ਪੰਜਾਬੀ--ਸਾਲ10,ਅੰਕ56,8ਨਵੰਬਰ2019


ਸਾਲ10,ਅੰਕ56,8ਨਵੰਬਰ2019                                                     
ਕੱਤਕ (ਸੁਦੀ)11,ਨਾਨਕਸ਼ਾਹੀ 551. 
  ਅੱਜ ਦਾ ਵਿਚਾਰ . 

ਬ੍ਰਹਿਮੰਡ ਨੂੰ ਬਨਾਉਣ ਅਤੇ ਚਲਾਉਣ ਵਾਲੀ ਇਹ ਸ਼ਕਤੀ ਸਥਿਰ ਹੈ, ਸੱਚ ਹੈ। ਬਕੌਲ ਨਿਊਟਨ ਇਸ (ਸ਼ਕਤੀ) ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਹ ਖਤਮ ਹੁੰਦੀ ਹੈ। ਇਸ ਦਾ ਸਿਰਫ ਰੂਪ ਬਦਲਦਾ ਹੈ। ਕਿਉਂ ਕਿ ਹਰ ਦਿਸਦੀ, ਅਣਦਿਸਦੀ ਵਸਤ ਭਾਗਾਂ ਵਿਚ ਵੰਡੀ ਜਾ ਸਕਦੀ ਹੈ, ਇਸ ਲਈ ਸ਼ਕਤੀ ਸਰਬਵਿਆਪਕ ਹੈ, ਜੀਵ-ਨਿਰਜੀਵ ਸਭ ਵਿਚ ਇਸ ਦਾ ਵਾਸਾ ਹੈ। ਇਹ ਸਰਬ ਸ਼ਕਤੀਮਾਨ ਹੈ ਕਿਉਂ ਕਿ ਕੋਈ ਵੀ ਕਾਰਜ ਇਸੇ ਦੁਆਰਾ ਹੁੰਦਾ ਹੈ। ਇਸ ਦੇ ਪਰਾਕਰਮ ਬਿਨਾ ਪੱਤਾ ਤਕ ਨਹੀਂ ਹਿੱਲ ਸਕਦਾ ਅਤੇ ਮਿੰਟਾਂ ਸਕਿੰਟਾਂ ਵਿਚ ਇਹ ਪਰਲੋ ਲਿਆ ਸਕਦੀ ਹੈ, ਕਈ ਵਾਰ ਲਿਆ ਚੁੱਕੀ ਹੈ। ਇਹ ਬੇਅੰਤ ਵੀ ਹੈ ਅਤੇ ਅਨੰਤ ਵੀ ਪਰ ਇਹ ਨਿਯਮਾਂ ਵਿਚ ਬੱਝੀ ਹੋਈ ਹੈ। ਖੁਦ ਵੀ ਨਿਯਮਾਂ ਵਿਚ ਬੱਝੀ ਹੋਈ ਹੈ, ਨਿਯਮਾਂ ਵਿਚ ਹੀ ਵਿਚਰਦੀ ਹੈ ਅਤੇ ਦੂਸਰਿਆਂ ਨੂੰ ਵੀ ਨਿਯਮਬੱਧ ਰਖਦੀ ਹੈ। ਇਸੇ ਲਈ ਨਿਰਭਉ ਹੈ, ਕਿਸੇ ਤੋਂ ਡਰਦੀ ਨਹੀਂ, ਨਾ ਕਿਸੇ ਦਾ ਲਿਹਾਜ ਕਰਦੀ ਹੈ। ਨਿਯਮਾਂ ਵਿਚ ਰਹਿਣ ਕਾਰ ਹੀ ਇਹ ਨਿਰਵੈਰ ਹੈ, ਕਿਸੇ ਦੀ ਵੀ ਦੁਸਮਣ ਨਹੀਂ। ਇਸ ਨੂੰ ਖੁਸ਼ ਕਰਨ, ਇਸ ਤੋਂ ਮਨਚਾਹਿਆ ਕੰਮ ਲੈਣ ਲਈ ਸਿਰਫ ਨਿਯਮਾਂ ਨੂੰ ਸਮਝ ਕੇ ਇਸ ਦੇ ਪਾਲਣ ਕਰਨ ਦੀ ਲੋੜ ਹੈ। ਇਹੀ ਇਸ ਦੀ ਪੂਜਾ ਹੈ, ਇਸ ਪ੍ਰਤੀ ਸਮਰਪਨ ਹੈ, ਇਸ ਨੂੰ ਖੁਸ਼ ਕਰਨ ਦਾ, ਬਖਸ਼ਿਸ਼ ਪਰਾਪਤ ਕਰਨ ਦਾ ਤਰੀਕਾ ਹੈ। ਇਸ ਨੂੰ ਤਪੱਸਿਆ ਕਰਨਾ ਵੀ ਕਿਹਾ ਜਾ ਸਕਦਾ ਹੈ।
  ਪੰਜਾਬ ਦਾ ਇਤਿਹਾਸ-76. 
ਕਿਸੇ ਅਣਪੜ ਜਾਂ ਘੱਟ ਯੋਗਤਾ ਰੱਖਣ ਵਾਲੇ ਨੂੰ ਤਾਂ ਕਿਸੇ ਮੋਦੀ ਖਾਨੇ ਦਾ ਇੰਚਾਰਜ ਨਹੀਂ ਬਣਾਇਆ ਜਾ ਸਕਦਾ ਸੀ। ਮੋਦੀਖਾਨੇ ਦਾ ਰੋਜਾਨਾ ਦਾ ਹਿਸਾਬ-ਕਿਤਾਬ ਰੱਖਣ ਦੀ ਬਹੁਤ ਹੀ ਅਹਿਮ ਜਿੰਮੇਵਾਰੀ ਹੁੰਦੀ ਹੈ। ਲੇਕਿਨ ਆਪਣੀ ਉੱਚ-ਕੋਟੀ ਦੀ ਬੌਧਿਕ-ਯੋਗਤਾ ਰੱਖਣ ਦੇ ਬਾਵਜੂਦ ਅਥਏ ਸਰਕਾਰੀ ਦਫ਼ਤਰਾਂ ਵਿੱਚ ਬਹੁਤ ਚੰਗਾ ਰਸੂਖ ਰੱਖਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਜੀ ਸੰਸਾਰਕ ਮੋਹ-ਮਮਤਾ ਵਾਲੇ ਬੰਧਨਾਂ ਵਿੱਚ ਆਪਣੇ-ਆਪ ਨੂੰ ਜੋੜ ਨਹੀਂ ਸਕੇਸੰਸਾਰਕ ਜਿੰਮੇਵਾਰੀਆਂ ਵਿੱਚ ਜੁੜੇ ਰਹਿਣ ਲਈ ਭਾਵੇਂ ਆਪ ਜੀ ਦੇ ਮਾਪਿਆਂ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਵੇਂ ਕਿ ਵਪਾਰ ਵਿੱਚ ਪਾਉਣਾ,ਖੇਤੀਬਾੜੀ ਦੇ ਧੰਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨਾ, ਚੰਗੀ ਨੌਕਰੀ ਦਿਵਾਉਣਾ,ਵਿਆਹ ਕਰ ਦੇਣਾ ਆਦਿ ਪਰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਕਿਉਂ ਕਿ ਇਕ ਮਹਾਨ ਮਿਸ਼ਨ ਸੀ ਜਿਸ ਨੂੰ ਉਹ ਪੂਰਾ ਕਰਨਾ ਚਾਹੁੰਦੇ ਸਨ ਇਸ ਲਈ ਉਹ ਪਰਿਵਾਰਕ ਸਹਾਇਤਾ ਅਤੇ ਸਰਕਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਇਹਨਾਂ ਖੇਤਰਾਂ ਵੱਲ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕੇ
ਗੁਰੂ ਨਾਨਕ ਦੇਵ ਜੀ ਹਰ ਸਮੇਂ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ। ਜੋ ਵੀ ਉਹਨਾਂ ਜਿੰਮੇ ਕੰਮ ਲਾਇਆ ਜਾਂਦਾ ਸੀ ਉਸ ਨੂੰ ਕਰਨ ਸਮੇੰ ਵਾ ਆਪ ਅਕਾਲ ਪੁਰਖ ਦਾ ਹੀ ਧਿਆਨ ਰੱਖਦੇ ਸਨ। ਇਸ ਤਰਾਂ ਸੁਲਤਾਨਪੁਰ ਲੋਧੀ ਰਹਿਣ ਸਮੇਂ ਹਰ ਰੋਜ਼ ਸਵੇਰੇ-ਸ਼ਾਮ ਵੇਈ ਨਦੀ ਦੇ ਇਕਾਂਤ ਵਾਲੇ ਅਤੇ ਰਮਣੀਕ ਵਾਤਾਵਰਣ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ।
. ਸਿੱਖ ਇਤਿਹਾਸ ਵਿਚ ਅੱਜ .
