੁ ਆਪਿ ਸਰਗੁਨੁ ਭੀ ਓਹੀ। ਕਲਾਧਾਰਿ ਜਿਨਿ ਸਗਲੀ ਮੋਹੀ। ਉਸੇ ਨਿਰਗੁਨ ਊਰਜਾ ਦਾ ਸਰਗੁਨ ਪਦਾਰਥਕ ਪਸਾਰਾ ਹੈ, ਇਹ ਬ੍ਰਹਿਮੰਡ। ਇਹ ਊਰਜਾ ਦੇ ਪਦਾਰਥ ਵਿੱਚ ਬਦਲਣ ਅਥਏ ਪਦਾਰਥ ਦੇ ਵਾਪਸ ਊਰਜਾ ਵਿੱਚ ਪਲਣ ਜਾਣ ਦੀ ਖੇਡ ਹੈ, ਜੋ ਸੁੰਨ ਵਿੱਚੋਂ,ਨਿਰਾਕਾਰ,ਨਿਰਗੁਣ ਨਿਰੰਕਾਰ ਵਿੱਚੋਂ ਉਪਜਾਈ ਗਈ ਹੈ। ਬੈਠਾ ਵੇਖੈ ਵਖਿ ਇਕੇਲਾ ਵਾਂਗ ਉਹ ਇਸ ਖੇਡ ਨੂੰ ਖੇਡ ਰਿਹਾ ਹੈ।

ਕਵਾਂਟਮ-ਸਿਧਾਂਤ ਅਤੇ ਸਾਪੇਖਤਾ-ਸਿਧਾਂਤ ਦੇ ਸੁਮੇਲ ਨਾਲ ਸੁੰਨ ਵਿੱਚੋਂ ਪਦਾਰਥ ਉਗਮਣ ਦੀ ਖੇਡ ਕੁਝ ਇਉਂ ਸਮਝਾਈ ਗਈ ਹੈ। ਨਿਰਾਕਾਰ ਸੁੰਨ ਵਿੱਚ ਅਨੰਤ-ਘਣਤਾ ਅਤੇ ਅਨੰਤ-ਊਰਜਾ ਦੀ ਹੋਂਦ ਹੈ। ਜਿਸ ਨੂੰ ਅਸੀਂ ਸੁੰਨ ਆਖ ਰਹੇ ਹਾਂ, ਉਸ ਵਿੱਚ ਦ੍ਰਿਸ਼ਟਮਾਨ ਪਦਾਰਥ ਭਾਵੇਂ ਨਹੀਂ, ਪਰ ਅਨੰਤ ਘਣਤਾ ਹੈ, ਉਸ ਦੀ। ਅਨੰਤ ਊਰਜਾ ਹੈ ਉਸ ਦੀ। ਪਦਾਰਥ-ਊਰਜਾ-ਸਮੀਕਰਨ ਨਾਲ ਇਹ ਊਰਜਾ, ਕਣਾਂ ਵਿੱਚ ਵਟਦੀ ਹੈ। ਅਨਿਸ਼ਚਿਤਤਾ ਦਾ ਨੇਮ ਕਹਿੰਦਾ ਹੈ ਕਿ ਸੁੰਨ ਵਿੱਚੋਂ ਅਤਿ ਸੂਖਮ ਛਿਣ ਲਈ ਊਰਜਾ ਉਧਾਰੀ ਲਈ ਜਾ ਸਕਦੀ ਹੈ। ਇਹ ਊਰਜਾ ਅੱਗੋਂ ਕਣਾਂ ਦੀ ਜੋੜੀ ਵਿੱਚ ਵਟਦੀ ਹੈ। ਮੈਟਰ ਅਤੇ ਐਂਟੀ-ਮੈਂਟਰ ਕਣਾਂ ਦੀ ਜੋੜੀ ਜੋ ਦੋਵੇਂ ਰਲਕੇ ਇਕ ਦੂਜੇ ਨੂੰ ਨਸ਼ਟ ਕਰ ਸਕਦੇ ਹਨ। ਇਹ ਸਾਰਾ ਕੁਝ ਇੰਨੀ ਤੇਜੀ ਨਾਲ ਵਾਪਰਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਾਰਟੀਕਲ ਅਤੇ ਐਂਟੀ-ਪਾਰਟੀਕਲ ਪੈਦਾ ਹੋਏ ਹਨ। ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ ਸੁੰਨ ਸਮਝਦੀ ਜਾਂਦੀ ਸਪੇਸ ਅਸਲ ਵਿੱਚ ਪਾਰਟੀਕਲਾਂ ਅਤੇ ਐਂਟੀ-ਪਾਰਟੀਕਲਾਂ ਦਾ ਖੌਲਦਾ ਸਾਗਰ ਹੈ। ਯਥਾਰਥ ਦੀ ਦਹਿਲੀਜ ਉਤੇ ਸਭ ਕੁਝ ਸੁੰਨ-ਮਸੁੰਨ। ਇਸ ਸੁੰਨ ਵਿੱਚੋਂ ਕਦੇ ਕੋਈ ਇਕ ਪਾਰਟੀਕਲ ਬਾਹਰ ਨਿਕਲ ਜਾਂਦਾ ਹੈ ਅਤੇ ਆਪਣੇ ਨਾਲ ਆਪਣੀ ਊਰਜਾ ਵੀ ਲੈ ਜਾਂਦਾ ਹੈ। ਇਹ ਊਰਜਾ ਗੁਰੂਤਾ ਦੀ ਊਰਜਾ ਹੁੰਦੀ ਹੈਬਿੱਗ-ਬੈਂਗ ਸਮੇਂ ਪਦਾਰਥ ਅਤੇ ਊਰਜਾ ਦੇ ਅਨੰਤ ਦਰਿਆਓ ਸੁੰਨ ਵਿੱਚੋਂ ਪੈਦਾ ਹੋਏ। ਅੱਜ ਅਸੀਂ ਇਹ ਸੋਚ ਹੀ ਨਹੀਂ ਸਕਦੇ ਕਿ ਕਦੇ ਨਿਰਾਕਾਰ ਸੁੰਨ ਤੋਂ ਬਿਨਾਂ ਕੁਝ ਵੀ ਨਹੀਂ ਸੀ। ਦੇਸ਼ ਕਾਲ ਅਤੇ ਪਦਾਰਥ ਤੋਂ ਮਕੁਤ ਦ੍ਰਿਸ਼ਟੀ ਮੈਨੂੰ ਵਿਸਮਾਦਿਤ ਕਰਦੀ ਹੈ।

ਬਿੱਗ-ਬੈਂਗ ਦਾ ਭੌਤਿਕ-ਦ੍ਰਿਸ਼ ਵੀਨਬਰਗ ਨੇ ,ਦੀ ਫਸਟ ਥਰੀ ਮਿਨੇਟਸ. ਪੁਸਤਕ ਵਿੱਚ ਪੇਸ਼ ਕੀਤਾ ਹੈ। ਉਸਦਾ ਬਿਆਨ ਮਹਾਂ-ਵਿਸਫੋਟ ਦੇ ਇਕ-ਬਟ-ਦਸ ਸੈਕਿੰਟ ਪਿਛੋਂ ਸ਼ੁਰੂ ਹੁੰਦਾ ਹੈ। ਇਸ ਸਮੇਂ ਬ੍ਰਹਿਮੰਡ ਦੀ ਘਣਤਾ, ਪਾਣੀ ਦੀ ਘਣਤਾ ਤੋਂ ਤੀਹ ਮਿਲੀਅਨ ਗੁਣਾਂ ਅਤੇ ਤਾਪਮਾਨ ਤੀਹ ਬਿਲੀਅਨ ਕੈਲਵਿਨ ਸੀ। ਸਭ ਪਾਸੇ ਉੱਚ ਊਰਜਾ ਰੇਡੀਏਸ਼ਨ ਦੇ ਫੋਟਾਨਜ਼,ਪਰੋਟਾਨ, ਇਲੈਕਟਰਾਨ ਨਿਊਟਰਾਨ ਅਥੇ ਹੋਰ ਅਲਪ-ਜੀਵੀ ਕਣ ਜੋ ਤੇਜੀ ਨਾਲ ਇਕ ਦੂਜੇ ਨਾਲ ਟਕਰਾਂਦੇ ਸਨ। ਤਾਪਮਾਨ ਅਤੇ ਘਣਤਾ ਤੇਜੀ ਨਾਲ ਘਟੇ ਅਤੇ ਚਾਰ ਕੁ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਲੈਕਟਰਾਨਾਂ, ਫੋਟਾਨਾਂ ਅਤੇ ਰੇਡੀਏਸ਼ਨਾਂ ਦੇ ਵਿਸ਼ਾਲ ਧੁੰਦੂਕਾਰੇ ਵਿੱਚ ਥਾਂ-ਥਾਂ ਹਾਈਡਰੋਜਨ ਅਤੇ ਹੀਲੀਅਮ ਦੇ ਮਿਸ਼ਰਣ ਵਾਲੇ ਕੇਂਦਰ ਸਥਾਪਿਤ ਹੋ ਗਏ। ਸਪਸ਼ਟ ਹੈ ਕਿ ਬਿੱਗ-ਬੈਂਗ ਉਪਰੰਤ ਬ੍ਰਹਿਮੰਡ ਦੀ ਪਹਿਲੀ ਪਦਾਰਥ ਪਹਿਚਾਣ ਗੈਸਾਂ ਦੇ ਰੂਪ ਵਿੱਚ ਹੀ ਵਿਗਿਆਨ ਨੇ ਕੀਤੀ। ਸਾਚੇ ਤੇ ਪਵਨਾ ਭਇਆ ਦਾ ਗੁਰੂ ਗਰੰਥ ਸਾਹਿਬ ਦਾ ਮਹਾਂਵਾਕ ਵੀ ਸਾਨੂੰ ਇਹੀ ਅੰਤਰ-ਦ੍ਰਿਸ਼ਟੀ ਦਿੰਦਾ ਹੈ।

ਗੁਰੂ ਗਰੰਥ ਸਾਹਿਬ ਦਾ ਸੰਪਾਦਨ 1604 ਵਿੱਚ ਸੰਪੂਰਨ ਹੋਇਆ। ਕਾਲਕਰਮ ਪੱਖੋਂ ਇਸ ਵਿੱਚ ਸੰਕਲਿਤ ਬਾਣੀ ਦੇ ਸਭ ਤੋਂ ਪਿਹਲੇ ਬਾਣੀਕਾਰ 1173 ਈ. ਤੋਂ 1266 ਤਕ ਦੇ ਕਾਲ-ਖੰਡ ਵਿੱਚ ਵਿਚਰੇ ਬਾਬਾ ਫਰੀਦ ਹਨ। ਪੱਛਮ ਵਿੱਚ ਇਹ ਸਮਾਂ ਵਿਗਿਆਨਕ ਪੱਖੋਂ ਅਸਲੋਂ ਅੰਧਾ-ਯੁੱਗ ਸੀ। ਧਰਮ ਦੇ ਖੇਤਰ ਵਿੱਚ ਬ੍ਰਹਿਮੰਡ ਦੇ ਆਦਿ-ਅੰਤ, ਪ੍ਰਾਕ੍ਰਿਤੀ ਅਤੇ ਪਸਾਰੇ ਬਾਰੇ ਜੋ ਵਿਗਿਆਨਕ ਅੰਤਰ-ਦ੍ਰਿਸ਼ਟੀਆਂ 1469 ਤੋਂ 1539 ਤੱਕ ਦੇ ਕਾਲਖੰਡ ਵਿੱਚ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀਆਂ, ਉਹਨਾਂ ਨੂੰ ਸੋਚ ਕੇ ਅੱਜ ਵੀ ਬੰਦਾ ਹੈਰਾਨ ਹੋ ਜਾਂਦਾ ਹੈ। ਉਸ ਸਮੇਂ ਤੱਕ ਪੱਛਮ ਅਜੇ ਕਾਪਰਨੀਕਸ ਦੁਆਰਾ ਪੇਸ਼, ਧਰਤੀ ਦੇ ਸੂਰਜ ਦੁਆਲੇ ਪਰਿਕਰਮਾ ਕਰਮ ਵਾਲੀ ਧਾਰਨਾ ਨੂੰ ਵੀ ਸਵੀਕਾਰਨ ਤੋਂ ਝਿਜਕ ਰਿਹਾ ਸੀ। ਉਸ ਲਈ ਬ੍ਰਹਿਮੰਡ ਦਾ ਕੇਂਦਰ ਇਹ ਧਰਤੀ ਹੀ ਸੀ। ਉਸ ਦੁਆਲੇ ਸੂਰਜ ਚੱਕਰ ਕੱਟ ਰਿਹਾ ਸੀ। ਉਸ ਸਮੇਂ ਗੁਰੂ ਨਾਨਕ ਸਾਹਿਬ ਧਰਤੀ ਹੋਰੁ ਪਰੈ ਹੋਰੁ ਹੋਰੁ ਦੱਸ ਰਹੇ ਸਨ। ਕੋਟ ਕੋਟ ਖੰਡਾਂ ਬ੍ਰਹਿਮੰਡਾਂ ਦੀ ਗੱਲ ਕਰ ਰਹੇ ਸਨ।

 (ਬਾਕੀ-ਕੱਲ) 
 ਸੱਚ ਦਾ ਮਾਰਤੰਡ  . 
