missionjanchetna@gmail.com24122020.

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:90, ਵੀਰਵਾਰ, 24ਦਸੰਬਰ 2020.

ਮੋਦੀ 25 ਦਸੰਬਰ ਨੂੰ ਸਨਮਾਨ ਨਿਧੀ ਦੀ ਕਿਸ਼ਤ ਜਾਰੀ ਕਰਨਗੇ,  

9 ਕਰੋੜ ਕਿਸਾਨਾਂ ਨੂੰ ਹੋਵੇਗਾ ਫਾਇਦਾ 

ਖੇਤੀਬਾੜੀ ਸੁਧਾਰ ਕਾਨੂੰਨ 2020 ਦੇ ਵਿਰੋਧ ਵਿੱਚ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਬਾਰਡਰ ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ  25 ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਿੱਤੀ ਲਾਭ ਦੀ ਅਗਲੀ ਕਿਸ਼ਤ ਜਾਰੀ ਕਰੇਗੀ ਇਹ ਜਾਣਕਾਰੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ। ਪ੍ਰਧਾਨ ਮੰਤਰੀ ਦਫਤਰ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਪ੍ਰਧਾਨ ਮੰਤਰੀ 18,000 ਕਰੋੜ ਰੁਪਏ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ ਤਬਦੀਲ ਕਰਨਗੇ।

ਪੀਐਮਓ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ 6 ਵੱਖ-ਵੱਖ ਰਾਜਾਂ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਉਹ ਸਰਕਾਰ ਵੱਲੋਂ ਕਿਸਾਨ ਭਲਾਈ ਲਈ ਚੁੱਕੇ ਗਏ ਵੱਖ-ਵੱਖ ਹੋਰ ਪਹਿਲਕਦਮੀਆਂ ਬਾਰੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕਰਨਗੇ। ਇਸ ਗੱਲਬਾਤ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਰਹਿਣਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨ ਸਨਮਾਨ ਨਿਧੀ ਦੀ ਇਹ ਕਿਸ਼ਤ ਉਸ ਸਮੇਂ ਜਾਰੀ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਅਤੇ ਹਰਿਆਣਾ ਦੇ ਅੰਦੋਲਨਕਾਰੀ ਕਿਸਾਨ ਪਿਛਲੇ ਇਕ ਮਹੀਨੇ ਤੋਂ ਸਰਕਾਰ ਤੋਂ ਨਵੇਂ ਖੇਤੀ ਸੁਧਾਰ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਕਈ ਦੌਰ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਮਿਲ ਸਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣਾ ਚਾਹੀਦਾ ਹੈ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ ਅਤੇ ਕਿਸਾਨਾਂ ਨੂੰ ਇਸ ਬਾਰੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨ।

ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਵੇਂ ਖੇਤੀਬਾੜੀ ਸੁਧਾਰ ਕਾਨੂੰਨ ਭਾਰਤੀ ਖੇਤੀਬਾੜੀ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਯੂਨੀਅਨਾਂ ਨਾਲ ਵਿਵਾਦ ਦੇ ਸਾਰੇ ਮੁੱਦਿਆਂ ਬਾਰੇ ਅਜੇ ਵੀ ਵਿਚਾਰ ਵਟਾਂਦਰੇ ਲਈ ਤਿਆਰ ਹੈ। 

ਸਿੱਖਿਆ ਮੰਤਰੀ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ,

ਕੇਂਦਰ ਨੂੰ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਹੱਕ ਵਿਚ ਸੰਗਰੂਰ ਵਿਖੇ ਇੱਕ ਰੋਜਾ ਭੁੱਖ ਹੜਤਾਲ ਕੀਤੀ . ਇਸ ਭੁੱਖ ਹੜਤਾਲ ਵਿਚ ਇਲਾਕੇ ਦੇ 200 ਤੋਂ ਵੱਧ ਆੜਤੀਆਂ ਨੇ ਵੀ ਸਿੱਖਿਆ ਮੰਤਰੀ ਦਾ ਸਾਥ ਦਿੱਤਾ ਅਤੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਦੀ ਹਿਮਾਇਤ ਕੀਤੀ।