8 ਨਵੰਬਰ.
ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ
ਹਿੰਦ ਦੀ ਚਾਦਰ ਬਨਣ ਵਾਲੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅੱਜ ਦੇ ਦਿਨ, 339 ਵਰੱੇ ਪਹਿਲਾਂ ਧਮਤਾਨ(ਜ਼ਿਲਾ ਜੀਂਦ)ਵਿਖੇ ਪਹਿਲੀ ਵਾਰ ਕੈਦ ਕੀਤੇ ਗਏ। ਉਨ੍ਹਾਂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ,ਭਾਈ ਦਿਆਲ ਦਾਸ, ਭਾਈ ਗੁਰਦਾਸ ਅਤੇ ਭਾਈ ਫੇਰੂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਏਥੋਂ ਉਹ ਦਿੱਲੀ ਭੇਜੇ ਗਏ। ਇਸ ਗ੍ਰਿਫ਼ਤਾਰੀ ਦਾ ਕਾਰਣ ਗੁਰੂ ਜੀ ਵਲੋਂ ਚਲਾਈ ਜਾ ਰਹੀ ਸਿੱਖੀ ਦੀ ਲਹਿਰ ਸੀ।
ਗੁਰੂ ਤੇਗ ਬਹਾਦਰ ਜੀ ਨੇ (ਬਾਬਾ) ਬਕਾਲੇ ਵਿਖੇ ਜਦੋਂ ਗੁਰੂ ਘਰ ਦੀ ਵਾਗਡੋਰ ਸੰਭਾਲੀ ਤਾਂ ਪੈਂਡਾ ਕਾਫੀ ਬਿਖੜਿਆ ਹੋ ਚੁੱਕਾ ਸੀ।ਗੁਰੂ ਘਰ ਦੇ ਦੁਸ਼ਮਨਾਂ ਨਾਲ ਗੁਰੂ ਜੀ ਘਿਰੇ ਹੋਏ ਸਨ।ਬਕਾਲੇ ਵਿਚ ਮੰਜੀਆਂ ਡਾਹ ਕੇ ਬੈਠੇ ਗੁਰੂਆਂ ਦੀ ਗਿਣਤੀ ਦਰਜਨਾਂ ਵਿਚ ਸੀ। ਅੰਮ੍ਰਿਤਸਰ ਦੇ ਹਰਿਮੰਦਰ ਉਤੇ ਲਾਲਚੀ ਪੁਜਾਰੀਆਂ ਦਾ ਕਬਜ਼ਾ ਸੀ। ਦੂਸਰੇ ਪਾਸੇ ਕਰਤਾਰਪੁਰ ਸਾਹਿਬ ਵਿਚ ਧੀਰਮੱਲੀਏ ਬੈਠੇ ਸਨ। ਕੀਰਤਪੁਰ ਸਾਹਿਬ ਵਿਖੇ ਵੀ ਸ਼ਰੀਕ ਬੈਠੇ ਸਨ।ਦਿੱਲੀ ਦਰਬਾਰ ਉਂਝ ਵੀ ਗੈਰਮੁਸਲਿਆਂ ਵਿਰੁੱਧ ਮੁਸ਼ਕਾਂ ਕਸਣ ਲਈ ਤਿਆਰ ਬੈਠਾ ਸੀ। ਫੇਰ ਉਥੇ ਰਾਮ ਰਾਇ ਦੇ ਖੈਰ ਖਵਾਹ ਬੈਠੇ ਸਨ। ਗੁਰ-ਗੱਦੀ ਸੰਭਾਲਦਿਆਂ ਹੀ ਪਹਿਲਾਂ ਗੁਰੂ ਜੀ ਉਤੇ ਬਕਾਲੇ ਹਮਲਾ ਹੋਇਆ। ਗੁਰੂ ਜੀ ਉਤੇ ਗੋਲੀ ਚੱਲੀ, ਮਾਲ ਅਸਬਾਬ ਲੁੱਟ ਕੇ ਲੈ ਗਏ। ਗੁਰੂ ਜੀ ਨੂੰ ਜਾਣਕਾਰੀ ਸੀ ਕਿ ਉਹ ਜਿੱਥੇ ਵੀ ਜਾਣਗੇ, ਸ਼ਰੀਕ ਇਹੀ ਕੁਝ ਕਰਨਗੇ।ਇਸ ਲਈ ਉਨ੍ਹਾਂ ਨੇ ਆਪਣੀ ਪੂਰੀ ਸ਼ਕਤੀ ਲੋਕਾਂ ਦੀ ਭਲਾਈ ਕਰਦਿਆਂ ਸਿੱਖੀ ਪ੍ਰਫੁਲਤ ਕਰਨ ਵਲ ਲਾਉਣ ਦਾ ਨਿਰਣਾ ਕੀਤਾ।
ਪਹਿਲਾਂ ਉਹ ਨੇੜੇ ਤੇੜੇ ਦੇ ਗੁਰਦੁਆਰਿਆਂ ਦੀ ਯਾਤਰਾ ਤੇ ਗਏ। ਸ੍ਰੀ ਤਰਨਤਾਰਨ,ਖਡੂਰ ਸਾਹਿਬ, ਅਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮਾਘ (ਜਨਵਰੀ) ਮਹੀਨੇ ਉਹ ਅੰਮ੍ਰਿਤਸਰ ਪੁੱਜੇ। ਅੰਮ੍ਰਿਤ ਸਰ'ੰਵਰ ਵਿਚ ਇਸ਼ਨਾਨ ਕੀਤਾ। ਜਦੋਂ ਹਰਿਮੰਦਰ ਦੇ ਦਰਸ਼ਨਾਂ ਲਈ ਗਏ ਤਾਂ ਪੁਜਾਰੀਆਂ ਦਰਵਾਜ਼ੇ ਬੰਦ ਕਰ ਲਏ। ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਹਿਸਾਬ-ਕਿਤਾਬ ਮੰਗਣਗੇ।ਫੇਰ ਜੇ ਉਨ੍ਹਾਂ ਅੰਮ੍ਰਿਤਸਰ ਹੀ ਰੁੱਕਣ ਦਾ ਫੈਸਲਾ ਕਰ ਲਿਆ ਤਾਂ? ਗੁਰੂ ਜੀ ਨੇ ਆਪਣੀ ਅਗਲੀ ਕਾਰਵਾਈ ਮਿੱਥੀ ਹੋਈ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਕ ਬੇਰੀ ਹੇਠ ਆਰਾਮ ਕੀਤਾ ਤੇ ਅੱਗੇ ਤੁਰ ਪਏ। ਅਗਲਾ ਪੜਾਅ ਵੱਲਾ ਪਿੰਡ ਬਣਿਆ। ਏਥੇ ਅੱਜਕਲ ਹਰ ਸਲ ਮਾਘ ਦੀ ਪੁੰਨਿਆ ਵਾਲੇ ਦਿਨ ਕੋਠੇ ਦਾ ਮੇਲਾ ਧੂਮਧਾਮ ਨਾਲ ਲਗਦਾ ਹੈ।
