ਖਬਰਾਂ--ਸਾਲ-10,ਅੰਕ:37,9 ਨਵੰਬਰ 2019











ਸਾਲ-10,ਅੰਕ:37,9ਨਵੰਬਰ2019/
ਕੱਤਕ(ਸੁਦੀ)12(ਨਾ.ਸ਼ਾ)551.
ਵਿਧਾਨਸਭਾ ਨੂੰ ਪੰਥਕ ਮਾਮਲਿਆਂ ਵਿੱਚ ਦਖਲਅੰਦਾਜੀ ਦਾ ਹੱਕ ਨਹੀਂ:ਜੀਕੇ
 ਸ਼੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਣ ਦਾ ਹੱਕ
ਅਕਾਲ ਤਖ਼ਤ ਸਾਹਿਬ ਨੂੰ ਦੇਣਾ ਚਾਹੀਦਾ ਹੈ
ਪੰਜਾਬ ਵਿਧਾਨ ਸਭਾ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਣ ਦੀ ਆਗਿਆ ਦੇਣ ਵਾਲਾ ਮੱਤਾ ਪਾਸ ਕਰਣਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਾਂਗਰਸ ਸਰਕਾਰ ਦੀ ਸਿੱਧੀ ਦਖਲਅੰਦਾਜੀ ਹੈ। ਕਿਉਂਕਿ ਇਹ ਮਾਮਲਾ ਸਿੱਖ ਸਿੱਧਾਂਤ ਅਤੇ ਪ੍ਰੰਪਰਾ ਨਾਲ ਜੁੜਿਆ ਹੋਇਆ ਹੈ, ਜਿਸ ਉੱਤੇ ਵਿਚਾਰ ਕਰਣ ਦਾ ਅਧਿਕਾਰ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੀ ਪ੍ਰਤਿਨਿਧੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ। ਇਹ ਵਿਚਾਰ ਜਾਗੋ - ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ  ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਜਾਹਰ ਕੀਤੇ। ਜੀਕੇ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਅਜਿਹੇ ਮੱਤੇ ਸਿਰਫ ਉਸਤਤ ਲੁੱਟਣ  ਲਈ ਲਿਆਉਣ ਦਾ ਚਲਨ ਪੰਜਾਬ ਦੇ ਮੰਤਰੀਆਂ ਵਿੱਚ ਪਾਇਆ ਜਾ ਰਿਹਾ ਹੈ।ਕਿਉਂਕਿ ਇਸਤੋਂ ਪਹਿਲਾਂ ਵੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਮੱਤਾ ਵੀ ਪੰਜਾਬ ਵਿਧਾਨਸਭਾ ਵਿੱਚ ਪਾਸ ਹੋਇਆ ਸੀ, ਜਿਸ ਉੱਤੇ ਹੁਣ ਤੱਕ ਕੁੱਝ ਨਹੀਂ ਹੋਇਆ।  
ਜੀਕੇ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਪੰਜਾਬੀ ਚੈਨਲਾਂ ਨੂੰ ਮਿਲਣਾ ਚਾਹੀਦਾ ਹੈ, ਪੰਜਾਬ ਵਿਧਾਨਸਭਾ ਦੇ ਇਸ ਮੱਤੇ ਦਾ ਉਹ ਸਮਰਥਨ ਕਰਦੇ ਹਨ।ਕਿਉਂਕਿ ਇਹ ਮੱਤਾ ਸਿੱਧੇ ਤੌਰ ਉੱਤੇ ਇੱਕ ਚੈਨਲ ਦੀ ਅਖਤਿਆਰੀ ਨੂੰ ਅਪ੍ਰਵਾਨ ਕਰਦਾ ਹੈ। ਗੁਰਬਾਣੀ ਸਾਨੂੰ ਗੁਰੂ ਸਾਹਿਬਾਨਾਂ ਪਾਸੋਂ ਪ੍ਰਾਪਤ ਹੋਈ ਹੈ, ਇਸ ਲਈ ਕਿਸੇ ਇੱਕ ਚੈਨਲ ਦਾ ਕਾਪੀ ਰਾਇਟ ਨਹੀਂ ਹੋ ਸਕਦਾ।ਜੀਕੇ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਕਿਸੇ ਇੱਕ ਚੈਨਲ ਨੂੰ ਇੱਕ ਗੁਰੁਦਵਾਰੇ ਦੇ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਦੇਣ ਦਾ ਵਿਰੋਧੀ ਰਿਹਾ ਹਾਂ, ਇਸ ਲਈ ਦਿੱਲੀ ਕਮੇਟੀ ਪ੍ਰਧਾਨ  ਦੇ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਮੈਂ ਕਿਸੇ ਗੁਰੁਦਵਾਰੇ ਦੇ ਗੁਰਬਾਣੀ ਪ੍ਰਸਾਰਣ ਅਧਿਕਾਰ ਕਿਸੇ ਇੱਕ ਚੈਨਲ ਨੂੰ ਏਕਸਕਲੂਸਿਵ ਨਹੀਂ ਦਿੱਤੇ ਸਨ।  
ਜੀਕੇ ਨੇ ਸਾਫ਼ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਔਰਤਾਂ ਨੂੰ ਕੀਰਤਨ ਕਰਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉੱਤੇ ਉਸਨੂੰ ਲਾਗੂ ਕਰਣ ਦਾ ਤਰੀਕਾ ਪੰਥਕ ਸਿੱਧਾਤਾ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤੈਅ ਹੋਣਾ ਚਾਹੀਦਾ ਹੈਨਾ ਕਿ ਪੰਜਾਬ ਵਿਧਾਨਸਭਾ ਤੋਂ। ਇੱਥੇ ਦੱਸ ਦੇਈਏ ਕਿ ਜੇਕਰ ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਚੈਨਲ ਦੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਨੂੰ ਵਾਪਸ ਲਿਆ ਜਾਂਦਾ ਹੈ, ਤਾਂ ਸਿੱਧੇ ਤੌਰ ਉੱਤੇ ਅਕਾਲੀ ਵਿਚਾਰਧਾਰਾ ਦੇ ਨਿੱਜੀ ਚੈਨਲ ਸਮੂਹ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।
ਹੁਣ ਸਾਬਕਾ ਫੌਜੀਆਂ ਦੀ ਵਾਰ,
ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ
ਸੋਸ਼ਲ ਮੀਡੀਆ ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ਕੋਡ ਆਫ਼ ਕੰਡਕਟਲਿਆਉਣ ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਲਿਖਤ ਚ ਕਹਿਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇਸ ਕੋਡ ਆਫ਼ ਕੰਡਕਟ ਤਹਿਤ ਆਪਣਾ ਵਤੀਰਾ ਰੱਖਣਗੇ।
