ਖਬਰਾਂ--ਸਾਲ-10,ਅੰਕ:41,14ਨਵੰਬਰ2019












ਸਾਲ-10,ਅੰਕ:41,14ਨਵੰਬਰ2019/
ਮੱਘਰ(ਵਦੀ)2.(ਨਾ.ਸ਼ਾ)551.
ਬਹੁਤੇ ਸਿੱਖਾਂ ਦੇ ਮਨ 'ਚ ਰਹਿ ਗਈਆਂ
ਕਰਤਾਰਪੁਰ ਲਾਂਘੇ ਰਾਹੀਂ ਜਾਣ ਦੀਆਂ ਸੱਧਰਾਂ
ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ ਨਿਰਾਸ਼ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ।
ਦਰਅਸਲ ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਕਰਕੇ ਸ਼ਰਧਾਲੂ ਨਿਰਾਸ਼ ਹਨ। ਸੂਤਰਾਂ ਮੁਤਾਬਕ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਬਜ਼ੁਰਗਾਂ ਕੋਲ ਪਾਸਪੋਰਟ ਵੀ ਨਹੀਂ ਹਨ। ਇਸ ਦੇ ਬਾਵਜੂਦ ਲੋਕ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 9 ਨਵੰਬਰ ਨੂੰ ਉਦਘਾਟਨ ਵਾਲੇ ਦਿਨ 897 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। 10 ਨਵੰਬਰ ਨੂੰ 229, 11 ਨਵੰਬਰ ਨੂੰ 122 ਤੇ 12 ਨਵੰਬਰ ਨੂੰ 546 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ ਹੈ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ।
ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਪ੍ਰਕਿਰਿਆ ਹੋਰ ਸੌਖੀ ਕਰਨ ਤੇ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਮੌਜੂਦਾ ਪ੍ਰਕਿਰਿਆ ਤੇ ਸ਼ਰਤਾਂ ਦੇ ਹਿਸਾਬ ਨਾਲ ਦੇਸ਼ ਤੇ ਸੂਬੇ ਦੀ ਵੱਡੀ ਗਿਣਤੀ ਚਾਹ ਕੇ ਵੀ ਕੌਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀ, ਕਿਉਂਕਿ ਦਰਸ਼ਨਾਂ ਲਈ ਦਰਖਾਸਤ ਦੇਣ ਦੀ ਪ੍ਰਕਿਰਿਆ ਜ਼ਿਆਦਾ ਜਟਿਲ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਪ੍ਰਕਿਰਿਆ ਸੌਖੀ ਬਣਾਈ ਜਾਵੇ।
ਗੁਰੂ ਨਾਨਕ ਨੇ ਗ੍ਰਹਿਸਤੀ 'ਚ ਰਹਿ ਕੇ
ਧਰਮ ਕਮਾਉਣ ਦਾ ਰਾਹ ਦਿਖਾਇਆ: ਕੋਵਿੰਦ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਅੱਜ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਮੂਲੀਅਤ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਮਿਤਰਾ ਕੋਵਿੰਦ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਉਨ੍ਹਾਂ ਦੇ ਨਾਲ ਸਨ।
ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਅਜੋਕੇ ਵਿਸ਼ਵ ਪ੍ਰਸੰਗ ਵਿੱਚ ਮਨੁੱਖਤਾ ਦੇ ਜੀਵਨ ਲਈ ਸਭ ਤੋਂ ਸਟੀਕ ਤੇ ਉੱਤਮ ਮਾਰਗ ਕਰਾਰ ਦਿੱਤਾ। ਕੋਵਿੰਦ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਗ੍ਰਹਿਸਤ 'ਚ ਰਹਿ ਕੇ ਧਰਮ ਕਮਾਉਣ ਦਾ ਰਾਹ ਦਿਖਾਇਆ। ਗੁਰੂ ਸਾਹਿਬ ਨੇ ਧਰਮ ਪ੍ਰੰਪਰਾ ਵਿੱਚ ਬਣੀ ਇਸ ਮਿੱਥ ਨੂੰ ਤੋੜਿਆ ਕਿ ਮੁਕਤੀ ਹਾਸਲ ਕਰਨ ਤੇ ਧਰਮ ਕਮਾਉਣ ਲਈ ਗ੍ਰਹਿਸਤ ਛੱਡਣਾ ਜ਼ਰੂਰੀ ਹੈ। ਰਾਸ਼ਟਰਪਤੀ ਕੋਵਿੰਦ ਨੇ ਠੇਠ ਪੰਜਾਬੀ ਵਿੱਚ ਆਪਣੇ ਸੰਬੋਧਨ ਦੌਰਾਨ ਸਿੱਖ ਕੌਮ ਦੀ ਰੱਜਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲ ਕੇ ਮਿਹਨਤ ਤੇ ਇਮਾਨਦਾਰੀ ਸਦਕਾ ਦੁਨੀਆਂ ਭਰ ਵਿਚ ਨਾਮਣਾ ਖੱਟਿਆ ਹੈ ਤੇ ਇਹ ਜਿਥੇ ਜਿਥੇ ਵੀ ਵੱਸਦੇ ਹਨ ਸਭ ਨਾਲ ਭਾਈਚਾਰਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਗੁਰਬਾਣੀ 'ਤੇ ਅਮਲ ਕਰਦਿਆਂ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਵਜੋਂ ਜਾਣੇ ਜਾਂਦੇ ਹਨ। ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਸਿੱਖਾਂ ਦੇ ਜੀਵਨ ਦਾ ਆਧਾਰ ਹੈ। ਉਨ੍ਹਾਂ ਸਿੱਖ ਧਰਮ ਵਿਚ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਦਾ ਸੁਮੇਲ ਸਿੱਖ ਧਰਮ ਦੀ ਵਿਲੱਖਣਤਾ ਹੈ। ਉਨ੍ਹਾਂ ਸਿੱਖ ਸੰਗਤ ਦੇ ਨਾਲ-ਨਾਲ ਸਮੁੱਚੇ ਰਾਸ਼ਟਰ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜ ਕੇ ਸਮਾਜ ਨੂੰ ਬਿਹਤਰ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ
ਪਾਕਿਸਤਾਨ ਤੋਂ ਪਰਤਿਆਂ ਹੀ ਬਦਲੇ ਕੈਪਟਨ ਦੇ ਸੁਰ,
ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
