ਰੋਜ਼ਾਨਾ ਜਨਚੇਤਨਾ-20 ਮਾਰਚ, 2018.

www.janchetna.net
ਸਾਰਥਕ ਮਾਨਵਤਾ ਨੂੰ ਸਮਰਪਿਤ
ਰੋਜ਼ਾਨਾ ਜਨਚੇਤਨਾ
ਸਾਲ 8,ਅੰਕ:15,20ਮਾਰਚ2018/7ਚੇਤਰ,ਨਾ.550/ਚੇਤਰ(ਸੁ)ਤੀਜ,ਬਿ.2075.

. ਅੱਜ ਦਾ ਵਿਚਾਰ .    
ਸੁਚੇਤ ਕਰੇ ਜਾਂ ਅਚੇਤ, ਮਨੁੱਖ ਦੇ ਹਰ ਕਾਰਜ ਪਿਛੇ ਕੋਈ ਕਾਰਣ ਹੁੰਦਾ ਹੈ ਅਤੇ ਹਰ ਕਾਰਜ ਦਾ, ਚੰਗਾ ਜਾਂ ਮਾੜਾ, ਨਤੀਜਾ ਨਿਕਲਦਾ ਹੈ। ਸੌਣ ਸਮੇਂ ਘੜੀ ਦਾ ਅਲਾਰਮ ਲਾਉਣ ਦਾ ਕਾਰਜ ਸਵੇਰੇ ਸਮੇਂ ਸਿਰ ਉੱਠਣ ਦੇ ਕਾਰਣ ਲਾਇਆ ਜਾਂਦਾ ਹੈ। ਸਮੇਂ ਸਿਰ ਉੱਠ ਜਾਣ ਦਾ ਨਤੀਜਾ ਸਮੇਂ ਸਿਰ ਸਭ ਕੰਮਾਂ ਦੇ ਸਹੀ ਨਤੀਜਿਆਂ ਨਾਲ ਨਿਬੜ ਜਾਣ ਵਿਚ ਨਿਕਲਦਾ ਹੈ। ਅਜਿਹਾ ਨਾ ਹੋਵੇ ਤਾਂ ਭੱਜ ਦੌੜ ਮੱਚਦੀ ਹੈ, ਕਈ ਕੰਮ ਹੋਣੋਂ ਰਹਿ ਜਾਂਦੇ ਹਨ, ਕਈ ਅਧੂਰੇ  ਹੁੰਦੇ ਹਨ, ਅਤੇ ਕਈ ਕਾਹਲੀ ਵਿਚ ਗਲਤ ਹੋ ਜਾਂਦੇ ਹਨ। ਅਚੇਤ ਕੀਤੇ ਕੰਮਾਂ ਦੇ ਵੀ ਨਤੀਜੇ ਨਿਕਲਦੇ ਹਨ। ਬੇਧਿਆਨੀ ਕਾਰਣ ਕੇਲਾ ਖਾ ਕੇ ਛਿਲਕਾ ਸੜਕ ਉਤੇ ਸੁੱਟਣ ਦੇ ਕਾਰਜ ਦੇ ਸਿੱਟੇ ਭਿਆਨਕ ਹੋ ਸਕਦੇ ਹਨ। ਆਪਣੇ ਵਿਚ ਮਸਤ ਚਲ ਰਹੇ ਰਾਹੀ ਦੇ ਤਿਲਕ ਕੇ ਡਿੱਗਣ ਨਾਲ ਉਸ ਦਾ ਸਿਰ ਪਾਟ ਸਕਦਾ ਹੈ, ਲੱਤ ਬਾਂਹ ਟੁੱਟ ਸਕਦੀ ਹੈ  ਆਮ ਜਨ-ਜੀਵਨ ਵਿਚ ਕੀਤੇ ਜਾਂਦੇ ਹਰ ਕੰਮ ਦਾ ਕਾਰਣ ਹੁੰਦਾ ਹੈ, ਉਸ ਦਾ ਨਾਗਰਿਕਾਂ ਉਤੇ ਪ੍ਰਭਾਵ ਪੈਂਦਾ ਹੈ। ਸਾਨੂੰ ਹਰ ਕਾਰਜ ਸੋਚ ਵਿਚਾਰ ਕੇ, ਕਾਰਜ ਕਾਰਣ ਦਾ ਸਬੰਧ ਸਥਾਪਤ ਕਰਕੇ, ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਦੇ ਕੰਮ ਦਾ ਮੁਲਾਂਕਣ ਵੀ ਏਸੇ ਨਿਯਮ ਅਨੁਸਾਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸਾਰਥਕ ਜੀਵਨ ਜੀਉ ਕੇ ਖੁਸ਼ੀ ਅਤੇ ਸੰਤੁਸ਼ਟੀ ਪਰਾਪਤ ਕਰ ਸਕਦੇ ਹਾਂ।(31)
. ਪੰਜਾਬ ਦਾ ਇਤਿਹਾਸ-281 .   ਹੀਦਾ ਹੈ।ਦੇਸ਼ ਦੀ ਵੰਡ ਸਮੇਂ ਤੋਂ ਮੁਸਲ       
ਸਰਕਾਰ ਨੇ ਗਲਬਾਤ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾਈ ਪਰ ਉਹ ਪੰਜਾਬੀ ਸੂਬੇ ਦੀ ਮੰਗ ਮੰਨਣ ਲਈ ਤਿਆਰ ਨਹੀਂ ਸੀ। ਅਕਾਲੀਆਂ ਨੇ ਵਾਪਿਸ ਲਿਆ ਮੋਰਚਾ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਪਰ ਇਸ ਵਾਰ ਗਰਿਫਤਾਰੀਆਂ ਦੇਣ ਦੀ ਥਾਂ ਮਰਨ ਵਰਤ ਰਖਣ ਦਾ ਫੈਸਲਾ ਹੋਇਆ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸੰਤ ਫਤਹਿ ਸਿੰਘ ਦਾ ਵਰਤ ਉਹਨਾਂ ਛੁਡਵਾਇਆ ਸੀ, ਇਸ ਲਈ ਇਸ ਵਾਰ ਮਰਨ ਵਰਤ ਉਹ ਰਖਣਗੇ ਅਤੇ ਉਹਨਾਂ ਇੰਝ ਕੀਤਾ ਵੀ। 15 ਅਗਸਤ, 1961 ਨੂੰ, ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਭਾਸ਼ਨ ਦੇ ਰਿਹਾ ਸੀ, ਮਾਸਟਰ ਤਾਰਾ ਸਿੰਘ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮੰਜੀ ਸਾਹਿਬ ਵਿਖੇ ਬਣਾਈ ਗਈ ਖਾਸ ਕੁਟੀਆ ਵਿਚ ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ ਮਰਨ ਵਰਤ ਉਤੇ ਬੈਠ ਗਏ।
ਮਾਸਟਰ ਤਾਰਾ ਸਿੰਘ ਦਾ ਵਰਤ 48 ਦਿਨ ਚਲਿਆ ਪਰ ਸਰਕਾਰ ਨੇ ਪੰਜਾਬੀ ਸੂਬੇ ਦੀ ਮੰਗ ਨਹੀਂ ਮੰਨੀ। ਪਹਿਲੀ ਅਕਤੂਬਰ, 1961 ਨੂੰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਅਤੇ ਮਲਿਕ ਹਰਦਿਤ ਸਿੰਘ ਨੇ ਵਿਚ-ਵਿਚਾ ਕਰਕੇ ਸਿੱਖਾਂ ਨਾਲ ਵਿਤਕਰੇ ਦੀ ਜਾਂਚ ਕਰਵਾਉਣ ਲਈ ਇਕ ਕਮਿਸ਼ਨ ਦੀ ਨਿਯੁਕਤੀ ਦਾ ਐਲਾਨ ਸਰਕਾਰ ਕੋਲੋਂ ਕਰਵਾ ਦਿਤਾ। ਇਸ ਦੀ ਆੜ ਵਿਚ ਮਾਸਟਰ ਤਾਰਾ ਸਿੰਘ ਨੇ ਵਰਤ ਛੱਡ ਦਿਤਾ।

 ਸਿੱਖ ਇਤਿਹਾਸ ਵਿਚ ਅੱਜ 
20 ਮਾਰਚ ਦੀਆਂ ਪ੍ਰਮੁੱਖ ਘਟਨਾਵਾਂ:  
= ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਖੇ ਗੁਰੂ ਹਰਿਕਿ੍ਸ਼ਨ ਜੀ ਨਾਲ ਮੁਲਾਕਾਤ ਕੀਤੀ (1664 ਈ.)
=ਜਥੇਦਾਰ ਆਹਲੂਵਾਲੀਆ ਨੇ ਗੋਇੰਦਵਾਲ ਪਤਨ 'ਤੇ ਹਿੰਦੂ ਔਰਤਾਂ ਛੁਡਵਾਈਆਂ (1761 ਈ.)
= ਕਾਮਾਗਾਟਾਮਾਰੂ ਜਹਾਜ ਕਨੇਡਾ ਲਈ ਰਵਾਨਾ ਹੋਇਆ (1914 ਈ.)
= ਅਪਰਾ ਵਿਖੇ ਕਾਨਫਰੰਸ ਹੋਈ (1922 ਈ.)
= ਜਥੇਦਾਰ ਸੰਤੋਖ ਸਿੰਘ ਦਾ ਜਨਮ ਹੋਇਆ (1929 ਈ.)
= ਗੋਲਮੇਜ਼ ਕਾਨਫਰੰਸ ਸਮੇਂ ਸਿੱਖਾਂ 17 ਸੂਤਰੀ ਮੰਗ ਪੱਤਰ ਪੇਸ਼ ਕੀਤਾ (1931 ਈ.)
= ਸ਼ੋ੍ਮਣੀ ਅਕਾਲੀ ਦਲ ਨੇ ਸਿੱਖ ਸਟੇਟ ਦਾ ਮਤਾ ਪਾਸ ਕੀਤਾ (1946 ਈ.)
= ਸ. ਹੁਕਮ ਸਿੰਘ ਲੋਕ ਸਭਾ ਦੇ ਡਿਪਟੀ ਸਪੀਕਰ ਬਣਾਏ ਗਏ (1956 ਈ.)