ਇਹ ਨਿਯਮ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਰੈਂਕ ਤਕ ਦੇ ਅਧਿਕਾਰੀ ਤਕ ਤੇ ਲਾਗੂ ਹੋਵੇਗਾ। ਹਾਸਲ ਜਾਣਕਾਰੀ ਮੁਤਾਬਕਥਲ ਸੈਨਾ ਮੁੱਖ ਦਫਤਰ ਸਥਿਤ ਐਡਜੂਟੈਂਟ ਬ੍ਰਾਂਚ ਇਸ ਤਹਿਤ ਨਿਯਮ ਬਣਾਉਣ ਤੇ ਕੰਮ ਕਰ ਰਹੀ ਹੈ। ਇਸ ਤਹਿਤ ਸੈਨਾ ਦੇ ਕਿਸੇ ਵੀ ਵੱਡੇ ਅਧਿਕਾਰੀ ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਲੱਗ ਸਕੇ।
ਸੋਸ਼ਲ ਮੀਡੀਆ ਤੇ ਕਈ ਵਾਰ ਸੈਨਾ ਦੇ ਸਾਬਕਾ ਅਧਿਕਾਰੀ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਇਲਜ਼ਾਮ ਲਾਉਂਦੇ ਰਹਿੰਦੇ ਹਨ। ਕਈ ਵਾਰ ਸੈਨਾ ਤੇ ਸੈਨਿਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁਹਿੰਮ ਵੀ ਸ਼ੁਰੂ ਕੀਤੀ ਜਾਂਦੀ ਹੈ। ਇਸ ਕਰਕੇ ਸੈਨਾ ਸੁਰਖੀਆਂ ਚ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਸੈਨਾ ਇਨ੍ਹਾਂ ਸਭ ਤੇ ਲਗਾਮ ਲਾਉਣ ਦਾ ਵਿਚਾਰ ਕੀਤਾ ਹੈ।
ਇਸ ਨਿਯਮ ਲਈ ਵੀ ਤਿੰਨਾਂ ਸੈਨਾਵਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਤੋਂ ਵੀ ਇਸ ਲਈ ਇਜਾਜ਼ਤ ਲੈਣੀ ਹੋਵੇਗੀ ਕਿਉਂਕਿ ਆਰਮੀ ਐਕਟ ਸਾਬਕਾ ਸੈਨਿਕਾਂ ਤੇ ਲਾਗੂ ਨਹੀਂ ਹੁੰਦਾ। ਇਸ ਕੋਡ ਆਫ਼ ਕੰਡਕਟ ਲਈ ਸਾਬਕਾ ਸੈਨਿਕਾਂ ਚ ਰੋਸ ਵੀ ਹੈ।
ਪੰਜਾਬ ਤੇ ਹਰਿਆਣਾ ਸਣੇ
14 ਸੂਬਿਆਂ 'CBI ਦੇ 169 ਛਾਪੇ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਦੇਸ਼ ਦੇ ਲਗਪਗ 14 ਸੂਬਿਆਂ ਵਿੱਚ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਛਾਪੇਮਾਰੀ ਦੌਰਾਨ ਸੱਤ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬੈਂਕ ਧੋਖਾਧੜੀ ਦੇ 35 ਕੇਸ ਦਰਜ ਕੀਤੇ ਹਨ। ਸੀਬੀਆਈ ਨੇ 14 ਸੂਬਿਆਂ ਵਿੱਚ 169 ਥਾਵਾਂ 'ਤੇ ਛਾਪੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇ ਅਜੇ ਵੀ ਜਾਰੀ ਹਨ।
ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਵੱਲੋਂ ਆਂਧਰਾ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉਤਰਾਖੰਡ ਦੇ ਨਾਲ-ਨਾਲ ਦਾਦਰ ਤੇ ਨਗਰ ਹਵੇਲੀ ਵਿੱਚ ਛਾਪੇਮਾਰੀ ਕੀਤੀ ਗਈ ਹੈ।
ਕੈਪਟਨ ਪਰਾਲੀ ਸਾੜਨ ਵਾਲੇ
ਕਿਸਾਨਾਂ ਦੇ ਹੱਕ 'ਚ ਡਟੇ
ਪਰਾਲੀ ਸਾੜਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨਾਲ ਡਟ ਗਏ ਹਨ। ਉਨ੍ਹਾਂ ਨੇ ਪਰਾਲੀ ਸਾੜਨ ਕਰਕੇ ਪੈਦਾ ਹੋਏ ਧੂੰਏਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੈਪਟਨ ਨੇ ਸਪਸ਼ਟ ਕਿਹਾ ਹੈ ਕਿ ਪੰਜਾਬ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਹਨ ਜਿਨ੍ਹਾਂ ਕੋਲ ਪੰਜ ਏਕੜ ਤੱਕ ਜ਼ਮੀਨ ਹੈ। ਇਹ ਕਿਸਾਨ ਮਹਿੰਗੀਆਂ ਮਸ਼ੀਨਾਂ ਨਹੀਂ ਖਰੀਦ ਸਕਦੇ।
ਕੈਪਟਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇਇਸ ਨਾਲ ਉਹ ਪਰਾਲੀ ਦੇ ਨਿਬੇੜੇ ਲਈ ਖਰਚਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇੰਨੇ ਸਮੇਂ ਤੋਂ ਕੇਂਦਰ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਰੱਖੀ ਹੈ ਪਰ ਮੋਦੀ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ।
ਯਾਦ ਰਹੇ ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਖ਼ਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਹਵਾ ਦੀ ਗੁਣਵੱਤਾ ਕਈ ਥਾਵਾਂ ਤੇ ਬੇਹੱਦ ਗੰਭੀਰਮਾਪੀ ਗਈ ਹੈ। ਹਾਲਤ ਮਾੜੀ ਹੋਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦਫ਼ਤਰ ਨੇ ਦਖ਼ਲ ਦਿੰਦਿਆਂ ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ।
ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਨੇ ਕਿਹਾ ਕਿ ਤਿੰਨ ਰਾਜਾਂ ਦੇ ਮੁੱਖ ਸਕੱਤਰ ਚੌਵੀ ਘੰਟੇ ਸਥਿਤੀ 'ਤੇ ਨਜ਼ਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਵੀ ਮੁੱਖ ਸਕੱਤਰਾਂ ਨਾਲ ਇਸ ਮਾਮਲੇ ਤੇ ਤਾਲਮੇਲ ਰੱਖੇਗਾ। ਕਰੀਬ 300 ਟੀਮਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਇਨਾਤ ਕੀਤੀਆਂ ਗਈਆਂ ਹਨ।

