ਖਬਰਾਂ-ਸਾਲ-10,ਅੰਕ: 9,7 ਅਕਤੂਬਰ 2019.











ਸਾਲ-10,ਅੰਕ: 9,7ਅਕਤੂਬਰ2019/ਅੱਸੂ(ਸੁਦੀ)9(ਨਾ.ਸ਼ਾ)551.
ਸ੍ਰੋਮਣੀ ਅਤੇ ਦਿੱਲੀ ਕਮੇਟੀ ਨੇ ਗੁਰਸਥਾਨ ਨੂੰ ਢਾਹੁਣ ਨੂੰ ਕਿਵੇਂ ਪ੍ਰਵਾਨਗੀ ਦਿੱਤੀ?
ਉੜੀਸਾ ਦੇ ਮੰਗੂ ਅਤੇ ਪੰਜਾਬੀ ਮਠ ਨੂੰ ਤੋੜਨ ਲਈ ਸਹਿਮਤੀ ਦੇਣ ਦਾ ਮਾਮਲਾ
ਇਤਿਹਾਸ ਨਾਲ ਨਾ ਖੇਡੇ ਸ਼੍ਰੋਮਣੀ ਕਮੇਟੀ: ਜੀਕੇ
ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਨਾਂ ਦੀ ਭਾਲ ਕਰਨੀ ਚਾਹੀਦੀ ਹੈ,
ਜਿਨ੍ਹਾਂ ਨੇ ਉਪਰੋਕਤ ਮੱਠਾਂ ਨੂੰ ਢਾਹੁਣ ਦੀ ਪ੍ਰਵਾਨਗੀ ਦਿੱਤੀ
ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਆਰਤੀ ਉਚਾਰਣ ਦੇ ਸਥਾਨ ਨੂੰ ਢਾਹੁਣ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ ਦੁਆਰਾ ਲਗਾਈ ਗਈ ਪਾਬੰਦੀ ਦਾ ਸਵਾਗਤ ਕੀਤਾ ਹੈਂ। 'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉੜੀਸਾ ਦੇ ਜਗਨਨਾਥ ਮੰਦਿਰ ਨੇੜੇ ਮੰਗੂ ਅਤੇ ਪੰਜਾਬੀ ਮਠ ਦੇ ਪੁਰਾਣੇ ਢਾਂਚੇ ਦੀ ਸਥਿਤੀ ਨੂੰ ਫਿਲਹਾਲ ਸਬੰਧਤ ਧਿਰਾਂ ਨਾਲ ਗੱਲ ਕੀਤੇ ਬਿਨਾਂ ਨਾ ਢਾਹੁਣ ਦੇ ਅਦਾਲਤ ਦੇ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਉੜੀਸਾ ਸਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਅਪੀਲ ਕੀਤੀ ਹੈ। ਜੀਕੇ ਨੇ ਖੁਲਾਸਾ ਕੀਤਾ ਕਿ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸਥਾਨਕ ਪ੍ਰਸ਼ਾਸਨ ਨੂੰ ਉਕਤ ਮੱਠਾਂ ਨੂੰ ਢਾਹੁਣ ਦੀ ਇਜਾਜ਼ਤ ਦਿੱਤੀ ਹੈ, ਇਸ ਗੱਲ ਦਾ ਦਾਅਵਾ ਪਟੀਸ਼ਨਕਰਤਾ ਅਜਮੇਰ ਸਿੰਘ ਰੰਧਾਵਾ ਦੁਆਰਾ ਕੀਤਾ ਗਿਆ ਹੈ। ਜੇਕਰ ਇਹ ਸੱਚ ਹੈ, ਤਾਂ ਸਿੱਖ ਕੌਮ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ।ਕਿਉਂਕਿ ਕੌਮ ਦੀ ਨੁਮਾਇੰਦਾ ਜਥੇਬੰਦੀਆਂ ਗੁਰੂ ਦੇ ਸਥਾਨ ਨੂੰ ਤੁੜਵਾਉਨ ਦੇ ਇਰਾਦੇ ਨਾਲ ਅੱਗੇ ਵੱਧ ਰਹੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਗੁਰੂ ਸਾਹਿਬ ਦੇ ਆਰਤੀ ਉਚਾਰਨ ਦੀ ਥਾਂ ਬਾਰੇ ਦੁਬਿਧਾ ਨੂੰ ਦੂਰ ਕਰਨਾ ਵੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੁਆਰਾ ਛਾਪੀਆਂ ਗਈਆਂ ਕਿਤਾਬਾਂ ਆਪਣੇ ਆਪ ਹੀ ਸੰਕੇਤ ਕਰਦੀਆਂ ਹਨ ਕਿ ਗੁਰੂ ਸਾਹਿਬ ਮੰਗੂ ਮਠ ਦੀ ਜਗ੍ਹਾ ਆਰਤੀ ਦਾ ਉਚਾਰਣ ਕੀਤਾ ਸਨ। ਪਰ ਹਾਲ ਹੀ ਵਿੱਚ ਪੁਰੀ ਗਏ ਸ੍ਰੋਮਣੀ ਕਮੇਟੀ ਦੇ ਵਫਦ ਨੇ ਦਾਅਵਾ ਕੀਤਾ ਹੈਂ ਕਿ ਮੰਗੂ ਮੱਠ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ ਸਗੋਂ ਉਨ੍ਹਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਆਏ ਸਨ। ਗੁਰੂ ਸਾਹਿਬ ਨੇ ਗੁਰਦੁਆਰਾ ਬਾਉਲੀ ਸਾਹਿਬ ਦੇ ਅਸਥਾਨ 'ਤੇ ਆਰਤੀ ਦਾ ਉਚਾਰਣ ਕੀਤਾ ਸੀ। ਜੀਕੇ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਉੜੀਸਾ ਸਰਕਾਰ ਨੂੰ ਸਿੱਖਾਂ ਦੀਆਂ ਸਬੰਧਤ ਧਿਰਾਂ ਨਾਲ ਗੱਲ ਕੀਤੇ ਬਿਨਾਂ ਕੁਝ ਵੀ ਢਾਹੁਣ ਦਾ ਆਦੇਸ਼ ਦਿੱਤਾ ਤਾਂ ਹੁਣ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਕਈ ਗੁਣਾ ਵੱਧ ਗਈ ਹੈ।
ਜੀਕੇ ਨੇ ਦੱਸਿਆ ਕਿ ਸੁਪਰੀਮ ਕੋਰਟ ਵਿੱਚ ਕੇਸ ਦੇ ਪਟੀਸ਼ਨਰ ਰੰਧਾਵਾ ਵੱਲੋਂ ਕੱਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੂੰ ਇੱਕ ਈ-ਮੇਲ ਭੇਜਿਆ ਗਿਆ ਹੈ। ਜਿਸ ਦੀ ਕਾਪੀ ਸਾਨੂੰ ਵੀ ਮਿਲੀ ਹੈ। ਇਸ ਵਿਚ, ਪਟੀਸ਼ਨਕਰਤਾ ਦੁਆਰਾ ਤੱਥਾਂ ਨਾਲ ਖੇਡਣ ਲਈ ਦਿੱਲੀ ਅਤੇ ਸ਼੍ਰੋਮਣੀ ਕਮੇਟੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਜੀਕੇ ਨੇ ਪੁੱਛਿਆ ਕਿ ਮੰਗੂ ਅਤੇ ਪੰਜਾਬੀ ਮਠ ਵਿਖੇ ਉਦਾਸੀ ਸੰਪਰਦਾ ਦੇ ਕਬਜ਼ੇ ਕਾਰਨ ਕੀ ਅਸੀਂ ਗੁਰੂ ਸਾਹਿਬ ਦੇ ਆਰਤੀ ਉਚਾਰਣ ਸਥਾਨ ਦੀ ਹੋਂਦ ਤੋਂ ਇਨਕਾਰ ਕਰਨ ਦੀ ਗੁਸਤਾਖੀ ਕਰ ਸਕਦੇ ਹਾਂ ? ਜਦੋਂ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਕਿਸੇ ਸਮੇਂ ਗੈਰ-ਸਿੱਖਾਂ ਨੇ ਕਾਬੂ ਕਰ ਲਿਆ ਸੀ, ਕੀ ਸਿੱਖਾਂ ਨੇ ਇਸ ਸਥਾਨ 'ਤੇ ਸਿੱਖ ਮਰਯਾਦਾ ਲਾਗੂ ਕਰਕੇ ਕੋਈ ਗਲਤੀ ਕੀਤੀ ਸੀ? ਜੀਕੇ ਨੇ