ਜਥੇਦਾਰ ਸੰਤੋਖ ਸਿੰਘ
ਜਥੇਦਾਰ ਸੰਤੋਖ ਸਿੰਘ ਵੀਹਵੀਂ ਸਦੀ ਦੇ ਸਿੱਖ ਪੰਥ ਦੀ ਅਜ਼ੀਮ ਸਖਸ਼ੀਅਤ ਸਨ। ਉਨਾਂ ਦਾ ਸਿੱਖ ਇਤਿਹਾਸ ਵਿਚ ਉਹੀ ਸਥਾਨ ਹੈ ਜਿਹੜਾ ਦਿੱਲੀ ਉਤੇ ਕਬਜ਼ਾ ਕਰਕੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਵਾਉਣ ਵਾਲੇ ਜਰਨੈਲ ਬਾਬਾ ਬਘੇਲ ਸਿੰਘ ਦਾ ਹੈ। ਬਾਬਾ ਜੀ ਨੇ ਦਿੱਲੀ ਵਿਚ ਇਤਿਹਾਸਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਵਾ ਕੇ ਉਨਾਂ ਨੂੰ ਉਸ ਸਮੇਂ ਦੇ ਗੁਰਦੁਆਰਿਆਂ ਦਾ ਰੂਪ ਦਿਤਾ ਜਦ ਕਿ ਇੰਨਾਂ ਸਥਾਨਾਂ ਨਾਲ ਲਗਦੀਆਂ ਜ਼ਮੀਨਾਂ ਪਾ੍ਪਤ ਕਰਕੇ ਅਤੇ ਵੀਹਵੀਂ ਸਦੀ ਦੇ ਗੁਰਦੁਆਰਿਆਂ ਦਾ ਨਿਰਮਾਣ ਜਥੇਦਾਰ ਸੰਤੋਖ ਸਿੰਘ ਨੇ ਕੀਤਾ।
ਉਹ ਜ਼ਮੀਨ ਨਾਲ ਜੁੜੇ ਹੋਏ ਪੰਥਕ ਨੇਤਾ ਸਨ। ਉਨਾਂ ਨੇ ਜਨਮ ਤਾਂ ਆਰਥਿਕ ਪੱਖੋਂ ਕਮਜ਼ੋਰ ਅਤੇ ਸਮਾਜਿਕ ਪੱਖੋਂ ਪੱਛੜੇ ਪਰਿਵਾਰ ਵਿਚ ਲਿਆ ਪਰ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਿਆਂ ਉਨਾਂ ਨੇ ਜਿੰਨੀ ਸੇਵਾ ਸਿੱਖ ਪੰਥ ਦੀ ਕੀਤੀ ਅਤੇ ਅੰਤਰਰਾਸ਼ਟਰੀ ਸਿੱਖ ਨੇਤਾ ਵਜੋਂ ਜੋ ਨਾਮਣਾ ਖੱਟਿਆ, ਉਹ ਸਾਡੇ ਸਭਨਾਂ ਲਈ ਪੇ੍ਰਨਾਦਾਇਕ ਹੈ।
ਜਥੇਦਾਰ ਸੰਤੋਖ ਸਿੰਘ ਜੀ ਦਾ ਜਨਮ 20 ਮਾਰਚ 1929 ਈਸਵੀ ਨੂੰ ਜ਼ਿਲਾ ਜਲੰਧਰ ਦੇ ਨੂਰ ਮਹਿਲ ਨੇੜੇ ਪਿੰਡ ਕੋਟ ਬਾਦਲ ਖਾਂ ਵਿਚ ਹੋਇਆ। ਮੁੱਢਲੀ ਪੜਾਈ ਪਿੰਡ ਵਿਚ ਹੀ ਹੋਈ ਪਰ ਦੇਸ਼ ਦੀ ਆਜਾਦੀ ਲਈ ਹਿੰਸਕ ਕਾਰਵਾਈਆਂ ਕਰਨ ਵਾਲਿਆਂ ਨਾਲ ਸਹਿਯੋਗ ਕਾਰਣ ਜਾਰੀ ਨਹੀਂ ਰਹਿ ਸਕੀ। ਕਸੌਲੀ ਜਾ ਕੇ ਕਪੜੇ ਦੀ ਕਟਾਈ ਅਤੇ ਸਿਲਾਈ ਦੀ ਵਿਸ਼ੇਸ਼ ਸਿਖਲਾਈ ਲਈ ਅਤੇ ਲਾਹੌਰ ਜਾ ਕੇ ਕਾਰੋਬਾਰ ਸ਼ੁਰੂ ਕੀਤਾ। ਉਥੋਂ ਹੀ ਰਾਜਸੀ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ।
ਪੰਜਾਬ ਦੀ ਵੰਡ ਹੋਈ ਤਾਂ ਦਿੱਲੀ ਆ ਗਏ ਅਤੇ ਜਲਦੀ ਹੀ ਮਾਸਟਰ ਤਾਰਾ ਸਿੰਘ ਦੇ ਹਮਾਇਤੀ ਵਜੋਂ ਪ੍ਰਸਿੱਧ ਹੋ ਗਏ। 1951 ਵਿਚ ਸੰਤੋਖ ਸਿੰਘ ਅਕਾਲੀ ਜੱਥਾ ਸਰਕਲ ਚਾਂਦਨੀ ਚੌਂਕ ਦੇ ਜਥੇਦਾਰ ਬਣੇ। ਜਥੇਦਾਰ ਸ਼ਬਦ ਆਪ ਦੇ ਨਾਮ ਨਾਲ ਅਜਿਹਾ ਜੁੜਿਆ ਕਿ ਮੁੜ ਕੇ ਉਹ ਸੰਤੋਖ ਸਿੰਘ ਨਾਲੋਂ ਜਥੇਦਾਰ ਕਰਕੇ ਵਧੇਰੇ ਪ੍ਸਿੱਧ ਹੋ ਗਏ। ਇਸ ਪਿਛੋਂ ਉਹ ਪੰਥਕ ਸਰਗਰਮੀਆਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਗੇ। 1951 ਤੋਂ 1981 ਤਕ ਦਾ ਦਿੱਲੀ ਦਾ ਸਿੱਖ ਇਤਿਹਾਸ ਜਥੇਦਾਰ ਸੰਤੋਖ ਸਿੰਘ ਦੇ ਦੁਆਲੇ ਹੀ ਘੁੰਮਦਾ ਹੈ।
1955 ਵਿਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਹਰੇ ਤੇ ਪਾਬੰਦੀ ਵਿਰੁੱਧ ਮੋਰਚਾ ਲਗਾ ਤਾਂ ਜਥੇਦਾਰ ਸੰਤੋਖ ਸਿੰਘ ਦਿੱਲੀ ਦੇ 51 ਸਿੰਘਾਂ ਦਾ ਜੱਥਾ ਲੈ ਕੇ ਅੰਮਿ੍ਤਸਰ ਗਏ ਅਤੇ ਅਕਾਲ ਤਖ਼ਤ ਸਾਹਿਬ ਤੋਂ ਤੋਰਨ ਦੀ ਸਾਰੀ ਮਰਯਾਦਾ ਪੂਰੀ ਕਰਕੇ ਗਿ੍ਫਤਾਰੀ ਦਿੱਤੀ। ਉਹਨਾਂ ਨੂੰ ਫਿਰੋਜ਼ਪੁਰ ਜੇਲ ਵਿਚ ਰਖਿਆ ਗਿਆ। ਇਥੇ ਸੰਤ ਫਤਹ ਸਿੰਘ ਜੀ ਨਾਲ ਜਥੇਦਾਰ ਸੰਤੋਖ ਸਿੰਘ ਜੀ ਦੀ ਪਹਿਲੀ ਮੁਲਾਕਾਤ ਹੋਈ ਅਤੇ ਪਹਿਲੀ ਵਾਰ ਇਕ ਦੂਜੇ ਦੇ ਨੇੜੇ ਹੋ ਕੇ ਦੇਖਣ ਤੇ ਸਮਝਣ ਦਾ ਅਵਸਰ ਵੀ ਮਿਲਿਆ। ਉਨਾਂ ਦਿਨਾਂ ਵਿਚ ਫਿਰੋਜ਼ਪੁਰ ਜੇਲ ਵਿਚ 2200 ਅਕਾਲੀ ਰਾਜਸੀ ਕੈਦੀ ਸਨ ਤੇ ਸੰਤ ਫਤਹ ਸਿੰਘ ਜੀ ਉਹਨਾਂ ਦੇ ਲੀਡਰ ਚੁਣੇ ਗਏ। ਸਭ ਤੋਂ ਔਖਾ ਕੰਮ ਜੇਹਲ ਵਿਚ ਵਸਤਾਂ ਦੀ ਵੰਡ ਤੇ ਸੰਭਾਲ ਦਾ ਹੁੰਦਾ ਹੈ। ਇਹ ਸੇਵਾ ਜਥੇਦਾਰ ਸੰਤੋਖ ਸਿੰਘ ਜੀ ਦੇ ਸਪੁਰਦ ਕੀਤੀ ਗਈ ਜੋ ਇਹਨਾਂ ਬੜੀ ਸੁਚੱਜਤਾ ਨਾਲ ਨਿਭਾਈ। 4 ਜੁਲਾਈ ਤੋਂ 14 ਸਤੰਬਰ 1955 ਤਕ ਇਥੇ ਕੈਦ ਰਹੇ ਜਦਕਿ ਮੋਰਚਾ 12 ਜੁਲਾਈ ਨੂੰ ਖਤਮ ਹੋ ਗਿਆ ਸੀ। ਬਾਕੀ ਸਾਰੇ ਅਕਾਲੀ ਰਿਹਾ ਕਰ ਦਿੱਤੇ ਗਏ ਸਨ। ਇਹਨਾਂ ਨੂੰ ਇਸ ਲਈ ਪਹਿਲਾਂ ਰਿਹਾਈ ਨਾ ਮਿਲੀ ਕਿ ਇਹਨਾਂ ਦੇ ਮੈਜਿਸਟਰੇਟ ਸਾਹਮਣੇ ਝੂਠ ਨਾ ਬੋਲਿਆ ਤੇ ਦਲੇਰੀ ਨਾਲ ਕਿਹਾ ਕਿ ਅਸੀਂ ਦਫਾ 144 ਤੋੜੀ ਹੈ ਤੇ ਰਲ ਕੇ ਨਾਹਰੇ ਮਾਰੇ ਸਨ। ਸਰਕਾਰ ਉਸ ਸਮੇਂ ਚਾਹੁੰਦੀ ਸੀ ਕਿ ਇਹ ਕਹਿ ਦੇਣ ਕੇ ਅਸੀਂ ਨਾਹਰੇ ਮਾਰ ਕੇ ਗਿ੍ਫਤਾਰੀ ਨਹੀਂ ਹੋਏ ਸਗੋਂ ਪੁਲਸ ਸਰਾਏ ਵਿਚੋਂ ਫੜ ਲਿਆਈ ਹੈ। ਇਹਨਾਂ ਇਹ ਬਿਆਨ ਨਾ ਦਿੱਤਾ ਅਤੇ ਅਦਾਲਤ ਨੇ ਸਜ਼ਾ ਦਿੱਤੀ ਜੋ ਇਹ ਪੂਰੀ ਭੁਗਤ ਕੇ ਰਿਹਾ ਹੋਏ।