ਬਦਲੇ ਹਾਲਾਤ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰ ਵੀ ਬਦਲਣ ਲੱਗੇ ਹਨ। ਅੱਜ ਕੈਪਟਨ ਸਾਹਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕਰ ਰਹੇ ਹਨ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਾਤਨ ਨੇ ਲਾਂਘਾ ਖੋਲ੍ਹ ਦਿੱਤਾ ਹੈ। ਹੁਣ ਮੁੱਖ ਮੰਤਰੀ ਬੇਫਿਕਰ ਹਨ ਪਰ ਪਹਿਲਾਂ ਲਾਂਘਾ ਖੋਲ੍ਹਣ ਨੂੰ ਪਾਕਿਸਤਾਨ ਦੀ ਨਾਪਕ ਸਾਜਿਸ਼ ਦੱਸਦੇ ਸਨ। ਉਹ ਕਈ ਸਵਾਲ ਵੀ ਖੜ੍ਹੇ ਕਰਦੇ ਸੀ।
ਕੈਪਟਨ ਅਮਰਿੰਦਰ ਸਿੰਘ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਂਦੇ ਹਨ ਤੇ ਲਾਂਘੇ ਦੇ ਉਦਘਾਟਨੀ ਸਮਾਗਮ 'ਚ ਸ਼ਾਮਲ ਵੀ ਹੁੰਦੇ ਹਨ। ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸੀਵ ਕਰਨ ਲਈ ਜ਼ੀਰੋ ਪੁਆਇੰਟ 'ਤੇ ਵੀ ਜਾਂਦੇ ਹਨ। ਕੈਪਟਨ ਸਾਹਬ ਵੀ ਬੱਸ 'ਚ ਇਮਰਾਨ ਖ਼ਾਨ ਨਾਲ ਗੱਲਾਬਾਤਾਂ ਮਾਰਦੇ ਸਫਰ ਕਰਦੇ ਹਨ। ਸ਼ਾਇਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਝ ਕੁ ਮਿੰਟ ਦੀ ਸੰਗਤ ਹੀ ਰੰਗ ਲਿਆਈ ਹੈ ਜੋ ਕੈਪਟਨ ਹੁਣ ਇਮਰਾਨ ਖ਼ਾਨ ਦਾ ਧੰਨਵਾਦ ਕਰ ਰਹੇ ਹਨ।
ਅੱਜ ਕੈਪਟਨ ਨੇ ਸਟੇਜ ਤੋਂ ਉਹ ਸਾਰੇ ਖਦਸ਼ੇ ਦੂਰ ਜ਼ਰੂਰ ਕਰ ਦਿੱਤੇ ਜਿਨ੍ਹਾਂ ਦਾ ਉਨ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ। ਪਹਿਲਾਂ ਤਾਂ ਕੈਪਟਨ ਕਹਿੰਦੇ ਸੀ ਕਿ ਲਾਂਘਾ ਪਾਕਿਸਤਾਨ ਦੀ ਸਾਜਿਸ਼ ਤਹਿਤ ਖੁੱਲ੍ਹ ਰਿਹਾ ਹੈ। ਰੈਫਰੰਡਮ 2020 ਦੀ ਜਦੋਂ ਮੰਗ ਉੱਠ ਰਹੀ ਹੈ, ਉਦੋਂ ਹੀ ਕਿਉਂ ਪਾਕਿਸਤਾਨ ਲਾਂਘ ਖੋਲ੍ਹ ਰਿਹਾ ਹੈ। ਇੱਥੋਂ ਤਕ ਕਿ ਕੈਪਟਨ ਨੇ ਇਸ ਨੂੰ ਪਾਕਿ ਖੁਫੀਆ ਏਜੰਸੀ ਆਈਐਸਆਈ ਦੀ ਚਾਲ ਵੀ ਦੱਸਿਆ ਸੀ।
ਕਰਤਾਰਪੁਰ ਸਾਹਿਬ ਦੀ ਯਾਤਰਾ ਕਰਕੇ ਮੁੱਖ ਮੰਤਰੀ ਨੂੰ ਯਕੀਨ ਹੋ ਗਿਆ ਕਿ ਲਾਂਘਾ ਪਾਕਿਸਤਾਨ ਦੀ ਨਾਪਾਕ ਸਾਜਿਸ਼ ਨਹੀਂ ਸਗੋਂ ਵਿਛਿੜਿਆਂ ਨੂੰ ਮਿਲਾਉਣ ਦਾ ਉਪਰਾਲਾ ਸੀ। ਇਸ ਲਈ ਕੈਪਟਨ ਨੇ ਇੱਕ ਵਾਰ ਮੁੜ ਪਾਕਿਸਤਾਨ ਨੂੰ ਸਾਰੇ ਗੁਰਧਾਮਾਂ ਦੇ ਦਰਵਾਜ਼ੇ ਖੋਲ੍ਹਣ ਦੀ ਅਪੀਲ ਕੀਤੀ। ਹੁਣ ਮੁੱਖ ਮੰਤਰੀ ਵੀ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕਰਦੇ ਕਹਿ ਰਹੇ ਨੇ ਕਿ ਵੈਰ ਵਿਰੋਧ 'ਚ ਕੀ ਰੱਖਿਆ ਹੈ। ਸਭ ਨੂੰ ਇੱਕ ਹੋਣ ਦੀ ਜ਼ਰੂਰਤ ਹੈ।
ਕਰਤਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੋਲ੍ਹ ਦਿੱਤਾ ਗਿਆ ਸੀ। ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਤੀ ਤੇ ਪਾਕਿਸਤਾਨ ਵਾਲੇ ਪਾਸੇ ਪੀਐਮ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹਿਲੇ ਜਥੇ 'ਚ ਇਮਰਾਨ ਖ਼ਾਨ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪਹਿਲੇ ਜਥੇ '575 ਲੋਕ ਪਾਕਿਸਤਾਨ ਗਏ ਸਨ।
ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਵੱਲੋਂ
550ਵੇਂ ਪ੍ਰਕਾਸ਼ ਪੁਰਬ ਦੀ ਵਧਾਈ
ਅੱਜ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ 'ਚ ਲਿਆ ਕੇ ਵਧੀਆ ਸਮਾਜ ਦੀ ਉਸਾਰੀ ਕਰਨੀ ਚਾਹੀਦੀ ਹੈ।
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਲਪਨਾ ਵਾਲਾ ਸਮਾਜ ਸਿਰਜਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਦਿਨ ਹੈ।
ਪੀਐਮ ਮੋਦੀ ਨੇ ਕਿਹਾ, “ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂਅੱਜ ਦਾ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਲਪਨਾ ਦਾ ਇੱਕ ਸੰਮਲਿਤ ਤੇ ਸਦਭਾਵਨਾ ਭਰਪੂਰ ਸਮਾਜ ਸਿਰਜਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਦਿਨ ਹੈ।''
ਵਿਧਾਨਸਭਾ ਨੂੰ ਪੰਥਕ ਮਾਮਲਿਆਂ ਵਿੱਚ ਦਖਲਅੰਦਾਜੀ ਦਾ ਹੱਕ ਨਹੀਂ:ਜੀਕੇ
ਸ਼੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਣ ਦਾ ਹੱਕ
ਅਕਾਲ ਤਖ਼ਤ ਸਾਹਿਬ ਨੂੰ ਦੇਣਾ ਚਾਹੀਦਾ ਹੈ
ਪੰਜਾਬ ਵਿਧਾਨ ਸਭਾ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਣ ਦੀ ਆਗਿਆ ਦੇਣ ਵਾਲਾ ਮੱਤਾ ਪਾਸ ਕਰਣਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਾਂਗਰਸ ਸਰਕਾਰ ਦੀ ਸਿੱਧੀ ਦਖਲਅੰਦਾਜੀ ਹੈ। ਕਿਉਂਕਿ ਇਹ ਮਾਮਲਾ ਸਿੱਖ ਸਿੱਧਾਂਤ ਅਤੇ ਪ੍ਰੰਪਰਾ ਨਾਲ ਜੁੜਿਆ ਹੋਇਆ ਹੈ, ਜਿਸ ਉੱਤੇ ਵਿਚਾਰ ਕਰਣ ਦਾ ਅਧਿਕਾਰ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥ ਦੀ ਪ੍ਰਤਿਨਿਧੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ। ਇਹ ਵਿਚਾਰ ਜਾਗੋ - ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ  ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਜਾਹਰ ਕੀਤੇ। ਜੀਕੇ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਅਜਿਹੇ ਮੱਤੇ ਸਿਰਫ ਉਸਤਤ ਲੁੱਟਣ  ਲਈ ਲਿਆਉਣ ਦਾ ਚਲਨ ਪੰਜਾਬ ਦੇ ਮੰਤਰੀਆਂ ਵਿੱਚ ਪਾਇਆ ਜਾ ਰਿਹਾ ਹੈ।ਕਿਉਂਕਿ ਇਸਤੋਂ ਪਹਿਲਾਂ ਵੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਮੱਤਾ ਵੀ ਪੰਜਾਬ ਵਿਧਾਨਸਭਾ ਵਿੱਚ ਪਾਸ ਹੋਇਆ ਸੀ, ਜਿਸ ਉੱਤੇ ਹੁਣ ਤੱਕ ਕੁੱਝ ਨਹੀਂ ਹੋਇਆ।  