ਕਿਹਾ ਕਿ ਉੜੀਸਾ ਦੇ ਸਰਕਾਰੀ ਵਕੀਲ ਵੱਲੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਦਾਅਵਾ ਕੀਤਾ ਗਿਆ ਹੈ ਕਿ ਸਿੱਖ ਜਥੇਬੰਦੀਆਂ ਨੇ ਸਰਕਾਰ ਨੂੰ ਉਕਤ ਮੱਠ ਢਾਹੁਣ ਦੀ ਆਗਿਆ ਦਿੱਤੀ ਸੀ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ। ਇਹ ਮਨਜ਼ੂਰੀ ਕਿਹਨੇ ਅਤੇ ਕਿਉਂ ਦਿੱਤੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ। 
3 ਉਮੀਦਵਾਰਾਂ ਦੇ ਨਾਮ ਵਾਪਸ ਲਏ,
ਹੁਣ 4 ਹਲਕਿਆਂ ਲਈ 33 ਉਮੀਦਵਾਰ ਮੈਦਾਨ ਵਿੱਚ
ਪੰਜਾਬ ਰਾਜ ਦੇ ਵਿਧਾਨ ਸਭਾ ਹਲਕਿਆਂ ਲਈ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 33 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਲਈ 9 ਉਮੀਦਵਾਰ ਮੈਦਾਨ ਵਿੱਚ ਹਨ, ਜਿਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਤੋਸ਼ ਕੁਮਾਰ ਗੋਗੀ, ਬਹੁਜਨ ਸਮਾਜ ਪਾਰਟੀ ਦੇ ਭਗਵਾਨ ਦਾਸ, ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ ਨੰਗਲ, ਪੀਪਲ ਪਾਰਟੀ ਆਫ਼ ਡੈਮੋਕਰੋਟਿਵ ਚਰਨਜੀਤ ਕੁਮਾਰ, ਆਜ਼ਾਦ ਉਮੀਦਵਾਰ ਨੀਟੂ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਭਾਰਤੀ ਜਨਤੀ ਪਾਰਟੀ ਦੇ ਰਾਜੇਸ਼ ਬਾਘਾ, ਵਿਸ਼ਾਲ ਪਾਰਟੀ ਆਫ਼ ਇੰਡੀਆ ਦੇ ਸੋਨੂੰ ਕੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਜੋਤ ਕੌਰ ਗਿੱਲ ਹਨ।
ਵਿਧਾਨ ਸਭਾ ਹਲਕਾ ਮੁਕੇਰੀਆ ਲਈ ਹੁਣ 6 ਉਮੀਦਵਾਰ ਮੈਦਾਨ ਵਿੱਚ ਹਨ, ਜਿਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ, ਕਾਂਗਰਸ ਦੀ ਇੰਦੂ ਬਾਲਾ, ਭਾਰਤੀ ਜਨਤਾ ਪਾਰਟੀ ਦੇ ਜੰਗੀ ਲਾਲ ਮਹਾਜਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਵਤਨ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਅਰਜੁਨ  ਅਤੋ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤੜਾ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਦਾਖਾ ਲਈ 11 ਉਮੀਦਵਾਰ ਮੈਦਾਨ ਵਿੱਚ ਹਨ, ਜਿਨਾਂ ਵਿੱਚੋ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਕਾਂਗਰਸ ਦੇ ਸੰਦੀਪ ਸਿੰਘ ਸੰਘੂ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘਚੱਕ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮਰਿਤਸਰ (ਮਾਨ) ਦੇ ਜੋਗਿੰਦਰ ਸਿੰਘ ਵੋਗੇਲ, ਆਜ਼ਾਦ ਮੀਦਵਾਰ ਹਰਬੰਸ ਸਿੰਘ ਜਲਾਲ, ਗੁਰਦੀਪ ਸਿੰਘ ਕਾਹਲੋਂ, ਜੈ ਪ੍ਰਕਾਸ਼ ਜੈਨ(ਟੀਟੂ ਬਾਣੀਆਂ),ਅਤੇ ਉਮੀਦਵਾਰ ਬਲਦੇਵ ਸਿੰਘ (ਦੇਵ ਸਰਾਭਾ) ਸ਼ਾਮਲ ਹਨਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਲਈ 7 ਉਮੀਦਵਾਰ ਮੈਦਾਨ ਵਿੱਚ ਹਨ, ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸੰਘ ਕਚੂਰਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ, ਜੋਗਿੰਦਰ ਸਿੰਘ ਪੁੱਤਰ ਜ਼ਬਰ ਸਿੰਗ, ਜੋਗਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਰਾਜ ਸਿੰਘ ਸ਼ਾਮਲ ਹਨ। ਸਾਰੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਸਮੇਂ ਉਪਰੰਤ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।
ਹੁਣ ਸਿੱਖ ਰਾਜਨੀਤੀ ਵਿਚ "ਜਾਗੋ"
ਪਾਰਟੀ ਦੀ ਟੈਗਲਾਈਨ "ਨੀਹਾਂ ਤੋ ਲੀਹਾਂ ਤਕ"
ਜੀਕੇ ਬਣੇ ਪ੍ਰਧਾਨ
ਦਿਲੀ ਵਿਚ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਗੇਂ: ਜੀਕੇ
ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਅੱਜ ਨਵੀਂ  ਪੰਥਕ ਪਾਰਟੀ ਹੋਂਦ ਵਿਚ ਆਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੁਸਾਇਟੀ ਐਕਟ ਤਹਿਤ ਰਜਿਸਟਰਡ ਹੋਈ ਇਸ ਨਵੀਂ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਹੋਣਗੇ। ਇਸ ਦਾ ਐਲਾਨ ਪਾਰਟੀ ਦੇ ਸਰਪ੍ਰਸਤ ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ: ਹਰਮੀਤ ਸਿੰਘ ਨੇ ਕੀਤਾ। ਜਦੋਂ ਕਿ ਹਰਮੀਤ ਸਿੰਘ ਨੂੰ ਸਰਪ੍ਰਸਤ ਐਲਾਨਣ ਦਾ ਕੰਮ ਬਜ਼ੁਰਗ ਸਿੱਖ ਆਗੂ ਬਲਬੀਰ ਸਿੰਘ ਕੋਹਲੀ ਨੇ ਕੀਤਾ। ਗ੍ਰੰਥੀ ਸਾਹਿਬ ਨੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪਹਾੜੀ ਵਾਲਾ) ਗ੍ਰੇਟਰ ਕੈਲਾਸ਼ ਵਿਖੇ ਹੋਏ ਪ੍ਰਭਾਵਸ਼ਾਲੀ ਵਿਸ਼ੇਸ਼ ਇਕੱਠ ਦੌਰਾਨ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਵਿਚ ਪਾਰਟੀ ਦੇ ਨਾਮ ਦੀ ਘੋਸ਼ਣਾ ਕੀਤੀ। ਪਾਰਟੀ ਦਾ ਨਾਮ ਜਾਗੋ - ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜੀਕੇ ਨੇ ਦੱਸਿਆ ਕਿ ਪਾਰਟੀ ਵਿੱਚ ਜਲਦ ਹੀ ਯੂਥ ਵਿੰਗ, ਮਹਿਲਾ ਵਿੰਗ, ਧਾਰਮਿਕ ਵਿੰਗ ਅਤੇ ਬੁੱਧੀਜੀਵੀ ਵਿੰਗ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਜਦੋਂ ਕਿ ਵਿਦਿਆਰਥੀ ਵਿੰਗ ਦੀ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਤਰਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਪਾਰਟੀ ਦੀ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਉੱਘੇ ਪੇਸ਼ੇਵਰ ਪੰਥ ਨੂੰ ਸੇਧ ਦੇਣਗੇ। ਸੰਗਠਨ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੇ 46 ਵਾਰਡਾਂ ਨੂੰ 5 ਜ਼ਿਲ੍ਹਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦਾ ਨਾਂਅ 5 ਸਿੱਖ ਜਰਨੈਲਾਂ ਦੇ ਨਾਮ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ 1783 ਵਿਚ ਦਿੱਲੀ ਨੂੰ ਫਤਹਿ ਕੀਤਾ ਸੀ। ਕਮੇਟੀ ਦੇ ਹਰੇਕ ਜ਼ਿਲ੍ਹੇ ਵਿੱਚ 9-10 ਵਾਰਡ ਹੋਣਗੇ। ਪੂਰਵੀ ਦਿੱਲੀ ਜ਼ਿਲ੍ਹੇ ਦਾ ਨਾਮ ਬਾਬਾ ਬਘੇਲ ਸਿੰਘ ਦੇ ਨਾਂਅ ਤੇ ਰੱਖਿਆ ਜਾਵੇਗਾ ਜਦੋਂ ਕਿ ਮੱਧ-ਪੱਛਮੀ ਦਿੱਲੀ ਜ਼ਿਲ੍ਹੇ ਦਾ ਨਾਂਅ ਬਾਬਾ ਜੱਸਾ ਸਿੰਘ ਆਹਲੂਵਾਲੀਆ, ਪੱਛਮੀ ਦਿੱਲੀ ਜ਼ਿਲ੍ਹਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਦੱਖਣੀ ਦਿੱਲੀ ਜ਼ਿਲ੍ਹੇ ਦਾ ਨਾਂਅ ਜਥੇਦਾਰ ਮਹਾਂ ਸਿੰਘ ਸ਼ੁਕਰਾਕੀਆ ਅਤੇ ਉੱਤਰੀ ਦਿੱਲੀ ਜ਼ਿਲ੍ਹੇ ਦਾ ਨਾਮ ਜਥੇਦਾਰ ਤਾਰਾ ਸਿੰਘ ਘੇਬਾ ਦੇ ਨਾਮ 'ਤੇ ਰੱਖਿਆ ਗਿਆ ਹੈ।
