ਮਿਸ਼ਨ ਜਨਚੇਤਨਾ 21 ਸਤੰਬਰ,2019










ਸਾਲ 10, ਅੰਕ 14, 21 ਸਤੰਬਰ, 2019/7 ਅੱਸੂ (ਵਦੀ) ਨਾਨਕ ਸ਼ਾਹੀ 551.

  ਅੱਜ ਦਾ ਵਿਚਾਰ-27 .

ਕੁਦਰਤ ਉਂਝ ਤਾਂ ਮਨੁੱਖ ਉਤੇ ਮਿਹਰਬਾਨ ਹੀ ਰਹਿੰਦੀ ਹੈ। ਮਨੁੱਖੀ ਜੀਵਨ ਦਾ ਸਾਰਾ ਦਾਰੋਮਦਾਰ ਕੁਦਰਤ ਦੀਆਂ ਬਖਸ਼ਿਸ਼ਾਂ ਉਤੇ ਹੀ ਹੈ ਪਰ ਉਹ ਆਪਣੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੀ ਹੈ ਅਤੇ ਦੂਸਰਿਆਂ ਤੋਂ ਵੀ ਇਹੀ ਉਮੀਦ ਕਰਦੀ ਹੈ। ਜਦੋਂ ਉਸ ਨਾਲ ਛੇੜ ਛਾੜ ਕੀਤੀ ਜਾਵੇ ਯਾਨਿ ਉਸ ਦੇ ਸੰਤੁਲਨ ਨੂੰ ਵਿਗਾੜਣ ਦਾ ਯਤਨ ਕੀਤਾ ਜਾਵੇ ਤਾਂ ਗੁੱਸੇ ਵਿਚ ਆ ਜਾਂਦੀ ਹੈ ਅਤੇ ਹਿੰਸਕ ਹੋ ਜਾਂਦੀ ਹੈਤੂਫਾਨ, ਝੱਖੜ, ਸੋਕਾ, ਸਲਾਬ, ਹੜ, ਭੁਚਾਲ, ਸੁਨਾਮੀ ਸਭ ਉਸ ਦੇ ਗੁੱਸੇ ਦਾ ਪ੍ਰਗਟਾਵਾ ਹਨ। ਵਰਤਮਾਨ ਵਿਚ ਮੌਸਮ ਦੀ ਅਨਿਸਚਿਤਤਾ ਅਤੇ ਕੁਦਰਤੀ ਆਫਤਾਂ ਵਿਚ ਵਾਧਾ ਕੁਦਰਤ ਦੇ ਮਨੁੱਖ ਪ੍ਤੀ ਆਪਣਾ ਵਤੀਰਾ ਬਦਲਣ ਸੰਕੇਤ ਹਨ। ਕੁਦਰਤ ਚਾਹੁੰਦੀ ਹੈ ਕਿ ਕੋਈ ਉਸ ਨਾਲ ਛੇੜ ਛਾੜ ਨਾ ਕਰੇ, ਸਭ ਉਸ ਦੇ ਨਿਯਮਾਂ ਨੂੰ ਸਮਝਣ, ਉਹਨਾਂ ਦੀ ਪਾਲਣਾ ਕਰਨ। ਨਹੀਂ ਤਾਂ, ਅੱਜ ਜਾਂ ਕੱਲ, ਉਸ ਦੀਆਂ ਬਰਕਤਾਂ ਤੋਂ ਵਾਂਝੇ ਜਾਣਗੇ।
  ਪੰਜਾਬ ਦਾ ਇਤਿਹਾਸ-39.
ਦੂਸਰਾ ਮੁੱਖ ਨੁਕਤਾ ਆਰਿਆ ਗਰੰਥਾਂ ਵਿੱਚੋਂ ਇਹ ਮਿਲਦਾ ਹੈ ਕਿ ਆਰਿਆ ਲੋਕਾਂ ਨੇ ਸਰਸਵਤੀ ਦਰਿਆ ਨੂੰ ਪੰਜਾਬ ਦੀ ਹੱਦ ਮੰਨਿਆ ਹੈ। ਪੰਜਾਬ ਨੂੰ ਉਹ ਕਾਲੇ, ਜੱਟਾਂ ਵਾਲੇ, ਜੱਤ ਵਾਲੀ ਚਮੜੀ ਵਾਲੇ, ਭੈੜੀ ਬਿਰਤੀ ਵਾਲੇ, ਚੋਰੀ ਕਰਨ ਵਾਲੇ ਅਤੇ ਰਾਕਸ਼ਸ਼ ਕਿਸਮ  ਦੇ ਲੋਕ ਮੰਨਿਆ ਹੈ। ਇਸ ਕਰਕੇ ਆਰਿਆ ਗਰੰਥਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਰਸਵਤੀ ਦੇ ਪੱਛਮ ਵੱਲ ਦੀ ਧਰਤੀ ਅਪਵਿੱਤਰ ਹੈ ਅਤੇ ਇਸ ਦੇ ਪੂਰਬ ਵੱਲ ਪਵਿੱਤਰ ਧਰਤੀ ਹੈ। ਸਰਸਵਤੀ ਦੀ ਧਰਤੀ ਨੂੰ ਲੋਕਾਂ ਨੇ ਬਰੱਹਮਵਰਤ ਜਾਂ ਆਰਿਆ ਦਾ ਦੇਸ਼ ਵੀ ਕਿਹਾ ਹੈ। ਅਸ ਦਾ ਭਾਵ ਹੈ ਕਿ ਸਰਸਵਤੀ ਤੋਂ ਲੈ ਕੇ ਪਹਿਲਾਂ ਜਮੁਨਾ ਤੱਕ ਅਤੇ ਪਿੱਚੋਂ ਗੰਗਾ ਦਰਿਆ ਤੱਕ ਦਾ ਇਲਾਕਾ ਆਰਿਆ ਲੋਕਾਂ ਵਾਸਤੇ ਬਹੁਤ ਪਵਿੱਤਰ ਧਰਤੀ ਸੀ। ਪਿੱਛੋਂ ਮਹਾਂਭਾਰਤ ਦੇ ਗਰੰਥ ਵਿੱਚ ਵੀ ਪੰਜਾਬ ਨੂੰ ਕੌਰਵਾਂ ਦਾ ਦੇਸ਼ ਦੱਸਿਆ ਗਿਆ ਹੈ ਅਤੇ ਸਰਸਵਤੀ ਤੋਂ ਪੂਰਬ ਵੱਲ ਦਾ ਇਲਾਕਾ ਪਾਂਡਵਾਂ ਦਾ ਦੇਸ਼ ਮੰਨਿਆ ਗਿਆ ਹੈ। ਭਾਵ ਕਿ ਕੌਰਵਾਂ ਅਤੇ ਪਾਂਡਵਾਂ ਦੇ ਰਾਜ ਦੀ ਹੱਦ ਸਰਸਵਤੀ ਸੀ। ਕੁਰਕੇਸ਼ਤਰ ਵੀ ਸਰਸਵਤੀ ਉਪਰ ਸਥਿਤ ਸ਼ਹਿਰ ਹੈ। ਇਹੀ ਵਜਾ ਸੀ ਕਿ ਕੁਰਕੇਸ਼ਤਰ ਦੋਹਾਂ ਧਿਰਾਂ ਦੀ ਲੜਾਈ ਦਾ ਮੈਦਾਨ ਬਣਿਆ ਸੀ। ਇਸ ਤਰਾਂ ਸਰਸਵਤੀ ਪੰਜਾਬ ਦੀ ਪੂਰਬੀ ਹੱਦ ਸੀ ਅਤੇ ਪੰਜਾਬ ਦੇ ਜੱਟ ਕਬੀਲਿਆਂ ਨੇ ਆਰਿਆ ਲੋਕਾਂ ਨੂੰ ਘੱਗਰ ਦੀ ਹੱਦ ਤੋਂ ਪਰੇ ਧੱਕ ਦਿੱਤਾ ਸੀ ਅਤੇ ਪਜਾਬ ਦੇ ਜੱਟ ਕਬੀਲੇ ਵੀ ਪੰਜਾਬ ਦੀ ਪੂਰਬੀ ਹੱਦ ਘੱਗਰ ਅਤੇ ਸਰਸਵਤੀ ਤੱਕ ਹੀ ਸਮਝਦੇ ਸੀ। ਆਰਿਆ ਲੋਕ ਪੰਜਾਬ ਵਿੱਚੋਂ ਧੱਕੇ ਹੋਏ ਸਰਸਵਤੀ ਦੇ ਕੰਢਿਆ ਉਤੇ ਵਸ ਗਏ ਸਨ। ਇਥੇ ਹੀ ਉਹਨਾਂ ਨੇ ਆਪਣੇ ਵੇਦ ਰਚੇ ਸਨ ਅਤੇ ਇਥੇ ਹੀ ਬਾਕੀ ਦੇ ਗਰੰਥ। ਇਸ ਨਾਲ ਆਰਿਆ ਲੋਕਾਂ ਵਿੱਚ ਸਰਸਵਤੀ ਨਦੀ ਪੜਨ-ਲਿਖਣ ਦੀ ਪਰੇਰਨਾ ਦੇਣ ਵਾਲੀ ਨਦੀ ਬਣ ਗਈ ਸੀ ਅਤੇ ਅਖੀਰ ਨੂੰ ਸਰਸਵਤੀ ਨੂੰ ਇਸੇ ਕਰਕੇ ਹੀ ਵਿਦਿਆ ਦੀ ਦੇਵੀ ਮੰਨ ਲਿਆ ਗਿਆ ਸੀ। ਵੈਸੇ ਵੀ ਸਰਸਵਤੀ ਗੰਗਾ ਦਰਿਆ ਦੀ ਸਹਾਇਕ ਨਦੀ ਹੈ ਕਿਉਂ ਕਿ ਅਲਾਹਬਾਦ ਦੇ ਅਸਥਾਨ ਉਤੇ ਜੋ ਤਿਰਬੈਣੀ ਵਾਲੀ ਥਾਂ ਹੈ ਉਥੇ ਜਮੁਨਾ ਦੇ ਨਾਲ ਸਰਸਵਤੀ ਦੇ ਮਿਲ ਜਾਣ ਦੀ ਗੱਲ ਕਹੀ ਜਾਂਦੀ ਹੈ। ਜੇਕਰ ਸਰਸਵਤੀ ਗੰਗਾ,ਜਮੁਨਾ ਨਾਲ ਜਾ ਕੇ ਮਿਲਦੀ ਹੈ ਅਤੇ ਤਿਰਬੈਣੀ ਦਾ ਸੰਗਮ ਬਣਾਉਂਦੀ ਹੈ ਫਿਰ ਇਹ ਕਿਸ ਤਰਾਂ ਮੰਨਿਆ ਜਾ ਸਕਦਾ ਹੈ ਕਿ ਸਰਸਵਤੀ ਨੂੰ ਪੰਜਾਬ ਦਾ ਇਲਾਕਾ ਕਿਹਾ ਜਾਵੇ ਜਾਂ ਪੰਜਾਬ ਦਾ ਦਰਿਆ ਕਿਹਾ ਜਾਵੇ। ਜਿਹਲਮ, ਚਿਨਾਬ,ਰਾਵੀ,ਬਿਆਸ ਅਤੇ ਸਤਲੁਜ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ ਕਿਉਂ ਕਿ ਇਹ ਸਾਰੇ ਹੀ ਅਖੀਰ ਸਿੰਧ ਦਰਿਆ ਵਿੱਚ ਜਾ ਮਿਲਦੇ ਹਨ। ਇਸੇ ਕਰਕੇ ਹੀ ਪੰਜਾਬ ਨੂੰ ਸਿੰਧ ਦਾ ਬੇਸਿਨ ਮੰਨਿਆ ਗਿਆ ਹੈ। ਸਰਸਵਤੀ ਅਤੇ ਜਮੁਨਾ ਗੰਗਾ ਦਰਿਆ ਵਿੱਚ ਮਿਲਦੀਆਂ ਹਨ ਇਸ ਲਈ ਗੰਗਾ ਦਾ ਬੇਸਿਨ ਸਰਸਵਤੀ ਨਦੀ ਤੱਕ ਮੰਨਿਆ ਜਾਂਦਾ ਹੈ। ਇਸ ਤਰਾਂ ਸਰਸਵਤੀ ਪੰਜਾਬ ਅਤੇ ਹਿੰਦੁਸਤਾਨ ਦੀ ਹੱਦ ਹੈ। ਬਰਾਹਮਣਵਾਦ ਨੇ ਤਾਂ ਹਿੰਦੂਆਂ ਨੂੰ ਸਰਸਵਤੀ ਨੂੰ ਪਾਰ ਕਰਕੇ ਪੰਜਾਬ ਦੇ ਇਲਾਕੇ ਵਿੱਚ ਦਾਖ਼ਲ ਹੋਂਣ ਉਤੇ ਇਹ ਕਹਿ ਕੇ ਪਾਬੰਦੀ ਲਾ ਦਿੱਤੀ ਸੀ ਕਿ ਹਿੰਦੂ ਸਰਸਵਤੀ ਨੂੰ ਪਾਰ ਕਰਕੇ ਭਰਿਸ਼ਟੇ ਜਾਂਦੇ ਹਨ। ਪੰਜਾਬ ਦੇ ਇਲਾਕੇ ਨੂੰ ਉਹ ਭਰਿਸ਼ਟ ਇਲਾਕਾ ਮੰਨਦੇ ਸਨ।
. ਸਿੱਖ ਇਤਿਹਾਸ ਵਿਚ ਅੱਜ .
21 ਸਤੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਮਹਾਰਾਣੀ ਜਿੰਦਾਂ ਦੇ ਭਾਈ ਜਵਾਹਰ ਸਿੰਘ ਦਾ ਪ੍ਰਿਥੀ ਸਿੰਘ ਡੋਗਰੇ ਹਥੋਂ ਕਤਲ (1845 ਈ.)
=ਪੰਜਾਬੀ ਸੂਬੇ ਦੇ ਮੋਰਚੇ ਵਿਚ ਨਾਅਰੇ ਮਾਰਦੇ ਕਾਕਾ ਇੰਦਰਜੀਤ ਸਿੰਘ ਨੂੰ ਕਰਨਾਲ ਵਿਖੇ ਖੂਹ ਵਿਚ ਸੁੱਟ ਕੇ ਸ਼ਹੀਦ ਕਰਨਾ (1960 ਈ.)