ਜੀਕੇ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਪੰਜਾਬੀ ਚੈਨਲਾਂ ਨੂੰ ਮਿਲਣਾ ਚਾਹੀਦਾ ਹੈ, ਪੰਜਾਬ ਵਿਧਾਨਸਭਾ ਦੇ ਇਸ ਮੱਤੇ ਦਾ ਉਹ ਸਮਰਥਨ ਕਰਦੇ ਹਨ।ਕਿਉਂਕਿ ਇਹ ਮੱਤਾ ਸਿੱਧੇ ਤੌਰ ਉੱਤੇ ਇੱਕ ਚੈਨਲ ਦੀ ਅਖਤਿਆਰੀ ਨੂੰ ਅਪ੍ਰਵਾਨ ਕਰਦਾ ਹੈ। ਗੁਰਬਾਣੀ ਸਾਨੂੰ ਗੁਰੂ ਸਾਹਿਬਾਨਾਂ ਪਾਸੋਂ ਪ੍ਰਾਪਤ ਹੋਈ ਹੈ, ਇਸ ਲਈ ਕਿਸੇ ਇੱਕ ਚੈਨਲ ਦਾ ਕਾਪੀ ਰਾਇਟ ਨਹੀਂ ਹੋ ਸਕਦਾ।ਜੀਕੇ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਕਿਸੇ ਇੱਕ ਚੈਨਲ ਨੂੰ ਇੱਕ ਗੁਰੁਦਵਾਰੇ ਦੇ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਦੇਣ ਦਾ ਵਿਰੋਧੀ ਰਿਹਾ ਹਾਂ, ਇਸ ਲਈ ਦਿੱਲੀ ਕਮੇਟੀ ਪ੍ਰਧਾਨ  ਦੇ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਮੈਂ ਕਿਸੇ ਗੁਰੁਦਵਾਰੇ ਦੇ ਗੁਰਬਾਣੀ ਪ੍ਰਸਾਰਣ ਅਧਿਕਾਰ ਕਿਸੇ ਇੱਕ ਚੈਨਲ ਨੂੰ ਏਕਸਕਲੂਸਿਵ ਨਹੀਂ ਦਿੱਤੇ ਸਨ।  
ਜੀਕੇ ਨੇ ਸਾਫ਼ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਔਰਤਾਂ ਨੂੰ ਕੀਰਤਨ ਕਰਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉੱਤੇ ਉਸਨੂੰ ਲਾਗੂ ਕਰਣ ਦਾ ਤਰੀਕਾ ਪੰਥਕ ਸਿੱਧਾਤਾ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤੈਅ ਹੋਣਾ ਚਾਹੀਦਾ ਹੈਨਾ ਕਿ ਪੰਜਾਬ ਵਿਧਾਨਸਭਾ ਤੋਂ। ਇੱਥੇ ਦੱਸ ਦੇਈਏ ਕਿ ਜੇਕਰ ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਚੈਨਲ ਦੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਨੂੰ ਵਾਪਸ ਲਿਆ ਜਾਂਦਾ ਹੈ, ਤਾਂ ਸਿੱਧੇ ਤੌਰ ਉੱਤੇ ਅਕਾਲੀ ਵਿਚਾਰਧਾਰਾ ਦੇ ਨਿੱਜੀ ਚੈਨਲ ਸਮੂਹ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।
ਕਰਤਾਰਪੁਰ ਲਾਂਘਾ ਖੁੱਲ੍ਹਣ
ਮਗਰੋਂ ਨਵਾਂ ਮੁੱਦਾ ਉੱਠਿਆ
ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਇੱਕ ਨਵਾਂ ਮੁੱਦਾ ਉੱਠਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਿਆ ਜਾਵੇ। ਯਾਦ ਰਹੇ ਇਸ ਵੇਲੇ ਕਰਤਾਰਪੁਰ ਲਾਂਘੇ ਰਾਹੀਂ ਸਿਰਫ ਭਾਰਤ ਵੱਲੋਂ ਸੰਗਤ ਆ ਜਾ ਸਕਦੀ ਹੈ। ਹੁਣ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੀ ਮੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਠਾਈ ਹੈ।
ਜਥੇਦਾਰ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਿਆ ਜਾਵੇ। ਸ਼ਨੀਵਾਰ ਨੂੰ ਗੁਰਦੁਆਰਾ ਕਰਤਾਰਪੁਰ ਵਿੱਚ ਉਦਘਾਟਨੀ ਸਮਾਗਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਵੇਂ ਭਾਰਤੀ ਸਿੱਖਾਂ ਵਾਸਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰਿਆਂ ਵਾਸਤੇ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਵਾਸਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਿਆ ਜਾਵੇ।
ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿੱਚ ਇਸ ਵੇਲੇ ਸਿੱਖਾਂ ਦੀ ਆਬਾਦੀ ਲਗਪਗ ਦਸ ਹਜ਼ਾਰ ਹੈ ਤੇ ਇਹ ਸਿੱਖ ਵੀ ਭਾਰਤ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਦੀ ਮੰਗ ਵੀ ਪੂਰੀ ਕੀਤੀ ਜਾਵੇ। ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਲਈ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਿਸ਼ੇਸ਼ ਤੌਰ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਤੇ ਦੋਵਾਂ ਮੁਲਕਾਂ ਦੀ ਤਰੱਕੀ ਦੀ ਅਰਦਾਸ ਕੀਤੀ।
ਕਰਤਾਰਪੁਰ ਲਾਂਘਾ ਖੋਲ੍ਹਣ ਵਾਲੇ ਦਿਨ ਹੀ
ਅਯੁੱਧਿਆ ਮਾਮਲੇ 'ਤੇ ਫੈਸਲੇ ਕਿਉਂ?
ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਾਲੇ ਦਿਨ ਹੀ ਅਯੁੱਧਿਆ ਮਾਮਲੇ ਦੇ ਫੈਸਲੇ ਤੇ ਪਾਕਿਸਤਾਨ ਹੈਰਾਨ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਾਲੇ ਦਿਨ ਅਯੁੱਧਿਆ ਮਾਮਲੇ ਦੇ ਆਏ ਫੈਸਲੇ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਸ ਖੁਸ਼ੀ ਦੇ ਮੌਕੇ ਤੇ ਦਿਖਾਈ, ‘ਅਸੰਵੇਦਨਸ਼ੀਲਤਾਤੋਂ ਬਹੁਤ ਦੁਖੀ ਹਨ।
ਡਾਅਨਨਿਊਜ਼ ਟੀਵੀ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, ‘‘ਕੀ ਇਸ ਨੂੰ ਕੁਝ ਦਿਨ ਟਾਲਿਆ ਨਹੀਂ ਜਾ ਸਕਦਾ ਸੀ? ਮੈਂ ਇਸ ਖੁਸ਼ੀ ਦੇ ਮੌਕੇ ਤੇ ਦਿਖਾਈ ਗਈ ਅਸੰਵੇਦਨਸ਼ੀਲਤਾਤੋਂ ਬਹੁਤ ਦੁਖੀ ਹਾਂਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਤੁਹਾਨੂੰ ਇਸ ਤੋਂ ਧਿਆਨ ਵੰਡਾਉਣ ਦੀ ਥਾਂ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਨਾ ਚਾਹੀਦਾ ਸੀ। ਇਹ ਵਿਵਾਦ ਸੰਵੇਦਨਸ਼ੀਲ ਸੀ ਤੇ ਇਸ ਪਵਿੱਤਰ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ।’’
ਦੂਜੇ ਪਾਸੇ ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਇਸ ਟਿੱਪਣੀ ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨਫਰਤ ਫੈਲਾਉਣ ਦੇ ਉਦੇਸ਼ ਨਾਲ ਭਾਰਤ ਦੇ ਅੰਦਰੂਨੀ ਮਸਲਿਆਂ ਤੇ ਟਿੱਪਣੀ ਕਰਨਾ ਇਸਲਾਮਾਬਾਦ ਦੀ ਮਾਨਸਿਕ ਮਜਬੂਰੀਹੈ, ਜੋ ਨਿੰਦਣਯੋਗ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਅਸੀਂ ਕਿਸੇ ਸਿਵਲ ਮਾਮਲੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਤੇ ਪਾਕਿਸਤਾਨ ਵੱਲੋਂ ਕੀਤੀ ਅਣ-ਅਧਿਕਾਰਤ ਤੇ ਬੇਲੋੜੀ ਟਿਪਣੀ ਨੂੰ ਰੱਦ ਕਰਦੇ ਹਾਂ।
ਕਰਤਾਰਪੁਰ 'ਚ ਖਾਲਿਸਤਾਨ-
ਪਾਕਿਸਤਾਨ ਜ਼ਿੰਦਾਬਾਦ !
ਭਾਰਤ ਸਰਕਾਰ ਵੱਲੋਂ ਵਾਰ-ਵਾਰ ਇਤਰਾਜ਼ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੌਰਾਨ ਖਾਲਿਸਤਾਨ ਦੇ ਨਾਅਰੇ ਗੂੰਜੇ। ਸ਼ਰਧਾਲੂਆਂ ਵਿੱਚੋਂ ਹੀ ਕੁਝ ਲੋਕ ਜੋਸ਼ ਵਿੱਚ ਆ ਕੇ ਖਾਲਿਸਤਾਨ-ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੇ। ਇੱਕ ਵਾਰ ਤਾਂ ਇਸ ਨਾਅਰੇਬਾਜ਼ੀ ਕਰਕੇ ਸਾਰੇ ਮੀਡੀਏ ਦਾ ਧਿਆਨ ਉਸ ਪਾਸੇ ਹੋ ਗਿਆ। ਇਸ ਮੌਕੇ ਇਮਰਾਨ ਖ਼ਾਨ, ਜਨਰਲ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।
ਯਾਦ ਰਹੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਜਾਰੀ ਥੀਮ ਸੌਂਗ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸਣੇ ਹੋਰ ਗਰਮ ਖਿਆਲੀ ਸਿੱਖਾਂ ਦੀਆਂ ਤਸਵੀਰਾਂ ਮਗਰੋਂ ਭਾਰਤ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਪਾਕਿਸਤਾਨ ਦੀ ਸਾਜਿਸ਼ ਕਰਾਰ ਦਿੱਤਾ ਸੀ। ਕੱਲ੍ਹ ਮੁੜ ਸਿੱਖ ਸ਼ਰਧਾਲੂਆਂ ਵੱਲੋਂ ਖਾਲਿਸਤਾਨ ਦੇ ਨਾਅਰੇ ਲਾਏ।
ਸਭ ਤੋਂ ਅਹਿਮ ਗੱਲ਼ ਨਵਜੋਤ ਸਿੱਧੂ ਦੇ ਹੱਕ ਵਿੱਚ ਨਾਅਰੇਬਾਜ਼ੀ ਹੈ। ਦਰਅਸਲ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲਾ ਕੇ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ। ਸਿੱਖਾਂ ਦਾ ਇੱਕ ਹਿੱਸਾ ਇਸ ਦਾ ਕ੍ਰੈਡਿਟ ਨਵਜੋਤ ਸਿੱਧੂ ਨੂੰ ਦੇ ਰਿਹਾ ਹੈ ਕਿਉਂਕਿ ਸਭ ਤੋਂ ਪਹਿਲਾਂ ਸਿੱਧੂ ਨੇ ਹੀ ਲਾਂਘਾ ਖੋਲ੍ਹਣ ਦੀ ਗੋਲ ਤੋਰੀ ਸੀ।
ਸੁਖਬੀਰ ਬਾਦਲ ਤੇ
ਮਜੀਠੀਆ ਲਈ ਨਵੀਂ ਮੁਸੀਬਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਸਰਕਾਰ ਨੇ ਪਿਛਲੀ ਦਿਨੀਂ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਕੁ ਰੋਲ ਲੀਡਰਾਂ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ। ਇਸ ਲਈ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਆਈਜੀ ਰੈਂਕ ਦੇ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਸਰਕਾਰ ਨੂੰ ਦਿੱਤੀ ਦਰਖਾਸਤ ਦੇ ਅਧਾਰ ਤੇ ਇਹ ਮਾਮਲਾ ਦਾਇਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਗ੍ਰਹਿ ਵਿਭਾਗ ਨੇ ਪ੍ਰੌਸੀਕਿਊਸ਼ਨ ਵਿਭਾਗ ਨੂੰ ਇਹ ਸ਼ਿਕਾਇਤ ਦਾਇਰ ਕਰਾਉਣ ਦੇ ਨਿਰਦੇਸ਼ ਦਿੱਤੇ ਸਨ।