ਭਾਰਤ ਸਰਕਾਰ ਨੇ 1955 ਈ. ਨੂੰ ਇਕ ਕਮਿਸ਼ਨ ਬਣਾਇਆ ਸੀ ਜਿਸ ਦੇ ਸਪੁਰਦ ਭਾਸ਼ਾਈ ਪਾ੍ਂਤਾਂ ਦੀ ਨਵੇਂ ਸਿਰਿਉਂ ਹਦਬੰਦੀ ਦਾ ਮਾਮਲਾ ਵਿਚਾਰਨ ਦਾ ਕੰਮ ਕੀਤਾ ਗਿਆ। ਉਹ ਕਮਿਸ਼ਨ ਸਾਹਮਣੇ ਦਿੱਲੀ ਦੇ ਪੰਜਾਬੀਆਂ ਵੱਲੋਂ ਜਥੇਦਾਰ ਸੰਤੋਖ ਸਿੰਘ ਜੀ ਨੇ ਕੇਸ ਪੇਸ਼ ਕੀਤਾ ਤੇ ਜਦੋਂ ਕਮਿਸ਼ਨ ਨੇ ਪੰਜਾਬ ਨਾਲ ਧੱਕਾ ਕੀਤਾ ਤਾਂ ਦਿੱਲੀ ਵਿੱਚ ਉਸ ਵਿਰੁੱਧ ਜ਼ੋਰਦਾਰ ਪਰੋਟੈਸਟ ਕੀਤਾ।
1956 ਵਿਚ ਅੰਮਿ੍ਤਸਰ ਵਿਚ ਸ਼ੋ੍ਮਣੀ ਅਕਾਲੀ ਦਲ ਦੀ ਉਹ ਇਤਿਹਾਸਕ ਕਾਨਫਰੰਸ ਹੋਈ ਜਿਸ ਦੀ ਹਾਜ਼ਰੀ ਰਿਕਾਰਡ ਤੋੜ ਸੀ। ਉਸ ਕਾਨਫਰੰਸ ਤੇ ਦਿੱਲੀ ਤੋਂ 15 ਬੱਸਾਂ ਭਰ ਕੇ ਲੋਕੀ ਲਿਆਂਦੇ ਗਏ। ਗੱਡੀਆਂ ਤੇ ਕਾਰਾਂ ਤੇ ਇਸ ਤੋਂ ਕਿਤੇ ਵੱਧ ਗਿਣਤੀ ਵਿਚ ਲੋਕ ਆਏ। ਅੰਮਿ੍ਤਸਰ ਦੀ ਉਸ ਕਾਨਫਰੰਸ ਸਮੇਂ ਚਾਂਦੀ ਦੀ ਤਸ਼ਤਰੀ ਵਿਚ ਰੱਖ ਕੇ 21 ਹਜ਼ਾਰ ਰੁਪਏ ਸ਼ੋ੍ਮਣੀ ਅਕਾਲੀ ਦਲ ਨੂੰ ਭੇਟ ਕੀਤੇ ਗਏ।
1956 ਵਿਚ ਅਕਾਲੀ ਦਲ ਦਿੱਲੀ ਦੀਆਂ ਚੋਣਾਂ ਹੋਈਆਂ ਤਾਂ ਸਰਬ ਸੰਮਤੀ ਨਾਲ ਜਥੇਦਾਰ ਸੰਤੋਖ ਸਿੰਘ ਅਕਾਲੀ ਦਲ ਦਿੱਲੀ ਦੇ ਜਥੇਦਾਰ ਚੁਣੇ ਗਏ। ਉਸੇ ਸਾਲ ਆਪ ਸ਼ੋ੍ਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਵੀ ਬਣ ਗਏ ਤੇ ਮੁਖੀ ਅਕਾਲੀ ਆਗੂਆਂ ਵਿਚ ਗਿਣੇ ਜਾਣ ਲਗ ਪਏ। ਤਿੰਨ ਸਾਲ ਆਪ ਅਕਾਲੀ ਦਲ ਦਿੱਲੀ ਦੇ ਪ੍ਧਾਨ ਰਹੇ ਤੇ 22 ਫਰਵਰੀ 1959 ਨੂੰ ਅਕਾਲੀ ਹਾਈ ਕਮਾਂਡ ਨਾਲ ਮਤਭੇਦ ਹੋ ਜਾਣ ਕਾਰਨ ਆਪ ਹੀ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ
ਪੰਜਾਬ ਵਿਚ ਗੁਰਦੁਆਰਿਆਂ ਦਾ ਅਪਮਾਨ ਹੋਣ ਲਗ ਪਿਆ। ਕਈ ਥਾਂ ਸੀ੍ ਗੁਰੂ ਗ੍ੰਥ ਸਾਹਿਬ ਦੇ ਪਤਰੇ ਫਾੜੇ ਗਏ, ਸਰੋਵਰਾਂ ਵਿਚ ਸਿਗਰਟਾਂ ਦੀਆਂ ਡੱਬੀਆਂ ਸੁੱਟੀਆਂ ਗਈਆਂ ਤੇ ਹੋਰ ਕਈ ਸ਼ਰਾਰਤਾਂ ਹੋਈਆਂ ਜਿਨਾਂ ਵਿਰੁੱਧ ਰੋਸ ਪ੍ਗਟ ਕਰਨ ਲਈ ਸ਼ੋ੍ਮਣੀ ਅਕਾਲੀ ਦਲ ਨੇ 2 ਫਰਵਰੀ 1958 ਨੂੰ ਦਿੱਲੀ ਵਿਚ ਜਲੂਸ ਕੱਢਣ ਦਾ ਫੈਸਲਾ  ਕੀਤਾ ਅਤੇ ਜਥੇਦਾਰ ਸੰਤੋਖ ਸਿੰਘ ਉਸ ਦੇ ਕਨਵੀਨਰ ਨਿਯੁਕਤ ਹੋਏ। ਆਪ ਨੇ ਅਗੋਂ ਸ: ਰਛਪਾਲ ਸਿੰਘ ਤੇ ਸ: ਹਰਬੰਸ ਸਿੰਘ ਫਰੰਟੀਅਰ ਨੂੰ ਚੁੱਪ ਜਲੂਸ ਦੇ ਆਰਗੇਨਾਈਜ਼ਰ ਨਿਯੁਕਤ ਕੀਤਾ। ਜਿਤਨਾ ਪ੍ਭਾਵਸ਼ਾਲੀ ਜਲੂਸ ਸੀ, ਉਸ ਦੀ ਮਿਸਾਲ ਵੀ ਘੱਟ ਹੀ ਮਿਲੇਗੀ। ਅਗਲੇ ਸਾਲ 15 ਮਾਰਚ 1959 ਨੂੰ ਸ਼ੋ੍ਮਣੀ ਅਕਾਲੀ ਦਲ ਨੇ ਫਿਰ ਦਿੱਲੀ ਵਿਚ ਇਕ ਜਲੂਸ ਕਢਿਆ। ਇਹ ਗੁਰਦੁਆਰਿਆਂ ਵਿਚ ਸਰਕਾਰੀ ਦਖਲ ਦੇ ਮਾਮਲੇ 'ਤੇ ਸੀ।
ਜਥੇਦਾਰ ਸੰਤੋਖ ਸਿੰਘ ਜੀ 1959 ਵਿਚ ਪਹਿਲੀ ਵਾਰ ਗੁਰਦੁਆਰਾ ਪ੍ਬੰਧਕ ਕਮੇਟੀ ਦਿੱਲੀ ਸਟੇਟ ਦੇ ਮੈਂਬਰ ਬਣੇ, ਤੇ ਸਤੰਬਰ 1961 ਤਕ ਕਮੇਟੀ ਦੇ ਮੈਂਬਰ ਰਹੇ। ਉਸ ਸਮੇਂ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਨੇ ਏਕਤਾ ਦੀ ਖਾਤਰ ਅਸਤੀਫੇ ਦੇ ਦਿਤੇ। 29 ਅਪਰੈਲ 1962 ਨੂੰ ਜੋ ਫੇਰ ਨਵੀਂ ਗੁਰਦੁਆਰਾ ਪ੍ਬੰਧਕ ਕਮੇਟੀ ਬਣੀ, ਜਥੇਦਾਰ ਸੰਤੋਖ ਸਿੰਘ ਉਸ ਦੇ ਮੈਂਬਰ ਵਜੋਂ ਸ਼ਾਮਲ ਹੋਏ ਅਤੇ ਦਿੱਲੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਸਕੱਤਰ ਬਣਾਏ ਗਏ।
ਆਪ ਦੀ ਸਕੱਤਰੀ ਦੇ ਸਮੇਂ ਵਿਚ ਗੁਰਦੁਆਰਾ ਪ੍ਬੰਧਕ ਵਿਚ ਬਹੁਤ ਵੱਡੀਆਂ ਇਨਕਲਾਬੀ ਤਬਦੀਲੀਆਂ ਆਈਆਂ। ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਸ਼ੁਰੂ ਹੋਈਆਂ ਅਤੇ ਕੁਝ ਅਜਿਹੇ ਇਤਿਹਾਸਕ ਕਾਰਜ ਸਿਰੇ ਚੜੇ ਜਿਹਨਾਂ ਕਰਕੇ ਇਸ ਕਮੇਟੀ ਦਾ ਨਾਂ ਇਤਿਹਾਸ ਵਿਚ ਅਮਰ ਹੋ ਗਿਆ। ਦਿੱਲੀ ਦੀ ਇਤਿਹਾਸਕ ਕੋਤਵਾਲੀ ਪਾ੍ਪਤ ਕਰਨ, ਗੁਰਦੁਆਰਾ ਬੰਗਲਾ ਸਾਹਿਬ ਦਾ ਆਲਾ-ਦੁਆਲਾ ਬਦਲਣ ਤੇ ਬਾਕੀ ਸਾਰੇ ਇਤਿਹਾਸਕ ਗੁਰਦੁਆਰਿਆਂ ਦੀਆਂ ਜ਼ਮੀਨਾਂ ਪਾ੍ਪਤ ਕਰਨ ਸਬੰਧੀ ਮਹਾਨ ਉਦਮ ਹੋਏ।
