ਮਿਸ਼ਨ ਜਨਚੇਤਨਾ 22 ਸਤੰਬਰ,2019







ਸਾਲ 10, ਅੰਕ 15, 22 ਸਤੰਬਰ, 2019/8 ਅੱਸੂ (ਵਦੀ) ਨਾਨਕ ਸ਼ਾਹੀ 551.
 ਅੱਜ ਦਾ ਵਿਚਾਰ-29 .
ਸਮਾਜ ਮਨੁੱਖ ਨੂੰ ਸੰਭਾਲਦਾ ਹੈ, ਸੁਰੱਖਿਆ ਦਿੰਦਾ ਹੈ। ਜਦ ਉਹ ਜਨਮ ਲੈਂਦਾ ਹੈ ਤਾਂ ਮਾਸ ਦਾ ਇਕ ਲੋਥੜਾ ਹੁੰਦਾ ਹੈ। ਜੇ ਸਮਾਜ ਦਾ ਇਕ ਅੰਗ, ਪਰਿਵਾਰ, ਉਸ ਦੀ ਦੇਖ ਭਾਲ ਨਾ ਕਰੇ ਤਾਂ ਸ਼ਾਇਦ ਉਹ ਜੀਊਂਦਾ ਹੀ ਨਾ ਰਹਿ ਸਕੇ। ਜੇ ਦੂਸਰੇ ਪਸ਼ੂਆਂ ਵਾਂਗ ਜੀਊਂਦਾ ਬਚ ਵੀ ਜਾਏ ਤਾਂ ਖਾਣ, ਬੋਲਣ ਲਈ ਉਸ ਨੂੰ ਸਮਾਜ ਦੀ ਲੋੜ ਤਾਂ ਪਏਗੀ ਹੀ। ਸਮਾਜ ਉਸ ਨੂੰ ਸੁਰੱਖਿਆ ਦਿੰਦਾ ਹੈ, ਸੰਵਾਦ ਲਈ ਬੋਲੀ ਸਿਖਾਉਂਦਾ ਹੈ, ਵਿਦਿਆ ਦਾ ਰਆਬੰਧ ਕਰਦਾ ਹੈ, ਚੰਗੇ ਮਾੜੇ ਦੀ ਸੋਝੀ ਕਰਵਾਉਂਦਾ ਹੈਤਾਂ ਵੀ ਮਨੁੱਖੀ ਜੀਵਨ ਦਾ ਇਹ ਤਲਖ ਸੱਚ ਹੈ ਕਿ ਉਸ ਦੀ ਆਪਣੇ ਜਨਮ ਅਤੇ ਜੀਵਨ ਵਿਚ ਕੋਈ ਭੂਮਿਕਾ ਨਹੀਂ ਹੁੰਦੀਉਸ ਦਾ ਜਨਮ ਮਾਂ-ਬਾਪ ਦੀਆਂ ਭਾਵਨਾਤਮਕ ਲੋੜਾਂ ਦੀ ਪੂਰਤੀ ਅਤੇ ਭਵਿੱਖ ਦੀ ਯੋਜਨਾ ਦਾ ਨਤੀਜਾ ਹੁੰਦਾ ਹੈ। ਆਪਣੀ ਪਾਲਣਾ ਪੋਸਣਾ ਵਿਚ ਵੀ ਉਸ ਦੀ ਮਰਜ਼ੀ ਨਹੀਂ ਚਲਦੀ। ਪਰਿਵਾਰਕ ਸਭਿਆਚਾਰ  ਸਾਧਨਾਂ ਦੀ ਉਪਲਬਧਤਾ ਅਤੇ ਤਤਕਾਲੀ ਸਮਾਜਿਕ ਵਾਤਾਵਰਣ ਉਸ ਦੇ ਵਿਕਾਸ ਦੇ ਮੁੱਖ  ਕਾਰਕ ਹੁੰਦੇ ਹਨ। ਬਾਲਗ ਹੋ ਕੇ ਉਸ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ, ਸਮਾਜਿਕ ਨਿਯਮਾਂ ਦੀ ਪਾਲਣਾ ਕਰਦਿਆਂ, ਤਾਉਮਰ ਸਖਤ ਮਿਹਨਤ ਕਰਨੀ ਹੁੰਦੀ ਹੈ। ਸਮਾਜ ਤਾਂ ਉਸ ਨੂੰ ਆਤਮਘਾਤ ਦੀ ਆਗਿਆ ਵੀ ਨਹੀਂ ਦਿੰਦਾ। ਅਜਿਹਾ ਕਰਨ ਦਾ ਯਤਨ ਕਰਨ ਦੀ ਵੀ ਸਜ਼ਾ ਨਿਸਚਿਤ ਹੈ। ਥੋੜੇ ਸ਼ਬਦਾਂ ਵਿਚ ਉਹ ਵੱਖ ਵੱਖ ਸਮੇਂ , ਸਮਾਜ ਦੀ ਇਕ ਜਾਂ ਦੂਸਰੀ ਸ਼ਕਤੀ ਦੇ ਇਸ਼ਾਰਿਆਂ ਉਤੇ ਨੱਚਣ ਵਾਲਾ ਇਕ ਬੇਬਸ, ਪੀੜਤ ਪਰਾਣੀ ਹੈ ਜਿਸ ਨੇ ਜਨਮ ਤੋਂ ਮਰਨ ਤਕ  ਲੋਕਾਂ ਦੇ ਹਿੱਤ ਸਾਧਨੇ ਹੁੰਦੇ ਹਨ।
 ਪੰਜਾਬ ਦਾ ਇਤਿਹਾਸ-40.
ਤੀਜਾ ਨੁਕਤਾ ਇਹ ਉਭਰਦਾ ਹੈ ਕਿ ਆਰਿਆ ਲੋਕਾਂ ਨੇ ਪੰਜ ਦਰਿਆਵਾਂ ਨੂੰ ਇਕ ਵੱਖਰੇ ਮੁਲਕ ਦੇ ਦਰਿਆਵਾਂ ਦੇ ਤੌਰ ਅਤੇ ਮਾਣਤਾ ਹੀ ਨਹੀਂ ਦਿੱਤੀ। ਆਰਿਆ ਗਰੰਥਾਂ ਵਿੱਚ ਕਿਤੇ ਵੀ ਪੰਜ ਦਰਿਆਵਾਂ ਵਾਲੀ ਧਰਤੀ ਨੂੰ ਇੱਕ ਵੱਖਰੇ ਭੂਗੋਲਕ ਖਿੱਤੇ ਦੇ ਤੌਰ ਅਤੇ ਨਹੀਂ ਬਿਆਨ ਕੀਤਾ ਗਿਆ। ਉਹਨਾਂ ਨੇ ਇਸ ਧਰਤੀ ਨੂੰ ਜਾਂ ਤਾਂ ਸਪਤ-ਸਿੰਧੂ ਦੇ ਨਾਂ ਨਾਲ ਵਰਨਣ ਕੀਤਾ ਹੈ ਅਤੇ ਜਾਂ ਫਿਰ ਬਰੱਹਮਵਰਤ ਦੇ ਨਾਂ ਨਾਲ। ਭਾਵ ਇਸ ਦਾ ਇਹ ਵੀ ਲਿਆ ਜਾ ਸਕਦਾ ਹੈ ਕਿ ਆਰਿਆ ਲੋਕਾਂ ਨੇ ਪੰਜਾਬ ਦਾ ਨਾਂ ਛੱਡ ਕੇ ਜਾਂ ਇਸ ਦੇ ਪੰਜ ਦਰਿਆਵਾਂ ਦੀ ਵਿਸ਼ੇਸਤਾ ਖ਼ਤਮ ਕਰਕੇ ਇਸ ਨੂੰ ਸਿੰਧ ਅਤੇ ਸਰਸਵਤੀ ਸਮੇਤ ਸੱਤ ਦਰਿਆਵਾਂ ਦੀ ਧਰਤੀ ਬਣਾ ਦਿੱਤਾ ਸੀ। ਇਹ ਗੱਲ ਭੂਗੋਲਿਕ ਨਿਯਮਾਂ ਦੇ ਉਲਟ ਸੀ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਸਿੰਧ ਅਤੇ ਸਰਸਵਤੀ ਨਾ ਤਾਂ ਇਕੋ ਭੂਗੋਲਿਕ ਖਿੱਤੇ ਦੇ ਦਰਿਆ ਹਨ ਅਤੇ ਨਾ ਹੀ ਪੰਜਾਬੀ ਸਭਿਆਚਾਰ ਵਾਲੇ। ਇਸ ਲਈ ਇਹਨਾਂ ਦਾ ਸੁਮੇਲ ਗੈਰ-ਕੁਦਰਤੀ ਸੀ। ਇਹੀ ਕਾਰਣ ਹੈ ਕਿ ਨਾ ਤਾਂ ਇਸ ਖਿੱਤੇ ਦਾ ਨਾਂ ਪੰਜਾਬ ਦੀ ਥਾਂ ਉਤੇ ਸਪਤ-ਸਿੰਧੂ ਹੀ ਪ੍ਰਚੱਲਤ ਹੋ ਸਕਿਆ ਅਤੇ ਨਾ ਹੀ ਸਰਸਵਤੀ ਪੰਜਾਬ ਦੇ ਦਰਿਆਵਾਂ ਨਾਲ ਹੀ ਮਿਲ ਸਕੀ। ਬਰੱਹਮਵਰਤ ਨਾਂ ਵੈਸੇ ਹੀ ਪਰਚੱਲਤ ਨਹੀਂ ਹੋ ਸਕਿਆ ਕਿਉਂ ਕਿ ਇਹ ਸਿਰਫ ਬਰਾਹਮਣ ਸ਼ਰੇਣੀ ਵੱਲੋਂ ਦਿੱਤਾ ਗਿਆ ਸੀ। ਅਸਲ ਵਿੱਚ ਬਰੱਹਮਵਰਤ ਨਾਂ ਸਿਰਫ ਸਰਸਵਤੀ ਅਤੇ ਘੱਗਰ ਦੇ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਦਾ ਹੀ ਨਾਂ ਸੀ। ਆਰੀਆਂ ਲੋਕਾਂ ਦੇ ਲਗਭਗ ਸਾਰੇ ਧਾਰਮਿਕ ਗਰੰਥ ਸਰਸਵਤੀ ਦਰਿਆ ਦੇ ਕੰਢਿਆ ਉਪਰ ਹੀ ਰਚੇ ਗਏ ਸਨ। ਇਸ ਨਾਲ ਇਸ ਖਿੱਤੇ ਦੀ ਇਕ ਵਿਸ਼ੇਸ਼ ਧਾਰਮਿਕ ਮਹੱਤਤਾ ਜਿਹੀ ਬਣ ਗਈ ਸੀ। ਇਸ ਮਹੱਤਤਾ ਨੂੰ ਦਰਸਾਉਣ ਲਈ ਹੀ ਇਸ ਦਾ ਨਾਂ ਬ੍ਰਹਮਵਰਤ ਪਰਚੱਲਤ ਕੀਤਾ ਗਿਆ ਸੀ। ਇਸ ਨੂੰ ਆਰੀਆਵਰਤ ਵੀ ਕਿਹਾ ਜਾਂਦਾ ਸੀ। ਵਰਤ ਦਾ ਮਤਲਬ ਭੂਮੀ ਤੋਂ ਹੈ। ਇਸ ਦਾ ਭਾਵ ਸੀ ਕਿ ਘੱਗਰ ਅਤੇ ਸਰਸਵਤੀ ਦਰਿਆਵਾਂ ਵਿਚਕਾਰਲਾ ਖਿੱਤਾ ਸ਼ੁੱਧ ਆਰੀਆ ਭੂਮੀ ਸੀ ਜਾਂ ਇਹ ਬਰਾਹਮਣਾਂ ਦੇ ਰਹਿਣ ਵਾਲੀ ਪਵਿੱਤਰ ਭੂਮੀ ਸੀ।
. ਸਿੱਖ ਇਤਿਹਾਸ ਵਿਚ ਅੱਜ .
22 ਸਤੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
ਅੱਜ ਦੇ ਦਿਨ, 1965 ਈਸਵੀ ਵਿਚ, ਭਾਰਤ ਸਰਕਾਰ ਨੇ ਇੰਦਰਾ ਗਾਂਧੀ ਦੀ ਅਗਵਾਈ ਵਿਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਉਸ ਨੂੰ ਪੰਜਾਬ ਸਮੱਸਿਆ ਸਲਝਾਉਣ ਦੀ ਜ਼ਿਮੇਂਵਾਰੀ ਸੌਂਪੀ।
23 ਸਤੰਬਰ, 1965 ਈਸਵੀ ਦੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸ੍ਰੀ ਮਤੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਬਨਾਉਣ ਦਾ ਐਲਾਨ ਕੀਤਾ। ਇਸ ਕਮੇਟੀ ਵਿਚ ਤਤਕਾਲੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੋਂ ਬਿਨਾਂ ਸ੍ਰੀ ਮਹਾਵੀਰ ਤਿਆਗੀ ਅਤੇ ਵਾਈ. ਬੀ. ਚਵਾਨ ਨੂੰ ਸ਼ਾਮਲ ਕੀਤਾ ਗਿਆ। ਇਹ ਤਿੰਨੇ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਮੰਤਰੀ ਮੰਡਲ ਦੇ  ਮੈਂਬਰ ਸਨ ਜਿਸ ਕਾਰਣ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਕਮੇਟੀ ਪੂਰੇ ਅਧਿਕਾਰਾਂ ਨਾਲ ਲੈਸ ਉੱਚ ਪੱਧਰੀ ਕਮੇਟੀ ਸੀ ਜਿਸ ਦਾ ਗਠਨ ਪੰਜਾਬ ਯਾਨਿ ਸਿੱਖ ਸੱਮਸਿਆਵਾਂ ਦੇ ਹੱਲ ਲਈ ਸਰਕਾਰੀ ਪੱਧਰ ਉਤੇ ਕੀਤਾ ਗਿਆ ਸੀ। ਇਸ ਕਮੇਟੀ ਨੇ ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦੇਣੀ ਸੀ। ਮੁੱਖ ਸਮੱਸਿਆ ਪੰਜਾਬੀ ਸੂਬਾ ਬਨਾਉਣ ਦੀ ਸੀ। ਇਸ ਕਮੇਟੀ ਦੀ ਸਿਫ਼ਾਰਸ਼ ਨਾਲ ਹੀ ਪੰਜਾਬੀ ਸੂਬਾ ਹੋਂਦ ਵਿਚ ਆਇਆ।
ਸ੍ਰੀ ਮਤੀ ਇੰਦਰਾ ਗਾਂਧੀ ਅਧੀਨ ਪੰਜਾਬ ਸਮੱਸਿਆਵਾਂ ਬਾਰੇ ਗਠਿਤ ਤਿੰਨ ਮੈਂਬਰੀ ਪਹਿਲੀ ਸਤੰਬਰ, 1965 ਨੂੰ ਪਕਿਸਤਾਨ ਨਾਲ ਛਿੜੀ ਜੰਗ ਅਤੇ ਉਸ ਵਿਚ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਦੀ ਹਿੱਸੇਦਾਰੀ ਦਾ ਨਤੀਜਾ ਸੀ। ਭਾਰਤ ਅਤੇ ਪਾਕਿਸਤਾਨ ਵਿਚ ਸਬੰਧ ਦੇਸ਼ ਦੀ ਵੰਡ ਸਮੇਂ ਤੋਂ ਹੀ ਤਨਾਅ-ਪੂਰਨ ਚਲ ਰਹੇ ਸਨ।
ਧਰਮ ਦੇ ਆਧਾਰ 'ਤੇ ਕਾਇਮ ਹੋਏ ਹਰ ਦੇਸ਼ ਵਿਚ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਕੋਈ ਨਾ ਕੋਈ ਮੁੱਦਾ ਸਦਾ ਸਜੀਵ ਰਖਿਆ ਜਾਂਦਾ ਰਿਹਾ ਹੈ। ਪਾਕਿਸਤਾਨ ਨੇ ਇਹ ਮੁੱਦਾ ਕਸ਼ਮੀਰ ਨੂੰ ਬਣਾਈ ਰਖਿਆ। ਕਸ਼ਮੀਰ, ਜਿਸ ਵਿਚ ਜੰਮੂ ਅਤੇ ਲਦਾਖ ਵੀ ਸ਼ਾਮਲ ਹੈ, ਮੁਸਲਿਮ ਬਹੁਲ ਸੂਬਾ ਹੈ। ਪਾਕਿਸਤਾਨ ਅਨੁਸਾਰ ਇਹ ਸੂਬਾ ਮੁਸਲਮਾਨਾਂ ਲਈ ਬਣੇ ਦੇਸ਼ ਪਾਕਿਸਤਾਨ ਦਾ ਹਿੱਸਾ ਹੋਣਾ ਚਾਹੀਦਾ ਹੈ ਜਦਕਿ ਇਸ ਦੇ ਰਾਜੇ ਨੇ 1947 ਵਿਚ ਇਸ ਦਾ ਸਬੰਧ ਭਾਰਤ ਨਾਲ ਜੋੜਿਆ ਸੀ।
ਮੁਸਲਿਮ ਫੌਜਾਂ ਨੇ ਕੁਝ ਹਿੱਸੇ ਉਤੇ ਕਬਜ਼ਾ ਕਰਕੇ ਉਸ ਨੂੰ ਆਜ਼ਾਦ ਕਸ਼ਮੀਰ ਕਹਿਣਾ ਸ਼ੁਰੂ ਕਰ ਦਿਤਾ। ਪੰਜਾਬ ਅਤੇ ਬੰਗਾਲ ਵਾਂਗ ਕਸ਼ਮੀਰ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਪਿਛਲੇ ਸੱਠ ਸਾਲਾਂ ਤੋਂ ਭਾਰਤ, ਪਾਕਿਸਤਾਨ ਦਰਮਿਆਨ ਤਨਾਅ ਅਤੇ ਵਿਰੋਧੀ ਪ੍ਰਚਾਰ ਦਾ ਕਾਰਣ ਬਣਿਆ ਹੋਇਆ ਹੈ। ਪਾਕਿਸਤਾਨ ਨੇ ਇਕ ਨੀਤੀ ਤਹਿਤ ਭਾਰਤੀ ਪੰਜਾਬ ਵਿਚ ਅੰਦੋਲਨਾਂ ਕਾਰਣ ਪੈਦਾ ਹੋਏ ਕੁੜਤਣ ਭਰਪੂਰ ਵਾਤਾਵਰਨ ਨੂੰ ਭਾਰਤ ਵਿਰੁੱਧ ਪ੍ਰਚਾਰ ਲਈ ਵੱਡੀ ਪੱਧਰ ਉਤੇ ਵਰਤਿਆ ਹੈ।
ਪੰਜਾਬੀਆਂ ਨੂੰ ਭਾਰਤ ਸਰਕਾਰ ਵਿਰੁੱਧ ਪੰਜਾਬੀ ਸੂਬਾ ਨਾ ਬਨਾਉਣ ਅਤੇ ਪੰਜਾਬ ਦੀ ਆਰਥਿਕਤਾ ਨੂੰ ਵਿਕਾਸ ਵਲ ਨਾ ਲਿਜਾਣ ਦੀ ਸ਼ਕਾਇਤ ਤਾਂ ਆਜ਼ਾਦੀ ਵੇਲੇ ਤੋਂ ਰਹੀ ਹੈ। ਇਸ ਨੂੰ ਪਾਕਿਸਤਾਨ ਮੁੱਦੇ ਵਜੋਂ ਵਰਤਦਾ ਰਿਹਾ ਹੈ।
1965 ਈਸਵੀ ਵਿਚ ਸੰਤ ਫਤਹਿ ਸਿੰਘ ਦੀ ਅਗਵਾਈ ਹੇਠ ਪੰਜਾਬੀ ਸੂਬਾ ਬਨਾਉਣ ਦੀ ਲਹਿਰ ਜ਼ੋਰ ਫੜ ਗਈ ਤਾਂ ਇਸ ਦੀ ਹੌਂਸਲਾ ਅਫਜ਼ਾਈ ਪਾਕਿਸਤਾਨ ਨੇ ਵੀ ਕੀਤੀ। ਪਾਕਿਸਤਾਨ ਰੇਡੀਉ ਨੇ ਇਕ ਪ੍ਰਸਾਰਨ ਲੜੀ ਸ਼ੁਰੂ ਕਰ ਕੇ ਸਿੱਖਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਕਿਸਤਾਨ ਉਨ੍ਹਾਂ ਦੀ ਸਿੱਖ ਹੋਮਲੈਂਡ ਦੀ ਮੰਗ ਪ੍ਰਤੀ ਸੁਹਿਰਦ ਹੈ ਅਤੇ ਅੰਦੋਲਨ ਦੀ ਸੂਰਤ ਵਿਚ ਉਹ ਸਿੱਖਾਂ ਦੀ ਪੂਰੀ  ਪੂਰੀ ਸਹਾਇਤਾ ਕਰੇਗਾ।
ਵਿਰੋਧੀ ਗੁਆਂਢੀ ਦੇ ਪ੍ਰਚਾਰ ਨਾਲ ਦੇਸ ਪ੍ਰਦੇਸ ਵਿਚ ਭਾਈਚਾਰਕ ਕੁੜਤਣ ਤਾਂ ਵੱਧਦੀ ਹੀ ਹੈ। ਪੰਡਤ ਨਹਿਰੂ ਅਤੇ ਪੰਜਾਬ ਦਾ ਮਹਾਸ਼ਾ ਪ੍ਰੈੱਸ ਪਾਕਿਸਤਾਨ ਵਲੋਂ ਸਿੱਖਾਂ ਦੀ ਹਮਾਇਤ ਕਾਰਣ ਬਹੁਤ ਔਖਾ ਰਿਹਾ ਹੈ ਅਤੇ ਇਹ ਉਨ੍ਹਾ ਕਾਰਣਾਂ ਵਿਚੋਂ ਪ੍ਰਮੁੱਖ ਕਾਰਣ ਮੰਨਿਆ ਜਾ ਸਕਦਾ ਹੈ ਜਿੰਨ੍ਹਾਂ ਕਾਰਣ ਦੇਸ਼ ਦੇ ਬਾਕੀ ਸੂਬਿਆਂ ਨਾਲ ਪੰਜਾਬ ਦੀ ਭਾਸ਼ਾਈ ਵੰਡ ਨਹੀਂ ਹੋਈ।