ਪ੍ਰੌਸੀਕਿਊਸ਼ਨ ਵਿਭਾਗ ਮੁਤਾਬਕ ਲੰਘੇ ਹਫ਼ਤੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 199 ਤਹਿਤ ਸਰਕਾਰੀ ਵਕੀਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਤੇ ਹੋਰਨਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਸ਼ਿਕਾਇਤ ਫੌਜਦਾਰੀ ਕਾਨੂੰਨ ਦੀਆਂ ਧਾਰਾਵਾਂ 499, 500, 501 ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਦਾਇਰ ਕੀਤੀ ਗਈ ਹੈ। ਅਹਿਮ ਗੱਲ਼ ਹੈ ਕਿ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਗਵਾਹ ਵਜੋਂ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਨਾਲ ਸਬੰਧਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਤੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਰਗਰਮ ਕੁੰਵਰ ਵਿਜੈ ਪ੍ਰਤਾਪ ਸਿੰਘ ਖਿਲਾਫ਼ ਅਕਾਲੀ ਦਲ ਵੱਲੋਂ ਸੰਸਦੀ ਚੋਣਾਂ ਤੋਂ ਪਹਿਲਾਂ ਹੱਲਾ ਬੋਲਿਆ ਗਿਆ ਸੀ। ਅਕਾਲੀ ਦਲ ਵੱਲੋਂ ਇਸ ਪੁਲਿਸ ਅਧਿਕਾਰੀ ਖਿਲਾਫ਼ ਪੱਖਪਾਤੀ ਤੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ ਸਨ ਤੇ ਚੋਣ ਕਮਿਸ਼ਨ ਨੇ ਇਸ ਅਧਿਕਾਰੀ ਦਾ ਤਬਾਦਲਾ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।
ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਰਕਾਰ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸੰਸਦੀ ਚੋਣਾਂ ਦੇ ਅਮਲ ਦੌਰਾਨ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਇਸ ਪੁਲੀਸ ਅਧਿਕਾਰੀ ਖਿਲਾਫ਼ ਸਿੱਧੀ ਬਿਆਨਬਾਜ਼ੀ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਇਹ ਦੋਸ਼ ਵੀ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਵੀ ਉਸ ਖਿਲਾਫ਼ ਕਈ ਤਰ੍ਹਾਂ ਦੀਆਂ ਪੋਸਟਾਂਪਾਈਆਂ ਗਈਆਂ ਸਨ।
ਦਰਅਸਲ ਕਰਤਾਰਪੁਰ ਲਾਂਘਾ ਖੁੱਲ੍ਹਣ ਕਰਕੇ ਹਰ ਸ਼ਰਧਾਲੂ ਇਸ ਇਤਿਹਾਸਕ ਮੌਕੇ ਤੋਂ ਖੁੰਝਣਾ ਨਹੀਂ ਚਾਹੁੰਦਾ। ਇਸ ਲਈ ਭਾਰਤ ਦੇ ਕੋਨੇ-ਕੋਨੇ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸੰਗਤਾਂ ਪਹੁੰਚ ਰਹੀਆਂ ਹਨ। ਸੂਤਰਾਂ ਮੁਤਾਬਕ ਹੁਣ ਤੱਕ ਸਰਕਾਰੀ ਅੰਦਾਜ਼ੇ ਤੋਂ ਕਿਤੇ ਵੱਧ ਸੰਗਤਾਂ ਪਹੁੰਚੀਆਂ ਹਨ। ਅਜੇ ਇਹ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਜਿਹੜਾ ਵੀ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਂਦਾ ਹੈ, ਉਹ ਸੁਲਤਾਨਪੁਰ ਲੋਧੀ ਵੀ ਨਤਮਸਤਕ ਜ਼ਰੂਰ ਹੁੰਦਾ ਹੈ।
ਕਿਵੇਂ ਮਿਲੇਗਾ ਕਿਸਾਨਾਂ ਨੂੰ ਮੁਆਵਜ਼ਾ ?
300-400 ਕਰੋੜ ਵੰਡਣ ਲਈ ਪੰਚਾਇਤਾਂ ਦਾ ਸਹਾਰਾ
ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਫੈਸਲੇ ਨੇ ਨਵਾਂ ਕਲੇਸ਼ ਛੇੜ ਦਿੱਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇਗਾ। ਇਹ ਮੁਆਵਜ਼ਾ ਸਿਰਫ ਪੰਜ ਏਕੜ ਤਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਹੀ ਮਿਲੇਗਾ। ਦਿਲਚਲਪ ਹੈ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਝੋਨਾ ਕੱਟਣ ਮਗਰੋਂ ਕਣਕ ਦੀ ਬਜਾਈ ਵੀ ਹੋ ਗਈ ਹੈ। ਅਜਿਹੇ ਵਿੱਚ ਕਿਸ ਕਿਸਾਨ ਨੇ ਪਰਾਲੀ ਸਾੜੀ ਹੈ ਤੇ ਕਿਸ ਨੇ ਨਹੀਂ, ਇਸ ਦਾ ਪਤਾ ਲਾਉਣਾ ਔਖਾ ਹੈ।
