ਰੋਜ਼ਾਨਾ ਜਨਚੇਤਨਾ, 18 ਸਤੰਬਰ, 2019
ਸਾਲ 10, ਅੰਕ 11, 18 ਸਤੰਬਰ, 2019/4 ਅੱਸੂ (ਵਦੀ) ਨਾਨਕ ਸ਼ਾਹੀ 551.
ਅੱਜ ਦਾ ਵਿਚਾਰ-25 .
ਮਨੁੱਖ ਦਾ ਵਿਕਾਸ ਇਕ ਸੈੱਲ ਦੇ ਜੀਵ ਤੋਂ ਹੋਇਆ ਹੈ। ਇਕ ਅੰਦਾਜ਼ੇ ਮੁਤਾਬਿਕ 70 ਕਿਲੋ ਦੇ ਇਕ ਆਦਮੀਂ ਵਿਚ 372 ਖਰਬ ਸੈੱਲ
ਹੁੰਦੇ ਹਨ ਅਤੇ ਵਰਤਮਾਨ ਸਰੂਪ ਵਿਚ ਉਹ ਕਈ ਰੂਪ ਬਦਲਦਾ ਹੋਇਆ ਕਰੋੜਾਂ ਸਾਲਾਂ ਵਿਚ
ਪਹੁੰਚਾ ਹੈ। ਉਸ ਦਾ ਵਰਤਮਾਨ ਸਰੂਪ ਵੀ ਅੰਤਿਮ ਨਹੀਂ। ਇਸ ਵਿਚ ਵੀ ਲਗਾਤਾਰ ਪਰ ਹੌਲੀ
ਹੌਲੀ ਤਬਦੀਲੀਆਂ ਹੋ ਰਹੀਆਂ ਹਨ ਅਤੇ ਸਮਾਂ ਪਾ ਕੇ ਉਹ ਕੋਈ ਹੋਰ ਰੂਪ ਧਾਰਨ ਕਰ ਲਇਗਾ।
ਵਿਗਿਆਨੀਆਂ ਅਨੁਸਾਰ ਉਸ ਦਾ ਵਰਤਮਾਨ ਸਰੂਪ ਚਿੰਪਾਜ਼ੀ ਤੋਂ ਵਿਕਸਿਤ
ਹੋਇਆ ਹੈ ਅਤੇ ਉਸ ਵਿਚ ਵੇਖਣ, ਸੁਨਣ, ਸੁੰਘਣ, ਸਮਝਣ, ਯਾਦ ਰੱਖਣ ਅਤੇ ਹਿਲ ਜੁਲ ਕੇ ਕੰਮ
ਕਰਨ ਦੇ ਗੁਣ ਹਨ। ਉਹ ਸਾਹ ਲੈਣ ਵਾਲਾ ਜੀਵ ਹੈ ਜਿਸ ਦੇ ਸਰੀਰ ਨੂੰ ਉਸ ਦਾ ਦਿਮਾਗ
ਚਲਾਉਂਦਾ ਹੈ। ਇਸ ਨੂੰ ਕੰਮ ਕਰਨ ਦੀ ਤਾਕਤ ਖੂਨ ਦੇ ਵਹਾਉ ਨਾਲ ਮਿਲਦੀ ਹੈ। ਖੂਨ ਦਾ ਵਹਾਉ
ਸਾਹ ਦਆਰਾ ਸੰਚਾਲਤ ਹੁੰਦਾ ਹੈ। ਉਹ ਆਕਸੀਜਨ ਨਾਲ ਚਲਦਾ ਹੈ ਅਤੇ ਕਾਰਬਨ ਡਾਇਆਕਸਾਈਡ
ਛੱਡਦਾ ਹੈ। ਖੂਨ ਬਨਾਉਣ ਲਈ ਇਕ ਪਾਚਨ ਪ੍ਰਨਾਲੀ ਹੈ ਜਿਸ ਨੂੰ ਦਿਲ ਚਲਾਉਂਦਾ ਹੈ। ਮਨੁੱਖ
ਭੋਜਨ ਕਰਦਾ ਹੈ ਜਿਸ ਦੇ ਲੁੜੀਂਦੇ ਤੱਤਾਂ ਨੂੰ ਪਾਚਨ ਪ੍ਰਨਾਲੀ ਦੁਆਰਾ ਖੂਨ, ਚਰਬੀ ਆਦਿ
ਵਿਚ ਬਦਲ ਲਿਆ ਜਾਂਦਾ ਹੈ ਅਤੇ ਅਣਲੁੜੀਂਦੇ ਤੱਤ ਮੱਲ ਮੂਤਰ ਦੁਆਰਾ ਬਾਹਰ ਨਿਕਲ ਜਾਂਦੇ
ਹਨ।
ਮਨੁੱਖ ਹੀ ਇਸ
ਧਰਤੀ ਉਤੇ ਅਜਿਹਾ ਪ੍ਰਾਣੀ ਹੈ ਜਿਸ ਦੇ ਸਰੀਰ ਕੋਲ ਏਨੇ ਵਿਕਸਿਤ ਅੰਗ ਹਨ। ਇਸ ਲਈ ਉਹ ਇਸ
ਦਾ ਬਾਦਸ਼ਾਹ ਹੈ ਪਰ ਉਹ ਇਸ ਸਭ ਦਾ ਹਿੱਸਾ ਹੈ, ਇਸ ਤੋਂ ਵੱਖ ਉਸ ਦੀ ਕੋਈ ਹੋਂਦ ਨਹੀਂ।
ਪੰਜਾਬ ਦਾ ਇਤਿਹਾਸ-36.
ਪੰਜਾਬ
ਦੀ ਜਰਖੇਜ਼ ਭੂਮੀ ਆਪਣੀ ਜਰਖੇਜ਼ਤਾ ਅਤੇ ਮਹੱਤਵਪੂਰਨ ਭੂਗੋਲਕ ਸਥਿਤੀ ਰੱਖਣ ਦੇ ਕਾਰਣ
ਪੱਛਮੀ ਅਤੇ ਕੇਂਦਰੀ ਏਸ਼ੀਆਂ ਦੇ ਹੁਕਮਰਾਨਾਂ ਦੀਆਂ ਲਾਲਸੀ ਨਿਗਾਹਾਂ ਦਾ ਸ਼ਿਕਾਰ ਬਣੀ ਰਹੀ
ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਐਸੀ ਸੀ ਕਿ ਹਿੰਦੁਸਤਾਨ ਵਿੱਚ ਇਥੋਂ ਦੀ ਲੰਘ ਕੇ ਹੀ
ਜਾਇਆ ਜਾ ਸਕਦਾ ਸੀ। ਜਦੋਂ ਹਮਲਾਵਰ ਪੰਜਾਬ ਨੂੰ ਜਿੱਤ ਲੈਂਦਾ ਸੀ ਤਾਂ ਬਾਕੀ ਦਾ ਸਾਰਾ
ਹਿੰਦੁਸਤਾਨ ਉਸ ਦੇ ਪੈਰਾਂ ਉਪਰ ਪਿਆ ਦਿੱਸ ਰਿਹਾ ਹੁੰਦਾ ਸੀ। ਹਿੰਦੁਸਤਾਨ ਹੋਰ ਸਭ ਪਾਸਿਓ
ਸੁਰੱਖਿਅਤ ਸੀ। ਇਸ ਕਰਕੇ ਹਿੰਦੁਸਤਾਨ ਦੇ ਦੱਖਣੀ,ਪੱਛਮੀ ਅਤੇ ਕੇਂਦਰੀ ਰਿਆਸਤਾਂ ਦੇ
ਰਾਜੇ-ਮਹਾਰਾਜੇ ਸਦੀਆਂ ਤੋਂ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਤੋਂ ਬਚੇ ਆ ਰਹੇ ਸਨ। ਪੰਜਾਬ
ਵੱਲੋਂ ਗਿਆ ਹੋਇਆ ਹਮਲਾਵਰ ਹਿੰਦੁਸਤਾਨ ਵਿੱਚ ਸਿਰਫ਼ ਪੰਜਾਬ ਨੂੰ ਹਰਾ ਕੇ ਹੀ ਦਾਖ਼ਲ ਹੋ
ਸਕਦਾ ਸੀ ਪਰ ਇਸ ਨੂੰ ਹਰਾਉਣਾ ਸੌਖਾ ਨਹੀਂ ਸੀ। ਕਈ ਵਾਰ ਤਾਂ ਪੰਜਾਬ ਨੂੰ ਹਰਾਉਂਦਾ
ਹੋਇਆ ਹੀ ਬਾਹਰਲਾ ਹਮਲਾਵਰ ਆਪਣੀ ਸ਼ਕਤੀ ਖੋ ਬੈਠਦਾ ਸੀ ਇਸ ਕਰਕੇ ਉਹ ਘੱਟ ਹੀ ਗੰਗਾ-ਜਮਨਾ
ਦੇ ਖਿੱਤੇ ਤੱਕ ਪਹੁੰਚਦਾ ਸੀ।
. ਸਿੱਖ ਇਤਿਹਾਸ ਵਿਚ ਅੱਜ .
18 ਸਤੰਬਰ.
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਸਿੰਘਾਂ ਦੀ ਸਰਗਰਮ ਸਹਾਇਤਾ ਨਾਲ ਮੁਲਤਾਨ ਫਤਹਿ ਹੋਇਆ (1749 ਈ.)
=ਪਹਿਲੀਆਂ ਗੁਰਦੁਆਰਾ ਚੋਣਾਂ ਹੋਈਆਂ (1926 ਈ.)
=ਧਰਮਯੁੱਧ ਮੋਰਚੇ ਦੇ ਸਬੰਧ ਵਿਚ ਸੰਤ ਸਮਾਗਮ ਹੋਇਆ (1982 ਈ.)
ਮੁਲਤਾਨ ਦੀ ਜਿੱਤ ਦੇ ਸੰਦੇਸ਼
ਗਿਆਨੀ ਸੋਹਨ ਸਿੰਘ ਸੀਤਲ ਦੇ ਹਵਾਲੇ ਨਾਲ ਮੰਨਿਆਂ ਜਾਂਦਾ ਹੈ ਕਿ ਅਠਾਰਾਂ ਅਗਸਤ, 1749 ਈਸਵੀ ਦੇ ਦਿਨ ਪੰਥ ਦੇ ਜਥੇਦਾਰ ਜੱਸਾ ਸਿੰਘ ਆਹਲੂ ਅਤੇ ਸਰਦਾਰ ਭੀਮ ਸਿੰਘ ਨੇ ''ਸਤਿ ਸ੍ਰੀ ਅਕਾਲ" ਦੇ ਜੈਕਾਰੇ ਛੱਡ ਕੇ ਸ਼ਾਹ ਨਵਾਜ਼ 'ਤੇ ਹਮਲਾ ਬੋਲ ਦਿੱਤਾ। ਜਥੇਦਾਰ ਦੀ ਬੰਦੂਕ ਨਾਲ ਸ਼ਾਹ ਨਵਾਜ਼ ਜ਼ਮੀਨ 'ਤੇ ਆ ਡਿੱਗਾ ਤਾਂ ਸ. ਭੀਮ ਸਿੰਘ ਨੇ ਉਸ ਦਾ ਸਿਰ
ਲਾਹ ਲਿਆ। ਜਰਨੈਲ ਨੂੰ ਮਰ ਗਿਆ ਵੇਖ ਸ਼ਾਹ ਨਵਾਜ਼ ਦੀਆਂ ਫੌਜਾਂ ਮੈਦਾਨ ਛੱਡ ਗਈਆਂ। ਇਸ
ਤਰ੍ਹਾਂ ਸਿੰਘਾਂ ਦੀ ਸਰਗਰਮ ਸਹਾਇਤਾ ਨਾਲ ਸ਼ਾਹ ਨਵਾਜ਼ ਤੋਂ ਮੁਲਤਾਨ ਦਾ ਸੂਬਾ ਖੋਹ ਲਿਆ
ਗਿਆ।
ਮੁਲਤਾਨ ਦੇ ਯੁੱਧ ਦਾ ਪਿਛੋਕੜ ਖ਼ਾਨ ਬਹਾਦਰ ਜ਼ਕਰੀਆ ਖਾਂ ਅਤੇ ਉਸ ਦੇ ਖਾਨਦਾਨ ਨਾਲ ਜੁੜਿਆ ਹੋਇਆ ਹੈ। ਖਾਨ ਬਹਾਦਰ ਨਾਦਰ ਸ਼ਾਹ ਦੇ ਹਮਲੇ (1738
ਈ.) ਸਮੇਂ ਲਾਹੌਰ ਦਾ ਸੂਬੇਦਾਰ ਸੀ। ਉਸ ਨੂੰ ਇਕ ਕਾਬਲ ਪ੍ਰਬੰਧਕ ਵਜੋਂ ਜਾਣਿਆਂ ਜਾਂਦਾ
ਸੀ। ਉਸ ਨੇ ਆਪਣੀ ਸੂਬੇਦਾਰੀ ਦੇ ਸਮੇਂ ਪੰਜਾਬ ਵਿਚ ਸ਼ਾਂਤੀ ਬਣਾਈ ਰੱਖੀ। ਸਿੱਖਾਂ ਨੂੰ ਵੀ
ਉਸ ਸਿਰ ਨਹੀਂ ਚੁੱਕਣ ਦਿੱਤਾ। ਹਰਿਮੰਦਰ ਸਾਹਿਬ ਖ਼ਾਨ ਬਹਾਦਰ ਦੇ ਸਮੇਂ ਹੀ ਸਰਕਾਰੀ ਕਬਜ਼ੇ
ਵਿਚ ਲਿਆ ਗਿਆ। ਭਾਈ ਮਨੀ ਸਿੰਘ ਦੀ ਸ਼ਹੀਦੀ ਵੀ ਏਸੇ ਸਮੇਂ ਹੋਈ।
ਉਹ 1745 ਈਸਵੀ ਵਿਚ ਮਰਿਆ। ਉਸ ਸਮੇਂ ਸਿੰਘ ਛੋਟੇ ਛੋਟੇ ਜਥਿਆਂ ਵਿਚ ਹੀ ਜਥੇਬੰਦ ਸਨ। ਉਸ ਦੇ ਤਿੰਨ ਪੁੱਤਰ-ਯਾਹੀਆ ਖਾਂ (ਆਜ਼ੂਦੌਲਾ ਦੁੱਜਾ), ਹੱਯਾਤੁੱਲਾ
ਖਾਂ (ਸ਼ਾਹ ਨਿਵਾਜ਼ ਖ਼ਾਂ) ਅਤੇ ਮੀਰ ਬਾਕੀ ਸਨ। ਪਹਿਲੇ ਦੋਵੇਂ ਲਾਹੌਰ ਦੀ ਸੂਬੇਦਾਰੀ ਦੇ
ਇੱਛੁੱਕ ਸਨ ਪਰ ਹਾਲਾਤ ਅਜਿਹੇ ਬਣੇ ਕਿ ਲਾਹੌਰ ਦੀ ਸੂਬੇਦਾਰੀ ਯਾਹੀਆ ਖਾਂ ਦੀ ਝੋਲੀ ਪੈ
ਗਈ।
ਸ਼ਾਹ ਨਵਾਜ਼ ਖਾਂ ਨੂੰ ਜਲੰਧਰ ਦੀ ਫੌਜਦਾਰੀ ਹੀ ਮਿਲ
ਸਕੀ ਪਰ ਉਹ ਇਸ ਨਾਲ ਸੰਤੁਸ਼ਟ ਹੋਣ ਵਾਲਾ ਨਹੀਂ ਸੀ। ਉਸ ਨੇ ਯਹੀਆ ਖਾਂ ਨਾਲ ਯੁੱਧ ਕਰਨ
ਦੇ ਕਈ ਬਹਾਨੇ ਬਣਾਏ। ਇੱਕ ਮੁੱਖ ਬਹਾਨਾ ਆਪਣੇ ਪਿਤਾ ਦੀ ਜਾਇਦਾਦ ਵਿਚੋਂ ਹਿੱਸੇਦਾਰੀ ਦਾ
ਵੀ ਸੀ।
ਉਸ ਨੇ ਸਿੱਖ ਜੱਥਿਆਂ ਨੂੰ ਆਪਣੇ ਨਾਲ ਗੰਢਿਆ ਅਤੇ
ਲਾਹੌਰ ਉਤੇ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਯਾਹੀਆ ਖਾਂ ਨੇ ਆਪਣੇ ਰਿਸ਼ਤੇਦਾਰਾਂ
ਨੂੰ ਵਿਚ ਪਾ ਕੇ ਸ਼ਾਹ ਨਿਵਾਜ਼ ਖਾਂ ਨਾਲ ਸਮਝੌਤਾ ਕਰ ਲਿਆ ਪਰ ਸਿੱਖਾਂ ਵਿਰੁੱਧ ਉਸ ਨੇ
ਆਪਣੇ ਮਨ ਵਿਚ ਗੰਢ ਬੰਨ ਲਈ। ਏਸੇ ਯਾਹੀਆ ਖਾਂ ਦੀ ਸੂਬੇਦਾਰੀ ਸਮੇਂ ਛੋਟਾ ਘਲੂਘਾਰਾ (1746 ਈ.) ਵਾਪਰਿਆ।