ਥੋੜੇ ਦਿਨ ਬਕਾਲੇ ਰੁੱਕਣ ਪਿਛੋਂ ਉਹ ਹਜ਼ਾਰਾ,ਦੁਰਗਪੁਰ,ਨਵਾਂ ਸ਼ਹਿਰ ਆਦਿ ਨਗਰਾਂ ਵਿਚ ਪ੍ਰਕਾਸ਼ ਦੀ ਜ਼ੋਤ ਜਗਾਉਂਦੇ ਉਹ ਕੀਰਤਪੁਰ ਪਹੁੰਚੇ। ਵਿਰੋਧ ਦੇ ਸੁਰ ਏਥੇ ਵੀ ਤਿੱਖੇ ਸਨ। ਥੋੜੇ ਦਿਨ ਉਥੇ ਰੁੱਕਕੇ ਕਹਲੂਰ ਦੇ ਰਾਜੇ ਕੋਲੋਂ ਉਨ੍ਹਾਂ ਮਾਖੋਵਾਲ ਪਿੰਡ ਦੀ ਭੌਂ ਖਰੀਦ ਲਈ ਅਤੇ ਸਤਲੁਜ਼ ਦਰਿਆ ਦੇ ਕੰਢੇ,ਨੈਣਾ ਦੇਵੀ ਦੀ ਪਹਾੜੀ ਦੇ ਉਪਰਲੇ ਪਾਸੇ ਸ਼ਹਿਰ ਵਸਾਇਆ। ਇਸ ਦਾ ਨਾਂ ਗੁਰੂ ਜੀ ਨੇ ਆਨੰਦਪੁਰ ਰਖਿਆ। ਜਿਉਂਜਿਉਂ ਉਹ ਅਗਾਂਹ ਵੱਧਦੇ ਗਏ, ਪ੍ਰਚਾਰ ਦੀ ਮੁਹਿੰਮ ਤੇਜ਼ ਹੁੰਦੀ ਗਈ।
ਕੁਝ ਚਿਰ ਆਨੰਦਪੁਰ ਸਾਹਿਬ ਰੁੱਕਕੇ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਵਿਚ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ।15 ਅਗਸਤ,1665 ਨੂੰ ਗੁਰੂ ਸਾਹਿਬ ਨੇ ਇਹ ਯਾਤਰਾ ਸ਼ੁਰੂ ਕੀਤੀ। ਪਹਿਲਾ ਪੜਾਅ ਉਨ੍ਹਾਂ ਪਟਿਆਲਾ ਦੇ ਪਿੰਡ ਮੂਲੋਵਾਲ ਵਿਚ ਕੀਤਾ। ਉਥੋਂ ਦੇ ਵਾਸੀਆਂ ਨੂੰ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਪੀਣ ਵਾਲੀ ਪਾਣੀ ਦੂਰੋਂ ਲਿਆਉਣਾ ਪੈਂਦਾ ਹੈ। ਨੇੜੇ ਖੂਹ ਤਾਂ ਸਨ ਪਰ ਪਾਣੀ ਖਾਰਾ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ।ਮਿੱਠੇ ਪਾਣੀ ਵਾਲਾ ਖੂਹ ਗੁਰੂ ਕਾ ਖੂਹ, ਅੱਜ਼ ਵੀ ਸ਼ੀਤਲ ਜਲ ਦਿੰਦਾ ਹੈ।
ਏਥੋਂ ਗੁਰੂ ਜੀ ਹੰਢਿਆਇਆ ਗਏ। ਉਥੇ ਮਹਾਮਾਰੀ ਫੈਲੀ ਹੋਈ ਸੀ। ਲੋਕ ਧੜਾ ਧੜ ਮਰਰ ਹੇ ਸਨ। ਨਿਵਾਸੀਆਂ ਗੁਰੂ ਜੀ ਦੇ ਸ਼ਰਨ ਆਕੇ ਸਹਾਇਤਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਵਾਹਿਗੁਰੂ ਨੂੰ ਬੇਨਤੀ ਕੀਤੀ। ਲੋਕਾਂ ਦੇ ਦੁੱਖ ਦਰਦ ਦੂਰ ਹੋ ਗਏ।
ਅਗਲੇ ਪੜਾਅ ਖੀਵਾ ਤੇ ਭਿੱਖੀ ਦੇ ਪਿੰਡ ਬਣੇ। ਖਿਆਲੇ ਅਤੇ ਮੌੜ ਵਿਚ ਪਾਣੀ ਦੀ ਥੁੜ ਸੀ। ਉਥੇ ਗੁਰੂ ਜੀ ਨੇ ਖੂਹ ਲਵਾਏ। ਇਸ ਤੋਂ ਅਗਾਂਹ ਗੁਰੂ ਜੀ ਸਾਬੋ ਕੀ ਤਲਵੰਡੀ ਜਾ ਟਿਕੇ। ਉਥੇ ਉਨ੍ਹਾਂ ਗੁਰੂਸਰ ਸਰੋਵਰ ਦਾ ਟੱਕ ਲਾਇਆ ਅਤੇ ਕਾਰ ਕੱਢੀ।ਸੰਗਤਾਂ ਰਲਕੇ ਸੇਵਾ ਕੀਤੀ ਅਤੇ ਗੁਰੂ-ਸਰ ਦੀ ਰਚਨਾ ਹੋਈ।
