missionjanchetna@gmail.com07122020.

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:84, ਸੋਮਵਾਰ, 07ਦਸੰਬਰ 2020.

ਕਿਸਾਨ ਜਥੇਬੰਦੀਆਂ ਦਾ ਐਲਾਨ-

9 ਦਸੰਬਰ ਨੂੰ ਗੱਲ ਸਿਰਫ ਕਾਨੂੰਨ ਰੱਦ ਕਰਨ ਬਾਰੇ ਹੀ ਹੋਵੇਗੀ

ਖੇਤੀ
ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਨੂੰ ਸਾਫ ਆਖ ਦਿੱਤਾ ਹੈ ਕਿ ਹੁਣ ਗੱਲਬਾਤ ਸਿਰਫ ਕਾਨੂੰਨਾਂ ਨੂੰ ਰੱਦ ਕਰਨ ਦੀ ਹੋਵੇਗੀ। ਜਥੇਬੰਦੀਆਂ ਦਾ ਕਹਿਣਾ ਹੈ ਕਿ 9 ਦਸੰਬਰ ਦੀ ਮੀਟਿੰਗ ਵਿਚ ਵੀ ਗੱਲ ਸਿਰਫ ਹਾਂ ਜਾਂ ਨਾ ਦੀ ਹੋਵੇਗੀ। ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਹੈ ਕਿ ਜੇਕਰ ਸਰਕਾਰ ਕਾਨੂੰਨਾਂ ਵਿਚ ਸੋਧ ਕਰਨ ਦੀ ਗੱਲ ਕਰ ਰਹੀ ਹੈ ਤਾਂ ਇਸਦਾ ਮਤਲਬ ਹੈ ਕਿ ਕਾਨੂੰਨ ਗਲਤ ਬਣੇ ਹਨ। ਇਸ ਲਈ ਇਨ੍ਹਾਂ ਨੂੰ ਰੱਦ ਕਰਨ ਉਤੇ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਹੈ।
ਉਨ੍ਹਾਂ ਸਰਕਾਰ ਨੂੰ ਦਿੱਲੀ ਵਿਚ ਸਾਡੇ ਬਜ਼ੁਰਗਾਂ ਅਤੇ ਬੱਚਿਆਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਾਪਸ ਭੇਜਣ ਦੀ ਸਰਕਾਰ ਦੀ ਅਪੀਲ ਨੂੰ ਅਸਵੀਕਾਰ ਕਰਦੇ ਹਾਂ, ਸਾਡੀ ਯੂਨੀਅਨ ਉਨ੍ਹਾਂ ਦੀ ਦੇਖਭਾਲ ਕਰਨ ਦੇ ਯੋਗ ਹੈ।
ਦੱਸ ਦਈਏ ਕਿ ਸਰਕਾਰ ਨੇ 9 ਦਸੰਬਰ ਨੂੰ ਅਗਲੀ ਬੈਠਕ ਦੀ ਤਜਵੀਜ਼ ਰੱਖੀ ਹੈ ਅਤੇ ਅੱਗੇ ਵਿਚਾਰ ਵਟਾਂਦਰੇ ਮਗਰੋਂ ਪੁਖ਼ਤਾ ਪ੍ਰਸਤਾਵ ਪੇਸ਼ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਸਮਾਂ ਮੰਗਿਆ ਹੈ। ਉਂਜ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਕਾਇਮ ਹੈ ਅਤੇ ਇਹ ਸ਼ਾਂਤਮਈ ਹੋਵੇਗਾ। ਕਿਸਾਨ ਜਥੇਬੰਦੀਆਂ ਰਣਨੀਤੀ ਬਣਾਉਣ ਲਈ ਅੱਜ ਬੈਠਕ ਕਰਨਗੀਆਂ।

