ਖਬਰਨਾਮਾ--ਸਾਲ-10,ਅੰਕ:65,16ਦਸੰਬਰ2019











ਸਾਲ-10,ਅੰਕ:65,16ਦਸੰਬਰ2019/
ਪੋਹ(ਵਦੀ)5,(ਨਾ.ਸ਼ਾ)551.
ਲੰਗਰ ਦੀ ਮਿਲਾਵਟੀ ਦਾਲ ਦਾ ਸ੍ਰੋਤ ਦੱਸਣ ਸਿਰਸਾ,
ਜਾਗੋ ਪਾਰਟੀ ਨੇ ਕੀਤੀ ਮੰਗ
ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਵਿੱਚ ਪਲਾਸਟਿਕ ਦੀ ਦਾਲ ਪਕਾਉਣ ਉੱਤੇ 'ਜਾਗੋ' ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆ ਹੈ। ਜਾਗੋ- ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ)  ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਬੁਲਾਰੇ ਸਤਨਾਮ ਸਿੰਘ ਸ਼੍ਰੀਨਿਵਾਸ ਪੁਰੀ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਇਹਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਲਾਪਰਵਾਹੀ ਅਤੇ ਲੰਗਰ ਦੀ ਪ੍ਰੰਪਰਾ ਨੂੰ ਬਚਾਉਣ ਵਿੱਚ ਨਾਕਾਮ ਹੋਣ ਨਾਲ ਜੋੜਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਕਮੇਟੀ ਦੇ ਪ੍ਰਬੰਧ ਦਾ ਪੱਧਰ ਕਮੇਟੀ ਇਤਹਾਸ  ਦੇ ਸਭ ਤੋਂ ਹੇਠਲੇ ਪਾਯਦਾਨ ਉੱਤੇ ਹੈ। ਧਾਰਮਿਕ ਅਤੇ ਵਿਰਾਸਤੀ ਪ੍ਰੰਪਰਾਵਾਂ ਨੂੰ ਤਬਾਹ ਕਰਣ ਦੇ ਬਾਅਦ ਹੁਣ ਲੰਗਰ ਦੀ ਸਫਾਈ ਅਤੇ ਮਰਿਆਦਾ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਕਦੇ ਨਗਰ ਕੀਰਤਨ ਵਿੱਚ ਮੂਰਤੀਆਂ ਦੀ ਝਾਂਕੀ, ਕਦੇ ਸੇਵਕ ਜੱਥਿਆਂ ਨਾਲ ਗੈਰਜਰੁਰੀ ਟਕਰਾਅ,ਕਦੇ ਗੁਰਦੁਆਰਾ ਪਰਿਸਰ ਵਿੱਚ ਬਲਾਤਕਾਰ ਦੀਆਂ ਖਬਰਾਂ ਅਤੇ ਕਦੇ ਸਰੋਵਰ ਦੇ ਕੰਡੇ ਕਰਵਾ ਚੌਥ ਦੇ ਵਰਤ ਖੁੱਲਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਪ੍ਰਬੰਧ ਦੀ ਮਜ਼ੇਦਾਰ ਗੱਲ ਇਹ ਹੈ ਕਿ ਇਹਨਾਂ ਸਭ ਘਟਨਾਵਾਂ ਦੇ ਦੋਸ਼ੀ ਦੀ ਕਦੇ ਪਹਿਚਾਨ ਜਨਤਕ ਨਹੀਂ ਹੁੰਦੀ। ਇਹ ਅਜਬ ਪ੍ਰਬੰਧ ਤੰਤਰ ਹੈ, ਜਿਸ ਵਿੱਚ ਚੰਗੇ ਦੀ ਜ਼ਿੰਮੇਦਾਰੀ ਲੈਣ ਵਾਲੇ ਤਾਂ ਹਨ, ਪਰ ਗਲਤ ਨੂੰ ਆਪਣੇ ਸਿਰ ਉੱਤੇ ਲੈਣ ਨੂੰ ਕੋਈ ਤਿਆਰ ਨਹੀਂ ਹੈ। 
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਨਕਲੀ  ਦਾਲ ਮਾਮਲੇ ਉੱਤੇ ਕੀਤੇ ਗਏ ਫੇਸਬੁਕ ਲਾਈਵ ਨੂੰ ਹੈਰਾਨੀ ਭਰਿਆ ਦੱਸਦੇ ਹੋਏ ਪਰਮਿੰਦਰ ਨੇ ਕਿਹਾ ਕਿ ਸਿਰਸਾ ਇਹ ਤਾਂ ਮੰਨਦੇ ਹਨ ਕਿ ਮਿਲਾਵਟੀ ਦਾਲ ਦੇ ਕਾਰਨ 2 ਵਾਰ ਪੱਕੀ ਹੋਈ ਦਾਲ ਨੂੰ ਸੁੱਟੀਆ ਗਿਆ ਪਰ ਇਹ ਨਹੀਂ ਸਾਫ਼ ਕਰਦੇ ਕਿ ਦਾਲ ਵਿੱਚ ਮਿਲਾਵਟ ਦਾ ਸਰੋਤ ਕੌਣ ਸੀ ? ਕੀ ਬਿਨਾਂ ਚੁਗੇ ਅਤੇ ਭਿਗੋਏ ਦਾਲ ਦੇਗ ਵਿੱਚ ਪਲਟ ਦਿੱਤੀ ਗਈ ਸੀ? ਕਿਉਂਕਿ ਚੁਗਣ ਅਤੇ ਭਿਗੋਣ ਵਿੱਚ ਨਕਲੀ ਦਾਲ ਆਪਣੇ ਆਪ ਫੜ ਵਿੱਚ ਆ ਜਾਂਦੀ। ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ  ਜੀਕੇ ਦੇ ਪ੍ਰਧਾਨਗੀ ਕਾਲ ਦਾ ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ  ਦੇ ਲੰਗਰ ਨੂੰ ਤੱਦ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦੇ ਨਾਲ ਸਰਕਾਰ ਦੇ ਵਲੋਂ ਸਵੱਛ ਅਭਿਆਨ ਦੇ ਤਹਿਤ ਸਫਾਈ ਦੀ ਕਸੌਟੀ ਉੱਤੇ ਉੱਤਮ ਐਲਾਨਿਆ ਗਿਆ ਸੀ। ਵਿਦੇਸ਼ੀ ਅਤੇ ਦੇਸੀ ਮੀਡੀਆ ਨੇ ਲੰਗਰ ਉੱਤੇ ਵੱਡੀ ਸਟੋਰੀ ਤੱਦ ਆਕੇ ਕਵਰ ਕੀਤੀਆਂ ਸਨ। ਜਿਸ ਵਿੱਚ ਸੀਐਨਐਨ, ਐਨਡੀਟੀਵੀਆਜਤਕ ਆਦਿਕ ਮੁੱਖ ਸਨ। ਮਸ਼ਹੂਰ ਪੱਤਰਕਾਰ ਰਵਿਸ਼ ਕੁਮਾਰ ਨੇ ਪ੍ਰਾਈਮ ਟਾਈਮ ਦੇ ਆਪਣੇ ਸ਼ੋ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੀ ਲੰਗਰ ਪ੍ਰੰਪਰਾ ਅਤੇ ਗੁਣਾਂ ਦਾ ਬਖਾਨ ਕੀਤਾ ਸੀ। ਪਰ ਅੱਜ ਛੱਪੀਆ ਖਬਰਾਂ ਨੇ ਲੰਗਰ ਦੀ ਗੁਣਵੱਤਾ ਦੇ ਨਾਲ ਕਮੇਟੀ ਦੀ ਕਾਰਜ ਪ੍ਰਣਾਲੀ ਨੂੰ ਵੀ ਸ਼ੱਕ ਵਿੱਚ ਲਿਆਉਣ ਦਾ ਕਾਰਜ ਕੀਤਾ ਹੈ। ਪਰ  ਕਮੇਟੀ ਹੁਣ ਵੀ ਆਪਣੀ ਜ਼ਿੰਮੇਦਾਰੀ ਲੈਣ ਦੀ ਜਗ੍ਹਾਂ ਇਸਨੂੰ ਵੀ ਵਿਰੋਧੀਆਂ ਦੇ ਵਲੋਂ ਬਿਨਾਂ ਵਜ੍ਹਾ ਕਮੇਟੀ ਪ੍ਰਬੰਧ ਨੂੰ ਬਦਨਾਮ ਕਰਨ ਨਾਲ ਜੋੜ ਕੇ ਆਪਣੀ ਭੜਾਸ ਕੱਢਣ ਤੋਂ ਅੱਗੇ ਨਹੀਂ ਵਧੇਗੀ।