22 ਮਈ 1964 ਨੂੰ ਗੁਰਦੁਆਰਾ ਪਾਉਂਟਾ ਸਾਹਿਬ ਵਿਚ ਖੂਨੀ ਸਾਕਾ ਵਾਪਰਿਆ ਜਦੋਂ ਪੁਲਸ ਦੀਆਂ ਗੋਲੀਆਂ ਤੇ ਮਹੰਤ ਦੀ ਸ਼ਹਿ ਨਾਲ ਹੋਏ ਹਮਲੇ ਕਾਰਨ ਪਾਉਂਟਾ ਸਾਹਿਬ ਵਿਚ ਕਈ ਨਿਹੰਗ ਸਿੰਘ ਸ਼ਹੀਦ ਹੋ ਗਏ ਤੇ ਸਾਰੇ ਪੰਥ ਨੇ ਇਸ ਭਿਆਨਕ ਸਾਕੇ ਨੂੰ ਬੜੇ ਦੁਖਦਾਇਕ ਢੰਗ ਨਾਲ ਲਿਆ। ਦਿੱਲੀ ਤੋਂ ਜਥੇਦਾਰ ਸੰਤੋਖ ਸਿੰਘ ਜੀ ਬਹੁਤ ਸਾਰਾ ਜੱਥਾ ਲੈ ਕੇ ਪਹੁੰਚੇ ਤੇ ਹਾਲਾਤ ਨੂੰ ਸੰਭਾਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਦਾ ਕੰਮ ਪੰਥ ਦੇ ਹਵਾਲੇ ਕਰਨ ਦੇ ਉਦਮ ਵਿਚ ਭਾਈਵਾਲ ਬਣੇ।
ਉਸ ਸਮੇਂ ਤੋਂ ਲੈ ਕੇ ਗੁਰਦੁਆਰਾ ਪਾਉਂਟਾ ਸਾਹਿਬ ਦੇ ਨਾਲ ਸਬੰਧਤ ਬਹੁਤ ਸਾਰੇ ਮੁਕਦਮੇ ਦਿੱਲੀ ਦੀ ਸਹਾਇਤਾ ਨਾਲ ਲੜੇ ਗਏ ਤੇ ਜਥੇਦਾਰ ਸੰਤੋਖ ਸਿੰਘ ਜੀ ਇਸ ਯਤਨ ਵਿਚ ਰਹੇ ਕਿ ਜਿਹੜੀ ਬਹੁਤੀ ਵੱਡੀ ਜਾਇਦਾਦ ਗੁਰਦੁਆਰਾ ਪਾਉਂਟਾ ਸਾਹਿਬ ਦੀ ਖੁਰਦ ਬੁਰਦ ਕੀਤੀ ਗਈ ਹੈ ਉਸ ਨੂੰ ਪਾ੍ਪਤ ਕਰਕੇ ਗੁਰਦੁਆਰਾ ਪ੍ਬੰਧਕ ਕਮੇਟੀ ਪਾਉਂਟਾ ਸਾਹਿਬ ਦੇ ਹਵਾਲੇ ਕੀਤਾ ਜਾਏ। ਆਪ ਪਾਉਂਟਾ ਸਾਹਿਬ ਕਮੇਟੀ ਦੇ ਮੈਂਬਰ ਵੀ ਰਹੇ।
1967 ਵਿਚ ਕਲਕੱਤੇ ਵਿਚ ਗੁਰਦੁਆਰਾ ਬਾਗਮਾਰੀ ਦਾ ਸਾਕਾ ਹੋਇਆ ਜਦਕਿ ਹਮਲਾ ਕਰਕੇ ਗੁਰਦੁਆਰੇ ਨੂੰ ਸਾੜਨ ਦਾ ਯਤਨ ਕੀਤਾ ਗਿਆ ਕਲਕਤੇ ਵਿਚ ਵਸਦੇ ਸਿੱਖਾਂ ਦੇ ਇਸ ਅੰਦੋਲਨ ਵਿਚ ਜਥੇਦਾਰ ਸੰਤੋਖ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਸਿੱਖਾਂ ਨੇ ਪੂਰੀ ਪੂਰੀ ਮਦਦ ਕੀਤੀ। ਪਹਿਲਾਂ ਜਥੇਦਾਰ ਸੰਤੋਖ ਸਿੰਘ ਵਫਦ ਲੈ ਕੇ ਕਲਕੱਤੇ ਗਏ, ਸਾਰੇ ਹਾਲਾਤ ਦੀ ਪੜਤਾਲ ਕੀਤੀ ਅਤੇ ਉਥੋਂ ਦੇ ਸਿੱਖਾਂ ਨੂੰ ਹਰ ਪ੍ਕਾਰ ਦੀ ਸਹਾਇਤਾ ਦਾ ਭਰੋਸਾ ਦਵਾਇਆ।
ਵਾਪਸ ਆ ਕੇ ਜਥੇਦਾਰ ਸੰਤੋਖ ਸਿੰਘ ਨੇ 11 ਆਦਮੀਆਂ ਦਾ ਜਥਾ ਲੈ ਕੇ ਬਾਗਮਾਰੀ ਦੁਰਘਟਨਾ ਬਾਰੇ ਰੋਸ ਪਰਗਟ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਪਲਾਟ ਵਿਚ ਭੁਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਐਕਸ਼ਨ ਦਾ ਬੜਾ ਪ੍ਭਾਵ ਪਿਆ ਤੇ ਬੰਗਾਲ ਦੇ ਮੁਖ ਮੰਤਰੀ ਅਜੈ ਮੁਕਰਜੀ, ਸਾਬਕ ਕੇਂਦਰੀ ਮੰਤਰੀ ਸੀ੍ ਹਮਾਯੂੰ ਕਬੀਰ ਨੂੰ ਨਾਲ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਤੇ ਉਥੇ ਉਨਾਂ ਨੇ ਗੁਰਦੁਆਰਾ ਬਾਗਮਾਰੀ ਦੁਰਘਟਨਾ ਤੇ ਅਫਸੋਸ ਪਰਗਟ ਕੀਤਾ ਅਤੇ ਸਰਕਾਰ ਵਲੋਂ ਇਸ ਸਬੰਧ ਵਿਚ ਪੂਰੀ ਪੜਤਾਲ ਕਰਾਉਣ ਅਤੇ ਇਨਸਾਫ ਕਰਨ ਦਾ ਪੂਰਾ ਯਕੀਨ ਦੁਆਇਆ। 5 ਅਪਰੈਲ ਨੂੰ ਦੋ ਲੱਖ ਲੋਕਾਂ ਨੇ ਦਿੱਲੀ ਵਿਚ ਇਸ ਭੁੱਖ ਹੜਤਾਲ ਵਿਚ ਹਿੱਸਾ ਲਿਆ।
1965 ਵਿਚ ਸੰਤ ਫਤਿਹ ਸਿੰਘ ਜੀ ਨੇ ਪੰਜਾਬੀ ਸੂਬੇ ਦੀ ਪਾ੍ਪਤੀ ਲਈ ਭੁਖ ਹੜਤਾਲ ਸ਼ੁਰੂ ਕੀਤੀ ਅਤੇ ਇਕ ਲੰਮੇ ਸੰਘਰਸ਼ ਦਾ ਮੁੜ ਕੇ ਆਰੰਭ ਕੀਤਾ ਤਾਂ ਜਥੇਦਾਰ ਸੰਤੋਖ ਸਿੰਘ ਜੀ ਨੇ ਇਸ ਸਾਂਝੇ ਕਾਜ ਲਈ ਸਾਰੇ ਮਤਭੇਦ ਅਤੇ ਵਿਰੋਧਤਾਈਆਂ ਛੱਡ ਕੇ ਸੰਤ ਜੀ ਦੀ ਹਮਾਇਤ ਕੀਤੀ ਤਾਂ ਕਿ ਪੰਜਾਬੀ ਸੂਬਾ ਹੋਂਦ ਵਿਚ ਆ ਸਕੇ। ਇਥੇ ਹੀ ਬਸ ਨਹੀਂ ਸਗੋਂ ਸੀ੍ਮਾਨ ਮਾਸਟਰ ਤਾਰਾ ਸਿੰਘ ਜੀ ਨੂੰ ਪੇ੍ਰਨਾ ਕੀਤੀ ਕਿ ਉਹ ਇਸ ਅੰਦੋਲਨ ਵਿਚ ਸੰਤ ਜੀ ਨੂੰ ਸਹਿਯੋਗ ਦੇਣ। ਸੀ੍ਮਾਨ ਮਾਸਟਰ ਤਾਰਾ ਸਿੰਘ ਜੀ ਨੇ ਇਹ ਸੁਝਾਓ ਪਰਵਾਨ ਕੀਤਾ ਅਤੇ ਜਥੇਦਾਰ ਸੰਤੋਖ ਸਿੰਘ ਜੀ ਦੇ ਯਤਨਾਂ ਨਾਲ ਹੀ ਚੋਖੇ ਚਿਰ ਪਿਛੋਂ ਸੰਤ ਜੀ ਅਤੇ ਮਾਸਟਰ ਜੀ ਦੀ ਮੁਲਾਕਾਤ ਹੋਈ।
1966 ਵਿਚ ਜਦੋਂ ਭਾਰਤ ਸਰਕਾਰ ਨੇ ਪੰਜਾਬ ਦੀ ਭਾਸ਼ਾਈ ਅਧਾਰ ਤੇ ਨਵ ਰਚਨਾ ਦੇ ਮਸਲੇ ਤੇ ਵਿਚਾਰ ਕਰਨ ਲਈ ਪਾਰਲੀਮੈਂਟਰੀ ਕਮੇਟੀ ਸਰਦਾਰ ਹੁਕਮ ਸਿੰਘ ਦੀ ਅਗਵਾਈ ਹੇਠ ਬਣਾਈ ਤਾਂ ਉਸ ਕਮੇਟੀ ਸਾਹਮਣੇ ਕੇਸ ਪੇਸ਼ ਕਰਨ ਤੇ ਪੰਜਾਬੀਆਂ ਦੇ ਹਿੱਤਾਂ ਲਈ ਉਪਰਾਲੇ ਕਰਨ ਦਾ ਕੰਮ ਦਿੱਲੀ ਵਿਚ ਜਥੇਦਾਰ ਸੰਤੋਖ ਸਿੰਘ ਜੀ ਨੇ ਸੰਭਾਲਿਆ। ਫੇਰ ਜਦੋਂ ਚੰਡੀਗੜ ਦੀ ਪਾ੍ਪਤੀ ਲਈ 1966 ਵਿਚ ਸੰਤ ਫਤਿਹ ਸਿੰਘ ਜੀ ਨੇ ਭੁਖ ਹੜਤਾਲ ਕੀਤੀ ਅਤੇ ਅਗਨ ਭੇਟ ਹੋਣ ਦਾ ਐਲਾਨ ਕੀਤਾ ਤਾਂ ਜਥੇਦਾਰ ਸੰਤੋਖ ਸਿੰਘ ਉਸ ਵੇਲੇ ਵੀ ਵਿਰੋਧੀ ਧੜੇ ਵਿਚ ਹੋਣ ਦੇ ਬਾਵਜੂਦ ਇਸ ਸਾਂਝੇ ਨਿਸ਼ਾਨੇ ਲਈ ਭੱਜ ਨੱਠ ਕਰਦੇ ਰਹੇ।
