Mission Janchetna-27th June, 2019
ਸਾਲ 9, ਅੰਕ 10, 27 ਜੂਨ, 2019/13 ਹਾੜ ਨਾਨਕ ਸ਼ਾਹੀ 551.
ਅੱਜ ਦਾ ਵਿਚਾਰ-24 .
ਮਨੁੱਖ ਕੋਲ ਬੇਸ਼ਕ ਵਧੀਆ, ਖੱਬਲ ਘਾਹ ਵਰਗਾ ਸਰੀਰ ਹੈ ਜਿਹੜਾ ਆਪਣੇ
ਆਪ ਨੂੰ ਹਰ ਮਾਹੌਲ ਵਿਚ ਢਾਲ ਲੈਂਦਾ ਹੈ-ਗਰਮੀ-ਸਰਦੀ, ਧੁੱਪ-ਛਾਂ ਸਭ ਵਿਚ ਉਹ ਸੈੱਟ ਹੋ ਜਾਂਦਾ
ਹੈ। ਇਸ ਤੋਂ ਉਹ ਸਖਤ ਤੋਂ ਸਖਤ ਮਿਹਨਤ ਕਰਵਾ ਸਕਦਾ ਹੈ, ਇਸ ਨੂੰ ਮਨ ਚਾਹਿਆ ਰੂਪ ਦੇ ਸਕਦਾ ਹੈ।
ਇਸੇ ਤਰਾਂ ਉਸ ਦਾ ਦਿਮਾਗ ਵੀ ਉੱਤਮ ਸ਼੍ਰੇਣੀ ਦਾ ਹੈ। ਹਾਲਾਂ ਕਿ ਉਸ ਦਾ ਧਰਤੀ ਉਤੇ ਵਤੀਰਾਂ
ਸ਼ੋਭਾਜਨਕ ਨਹੀਂ ਹੈ, ਪਰ ਉਸ ਦੀਆਂ ਪਰਾਪਤੀਆਂ ਵੱਡੀਆਂ ਹਨ। ਸਮੁੰਦਰ, ਅਸਮਾਨ ਉਸ ਨੇ ਫਤਹਿ ਕਰ ਲਏ
ਹਨ। ਚੰਦਰਮਾਂ ਉਤੇ ਉਹ ਪਹੁੰਚ ਚੁੱਕਾ ਹੈ, ਹੁਣ ਮੰਗਲ ਦੀ ਵਾਰੀ ਹੈ।
ਤਾਂ ਵੀ ਉਹ ਕੁਦਰਤ ਦਾ ਹਿੱਸਾ ਹੈ ਅਤੇ ਆਪਣੀਆਂ ਲੋੜਾਂ ਦੀ ਪੂਰਤੀ
ਲਈ ਉਹ ਇਸ ਉਤੇ ਨਿਰਭਰ ਕਰਦਾ ਹੈ। ਮਨੁੱਖ ਹੀ ਨਹੀਂ, ਕੁਦਰਤ ਦਾ ਹਰ ਹਿੱਸਾ, ਜੀਵ-ਨਿਰਜੀਵ, ਉਸ ਦੇ
ਸੁਹਾਣੇ ਜੀਵਨ ਸਫਰ ਵਿਚ ਉਸ ਦੇ ਸਹਾਇਕ ਹਨ। ਇਹਨਾਂ ਵਿਚੋਂ ਕਿਸੇ ਦੀ ਵੀ ਅਨਹੋਂਦ, ਕਰੂਪਤਾ,
ਅਕੁਸ਼ਲਤਾ, ਕਰੂਰਤਾ ਜੀਵਨ ਦੀ ਰੰਗੀਨੀ ਬਦਰੰਗ ਕਰ ਸਕਦੀ ਹੈ। ਸਾਨੂੰ ਉਹਨਾਂ ਨਾਲ ਅਪੱਣਤ ਦਾ
ਵਿਉਹਾਰ ਕਰਨਾ ਚਾਹੀਦਾ ਹੈ, ਉਹਨਾਂ ਦੀ ਸੇਵਾ ਸੰਭਾਲ ਵਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ
ਦੀ ਤੰਦਰੁਸਤੀ, ਸੁੰਦਰਤਾ ਨਾਲ ਹੀ ਸਾਡੀ ਦੁਨੀਆਂ ਸਤਰੰਗੀ ਹੈ।
ਪੰਜਾਬ ਦਾ ਇਤਿਹਾਸ-35.
ਤੀਜਾ
ਨੁਕਤਾ ਇਹ ਉਭਰਦਾ ਹੈ ਕਿ ਆਰਿਆ ਲੋਕਾਂ ਨੇ ਪੰਜ ਦਰਿਆਵਾਂ ਨੂੰ ਇਕ ਵੱਖਰੇ ਮੁਲਕ ਦੇ ਦਰਿਆਵਾਂ ਦੇ
ਤੌਰ ਅਤੇ ਮਾਣਤਾ ਹੀ ਨਹੀਂ ਦਿੱਤੀ। ਆਰਿਆ ਗਰੰਥਾਂ ਵਿੱਚ ਕਿਤੇ ਵੀ ਪੰਜ ਦਰਿਆਵਾਂ ਵਾਲੀ ਧਰਤੀ ਨੂੰ
ਇੱਕ ਵੱਖਰੇ ਭੂਗੋਲਕ ਖਿੱਤੇ ਦੇ ਤੌਰ ਅਤੇ ਨਹੀਂ ਬਿਆਨ ਕੀਤਾ ਗਿਆ। ਉਹਨਾਂ ਨੇ ਇਸ ਧਰਤੀ ਨੂੰ ਜਾਂ
ਤਾਂ ਸਪਤ-ਸਿੰਧੂ ਦੇ ਨਾਂ ਨਾਲ ਵਰਨਣ ਕੀਤਾ ਹੈ ਅਤੇ ਜਾਂ ਫਿਰ ਬਰੱਹਮਵਰਤ ਦੇ ਨਾਂ ਨਾਲ। ਭਾਵ ਇਸ
ਦਾ ਇਹ ਵੀ ਲਿਆ ਜਾ ਸਕਦਾ ਹੈ ਕਿ ਆਰਿਆ ਲੋਕਾਂ ਨੇ ਪੰਜਾਬ ਦਾ ਨਾਂ ਛੱਡ ਕੇ ਜਾਂ ਇਸ ਦੇ ਪੰਜ
ਦਰਿਆਵਾਂ ਦੀ ਵਿਸ਼ੇਸਤਾ ਖ਼ਤਮ ਕਰਕੇ ਇਸ ਨੂੰ ਸਿੰਧ ਅਤੇ ਸਰਸਵਤੀ ਸਮੇਤ ਸੱਤ ਦਰਿਆਵਾਂ ਦੀ ਧਰਤੀ
ਬਣਾ ਦਿੱਤਾ ਸੀ। ਇਹ ਗੱਲ ਭੂਗੋਲਿਕ ਨਿਯਮਾਂ ਦੇ ਉਲਟ ਸੀ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ
ਚੁੱਕਿਆ ਹੈ ਕਿ ਸਿੰਧ ਅਤੇ ਸਰਸਵਤੀ ਨਾ ਤਾਂ ਇਕੋ ਭੂਗੋਲਿਕ ਖਿੱਤੇ ਦੇ ਦਰਿਆ ਹਨ ਅਤੇ ਨਾ ਹੀ
ਪੰਜਾਬੀ ਸਭਿਆਚਾਰ ਵਾਲੇ। ਇਸ ਲਈ ਇਹਨਾਂ ਦਾ ਸੁਮੇਲ ਗੈਰ-ਕੁਦਰਤੀ ਸੀ। ਇਹੀ ਕਾਰਣ ਹੈ ਕਿ ਨਾ ਤਾਂ
ਇਸ ਖਿੱਤੇ ਦਾ ਨਾਂ ਪੰਜਾਬ ਦੀ ਥਾਂ ਉਤੇ ਸਪਤ-ਸਿੰਧੂ ਹੀ ਪਰਚੱਲਤ ਹੋ ਸਕਿਆ ਅਤੇ ਨਾ ਹੀ ਸਰਸਵਤੀ
ਪੰਜਾਬ ਦੇ ਦਰਿਆਵਾਂ ਨਾਲ ਹੀ ਮਿਲ ਸਕੀ। ਬਰੱਹਮਵਰਤ ਨਾਂ ਵੈਸੇ ਹੀ ਪਰਚੱਲਤ ਨਹੀਂ ਹੋ ਸਕਿਆ ਕਿਉਂ
ਕਿ ਇਹ ਸਿਰਫ ਬਰਾਹਮਣ ਸ਼ਰੇਣੀ ਵੱਲੋਂ ਦਿੱਤਾ ਗਿਆ ਸੀ। ਅਸਲ ਵਿੱਚ ਬਰੱਹਮਵਰਤ ਨਾਂ ਸਿਰਫ ਸਰਸਵਤੀ
ਅਤੇ ਘੱਗਰ ਦੇ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਦਾ ਹੀ ਨਾਂ ਸੀ। ਆਰੀਆਂ ਲੋਕਾਂ ਦੇ ਲਗਭਗ ਸਾਰੇ
ਧਾਰਮਿਕ ਗਰੰਥ ਸਰਸਵਤੀ ਦਰਿਆ ਦੇ ਕੰਢਿਆ ਉਪਰ ਹੀ ਰਚੇ ਗਏ ਸਨ। ਇਸ ਨਾਲ ਇਸ ਖਿੱਤੇ ਦੀ ਇਕ ਵਿਸ਼ੇਸ਼
ਧਾਰਮਿਕ ਮਹੱਤਤਾ ਜਿਹੀ ਬਣ ਗਈ ਸੀ। ਇਸ ਮਹੱਤਤਾ ਨੂੰ ਦਰਸਾਉਣ ਲਈ ਹੀ ਇਸ ਦਾ ਨਾਂ ਬਰੱਹਮਵਰਤ ਪਰਚੱਲਤ
ਕੀਤਾ ਗਿਆ ਸੀ। ਇਸ ਨੂੰ ਆਰੀਆਵਰਤ ਵੀ ਕਿਹਾ ਜਾਂਦਾ ਸੀ। ਵਰਤ ਦਾ ਮਤਲਬ ਭੂਮੀ ਤੋਂ ਹੈ। ਇਸ ਦਾ
ਭਾਵ ਸੀ ਕਿ ਘੱਗਰ ਅਤੇ ਸਰਸਵਤੀ ਦਰਿਆਵਾਂ ਵਿਚਕਾਰਲਾ ਖਿੱਤਾ ਸ਼ੁੱਧ ਆਰੀਆ ਭੂਮੀ ਸੀ ਜਾਂ ਇਹ
ਬਰਾਹਮਣਾਂਦੇ ਰਹਿਣ ਵਾਲੀ ਪਵਿੱਤਰ ਭੂਮੀ ਸੀ।
. ਸਿੱਖ
ਇਤਿਹਾਸ ਵਿਚ ਅੱਜ .
27 ਜੂਨ
ਅੱਜ
ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
=ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ (1839
ਈ.)
=ਜਥੇਦਾਰਾਂ ਵਲੋਂ ਡਾਕਟਰ ਪਿਸ਼ੌਰਾ ਸਿਘ
ਨੂੰ ਤਨਖਾਹ ਲਾਉਣਾ (1994 ਈ.)