ਭੁੱਖ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੁਆਰਾ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਸੱਚੀ ਲੋਕ ਲਹਿਰ ਬਣ ਗਿਆ ਹੈੇ ਅਤੇ ਹਰ ਪੰਜਾਬੀ ਹੁਣ ਜ਼ਾਤ ਧਰਮ ਅਤੇ ਕਿੱਤੇ ਨੂੰ ਪਿੱਛੇ ਛੱਡ ਕੇ ਇਸ ਮੁਹਿੰਮ ਵਿਚ ਆਪਣਾ ਹਿੱਸਾ ਪਾ ਰਿਹਾ ਹੈ . ਪੰਜਾਬ ਵਿਚ ਆੜਤੀਏ ਅਤੇ ਕਿਸਾਨ ਦਾ ਨੌਂਹ-ਮਾਸ ਦਾ ਰਿਸ਼ਤਾ ਹੈ ਜੋ ਪਿਛਲੇ ਸੌ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਭੁੱਖ ਹੜਤਾਲ ਰਾਹੀਂ ਅਸੀਂ ਕਿਸਾਨ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ।
ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਬੁਲਾ ਕੇ ਇਹ ਕਾਲੇ ਕਾਨੂਨ ਵਾਪਸ ਲਵੇ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਲੇ ਕਾਨੂੰਨ ਭਾਰਤੀ ਜਮਹੂਰੀਅਤ ਦੇ ਸੰਘੀ ਢਾਂਚੇ ਤੇ ਹਮਲਾ ਹਨ। ਸਿੱਖਿਆ ਮੰਤਰੀ ਨੇ ਸਾਫ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਪਿੱਛੇ ਉਹਨਾਂ ਵਿਸ਼ਿਆਂ ਤੇ ਕਾਨੂਨ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਦੇ ਅਖਤਿਆਰ ਵਿਚ ਹੀ ਨਹੀਂ ਹਨ। ਉਹਨਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ ਪਰ ਕੇਂਦਰ ਨੂੰ ਵੀ ਇਹ ਕਾਨੂੰਨ ਵਾਪਸ ਲੈ ਕੇ ਆਪਣੇ ਪਾਪ ਧੋ ਲੈਣੇ ਚਾਹੀਦੇ ਹਨ।

ਕਿਸਾਨਾਂ ਦੀ ਅਹਿਮ ਬੈਠਕ ਜਾਰੀ,

ਮੋਦੀ ਸਰਕਾਰ ਦੇ ਪੱਤਰ ਦਾ ਜਵਾਬ ਦੇਣ ਲਈ ਬਣ ਰਹੀ ਹੈ ਰਣਨੀਤੀ

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਸੰਗਠਨ ਆਪਣਾ ਜਵਾਬ ਕੇਂਦਰ ਸਰਕਾਰ ਨੂੰ ਭੇਜਣ ਲਈ ਅੰਤਮ ਰਣਨੀਤੀ ਤੈਅ ਕਰ ਰਹੇ ਹਨ। ਇਸ ਦੇ ਤਹਿਤ ਕਿਸਾਨ ਸੰਗਠਨ ਦੇ ਨੇਤਾਵਾਂ ਦੀ ਮੀਟਿੰਗ ਦੁਪਹਿਰ 2 ਵਜੇ ਤੋਂ ਸਿੰਘੂ ਬਾਰਡਰ 'ਤੇ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਦੇ ਕਿਸਾਨ ਆਗੂ ਵੀ ਸ਼ਾਮਲ ਹਨ।
ਇਸ ਮੀਟਿੰਗ ਵਿੱਚ ਸ਼ਾਮਲ ਹੋਏ ਕੀਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਤੇ ਕਿਸਾਨ ਆਗੂ ਰਜਿੰਦਰ ਸਿੰਘ ਨੇ ਨਿਊਜ਼ 18 ਹਿੰਦੀ ਨੂੰ ਦੱਸਿਆ ਕਿ ਮੀਟਿੰਗ 2 ਵਜੇ ਤੋਂ ਸ਼ੁਰੂ ਹੋਈ ਹੈ, ਜਿਸ ਵਿੱਚ ਪੰਜਾਬ ਦੇ ਪ੍ਰਮੁੱਖ ਕਿਸਾਨ ਨੇਤਾਵਾਂ ਤੋਂ ਇਲਾਵਾ ਹੋਰ ਰਾਜਾਂ ਦੇ ਕਿਸਾਨ ਆਗੂਆਂ ਨੇ ਵੀ ਹਿੱਸਾ ਲਿਆ ਹੈ।
ਇਸ ਬੈਠਕ ਵਿਚ ਸਰਕਾਰ ਵੱਲੋਂ ਭੇਜੇ ਪੱਤਰ ਦਾ ਜਵਾਬ ਦੇਣ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਇਸ ਬੈਠਕ ਵਿਚ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਆਪਣੇ ਪੱਤਰ ਵਿਚ ਜੋ ਕਿਹਾ ਸੀ, ਉਸ ਲਈ ਜਵਾਬ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ, ਖਰੜਾ ਤਿਆਰ ਕੀਤਾ ਜਾਵੇਗਾ ਜਾਂ ਅੱਜ ਜਾਂ ਕੱਲ੍ਹ ਸਰਕਾਰ ਨੂੰ ਭੇਜਿਆ ਜਾਵੇਗਾ।