ਤਲਵੰਡੀ ਸਾਬੋ ਤੋਂ ਉਹ ਅਗਾਂਹ ਧਰਮਪੁਰੇ ਆਦਿ ਨਗਰੀਂ ਰੁਕੇ।ਸਭ ਥਾਈ ਉਨ੍ਹਾਂ ਲੋਕਾਂ ਦੇ ਦੁੱਖ ਵੰਡਾਏ,ਸਿੱਖੀ ਦਾ ਸੁਨੇਹਾ ਦਿਤਾ ਅਤੇ ਲੋਕਾਂ ਕੋਲੋਂ ਸਤਿਕਾਰ ਲਿਆ।ਇਸ ਇਲਾਕੇ ਵਿਚ ਪਾਣੀ ਦੀ ਬਹੁਤ ਥੁੜ੍ਹ ਸੀ ਜਿਸ ਕਰਕੇ ਲੋਕਾਂ ਨੂੰ ਔਖ ਹੁੰਦੀ ਸੀ। ਗੁਰੂ ਜੀ ਨੇ ਕਈ ਥਾਈਂ ਖੂਹ ਲਵਾਏ,ਤਲਾਬ ਪੁਟਵਾਏ। ਇੰਨ੍ਹਾਂ ਸਰੱਬਤ ਦੇ ਭਲੇ ਵਾਲੇ ਕਾਰਜਾਂ ਵਿਚ ਗੁਰੂ ਜੀ ਦੇ ਨਾਲ ਗਏ ਸਿੱਖ,ਸਥਾਨਕ ਲੋਕ ਮਿਲਕੇ ਕੰਮ ਕਰਦੇ ਸਨ। ਖਰਚਾ ਚੜਾਵੇ ਵਿਚੋਂ ਹੁੰਦਾ ਸੀ। ਇਸ ਲਈ ਸਾਰੇ ਇਲਾਕੇ ਵਿਚ ਗੁਰੂ ਜੀ ਦੀ ਜੈ ਜੈ ਕਾਰ ਹੁੰਦੀ ਸੀ। ਧਮਧਾਨ ਪਿੰਡ ਵਿਚ ਉਨ੍ਹਾਂ ਧਰਮਸਾਲ ਬਨਵਾਉਣ ਦਾ ਹੁਕਮ ਦਿਤਾ। ਏਥੇ ਭਾਈ ਰਾਮਦੇਵ ਉਤੇ ਬਖਸ਼ਿਸ਼ ਹੋਈ। ਉਸ ਦੀ ਸੇਵਾ ਤੋਂ ਪ੍ਰਸੰਨ ਹੋਕੇ ਉਸ ਦਾ ਨਾਂ ਭਾਈ ਮੀਹਾਂ (ਮੀਂਹ ਪਾਉਣ ਵਾਲਾ) ਰਖਿਆ। ਨਗਾਰਾ,ਨਿਸ਼ਾਨ,ਪੁਸ਼ਾਕ ਅਤੇ ਲੰਗਰ ਚਲਾਉਣ ਦੀ ਸਮਰਥਾ ਬਖਸ਼ ਕੇ ਗੁਰੂ ਜੀ ਨੇ ਉਸ ਨੂੰ ਇਲਾਕੇ ਦਾ ਮੁੱਖੀ ਪ੍ਰਚਾਰਕ ਥਾਪਿਆ।
ਧਮਧਾਨ ਤੋਂ ਗੁਰੂ ਜੀ ਬਹਿਜਖ(ਟੇਕਪੁਰ),ਕੈਂਥਲ ਹੁੰਦੇ ਹੋਏ ਬਾਰਨੇ ਪਹੁੰਚੇ।ਉਥੇ ਲੋਕ ਤੰਮਾਕੂ ਬੀਜਦੇ ਅਤੇ ਪੀਂਦੇ ਸਨ। ਗੁਰੂ ਜੀ ਉਨ੍ਹਾਂ ਨੂੰ ਤੰਮਾਕੂ ਬੀਜਣੋਂ ਅਤੇ ਪੀਣੋਂ ਹਟਾਇਆ।
ਬਾਰਨੇ ਤੋਂ ਅਗਾਂਹ ਗੁਰੂ ਜੀ ਨੇ ਕੁਰੂਕਸ਼ੇਤਰ ਵਿਖੇ ਪੜਾਅ ਕੀਤਾ। ਉਥੇ ਸਿੱਖੀ ਦੇ ਬੂਟੇ ਲਾਉਣ ਪਿਛੋਂ ਉਹ ਬਾਨੀ ਬਦਰਪੁਰ ਗਏ।ਉਥੇ ਵਸਨੀਕਾਂ ਨੂੰ ਖੂਹ ਲਾਉਣ ਲਈ ਰੁਪਿਆ ਦੀ ਥੈਲੀ ਦਿਤੀ।
ਇਸ ਤਰ੍ਹਾਂ ਜਿਥੇ-ਜਿਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਮੁਬਾਰਕ ਚਰਨ ਪਏ,ਉਥੇ ਲੋਕਾਂ ਵਿਚ ਨਵੀਂ ਜਿੰਦ,ਰੂਹ,ਨਵਾਂ ਉਤਸ਼ਾਹ ਠਾਠਾਂ ਮਾਰਨ ਲਗਦਾ। ਉਨ੍ਹਾਂ ਦੇ ਮਨਾਂ ਵਿਚ ਆਪ-ਹੁੱਦਰੀ ਹਕੂਮਤ ਦੇ ਅਤਿਆਚਾਰਾਂ ਵਿਰੁੱਧ ਰੋਸ ਉਪਜਦਾ। ਲੋਕ ਦੂਰੋਂ-ਦੂਰੋਂ ਗੁਰੂ ਦੇ ਦਰਸ਼ਨ ਕਰਨ,ਉਪਦੇਸ਼ ਸੁਨਣ ਜੁੱੜਦੇ। ਗੁਰੂ ਜੀ ਦੇ ਕੀਤੇ ਅਤੇ ਕਰਵਾਏ ਲੋਕ ਭਲਾਈ ਦੇ ਕੰਮ ਲੋਕਾਂ ਅੰਦਰ ਗੁਰੂ ਜੀ ਲਈ ਸ਼ਰਧਾ,ਸਤਿਕਾਰ ਪੈਦਾ ਕਰਦੇ ਸਨ।ਇਸ ਸਦਕਾ ਇਲਾਕੇ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ।
ਗੁਰੂ ਸਾਹਿਬ ਦੀਆਂ ਇੰਨ੍ਹਾਂ ਸਰਗਰਮੀਆਂ ਕਾਰਣ ਉਨ੍ਹਾਂ ਨੂੰ ਧਮਧਾਣ ਵਿਖੇ ਕੱਤਕ ਸੁਦੀ ਇਕਾਦਸੀ ਬਿਕ੍ਰਮੀ 1722 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਜ਼ਿਕਰ ਭਟ ਵਾਹੀ ਜਾਦੋ ਬੰਸੀਆਂ (ਯਾਦਵ ਵੰਸ਼ੀਆਂ)ਵਿਚ ਇੰਝ ਦਰਜ ਹੈ:
''ਗੁਰੂ ਤੇਗ ਬਹਾਦਰ ਜੀ ਮਹਲ ਨਾਵੇਂ ਕੋ ਨਗਰ ਧਮਧਾਣ ਪਰਗਣਾਂ ਬਾਂਗਰ ਸੇ ਆਲਮ ਖਾਨ ਰੁਹੇਲਾ, ਸ਼ਾਹੀ ਹੁਕਮ ਗੈਲ ਦਿੱਲੀ ਕੈਣ ਕਰ ਆਇਆ,ਸਾਲ ਸਤ੍ਰਹ ਸੈ ਬਾਈਸ ਕਤਕ ਸੁਦੀ ਗਿਆਰਸ ਕੋ ਬੁਧਵਾਰ ਕੇ ਦਿਹੁੰ,ਸਾਥ ਮਤੀ ਦਾਸ,ਸਤੀ ਦਾਸ,ਬੇਟੇ ਹੀਰਾਮਲ ਛਿੱਬਰ ਕੇ,ਗੁਆਲ ਦਾਸ ਬੇਟਾ ਮਲ ਛਿਬਰਕਾ,ਗੁਰਦਾਸ ਬੇਟਾਕੀਰਤ ਜਲਹਾਨੇ ਬਲਉਂਤ ਹੋਰ ਸਿੱਖ ਫਕੀਰ ਆਏ।"