ਪਰਾਲੀ ਦੇ ਧੂੰਏ ਦਾ ਕਹਿਰ,

ਬਰਨਾਲਾ 'ਤੇ ਭਿਆਨਕ ਹਾਦਸੇ,

ਚਾਰ ਮੌਤਾਂ

ਪਰਾਲੀ ਸਾੜਨ ਕਰਕੇ ਫੈਲੇ ਧੂੰਏ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਚਾਰ ਜਾਨਾਂ ਲੈ ਲਈ ਤੇ ਕਈ ਲੋਕ ਜ਼ਖ਼ਮੀ ਹੋਣ ਦੀ ਖਬਰ ਹੈ। ਧੂੰਏ ਕਰਕੇ ਕਈ ਹਾਦਸੇ ਹੋਏ ਜਿਨ੍ਹਾਂ ਵਿੱਚ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ।
ਪਹਿਲਾ ਹਾਦਸਾ ਦੇਰ ਰਾਤ ਸੇਖਾ ਰੋਢ 'ਤੇ ਹੋਇਆ ਜਿੱਥੇ ਇੱਕ ਇਨੋਵਾ ਕਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਣੇ ਚਾਰ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸੇ ਤਰ੍ਹਾਂ ਇੱਕ ਹਾਦਸਾ ਬਰਨਾਲਾ ਦੀ ਸਬ ਜੇਲ੍ਹ ਕੋਲ ਹੋਇਆ ਜਿੱਥੇ ਕਈ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।
ਇੱਕ ਹੋਰ ਹਾਦਸਾ ਪੱਤੀ ਰੋਡ 'ਤੇ ਹੋਇਆ। ਇੱਥੇ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਇਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

ਹਵਾ ਪ੍ਰਦੂਸ਼ਣ 'ਤੇ ਪਸੀਜਿਆ

ਕੈਪਟਨ ਦਾ ਦਿਲ,

ਮੋਦੀ ਨਾਲ ਮਿਹਣੋ-ਮਿਹਣੀ

ਝੋਨੇ ਦੇ ਸੀਜ਼ਨ ਵਿੱਚ ਹਵਾ ਪ੍ਰਦੂਸ਼ਣ 'ਤੇ ਸਿਆਸਤ ਗਰਮਾ ਗਈ ਹੈ। ਦਿੱਲੀ ਸਰਕਾਰ ਇਸ ਲਈ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਦਿੱਲੀ 'ਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈ ਸਥਿਤੀ ਤੇ ਦੁੱਖ ਤੇ ਗੁੱਸਾ ਜ਼ਾਹਰ ਕਰਦਿਆਂ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਪੱਤਰ ਲਿਖਿਆ ਹੈ।
ਇਸ ਪੱਤਰ ਵਿੱਚ ਉਨ੍ਹਾਂ ਨੇ ਸਿਆਸੀ ਤੇ ਖੇਤਰੀ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੀ ਸਹਿਮਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੇ ਹਰਿਆਣਾ ਆਪਣੇ ਪੱਧਰ ਤੇ ਜੋ ਕੁਝ ਕਰ ਸਕਦੇ ਹਨ, ਉਹ ਕਰ ਰਹੇ ਹਨ ਪਰ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਸ਼ੱਕੀ ਹੈ। ਮੁੱਖ ਮੰਤਰੀ ਨੇ ਕਿਹਾ ਭਾਵੇਂ ਦੇਸ਼ ਦੇ ਲੋਕਾਂ ਵਿੱਚ ਕੋਈ ਵੀ ਵਿਸ਼ਵਾਸ ਬਣਿਆ ਹੋਵੇ ਪਰ ਕੋਈ ਵੀ ਭਾਰਤੀ ਖਾਸ ਤੌਰ ਤੇ ਪੰਜਾਬੀ ਕੌਮੀ ਰਾਜਧਾਨੀ ਵਿੱਚ ਸਾਡੇ ਭਰਾਵਾਂ ਨਾਲ ਵਾਪਰ ਰਹੀ ਤਰਾਸਦੀ ਤੋਂ ਬਾਹਰ ਨਹੀਂ ਹਨ।