=ਉਂਝ ਅੱਜ ਸਿੱਖ ਪੰਥ ਗੁਰਮਤਿ ਅਤੇ ਗੁਰੂ ਘਰ ਨੂੰ ਸਮਰਪਿਤ ਬਾਬਾ ਬੁੱਢਾ ਜੀ ਦੀ ਬਰਸੀ ਵੀ ਮਨਾ ਰਿਹਾ ਹੈ।
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਸਥਾਨ ਅਦੁੱਤੀ ਹੈ। ਉਨ੍ਹਾਂ ਪੰਜ ਗੁਰੂ ਸਾਹਿਬਾਨ ਨੂੰ ਗੁਰਗੱਦੀ ਦੇਣ  ਦੀਆਂ ਰਸਮਾਂ ਨਿਭਇਆਂ, ਅੱਠ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਅੱਧੇ ਤੋਂ ਵੱਧ ਗੁਰਇਤਿਹਾਸ ਨੂੰ ਬਨਾਉਣ ਅਤੇ ਸੰਵਾਰਨ ਵਿਚ ਉਨ੍ਹਾਂ ਦਾ ਹੱਥ ਰਿਹਾ। ਬਾਬਾ ਬੁੱਢਾ ਜੀ ਨੂੰ ਵਿਉਹਾਰਕ ਜੀਵਣ ਜੀਊਣ ਵਾਲੇ ਗੁਰ ਸਿੱਖ ਦਾ ਨਮੂਨਾ ਮੰਨਿਆਂ ਜਾ ਸਕਦਾ ਹੈ। ਬਾਬਾ ਜੀ 1506 ਈਸਵੀ ਵਿਚ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਕੱਥੂ ਨੰਗਲ ਵਿਖੇ ਇਕ ਜ਼ਿਮੀਂਦਾਰ ਪਰਿਵਾਰ ਵਿਚ ਜਨਮੇ ਗਹਿਰ ਗੰਭੀਰ ਸੁਭਾਅ ਦੇ, ਤੇਜ਼ ਬੁੱਧੀ ਵਾਲੇ ਬਾਲਕ ਸਨ। ਉਨ੍ਹਾਂ ਦੇ ਜਨਮ ਤੋਂ ਥੋੜਾ ਸਮਾਂ ਪਿਛੋਂ ਹੀ ਇਹ ਪਰਿਵਾਰ ਰਮਦਾਸ ਆ ਗਿਆ।
ਇਥੇ ਹੀ ਮੱਝਾਂ ਚਾਰਦੇ ਬਾਲਕ ਬੂੜਾ ਜੀ ਨੇ ਸਤਿਗੁਰ ਨਾਨਕ ਦੇ ਦਰਸ਼ਨ ਕੀਤੇ ਅਤੇ ਮੁਕਤੀ ਦਾ ਮਾਰਗ ਪੁੱਛਿਆ। ਗੁਰੂ ਜੀ ਦੀ ਸਿੱਖਿਆ ਦੀ ਥਾਹ ਪਾਉਣ, ਬੁੱਢਾ ਜੀ ਬਣ ਚੁੱਕਾ ਇਹ ਬਾਲਕ ਗੁਰੂ ਜੀ ਦੇ ਡੇਰੇ ਕਰਤਾਰਪੁਰ (ਪਾਕਿਸਤਾਨ) ਪਹੁੰਚਿਆ ਅਤੇ ਗੁਰਮਤਿ ਅਨੁਸਾਰ ਢਲਣ ਲਗਾ। ਬੁੱਢਾ ਜੀ ਲਗਭਗ ਪੰਜ ਸਾਲ (1518 ਤੋਂ 1523 ਈ.) ਗੁਰ ਚਰਨਾਂ ਵਿਚ ਰਹੇ; ਸਿੱਖੀ ਧਾਰਨ ਕੀਤੀ ਅਤੇ ਗੁਰਸਿੱਖ ਵਜੋਂ ਵਿਚਰਦਿਆਂ 125 ਸਾਲ ਦੀ ਲੰਬੀ ਆਯੂ ਬਤੀਤ ਕੀਤੀ ਅਤੇ ਸਿੱਖ ਜਗਤ ਲਈ ਆਪਣੇ ਆਪ ਨੂੰ ਅਜਿਹੇ ਸਿੱਖ ਵਜੋਂ ਸਥਾਪਤ ਕੀਤਾ ਜੋ ''ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ" ਨੂੰ ਚਰਿਤਾਰਥ ਕਰਦੇ ਹਨ। ਗੁਰਸਿੱਖੀ ਧਾਰਨ ਕਰਨ ਪਿਛੋਂ ਬੁੱਢਾ ਜੀ ਵਾਪਿਸ ਪਿੰਡ ਆ ਗਏ ਅਤੇ ਗੁਰਮਤਿ ਅਨੁਸਾਰੀ ਜੀਵਨ ਜੀਊਣ ਲਗੇ। ਖੇਤੀ ਦੀ ਕਿਰਤ ਕਰਦੇ ਰਹੇ, ਵੰਡ ਕੇ ਛੱਕਦੇ ਰਹੇ, ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜੀ ਰਖਿਆ, ਨਿਰਲੇਪ ਰਹੇ ਅਤੇ ਭਾਣੇ ਵਿਚ ਹੀ ਵਿਚਰਣ ਕੀਤਾ। ਉਮਰ ਹੋਈ ਤਾਂ ਗ੍ਰਿਸਥੀ ਬਣੇ; ਵਿਆਹ ਕਰਵਾਇਆ: ਉਨ੍ਹਾਂ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ।
ਕਾਰ ਵਿਹਾਰ ਕਰਦਿਆਂ ਉਨ੍ਹਾਂ ਗੁਰੂ ਘਰ ਲਈ ਸਮਰਪਣ ਬਣਾਈ ਰਖਿਆ। ਸੰਭਵ ਹੈ ਕਿ ਬਾਬਾ ਜੀ ਚੜਦੇ ਪੰਜਾਬ ਵਿਚ ਗੁਰੂ ਘਰ ਦੇ ਪ੍ਰਤੀਨਿਧ ਹੀ ਸਮਝੇ ਜਾਂਦੇ ਹੋਣ: ਗੁਰੂ ਨਾਨਕ ਸਾਹਿਬ ਦੀ ਸੰਗਤ ਏਥੇ ਵੀ ਸਥਾਪਤ ਹੋਈ ਹੋਵੇ ਪਰ ਬੁੱਢਾ ਜੀ ਨੇ ਆਪਣੇ ਜੀਵਨ ਨੂੰ ਇਕ ਗਰਿਸਥੀ ਵਾਂਗ ਜੀਵਿਆ। ਗੁਰੂ ਨਾਨਕ ਦੇ ਦਰਬਾਰ ਨਾਲ ਜੁੱੜੇ ਰਹੇ, ਹਰ ਦੁੱਖ ਸੁੱਖ ਸਮੇਂ ਹਾਜ਼ਰ ਵੀ ਹੋਏ ਪਰ ਪੂਜਾ ਦੇ ਧਾਨ ਉਤੇ ਨਿਰਭਰ ਨਹੀਂ ਹੋਏ। ਗੁਰੂ ਘਰ ਨੂੰ ਆਪਣਾ ਪੂਰਾ ਸਮਾਂ ਉਨ੍ਹਾਂ ਆਪਣੀਆਂ ਸਾਰੀਆਂ ਜ਼ਿਮੇਂਵਾਰੀਆਂ ਪੂਰੀਆਂ ਕਰਨ ਪਿਛੋਂ ਹੀ ਦਿਤਾ। ਬਾਬਾ ਬੁੱਢਾ ਜੀ ਨੇ ਭਾਈ ਲਹਿਣਾ ਨੂੰ ਗੁਰੂ ਅੰਗਦ  ਬਣਦਿਆਂ ਵੀ ਦੇਖਿਆ: ਗੁਰਗੱਦੀ ਦਾ ਤਿਲਕ ਦੇਣ ਵਾਲੇ ਉਹੀ ਸਨ। ਇਤਿਹਾਸ ਵਿਚੋਂ ਸੰਕੇਤ ਮਿਲਦੇ ਹਨ ਕਿ ਗੁਰੂ ਅੰਗਦ ਦੇਵ ਜੀ ਦਾ ਦਰਬਾਰ ਖਡੂਰ ਸਾਹਿਬ ਵਿਖੇ ਸਥਾਪਤ ਕਰਨ ਦੀ ਸੇਵਾ ਵੀ ਉਨ੍ਹਾਂ ਨੂੰ ਹੀ ਮਿਲੀ, ਉਨ੍ਹਾਂ ਅਗਲੇ ਚਾਰ ਗੁਰੂਆਂ ਨੂੰ ਗਰਗੱਦੀ ਦੇਣ ਦੀਆਂ ਰਸਮਾਂ ਨਿਭਾਉਣ ਦੀ ਸੇਵਾ ਵੀ ਕੀਤੀ ਪਰ ਗੁਰੂ ਘਰ ਤੋਂ ਮਿਲਦੇ ਸਨਮਾਨ ਅਤੇ ਨੇੜਤਾ ਕਾਰਣ ਬਾਬਾ ਬੁੱਢਾ ਜੀ ਨਾਲ ਬਹੁਤ ਕੁਝ ਅਜਿਹਾ ਜੁੜ ਗਿਆ ਹੈ ਜੋ ਗੁਰਮਤਿ ਸਿਧਾਤਾਂ ਦੇ ਅਨੁਕੂਲ ਨਹੀਂ। ਬਾਬਾ ਜੀ ਅਜਿਹੇ ਸਿੱਖ ਵਜੋਂ ਹੀ ਵਿਚਰਦੇ ਰਹੇ ਜਿਹੜਾ ਹਰ ਸਾਹ ਨਾਲ ਗੁਰੂ, ਵਾਹਿਗੁਰੂ ਨੂੰ ਯਾਦ ਰਖਦਾ ਹੈ ਪਰ ਜੀਵਣ ਯਾਤਰਾ ਹਥੀਂ ਕਿਰਤ ਕਰਦਿਆਂ, ਸਮਾਜ ਨਾਲ ਦੁੱਖ ਸੁੱਖ ਵੰਡਦਿਆਂ, ਨਿਰਲੇਪ ਰਹਿੰਦਿਆਂ, ਭਾਣਾ ਮੰਨਦਿਆਂ ਪੂਰੀ ਕਰਦਾ ਹੈ। ਇਤਿਹਾਸ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਬਾਬਾ ਜੀ ਆਪਣੇ ਆਪ ਨੂੰ ਗੁਰੂ ਘਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਭਾਈ ਜੇਠਾ ਜੀ ਵਲੋਂ ਅੰਮ੍ਰਿਤਸਰ ਵਸਾਉਣ ਸਮੇਂ ਤੋਂ ਕਰਦੇ ਹਨ। ਗੁਰੂ ਅਮਰਦਾਸ ਜੀ ਵਲੋਂ ਸ਼ਹਿਰ ਵਸਾਉਣ ਦਾ ਹੁਕਮ ਹੋਇਆ ਹੈ, ਜ਼ਮੀਨ ਖਰੀਦਣੀ ਹੈ, ਬਾਬਾ ਬੁੱਢਾ ਜੀ ਇਲਾਕੇ ਦੀਆਂ ਸਰਗਰਮੀਆਂ ਦੀ ਨਿਗਰਾਨੀ ਕਰਨ ਦੀ ਸੇਵਾ ਦਿਤੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਹਰਿਮੰਦਰ ਦੀ ਰਚਨਾ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਦੇ ਹਨ ਤਾਂ ਵੀ ਬਾਬਾ ਜੀ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਹੈ। ਗੁਰਬਾਣੀ ਅਤੇ ਗੁਰਮਤਿ ਦੀ ਸਮਝ ਹੋਣ ਕਰਕੇ ਬਾਬਾ ਬੁੱਢਾ ਜੀ ਨੂੰ ਹੀ ਮੁੱਖ ਗ੍ਰੰਥੀ ਵਜੋਂ ਚੁਣਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿਛੋਂ ਬਾਬਾ ਜੀ ਇਕ ਬਜ਼ੁਰਗ ਦੀ ਤਰ੍ਹਾਂ ਘਰ ਨੂੰ ਸੰਭਾਲਦੇ ਹਨ, ਵਿਗੜੀ ਨੂੰ ਸੰਵਾਰਨ ਦੇ ਯਤਨ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਕਰਦਿਆਂ ਉਹ ਅਕਾਲ ਚਲਾਣਾ ਕਰਦੇ ਹਨ। ਆਪਣੇ ਅਧਿਆਪਕ ਅਤੇ ਬਜ਼ੁਰਗ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੀਆਂ ਘਾਲਨਾਵਾਂ ਦੀਆਂ ਪ੍ਰਸੰਸਾ ਕਰਦੇ ਹਨ। ਇਹ ਇਕ ਸਿੱਖ ਵਜੋਂ ਜੀਵਨ ਯਾਤਰਾ ਕਰਨ ਵਾਲੇ ਦੀ ਵੱਡੀ ਪ੍ਰਾਪਤੀ ਹੈ।
ਸਿੱਖੀ ਦਾ ਵਿਉਹਾਰਕ ਜੀਵਣ ਜੀਊਣ ਦੀ ਜਾਚ ਅਸੀਂ ਬਾਬਾ ਜੀ ਤੋਂ ਸਿਖ ਸਕਦੇ ਹਾਂ। ਸਾਢੇ ਤਿੰਨ ਸੌ ਸਾਲਾਂ ਦੇ ਸਿੱਖ ਅੰਦੋਲਨ ਸਦਕਾ ਜੋ ਸੱਤਾ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਸਥਾਪਤ ਹੋਈ, ਉਸ ਨੂੰ ਕੁਲ ਦਸ ਸਾਲਾਂ ਵਿਚ ਹੀ ਰਾਜ ਪਰਿਵਾਰ ਦੇ ਲਾਲਚ, ਲਾਹੌਰ ਦਰਬਾਰ ਦੀਆਂ ਸਾਜਿਸ਼ਾਂ ਅਤੇ ਖਾਲਸਾ ਫੌਜ ਦੇ ਆਪ ਹੁੱਦਰੇਪਣ ਨੇ ਸਮਾਪਤ ਕਰ ਲਿਆ।
ਜਵਾਹਰ ਸਿੰਘ ਦਾ ਕਤਲ
1845 ਨੂੰ ਅੱਜ ਦੇ ਦਿਨ ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦਾ ਕਤਲ ਇਸੇ ਸੰਗਲ ਦੀ ਇਕ ਕੜੀ ਹੈ। 19 ਸਤੰਬਰ, 1843 ਨੂੰ ਧਿਆਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲਾਂ ਪਿਛੋ ਮਹਾਰਾਜਾ ਦਲੀਪ ਸਿੰਘ ਲਾਹੌਰ ਦੇ ਤਖ਼ਤ ਉਤੇ ਬੈਠਿਆ। ਉਸ ਸਮੇਂ ਉਸ ਦੀ ਉਮਰ 5 ਸਾਲ 15 ਦਿਨ ਸੀ। ਦਲੀਪ ਸਿੰਘ ਰਾਣੀ ਜਿੰਦਾਂ ਦੀ ਕੁਖੋਂ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ।