ਕਿਸਾਨੀ ਹਮਾਇਤ ਨਿੱਤਰੇ ਬਾਕਸਰ ਵਿਜੇਂਦਰ ਸਿੰਘ,

ਖੇਲ ਰਤਨ ਵਾਪਿਸ ਕਰਨ ਦਾ ਕੀਤਾ ਐਲਾਨ 

ਕਾਨੂੰਨਾਂ ਦੇ ਵਿਰੋਧ ਕਿਸਾਨਾਂ ਦਾ ਦਿੱਲੀ ਵਿਖੇ ਧਰਨਾ ਲਗਾਤਾਰ ਜਾਰੀ ਹੈ।  ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ 12ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਰਵਾਨਾ ਹੋਏ ਹਨ।ਇਹਨਾਂ ਵਿਚ ਬਾਕਸਰ ਵਿਜੇਂਦਰ ਸਿੰਘ ਵੀ ਸ਼ਾਮਿਲ ਹਨ ਜਿੰਨਾ ਨੇ ਸਿੰਧੂ ਬਾਰਡਰ ਤੇ ਪਹੁੰਚ ਕੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਆਪਣੇ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ ਉਹ ਆਪਣਾ ਖੇਲ ਰਤਨ ਵਾਪਿਸ ਕਰ ਦੇਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਬਹੁਤ ਸਾਰੇ ਖਿਡਾਰੀ ਅਤੇ ਸਾਹਿਤ ਜਗਤ ਨਾਲ ਜੁੜੇ ਲੋਕ ਆਪਣੇ ਪੁਰਸਕਾਰ ਵਾਪਿਸ ਕਰ ਚੁਕੇ ਹਨ, ਅਤੇ ਵਿਜੇੰਦਰ ਸਿੰਘ ਸੋਸ਼ਲ ਮੀਡੀਆ ਤੋਂ ਹੁਣ ਤਕ ਕਿਸਾਨਾਂ ਨੂੰ ਸਮਰਥਨ ਦਿੰਦੇ ਆਏ ਹਨ ਪਰ ਅੱਜ ਉਹਨਾਂ ਆਪ ਸਿੰਧੂ ਬਾਰਡਰ ਤੇ ਜਾ ਕੇ ਐਲਾਨ ਕੀਤਾ ਹੈ ਕਿ ਜੇਕਰ ਸਾਡਾ ਕਿਸਾਨ ਇੰਝ ਹੀ ਸੜਕਾਂ ਤੇ ਰਿਹਾ ਤਾਂ ਉਹ ਸਨਮਾਨ ਵਾਪਿਸ ਕਰ ਦੇਣਗੇ।

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਅੱਜ

ਜੰਤਰ-ਮੰਤਰ ਉਤੇ ਧਰਨਾ ਦੇਣਗੇ

ਖੇਤੀ
ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਡਟੇ ਹੋਏ ਹਨ। ਕਿਸਾਨਾਂ  ਦੇ ਜੋਸ਼ ਨੂੰ ਵੇਖਦੇ ਹੋਏ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰਾਂ ਨੇ ਵੀ ਕੱਲ੍ਹ ਜੰਤਰ ਮੰਤਰ ਉਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਤੋਂ ਸਾਰੇ ਕਾਂਗਰਸੀ ਸੰਸਦ ਮੈਂਬਰ ਕੱਲ੍ਹ ਦਿੱਲੀ ਵਿਚ ਖੇਤੀ ਕਾਨੂੰਨਾਂ ਖਿਲਾਫ ਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਧਰਨਾ ਦੇਣਗੇ। ਦੱਸ ਦਈਏ ਕਿ ਕਿਸਾਨਾਂ ਨੇ ਪਿਛਲੇ 11 ਦਿਨਾਂ ਤੋਂ ਦਿੱਲੀ ਨੂੰ ਘੇਰਿਆ ਹੋਇਆ। ਉਧਰ ਕਿਸਾਨ ਜਥੇਬੰਦੀਆਂ ਨੇ ਸਿਆਸੀ ਧਿਰਾਂ ਨੂੰ ਅੰਦੋਲਨ ਵਿਚ ਸ਼ਾਮਲ ਹੋਣ ਤੋਂ ਵਰਜਿਆ ਹੋਇਆ ਹੈ।
ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਕੋਈ ਵੀ ਸਿਆਸੀ ਆਗੂ ਆਪਣੇ ਪਾਰਟੀ ਝੰਡੇ ਨਾਲ ਧਰਨਿਆਂ ਵਿਚ ਸ਼ਾਮਲ ਨਹੀਂ ਹੋਵੇਗਾ। ਜਿਸ ਪਿੱਛੋਂ ਸਿਆਸੀ ਆਗੂਆਂ ਨੇ ਕਿਸਾਨ ਅੰਦੋਲਨ ਤੋਂ ਦੂਰੀ ਹੀ ਬਣਾਈ ਹੋਈ ਸੀ। ਹੁਣ ਕਾਂਗਰਸੀ ਸੰਸਦਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਦੇ ਜੰਤਰ ਮੰਤਰ ਵਿਚ ਧਰਨੇ ਦੇਣਗੇ।