ਇਸ ਤੋਂ ਅੱਗੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਨਿਸ਼ਾਨਦੇਹੀ ਪੰਚਾਇਤਾਂ 'ਤੇ ਛੱਡ ਦਿੱਤੀ ਹੈ। ਇਹ ਸਭ ਜਾਣਦੇ ਹਨ ਕਿ ਪਿੰਡਾਂ ਵਿੱਚ ਸਭ ਤੋਂ ਵੱਡੀ ਧੜੇਬੰਦੀ ਪੰਚਾਇਤਾਂ ਦੀ ਹੈ। ਇਸ ਲਈ ਇਹ ਮੁਆਵਜ਼ਾ ਸਹੀ ਕਿਸਾਨਾਂ ਕੋਲ ਪਹੁੰਚੇਗਾ, ਇਸ ਉੱਪਰ ਸਵਾਲ ਖੜ੍ਹੇ ਹੋ ਗਏ ਹਨ। ਸਰਕਾਰੀ ਸੂਤਰਾਂ ਮੁਤਾਬਕ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਪ੍ਰਫਾਰਮਾ ਹਰੇਕ ਪਿੰਡ ਨੂੰ ਭੇਜਿਆ ਜਾਵੇਗਾ। ਪਿੰਡ ਦੀ ਪੰਚਾਇਤ ਇਹ ਤਸਦੀਕ ਕਰੇਗੀ ਕਿ ਪਿੰਡ ਦੇ ਕਿਹੜੇ ਕਿਸਾਨ ਨੇ ਪਰਾਲੀ ਨੂੰ ਸਾੜਨ ਦੀ ਥਾਂ ਖੇਤਾਂ ਵਿੱਚ ਵਾਹਿਆ ਹੈ।
ਇਸ ਤੋਂ ਇਲਾਵਾ ਸਬੰਧਤ ਕਿਸਾਨ ਹਲਫੀਆ ਬਿਆਨ ਵਿੱਚ ਪਰਾਲੀ ਨੂੰ ਸਾੜਨ ਦੀ ਥਾਂ ਖੇਤ ਵਿੱਚ ਹੀ ਵਾਹੁਣ ਦੀ ਪੁਸ਼ਟੀ ਕਰੇਗਾ। ਹਲਫ਼ਨਾਮੇ ਵਿੱਚ ਕਿਸਾਨ ਉਸ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੋਣ ਤੇ ਛੋਟੇ ਤੇ ਸੀਮਾਂਤ ਕਿਸਾਨਾਂ ਵਿੱਚ ਸ਼ੁਮਾਰ ਹੋਣ ਦਾ ਵੀ ਜ਼ਿਕਰ ਕਰੇਗਾ। ਜੇਕਰ ਸਬੰਧਤ ਕਿਸਾਨ ਵੱਲੋਂ ਦਿੱਤੀ ਜਾਣਕਾਰੀ ਕਿਸੇ ਪੱਧਰ ਤੇ ਗ਼ਲਤ/ਝੂਠੀ ਨਿਕਲੀ ਤਾਂ ਉਸ ਨੂੰ ਦਿੱਤਾ ਗਿਆ ਮੁਆਵਜ਼ਾ ਵਾਪਸ ਕਰਨਾ ਹੋਵੇਗਾ। ਇਹ ਮੁਆਵਜ਼ਾ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗਾ ਤੇ ਸਬੰਧਤ ਕਿਸਾਨ ਨੂੰ ਦੱਸਣਾ ਪਵੇਗਾ ਕਿ ਉਸ ਨੇ ਕਿੰਨੇ ਏਕੜ ਵਿੱਚ ਬਾਸਮਤੀ ਦੀ ਲੁਆਈ ਕੀਤੀ ਸੀ।
ਸਰਕਾਰੀ ਸੂਤਰਾਂ ਮੁਤਾਬਕ ਲਾਭਪਾਤਰੀ ਕਿਸਾਨਾਂ ਨੂੰ ਸਹਿਮਤੀ ਦੇਣੀ ਪਵੇਗੀ ਕਿ ਪੰਜਾਬ ਤੇ ਭਾਰਤ ਸਰਕਾਰ ਦੀਆਂ ਜ਼ਿੰਮੇਵਾਰ ਏਜੰਸੀਆਂ ਉਸ ਦਾ ਆਧਾਰ ਨੰਬਰ ਤੇ ਹੋਰ ਜਾਣਕਾਰੀਆਂ ਨੂੰ ਤਸਦੀਕ ਕਰਨ ਲਈ ਵਰਤ ਸਕਦੀਆਂ ਹਨ। ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸਕੀਮ ਦੇ ਅਮਲ ਵਿੱਚ ਆਉਣ ਨਾਲ ਸਰਕਾਰੀ ਖ਼ਜ਼ਾਨੇ ਉੱਤੇ 300 ਤੋਂ 400 ਕਰੋੜ ਰੁਪਏ ਦਾ ਬੋਝ ਪਵੇਗਾ।
ਹੁਣ ਸਾਬਕਾ ਫੌਜੀਆਂ ਦੀ ਵਾਰ,
ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ
ਸੋਸ਼ਲ ਮੀਡੀਆ ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ਕੋਡ ਆਫ਼ ਕੰਡਕਟਲਿਆਉਣ ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਲਿਖਤ ਚ ਕਹਿਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇਸ ਕੋਡ ਆਫ਼ ਕੰਡਕਟ ਤਹਿਤ ਆਪਣਾ ਵਤੀਰਾ ਰੱਖਣਗੇ।
ਇਹ ਨਿਯਮ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਰੈਂਕ ਤਕ ਦੇ ਅਧਿਕਾਰੀ ਤਕ ਤੇ ਲਾਗੂ ਹੋਵੇਗਾ। ਹਾਸਲ ਜਾਣਕਾਰੀ ਮੁਤਾਬਕਥਲ ਸੈਨਾ ਮੁੱਖ ਦਫਤਰ ਸਥਿਤ ਐਡਜੂਟੈਂਟ ਬ੍ਰਾਂਚ ਇਸ ਤਹਿਤ ਨਿਯਮ ਬਣਾਉਣ ਤੇ ਕੰਮ ਕਰ ਰਹੀ ਹੈ। ਇਸ ਤਹਿਤ ਸੈਨਾ ਦੇ ਕਿਸੇ ਵੀ ਵੱਡੇ ਅਧਿਕਾਰੀ ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਲੱਗ ਸਕੇ।
ਸੋਸ਼ਲ ਮੀਡੀਆ ਤੇ ਕਈ ਵਾਰ ਸੈਨਾ ਦੇ ਸਾਬਕਾ ਅਧਿਕਾਰੀ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਇਲਜ਼ਾਮ ਲਾਉਂਦੇ ਰਹਿੰਦੇ ਹਨ। ਕਈ ਵਾਰ ਸੈਨਾ ਤੇ ਸੈਨਿਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁਹਿੰਮ ਵੀ ਸ਼ੁਰੂ ਕੀਤੀ ਜਾਂਦੀ ਹੈ। ਇਸ ਕਰਕੇ ਸੈਨਾ ਸੁਰਖੀਆਂ ਚ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਸੈਨਾ ਇਨ੍ਹਾਂ ਸਭ ਤੇ ਲਗਾਮ ਲਾਉਣ ਦਾ ਵਿਚਾਰ ਕੀਤਾ ਹੈ।
ਇਸ ਨਿਯਮ ਲਈ ਵੀ ਤਿੰਨਾਂ ਸੈਨਾਵਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਤੋਂ ਵੀ ਇਸ ਲਈ ਇਜਾਜ਼ਤ ਲੈਣੀ ਹੋਵੇਗੀ ਕਿਉਂਕਿ ਆਰਮੀ ਐਕਟ ਸਾਬਕਾ ਸੈਨਿਕਾਂ ਤੇ ਲਾਗੂ ਨਹੀਂ ਹੁੰਦਾ। ਇਸ ਕੋਡ ਆਫ਼ ਕੰਡਕਟ ਲਈ ਸਾਬਕਾ ਸੈਨਿਕਾਂ ਚ ਰੋਸ ਵੀ ਹੈ।

ਫਿਰਕੂ ਹਿੰਸਾ ਨੂੰ ਖ਼ਤਮ ਕਰ ਸਕਦਾ