ਮਹਾਰਾਜਾ
ਰਣਜੀਤ ਸਿੰਘ
ਪੰਜਾਬ
ਦੇ ਸ਼ੇਰ (ਸ਼ੇਰੇ-ਪੰਜਾਬ) ਵਜੋਂ ਜਾਣਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ 24
ਦਸੰਬਰ, 1838 ਨੂੰ ਬੀਮਾਰ ਹੋ ਕੇ ਇਸ ਤਰ੍ਹਾਂ ਮੰਜੇ
ਤੇ ਪਿਆ ਕਿ ਦੁਬਾਰਾ ਉਠ ਨਹੀਂ ਸਕਿਆ। ਉਸ ਨੂੰ ਅਧਰੰਗ ਹੋ ਗਿਆ ਸੀ: ਉਸ ਦਾ
ਇੱਕ ਪਾਸਾ ਮਾਰਿਆ ਗਿਆ ਸੀ। ਉਹ ਨਾ ਤਾਂ ਬਿਸਤਰੇ ਤੋਂ ਉਠ ਸਕਦਾ ਸੀ ਅਤੇ ਨਾ ਹੀ ਮਹਿਮਾਨਾਂ ਨਾਲ
ਗਲਬਾਤ ਕਰ ਸਕਦਾ ਸੀ। ਛੇ ਮਹੀਨੇ ਤੱਕ ਉਹ ਜੀਵਨ ਮੌਤ ਵਿਚਕਾਰ ਲਟਕਦਾ ਰਿਹਾ। ਜਦੋਂ ਬਚਣ ਦੀ ਕੋਈ
ਉਮੀਦ ਬਾਕੀ ਨਾ ਰਹੀ ਤਾਂ ਉਸ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਉਸ ਦਾ ਰਾਜਸੀ ਵਾਰਸ ਐਲਾਣ ਦਿੱਤਾ
ਗਿਆ। ਮੌਤ ਨਾਲ ਘੁਲਦਿਆਂ ਮਹਾਰਾਜਾ ਰਣਜੀਤ ਸਿੰਘ ਨੇ 27 ਜੂਨ, 1839
ਦੇ ਦਿਨ ਪ੍ਰਾਣ ਤਿਆਗ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਿਨ 29
ਜੂਨ ਨੂੰ ਮਨਾਇਗੀ।
ਰਣਜੀਤ
ਸਿੰਘ 13 ਨਵੰਬਰ, 1780
ਦੇ ਦਿਨ ਸ਼ੁਕਰਚੱਕੀਆ ਮਿਸਲ ਦੇ ਸਰਕਾਰ ਮਹਾਂ ਸਿੰਘ ਦੇ ਘਰ ਜੰਮਿਆ। ਇਸ ਸਮੇਂ ਪੰਜਾਬ ਦੇ ਰਾਜਸੀ
ਖੇਤਰ ਵਿਚ ਮਿਸਲਾਂ ਦਾ ਬੋਲਬਾਲਾ ਸੀ। ਉਹ ਵਿਦੇਸ਼ੀ ਹਮਲਿਆਂ ਵਿਰੁੱਧ ਤਾਂ ਲੜ ਰਹੀਆਂ ਸਨ, ਇਲਾਕਿਆਂ
ਅਤੇ ਸੱਤਾ ਵਿਚ ਭਾਈਵਾਲੀ ਲਈ਼ ਉਹ ਆਪਸ ਵਿਚ ਵੀ ਖਹਿ ਰਹੀਆਂ ਸਨ। ਰਣਜੀਤ ਸਿੰਘ ਦਾ ਬਾਪ ਮਹਾਂ
ਸਿੰਘ ਅਜਿਹੇ ਹੀ ਆਪਸੀ ਯੁੱਧ ਵਿਚ ਮਾਰਿਆ ਗਿਆ। ਉਸ ਸਮੇਂ ਰਣਜੀਤ ਸਿੰਘ ਬਾਰਾਂ ਸਾਾਲ ਦਾ ਸੀ।
ਮਰਨ
ਤੋਂ ਪਹਿਲਾਂ ਮਹਾਂ ਸਿਘ ਰਣਜੀਤ ਸਿੰਘ ਦਾ ਰਿਸ਼ਤਾ ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਦੀ ਪੋਤਰੀ
ਨਾਲ ਕਰ ਗਿਆ ਸੀ। ਸ਼ੁਕਰਚੱਕੀਆ ਮਿਸਲ ਦਾ ਸਰਦਾਰ ਮਿਸਲ ਦਾ ਸਰਦਾਰ ਤਾਂ ਰਣਜੀਤ ਸਿੰਘ ਹੀ ਬਣਿਆ ਪਰ
ਉਸ ਦੀ ਦੇਖ ਰੇਖ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਹੀ ਕਰਦੀ ਰਹੀ। ਬਹੁਤੇ ਇਤਿਹਾਸਕਾਰ ਉਸੇ
ਨੂੰ ਸੰਗਠਿਤ ਪੰਜਾਬ ਦੀ ਨਿਰਮਾਤਰੀ ਦੇ ਰੂਪ ਵਿਚ ਵੇਖਦੇ ਹਨ।
ਪੰਜਾਬ
ਇਸ ਸਮੇਂ ਮਿਸਲਾਂ ਅਤੇ ਪਠਾਣਾਂ ਵਿਚ ਵੰਡਿਆ ਹੋਇਆ ਸੀ। ਧੁਰ ਦੱਖਣ ਵਿਚ ਅੰਗਰੇਜ਼ ਜਾਰਜ ਥਾਮਸ ਵੀ
ਇੱਕ ਸੈਨਿਕ ਸ਼ਕਤੀ ਵਜੋਂ ਵਿਗਸ ਰਿਹਾ ਸੀ। ਅਫਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਜ਼ਮਾਨ ਦੇ ਪੰਜਾਬ ਉਤੇ
ਰਾਜ ਕਰਨ ਦੇ ਸੁਪਨੇ ਅਜੇ ਖਤਮ ਨਹੀਂ ਹੋਏ ਸਨ। ਕਾਂਗੜੇ ਵਿਚ ਰਾਜਾ ਸੰਸਾਰ ਚੰਦ ਵੀ ਸਰਗਰਮ ਸੀ। ਉਸ
ਨੇ ਕਈ ਸਿੱਖ ਸਰਦਾਰਾਂ ਦਾ ਇਲਾਕਾ ਆਪਣੇ ਕਬਜ਼ੇ 'ਚ ਲਿਆ ਹੋਇਆ ਸੀ।
ਰਣਜੀਤ
ਸਿੰਘ ਉਸ ਸਮੇਂ ਨਜ਼ਰੀਂ ਚੜ੍ਹਿਆ ਜਦੋਂ 1796 ਈ. ਵਿਚ ਸ਼ਾਹ ਜਮਾਨ ਨੇ ਪੰਜਾਬ ਉਤੇ
ਹਮਲਾ ਕਰ ਦਿੱਤਾ। ਤੀਹ ਹਜ਼ਾਰ ਫੌਜ ਨਾਲ ਉਸ ਸਿੰਧ ਦਰਿਆ ਪਾਰ ਕੀਤਾ ਅਤੇ ਲਾਹੌਰ ਵਲ ਵਧਿਆ। ਜਿਉਂ
ਹੀ ਉਸ ਦੇ ਹਮਲੇ ਦੀ ਖ਼ਬਰ ਮਿਲੀ, ਸਿੱਖ ਸਰਦਾਰਾਂ ਆਪਣੇ ਪਰਿਵਾਰ
ਸੁਰੱਖਿਅਤ ਥਾਵਾਂ ਤੇ ਭੇਜ ਦਿੱਤੇ ਅਤੇ ਆਪ ਅੰਮ੍ਰਿਤਸਰ ਵਿਖੇ ਇੱਕਤਰ ਹੋਏ। ਇਨ੍ਹਾਂ ਵਿਚ ਰਣਜੀਤ
ਸਿੰਘ ਵੀ ਸ਼ਾਮਲ ਸੀ।
ਕਿਹਾ
ਜਾਂਦਾ ਹੈ ਕਿ ਵਧੇਰੇ ਸਿੱਖ ਸਰਦਾਰ ਆਪਣੀ ਪੁਰਾਣੀ ਨੀਤੀ ਤੇ ਚਲਣਾ ਚਾਹੁੰਦੇ ਸਨ ਕਿ ਹਮਲਾਵਰ ਨੂੰ
ਲੁੱਟਮਾਰ ਕਰ ਲੈਣ ਦਿਉ ਪਰ ਜਦ ਉਹ ਵਾਪਿਸ ਜਾਣ ਲਈ ਪਰਤੇ ਤਾਂ ਉਸ ਕੋਲੋਂ ਸਭ ਕੁਝ ਖੋਹ ਲਉ ਪਰ
ਰਣਜੀਤ ਸਿੰਘ ਇਸ ਧਾਰਨਾ ਦੇ ਵਿਰੁੱਧ ਡੱਟ ਗਿਆ। ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਸ਼ਬਦਾਂ ਵਿਚ, ''ਰਣਜੀਤ
ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਮੈਦਾਨਾਂ ਵਿਚ ਟਿਕੇ ਰਹੋ ਅਤੇ ਉਨ੍ਹਾਂ ਲੋਕਾਂ ਦੀ ਰਾਖੀ
ਕਰੋ ਜਿਨ੍ਹਾਂ ਕੋਲੋਂ ਸਾਲਾਂ ਬੱਧੀ ਕਰ ਵਸੂਲ ਕਰਦੇ ਰਹੇ ਹੋ।"
ਉਸ
ਦੀ ਬਹਾਦਰੀ ਨੇ ਪਾਸਾ ਪਲਟ ਦਿੱਤਾ। ਬਹੁਤ ਸਾਰੇ ਸਰਦਾਰ ਉਸ ਦੀ ਸਹਾਇਤਾ ਲਈ ਤਿਆਰ ਹੋ ਗਏ। ਉਸ
ਸਿੱਖਾਂ ਦੀ ਮਿਲਵੀਂ ਫੌਜ ਦੀ ਕਮਾਨ ਸੰਭਾਲੀ, ਲਾਹੌਰ ਦੇ ਦਿਹਾਤੀ ਇਲਾਕੇ ਵਿਚੋਂ
ਅਫਗਾਨਾਂ ਨੂੰ ਖਦੇੜ ਦਿੱਤਾ ਅਤੇ ਸ਼ਹਿਰ ਦੁਆਲੇ ਘੇਰਾ ਪਾ ਲਿਆ। ਹਰ ਰਾਤ ਉਹ ਵੱਖ-ਵੱਖ ਆਬਾਦੀਆਂ 'ਤੇ
ਹਮਲੇ ਦਾ ਪ੍ਰਬੰਧ ਕਰਦਾ ਰਿਹਾ। ਇਸ ਪ੍ਰਕਾਰ ਉਸ ਅਫਗਾਨਾਂ ਨੂੰ ਆਪਣੀ ਸੁਰੱਖਿਆ ਵਲ ਲਾਈ ਰੱਖਿਆ।
ਸ਼ਾਹ
ਜ਼ਮਾਨ ਨੂੰ ਅੰਦਰੂਨੀ ਬਗਾਵਤ ਕਾਰਣ ਦੇਸ਼ ਵਾਪਸ ਮੁੜਣਾ ਪਿਆ। ਸਿੱਖਾਂ ਨੇ ਪੈਰ ਪੈਰ 'ਤੇ
ਉਹਦਾ ਪਿੱਛਾ ਕੀਤਾ ਅਤੇ ਜੇਹਲਮ ਤੱਕ ਉਸ ਨੂੰ ਤੰਗ ਕਰਦੇ ਰਹੇ। ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਦੁਆਰਾ
ਨਿਯੁਕਤ ਸ਼ਾਹਨਚੀ ਖਾਨ ਦੀਆਂ ਫੌਜਾਂ ਨਾਲ ਖੂਬ ਟੱਕਰ ਲਈ। ਇੰਝ ਉਹ ਮਾਮੂਲੀ ਸਿੱਖ ਸਰਦਾਰ ਤੋਂ ਪੰਜਾਬ ਦਾ ਨਾਇਕ ਬਣ ਗਿਆ।
ਅਗਲੀ
ਵਾਰ ਫਿਰ ਇਹੀ ਕੁਝ ਵਾਪਰਿਆ। 1798 ਈ. ਵਿਚ ਸ਼ਾਹ ਜ਼ਮਾਨ ਨੇ ਪੰਜਾਬ ਤੇ
ਮੁੜ ਹਮਲਾ ਕੀਤਾ। ਸਿੱਖ ਸਰਦਾਰ ਪਹਾੜਾਂ ਵੱਲ ਨੱਸ ਗਏ। ਅੰਮ੍ਰਿਤਸਰ ਵਿਚ ਇੱਕਠੇ ਹੋਏ ਸਿੱਖ
ਸਰਦਾਰਾਂ ਨੂੰ ਮੁੜ ਰਣਜੀਤ ਸਿੰਘ ਨੇ ਪ੍ਰੇਰਿਆ, ''ਫਤਹਿ ਵਾਹਿਗੁਰੂ ਦੀ ਦਾਤ ਹੈ। ਆਉ!