ਜੀਕੇ ਨੇ ਕਿਹਾ ਕਿ ਪੰਥਕ ਪਾਰਟੀ ਹੋਣ ਦੇ ਨਾਤੇ ਪਾਰਟੀ ਦਾ ਕਾਰਜ ਖੇਤਰ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਆਵਾਜ਼ ਬਣ ਕੇ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਾ ਹੋਵੇਗਾ। ਮੰਗ ਅਤੇ ਸਹੂਲਤ ਦੇ ਅਨੁਸਾਰ ਪਾਰਟੀ ਦੀਆਂ ਇਕਾਈਆਂ ਦੀ ਸਥਾਪਨਾ ਭਾਰਤ ਅਤੇ ਵਿਦੇਸ਼ਾਂ ਵਿੱਚ ਕੀਤੀ ਜਾ ਸਕਦੀ ਹੈ। ਜੀਕੇ ਨੇ ਮੀਡੀਆ ਸਾਹਮਣੇ ਪਾਰਟੀ ਦਾ ਲੋਗੋ ਵੀ ਜਾਰੀ ਕੀਤਾ। ਜਿਸ ਵਿਚ ਪਾਰਟੀ ਦੀ ਟੈਗ ਲਾਈਨ ''ਨੀਹਾਂ ਤੋਂ ਲੀਹਾਂ ਤਕ'' ਲਿਖੀਂ ਹੋਈ ਸੀ। ਜਿਸਦਾ ਅਰਥ ਹੈ ਕਿ ਸਿੱਖ ਗੁਰੂਆਂ ਵਲੋਂ ਪੰਥ ਦੀ ਰੱਖੀ ਗਈ ਨੀਂਹ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਦਰਸਾਈ ਗਈ ਸਿਧਾਂਤਕ ਅਤੇ ਅਧਿਆਤਮਿਕ ਲਕੀਰ 'ਤੇ ਚੱਲਦਿਆਂ ਸਿੱਖ ਭਾਈਚਾਰੇ ਦੀ ਅਵਾਜ਼ ਬਣਿਆ ਜਾ ਸਕੇ। ਜੀਕੇ ਨੇ ਕਿਹਾ ਕਿ 1950 ਤੋਂ ਦਿੱਲੀ ਦੀ ਸੰਗਤ ਨੇ ਨਿਰੰਤਰ
ਮੇਰੇ ਪਰਿਵਾਰ 'ਤੇ ਭਰੋਸਾ ਦਿਖਾਇਆ ਹੈ। ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਅਤੇ ਮੇਰੇ ਵਲੋਂ ਕੌਮੀ ਭਾਵਨਾਵਾਂ ਅਤੇ ਉਮੀਦਾਂ ਨੂੰ ਸਮਝਦੇ ਹੋਏ ਮਹੱਤਵਪੂਰਣ ਕੰਮ ਕੀਤੇ ਗਏ ਹਨ। ਪਰ ਇਸ ਸਮੇਂ ਦਿੱਲੀ ਦੀ ਸੰਗਤ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈਕਿਉਂਕਿ ਰਾਜਨੀਤਿਕ ਜਾਲਾਂ ਅਤੇ ਸਾਜਿਸ਼ਾਂ ਦੇ ਤਹਿਤ ਮੈਨੂੰ ਰਾਜਨੀਤਿਕ ਤੌਰ 'ਤੇ ਬੇਦਖਲ ਕੀਤਾ ਗਿਆ ਸੀ। ਪਰ ਹੁਣ ਹਰ ਕੋਈ ਸਮਝ ਗਿਆ ਹੈ ਕਿ ਅਸਲੀਅਤ ਕੀ ਹੈ।
ਜੀਕੇ ਨੇ ਕਿਹਾ ਕਿ ਹੁਣ ਸੰਗਤ ਖੁਦ ਗੁਰੂ ਚਰਨਾਂ ਵਿਖੇ ਮੇਰੀ ਅਗਵਾਈ ਲਈ ਅਰਦਾਸਾਂ ਕਰ ਰਹੀ ਹੈ। ਇਸ ਲਈ ਸੰਗਤਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਕ ਨਵੀਂ ਪਾਰਟੀ ਬਣਾਈ ਗਈ ਹੈ। ਨਾਲ ਹੀ, ਦਿੱਲੀ ਵਿਚ 10000 ਸਰਗਰਮ ਮੈਂਬਰ ਬਣਾਉਣ ਦੀ ਪ੍ਰਕਿਰਿਆ ਨੂੰ ਆਫਲਾਈਨ ਅਤੇ ਆੱਨਲਾਇਨ ਦੋਵਾਂ 'ਤੇ ਸ਼ੁਰੂ ਕੀਤਾ ਜਾਵੇਗਾ। ਜਿਸਦੇ ਲਈ ਪਾਰਟੀ ਦੀ ਵੈਬਸਾਈਟ, ਫੇਸਬੁੱਕ, ਵਟਸਐਪ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਯੂਬ ਲਈ ਸੋਸ਼ਲ ਮੀਡੀਆ ਅਕਾਉਂਟ ਬਣਾਏ ਗਏ ਹਨ। ਪਾਰਟੀ ਦਾ ਮੁੱਖ ਦਫਤਰ ਪੂਸਾ ਰੋਡ 'ਤੇ ਹੋਵੇਗਾ। ਜੀਕੇ ਨੇ ਕਿਹਾ ਕਿ ਅਸੀਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਗੇਂ। ਅਸੀਂ ਕਮੇਟੀ ਦੇ ਚੰਗੇ ਕੰਮਾਂ 'ਤੇ ਸ਼ਾਬਾਸ਼ੀ ਦੇਵਾਂਗੇ ਅਤੇ ਗਲਤ ਕੰਮਾਂ 'ਤੇ ਵੀ ਸਖਤ ਖਿੱਚ ਪਾਵਾਂਗੇ। ਜੀਕੇ ਨੇ ਤਾਹਨੇ ਮਾਰਦੇ ਹੋਇਆ ਕਿਹਾ ਕਿ ਸੰਗਤਾਂ ਦੀ ਵੱਡੀ ਗਿਣਤੀ ਦੱਸਦੀ ਹੈ ਕਿ ਮੈਂ ਸੰਗਤ ਦਾ ਮੁਖੀ ਹਾਂ, ਪਰ ਉਹ ਮੈਂਬਰਾਂ ਦਾ ਪ੍ਰਧਾਨੁ ਹੈ। ਜੀਕੇ ਨੇ ਇਸ ਮੌਕੇ ਦਿੱਲੀ ਦੇ ਪੁਰਾਣੇ ਸਿੱਖ ਆਗੂਆਂ ਨੂੰ ਵੀ ਯਾਦ ਕੀਤਾ।
ਸਿੱਖ ਜਰਨੈਲਾਂ ਦੀ ਬੇਅਦਬੀ
ਮਾਫ਼ੀਯੋਗ ਨਹੀਂ ਜੀ. ਕੇ.
ਜੇ ਕਰ ਕੋਈ ਸਿੱਖ ਜਰਨੈਲਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਖਿਲਾਫ਼ ਅਕਾਲ ਤਖ਼ਤ ਸਾਹਿਬ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਮੁੜ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਸਿੱਖ ਜਰਨੈਲ ਮਾਈ ਭਾਗੋ ਦਾ ਨਾਂ ਲੈ ਕੇ ਗਾਣਾ ਰਿਲੀਜ਼ ਕੀਤਾ, ਉਸ ਤੋਂ ਬਾਅਦ ਇਟਲੀ ਵਿਖੇ 30 ਸਿੱਖ ਸੰਸਥਾਵਾਂ ਨੇ ਉਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਅਤੇ ਭਾਰਤ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਉਸ ਦੀ ਨਿਖੇਦੀ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਕੋਈ ਹੋਰ ਧਰਮ ਨਾਲ ਸਬੰਧਤ ਹੁੰਦਾ ਤਾਂ ਵੱਖਰੀ ਗੱਲ ਸੀ ਪਰ ਸਿੱਖ ਹੋ ਕੇ ਅਜਿਹੀ ਗਲਤੀ ਕਰਨਾ ਮਾਫ਼ੀਯੋਗ ਨਹੀਂ ਹੈ। ਜੀ.ਕੇ ਨੇ ਕਿਹਾ ਕਿ ਭਾਜਪਾ 2022ਦੀਆਂ ਚੋਣਾਂ ਵਿੱਚ ਅਕਾਲੀ ਦਲ ਤੋਂ ਆਪਣਾ ਪੱਲਾ ਛੁਡਾਏਗੀ ਜਾਂ ਫਿਰ ਭਾਜਪਾ ਇੰਨੀਆਂ ਸੀਟਾਂ ਉਤੇ ਜਿੱਤ ਹਾਸਲ ਕਰੇਗੀ ਕਿ ਅਕਾਲੀ ਦਲ ਬੀ ਟੀਮ ਬਣ ਕੇ ਰਹਿ ਜਾਵੇਗਾਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ 2 ਅਕਤੂਬਰ ਨੂੰ ਉਹ ਆਪਣੀ ਪਾਰਟੀ ਦਾ ਐਲਾਨ ਕਰਨਗੇ, ਜੋ ਸਿਰਫ਼ ਧਾਰਮਿਕ ਪਾਰਟੀ ਹੋਵੇਗੀ।

0 Response to "ਖਬਰਾਂ-ਸਾਲ-10,ਅੰਕ: 9,7 ਅਕਤੂਬਰ 2019."

Post a Comment