ਗੁਰੂ ਜੀ ਨੂੰ ਸਿੱਖਾਂ ਸਮੇਤ ਗ੍ਰਿਫ਼ਤਾਰ ਕਰਕੇ ਔਰੰਗਜ਼ੇਬ ਸਾਹਮਣੇ ਪੇਸ਼ ਕੀਤਾ ਗਿਆ। ਇਕ ਤਾਂ ਸਜ਼ਾ ਲਾਇਕ ਕੁਝ ਸੀ ਨਹੀਂ ਅਤੇ ਦੂਸਰੇ ਮਹਾਰਾਜਾ ਜੈਪੁਰ ਗੁਰੂ ਜੀ ਦੀ ਹਮਾਇਤ ਉਤੇ ਉਤਰ ਆਇਆ। ਉਸ ਔਰੰਗਜ਼ੇਬ ਨੂੰ ਕਿਹਾ ਕਿ ਇਹੋ ਜਿਹੀਆਂ ਹਸਤੀਆਂ ਤਾਜ ਤਖ਼ਤ ਦੀਆਂ ਲਾਲਚੀ ਨਹੀਂ ਹੰਦੀਆਂ। ਉਸ ਨੇ ਬਾਦਸ਼ਾਹ ਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਬੰਗਾਲ ਵਲ ਮਾਰਚ ਕਰਨ ਵਾਲਾ ਹੈ। ਗੁਰੂ ਜੀ ਨੂੰ ਉਹ ਆਪਣੇ ਨਾਲ ਹੀ ਤੀਰਥਾਂ ਵਲ ਲੈ ਜਾਇਗਾ।ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਦੀ ਕੈਦ ਵਿਚੋਂ ਨਿਕਲੇ
  ਸੱਚ ਦਾ ਮਾਰਤੰਡ  .   
ਸੇਵਾ ਪੰਥੀ
ਸੇਵਾ ਪੰਥੀ ਸੰਪ੍ਰਦਾਇ ਦੇ ਬਾਨੀ ਭਾਈ ਘਨੱਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਲੰਗਰ ਵਿੱਚ ਜਲ ਦੀ ਸੇਵਾ ਕਰਦੇ ਸਨ। ਆਨੰਦਪੁਰ ਸਾਹਿਬ ਦੀ ਲੜਾਈ ਵੇਲੇ ਜ਼ਖਮੀ ਫੌਜੀਆਂ ਨੂੰ ਬਿਨਾਂ ਭੇਦਭਾਵ ਦੇ ਜਲ ਛਕਾਉਣ ਦੀ ਸੇਵਾ ਕੀਤੀ।
ਘਨੱਈਆ ਸਾਹਿਬ ਦੇ ਜਾਨਸ਼ੀਨ ਭਾਈ ਸੇਵਾ ਰਾਮ ਜੀ ਹੋਏ ਹਨ। ਇਥੋਂ ਇਹਨਾਂ ਸੰਪਦਾਇ ਦੇ ਮੋਢੀ ਨਾਵਾਂ ਦਾ ਵੇਰਵਾ ਇਤਿਹਾਸ ਵਿੱਚੋਂ ਇਵੇਂ ਮਿਲਦਾ ਹੈ......
ਬਾਈ ਅੱਡਣ ਸ਼ਾਹ ਜੀ, ਭਾਈ ਭੱਲਾ ਰਾਮ ਜੀ, ਭਾਈ ਜਗਤਾ ਰਾਮ, ਭਾਈ ਹਜਾਰੀ ਰਾਮ, ਭਾਈ ਸਹਾਈ ਰਾਮ, ਭਾਈ ਰਲਿਆ ਰਾਮ, ਭਾਈ ਲਖਮੀ ਦਾਸ ਆਦਿ। ਇਹਨਾਂ ਮਹਾਂਪੁਰਸ਼ਾਂ ਵਿੱਚ ਟੋਪੀ ਪਾਉਣ ਦਾ ਰਿਵਾਜ ਸੀ। ਭਾਈ ਜਗਤਾ ਸਾਹਿਬ ਜੀ ਦੀ ਟੋਪੀ ਪਾਉਣ ਦਾ ਰਿਵਾਜ਼ ਸੀ। ਭਾਈ ਜਗਤਾ ਸਾਹਿਬ ਜੀ ਦੀ ਟੋਪੀ ਵਾਲੀ ਤਸਵੀਰ ਇਹਨਾਂ ਦੇ ਰਸਾਲੇ ਸੇਵਾ ਜੋਤੀ ਵਿੱਚ ਛਪੀ ਮਿਲਦੀ ਹੈ। ਉਪਰੋਕਤ ਸੂਚੀ ਤੋਂ ਇਲਾਵਾ ਵੀ ਸੇਵਾਪੰਥੀ ਸੰਪ੍ਰਦਾਇ ਦੇ ਕਈ ਟਿਕਾਣੇ ਹਨ।
ਦੇਸ਼ ਵੰਡ ਤੋਂ ਪਹਿਲਾਂ ਇਹਨਾਂ ਦਾ ਟਿਕਾਣਾ ਨੂਰਪੁਰ ਬਲ ਜ਼ਿਲਾ ਸ਼ਾਹਪੁਰ ਵਿੱਚ ਸੀ। ਇਸ ਸੰਪ੍ਰਦਾਇ ਦੇ ਦਸਵੇਂ ਤੇ ਯਾਰਵੇਂ ਜਾਨਸ਼ੀਨ ਭਾਈ ਗੁਲਾਬ ਸਿੰਘ ਤੇ ਮਹੰਤ ਆਸਾ ਸਿੰਘ ਜੀ ਨੇ ਟਿਕਾਣਾ ਭਾਈ ਜਗਤਾ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਮੁੜ ਕਾਇਮ ਕੀਤਾ। ਆਪਣੇ ਹੋ ਚੁੱਕੇ ਮਹਾਨ ਆਗੂ ਭਾਈ ਜਗਤਾ ਸਾਹਿਬ ਦੇ ਨਾਮ ਉਤੇ ਇਹ ਅਸਥਾਨ ਕਾਇਮ ਕੀਤਾ। ਇਹਨਾਂ ਸੰਤਾਂ ਨੇ ਦੁਖੀਆਂ-ਦਰਦੀਆਂ ਦੀ ਹੱਥੀ ਸੇਵਾ ਕੀਤੀ। ਗੁਰਬਾਣੀ ਦੇ ਭਾਵ ਹੱਥੀ ਲਿਖਣ ਦੀ ਸੇਵਾ ਕੀਤੀ। ਜੀਵਨ ਨਿਰਬਾਹ ਲਈ ਹੱਥੀਂ ਕਿਰਤ ਕਰਦੇ। ਗਰੰਥਾਂ ਨੂੰ ਲਿਖਣ ਲੀ ਸਿਆਹੀ ਤਿਆਰ ਕਰਦੇ, ਜਿਸਨੂੰ ਅੱਡਣਸ਼ਾਹੀ ਸਿਆਹੀ ਨਾਂ ਨਾਲ ਜਾਣਿਆ ਗਿਆ। ਕਾਮ, ਕ੍ਰੋਧ, ਲੋਭ, ਮੋਹ ਤੋਂ ਨਿਰਲੇਪ ਸਨ। ਇਹਨਾਂ ਨੇ ਕਰੜੀ ਕਾਰ ਕਰਕੇ ਗੁਰਸਿੱਖੀ ਨੂੰ ਚਮਕਾਇਆ। ਅਜੋਕੇ ਸਮੇਂ ਇਹਨਾਂ ਦੇ ਕਈ ਟਿਕਾਣੇ ਹਨ। ਧਰਮਸਾਲਾ ਲਈ ਇਹ ਟਿਕਾਣਾ ਸ਼ਬਦ ਵਰਤਦੇ ਹਨ। ਇਹਨਾਂ ਟਿਕਾਣਿਆਂ ਦੇ ਨਾਮ ਭਵਿੱਖ ਵਿੱਚ ਹੋਏ ਸਹਿਜਧਾਰੀ ਸੰਤਾਂ ਦੇ ਨਾਮ ਤੇ ਹਨ। ਅਜੋਕੇ ਸਮੇਂ ਮਹੰਤ ਤੀਰਥ ਸਿੰਘ ਜੀ ਪੰਥਰਤਨ ਇਸ ਸੰਪ੍ਰਦਾਇ ਦੇ ਪ੍ਰਧਾਨ ਹਨ।
. ਜੀਵਨੀ .

ਇੰਝ ਬਣਿਐ ਅਦਾਕਾਰ ਓਮ ਪੁਰੀ
ਸਾਧਾਰਨ ਜਿਹੀ ਦਿੱਖ, ਭਰਵਾਂ ਜਿਹਾ ਸਰੀਰ, ਚੇਚਕ ਦੇ ਦਾਗਾਂ ਨਾਲ ਭਰਿਆ ਚਿਹਰਾ। ਸਾਇਦ ਹੀ ਕੋਈ ਕਿਆਸ ਕਰ ਸਕੇ ਇਸ ਤਰ੍ਹਾਂ ਦੇ ਹੁਲੀਏ ਵਾਲਾ ਕੋਈ ਸ਼ਖਸ 'ਅਦਾਕਾਰ' ਬਣ ਸਕਦਾ ਹੈ ਪਰ ਦ੍ਰਿੜ ਹੌਂਸਲਾ ਅਤੇ ਮੰਜ਼ਿਲ ਤੇ ਪਹੁੰਚਣ ਦੀ ਲਲਕ ਨਾ ਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੀ ਹੈ। ਜਿਸਦੀ ਪੁਖਤਾ ਉਦਾਹਰਨ ਹੈ ਓਮ ਪੁਰੀ।
ਪਹਿਲਾਂ ਪਾਲੀਵੁੱਡ, ਫਿਰ ਬਾਲੀਵੁੱਡ ਅਤੇ ਬਾਅਦ 'ਚ ਹਾਲੀਵੁੱਡ 'ਚ ਆਪਣੀ ਦਮਦਾਰ ਅਤੇ ਸੰਵੇਦਨਾਸ਼ੀਲ ਅਦਾਕਾਰੀ ਨਾਲ ਵੱਖਰਾ ਹਸਤਾਖਰ ਬਣ ਚੁੱਕੇ ਓਮ ਪੁਰੀ ਦੀ ਜ਼ਿੰਦਗੀ ਦਾ ਸਫਰ 'ਵੈਤਰਨੀ' ਪਾਰ ਕਰਨ ਤੋਂ ਘੱਟ ਨਹੀਂ ਰਿਹਾ। ਜਿਸ ਦੇ ਚਲਦਿਆਂ ਉਸ ਨੇ ਲੱਖਾਂ ਝੱਖੜ ਝੁੱਲਣ ਦੇ ਬਾਵਜੂਦ ਉਸਨੇ ਆਪਣੀ ਮੰਜ਼ਿਲ ਸਰ ਕੀਤੀ।
ਅਭਿਨੈ ਦੀ ਪਹਿਲੀ ਪੌੜੀ ਮੰਨੇ ਜਾਂਦੇ ਰੰਗਮੰਚ ਤੋਂ ਆਪਣੀ ਅਦਾਕਾਰੀ ਦੇ ਸਫਰ ਦੀ ਸ਼ੁਰੁਆਤ ਕਰਨ ਵਾਲੇ ਇਸ ਅਦਾਕਾਰ ਨੇ ਜਿਸ ਦੌਰ 'ਚ ਫਿਲਮੀ ਖੇਤਰ 'ਚ ਪ੍ਰਵੇਸ਼ ਕੀਤਾ ਉਸ ਸਮੇਂ ਇਸ ਖੇਤਰ 'ਚ ਸਿਰਫ ਹੁਸੀਨ ਚਿਹਰੇ ਹੀ ਵਿਕਦੇ ਸਨ। ਪ੍ਰੰਤੂ ਓਮ ਪੁਰੀ ਨੇ ਆਪਣੇ ਦਮਦਾਰ ਅਭਿਨੈ ਸਦਕਾ ਇਹ ਅਹਿਸਾਸ ਬਾਖੂਬੀ ਕਰਵਾਇਆ ਕਿ ਸਭ ਤੋਂ ਪਹਿਲਾਂ ਕਿਸੇ ਕਲਾਕਾਰ ਕੋਲ ਪ੍ਰਭਾਵਸ਼ਾਲੀ ਅਦਾਕਾਰੀ ਹੋਣੀ ਚਾਹੀਦੀ ਹੈ। ਨਿਰੇ ਹੁਸੀਨ ਚਿਹਰੇ ਵੀ ਖੋਟੇ ਸਿੱਕੇ ਵਾਂਗ ਹੁੰਦੇ ਹਨ।
ਆਪਣੀ ਜ਼ਿੰਦਗੀ ਚ ਕਈ ਤਰ੍ਹਾਂ ਦੇ ਵਿਵਾਦਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਓਮ ਪੁਰੀ ਹੁਣ ਜ਼ਿੰਦਗੀ ਦੇ ਉਸ ਪੜਾਅ ਤੇ ਹਨ ਜਿਸ ਤੱਕ ਪਹੁੱਚਣ ਲਈ ਕਰੋੜਾਂ ਲੋਕ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਹੀ ਫੌਤ ਹੋ ਜਾਂਦੇ ਹਨ। ੨੫੦ ਦੇ ਕਰੀਬ ਫਿਲਮਾਂ (ਹਿੰਦੀ, ਅੰਗਰੇਜ਼ੀ ਤੇ ਕੁਝ ਪੰਜਾਬੀ ਦੀਆਂ) ਤੇ ੧੦੦ ਦੇ ਕਰੀਬ ਸੀਰੀਅਲਾਂ 'ਚ ਵੱਖ ਵੱਖ ਤਰ੍ਹਾਂ ਦੀਆਂ ਦਿਲਚਸਪ ਭੂਮਿਕਾਵਾਂ ਨਿਭਾ ਚੁੱਕੇ ਇਸ ਕਲਾਕਾਰ ਨੇ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇਖੇ ਅਤੇ ਜਿਨ੍ਹਾਂ ਹਾਲਾਤਾਂ ਦਾ ਉਸ ਨੇ ਸਾਹਮਣਾ ਕੀਤਾ, ਉਸ ਤੋਂ ਉਸ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਜਾਪਦੀ।
੧੮ ਅਕਤੂਬਰ ੧੯੫੦ ਨੂੰ ਅੰਬਾਲਾ ਵਿਖੇ ਸ੍ਰੀਮਤੀ ਤਾਰਾ ਦੇਵੀ ਅਤੇ ਸ੍ਰੀ ਟੇਕ ਚੰਦ ਦੇ ਘਰ ਜਨਮੇ ਓਮ ਪੁਰੀ ਦਾ ਵਾਹ ਨਿਆਣੀ ਉਮਰ 'ਚ ਹੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਪੈ ਗਿਆ। ਆਪਣਾ ਬਚਪਨ ਅੱਤ ਦੀ ਗਰੀਬੀ 'ਚ ਬਿਤਾਉਣ ਵਾਲੇ ਓਮ ਪੁਰੀ ਨੇ ਜ਼ਿੰਦਗੀ ਦੇ ਸ਼ੁਰੂਆਤੀ ਵਰ੍ਹੇ ਮੁਲਾਂ ਪੁਰ, ਰਿਵਾੜੀ, ਦਗੇਦਾ ਅਤੇ ਬਠਿੰਡਾ ਗੁਜ਼ਾਰੇ। ਚੜਦੀ ਉਮਰ 'ਚ ਉਹ ਆਪਣੇ ਮਾਮੇ ਕੋਲ ਸਿਨੌਰ ਪਟਿਆਲੇ) ਰਹਿਣ ਲੱਗਾ। ਇੱਥੇ ਰਹਿੰਦਿਆਂ ਹੀ ਉਸ ਦੀ ਜਿੰਦਗੀ ਦਾ ਅਸਲ ਸੰਘਰਸ਼ ਸ਼ੁਰੂ ਹੁੰਦਾ ਹੈ। ਅਦਾਕਾਰੀ ਦੀ ਲਲਕ ਉਸਨੂੰ ਰੰਗਮੰਚ ਵੱਲ ਖਿਚਦੀ ਹੈ ਅਤੇ ਢਿੱਡ ਦੀ ਭੁੱਖ ਉਸ ਨੂੰ ਪੈਸਿਆਂ ਦੀ ਖਾਤਰ ਕੋਈ ਓਹੜ ਪੋਹੜ ਕਰਨ ਲਈ ਮਜਬੂਰ ਕਰਦੀ ਹੈ। ਕਿਸੇ ਤਰ੍ਹਾਂ ਬੀ.ਏ. ਕਰਨ ਤੋਂ ਬਾਅਦ ਉਹ ਟਿਊਸ਼ਨ ਪੜਾਉਣ ਲਗਦਾ ਹੈ ਤੇ ਕਿਤੇ ਵਕੀਲ ਦੀ ਮੁਨਸ਼ੀਗਿਰੀ ਕਰਦਾ ਹੈ। ਪਰ ਉਹ ਆਪਣੇ ਅੰਦਰਲੇ ਕਲਾਕਾਰ ਨੂੰ ਮਰਨ ਨਹੀਂ ਦਿੰਦਾ। ਇਕ ਦਿਨ ਮੰਚ ਤੇ ਨਾਟਕ ਖੇਡ ਰਹੇ ਓਮ ਪੁਰੀ ਤੇ ਪੰਜਾਬੀ ਰੰਗਮੰਚ ਦੇ ਖੈਰਖਾਹ ਸਵ: ਹਰਪਾਲ ਟਿਵਾਣਾ ਦੀ ਸਵੱਲੀ ਨਜ਼ਰ ਪੈਂਦੀ ਹੈ। ਪਹਿਲੀ ਨਜ਼ਰੇ ਹੀ ਓਮ ਪੁਰੀ ਦੀ ਅਦਾਕਾਰੀ ਤੋਂ ਕਾਇਲ ਹੋਇਆ ਹਰਪਾਲ ਟਿਵਾਣਾ ਉਸ ਨੂੰ ਪੰਜਾਬ ਕਲਾਮੰਚ 'ਚ ੧੫੦ ਰੁਪਏ ਤੇ ਮੁਲਾਜ਼ਮ ਰੱਖ ਲੈਂਦਾ ਹੈ। ਇੱਥੇ ਹੀ ਉਸ ਦੇ ਲਈ ਨਵੇਂ ਮੁਹਾਜ਼ ਖੁਲੱਦੇ ਹਨ। ਹਰਪਾਲ ਟਿਵਾਣਾ ਹੀ ਪੁਰੀ ਦੀ ਕਲ੍ਹਾ ਨੂੰ ਨਿਖਾਰਦਾ ਅਤੇ ਤਰਾਸ਼ਦਾ ਹੈ। ਟਿਵਾਣਾ ਨਾਲ ਹਿੰਦੀ ਨਾਟਕ 'ਅਧੂਰੇ ਸੁਪਨੇ ਤੇ ਪੰਜਾਬੀ ਨਾਟਕ 'ਰੱਤਾ ਸਾਲੂ' ਦੇਸ਼ ਭਰ 'ਚ ਖੇਡਦਿਆਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਤਾਂ ਛੱਪੜ ਦਾ ਡੱਡੂ ਬਣਿਆ ਬੈਠਾ ਹੈ, ਉਸ ਦੀ ਜਗ੍ਹਾ ਤਾਂ ਸਮੁੰਦਰ 'ਚ ਹੈ।