ਯਾਹੀਆ ਖਾਂ ਅਤੇ ਉਸ ਦੇ ਭਾਈ ਸ਼ਾਹ ਨਵਾਜ਼ ਖਾਂ ਵਿਚ ਸਮਝੌਤਾ ਥੋੜ੍ਹ-ਚਿਰਾ ਸੀ। ਸ਼ਾਹ ਨਵਾਜ਼ ਖਾਂ ਨੇ ਲਾਹੌਰ ਉਤੇ ਹਮਲਾ ਕਰਕੇ ਯਾਹੀਆ ਖਾਂ ਨੂੰ ਕੈਦ ਕਰ ਲਿਆ (17 ਮਾਰਚ, 1747 ਈ.) ਅਤੇ ਆਪਣੇ ਆਪ ਦੇ ਸੂਬੇਦਾਰ ਹੋਣ ਦਾ ਐਲਾਨ ਕਰ ਦਿੱਤਾ।
ਉਸ ਦਾ ਇਹ ਕਦਮ ਦਿੱਲੀ ਦਰਬਾਰ ਦੇ ਵਿਰੁੱਧ ਬਗਾਵਤ
ਮੰਨਿਆਂ ਗਿਆ। ਦਿੱਲੀ ਦਰਬਾਰ ਉਤੇ ਆਪਣੀ ਧੌਂਸ ਜਮਾਉਣ ਲਈ ਉਸ ਅਬਦਾਲੀ ਨੂੰ ਦਿੱਲੀ ਉਤੇ
ਹਮਲਾ ਕਰਨ ਦਾ ਸੱਦਾ ਦਿੱਤਾ। ਅਬਦਾਲੀ ਅੱਧ ਦਸੰਬਰ, 1747
ਈ. ਨੂੰ ਕਾਬਲ ਤੋਂ ਪੰਜਾਬ ਲਈ ਚੱਲ ਪਿਆ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦੀ ਖ਼ਬਰ ਸੁਣ
ਕੇ ਦਿੱਲੀ ਦਰਬਾਰ ਨੇ ਸ਼ਾਹ ਨਵਾਜ਼ ਖਾਂ ਨੂੰ ਲਾਹੌਰ ਦਾ ਸੂਬੇਦਾਰ ਮੰਨ ਲਿਆ ਪਰ ਸ਼ਾਹ
ਅਬਦਾਲੀ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਿਆ।
ਅਬਦਾਲੀ ਨੇ ਲਾਹੌਰ ਫਤਹਿ ਕੀਤਾ ਅਤੇ ਆਪਣਾ
ਸੂਬੇਦਾਰ ਨਿਯੁਕਤ ਕਰਕੇ ਦਿੱਲੀ ਵੱਲ ਵਧਿਆ। ਦਿੱਲੀ ਦਰਬਾਰ ਨੇ ਵਜ਼ੀਰ ਕਮਰੁੱਦੀਨ ਨੂੰ
ਅਬਦਾਲੀ ਦਾ ਮੁਕਾਬਲਾ ਕਰਨ ਭੇਜਿਆ। ਦੋਵਾਂ ਦੀਆਂ ਫੌਜਾਂ ਮਾਣੂਪੁਰ ਦੇ ਸਥਾਨ ਤੇ ਆਪਸ ਵਿਚ
ਟਕਰਾਈਆਂ। ਵਜ਼ੀਰ ਕਮਰੁੱਦੀਨ ਤਾਂ ਲੜ੍ਹਾਈ ਵਿਚ ਮਾਰਿਆ ਗਿਆ ਪਰ ਉਸ ਦਾ ਪੁੱਤਰ
ਮੁਅੱਯੁਨੁਲ ਮੁਲਕ (ਮੀਰ ਮੰਨੂ) ਅਬਦਾਲੀ ਨੂੰ ਹਰਾਉਣ ਵਿਚ ਕਾਮਯਾਬ ਹੋ ਗਿਆ।
ਦੱਲੀ ਦਰਬਾਰ ਨੇ ਉਸ ਦੀ ਨਿਯੁਕਤੀ ਲਾਹੌਰ ਦੇ ਸੂਬੇਦਾਰ ਵਜੋਂ ਕਰ ਦਿੱਤੀ। ਉਹ ਅਪਰੈਲ, 1747 ਈ. ਵਿਚ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਬਣ ਕੇ ਲਾਹੌਰ ਪੁੱਜਾ।
ਸ਼ਾਹ ਨਵਾਜ਼ ਖਾਂ ਨੇ ਦਿੱਲੀ ਦਰਬਾਰ ਦੀ ਫੁੱਟ ਦਾ
ਲਾਭ ਲੈਂਦਿਆਂ ਮੁਲਤਾਨ ਉਤੇ ਹਮਲਾ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਦਿੱਲੀ ਦਰਬਾਰ ਵਿਚ
ਵਜ਼ੀਰ ਸਫ਼ਦਰ ਜੰਗ ਦੀ ਸ਼ਾਹ ਨਵਾਜ਼ ਨਾਲ ਗੰਢ ਤੁੱਪ ਸੀ। ਉਹ ਮੀਰ ਮੰਨੂ ਨੂੰ ਨੀਵਾਂ ਦਿਖਾਉਣਾ
ਚਾਹੁੰਦਾ ਸੀ। ਮੀਰ ਮੰਨੂ ਇਸ ਸਮੇਂ ਸਖ਼ਤ ਦਬਾਅ ਵਿਚ ਸੀ। ਦਿੱਲੀ ਦਰਬਾਰ ਵਿਚ ਵਜ਼ੀਰ ਉਸ
ਦਾ ਵਿਰੋਧੀ ਸੀ। ਸਿਆਣੇ ਹਾਕਮ ਵਜੋਂ ਉਹ ਜਾਣਦਾ ਸੀ ਕਿ ਅਬਦਾਲੀ ਆਪਣੀ ਹਾਰ ਦਾ ਬਦਲਾ ਲੈਣ
ਲਈ ਜਲਦੀ ਹੀ ਫੇਰ ਹਮਲਾ ਕਰੇਗਾ।
ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਮੀਰ ਮੰਨੂ ਨੇ
ਪੰਜਾਬ ਵਿਚ ਅਮਨ ਅਮਾਨ ਕਾਇਮ ਕਰਨ ਲਈ ਸਿੱਖਾਂ ਨਾਲ ਸਮਝੌਤੇ ਦਾ ਫੈਸਲਾ ਕੀਤਾ। ਇਸ ਸਮੇਂ
ਉਸ ਦੀ ਫੌਜ ਅੰਮ੍ਰਿਤਸਰ ਵਿਖੇ ਰਾਮ ਰਉਣੀ ਕਿਲ੍ਹੇ ਨੂੰ ਘੇਰੀ ਬੈਠੀ ਸੀ। ਰਾਮ ਰਾਉਣੀ ਵਿਚ
ਲੜ੍ਹਾਈ ਬੜੀ ਦਿਲਚਸਪ ਬਣ ਚੁੱਕੀ ਸੀ। ਇਸ ਕੱਚੇ ਕਿਲ੍ਹੇ ਵਿਚ ਪੰਜ ਸੌ ਸਿੰਘ ਮੁਗਲ ਫੌਜ
ਨੇ ਘੇਰੇ ਹੋਏ ਸਨ। ਇਸ ਫੌਜ ਵਿਚ ਜੱਸਾ ਸਿੰਘ ਰਾਮਗੜ੍ਹੀਆ ਦੇ ਸਿੱਖ ਜਵਾਨ ਵੀ ਸਨ।