ਨਾਗਰਿਕ ਸੋਧ ਬਿੱਲ ਦਾ ਵਿਰੋਧ:

ਦਿੱਲੀ ਵਿੱਚ ਭੜਕੀ ਹਿੰਸਾ,

ਬੱਸਾਂ ਅੱਗ ਦੇ ਹਵਾਲੇ, ਮੈਟਰੋ ਸਟੇਸ਼ਨ ਬੰਦ

ਨਾਗਰਿਕਤਾ ਸੋਧ ਬਿਲ ਦੇ ਖਿਲਾਫ਼ ਵਿਰੋਧ ਹੋਇਆ ਹਿੰਸਕ। ਦਿੱਲੀ ਦੇ ਜਾਮੀਆ ਯੂਨੀਵਰਸਿਟੀ ਦੇ ਇਲਾਕੇ ਵਿੱਚ ਬੱਸਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਹੈ।
ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬਣਾਇਆ ਨਿਸ਼ਾਨਾ ਅਤੇ ਹੋਰ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਆਲੇ ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੈਰਾ ਮਿਲੀਟਰੀ ਫੋਰਸ ਵੀ ਜਾਮੀਆ ਇਲਾਕੇ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਇਸ ਪ੍ਰਦਰਸ਼ਨ ਵਿੱਚ ਦੋ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮਾ ਜ਼ਖਮੀ ਹੋਏ ਹਨ।
ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ। ਅਤੇ ਆਸ਼ਰਮ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਤਿੰਨ ਬੰਦ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ ਅਤੇ ਜਸੋਲਾ ਵਿਹਾਰ ਸ਼ਾਹੀਨ ਬਾਗ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਹਨਾਂ ਸਟੇਸ਼ਨਾਂ ਉੱਤੇ ਕੋਈ ਵੀ ਮੈਟਰੋ ਫਿਲਹਾਲ ਨਹੀਂ ਰੁਕੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵੀਟ ਕਰਕੇ ਕਿਹਾ, ''ਕਿਸੇ ਨੂੰ ਵੀ ਹਿੰਸਾ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਕਿਸੇ ਵੀ ਰੂਪ 'ਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਹੋਣਾ ਚਾਹੀਦਾ।''
ਬੀਜੇਪੀ ਸਾਂਸਦ ਮਨੋਜ ਤਿਵਾੜੀ ਨੇ ਕਿਹਾ, "ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ AAP ਦਾ ਵਿਧਾਇਕ ਜਨਤਾ ਨੂੰ ਭੜਕਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਮਗਰੋਂ

ਸੁਖਬੀਰ ਬਾਦਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਬਖ਼ਸ਼ਿਸ਼ ਸਿਰੋੋਪਾਓ ਅਤੇ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਗਿਆ ਹੈ।

ਉਨ੍ਹਾਂ ਨੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ।

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਹੋਏ ਡੈਲੀਗੇਟ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਮੁੜ ਪਾਰਟੀ ਪ੍ਰਧਾਨ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਡੈਲੀਗੇਟ ਇਜਲਾਸ ਵਿੱਚ ਹਾਜ਼ਿਰ ਸਮੂਹ ਡੇਲੀਗੇਟਸ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸੁਖਬੀਰ ਬਾਦਲ ਦੀ ਚੋਣ ਨੂੰ ਆਪਣੀ ਪ੍ਰਵਾਨਗੀ ਦਿੱਤੀ।