ਪਹਿਲੀ ਸਤੰਬਰ, 1965 ਨੂੰ ਪਕਿਸਤਾਨੀ ਫੌਜਾਂ ਨੇ ਜੰਮੂ ਅਤੇ ਕਸ਼ਮੀਰ ਵਿਚ ਛੰਭ-ਜੌੜੀਆਂ ਵਿਖੇ ਕੌਮਾਂਤਰੀ ਸੀਮਾਂ ਰੇਖਾ ਨੂੰ ਪਾਰ ਕਰਕੇ ਭਾਰਤ ਉਤੇ ਹਮਲਾ ਕਰ ਦਿਤਾ। ਪੰਜਾਬ ਖੇਤਰ ਵਿਚ ਭਾਰਤ ਨੇ ਵੀ ਅਜਿਹਾ ਹੀ ਕੀਤਾ। ਇਸ ਸਮੇਂ ਅਕਾਲੀ ਅੰਦੋਲਨ ਦੇ ਮੂਡ ਵਿਚ ਸਨ। ਸੰਤ ਫਤਹਿ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਤੰਬਰ ਦੇ ਦੂਸਰੇ ਹਫ਼ਤੇ ਤੋਂ ਮਰਨ ਵਰਤ ਰਖਣ ਦਾ ਐਲਾਨ ਕੀਤਾ ਹੋਇਆ ਸੀ। ਪਾਕਿਸਤਾਨ ਸਮੇਤ ਸਭ ਦੀ ਮਾਨਤਾ ਸੀ ਕਿ ਲੜ੍ਹਾਈ ਸਮੇਂ ਅਕਾਲੀ ਭਾਰਤ ਸਰਕਾਰ ਨਾਲ ਸਹਿਯੋਗ ਨਹੀਂ ਕਰਨਗੇ ਪਰ ਅਕਾਲੀਆਂ ਨੇ ਲੜ੍ਹਾਈ ਦੀ ਸਥਿਤੀ ਤੋਂ ਕੋਈ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਬਿਨਾਂ ਸ਼ਰਤ ਸਰਕਾਰ ਦੀ ਹਮਾਇਤ ਕਰਨ ਦਾ ਐਲਾਨ ਕਰ ਦਿਤਾ। ਹਾਲਾਂਕਿ ਸੰਤ ਫ਼ਤਹਿ ਸਿੰਘ ਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਆਪਣਾ ਪੰਜਾਬੀ ਸੂਬੇ ਲਈ  ਰਖਿਆ ਜਾਣ ਵਾਲਾ ਮਰਨ ਵਰਤ ਮੁਲਤਵੀ ਕਰ ਦਿਤਾ।
ਸਿੱਖ ਸਿਪਾਹੀਆਂ ਇਕ ਵਾਰ ਫਿਰ ਆਪਣੀ ਰਣ ਕੌਸ਼ਲਤਾ ਦਾ ਵਿਖਾਵਾ ਕੀਤਾ। ਸਿੱਖਾਂ ਨੇ ਲੜ ਰਹੀ ਭਾਰਤੀ ਫੌਜ ਲਈ ਰਣ ਖੇਤਰ ਵਿਚ ਰਸਦ ਪਾਣੀ ਪਹੁੰਚਾਣ ਵਿਚ ਸਹਾਇਤਾ ਕੀਤੀ। 22 ਦਿਨਾਂ ਦੀ ਇਸ ਜੰਗ ਵਿਚ ਵੀਰਤਾ ਦੇ ਜੌਹਰ ਦਿਖਾਉਣ ਵਾਲਿਆਂ  ਵਿਚ ਲੈਫ਼ਟੀਨੈਂਟ ਜਨਰਲ ਹਰਬਖਸ਼ ਸਿੰਘ ਵੀ ਸੀ। ਉਸ ਦੀ ਕਮਾਨ ਹੇਠ ਭਾਰਤੀ ਸੈਨਕਾਂ ਨੇ ਪਾਕਿਸਤਾਨ ਵਲੋਂ ਵਰਤੇ ਜਾਂਦੇ ਅਮਰੀਕਨ ਟੈਂਕਾਂ ਦਾ ਕਬਰਸਤਾਨ ਬਣਾ ਦਿਤਾ। ਰਖਿਆ ਸਹਾਇਤਾ ਲਈ  ਭਾਰਤ ਦੇ ਸਾਰੇ ਰਾਜਾ ਨਾਲੋਂ ਵਧ ਯੋਗਦਾਨ ਪੰਜਾਬ ਦਾ ਸੀ। ਜ਼ਿਲਿਆਂ ਵਿਚੋਂ ਸਭ ਤੋਂ ਵਧੇਰੇ ਹਿੱਸੇਦਾਰੀ  ਰਾਜਸਥਾਨ ਦੇ ਗੰਗਾਨਗਰ ਜ਼ਿਲੇ ਦੀ ਸੀ। ਇਸ ਨੂੰ ਵੀ ਪੰਜਾਬੀ ਇਲਾਕਾ ਹੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਿੱਖਾਂ ਨੇ ਵਿਰੋਧੀ ਤਾਕਤਾਂ ਵਲੋਂ ਸਿੱਖਾਂ ਦੀ ਗਦਾਰੀ ਦੇ ਭੰਡੀ ਪ੍ਰਚਾਰ ਦਾ ਮੂੰਹ ਤੋੜ ਦਿਤਾ।
 ਫਿਰਕੂ ਏਕਤਾ ਬਨਾਉਣ ਵਿਚ ਸੰਤ ਫਤਹਿ ਸਿੰਘ ਦਾ ਰੋਲ ਪ੍ਰਸੰਸਾ ਮੰਗਦਾ ਹੈ।
ਮਾਸਟਰ ਤਾਰਾ ਸਿੰਘ ਪੰਜਾਬੀ ਸੂਬੇ ਦੀ ਮੰਗ ਕਰਨ ਵਾਲੇ ਮੋਢੀ ਨੇਤਾਵਾਂ ਵਿਚ ਸਨ: ਭਾਸ਼ਾ ਦੇ ਆਧਾਰ ਤੇ ਸੂਬੇ ਬਨਾਉਣ ਦਾ ਕੰਮ 1955 ਈ. ਵਿਚ ਸ਼ੁਰੂ ਹੋਇਆ ਜਦਕਿ ਮਾਸਟਰ ਜੀ ਇਹ ਮੰਗ 1950 ਤੋਂ ਹੀ ਕਰਨ ਲਗ ਪਏ ਸਨ ਪਰ ਉਨ੍ਹਾਂ ਦੀ ਮੰਗ ਭਾਸ਼ਾਈ ਨਾਲੋਂ ਫਿਰਕੂ ਹੋਣ ਦਾ ਪ੍ਰਭਾਵ ਵਧੇਰੇ ਦਿੰਦੀ ਸੀ। ਮਾਸਟਰ ਤਾਰਾ ਸਿੰਘ ਅਨੁਸਾਰ ਪੰਜਾਬੀ ਸੂਬੇ ਦੀ ਮੰਗ ਦਾ ਮੁੱਖ ਮੰਤਵ ''ਸਿੱਖ ਧਰਮ ਅਤੇ ਸਿੱਖਾਂ ਦੇ ਵਕਾਰ ਨੂੰ ਬਰਕਰਾਰ ਰਖਣਾ" ਸੀ। ਭਾਸ਼ਾ ਉਨ੍ਹਾਂ ਲਈ ਦੂਜੇ ਦਰਜੇ ਦਾ ਮਹੱਤਵ ਰਖਦੀ ਸੀ। ਉਨ੍ਹਾਂ ਆਪਣਾ ਮਕਸਦ ਸਪਸ਼ਟ ਕਰਦੇ ਹੋਏ ਕਿਹਾ ਸੀ, ''ਤੁਸੀਂ ਜੇਕਰ ਪੰਜਾਬੀ ਨੂੰ ਸਾਰੇ ਭਾਰਤ ਦੀ ਭਾਸ਼ਾ ਐਲਾਨ ਦਿਉਗੇ ਤਾਂ ਕੀ ਸਿੱਖਾਂ ਦਾ ਕੁਝ ਸੌਰੇਗਾ?"
ਮਾਸਟਰ ਤਾਰਾ ਸਿੰਘ ਦਾ ਕਹਿਣਾ ਸੀ ਕਿ ਰਾਜ ਵਿਚ ਸਿੱਖਾਂ ਦਾ ਪੱਧਰ ਉਨ੍ਹਾਂ ਦੀ ਬਹੁਗਿਣਤੀ ਨਾਲ ਹੀ ਉੱਚਾ ਹੋਇਗਾ। ਇਸ ਨਾਲ ਗੁਰਦੁਆਰਿਆਂ ਅੰਦਰ ਸਰਕਾਰੀ ਦਖਲ ਬੰਦ ਹੋਇਗਾ। ਇਸ ਨਾਲ ਪੰਜਾਬੀ ਭਾਸ਼ਾ ਦੀ ਉਨਤੀ ਹੋਇਗੀ ਅਤੇ ਗੁਰਮੁਖੀ ਨੂੰ ਇਸ ਦੀ ਇਕੋ ਇਕ ਲਿੱਪੀ ਪ੍ਰਵਾਨ ਕਰ ਲਿਆ ਜਾਇਗਾ।
ਮਾਸਟਰ ਤਾਰਾ ਸਿੰਘ ਦੀ ਮੰਗ ਦਾ ਹਿੰਦੂ ਤਾਂ ਹਿੰਦੂ, ਬਹੁਤ ਸਾਰੇ ਸਿੱਖ ਵੀ ਵਿਰੋਧ ਕਰਦੇ ਸਨ ਪਰ ਸੰਤ ਫ਼ਤਹਿ ਸਿੰਘ ਦੀ ਨੀਤੀ ਦੂਸਰੀ ਸੀ। ਉਹ ਇਸ ਨੁੰ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਕਹਿੰਦੇ ਸਨ। ਉਨ੍ਹਾਂ ਸਾਫ਼ ਕਿਹਾ ਕਿ ਬਨਣ ਵਾਲੇ ਪੰਜਾਬੀ ਸੂਬੇ ਵਿਚ ਸਿੱਖਾਂ ਦੀ ਬਹੁਸਮਤੀ ਨਾਲ ਉਨ੍ਹਾਂ ਨੂੰ ਕੋਈ ਪਕੜ ਨਹੀਂ।
ਉਨ੍ਹਾਂ ਪੰਜਾਬੀ ਸੂਬੇ ਦੇ ਅੰਦੋਲਨ ਅਤੇ ਉਸ ਪਿਛੋਂ ਬਨਣ ਵਾਲੀਆਂ ਅਕਾਲੀ ਸਰਕਾਰਾਂ ਵਿਚ ਵੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਨਾਲ ਰੱਖਿਆ। ਮਾਸਟਰ ਜੀ ਨੇ ਕਈ ਵਾਰ ਕਿਹਾ ਕਿ ਸੰਤ ਫਤਹਿ ਸਿੰਘ ਇਕ ਧਾਰਮਕ ਵਿਅਕਤੀ ਹੈ, ਸਿਆਸਤ ਦੀ ਉਸ ਨੂੰ ਕੋਈ ਸਮਝ ਨਹੀਂ। ਉਸ ਨੂੰ ਸਿਆਸਤਦਾਨਾਂ ਗਲਤ ਰਸਤੇ ਤੇ ਪਾ ਲਿਆ ਹੈ। ਸੰਤ ਫਤਹਿ ਸਿੰਘ ਉਤੇ ਸਿੱਖ ਪੰਥ ਵਿਚ ਫੁੱਟ ਪਾਉਣ ਅਤੇ ਸਰਕਾਰੀ ਧਿਰ ਦਾ ਪੱਖ ਪੂਰਨ ਦੇ ਦੋਸ਼ ਵੀ ਲਗੇ ਹਨ ਪਰ ਉਸ ਨੇ ਪੰਜਾਬੀ ਸੂਬੇ ਦੀ ਪ੍ਰਵਾਨਗੀ ਦਾ ਖੇਤਰ ਵਿਸ਼ਾਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ।
ਪਾਕਿਸਤਾਨ ਨਾਲ ਲੜ੍ਹਾਈ ਬੰਦ ਹੁੰਦਿਆਂ ਹੀ ਭਾਰਤ ਸਰਕਾਰ ਨੇ ਪਹਿਲਾ ਐਲਾਨ ਪੰਜਾਬ ਦੀ ਸਮੱਸਿਆ ਨਾਲ ਨਿਬੜਣ ਲਈ ਤਿੰਨ ਮੈਂਬਰੀ ਕਮੇਟੀ ਬਨਾਉਣ ਦਾ ਕੀਤਾ।
ਕਮੇਟੀ ਵਿਚ ਬਹੁਸੰਮਤੀ ਪੰਜਾਬੀ ਸੂਬੇ ਦੇ ਵਿਰੋਧੀਆਂ ਦੀ ਸੀ: ਸ੍ਰੀ ਮਤੀ ਇੰਦਰਾ ਗਾਂਧੀ ਪੰਡਤ ਜਵਾਹਰ ਲਾਲ ਨਹਿਰੂ ਦੇ ਵਿਚਾਰਾਂ ਦੀ ਹੀ ਪੈਰੋਕਾਰ ਸੀ। ਪੰਡਤ ਜੀ ਨੇ ਆਪਣੇ  ਜੀਊਂਦੇ ਜੀ ਪੰਜਾਬੀ ਸੂਬਾ ਨਹੀਂ ਬਨਣ ਦਿਤਾ। ਮਹਾਵੀਰ ਤਿਆਗੀ ਵੀ ਫਿਰਕਾਪ੍ਰਸਤੀ ਲਈ ਜਾਣਿਆਂ ਜਾਂਦਾ ਕਾਂਗਰਸੀ ਸੀ। ਵਾਈ.ਬੀ. ਚਵਾਨ ਮਰਾਠਾ ਸੀ: ਉਸ ਦੀ ਹਮਦਰਦੀ ਜ਼ਰੂਰ ਸਿੱਖਾਂ ਨਾਲ ਸੀ-ਉਹ ਰਖਿਆ ਮੰਤਰੀ ਵੀ ਰਿਹਾ ਸੀ। ਦਿਲਚਸਪ ਗਲ ਇਹ ਵੀ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਵੀ ਪੰਜਾਬੀ ਸੂਬੇ ਦੇ ਵਿਰੋਧੀ ਮੰਨੇ ਜਾਂਦੇ ਸਨ।