ਲਾਹੌਰ ਤਖ਼ਤ 'ਤੇ ਕਬਜ਼ਾ ਕਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਪਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਜ਼ਿੰਦਾ ਸਨ। ਉਹ ਦੋਵੇਂ ਦਲੀਪ ਸਿੰਘ ਤੋਂ ਵੱਡੇ ਸਨ, ਦੋਵਾਂ ਕੋਲ ਆਪਣੀਆਂ ਫੌਜਾਂ ਸਨ ਅਤੇ ਦੋਵੇਂ ਰਾਜ ਗੱਦੀ ਉਤੇ ਆਪਣਾ ਹੱਕ ਜਤਾ ਰਹੇ ਸਨ। ਬੀਤੇ ਦੋ ਸਾਲਾਂ ਵਿਚ ਲਹਿਣਾ ਸਿੰਘ ਅਤੇ ਅਜੀਤ ਸਿੰਘ (ਸੰਧਾਵਾਲੀਏ) ਨੂੰ ਕਤਲ ਕਰਕੇ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣਿਆਂ। ਉਸ ਨੇ ਆਪਣੇ ਵਿਰੋਧੀ ਦਰਬਾਰੀਆਂ ਗੁਰਮੁਖ ਸਿੰਘ ਅਤੇ ਬੇਲੀ ਰਾਮ ਦਾ ਸਫਾਇਆ ਕੀਤਾ ਅਤੇ ਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਕੈਦ ਕਰ ਲਿਆ।
ਇਸੇ ਕਾਲ ਵਿਚ ਭਾਈ ਬੀਰ ਸਿੰਘ ਨੌਰੰਗਾਬਾਦ ਦਾ ਡੇਰਾ ਉਜਾੜਿਆ ਗਿਆ, ਪਹਿਲਾਂ ਕਸ਼ਮੀਰਾ  ਸਿੰਘ ਅਤੇ ਫੇਰ ਪਸ਼ੌਰਾ ਸਿੰਘ ਦਾ ਫਸਤਾ ਵੱਡਿਆ ਗਿਆ। ਕਤਲ ਹੋਣ ਵਾਲਿਆਂ ਵਿਚ ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਕਲਕੱਤੀਆ, ਸੁਚੇਤ ਸਿੰਘ ਡੋਗਰਾ ਵੀ ਸਨ। ਦਰਬਾਰ ਵਿਚ ਹੁੰਦੀਆਂ ਸਾਜਿਸ਼ਾਂ ਨੇ ਜਲ੍ਹਾ ਪੰਡਤ ਅਤੇ ਹੀਰਾ ਸਿੰਘ ਨੂੰ ਵੀ ਯਮਪੁਰੀ ਪੁਚਾ ਦਿਤਾ ਅਤੇ ਜਵਾਹਰ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਪ੍ਰਧਾਨ-ਮੰਤਰੀ  ਬਣਿਆਂ। ਉਸ ਉਤੇ ਪਸ਼ੌਰਾ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ) ਨੂੰ ਧੋਖੇ ਨਾਲ ਮਾਰਨ ਦਾ ਦੋਸ਼ ਲਗਾ ਜਿਸ ਕਾਰਣ ਫੌਜ ਬਾਗੀ ਹੋ ਗਈ। ਪ੍ਰਿਥੀ ਸਿੰਘ ਡੋਗਰਾ ਅਤੇ ਜਵਾਹਰ ਮੱਲ ਦੇ ਸਿਪਾਹੀਆਂ ਨੇ ਜਵਾਹਰ ਸਿੰਘ ਨੂੰ ਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਸਮੇਤ ਘੇਰ ਲਿਆ। ਮਹਾਰਾਜਾ ਆਪਣੇ ਮਾਮੇ ਦੀ ਗੋਦੀ ਵਿਚ ਸੀ। ਬਾਲਕ ਮਹਾਰਾਜਾ ਖੋਹ ਕੇ ਜਵਾਹਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ।
ਮਹਾਰਾਜਾ ਅਤੇ ਉਸ ਦੀ ਮਾਂ ਫੌਜਾਂ ਦੀ ਹਿਰਾਸਤ ਵਿਚ ਲੈ ਲਏ ਗਏ। ਰਾਣੀ ਜਿੰਦਾਂ ਨੇ ਫੌਜ ਨਾਲ ਵਾਅਦਾ ਕੀਤਾ ਕਿ ਉਹ ਮਹਾਰਾਜਾ ਦਲੀਪ ਸਿੰਘ ਨੂੰ ਕੋਈ ਨੁਕਸਾਨ ਨਹੀਂ ਪੁਚਾਇਗੀ। ਇਸ ਤਰ੍ਹਾਂ ਉਸ ਦਾ ਛੁਟਕਾਰਾ ਹੋਇਆ। ਕਿਹਾ ਜਾਂਦਾ ਹੈ ਕਿ ਮਹਾਰਾਣੀ ਜਿੰਦਾਂ  ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਹੀ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਪਹਿਲੀ ਜੰਗ ਦਾ ਵਾਤਾਵਰਣ ਬਣਾਇਆ ਅਤੇ ਸਿੱਖ ਫੌਜਾਂ ਨੂੰ ਭਾਰੀ ਨੁਕਸਾਨ ਪੁਚਾਇਆ। ਯਾਦ ਰਹੇ, ਪਹਿਲੇ ਸ਼ਹਿਰ, ਬਦੋਵਾਲ, ਅਲੀਵਾਲ ਅਤੇ ਸਭਰਾਵਾਂ ਦੀਆਂ ਪੰਜੇ ਲੜ੍ਹਾਈਆਂ ਸਿੱਖ ਹਾਰ ਗਏ ਅਤੇ ਪੰਜਾਬ ਅਮਲੀ ਤੌਰ ਤੇ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ।      
. ਗੁਰੂ ਗ੍ਰੰਥ ਸਾਹਿਬ .
               
ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪਿ।।
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ।। (ਗਉੜੀ ਸੁਖਮਨੀ ਮ. ੫)
ਸਿੱਖ ਧਰਮ ਦੇ ਮੌਲਿਕ ਸੰਕਲਪ ਅਨੁਸਾਰ ਨਿਰੰਕਾਰ ਆਪ ਹੀ ਕਰਤਾ ਹੈ ਅਤੇ ਆਪ ਹੀ ਕਾਰਣ ਹੈ। ਏਕ ਤੋਂ ਅਨੇਕ ਵੀ ਆਪ ਹੀ ਹੈ। ਕਰਤਾ ਪੁਰਖ ਹੋਣ ਕਰਕੇ ਸ੍ਰਿਸ਼ਟੀ ਦਾ ਨਮਿਤ ਅਤੇ ਉਪਾਦਾਨ ਕਾਰਨ ਵੀ ਆਪ ਹੀ ਹੈ।
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ।।
ਏਕਹਿ  ਏਕ ਬਖਾਨਨ ਨਾਨਕ ਏਕ ਅਨੇਕ।। (ਗਉੜੀ ਬਾਵਨ ਅੱਖਰੀ ਮ. ੫)