ਇਲੈਕਟੌਨਿਕਸ ਮੀਡੀਆ ਐਸੋਸੀਏਸ਼ਨ ਨੇ

ਡਿੰਪਾ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ,  

ਮਹਿਲਾ ਪੱਤਰਕਾਰ ਨਾਲ ਕੀਤੀ ਸੀ ਬਦਲਸਲੂਕੀ

ਦਿੱਲੀ ਦੇ ਜੰਤਰ-ਮੰਤਰ ਤੇ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਚ ਦਿੱਤੇ ਜਾ ਰਹੇ ਧਰਨੇ ਦੌਰਾਨ ਪੰਜਾਬ ਦੇ ਲੋਕਸਭਾ ਖੇਤਰ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਪੱਤਰਕਾਰ ਚੰਦਨ ਨਾਲ ਕੀਤੀ ਗਈ ਬਦਸਲੂਕੀ ਦਾ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (EMA) ਨੇ ਸਖ਼ਤ ਨੋਟਿਸ ਲਿਆ ਹੈ। ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਨੰਦਨ ਨੇ ਸੰਸਦ ਮੈਂਬਰ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਡਿੰਪਾ ਦੀ ਮੀਡੀਆ ਨਾਲ ਅਜਿਹੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਈਐੱਮਏ ਪ੍ਰਧਾਨ ਨੇ ਕਿਹਾ ਕਿ ਸੰਸਦ ਮੈਂਬਰ ਡਿੰਪਾ ਨੂੰ ਇਸ ਮਾਮਲੇ ਚ ਬਿਨਾਂ ਸ਼ਰਤ ਮਾਫ਼ੀ ਮੰਗਣੀ ਚਾਹੀਦੀ। ਨੰਦਨ ਨੇ ਕਿਹਾ ਕਿ ਪੱਤਰਕਾਰ ਦਾ ਕੰਮ ਸਵਾਲ ਕਰਨਾ ਹੁੰਦਾ ਹੈ ਤੇ ਡਿੰਪਾ ਨਾਲ ਵੀ ਪੱਤਰਕਾਰ ਚੰਦਨ ਨੇ ਸਵਾਲ ਕੀਤੇ ਸਨ। ਜੇ ਡਿੰਪਾ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਟਾਲ ਸਕਦੇ ਸਨ। ਨੰਦਨ ਨੇ ਕਿਹਾ ਕਿ ਮੀਡੀਆ ਤੇ ਹਮਲਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿੰਪਾ ਨੇ ਜਲਦ ਇਸ ਮਾਮਲੇ ਚ ਮਾਫ਼ੀ ਨਹੀਂ ਮੰਗੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਦਿੱਲੀ ਚ ਕਾਂਗਰਸ ਹਾਈ ਕਮਾਂਡ ਤਕ ਉਨ੍ਹਾਂ ਦੀ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਕਪੂਰਥਲਾ ਵਿੱਚ ਅੰਬਾਨੀ ਦੇ ਜੀਉ ਫੋਨ ਦੇ ਮੁੱਖ ਦਫਤਰ