10 ਜਨਵਰੀ, 1966 ਨੂੰ ਤਾਸ਼ਕੰਦ ਵਿਖੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਮੌਤ ਹੋ ਗਈ। ਇਸ ਨਾਲ ਮਾਨੋਂ ਪੰਜਾਬੀ ਸੂਬੇ ਦੀ ਖੁੱਲੀ ਦੁਸ਼ਮਨੀ ਕਰਨ ਵਾਲਿਆਂ ਦਾ ਅੰਤ ਹੋ ਗਿਆ। ਸ਼ਾਸ਼ਤਰੀ ਜੀ ਪਿਛੋਂ ਸ੍ਰੀ ਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ। ਪੰਜਾਬੀ ਸੂਬੇ ਦੇ ਹੱਕ ਵਿਚ ਤਾਂ ਉਹ ਵੀ ਨਹੀਂ ਸੀ ਪਰ ਉਸ ਨੇ ਮਹਿਸੂਸ ਕੀਤਾ ਕਿ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਇਸ ਮੰਗ ਨੂੰ ਮੰਨਣ ਦੇ ਹੱਕ ਵਿਚ ਹਨ। ਉਹ ਅਕਾਲੀਆਂ ਦੀ ਵੱਡੀ ਮੰਗ ਦੀ ਪੂਰਤੀ ਕਰਨ ਲਈ ਸਹਿਮਤ ਹੋ ਗਈ।
10 ਮਾਰਚ, 1966 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਮਤਾ ਪਾਸ ਕੀਤਾ ਜਿਸ ਅਨੁਸਾਰ ''ਵਰਤਮਾਨ ਪੰਜਾਬ ਰਾਜ ਵਿਚੋਂ ਪੰਜਾਬੀ ਬੋਲਦਾ ਰਾਜ ਸਥਾਪਤ ਕੀਤਾ ਜਾਣਾ ਸੀ।" ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਮਤੇ ਦੀ ਪੂਰਤੀ ਲਈ ਕਾਰਵਾਈ ਕਰੇ।
ਕਾਂਗਰਸ ਦੇ ਮਤੇ ਦੀ ਵਿਰੋਧਤਾ ਵੀ ਹੋਈ ਪਰ ਕਾਂਗਰਸ ਪ੍ਰਧਾਨ ਕੇ. ਕਾਮਰਾਜ ਅਤੇ ਰੱਖਿਆ ਮੰਤਰੀ ਵਾਈ. ਬੀ. ਚਵਾਨ ਇਸ ਦੀ ਹਮਾਇਤ ਵਿਚ ਖੜੇ ਸਨ। ਕਾਂਗਰਸ ਪ੍ਰਧਾਨ ਨੇ ਕਿਹਾ, ''ਪੰਜਾਬੀਆਂ ਨੂੰ ਉਸ ਰਾਸ਼ਟਰੀ ਨਿਯਮ ਤੋਂ ਵਾਂਝਿਆਂ ਨਹੀਂ ਰਖਿਆ ਜਾ ਸਕਦਾ ਜਿਹੜਾ ਦੂਸਰੇ ਸੂਬਿਆਂ ਦੇ ਲੋਕ ਮਾਣ ਰਹੇ ਹਨ।"
ਵਾਈ. ਬੀ. ਚਵਾਨ ਰੱਖਿਆ ਮੰਤਰੀ ਸਨ ਅਤੇ ਸਿੱਖਾਂ ਵਲੋਂ ਪਾਕਿਸਤਾਨ ਵਿਰੁੱਧ ਲੜਾਈ ਜਿੱਤਣ ਵਿਚ ਪਾਏ ਗਏ ਹਿੱਸੇ ਤੋਂ ਭਲੀ ਭਾਂਤ ਜਾਣੂ ਸਨ। ਉਸ ਕਿਹਾ, ''ਪੰਜਾਬ ਦੀ ਭੂਗੋਲਿਕ ਸਥਿਤੀ ਕਾਰਣ  ਪੰਜਾਬੀ ਰਾਜ ਦੀ ਮੰਗ ਨੂੰ ਪਿਛੇ ਨਹੀਂ ਪਾਇਆ ਜਾ ਸਕਦਾ।"
ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਨੇ ਪ੍ਰਵਾਨਗੀ ਦਿਤੀ, ''ਵਰਕਿੰਗ ਕਮੇਟੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਅਸੀਂ ਹੁਣ ਇਸ ਨੂੰ ਲਾਗੂ ਕਰਨਾ ਹੈ।"
ਇਸ ਤਰ੍ਹਾਂ ਇੰਦਰਾ ਜੀ ਦੀ ਪ੍ਰਧਾਨਗੀ ਵਾਲੀ ਕਮੇਟੀ ਪੰਜਾਬੀ ਸੂਬਾ ਬਨਾਉਣ ਦਾ ਕਾਰਣ ਬਣੀ ਪਰ ਉਨ੍ਹਾਂ ਦੀ ਕੈਬਨਿਟ ਵਿਚ ਅਜਿਹੇ ਲੋਕ ਬੈਠੇ ਹੋਏ ਸਨ ਜੋ ਪੰਜਾਬੀ ਸੂਬਾ ਬਨਣ ਦੇਣ ਦੇ ਘੋਰ ਵਿਰੋਧੀ ਸਨ। ਉਨ੍ਹਾਂ ਵਿਚੋਂ ਪ੍ਰਮੁੱਖ ਗੁਲਜ਼ਾਰੀ ਲਾਲ ਨੰਦਾ (ਗ੍ਰਹਿ ਮੰਤਰੀ) ਨੇ ਕਿਹਾ, ''ਸਿੱਖਾਂ ਨੂੰ ਅਜਿਹਾ ਸੂਬਾ ਦਿਤਾ ਜਾਇਗਾ, ਜਿਸ ਨੂੰ ਉਹ ਛੱਡ ਛੱਡ ਭੱਜਣਗੇ।"
ਸਮੇਂ ਦੀ ਚਾਲ ਵੇਖੋ: ਜਿਸ ਪ੍ਰਧਾਨ ਮੰਤਰੀ ਨੇ ਪੰਜਾਬੀ ਸੂਬਾ ਬਨਾਉਣ ਦਾ ਨਾਮਣਾ ਖੱਟਿਆ, ਉਹੀ ਇਸ ਦੀ ਬਰਬਾਦੀ ਦਾ ਕਾਰਣ ਬਣੀ ਅਤੇ ਏਸੇ ਕਾਰਣ ਉਹ ਮਾਰੀ ਗਈ।
ਇਸ ਸੰਦਰਭ ਵਿਚ ਅਸੀਂ ਵਿਚਾਰ ਕਰਾਂਗੇ ਕਿ ਪੰਜਾਬ ਦੀਆਂ ਅਸਲ ਸੱਮਸਿਆਵਾਂ ਕੀ ਹਨ, ਕਿਵੇਂ ਪੈਦਾ ਹੋਈਆਂ, ਅਤੇ ਇੰਨ੍ਹਾਂ ਨੂੰ ਹੱਲ ਕਰਨ ਲਈ ਕੀ ਕੀਤੇ ਜਾਣ ਦੀ ਲੋੜ ਹੈ।
ਸਭ ਤੋਂ ਪਹਿਲੀ ਲੋੜ ਸਿੱਖ ਮਾਨਸਿਕਤਾ ਨੂੰ ਸਮਝਣ ਦੀ ਹੈ ਜੋ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਰਾਜਨੀਤੀ ਕਾਰਣ ਬਣੀ ਹੈ। ਪੰਜਾਬ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਪਾਣੀ ਦੇ ਸਰੋਤਾਂ ਅਤੇ ਉਪਜਾਊ ਮਿੱਟੀ ਵਾਲਾ ਉਹ ਇਲਾਕਾ ਹੈ, ਜਿਸ ਰਾਹੀਂ ਵਿਦੇਸ਼ੀਆਂ ਨੇ ਭਾਰਤ ਉਤੇ ਹਮਲੇ ਕੀਤੇ ਅਤੇ ਇਥੋਂ ਦੇ ਕੁਦਰਤੀ ਅਤੇ ਮੱਨੁਖੀ ਵਸੀਲਿਆਂ ਨੂੰ ਲੁੱਟਿਆ। ਵਿਦੇਸ਼ੀ ਹਮਲਿਆਂ ਅਤੇ ਪੰਜਾਬੀਆਂ ਦੀ ਸਰੀਰਕ ਤੰਦਰੁਸਤੀ ਅਤੇ ਬਲ  ਨੇ ਉਨ੍ਹਾਂ ਨੂੰ ਲੜਾਕੇ ਬਨਣ ਲਈ ਮਜਬੂਰ ਕੀਤਾ। ਹਰ ਸਮੱਸਿਆ ਦਾ ਹੱਲ ਪੰਜਾਬੀ ਲੜ ਕੇ ਕਰਨਾ ਚਾਹੁੰਦੇ ਹਨ ਚਾਹੇ ਉਹ ਜ਼ਮੀਨ ਦੀ ਮਾਲਕੀ ਹੋਵੇ ਤੇ ਚਾਹੇ ਕਿਸੇ ਦੀ ਮਰਜ਼ੀ ਉਤੇ ਕਬਜ਼ਾ ਹੋਵੇ।
ਕਿਸਾਨੀ ਸਮਾਜ ਵਿਚ ਇਸ ਸਥਿਤੀ ਤੋਂ ਬਚਿਆ ਨਹੀਂ ਜਾ ਸਕਦਾ। ਪੰਜਾਬ ਅੱਜ ਵੀ ਕਿਸਾਨੀ ਜੀਵਨ ਹੀ ਜੀਊ ਰਿਹਾ ਹੈ। ਸਿੱਖ ਇਤਿਹਾਸ ਜੰਗਾਂ, ਯੁੱਧਾਂ ਨਾਲ ਭਰਿਆ ਪਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਲੜ੍ਹਾਈਆਂ ਤੋਂ ਸ਼ੁਰੂ ਕਰੀਏ ਤਾਂ ਬੰਗਲਾ ਦੇਸ਼ ਦੀ ਲੜ੍ਹਾਈ ਤਕ ਸਿੱਖਾਂ ਨੇ ਅਣਗਿਣਤ ਯੁੱਧ ਲੜੇ, ਜਿੱਤਾਂ ਵੀ ਪ੍ਰਾਪਤ ਕੀਤੀਆਂ ਪਰ ਮੁਸ਼ਕਿਲਾਂ ਵੀ ਸਹੇੜੀਆਂ। ਵਿਦੇਸ਼ੀਆਂ ਨਾਲ ਤਾਂ ਲੜਣਾ ਹੀ ਸੀ, ਆਪਣੇ ਹੁਕਮਰਾਨਾਂ ਨਾਲ ਵੀ ਲਗਾਤਾਰ ਲੜਾਈਆਂ ਹੁੰਦੀਆਂ ਰਹੀਆਂ। ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ (ਭੰਗਾਣੀ) ਆਪਣੇ ਪਹਾੜੀ ਹਾਕਮ ਭੀਮ ਚੰਦ ਨਾਲ ਹੀ ਹੋਈ ਸੀ।
ਇਹ ਲੜ੍ਹਾਈ ਪਹਿਲਾਂ ਔਰੰਗਜ਼ੇਬ ਤਕ ਪਹੁੰਚੀ ਅਤੇ ਫੇਰ ਪੂਰੀ ਇਕ ਸਦੀ ਤਕ ਸਿੱਖ ਲੜਦੇ ਰਹੇ। ਉਨ੍ਹਾਂ ਨੂੰ ਹਕੂਮਤ ਨੇ ਚੁਣ ਚੁਣ ਕੇ ਮਾਰਿਆ ਜਿਸ ਤੋਂ ਮਜਬੂਰ ਹੋ ਕੇ ਉਹ ਜੰਗਲਾਂ ਤਕ ਨੂੰ ਆਪਣਾ ਟਿਕਾਣਾ ਬਨਾਉਣਾ ਪਿਆ ਅਤੇ ਇਹ ਜੰਗ ਉਸ ਸਮੇਂ ਤਕ ਜਾਰੀ ਰਹੀ ਜਦ ਤਕ ਪੰਜਾਬ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਤ ਨਹੀਂ ਕਰ ਲਿਆ।