ਆਧੁਨਿਕ ਵਿਗਿਆਨ ਜੜ ਮਾਦੇ ਦੀ ਖੋਜ ਦੀ ਇੰਤਹਾ ਤੱਕ ਪਹੁੰਚ ਕੇ ਹੁਣ ਇਸ ਦੇ ਚੇਤਨ ਪੱਖ ਵੱਲ ਰੁਚਿਤ ਹੋਇਆ ਹੈਵਿਗਿਆਨੀਆਂ ਦੇ ਦੋ ਗਰੁੱਪ ਬਣ ਗਏ ਹਨ, ਇਕ ਤਾਂ ਸ੍ਰਿਸ਼ਟੀ ਰਚਨਾ ਦੀ ਉਤਪਤੀ, ਹੋਂਦ ਅਤੇ ਵਿਕਾਸ ਦਾ ਮੂਲ ਕਾਰਣ ਕੁਝ ਵਿਸ਼ਵ ਵਿਆਪੀ ਨਿਯਮ ਹੀ ਸਮਝ ਬੈਠਾ ਹੈ ਪਰੰਤੂ ਦੂਸਰੇ ਗਰੁੱਪ ਦੇ ਵਿਗਿਆਨੀ ਚੇਤਨਤਾ ਦੀ ਹਾਮੀ ਵੀ ਭਰਨ ਲੱਗ ਪਏ ਹਨ, ਭਾਵੇਂ ਅੱਜ ਤੱਕ ਉਹ ਕਿਸੇ ਕਰਤਾਰੀ ਸ਼ਕਤੀ ਦੀ ਹੋਂਦ ਤੋਂ ਮੁਨਕਰ ਹਨ। ਸਿੱਖ ਧਰਮ ਇਕ ਪਰਮਾਤਮਾ ਦੀ ਹੋਂਦ ਦਾ ਮੁੱਦਈ ਹੈ ਅਤੇ ਸਾਰੀ ਰਚਨਾ ਦਾ ਸਿਰਜਣਹਾਰ ਵੀ ਉਸਨੂੰ ਮੰਨਦਾ ਹੈ।
ਕਰਣ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਇ ।। (ਗਉੜੀ ਸੁਖਮਨੀ ਮ. 5)
ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ।।
ਨਾਨਕ ਏਕੇ ਰਵਿ ਰਹਿਆ ਦੂਸਰ ਹੋਆ ਨਾ ਹੋਗੁ ।। (ਗਉੜੀ ਬਾਵਨ ਅੱਖਰੀ ਮ. ੫)
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ।। (ਮਾਝ ਮਹਲਾ ੫)
ਅਕਾਲ ਉਸਤਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਦਿ ਗਰੰਥ ਦੀ ਧਾਰਣਾ ਦੀ ਪ੍ਰੋੜਤਾ ਕਰਦੇ ਹਨ-
ਪ੍ਰਣਵੇ ਆਦਿ ਏਕੰਕਾਰਾ।।
ਜਲਥਲ ਮਹੀਅਲ ਕੀਓ ਪਸਾਰਾ।।
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ
ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਗੇ।।
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ
ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਗੇ।।
ਤੈਸੇ ਬਿਸਵ ਰੂਪ ਤੇ ਅਭੁਤ ਭੂਤ ਪ੍ਰਗਟ ਹੋਇ
ਤਾਹੀ ਤੇ ਉਪਜੇ ਸਬੈ ਤਾਹੀ ਮੈ ਸਮਾਹਿਗੇ।
ਸਿੱਖ ਧਰਮ ਦੇ ਸੰਕਲਪ ਵਿੱਚ ਰਤਾ ਭਰ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਇਸ਼ ਰਚਨਾ ਦਾ ਕਰਤਾ ਕਣ ਹੈ। ਕਰਤਾਪੁਰਖ ਆਪ ਹੀ ਪ੍ਰਪੰਚ ਚਲਾ ਰਿਹਾ ਹੈ। ਜਿਸ ਵਿੱਚ ਵਿਗਿਆਨੀ ਨਿਯਮਾਂ ਦੀ ਖੋਜ ਕਰ ਰਿਹਾ ਹੈ, ਇਸੇ ਤਰਾਂ ਹੀ ਬ੍ਰਹਮ ਗਿਆਨੀ ਹੁਕਮ ਦੇ ਨਿਯਮਾਂ ਦੀ ਪਹਿਚਾਣ ਕਰ ਲੈਂਦਾ ਹੈ। ਵਿਗਿਆਨ ਅਤੇ ਬ੍ਰਹਮ ਗਿਆਨ ਦੇ ਖੇਤਰ ਭਾਵੇਂ ਅਲਹਿਦਾ ਹਨ ਪ੍ਰੰਤੂ ਭਵਿੱਖ ਵਿੱਚ ਇਹ ਇਕ ਦੂਜੇ ਦੇ ਪੂਰਕ ਹੋ ਨਿਬੜਣਗੇ।
ਵਿਸ਼ਵ ਭਰ ਵਿੱਚ ਧਰਮ ਅਤੇ ਵਿਗਿਆਨ ਮੁੱਢ ਤੋਂ ਹੀ ਦੋ ਅਸਮਾਨਾਂਤਰ ਵਿਸ਼ੇ ਮੰਨੇ ਜਾਂਦੇ ਰਹੇ ਹਨ। ਪੂਰਬੀ ਅਤੇ ਪੱਛਮੀ ਧਰਮ ਗਰੰਥਾਂ ਵਿੱਚ ਬ੍ਰਹਿਮੰਡ ਦੀ ਰਚਨਾ ਦਾ ਜੋ ਸੰਕਲਪ ਪੇਸ਼ ਕੀਤਾ ਗਿਆ, ਉਹ ਵਿਗਿਆਨ ਦੀ ਧਾਰਣਾ ਉਤੇ ਪੂਰਾ ਨਾ ਉਤਰਿਆ ਅਤੇ ਝੁਠਲਾਇਆ ਗਿਆ। ਸਿੱਟੇ ਵਜੋ ਈਸਾਈ ਮੱਤ ਦੇ ਪੈਰਕਾਰਾਂ ਨੇ ਕਈ ਉੱਘੇ ਵਿਗਿਆਨੀਆਂ ਨੂੰ ਕੈਦ ਕੀਤਾ, ਤਸੀਹੇ ਦਿੱਤੇ ਅਤੇ ਮੌਤ ਦੇ ਘਾਟ ਉਤਾਰਿਆ। ਇਹਨਾਂ ਵਿੱਚ ਕਾਪਰਨੀਕਸ, ਗੈਲੀਲੀਓ ਅਤੇ ਟਾਈਕੋ ਬਰਾਹੇ ਦੇ ਨਾਮ ਵਰਣਨ੍ਯੋਗ ਹਨ। ਰੋਮ ਦੇ ਪੋਪ ਵੱਲੋਂ ਗੈਲੀਲੀਓ ਵਿਰੁੱਧ ਫਤਵਾ ਵਾਪਸ ਲਿਆ ਗਿਆ ਹੈ ਅਤੇ ਪੋਪ ਨੇ ਗੈਲੀਲੀਓ ਨੂੰ ਉਸ ਦੇ ਦੇਸ਼ ਤੋਂ ਸੁਰਖਰੂ ਕਰ ਦਿੱਤਾ ਹੈ। ਗੈਲੀਲੀਓ ਦਾ ਕਸੂਰ ਕੇਵਲ ਇਹੋ ਸੀ ਕਿ ਉਸ ਨੇ ਵਿਗਿਆਨਕ ਸੱਚ ਦੀ ਪ੍ਰੋੜਤਾ ਕੀਤੀ ਸੀ ਅਤੇ ਆਪਣੀ ਰਚਨਾ ਵਿੱਚ ਸਪੱਸ਼ਟ ਕਰ ਦਿੱਤਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਕਾਪਰਨੀਕਸ ਇਸ ਸਿਧਾਂਤ ਦਾ ਮੋਢੀ ਸੀ ਪਰੰਤੂ ਜਦੋਂ ਟਾਈਕੋ ਬਰਾਹੋ ਨੇ ਇਸ ਦੀ ਪ੍ਰੋੜਤਾ ਕੀਤੀ ਤਾਂ ਉਸਨੂੰ ਰੋਮਨ ਕਥੈਲਿਕ ਧਰਮ ਦੇ ਠੇਕੇਦਾਰਾਂ ਨੇ ਜਿੰਦਾ ਹੀ ਅਗਨੀ ਭੇਟ ਕਰ ਦਿੱਤਾ। ਇਸੇ ਤਰਾਂ ਹੀ ਡਾਰਵਿਨ ਦਾ ਜੀਵਨ ਵਿਕਾਸ ਸਿਧਾਂਤ ਵੀ ਬਾਈਬਲ ਦੇ ਪਹਿਲੇ ਅਧਿਆਏ ਵਿੱਚ ਅੰਕਿਤ ਉਤਪਤੀ ਸਿਧਾਂਤ ਦੇ ਵਿਰੋਧ ਵਿੱਚ ਪੇਸ਼ ਹੋਇਆ ਅਤੇ ਯੂਰਪ ਦੀਆਂ ਯੂਨੀਵਰਸਿਟੀਆਂ ਵਿੱਚ ਇਸਦੀ ਡਟ ਕੇ ਨਿਖੇਧੀ ਕੀਤੀ ਗਈ। ਈਸਾਈ ਧਰਮ ਅਤੇ ਵਿਗਿਆਨ ਦੀ ਟੱਕਰ ਜੋ ਰੋਮਨ ਸਲਤਨਤ ਦੇ ਸਮੇਂ ਸ਼ੁਰੂ ਹੋਈ, ਅਜੇ ਤੱਕ ਜਾਰੀ ਹੈ।