ਅਤੇ ਜਿਲ੍ਹਾ ਸਟੋਰ ਨੂੰ ਬੰਦ ਕਰਵਾਇਆ

ਅੱਜ ਅਚਾਨਕ ਰਿਲਾਇੰਸ ਜੀਉ ਫੋਨ ਦੇ ਗਾਹਕਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਸਵੇਰੇ 11 ਵਜੇ ਤੱਕ ਸਰਕੂਲਰ ਰੋਡ ਉੱਤੇ ਸਥਿਤ ਮੁੱਖ ਦਫਤਰ ਖੁੱਲਿਆ ਹੀ ਨਹੀਂ ਅਤੇ ਉੁਹਨਾਂ ਨੇ ਦੋ ਤਿੰਨ ਘੰਟੇ ਦੀ ਉਡੀਕ ਕੀਤੀ ਪਰ ਨਿਰਾਸ਼ ਹੋਏ। ਜਦੋਂ ਆਂਢ-ਗੁਆਂਢ ਦੇ ਦੁਕਾਨਦਾਰਾਂ ਤੋ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕਲ੍ਹ ਬਾਅਦ ਦੁਪਿਹਰ ਕਿਸਾਨ ਨੇਤਾਵਾਂ ਨੇ ਦਫਤਰ ਆਕੇ ਇੰਚਾਰਜ ਨੂੰ ਦਫਤਰ ਬੰਦ ਕਰਨ ਲਈ ਕਿਹਾ ਸੀ ਕਿਉਕਿਂ ਦਿੱਲੀ ਵਿਖੇ ਜੇਕਰ ਅੱਤ ਦੀ ਠੰਡ ਵਿੱਚ ਕਾਰਪੋਰੇਟਾਂ ਖਿਲਾਫ ਕਿਸਾਨਾਂ ਦੇ ਬਜੁਰਗ ਸ਼ੰਘਰਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਰਿਲਾਇੰਸ ਦੇ ਪੰਪ ਅਤੇ ਸਟੋਰ ਕਿਵੇਂ ਕਮਾਈ ਕਰ ਸਕਦੇ ਹਨ? ਸੂਤਰਾਂ ਰਾਹੀਂ ਪਤਾ ਲੱਗਿਆ ਕਿ ਦਫਤਰ ਇੰਚਾਰਜ ਨੇ ਆਪਣੇ ਉਪਰਲੇ ਹੈਡ ਆਫਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਦਫਤਰ ਦੇ ਬਾਹਰ ਕੋਈ ਨੋਟਿਸ ਨਹੀਂ ਲਾਇਆ ਤਾਂ ਕਿ ਗਾਹਕਾਂ ਦੀ ਖੱਜਲ ਖੁਆਰੀ ਨਾ ਹੋਵੇ। ਜਿਲ੍ਹਾ ਦਫਤਰ ਕਦੋਂ ਤੱਕ ਬੰਦ ਰਹੇਗਾ ਇਸ ਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿਉਕਿਂ ਕਿਸੇ ਨੇ ਵੀ ਦਿੱਤੇ ਹੋਏ ਫੋਨ ਨੂੰ ਉਠਾਇਆ ਹੀ ਨਹੀਂ।
ਜਦੋਂ ਜੀਉ ਡਿਜੀਟਲ ਲਾਈਫ ਸਟੋਰ ਉੱਤੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਬੈਨਰ ਟੰਗਿਆ ਮਿਲਿਆ ਜਿਸ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਥੇਬੰਦੀਲਿਖਿਆ ਸੀ।ਦਫਤਰ ਦਾ ਸ਼ੱਟਰ ਬੰਦ ਸੀ। ਹੈਰਾਨੀ ਦੀ ਗੱਲ ਹੈ ਕਿ ਰੀਚਾਰਜ ਕਰਵਾਉਣ ਲਈ ਸਟੋਰ ਦੇ ਕਰਿੰਦੇ ਸਟੋਰ ਬੰਦ ਕਰਕੇ ਅਤੇ ਕੁੱਝ ਦੂਰੀ ਤੇ ਬੈਠਕੇ ਆਪਣਾ ਕੰਮ ਕਰੀ ਜਾ ਰਹੇ ਹਨ। ਵਰਨਣਯੋਗ ਹੈ ਕਿ ਜੀਉ ਦੇ ਦੇ ਸਿੰਮ ਬਦਲਕੇ ਪੋਰਟੇਬਿਲਟੀ (ਦੂਜੀ ਕੰਪਨੀ ਵਿੱਚ ਤਬਦੀਲੀ) ਰਾਹੀਂ ਜੀਉ ਦੀ ਆਮਦਨ ਨੂੰ ਸਿੱਧਾ ਨੁਕਸਾਨ ਪਹੁੰਚਾਣ ਹਿੱਤ ਵੀ ਕਿਸਾਨਾਂ ਨੇ ਨਾਹਰਾ ਬੁਲੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਗੁੱਸੇ ਦਾ ਸ਼ਿਕਾਰ ਬਣ ਰਹੀ ਹੈ। ਅਫਵਾਹ ਤਾਂ ਇਹ ਵੀ ਹੈ ਕਿ ਮੋਦੀ ਸਰਕਾਰ ਰਾਹੀਂ 5ਜੀ ਦੇ ਅਧਿਕਾਰ ਸਿਰਫ ਅੰਬਾਨੀ ਕੋਲ ਹੀ ਜਾਣਗੇ ਅਤੇ ਸਾਰੀ ਮਾਰਕੀਟ ਉੱਤੇ ਅੰਬਾਨੀਆਂ ਦਾ ਹੀ ਇਕਾਧਿਕਾਰ ਹੋਵੇਗਾ ਜੋ ਅੱਗੇ ਜਾ ਕੇ ਗਾਹਕਾਂ ਤੋਂ ਮਨਮਰਜ਼ੀ ਦੇ ਰੇਟ ਵਸੂਲੇਗਾ। ਸਪੱਸ਼ਟ ਹੈ ਕਿ ਸੰਘਰਸ਼ੀ ਲੋਕ ਦਿੱਲੀ ਤੋਂ ਇਲਾਵਾ ਪੰਜਾਬ ਵਿੱਚ ਵੀ ਆਪਣਾ ਵਿਰੋਧੀ ਪਛਾਣਕੇ ਐਕਸ਼ਨ ਕਰ ਰਹੇ ਹਨ।