ਸਾਡੀ ਸਰਕਾਰ ਤੇ ਕਿਸਾਨਾਂ ਦਾ ਮਾਮਲਾ ਹੈ,

ਇਸ ' ਕੋਈ ਨਾ ਆਵੇ: ਸਨੀ ਦਿਓਲ

ਗੁਰਦਾਸਪੁਰ
ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਬਾਰੇ ਆਖਿਆ ਹੈ ਕਿ ਮਸਲਾ ਸਾਡੀ ਸਰਕਾਰ ਤੇ ਕਿਸਾਨਾਂ ਦਾ ਹੈ। ਇਸ ਵਿਚ ਕੋਈ ਵੀ ਨਾ ਆਵੇ, ਕਿਉਂਕਿ ਦੋਵੇਂ ਮਿਲ ਕੇ ਆਪੇ ਹੱਲ ਕੱਢ ਲੈਣਗੇ।
ਸਨੀ ਦਿਓਲ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਕੁਝ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚ ਰਹੇ। ਉਨ੍ਹਾਂ ਦੀਪ ਸਿੱਧੂ ਨੂੰ ਘੇਰਦਿਆਂ ਆਖਿਆ ਕਿ ਉਹ ਚੋਣਾਂ ਸਮੇਂ ਮੇਰੇ ਨਾਲ ਸੀ ਤੇ ਹੁਣ ਲੰਮੇ ਸਮੇਂ ਤੋਂ ਮੇਰੇ ਸੰਪਰਕ ਵਿਚ ਨਹੀਂ ਹੈ।

ਉਹ ਜੋ ਕਰ ਰਿਹਾ ਹੈ, ਉਹ ਆਪਣੇ ਇੱਛਾ ਮੁਤਾਬਕ ਕਰ ਰਿਹਾ ਹੈ, ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ। ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੇ ਭਲੇ ਬਾਰੇ ਸੋਚਿਆ ਹੈ। ਮੈਨੂੰ ਯਕੀਨ ਹੈ ਕਿ ਸਰਕਾਰ ਗੱਲ਼ਬਾਤ ਰਾਹੀਂ ਮਸਲੇ ਦਾ ਹੱਲ ਕੱਢ ਲਵੇਗੀ।

ਕਿਸਾਨ ਅੰਦੋਲਨ:

ਭਾਰਤ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਥਨ

ਖੇਤੀ
ਕਾਨੂੰਨਾਂ ਖਿਲਾਫ ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨਾਂ ਦਾ ਅੰਦੋਲਨ ਹੁਣ ਤੇਜ਼ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ ਵਾਰ ਵਾਰ ਬੇਸਿੱਟਾ ਮੀਟਿੰਗ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਬੰਦ ਦਾ ਸਮਰਥਨ ਕਰਨ ਦੇ ਲਈ ਕਈ ਪਾਰਟੀਆਂ ਅੱਗੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਬੰਦ ਦੀ ਸਫਲਤਾ ਲਈ ਅਰਦਾਸ ਅਤੇ ਕੀਰਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੋਕਾਂ ਨੂੰ ਹੱਥ ਮਿਲਾਉਣ ਅਤੇ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕਰਨਗੇ।

ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਕਿਸਾਨ ਜੱਥੇਬੰਦੀਆਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਸਮਰਥਨ ਕਰਨ ਦਾ ਐਲਾਨ ਵੀ ਕੀਤਾ ਹੈ। ਆਮ ਆਦਮੀ ਪਾਰਟੀ ਵੀ ਕਿਸਾਨ ਦੇ ਨਾਲ ਖੜ੍ਹੀ ਹੈ। ਆਮ ਆਦਮੀ ਪਾਰਟੀ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਹ ਭਾਰਤ ਬੰਦ ਦਾ ਪੂਰਾ ਸਮਰਥਨ ਕਰਦੀ ਹੈ। ਦੇਸ਼ ਭਰ ਦੇ ਆਪਵਰਕਰ ਸ਼ਾਂਤੀ ਨਾਲ ਇਸ ਦਾ ਸਮਰਥਨ ਕਰਨਗੇ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰਨ ਅਤੇ ਇਸ ਵਿੱਚ ਹਿੱਸਾ ਲੈਣ।

ਭਾਰਤ ਬੰਦ ਨੂੰ ਸਮਰਥਨ :

ਮੰਡੀਆਂ ਤੇ ਡੇਅਰੀਆਂ ਤਕ ਰਹਿਣਗੀਆਂ ਬੰਦ

ਪੂਰਾ
ਦੇਸ਼ ਇਸ ਵੇਲੇ ਕਿਸਾਨਾਂ ਦੇ ਹੱਕ ਖੜ੍ਹਾ ਹੈ , ਕੇਂਦਰ ਵੱਲੋਂ 3 ਕਿਸਾਨੀਂ ਬਿੱਲਾਂ ਨੂੰ ਰੱਦ ਨਾ ਕਰਨ ਦੀ ਏਵਜ਼ ਕਿਸਾਨਾਂ ਵੱਲੋਂ 8 ਦਸੰਬਰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਸਮੂਹ ਦੇਸ਼ ਵਾਸੀ ਸਮਰਥਨ ਦੇ ਰਹੇ ਹਨ ਜਿੰਨਾ ਵਿਚ ਟ੍ਰਾੰਸਪੋਰਟ ਵੱਲੋਂ ਕਿਸਾਨੀ ਸੰਘਰਸ਼ ਹਿਮਾਇਤ ਦੀ ਆਵਾਜ਼ ਬੁਲੰਦ ਕੀਤੀ ਹੈ। ,ਉਥੇ ਹੀ ਅੱਜ ਇਸ ਅੰਦੋਲਨ ਦੇ ਵਿਚ ਪੱਤਰਕਾਰ ਭਾਈਚਾਰਾ ਵੀ ਜੁੜ ਚੁੱਕਿਆ ਹੈ, ਜੋ ਕਿ ਚੰਡੀਗੜ੍ਹ ਵਿਖੇ ਕਿਸਾਨੀ ਬਿੱਲਾਂ ਦੇ ਵਿਰੋਧ ਇੱਕਤਰ ਹੋਵੇਗਾ ,ਟ੍ਰਿਬਿਊਨ ਐਂਪਲਾਈਜ਼ ਯੂਨੀਅਨ, ਪੰਜਾਬੀ ਪੱਤਰਕਾਰ ਮੰਚ ਅਤੇ ਹੋਰ ਪੱਤਰਕਾਰ ਯੂਨੀਅਨਾਂ ਨੇ 8 ਦਸੰਬਰ ਨੂੰ ਚੰਡੀਗੜ੍ਹ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ |

ਉਥੇ ਹੀ ਮੰਡੀਆਂ ਤੋਂ ਲੈਕੇ ਡੇਅਰੀਆਂ ਵਾਲੇ ਇਸ ਅੰਦੋਲਨ ਦੇ ਵਿਚ ਸ਼ਾਮਿਲ ਹਨ ਉਥੇ ਹੀ ਹੁਣ ਸਟਰੀਟ ਵੈਡਰ ਐਸੋਸੀਏਸ਼ਨ ਵੀ ਕਿਸਾਨਾਂ ਦੇ ਹੱਕ ਗਈ ਹੈ ਅਤੇ ਰੇਹੜੀ ਫੜੀ ਯੂਨੀਅਨ ਪੰਜਾਬ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ। ਕਾਲੇ ਕਾਨੂੰਨ ਰੱਦ ਹੋਣ ਤਕ ਪ੍ਰਵਾਸੀ ਮਜ਼ਦੂਰਾਂ ਵਲੋਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਗਿਆ ਹੈ , ਅਤੇ 8 ਦਸੰਬਰ ਨੂੰ ਸੇਵਾਵਾਂ ਰੱਦ ਕਰਨ ਦੀ ਗੱਲ ਆਖੀ ਹੈ।

ਖੇਤੀ ਕਾਨੂੰਨਾਂ ਦੇ ਖ਼ਿਲਾਫ ਐਲਾਨੇ ਗਏ ਭਾਰਤ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੂਰੀ ਰਣਨੀਤੀ ਉਲੀਕ ਲਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵਲੋਂ ਅੱਜ ਦਿੱਲੀ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਗਈ। ਕਿਸਾਨ ਨੇਤਾ ਜੋਗਿੰਦਰ ਯਾਦਵ ਨੇ ਦੱਸਿਆ ਕਿ ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਤੋਂ ਸਮਰਥਨ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ 8 ਦਸੰਬਰ ਦੀ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਿਸਾਨਾਂ ਵਲੋਂ ਪੂਰੇ ਦੇਸ਼ ਚ ਚੱਕਾ ਜਾਮ ਕੀਤਾ ਜਾਵੇਗਾ। ਯਾਦਵ ਦੇ ਮੁਤਾਬਕ ਇਸ ਦਿਨ ਕਿਸੇ ਵੀ ਜ਼ਰੂਰੀ ਵਸਤੂ ਦੀ ਸਪਲਾਈ ਨਹੀਂ ਹੋਵੇਗੀ। ਸਬਜ਼ੀ ਦੀਆਂ ਮੰਡੀਆਂ ਬੰਦ ਰਹਿਣਗੀਆਂ ਅਤੇ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ।