ਗੁਰੂ ਨਾਨਕ ਵਿਚਾਰਧਾਰਾ ਬਨਾਮ
(ਖਾਲਸਾ) ਸਿੰਘ ਭਾਈਚਾਰਾ(2)
ਸਰਬ ਸੰਸਾਰ ਧਰਮ ਬਰਾਦਰੀਆਂ, ਭਾਈਚਾਰਿਆਂ ਦੇ ਘੁਟਵੇਂ ਕਲਾਵੇ ਉਤੇ ਮੁੱਕਤ ਧਰਮ ਹੀ ਹੋ ਸਕਦਾ ਹੈ। ਇਹੋ ਜਿਹਾ ਧਰਮ ਕਿਸੇ ਇਕ ਖਿੱਤੇ ਦੇਸ਼ ਦੀ ਸਭਿਅਤਾ ਨਾਲ ਜੁੜਿਆ ਨਹੀਂ ਹੁੰਦਾ। ਭਾਈ ਮਰਦਾਨਾ, ਰਾਇਬੁਲਾਰ ਮੁਸਲਮਾਨ ਭਾਈਚਾਰੇ ਵਿੱਚੋਂ ਸਨ, ਭਾਈ ਮਰਦਾਨਾ ਗੁਰੂ ਜੀ ਦੀ ਵਿਚਾਰਧਾਰਾ, ਗੁਰੂ ਜੀ ਨਾਲ ਵਿਦੇਸ਼ਾਂ ਵਿੱਚ ਨਾਲ ਸਾਥੀ ਬਣ ਕੇ ਪ੍ਰਚਾਰਨ ਵਿੱਚ ਸਹਾਈ ਹੁੰਦਾ ਰਿਹਾ। ਗੁਰੂ ਸਾਹਿਬ ਦਾ ਅਨਿੱਖੜਵਾਂ ਸਾਥੀ ਸੀ। ਉਸਦੀ ਸੰਤਾਨ ਰਬਾਬੀ ਗੁਰੂ ਘਰ ਦੇ ਕੀਰਤਨੀਆਂ ਦੀ ਇਕ ਲੰਬੀ ਪ੍ਰਣਾਲੀ ਚੱਲੀ, ਜਿਹਨਾਂ ਨੇ ਗੁਰਬਾਣੀ ਦਾ ਮਧੁਰ ਧੁਨਾਂ ਵਿੱਚ ਕੀਰਤਨ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ। ਅੰਮਰਿਤਸਰ ਵਿੱਚ ਇਹਨਾਂ ਦੇ ਪਰਿਵਾਰ ਰਬਾਬੀਆਂ ਵਾਲੀ ਗਲੀ ਵਿੱਚ ਰਹਿੰਦੇ ਸਨ। ਦੇਸ਼ ਦੀ ਵੰਡ ਸਮੇਂ ਮਜ਼ਬੂਰ ਹੋ ਕੇ ਦੇਸ਼ ਛੱਡਣਾ ਪਿਆ। ਸਿੱਖ ਭਾਈਚਾਰਾ ਇਹਨਾਂ ਨੂੰ ਹਿਫਾਜ਼ਤ ਨਾਲ ਰੱਖ ਨਾ ਸਕਿਆ। ਇਵੇਂ ਜਗਤ ਧਰਮ ਸਿੱਖੀ ਦੇ ਪ੍ਰਚਾਰਕ ਸਾਥੋਂ ਸਦਾ ਲਈ ਵਿਛੁੜ ਗਏ। ਸਿੱਖ ਧਰਮ ਦੀ ਮਹਾਨ ਪ੍ਰਥਾ ਦੇ ਮਾਣ ਨੂੰ ਗੰਭੀਰ ਸੱਟ ਵੱਜੀ। ਗੁਰੂ ਨਾਨਕ ਦੇਵ ਜੀ ਦੀ ਸਰਬਸਾਂਝੀ ਵਿਚਾਰਧਾਰਾ ਦੀ ਵਿਸ਼ਾਲ ਵਿਰਾਸਤ ਨੂੰ ਵੱਧ ਤੋਂ ਵੱਧ ਯਤਨ ਕਰਕੇ ਸਾਂਭਣਾ ਸਾਡਾ ਸਭ ਦਾ ਫ਼ਰਜ਼ ਹੈ। ਪਰ ਇਹ ਵੇਖ ਜਾਣ ਕੇ ਖੇਦ ਹੁੰਦਾ ਹੈ ਕਿ ਅੱਜ ਅਸੀਂ ਸਹਿਜਧਾਰੀ ਸਿੱਖਾਂ ਨੂੰ ਵੀ ਸਿੱਖ ਸਮਾਜ ਵਿੱਚੋਂ ਬਾਹਰ ਧੱਕ ਰਹੇ ਹਾਂ। ਇਹਨਾਂ ਨੂੰ ਉਪਦੇਸ਼ ਦੇ ਰਹੇ ਹਾਂ ਕਿ ਖੰਡੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ ਜਿਵੇਂ ਕਿ ਅੱਜ ਤੱਕ ਸਾਰੇ ਸਹਿਜਧਾਰੀ ਨਿਗੁਰੇ ਹੀ ਰਹੇ ਹਨ। ਕੀ ਪੰਜ-ਪਿਆਰੇ ਜੋ ਪਹਿਲਾਂ ਦਿਆ ਰਾਮ,ਧਰਮ ਚੰਦ,ਹਿੰਮਤ ਦਾਸ,ਮੁਹਕਮ ਚੰਦ ਅਤੇ ਸਾਹਿਬ ਚੰਦ ਖੰਡੇ ਦੀ ਪਾਹੁਲ ਲੈਣ ਤੋਂ ਮਗਰੋਂ ਹੀ ਗੁਰੂ ਵਾਲੇ ਬਣੇ ਸਿਰ ਤਲੀ ਉਤੇ ਰੱਖ ਕੇ ਹਾਜ਼ਰ ਹੋਣ ਵਾਲੇ ਦਿਆ ਰਾਮ ਅਤੇ ਸਾਹਿਬ ਚੰਦ ਨੂੰ ਕੱਚੇ ਪਿੱਲੇ ਸਿੱਖ ਹੋਣ ਦਾ ਖਿਆਲ ਕਰਨਾ ਵੀ ਘੋਰ ਅਨਜਾਣ-ਪੁੱਣਾ ਅਤੇ ਮਨਮਤ ਹੈਉਹ ਪਹਿਲਾਂ ਹੀ ਖਾਲਸੇ ਅਤੇ ਮਹਾਨ ਸਿੱਖ ਸਨ। ਖੰਡੇ ਦਾ ਅੰਮ੍ਰਿਤ ਛੱਕ ਕੇ ਉਹ ਸੰਤ ਸਿਪਾਹੀ ਬਣੇ ਅਤੇ ਸਿੰਘ ਲਕਬ ਦਿਤਾ ਗਿਆ। ਉਹ ਪੰਜੇ ਸਿੱਖ ਗੁਰੂ ਜੀ ਦੇ ਪਿਆਰੇ ਸਿੱਖ ਇਤਿਹਾਸ ਦੇ ਵਰਣਨ ਯੋਗ ਵਿਅਕਤੀ ਹੋ ਨਿਬੜੇ। ਇਸ ਗੂੜ ਸੂਖਸ਼ਮ ਵਿਚਾਰ ਨੂੰ ਮਨ ਵਿੱਚ ਵਿਚਾਰਨ ਦੀ ਲੋੜ ਹੈ। ਸਿੰਘਾਂ ਵਾਂਗ ਸਹਿਜਧਾਰੀ ਸਿੱਖ, ਪੰਥ ਦਾ ਇਕ ਅਨਿਖੜਵਾਂ ਅਤੇ ਵਿਸ਼ੇਸ਼ ਅੰਗ ਹਨ। ਜਿਵੇਂ ਸਰੀਰ ਦੇ ਵੱਖੋ-ਵੱਖ ਅੰਗ ਹੋਣ ਨਾਲ ਹੀ ਸਰੀਰ ਮੁਕੰਮਲ ਹੁੰਦਾ ਹੈ। ਜੇ ਸਾਰੇ ਸਰੀਰ ਨੂੰ ਇਕ ਵਿਸ਼ਾਲ ਅੱਖ ਮੰਨ ਲਈਏ ਤਾਂ ਇਹ ਵੇਖਣ ਤੋਂ ਬਿਨਾ ਹੋਰ ਕੋਈ ਵੀ ਕਾਰਜ ਨਹੀਂ ਕਰ ਸਕੇਗਾ। ਹਰ ਅੰਗ-ਹਿੱਸੇ ਦੀ ਆਪਣੀ ਵਿਸ਼ੇਸ਼ਤਾ ਹੈ।

ਸੰਤ ਸਿਪਾਹੀਆਂ ਨੇ ਆਪਣੇ ਸਮੇਂ ਮੁਗਲ ਸਾਮਰਾਜ ਨਾਲ ਟੱਕਰ ਲਈ। ਬੰਦਾ ਬਹਾਦਰ ਜੀ ਤੋਂ ਮਗਰੋਂ ਇਹ ਯੁੱਧ ਪੰਜਾਹ ਵਰੇ ਚਲਦਾ ਰਿਹਾ। ਅੰਤ ਪੰਜਾਬ ਆਜਾਦ ਹੋਇਆ। ਮਿਸਲਾਂ ਦਾ ਰਾਜ ਅਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਖਾਲਸਾ ਕਾਇਮ ਹੋਈ। ਜਿਸ ਸਮੇਂ ਸੰਤ-ਸਿਪਾਹੀ ਜੰਗਾਂ-ਯੁੱਧਾਂ ਵਿੱਚ ਰੁਝੇ ਸਨ, ਉਹਨਾਂ ਦਿਨਾਂ ਵਿੱਚ ਸੇਵਾ-ਪੰਥੀ,ਸਹਿਜਧਾਰੀ,ਉਦਾਸੀ,ਨਿਰਮਲੇ ਅਤੇ ਨਾਨਕ ਪੰਥੀਆਂ ਨੇ ਸਿੱਖ ਧਰਮ ਦਾ ਪ੍ਰਚਾਰ ਅਤੇ ਪਾਸਾਰ ਸਾਰੇ ਭਾਰਤਵਰਸ਼ ਵਿੱਚ ਕੀਤਾ। ਸੰਤ-ਸਿਪਾਹੀਆਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਅੱਗੇ ਤੋਰਿਆ। ਗੁਰੂ ਗਰੰਥ ਸਾਹਿਬ ਜੀ ਸੰਪਾਦਨਾ ਕਰਨ ਸਮੇਂ ਇਸ ਸਾਂਝੀ ਪ੍ਰਥਾ ਉਤੇ ਵਿਸ਼ੇਸ਼ ਬਲ ਦਿਤਾ। ਭਗਤਾਂ,ਸੰਤਾਂ ਅਤੇ ਸੂਫੀਆਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ ਕਰਕੇ ਸਰਬ-ਸੰਸਾਰ ਦੇ ਸਾਂਝੇ ਧਰਮ ਦਾ ਮਹਾਨ ਗਰੰਥ ਬਣਾਇਆ। ਇਸ ਮਹਾਨ ਗਰੰਥ ਵਿੱਚ ਕੇਵਲ ਛੇ ਗੁਰੂਆਂ ਦੀ ਬਾਣੀ ਹੈ ਅਤੇ ਤੀਹ(30)ਸੰਤਾਂ, ਭਗਤਾਂ,ਸੂਫੀਆਂ ਅਤੇ ਭੱਟਾਂ ਦੇ ਉਚਾਰੇ ਸ਼ਬਦਾਂ ਨੂੰ ਉਹੀ ਸਤਿਕਾਰ ਅਥੇ ਦਰਜਾ ਪ੍ਰਾਪਤ ਹੈ, ਜੋ ਗੁਰੂ ਸਾਹਿਬਾਂ ਦੇ ਅੰਕਿਤ ਸ਼ਬਦਾਂ ਨੂੰ ਹੈ। ਹਰਿਮੰਦਰ ਸਾਹਿਬ ਅੰਮਰਿਤਸਰ ਦਾ ਨੀਂਹ ਪੱਥਰ ਮਹਾਨ ਸੂਫੀ ਫ਼ਕੀਰ ਮੀਆਂ ਮੀਰ ਜੀ ਤੋਂ ਰਖਵਾਇਆ। ਇਸ ਸਮੇਂ ਇਹਨਾਂ ਇਤਿਹਾਸਕ ਸੱਚਾਈਆਂ ਨੂੰ ਦੀਰਘ ਵਿਚਾਰ-ਗੋਸ਼ਟੀਆਂ ਕਰਕੇ ਉਜਾਗਰ ਕਰਨ ਦੀ ਵਧੇਰੇ ਲੋੜ ਹੈ। ਆਨੰਦਪੁਰ ਸਾਹਿਬ ਨੂੰ ਸੰਸਾਰ ਅਜੂਬਾ ਬਨਾਉਣ ਲਈ ਨੀਂਹ ਪੱਥਰ ਰੱਖਣ ਲਈ ਮਹਾਨ ਸਹਿਜਧਾਰੀ ਸਿੱਖ-ਮੁਸਲਮਾਨ ਸੂਫੀ ਨੂੰ ਵੀ ਸੱਦਾ ਦੇਣਾ ਬਣਦਾ ਸੀ। ਇਵੇਂ ਸਾਰੇ ਜਗਤ ਵਿੱਚ ਇਸ ਦੀ ਚਰਚਾ ਚਲਦੀ ਕਿ ਅੱਜ ਦੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਕਾਇਮ ਕੀਤੀ ਪ੍ਰਥਾ ਨੂੰ ਨਹੀਂ ਭੁਲਾਇਆ।