ਇੱਕ ਵਾਰ ਫੇਰ ਉਹਦੀ (ਸ਼ਾਹ ਦੀ) ਵਿਰੋਧਤਾ ਕਰੀਏ।"
ਇਸ
ਵਾਰ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੀਆਂ ਜੂਹਾਂ ਤੋਂ ਪੰਜ ਮੀਲ ਦੀ ਦੂਰੀ ਤੇ ਅਫਗਾਨਾਂ ਨਾਲ ਟੱਕਰ
ਵੀ ਲਈ ਅਤੇ ਉਨ੍ਹਾਂ ਨੂੰ ਲਾਹੌਰ ਤੱਕ ਧੱਕ ਦਿੱਤਾ। ਖੜ੍ਹੀਆਂ ਫਸਲਾਂ ਨੂੰ ਅੱਗ ਲਾ ਦਿੱਤੀ ਤਾਂ ਕਿ
ਅਫਗਾਨਾਂ ਨੂੰ ਖੁਰਾਕ ਨਾ ਮਿਲ ਸਕੇ। ਉਸ ਸ਼ਾਹ ਜ਼ਮਾਨ ਨੂੰ ਲਾਹੌਰ ਦੇ ਕਿਲੇ ਤੱਕ ਪਹੁੰਚ ਵੰਗਾਰਿਆ।
ਇਹ
ਕਹਿਣਾ ਤਾਂ ਅਤਿਕਥਨੀ ਹੋਇਗਾ ਕਿ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਨੂੰ ਕਾਬਲ ਮੁੜਣ ਲਈ ਮਜਬੂਰ ਕਰ
ਦਿੱਤਾ ਪਰ ਇਹ ਸੱਚ ਹੈ ਕਿ ਸ਼ਾਹ ਜ਼ਮਾਨ ਦੀ ਵਾਪਸੀ ਪਿਛੋਂ ਪੂਰੇ ਜੀਵਨ ਵਿਚ ਰਣਜੀਤ ਸਿੰਘ ਨੇ ਪਿੱਛੇ
ਮੁੜ ਕੇ ਨਹੀਂ ਦੇਖਿਆ।
1799 ਈ. ਵਿਚ ਉਸ ਲਾਹੌਰ ਉਤੇ ਕਬਜ਼ਾ ਕਰ
ਲਿਆ।
ਅਠਾਰਾਂ
ਸਾਲ ਦੇ ਗਭਰੂ ਰਣਜੀਤ ਸਿੰਘ ਨੂੰ, ਜਦੋਂ ਉਹ ਕਿਲ੍ਹੇ ਵਿਚ ਦਾਖਲ ਹੋਇਆ (7
ਜੁਲਾਈ, 1799), ਤਾਂ ਉਸ ਨੂੰ ਸ਼ਾਹੀ ਤੋਪਾਂ ਦੀ ਸਲਾਮੀ
ਦਿੱਤੀ ਗਈ। ਰੁਕਾਵਟਾਂ ਨੂੰ ਖਤਮ ਕਰਕੇ ਉਸ ਲਾਹੌਰ ਦੇ ਕਿਲ੍ਹੇ ਵਿਚ ਹੀ ਆਪਣਾ ਦਰਬਾਰ ਸਥਾਪਤ
ਕੀਤਾ। ਇਸ ਦਰਬਾਰ ਨੂੰ ਉਸ ਨਵੇਂ ਨਵੇਂ, ਆਪਣੇ ਖੇਤਰਾਂ ਵਿਚ ਮਾਹਿਰ ਲੋਕਾਂ
ਦੀਆਂ ਸੇਵਾਵਾਂ ਨਾਲ ਸਜਾਇਆ ਅਤੇ ਮਾਲੀਆ, ਨਿਆਂ ਪ੍ਰਬੰਧ ਵਿਚ ਸੁਧਾਰ ਲਿਆਂਦਾ।
ਇਥੇ
ਹੀ ਰਣਜੀਤ ਸਿੰਘ ਨੂੰ 12 ਅਪ੍ਰੈਲ, 1801
ਈ. ਦੇ ਦਿਨ ਪੰਜਾਬ ਦਾ ਰਾਜ ਤਿਲਕ ਮਿਲਿਆ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਬਣ ਗਿਆ।
ਉਸ
ਨੇ ਸਭ ਤੋਂ ਪਹਿਲਾ ਧਿਆਨ ਇਲਾਕੇ ਨੂੰ ਵਧਾਉਣ ਵਲ ਦਿੱਤਾ। ਕਸੂਰ ਦੇ ਪਠਾਣ ਅਤੇ ਕਾਂਗੜਾ ਦੇ
ਰਾਜਪੂਤ ਉਸ ਦਾ ਪਹਿਲਾ ਨਿਸ਼ਾਨਾ ਬਣ। ਫਿਰ ਉਸ ਨੇ ਅੰਮ੍ਰਿਤਸਰ ਉਤੇ ਕਬਜ਼ਾ ਕੀਤਾ।
1806 ਈਸਵੀ ਵਿਚ ਉਸ ਨੇ ਅੰਗਰੇਜ਼ਾਂ ਨਾਲ
ਸੰਧੀ ਕਰ ਲਈ। ਪੂਰਬ ਵਲੋਂ ਨਿਸਚਿੰਤ ਹੋ ਕੇ ਉਸਨੇ ਬਾਕੀ ਦਿਸ਼ਾਵਾਂ ਵਲ ਵੱਧਣਾ ਜਾਰੀ ਰੱਖਿਆ।
ਕਾਂਗੜਾ, ਮੁਲਤਾਨ, ਕਸ਼ਮੀਰ, ਲਦਾਖ, ਪਿਸ਼ਾਵਰ
ਸਭ ਉਸ ਦਾ ਪਾਣੀ ਭਰਨ ਲੱਗੇ।
ਉਸ
ਨੇ ਅਫਗਾਨਾਂ ਦੀ ਸ਼ਕਤੀ ਤੋੜ ਦਿੱਤੀ ਜਿਸ ਨਾਲ ਪੰਜਾਬ ਉਤੇ ਪੱਛਮ ਵਲੋਂ ਹਮਲੇ ਹੋਣੇ ਬੰਦ ਹੋ ਗਏ।
ਮਹਾਰਾਜਾ
ਰਣਜੀਤ ਸਿੰਘ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਉਸ ਦੀ ਆਪਣੀ ਰਾਇ ਜਾਨਣੀ ਬੇਹਤਰ ਹੋਇਗੀ। ਉਸ ਨੇ
ਆਪਣੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ, ''ਮੇਰੀ ਹਕੂਮਤ ਪਹਿਲਾਂ ਛੋਟੀ ਸੀ, ਹੁਣ
ਬਹੁਤ ਸਾਰੇ ਇਲਾਕੇ ਵਿਚ ਫੈਲੀ ਹੋਈ ਹੈ। ਪਹਿਲਾਂ ਇਹ ਖਿੰਡਰੀ ਹੋਈ ਸੀ, ਹੁਣ
ਇੱਕ ਥਾਂ ਇੱਕਠੀ ਹੈ। ਇਸ ਵਿਚ ਖੁਸ਼ਹਾਲੀ ਆਉਣੀ ਚਾਹੀਦੀ ਹੈ। ਇਹ ਇਸੇ ਤਰ੍ਹਾਂ ਹੀ ਬਿਨਾਂ ਵੰਡੀ
ਪਿਆਂ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਪ੍ਰਾਪਤ ਹੋਵੇ..... ਤੈਮੂਰ ਦੀ ਸਿੱਖਿਆ ਨੇ ਮੇਰੀ ਅਗਵਾਈ
ਕੀਤੀ ਹੈ। ਜੋ ਕੁਝ ਉਹ ਪ੍ਰਚਾਰਦਾ ਰਿਹਾ ਅਤੇ ਜੋ ਉਸ ਦਾ ਉਦੇਸ਼ ਸੀ, ਉਹ
ਮੈਂ ਪੂਰਾ ਕੀਤਾ।.....ਮੈਂ ਆਪਣੀ ਸਰਕਾਰ ਦਾ ਗਠਨ ਖੁੱਲ੍ਹਦਿਲੀ, ਜ਼ਾਬਤੇ ਅਤੇ ਨੀਤੀ ਨਾਲ ਕੀਤਾ ਹੈ। ਬਹਾਦਰਾਂ ਨੂੰ ਮੈਂ ਇਨਾਮ
ਦਿੱਤੇ ਹਨ ਅਤੇ ਜਿਥੇ ਵੀ ਯੋਗਤਾ ਵੇਖੀ, ਉਸ ਨੂੰ ਸਨਮਾਨਤ ਕੀਤਾ। ਜੰਗ ਦੇ
ਮੈਦਾਨ ਵਿਚ ਮੈਂ ਸੂਰਮਿਆਂ ਨੂੰ ਹੱਲਾ ਸ਼ੇਰੀ ਦਿੱਤੀ। ਆਪਣੀਆਂ ਫੌਜਾਂ ਨੂੰ ਨਾਲ ਲੈ, ਮੈਂ
ਖਤਰਿਆਂ ਦੇ ਮੂੰਹ ਪਿਆਂ ਹਾਂ। ਥਕੇਵਾਂ ਝੱਲਿਆ ਹੈ। ਰਣਖੇਤਰ ਅਤੇ ਦਰਬਾਰ ਵਿਚ ਮੈਂ ਨਿਰਪੱਖ ਰਹਿਣਾ
ਦਾ ਯਤਨ ਕੀਤਾ ਹੈ ਅਤੇ ਮੇਰੀ ਆਤਮਾ ਨੇ ਪੱਖਪਾਤ ਦੀ ਕੋਈ ਖਿੜਕੀ ਨਹੀਂ ਖੋਲ੍ਹੀ। ਮੈਨੂੰ ਹਕੂਮਤ
ਕਰਨ ਦੀ ਦਾਤ ਮਿਲੀ ਪਰ ਮੈਂ ਸੇਵਾਦਰ ਬਣ ਕੇ ਇਹ ਜ਼ਿੰਮੇਂਵਾਰੀ ਨਿਭਾਈ ਹੈ। ਮੈਂ ਪੀਰਾਂ ਫਕੀਰਾਂ
ਨੂੰ ਖੈਰ ਪਾਈ ਹੈ, ਸਾਧੂ ਸੰਤਾਂ ਦੀ ਝੋਲੀ ਭਰੀ ਹੈ।
ਉਨ੍ਹਾਂ ਦੀਆਂ ਅਰਦਾਸਾਂ ਅਤੇ ਦੁਆਵਾਂ ਮੈਨੂੰ ਲੱਗੀਆਂ ਹਨ.... ਅਪਰਾਧੀਆਂ ਨੂੰ ਮਾਸੂਮ ਜਾਣ ਕੇ