ਹਰਿਆਣਾ ਦੀ ਖੱਟੜ ਸਰਕਾਰ ਨੂੰ ਵੱਡਾ ਝਟਕਾ,

ਇਕ ਹੋਰ ਵਿਧਾਇਕ ਨੇ ਸਾਥ ਛੱਡਿਆ

ਖੇਤੀ
ਕਾਨੂੰਨਾਂ ਖਿਲਾਫ ਉਠਿਆ ਰੋਹ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ। ਕਿਸਾਨਾਂ ਉਤੇ ਕੀਤੇ ਤਸ਼ੱਦਦ ਦੇ ਰੋਸ ਵਜੋਂ ਸਰਕਾਰ ਨਾਲ ਜੁੜੇ ਵਿਧਾਇਕ ਬਾਗੀ ਹੁੰਦੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਧਾਇਕਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੁਣ ਭਾਜਪਾ ਸਰਕਾਰ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਜੇਜੇਪੀ ਦਾ ਇੱਕ ਹੋਰ ਵਿਧਾਇਕ ਕਿਸਾਨਾਂ ਦੇ ਸਮਰਥਨ ਵਿੱਚ ਗਿਆ ਹੈ। ਜੁਲਾਨਾ ਤੋਂ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਕਿਸਾਨਾਂ ਦੇ ਹੱਕ ਵਿੱਚ ਗਏ ਹਨ।
ਹਰਿਆਣਾ ਵਿੱਚ ਭਾਜਪਾ ਕੋਲ ਪੂਰਾ ਬਹੁਮਤ ਨਹੀਂ ਹੈ ਤੇ ਭਾਜਪਾ ਨੇ ਜੇਜੇਪੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ। ਹੁਣ ਇਕ ਇਕ ਕਰਕੇ ਵਿਧਾਇਕ ਆਪਣਾ ਸਮਰਥਨ ਵਾਪਸ ਲੈ ਰਹੇ ਹਨ। ਉਧਰ, ਖਾਪ ਪੰਚਾਇਤਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਜੇਜੇਪੀ ਦੇ ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਨਾਰਨੌਂਦ ਤੋਂ ਰਾਮਕੁਮਾਰ ਗੌਤਮ, ਬਰਵਾਲ ਤੋਂ ਜੋਗੀ ਰਾਮ ਸਿਹਾਗ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ।

ਵਿਧਾਇਕ ਅਮਰਜੀਤ ਢਾਂਡਾ ਨੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਬੇਟਾ ਹਾਂ, ਇਸ ਲਈ ਮੈਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਵਿਧਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰਿਆਣੇ, ਪੰਜਾਬ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਕਿਸਾਨਾਂ ਦੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਦੀਆਂ ਦੇ ਸਮੇਂ ਬਜ਼ੁਰਗ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੇ ਹਨ, ਸਰਕਾਰ ਨੂੰ ਸੋਚਣਾ ਚਾਹੀਦਾ ਹੈ।

ਫਾਇਜ਼ਰ ਨੇ ਭਾਰਤ ਐਮਰਜੈਂਸੀ ਪ੍ਰਸਿਥਤੀਆਂ

ਲਈ ਵਰਤੋਂ ਦੀ ਮਨਜ਼ੂਰੀ ਮੰਗੀ

ਅਮਰੀਕੀ ਕੰਪਨੀ ਫਾਈਜ਼ਰ ਅਤੇ ਇਸ ਦੀ ਭਾਰਤੀ ਇਕਾਈ ਨੇ ਭਾਰਤ ਵਿਚ ਕੋਵਿਡ-19 ਟੀਕੇ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਕਰਨ ਲਈ ਇਜਾਜ਼ਤ ਲੈਣ ਵਾਸਤੇ ਡਰੱਗ ਕੰਟਰੋਲਰ ਜਨਰਲ ਨੂੰ ਦਰਖਾਸਤ ਦਿੱਤੀ ਹੈ। ਫਾਈਜ਼ਰ ਨੂੰ ਬ੍ਰਿਟੇਨ ਅਤੇ ਬਹਿਰੀਨ ਵਿਚ ਕੋਵਿਡ ਟੀਕੇ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।

