Pages

ਰੋਜ਼ਾਨਾ ਜਨਚੇਤਨਾ, 21 ਜਨਵਰੀ 2019

www.janchetna.net
ਸਾਰਥਕ ਮਾਨਵਤਾ ਨੂੰ ਸਮਰਪਿਤ
ਰੋਜ਼ਾਨਾ ਜਨਚੇਤਨਾ    
ਸਾਲ 8,ਅੰਕ:276,21 ਜਨਵਰੀ 2019/ ਅੱਠ ਮਾਘ ਨਾ.550/ਪੂਰਨਮਾਸ਼ੀ ਮਾਘ ਵਦੀ 1,ਬਿ.2075.
ਅੱਜ ਦਾ ਵਿਚਾਰ
ਸਾਡਾ ਆਦਰਸ਼ ਅਕਸਰ ਉਹ ਇਤਿਹਾਸਕ ਮਹਾ-ਪੁਰਸ਼ ਹੁੰਦੇ ਹਨ ਜਿਹੜੇ ਸਾਡੇ ਲਈ, ਸਾਨੂੰ ਜੱਚਦੇ ਢੰਗ ਨਾਲ ਕੰਮ ਕਰਦੇ ਹਨ। ਚਾਣਕੀਆ ਰਾਜਸੀ ਅਤੇ ਪ੍ਰਬੰਧਕੀ ਖੇਤਰਾਂ ਵਿਚ, ਜਾਇਜ਼-ਨਾਜਾਇਜ਼ ਢੰਗ ਨਾਲ ਕੰਮ ਕੱਢਣ ਵਾਲਿਆਂ ਦਾ ਆਦਰਸ਼ ਹੈ। ਅਸ਼ੋਕ ਯੁੱਧ ਵਿਰੋਧੀ, ਅਮਨ-ਸ਼ਾਂਤੀ ਨਾਲ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦਾ ਚਹੇਤਾ ਹੈ। ਮਨੁੱਖੀ ਜੀਵਨ ਵਿਚ ਆਉਂਦੇ ਉਤਰਾ-ਚੜਾਅ ਸਬੰਧੀ ਸੰਵੇਦਨਸ਼ੀਲ ਮਨੁੱਖ ਗੌਤਮ-ਬੁੱਧ ਨੂੰ ਆਦਰਸ਼ ਮੰਨਦੇ ਹਨ। ਸ਼ਿਵਾ ਜੀ ਬਹਾਦਰੀ ਅਤੇ ਗੁਰੂ ਤੇਗ ਬਹਾਦਰ ਜੀ ਦੂਸਰਿਆਂ ਲਈ ਕੁਰਬਾਨੀ ਕਰਨ ਵਾਲਿਆਂ ਦੇ ਆਦਰਸ਼ ਹਨ। ਉਧਮ ਸਿੰਘ ਸੁਨਾਮ ਬਦਲਾ-ਖੋਰਾਂ ਦਾ ਹੀਰੋ ਹੈ। ਭਗਤ ਸਿੰਘ ਇਨਕਲਾਬੀਆਂ ਦਾ ਆਦਰਸ਼ ਪੁਰਖ ਹੈ। ਮਿਸ਼ਨ ਜਨ-ਚੇਤਨਾ ਲਈ  ਆਦਰਸ਼ ਪੁਰਖ ਅਗਿਆਨਤਾ ਮੁਕਤ ਵਿਅਕਤੀ ਹੈ  ਜਿਸ ਵਿਚ ਕਾਰਜ ਅਤੇ ਕਾਰਣ ਦਾ ਸਬੰਧ ਬਨਾਉਣ ਦੀ ਸਮਰਥਾ ਹੋਵੇ ਅਤੇ ਉਹ ਆਪਣੇ ਅਤੇ ਸਮੁੱਚੀ ਮਨੁੱਖਤਾ ਦੇ ਹਿੱਤ ਵਿਚ ਕੰਮ ਕਰਨ ਲਈ ਸੰਕਲਪਬੱਧ ਹੋਵੇ। ਸਿਹਤਮੰਦ, ਸੁੱਖੀ ਅਤੇ ਚੇਤਨ ਮਨੁੱਖਤਾ ਹੀ ਸਾਡਾ ਆਦਰਸ਼ ਹੈ।
 ਪੰਜਾਬ ਦਾ ਇਤਿਹਾਸ- 7 .

ਸੰਸਕਰਿਤ ਵਾਲੇ ਦੇਵਨਾਗਰੀ ਲਿਪੀ ਵਿੱਚ ਲਿਖਦੇ ਰਹੇ, ਯੂਨਾਨੀਆਂ ਨੇ ਆਪਣੀ ਲਿਪੀ ਵਰਤੀ, ਅਰਬਾਂ ਨੇ ਅਰਬੀ ਅਤੇ ਮੁਗ਼ਲਾਂ ਨੇ ਫਾਰਸੀ ਲਿਪੀ ਵਰਤੀ। ਕਹਿਣ ਦਾ ਭਾਵ ਹੈ ਕਿ ਪੰਜਾਬੀ ਬੋਲੀ ਸਿਰਫ ਪੰਜਾਬ ਦੇ ਆਪਣੇ ਸਪੂਤਾਂ ਦੀ ਬੋਲ-ਚਾਲ ਤੱਕ ਹੀ ਸਮਿਤ ਹੋ ਕੇ ਰਹਿ ਗਈ ਸੀ। ਪੰਜਾਬ ਨਾਂ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਸੁਮੇਲ ਹੈ। 'ਪੰਜ' ਸ਼ਬਦ ਪੰਜਾਬੀ ਸ਼ਬਦ ਹੈ ਜਦੋਂ ਕਿ 'ਆਬ' ਸ਼ਬਦ ਨੂੰ ਸੰਸਕਰਿਤ ਅਤੇ ਫਾਰਸੀ ਦੋਹਾਂ ਦਾ ਕਿਹਾ ਜਾ ਸਕਦਾ ਹੈ। ਇਉਂ ਪੰਜਾਬੀ ਅਤੇ ਸੰਸਕਰਿਤ-ਫਾਰਸੀ ਦੇ ਮਿਲਵੇਂ ਪਰਭਾਵ ਨਾਲ ਪੰਜਾਬ ਸ਼ਬਦ ਹੋਂਦ ਵਿੱਚ ਆਇਆ ਹੈ।  ਪੰਜ ਦਾ ਮੂਲ ਸ਼ਬਦ 'ਪੰਚ' ਹੈ ਜੋ ਸੰਸਕਰਿਤ ਦਾ ਸ਼ਬਦ ਹੈ। ਪੰਚ ਤੋਂ ਹੀ 'ਪੰਜ' ਬਣਿਆ ਸੀ। 'ਪੰਜ' ਸ਼ਬਦ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਅਰਬੀ-ਫਾਰਸੀ ਵਿਚ ਵੀ। 