ਬਖਸ਼ਿਆ ਹੈ। ਜਿਨ੍ਹਾਂ ਹੱਥਾਂ ਮੇਰੇ ਵਿਰੁੱਧ ਹਥਿਆਰ ਸੰਭਾਲ ਕੇ ਵੰਗਾਰ ਦਿੱਤੀ, ਉਨ੍ਹਾਂ
ਨੂੰ ਮੇਰੀ ਨਰਮ ਦਿਲੀ ਅਤੇ ਦਇਆ ਪ੍ਰਾਪਤ ਹੋਈ। ਸ੍ਰੀ ਪੁਰਖ ਜੀ (ਵਾਹਿਗੁਰੂ) ਨੇ ਦਾਸ ਦੇ ਸਿਰ ਤੇ
ਮਿਹਰ ਭਰਿਆ ਹੱਥ ਰੱਖਿਆ ਹੈ। ਉਸ ਨੇ ਸ਼ਕਤੀ ਵਿਚ ਵਾਧਾ ਕੀਤਾ ਜਿਸ ਸਦਕਾ ਮੇਰੀ ਹਕੂਮਤ ਦੀ ਸੀਮਾਂ
ਚੀਨ ਨਾਂਲ ਲਗਦੀ ਹੈਅ ਅਫਗਾਨਿਸਤਾਨ ਤੱਕ ਹੱਦ ਹੈ, ਮੁਲਤਾਨ ਨਾਲ ਹੈ ਅਤੇ ਸਤਲੁਜ ਤੋਂ
ਅਮੀਰਾਂ ਜਗੀਰਾਂ ਹਨ।"
ਮਹਾਰਾਜਾ
ਰਣਜੀਤ ਸਿੰਘ ਦੀ ਆਪਣੇ ਬਾਰੇ ਰਾਇ ਬਹੁਤ ਹੱਕ ਤੱਕ ਸਹੀ ਹੈ।
ਵਿਅਕਤੀ
ਵਜੋਂ ਉਸ ਵਿਚ ਪੰਜਾਬੀਆਂ ਵਾਲੇ ਸਾਰੇ ਗੁਣ ਔਗੁਣ ਮੌਜੂਦ ਸਨ। ਉਸ ਦੀਆਂ ਆਦਤਾਂ ਸਿੱਧੀਆਂ, ਸਾਧਾਰਨ
ਸਨ। ਉਸ ਅੰਦਰ ਲੋਕਾਂ ਲਈ ਨਿੱਘ ਅਤੇ ਦਇਆ ਭਾਵ ਸੀ। ਭਾਵੇਂ ਉਹ ਮਹਾਰਾਜਾ ਦੀ ਪਦਵੀ ਤੱਕ ਪਹੁੰਚ
ਗਿਆ ਪਰ ਉਸ ਆਮ ਆਦਮੀ ਨਾਲ ਸੰਪਰਕ ਰੱਖਿਆ ਅਤੇ ਹਮਦਰਦੀ ਪ੍ਰਗਟ ਕੀਤੀ।
ਉਸ
ਅੰਦਰ ਜੱਟਾਂ ਵਾਲੀ ਸਿਆਣਪ ਅਤੇ ਚਾਲਾਕੀ ਸੀ। ਉਸ ਕਿਸੇ ਪ੍ਰਤੀ ਨਫਰਤ ਵੀ ਬਹੁਤਾ ਸਮਾਂ ਨਹੀਂ
ਰੱਖਦਾ ਸੀ ਅਤੇ ਝੱਟ ਮਾਫ ਕਰ ਦਿੰਦਾ ਸੀ। ਦੰਡ ਦੇਣ ਤੋਂ ਉਸ ਨੂੰ ਘਿਰਣਾ ਸੀ। ਆਪਣੀ ਸਾਰੀ ਉਮਰ
ਵਿਚ ਉਸ ਕਿਸੇ ਨੂੰ ਵੀ ਫਾਹੇ ਨਹੀਂ ਲਾਇਆ। ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਗੁਰਸਿੱਖ ਸਮਝਦਾ
ਸੀ: ਉਸ ਵਲੋਂ ਨਿਤਨੇਮ ਨਾਲ ਗੁਰਬਾਣੀ ਦਾ ਪਾਠ ਸੁਨਣ ਦੀਆਂ ਖਬਰਾਂ ਹਨ। ਗੁਰਦੁਆਰਿਆਂ ਲਈ ਉਸ
ਬੇਅੰਤ ਮਾਇਆ ਅਰਦਾਸ ਕਰਵਾਈ, ਜਗੀਰਾਂ ਲਵਾਈਆਂ ਪਰ ਉਸ ਦਾ ਸਲੂਕ
ਦੂਸਰੇ ਧਰਮਾਂ ਪ੍ਰਤੀ ਵੀ ਇਸੇ ਤਰ੍ਹਾਂ ਦਾ ਹੀ ਸੀ। ਮਹਾਰਾਜਾ ਨੇ ਗੁਰਦੁਆਰਿਆਂ ਨੂੰ ਹੀ ਨਹੀਂ, ਮੰਦਰਾਂ, ਮਸੀਤਾਂ
ਨੂੰ ਵੀ ਦਾਨ ਦਿੱਤਾ। ਉਸ ਦੇ ਰਾਜ ਵਿਚ ਕਿਸੇ ਨੂੰ ਧਾਰਮਿਕ ਪੱਖੋਂ ਕਿਸੇ ਵਿਰੁੱਧ ਕੋਈ ਸ਼ਿਕਾਇਤ
ਨਹੀਂ ਸੀ।
ਮਹਾਰਾਜਾ
ਦਾ ਦਰਬਾਰ ਨਿਸਚੈ ਹੀ ਧਰਮ ਨਿਰਪੱਖਤਾ ਦੀ ਤਸਵੀਰ ਪੇਸ਼ ਕਰਦਾ ਸੀ। ਉਸ ਦਾ ਪ੍ਰਧਾਨ ਮੰਤਰੀ (ਧਿਆਨ
ਚੰਦ) ਡੋਗਰਾ ਸੀ, ਵਿਦੇਸ਼ ਮੰਤਰੀ (ਫਕੀਰ ਅਜ਼ੀਜ਼-ਉਦੀਨ)
ਮੁਸਲਮਾਨ ਸੀ ਅਤੇ ਮਾਲ ਮੰਤਰੀ (ਪੰਡਤ ਦੀਨਾ ਨਾਥ) ਬ੍ਰਾਹਮਣ ਸੀ। ਸਿੱਖਾਂ ਅਤੇ ਹਿੰਦੂਆਂ ਦੇ ਨਾਲ
ਚੰਗੇ ਪ੍ਰਭਾਵ ਵਾਲੇ ਮੁਸਲਮਾਨ ਵੱਡੀ ਗਿਣਤੀ ਵਿਚ (ਜਿਵੇਂ ਮੀਆਂ ਗੌਸ, ਇਲਾਹੀ
ਬਖਸ਼, ਸਰਫਰਾਜ਼ ਖਾਂ, ਜ਼ੁਲਫਕਾਰ, ਖੁਦਾਯਾਰ)
ਦਰਬਾਰ ਵਿਚ ਸਨ।
ਮਹਾਰਾਜਾ
ਰਣਜੀਤ ਸਿੰਘ ਦੇ ਸਮੇਂ ਕਿਸੇ ਦਾ ਜ਼ੋਰ ਜ਼ਬਰਦਸਤੀ ਧਰਮ ਨਹੀਂ ਬਦਲਿਆ। ਜਿਨ੍ਹਾਂ ਇਸਤਰੀਆਂ ਨਾਲ
ਮਹਾਰਾਜਾ ਦੇ ਖੁਦ ਵਿਆਹ ਕੀਤਾ (ਜਿਵੇਂ ਬੀਬੀ ਮੋਰਾਂ, ਗੁਲਬਹਾਰ ਬੇਗਮ ਆਦਿ) ਉਨ੍ਹਾਂ ਨੂੰ ਵੀ
ਧਰਮ ਬਦਲਣ ਲਈ ਨਹੀਂ ਕਿਹਾ। ਉਸ ਦੀਆਂ ਹਿੰਦੂ ਰਾਣੀਆਂ ਆਪਣੇ ਆਪਣੇ ਦੇਵੀ ਦੇਵਤੇ ਪੂਜਦੀਆਂ ਰਹੀਆਂ।
ਇਸੇ
ਕਾਰਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬੀਆਂ ਦਾ ਸਾਂਝਾ ਰਾਜ ਮੰਨਿਆ ਜਾਂਦਾ ਹੈ। ਇਸ ਰਾਜ ਨੂੰ
ਬਨਾਉਣ ਵਿਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ
ਨੇ ਮਿਲ ਕੇ ਉਦਮ ਕੀਤਾ।
ਪੰਜਾਬੀਅਤ
ਦੀ ਏਸੇ ਭਾਵਨਾ ਨੇ ਗੁਜਰਾਂਵਾਲਾ ਦੀ ਇੱਕ ਛੋਟੀ ਜਿਹੀ ਜਗੀਰ ਨੂੰ ਦੋ ਲੱਖ ਮੁਰੱਬਾ ਮੀਲ ਦੀ
ਸ਼ਕਤੀਸ਼ਾਲੀ ਰਿਆਸਤ ਵਿਚ ਬਦਲ ਦਿੱਤਾ।
ਮਹਾਰਾਜਾ
ਰਣਜੀਤ ਸਿੰਘ ਨੇ ਆਪਣੇ ਲੋਕਾਂ ਦੀ ਸਾਰ ਲਈ। ਕਿਹਾ ਜਾਂਦਾ ਹੈ ਕਿ ਉਹ ਭੇਸ ਬਦਲ ਕੇ ਆਮ ਲੋਕਾਂ ਵਿਚ
ਘੁੰਮਦਾ ਸੀ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਸਕੇ। ਉਸ ਵਲੋਂ ਗਰੀਬ ਬਜ਼ੁਰਗ ਮਾਈ ਦੇ
ਰਾਸ਼ਨ ਦੀ ਬੋਰੀ ਉਸ ਦੇ ਘਰ ਤੱਕ ਪਹੁੰਚਾਉਣ ਦੀ ਕਹਾਣੀ ਪ੍ਰਸਿੱਧ ਹੈ।
ਏਨਾ
ਹੀ ਨਹੀਂ, ਉਸ ਨੇ ਜੇਤੂ ਫੌਜਾਂ ਵਲੋਂ ਹਾਰੇ ਹੋਏ
ਇਲਾਕੇ ਨੂੰ ਲੁੱਟਣ ਦੀ ਪਰੰਪਰਾ ਨੂੰ ਵੀ ਬੰਦ ਕਰ ਦਿੱਤਾ।
ਉਸ
ਦਾ ਰਾਜ ਪੰਜਾਬੀਆਂ ਦਾ ਆਪਣਾ ਅਤੇ ਇਨਸਾਫ ਦਾ ਰਾਜ ਸੀ ਜਿਸ ਉਤੇ ਹਾਲਾਂ ਤੱਕ ਪੰਜਾਬੀ ਫਖ਼ਰ ਕਰਦੇ
ਹਨ।
. ਗੁਰੂ ਗ੍ਰੰਥ ਸਾਹਿਬ .