ਕੈਪਟਨ ਤੇ ਹਾਈਕਮਾਨ ਵਿਚਾਲੇ ਪੁਆੜਾ,
ਤਿੰਨ ਉੱਪ ਮੁੱਖ ਮੰਤਰੀਆਂ ਦੀ ਚਰਚਾ!
ਕਾਂਗਰਸ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੌਮੀ ਪੱਧਰ 'ਤੇ ਭਾਰਤ ਬਚਾਓ ਰੈਲੀਕੀਤੀ ਗਈ ਪਰ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚੇ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਰਕੇ ਚੰਡੀਗੜ੍ਹ ਤੋਂ ਉਡਾਣ ਨਹੀਂ ਭਰ ਸਕਿਆ। ਇਸ ਕਰਕੇ ਉਹ ਰੈਲੀ ਵਿਚ ਪਹੁੰਚ ਨਹੀਂ ਸਕੇ। ਇਸ ਤੱਥ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇ ਦੇਸ਼ ਦੇ ਕੋਨੇ-ਕੋਨੇ ਤੋਂ ਲੀਡਰ ਪਹੁਚ ਸਕਦੇ ਹਨ ਤਾਂ ਕੈਪਟਨ ਦਾ ਚੰਡੀਗੜ੍ਹ ਤੋਂ ਦਿੱਲੀ ਪਹੁੰਚਣਾ ਕੋਈ ਔਖਾ ਨਹੀਂ।
ਉਂਝ ਇਸ ਰੈਲੀ ਵਿੱਚ ਕੈਪਟਨ ਦੇ ਸਭ ਤੋਂ ਵੱਡੇ ਵਿਰੋਧੀ ਨਵਜੋਤ ਸਿੱਧੂ ਵੀ ਨਹੀਂ ਪਹੁੰਚੇ। ਸ਼ਾਇਦ ਸਿੱਧੂ ਨੂੰ ਤਾਂ ਮੰਤਰੀ ਦਾ ਅਹੁਦਾ ਖੁੱਸਣ ਦੀ ਨਰਾਜ਼ਗੀ ਸੀ ਪਰ ਕੈਪਟਨ ਦਾ ਨਾ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਦਿਲਚਸਪ ਹੈ ਕਿ ਕਾਂਗਰਸ ਦੀ ਸੱਤਾ ਵਾਲੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਰੈਲੀ ਵਿੱਚ ਸ਼ਿਰਕਤ ਕਰਨ ਲਈ ਇੱਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ ਸਨ। ਨਾਗਰਿਕਤਾ ਕਾਨੂੰਨ ਕਰਕੇ ਦੇਸ਼ ਦੇ ਬਣੇ ਮਾਹੌਲ ਵਿੱਚ ਕਾਂਗਰਸ ਲਈ ਇਹ ਰੈਲੀ ਬੜੀ ਅਹਿਮ ਸੀ।
ਇਹ ਵੀ ਦਿਲਚਸਪ ਹੈ ਕਿ ਕੈਪਟਨ ਹੀ ਮੋਦੀ ਸਰਕਾਰ ਖਿਲਾਫ ਸਭ ਤੋਂ ਵੱਧ ਬੋਲਦੇ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਮੇਸ਼ਾਂ ਮੋਦੀ ਸਰਕਾਰ ਦੇ ਕਈ ਫੈਸਲਿਆਂ ਦਾ ਡਟ ਤੇ ਵਿਰੋਧ ਕਰਦੇ ਹਨ। ਉਨ੍ਹਾਂ ਨਾਗਰਿਕਤਾ ਕਾਨੂੰਨ ਵੀ ਲਾਗੂ ਕਰਨ ਤੋਂ ਇਨਕਾਰਨ ਕਰ ਦਿੱਤਾ ਹੈ। ਅਜਿਹੇ ਵਿੱਚ ਕੈਪਟਨ ਵਰਗੇ ਲੀਡਰ ਦਾ ਭਾਰਤ ਬਚਾਓ ਰੈਲੀਸ਼ਾਮਲ ਹੋਣਾ ਜ਼ਰੂਰੀ ਸੀ। ਇਹ ਵੀ ਚਰਚਾ ਹੈ ਕਿ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਤੋਂ ਹਾਈਕਮਾਨ ਵੀ ਖੁਸ਼ ਨਹੀਂ। ਨਵਜੋਤ ਸਿੱਧੂ ਦੇ ਮਾਮਲੇ 'ਤੇ ਕੈਪਟਨ ਦੀ ਸਖਤੀ ਵੀ ਹਾਈਕਮਾਨ ਤੋਂ ਚੁੱਭੀ ਸੀ। ਇਸ ਲਈ ਕੈਪਟਨ ਤੇ ਹਾਈਕਮਾਨ ਵਿਚਾਲੇ ਦੂਰੀ ਬਣੀ ਹੋਈ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਕੈਪਟਨ ਨੂੰ ਅੱਖਾਂ ਵਿਖਾਈਆਂ ਸੀ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਨੀਲ ਜਾਖੜ ਵੀ ਮੰਨ ਚੁੱਕੇ ਹਨ ਕਿ ਲੋਕ ਸਰਕਾਰ ਤੋਂ ਖੁਸ਼ ਨਹੀਂ। ਇਸ ਕੈਪਟਨ ਸਰਕਾਰ ਦੀ ਸਾਰੀ ਰਿਪੋਰਟ ਹਾਈਕਮਾਨ ਕੋਲ ਪਹੁੰਚ ਰਹੀ ਹੈ। ਇਹ ਵੀ ਚਰਚਾ ਹੈ ਕਿ ਅਗਲੇ ਸਮੇਂ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ। ਪੰਜਾਬ ਵਿੱਚ ਤਿੰਨ ਉੱਪ ਮੁੱਖ ਮੰਤਰੀ ਬਣਾਉਣ ਦੀ ਵੀ ਚਰਚਾ ਹੈ। ਇਹ ਚਰਚਾ ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਮਗਰੋਂ ਛਿੜੀ ਹੈ।
ਪਿਆਜ਼ ਅਤੇ ਪੈਟਰੋਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ
ਮਦਰ ਡੇਰੀ ਅਤੇ ਅਮੁਲ ਨੇ ਵਧਾਈਆਂ ਕੀਮਤਾਂ
ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਪ੍ਰੇਸ਼ਾਨ ਲੋਕਾਂ ਲਈ ਦੁੱਧ ਬਾਰੇ ਵੀ ਬੁਰੀ ਖ਼ਬਰ ਹੈ। ਦਿੱਲੀ-ਐਨਸੀਆਰ ਅਤੇ ਦੇਸ਼ ਦੇ ਤਮਾਤ ਸ਼ਹਿਰਾਂ ਵਿੱਚ ਮਦਰ ਡੇਅਰੀ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਦਰ ਡੇਅਰੀ ਦੇ ਟੋਕਨ ਅਤੇ ਪੈਕੇਟ ਮਿਲਕ ਦੀਆਂ ਕੀਮਤਾਂ ਚ ਦੋ ਤੋਂ ਤਿੰਨ ਰੁਪਏ ਦਾ ਵਾਧਾ ਹੋਇਆ ਹੈ। ਜਦੋਂਕਿ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ ਚ ਦੋ ਰੁਪਏ ਫ਼ੀ ਲੀਟਰ ਵਾਧਾ ਹੋਇਆ ਹੈ। ਹੁਣ ਇਹ 55 ਰੁਪਏ ਫ਼ੀ ਲੀਟਰ ਮਿਲੇਗਾ। ਉੱਥੇ ਅੱਧਾ ਲੀਟਰ ਦੁੱਧ ਹੁਣ 27 ਰੁਪਏ ਦੀ ਬਜਾਏ 28 ਰੁਪਏ ਚ ਮਿਲੇਗਾ।
ਅਮੂਲ ਨੇ ਦੁੱਧ ਦੀਆਂ ਕੀਮਤਾਂ ਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੀਆਂ ਹੋਈਆਂ ਕੀਮਤਾਂ ਗੁਜਰਾਤ, ਦਿੱਲੀ-ਐੱਨਸੀਆਰ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 15 ਦਸੰਬਰ ਤੋਂ ਲਾਗੂ ਹੋਣਗੀਆਂ। ਅਹਿਮਦਾਬਾਦ ਚ ਅਮੂਲ ਗੋਲਡ 500 ਮਿਲੀਲੀਟਰ 28 ਰੁਪਏ ਦਾ ਮਿਲੇਗਾ, ਜਦੋਂਕਿ 500 ਮਿਲੀਲੀਟਰ ਅਮੂਲ ਤਾਜ਼ਾ ਹੁਣ 22 ਰੁਪਏ ਦਾ ਮਿਲੇਗਾ। ਕੰਪਨੀ ਨੇ ਅਮੂਲ ਸ਼ਕਤੀ ਦੀਆਂ ਕੀਮਤਾਂ ਨਹੀਂ ਵਧਾਈਆਂ। ਅਮੂਲ ਸ਼ਕਤੀ 500 ਮਿਲੀਲੀਟਰ 25 ਰੁਪਏ ਚ ਹੀ ਮਿਲੇਗਾ।
ਇਸ ਦੇ ਨਾਲ ਹੀ ਟੋਂਡ ਮਿਲਕ ਦੀਆਂ ਕੀਮਤਾਂ ਚ ਵੀ ਤਿੰਨ ਰੁਪਏ ਵਾਧਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਇਹ 45 ਰੁਪਏ ਫ਼ੀ ਲੀਟਰ ਮਿਲੇਗਾ, ਜਦੋਂਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ ਚ ਮਿਲੇਗਾ। ਗਾਂ ਦੇ ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਫ਼ੀ ਲੀਟਰ ਵਧਾਈਆਂ ਗਈਆਂ ਹਨ। ਹੁਣ ਇਹ ਐਤਵਾਰ ਤੋਂ 47 ਰੁਪਏ ਫ਼ੀ ਲੀਟਰ ਦੀ ਦਰ ਨਾਲ ਮਿਲੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਚ ਵੀ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਚ ਦੋ ਰੁਪਏ ਫ਼ੀ ਲੀਟਰ ਦਾ ਵਾਧਾ ਕੀਤਾ ਸੀ, ਜਦੋਂਕਿ ਸਤੰਬਰ ਮਹੀਨੇ ਚ ਗਾਂ ਦੇ ਦੁੱਧ ਦੀਆਂ ਕੀਮਤਾਂ ਚ ਵੀ ਦੋ ਰੁਪਏ ਫ਼ੀ ਲੀਟਰ ਵਧਾਈਆਂ ਸਨ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ 30 ਲੱਖ ਫ਼ੀ ਲੀਟਰ ਮਦਰ ਡੇਅਰੀ ਦਾ ਦੁੱਧ ਖਪਤ ਹੁੰਦਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ

ਪੰਜਾਬ ਦਾ ਬਹੁਪੱਖੀ ਵਿਕਾਸ ਹੋਇਆ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਅੱਜ ਹੋਏ ਡੈਲੀਗੇਟ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਮੁੜ ਪਾਰਟੀ ਪ੍ਰਧਾਨ ਚੁਣਿਆ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਚ ਦੁਪਹਿਰ ਬਾਅਦ ਇੱਕ ਵਜੇ ਅਰਦਾਸ ਉਪਰੰਤ ਆਰੰਭ ਹੋਏ ਇਜਲਾਸ ਮੌਕੇ ਸੀਨੀਅਰ ਪਾਰਟੀ ਆਗੂ ਜਥੇਦਾਰ ਤੋਤਾ ਸਿੰਘ ਨੇ ਸੁਖਬੀਰ ਬਾਦਲ ਦਾ ਨਾਮ ਪਾਰਟੀ ਪ੍ਰਧਾਨ ਵਜੋਂ ਪੇਸ਼ ਕੀਤਾ , ਜਿਸ ਦੀ ਤਈਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗਮੀਤ ਬਰਾੜ ਵਲੋਂ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਮੈਂ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ,ਜਿਨ੍ਹਾਂ ਨੇ ਮੈਨੂੰ ਤੀਜੀ ਵਾਰ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਵੇਂ ਮੇਰੀ ਜਾਨ ਚਲੀ ਜਾਵੇਂ ਪਰ ਮੈਂ ਪਿੱਛੇ ਨਹੀਂ ਹਟਾਂਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਅਤੇ ਆਜ਼ਾਦੀ ਦੇ ਬਾਅਦ ਵੀ ਸਾਰੀਆਂ ਜੰਗਾਂ ਦਾ ਪੰਜਾਬੀਆਂ ਨੇ ਸਾਹਮਣਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਾਲਾਂ ਦੇ ਇਤਿਹਾਸ ਦਾ ਜ਼ਿਕਰ ਕਰੀਏ ਤਾਂ ਕਿਸਾਨਾਂ ,ਗਰੀਬਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ ,ਜਿਸ ਕਰਕੇ ਸਭ ਤੋਂ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦੇਵੀ ਲਾਲ ਚੋਧਰੀ ਦਾ ਨਾਂਅ ਆਉਂਦਾ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਐਮਰਜੈਂਸੀ ਵੇਲੇ ਸਭ ਤੋਂ ਪਹਿਲਾਂ ਜੇਲ੍ਹ ਚ ਗਏ ਸਨ। ਜਦੋਂ ਕਾਂਗਰਸ ਨੇ ਪਾਣੀ ਖੋਹਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਚ ਮੋਰਚਾ ਲਾ ਕੇ ਰੋਕਿਆ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਲੱਗਦਾ ਐਨੀਆਂ ਕੁਰਬਾਨੀਆਂ ਵਾਲੀ ਪਾਰਟੀ ਕਿਤੇ ਵੀ ਨਹੀਂ ਮਿਲੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਜੇਕਰ ਦੁਨੀਆਂ ਭਰ ਵਿੱਚ ਕਿਤੇ ਵੀ ਸਿੱਖਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਲੀ ਦਲ ਲੜਾਈ ਲੜਦੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਤਰੱਕੀ ਤਾਂ ਹੀ ਕਰੇਗਾ ਜੇਕਰ ਸੂਬਿਆਂ ਨੂੰ ਵੱਧ ਅਧਿਕਾਰ ਮਿਲਣ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵੀ ਕੰਮ ਕਰਨਾ ਹੈ ਤਾਂ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਜਿਸ ਕਰਕੇ ਸਾਰੀਆਂ ਪਾਰਟੀਆਂ ਇਹੀ ਮੰਗ ਕਰਦੀਆਂ ਹਨ। ਜਦੋਂ ਵੀ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮਨਾਉਂਦੇ ਸੀ ਅਤੇ ਸਾਰੇ ਧਰਮਾਂ ਦੇ ਧਾਰਮਿਕ ਸਥਾਨ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪ ਬਣਵਾਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਇਕੱਲੇ ਸਿੱਖਾਂ ਦੀ ਗੱਲ ਨਹੀਂ ਕੀਤੀ ਸਗੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ 22 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਹੈ ਅਤੇ ਉਨ੍ਹਾਂ ਚੋ 19 ਸਾਲ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੰਜਾਬ ਦਾ ਬਹੁਪੱਖੀ ਵਿਕਾਸ਼ ਹੋਇਆ ਹੈ ਅਤੇ ਏਅਰਪੋਰਟ ,ਸੜਕਾਂ ਅਤੇ ਬਾਬਾ ਬੰਦਾ ਬਹਾਦਰ ਦੀ ਯਾਦਗਾਰ ਅਤੇ ਵੱਡਾ -ਛੋਟਾ ਘੱਲੂਘਾਰਾ ਘਲੂਗਾਹਾਰਾ ਬਣਾਇਆ ਗਿਆ ਹੈ। ਜਦੋਂ ਕਾਂਗਰਸ ਨੇ ਇਨ੍ਹਾਂ ਨੂੰ ਚਿੱਟਾ ਹਾਥੀ ਕਿਹਾ ਤਾਂ ਬਹੁਤ ਦੁੱਖ ਹੋਇਆ ਹੈ। ਜੇਕਰ ਪੰਜਾਬ  ਕਿਸਾਨਾਂ ਨੂੰ ਮੁਫ਼ਤ ਬਿਜਲੀ , ਗਰੀਬਾਂ ਨੂੰ ਆਟਾ -ਦਾਲ , ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਤੇ ਹੋਰ ਸਹੂਲਤਾਂ ਮਿਲੀਆਂ ਹਨ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਮਿਲੀਆਂ ਹਨ ਅਤੇ ਉਨ੍ਹਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਸੀ ਕਿ ਖ਼ਜ਼ਾਨਾ ਖ਼ਾਲੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਚ ਕੋਈ ਵੀ ਕੰਮ ਨਹੀਂ ਕੀਤਾ ਅਤੇ ਕੈਪਟਨ ਝੂਠੀਆਂ ਸਹੁੰਆਂ ਖਾ ਕੇ ਮੁਕਰ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਬਦਲਿਆ ਸੰਵਿਧਾਨ