ਇਸਲਾਮ ਦੇ ਪੈਰੋਕਾਰ ਵੀ ਕੁਰਾਨ ਸ਼ਰੀਫ਼ ਨੂੰ ਰੱਬੀ ਇਲਹਾਮ ਮੰਨਦੇ ਹਨ। ਇਸ ਮੱਤ ਅਨੁਸਾਰ ਵਿਸ਼ਵ ਰਚਨਾ (ਕੁਨ) ਸ਼ਬਦ ਦੇ ਉਚਾਰਣ ਤੋਂ ਸ਼ੁਰੂ ਹੋਈ।  ਅਕਾਸ਼ ਅਤੇ ਪਾਤਾਲ ਦੋਵੇਂ ਹੀ ਸੱਤ ਪਰਤਾਂ ਵਿੱਚ ਕਾਇਮ ਹਨ। ਕਿਆਮਤ ਦੇ ਦਿਨ ਰੱਬੀ ਰਜ਼ਾ ਅਨੁਸਾਰ ਰੂਹਾਂ ਨੂੰ ਬਹਿਸ਼ਤ ਅਤੇ ਦੋਜ਼ਖ ਵਿੱਚ ਭੇਜਿਆ ਜਾਵੇਗਾ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਇਸ ਸੰਕਲਪ ਉਪਰ ਜ਼ੋਰਦਾਰ ਆਲੋਚਨਾ ਕਰਦੇ ਹਨ।(ਮਿੱਟੀ ਮੁਸਲਮਾਨ ਦੀ ਪੇੜੈ ਪਈ ਕੁਮਿਆਰ.....) ਇਸਲਾਮ ਮੱਤ ਕਈ ਸਿਧਾਂਤਾਂ ਵਿੱਚ ਈਸਾਈ ਧਰਮ ਨਾਲ ਸਾਂਝ ਰੱਖਦਾ ਹੈ ਅਤੇ ਮੁੱਢਲੇ ਪੈਗੰਬਰ ਵੀ ਸਾਂਝੇ ਹਨ। (ਡਾ. ਹਰਦੇਵ ਸਿੰਘ ਵਿਰਕ)
(ਬਾਕੀ ਕੱਲ਼)
 ਸੱਚ ਦਾ ਮਾਰਤੰਡ  . 
ਸ੍ਰੀ ਗੁਰੂ ਅੰਗਦ ਦੇਵ ਜੀ
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈ. ਨੂੰ ਮੱਤੇ ਦੀ ਸਰਾਂ ਜਿਲਾ ਫਿਰੇਜ਼ਪੁਰ ਵਿਖੇ ਫੇਰੂਮੱਲ ਖੱਤਰੀ ਤ੍ਰੇਹਣ ਦੇ ਘਰ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ। ਆਪ ਦਾ ਵਿਆਹ 1519 ਈ. ਨੂੰ ਦੇਵੀ ਚੰਦ ਖੱਤਰੀ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰ ਦਾਤੂ, ਦਾਸੂ, ਦੋ ਪੁੱਤਰੀਆਂ ਅਮਰੋ ਅਤੇ ਅਣੋਖੀ ਦਾ ਜਨਮ ਹੋਇਆ। ਆਪ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਸੰਮਤ 1586 (ਸੰਨ 1529) ਨੂੰ ਕਰਤਾਰਪੁਰ (ਰਾਵੀ) ਵਿਖੇ ਹੋਇਆ। ਹਾੜ ਵਦੀ 13 (17 ਹਾੜ) ਸੰਮਤ 1596 (ਸੰਨ 1539) ਨੂੰ ਆਪ ਗੁਰਗੱਦੀ  ਉਤੇ ਬਿਰਾਜਮਾਨ ਹੋਏ। ਗੱਦੀ ਮਿਲਣ ਮਗਰੋਂ ਕਰਤਾਰਪੁਰ ਛੱਡ ਕੇ ਆਪ ਨੇ ਖਡੂਰ ਸਾਹਿਬ ਵਿਖੇ ਆਪਣਾ ਨਿਵਾਸ ਬਦਲ ਲਿਆ। ਆਪ ਦੇ ਗੁਰੂ ਗਰੰਥ ਸਾਹਿਬ ਵਿੱਚ 63 ਸਲੇਕ ਅੰਕਿਤ ਹਨ। ਆਪ 12 ਸਾਲ 10-11 ਮਹੀਨੇ ਗੱਦੀ ਉਤੇ ਬਿਰਾਜਮਾਨ ਰਹੇ। 29 ਮਾਰਚ 1552 ਈ. ਨੂੰ ਜੋਤੀ-ਜੋਤ ਸਮਾਏ।
ਗੁਰੂ ਅੰਗਦ ਦੇਵ ਜੀ ਨੇ ਬਹੁਤ ਥੋੜੀ ਬਾਣੀ ਦੀ ਰਚਨਾ ਕੀਤੀ। ਆਪ ਜੀ ਦੀ ਸਭ ਤੋਂ ਵੱਡੀ ਦੇਣ ਪੰਜਾਬੀ ਵਰਣਮਾਲਾ ਨੂੰ ਨਵੀਂ ਨੁਹਾਰ ਦੇਣਾ ਹੈ। ਅਮਰਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਤਨੋਂ-ਮਨੋਂ ਸੇਵਾ ਕੀਤੀ।
ਮੁੱਢ ਵਿੱਚ ਆਪ ਦੇਵੀ ਦੇ ਉਪਾਸਕ ਸਨ। ਆਪ ਦਾ ਇਕ ਗੁਆਂਢੀ ਸਿੱਖ ਜੋਧਾ ਜਪੁਜੀ ਅਤੇ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਸੀ। ਇਹ ਬਾਣੀ ਸੁਣਕੇ ਆਪ ਬਹੁਤ ਪ੍ਰਭਾਵਿਤ ਹੋਏ। ਬਾਣੀ ਦੇ ਰਚੇਤਾ ਨੂੰ ਮਿਲਣ ਲਈ ਦਿਲ ਵਿੱਚ ਉਤਸ਼ਾਹ ਪੈਦਾ ਹੋਇਆ। ਸੰਨ 1532 ਈਸਵੀ ਵਿੱਚ ਜਵਾਲਾਮੁੱਖੀ ਦੀ ਯਾਤਰਾ ਤੋਂ ਮੁੜਦੇ ਸਮੇਂ ਪਰਿਵਾਰ ਸਹਿਤ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਠਹਿਰੇ। ਗੁਰੂ ਨਾਨਕ ਦੇਵ ਜੀ ਦੀ ਮਹਾਨ ਸਖਸ਼ੀਅਤ ਤੋਂ ਬੜੇ ਪ੍ਰਭਾਵਤ ਹੋਏ ਅਤੇ ਕੁਝ ਸਮੇਂ ਲਈ ਕਰਤਾਰਪੁਰ ਵਿਖੇ ਰੁਕ ਗਏ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਬੇਲਾਗ ਸਾਧਨਾ ਉਤੇ ਉੱਚੀ ਬਿਰਤੀ ਜਾਣ ਕੇ ਆਪਣਾ ਜਾਨਸ਼ੀਨ ਮੁਕੱਰਰ ਕੀਤਾ। ਆਪ ਜੀ ਨੂੰ ਖਡੂਰ ਸਾਹਿਬ ਰਹਿਣ ਲਈ ਬਚਨ ਕੀਤਾ। ਆਪਣਾ ਇਕ ਅੰਗ ਜਾਣ ਕੇ ਲਹਿਣੇ ਦਾ ਨਾਂ ਬਦਲ ਦਿਤਾ ਅਤੇ ਲਹਿਣਾ ਅੰਗਦ ਹੋ ਗਿਆ। ਗੁਰੂ ਨਾਨਕ ਅਤੇ ਲਹਿਣੇ ਵਿੱਚ ਕੋਈ ਭੇਦ ਨਾ ਰਿਹਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਸੇਲੀ ਟੋਪੀ ਅਤੇ ਬਾਣੀ ਦੀ ਪੋਥੀ ਦੇ ਕੇ ਆਪ ਨੂੰ 1539 ਈਸਵੀ ਵਿੱਚ ਗੁਰਗੱਦੀ ਸੌਂਪ ਕੇ ਆਪਣਾ ਜਾਨਸ਼ੀਨ ਮੁਕੱਰਰ ਕੀਤਾ। ਸੱਤੇ ਬਲਵੰਡ ਦੀ ਵਾਰ ਵਿੱਚ ਅੰਕਿਤ ਮਿਲਦਾ ਹੈ-