ਖੇਤੀ ਕਾਨੂੰਨਾਂ ਖਿਲਾਫ਼ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ

ਕਿਸਾਨਾਂ ਦਾ ਧਰਨਾ 91ਵੇਂ ਦਿਨ ਵੀ ਜਾਰੀ

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਅੱਜ 28ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਦਿੱਲੀ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਲਾਇਆ ਧਰਨਾ ਅੱਜ 91ਵੇਂ ਦਿਨ ਵੀ ਜਾਰੀ ਹੈ। ਇਹ ਧਰਨਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ।

ਅੱਜ ਕਿਸਾਨ ਦਿਵਸ ਮੌਕੇ ਕਿਸਾਨਾਂ ਨੇ ਆਪਣੇ ਹੱਥਾਂ ਚ ਖੇਤੀ ਸੰਦ ਫੜ ਕੇ ਖੇਤੀ ਕਾਨੂੰਨ ਦੇ ਵਿਰੋਧ ਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਓਧਰ ਦਿੱਲੀ ਚ ਖੇਤੀ ਕਾਨੂੰਨਾਂ ਦੇ ਵਿਰੋਧ 11-11 ਕਿਸਾਨ ਆਗੂਆਂ ਦੀ ਭੁੱਖ-ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ।

ਦੱਸ ਦੇਈਏ ਕਿ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਤੇ ਅੜੇ ਹੋਏ ਹਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਲਈ ਸੱਦਾ ਭੇਜਿਆ ਗਿਆ ਸੀ। ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ 32 ਕਿਸਾਨ ਜਥੇਬੰਦੀਆਂ ਚੋਂ ਹੀ ਇਕ 5 ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿਚ ਕੁਲਵੰਤ ਸਿੰਘ ਸੰਧੂ, ਡਾ.ਦਰਸ਼ਨ ਪਾਲ, ਜਗਜੀਤ ਡੱਲੇਵਾਲ ,ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ ਕਮੇਟੀ ਵਿਚ ਸ਼ਾਮਲ ਹਨ। ਰਜਿੰਦਰ ਦੀਪ ਸਿੰਘ ਵਾਲਾ ਸਹਾਇਕ ਦੇ ਤੌਰ ਤੇ ਕੰਮ ਵੇਖਣਗੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਵਿਚ  