ਜਥੇਦਾਰ ਸੰਤੋਖ ਸਿੰਘ ਅਕਾਲੀ ਦਲ ਵਿਚ ਮਤਭੇਦ ਹੋ ਜਾਣ ਉਤੇ ਮਾਸਟਰ ਤਾਰਾ ਸਿੰਘ ਜੀ ਦੇ ਸਾਥੀ ਬਣੇ ਅਤੇ ਅੰਤਿਮ ਸਮੇਂ ਤਕ ਉਨਾਂ ਦਾ ਪੂਰਾ ਸਾਥ ਨਿਭਾਇਆ। ਜਦੋਂ ਇਹ ਲੋੜ ਅਨੁਭਵ ਕੀਤੀ ਗਈ ਕਿ ਹਰ ਕੀਮਤ ਤੇ ਸਾਨੂੰ ਆਪਣੇ ਮਤਭੇਦ ਖਤਮ ਕਰਕੇ ਪੰਥਕ ਏਕਤਾ ਲਈ ਇਕ ਮੁਠ ਹੋਣਾ ਚਾਹੀਦਾ ਹੈ ਤਾਂ ਜਥੇਦਾਰ  ਸੰਤੋਖ ਸਿੰਘ ਪੰਥਕ ਏਕਤਾ ਲਈ ਪੂਰੀ ਤਰਾਂ ਸਰਗਰਮ ਹੋਏ ਤਾਂ ਸ਼ੋ੍ਮਣੀ ਅਕਾਲੀ ਦਲ (ਮਾਸਟਰ ਗਰੁਪ) ਨੇ ਜਿਹੜੀ ਏਕਤਾ ਲਈ ਗਲਬਾਤ ਕਰਨ ਬਾਰੇ ਕਮੇਟੀ ਬਣਾਈ, ਜਥੇਦਾਰ ਸੰਤੋਖ ਸਿੰਘ ਉਸ ਦੇ ਮੈਂਬਰ ਸਨ ਤੇ ਇੰਨਾਂ ਨੇ ਅਖੀਰ ਦੋਹਾਂ ਅਕਾਲੀ ਦਲਾਂ ਦਾ ਏਕਾ ਕਰਵਾਉਣ ਵਿਚ ਮੱਹਤਵ ਪੂਰਨ ਹਿੱਸਾ ਪਾਇਆ। ਉਸ ਪਿਛੋਂ ਇਸ ਅਕਾਲੀ ਦਲ ਨੂੰ ਸ਼ਕਤੀ-ਸ਼ਾਲੀ ਬਣਾਉਣ ਲਈ ਪੂਰਾ ਜ਼ੋਰ ਲਾਉਂਦੇ ਰਹੇ। ਆਪ ਅਨੇਕਾਂ ਸਾਲ ਸ਼ੋ੍ਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇ ਕਈ ਸਾਲ ਮੀਤ ਪ੍ਧਾਨ ਵੀ ਰਹੇ।
ਜਦੋਂ ਚੰਡੀਗੜ ਦੀ ਪਾ੍ਪਤੀ ਦਾ ਅੰਦੋਲਨ ਮਘਿਆ ਤਾਂ ਜਥੇਦਾਰ  ਸੰਤੋਖ ਸਿੰਘ ਇਸ ਅੰਦੋਲਨ ਵਿਚ ਦਿਨ-ਰਾਤ ਸਰਗਰਮ ਰਹੇ। ਦਿੱਲੀ ਵਿਚ ਕਈ ਮੁਜ਼ਾਹਰੇ ਕਰਵਾਏ, ਕਈ ਵਾਰ ਭੁਖ ਹੜਤਾਲਾਂ ਲਈ ਜਥੇ ਭੇਜੇ। ਕੇਂਦਰੀ ਸਰਕਾਰ ਦੇ ਲੀਡਰਾਂ ਨੂੰ ਆਪ ਮਿਲਦੇ ਰਹੇ ਤੇ ਸ਼ੋ੍ਮਣੀ ਅਕਾਲੀ ਦਲ ਦੇ ਮੁਖੀਆਂ ਨੂੰ ਮਿਲਾਉਦੇਂ ਰਹੇ।ਪੰਜਾਬ ਅਤੇ ਪੰਜਾਬ ਤੋਂ ਬਾਹਰ ਸੈਂਕੜੇ ਥਾਂਵਾ ਤੇ ਪਹੁੰਚ ਕੇ ਜਲਸਿਆਂ ਵਿਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਚੰਡੀਗੜ ਸੰਬੰਧੀ ਪੰਜਾਬ ਦਾ ਕੇਸ ਸਮਝਾਇਆ। ਅਖੀਰ ਚੰਡੀਗੜ ਦਾ ਫੈਸਲਾ ਪੰਜਾਬ ਦੇ ਹੱਕ ਵਿਚ ਹੋਇਆ। ਸੰਤ ਫਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ ਤੇ ਸ਼ੋ੍ਮਣੀ ਅਕਾਲੀ ਦਲ ਦੇ ਦੂਜੇ ਸਾਰੇ ਮੁਖੀ ਆਗੂ ਚੰਗੀ ਤਰਾਂ ਜਾਣਦੇ ਸਨ ਕਿ ਜਥੇਦਾਰ ਸੰਤੋਖ ਸਿੰਘ ਇੰਨਾਂ ਦਿਨਾਂ ਵਿਚ ਕਿਤਨੇ ਲਾਭਦਾਇਕ, ਉੱਦਮੀ, ਅਸਰ ਵਾਲੇ ਤੇ ਪ੍ਭਾਵਸ਼ਾਲੀ ਸਾਥੀ ਸਿੱਧ ਹੋਏ ਸਨ।
1969 ਵਿਚ ਇੰਗਲੈਂਡ ਦੇ ਸਿੰਘਾਂ ਨੇ ਦਾਹੜੀ, ਦਸਤਾਰ ਵਿਰੁੱਧ ਮੋਰਚਾ ਲਾਇਆ ਤਾਂ ਜਥੇਦਾਰ ਸੰਤੋਖ ਸਿੰਘ ਨੇ ਇਸ ਅੰਦੋਲਨ ਲਈ ਦਿੱਲੀ ਤੋਂ ਸਹਾਇਤਾ ਜਥੇਬੰਦ ਕੀਤੀ। ਬੇਅੰਤ ਤਾਰਾਂ ਚਿੱਠੀਆਂ ਭੇਜੀਆਂ ਗਈਆਂ, ਭਾਰਤ ਸਰਕਾਰ ਦੇ ਮੁਖੀਆਂ ਨੂੰ ਮਿਲ ਕੇ ਜ਼ੋਰ ਦਿੱਤਾ ਗਿਆ ਕਿ ਉਹ ਮਸਲਾ ਹਲ ਕਰਵਾਉਣ ਲਈ ਸਰਗਰਮ ਹੋਣ। ਫਿਰ 6 ਅਪਰੈਲ ਨੂੰ ਦਿੱਲੀ ਵਿਚ ਜੋ ਬੇ-ਮਿਸਾਲ ਮੁਜ਼ਾਹਿਰਾ ਜਥੇਦਾਰ ਸੰਤੋਖ ਸਿੰਘ ਦੀ ਅਗਵਾਈ ਹੇਠ ਹੋਇਆ ਉਸ ਨੇ ਇੰਗਲੈਂਡ ਦੇ ਸਿੰਘਾਂ ਦਾ ਮੋਰਚਾ ਫਤਿਹ ਕਰਨ ਵਿਚ ਬਹੁਤ ਵੱਡਾ ਹਿੱਸਾ ਪਾਇਆ। ਇੰਗਲੈਂਡ ਦੇ ਸਿੰਘਾਂ ਨੇ ਏਸ ਖੁਸ਼ੀ ਵਿਚ ਜਥੇਦਾਰ ਸੰਤੋਖ ਸਿੰਘ ਨੂੰ ਇੰਗਲੈਂਡ ਦੀ ਯਾਤਰਾ ਤੇ ਸੱਦਿਆ। ਉਥੇ ਇਨਾਂ ਦਾ ਬੜਾ ਨਿੱਘਾ ਸਵਾਗਤ ਹੋਇਆ ਅਤੇ ਬਰਤਾਨੀਆਂ ਵਿਚ ਵਸਦੇ ਸਿੰਘਾਂ ਦੀ ਏਕਤਾ ਕਰਾਉਣ ਵਿਚ ਆਪ ਕਾਮਯਾਬ ਰਹੇ। ਉਥੇ ਚਾਰ ਅਕਾਲੀ ਦਲ ਸਨ ਜੋ ਜਥੇਦਾਰ ਸੰਤੋਖ ਸਿੰਘ ਦੇ ਉਦਮ ਸਦਕਾ ਇਕ ਜਥੇਬੰਦੀ ਵਿਚ ਪਰੋਤੇ ਗਏ।
ਜਥੇਦਾਰ ਸੰਤੋਖ ਸਿੰਘ ਉਤਰ ਪ੍ਰਦੇਸ਼ ਦੀਆਂ ਸਿੱਖ ਸਰਗਰਮੀਆਂ ਵਿਚ ਵੀ ਪੂਰੀ ਦਿਲਚਸਪੀ ਲੈਂਦੇ ਰਹੇ। ਜਦੋਂ ਕਦੇ ਵੀ ਤਰਾਈ ਵਿਚ ਵਸਦੇ ਸਿੱਖਾਂ ਤੇ ਪੰਜਾਬੀਆਂ ਨੂੰ ਉਜਾੜਨ ਅਤੇ ਉਠਾਉਣ ਦਾ ਯਤਨ ਹੋਇਆ, ਜਥੇਦਾਰ ਸੰਤੋਖ ਸਿੰਘ ਉਸ ਵਿਰੁੱਧ ਦਿੱਲੀ ਵਿਚ ਬੈਠੇ ਆਵਾਜ਼ ਉਠਾਉਦੇ ਰਹੇ ਅਤੇ ਕੇਂਦਰੀ ਸਰਕਾਰ ਦੇ ਮੁਖੀਆਂ ਨੂੰ ਮਿਲ ਕੇ ਇਹ ਬੇਇਨਸਾਫੀ ਕਰਨ ਤੋਂ ਰੋਕਦੇ ਰਹੇ। ਇਸੇ ਲਈ 1969 ਵਿਚ ਯੂ.ਪੀ. ਸਿੱਖ ਪਰਤੀਨਿਧ ਬੋਰਡ ਦੀ ਲਖੀਮਪੁਰ ਵਿਚ ਕਾਨਫਰੰਸ ਹੋਈ, ਉਸ ਵਿਚ ਸਰਬ ਸੰਮਤੀ ਨਾਲ ਜਥੇਦਾਰ ਸੰਤੋਖ ਸਿੰਘ ਨੂੰ ਉਤੱਰ ਪਰਦੇਸ਼ ਦੇ ਸਿੱਖਾਂ ਦੇ ਮਸਲੇ ਹਲ ਕਰਨ ਲਈ ਡਿਕਟੇਟਰ ਨਿਯੁਕਤ ਕੀਤਾ ਗਿਆ। ਰੁਦਰਪੁਰ ਵਿਚ ਤੇ ਲਖਨਊ ਵਿਚ ਦੋ ਮਹਾਨ ਪੰਥਕ ਇੱਕਠ ਕਰਕੇ ਮੁੜ ਜਥੇਦਾਰ ਸੰਤੋਖ ਸਿੰਘ ਜੀ ਦੀ ਲੀਡਰਸ਼ਿਪ ਉਤੇ ਪੂਰਨ ਭਰੋਸਾ ਪਰਗਟ ਕੀਤਾ ਗਿਆ।