ਇਹ ਵੀ ਉੱਚੀ ਸੁਰ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਰੇ ਸਿੱਖਾਂ ਨੂੰ ਖਂਡੇ ਦੀ ਪਾਹੁਲ ਦੇ ਕੇ ਗੁਰੂ ਮਹਾਰਾਜ ਨਾਲ ਜੋੜਨਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਅੱਜ ਦੇ ਆਗੂ ਆਪਣੇ ਆਪ ਨੂੰ ਵਧੇਰੇ ਨਿਪੁੰਨ ਸਮਝਣ ਦੀ ਗਲਤੀ ਕਰ ਰਹੇ ਹਨ। ਮਹਾਰਾਜ ਦਸਮ ਪਾਤਸ਼ਾਹ ਨੇ ਭਾਈ ਨੰਦ ਲਾਲ ਜੀ, ਭਾਈ ਘਨੱਈਆ ਸਾਹਿਬ ਨੂੰ ਖੰਡੇ ਦਾ ਅੰਮ੍ਰਿਤ ਨਹੀਂ ਸੀ ਛਕਾਇਆ। ਸੰਤ-ਸਿਪਾਹੀਆਂ ਦੇ ਹਰ ਪੱਖੋਂ ਸਹਾਈ ਹੋਣ ਦੇ ਨਾਲ-ਨਾਲਉਹਨਾਂ ਦਾ ਕਾਰਜ-ਖੇਤਰ ਵੱਖਰਾ ਅਤੇ ਭਿੰਨ ਸੀ। ਇਸੇ ਤਰਾਂ ਇਤਿਹਾਸ ਵਿੱਚੋਂ ਕਿਸੇ ਇਸਤਰੀ ਨੂੰ ਖੰਡੇ ਦੀ ਪਾਹੁਲ ਦੇਣ ਦਾ ਪ੍ਰਕਰਣ ਉਪਲਬਦ ਨਹੀਂ। ਇਸਤਰੀਆਂ ਦਾ ਕਾਰਜ-ਖੇਤਰ ਘਰ ਅਤੇ ਬੱਚਿਆਂ ਦੀ ਸਾਂਭ-ਸੰਭਾਲ ਤੋਂ ਇਲਾਵਾ ਸੰਤ-ਸਿਪਾਹੀਆਂ ਲਈ ਲੰਗਰ ਆਦਿ ਤਿਆਰ ਕਰਨਾ ਸੀ। ਇਕ ਮਾਈ ਭਾਗੋ ਦਾ ਪ੍ਰਸੰਗ ਮਿਲਦਾ ਹੈ, ਪਰ ਉਸਨੇ ਵੀ ਕਦੋਂ ਅਤੇ ਕਿਸ ਪਾਸੋਂ ਖੰਡੇ ਦੀ ਪਾਹੁਲ ਲਈ। ਇਸਦਾ ਕੋਈ ਪ੍ਰਕਰਣ ਉਪਲਬਦ ਨਹੀਂ। ਕੇਵਲ ਮਾਈ ਭਾਗੋ ਦੇ ਯੁੱਧ ਵਿੱਚ ਹਿੱਸਾ ਲੈਣਾ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਸਭ ਸਿੱਖ ਇਸਤਰੀਆਂ ਨੂੰ ਯੁੱਧ ਵਿੱਚ ਹਥਿਆਰ ਚਲਾਉਣ ਅਤੇ ਦੁਸ਼ਮਣ ਨਾਲ ਟੱਕਰ ਲੈਣ ਦਾ ਕੋਈ ਵਿਧਾਨ ਸੀ। ਕਈ ਸੱਜਣ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਹਨ। ਇਹ ਗੁਰੂ ਸਿੱਖੀ ਦੀ ਸੇਵਾ ਨਹੀਂ, ਬਨਾਉਟੀ ਫੁੱਲਾਂ ਵਿੱਚੋਂ ਕੁਦਰਤੀ ਫੁੱਲਾਂ ਵਰਗੀ ਖੁਸ਼ਬੋਂ ਲੱਭਣ ਦੇ ਤੁੱਲ ਹੈ। ਗੁਰੂ ਜੀ ਦਾ ਉਪਦੇਸ਼ ਜੋ ਉਰੀਦ ਜੀ ਦੀ ਬਾਣੀ ਵਿੱਚੋਂ ਸਪੱਸ਼ਟ ਮਿਲਦਾ ਹੈ...