ਮੀਰ ਮੰਨੂ ਨੇ ਆਪਣੀ ਫੌਜੀ ਸਿਆਣਪ ਤੋਂ ਕੰਮ ਲਿਆ ਅਤੇ ਦੀਵਾਨ ਕੌੜਾ ਮੱਲ ਰਾਹੀਂ ਸਿੱਖ ਸਰਦਾਰਾਂ ਨੂੰ ਸਮਝੌਤੇ ਦੀ ਪੇਸ਼ਕਸ਼ ਕੀਤੀ। ਯਾਦ ਰਹੇ , ਇਸ ਸਮੇਂ ਤਕ ਮਿਸਲਾਂ ਦਾ ਗਠਨ ਨਹੀਂ ਹੋਇਆ ਸੀ। ਇਸ ਸਮਝੌਤੇ ਤਹਿਤ ਫੈਸਲਾ ਕੀਤਾ ਗਿਆ ਕਿ ਸਰਕਾਰ ਰਾਮ ਰਾਉਣੀ ਦਾ ਘੇਰਾ ਚੁੱਕ ਲਵੇਗੀ, ਸਿੰਘਾਂ
ਵਿਰੁੱਧ ਸਰਕਾਰੀ ਮੁਹਿੰਮ ਖਤਮ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਗੁਜ਼ਾਰੇ ਲਈ ਦਰਬਾਰ
ਸਾਹਿਬ ਦੇ ਨਾਂ ਪਰਗਣਾ ਪੱਟੀ ਦੇ ਮਾਮਲੇ ਵਿਚੋਂ ਅੱਧਾ ਮਾਮਲਾ ਜਾਗੀਰ ਵਜੋਂ ਦਿੱਤਾ
ਜਾਵੇਗਾ। ਦਰਬਾਰ ਸਾਹਿਬ ਦੇ ਨਾਂ ਲੱਗੇ 12 ਪਿੰਡਾਂ ਦਾ ਮਾਮਲਾ ਵੀ ਸਰਕਾਰ ਸਿੰਘਾਂ ਨੂੰ ਦੇਵੇਗੀ। ਬਦਲੇ ਵਿਚ ਉਹ ਸਰਕਾਰ ਨਾਲ ਸਹਿਯੋਗ ਕਰਨਗੇ ਅਤੇ ਅਮਨ ਸ਼ਾਂਤੀ ਬਹਾਲ ਕਰਨ ਵਿਚ ਵੀ ਸਹਾਈ ਹੋਣਗੇ।
ਇਹ ਸਮਝੌਤਾ ਨਵੰਬਰ, 1748
ਵਿਚ ਨੇਪਰੇ ਚੜ੍ਹਿਆ। ਸਿੰਘਾਂ ਨਾਲ ਸਮਝੌਤੇ ਦਾ ਲਾਭ ਲੈਣ ਲਈ ਮੀਰ ਮੰਨੂੰ ਨੇ ਮੁਲਤਾਨ
ਦੀ ਮੁਹਿੰਮ ਵਿਢਣ ਦਾ ਨਿਰਣਾ ਲਿਆ। ਉਸ ਦੀਵਾਨ ਕੌੜਾ ਮੱਲ ਨੂੰ ਫੌਜ ਦੀ ਕਮਾਨ ਦੇ ਕੇ
ਮੁਲਤਾਨ ਫ਼ਤਹਿ ਕਰਨ ਲਈ ਤੋਰਿਆ। ਕੌੜਾ ਮੱਲ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਹਾਇਤਾ ਕਰਨ
ਲਈ ਬੇਨਤੀ ਕੀਤੀ। ਇੱਕ ਸਮਝੌਤੇ ਅਧੀਨ ਦਸ ਹਜ਼ਾਰ ਸਿੰਘ ਕੌੜਾ ਮੱਲ ਦੀ ਸਹਾਇਤਾ ਲਈ
ਮੁਲਤਾਨ ਰਵਾਨਾ ਕੀਤੇ ਗਏ। ਦਸਿਆ ਜਾਂਦਾ ਹੈ ਕਿ ਸਿੰਘਾਂ ਦੀ ਤਨਖਾਹ ਅੱਠ ਆਨਾ ਪੈਦਲ, ਇੱਕ
ਰੁਪਿਆ ਸਵਾਰ ਅਤੇ ਪੰਜ ਰੁਪੈ ਸਰਦਾਰ ਰੋਜ਼ਾਨਾ ਮਿਥੀ ਗਈ। ਨਾਲ ਹੀ ਹਾਰੇ ਹੋਏ ਦੁਸ਼ਮਨ ਉਤੇ
ਸਿੰਘਾਂ ਦੀ ਲੁੱਟ ਦਾ ਅਧਿਕਾਰ ਮੰਨ ਲਿਆ ਗਿਆ। ਦੋ ਮਹੀਨੇ ਦੀ ਤਨਖ਼ਾਹ ਸਿੰਘਾਂ ਨੂੰ
ਪੇਸ਼ਗੀ ਦੇ ਦਿੱਤੀ ਗਈ।
ਵੱਡੀ ਫੌਜ ਲੈ ਕੇ ਦੀਵਾਨ ਕੌੜਾ ਮੱਲ ਮੁਲਤਾਨ ਵੱਲ
ਵੱਧਿਆ। ਮੁਲਤਾਨ ਤੋਂ ਤਿੰਨ ਕੋਹ ਬਾਹਰ ਦੋਵਾਂ ਦਲਾਂ ਵਿਚ ਭੇੜ ਹੋਈ। ਸ਼ਾਹ ਨਿਵਾਜ਼ ਦੀਆਂ
ਫੌਜਾਂ ਭਾਰੂ ਸਨ। ਉਹਨੇ ਕੌੜਾ ਮੱਲ ਦੀ ਫੌਜ ਨੂੰ ਦਬਾਈ ਰੱਖਿਆ। ਗਿਆਨੀ ਸੋਹਨ ਸਿੰਘ ਸੀਤਲ
ਦਾ ਕਹਿਣਾ ਹੈ ਕੌੜਾ ਮੱਲ ਦਾ ਤਰਲਾ ਸੁਣ ਕੇ ਸਿੰਘਾਂ ਨੂੰ ਜੋਸ਼ ਆ ਗਿਆ। ਉਨ੍ਹਾਂ ਨੂੰ
ਵੰਗਾਰਦਿਆਂ ਜਥੇਦਾਰ ਦੀ ਬੰਦੂਕ ਦੀ ਗੋਲੀ ਨਾਲ ਘਾਇਲ ਹੋ ਸ਼ਾਹ ਨਿਵਾਜ਼ ਧਰਤੀ ਤੇ ਆ ਡਿੱਗਾ।
ਸ. ਭੀਮ ਸਿੰਘ ਨੇ ਜਲਦੀ ਨਾਲ ਉਸ ਦਾ ਸਿਰ ਵੱਢ ਲਿਆ। ਹਾਕਮ ਨੂੰ ਡਿੱਗਾ ਵੇਖ ਕੇ ਸ਼ਾਹ
ਨਵਾਜ਼ ਦੀਆਂ ਫੌਜਾਂ ਨੱਠ ਉੱਠੀਆਂ।
ਲੁੱਟਮਾਰ ਕਰਨ ਵਿਚ ਸਿੰਘ ਸਾਰਿਆਂ ਨਾਲੋਂ ਤਕੜੇ ਸਨ। ਉਨ੍ਹਾਂ ਹੱਲਾ ਕਰਕੇ ਸ਼ਾਹ ਨਵਾਜ਼ ਦਾ ਡੇਰਾ ਅਤੇ ਮੁਲਤਾਨ ਸ਼ਹਿਰ ਲੁੱਟ ਲਿਆ।
ਕੌੜਾ ਮੱਲ ਨੇ ਭੀਮ ਸਿੰਘ ਨੂੰ ਸਨਹਿਰੀ ਕੜਿਆਂ ਦੀ ਜੋੜੀ, ਫੌਲਾਦੀ ਸੰਜੋਅ, ਬਸਤਰ
ਅਤੇ ਘੋੜਾ ਇਨਾਮ ਵਜੋਂ ਦਿੱਤੇ। ਉਸ ਨੇ ਸਿੱਖ ਪੰਥ ਦੀ ਸਹਾਇਤਾ ਦੇ ਧੰਨਵਾਦ ਵਜੋਂ
ਗਿਆਰਾਂ ਹਜ਼ਾਰ ਰੁਪੈ ਦਾ ਪ੍ਰਸ਼ਾਦ ਅੰਮ੍ਰਿਤਸਰ ਕਰਵਾਇਆ ਅਤੇ ਤਿੰਨ ਲੱਖ ਰੁਪਿਆ ਨਨਕਾਣਾ
ਸਾਹਿਬ ਦੇ ਗੁਰਦੁਆਰਾ ਬਾਲ ਲੀਲਾ ਲਈ ਭੇਟ ਕੀਤੇ। ਉਸ ਨੇ ਉਥੇ ਦੋ ਸਰੋਵਰ ਵੀ ਬਣਵਾਏ
. ਗੁਰੂ ਗ੍ਰੰਥ ਸਾਹਿਬ .