ਬਾਬੇ ਨਾਨਕ ਦਾ ਸੰਦੇਸ਼: ਡਾ. ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਫਿਰਕੂ ਹਿੰਸਾ ਨੂੰ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 'ਇੱਕ ਪਰਮਾਤਮਾ, ਧਾਰਮਿਕ ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸਦੀਵੀ ਸੰਦੇਸ਼' ਇਸ ਨੂੰ ਖਤਮ ਕਰਨ ਦਾ ਰਸਤਾ ਵਿਖਾ ਸਕਦਾ ਹੈ। ਉਨ੍ਹਾਂ ਇੱਕ ਬਰਾਬਰ ਸਮਾਜ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇ ਸੰਦੇਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ।ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਤੇ ਸਦਭਾਵਨਾ ਨੂੰ ਇਕਮਾਤਰ ਤਰੀਕਾ ਦੱਸਦਿਆਂ, ਉਨ੍ਹਾਂ ਉਮੀਦ ਜਤਾਈ ਕਿ ਸੰਘਰਸ਼ਾਂ ਦੇ ਟਿਕਾਊ ਹੱਲ ਲਈ ਕਰਤਾਰਪੁਰ ਮਾਡਲ ਨੂੰ ਭਵਿੱਖ ਵਿੱਚ ਵੀ ਦੁਹਰਾਇਆ ਜਾਵੇਗਾ। ਮਨਮੋਹਨ ਸਿੰਘ ਨੇ ਫਿਰਕੂ ਹਿੰਸਾ ਨੂੰ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਹੋਇਆਂ ਕਿਹਾ, 'ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਈਸ਼ਵਰ, ਧਾਰਮਿਕ ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸਦੀਵੀ ਸੰਦੇਸ਼ ਫਿਰਕੂ ਹਿੰਸਾ ਨੂੰ ਖਤਮ ਕਰਨ ਦਾ ਰਸਤਾ ਦਿਖਾ ਸਕਦਾ ਹੈ। ਦਰਅਸਲ ਡਾ. ਮਨਮੋਹਨ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਪੰਜਾਬ ਵਿਧਾਨ ਸਭਾ ਦੇ ਯਾਦਗਾਰੀ ਸੈਸ਼ਨ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ, 'ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਕਿਵੇਂ ਜ਼ਿੰਦਾ ਰੱਖਾਂਗੇ ਜਦੋਂ ਉਨ੍ਹਾਂ ਦੀ ਜਵਾਨੀ ਨਸ਼ਿਆਂ ਦੀ ਆਦੀ ਹੋ ਜਾਵੇਗੀ, ਪਾਣੀ ਜ਼ਹਿਰੀਲਾ ਹੋ ਜਾਵੇਗਾ ਅਤੇ ਔਰਤਾਂ ਦਾ ਨਿਰਾਦਰ ਹੋਵੇਗਾ। ਉਨ੍ਹਾਂ ਦੀ 550ਵੀਂ ਜੈਯੰਤੀ 'ਤੇ ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ।'

ਨੇਹਾ ਸ਼ੋਰੀ ਦੇ ਕਤਲ ਦੀ ਜਾਂਚ ਤੋਂ ਮਾਪੇ ਨਾਖੁਸ਼,
ਹਾਈਕੋਰਟ ਪਹੁੰਚੇ
ਮੁਹਾਲੀ ਵਿੱਚ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦੀ ਜਾਂਚ ਅਜੇ ਕਿਸੇ ਤਣ-ਪੱਤਣ ਨਹੀਂ ਲੱਗੀ। ਮਾਮਲੇ ਦੀ ਚੱਲ ਰਹੀ ਤਫਤੀਸ਼ ਬਾਰੇ ਜਾਣਨ ਲਈ ਨੇਹਾ ਸ਼ੋਰੀ ਦੇ ਮਾਤਾ-ਪਿਤਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਹਾਈਕੋਰਟ ਕੋਲ ਗੁਹਾਰ ਲਾਈ ਕਿ ਪੰਜਾਬ ਪੁਲਿਸ ਆਖਰਕਾਰ ਆਪਣੀ ਤਫ਼ਤੀਸ਼ ਬਾਰੇ ਦੱਸੇ ਕਿ ਕਿੱਥੇ ਤੱਕ ਪਹੁੰਚ ਚੁੱਕੀ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਪਾਈ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ, ਆਈਜੀ ਰੋਪੜ ਰੇਂਜ ਦੇ ਐਸਐਸਪੀ ਮੁਹਾਲੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਨੇਹਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸੱਤ ਮਹੀਨੇ ਤੋਂ ਉਹ ਲਗਾਤਾਰ ਪੰਜਾਬ ਪੁਲਿਸ ਕੋਲ ਜਾਂਚ ਬਾਰੇ ਜਾਣਨ ਲਈ ਜਾ ਰਹੇ ਹਾਂ, ਪਰ ਪੁਲਿਸ ਵੱਲੋਂ ਕਿਸੇ ਰਾਹ ਨਹੀਂ ਪਾਇਆ ਜਾ ਰਿਹਾ।
ਨੇਹਾ ਦੇ ਮਾਤਾ-ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਨੂੰ ਸਾਜ਼ਿਸ਼ ਤਹਿਤ ਮਾਰਿਆ ਹੈ ਜਦਕਿ ਪੰਜਾਬ ਪੁਲਿਸ ਦੀ ਤਫ਼ਤੀਸ਼ ਆਪਸੀ ਰੰਜਿਸ਼ 'ਤੇ ਰੁਕੀ ਹੋਈ ਹੈ। 29 ਮਾਰਚ ਨੂੰ ਡਰੱਗ ਇੰਸਪੈਕਟਰ ਨੇਹਾ ਦਾ ਕਤਲ ਉਸ ਦੇ ਦਫ਼ਤਰ ਵਿੱਚ ਕੀਤਾ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤਾਂ ਕਿ ਇਸ ਦੀ ਜਾਂਚ ਵੱਖਰੇ ਪੱਧਰ 'ਤੇ ਹੋ ਸਕੇ।
ਹੁਣ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਪਰਿਵਾਰਕ ਮੈਂਬਰ ਨਾਖੁਸ਼ ਹਨ। ਇਸੇ ਕਰਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ।
ਮੁੜ ਉੱਭਰ ਰਹੀ ਖਾਲਿਸਤਾਨੀ ਲਹਿਰ!