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।।

ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ।।3।। (488)

ਸਤਿਗੁਰੂ ਜੀ ਦੇ ਦੱਸੇ ਮਾਰਗ ਉਤੇ ਚਲਣਾ ਹੀ ਸੱਚੀ ਗੁਰਸਿੱਖੀ ਹੈ। ਗੁਰੂ ਘਰ ਵਿੱਚ ਵਿਚਾਰਾਂ ਦੀ ਸਾਂਝ ਨੂੰ ਹੀ ਵਿਸ਼ੇਸ਼ਤਾ ਦਿਤੀ ਹੈ, ਬਾਹਰਲੇ ਪਹਿਰਾਵੇ ਨੂੰ ਨਹੀਂ।

ਸਭ ਕੋ ਆਸੈ ਤੇਰੀ ਬੈਠਾ।। ਘਟ ਘਟ ਅੰਤਰਿ ਤੂੰ ਹੈ ਵੁਠਾ।।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ।।3 (97)

ਪੰਜਾਬ ਦਾ ਪੁਰਾਣਾ ਇਤਿਹਾਸ ਜਰਵਾਣਿਆਂ ਦੇ ਆਕਰਮਣ ਨਾਲ ਜੁੜਿਆ ਹੋਇਆ ਹੈ। ਮਹਿਮੂਦ ਗਜ਼ਨਵੀ ਆਦਿ ਵਰਗੇ ਹਮਲਾਵਰਾਂ ਨੇ ਦੇਸ਼ ਨੂੰ ਪੈਰਾਂ ਹੇਠ ਲਤਾੜਿਆ। ਸਭਿਆਚਾਰ ਮਿੱਟੀ ਵਿੱਚ ਰੁਲ ਗਿਆ। ਮੁਰਦਾ ਮਿੱਟੀ ਵਿੱਚ ਰੂਹ ਫੂਕਣ ਵਾਲੇ ਬਾਬਾ ਨਾਨਕ ਦਾ ਪ੍ਰਕਾਸ਼ ਹੋਇਆ। ਬੰਜਰ ਧਰਤੀ ਲਹਿਲਹਾਂਦੇ ਸਬਜਾਜਾਰ (ਹਰਿਆਵਲ) ਨਾਲ ਮਹਿਕ ਉਠੀ ਅਤੇ ਸੁਨਹਿਰੀ ਫੁੱਲਾਂ ਨਾਲ ਸੁੰਦਰਤਾ ਚਮਕੀ। ਬਾਬੇ ਦਾ ਬੁਨਿਆਦੀ ਨਾਹਰਾ ਸੀ, ਨਾ ਕੇਈ ਹਿੰਦੂ ਨਾ ਮੁਸਲਮਾਨ, ਮਾਨਸ ਕੀ ਜਾਤ ਮਨੁੱਖਤਾ ਹੈ। ਬਾਬਾ ਨਾਨਕ ਮੁਨੱਖਤਾ ਦਾ ਪਾਂਧਾ ਸੀ-ਪੈਗੰਬਰ ਸਿਖਿਆ ਦਾਤਾ ਉਸਤਾਦ ਸੀ। ਆਪ ਨੇ ਮਨੁੱਖਤਾ ਨੂੰ ਅਧਿਆਤਮਵਾਦ ਦੀ ਸਿੱਖਿਆ ਵਲ ਪ੍ਰੇਰਿਆ ਅਤੇ ਗਿਆਨ ਮਾਰਗ ਦੇ ਰਾਹ ਤੋਰਿਆ। ਵਿਚਾਰ ਲਹਿਰ ਦੇ ਜਨਮਦਾਤਾ ਬਾਬਾ ਨਾਨਕ ਸਨ। ਸਿੱਖਿਆਰਥੀ (ਸਿੱਖ) ਨੇ ਸਾਰੀ ਆਯੂ ਸਿੱਖਿਆ ਗ੍ਰਹਿਣ ਕਰਕੇ ਅੱਗੇ ਟੁਰਨ ਦਾ ਰਾਹ ਪੱਧਰਾ ਕਰਨਾ ਹੈਇਹ ਸਿੱਖਿਆ ਮਨੁੱਖ ਦੀ ਆਯੂ ਦੇ ਅੰਤ ਤੱਕ ਚਲਣੀ ਹੈ। ਇਹੋ ਸੱਚੇ ਸਿੱਖ ਦੀ ਪਰੀਭਾਸ਼ਾ ਹੈ, ਨਿਸ਼ਾਨੀ ਹੈ। ਪੰਜਾਬ ਜੀਉਂਦਾ ਹੈ, ਗੁਰੂਆਂ ਦੇ ਨਾਮ ਉਤੇ ਜੇਕਰ ਸਿੱਖ (ਸਿੱਖ ਖਾਲਸਾ) ਗੁਰੂ ਜੀ ਦੀ ਵਿਚਾਰਧਾਰਾ ਅਤੇ ਸੱਚੇ ਦਿਲੋਂ ਪਹਿਰਾ ਦੇਣ

0 Response to "ਮਿਸ਼ਨ ਜਨਚੇਤਨਾ 20 ਸਤੰਬਰ,2019"

Post a Comment