'ਆਬ' ਜਿਸ ਦਾ ਅਰਥ ਪਾਣੀ ਹੈ, ਵੀ ਸੰਸਕਰਿਤ ਮੂਲ ਦਾ ਸ਼ਬਦ ਹੈ। ਸੰਸਕਰਿਤ ਵਿਚ 'ਅਪ' ਜਾਂ 'ਅਪਿ' ਸ਼ਬਦ ਹੈ ਜੋ ਪਾਣੀ ਲਈ ਵਰਤਿਆ ਜਾਂਦਾ ਹੈ। ਅਰਬੀ-ਫਾਰਸੀ ਵਿਚ  ਵੀ 'ਆਬ' ਸ਼ਬਦ ਪਾਣੀ ਦਾ ਲਖਾਇਕ ਹੈ। ਬੇਸ਼ੱਕ ਅਰਬੀ-ਫਾਰਸੀ ਸੰਸਕਰਿਤ ਨਾਲੋਂ ਇਕ ਦਮ ਵੱਖਰੀਆਂ ਬੋਲੀਆਂ ਹਨ ਪਰ ਭਾਰਤੀ ਪਰੰਪਰਾ ਵਿੱਚ ਨਿਸ਼ਚੇ ਹੀ ਸੰਸਕਰਿਤ ਪੁਰਾਣੀ ਭਾਸ਼ਾ ਹੈ।  ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ 'ਪੰਜਾਬ' ਸ਼ਬਦ ਦਾ ਮੂਲ ਅਰਬੀ-ਫਾਰਸੀ ਪਰੰਪਰਾ ਨਾਲੋਂ ਭਾਰਤੀ ਪਰੰਪਰਾ ਅਤੇ ਸੰਸਕਰਿਤ ਭਾਸ਼ਾ ਵਿਚ ਜ਼ਿਆਦਾ ਹੈ।  ਇਸ ਨਾਲ ਇਹ ਧਾਰਨਾ ਗਲਤ ਹੋ ਜਾਂਦੀ ਹੈ ਕਿ ਪੰਜਾਬ ਸ਼ਬਦ ਮੁਗ਼ਲਾਂ ਦੀ ਦੇਣ ਹੈ। ਹਾਂ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਪੰਜਾਬ ਸ਼ਬਦ ਮੁਗ਼ਲਾਂ ਦੇ ਰਾਜ ਸਮੇਂ ਇਲਾਕਾਈ ਪਛਾਣ ਵਜੋਂ ਜ਼ਿਆਦਾ ਵਰਤਿਆ ਜਾਣਾ ਸ਼ੁਰੂ ਹੋ ਗਿਆ ਹੋਵੇ।
. ਸਿੱਖ ਇਤਿਹਾਸ ਵਿਚ ਅੱਜ .
21 ਜਨਵਰੀ ਨੂੰ ਵਾਪਰੀਆਂ ਪ੍ਰਮੁੱਖ ਘਟਨਾਵਾਂ

= ਇੰਗਲੈਂਡ ਦੇ ਬਾਦਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤੋਹਫੇ ਭੇਜੇ (1831 ਈ.)
= ਜਵਾਹਰ ਸਿੰਘ ਦਾ ਕਤਲ (1845 ਈ.)
= ਬਦੋਵਾਲ ਦੀ ਲੜਾਈਵਿੱਚ ਸਿੱਖ ਫੋਜਾਂ ਜਿੱਤਿਆ (1846 ਈ.)
= ਗੁਰਦੁਆਰਾ ਐਕਟ ਦਾ ਖਰੜਾ ਪ੍ਰਕਾਸ਼ਿਤ ਹੋਇਆ (1925)
ਜਵਾਹਰ ਸਿੰਘ ਦਾ ਕਤਲ
ਸਾਢੇ ਤਿੰਨ ਸੌ ਸਾਲਾਂ ਦੇ ਸਿੱਖ ਅੰਦੋਲਨ ਸਦਕਾ ਜੋ ਸੱਤਾ ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਸਥਾਪਤ ਹੋਈ, ਉਸ ਨੂੰ ਕੁਲ ਦਸ ਸਾਲਾਂ ਵਿਚ ਹੀ ਰਾਜ ਪਰਿਵਾਰ ਦੇ ਲਾਲਚ, ਲਾਹੌਰ ਦਰਬਾਰ ਦੀਆਂ ਸਾਜਿਸ਼ਾਂ ਅਤੇ ਖਾਲਸਾ ਫੌਜ ਦੇ ਆਪ ਹੁੱਦਰੇਪਣ ਨੇ ਸਮਾਪਤ ਕਰ ਲਿਆ। 1845 ਨੂੰ ਅੱਜ ਦੇ ਦਿਨ ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦਾ ਕਤਲ ਇਸੇ ਸੰਗਲ ਦੀ ਇਕ ਕੜੀ ਹੈ। 19 ਸਤੰਬਰ, 1843 ਨੂੰ ਧਿਆਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲਾਂ ਪਿਛੋ ਮਹਾਰਾਜਾ ਦਲੀਪ ਸਿੰਘ ਲਾਹੌਰ ਦੇ ਤਖ਼ਤ ਉਤੇ ਬੈਠਿਆ। ਉਸ ਸਮੇਂ ਉਸ ਦੀ ਉਮਰ 5 ਸਾਲ 15 ਦਿਨ ਸੀ। ਦਲੀਪ ਸਿੰਘ ਰਾਣੀ ਜਿੰਦਾਂ ਦੀ ਕੁਖੋਂ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਲਾਹੌਰ ਤਖ਼ਤ 'ਤੇ ਕਬਜ਼ਾ ਕਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਪਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਜ਼ਿੰਦਾ ਸਨ। ਉਹ ਦੋਵੇਂ ਦਲੀਪ ਸਿੰਘ ਤੋਂ ਵੱਡੇ ਸਨ, ਦੋਵਾਂ ਕੋਲ ਆਪਣੀਆਂ ਫੌਜਾਂ ਸਨ ਅਤੇ ਦੋਵੇਂ ਰਾਜ ਗੱਦੀ ਉਤੇ ਆਪਣਾ ਹੱਕ ਜਤਾ ਰਹੇ ਸਨ। ਬੀਤੇ ਦੋ ਸਾਲਾਂ ਵਿਚ ਲਹਿਣਾ ਸਿੰਘ ਅਤੇ ਅਜੀਤ ਸਿੰਘ (ਸੰਧਾਵਾਲੀਏ) ਨੂੰ ਕਤਲ ਕਰਕੇ ਹੀਰਾ ਸਿੰਘ ਡੋਗਰਾ ਪ੍ਧਾਨ ਮੰਤਰੀ ਬਣਿਆਂ। ਉਸ ਨੇ ਆਪਣੇ ਵਿਰੋਧੀ ਦਰਬਾਰੀਆਂ ਗੁਰਮੁਖ ਸਿੰਘ ਅਤੇ ਬੇਲੀ ਰਾਮ ਦਾ ਸਫਾਇਆ ਕੀਤਾ ਅਤੇ ਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਕੈਦ ਕਰ ਲਿਆ। ਇਸੇ ਕਾਲ ਵਿਚ ਭਾਈ ਬੀਰ ਸਿੰਘ ਨੌਰੰਗਾਬਾਦ ਦਾ ਡੇਰਾ ਉਜਾੜਿਆ ਗਿਆ, ਪਹਿਲਾਂ ਕਸ਼ਮੀਰਾ  ਸਿੰਘ ਅਤੇ ਫੇਰ ਪਸ਼ੌਰਾ ਸਿੰਘ ਦਾ ਫਸਤਾ ਵੱਢਿਆ ਗਿਆ। ਕਤਲ ਹੋਣ ਵਾਲਿਆਂ ਵਿਚ ਮਹਿਤਾਬ ਸਿੰਘ ਮਜੀਠੀਆ, ਗੁਲਾਬ ਸਿੰਘ ਕਲਕੱਤੀਆ, ਸੁਚੇਤ ਸਿੰਘ ਡੋਗਰਾ ਵੀ ਸਨ। ਦਰਬਾਰ ਵਿਚ ਹੁੰਦੀਆਂ ਸਾਜਿਸ਼ਾਂ ਨੇ ਜਲਾ ਪੰਡਤ ਅਤੇ ਹੀਰਾ ਸਿੰਘ ਨੂੰ ਵੀ ਯਮਪੁਰੀ ਪੁਚਾ ਦਿਤਾ ਅਤੇ ਜਵਾਹਰ ਸਿੰਘ ਮਹਾਰਾਜਾ ਦਲੀਪ ਸਿੰਘ ਦਾ ਪ੍ਧਾਨ-ਮੰਤਰੀ  ਬਣਿਆਂ। ਉਸ ਉਤੇ ਪਸ਼ੌਰਾ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ) ਨੂੰ ਧੋਖੇ ਨਾਲ ਮਾਰਨ ਦਾ ਦੋਸ਼ ਲਗਾ ਜਿਸ ਕਾਰਣ ਫੌਜ ਬਾਗੀ ਹੋ ਗਈ। ਪਿਰਥੀ ਸਿੰਘ ਡੋਗਰਾ ਅਤੇ ਜਵਾਹਰ ਮੱਲ ਦੇ ਸਿਪਾਹੀਆਂ ਨੇ ਜਵਾਹਰ ਸਿੰਘ ਨੂੰ ਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਸਮੇਤ ਘੇਰ ਲਿਆ। ਮਹਾਰਾਜਾ ਆਪਣੇ ਮਾਮੇ ਦੀ ਗੋਦੀ ਵਿਚ ਸੀ। ਬਾਲਕ ਮਹਾਰਾਜਾ ਖੋਹ ਕੇ ਜਵਾਹਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ। ਮਹਾਰਾਜਾ ਅਤੇ ਉਸ ਦੀ ਮਾਂ ਫੌਜਾਂ ਦੀ ਹਿਰਾਸਤ ਵਿਚ ਲੈ ਲਏ ਗਏ।
ਰਾਣੀ ਜਿੰਦਾਂ ਨੇ ਫੌਜ ਨਾਲ ਵਾਅਦਾ ਕੀਤਾ ਕਿ ਉਹ ਮਹਾਰਾਜਾ ਦਲੀਪ ਸਿੰਘ ਨੂੰ ਕੋਈ ਨੁਕਸਾਨ ਨਹੀਂ ਪੁਚਾਇਗੀ। ਇਸ ਤਰਾਂ ਉਸ ਦਾ ਛੁਟਕਾਰਾ ਹੋਇਆ। ਕਿਹਾ ਜਾਂਦਾ ਹੈ ਕਿ ਮਹਾਰਾਣੀ ਜਿੰਦਾਂ  ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਹੀ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਪਹਿਲੀ ਜੰਗ ਦਾ ਵਾਤਾਵਰਣ ਬਣਾਇਆ ਅਤੇ ਸਿੱਖ ਫੌਜਾਂ ਨੂੰ ਭਾਰੀ ਨੁਕਸਾਨ ਪੁਚਾਇਆ। ਯਾਦ ਰਹੇ, ਪਹਿਲੇ ਸ਼ਹਿਰ, ਬਦੋਵਾਲ, ਅਲੀਵਾਲ ਅਤੇ ਸਭਰਾਵਾਂ ਦੀਆਂ ਪੰਜੇ ਲੜਾਈਆਂ ਸਿੱਖ ਹਾਰ ਗਏ ਅਤੇ ਪੰਜਾਬ ਅਮਲੀ ਤੌਰ ਤੇ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ 22 ਸਾਲਾ, ਪੰਜਵੇਂ ਪੁੱਤਰ ਪਸ਼ੌਰਾ ਸਿੰਘ ਦਾ ਕਤਲ ਬੜੀ ਭੇਦ ਭਰੀ ਸਥਿਤੀ ਵਿਚ ਹੋਇਆ। ਇਸ ਲਈ ਉਸ ਸਮੇਂ ਦੇ ਵਜ਼ੀਰ ਜਵਾਹਰ ਸਿੰਘ, ਜੋ ਰਿਸ਼ਤੇ ਵਿਚ ਮਹਾਰਾਣੀ ਜਿੰਦਾਂ ਦਾ ਭਰਾ ਸੀ, ਨੂੰ ਜ਼ਿਮੇਂਵਾਰ ਮੰਨਿਆ ਜਾਂਦਾ ਹੈ। ਲਾਹੌਰ ਦਰਬਾਰ ਦੀ ਫੌਜ ਨੇ ਵੀ ਉਸੇ ਨੂੰ ਜ਼ਿਮੇਵਾਰ ਮੰਨਦਿਆਂ ਸਪਸ਼ਟੀਕਰਨ ਮੰਗਿਆ ਪਰ ਤਸੱਲੀ ਬਖਸ਼ ਜਵਾਬ ਨਾ ਮਿਲਣ 'ਤੇ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ। ਤਰਾਂ ਤਰਾਂ ਦੀਆਂ ਸੱਚੀਆਂ, ਝੂਠੀਆਂ ਕਹਾਣੀਆਂ ਸੁਣਾ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਪਿਛੋਂ ਲਾਹੌਰ ਦਰਬਾਰ ਅਤੇ ਇਸ ਦੀਆਂ ਫੌਜਾਂ ਵਿਚ ਹੋ ਰਹੀ ਬੁਰਛਾ-ਗਰਦੀ ਨੂੰ ਉਛਾਲਿਆ ਜਾਂਦਾ ਹੈ ਪਰ ਇਸ ਦੀ ਜ਼ਿਮੇਂਵਾਰੀ ਤਹਿ ਕਰਨ ਦੀ ਕੋਸ਼ਿਸ਼ ਕੋਈ ਵਿਗਿਆਨਕ ਇਤਿਹਾਸਕਾਰ ਨਹੀਂ ਕਰਦਾ। ਇਤਿਹਾਸ ਦੀ ਇਸ ਅੰਕ ਵਿਚ ਅਸੀਂ ਜਵਾਹਰ ਸਿੰਘ ਨਾਲ ਹੋਈ ਬੀਤੀ ਦਾ ਵੇਰਵਾ ਦੇ ਕੇ ਇਸ ਦੀ ਜ਼ਿਮੇਂਵਾਰੀ ਤਹਿ ਕਰਨ ਦੀ ਕੋਸ਼ਿਸ਼ ਕਰਾਂਗੇ। ਦਲੀਪ ਸਿੰਘ ਦੇ ਮਹਾਰਾਜਾ ਬਨਣ ਸਮੇਂ ਉਸ ਤੋਂ ਵੱਡੇ, ਮਹਾਰਾਜਾ ਰਣਜੀਤ ਸਿੰਘ ਦੇ ਦੋ ਹੋਰ ਪੁੱਤਰ ਪਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਜ਼ਿੰਦਾ ਸਨ। ਦੋਵੇਂ ਮਹਾਰਾਜਾ ਰਣਜੀਤ ਸਿੰਘ ਦੇ ਤਖ਼ਤ ਦੇ ਵਾਰਸ ਹੋਣ ਦੇ ਦਾਅਵੇਦਾਰ ਸਨ। ਦੋਵਾਂ ਕੋਲ ਆਪਣੀ ਨਿੱਜੀ ਫੌਜ ਸੀ ਅਤੇ ਉਹ ਲਾਹੌਰ ਉਤੇ ਆਪਣੇ ਕਬਜ਼ੇ ਲਈ ਲੜੇ ਵੀ। ਪਸ਼ੌਰਾ ਸਿੰਘ ਨੇ ਅਟਕ ਦੇ ਕਿਲੇ ਉਤੇ ਕਬਜ਼ਾ ਕਰ ਕੇ ਆਪਣੇ ਆਪ ਨੂੰ ਮਹਾਰਾਜਾ ਐਲਾਨ ਦਿੱਤਾ ਪਰ ਅੰਤ ਵਿਚ ਗੁਲਾਬ ਸਿੰਘ ਹੱਥੋਂ ਮਾਰਿਆ ਗਿਆ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਪਸ਼ੌਰਾ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਸਿੱਖ ਫੌਜਾਂ ਵਜ਼ੀਰ ਜਵਾਹਰ ਸਿੰਘ ਵਿਰੁੱਧ ਭੜਕ ਉੱਠੀਆਂ। ਇਕ ਸਿੱਖ ਇਤਿਹਾਸਕਾਰ ਦੇ ਸ਼ਬਦਾਂ ਵਿਚ , ''ਪਿਰਥੀ ਸਿੰਘ ਡੋਗਰਾ (ਪੁੱਤਰ ਮੀਆਂ ਅਰਬੇਲਾ ਸਿੰਘ ਡੋਗਰਾ) ਸਭ ਤੋਂ ਵਧੇਰੇ ਜੋਸ਼ ਵਿਚ ਆਇਆ। ਉਹ ਥਾਂ ਥਾਂ ਫੌਜ ਵਿਚ ਕਹਿੰਦਾ ਫਿਰਿਆ ਕਿ ਪਸ਼ੌਰਾ ਸਿੰਘ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਜਵਾਹਰ ਸਿੰਘ ਦੇ ਵਿਰੋਧੀਆਂ ਨੇ ਪਿਰਥੀ ਸਿੰਘ ਰਾਹੀਂ ਫੌਜਾਂ ਵਿਚ ਬਹੁਤ ਰੁਪਿਆ ਵੰਡਿਆ। ਨਤੀਜੇ ਵਜੋਂ ਬਹੁਤ ਸਾਰੇ ਫੌਜੀ ਸ਼ਹਿਰ ਦੇ ਬੂਹੇ ਅੱਗੇ ਆ ਬੈਠੇ। ਜਵਾਹਰ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਕਿ ਜਾਂ ਪਸ਼ੌਰਾ ਸਿੰਘ ਦੇ ਕਤਲ ਦੀ ਸਫ਼ਾਈ ਦੇਵੇ ਜਾਂ ਲੜਣ ਲਈ ਤਿਆਰ ਹੋ ਜਾਵੇ। ''ਪੰਚਾਂ" ਦੇ ਨਾਂ ਤੇ ਜਵਾਹਰ ਸਿੰਘ ਦੀ ਆਪਣੀ ਫੌਜ ਨੂੰ ਵੀ ਦਸ ਦਿਤਾ ਗਿਆ ਕਿ ਉਹ ਜਵਾਹਰ ਸਿੰਘ ਦੇ ਬਚਾਅ ਲਈ ਅਗੇ ਨਾ ਆਉਣ, ਨਾ ਉਸ ਨੂੰ ਨਿਕਲਣ ਲਈ ਸਹਾਇਤਾ ਦੇਣ, ਨਹੀਂ ਤਾਂ ਉਹਨਾਂ ਨੂੰ ਤੋਪਾਂ ਅੱਗੇ ਉਡਾ ਦਿਤਾ ਜਾਵੇਗਾ। ''ਮਹਾਰਾਣੀ ਜਿੰਦਾਂ ਅਤੇ ਜਵਾਹਰ ਸਿੰਘ ਨੇ ਫੌਜ ਦੀ ਤਨਖ਼ਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ ਪਰ ਫੌਜ ਨਹੀਂ ਮੰਨੀ। 