ਅੰਗਰੇਜ਼ ਆਏ ਤਾਂ ਉਨ੍ਹਾਂ ਵੀ ਸਿੱਖਾਂ ਨੂੰ ਮਾਰਸ਼ਲ ਕੌਮ ਮੰਨ ਲਿਆ ਅਤੇ ਵਿਦੇਸ਼ਾਂ ਤਕ ਉਨ੍ਹਾਂ ਨੂੰ ਲੜਣ ਲੈ ਗਏ। ਲੜਣ ਦੀ ਸ਼ਕਤੀ ਜਗੀਰਦਾਰੀ ਹੋਣ ਦਾ ਮਾਣ ਕਰਦੀ ਹੈ। ਅੰਗਰੇਜ਼ ਖ਼ੁਦ ਬਹੁਸੰਮਤੀ ਦੀ ਇੱਛਾ ਦਾ ਸਨਮਾਨ ਕਰਨ ਵਾਲੇ ਡੈਮੋਕਰੈਟ ਸਨ ਪਰ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਵਰਤਿਆ।
1925 ਵਿਚ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਜੋ ਗੁਰਦੁਆਰਾ ਕਨੂੰਨ ਬਣਿਆਂ, ਉਹ ਭਾਰਤ ਵਿਚ ਲੋਕਰਾਜ ਦੀ ਪਰੰਪਰਾ ਦਾ ਮੁੱਢ ਸੀ। ਹਰ ਬਾਲਗ ਸਿੱਖ, ਭਾਵੇਂ ਉਹ ਕਿਸੇ ਵੀ ਜ਼ਾਤ, ਲਿੰਗ ਦਾ ਸੀ, ਨੂੰ ਬਰਾਬਰ ਦੀ ਕੀਮਤ ਵਾਲੀ ਇਕ ਵੋਟ ਦੇਣ ਦਾ ਅਧਿਕਾਰ ਮਿਲਿਆ ਜਿਸ ਨੂੰ ਸਿੱਖਾਂ 80 ਸਾਲ ਤਕ ਵਰਤਿਆ ਹੈ ਪਰ ਸਿੱਖਾਂ ਦੇ ਨੇਤਾ ਭੱਵਿਖ ਦੀ ਰੂਪ ਰੇਖਾ ਨੂੰ ਸਮਝ ਹੀ ਨਹੀਂ ਸਕੇ।
ਉਹ ਆਪਣੀ ਬਹਾਦਰੀ, ਕੁਰਬਾਨੀ ਕਰਨ ਦੀ ਸਮਰਥਾ ਉਤੇ ਮਾਣ ਕਰਦੇ ਰਹੇ ਪਰ ਬਹੁਸੰਮਤੀ ਦੇ ਆ ਰਹੇ ਰਾਜ ਬਾਰੇ ਉਨ੍ਹਾਂ ਨੂੰ ਸੋਝੀ ਨਹੀਂ ਹੋਈ।
ਉਨ੍ਹਾਂ ਦੇ ਅੰਦੋਲਨ ਕਰਨ ਦੇ ਰਸਤੇ ਵੀ ਬਦਲੇ। ਨਤੀਜਾ 1947 ਦੀ ਆਜ਼ਾਦੀ ਰਹੀ-ਮੁਸਲਮਾਨਾਂ ਪਾਕਿਸਤਾਨ ਲੈ ਲਿਆ, ਹਿੰਦੂਆਂ ਦੀ ਬਹੁਸੰਮਤੀ ਦੇ ਨਤੀਜੇ ਵਜੋਂ ਹਿੰਦੁਸਤਾਨ ਬਣ ਗਿਆ, ਸਿੱਖਾਂ ਨੂੰ ਕੁਝ ਨਹੀਂ ਮਿਲਿਆ ਸਗੋਂ ਉਨ੍ਹਾਂ ਨੂੰ ਬਹੁਸੰਮਤੀ ਦੇ ਅਧੀਨ ਜੀਊਣ ਲਈ ਮਜ਼ਬੂਰ ਹੋਣਾ ਪਿਆ।
ਸਿੱਖ ਮਾਨਸਿਕਤਾ ਇਸ ਦੀ ਆਗਿਆ ਨਹੀਂ ਦਿੰਦੀ। ਉਹ ਆਪਣੀ ਮਨਮਰਜ਼ੀ ਦੇ ਰਾਜ ਲਈ ਬੇਚੈਨ ਹੈ ਅਤੇ ਸਿੱਖਾਂ ਦੇ ਨੇਤਾ ਇਸ ਬੇਚੈਨੀ ਦਾ ਲਾਭ ਉਠਾਉਂਦੇ ਹਨ। ਸਿੱਖ ਸਮਾਜ ਵਿਚ ਲੋਕ-ਰਾਜੀ ਚੇਤਨਾ ਭਰਨ ਦੀ ਥਾਂ ਸਿੱਖ ਨੇਤਾ ਆਪਣੀ ਕੌਮ ਦੀਆਂ ਅਤੀਤ ਵਿਚ ਕੀਤੀਆਂ ਕੁਰਬਾਨੀਆਂ ਅਤੇ ਬਹਾਦਰੀ ਦੇ ਸੋਹਲੇ ਗਾਈ ਜਾਂਦੇ ਹਨ, ਵਰਤਮਾਨ ਅਤੇ ਭੱਵਿਖ ਉਨ੍ਹਾਂ ਨੂੰ ਚੇਤੇ ਨਹੀਂ।
ਰਾਜ ਦੀਆਂ ਆਪਣੀਆਂ ਲੋੜਾਂ ਅਤੇ ਉਨ੍ਹਾਂ ਤੋਂ ਉਪਜੀਆਂ ਮਜ਼ਬੂਰੀਆਂ ਹੁੰਦੀਆਂ ਹਨ। ਕੋਈ ਵੀ ਰਾਜ ਆਪਣੇ ਨੂੰ ਟੁੱਟਣ ਨਹੀਂ ਦੇਣਾ ਚਾਹੁੰਦਾ। ਉਂਝ ਵੀ ਆਰਥਿਕ ਵਿਕਾਸ ਲਈ ਸ਼ਾਂਤੀ ਦੀ ਲੋੜ ਹੁੰਦੀ ਹੈ। ਰਾਜ ਆਪਣੀ ਧੌਂਸ ਵੀ ਬਣਾਈ ਰਖਣੀ ਚਾਹੁੰਦਾ ਹੈ ਪਰ ਸਿੱਖ, ਆਪਣੇ ਦਵੰਦ ਵਿਚ ਫਸੇ, ਰੋਜ਼ ਸਰਕਾਰ ਲਈ ਕੋਈ ਨਾ ਕੋਈ ਪ੍ਰੇਸ਼ਾਨੀ ਖੜੀ ਕਰੀ ਰਖਦੇ ਹਨ। ਮਿਸਾਲ ਵਜੋਂ ਦੇਸ਼ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ, ਭੱਵਿਖ ਲਈ ਸੰਵਿਧਾਨ ਬਣਾਇਆ ਜਾ ਰਿਹਾ ਹੈ ਪਰ ਸਿੱਖ ਪ੍ਰਤੀਨਿਧੀ ਉਸ ਦੇ ਦਸਤਖ਼ਤ  ਕਰਨੋਂ ਨਾਂਹ ਕਰ ਰਹੇ ਹਨ। ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਦੁਹਾਈ ਦਿੰਦਿਆਂ ਸਿੱਖ ਨੇਤਾ ਹਾਕਮਾਂ ਨੂੰ  ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ''ਦਿੱਲੀ ਚਲੋ" ਦਾ ਨਾਅਰਾ ਲਾਉਂਦੇ ਹਨ। ਦਿੱਲੀ ਜਾਂਦਿਆਂ ਫੜੇ ਜਾਂਦੇ ਹਨ ਤਾਂ ਸਰਕਾਰੀ ਵਧੀਕੀਆਂ ਦਾ ਰੋਣਾ ਰੋਂਦੇ ਹਨ।
ਨਿਤ ਨਵੇਂ ਮੋਰਚੇ!
ਇਕ ਮੰਗ ਪੂਰੀ ਹੁੰਦੀ ਨਹੀਂ, ਦੂਸਰੀ ਪਹਿਲਾਂ ਤਿਆਰ।
''ਨਹੀਂ ਮੰਨੋਗੇ ਤਾਂ ਮੋਰਚੇ ਲਾਵਾਂਗੇ: ਗ੍ਰਿਫ਼ਤਾਰੀਆਂ ਦਿਆਂਗੇ।"
ਰਾਜ ਇਸ ਮਾਨਸਿਕਤਾ ਨੂੰ ਸਵੀਕਾਰ ਨਹੀਂ ਕਰ ਸਕਦਾ। ਲੋਕਰਾਜ ਮੰਗ ਕਰਦਾ ਹੈ ਕਿ ਆਪਣੀਆਂ ਮੰਗਾਂ ਨੂੰ ਲੋਕਾਂ ਵਿਚ ਲੈ ਕੇ ਜਾਉ, ਉਨ੍ਹਾਂ ਨੂੰ ਵਿਸ਼ਵਾਸ਼ ਵਿਚ ਲਉ ਅਤੇ ਉਨ੍ਹਾਂ ਦਾ ਫਤਵਾ ਲੈ ਕੇ ਸਰਕਾਰ ਬਨਾਉ ਅਤੇ ਆਪਣੇ ਪ੍ਰੋਗਰਾਮ ਨੂੰ ਲਾਗੂ ਕਰੋ, ਆਪਣੀਆਂ ਮੰਗਾਂ ਪੂਰੀਆਂ ਕਰਵਾਉ  ਪਰ ਸਿੱਖ ਮਾਨਸਿਕਤਾ ਨੂੰ ਇਸ ਲਈ ਤਿਆਰ ਹੀ ਨਹੀਂ ਕੀਤਾ ਗਿਆ।
ਰਾਜ ਨਾਲ ਸਿੱਖਾਂ ਦੀ ਟੱਕਰ ਅਤੇ ਸਿੱਖਾਂ ਵਿਚ ਲੋਕਰਾਜੀ ਰੁੱਚੀਆਂ ਪ੍ਰਤੀ ਅਨਗਹਿਲੀ ਹੀ ਪੰਜਾਬ ਦੀਆਂ ਸੱਮਸਿਆਵਾਂ ਦਾ ਮੁੱਖ ਕਾਰਣ ਹਨ। ਰਾਜ ਯਾਨਿ ਸਥਾਪਤੀ ਤਬਦੀਲੀ ਲਈ ਸੰਵੇਦਨਸ਼ੀਲ ਨਹੀਂ ਹੁੰਦੀ ਸਗੋਂ ਉਹ ਇਸ ਦਾ ਵਿਰੋਧ ਕਰਦੀ ਹੈ ਪਰ ਰਾਜ ਜ਼ਰੂਰੀ ਬੁਰਾਈ ਹੈ। ਇਸ ਨੂੰ ਬਣਾਈ ਰਖਣ ਵਿਚ ਨਾਗਰਿਕਾਂ ਦਾ ਹਿੱਤ ਹੈ ਅਤੇ ਨਾਗਰਿਕਾਂ ਦੀ ਇੱਛਾ ਦਾ ਸਨਮਾਨ ਹੋਵੇ, ਇਸੇ ਲਈ ਲੋਕਰਾਜ ਦਾ ਨਿਰਮਾਣ ਹੋਇਆ ਹੈ।
ਲੋਕ-ਰਾਜ ਨਾਗਰਿਕਾਂ ਦਾ ਸਵੈਸ਼ਾਸਨ ਹੁੰਦਾ ਹੈ: ਨਾਗਰਿਕ ਆਪਣੇ ਵਿਚੋਂ, ਆਪਣੇ ਲਈ ਪ੍ਰਤੀਨਿਧ ਚੁਣ ਕੇ ਭੇਜਦੇ ਹਨ ਜੋ ਲੋਕ ਇੱਛਾ ਦਾ ਸਨਮਾਨ ਕਰਦਿਆਂ ਕਨੂੰਨ ਬਨਾਉਂਦੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਲਾਗੂ ਕਰਦਾ ਹੈ।
ਲੋਕ ਰਾਜ ਵਿਚ ਅੰਦੋਲਨਾਂ ਲਈ ਕੋਈ ਥਾਂ ਨਹੀਂ ਹੁੰਦੀ। ਸਭ ਕੁਝ ਲੋਕ ਰਾਇ ਨਾਲ ਹੀ ਹੁੰਦਾ ਹੈ। ਸਮੱਸਿਆਵਾਂ ਲਈ ਵੀ, ਉਨ੍ਹਾਂ ਦੇ ਹੱਲ ਲਈ ਵੀ ਲੋਕ-ਰਾਇ ਬਨਾਉਣੀ ਪੈਂਦੀ ਹੈ। ਪੰਜਾਬ ਦੀਆਂ ਸਮੱਸਿਆਵਾਂ ਇਸੇ ਹੀ ਰੌਸ਼ਨੀ ਵਿਚ ਹੱਲ ਹੋ ਸਕਦੀਆਂ ਹਨ ਪਰ ਅਫਸੋਸ! ਇਸ ਤੱਥ ਵਲ ਨਾ ਰਾਜ ਧਿਆਨ ਦਿੰਦਾ ਹੈ ਅਤੇ ਨਾ ਹੀ ਲੋਕ।
ਡਾਂਗ ਸੋਟੇ ਜਾਂ ਅੰਦੋਲਨਾਂ ਨਾਲ ਲੋਕ ਰਾਜ ਵਿਚ ਕੋਈ ਸਮੱਸਿਆ, ਛੋਟੀ ਜਾਂ ਵੱਡੀ, ਹੱਲ ਨਹੀਂ ਹੋ ਸਕਦੀ।
. ਗੁਰੂ ਗ੍ਰੰਥ ਸਾਹਿਬ .