ਵਿਗਿਆਨਕ ਅੰਤਰ-ਦ੍ਰਿਸ਼ਟੀਆਂ (4)
ਆਈਨਸਟਾਈਨ
ਕਹਿੰਦਾ ਹੈ ਕਿ ਮੇਰਾ ਧਰਮ ਉਸ ਅਸੀਮ ਸ਼ਕਤੀ ਪ੍ਰਾਪਤ ਨਿਮਰ ਸ਼ਰਧਾ ਹੈ ਜੋ ਬ੍ਰਹਿਮੰਡ ਦੇ
ਨਿਕੇ ਨੰਨੇ ਵੇਰਵਿਆਂ ਤੱਕ ਪਸਰੀ ਹੋਈ ਹੈ। ਉਹ ਮੰਨਦਾ ਹੈ ਕਿ ਕਾਦਰ ਆਪਣੇ ਆਪ ਨੂੰ
ਭੌਤਿਕ-ਸੰਸਾਰ ਵਿੱਚ ਪ੍ਰਗਟਾਂਦਾ ਹੈ। ਕੁਦਰਤ ਦੇ ਭੇਦਾਂ ਨੂੰ ਸਮਝਣ ਦਾ ਯਤਨ ਕਰੋ। ਤੁਸੀ
ਵੇਖੋਗੇ ਕਿ ਕਿਤੇ ਕੁਝ ਅਜੇਹੀ ਸੂਖਮ ਜੇਹੀ ਸ਼ੈਅ ਬਚ ਗਈ ਹੈ ਜੋ ਸ਼ਬਦਾਂ ਤੋਂ ਬਾਹਰ ਹੈ।
ਸਮਝ ਤੋਂ ਪਾਰ ਹੈ। ਵਿਆਖਿਆ ਤੋਂ ਅਤੀਤ ਹੈ। ਇਸ ਲਈ ਜਿੰਮੇਵਾਰ ਸ਼ਕਤੀ ਅਕਾਲ ਪੁਰਖ ਹੀ ਹੈ।
ਮਨੁੱਖ ਉਸ ਦੇ ਹੁਕਮ ਵਿੱਚ ਹੀ ਕਾਰਜਸ਼ੀਲ ਹੈ। ਕੁਦਰਤ ਆਪਣੇ ਰਹੱਸ ਕਿਸੇ ਵਲ ਛਲ ਕਾਰਨ
ਨਹੀਂ, ਆਪਣੀ ਉਚੱਤਾ-ਉਦਾਤਤਾ ਕਾਰਨ ਹੀ ਕਿਤੇ ਦੱਸਦੀ ਹੈ, ਕਿਤੇ ਲੁਕਾਂਦੀ ਹੈ। ਫਰੈਡਰਿਕ
ਡਿਊਰਨਮਾਟ ਕਹਿੰਦਾ ਹੈ ਕਿ ਆਈਨਸਟਾਈਨ ਰੱਬ ਬਾਰੇ ਇੰਨੀ ਜਿਆਦਾ ਗੱਲ ਕਰਦਾ ਸੀ ਕਿ ਮੈਨੂੰ
ਲਗਦਾ ਸੀ ਕਿ ਉਹ ਧਰਮ-ਸ਼ਾਸ਼ਤਰੀ ਹੈ, ਵਿਗਿਆਨੀ ਨਹੀਂ। ਕਾਰਲ ਪਾਪਰ ਕਹਿੰਦਾ ਹੈ ਕਿ
ਆਈਨਸਟਾਈਨ ਤਾਂ ਗੱਲ ਹੀ ਧਰਮ ਦੇ ਮੁਹਾਰੇ ਵਿੱਚ ਕਰਦਾ ਸੀ। ਮੈਨੂੰ ਤਾਂ ਉਸ ਦੀਆਂ ਕਈ
ਗੱਲਾਂ ਸਮਝ ਵਿੱਚ ਨਹੀਂ ਸਮਨ ਆਉਦੀਆਂ। ਇਹੀ ਹਾਲ ਬੋਹਰ ਦਾ ਸੀ ਜੋ ਕਈ ਵਾਰ ਉਸ ਉਤੇ ਖਿਝ
ਜਾਂਦਾ ਸੀ।
ਗੁਰੂ
ਗਰੰਥ ਸਾਹਿਬ ਦੀਆਂ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਦੇ ਪ੍ਰਸੰਗ ਵਿੱਚ ਆਈਨਸਟਾਈਨ ਮੈਨੂੰ
ਬਾਰ-ਬਾਰ ਇਸ ਲਈ ਚੇਤੇ ਆਉਂਦਾ ਹੈ ਕਿ ਉਹ ਕਾਦਰ ਦੀ ਕੁਦਰਤ ਵਿੱਚ ਪਸਰੇ
ਰਹੱਸ,ਵਿਸਮਾਦ,ਸੁੰਦਰਤਾ ਅਤੇ ਨੇਮਬਧਤਾ ਦੁਆਰਾ ਮੋਹਿਆ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ
ਗੁਰੂ ਗਰੰਥ ਸਾਹਿਬ ਦੇ ਬਾਣੀਕਾਰ ਬ੍ਰਹਿਮੰਡ ਦੇ ਅਨੰਤ ਵਿਸਤਾਰਾਂ,ਵੰਨ ਸੁਵੰਨਤਾ, ਰਹੱਸ,
ਹੁਕਮ ਵਿੱਚ ਬਠੀ ਸ੍ਰਿਸ਼ਟੀ ਨੂੰ ਵੇਖਦੇ ਮਾਣਦੇ ਵਿਸਮਾਦ ਵਿੱਚ ਆ ਕੇ ਇਸ ਦੇ ਸਿਰਜਣਹਾਰ
ਤੋਂ ਵਾਰ-ਵਾਰ ਬਲਿਹਾਰੇ ਜਾਂਦੇ ਹਨ। ਇਹ ਵਿਸਮਾਦ ਹੀ ਗੁਰੂ ਗਰੰਥ ਸਾਹਿਬ ਦੀਆਂ ਵਿਗਿਆਨਕ
ਦ੍ਰਿਸ਼ਟੀਆਂ ਦਾ ਪ੍ਰਥਮ ਸਰੋਤ ਹੈ. ਵਿਸਮਾਦ ਦੀ ਅਵਸਥਾ ਵਿੱਚ ਬਾਣੀਕਾਰ ਸਾਧਾਰਨ ਦ੍ਰਿਸ਼ਾਂ
ਤੋਂ ਤੁਰ ਕੇ ਅਗਮ ਨਿਗਮ ਦੇ ਰਹੱਸ ਜਿਵੇਂ ਸਹਿਜੇ ਹੀ ਪ੍ਰਗਟ ਕਰਨ ਲੱਗਦੇ ਹਨ, ਉਹ
ਹੈਰਾਨਜਨਕ ਹੈ। ਵਿਸਮਾਦ ਦੀ ਇਸ ਅਵਸਥਾ ਵਿੱਚ ਮਨ ਕੁਦਰਤ ਤੋਂ ਛਾਲ ਮਾਰ ਕੇ ਕਾਦਰ ਨਾਲ
ਇਕਸੁਰ ਹੋ ਜਾਂਦਾ ਹੈ...