21 ਸਤੰਬਰ, 1845 ਦਿਨ ਐਤਵਾਰ ਨੂੰ ਪਿਰਥੀ ਸਿੰਘ ਸਣੇ ਫੌਜ ਦਿੱਲੀ ਦਰਵਾਜ਼ੇ ਅਗੇ ਆ ਬੈਠੀ। ਉਸ ਜਵਾਹਰ ਸਿੰਘ ਨੂੰ ਮੁੜ ਸੁਨੇਹਾ ਭੇਜਿਆ। ਹੁਣ ਤਾਂ ਵਜ਼ੀਰ ਦੀ ਖਾਨਿਉਂ ਗਈ। ਉਹ ਆਪਣੀ ਭੈਣ ਮਹਾਰਾਣੀ ਜਿੰਦਾਂ ਨੂੰ ਨਾਲ ਲੈ ਕੇ ਫੌਜ ਵਲ ਤੁਰ ਪਿਆ। ਇਕ ਹਾਥੀ 'ਤੇ ਜਵਾਹਰ ਸਿੰਘ ਗੋਦੀ ਵਿਚ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਲਈ ਬੈਠਾ ਸੀ ਅਤੇ ਇਕ ਉਤੇ ਮਹਾਰਾਣੀ। ਫੌਜ ਨੂੰ ਇਨਾਮ ਦੇਣ ਵਾਸਤੇ ਬਹੁਤ ਸਾਰੀ ਦੌਲਤ ਵੀ ਨਾਲ ਰਖੀ ਹੋਈ ਸੀ। ਪਿੱਛੇ ਪਿੱਛੇ ਜਵਾਹਰ ਸਿੰਘ ਦੇ ਕੁਝ ਮਿੱਤਰ ਵੀ ਆ ਰਹੇ ਸਨ। ਉਹ ਫੌਜ ਵਿਚ ਪਹੁੰਚੇ ਤਾਂ ਪਿਰਥੀ ਸਿੰਘ ਅਤੇ ਦੀਵਾਨ ਜਵਾਹਰ ਮੱਲ ਦੇ ਸਿਪਾਹੀਆਂ ਵਜ਼ੀਰ ਦਾ ਹਾਥੀ ਘੇਰ ਲਿਆ। ਉਸ ਨੇ ਬਥੇਰੇ ਵਾਸਤੇ ਪਾਏ, ਇਨਾਮ ਦਾ ਲਾਲਚ ਵੀ ਦਿਤਾ ਪਰ ਕਿਸੇ ਇਕ ਨਾ ਮੰਨੀ। ਉਸ ਦੀ ਗੋਦ ਵਿਚੋਂ ਬਾਲਕ ਮਹਾਰਾਜਾ ਖੋਹ ਕੇ ਦੋਹਾਂ ਪਾਸਿਆਂ ਤੋਂ ਗੋਲੀਆਂ ਮਾਰ ਦਿਤੀਆਂ ਗਈਆਂ (ਵੇਰਵਾ ਕਰਨਲ ਬਰਾਡਫੁੱਟ ਦੀ ਰਿਪੋਰਟ, 26.9.1845) ਇਕ ਗੋਲੀ ਉਸ ਦੀ ਵੱਖੀ ਅਤੇ ਦੂਸਰੀ ਮੱਥੇ ਵਿਚ ਲਗੀ। ਉਸ ਨੂੰ ਧੂਹ ਕੇ ਹਾਥੀ ਤੋਂ ਥੱਲੇ ਸੁੱਟ ਲਿਆ ਅਤੇ ਤਲਵਾਰ ਨਾਲ ਉਸ ਦਾ ਸਿਰ ਲਾਹ ਲਿਆ। ਜੋ ਦੌਲਤ ਵਜ਼ੀਰ ਆਪਣੇ ਨਾਲ ਲਿਆਇਆ ਸੀ, ਉਸ ਨੂੰ ਫੌਜ ਨੇ ਲੁੱਟ ਲਿਆ।  ''ਰਾਤ ਇਕ ਤੰਬੂ ਵਿਚ ਮਹਾਰਾਣੀ ਅਤੇ ਇਕ ਵਿਚ ਮਹਾਰਾਜਾ ਦਲੀਪ ਸਿੰਘ ਫ਼ੌਜ ਦੀ ਰਾਖੀ ਵਿਚ ਰਹੇ। ਦਿਨੇ ਜਵਾਹਰ ਸਿੰਘ ਦੀ ਲੋਥ ਮਹਾਰਾਣੀ ਦੇ ਹਵਾਲੇ ਕਰ ਦਿਤੀ ਗਈ। ਦਲੀਪ ਸਿੰਘ ਵੀ ਏਸ ਸ਼ਰਤ ਉਤੇ ਉਸ ਨੂੰ ਦਿਤਾ ਗਿਆ ਕਿ ਮਹਾਰਾਣੀ ਉਸ ਨੂੰ ਕੋਈ ਕਸ਼ਟ ਨਹੀਂ ਪੁਚਾਵੇਗੀ। ਫੌਜਾਂ ਨੇ ਦਿਖਾਵੇ ਵਜੋਂ ਮਹਾਰਾਣੀ ਤੋਂ ਮਾਫੀ ਮੰਗੀ ਅਤੇ ਉਸ ਦੇ ਅਧੀਨ ਰਹਿਣ ਦਾ ਪ੍ਣ ਕੀਤਾ।  ''ਪਿਛਲੇ ਪਹਿਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਹਰ ਸਿੰਘ ਦਾ ਸਸਕਾਰ ਕੀਤਾ ਗਿਆ।
ਮਹਾਰਾਣੀ ਦੀਆਂ ਚੀਕਾਂ ਉਸ ਸਮੇਂ ਸੁਣੀਆਂ ਨਹੀਂ ਸਨ ਜਾਂਦੀਆਂ। ਫੌਜੀ ''ਪੰਚਾਂ" ਨੇ ਬੜਾ ਸਮਝਾਇਆ ਅਤੇ ਭਾਣਾ ਮੰਨਣ ਦੀ ਬੇਨਤੀ ਕੀਤੀ। ਮਹਾਰਾਣੀ ਨੇ ਕਿਹਾ ਕਿ ਸ. ਜਵਾਹਰ ਸਿੰਘ ਦੇ ਕਾਤਲ ਉਸ ਦੇ ਹਵਾਲੇ ਕਰ ਦਿਤੇ ਜਾਣ ਤਾਂ ਉਹ ਰਾਜ਼ੀ ਹੋ ਜਾਇਗੀ। ਡੋਗਰਾ ਪਿਰਥੀ ਸਿੰਘ ਤਾਂ ਰਾਤੋ ਰਾਤ ਜੰਮੂ ਚਲਾ ਗਿਆ ਜਦ ਕਿ ਦੀਵਾਨ ਜਵਾਹਰ ਮੱਲ ਨੂੰ ਕੈਦ ਕਰਕੇ ਮਹਾਰਾਣੀ ਦੇ ਹਵਾਲੇ ਕਰ ਦਿਤਾ ਗਿਆ। ਕੁਝ ਦਿਨਾਂ ਪਿਛੋਂ ਮਹਾਰਾਣੀ ਨੇ ਉਸ ਨੂੰ ਵੀ ਰਿਹਾ ਕਰ ਦਿਤਾ। ਸਾਨੂੰ ਸਿੱਖ ਫੌਜੀਆਂ ਦੇ ਇਸ ਆਪਹੁਦਰੇਪਣ, ਜਿਸ ਨੂੰ ਥੋੜੀ ਸਖ਼ਤ ਭਾਸ਼ਾ ਵਿਚ ਬੁਰਛਾ ਗਰਦੀ ਕਹਿ ਦਿਤਾ ਜਾਂਦਾ ਹੈ, ਦੇ ਕਾਰਣ ਲੱਭਣੇ ਪੈਣਗੇ। ਰਾਜਸੀ ਅਤੇ ਫੌਜੀ ਵਿਸ਼ਲੇਸ਼ਕ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਿੰਮੇਂਵਾਰ ਠਹਿਰਾਉਂਦੇ ਹਨ। ਫੌਜ ਹੋਵੇ ਜਾਂ ਰਾਜਸੀ ਦਲ ਜਾਂ ਕੋਈ ਹੋਰ ਸੰਗਠਨ, ਉਸ ਦੀ ਅਸਲ ਸ਼ਕਤੀ ਉਸ ਦੇ ਸਾਹਮਣੇ ਰਖੇ ਗਏ ਆਦਰਸ਼ ਅਤੇ ਉਹਨਾਂ ਦੀ ਪਾਲਣਾ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਹਮਣੇ ਇਕ ਪੁਰਖੀ ਰਾਜ ਨੂੰ ਆਦਰਸ਼ ਰਖਿਆ ਅਤੇ ਉਸ ਦੀ ਪਾਲਣਾ ਲਈ ਉਸ ਨੇ ਹਰ ਚੰਗਾ, ਮਾੜਾ ਸਾਧਨ ਅਪਣਾਇਆ। ਗੁਰਮਤਿ ਦੀ ਗਲ ਕਰੀਏ,  ਮਹਾਰਾਜਾ ਰਣਜੀਤ ਸਿੰਘ ਦਿਖਾਵੇ ਦਾ ਸਿੱਖ ਸੀ। ਉਸ ਨੇ ਗੁਰੂ ਮਹਾਰਾਜ ਦੀ ਬੀੜ ਵੀ ਆਪਣੇ ਕੋਲ ਰਖੀ ਹੋਈ ਸੀ, ਘੰਟਾ ਦੋ ਘੰਟੇ ਉਹ ਪਾਠ ਵੀ ਸੁਣਦਾ ਸੀ: ਆਪਣਾ ਰਾਜ ਤਕ ਉਹ ਸਤਿਗੁਰੂ ਦੀ ਕਿਰਪਾ ਮੰਨਦਾ ਸੀ: ਆਪਣੀ ਹਰੇਕ ਜਿੱਤ ਉਤੇ ਉਸ ਨੇ ਅੰਮਰਿਤਸਰ ਪਹੁੰਚ ਕੇ ਦੀਪਮਾਲਾ ਕੀਤੀ, ਗੁਰੂ ਘਰ ਨੂੰ ਜ਼ਮੀਨਾਂ, ਜਾਇਦਾਦਾਂ ਨਾਲ ਲੱਦ ਦਿਤਾ ਪਰ ਆਚਰਣ? ਗੁਰੂ ਨਾਨਕ ਸਾਹਿਬ ਤਾਂ ''ਸਚੁ" ਤੋਂ ਵੀ ਉੱਚਾ ''ਸਚ ਆਚਾਰ" ਨੂੰ ਮੰਨਦੇ ਸਨ। ਸਿੱਖੀ ਦੇ ਸਮਾਜਕ ਸਰੋਕਾਰਾਂ ਪਿਛੇ ਇਹੀ ਕਾਰਣ ਰਹੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਚਰਣ ਉਤੇ ਕਦੀ ਕੋਈ ਧਿਆਨ ਨਹੀਂ ਦਿਤਾ: ਨਿੱਜੀ ਜੀਵਨ ਵਿਚ ਵੀ ਉਹ ਕਿਸੇ ਦਾ ਵਫ਼ਾਦਾਰ ਨਹੀਂ ਰਿਹਾ। ਮਾਂ ਵਰਗੀ ਸੱਸ ਰਾਣੀ ਸਦਾ ਕੌਰ ਨੂੰ ਉਸ ਕੈਦ ਵਿਚ ਪਾਇਆ, ਪੱਗਾਂ ਵਟਾਉਣ ਵਿਚ ਉਹ ਬਹੁਤ ਮਾਹਰ ਸੀ: ਸ਼ਾਹ ਸ਼ੁਜਾਹ ਨਾਲ ਪੱਗ ਵਟਾਈ ਤਾਂ ਉਸ ਤੋਂ ਕੋਹਿਨੂਰ ਹੀਰਾ ਖੋਹਿਆ, ਫਤਹਿ ਸਿੰਘ ਨਾਲ ਪੱਗ ਵਟਾਈ ਤਾਂ ਉਸ ਨੂੰ ਅੰਗਰੇਜ਼ਾਂ ਦੀ ਸ਼ਰਨ ਵਿਚ ਜਾਣਾ ਪਿਆ-ਆਖਿਰ ਵੱਖ ਵੱਖ ਮਿਸਲਦਾਰਾਂ ਦੇ ਇਲਾਕਿਆਂ ਨੂੰ ''ਇਕ" ਪੰਜਾਬ ਵਿਚ ਬਦਲਣ ਦਾ ਸੁਆਲ ਸੀ। ਇਸ ਲਈ ਉਸ ਨੇ ਹਰੇਕ ਮਿਸਲਦਾਰ ਨੂੰ ਧਮਕਾ ਕੇ ਰਖਿਆ ਜਾਂ ਚਲਾਕੀ ਨਾਲ ਉਸ ਨੂੰ ਹੇਠਾਂ ਡੇਗਿਆ।
ਇਸੇ ਤਰਾਂ ਦਾ ਸਲੂਕ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਨਾਲ ਕੀਤਾ। ਥੋੜੇ ਸ਼ਬਦਾਂ ਵਿਚ ਸਪਸ਼ਟ ਕਹਿਣਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਜੀਵਣ ਝੂਠ, ਫਰੇਬ, ਨੀਤੀ ਨਾਲ ਭਰਿਆ ਹੋਇਆ ਸੀ। ਇਹੀ ਕੁਝ ਉਹ ਆਪਣੇ ਪਰਿਵਾਰ, ਆਪਣੀਆਂ ਫੌਜਾਂ ਲਈ ਛੱਡ ਗਿਆ। ਉਸ ਦਾ ਆਪਣਾ ਜੀਵਨ ਅਤੇ ਮਾਨਤਾਵਾਂ ਗੁਰਸਿੱਖਾਂ ਵਾਲੇ ਹੁੰਦੇ ਤਾਂ ਏਡਾ ਵੱਡਾ ਸੰਗਠਿਤ ਪੰਜਾਬ ਬੇਸ਼ਕ ਨਾ ਬਣਦਾ, ਸਿੱਖੀ ਇਕ ਆਦਰਸ਼ ਵਜੋਂ ਸੰਸਾਰ ਦੀ ਮਾਂ ਬਣ ਕੇ ਸੁੱਖ, ਸ਼ਾਂਤੀ, ਖੁਸ਼ਹਾਲੀ ਵਰਗੀਆਂ ਨਿਹਮਤਾਂ ਵੰਡ ਰਹੀ ਹੁੰਦੀ। ਆਪਣੇ ਰਾਜ ਨੂੰ ਵਧਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜੋ ਨੀਤੀਆਂ ਅਪਣਾਈਆਂ, ਉਹ ਫੌਜ ਵਿਚ ਅਨੁਸ਼ਾਸ਼ਨ ਹੀਣਤਾ ਫੈਲਾਉਣ ਦਾ ਕਾਰਣ ਬਣੀਆਂ। ਸ਼ੁਰੂ ਫੌਜ ਦੇ ਯੂਰਪੀਕਰਨ ਤੋਂ ਕਰੀਏ। ਉਸ ਨੇ ਖਾਲਸਾ ਫੌਜ ਦਾ ਯੂਰਪੀਕਰਨ 1922 ਈ. ਵਿਚ ਸ਼ੁਰੂ ਕੀਤਾ। ਬਹੁਤ ਸਾਰੇ ਅਫ਼ਸਰ ਰਖੇਉਹਨਾਂ ਨੂੰ ਬਹੁਤ ਉੱਚੀਆਂ ਤਨਖਾਹਾਂ ਵੀ ਦਿਤੀਆਂ: ਉਹਨਾਂ ਕੋਲੋਂ ਸਿੱਖਿਆ ਕੁਝ ਨਹੀਂ। ਅੰਗਰੇਜ਼ਾਂ ਦੇ ਆਉਣ ਤਕ ਭਾਰਤੀ ਫੌਜੀ ਭਰਤੀ ਦੇ ਨਾਂ ਤੇ ਭੀੜ ਇੱਕਠੀ ਕਰਦੇ ਸਨ। ਮਹਾਰਾਜਾ ਏਨਾਂ ਖਰਚ ਕਰਨ ਦੇ ਬਾਵਜੂਦ ਰੰਗਰੂਟ ਭਰਤੀ ਕਰਨ ਦੇ ਵਿਅਕਤੀਗਤ ਢੰਗ ਨੂੰ ਨਹੀਂ ਆਪਣਾ ਸਕਿਆ। ਉਹ ਇਕ ਪਿੰਡ ਵਿਚੋਂ ਟੋਲੀ ਦੇ ਰੂਪ ਵਿਚ ਰੰਗਰੂਟ ਭਰਤੀ ਕਰਦਾ ਰਿਹਾ। ਬਹੁਤੀ ਵਾਰ ਉਹ ਇਕੋ ਪਰਿਵਾਰ ਜਾਂ ਕਬੀਲੇ ਦੇ ਹੁੰਦੇ ਸਨ। ਬਹੁਤੇ ਰੰਗਰੂਟ ਲਿਆਉਣ ਵਾਲੇ ਵਡੇਰੇ ਆਦਮੀ ਨੂੰ ਅਫਸਰ ਬਣਾ ਦਿਤਾ ਜਾਂਦਾ ਸੀ। ਇਸ ਤਰਾਂ ਫੌਜ ਦੀ ਇਕਾਈ ਸਿਪਾਹੀ ਨਹੀਂ ਸੀ, ਡੇਰਾ ਸੀ। (ਇਹਨਾਂ ਡੇਰਿਆਂ ਨੂੰ ਇੱਕਠਾ ਕਰਕੇ ਡਵੀਜਨਾਂ ਬਣੀਆਂ। ਸਿਪਾਹੀ ਨੂੰ ਇਕਾਈ ਬਣਾ ਕੇ ਫੌਜ ਬਨਾਉਣ ਵਾਲੇ ਯੂਰਪੀਨ ਇਥੇ  ਕੀ ਕਰਦੇ? ਉਹ ਪੰਜਾਬੀਆਂ ਨੂੰ ਡੇਰੇਦਾਰਾਂ ਪ੍ਤੀ ਵਫ਼ਾਦਾਰੀ ਤੋਂ ਅਗਾਂਹ ਨਹੀਂ ਤੋਰ ਸਕੇ। ਸ਼ਕਤੀਸ਼ਾਲੀ ਫੌਜ ਬਨਾਉਣ ਦੇ ਨਾਂ 'ਤੇ ਬਹੁਤ ਸੈਨਿਕ ਭਰਤੀ ਕੀਤੇ ਗਏ। 1822 ਈ. ਵਿਚ ਰਣਜੀਤ ਸਿੰਘ ਕੋਲ 8,000 ਜਵਾਨ ਇਟਫੈਂਟਰੀ ਦੇ ਸਨ, 1839 ਈ. ਵਿਚ, ਜਦੋਂ ਮਹਾਰਾਜਾ ਪੂਰਾ ਹੋਇਆ ਤਾਂ ਜਵਾਨਾਂ ਦੀ ਗਿਣਤੀ 27,000 ਸੀ। ਇੰਝ ਹੀ ਤੋਪਾਂ 22 ਤੋਂ ਵੱਧ ਕੇ 188, ਸਵਿਵਲਸ 190 ਤੋਂ ਵੱਧ ਕੇ 280 ਹੋ ਗਏ। ਤੋਪਚੀਆਂ ਦੀ ਗਿਣਤੀ ਵਿਚ ਛੇ ਗੁਣਾਂ ਵਾਧਾ (800 ਤੋਂ 4500) ਹੋਇਆ।