ਸੁਖਬੀਰ ਬਾਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਬਣ ਗਏ ਹਨ, ਉੱਥੇ ਹੀ ਪਾਰਟੀ ਨੇ ਸੰਵਿਧਾਨ ਵਿੱਚ ਵੀ ਸੋਧਾਂ ਕੀਤੀਆਂ ਹਨ। ਪਾਰਟੀ ਦੇ 99ਵੇਂ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ ਇਹ ਫੈਸਲਿਆਂ 'ਤੇ ਮੋਹਰ ਲੱਗੀ। ਮੰਨਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਅਹੁਦੇ ਵੰਡ ਕੇ ਸਭਨਾ ਨੂੰ ਖੁਸ਼ ਕਰਨ ਲਈ ਹੀ ਪਾਰਟੀ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਗਈਆਂ ਹਨ।
ਸੰਵਿਧਾਨ ਚ ਕੀਤੀ ਸੋਧ ਮੁਤਾਬਕ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਗਿਣਤੀ ਵਧਾ ਕੇ 74 ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਸਰਪ੍ਰਸਤ ਤੇ ਪ੍ਰਧਾਨ ਤੋਂ ਬਾਅਦ 8 ਸੀਨੀਅਰ ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ 1 ਤੇ 8 ਸਕੱਤਰ ਸਮੇਤ ਕੁਲ 74 ਅਹੁਦੇਦਾਰ ਹੋਣਗੇ। ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 101 ਹੋਵੇਗੀ।
ਇਸ ਤੋਂ ਇਲਾਵਾ ਸਰਕਲ ਇਕਾਈ ਦੀ ਥਾਂ ਹੁਣ ਪਿੰਡਾਂ ਵਿੱਚ 25 ਹਜ਼ਾਰ ਵੋਟਾਂ ਤੱਕ ਨੂੰ ਇੱਕ ਇਕਾਈ ਬਣਾਇਆ ਜਾਵੇਗਾ। 50 ਹਜ਼ਾਰ ਵੋਟਾਂ ਵਾਲੇ ਕਸਬਿਆਂ ਵਿੱਚ ਸ਼ਹਿਰੀ ਪ੍ਰਧਾਨ ਨਿਯੁਕਤ ਹੋਵੇਗਾ। ਇਸੇ ਤਰ੍ਹਾਂ 50 ਹਜ਼ਾਰ ਵੋਟਾਂ ਵਾਲੇ ਸ਼ਹਿਰਾਂ ਚ ਚਾਰ ਵਾਰਡਾਂ ਨੂੰ ਇਕੱਠਾ ਕਰ ਕੇ ਪ੍ਰਧਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰਲੇ ਸੂਬਿਆਂ ਜਿਥੇ ਸਿੱਖਾਂ ਦੀ ਗਿਣਤੀ ਘੱਟ ਹੈ, ਉਥੇ ਸਪੈਸ਼ਲ ਇਨਵਾਈਟੀ ਬਣਾਏ ਜਾਣਗੇ। ਅਜਿਹੇ 25 ਸਪੈਸ਼ਲ ਇਨਵਾਈਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ ਤੇ ਫਾਸਟ ਟੈਗ ਜ਼ਰੂਰੀ ,