ਮੁੱਖ ਮੰਤਰੀ ਨੇ ਆਪਣੇ ਬੱਚੇ ਤੇ ਪੋਤੇ-ਪੋਤੀਆਂ ਦੇ ਦਿੱਲੀ ਵਿੱਚ ਰਹਿੰਦੇ ਹੋਣ ਦਾ ਵੀ ਜ਼ਿਕਰ ਕੀਤਾ ਜੋ ਸ਼ਹਿਰ ਦੀ ਜ਼ਹਿਰੀਲੀ ਹਵਾ ਕਾਰਨ ਕੌਮੀ ਰਾਜਧਾਨੀ ਵਿੱਚ ਲੱਖਾਂ ਲੋਕਾਂ ਦੀ ਦੁਰਦਰਸ਼ਾ ਨੂੰ ਬਿਆਨਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੇ ਪ੍ਰਗਤੀਸ਼ੀਲ ਤੇ ਵਿਕਸਤ ਮੁਲਕ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਉਨ੍ਹਾਂ ਕਿਹਾ ਉਸ ਮੁਲਕ ਨੂੰ ਵਿਕਸਤ ਕਿਵੇਂ ਕਿਹਾ ਜਾ ਸਕਦਾ ਹੈ ਜਦੋਂ ਉਸ ਦੀ ਰਾਜਧਾਨੀ ਨੂੰ ਗੈਸ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ, ਉਹ ਵੀ ਜਦੋਂ ਅਜਿਹੇ ਹਾਲਾਤ ਕੁਦਰਤ ਆਫ਼ਤ ਕਰਕੇ ਨਹੀਂ ਸਗੋਂ ਮਨੁੱਖੀ ਗਲਤੀ ਨਾਲ ਪੈਦਾ ਹੋਏ ਹੋਣ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਦੁਖਦਾਇਕ ਸਥਿਤੀ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਤੋਂ ਹੱਥ ਧੋਣ ਦਾ ਕੋਈ ਇਰਾਦਾ ਨਹੀਂ ਪਰ ਦਿੱਲੀ ਤੇ ਕੇਂਦਰ ਸਰਕਾਰ ਸਮੇਤ ਸਮੁੱਚੇ ਮੁਲਕ ਨੇ ਵੱਖ-ਵੱਖ ਗਲਤੀਆਂ ਨਾਲ ਅਜਿਹੇ ਭਿਆਨਕ ਹਾਲਾਤ ਪੈਦਾ ਹੋਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਮੰਨਿਆ ਕਿ ਪਰਾਲੀ ਦੀ ਅੱਗ ਗਲਤ ਦਿਸ਼ਾ ਵਿੱਚ ਵਗਣ ਵਾਲੀਆਂ ਹਵਾਵਾਂ ਕਾਰਨ ਹਵਾ ਪ੍ਰਦੂਸ਼ਣ ਦੇ ਜ਼ਹਿਰੀਲਾ ਹੋਣ ਦਾ ਇੱਕ ਕਾਰਨ ਬਣੀ ਹੈ, ਜਿਸ ਨਾਲ ਅੱਜ ਦਿੱਲੀ ਵਿੱਚ ਅਜਿਹੀ ਸਥਿਤੀ ਪੈਦਾ ਹੋਈ ਹੈ ਪਰ ਇਸ ਦੇ ਨਾਲ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਖ-ਵੱਖ ਆਜ਼ਾਦ ਏਜੰਸੀਆਂ ਦੇ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਜੂਦਾ ਸਥਿਤੀ ਲਈ ਵੱਡੀ ਪੱਧਰ ਤੇ ਸਨਅਤੀ ਪ੍ਰਦੂਸ਼ਣ, ਟ੍ਰੈਫਿਕ ਤੇ ਦਿੱਲੀ ਵਿੱਚ ਚੱਲ ਰਹੀਆਂ ਨਿਰਮਾਣ ਗਤੀਵਿਧੀਆਂ ਵੀ ਬਰਾਬਰ ਦੀਆਂ ਦੋਸ਼ੀ ਹਨ।