ਪੂਰਬੀ ਧਰਮਾਂ ਵਿੱਚ ਬੁੱਧ ਧਰਮ, ਜੈਨ ਧਰਮ, ਹਿੰਦੂ ਧਰਮ ਅਤੇ ਸਿੱਖ ਧਰਮ ਸ਼ਾਮਲ ਹਨ। ਵਿਸ਼ਵ ਦੀ ਉਤਪਤੀ ਅਥਏ ਵਿਕਾਸ ਬਾਰੇ ਸਭ ਧਰਮਾਂ ਨੇ ਸੰਕਲਪ ਪੇਸ਼ ਕੀਤੇ। ਬੁੱਧ ਧਰਮ ਵਿੱਚ ਸ੍ਰਿਸ਼ਟੀ ਦਾ ਕੋਈ ਕਰਤਾ ਨਹੀਂ ਮੰਨਿਆ ਗਿਆ ਕਿਉਂ ਕਿ ਬੁੱਧ ਮੱਤ ਈਸ਼ਵਰ ਦੀ ਹੋਂਦ ਤੋਂ ਹੀ ਮੁਨਕਰ ਹੈ। ਜੈਨ ਧਰਮ ਨੇ ਪੁਦਜਗਲ ਦਾ ਸਿਧਾਂਤ ਪੇਸ਼ ਕੀਤਾ ਅਤੇ ਵਿਗਿਆਨਕ ਤਰਕ ਦਾ ਆਸਰਾ ਲਿਆ। ਹਿੰਦੂ ਧਰਮ ਵਿੱਚ ਅਨੇਕ ਭਾਂਤ ਦੇ ਸੰਕਲਪ ਪੇਸ਼ ਹੋਏ ਹਨ। ਸਾਂਖ ਸ਼ਾਸਤਰ ਵਿੱਚ ਪੁਰਖ ਅਤੇ ਪ੍ਰਕ੍ਰਿਤੀ ਦਾ ਸਿਧਾਂਤ ਪੇਸ਼ ਕੀਤਾ ਗਿਆ ਹੈ। ਪੁਰਖ ਅਤੇ ਪ੍ਰਕ੍ਰਿਤੀ ਦੋਵੇਂ ਹੀ ਅਨਾਦੀ ਮੰਨੇ ਗਏ ਹਨ ਅਥੇ ਦੋਨਾਂ ਦੇ ਮੇਲ ਤੋਂ ਹੀ ਸ੍ਰਿਸ਼ਟੀ ਰਚਨਾ ਹੋਈ ਹੈ। ਗੁਰਮਤਿ ਅਨੁਸਾਰ ਸ੍ਰਿਸ਼ਟੀ ਰਚਨਾ ਦਾ ਕਾਰਣ ਕਰਤਾ ਪੁਰਖ ਆਪ ਹੀ ਹੈ ਅਤੇ ਕੇਵਲ ਕਰਤਾ ਪੁਰਖ ਹੀ ਅਨਾਦੀ ਹੈ।
ਸਿੱਖ ਧਰਮ ਪੂਰਬੀ ਧਰਮਾਂ ਦੀ ਲੜੀ ਵਿੱਚ ਸ਼ਭ ਤੋਂ ਵਧੇਰੇ ਮੌਲਿਕ ਅਤੇ ਇਨਕਲਾਬੀ ਵਿਚਾਰਧਾਰਾ ਦਾ ਸਮਰਥਕ ਹੈ। ਇਸਦੇ ਬਾਨੀ ਗੁਰੂ ਨਾਨਕ ਸਾਹਿਬ ਆਪਣੀ ਰਚਨਾ ਵਿੱਚ ਪੁਰਾਤਨ ਧਰਮਾਂ ਦੇ ਸਿਧਾਂਤਾ ਦਾ ਖੰਡਨ-ਮੰਡਨ ਕਰਦੇ ਹਨ ਅਤੇ ਇਹਨਾਂ ਉਪਰ ਆਲੋਚਨਾ ਅਤੇ ਕਟਾਖਸ ਵੀ ਕਰਦੇ ਹਨ। (ਆਸਾ ਦੀ ਵਾਰ) (ਸਿਧ ਗੋਸਟਿ) ਅਤੇ ਹੋਰ ਬਾਣੀਆਂ ਵਿੱਚ ਗੁਰੂ ਸਾਹਿਬ ਦੀਆਂ ਟਿੱਪਣੀਆਂ ਅਤੇ ਦਲੀਲਾਂ ਬੜੇ ਵਿਗਿਆਨਕ ਤਰਕ ਨਾਲ ਅੰਕਿਤ ਹਨ। ਹਵਾਲੇ ਲਈ ਕੁਝ ਉਦਾਹਰਣਾਂ ਹੇਠ ਦਰਜ ਹਨ...
ਜੋ ਕੋ ਬੂਝੈ ਹੋਵੇ ਸਚਿਆਰੁ।। ਧਵਲੈ ਉਪਰਿ ਕੇਤਾ ਭਾਰੁ।।
ਧਰਤੀ ਹੋਰੁ ਪਰੈ ਹੋਰੁ ਹੋਰੁ। ।ਤਿਸ ਤੇ ਭਾਰੁ ਤਲੈ ਕਵਣੁ ਜੋਰੁ।। (ਜਪੁਜੀ ਸਾਹਿਬ)
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰ।।
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।।
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।।
ਵਖਤੁ ਨ ਪਾਈਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।।
ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈਸੋਈ।। (ਜਪੁਜੀ ਸਾਹਿਬ)
ਆਦਿ ਕਉ ਕਵਨੁ ਬੀਚਾਰੁ ਕਥੀਅਲੇ
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ।। (ਸਿਧ ਗੋਸ਼ਟਿ)
ਸਿੱਖ ਧਰਮ ਦੀ ਵਿਗਿਆਨਕ ਵਿਚਾਰਧਾਰਾ
ਆਦਿ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦਾ ਮਨੋਰਥ ਧਰਤੀ ਉਪਰ ਗੁਰਮੁਖ ਪੈਦਾ ਕਰਨਾ ਹੈ। ਗੁਰਮੁਖ ਇਸ ਆਦਰਸ਼ਕ ਮਨੁੱਖ ਹੈ ਜਿਸ ਦਾ ਮਾਡਲ ਸਿੱਖ ਧਰਮ ਨੇ ਪੇਸ਼ ਕੀਤਾ। ਗੁਰਮੁਖ ਜੀਵਨ ਦੀ ਘਾਤਤ ਬਾਣੀ ਵਿੱਚ ਦੱਸੇ ਮਾਰਗ ਉਤੇ ਚੱਲ ਕੇ ਸੰਭਵ ਹੈ। ਸਿਧ ਗੋਸਟਿ ਅਤੇ ਹੋਰ ਬਾਣੀਆਂ ਵਿੱਛ ਗੁਰਮੁਖਾਂ ਪਦ ਦੀ ਵਿਆਖਿਆ ਮਿਲਦੀ ਹੈ।
ਸਿੱਖ ਧਰਮ ਦੀ ਵਿਚਾਰਧਾਰਾ ਅੰਧ-ਵਿਸ਼ਵਾਸ ਦੀ ਵਿਰੋਧਤਾ ਕਰਦੀ ਹੈ। ਰੂੜੀਵਾਦੀ ਪਰੰਪਰਾਗਤ ਭਾਰਤੀ ਧਰਮਾਂ ਦੇ ਵਹਿਮਾਂ ਭਰਮਾਂ ਦੇ ਜਾਲ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ਵਿੱਚ ਖੰਡਨ ਅਤੇ ਮੰਡਨ ਵਿਧੀ ਦੀ ਵਰਤੋਂ ਬੜੀਆਂ ਠੋਸ ਵਿਗਿਆਨਕ ਦਲੀਲਾਂ ਉਪਰ ਅਧਾਰਿਤ ਹੈ। ਜਪੁਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸਟਿ ਅਤੇ ਮਾਰੂ ਸੋਹਲੇ ਦੀਆਂ ਬਾਣੀਆਂ ਵਿੱਚ ਆਪ ਦਾ ਚਿੰਤਨ ਪ੍ਰਾਕ੍ਰਿਤੀ ਦੇ ਗੁਹਜ ਭੇਦਾਂ ਨੂੰ ਉਘਾਰਦਾ ਹੈ। ਇਹ ਭੇਦ ਅਤੇ ਇਹਨਾਂ ਉਪਰ ਆਧਾਰਿਤ ਤੱਥ ਅਠਾਰਵੀਂ ਸਦੀ ਤੱਕ ਆਧੁਨਿਕ ਵਿਗਿਆਨ ਦੀ ਕਲਪਨਾ ਤੋਂ ਬਾਹਰ ਸਨ। ਸਿੱਖ ਵਿਚਾਰਧਾਰਾ ਨੂੰ ਜੇਕਰ ਵਿਗਿਆਨਕ ਪ੍ਰਪੰਰਾ ਲਈ ਗਾਡੀ-ਰਾਹ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਯੂਰਪ ਵਿੱਚ ਸੋਲਵੀਂ ਸਦੀ ਨੂੰ ਪੁਨਰ-ਸੁਰਜੀਤੀ ਦਾ ਯੁੱਗ ਕਿਹਾ ਜਾਂਦਾ ਹੈ, ਜਿਸ ਦੌਰਾਨ ਆਧੁਨਿਕ ਵਿਗਿਆਨ ਦਾ ਦੌਰ ਸ਼ੁਰੂ ਹੁੰਦਾ ਹੈ। ਪਰੰਤੂ ਬੜੇ ਅਚੰਭੇ ਦੀ ਗੱਲ ਹੈ ਕਿ ਸਿੱਖ ਧਰਮ ਦੀ ਮੌਲਿਕ ਵਿਚਾਰਧਾਰਾ ਕਿਸੇ ਵਿਗਿਆਨਕ ਪਰੰਪਰਾ ਨੂੰ ਜਨਮ ਨਾ ਦੇ ਸਕੀ ਇਸ਼ ਤੱਥ ਦੀ ਪੜਚੋਲ ਕਰਨੀ ਬਣਦੀ ਹੈ।
ਆਧੁਨਿਕ ਵਿਗਿਆਨ ਨੇ ਸਦੀਆਂ ਦੀ ਖੋਜ ਉਪਰੰਤ ਬ੍ਰਹਿਮੰਡ ਦੀ ਰਚਨਾ ਦਾ ਜੋ ਮਾਡਲ ਘੜਿਆ ਹੈ, ਉਹ ਸਿੱਖ ਵਿਚਾਰਧਾਰਾ ਨਾਲ ਇੰਨਬਿੰਨ ਮੰਲ ਖਾਂਦਾ ਹੈ। ਭਾਵੇਂ ਗੁਰੂ ਸਾਹਿਬ ਵਿਗਿਆਨੀਆਂ ਵਾਂਗ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਪਏ ਪਰੰਤੂ ਬ੍ਰਹਿਮੰਡ ਰਚਨਾ ਤੋਂ ਪਹਿਲਾਂ ਜੁਗਾਦਿ, ਰਚਨਾ ਦੇ ਆਦਿ ਅਤੇ ਪਸਾਰੇ ਬਾਰੇ ਜੋ ਸੰਕਲਪ ਪੇਸ਼ ਕੀਤੇ ਹਨ, ਉਹ ਵਿਗਿਆਨਕ ਤੱਥਾਂ ਨਾਲ ਮੇਲ ਖਾਂਦੇ ਹਨ।
 (ਡਾ. ਹਰਦੇਵ ਸਿੰਘ ਵਿਰਕ)
   ਸੱਚ ਦਾ ਮਾਰਤੰਡ  . 