ਵਿਗਿਆਨਕ ਅੰਤਰ-ਦ੍ਰਿਸ਼ਟੀਆਂ (3)
ਗੁਰਬਾਣੀ ਅਨੁਸਾਰ ਬ੍ਰਹਿਮੰਡ ਦੀ ਸਿਰਜਨਾ ਉਸ ਦੇ
ਹੁਕਮ ਨਾਲ ਹੋਈ। ਇਸ ਲਈ ਕਿਸੇ ਪੁਰਖ,ਪ੍ਰਾਕਿਰਤੀ,ਮਾਦੇ,ਦੇਵੀ,ਦੇਵਤੇ ਦੀ ਉਸ ਨੂੰ ਲੋੜ ਨਹੀਂ ਸੀ।
ਉਸ ਨੇ ਕੁਝ ਨਹੀਂ ਵਿੱਚੋਂ ਸਭ ਕੁਝ ਸਿਰਜ ਦਿੱਤਾ। ਉਸ ਦੇ ਏਕੋ ਕਵਾਉ ਨਾਲ, ਇਕੋ ਹੁਕਮ ਨਾਲ
ਜਿੰਦਗੀ ਦੇ ਲੱਖਾਂ ਦਰਿਆਓ ਵਗ ਤੁਰੇ। ਗੁਰਬਾਣੀ ਇਸ ਮਿਥਿਹਾਸ ਨੂੰ ਨਹੀਂ ਮੰਨਦੀ ਕਿ ਪਹਿਲਾ ਪੁਰਖ
ਆਦਮੀ ਸੀ ਅਤੇ ਇਸਤਰੀ ਹਵਾ ਜਾਂ ਪਹਿਲਾ ਪੁਰਖ ਮੰਨੂ ਸੀ ਅਤੇ ਇਸਤਰੀ ਸ਼ਰਧਾ। ਗੁਰਬਾਣੀ ਈਸਾਈ
ਪਰੰਪਰਾ ਵਾਂਗ ਇਹ ਵੀ ਨਹੀਂ ਮੰਨਦੀ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਛੇ ਦਿਨ ਵਿੱਚ ਸਿਰਜੀ। ਪਹਿਲੇ
ਦਿਨ ਰੱਬ ਨੇ ਧਰਤੀ ਅਤੇ ਸਵਰਗ ਬਣਾਏ। ਦੂਜੇ ਦਿਨ ਆਕਾਸ਼। ਤੀਜੇ
ਦਿਨ ਸੁੱਕੀ ਧਰਤੀ ਅਤੇ ਪੌਦੇ। ਚੌਥੇ ਦਿਨ ਸੂਰਜ ਚੰਨ ਅਤੇ ਤਾਰੇ। ਪੰਜਵੇਂ ਦਿਨ ਪੰਛੀ ਅਤੇ
ਮੱਛੀਆਂ। ਛੇਵੇਂ ਦਿਨ ਧਰਤੀ ਉਤਲੇ ਜੀਵ ਅਤੇ ਮਨੁੱਖ। ਅਜਿਹੇ ਕਿਸੇ ਸਮਾਂ-ਬੱਧ ਪ੍ਰੋਗਰਾਮ ਦੀ ਗੱਲ
ਬਾਣੀ ਨਹੀਂ ਕਰਦੀ। ਇਹ ਤਾਂ ਕਈ ਜੁਗਤਿ ਕੀਨੋ ਬਿਸਥਾਰ ਦੀ ਅੰਤਰ-ਦ੍ਰਿਸ਼ਟੀ ਦਿੰਦੀ ਹੈ।ਮੋਟੇ ਰੂਪ
ਵਿੱਚ ਗੈਸੀ ਬੱਦਲ ਤੋਂ ਪਾਣੀ ਅਤੇ ਫਿਰ ਹੌਲੀ-ਹੌਲੀ ਜੀਆ-ਜੰਤ ਦੇ ਵਿਕਾਸ ਦੀ ਅੰਤਰ-ਦ੍ਰਿਸ਼ਟੀ ਇਸ
ਤੋਂ ਇਉਂ ਪ੍ਰਾਪਤ ਹੁੰਦੀ ਹੈ।
ਸਾਚੇ
ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।
ਜਲ
ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੇਇ।।
ਪਦਾਰਥ
ਵਿੱਚ ਚੇਤਨਾ ਜਾਂ ਜੀਵਨ ਦੀ ਧੜਕਣ ਉਸ ਦੇ ਜੋਤਿ ਟਿਕਾਣ ਨਾਲ ਹੋਈ ਅਤੇ ਫਿਰ ਇਹ ਖੇਡ ਅੱਗੇ ਤੁਰ ਪਈ।ਕਰਤੇ ਦੇ ਇਸ
ਵਿਸ਼ਾਲ ਪਸਾਰੇ ਦੇ ਅਹਿਸਾਸ ਲਈ ਬੁੱਧੀ ਚਾਹੀਦੀ ਹੈ। ਇਹ ਬੁੱਧੀ ਅਤੇ ਸਮਰਥਾ ਵਿਗਿਆਨ ਨੇ ਆਪਣੇ
ਸਾਧਨਾਂ ਨਾਲ ਹਾਸਲ ਕੀਤੀ ਹੈ, ਪਰ ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ ਨੂੰ ਆਪਣੀ ਸਹਿਜ
ਅੰਤਰ-ਸੂਝ ਆਸਰੇ ਹੀ ਇਹ ਸਮਰਥਾ ਪ੍ਰਾਪਤ ਸੀ।
ਬ੍ਰਹਿਮੰਡੀ ਪਸਾਰੇ ਦੇ ਉਦਗਮ ਅਤੇ ਵਿਕਾਸ ਬਾਰੇ ਜ਼ਰਾ ਬਾਣੀ ਦੇ ਇਸ ਮਹਾਂਵਾਕ ਤੋਂ ਪ੍ਰਾਪਤ
ਅੰਤਰ-ਦ੍ਰਿਸ਼ਟੀ ਉਤੇ ਧਿਆਨ ਕੇਂਦਿਰਤ ਕਰੋ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਇਹ
ਮਹਾਂਵਾਕ ਕੇਵਲ ਇਹ ਨਹੀਂ ਦਸਦਾ ਕਿ ਇਹ ਸ੍ਰਿਸ਼ਟੀ ਜਿਸ ਨੇ ਸਾਜੀ ਹੈ, ਉਹੀ ਇਸ ਬਾਰੇ ਜਾਣਦਾ ਹੈ, ਸਗੋਂ
ਇਸ ਤੋਂ ਅਗਾਂਹ ਇਹ ਦੱਸ ਰਿਹਾ ਹੈ ਕਿ ਜਿਹੜਾ ਕਰਤਾ ਪੁਰਖ ਸ੍ਰਿਸ਼ਟੀ ਨੂੰ ਸਾਜਦਾ ਹੈ, ਉਹੀ ਇਸ
ਬਾਰੇ ਜਾਣਦਾ ਹੈ। ਭਾਵ ਇਹ ਕਿ ਇਹ ਮਹਾਂਵਾਕ ਇਸ ਬ੍ਰਹਿਮੰਡ ਦੇ ਬਾਰ-ਬਾਰ ਸਾਰੇ ਜਾਣ ਦੀ ਸੰਭਾਵਨਾ
ਵੱਲ ਸੰਕੇਤ ਵੀ ਨਾਲ-ਨਾਲ ਕਰ ਰਿਹਾ ਹੈ। ਇਹੀ ਅੰਤਰ-ਦ੍ਰਿਸ਼ਟੀ ਗੁਰੂ ਗਰੰਥ ਸਾਹਿਬ ਵਿਚਲੇ ਹੋਰ ਕਈ
ਮਹਾਂਵਾਕਾਂ ਤੋਂ ਵੀ ਪ੍ਰਾਪਤ ਹੁੰਦੀ ਹੈ। ਜਿਵੇਂ ਕਈ ਬਾਰ ਪਸਰਿਓ ਪਾਸਾਰ। ਇਸ ਬ੍ਰਹਿਮੰਡ ਦੇ
ਪਸਾਰੇ ਨੂੰ ਸਮਾਪਤ ਵੀ ਉਹ ਆਪ ਹੀ ਕਰਦਾ ਹੈ। ਇਕ ਸੁੰਨ ਤੋਂ ਪਸਰਿਆ ਪਸਾਰਾ ਮੁੜ ਉਸੇ ਸੁੰਨ ਵਿੱਚ
ਸਮਾ ਜਾਂਦਾ ਹੈ.