ਉਨ੍ਹਾਂ ਕਿਹਾ ਕਿ ਕੌੜੀ ਸਚਾਈ ਇਹ ਹੈ ਕਿ ਅਸੀਂ ਸੌਖਿਆਂ ਹੀ ਇਸ ਸਭ ਦੀ ਜ਼ਿੰਮੇਵਾਰੀ ਇੱਕ-ਦੂਜੇ ਦੇ ਮੋਢਿਆਂ ਤੇ ਪਾ ਦਿੰਦੇ ਹਾਂ ਜਦਕਿ ਦਿੱਲੀ ਦੇ ਲੋਕ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਤੇ ਮੁਲਕ ਤੇ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਭੈੜੇ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਰਾਲੀ ਸਾੜਨ ਵਿਰੁੱਧ ਕਾਨੂੰਨ ਨੂੰ ਜਿੱਥੋਂ ਤੱਕ ਸੰਭਵ ਹੋਇਆ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ। ਉਨ੍ਹਾਂ ਕਿਹਾ ਹਾਲਾਂ ਕਿ ਇਹ ਮੇਰੇ ਜ਼ਮੀਰ ਦੇ ਵਿਰੁੱਧ ਹੈ ਕਿ ਉਸ ਭਾਈਚਾਰੇ ਨੂੰ ਸਜ਼ਾ ਦੇ ਰਹੇ ਹਾਂ ਜੋ ਬੇਸ਼ੁਕਰੇ ਮੁਲਕ ਦੇ ਹੱਥਾਂ ਵਿੱਚ ਦੁੱਖ ਸਹਾਰ ਚੁੱਕਿਆ ਹੋਵੇ ਤੇ ਹੁਣ ਵੀ ਸਹਾਰ ਰਿਹਾ ਹੋਵੇ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਅਸੀਂ ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਹੋਰ ਹਾਸ਼ੀਏ ਤੇ ਨਹੀਂ ਲਿਜਾ ਸਕਦੇ।
ਉਨ੍ਹਾਂ ਕਿਹਾ ਕਿ ਆਸ ਸੀ ਕਿ ਭਾਰਤ ਸਰਕਾਰ ਇਸ ਗੰਭੀਰ ਸਮੱਸਿਆ ਦਾ ਵਿਆਪਕ ਹੱਲ ਲੱਭਣ ਲਈ ਬਹੁਤ ਸਮਾਂ ਪਹਿਲਾਂ ਇਹ ਮਸਲਾ ਆਪਣੇ ਹੱਥਾਂ ਵਿੱਚ ਲਵੇਗੀ ਪਰ ਬਦਕਿਸਮਤੀ ਨਾਲ ਸੁਪਰੀਮ ਕੋਰਟ ਵੱਲੋਂ ਤੇਜ਼ੀ ਨਾਲ ਖਰਾਬ ਹੋਈ ਸਥਿਤੀ ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨੂੰ ਪੱਤਰ ਲਿਖ ਕੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਸੁਝਾਅ ਵੀ ਦਿੱਤਾ ਸੀ ਤਾਂ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਬੇੜੇ ਲਈ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਪਰ ਤੁਸੀਂ ਮੇਰੀ ਬੇਨਤੀ ਨੂੰ ਕੋਈ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਲਿਖਿਆ,‘ਪ੍ਰਧਾਨ ਮੰਤਰੀ ਜੀ, ਕੀ ਇਹ ਤੁਹਾਡੀ ਸਰਕਾਰ ਦਾ ਕੰਮ ਨਹੀਂ ਕਿ ਪੰਜਾਬ, ਦਿੱਲੀ ਤੇ ਹਰਿਆਣਾ ਸਮੇਤ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਮਸਲੇ ਦਾ ਸਥਾਈ ਹੱਲ ਲੱਭਿਆ ਜਾਵੇ।

ਟੁੱਟੀਆਂ ਉਮੀਦਾਂ!

342 ਸ਼ਰਧਾਲੂ ਨਹੀਂ ਜਾ ਸਕਣਗੇ ਪਾਕਿਸਤਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਜਥਾ 5 ਨਵੰਬਰ ਨੂੰ ਰਵਾਨਾ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਭੇਜੀ ਗਈ ਸੂਚੀ ਵਿੱਚੋਂ 342 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਮਿਲ ਸਕੇ। ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 5 ਨਵੰਬਰ ਨੂੰ ਪਾਕਿਸਤਾਨ ਰਵਾਨਾ ਹੋਵੇਗਾ ਤੇ 13 ਨਵੰਬਰ ਨੂੰ ਵਾਪਸ ਪਰਤ ਆਵੇਗਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਮੁਤਾਬਕ ਪਹਿਲਾਂ ਇਹ ਜਥਾ 10 ਨਵੰਬਰ ਨੂੰ ਭੇਜਣ ਦਾ ਪ੍ਰੋਗਰਾਮ ਸੀ ਪਰ ਹੁਣ ਇਹ ਜਥਾ 5 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ੇ ਲੈਣ ਵਾਸਤੇ 1720 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਸਫ਼ਾਰਤਖਾਨੇ ਨੂੰ ਭੇਜੇ ਗਏ ਸਨ, ਜਿਸ ਵਿੱਚੋਂ 342 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਮਿਲੇ ਤੇ 1378 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ।
ਉਨ੍ਹਾਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਦੇ ਵੀਜ਼ੇ ਰੱਦ ਨਹੀਂ ਕਰਨੇ ਚਾਹੀਦੇ ਸਨ। ਵੀਜ਼ੇ ਰੱਦ ਹੋਣ ਕਾਰਨ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ, ਉਹ 4 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ।
ਇਸ ਵਾਰ ਪਾਕਿਸਤਾਨ ਔਕਾਫ਼ ਬੋਰਡ ਅਤੇ ਪੀਜੀਪੀਸੀ ਵੱਲੋਂ 5 ਤੇ 6 ਨਵੰਬਰ ਦੋ ਦਿਨ ਨਿਰੰਤਰ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਨਿਰਧਾਰਤ ਪ੍ਰੋਗਰਾਮ ਅਨੁਸਾਰ ਸ਼ਰਧਾਲੂਆਂ ਨੂੰ ਇਸ ਵਾਰ ਸਿਰਫ਼ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੀ ਦਰਸ਼ਨ ਕਰਵਾਏ ਜਾਣਗੇ।
ਕੁਝ ਦਿਨ ਪਹਿਲਾਂ ਔਕਾਫ਼ ਬੋਰਡ ਵਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਕ ਇਹ ਸ਼ਰਧਾਲੂ 5 ਤੇ 6 ਨਵੰਬਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਠਹਿਰਨਗੇ। 7 ਨਵੰਬਰ ਨੂੰ ਇਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲੈ ਜਾਇਆ ਜਾਵੇਗਾ, ਜਿਥੇ 9 ਨਵੰਬਰ ਨੂੰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਸ਼ਰਧਾਲੂ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਪੁੱਜਣਗੇ। ਇੱਥੇ 10 ਨਵੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਤੇ 12 ਨਵੰਬਰ ਨੂੰ ਭੋਗ ਪਾਏ ਜਾਣਗੇ। 13 ਨਵੰਬਰ ਨੂੰ ਸ਼ਰਧਾਲੂ ਭਾਰਤ ਪਰਤਣੇ ਸ਼ੁਰੂ ਹੋ ਜਾਣਗੇ।