ਕੇਂਦਰ ਨੇ ਮੰਗੀ ਪੰਜਾਬ ਤੋਂ ਰਿਪੋਰਟ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਚ ਬੰਦ ਤਿੰਨ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੀ ਪੂਰੀ ਜਾਣਕਾਰੀ ਮੰਗੀ ਹੈ। ਇਸ ਬਾਰੇ ਪੂਰੀ ਰਿਪੋਰਟ ਪੰਜਾਬ ਸਰਕਾਰ ਨੇ ਹਫਤੇ ਦੇ ਅੰਦਰ-ਅੰਦਰ ਦੇਣੀ ਹੈ। ਇਸ ਲਈ ਸੂਬੇ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਸੰਗਠਨਾਂ ਚ ਖਾਲਿਸਤਾਨ ਕਮਾਂਡੋ ਫੋਰਸਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਸ਼ਾਮਲ ਹੈ। ਇਨ੍ਹਾਂ ਸੰਗਠਨਾਂ ਨਾਲ ਸਬੰਧਤ ਮੈਂਬਰ ਪਟਿਆਲਾਅੰਮ੍ਰਿਤਸਰਬਠਿੰਡਾ ਤੇ ਜਲੰਧਰ ਦੀਆਂ ਜੇਲ੍ਹਾਂ ਚ ਬੰਦ ਹਨ। ਸੂਤਰਾਂ ਮੁਤਾਬਕ ਇਨਪੁਟ ਮਿਲਿਆ ਹੈ ਕਿ ਇਨ੍ਹਾਂ ਸੰਗਠਨਾਂ ਨਾਲ ਸਬੰਧਤ ਲੋਕ ਜੋ ਵਿਦੇਸ਼ਾਂ ਚ ਬੈਠੇ ਹਨਇਨ੍ਹਾਂ ਨਾਲ ਲਗਾਤਾਰ ਸੰਪਰਕ ਚ ਹਨਜੋ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਪੰਜਾਬ ਚ ਪਿਛਲੇ ਦਿਨੀਂ ਹਥਿਆਰਾਂ ਸਣੇ ਅੱਤਵਾਦੀ ਫੜੇ ਗਏ ਸੀਉਹ ਇਨ੍ਹਾਂ ਦੀ ਯੋਜਨਾ ਦਾ ਹਿੱਸਾ ਸੀ।
ਆਈਬੀ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਮੈਂਬਰ ਜੇਲ੍ਹਾਂ ਚ ਬੈਠ ਕੇ ਹੀ ਮੋਬਾਈਲ ਤੇ ਇੰਟਰਨੈੱਟ ਜ਼ਰੀਏ ਆਪਣੇ ਸਾਥੀਆਂ ਨਾਲ ਸੰਪਰਕ ਕਰਨ ਚ ਕਾਮਯਾਬ ਰਹੇ ਹਨ। ਉਹ ਕਿਸੇ ਵਾਰਦਾਰਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਅਜਿਹੇ ਕੈਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕਰਦੇ ਰਹਿਣ
ਆਈਬੀ ਤੋਂ ਮਿਲੇ ਅਲਰਟ ਮਗਰੋਂ ਪੁਲਿਸ ਵੀ ਚੌਕਸ ਹੋ ਗਈ ਹੈ। ਡੀਜੀਪੀ ਨੇ ਪੁਲਿਸ ਅਧਿਕਾਰੀਆਂ ਤੇ ਜੇਲ੍ਹ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਲੋਕਾਂ ਨੂੰ ਸਪੈਸ਼ਲ ਬੈਰਕਾਂ ਚ ਰੱਖਣ ਤੇ ਉਨ੍ਹਾਂ ਤੇ ਖਾਸ ਨਜ਼ਰ ਰੱਖੀ ਜਾਵੇ ਤਾਂ ਜੋ ਹਰ ਗਤੀਵਿਧੀ ਦੀ ਜਾਣਕਾਰੀ ਮਿਲਦੀ ਰਹੇ।
ਦੱਸ ਦਈਏ ਕਿ ਹਾਲ ਹੀ ਚ ਲੁਧਿਆਣਾ ਤੋਂ ਫੜੇ ਗਏ ਖਾਲਿਸਤਾਨੀ ਸਮਰੱਥਕਾਂ ਨੇ ਖੁਲਾਸਾ ਕੀਤਾ ਹੈ ਕਿ ਹਿੰਦੂ ਨੇਤਾਵਾਂ ਦੇ ਕਤਲ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਇੰਟੈਲੀਜੈਂਸ ਤੇ ਦੂਜੀਆਂ ਖੁਫੀਆ ਏਜੰਸੀ ਦੇ ਅਧਿਕਾਰੀਆਂ ਚ ਇੱਕ ਬੈਠਕ ਹੋਈ ਹੈ।
ਆਈਬੀ ਕੋਲ ਲਗਾਤਾਰ ਜਾਣਕਾਰੀ ਆਈ ਹੈ ਕਿ ਪਾਕਿ ਹੁਣ ਪੰਜਾਬ ਦੇ ਖਾਲਿਸਤਾਨੀ ਸਮਰੱਥਕਾਂ ਤੇ ਗੜਬੜੀ ਕਰਨ ਦਾ ਦਬਾਅ ਬਣਾ ਰਿਹਾ ਹੈ। ਪੰਜਾਬ ਪੁਲਿਸ ਤੇ ਆਈਬੀ ਇੱਕ-ਦੂਜੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ।
ਅਮਰੀਕਾ 'ਚ ਟੁੱਟਿਆ ਨਸਲੀ ਹਮਲਿਆਂ ਦਾ ਰਿਕਾਰਡ,
ਸਿੱਖ ਵੀ ਹੋਏ ਸ਼ਿਕਾਰ
ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਐਫਬੀਆਈਨੇ 2018 ‘ਚ ਨਸਲੀ ਨਫਰਤ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਪਿਛਲੇ ਸਾਲ ਅਮਰੀਕਾ ਚ ਵਿਅਕਤੀਗਤ ਹੇਟ ਕ੍ਰਾਈਮ 16 ਸਾਲ ਦੇ ਸਭ ਤੋਂ ਉੱਤਲੇ ਪੱਧਰ ਤੇ ਪਹੁੰਚ ਗਿਆ। ਐਫਬੀਆਈ ਦੀ ਰਿਪੋਰਟ ਮੁਤਾਬਕ ਇੱਕ ਸਾਲ ਚ ਲੈਟਿਨ ਮੂਲ ਦੇ ਲੋਕਾਂ ਖਿਲਾਫ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਈਆਂ।
ਰਿਪੋਰਟ ਮੁਤਾਬਕ 2017 ਤੋਂ 2018 ‘ਚ ਸਿੱਖਾਂ ਪ੍ਰਤੀ ਨਫਰਤ ਭਰੇ ਅਪਰਾਧਿਕ ਮਾਮਲਿਆਂ ਚ ਤਿੰਨ ਗੁਣਾ ਵਾਧਾ ਹੋਇਆ। ਅਮਰੀਕਾ ਚ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਯਹੂਦੀਆਂ ਤੇ ਮੁਸਲਮਾਨਾਂ ਨਾਲ ਹੋਇਆ ਜਿਸ ਚ ਤੀਜਾ ਸਥਾਨ ਸਿੱਖਾਂ ਦਾ ਹੈ। ਲੈਟਿਨ ਅਮਰੀਕੀਆਂ ਦੇ ਨਾਲ 2017 ‘ 430 ਤੇ 2018 ‘ 485 ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਈਆਂ।
ਇਸ ਵਾਰ ਜਿੱਥੇ ਜਾਇਦਾਦ ਖਿਲਾਫ ਅਪਰਾਧ ਚ ਕਮੀ ਆਈ ਹੈ ਉੱਥੇ ਹੀ ਲੋਕਾਂ ਤੇ ਵਿਅਕਤੀਗਤ ਹਮਲਿਆਂ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਕੁੱਲ 7120 ਹੇਟ ਕ੍ਰਾਈਮ ਦੀਆਂ ਘਟਨਾਵਾਂ ਚੋਂ 4571 ਕਿਸੇ ਵਿਅਕਤੀ ਖਿਲਾਫ ਹੋਈਆਂ। ਅਮਰੀਕਾ ਚ ਹੇਟ ਕਰਾਈਮ ਵਧਣ ਦਾ ਵੱਡਾ ਕਾਰਨ ਡੋਨਾਲਡ ਟਰੰਪ ਦੇ ਬਿਆਨ ਤੇ ਉਸ ਦੀ ਸਰਕਾਰ ਦੀਆਂ ਨੀਤੀਆਂ ਵੀ ਹਨ। ਟਰੰਪ ਦਾ ਪ੍ਰਸਾਸ਼ਨ ਪਿਛਲੇ ਸਮੇਂ ਤੋਂ ਸ਼ਰਨਾਰਥੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੇ ਬਿਆਨ ਦਿੰਦਾ ਆਇਆ ਹੈ।

0 Response to "ਖਬਰਾਂ--ਸਾਲ-10,ਅੰਕ:41,14ਨਵੰਬਰ2019"

Post a Comment