-ਖੇਲੁ
ਸੰਕੋਚੈ ਤਉ ਨਾਨਕ ਏਕੈ
-ਤੁਧੁ
ਆਪੇ ਸ੍ਰਿਸਟਿ ਸਭ ਉਪਾਈ ਜੀ
-ਤੁਧੁ
ਆਪੇ ਸਿਰਜਿ ਸਭ ਗੋਈ।
-ਹੁਕਮੇ
ਉਪਜੈ ਹੁਕਮਿ ਸਮਾਵੈ।।
-ਲਖ
ਚਉਰਾਸੀਹ ਮੇਦਨੀ ਸਭ ਆਵੈ ਜਾਸੀ।
-ਨ
ਸੂਰ ਸਸਿ ਮੰਡਲੇ।
-ਨ
ਸਪਤ ਦੀਪ ਨਹ ਜਲੋ।।
-ਅੰਨ
ਪਉਣ ਥਿਰੁ ਨ ਕੁਈ।।
-ਏਕੁ
ਤੁਈ ਏਕੁ ਤੁਈ।।
-ਖੰਡ
ਬ੍ਰਹਮੰਡ ਪਾਤਾਲ ਆਰੰਭੇ ਗੁਪਤਹੁ ਪਰਗਟੀ ਆਇਦਾ।।
ਗੁਰੂ
ਗਰੇਥ ਸਾਹਿਬ ਅਨੁਸਾਰ ਕਰਤਾ ਪੁਰਖ ਦੇਸ਼ ਕਾਲ ਤੋ ਅਤੀਤ ਹੈ। ਸਾਡਾ ਪਦਾਰਥ ਉਸ ਨਿਰਗੁਣ ਵਿੱਚੋਂ
ਨਿਕਲਿਆ ਹੈ ਜਿਸ ਦੀ ਕੋਈ ਦ੍ਰਿਸ਼ਮਾਨ ਪਦਾਰਥ ਹੋਂਦ ਨਹੀਂ। ਸਾਰੇ ਆਕਾਰ ਵਿੱਚੋਂ ਨਿਕਲਿਆ ਹੈ ਜਿਸ
ਦੀ ਕੋਈ ਦ੍ਰਿਸ਼ਮਾਨ ਪਦਾਰਥ ਹੋਂਦ ਨਹੀਂ। ਸਾਰੇ ਆਕਾਰ ਉਸ ਆਕਾਰ ਵਿਚੋਂ ਨਿਕਲੇ ਹਨ ਜਿਸ ਦਾ ਕੋਈ
ਆਕਾਰ ਨਹੀਂ। ਸਾਰੇ ਰੰਗ ਉਸ ਵਿਚੋਂ ਨਿਕਲੇ ਹਨ ਜਿਸ ਦਾ ਕੋਈ ਰੰਗ ਨਹੀਂ।
ਆਈਨਸਟਾਈਨ
ਦਾ ਸਾਪੇਖਤਾ-ਸਿਧਾਂਤ ਉਕਤ ਅੰਤਰ-ਦ੍ਰਿਸ਼ਟੀ ਦਾ ਅਹਿਸਾਸ ਰਤਾ ਕੁ ਵੱਖਰੇ ਪਰਿਪੇਖ ਵਿੱਚ ਕਰਵਾਂਦਾ
ਹੈ। ਰੋਸ਼ਨੀ ਦੇ ਵੇਗ ਉਤੇ ਤੁਰ ਰਹੀਂ ਵਸਤੂ ਵਾਸਤੇ ਸਮਾਂ ਰੁਕ ਜਾਂਦਾ ਹੈ। ਭਾਰ ਅਨੰਤ ਹੋ ਜਾੰਦਾ
ਹੈ ਅਤੇ ਆਕਾਰ ਸਿਫ਼ਰ ਹੋ ਜਾਂਦਾ ਹੈ। ਅਨੰਤ ਭਾਰ ਵਾਲੀ ਸੁੰਨ ਦੀ ਅਵਸਥਾ ਹੈ ਇਹ। ਰੋਜਰ ਪੈਨਰੋਜ਼ ਨੇ ਬਲੈਕ-ਹੋਲਜ਼
ਵਿੱਚ ਇਹੋ ਜੇਹੀ ਸੁੰਨ ਦੀ ਹੀ ਕਲਪਨਾ ਕੀਤੀ ਹੈ। ਜਿਸ ਨੂੰ ਕੁਦਰਤ ਕੱਜ ਕੇ ਰਖਦੀ ਹੈ। ਨਾ ਸਿਰਫ਼
ਪਦਾਰਥ ਸਗੋਂ ਦੇਸ਼ ਕਾਲ (ਸਪੇਸ,ਟਾਈਮ)ਇਸ ਸੁੰਨ ਵਿੱਚ ਆ ਕੇ ਗਰਕ ਹੋ ਜਾਂਦਾ ਹੈ। ਫਨਾਹ ਹੋ ਜਾਂਦਾ
ਹੈ। ਇਸ ਤੱਕ ਪਹੁੰਚ ਕੇ ਭੌਤਿਕ-ਵਿਗਿਆਨ ਦੇ ਸਾਰੇ ਨੇਮ ਧਰੇ-ਧਰਾਏ ਰਿਹ ਜਾਂਦੇ ਹਨ। ਕੋਈ ਨਹੀਂ
ਕਿਹ ਸਕਦਾ ਕਿ ਅਗਾਂਹ ਕੀ ਹੋਵੇਗਾ। ਪੈਨਰੋਜ਼ ਨੇ ਕਾਸਮਿਕ-ਸੈਂਸਰਸ਼ਿਪਦਾ ਸੰਕਲਪ ਪੇਸ਼ ਕੀਤਾ ਅਤੇ
ਕਿਹਾ ਕਿ ਕੁਦਰਤ ਨੰਗ-ਮਨੁੰਗੀ ਸੁੰਨ ਨੂੰ ਪਸੰਦ ਨਹੀਂ ਕਰਦੀ। ਸਟੀਫਨ ਹਾਕਿੰਗ ਨੇ ਇਸ ਤੋਂ ਅਗਾਂਹ
ਤੁਰਦੇ ਹੋਏ ਕਿਹਾ ਕਿ ਜੇ ਵਿਆਪਕ-ਸਾਪੇਖਤਾ-ਸਿਧਾਂਤ ਠੀਕ ਹੈ ਤਾਂ ਸਮੇਂ ਦੇ ਅਠਰੰਭ ਵਿੱਚ ਜ਼ਰੂਰ
ਇਕ ਮਹਾਂ-ਸੁੰਨ ਹੋਵੇਗੀ।
ਸੁੰਨ
ਵਿੱਚੋਂ ਪਦਾਰਥ ਪਸਾਰੇ ਦੀ ਗੱਲ ਸਾਨੂੰ ਅਜੀਬ ਅਤੇ ਅਸੰਭਵ ਪ੍ਰਤੀਤ ਹੁੰਦੀ ਹੈ। ਹਾਕਿੰਗ ਨੇ ਇਸ ਦੀ
ਵਿਆਖਿਆ ਕਵਾਂਟਮ-ਅਨਿਸ਼ਚਿਤਤਾ ਅਤੇ ਕਵਾਂਟਮ-ਪਰਿਵਰਤਨਾਂ(ਜਿਹਨਾਂ ਨੂੰ ਵੇਕਿਊਮ ਫਲਕਚੂਏਸ਼ਨ ਆਖਦੇ
ਹਨ) ਦੇ ਆਧਾਰ ਉਤੇ ਸਮਝਣ ਸਮਝਾਣ ਦਾ ਯਤਨ ਕੀਤਾ ਹੈ। ਅਸੀਂ ਤਾਂ ਸਮਝਦੇ ਹਾਂ ਕਿ ਖਾਲੀ ਸਪੇਸ ਵਿੱਚ
ਅਸਲੋਂ ਕੁਝ ਵੀ ਨਹੀਂ। ਪਰ ਇਹ ਸਿਧਾਂਤਕਾਰ ਆਖਦੇ ਹਨ ਕਿ ਸੁੰਨ ਜਾਂ ਖਾਲੀ ਸਪੇਸ ਦੇ ਭੋਰੇ-ਭੋਰੇ
ਵਿੱਚ ਊਰਜਾ ਹੈ। ਪਦਾਰਥ-ਊਰਜਾ-ਸਮੀਕਰਨ ਨਾਲ ਇਹ ਊਰਜਾ, ਕਣਾਂ ਵਿੱਚ ਬਦਲਦੀ ਹੈ। ਗੁਰਬਾਣੀ ਅਨੁਸਾਰ
ਵੀ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ।–ਨਿਰਾਗੁਨੁ ਆਪਿ ਸਰਗੁਨੁ ਭੀ ਓਹੀ। ਕਲਾਧਾਰਿ
ਜਿਨਿ ਸਗਲੀ ਮੋਹੀ। ਉਸੇ ਨਿਰਗੁਨ ਊਰਜਾ ਦਾ ਸਰਗੁਨ ਪਦਾਰਥਕ ਪਸਾਰਾ ਹੈ, ਇਹ ਬ੍ਰਹਿਮੰਡ। ਇਹ ਊਰਜਾ
ਦੇ ਪਦਾਰਥ ਵਿੱਚ ਬਦਲਣ ਅਥਏ ਪਦਾਰਥ ਦੇ ਵਾਪਸ ਊਰਜਾ ਵਿੱਚ ਪਲਣ ਜਾਣ ਦੀ ਖੇਡ ਹੈ, ਜੋ ਸੁੰਨ
ਵਿੱਚੋਂ,ਨਿਰਾਕਾਰ,ਨਿਰਗੁਣ ਨਿਰੰਕਾਰ ਵਿੱਚੋਂ ਉਪਜਾਈ ਗਈ ਹੈ। ਬੈਠਾ ਵੇਖੈ ਵਖਿ ਇਕੇਲਾ ਵਾਂਗ ਉਹ
ਇਸ ਖੇਡ ਨੂੰ ਖੇਡ ਰਿਹਾ ਹੈ।
ਕਵਾਂਟਮ-ਸਿਧਾਂਤ
ਅਤੇ ਸਾਪੇਖਤਾ-ਸਿਧਾਂਤ ਦੇ ਸੁਮੇਲ ਨਾਲ ਸੁੰਨ ਵਿੱਚੋਂ ਪਦਾਰਥ ਉਗਮਣ ਦੀ ਖੇਡ ਕੁਝ ਇਉਂ ਸਮਝਾਈ ਗਈ
ਹੈ। ਨਿਰਾਕਾਰ ਸੁੰਨ ਵਿੱਚ ਅਨੰਤ-ਘਣਤਾ ਅਤੇ ਅਨੰਤ-ਊਰਜਾ ਦੀ ਹੋਂਦ ਹੈ। ਜਿਸ ਨੂੰ ਅਸੀਂ ਸੁੰਨ ਆਖ
ਰਹੇ ਹਾਂ, ਉਸ ਵਿੱਚ ਦ੍ਰਿਸ਼ਟਮਾਨ ਪਦਾਰਥ ਭਾਵੇਂ ਨਹੀਂ, ਪਰ ਅਨੰਤ ਘਣਤਾ ਹੈ, ਉਸ ਦੀ। ਅਨੰਤ ਊਰਜਾ
ਹੈ ਉਸ ਦੀ। ਪਦਾਰਥ-ਊਰਜਾ-ਸਮੀਕਰਨ ਨਾਲ ਇਹ ਊਰਜਾ, ਕਣਾਂ ਵਿੱਚ ਵਟਦੀ ਹੈ। ਅਨਿਸ਼ਚਿਤਤਾ ਦਾ ਨੇਮ
ਕਹਿੰਦਾ ਹੈ ਕਿ ਸੁੰਨ ਵਿੱਚੋਂ ਅਤਿ ਸੂਖਮ ਛਿਣ ਲਈ ਊਰਜਾ ਉਧਾਰੀ ਲਈ ਜਾ ਸਕਦੀ ਹੈ। ਇਹ ਊਰਜਾ
ਅੱਗੋਂ ਕਣਾਂ ਦੀ ਜੋੜੀ ਵਿੱਚ ਵਟਦੀ ਹੈ। ਮੈਟਰ ਅਤੇ ਐਂਟੀ-ਮੈਂਟਰ ਕਣਾਂ ਦੀ ਜੋੜੀ ਜੋ ਦੋਵੇਂ ਰਲਕੇ
ਇਕ ਦੂਜੇ ਨੂੰ ਨਸ਼ਟ ਕਰ ਸਕਦੇ ਹਨ। ਇਹ ਸਾਰਾ ਕੁਝ ਇੰਨੀ ਤੇਜੀ ਨਾਲ ਵਾਪਰਦਾ ਹੈ ਕਿ ਸਾਨੂੰ ਪਤਾ ਹੀ
ਨਹੀਂ ਲੱਗਦਾ ਕਿ ਪਾਰਟੀਕਲ ਅਤੇ ਐਂਟੀ-ਪਾਰਟੀਕਲ ਪੈਦਾ ਹੋਏ ਹਨ। ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ
ਸੁੰਨ ਸਮਝਦੀ ਜਾਂਦੀ ਸਪੇਸ ਅਸਲ ਵਿੱਚ ਪਾਰਟੀਕਲਾਂ ਅਤੇ ਐਂਟੀ-ਪਾਰਟੀਕਲਾਂ ਦਾ ਖੌਲਦਾ ਸਾਗਰ ਹੈ।
ਯਥਾਰਥ ਦੀ ਦਹਿਲੀਜ ਉਤੇ ਸਭ ਕੁਝ ਸੁੰਨ-ਮਸੁੰਨ। ਇਸ ਸੁੰਨ ਵਿੱਚੋਂ ਕਦੇ ਕੋਈ ਇਕ ਪਾਰਟੀਕਲ ਬਾਹਰ
ਨਿਕਲ ਜਾਂਦਾ ਹੈ ਅਤੇ ਆਪਣੇ ਨਾਲ ਆਪਣੀ ਊਰਜਾ ਵੀ ਲੈ ਜਾਂਦਾ ਹੈ। ਇਹ ਊਰਜਾ ਗੁਰੂਤਾ ਦੀ ਊਰਜਾ
ਹੁੰਦੀ ਹੈ। ਬਿੱਗ-ਬੈਂਗ ਸਮੇਂ ਪਦਾਰਥ ਅਤੇ ਊਰਜਾ ਦੇ ਅਨੰਤ ਦਰਿਆਓ ਸੁੰਨ ਵਿੱਚੋਂ ਪੈਦਾ ਹੋਏ। ਅੱਜ
ਅਸੀਂ ਇਹ ਸੋਚ ਹੀ ਨਹੀਂ ਸਕਦੇ ਕਿ ਕਦੇ ਨਿਰਾਕਾਰ ਸੁੰਨ ਤੋਂ ਬਿਨਾਂ ਕੁਝ ਵੀ ਨਹੀਂ ਸੀ। ਦੇਸ਼ ਕਾਲ
ਅਤੇ ਪਦਾਰਥ ਤੋਂ ਮਕੁਤ ਦ੍ਰਿਸ਼ਟੀ ਮੈਨੂੰ ਵਿਸਮਾਦਿਤ ਕਰਦੀ ਹੈ।
ਬਿੱਗ-ਬੈਂਗ
ਦਾ ਭੌਤਿਕ-ਦ੍ਰਿਸ਼ ਵੀਨਬਰਗ ਨੇ ,ਦੀ ਫਸਟ ਥਰੀ ਮਿਨੇਟਸ. ਪੁਸਤਕ ਵਿੱਚ ਪੇਸ਼ ਕੀਤਾ ਹੈ। ਉਸਦਾ ਬਿਆਨ
ਮਹਾਂ-ਵਿਸਫੋਟ ਦੇ ਇਕ-ਬਟ-ਦਸ ਸੈਕਿੰਟ ਪਿਛੋਂ ਸ਼ੁਰੂ ਹੁੰਦਾ ਹੈ। ਇਸ ਸਮੇਂ ਬ੍ਰਹਿਮੰਡ ਦੀ ਘਣਤਾ,
ਪਾਣੀ ਦੀ ਘਣਤਾ ਤੋਂ ਤੀਹ ਮਿਲੀਅਨ ਗੁਣਾਂ ਅਤੇ ਤਾਪਮਾਨ ਤੀਹ ਬਿਲੀਅਨ ਕੈਲਵਿਨ ਸੀ। ਸਭ ਪਾਸੇ ਉੱਚ
ਊਰਜਾ ਰੇਡੀਏਸ਼ਨ ਦੇ ਫੋਟਾਨਜ਼,ਪਰੋਟਾਨ, ਇਲੈਕਟਰਾਨ ਨਿਊਟਰਾਨ ਅਥੇ ਹੋਰ ਅਲਪ-ਜੀਵੀ ਕਣ ਜੋ ਤੇਜੀ
ਨਾਲ ਇਕ ਦੂਜੇ ਨਾਲ ਟਕਰਾਂਦੇ ਸਨ। ਤਾਪਮਾਨ ਅਤੇ ਘਣਤਾ ਤੇਜੀ ਨਾਲ ਘਟੇ ਅਤੇ ਚਾਰ ਕੁ ਮਿੰਟ ਤੋਂ ਵੀ
ਘੱਟ ਸਮੇਂ ਵਿੱਚ ਇਲੈਕਟਰਾਨਾਂ, ਫੋਟਾਨਾਂ ਅਤੇ ਰੇਡੀਏਸ਼ਨਾਂ ਦੇ ਵਿਸ਼ਾਲ ਧੁੰਦੂਕਾਰੇ ਵਿੱਚ ਥਾਂ-ਥਾਂ
ਹਾਈਡਰੋਜਨ ਅਤੇ ਹੀਲੀਅਮ ਦੇ ਮਿਸ਼ਰਣ ਵਾਲੇ ਕੇਂਦਰ ਸਥਾਪਿਤ ਹੋ ਗਏ। ਸਪਸ਼ਟ ਹੈ ਕਿ ਬਿੱਗ-ਬੈਂਗ
ਉਪਰੰਤ ਬ੍ਰਹਿਮੰਡ ਦੀ ਪਹਿਲੀ ਪਦਾਰਥ ਪਹਿਚਾਣ ਗੈਸਾਂ ਦੇ ਰੂਪ ਵਿੱਚ ਹੀ ਵਿਗਿਆਨ ਨੇ ਕੀਤੀ।
(ਬਾਕੀ-ਕੱਲ)
ਸੱਚ ਦਾ ਮਾਰਤੰਡ .
ਸਤਿਗੁਰ ਨਾਨਕ
ਬਾਬਾ
ਕੂੜ ਅਤੇ ਕੁਸ਼ਤੀਆਂ,ਪਾਲਾਂ ਅਤੇ ਕੰਧਾਂ ਤੋੜਨ ਲਈ ਤਤਪਰ ਰਹਿੰਦਾ ਸੀ। ਪਰ ਅਸੀਂ ਕੂੜ ਦੀ ਪਾਲ ਦੀ
ਰਖਵਾਲੀ ਲਈ ਲਾਮਬੰਦ ਹਾ। ਕੂੜ ਦੀ ਸੀਮਾ ਦੀ ਚੌਕੀਦਾਰੀ ਅਸੀਂ ਸਾਂਭੀ ਹੋਈ ਹੈ। ਅਸੀਂ ਭੁੱਲਦੇ ਹਾਂ
ਇਹ ਅਵੱਸਥਾ ਸਥਿਰ ਹੈ। ਕੂੜ ਦੀ ਕੰਧ ਬਾਲੂ ਦੀ ਭੀਤ ਹੈ। ਅਵੱਸ਼ ਟੁੱਟੇਗੀ,ਭੱਜੇਗੀ ਅਤੇ ਨਸ਼ਟ
ਹੋਵੇਗੀ।
ਲਹਿਣਾ
ਜੀ ਦੇਵੀ ਭਗਤ ਸਨ। ਦੇਵੀ ਦੀ ਯਾਤਰਾ ਕਰਨ ਜਾਇਆ ਕਰਦੇ ਸਨ। ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਦੇ
ਦਰਸ਼ਨ-ਪਰਸ਼ਨ ਕੀਤੇ। ਮਨ ਪਸੀਜ ਗਿਆ, ਬਾਬੇ ਨੇ ਪੁੱਛਿਆ, ਸੱਜਣਾ ਤੇਰਾ ਕੀ ਨਾਮ ਹੈ, ਤਾਂ ਲਹਿਣਾ ਜੀ
ਨੇ ਨਾਮ ਲਹਿਣਾ ਦੱਸਿਆ। ਬਾਬੇ ਨੇ ਮੁਸਕਰਾ ਕੇ ਕਿਹਾ, ਅਸੀਂ ਦੇਣਾ ਹੈ ਤੂੰ ਲੈਣਾ ਹੈ, ਲੈਣ ਵਾਲਾ
ਪੁੱਜ ਗਿਆ ਹੈ,। ਇਕ ਦੂਜੇ ਨੂੰ ਪਛਾਣ ਗਏ। ਲਹਿਣੇ ਦੀ ਨੁਹਾਰ ਬਦਲ ਗਈ, ਕਾਇਆ ਪਲਟ ਗਈ ਅਤੇ ਗੁਰੂ
ਨਾਨਕ ਦਾ ਅੰਗ ਹੋ ਨਿਬੜਿਆ। ਗੁਰੂ ਨਾਨਕ ਅਤੇ ਲਹਿਣੇ ਵਿੱਚ ਕੋਈ ਭੇਦ ਨਾ ਰਿਹਾ। ਗੁਰੂ ਨਾਨਕ ਨਾਲ
ਇਕ ਸਰੂਪ ਹੋ ਕੇ ਅੰਗਦ ਬਣ ਗਿਆ। ਇਕ ਰੂਪ ਹੋ ਗਏ, ਜੋਤੀ ਸਰੂਪ ਹੋ ਗਏ। ਵਰਨਣ ਹੈ, ਨਾਨਕ ਤੂ
ਲਹਿਣਾ ਤੂ ਹੈ। ਬਾਬਾ ਸਰੀਰਧਾਰੀ ਨਹੀਂ ਸੀ, ਉਹ ਨਿਰੰਕਾਰੀ ਸੀ। ਪਰ ਆਮ ਜਨਤਾ ਨੂੰ ਉਹ ਦੇਹਧਾਰੀ
ਨਜ਼ਰ ਆਉਂਦਾ ਸੀ। ਜਦੋਂ ਬਾਬਾ ਲਹਿਣੇ ਵਿੱਚ ਸਮਾਂ ਗਿਆ ਤਾਂ ਹਿੰਦੂ ਮੁਸਲਮਾਨ ਇੱਕਠੇ ਹੋ ਕੇ ਆ
ਗਏ। ਹਿੰਦੂ ਆਖਣ ਲਗੇ ਅਸੀਂ ਦੇਹ ਦਾ ਸਸਕਾਰ ਕਰਨਾ ਹੈ,ਮੁਸਲਮਾਨ ਕਹਿਣ ਉਹ ਸੱਚਾ ਮੁਸਲਮਾਨ ਸੀ,
ਸਾਡਾ ਪੀਰ ਸੀ, ਅਸੀ ਦਫ਼ਨਾਉਣਾ ਹੈ। ਕਿਸੇ ਸਿਆਣੇ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਉਹਦਾ ਸਰੀਰ
ਕਿਥੇ ਹੈ। ਫਿਰ ਫੈਸਲਾ ਕਰ ਲੈਣਾ। ਜਦੋਂ ਚਿੱਟੀ ਚਾਦਰ ਉਠਾਈ ਤਾਂ ਹੇਠਾਂ ਕੋਈ ਸਰੀਰ ਨਹੀਂ, ਫੁੱਲ
ਸਨ,ਸੁਹੱਪਣ ਸੀ,ਸੁਗੰਧੀ ਸੀ। ਫੈਸਲਾ ਹੋਇਆ ਚਾਦਰ ਵੰਡੀ ਗਈ, ਕਿਉਂ ਕਿ ਮਨੁੱਖ ਵੰਡੀਆਂ ਪਾਉਣ ਦਾ
ਆਦੀ ਹੈ। ਬਾਬਾ ਜੋੜਨ ਆਇਆ ਸੀ, ਪਰ ਸੰਸਾਰੀ ਲੋਕਾਂ ਨੇ ਵੰਡੀਆਂ ਪਾਈਆਂ।ਹਿੰਦੂਆਂ ਨੇ ਅੱਧੀ ਚਾਂਦਰ
ਦਾ ਸਸਕਾਰ ਕਰ ਦਿੱਤਾ ਅਤੇ ਉਸਦੇ ਉਤੇ ਮੜੀ ਬਣਾ ਦਿੱਤੀ। ਮੁਸਲਮਾਨਾਂ ਨੇ ਅੱਧੀ ਚਾਂਦਰ ਦਫ਼ਨਾ
ਦਿੱਤੀ ਅਤੇ ਉਸ ਉਤੇ ਮਜਾਰ ਬਣ ਗਿਆ। ਅੱਜ ਇਹ ਦੋਵੇਂ ਮਜਾਰ ਅਤੇ ਮੜੀ ਕਰਤਾਰਪੁਰ ਵਿੱਚ ਮੌਜੂਦ ਹਨ।
ਹਿੰਦੂ ਆਏ ਦਿਨ ਮੜੀ ਨੂੰ ਪੂਜਦੇ ਹਨ ਅਤੇ ਮੁਸਲਮਾਨ ਮਜਾਰ ਉਤੇ ਦੀਵੇ ਜਗਾ ਕੇ ਸੱਜਦਾ ਕਰਦੇ ਹਨ।
ਅੱਜ
ਅਸੀਂ ਠੰਢੀਆਂ ਅਤੇ ਪੱਥਰ ਦੀਆਂ ਕਠੋਰ ਇਮਾਰਤਾਂ ਉਤੇ ਕਬਜੇ ਕਰਨ ਦੇ ਹਾਮੀ ਹਾਂ। ਉਥੋਂ ਬਾਬੇ ਨੂੰ
ਲੱਭਦੇ ਹਾਂ। ਬਾਬਾ ਤਾਂ ਅੰਮ੍ਰਿਤ ਦਾ ਸਰੋਵਰ ਸੀ ਅਤੇ ਹੈ। ਸੱਚ ਨਾਲ ਜੋੜਨ ਆਇਆ ਸੀ, ਸੱਚ ਦਾ
ਸੋਮਾ ਸੀ, ਬਾਬਾ ਜਾਗਦੀ ਜੋਤ ਹੈ, ਚਾਨਣ-ਮੁਨਾਰਾ ਹੈ ਅਤੇ ਵਿਵੇਕੀਆਂ ਦੇ ਹਿਰਦੇ ਵਿੱਚ ਉਸਦਾ
ਨਿਵਾਸ ਹੈ..