ਜਲਾਲਾਬਾਦ ਵਿੱਚ ਪੁਲਿਸ ਮੁਲਾਜ਼ਮਾਂ ਤੇ ਹਮਲਾ,

ਹਮਲਾਵਰ ਕੇ 47 ਲੈ ਕੇ ਫਰਾਰ

ਇਥੇ ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ਵਿਖੇ ਲੰਘੀ ਰਾਤ ਕਰੀਬ 12 ਵਜੇ ਕਰਫ਼ਿਊ ਦੌੌਰਾਨ ਫ਼ੌਜ ਵਰਦੀ ਖੜੇ 4 ਨੌਜਵਾਨਾਂ ਨੇ ਵਧੀਕ ਐੱਸਐੱਚਓ ਤੇ ਹੋਮਗਾਰਡ ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਹਮਲਾਵਰ ਥਾਣੇਦਾਰ ਦੀ ਏਕੇ 47 ਰਾਈਫਲ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਹੋਣ ਮਗਰੋਂ ਪੁਲੀਸ ਨੇ ਉਨ੍ਹਾਂ ਦੇ ਘਰਾਂ ਉੱਤੇ ਛਾਪੇ ਸ਼ੁਰੂ ਕਰ ਦਿੱਤੇ ਹਨ। ਮੋਗਾ ਜਿਲ੍ਹੇ 3 ਮਹੀਨੇ ਵਿੱਚ ਇਹ ਪੁਲੀਸ ਉੱਤੇ ਰਾਤ ਵੇਲੇ ਅਜਿਹੀ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਦੂਜਾ ਵੱਡਾ ਹਮਲਾ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਦੀ ਪਛਾਣ ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਸਾਰੇ ਪਿੰਡ ਜਲਾਲਾਬਾਦ ਪੂਰਬੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਤੇ ਹੋਰ ਫ਼ੌਜਦਾਰੀ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਗੰਭੀਰ ਜ਼ਖ਼ਮੀ ਥਾਣੇਦਾਰ ਮੇਜਰ ਸਿੰਘ ਅਤੇ ਹੋਮਗਾਰਡ ਸੁਖਵਿੰਦਰ ਸਿੰਘ ਸਿਵਲ ਹਸਪਤਾਲ ਮੋਗਾ ਵਿੱਚ ਜੇਰੇ ਇਲਾਜ ਹਨ। ਪੁਲੀਸ ਮੁਤਾਬਕ ਥਾਣੇਦਾਰ ਤੇ ਹੋਮ ਗਾਰਡ ਰਾਤ ਕਰੀਬ 12 ਵਜੇ ਪਿੰਡ ਜਲਾਲਾਬਾਦ ਪੂਰਬੀ ਵਿਖੇ 112 ਹੈਲਪ ਲਾਈਨ ਉੱਤੇ ਮਿਲੀ ਸ਼ਿਕਾਇਤ ਦੀ ਜਾਂਚ ਲਈ ਗਏ ਸਨ। ਇਸ ਦੌਰਾਨ ਰਸਤੇ ਵਿੱਚ ਹੀ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਮਗਰੋਂ ਰੋਹ ਵਿੱਚ ਆਈ ਪੁਲੀਸ ਜੇਸੀਬੀ ਮਸ਼ੀਨ ਨਾਲ ਗੇਟ ਤੋੜ ਕੇ ਮੁਲਜ਼ਮਾਂ ਦੇ ਘਰਾਂ ਅੰਦਰ ਦਾਖਲ ਹੋ ਗਈ। ਪੁਲੀਸ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ।

ਪਿੰਡ ਖੋਸਾ ਪਾਂਡੋ ਵਿਖੇ ਲੰਘੀ 9 ਜੂਨ ਨੂੰ ਦੇਰ ਰਾਤ ਵੇਲੇ ਅਜਿਹੀ ਸ਼ਿਕਾਇਤ ਕਰਨ ਦੀ ਜਾਂਚ ਕਰਨ ਗਈ ਥਾਣਾ ਸਦਰ ਪੁਲੀਸ ਉੱਤੇ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿੱਚ ਇੱਕ ਹੌਲਦਾਰ ਜਗਮੋਹਣ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਇੱਕ ਇੰਸਪੈਕਟਰ ਤੇ ਇੱਕ ਸਿਪਾਹੀ ਜਖ਼ਮੀ ਹੋ ਗਏ ਸਨ। ਪੁਲੀਸ ਦੀ ਜਵਾਬੀ ਗੋਲੀ ਵਿੱਚ ਹਮਲਾਵਾਰ ਨੌਜਵਾਨ ਗੁਰਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ।

 

0 Response to "missionjanchetna@gmail.com07122020."

Post a Comment