ਫੌਜ ਤਾਂ ਸ਼ਕਤੀਸ਼ਾਲੀ ਹੋ ਗਈ, ਖਰਚੇ ਵੀ ਬਹੁਤ ਵੱਧ ਗਏ ਪਰ ਆਈ ਕਿਸ ਕੰਮ? ਫੌਜ ਦੇ ਯੂਰਪੀਨ ਕਰਨ ਤੋਂ ਪਹਿਲਾਂ ਤਕ ਮਹਾਰਾਜਾ ਆਪਣੇ ਰਾਜ ਦਾ ਵਿਸਥਾਰ ਕਰ ਚੁੱਕਾ ਸੀ। ਪਿਛਲੇ ਸਤਾਰਾਂ ਸਾਲ ਉਸ ਦੇ ਰਾਜ ਵਿਚ ਕੋਈ ਵਾਧਾ ਨਹੀਂ ਹੋਇਆ: ਬਸ ਬਗਾਵਤਾਂ ਦਬਾਉਣ ਦਾ ਕੰਮ ਹੁੰਦਾ ਰਿਹਾ। ਜਦੋਂ ਰਾਜ ਦੀਆਂ ਹੱਦਾਂ ਨਹੀਂ ਵਧਣਗੀਆਂ ਤਾਂ ਆਮਦਨ ਕਿਥੋਂ ਵਧੇਗੀ? ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਆਮਦਨ ਵਧਾਇਆਂ ਖਰਚ ਵਧਾਏ। ਇਸ ਦਾ ਨਤੀਜਾ ਇਕ ਦਿਨ ਤਾਂ ਨਿਕਲਣਾ ਹੀ ਸੀ। ਮਹਾਰਾਜੇ ਦੀ ਨੀਤੀ ਸੀ ਕਿ ਫੌਜੀਆਂ ਦੇ ਕੁਝ ਪੈਸੇ ਰੋਕ ਲਏ ਜਾਂਦੇ ਸਨ ਤਾ ਕਿ ਉਹ ਫੌਜ ਛੱਡ ਕੇ ਨਾ ਜਾ ਸਕਣ। 1822 ਤੋਂ ਪਿਛੋਂ ਇਹ ਬਕਾਇਆ ਏਨਾਂ ਵੱਧ ਗਿਆ ਕਿ ਅਨੁਸ਼ਾਸ਼ਨ ਟੁੱਟਣ ਲਗ ਗਿਆ। ਮਹਾਰਾਜਾ ਰਣਜੀਤ ਸਿੰਘ ਪਿਛੋਂ ਹਾਲਾਤ ਵਿਗੜ ਗਏ: ਦੋ ਸਾਲ ਤਕ ਕਈ ਯੂਨਿਟਾਂ ਨੂੰ ਪੈਸੇ ਨਹੀਂ ਮਿਲੇ। ਫੌਜ ਨੇ ਆਪਣੇ ਖਰਚੇ ਚਲਾਉਣ ਲਈ ਰਸਤੇ ਲੱਭ ਲਏ। ਉਹ ਆਪਣੀਆਂ ਸੇਵਾਵਾਂ ਵੇਚਣ ਲਗ ਪਏ। ਅਫ਼ਸਰ ਜਵਾਨਾਂ ਦੀ ਹਾਂ 'ਚ ਹਾਂ ਮਿਲਾਉਂਦੇ ਕਿਉਂਕਿ ਉਹ ਉਹਨਾਂ ਦੇ ਇਲਾਕੇ, ਖਾਨਦਾਨ ਦੀ ਹੀ ਹੁੰਦੇ ਸਨ। ਜੇ ਕੋਈ ਆਕੜਿਆ ਤਾਂ ਸੋਧਿਆ ਗਿਆ। ਜਵਾਨ ਆਪਣੇ ਕਾਰ ਵਿਹਾਰ ਲਈ ਯੂਨਿਟਾਂ ਤੋਂ ਚਲੇ ਜਾਂਦੇ। ਫੌਜੀਆਂ ਨੇ ਆਪਣੀਆਂ ਸੇਵਾਵਾਂ ਮਹਿੰਗੇ ਮੁੱਲ ਵੇਚਣ ਲਈ ''ਪੰਚ" ਚੁਨਣ ਦੀ ਪ੍ਥਾ ਸ਼ੁਰੂ ਕਰ ਲਈ। ਇਹ ਤਾਂ ਟਰੇਡ ਯੂਨੀਅਨ ਵਾਲਾ ਰਸਤਾ ਹੈ। ਜੇ ਰਾਜਾ ਸ਼ੇਰ ਸਿੰਘ ਨੇ ਵੱਧ ਪੈਸੇ (ਤਨਖ਼ਾਹ ਅਤੇ ਇਨਾਮ) ਦੇ ਦਿਤੇ ਤਾਂ ਉਸ ਦੇ ਨਾਲ ਹੋ ਗਏ, ਜੇ ਰਾਣੀ ਚੰਦ ਕੌਰ ਨੇ ਵੱਧ ਪੈਸਿਆਂ ਦਾ ਵਾਅਦਾ ਕਰ ਲਿਆ ਤਾਂ ਉਸ ਦੇ  ਖੇਮੇ ਵਿਚ ਚਲੇ ਗਏ। ਇਤਿਹਾਸਕਾਰ ਦੱਸਦੇ ਹਨ ਕਿ ਸ਼ੇਰ ਸਿੰਘ ਨੇ ਮਹਾਰਾਜਾ ਬਨਣ ਲਈ ਫੌਜਾਂ  ਦੀਆਂ ਤਨਖਾਹਾਂ ਅਤੇ ਸਹੂਲਤਾਂ ਵਧਾਉਣ ਦਾ ਵਾਅਦਾ ਤਾਂ ਕਰ ਲਿਆ ਪਰ ਪੂਰਾ ਕਰਨ ਲਈ ਉਸ ਨੂੰ ਬਹੁਤ ਮੁਸ਼ਕਿਲ ਹੋਈ। ਜਦੋਂ ਮੂੰਹ ਨੂੰ ਲਹੂ ਦਾ ਸੁਆਦ ਪੈ ਜਾਵੇ ਤਾਂ ਸ਼ਿਕਾਰ ਲੱਭਣੇ ਪੈਂਦੇ ਹਨ। ਇਹ ਸ਼ਿਕਾਰ ਕਦੀ ਧਿਆਨ ਸਿੰਘ ਬਣਿਆਂ, ਕਦੀ ਜਵਾਹਰ ਸਿੰਘ। ਜਵਾਹਰ ਸਿੰਘ ਨਾਲ ਜੋ ਸਲੂਕ ਫੌਜ ਨੇ ਕੀਤਾ, ਕੀ ਇਸ ਪਿਛੋਂ ਮਹਾਰਾਣੀ ਜਿੰਦਾਂ ਜਾਂ ਮਹਾਰਾਜਾ ਦਲੀਪ ਸਿੰਘ ਫੌਜ ਕੋਲੋਂ ਕੋਈ ਕੰਮ ਲੈਣ ਜੋਗੇ ਰਹਿ ਗਏ ਸਨ? ਜਿੰਦਾਂ ਉਤੇ ਅਕਸਰ ਦੋਸ਼ ਲਗਦਾ ਹੈ ਕਿ ਉਸ ਨੇ ਫੌਜ ਦੀ ਸ਼ਕਤੀ ਘਟਾਉਣ ਲਈ ਅੰਗਰੇਜ਼ਾਂ ਨਾਲ ਲੜਾਈ ਦੀ ਸਾਜਬਾਜ ਕੀਤੀ। ਇਤਿਹਾਸਕਾਰਾਂ ਅਤੇ ਫੌਜੀ ਮਾਹਰਾਂ ਦੀ ਰਾਇ ਹੈ ਕਿ ਮਹਾਰਾਣੀ ਅਜਿਹਾ ਕਰਨ ਲਈ ਮਜਬੂਰ ਸੀ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੱਥੀਂ ਦਿਤੀਆਂ ਗੰਢਾਂ ਨੂੰ ਆਪਣੀਆਂ ਦੰਦੀਆਂ ਨਾਲ ਖੋਲਣਾ ਹੀ ਪੈਣਾ ਸੀ।

No comments:

Post a Comment