ਜਥੇਦਾਰ ਸੰਤੋਖ ਸਿੰਘ ਉਸ ਸਮੇਂ ਦਿੱਲੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਸਕੱਤਰ ਦੀ ਸੇਵਾ ਨਿਭਾ ਰਹੇ ਸਨ ਜਦੋਂ ਉਨਾਂ ਦੀਆਂ ਪੰਥ ਦੀ ਚੜਦੀ ਕਲਾ ਦੀਆਂ ਸਰਗਰਮੀਆਂ ਨੂੰ ਠੱਲ ਪਾਉਣ ਦੀ ਨੀਅਤ ਨਾਲ ਕੁਝ ਹਥਿਆਰਬੰਦ ਲੋਕਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕਬਜ਼ਾ ਕਰ ਲਿਆ। ਉਨਾਂ ਤੋਂ ਗੁਰਦੁਆਰਾ ਪਰਿਸਰ ਖਾਲੀ ਕਰਵਾਉਣ ਦੇ ਬਹਾਨੇ ਦਿੱਲੀ ਸਰਕਾਰ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਬੰਧ ਖੁਦ ਸੰਭਾਲ ਲਿਆ। ਇਕ ਆਰਡੀਨੈਂਸ ਜਾਰੀ ਕਰਕੇ ਪ੍ਬੰਧ ਸਰਕਾਰੀ ਅਫਸਰਾਂ ਨੂੰ ਦੇ ਦਿਤਾ ਗਿਆ। ਫਿਰ ਇਕ ਪੰਜ ਮੈਂਬਰੀ ਸਰਕਾਰੀ ਬੋਰਡ ਬਣਾ ਕੇ ਗੁਰਦੁਆਰਾ ਪ੍ਬੰਧ ਉਸ ਨੂੰ ਸੌਂਪ ਦਿਤਾ ਗਿਆ।
ਜਥੇਦਾਰ ਸੰਤੋਖ ਸਿੰਘ ਦੇ ਜ਼ਿਮੇਂ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਬੰਧ ਨੂੰ ਸਰਕਾਰ ਕੋਲੋਂ ਆਜ਼ਾਦ ਕਰਵਾਉਣ ਦੀ ਜ਼ਿਮੇਂਵਾਰੀ ਵੀ ਆ ਪਈ। ਇਸ ਜ਼ਿਮੇਂਵਾਰੀ ਨੂੰ ਜਥੇਦਾਰ ਜੀ ਨੇ ਕੁਸ਼ਲਤਾ ਪੂਰਵਕ ਨਿਭਾਇਆ। ਸਰਕਾਰ ਉਤੇ ਦਬਾਅ ਬਣਾ ਕੇ 1971 ਈ. ਵਿਚ ਹੀ ਸੰਸਦ ਨੇ ਦਿੱਲੀ ਸਿੱਖ ਗੁਰਦੁਆਰਾ ਐਕਟ ਬਣਵਾਇਆ ਗਿਆ। ਚਾਰ ਸਾਲਾਂ ਦੀ ਜਦੋਜਹਿਦ ਪਿਛੋਂ 1975 ਵਿਚ ਆਮ ਚੋਣਾਂ ਕਰਵਾਈਆਂ ਗਈਆਂ। ਜਥੇਦਾਰ ਜੀ ਨੂੰ ਗੁਰਦੁਆਰਾ ਪ੍ਬੰਧ ਤੋਂ ਦੂਰ ਰਖਣ ਲਈ ਸਰਕਾਰ ਨੇ ਕਮੇਟੀ ਦੇ ਅਹੁੱਦੇਦਾਰਾਂ ਲਈ ਮੈਟਰਿਕ ਜਾਂ ਗਿਆਨੀ  ਪਾਸ ਹੋਣ ਦੀ ਸ਼ਰਤ ਲਗਾ ਦਿਤੀ ਸੀਇਸ ਕਾਰਣ ਜਥੇਦਾਰ ਸੰਤੋਖ ਸਿੰਘ ਦਿੱਲੀ ਕਮੇਟੀ ਦੇ ਪ੍ਧਾਨ ਤਾਂ ਨਾ ਬਣ ਸਕੇ ਪਰ ਸੇਵਾ ਕਰਨ ਲਈ ਅਹੁੱਦਿਆਂ ਦੀ ਲੋੜ ਨਹੀਂ ਹੁੰਦੀ। ਫਿਰ ਜਥੇਦਾਰ ਜੀ ਦੀ ਸ਼ੁਹਰਤ ਅਤੇ ਲੋੜ ਸਮੁੱਚੇ ਸਿੱਖ ਪੰਥ ਨੂੰ ਸੀ। ਉਨਾਂ ਦਿੱਲੀ ਤੋਂ ਬਾਹਰ ਰਹਿੰਦੇ ਸਿੱਖਾਂ ਦੀ ਸੇਵਾ ਵੀ ਕਰਨੀ ਸੀ।
1975 ਵਿਚ ਦੇਸ਼ ਵਿਚ ਐਮਰਜੈਂਸੀ ਲਗ ਗਈ। ਸ਼ੋ੍ਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਕਦਮ ਨੂੰ ਮਨੁੱਖੀ ਅਧਿਕਾਰਾਂ ਦਾ ਹਨਨ ਮੰਨਿਆਂ ਅਤੇ ਇਸ ਵਿਰੁੱਧ ਮੋਰਚਾ ਲਾ ਦਿਤਾ। ਜਥੇਦਾਰ ਸੰਤੋਖ ਸਿੰਘ ਦੇਸ਼ ਵਿਚ ਦਿਨ-ਬ-ਦਿਨ ਫੈਲ ਰਹੀ ਗੜਬੜ ਨੂੰ ਰੋਕਣ ਲਈ ਐਮਰਜੈਂਸੀ ਨੂੰ ਜ਼ਰੂਰੀ ਮੰਨਦੇ ਸਨ। ਇਸ ਲਈ ਉਨਾਂ ਇਸ ਅੰਦੋਲਨ ਵਿਚ ਵੱਧ ਚੜ ਕੇ ਹਿੱਸਾ ਨਹੀਂ ਲਿਆ ਪਰ ਇਸ ਦਾ ਵਿਰੋਧ ਵੀ ਨਹੀਂ ਕੀਤਾ ਸਗੋਂ ਅਕਾਲੀ ਦਲ ਅਤੇ ਸਰਕਾਰ ਵਿਚ ਸਮਝੌਤਾ ਕਰਵਾਉਣ ਲਈ ਸਰਗਰਮ ਰਹੇ। ਜਥੇਦਾਰ ਜੀ ਦੇ ਇਸ ਵਤੀਰੇ ਦਾ ਕੁਝ ਸਿਰਕਰਦਾ ਅਕਾਲੀਆਂ ਨੇ ਵਿਰੋਧ ਵੀ ਕੀਤਾ ਪਰ ਜਥੇਦਾਰ ਸੰਤੋਖ ਸਿੰਘ ਆਪਣੀ ਸੋਚੀ ਵਿਚਾਰੀ ਨੀਤੀ ਉਤੇ ਦਿ੍ੜ ਰਹੇ। ਉਹ ਕੱਟੜ ਅਕਾਲੀ ਸਨ, ਅਕਾਲੀ ਵਜੋਂ ਹੀ ਜਨਮ ਲਿਆ, ਅਕਾਲੀ ਵਜੋਂ ਹੀ ਵਿਚਰੇ ਅਤੇ ਅਕਾਲੀ ਵਜੋਂ ਹੀ ਸ਼ਹੀਦ ਹੋਏ। ਗੁਰਮਤਿ ਦੀ ਪਾਲਨਾ ਕੀਤੀ, ਅਕਾਲੀ ਸਿਧਾਤਾਂ ਉਤੇ ਪਹਿਰਾ ਦਿਤਾ ਪਰ ਰਾਜਸੀ ਤੌਰ 'ਤੇ ਜ਼ਮੀਨ ਨਾਲ ਜੁੜੇ ਉਹ ਫੈਸਲੇ ਲਏ ਜਿੰਨਾਂ ਦਾ ਸਥਾਨਕ ਸਿੱਖਾਂ ਨੂੰ ਲਾਭ ਪਹੁੰਚਦਾ ਸੀ। ਜਥੇਦਾਰ ਜੀ ਦੀ ਇਸੇ ਨੀਤੀ ਸਦਕਾ ਉਹ ਕੋਤਵਾਲੀ ਪਾ੍ਪਤ ਹੋ ਸਕੀ ਜਿਥੇ ਨੌਵੇਂ ਪਾਤਸ਼ਾਹ ਸ਼ਹੀਦ ਕੀਤੇ ਗਏ ਸਨ ਅਤੇ ਉਹ ਜ਼ਮੀਨਾਂ ਹਾਸਲ ਕੀਤੀਆਂ ਜਾ ਸਕੀਆਂ ਜਿੰਨਾਂ ਉਤੇ ਵਿਰੋਧੀ ਧਰਮਾਂ ਵਾਲਿਆਂ ਦਾ ਕਬਜ਼ਾ ਸੀ।
1978 ਦੀ ਵੈਸਾਖੀ ਸਮੇਂ ਅੰਮਿ੍ਤਸਰ ਵਿਚ ਵਾਪਰੇ ਨਿਰੰਕਾਰੀ ਕਾਂਡ ਨਾਲ ਸਿੱਖ ਪੰਥ ਇਕ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਦੀ ਆੜ ਵਿਚ ਗੁਰਮਤਿ ਵਿਰੋਧੀ ਸ਼ਕਤੀਆਂ ਸਰਗਰਮ ਹੁੰਦੀਆਂ ਹਨ। ਲੁੱਟ ਮਾਰ, ਵੱਢ ਟੁੱਕ ਤਕ ਦਾ ਸਾਰਾ ਜ਼ਿਮਾਂ ਅਕਾਲੀਆਂ ਉਤੇ ਪਾਇਆ ਜਾਣ ਲਗਾ ਤਾਂ  ਜਥੇਦਾਰ ਸੰਤੋਖ ਸਿੰਘ ਦੇ ਕੰਨ ਖੜੇ ਹੋਏ। ਉਨਾਂ ਭਿੰਡਰਾਂਵਾਲਾ ਦੀ ਹਮਾਇਤ ਦਾ ਐਲਾਨ ਕਰ ਦਿਤਾ। ਲਾਲਾ ਜਗਤ ਨਾਰਾਇਣ ਦੇ ਮਾਮਲੇ ਵਿਚ ਸੰਤ ਭਿੰਡਰਾਂ ਦੀ ਗਿ੍ਫਤਾਰੀ ਸਮੇਂ ਜਥੇਦਾਰ ਜੀ ਦਾ ਮਹਿਤਾ ਚੌਂਕ ਵਿਚ ਦਿਤਾ ਭਾਸ਼ਣ ਇਤਿਹਾਸਕ ਮਹੱਤਵ ਵਾਲਾ ਸੀ ਅਤੇ ਜਥੇਦਾਰ ਜੀ ਦੀ ਪੰਥ ਪ੍ਸਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।