ਲੱਗੀਆਂ ਲੰਬੀਆਂ ਲਾਈਨਾਂ, ਲੋਕ ਹੋਏ ਪ੍ਰੇਸ਼ਾਨ

ਐਤਵਾਰ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂ ਲਾਈਨਾਂ , ਲੋਕ ਹੋਏ ਪ੍ਰੇਸ਼ਾਨ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸਹੂਲਤ ਲਈ ਟੋਲ ਪਲਾਜ਼ਾ ਅਤੇ ਇਲੈੱਕਟ੍ਰਾਨਿਕ ਟੋਲ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਫਾਸਟ ਟੈਗ ਪ੍ਰਣਾਲੀ ਅੱਜ ਤੋਂ ਸਮੁੱਚੇ ਦੇਸ਼ ਦੇ ਟੋਲ ਪਲਾਜ਼ਿਆਂ ਤੇ ਜ਼ਰੂਰੀ ਹੋ ਗਈ ਹੈ। ਇਸ ਦੇ ਲਈ ਅੱਜ ਪਹਿਲੇ ਦਿਨ ਟੋਲ ਪਲਾਜ਼ਿਆਂ ਤੇ ਫਾਸਟ ਟੈਗ ਨਾ ਲੱਗੀਆਂ ਹੋਈਆਂ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੋਂ ਸਾਰੇ ਨੈਸ਼ਨਲ ਹਾਈਵੇਅਜ਼ ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ। ਜੇਕਰ ਤੁਸੀਂ 1 ਦਸੰਬਰ ਤੱਕ ਫਾਸਟ ਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ ਪਰ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਫਾਸਟ ਟੈਗ ਨਹੀਂ ਲਾਇਆ ਗਿਆ।
ਇਸ ਕਾਰਨ ਟੋਲ ਪਲਾਜ਼ਾ ਤੇ ਨਕਦ ਭੁਗਤਾਨ ਦੀ ਸਿਰਫ਼ ਇੱਕ ਹੀ ਲਾਈਨ ਲਾਈ ਗਈ ਹੈ। ਨਕਦ ਭੁਗਤਾਨ ਦੀ ਸਿਰਫ਼ ਇੱਕ ਲਾਈਨ ਹੋਣ ਕਰਕੇ ਟੋਲ ਪਲਾਜ਼ਾ ਤੇ ਦੂਰ-ਦੂਰ ਤੱਕ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਜਿਨ੍ਹਾਂ ਗੱਡੀਆਂ ਦੇ ਫਾਸਟੈਗ ਨਹੀਂ ਲਾਏ ਗਏ, ਉਨ੍ਹਾਂ ਤੋਂ ਡਬਲ ਫੀਸ ਦੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਇਸ ਡਬਲ ਵਸੂਲੀ ਨੂੰ ਲੁੱਟ ਵੀ ਕਰਾਰ ਦਿੱਤਾ ਗਿਆ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਵੀ ਅੱਜ ਪਹਿਲੇ ਦਿਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਹਨ।
ਓਧਰ ਕੇਂਦਰ ਸਰਕਾਰ ਨੇ 100% ਗੱਡੀਆਂ ਤੇ ਫਾਸਟ ਟੈਗ ਨਾ ਲੱਗਣ ਕਾਰਨ ਵਾਹਨ ਚਾਲਕਾਂ ਤੇ ਟੋਲ ਪਲਾਜ਼ਾ ਦੇ ਮਾਲਕਾਂ ਨੂੰ 30 ਹੋਰ ਦਿਨਾਂ ਦੀ ਮਹੋਲਤ ਦਿੱਤੀ ਹੈ। ਬਿਨ੍ਹਾਂ ਫਾਸਟ ਟੈਗ ਵਾਲੀਆਂ ਗੱਡੀਆਂ ਨੂੰ ਇੱਕ ਮਹੀਨੇ ਲਈ ਜੁਰਮਾਨੇ ਚ ਰਾਹਤ ਦਿੱਤੀ ਗਈ ਹੈ। ਕੇਂਦਰੀ ਸੜਕ ਆਵਾਜਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਿਰਫ਼ 25% ਕਤਾਰਾਂ ਤੇ ਹੀ ਨਕਦ ਟੋਲ ਕੱਟਿਆ ਜਾਵੇਗਾ ਜਦਕਿ 75% ਕਤਾਰਾਂ ਤੇ ਫਾਸਟ ਟੈਗ ਲਾਗੂ ਹੋਵੇਗਾ।
ਸੁਖਬੀਰ ਬਾਦਲ ਦੇ ਸਵਾਲ ਦਾ
ਕੈਪਟਨ ਵੱਲੋਂ ਤਿੱਖਾ ਜਵਾਬ
ਨਾਗਰਿਕਤਾ ਸੋਧ ਕਾਨੂੰਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ। ਅਫਗਾਨਿਸਤਾਨ ਦੇ ਸਿੱਖਾਂ ਬਾਰੇ ਸੁਖਬੀਰ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਘਟੀਆ ਸਿਆਸਤ ਖੇਡਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
ਇਸ ਮਸਲੇ ਤੇ ਸਵਾਲ ਕਰਦਿਆਂ ਕੈਪਟਨ ਨੇ ਕਿਹਾ ਕਿ ਸੁਖਬੀਰ ਆਪਣੇ ਸੌੜੇ ਸਿਆਸੀ ਮੁਫਾਦਾਂ ਖਾਤਰ ਮੁਲਕ ਦੇ ਧਰਮ
ਨਿਰਪੱਖ ਸਰੂਪ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਤੇ ਸੰਵਿਧਾਨ ਦੀ ਰਾਖੀ ਖਾਤਰ ਲੜਾਈ ਲੜ ਰਹੇ ਲੋਕ ਮਾਰੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਅਕਾਲੀ ਆਗੂ ਅਜਿਹੀ ਗੰਭੀਰ ਸਥਿਤੀ ਤੇ ਹੋਛੀ ਸਿਆਸਤ ਖੇਡਣ ਵਿੱਚ ਰੁੱਝਿਆ ਹੋਇਆ ਹੈ।
ਸੁਖਬੀਰ ਬਾਦਲ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫਗਾਨਿਸਤਾਨ ਤੋਂ ਹਿਜਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿੱਚ ਨਹੀਂ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਆਧਾਰ ਹੈ, ਨਾਲ ਛੇੜਛਾੜ ਕੀਤੇ ਜਾਣ ਦੀ ਖਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਤੇ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ।

ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਮੂਹਰੇ ਗਰਜ਼ੇ

ਬੇਰੁਜ਼ਗਾਰ ਅਧਿਆਪਕ ,ਦਿੱਤਾ ਮੰਗ ਪੱਤਰ

ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਮੂਹਰੇ ਗਰਜ਼ੇ ਬੇਰੁਜ਼ਗਾਰ ਅਧਿਆਪਕ ,ਦਿੱਤਾ ਮੰਗ ਪੱਤਰ: ਚੰਡੀਗੜ੍ਹ : ਪਿਛਲੇ ਤਿੰਨ ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕੇ ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ-ਪ੍ਰਦਰਸ਼ਨ ਕਰਦਿਆਂ ਮੰਤਰੀਆਂ ਦੇ ਨਿੱਜੀ-ਸਹਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਤਾਂ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਸਬੰਧੀ ਏਜੰਡਾ ਲਿਆਂਦਾ ਜਾਵੇ।

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ , ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਸੂਬਾ ਆਗੂ ਯੁੱਧਜੀਤ ਬਠਿੰਡਾ ਅਤੇ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਦੀਪ ਬਨਾਰਸੀ ਨੇ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਫੈਸਲੇ ਲਏ ਜਾਣਗੇ।
ਕੈਬਨਿਟ ਮੰਤਰੀਆਂ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ-ਬਠਿੰਡਾ, ਗੁਰਪ੍ਰੀਤ ਕਾਂਗੜ-ਬਠਿੰਡਾ, ਬ੍ਰਹਮ ਮਹਿੰਦਰਾ-ਪਟਿਆਲਾ, ਰਾਣਾ ਗੁਰਮੀਤ -ਫਿਰੋਜ਼ਪੁਰ, ਰਜ਼ੀਆ ਸੁਲਤਾਨਾ-ਮਲੇਰਕੋਟਲਾ-ਸੰਗਰੂਰ, ਚਰਨਜੀਤ ਚੰਨੀ ਦੀ ਚਮਕੌਰ ਸਾਹਿਬ ਵਿਖੇ ਕੋਠੀਆਂ ਦੇ ਸਾਹਮਣੇ ਰੋਸ-ਪ੍ਰਦਰਸ਼ਨ ਕਰਕੇ ਮੰਗ-ਪੱਤਰ ਦਿੱਤੇ ਗਏ।

ਕਰਜ਼ੇ ਕਾਰਨ ਪੰਜਾਬ ਚ ਸੱਥਰ ਵਿਛਣੇ ਜਾਰੀ,

ਸੰਗਰੂਰ ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਸੂਬੇ ਅੰਦਰ ਕਿਸਾਨ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ, ਜਿਸ ਦੇ ਕਾਰਨ ਸੂਬੇ ਅੰਦਰ ਹਰ ਰੋਜ਼ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ।