ਸਿਖਾਂ ਪੁਤ੍ਰਾਂ ਘੋਖਇ ਕੈ ਸਭ ਉਮਤਿ ਵੇਖਹੁ ਜਿ ਕਿਓਨੁ।।
ਜਾਂ ਸੁਧੌਸੁ ਤਾਂਲਹਣਾ ਟਿਕਿਓਨੁ।।4।। (967)
ਗੁਰੂ ਜੀ ਨੇ ਸਿੱਖਾਂ ਅਤੇ ਪੁੱਤਰਾਂ ਨੂੰ ਚੰਗੀ ਤਰਾਂ ਪਰਖਿਆ। ਇਸ ਪਰਖ ਵਿੱਚੋਂ ਲਹਿਣਾ ਜੀ ਗੁਰਗੱਦੀ ਦੇ ਵਧੇਰੇ ਯੋਗ ਸਾਬਤ ਹੋਏ। ਆਪ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ ਨੇ ਲੰਗਰ ਪ੍ਰਥਾ ਨੂੰ ਜਾਰੀ ਰੱਖਿਆ ਅਤੇ ਸਵਾਦਿਸ਼ਟ ਲੰਗਰ ਤਿਆਰ ਕਰਨ ਦੀ ਸ਼ੋਭਾ ਖੱਟੀ। ਇਸ ਬਾਰੇ ਸੱਤੇ ਬਲਵੰਡ ਦੀ ਵਾਰ ਵਿੱਚ ਇਵੇਂ ਦਰਜ ਮਿਲਦਾ ਹੈ....
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ।। (967)
ਵਿੱਦਿਆ ਵਿੱਚ ਵੱਡੀਆਂ ਪ੍ਰਾਪਤੀਆਂ ਕਰਨੀਆਂ ਅਤੇ ਵੱਡੇ ਦਰਜੇ ਹਾਸਲ ਕਰਨ ਦੇ ਯੋਗ ਬਣਨਾ ਇਕ ਵੱਡੀ ਉਪਲਬਧੀ ਹੈ ਪਰ ਸਭ ਤੋਂ ਵੱਡੀ ਵਡਿਆਈ ਨੇਕ ਜਨ ਬਣਨਾ ਹੈ। ਇਹ ਬੜੀ ਔਖੀ ਘਾਟੀ ਅਤੇ ਕਾਰ ਹੈ।
ਆਪ ਜੀ ਦੇ ਦਰਬਾਰ ਵਿੱਚ ਸੱਤਾ ਅਤੇ ਬਲਵੰਡ ਡੂਮ (ਰਬਾਬੀ) ਕੀਰਤਨ ਕਰਦੇ ਸਨ। ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਵੀ ਇਹਨਾਂ ਨੇ ਕੀਰਤਨ ਦੀ ਸੇਵਾ ਕੀਤੀ। ਇਹਨਾਂ ਦੀ ਬੇਟੀ ਦਾ ਵਿਆਹ ਸੀ। ਵਿਆਹ ਲਈ ਗੁਰੂ ਅਰਜਨ ਦੇਵ ਜੀ ਪਾਸੋਂ ਮਾਇਆ ਦੀ ਮੰਗ ਕੀਤੀ। ਪਰ ਚੜਾਵੇ ਵਿੱਚ ਰਕਮ ਥੋੜੀ ਆਈ। ਜਿਸ ਕਾਰਨ ਇਹ ਗੁਰੂ ਜੀ ਨਾਲ ਗੁੱਸੇ ਹੋ ਗਏ ਅਤੇ ਨਿੰਦਿਆਂ ਕਰਨ ਲੱਗ ਪਏ। ਗੁਰੂ ਜੀ ਆਪਣੀ ਨਿੰਦਿਆ ਤਾਂ ਸਹਾਰ ਸਕਦੇ ਸਨ ਪਰ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕਰਨੀ ਵੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਤੁਸੀਂ ਤਨ,ਮਨ ਕਰਕੇ ਰੋਗੀ ਹੋ। ਥੋੜੇ ਅਰਸੇ ਬਾਅਦ ਇਹਨਾਂ ਨੂੰ ਬਿਮਾਰੀਆਂ ਨੇ ਘੇਰਾ ਪਾ ਲਿਆ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜੋ ਵੀ ਇਹਨਾਂ ਦੀ ਬੰਦਖਲਾਸੀ ਲਈ ਕਹੇਗਾ, ਉਸਦਾ ਮੂੰਹ ਕਾਲਾ ਹੋਏਗਾ ਅਤੇ ਖੋਤੇ ਉਤੇ ਚੜੇਗਾ।
ਭਾਈ ਲੱਧਾ ਜੀ ਇਹਨਾਂ ਦੀ ਬੰਦਖਲਾਸੀ ਲਈ ਆਪਣੇ ਆਪ ਮੂੰਹ ਕਾਲਾ ਕਰਕੇ ਅਤੇ ਖੋਤੇ ਉਤੇ ਚੜ ਕੇ ਗੁਰੂ ਜੀ ਪਾਸ ਪਹੁੰਚ ਗਏ। ਗੁਰੂ ਜੀ ਭਾਈ ਲੱਧੇ ਦੀ ਨਿਮਰਤਾ ਅਤੇ ਪਰਉਪਕਾਰੀ ਤਬੀਅਤ ਤੋਂ ਬੜੇ ਪ੍ਰਭਾਵਤ ਹੋਏ ਅਤੇ ਇਹਨਾਂ ਨੂੰ ਮਾਫ ਕਰ ਦਿੱਤਾ। ਬਚਨ ਕੀਤਾ ਕਿ ਜਿਸ ਮੂੰਹ ਨਾਲ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸੀ, ਉਸ ਮੂੰਹ ਨਾਲ ਗੁਰੂ ਸਾਹਿਬ  ਦੀ ਉਸਤਿਤ ਗਾਇਨ ਕਰੋ। ਇਸ ਉਪਰੰਤ ਇਹਨਾਂ ਨੇ ਇਕ ਵਾਰ ਉਚਾਰੀ ਜਿਸ ਨੂੰ ਗੁਰੂਆਂ ਦੇ ਗੁਰਗੱਦੀ ਉਥੇ ਬਿਰਾਜਮਾਨ ਹੋਣ ਸਮੇਂ ਗਾਇਆ ਜਾਂਦਾ ਸੀ। ਅਜੋਕੇ ਸਮੇਂ ਸਿੱਖ ਦੁੱਖ-ਤਕਲੀਫ਼ ਨੂੰ ਦੂਰ ਕਰਨ ਵਾਲੀ ਵਾਰ ਮੰਨਦੇ ਹਨ...
ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ।। (966)
(ਬਾਕੀ ਕੱਲ)

0 Response to "ਮਿਸ਼ਨ ਜਨਚੇਤਨਾ 21 ਸਤੰਬਰ,2019"

Post a Comment