1981 ਵਿਚ ਜਥੇਦਾਰ ਸੰਤੋਖ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਇਸ ਨਾਲ ਉਨਾਂ ਦੀਆਂ ਜ਼ਿਮੇਵਾਰੀਆਂ ਵਿਚ ਵਾਧਾ ਹੋਣਾ ਸੁਭਾਵਿਕ ਹੀ ਸੀ। ਉਨ੍ਹਾਂ ਆਪਣੀ ਪੂਰੀ ਸਮਰਥਾ ਨਾਲ ਸਿੱਖ ਪੰਥ ਦੀਆਂ ਸਮੱਸਿਆਵਾਂ ਨਾਲ ਜੂਝਣਾ ਜਾਰੀ ਰਖਿਆ। ਪੰਥ ਪ੍ਸਤ ਤਾਕਤਾਂ ਨੂੰ ਉਨਾਂ ਦੀ ਸਹਾਇਤਾ ਸੁਭਾਵਿਕ ਹੀ ਸੀ। ਇਸ ਨੂੰ ਰੋਕਣ ਲਈ ਜਥੇਦਾਰ ਜੀ ਨੂੰ 21 ਦਸੰਬਰ, 1981 ਦੇ ਦਿਨ ਸਰੇ ਰਾਹ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿਤਾ ਗਿਆ।
ਜਥੇਦਾਰ ਸੰਤੋਖ ਸਿੰਘ ਦੀ ਸਿੱਖ ਪੰਥ ਨੂੰ ਦੇਣ ਤਿੰਨ ਖੇਤਰਾਂ ਵਿਚ ਵਿਸ਼ੇਸ਼ ਹੈ-ਉਹਨਾਂ ਦਿੱਲੀ ਦੇ ਗੁਰਦੁਆਰਿਆਂ ਲਈ ਖੁਰਦ ਬੁਰਦ ਹੋਈਆਂ ਜਾਇਦਾਦਾਂ, ਜਿਹਨਾਂ ਦੀ ਕੀਮਤ ਅਰਬਾਂ ਰੁਪੈ ਵਿਚ ਹੈ, ਪਰਾਪਤ ਕੀਤੀਆਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਨਵੀਂ ਦਿਖ ਦਿਤੀ। ਉਹਨਾਂ ਦਿੱਲੀ ਦੇ ਸਿੱਖਾਂ ਦੇ ਬੌਧਿਕ ਵਿਕਾਸ ਲਈ ਪਬਲਿਕ ਸਕੂਲਾਂ ਅਤੇ ਕਾਲਜਾਂ ਦੇ ਨਿਰਮਾਣ ਦੀ ਨੀਂਹ ਰੱਖੀ। ਉਹ ਦੇਸ਼-ਵਿਦੇਸ਼ ਦੇ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਰਗਰਮ ਰਹੇ, ਸਿੱਖ-ਪੰਥ ਦੀ ਏਕਤਾ ਦੀ ਹਮਾਇਤ ਕੀਤੀ ਪਰ ਸਥਾਨਕ ਮਾਮਲਿਆਂ ਵਿਚ ਉਹਨਾਂ ਵਲੋਂ ਆਪਣੇ ਫੈਸਲੇ ਆਪ ਲੈਣ ਦੀ ਵਕਾਲਤ ਕੀਤੀ। ਏਕਤਾ ਵਿਚ ਅਨੇਕਤਾ ਦੇ ਇਸ ਸਿਧਾਂਤ ਨੂੰ ਅਪਨਾ ਕੇ ਜਥੇਦਾਰ ਜੀ ਨੇ ਕੌਮ ਲਈ ਵੱਡੀਆਂ ਮੱਲਾਂ ਮਾਰੀਆਂ ਪਰ ਅਫਸੋਸ! ਦੁਨੀਆਂ ਭਰ ਵਿਚ ਫੈਲ ਰਹੇ ਸਿੱਖਾਂ ਦੇ ਵਿਕਾਸ ਲਈ ਅਤਿਅੰਤ ਕਾਰਗਰ ਇਸ ਸਿਧਾਂਤ ਨੂੰ ਕੌਮੀ ਮਾਨਤਾ ਨਹੀਂ ਮਿਲੀ। ਇਸੇ ਕਾਰਣ ਚਖੇਦਾਰ ਸੰਤੋਖ ਸਿੰਘ ਨੂੰ ਉਹ ਮਾਨਤਾ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਹਨ।

 . ਸਭਿਆਚਾਰਕ .
ਸਾਡੇ ਸੰਤ-ਸਿਪਾਹੀ-18
ਜਥੇਦਾਰ ਜੱਸਾ ਸਿੰਘ ਆਹਲੂ
ਪਹਾੜੀਆਂ ਨਾਲ ਟੱਕਰ
ਛਾਪਾਮਾਰੀ ਵਲੋਂ ਅਸੀਂ ਵੀ ਕੋਈ ਕਸਰ ਨਹੀਂ ਛੱਡੀ। ਹਰ ਵਾਰ ਅਸੀਂ ਕਈ ਪਾਰ ਬੁਲਾਉਂਦੇ, ਘੋੜੇ, ਖਾਣ ਪੀਣ ਦਾ ਸਾਮਾਨ ਖੋਂਹਦੇ। ਪਹਿਲਾਂ ਸਾਡੇ ਹੱਲਿਆਂ ਤੋਂ ਤੰਗ ਆ ਕੇ ਸਰਕਾਰੀ ਅਫਸਰ ਦੋ ਚਾਰ ਦਿਨ ਪਿਛੋਂ ਮੁੜ ਜਾਇਆ ਕਰਦੇ ਸਨ ਪਰ ਲਖਪਤ ਛਾਪ ਦਾ ਵਾੜਾ ਬਣ ਕੇ ਚੰਬੜ ਗਿਆ। ਕੋਈ ਵਾਹ ਨਾ ਚਲਦੀ ਵੇਖ ਅਸੀਂ ਬਸੋਹਲੀ ਪਹਾੜੀਆਂ ਵੱਲ ਰੁਖ ਕਰ ਲਿਆ। ਹੈਗਾ ਲੱਖਪਤ ਵੀ ਹਿੰਦੂ ਸੀ, ਉਸ ਨੇ ਸਿੱਖਾਂ ਦਾ ਬੀ ਨਾਸ ਕਰਨ ਦੀ ਠਾਣੀ ਹੋਈ ਸੀ ਪਰ ਫਿਰ ਵੀ ਇਕ ਉਮੀਦ ਸੀ ਕਿ ਪਹਾੜੀ ਰਾਜੇ ਹਿੰਦੂ ਹਨ, ਮੁਗਲ ਰਾਜ ਨੂੰ ਜੜੋਂ ਪੁੱਟਣ ਵਿਚ ਸਾਡੀ ਮਦਦ ਕਰਨਗੇ ਪਰ ਇਹ ਉਮੀਦ ਵੂ ਟੁੱਟ ਗਈ ਜਦ ਹਜਾਰਾਂ ਪਹਾੜੀਏ ਹਥਿਆਰ ਲੈ ਕੇ ਸਾਡੇ ਟਾਕਰੇ ਉਤੇ ਆ ਖੜੇ।  ਪੜੋਲ ਅਤੇ ਕਠੂਹੇ ਦੀਆਂ ਪਹਾੜੀਆਂ ਉਤੇ ਖਾਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ। ਕੁਥਾਂ ਫਸ ਗਏ ਸਾਂ।ਰਾਵੀ ਦੇ ਸੱਜੇ ਕੰਢੇ ਲਹਿੰਦੇ ਵਲ ਜਾ ਰਹੇ ਸਾਂ। ਸਾਹਮਣੇ ਉੱਚੇ ਪਹਾੜ ਅਤੇ ਹਥਿਆਰਾਂ ਨਾਲ ਲੈੱਸ ਪਹਾੜੀਏ। ਪਿੱਛੇ ਲੱਖਪਤ ਦਾ ਟਿੱਡੀ ਦਲ ਅਤੇ ਚੜਦੇ ਵੱਲਠਾਟਾਂ ਮਾਰਦਾ ਰਾਵੀ ਦਾ ਜਲ। ਰਾਵੀ ਟੱਰਣ ਦੀ ਸਲਾਹ ਹੋਈ। ਦਰਿਆ ਦੀ ਥਾਹ ਲੈਣ ਲਈ ਸ. ਗੁਰਦਿਆਲ ਸਿੰਘ ਦੇ ਦੋ ਭਾਈਆਂ ਨੇ ਦਰਆ ਵਿਚ ਘੋੜੇ ਠੱਲੇ ਪਰ ਨਾ ਘੋਰੇ ਮੁੜੇ , ਨਾ ਸਵਾਰ। ਇਕੋ ਇਕ ਰਸਤਾ ਪਹਾੜੀਆਂ ਨਾਲ ਲੜ ਕੇ ਰਸਤਾ ਸਾਫ ਕਰਨ ਦਾ ਬਚਿਆ ਸੀ। ਸੋ ਫਤਹਿ ਗਜਾ ਕੇ ਜਾ ਪਏ ਅਤੇ ਇਕ ਟਿੱਬਾ ਖੋਹ ਲਿਆ। ਪੈਦਲ ਤਾਂ ਉਪਰ ਚੜ ਗਏ ਪਰ ਸਵਾਰਾਂ ਨੂੰ ਬੜੀ ਮੁਸ਼ਕਿਲ ਆ ਬਣੀ। ਘੋੜੇ ਪਹਾੜਾਂ ਉਪਰ ਕਿਵੇਂ
ਚੜਣ? ਜਵਾਨ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੌੜੇ ਦੇ ਪੈਰ ਰੱਖਣ ਜੋਗੀ ਥਾਂ ਬਨਾਉਣ ਪਰ ਬਹੁਤੇ ਘੋੜੇ ਥਿੜਕ ਕੇ ਖੱਡਾਂ ਵਿਚ ਜਾ ਡਿੱਗਣ ਅਤੇ ਮਰ ਜਾਣ। ਆਖਿਰ ਘੋੜ ਸਵਾਰਾਂ ਨੂੰ ਕਹਿਣਾ ਪਿਆ ਕਿ ਉਹ ਲੱਖਪਤ ਦੀਆਂ ਫੋਜਾਂ ਨੂੰ ਰੋਕਣ ਤਾ ਕਿ ਪੈਦਲ ਪਹਾੜੀਆਂ ਨੂੰ ਸੋਧਦੇ ਹੋਏ ਪਹਾੜਾਂ ਉਤੇ ਚੜ ਜਾਣ। ਘੋੜ ਸਵਾਰਾਂ ਨੂੰ ਕਿਹਾ ਗਿਆ ਕਿ ਉਹ ਦੁਸ਼ਮਨਾਂ ਨੂੰ ਚੀਰਦੇ ਹੋਏ ਲਾਹੌਰ ਵੱਲ ਜਾ ਨਿਕਲਣ।
ਇਹ ਸਕੀਮ ਥੋੜੀ ਕੰਮ ਕਰ ਗਈ। ਸਿੰਘਾਂ ਦੇ ਜੱਥੇ ਪਹਾੜੀਂ ਚੜ ਗਏ ਅਤੇ ਅਸਵਾਰ ਲੱਖਪਤ ਨਾਲ ਲੋਹਾ ਲੈਣ ਲਗੇ।
ਕੁਲਮੋਹਨ ਸਿੰਘ 

 . ਸਭਿਆਚਾਰਕ .