ਸਿੱਖ ਜਥੇਬੰਦੀ ਦੇ ਮਹਾਨ ਨਿਰਮਾਤਾ
ਸ੍ਰੀ ਗੁਰੂ ਅਮਰਦਾਸ ਜੀ
ਗੁਰੂ ਅਮਰਦਾਸ ਜੀ ਦੀ ਜਨਮ 5 ਮਈ 1479 ਮਿਥਿਆ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੋਖ ਕਰਕੇ 11 ਮਈ 1479 ਦਾ ਜਨਮ ਸਿੱਧ ਕੀਤਾ ਹੈ। ਆਪ ਦਾ ਜਨਮ ਪਿੰਡ ਬਾਸਰਕੇ ਜਿਲਾ ਅੰਮ੍ਰਿਤਸਰ ਵਿਖੇ ਭੱਲਾ ਖੱਤਰੀ ਤੇਜ ਭਾਨ ਅਤੇ ਮਾਤਾ ਬੀਬੀ ਲੱਖੋ (ਸੁਲੱਖਣੀ) ਦੀ ਕੁੱਖੋਂ ਹੋਇਆ। ਆਪ ਧਏ ਦਾਦਾ ਜੀ ਦਾ ਨਾਂ ਹਰਿ ਜੀ ਸੀ। 29 ਮਾਰਚ 1552 ਨੂੰ ਗੁਰਗੱਦੀ ਉਤੇ ਬਿਰਾਜਮਾਨ ਹੋਏ। ਆਪ ਜੀ ਦਾ ਵਿਆਹ 23 ਵਰਿਆਂ ਦੀ ਉਮਰ ਵਿੱਚ 1502 ਨੂੰ ਰਾਮੇ (ਰਾਮ ਕੌਰ) ਜੀ ਨਾਲ ਹੋਇਆ। ਆਪ ਦੇ ਘਰ ਪੁੱਤਰ ਮੋਹਨ ਅਤੇ ਮੋਹਰੀ,ਦੋ ਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਨੇ ਜਨਮ ਲਿਆ। ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ। ਪਹਿਲਾਂ ਇਹ ਹਰਿਦੁਆਰ ਦੀ ਯਾਤਰਾ ਉਤੇ ਜਾਂਦੇ ਸਨ, ਮਗਰੋਂ ਸੰਮਤ 1606 ਵਿੱਚ ਗੋਇੰਦਵਾਲ ਸਾਹਿਬ ਵਸਾਇਆ। ਹਰਿਦੁਆਰ ਦੀ ਵੀਹਵੀਂ ਯਾਤਰਾ ਤੋਂ ਮੁੜੇ ਅਤੇ ਇਕ ਸਾਧੂ ਨਾਲ ਭੇਟ ਹੋਈ। ਉਸ ਸਾਧੂ ਨੇ ਆਪ ਨੂੰ ਗੁਰੂ ਧਾਰਨ ਦੀ ਪ੍ਰੇਰਨਾ ਦਿਤੀ। ਬੀਬੀ ਅਮਰੋ (ਗੁਰੂ ਅੰਗਦ ਦੇਵ ਜੀ ਦੀ ਪੁੱਤਰੀ) ਬਾਣੀ ਦਾ ਪਾਠ ਕਰਦੀ ਸੀ ਅਤੇ ਸ਼ਬਦ ਪੜ ਰਹੀ ਸੀ...
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।। (990)
ਬੀਬੀ ਨੂੰ ਪ੍ਰੇਰਕੇ ਨਾਲ ਲੈ ਕੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਪੁੱਜੇ। ਆਪ ਜੀ ਤੋਂ ਉਮਰ ਵਿੱਚ ਛੋਟੇ, ਰਿਸ਼ਤੇ ਵਿੱਚ ਕੁੜਮ ਗੁਰੂ ਅੰਗਦ ਸਾਹਿਬ ਨੂੰ ਗੁਰੂ ਧਾਰਨ ਕੀਤਾ ਅਤੇ ਉਹਨਾਂ ਦੀ ਸੇਵਾ ਵਿੱਚ ਜੁੱਟ ਗਏ। ਗੁਰ-ਪਦਵੀ ਦੀ ਜਿੰਮੇਵਾਰੀ ਭਾਈ ਜੇਠਾ ਜੀ ਨੂੰ 1570 ਈ. ਨੂੰ ਸੌਪੀ। ਆਪ ਦੇ ਗੁਰੂ ਗਰੰਥ ਸਾਹਿਬ ਵਿੱਚ 907 ਸਲੋਕ-ਸ਼ਬਦ ਅੰਕਿਤ ਹਨ। ਗੁਰੂ ਜੀ ਨੇ ਸਤੰਬਰ 1574 ਈ. ਨੂੰ ਆਪਣਾ ਪੰਜ ਭੌਤਿਕ ਸ਼ਰੀਰ ਤਿਆਗ ਦਿੱਤਾ।
ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਇਤਿਹਾਸ ਵਿੱਚ ਮਹਾਨ ਵਿਸ਼ੇਸ਼ਤਾ ਰੱਖਦਾ ਹੈ। ਬਹੱਤਰ ਵਰੇ ਦੀ ਆਯੂ ਵਿੱਚ ਸਿੱਛ ਜਥੇਬੰਦੀ ਦੇ ਆਗੂ ਅਤੇ ਮੁੱਖੀ ਹੋਣ ਦੇ ਨਾਤੇ ਇਹਨਾਂ ਨੇ ਉਹ ਕਰਾਮਾਤੀ ਚਮਤਕਾਰ ਕਰ ਵਿਖਾਇਆ, ਜਿਸ ਦੀ ਸੰਸਾਰ ਦੇ ਇਤਿਹਾਸ ਵਿੱਚ ਉਦਾਹਰਣ ਮਿਲਣੀ, ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ।
ਗੁਰੂ ਨਾਨਕ ਦੀ ਜੋਤ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ, ਬੀਬੀ ਅਮਰੋ ਜੀ ਨੂੰ ਨਾਲ ਲੈ ਜਾਣ ਲਈ ਪ੍ਰੇਰ ਲਿਆ। ਬੀਬੀ ਜੀ ਕੁਝ ਸਾਥਣਾਂ ਸਣੇ ਗੁਰਦੇਵ ਪਿਤਾ ਜੀ ਨੂੰ ਜਾ ਮਿਲੇ ਅਤੇ ਬਾਬਾ ਅਮਰਦਾਸ ਥੋੜੀ ਵਿੱਥ ਉੱਤੇ ਬਾਹਰ ਖੜੋ ਗਏਗੁਰੂ ਪਿਤਾ ਨੇ ਬੇਟੀ ਨੂੰ ਪੁੱਛਿਆ, ਬੇਟੀ ਸਾਥੀ ਨੂੰ ਬਾਹਰ ਕਿਉਂ ਛੱਡ ਆਈ ਹੈ, ਇਹ ਅਸਚਰਜ ਬਚਨ ਜਦੋਂ ਅਮਰਦਾਸ ਜੀ ਨੇ ਸੁਣੇ ਤਾਂ ਉਹ ਗੱਦ-ਗੱਦ ਹੋ ਗਏ ਅਤੇ ਪੂਰੇ ਗੁਰੂ ਨੂੰ ਅਗਮ ਨਿਗਮ ਦੀ ਜਾਣਕਾਰੀ ਹੋਣ ਤੋਂ ਪ੍ਰਭਾਵਤ ਹੋਏ ਤਾਂ ਚਰਨਾਂ ਉਤੇ ਜਾ ਸੀਸ ਨਿਵਾਇਆ। ਗੂਰ ਅੰਗਦ ਜੀ ਭਰ ਜੁਆਨੀ ਦੇ 36 ਕੁ ਵਰਿਆਂ ਦੇ ਯੁਵਕ ਮਸਤਕ ਉਤੇ ਨੂਰ ਦੱਗ-ਦੱਗ ਕਰਦਾ, ਅੱਖਾਂ ਵਿੱਚ ਨਾਮ ਖੁਮਾਰੀ, ਰਸਨਾ ਵਿੱਚ ਕੋਮਲ ਮਧੁਰਤਾ, ਮਿਠਾਸ ਦੇ ਦਰਸ਼ਨ ਕਰਕੇ ਬਾਬੇ ਅਮਰਦਾਸ ਦਾ ਤਨ ਮਨ ਸੀਤਲ ਹੋ ਗਿਆ। ਬ੍ਰਹਮ ਬਾਣੀ ਦੀ ਗੂੰਜ ਮਨ ਵਿੱਚ ਗੂੰਜਣ ਲੱਗੀ....
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ।। (917)
ਪਿਛੋਂ ਇਹ ਸੰਪੂਰਨ ਰਾਗ ਰਾਮਕਲੀ ਅਨੰਦ 40 ਪਉੜੀਆਂ ਦੀ ਬਾਣੀ ਗੁਰੂ ਅਮਰਦਾਸ ਜੀ ਦੀਆਂ ਮਹਾਨ ਰਚਨਾਵਾਂ ਵਜੋਂ ਜਾਣੀ ਗਈ। ਇਥੋਂ ਤੱਕ ਮਦਬੂਲ ਹੋਇ ਕਿ ਹਰ ਦੀਵਾਨ ਦੀ ਸਮਾਪਤੀ ਤੇ ਉਚਾਰਨ ਦਾ ਇਕ ਜ਼ਰੂਰੀ ਅੰਗ ਬਣ ਗਈ। ਗੁਰੂ ਅੰਗਦ ਦੇਵ ਜੀ ਕੋਈ ਸਾਧਾਰਨ ਗੁਰੂ-ਵਿਆਕਤੀ ਨਹੀਂ ਸਨ। ਚਤਿਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਆਤਮਦਰਸ਼ੀ ਅਤੇ ਵਿਦਿਆ ਦੇ ਮਾਰਤੰਡ ਦੀ ਪਰਖ ਵਿੱਚ ਪੂਰਾ ਉਤਰਨਾ, ਜਿਸ ਦਰਬਾਰ ਵਿੱਚ ਮਹਾਨ ਤਪੀਸਵਰ ਅਤੇ ਗੁਰੂ ਅੰਸ਼ ਬਾਬਾ ਸ੍ਰੀ ਚੇਦ ਜੀ, ਗੁਰਮੁਖ ਪਿਆਰੇ ਸਾਹਿਬ ਬਾਬਾ ਬੁੱਢਾ ਜੀ ਵਰਗੇ ਦਾਨੇ ਪੁਰਸ਼, ਭਾਈ ਲਾਲੋ ਵਰਗੇ ਸਭ ਗੁਣਾਂ ਦੇ ਧਾਰਨੀ ਅਤੇ ਸਿੱਖੀ ਦੇ ਪ੍ਰਚਾਰਕ ਆਦਿ ਤੋਂ ਸਿਰ-ਕੱਢ ਹੋ ਨਿੱਤਰਨਾ ਇਹ ਗੁਰੂ ਅੰਗਦ ਦੇਵ ਜੀ ਦੇ ਹਿੱਸੇ ਵਿੱਚ ਆਇਆ ਸੀ। ਉਹ ਉਹਨਾਂ ਗੁਣਾਂ ਦੇ ਭੰਡਾਰ ਸਨ ਜੋ ਕਰੋੜਾਂ ਵਿੱਚੋਂ ਇਕ ਨੂੰ ਪ੍ਰਭੂ ਦੀ ਬਖਿਸ਼ਸ਼ ਕਾਰਨ ਪ੍ਰਾਪਤ ਹੁੰਦੇ ਹਨ।
ਬਾਬੇ ਅਮਰਦਾਸ ਅੰਦਰ ਧਰਮ ਦੀ ਦੇਗ ਤਾਂ ਕਾਫੀ ਸਮੇਂ ਤੋਂ ਰਿੱਝ ਰਹੀ ਸੀ ਪਰ ਉਸ ਦੇ ਪਕਾਉਣ ਲਈ ਗੁਰੂ ਅੰਗਦ ਦੇਵ ਜੀ ਦੀ ਮਹਾਨ ਆਤਮਾ ਦੀ ਛੋਹ ਪ੍ਰਾਪਤ ਕਰਨੀ ਜ਼ਰੂਰੀ ਸੀ।
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ।।
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ।। (ਸਲੋਕ ਕਬੀਰ ਜੀ ਪੰਨਾ (1314)