ਮਿਜ਼ੋਰਮ ਦੀ ਔਰਤ ਕੋਲੋਂ ਹੈਰੋਇਨ ਬਰਾਮਦ,

ਮਹਿਲਾ ਦੇ ਸਬੰਧ ਨਸ਼ਾ ਤਸਕਰਾਂ ਨਾਲ ਹੋਣ ਦਾ ਖਦਸ਼ਾ

ਪੰਜਾਬ ‘ਚ ਆਏ ਦਿਨ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਕਾਬਬੂ ਕਰਦੀ ਹੈ। ਇਨ੍ਹਾਂ ਚ ਹੁਣ ਤਾਂ ਮਹਿਲਾਵਾਂ ਵੀ ਸ਼ਾਮਲ ਹਨ। ਆਏ ਦਿਨ ਨਸ਼ਾ ਤਸਕਰੀ ਚ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਤਾਜ਼ਾ ਮਾਮਲਾ ਖੰਨਾ ਦਾ ਹੈ। ਜਿੱਥੇ ਪੁਲਿਸ ਨੇ ਮਿਜ਼ੋਰਮ ਦੀ ਇੱਕ ਔਰਤ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਪੰਜਾਬ ਚ ਸਪਲਾਈ ਹੋਣਾ ਸੀ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਮਹਿਲਾ ਦਾ ਸਬੰਧ ਨਾਈਜੀਰੀਆਈ ਮੂਲ ਦੇ ਤਸਕਰਾਂ ਨਾਲ ਹੋ ਸਕਦੇ ਹਨ। ਇਸ ਦੀ ਜਾਣਕਾਰੀ ਖੰਨਾ ਦੇ ਅੇਸਐਸਪੀ ਗੁਰਸ਼ਰਣ ਸਿੰਘ ਗ੍ਰੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਐਸਐਸਪੀ ਨੇ ਦੱਸਿਆ ਕਿ ਇੱਕ ਨਾਕੇ ਦੌਰਾਨ ਸ਼ੱਕ ਦੇ ਆਧਾਰ ਤੇ ਮਿਜ਼ੋਰਮ ਦੀ ਮਹਿਲਾ ਦੇ ਬੈਗ ਦੀ ਤਲਾਸ਼ੀ ਲਈ ਗਈ ਜਿਸ ਚ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਮਹਿਲਾ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਕ ਮਹਿਲਾ ਪ੍ਰੇਮੀ ਨਾਲ ਦਿੱਲੀ ਚ ਰਹਿੰਦੀ ਸੀ ਅਤੇ ਉਸ ਦੇ ਪ੍ਰੇਮੀ ਦੇ ਨਾਈਜੀਰਿਅਨ ਨਸ਼ਾ ਤਸਕਰਾਂਨਾਲ ਸਬੰਧ ਹਨ।
ਰਾਮ ਰਹੀਮ ਦੀ ਮੂੰਹ ਬੋਲੀ ਧੀ

ਹਨੀਪ੍ਰੀਤ ਨੂੰ ਵੱਡੀ ਰਾਹਤ,

35 ਮੁਲਜ਼ਮਾਂ ਤੋਂ ਦੇਸ਼ਧ੍ਰੋਹ ਦੀ ਧਾਰਾ ਹਟਾਈ

ਪੰਚਕੁਲਾ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਦਿਨੀਂ ਹੀ ਹਨੀਪ੍ਰੀਤ 'ਤੇ ਦਰਜ ਐਫਆਈਆਰ ਤੋਂ ਦੇਸ਼ ਧ੍ਰੋਹ ਦੀ ਧਾਰਾ ਹਟਾਈ ਗਈ ਸੀ ਤੇ ਬੁੱਧਵਾਰ ਨੂੰ ਪੰਚਕੁਲਾ ਦੀ ਅਦਾਲਤ ਨੇ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਹੈ।
ਯਾਦ ਰਹੇ 2017 ਵਿੱਚ ਪੰਚਕੁਲਾ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਤਾਂ ਉਸ ਦੇ ਪੈਰੋਕਾਰਾਂ ਨੇ ਪੰਚਕੁਲਾ ਵਿੱਚ ਹਿੰਸਾ ਭੜਕਾਈ ਸੀ। ਹਨੀਪ੍ਰੀਤ ਨੂੰ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ।