ਸੰਗਰੂਰ ਦੇ ਪਿੰਡ ਨਮੋਲ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਕਿਸਾਨ ਦੀ ਪਛਾਣ 20 ਸਾਲਾਂ ਲਖਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਸਿਰਫ਼ ਇੱਕ ਏਕੜ ਹੀ ਜ਼ਮੀਨ ਦਾ ਮਾਲਕ ਸੀ ਅਤੇ ਉਨ੍ਹਾਂ ਦੇ ਸਿਰਕਰੀਬ 5 ਲੱਖ ਰੁਪਏ ਸਰਕਾਰੀ ਅਤੇ ਗੈਰ ਸਰਕਾਰੀ ਕਾਫੀ ਕਰਜ਼ਾ ਸੀ।ਜਿਸ ਕਰਕੇ ਲਖਵਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਬੀਤੀ 9 ਦਸੰਬਰ ਦੀ ਸ਼ਾਮ ਨੂੰ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ ,ਜਿਸ ਨੂੰ ਇਲਾਜ ਲਈ ਲੌਂਗੋਵਾਲ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਇਲਾਜ ਲਈ ਉਸ ਨੂੰ ਸੰਗਰੂਰ ਭੇਜ ਦਿੱਤਾ ਗਿਆ ਸੀ , ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਅਸਾਮ ਵਿੱਚ ਨਾਗਿਰਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਹੋ ਰਹੇ

ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ?

ਅਸਾਮੀ ਅੰਦੋਲਨ ਤੋਂ ਬਾਅਦ ਗੁਹਾਟੀ ਦੀਆਂ ਸੜਕਾਂ ਉੱਤੇ ਲੋਕਾਂ ਦਾ ਅਜਿਹਾ ਹੜ੍ਹ ਪਹਿਲੀ ਵਾਰ ਦਿਖ ਰਿਹਾ ਹੈ। ਉਸ ਅੰਦੋਲਨ ਸਮੇਂ ਜੋ ਨੌਜਵਾਨ ਸਨ, ਉਹ ਲੋਕ ਹੁਣ ਜ਼ਿੰਦਗੀ ਦੀਆਂ ਤਿਰਕਾਲਾਂ ਹੰਢਾ ਰਹੇ ਹਨ।
ਉਨ੍ਹਾਂ ਨੂੰ ਉਹ ਪੁਰਾਣੀਆਂ ਕਹਾਣੀਆਂ ਬੁਰੇ ਸੁਪਨਿਆਂ ਵਾਂਗ ਯਾਦ ਹਨ , ਜਦੋਂ 'ਅਸਾਮ ਦੇ ਸਨਮਾਨ' ਲਈ ਲੜਾਈ ਵਿੱਚ ਸੈਂਕੜੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਉਹ ਨਹੀਂ ਚਾਹੁੰਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ।
ਉਸ ਸਮੇਂ ਜੋ ਬੱਚੇ ਸਨ, ਹੁਣ ਜਵਾਨ ਹੋ ਚੁੱਕੇ ਹਨ। ਉਹ ਜੈ ਅਖਮ (ਜੈ ਅਸਾਮ) ਦੇ ਨਾਅਰੇ ਮਾਰਦੇ ਸੜਕਾਂ ਉੱਤੇ ਆ ਚੁੱਕੇ ਹਨ। ਨਾਗਰਿਕਤਾ ਸੋਧ ਕਾਨੂੰਨ ਨੇ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਅ ਦਿੱਤਾ ਹੈ।
ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਇੰਨੇ ਵੱਡੇ ਜਨ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ। ਕੀ ਇਹ ਆਪਣੇ-ਆਪ ਉੱਠਿਆ ਜਵਾਰ ਭਾਟਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਵਿਅਕਤੀ ਜਾਂ ਸੰਗਠਨ ਦੇ ਹੱਥਾਂ ਵਿੱਚ ਹੈ।
ਆਲ ਆਸਮ ਸਟੂਡੈਂਟ ਯੂਨੀਅਨ (ਆਸੂ) ਦੇ ਮੁਖੀ ਸਮੁਜੱਲ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਇੱਕ ਲੋਕ ਅੰਦੋਲਨ ਹੈ।
ਸਮੁਜੱਲ ਭੱਟਾਚਾਰੀਆ ਨੇ ਦੱਸਿਆ, "ਅਸਾਮ ਪ੍ਰਾਈਡ ਅਤੇ ਅਸਾਮੀ ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ।"
"ਅਸੀਂ ਕੈਬ ਨੂੰ ਸੰਸਦ ਵਿੱਚ ਲਿਆਂਦੇ ਜਾਣ ਦੇ ਖ਼ਿਲਾਫ਼ 10 ਦਸੰਬਰ ਨੂੰ ਪੂਰਬ-ਉੱਤਰੀ ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਸੀ। ਨਾਰਥ ਈਸਟ ਯੂਨੀਅਨ (ਨੇਸੋ) ਦੇ ਬੈਨਰ ਥੱਲੇ ਉਸ ਲਾਮਿਸਾਲ ਬੰਦ ਤੋਂ ਅਗਲੇ ਦਿਨ 11 ਦਸੰਬਰ ਨੂੰ ਲੋਕ ਆਪਣੇ ਆਪ ਸੜਕਾਂ ਤੇ ਆ ਗਏ।"
"ਇਸ ਦੌਰਾਨ ਹਿੰਸਾ ਹੋਈ। ਉਸ ਸਮੇਂ ਸਾਨੂੰ ਲੱਗਿਆ ਕਿ ਬਿਨਾਂ ਅਗਵਾਈ ਦੇ ਅੰਦੋਲਨ ਦਿਸ਼ਾਹੀਣ ਹੋ ਜਾਵੇਗਾ। ਇਸ ਲਈ 12 ਤਰੀਕ ਨੂੰ ਲਤਾਸ਼ੀਲ ਮੈਦਾਨ ਵਿੱਚ ਹੋਏ ਜਲਸੇ ਤੋਂ ਬਾਅਦ ਤੈਅ ਕੀਤਾ ਗਿਆ ਕਿ ਸਾਡਾ ਅੰਦੋਲਨ ਸ਼ਾਂਤੀਪੂਰਣ ਤੇ ਲੋਕਤੰਤਰੀ ਤਰੀਕੇ ਨਾਲ ਹੋਵੇਗਾ।"
ਉਨ੍ਹਾਂ ਇਹ ਵੀ ਕਿਹਾ, "ਅਸੀਂ ਯੋਜਨਾਬੱਧ ਤਰੀਕੇ ਨਾਲ ਅੰਦੋਲਨ ਚਲਾ ਰਹੇ ਹਾਂ। ਅਜਿਹੇ ਵਿੱਚ ਜੇ ਕੋਈ ਹਿੰਸਕ ਰਾਹ ਚੁਣਦਾ ਹੈ ਤਾਂ ਉਹ ਸਾਡੇ ਅੰਦੋਲਨ ਦਾ ਦੁਸ਼ਮਣ ਹੈ ਨਾ ਕਿ ਦੋਸਤ।"
ਗੁਹਾਟੀ ਤੋਂ ਛਪਣ ਵਾਲੇ ਦੈਨਿਕ ਪੂਰਵੋਦਯ' ਦੇ ਸੰਪਾਦਕ ਰਵੀਸ਼ੰਕਰ ਰਵੀ ਦਾ ਮੰਨਣਾ ਹੈ ਕਿ ਸਮੁਜੱਲ ਭੱਟਾਚਾਰੀਆ ਇਸ ਲਹਿਰ ਦੇ ਸਭ ਤੋਂ ਵੱਡੇ ਆਗੂ ਹਨ। ਇਸ ਲਈ ਸਾਫ਼ ਹੈ ਕਿ ਅੰਦੋਲਨ ਦੀ ਅਗਵਾਈ ਆਸੂ ਕਰ ਰਿਹਾ ਹੈ।ਰਵੀਸ਼ੰਕਰ ਰਵੀ ਨੇ ਦੱਸਿਆ,"ਮੁਢਲੇ ਰੂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਵਿੱਢੇ ਗਏ ਇਸ ਅੰਦੋਲਨ ਨੂੰ ਵਿਆਪਕ ਹਮਾਇਤ ਮਿਲ ਰਹੀ ਹੈ। ਹੁਣ ਇਹ ਲੋਕ ਅੰਦੋਲਨ ਬਣ ਚੁੱਕਿਆ ਹੈ। ਇਸ ਵਿੱਚ ਅਸਾਮੀ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹਨ।"
ਅਸਾਮੀ ਫ਼ਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਜ਼ਰੀਫ਼ਾ ਵਾਹਿਦ ਨੇ ਦੱਸਿਆ ਕਿ ਸਾਡੀ ਇੱਜ਼ਤ ਦੀ ਲੜਾਈ ਹੈ। ਇਸ ਵਿੱਚ ਸ਼ਾਮਲ ਹਰ ਵਿਅਕਤੀ ਅੰਦੋਲਨ ਦਾ ਆਗੂ ਹੈ।
ਉਨ੍ਹਾਂ ਨੇ ਕਿਹਾ, " ਅਸਾਮ ਦੇ ਮਾਪਿਆਂ ਨੇ ਬੱਚਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਕੈਬ ਦਾ ਵਿਰੋਧ ਕਰਨ। ਅੰਦੋਲਨ ਲਈ ਜੇ ਉਹ ਰਾਤ ਨੂੰ ਘਰੇ ਨਹੀਂ ਮੁੜਦੇ ਤਾਂ ਵੀ ਕੋਈ ਗੱਲ ਨਹੀਂ ਹੈ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਆਪਣੀ ਪਛਾਣ, ਸਭਿਆਚਾਰ ਤੇ ਹੱਕਾਂ ਦੀ ਰਾਖੀ ਕਰਨੀ ਹੈ। ਇਸ ਲਈ ਇਹ ਅੰਦੋਲਨ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਏ ਜਾਣ ਤੱਕ ਜਾਰੀ ਰਹੇਗਾ।"
ਮੋਦੀ ਸਰਕਾਰ ਦੇ ਕਾਨੂੰਨ ਤੋਂ
ਅਮਰੀਕਾ ਫ਼ਿਕਰਮੰਦ
ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਆਪਣੀ ਫਿਰਕਮੰਦੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਸੰਵਿਧਾਨ ਪ੍ਰਤੀ ਪ੍ਰਤੀਬੱਧ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤ ਦੀ ਸੰਸਦ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦੇ ਉੱਤੇ ਮੋਹਰ ਲਾਉਣ ਬਾਅਦ ਇਹ ਕਾਨੂੰਨ ਵਿੱਚ ਬਦਲ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਤੇ ਈਸਾਈਆਂ ਲਈ ਭਾਰਤ ਦੀ ਨਾਗਰਿਕਤਾਾ ਹਾਸਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ।
ਦੂਜੇ ਪਾਸੇ ਇਸ ਕਾਨੂੰਨ ਵਿੱਚ ਗੁਆਂਢੀ ਦੇਸ਼ ਵਿੱਚੋਂ ਆਏ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਇਸ ਬਿੱਲ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਪਰ ਇਸ ਕਾਨੂੰਨ ਵਿੱਚ ਧਰਮ ਦੇ ਆਧਾਰ ਉੱਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੇ ਭਾਰੀ ਵਿਰੋਧ ਹੋਣ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮ ਬਰਾਉੂਨ ਬੈਕ ਨੇ ਟਵੀਟ ਕਰਕੇ ਕਿਹਾ ਹੈ,‘ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਸੰਵਿਧਾਨ ਇੱਕ ਹੈ। ਅਸੀਂ ਜਮਹੂਰੀਅਤ ਪੱਖੀ ਹੋਣ ਸਦਕਾ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਬਾਰੇ ਫ਼ਿਕਰਮੰਦ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਧਾਰਮਿਕ ਆਜ਼ਾਦੀ ਸਣੇ ਆਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਦਾ ਪਾਬੰਦ ਰਹੇਗਾ।
ਅਮਰੀਕੀ ਰਾਜਦੂਤ ਦਾ ਬਿਆਨ ਐਨ 2+2 ਮੀਟਿੰਗ ਜੋ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਕਾਰ ਹੋਣੀ ਹੈ, ਤੋਂ ਪਹਿਲਾਂ ਆਇਆ ਹੈ ਤੇ ਇਸ ਕਰਕੇ ਬਿਆਨ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਅਗਲੇ ਹਫ਼ਤੇ ਦੋਵੇਂ ਭਾਰਤੀ ਮੰਤਰੀ ਅਮਰੀਕਾ ਜਾ ਰਹੇ ਹਨ ਜਿਥੇ ਉਹ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ ਮੀਟਿੰਗ ਕਰਨਗੇ।
ਬਾਰਸ਼ ਨੇ ਠਾਰ੍ਹਿਆ ਪੰਜਾਬ,
ਫਸਲਾਂ ਲਈ ਕਰੇਗੀ ਘਿਓ ਦਾ ਕੰਮ
ਬਾਰਸ਼ ਤੇ ਤੇਜ਼ ਹਨ੍ਹੇਰੀ ਨੇ ਪੰਜਾਬ ਦਾ ਪਾਰਾ ਡੇਗ ਦਿੱਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੰਘੀ ਰਾਤ ਵੀ ਬਾਰਸ਼ ਹੁੰਦੀ ਰਹੀ। ਇਸ ਦੇ ਨਾਲ ਹੀ ਤੇਜ਼ ਹਵਾ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ 11 ਤੋਂ 13 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਲਈ ਅੱਜ ਵੀ ਬਾਰਸ਼ ਦੇ ਆਸਾਰ ਹਨ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ।
ਮੌਸਮ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇਸ ਵਾਰ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਬਾਰਸ਼ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਘਟ ਕੇ 12 ਤੋਂ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਚ ਲੈ ਲਿਆ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।

0 Response to "ਖਬਰਨਾਮਾ--ਸਾਲ-10,ਅੰਕ:65,16ਦਸੰਬਰ2019"

Post a Comment