ਇਸ ਤੋਂ ਬਾਅਦ ਉਹ ਆਪਣਾ ਸੁਪਨਾ ਸਾਕਾਰ ਕਰਨ ਲਈ ਨੈਸ਼ਨਲ ਸਕੂਲ ਆਫ ਡਰਾਮਾ 'ਚ ਦਾਖਲਾ ਲੈਂਦਾ ਹੈ। ਇੱਥੇ ਉਸ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਬਣਦੀ ਹੈ 'ਅੰਗਰੇਜ਼ੀ ਭਾਸ਼ਾ'ਅੰਗਰੇਜ਼ੀ ਭਾਸ਼ਾ ਦਾ ਅਨਾੜੀ ਪੁਰੀ ਜਦੋਂ ਆਪਣੇ ਸੁਪਨੇ ਸਮੇਟ ਇੱਥੋਂ ਵਾਪਸ ਪਰਤਨ ਦਾ ਮਨ ਬਣਾਉਂਦਾ ਹੈ ਤਾਂ ਨੈਸ਼ਨਲ ਸਕੂਲ ਆਫ ਡਰਾਮਾ ਦਾ ਡਾਇਰੈਕਟਰ ਅਲਕਾਜ਼ੀ ਉਸ ਨੂੰ ਡਰਪੋਕਾਂ ਵਾਂਗ ਸੁਪਨਾ ਤਿਆਗਣ ਦੀ ਥਾਂ ਮਜਬੂਤ ਹੋ ਕੇ ਨਾ-ਮੁਮਕਿਨ ਨੂੰ ਮੁਮਕਿਨ ਕਰਨ ਲਈ ਪ੍ਰੇਰਿਤ ਕਰਦਾ ਹੈ। ਅਲਕਾਜ਼ੀ ਦੀ ਇਹ ਪ੍ਰੇਰਣਾ ਹੀ ਉਸ ਦੇ ਪਰਾਂ ਨੂੰ ਪਰਵਾਜ਼ ਬਖਸ਼ਦੀ ਹੈ। ਸੁਪਨਿਆਂ ਦੇ ਅੰਬਰ ਤੇ ਉਡਾਰੀ ਭਰਦਿਆਂ ਉਹ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਪੂਣੇ ਦੇ ਵਿਹੜੇ ਜਾ ਉਤਰਦਾ ਹੈ। ਇੱਥੇ ਕੁਝ ਸੌੜੀ ਕਿਸਮ ਦੇ ਲੋਕ ਉਸ ਦਾ ਹੌਂਸਲਾ ਇਹ ਕਹਿ ਕੇ ਪਸਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਦਾ ਚਿਹਰਾ ਦਾਗਾਂ ਭਰਿਆ ਹੈ। ਉਹ ਨਾਂ ਤਾਂ ਨਾਇਕ ਬਣਨ ਦੇ ਕਾਬਲ ਹੈ ਅਤੇ ਨਾ ਹੀ ਕਿਸੇ ਪਾਸਿਓਂ ਖਲਨਾਇਕ ਦਿਸਦਾ ਹੈ।
ਮਾਨਸਿਕ ਤੌਰ ਤੇ ਉਲਝੇ ਪੁਰੀ ਦੀ ਪਰੇਸ਼ਾਨੀ ਦੀਆਂ ਤੰਦਾਂ ਨੂੰ ਇੰਸਟੀਚਿਊਟ ਦਾ ਨਿਰਦੇਸ਼ਕ ਗਰੀਸ਼ ਕਰਨਾਡ ਸੁਲਝਾਉਂਦਾ ਹੈ। ੧੯੭੬ 'ਚ ਇੱਥੋਂ ਡਿਪਲੋਮਾ ਕਰਨ ਤੋਂ ਬਾਅਦ ਉਹ ਆਪਣੇ ਸੁਪਨਿਆਂ ਦੀ ਧਰਤੀ ਮੁੰਬਈ ਆ ਪਹੁੰਚਦਾ ਹੈ।ਕੁੱਝ ਸਮਾਂ ਰੰਗਮੰਚ ਕਰਨ ਤੋਂ ਬਾਅਦ ਉਹ ਫਿਲਮਾਂ ਵੱਲ ਰੁੱਖ ਕਰਦਾ ਹੈ।
ਇਸ ਤੋਂ ਪਹਿਲਾਂ ਉਹ ਪੰਜਾਬੀ ਫਿਲਮ 'ਚੰਨ ਪ੍ਰਦੇਸੀ' ਵਿੱਚ ਕੰਮ ਕਰ ਚੁੱਕਾ ਸੀ। ਕੁਝ ਛੋਟੀਆਂ ਮੋਟੀਆਂ ਫਿਲਮਾਂ ਕਰਨ ਤੋਂ ਬਾਅਦ ੧੯੭੮ 'ਚ ਆਈ ਹਿੰਦੀ ਫਿਲਮ 'ਗੋਧੁਲੀ' ਨਾਲ ਉਹ ਬਾਲੀਵੁੱਡ 'ਚ ਆਪਣੇ ਫਿਲਮੀ ਕੈਰੀਅਰ ਦੀ ਅਸਲ ਸ਼ੁਰੂਆਤ ਕਰਦਾ ਹੈ ਪਰ ਉਸ ਦੀ ਪਹਿਚਾਣ ੧੯੮੦ 'ਚ ਆਈ ਫਿਲਮਸਾਜ਼ ਗੋਬਿੰਦ ਨਿਹਲਾਨੀ ਦੀ ਫਿਲਮ 'ਆਕ੍ਰੋਸ਼' ਨਾਲ ਬਣਦੀ ਹੈ। ਇਸ ਫਿਲਮ 'ਚ ਉਸ ਵੱਲੋਂ ਨਿਭਾਇਆ ਭੀਖੂ ਦਾ ਕਿਰਦਾਰ ਉਨ੍ਹਾਂ ਦੀ ਅਦਾਕਾਰੀ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਫਿਲਮ ਕੈਰੀਅਰ ਨੇ ਐਸੀ ਸਪੀਡ ਫੜ੍ਹੀ ਕਿ ਅੱਜ ਤੱਕ ਕੋਈ ਹੋਰ ਅਦਾਕਾਰ ਉਨ੍ਹਾਂ ਨਾਲ ਕਦਮ ਨਹੀਂ ਮਿਲਾ ਸਕਿਆ। 
-----------------------------------------------------------------------------------------------------   ਬਿਜਲੀ ਦੀ ਸਪਲਾਈ ਫੇਲ ਹੋਣ ਕਾਰਣ ਅੱਜ ਕੇਵਲ ਪੰਜਾਬੀ ਅੰਕ ਹੀ ਪ੍ਰਕਾਸ਼ਿਤ ਕੀਤਾ ਜਾ ਸਕਿਆ ਹੈ। 
----------------------------------------------------------------------------------------------------- 

0 Response to "ਪੰਜਾਬੀ--ਸਾਲ10,ਅੰਕ56,8ਨਵੰਬਰ2019"

Post a Comment