ਬਾਬਾ ਅਮਰਦਾਸ ਜੀ ਖਡੂਰ ਸਾਹਿਬ ਦੇ ਵਾਸੀ ਹੋ ਗਏ, ਗੁਰੂ ਭਗਤੀ ਅਤੇ ਸੇਵਾ ਵਿੱਚ ਜੁੱਟ ਗਏ। ਸੁੱਧ-ਬੁੱਧ ਦਾ ਪ੍ਰਚੰਡ ਪ੍ਰਕਾਸ਼ ਅਮਰਦਾਸ ਜੀ ਦੇ ਹਿਰਦੇ ਵਿੱਚ ਹੋ ਗਿਆ। ਗੁਰੂ ਦੇ ਚਰਨ ਗੰਗਾ ਮਈਆ ਹੋ ਨਿਬੜੇ ਅਤੇ ਬਾਰਾਂ ਸਾਲ ਸਵੇਰੇ ਦੋ ਵਜੇ ਬਿਆਸ ਤੋਂ ਜਲ ਦੀ ਗਾਗਰ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਭਰ ਲਿਆਉਂਦੇ। ਰਸਤੇ ਵਿੱਚ ਥਕਾਵਟ ਦੂਰ ਕਰਨ ਲਈ ਇਕ ਪੜਾਅ ਕਰ ਲੈਂਦੇ ਅਤੇ ਮੰਜ਼ਲ ਵੱਲ ਚਾਲੇ ਪਾ ਦੇਂਦੇ।
ਇਕ ਕਾਲੀ ਬੋਲੀ ਰਾਤ ਝੱਖੜ ਅਤੇ ਮੀਂਹ ਦੀ ਮਾਰ ਕਾਰਨ ਖਡੂਰ ਪੁੱਜ ਕੇ ਪੈਰ ਤਿਲਕ ਗਿਆ ਜੋ ਜੁਲਾਹੇ ਦੀ ਕਿੱਲੀ ਨਾਲ ਜਾ ਅਟਕਿਆ। ਠੇਡਾ ਖਾਧਾ ਅਤੇ ਡਿੱਗ ਪਏ, ਪਰ ਗਾਗਰ ਸਾਂਭੀ ਰਖੀ। ਖੜਾਕ ਸੁਣਕੇ ਜੁਲਾਹੇ ਨੇ ਆਪਣੀ ਇਸਤਰੀ ਨੂੰ ਪੁੱਛਿਆ, ਇਸ ਸਮੇਂ ਕੌਣ ਉਹਨਾਂ ਦੀ ਖੱਡੀ ਵਿੱਚ ਗਿਰਿਆ ਹੈ, ਜੁਲਾਹੀ ਜਾਣਦੀ ਸੀ- ਆਫਣ ਲੱਗੀ, ਹੋਵੇਗਾ ਉਹ ਅਮਰੂ ਨਿਥਾਵਾਂ, ਜਿਸ ਨੂੰ ਨਾ ਦਿਨੇ ਚੈਨ,ਨਾ ਰਾਤ ਚੈਨ। ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਵਾਰਤਾ ਸੁਣੀ ਤਾਂ ਉਹ ਗੱਦ-ਗੱਦ ਹੋ ਗਏ ਅਤੇ ਬਾਬੇ ਅਮਰਦਾਸ ਨੂੰ ਜੱਫੀ ਵੱਚ ਲੈ ਕੇ ਇਉਂ ਫੁਰਮਾਇਆ,ਅਮਰਦਾਸ ਨਿਥਾਵਿਆਂ ਦਾ ਥਾਵ,ਅਮਰਦਾਸ ਨਿਆਸਰਿਆਂ ਦਾ ਆਸਰਾ, ਅਮਰਦਾਸ ਨਿਪੱਤਿਆਂ ਦੀ ਪਤਿ, ਅਤੇ ਕਲੂ ਕਾਲ ਦੇ ਮਹਾਨ ਤਾਰਕ ਗੁਰੂ ਅਮਰਦਾਸ ਦੀ ਅੰਦਰਲੀ ਜੋਤ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਹੋਈ ਜੋਤ ਨਾਲ ਰੋਸ਼ਨ ਕਰ ਦਿੱਤੀ ਜੋ ਗੁਰੂ ਅਮਰਦਾਸ ਜੀ ਤੀਜਾ ਨਾਨਕ ਪ੍ਰਗਟਿਆ
ਆਪ ਗੋਇੰਦਵਾਲ ਦੀ ਉਸਾਰੀ ਸਮੇਂ ਵੀ ਗੁਰੂ ਅੰਗਦ ਦੇਵ ਜੀ ਲਈ ਨਿੱਤ ਗਾਗਰ ਪਾਣੀ ਦੀ ਬਿਆਸ ਵਿੱਚੋਂ ਲੈ ਕੇ ਖਡੂਰ ਸਾਹਿਬ ਗੁਰੂ ਜੀ ਦੇ ਇਸ਼ਨਾਨ ਲਈ ਲਿਜਾਂਦੇ ਰਹੇ। ਗੁਰੂ ਅੰਗਦ ਸਾਹਿਬ ਜੀ ਦਾ ਜਦੋਂ ਬ੍ਰਹਮ ਜੋਤ ਵਿੱਚ ਲੀਨ ਹੋਣ ਦਾ ਸਮਾਂ ਨੇੜੇ ਪੁੱਜਾ ਤਾਂ ਉਹਨਾਂ ਨੇ 29 ਮਾਰਚ 1552 ਈ. ਨੂੰ ਆਪਣੇ ਸਿੰਘਾਸਣ ਉਤੇ ਬਾਬਾ ਅਮਰਦਾਸ ਜੀ ਨੂੰ ਸ਼ੁਸ਼ੋਭਿਤ ਕਰ ਦਿਤਾ। ਬਾਬਾ ਬੁੱਢਾ ਜੀ ਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਗੁਰੂ ਅਮਰਦਾਸ ਜੀ ਨੂੰ ਮੱਥੇ ਉੱਤੇ ਕੇਸਰ ਦਾ ਤਿਲਕ ਲਾ ਕੇ ਗੁਰੂ ਅੰਗਦ ਦੇਵ ਜੀ ਵੱਲੋਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਅਸਥਾਪਨ ਕੀਤਾ। ਗੁਰੂਗੱਦੀ ਨਿਰੰਕਾਰ ਦੀ ਬਖਸ਼ਿਸ਼ ਹੈ- ਵਿਰਾਸਤ ਨਹੀਂ। ਗੁਰੂ ਅੰਗਦ ਦੇਵ ਜੀ ਦੇ ਦੋਵੇਂ ਸਪੁੱਤਰ ਦਾਸੂ ਜੀ ਅਤੇ ਦਾਤੂ ਜੀ ਗੁਰ-ਗੱਦੀ ਤੋਂ ਵਾਝੇਂ ਰਹਿ ਗਏ।
ਗੁਰਸਿੱਖੀ ਵਿੱਚ ਗੁਰੂ ਦੇ ਚਰਨ ਹੀ ਮਹਾਨ ਤੀਰਥ ਹਨ। ਗੁਰੂ ਅਮਰਦਾਸ ਜੀ ਨੇ ਹਰਿਦੁਆਰ ਦੀਆਂ ਯਾਤਰਾਵਾਂ ਸਮੇਂ ਅਨੁਭਵ ਕਰ ਲਿਆ ਸੀ ਕਿ ਇਹਨਾਂ ਤੀਰਥਾਂ ਨੂੰ ਕਿਵੇਂ ਵਿਉਪਾਰ ਦੇ ਮਦ-ਰੱਤੇ ਪਾਂਡੇ ਵਰਤ ਰਹੇ ਹਨ। ਗੁਰੂ ਅਰਜਨ ਸਾਹਿਬ ਨੇ ਵੀ ਤੀਰਥਾਂ ਦਾ ਨਕਸ਼ਾ ਗੁਰਬਾਣੀ ਵਿੱਟ ਇਉਂ ਖਿੱਚਿਆ ਹੈ....
ਤੀਰਥ ਜਾਉ ਤ ਹਉ ਹਉ ਕਰਤੇ।। ਪੰਡਿਤ ਪੂਛਉ ਤ ਮਾਇਆ ਰਾਤੇ।।
ਸੋ ਅਸਥਾਨੁ ਬਤਾਵਹੁ ਮੀਤਾ।। ਜਾ ਕੈ ਹਰਿ ਹਰਿ ਕੀਰਤਨ ਨੀਤਾ।। (385)
ਗੁਰੂ ਅਮਰਦਾਸ ਜੀ ਸੱਚੇ ਸੁੱਚੇ ਤੀਰਥ ਦਾ ਇਉਂ ਵਰਣਨ ਕਰਦੇ ਹਨ....
ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ।।
ਸੇਵਕ ਗੁਰਮੁਖਿ ਖੋਜਿਆ ਸੇਹੰਸੁਲੇ ਨਾਮੁ ਲਹੰਨਿ।। (2)
ਨਾਮੁ ਧਿਆਇਨਿ ਰੰਗ ਸਿਉ ਗੁਰਮੁਖਿ ਨਾਮਿ ਲਗੰਨਿ।।
ਧੁਰਿ ਪੂਰਬਿ  ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨਿ।। (757)
ਸਿੱਖ ਧਰਮ ਵਿੱਚ ਤੀਰਥ ਯਾਤਰਾ ਦੀ ਕੋਈ ਮਹਾਨਤਾ ਨਹੀਂ। ਸਿੱਖ ਗੁਰੂਆਂ ਦੇ ਗੁਰਧਾਮਾਂ ਦੀ ਮਹਾਨਤਾ ਉਥੇ ਚਲ ਰਹੇ ਨਾਮ ਬਾਣੀ ਦੇ ਪ੍ਰਵਾਹ ਅਤੇ ਆਏ ਗਏ ਯਾਤਰੀ ਦੀ ਲੰਗਰ ਰਿਹਾਇਸ਼ ਦੀ ਸੇਵਾ ਕਰਕੇ ਹੀ ਹੈ। ਉਹਨਾਂ ਅਸਥਾਨਾਂ ਨਾਲ ਸਬੰਧਿਤ ਬਜੁਰਗਾਂ ਅਤੇ ਸੂਰਮਿਆਂ ਦੀ ਯਾਦ ਜੇਕਰ ਮਨ ਨੂੰ ਪ੍ਰੇਰਨਾ ਦੇਵੇ ਤਾਂ ਹੀ ਉਥੇ ਜਾਣ ਦਾ ਲਾਭ ਹੈ, ਨਹੀਂ ਤਾਂ ਅੱਠਸੱਠ ਤੀਰਥ ਅੱਗੈ ਮੌਜੂਦ ਸਨ। ਪਰ ਉਹ ਧਾਰਮਿਕ ਅਤੇ ਸਮਾਜਿਕ ਪ੍ਰੇਰਨਾ ਤੋਂ ਸੱਖਣੇ ਹੁੰਦੇ ਜਾ ਰਹੇ ਸਨ ਤਾਂ ਗਰੂ ਅਮਰਦਾਸ ਜੀ ਨੇ ਬਾਵਲੀ ਸਾਹਿਬ ਦੇ ਤੀਰਥ ਦੀ ਯੋਜਨਾ ਬਣਾਈ। ਹਰ ਮਨੁੱਖ ਭਾਵੇਂ ਕਿਤਨਾ ਗਿਆਨੀ ਹੋਵੇ, ਉਸਦੇ ਮਨ ਉਤੇ ਚੰਗੇ ਅਸਥਾਨ, ਉਥੋਂ ਦੇ ਸਵੱਛ ਅਤੇ ਧਾਰਮਿਕ ਵਾਤਾਵਰਨ ਮਨ ਨੂੰ ਉਤਸ਼ਾਹ ਅਤੇ ਪ੍ਰੇਰਨਾ ਦੇ ਕੇ ਪ੍ਰਭੂ ਚਰਨਾਂ ਨਾਲ ਜੋੜਦੇ ਹਨ। ਨਹੀਂ ਤਾਂ ਇਕ ਮੱਚ ਦੇ ਧਾਰਨੀਆਂ ਦੇ ਦੂਜੀ ਧਾਰਨਾ ਰੱਖਣ ਵਾਲਿਆਂ ਦੇ ਤੀਰਥ ਕਿਵੇਂ ਉੱਤਮ ਗਿਣੇ ਜਾ ਸਕਦੇ ਹਨ।
ਤੀਰਥਿ ਨਾਵਣ ਜਾਉ ਤਾਰਥੁ ਨਾਮੁ ਹੈ।। (687)
ਆਓ ਇਸ ਮਹਾਨ ਵਾਕ ਨੂੰ ਵਿਚਾਰਿਏ। ਤੀਰਥ ਸਾਡੇ ਅੰਦਰ ਹੈ, ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨਕਰਨ ਨਾਲ ਹੀ ਮਨ ਪਵਿੱਤਰ ਹੁੰਦਾ ਅਤੇ ਮਨੂਰ ਮਨ ਕੰਚਨ ਹੋ ਨਿਬੜਦਾ ਹੈ।
ਦੂਜਾ ਮਹਾਨ ਕਾਰਜ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੇ ਤੀਰਥ ਦੀ ਸਾਜਨਾ ਲਈ ਬਾਬੇ ਰਾਮਦਾਸ ਜੀ ਨੂੰ ਪ੍ਰੇਰਨਾ ਦੇਣ ਦਾ ਕੀਤਾ। ਜੋ ਪਹਿਲਾਂ ਗੁਰੂ ਕਾ ਚੱਕ ਦੇ ਨਾਮ ਨਾਲ ਮਸ਼ਹੂਰ ਹੋਇਆ ਅਤੇ ਗੁਰੂ ਜੀ ਨੇ ਕਈ ਕਿੱਤਿਆਂ ਦੇ ਪੁਰਸ਼ਾਂ ਨੂੰ ਨਗਰ ਦੀ ਉਸਾਰੀ ਸਮੇਂ ਆਬਾਦ ਕੀਤਾ।
(ਬਾਕੀ ਕੱਲ)

0 Response to "ਮਿਸ਼ਨ ਜਨਚੇਤਨਾ 22 ਸਤੰਬਰ,2019"

Post a Comment