‘‘ਸੱਜਣ ਸਿੰਘ ਰੰਗਰੂਟ’’

ਯੂਰੋਪ ਦਾ ਵਜੂਦ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ: ਜੀ.ਕੇ.
ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖੁਸ਼ਬੂ ਦਿੱਤੀ
ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਵੱਲੋਂ ਫਰਾਂਸ ਨੂੰ ਜਰਮਨੀ ਦੇ ਹੱਥ ਜਾਣ ਤੋਂ ਬਚਾਉਣ ਦੀ ਕਹਾਣੀ ਤੇ ਬਣੀ ਪੰਜਾਬੀ ਫਿਲਮ ‘‘ਸੱਜਣ ਸਿੰਘ ਰੰਗਰੂਟ’’ ਸਿੱਖ ਇਤਿਹਾਸ ਦੇ ਪ੍ਰਚਾਰ ਦੀ ਦਿਸ਼ਾ ਚ ਵੱਡੀ ਭੂਮਿਕਾ ਨਿਭਾਏਗੀ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉੱਘੇ ਫ਼ਿਲਮ ਕਲਾਕਾਰ ਦਲਜੀਤ ਦੋਸਾਂਝ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਇਸ ਤੋਂ ਪਹਿਲਾਂ ਫ਼ਿਲਮ ਦੀ ਪੂਰੀ ਟੀਮ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ 1984 ਸਿੱਖ ਕਤਲੇਆਮ ਦਾ ਦਰਦ ਬਿਆਨ ਕਰਦੀ ‘‘ਸੱਚ ਦੀ ਕੰਧ’’ ਯਾਦਗਾਰ ਨੂੰ ਦੇਖਿਆ।
ਜੀ.ਕੇ. ਨੇ ਕਿਹਾ ਕਿ ਦੇਸ਼ ਸਿਰਫ਼ ਅੰਗਰੇਜਾਂ ਦੀ ਗੁਲਾਮੀ ਨੂੰ ਤਾਂ ਆਪਣੇ ਇਤਿਹਾਸ ਦਾ ਹਿੱਸਾ ਮੰਨਦਾ ਹੈ ਪਰ 900 ਸਾਲ ਤੋਂ ਵੱਧ ਦੀ ਮੁਗਲਾਂ ਦੀ ਗੁਲਾਮੀ ਬਾਰੇ ਮੌਨ ਹੋ ਜਾਂਦਾ ਹੈ ਜਦ ਕਿ ਸਿੱਖ ਗੁਰੂਆਂ ਅਤੇ ਜਰਨੈਲਾਂ ਨੇ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਦੀ ਖੁਸ਼ਬੂ ਦਿੱਤੀ ਸੀ। ਜੀ.ਕੇ. ਨੇ ਪਹਿਲੇ ਵਿਸ਼ਵ ਯੁੱਧ ਚ ਸਿੱਖ ਫੌਜੀਆਂ ਵੱਲੋਂ ਅੰਗਰੇਜ਼ ਹਕੂਮਤ ਦੇ ਫੌਜੀਆਂ ਵੱਜੋਂ ਲੜੀਆਂ ਗਈਆਂ ਲੜਾਈਆਂ ਨੂੰ ਸਿੱਖ ਇਤਿਹਾਸ ਦੇ ਮਹਾਨ ਸਫ਼ਰ ਦਾ ਹਿੱਸਾ ਦੱਸਿਆ।
ਜਰਮਨੀ ਵੱਲੋਂ ਫਰਾਂਸ ਤੇ ਕਬਜਾ ਕਰਨ ਵਾਸਤੇ ਕੀਤੇ ਗਏ ਹਮਲੇ ਦਾ ਜਵਾਬ 100 ਸਾਲ ਪਹਿਲੇ ਸਿੱਖ ਫੌਜੀਆਂ ਵੱਲੋਂ ਕੀਤੇ ਜਾਣ ਦਾ ਵਿਖਾਵਾ ਕਰਨ ਵਾਲੀ ਸੱਜਣ ਸਿੰਘ ਰੰਗਰੂਟ ਫਿਲਮ ਨੂੰ ਬਣਾਉਣ ਵਾਲੀ ਪੂਰੀ ਟੀਮ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਵੱਡੇ ਫਿਲਮਕਾਰ ਅਜਿਹੇ ਮਸਲਿਆਂ ਤੇ ਫਿਲਮ ਬਣਾਉਣ ਤੋਂ ਕਿਨਾਰਾ ਕਰਦੇ ਹਨ। ਇਸ ਲਈ ਇਸ ਫਿਲਮ ਨੂੰ ਬਣਾਉਣ ਵਾਲਿਆਂ ਦੀ ਭਾਵਨਾਂ ਨੂੰ ਉਹ ਸਲਾਮ ਕਰਦੇ ਹਨ। ਸਿੱਖ ਫੌਜੀਆਂ ਨੇ 303 ਰਾਇਫਲ ਅਤੇ ਸੂਤੀ ਕਪੜਿਆਂ ਦੇ ਸਹਾਰੇ ਆਪਣੀ ਬਹਾਦਰੀ ਨਾਲ ਜਰਮਨੀ ਨੂੰ ਫਰਾਂਸ ਤੇ ਕਬਜਾ ਨਹੀਂ ਕਰਨ ਦਿੱਤਾ ਸੀ ਮਤਲਬ ਪਗੜੀ ਵਾਲੇ ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਵਾਸਤੇ ਆਪਣਾ ਖੂਨ ਡੋਲਿਆ ਸੀ ਪਰ ਅਫਸੋਸ ਫਰਾਂਸ ਚ ਅੱਜ ਸਾਨੂੰ ਦਸਤਾਰ ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜੀ.ਕੇ. ਨੇ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਕਿਹਾ ਕਿ ਜੇਕਰ ਯੂਰੋਪ ਦਾ ਵਜੂਦ ਅੱਜ ਕਾਇਮ ਹੈ ਤਾਂ ਸਿੱਖਾਂ ਦੀ ਕੁਰਬਾਨੀਆਂ ਕਰਕੇ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਵਾਇਸਰਾਇ ਦੇ ਆਦੇਸ਼ ਤੇ ਢਾਹੇ ਜਾਣ ਦਾ ਫੁਰਮਾਨ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਰਣਧੀਰ ਸਿੰਘ ਅਤੇ ਸਿੱਖ ਫੌਜੀਆਂ ਦੇ ਜਜ਼ਬੇ ਕਰਕੇ ਅੰਗਰੇਜ਼ ਹਕੂਮਤ ਵੱਲੋਂ ਵਾਪਸ ਲਏ ਜਾਣ ਦਾ ਜੀ.ਕੇ. ਨੇ ਖੁਲਾਸਾ ਕੀਤਾ। ਜੀ.ਕੇ. ਨੇ ਦੱਸਿਆ ਕਿ ਸਿੱਖ ਰੈਜੀਮੈਂਟ ਨੇ ਅੰਗਰੇਜ਼ਾਂ ਨੂੰ ਸਾਫ਼ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹੀ ਗਈ ਤਾਂ ਅਸੀਂ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ ਖੇਮੇ ਵਲੋਂ ਲੜਾਈ ਨਹੀਂ ਲੜਾਂਗੇ।
ਜੀ.ਕੇ. ਨੇ ਇਟਾਲੀਅਨ ਇਤਿਹਾਸਕਾਰ ਦੀ ਇੱਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿੱਖ ਫੌਜੀਆਂ ਨੇ ਇਟਾਲੀਅਨ ਫੌਜੀਆਂ ਨੂੰ ਯੁੱਧ ਬੰਦੀ ਬਣਾਉਣ ਦੇ ਬਾਵਜੂਦ ਜਿਸ ਚੰਗੇ ਢੰਗ ਨਾਲ ਉਹਨਾਂ ਦੀ ਸੇਵਾ ਕੀਤੀ, ਉਸ ਦੇ ਇਟਾਲੀਅਨ ਅੱਜ ਵੀ ਕਾਇਲ ਹਨ। ਦਿਲਜੀਤ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲਗਿਆ ਹੈ ਅਤੇ ਸਿੱਖ ਇਤਿਹਾਸ ਬਾਰੇ ਉਹਨਾਂ ਦੀ ਜਾਣਕਾਰੀ ਚ ਵੀ ਵਾਧਾ ਹੋਇਆ ਹੈ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਫਿਲਮ ਦੀ ਟੀਮ ਨੂੰ ਸ਼ਾਲ, ਨਾਨਕਸ਼ਾਹੀ ਸਿੱਕਾ ਅਤੇ ਇਤਿਹਾਸ ਦੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।