ਬਲਿਹਾਰੀ ਕੁਦਰਤਿ ਵਸਿਆ।।
ਤੇਰਾ ਅੰਤ ਨ ਜਾਈ ਲਖਿਆ।। (ਗੁਰੂ ਗਰੰਥ ਸਾਹਿਬ, ਪੰਨਾ 469)
ਬਿਸਮਨ ਬਿਸਮ ਭਏ ਜਉ ਪੇਖਿਓ
ਕਹਨੁ ਨ ਜਾਇ ਵਡਿਆਈ।। (ਬਿਲਾਵਲ ਮ.5, ਪੰਨਾ 821)
ਬਾਣੀਕਾਰ
ਇਸ ਅਨੰਤ ਵਿਸਮਾਦ ਜਨਕ ਪਸਾਰੇ ਵਿੱਚ ਪਸਰੀ ਉਸ ਦੀ ਜੋਤਿ ਨੂੰ ਪਛਾਣਦੇ ਹਨ। ਇਸ ਦੀ
ਅਸਗਾਹ ਵਿਸ਼ਾਲਤਾ, ਵੰਨ ਸੁਵੰਨਤਾ ਵਿਸਮਾਦ ਨੂੰ ਹੋਰ ਹੀ ਹੋਰ ਉਦੀਪਤ ਕਰਦੀ ਹੈ। ਕਿਸੇ ਇਹੋ
ਜਿਹੇ ਛਿਣ ਵਿੱਚ ਹੀ ਗਗਨ ਨੂੰ ਥਾਲ,ਸੂਰਜ ਚੰਦ ਨੂੰ ਦੀਵੇ ਅਤੇ ਤਾਰਿਆਂ ਨੂੰ ਮੋਤੀਆ
ਵਾਂਗ ਕਲਪਿਆ ਜਾ ਸਕਦਾ ਹੈ। ਸਮੁੱਚਾ ਬ੍ਰਹਿਮੰਡ ਅਕਾਲ ਪੁਰਖ ਦੀ ਆਰਤੀ ਕਰਦਾ ਦਿੱਸਣ
ਲੱਗਦਾ ਹੈ। ਚੰਦਨ ਦੇ ਰੁੱਖਾਂ ਨੂੰ ਛੂਹ ਕੇ ਆਈ ਪੌਣ ਚੌਰ ਕਰਦੀ ਲੱਗਦੀ ਹੈ। ਕੁੱਲ ਆਲਮ
ਦੀ ਬਨਸਪਤੀ ਉਸ ਉਤੇ ਪੁਸ਼ਪ ਵਰਖਾ ਕਰਦੀ ਜਾਪਦੀ ਹੈ। ਇਸ ਵਿਸਮਾਦ ਵਿੱਚ ਬ੍ਰਹਿਮੰਡ ਦੀ
ਸਿਰਜਨਾ ਸੰਭਾਲ ਕਰਨ ਵਾਲੇ ਦੇ ਦਰ ਉਤੇ ਗੁਣ ਗਾਇਣ ਵਾਲਿਆਂ ਵਿੱਚ
ਪੌਣ,ਪਾਣੀ,ਬੈਸੰਤਰ,ਦੇਵੀਆਂ,ਦੇਵਤੇ,ਸਿਧ,ਜਤੀ,ਜੋਗੀ,ਸੰਤੋਖੀ,ਸੂਰਮੇ,ਰਾਜੇ,ਪੰਡਿਤ,ਰਿਸ਼ੀ,ਵੇਦ,ਕਤੇਬ,ਸਾਰੀ
ਲੋਕਾਈ, ਸਾਰੇ ਖੰਡ ਮੰਡਲ ਬ੍ਰਹਿਮੰਡ,ਸਾਰੇ ਲੋਕ, ਸਗਲਾ ਪਸਾਰਾ ਹੀ ਸ਼ਾਮਿਲ ਮਹਿਸੂਸ
ਹੁੰਦਾ ਹੈ। ਉਸ ਦੀ ਆਚੰਭਿਤ ਕਰਨ ਵਾਲੀ ਲੀਲਾ, ਬਾਣੀਕਾਰਾਂ ਦਾ ਮਨ ਮੋਹ ਲੈਂਦੀ ਹੈ ਅਤੇ
ਉਹ ਕਹਿ ਉਠਦੇ ਹਨ....
ਤੂੰ ਪੇਡੁ ਸਾਖ ਤੇਰੀ ਫੂਲੀ।।
ਤੂੰ ਸੂਖਮੁ ਹੋਆ ਅਸਥੂਲੀ।। (ਮਾਝ ਮ.5, ਪੰਨਾ 102)
ਭਿੰਨੀਆਂ
ਰਾਤਾਂ ਵਿੱਚ ਚਮਕਦੇ ਤਾਰੇ, ਅੰਮ੍ਰਿਤ ਵੇਲ ਰਿਮਝਿੰਨ ਵੱਸਦਾ ਅੰਮ੍ਰਿਤ, ਊਸ਼ਾ ਦੀ ਲਾਲੀ,
ਘਾਹ ਉਤੇ ਚਮਕਦੀਆਂ ਤਰੇਲ ਦੀਆਂ ਬੂੰਦਾਂ, ਰੁੱਖਾਂ ਦੀਆਂ ਟਾਹਣੀਆਂ ਉਤੇ ਚਹਿਚਹਾਂਦੇ
ਪੰਛੀ, ਬਰਫਾਂ ਲੱਦੇ ਚਾਂਦੀ ਰੰਗੇ ਪਹਾੜ, ਬਾਗੀ ਬੋਲਦੇ ਮੋਰ ਅਤੇ ਕੋਇਲਾਂ, ਚੁੰਗੀਆਂ
ਭਰਦੇ ਭਾਂਤ-ਭਾਂਤ ਦੇ ਜੀਵ, ਸਾਵਣ ਵਿੱਚ ਕੂਕਦੇ ਮੋਰ ਬਬੀਹੇ ਅਤੇ ਥਾਂ-ਥਾਂ ਖਿੜੀ ਬਨਸਪਤੀ
ਬਾਣੀਕਾਰਾਂ ਨੂੰ ਵਿਸਮਾਦਿਤ ਕਰਦੀ ਹੈ। ਉਹਨਾਂ ਨੂੰ ਕੁਦਰਤ ਦੇ ਕਾਦਰ ਦਾ ਗਾਣ ਗਾਇਣ
ਲੱਖਾਂ ਜੀਭਾਂ ਨਾਲ ਕਰਨਾ ਹੀ ਅਸੰਭਵ ਲੱਗਦਾ ਹੈ। ਬ੍ਰਹਿਮੰਡੀ ਪਸਾਰੇ ਦੀ ਹਰ ਸ਼ੈਅ, ਹਰ
ਵਰਤਾਰਾ, ਹਰ ਵੇਰਵਾ, ਜਿਵੇਂ ਬਾਣੀਕਾਰਾਂ ਨੂੰ ਵਿਸਮਾਦਿਤ ਕਰਦਾ ਹੈ, ਉਸ ਦਾ ਇਸ ਤੋਂ ਵੱਧ
ਖੂਬਸੂਰਤ ਬਿਆਨ ਕੀ ਹੋ ਸਕਦਾ ਹੈ....
ਵਿਸਮਾਦੁ ਨਾਦ ਵਿਸਮਾਦੁ ਵੇਦ।।
ਵਿਸਮਾਦੁ ਜੀਅ ਵਿਸਮਾਦੁ ਭੇਦ।।
ਵਿਸਮਾਦੁ ਰੂਪ ਵਿਸਮਾਦੁ ਰੰਗ।.
ਵਿਸਮਾਦੁ ਨਾਗੇ ਫਿਰਹਿ ਜੰਤ।।
ਵਿਸਮਾਦੁ ਪਉਣੁ ਵਿਸਮਾਦੁ ਪਾਣੀ।.