ਅਸਲ ਸੰਘੀ ਢਾਂਚਾ ਸਥਾਪਿਤ ਕਰਵਾਉਣ  

ਲਈ ਦੇਸ਼ ਵਿਆਪੀ ਇਕਜੁੱਟ ਮੁਹਿੰਮ ਦਾ ਸੱਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਵਿਚ ਤਾਨਾਸ਼ਾਹੀ ਰੁਝਾਨਾਂ ਖਿਲਾਫ ਦੇਸ਼ ਵਿਆਪਕੀ ਇਕਜੁੱਟ ਲਹਿਰ ਚਲਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਵਿਚ ਅਸਲ ਸੰਘੀ ਢਾਂਚਾ ਸਥਾਪਿਤ ਕਰਨ ਲਈ ਅਜਿਹੀ ਮੁਹਿੰਮ ਜ਼ਰੂਰੀ ਹੈ। ਕਿਸਾਨ ਰੈਲੀ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਤ੍ਰਿਣਾਮੂਲ ਕਾਂਗਰਸ ਦੇ ਚੇਅਰਪਰਸਨ ਮਮਤਾ ਬੈਨਰਜੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਲਿਖੇ ਪੱਤਰ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਪੱਛਮੀ ਬੰਗਾਲ ਨੇ ਹਮੇਸ਼ਾ ਰਾਜਾਂ ਲਈ ਸਹੀ ਵਿੱਤੀ ਤਾਕਤਾਂ ਤੇ ਸਿਆਸੀ ਖੁਦਮੁਖ਼ਤਿਆਰੀ ਦੀ ਲੜਾਈ ਲੜੀ ਹੈ ਤੇ ਸੂਬੇ ਮਜ਼ਬੂਤ ਹੋਣ ਦੀ ਬਦੌਲਤ ਭਾਰਤ ਇਕ ਮਜ਼ਬੂਤ ਸੰਘੀ ਰਾਜ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਰਵਾਇਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਹਮ ਖਿਆਲੀ ਪਾਰਟੀਆਂ ਨੂੰ ਸੰਵਿਧਾਨ ਨਿਰਮਾਤਿਆਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਵਿਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਅਸੀਂ ਰਾਜਾਂ ਦੀਆਂ ਸ਼ਕਤੀਆਂ ਕੇਂਦਰ ਵੱਲੋਂ ਆਨੇ ਬਹਾਨੇ ਐਕਟ ਪਾਸ ਕੇ ਕੇ ਖੋਰ੍ਹਾ ਲੱਗਦੀਆਂ ਵੇਖੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਸਮੇਤ ਰਾਜ ਸੂਚੀ ਦੇ ਅਨੇਕਾਂ ਵਿਸ਼ਿਆਂ ਤੇ ਕਾਨੂੰਨ ਬਣਾਏ ਹਨ, ਜਿਸ ਕਾਰਨ ਦੇਸ਼ ਵਿਚ ਮੌਜੂਦਾ ਸਮੇਂ ਵਿਚ ਕਿਸਾਨ ਅੰਦੋਲਨ ਚਲ ਰਿਹਾ ਹੈ। ਮਮਤਾ ਬੈਨਰਜੀ ਨੂੰ ਕਿਸਾਨੀ ਹੱਕਾਂ ਲਈ ਲੜਾਈ ਵਾਸਤੇ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਸਰਦਾਰ ਬਾਦਲ ਨੇ ਉਹਨਾਂ ਨੂੰ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਦੀ ਵਧਾਈ ਵੀ ਦਿੱਤੀ ਤੇ ਕਿਹਾ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਗਲੇ ਹਫਤੇ ਤੋਂ ਕਈ ਲੜੀਵਾਰ ਪ੍ਰੋਗਰਾਮ ਐਲਾਨ ਕੇ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕੀਤਾ ਹੈ। ਇਸ ਬਦੌਲਤ ਕਿਸਾਨ ਅੰਦੋਲਨ ਨੂੰ ਸਹੀ ਅਰਥਾਂ ਵਿਚ ਕਿਸਾਨ ਅੰਦੋਲਨ ਬਣਾਉਣ ਵਿਚ ਮਦਦ ਮਿਲੇਗੀ

 

0 Response to "missionjanchetna@gmail.com24122020."

Post a Comment