Missionjanchetna@gmail.com22122020.
ਮਿਸ਼ਨ ਜਨਚੇਤਨਾ
ਸਾਲ:11, ਅੰਕ:88, ਮੰਗਲਵਾਰ, 22ਦਸੰਬਰ 2020.ਯੂਕੇ 'ਚ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਪਿੱਛੋਂ ਅਫਰਾ-ਤਫਰੀ,
ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾਈਯੂਕੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ, ਜੋ ਬਹੁਤ ਤੇਜ਼ੀ ਨਾਲ ਫੈਲਦਾ ਹੈ, ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 31 ਦਸੰਬਰ ਤਕ ਲਈ ਰੋਕ ਲਗਾ ਦਿੱਤੀ ਹੈ। ਯੂਕੇ ਵਿੱਚ ਕੋਵਿਡ-19 ਦੀ ਨਵੀਂ ਲਾਗ ਕਾਰਨ ਅਫਰਾ ਤਫਰੀ ਮਚ ਗਈ ਹੈ।
ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਹਾਲਾਂਕਿ ਕਿਹਾ ਕਿ ਕਰੋਨਾ ਦੇ ਨਵੇਂ ਰੂਪ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਯੂਕੇ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 31 ਦਸੰਬਰ ਤਕ ਲਈ ਰੋਕ ਲਗਾ ਦਿੱਤੀ ਗਈ ਹੈ।
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੌਕਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕਾਬਲੇਗੌਰ ਹੈ ਕਿ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਬਾਅਦ ਵਿਸ਼ਵ ਵਿੱਚ ਮੁਸ਼ਕਲ ਵਧ ਗਈ ਹੈ। ਯੂਕੇ ਵਿੱਚ ਕਰੋਨਾਵਾਇਰਸ ਦੀ ਨਵੀਂ ਕਿਸਮ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗ ਕੀਤੀ ਸੀ ਕਿ ਯੂਕੇ ਵਿੱਚ ਕਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਨੂੰ ਦੇਖਦਿਆਂ ਕੇਂਦਰ ਸਰਕਾਰ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਰੋਕ ਲਗਾਏ। ਕੇਜਰੀਵਾਲ ਨੇ ਟਵੀਟ ਕੀਤਾ, ‘‘ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਫੈਲ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਪਾਬੰਦੀ ਲਗਾਏ। ’’
ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗੱਲਬਾਤ ਦਾ ਸੱਦਾ
ਸਿੰਘੂ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਅੱਜ 27 ਵੇਂ ਦਿਨ ਵੀ ਜਾਰੀ ਹੈ। ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਹੈ ਪਰ ਤਰੀਕ ਤੈਅ ਨਹੀਂ ਕੀਤੀ। ਕਿਸਾਨ ਜਥੇਬੰਦੀਆਂ ਨੂੰ ਪੁੱਛਿਆ- ਤੁਸੀਂ ਦੱਸੋਂ ਕਦੋਂ ਮੀਟਿੰਗ ਕਰਨੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਕ ਜਾਂ ਦੋ ਦਿਨਾਂ ਵਿਚ ਵਿਰੋਧ ਪ੍ਰਦਰਸ਼ਨਕਾਰੀਆਂ ਨਾਲ ਆਪਣੀਆਂ ਮੰਗਾਂ ਬਾਰੇ ਗੱਲਬਾਤ ਕਰ ਸਕਦੇ ਹਨ।ਤੀ ਮੰਤਰਾਲੇ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਪ੍ਰਸਤਾਵ ਭੇਜਿਆ। ਚਿੱਠੀ 'ਚ ਸਰਕਾਰ ਨੇ ਕਿਸਾਨ ਆਗੂਆਂ ਤੋਂ ਮੀਟਿੰਗ ਦੀ ਤਰੀਕ ਬਾਰੇ ਸੁਝਾਅ ਵੀ ਮੰਗੇ ਹਨ। ਚਿੱਠੀ 'ਚ ਕਿਹਾ ਗਿਆ ਹੈ ਕਿ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਤਿਆਰ ਹੈ।
ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਹੈ। ਸੱਦੇ 'ਚ ਮੀਟਿੰਗ ਦੀ ਤਾਰੀਖ ਬਾਰੇ ਨਹੀਂ ਕੋਈ ਜ਼ਿਕਰ ਨਹੀਂ ਹੈ। ਕੇਂਦਰ ਨੇ ਕਿਸਾਨ ਜਥੇਬੰਦੀਆਂ ਦੇ ਪਾਲੇ 'ਚ ਗੇਂਦ ਸੁੱਟੀ ਹੈ। ਸਰਕਾਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੱਸਣ ਮੀਟਿੰਗ ਕਦੋਂ ਕਰਨੀ ਹੈ। ਤਾਰੀਖ ਨਾ ਦੱਸਣ 'ਤੇ ਕਿਸਾਨ ਆਗੂਆਂ ਨੇ ਸਵਾਲ ਚੁੱਕੇ ਹਨ। ਅੱਜ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਫੈਸਲਾ ਲੈਣਗੀਆਂ।
ਕਿਸਾਨਾਂ ਨੇ ਅੰਦੋਲਨ ਤਿੱਖਾ ਕਰਨ ਲਈ ਭੁੱਖ ਹੜਤਾਲ ਆਰੰਭੀ
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਨੂੰ ਪ੍ਰਚੰਡ ਕਰਦਿਆਂ ਕਿਸਾਨਾਂ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰਾਂ ’ਤੇ ਸੋਮਵਾਰ ਸਵੇਰੇ ਤੋਂ ਲੜੀਵਾਰ ਭੁੱਖ ਹੜਤਾਲ ਆਰੰਭ ਦਿੱਤੀ ਹੈ। ਪ੍ਰਦਰਸ਼ਨਕਾਰੀ ਕਿਸਾਨ ਭੁੱਖ ਹੜਤਾਲ ’ਤੇ ਜਥਿਆਂ ਵਿੱਚ ਬੈਠਣਗੇ। ਪਹਿਲੇ ਜਥੇ ਵਜੋਂ 11 ਮੈਂਬਰ ਅੱਜ ਭੁੱਖ ਹੜਤਾਲ ’ਤੇ ਬੈਠੇ। ਇਹ ਜਾਣਕਾਰੀ ਕਿਸਾਨ ਆਗੂਆਂ ਨੇ ਦਿੱਤੀ। ਕਾਬਿਲੇਗੌਰ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ ਹਨ ਬੀਤੇ ਚਾਰ ਹਫਤਿਆਂ ਤੋਂ ਦਿੱਲੀ ਬਾਰਡਰ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਨੇ ਐਤਵਾਰ ਨੂੰ ਕਿਹਾ ਸੀ, ‘‘ ਕਿਸਾਨ ਸੋਮਵਾਰ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੜੀਵਾਰ ਭੁੱਖ ਹੜਤਾਲ ਆਰੰਭਣਗੇ। ਹੜਤਾਲ ਸਿੰਘੂ ਬਾਰਡਰ ਸਮੇਤ ਸਭਨਾਂ ਪ੍ਰਦਰਸ਼ਨ ਵਾਲੀਆਂ ਵਾਲੀਆਂ ਥਾਵਾਂ ’ਤੇ ਕੀਤੀ ਜਾਵੇਗੀ ਤੇ ਇਸ ਦੀ ਸ਼ੁਰੂਆਤ ਇਥੋਂ 11 ਕਿਸਾਨਾਂ ਵੱਲੋਂ ਭੁੱਖ ਹੜਤਾਲ ’ਤੇ ਬੈਠ ਕੇ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੂਰੇ ਮੁਲਕ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਤੋਂ ਅਜਿਹਾ ਕਰਨ ਦੀ ਅਪੀਲ ਕੀਤੀ ਸੀ। ’’
ਹੰਸਰਾਜ ਹੰਸ ਖੇਤੀ ਕਾਨੂੰਨਾਂ ਦੇ ਗਿਣਵਾ ਰਹੇ ਨੇ ਲਾਭ
ਭਾਜਪਾ ਦੇ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਆਪਣੇ ਪਾਰਲੀਮਾਨੀ ਹਲਕੇ ਉੱਤਰ ਪੱਛਮੀ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਪਿੰਡਾਂ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਲਾਭ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਹੰਸ ਦੇ ਦੱਖਣੀ ਦਿੱਲੀ ਦੇ ਹਮਰੁਤਬਾ ਰਮੇਸ਼ ਬਿਧੂਰੀ ਨੇ ਵੀ ਐਤਵਾਰ ਨੂੰ ਆਪਣੇ ਹਲਕੇ ਦੇ ਜੈਤਪੁਰ, ਬਦਰਪੁਰ, ਮਿਠਾਪੁਰ ਅਤੇ ਮੋਲਾਰਬੰਦ ਸਮੇਤ ਕਈਂ ਪਿੰਡਾਂ ਵਿੱਚ ‘ਕਿਸਾਨ ਕਾਨੂੰਨ ਕਲਿਆਣ ਸਮਰਥਨ ਯਾਤਰਾ’ ਕੱਢੀ। ਹੰਸ ਨਰੇਲਾ, ਬਾਵਾਨਾ ਅਤੇ ਮੁੰਡਕਾ ਸਮੇਤ ਆਪਣੇ ਹਲਕੇ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਹਾਲ ਹੀ ਦੌਰਾਨ ਪ੍ਰਦਸ਼ਨਕਾਰੀ ਕਿਸਾਨਾਂ ਨੂੰ ਭੇਜੇ ਪੱਤਰ ਬਾਰੇ ਜਾਣਕਾਰੀ ਦੇ ਰਹੇ ਹਨ। ਹੰਸ ਨੇ ਕਿਹਾ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੀ ਉੱਤਰ ਪੱਛਮੀ ਦਿੱਲੀ ਵਿਚ ਲਗਭਗ 100 ਪਿੰਡ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮਝਣ ਲਈ ਸ੍ਰੀ ਤੋਮਰ ਦੀ ਚਿੱਠੀ ਪੜਨੀ ਚਾਹੀਦੀ ਹੈ।ਕਿਸਾਨੀ ਦੇ ਨਵੇਂ ਕਾਨੂੰਨ ਉਨ੍ਹਾਂ ਲਈ ‘ਲਾਭਕਾਰੀ’ ਹਨ ਅਤੇ ਕੁਝ ਲੋਕ ਮੌਜੂਦਾ ਸਥਿਤੀ ਦਾ ਕਿਵੇਂ ਫਾਇਦਾ ਲੈ ਰਹੇ ਹਨ। ਉਨ੍ਹਾਂ ਕਿਹਾ, “ਮੈਨੂੰ ਯਕੀਨ ਹੈ ਕਿ ਜਦੋਂ ਇਹ ਪਰਚਾ ਕਿਸਾਨਾਂ ਤੱਕ ਪਹੁੰਚੇਗਾ ਅਤੇ ਉਹ ਇਸ ਨੂੰ ਪੜਣਗੇ, ਤਾਂ ਮਾਹੌਲ ਸਕਾਰਾਤਮਕ ਹੋਵੇਗਾ।’
ਗੁਰਦਾਸਪੁਰ : ਸਰਹੱਦ ‘ਤੇ ਖੇਤਾਂ ‘ਚੋਂ ਮਿਲੇ 11 ਗ੍ਰੇਨੇਡ,
ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੋਰਾਂਗਲਾ ਦੇ ਪਿੰਡ ਸਲਾਚ ‘ਚ ਪੁਲਿਸ ਨੇ ਇੱਕ ਸਰਚ ਆਪਰੇਸ਼ਨ ਕੀਤਾ ਹੈ। ਇਸ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੂੰ ਖੇਤਾਂ ਵਿੱਚੋਂ 11 ਗ੍ਰੇਨੇਡ ਬਰਾਮਦ ਹੋਏ ਹਨ। ਇਸ ਨਾਲ ਸਾਰੇ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਇਹਗ੍ਰੇਨੇਡ ਸਰਹੱਦੀ ਦੋਰੰਗਲਾ ਖੇਤਰ ਦੇ ਪਿੰਡ ਸਲਾਚ ਨੇੜੇ ਮਿਲੇ ਹਨ।
ਥਾਣਾ ਦੋਰਾਂਗਲਾ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੱਕਰੀ ਪੋਸਟ ਨੇੜੇ ਬੀਐਸਐਫ ਦੇ ਜਵਾਨਾਂ ਨੇ ਭਾਰਤ ਵਾਲੇ ਪਾਸੇ ਉਸ ਪਾਰ ਤੋਂ ਆਇਆ ਆਸਮਾਨ ‘ਚ ਡਰੋਨ ਉਡਦਾ ਦੇਖਿਆ। ਜਦੋਂ BSF ਦੇਜਵਾਨਾਂ ਨੇ ਫਾਇਰਿੰਗ ਕੀਤੀ ‘ਤੇ ਡਰੋਨ ਗਾਇਬ ਹੋ ਗਿਆ। ਸੋਮਵਾਰ ਦੀ ਚੜ੍ਹਦੀ ਸਵੇਰ ਬੀਐਸਐਫ ਵੱਲੋਂ ਥਾਣਾ ਦੋਰਾਂਗਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜਿਸ ਤੋਂ ਬਾਅਦ ਬੀਐਸਐਫ ‘ਤੇ ਥਾਣਾ ਦੋਰਾਂਗਲਾ ਦੀ ਪੁਲਿਸ ਵੱਲੋਂ ਪਿੰਡ ਮਿਆਨੀ, ਸਲਾਚ,ਚੱਕਰੀ ਪੋਸਟ ਦੇ ਆਸਪਾਸ ਦੇ ਇਲਾਕੇ ‘ਚ ਚਲਾਏ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਡਰੋਨ ਤੋਂ ਡਿੱਗਿਆ ਇੱਕ ਪੈਕਟ ਮਿਲਿਆ ,ਜਿਸ ਵਿੱਚੋਂ 11 ਗ੍ਰੇਨੇਡ ਮਿਲੇ ਹਨ। ਜਿਹਨਾਂ ਨੂੰ ਥਾਣਾ ਦੋਰਾਂਗਲਾ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੀਐਸਐਫ ਦੀ ਫਾਇਰਿੰਗ ਦੌਰਾਨ ਡਰੋਨ ਵੀ ਜ਼ਮੀਨ ‘ਤੇ ਡਿੱਗਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
0 Response to "Missionjanchetna@gmail.com22122020."
Post a Comment