ਜੰਮੂ-ਕਸ਼ਮੀਰ ਮੁੜ ਦਹਿਲਿਆ,

ਸ੍ਰੀ-ਨਗਰ 'ਚ ਗ੍ਰਨੇਡ ਹਮਲਾ

ਜੰਮੂ-ਕਸ਼ਮੀਰ ਵਿੱਚ ਅੱਜ ਫਿਰ ਗ੍ਰਨੇਡ ਹਮਲਾ ਹੋਇਆ। ਇਸ ਹਮਲੇ ਵਿੱਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸ੍ਰੀ-ਨਗਰ ਦੀ ਮੌਲਾਨਾ ਆਜ਼ਾਦ ਰੋਡ 'ਤੇ ਹੋਇਆ।
ਯਾਦ ਰਹੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਮੁੜ ਹਮਲੇ ਸ਼ੁਰੂ ਹੋ ਗਏ ਹਨ। ਸਰਕਾਰ ਨੇ ਧਾਰਾ 370 ਹਟਾਉਣ ਮਗਰੋਂ ਪੂਰੇ ਸੂਬੇ ਵਿੱਚ ਕਰਫਿਊ ਲਾ ਦਿੱਤਾ ਸੀ। ਪਿਛਲੇ ਦਿਨੀਂ ਹੀ ਇਸ ਵਿੱਚ ਢਿੱਲ ਦਿੱਤੀ ਗਈ। ਉਸ ਮਗਰੋਂ ਲਗਾਤਾਰ ਹਮਲੇ ਹੋ ਰਹੇ ਹਨ।

 

ਠੰਢ ਨੇ ਫੜਿਆ ਜ਼ੋਰ,

ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਹਿਮਾਚਲ ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਸੋਮਵਾਰ ਨੂੰ ਰੋਹਤਾਂਗ ਚ ਡੇਢ ਫੁੱਟ ਤਕ ਬਰਫ ਪਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਚ ਹੋਰ ਬਰਫਬਾਰੀ ਹੋ ਸਕਦੀ ਹੈ। ਸੱਤ ਨਵੰਬਰ ਨੂੰ ਪੂਰੇ ਸੂਬੇ ਚ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਸ਼ਿਮਲਾਮੰਡੀਕੁਲੂਚੰਬਾਸੋਲਨ ਤੇ ਸਿਰਮੌਰ  115 ਮਿਮੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੰਡੀਊਨਾਬਿਲਾਸਪੁਰਹਮੀਰਪੁਰ ਤੇ ਕਾਂਗੜਾ ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੋਮਵਾਰ ਨੂੰ ਲਾਹੌਲ ਸਪਿਤੀ ਦੀ ਉੱਚੀਆਂ ਪਹਾੜੀਆਂ ਤੇ ਰੋਹਤਾਂਗ ਦਰੇ ਚ ਤਾਜ਼ਾ ਹਿਮਪਾਤ ਹੋਇਆ ਹੈ ਜਿਸ ਨਾਲ ਤਾਪਮਾਨ ਚ ਡਿਰਾਵਟ ਦਰਜ ਕੀਤੀ ਗਈ ਹੈ।
ਸੋਮਵਾਰ ਨੂੰ ਰੋਹਤਾਂਗ ਦਰੇ ਚ ਡੇਢ ਫੁੱਟ ਤਕ ਬਰਫਬਾਰੀ ਨਾਲ ਲਾਹੌਲ ਘਾਟੀ ਨਾਲ ਮਨਾਲੀ ਦਾ ਸੰਪਰਕ ਟੁੱਟ ਗਿਆ ਹੈ। ਰੋਹਤਾਂਗ ਦਰੇ ਦੋਵਾਂ ਪਾਸੇ ਸੈਂਕੜਾ ਵਾਹਨ ਫਸੇ ਹੋਏ ਹਨ। ਇਸ ਦੇ ਨਾਲ ਹੀ ਬਾਰਾਲਾਚਾ ਦਰੇ ਸਣੇ ਸ਼ਿੰਕੁਲਾ ਦਰੇ ਚ ਇੱਕ ਤੋਂ ਡੇਢ ਫੁਟ ਤਕ ਬਰਫਬਾਰੀ ਹੋਈ ਹੈ ਜਿਸ ਨਾਲ ਲੇਹ ਰਸਤਾ ਬੰਦ ਹੋ ਗਿਆ ਹੈ ਤੇ ਜਾਂਸਕਰ ਘਾਟੀ ਦਾ ਵੀ ਕੇਲਾਂਗ ਨਾਲ ਸੰਪਰਕ ਟੁੱਟ ਗਿਆ ਹੈ।

1303 ਸ਼ਰਧਾਲੂਆ ਦਾ ਜੱਥਾ

ਪਾਕਿਸਤਾਨ ਲਈ ਰਵਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 1303 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਖਾਸਕਰ ਨਨਕਾਣਾ ਸਾਹਿਬ ਵਿੱਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਰਵਾਨਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏ ਇਸ ਜੱਥੇ 'ਚ ਪੰਜ ਪਿਆਰੇ, ਗ੍ਰੰਥੀ ਸਿੰਘ ਅਤੇ ਸੇਵਾਦਾਰ ਵੀ ਜਾ ਰਹੇ ਹਨ ਜਦ ਕਿ ਜੱਥੇ ਦੀ ਅਗਵਾਈ ਕੁਲਬੀਰ ਸਿੰਘ ਬੂਹ ਜੱਥਾ ਲੀਡਰ ਵਜੋਂ ਕਰ ਰਹੇ ਹਨ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆ ਕਿ ਸ਼ੋਮਣੀ ਕਮੇਟੀ ਵੱਲੋਂ ਇਸ ਜੱਥੇ ਦੇ ਨਾਲ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਅਤੇ ਗ੍ਰੰਥੀ ਸਿੰਘ ਵੀ ਜਾ ਰਹੇ ਹਨ ਅਤੇ ਇਹ ਪਾਕਿਸਤਾਨ ਵਿੱਚ ਨਨਕਾਣਾ ਸਾਹਿਬਕਰਤਾਰਪੁਰ ਸਾਹਿਬਪੰਜਾ ਸਾਹਿਬ ਸਣੇ ਸਾਰੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ

ਫਿਰਕੂ ਹਿੰਸਾ ਨੂੰ ਖ਼ਤਮ ਕਰ ਸਕਦਾ  

ਬਾਬੇ ਨਾਨਕ ਦਾ ਸੰਦੇਸ਼: ਡਾ. ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਫਿਰਕੂ ਹਿੰਸਾ ਨੂੰ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 'ਇੱਕ ਪਰਮਾਤਮਾ, ਧਾਰਮਿਕ ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸਦੀਵੀ ਸੰਦੇਸ਼' ਇਸ ਨੂੰ ਖਤਮ ਕਰਨ ਦਾ ਰਸਤਾ ਵਿਖਾ ਸਕਦਾ ਹੈ। ਉਨ੍ਹਾਂ ਇੱਕ ਬਰਾਬਰ ਸਮਾਜ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇ ਸੰਦੇਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ।ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਤੇ ਸਦਭਾਵਨਾ ਨੂੰ ਇਕਮਾਤਰ ਤਰੀਕਾ ਦੱਸਦਿਆਂ, ਉਨ੍ਹਾਂ ਉਮੀਦ ਜਤਾਈ ਕਿ ਸੰਘਰਸ਼ਾਂ ਦੇ ਟਿਕਾਊ ਹੱਲ ਲਈ ਕਰਤਾਰਪੁਰ ਮਾਡਲ ਨੂੰ ਭਵਿੱਖ ਵਿੱਚ ਵੀ ਦੁਹਰਾਇਆ ਜਾਵੇਗਾ। ਮਨਮੋਹਨ ਸਿੰਘ ਨੇ ਫਿਰਕੂ ਹਿੰਸਾ ਨੂੰ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਹੋਇਆਂ ਕਿਹਾ, 'ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਈਸ਼ਵਰ, ਧਾਰਮਿਕ ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸਦੀਵੀ ਸੰਦੇਸ਼ ਫਿਰਕੂ ਹਿੰਸਾ ਨੂੰ ਖਤਮ ਕਰਨ ਦਾ ਰਸਤਾ ਦਿਖਾ ਸਕਦਾ ਹੈ।ਦਰਅਸਲ ਡਾ. ਮਨਮੋਹਨ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਪੰਜਾਬ ਵਿਧਾਨ ਸਭਾ ਦੇ ਯਾਦਗਾਰੀ ਸੈਸ਼ਨ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ, 'ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਕਿਵੇਂ ਜ਼ਿੰਦਾ ਰੱਖਾਂਗੇ ਜਦੋਂ ਉਨ੍ਹਾਂ ਦੀ ਜਵਾਨੀ ਨਸ਼ਿਆਂ ਦੀ ਆਦੀ ਹੋ ਜਾਵੇਗੀ, ਪਾਣੀ ਜ਼ਹਿਰੀਲਾ ਹੋ ਜਾਵੇਗਾ ਅਤੇ ਔਰਤਾਂ ਦਾ ਨਿਰਾਦਰ ਹੋਵੇਗਾ। ਉਨ੍ਹਾਂ ਦੀ 550ਵੀਂ ਜੈਯੰਤੀ 'ਤੇ ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ।' 

ਕੈਪਟਨ ਦੇ ਮੰਤਰੀ ਨੇ ਸਿੱਧੂ ਨੂੰ ਦਿੱਤਾ 

ਲਾਂਘੇ ਦਾ ਕ੍ਰੈਡਿਟ, ਜਾਖੜ ਨੇ ਵੀ ਕੀਤਾ ਸਪਸ਼ਟ 

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਸਿਹਰਾ ਦਿੱਤਾ। ਹਾਲਾਂਕਿ, ਉਨ੍ਹਾਂ ਅਫਸੋਸ ਜਤਾਇਆ ਕਿ ਸਿੱਧੂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਏ।ਇਸ ਦੇ ਨਾਲ ਹੀ ਰੰਧਾਵਾ ਨੇ ਸਿੱਧੂ ਨੂੰ ਲਾਂਘਾ ਖੋਲ੍ਹਣ 'ਤੇ ਪਾਕਿਸਤਾਨੀ ਸਰਕਾਰ ਦਾ ਧੰਨਵਾਦ ਕਰਨ ਲਈ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ 'ਚ ਸ਼ਾਮਲ ਹੋਣ ਦੀ ਵੀ ਪੇਸ਼ਕਸ਼ ਕੀਤੀ। ਇਸ ਸਭ ਗੱਲਾਂ ਰੰਧਾਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਰੱਖੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਯਾਦਗਾਰੀ ਸੈਸ਼ਨ ਦੌਰਾਨ ਕਹੀਆਂ।ਰੰਧਾਵਾ ਦੇ ਇਸ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲਾਂਘਾ ਖੋਲ੍ਹਣ ਵਿੱਚ ਹਰੇਕ ਵਿਅਕਤੀ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਸਿਹਰਾ ਬਾਬਾ ਨਾਨਕ ਨੂੰ ਜਾਂਦਾ ਹੈ।ਜਾਖੜ ਨੇ ਕਿਹਾ, 'ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿੱਧੂ ਪ੍ਰੋਜੈਕਟ ਨੂੰ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਸਨ ਤੇ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਜਨਰਲ ਬਾਜਵਾ ਨੇ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸਿੱਧੂ ਨੂੰ ਇਹ ਖ਼ਬਰ ਦਿੱਤੀ ਸੀ। ਇਸ ਲਈ ਇਹ ਸਪਸ਼ਟ ਤੌਰ 'ਤੇ ਪਾਕਿਸਤਾਨੀ ਫੌਜ ਦੀ ਯੋਜਨਾ ਹੈ ਤੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।'


0 Response to "ਖਬਰਾਂ--ਸਾਲ-10,ਅੰਕ:37,9 ਨਵੰਬਰ 2019"

Post a Comment