ਪ੍ਰਭ
ਜੀ ਬਸਹਿ ਸਾਧ ਦੀ ਰਸਨਾ।।
ਨਾਨਕ
ਜਨ ਕਾ ਦਾਸਨਿ ਦਸਨਾ।। 4।। (263)
ਕਿਸੇ
ਨੇ ਕਿਸੇ ਸਿਆਣੇ ਪਾਸੋਂ ਪੁਛਿਆ ਕਿ ਕੁਝ ਸਮਾਂ ਪਹਿਲਾਂ ਤਾਂ ਮੈਂ ਬਾਬੇ ਨੂੰ ਆਪ ਵੇਖਿਆ ਸੀ, ਹੁਣ
ਕਿਛੇ ਅਲੇਪ ਹੋ ਗਿਆ। ਉਹ ਗਿਆਨੀ ਪੁਰਸ਼ ਕਹਿਣ ਲੱਗਾ..
ਬਾਬਾ
ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਹਿ।।
ਅੱਜ
ਸਾਡੇ ਧਰਮ ਅਸਛਾਨ ਬਾਬੇ ਦੇ ਰਸਤੇ ਤੋਂ ਭਟਕ ਗਏ ਹਨ। ਇਹਨਾਂ ਦੇ ਕਰਮਚਾਰੀ ਹੰਕਾਰੀ ਅਤੇ ਅਭਿਮਾਨੀ
ਹਨ। ਧਰਮ ਅਸਥਾਨ ਧਰਮ ਕਮਾਉਣ ਦੀ ਟਕਸਾਲ ਸਨ, ਗੁਰੂ ਜੀ ਦਾ ਬਚਨ ਹੈ..
ਮੈ
ਬਧੀ ਸਚੁ ਧਰਮ ਸਾਲ ਹੈ।। ਗੁਰਸਿਖਾ ਲਹਦਾ ਭਾਲਿ ਕੈ।।
ਪੈਰ
ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ।। (73)
ਅਜੈਕੇ
ਸਮੇਂ ਗੁਰੂ ਗਰੰਥ ਸਾਹਿਬ ਨੂੰ ਅਸੀਂ ਪ੍ਰਗਟ ਗੁਰਾ ਕੀ ਦੇਹ ਕਰਕੇ ਮੰਨਦੇ ਹਾਂ। ਪਰ ਇਹ
ਉਪਰੋਂ-ਉਪਰੋਂ ਹੈ, ਮਨ ਵਿੱਚ ਸੈਡੇ ਕੁੜੱਤਣ,ਜ਼ਹਿਰ ਅਤੇ ਵਿਸ਼ ਭਰਿਆ ਹੋਇਆ ਹੈ। ਸ਼ਬਦ ਗੁਰੂ ਨੂੰ
ਦੇਹਧਾਰੀ ਸਮਝ ਕੇ ਗਰਮੀਆਂ ਵਿੱਚ ਏਅਰ ਕੰਡੀਸ਼ਨ ਅਤੇ ਸਰਦੀਆਂ ਵਿੱਚ ਗਰਮ ਰੱਖਣ ਦਾ ਪ੍ਰਬੰਧ ਕਰਦੇ
ਹਾ। ਸਰਦੀਆਂ ਵਿੱਚ ਗਰਮ ਰੁਮਾਲੇ ਅਤੇ ਗਰਮੀਆਂ ਵਿੱਚ ਗਰਮੀ ਤੋਂ ਬਚਾਉਣ ਵਾਲੇ ਰੁਮਾਲੇ ਵਰਤਦੇ
ਹਾਂ। ਭੋਗ ਲਈ ਕੜਾਹ ਪ੍ਰਸ਼ਾਦ ਕੌਲੇ ਵਿੱਚ ਅਰਪਨ ਕਰਦੇ ਹਾ। ਗੁਰੂ ਗਰੰਥ ਸਾਹਿਬ ਸ਼ਬਦ ਗੁਰੂ ਹੈ।
ਇਸਨੂੰ ਦੇਹਧਾਰੀ ਕਰਕੇ ਪੂਜਣਾ ਸਿੱਖ ਧਰਮ ਦੇ ਅਸੂਲਾਂ ਦੇ ਵਿਰੁੱਧ ਹੈ। ਗੁਰੂ ਨਾਨਕ ਦੇਵ ਜੀ ਦਾ
ਬਚਨ ਹੈ...
ਸਬਦੁ
ਗੁਰੂ ਸੁਰਤਿ ਧੁਨਿ ਚੇਲਾ।। (943)
ਸਿੱਖ
ਧਰਮ ਵਿੱਚ ਉਪਦੇਸ਼ ਅਤੇ ਸ਼ਬਦ ਦੀ ਮਹਿਮਾ ਹੈ। ਸਿੱਖ ਧਰਮ ਦਾ ਪੁਜਾਰੀ ਹੈ। ਆਓ, ਸ਼ਬਦਨੂੰ ਸੁਣੀਏ,ਸ਼ਬਦ
ਨੂੰ ਪੜੀਏ ਅਤੇ ਸ਼ਬਦ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ।
ਨਿਰੰਕਾਰ
ਅਤੇ ਸੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਿਆ ਸ਼ਬਦ ਹਨ। ਸੱਚ ਗੁਰੂ ਗਰੰਥ ਸਾਹਿਬ ਆਰੰਭ ਵਿੱਚ ਜਪੁ
ਬਾਣੀ ਵਿੱਚ ਮਿਲਦਾ ਹੈ। ਬਾਕੀ ਆਦਿ-ਗਰੰਥ ਦੇ ਹਰ ਪੰਨੇ ਅਤੇ ਇਸ ਸ਼ਬਦ ਦਾ ਪ੍ਰ੍ਯੋਗ ਹੋਇਆ ਵੇਖਿਆ
ਜਾ ਸਕਦੇ। ਨਿਰੰਕਾਰ ਸ਼ਬਦ ਆਪ ਦਾ ਪ੍ਰਿਆ ਹੋਣ ਦੇ ਵਿਸ਼ੇਸ਼ ਕਾਰਨਾਂ ਦੀ ਸਮਝ ਪੈਂਦੀ ਹੈ, ਇਹ ਪਵਿੱਤਰ
ਸ਼ਬਦ ਕਿਸੇ ਦੇਹਧਾਰੀ,ਸਰੀਰ-ਮੂਰਤੀ, ਬੁੱਤ, ਬਨਸਪਤੀ ਨਾਲ ਨਹੀਂ ਜੋੜਿਆ ਜਾ ਸਕਦਾ। ਆਕਾਰ
ਰਹਿਤ-ਨਿਰੰਕਾਰ ਨਿਰੋਲ ਪ੍ਰਕਾਸ਼ ਦਾ ਸੋਮਾ ਹੈ। ਗਿਆਨ ਦਾ ਭੰਡਾਰ ਅਤੇ ਮਾਰਤੰਡ ਹੈ, ਮੈਂ ਅਤੇ
ਮੇਰੀ, ਤੈਂ ਤੇਰੀ ਸੰਗਿਆ ਤੋਂ ਨਿਰਲੇਪ ਹੈ ਅਥਵਾ ਅਗਮ ਅਗੋਚਰ ਅਸੀਮ ਅਤੇ ਨਿਰਮਲ ਨਿਰਭੈ ਨਿਰਵੈਰ
ਹੈ। ਨਿਰਾਕਾਰ ਤੋਂ ਏਕੰਕਾਰ,ਏਕਅੰਕਾਰ ਤੋਂ ਓ ਅੰਕਾਰ (ਓ) ਸਰੂਪ ਪ੍ਰਗਟ ਹੋਏ ਅਤੇ ਦ੍ਰਿਸ਼ਟਮਾਨ
ਸੰਸਾਰ ਹੋਂਦ ਵਿੱਚ ਆਇਆ।
ਭਾਈ
ਗੁਰਦਾਸ ਜੀ ਫੁਰਮਾਉਂਦੇ ਹਨ..
ਨਿਰੰਕਾਰ
ਆਕਾਰ ਕਰਿ ਏਕੰਕਾਰੁ ਅਕਾਰੁ ਪਛੋਆ।।
ਓਅੰਕਾਰ
ਅਕਾਰੁ ਲਖ-ਲਖ ਦਰੀਯਾਉ ਕਰੇਂਦੇ ਢੋਆ।। (ਵਾਰ 39,ਪਉੜੀ 4)
0 Response to "Mission Janchetna-27th June, 2019"
Post a Comment