ਵਿਸਮਾਦੁ ਅਗਨੀ ਖੇਡਹਿ ਵਿਡਾਣੀ।।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।।
ਵਿਸਮਾਦੁ ਸਾਦਿ ਲਗਹਿ ਪਰਾਣੀ।।
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ।।
ਵਿਸਮਾਦੁ ਭੁਖ ਵਿਸਮਾਦੁ ਭੋਗੁ।।
ਵਿਸਮਾਦੁ ਭੁਖ ਵਿਸਮਾਦੁ ਭੋਗੁ।।
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ।।
ਵਿਸਮਾਦੁ ਉਝੜ ਵਿਸਮਾਦੁ ਰਾਹ।।
ਵਿਸਮਾਦੁ ਨੇੜੈ ਵਿਸਮਾਦੁ ਦੂਰਿ।।
ਵਿਸਮਾਦੁ ਦੇਖੈ ਹਾਜਰਾ ਹਜੂਰਿ।.
ਵੇਖਿ ਵਿਡਾਣੁ ਰਹਿਆ ਵਿਸਮਾਦੁ।।
ਨਾਨਕ ਬੁਝਣੁ ਪੂਰੇ ਭਾਗਿ।। (ਆਸਾ ਕੀ ਵਾਰ ਮ.1)
ਸੱਚ ਦਾ ਮਾਰਤੰਡ
ਸਤਿਗੁਰ ਨਾਨਕ-3
ਨਿਰੰਕਾਰ ਆਕਾਰ ਕਰਿ ਏਕੰਕਾਰੁ ਅਕਾਰੁ ਪਛੋਆ।।
ਓਅੰਕਾਰ ਅਕਾਰੁ ਲਖ-ਲਖ ਦਰੀਯਾਉ ਕਰੇਂਦੇ ਢੋਆ।। (ਵਾਰ 39,ਪਉੜੀ 4)
ਇਹ ਵਾਕ ਅੱਖਰਾਂ ਦੀ ਲਿਖਤ ਵਿੱਚ ਇਵੇਂ ਦਰਸਾਇਆ ਜਾਵੇਗਾ,
ਨਿਰੰਕਾਰ-
ਇਕ (1)-ਓਅੰਕਾਰ-ਸ੍ਰਿਸ਼ਟੀ- ਸੰਸਾਰ। ਇਸ ਵਿਚਾਰ ਦੀ ਪੁਸ਼ਟੀ ਭਾਈ ਜੀ ਇਵੇਂ ਕਰਦੇ
ਹਨ-ਏਕੰਕਾਰ ਇਕਾਂਗ ਲਿਖਿ ਊੜਾ ਓਕਾਰੁ ਲਿਖਾਇਆ। ਵਾਰ 39,ਪਉੜੀ ਪਹਿਲੀ-(1)
ਨਿਰੰਕਾਰੁ ਆਕਾਰ ਹੋਇ ਏਕੰਕਾਰ ਅਪਾਰੁ ਸਦਾਇਆ। (ਵਾਰ 26, ਪਉੜੀ 2)
ਭਾਰਤੀ
ਸੰਸਕ੍ਰਿਤੀ ਦੇ ਧੁਨਆਤਮਿਕ ਸ਼ਬਦ ਓਮ ਦੇ ਅਰੰਭ ਵਿੱਚ ਏਕੰਕਾਰ ਨੂੰ ਸਮਲਿਤ ਕਰਕੇ ਇੱਕ
ਵਿਸ਼ੇਸ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਜਨਮ ਦਿੱਤਾ। ਇਸ ਸੰਧੀ ਦਾ ਉਚਾਰਨ ਹੈ ਕਿ ਇਕ
ਓਕਾਰ ਭਾਵ ਅਨੇਕਤਾ ਦੀ ਸੜ ਏਕਤਾ ਵਿੱਚ ਹੈ। ਏਕਤਾ ਨੂੰ ਸਦੀਵੀ ਚੇਤੇ ਵਿੱਚ ਰੱਖ ਕੇ ਹੀ
ਅਨੇਕਤਾ ਨੂੰ ਸਵੀਕਾਰ ਕਰਨਾ ਹੈ। ਇਸ ਸਦੀਵੀ ਸੱਚ ਨੂੰ ਪ੍ਰਗਟ ਕੀਤਾ ਹੈ, ਇਕ ਨੂੰ ਮੰਨ ਕੇ
ਚਲਣ ਨਾਲ ਦੁਬਿਧਾ ਦੂਰ ਹੁੰਦੀ ਹੈ, ਪ੍ਰੇਮ ਬਣਿਆ ਰਹਿੰਦਾ ਹੈ। ਤਥਾ ਏਕੋ ਏਕੁ ਏਕੁ
ਪਛਾਨੈ। ਇਤ ਉਤ ਕੀ ਓਹੁ ਸੋਝੀ ਜਾਨੈ।। (281)
ਇਸਲਾਮ
ਦਾ ਅਕੀਦਾ ਹੈ ਕਿ ਜਾਤ-ਪਾਕ ਵਹਿਦੁਲ ਲਾਅ ਸ਼ਰੀਕ ਹੈ। ਇਸਦਾ ਕੋਈ ਸਾਨੀ ਨਹੀਂ। ਇਹ ਅਕੀਦਾ
ਗੁਰੂ ਨਾਨਕ ਸਾਹਿਬ ਦੇ ਵਿਚਾਰ ਨਾਲ ਸਹਿਮਤੀ ਰੱਖਦਾ ਹੈ। ਇਸ ਲਈ ਗੁਰੂ ਸਾਹਿਬ ਨੇ ਗਣਿਤ
ਪ੍ਰਣਾਲੀ ਦਾ ਪਹਿਲਾ ਅੰਕ 1 ਵਰਤਿਆ। ਦੂਜਾ ਅੱਖਰ ਵਰਨਮਾਲਾ ਦਾ ਪਹਿਲਾ ਅੱਖਰ ਓ ਜੋੜਿਆ
ਹੈ। ਹਿੰਦੂ ਧਰਮ ਦੇ ਧੁਨਆਤਮਿਕ ਨਾਮ ਓਮਦਾ ਪ੍ਰਤੀਕ ਹੈ। ਗੁਰੂ ਸਾਹਿਬ ਨੇ ਇਹਨਾਂ ਦੋਵਾਂ
ਅੰਕ ਅਤੇ ਅੱਖਰਾਂ ਨੂੰ ਵਰਤ ਕੇ ਹਿੰਦੂ, ਮੁਸਲਮਾਨਾਂ ਦੇ ਵਖਰੇਵੇਂ ਨੂੰ ਮਿਟਾਉਣ ਦਾ ਸਫਲ
ਉਪਰਾਲਾ ਕੀਤਾ ਹੈ।
ਏਕੁ ਆਸ ਰਾਖਹੁ ਮਨ ਮਾਹਿ।। ਸਰਬ ਰੋਗ ਨਾਨਕ ਮਿਟਿ ਜਾਹਿ।।(1)।।288
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ। (1)।। 261
ਹਜ ਕਾਬੈ ਜਾਉ ਨ ਤੀਰਥ ਪੂਜਾ।। ਏਕੇ ਸੇਵੀ ਅਵਰੁ ਨ ਦੂਜਾ।। (2)।।
ਪੂਜਾ ਕਰਉ ਨ ਨਿਵਾਜ ਗੁਜਰਾਉ।। ਏਕ ਨਿਰੰਕਾਰ ਲੇ ਰਿਦੈ ਨਮਸਕਾਰਉ।।(1136)
ਦੂਜੇ
ਸ਼ਬਦ ਸੱਚ ਨਾਲ ਗੁਰਦੇਵ ਦਾ ਪ੍ਰੇਮ ਸੀ। ਨਿਰੰਕਾਰ ਨੂੰ ਸਾਚਾ ਸਾਹਿਬ ਕਰਕੇ ਵੀ ਬਿਆਨਿਆ
ਹੈ, ਸਾਚਾ ਸਾਹਿਬੁ ਸਾਚੁ ਨਾਇ (ਜਾਪੁਜੀ) ਅਤੇ ਅਬਨਾਸੀ ਨਿਰੰਕਾਰ ਦਾ ਸਥਾਨ ਸਚਖੰਡ
ਦਰਸਾਇਆ ਹੈ। ਸਚਖੰਡ ਵਸੈ ਨਿਰੰਕਾਰ, ਸੱਚ ਅਤੇ ਨਿਰੰਕਾਰ ਦੋਵੇਂ ਓਤਿ ਪੋਤਿ ਸ਼ਬਦ ਹਨ। ਏਕੇ
ਨੂੰ ਮੰਨ ਕੇ ਚੱਲਣ ਨਾਲ ਦੁਬਿਦਾ ਦੂਰ ਹੁੰਦੀ ਹੈ। ਜਿਵੇਂ ਦਰੱਖਤ ਦੀਆਂ ਟਾਹਣੀਆਂ ਭਾਵੇਂ
ਅਨੇਕਾਂ ਹੁੰਦੀਆ ਹਨ, ਪਰ ਤਣਾ ਇਕ ਹੁੰਦਾ ਹੈ। ਮਨੁੱਖ ਜਾਤੀ ਇਕ ਅਕਾਲ ਪੁਰਖ ਦੀ ਉਪਜ
ਹੈ, ਇਸ ਲਈ ਏਕੇ ਨੂੰ ਮੰਨਣ ਨਾਲ ਇਸ ਵਿੱਚ ਏਕਤਾ ਬਣੀ ਰਹਿੰਦੀ ਹੈ।
ਗੁਰੂ ਨਾਨਕ ਵਿਚਾਰਧਾਰਾ ਬਨਾਮ
(ਖਾਲਸਾ) ਸਿੱਖ ਸਿੰਘ ਭਾਈਚਾਰਾ
ਗੁਰੂ
ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਪੁਰਸ਼ਾਂ ਵਿੱਚ ਹਿੰਦੂ-ਮੁਸਲਮਾਨ ਭਾਈਚਾਰੇ ਦੇ ਲੋਕ
ਸ਼ਾਮਲ ਹੋਏ। ਮੁਸਲਮਾਨ ਭਾਈਚਾਰੇ ਵਿੱਚੋਂ ਭਾਈ ਮਰਦਾਨਾ, ਰਾਇ ਬੁਲਾਰ ਅਤੇ ਦੌਲਤ ਖਾਂ ਲੋਧੀ
ਦੇ ਨਾਮ ਵਿਸ਼ੇਸ਼ ਵਰਨਣ ਯੋਗ ਹਨ। ਭਾਈ ਗੁਰਦਾਸ ਜਾ ਨੇ ਗੁਰੂ ਨਾਨਕ ਦੇਵ ਜੀ ਦੇ ਵਿਸ਼ੇਸ਼
ਸਿੱਖਾਂ ਦਾ ਜਿਕਰ ਆਪਣੀ 11ਵੀਂ ਵਾਰ ਦੀ 13 ਪਉੜੀ ਵਿੱਚ ਕੁਝ ਇਵੇਂ ਕੀਤਾ ਹੈ...
ਤਾਰੁ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ।
ਮੂਲਾ ਕੀਤੁ ਵਖਾਣਿਐ ਦਲਿਤੁ ਅਚਰਜ ਲੁਭਤਿ ਗੁਰਦਾਸੀ।।
ਭਲਾ ਰਬਾਬ ਵਿਜਾਇੰਦਾ ਮਜਲਸ ਮਰਦਾਨਾ ਮੀਰਾਸੀ।
ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ।
ਗੁਰਮਤਿ ਭਾਉ ਭਗਤਿ ਪਰਗਾਸੀ।। (ਵਾਰ 11-13)
ਜਿਹਨਾਂ
ਸਿੱਖਾਂ ਦੇ ਨਾਮ ਇਸ ਪਉੜੀ ਵਿੱਚ ਦਰਜ ਹਨ. ਉਹਨਾਂ ਬਾਰੇ ਅੰਤ ਵਿੱਚ ਭਾਈ ਗੁਰਦਾਸ ਜੀ ਇਹ
ਜਾਣਕਾਰੀ ਦਿੰਦੇ ਹਨ, ਕਿ ਗੁਰ-ਉਪਦੇਸ਼ ਨਾਲ ਪਿਆਰ ਉਪਜਿਆ ਅਤੇ ਭਗਤੀ ਮਾਰਗ ਦੇ ਉੱਚੇ
ਸੁੱਚੇ ਪਾਂਧੀ ਬਣੇ। ਗੁਰੂ ਨਾਨਕ ਦੇਵ ਜੀ ਨੇ ਸਰਬ ਸੰਸਾਰ ਮੁਕਤੀ ਦੀ ਯੋਜਨਾ ਉਲੀਕੀ ਅਤੇ
ਇਸੇ ਕਾਰਨ ਆਪ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਕਰਕੇ ਜਾਣੇ ਗਏ। ਆਪ ਨੇ
ਸਾਰੇ ਭਾਰਤ, ਭਾਰਤ ਦੇ ਨਾਲ ਲੱਗਦੇ ਕੁਝ ਦੂਰ ਦੇਸ਼ਾਂ ਦਾ ਰਟਨ ਕੀਤਾ।
ਹਰਿਦੁਆਰ,ਜਗਨਨਾਥਪੁਰੀ,ਸ੍ਰੀਲੰਕਾ,ਤਿੱਬਤ,ਮੱਕਾ-ਮਦੀਨਾ,ਈਰਾਨ,ਅਫ਼ਗਾਨਿਸਤਾਨ ਅਤੇ ਰੂਸ ਦੇ
ਦੱਖਣ ਤੱਕ ਦਾ ਭਰਮਣ ਕੀਤਾ। ਆਪਣੇ ਸਰਬ ਸਾਂਝੇ ਅਧਿਆਤਮਿਕ ਉਪਦੇਸ਼ਾਂ ਨਾਲ ਲੋਕਾਈ ਜੋ
ਲੀਰੋ-ਲੀਰ ਹੋ ਰਹੀ ਸੀ, ਨੂੰ ਏਕਤਾ ਦਾ ਉਪਦੇਸ਼ ਦੇ ਕੇ ਜੋੜਿਆ। ਭਾਈ ਗੁਰਦਾਸ ਜੀ ਦਾ ਕਥਨ
ਹੈ...
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।। (1-45)
ਬਾਬੇ
ਨਾਨਕ ਜੀ ਨੇ ਜਗਤ ਧਰਮ ਦੀ ਨੀਂਹ ਰੱਖੀ। ਭਾਈ ਕਾਨ ਸਿੰਘ ਨਾਭਾ ਗੁਰਮਤ ਮਾਰਤੰਡ ਭਾਗ
ਦੂਜਾ ਪੰਨਾ 64 ਉਤੇ ਨਿਰਮਲ ਸ਼ਬਦ ਨੂੰ ਇਸ ਤਰਾਂ ਅਰਥਾਂਦੇ ਹਨ। ਸਿੱਖ ਪੰਥ ਖਾਲਸਾ ਪੰਥ ਦਾ
ਹੀ ਨਾਂਮਾਤਰ ਹੈ, ਕਿਉਂਕਿ ਉਸਦੀ ਸਰੀਰਕ ਅਥੇ ਅਤਮਿਕ ਰਹਿਣੀ ਨਿਰਮਲ ਹੈ। ਖਾਲਸਾ ਅਰਬੀ
ਭਾਸ਼ਾ ਦਾ ਸ਼ਬਦ ਹੈ, ਜਿਸਦੇ ਅਰਥ ਹਨ, ਬਿਨਾਂ ਮਿਲਾਵਟ ਸ਼ੁਧ ਅਤੇ ਨਿਰਮਲ ਦੇਸੀ ਭਾਸ਼ਾ-ਖਾਲਸੇ
ਸ਼ਬਦ ਦਾ ਸਮਅਰਥੀ ਸ਼ਬਦ ਹੈ, ਗੁਰੂ ਨਾਨਕ ਦੇਵ ਜੀ ਨੇ ਸਿੱਖਿਆਰਥੀ ਲਹਿਰ ਦੀ ਨੀਂਹ ਰੱਖੀ,
ਜਿਸਦਾ ਨਾਮ ਨਿਰਮਲ-ਖਾਲਸਾ ਪੰਥ ਪ੍ਰਚੱਲਤ ਹੋਇਆ।
(ਬਾਕੀ ਕੱਲ)



7:12 AM
JANCHETNA
,






0 Response to "ਰੋਜ਼ਾਨਾ ਜਨਚੇਤਨਾ, 18 ਸਤੰਬਰ, 2019"
Post a Comment